.

ਭੱਟ ਬਾਣੀ-31

ਬਲਦੇਵ ਸਿੰਘ ਟੋਰਾਂਟੋ

ਜਪੁ ਤਪੁ ਸਤੁ ਸੰਤੋਖੁ ਪਿਖਿ ਦਰਸਨੁ ਗੁਰਸਿਖਹ।।

ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ।।

ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ।।

ਗੁਰੁ ਗਉਹਰੁ ਦਰੀਆਉ ਪਲਕ ਡੁਬੰਤ੍ਯ੍ਯਹ ਤਾਰੈ।।

ਨਾਨਕ ਕੁਲਿ ਨਿੰਮਲੁ ਅਵਤਰ੍ਯ੍ਯਿਉ ਗੁਣ ਕਰਤਾਰੈ ਉਚਰੈ।।

ਗੁਰੁ ਅਮਰਦਾਸੁ ਜਿਨੑ ਸੇਵਿਅਉ ਤਿਨੑ ਦੁਖੁ ਦਰਿਦ੍ਰੁ ਪਰਹਰਿ ਪਰੈ।। ੩।। ੧੭।।

(ਪੰਨਾ ੧੩੯੫)

ਪਦ ਅਰਥ:- ਜਪੁ – ਅਭਿਆਸ (practice) ਕਰਨਾ। ਤਪੁ – ਤੇਜ ਪ੍ਰਭਾਵ, ਤੇਜ ਪ੍ਰਤਾਪ। ਸਤੁ – ਸੱਚ। ਸੰਤੋਖ – ਸਿਦਕ। ਪਿਖਿ – ਦੇਖਣਾ, ਅਪਣਾਉਣਾ। ਦਰਸਨੁ - ਪ੍ਰਤੱਖ, ਹੂ-ਬਹੂ। ਗੁਰਸਿਖਹ – ਗਿਆਨ ਦੀ ਸਿੱਖਿਆ। ਸਰਣਿ ਪਰਹਿ – ਜਿਹੜੇ ਇਸ ਵੀਚਾਰਧਾਰਾ ਗਿਆਨ ਗੁਰੂ ਦੀ ਸ਼ਰਨ ਪਏ, ਸ਼ਰਨ ਆਏ। ਤੇ ਉਬਰਹਿ – ਉਹ ਕਰਮ-ਕਾਂਡੀ ਵੀਚਾਰਧਾਰਾ ਤੋਂ ਉੱਪਰ ਉਠੇ। ਛੋਡਿ ਜਮ ਪੁਰ ਕੀ ਲਿਖਹ – ਜੋ ਉਬਰੇ ਉਨ੍ਹਾਂ ਨੇ ਅਵਤਾਰਵਾਦੀ ਵੀਚਾਰਧਾਰਾ ਨੂੰ ਜਮ ਕੀ ਪੁਰੀ ਜਾਣ ਕੇ ਛੱਡ ਦਿੱਤਾ। ਲਿਖਹ – ਜਾਣ ਕੇ। ਭਗਤਿ ਭਾਇ ਭਰਪੂਰੁ – ਸਰਬ-ਵਿਆਪਕ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ। ਰਿਦੈ ਉਚਰੈ ਕਰਤਾਰੈ – ਦਿਲੋਂ ਕਰਤੇ ਨੂੰ ਧਿਆਉਂਦੇ ਹਨ। ਗੁਰੁ – ਸਰਬ-ਵਿਆਪਕ ਕਰਤਾਰ ਦੀ ਬਖ਼ਸ਼ਿਸ਼ ਗਿਆਨ ਨੂੰ ਜੀਵਨ ਵਿੱਚ ਅਪਣਾਉਣ ਨਾਲ। ਗਉਹਰੁ – ਗਹਿਰ ਗੰਭੀਰ। ਪਲਕ – ਇੱਕ ਪਲ ਵਿੱਚ। ਡੁਬੰਤ੍ਯ੍ਯਹ ਤਾਰੈ – ਅਗਿਆਨਤਾ ਦੇ ਦਰਿਆ ਵਿੱਚ ਡੁੱਬੇ ਹੋਇਆਂ ਨੂੰ ਤਾਰ ਦਿੰਦਾ ਹੈ। ਕੁਲਿ – ਵੀਚਾਰਧਾਰਾ। ਨਿੰਮਲੁ – ਨਿਰਮਲ। ਅਵਤਰ੍ਯ੍ਯਿਉ – ਜਨਮ ਹੋਣਾ, ਹੋਇਆ। ਨਾਨਕ ਕੁਲਿ ਨਿੰਮਲੁ ਅਵਤਰਿ੍ਯ੍ਯੳ ਗੁਣ - ਜਿਨ੍ਹਾਂ ਦੇ ਹਿਰਦੇ ਵਿੱਚ ਨਾਨਕ ਜੀ ਦੀ ਨਿਰਮਲ ਵੀਚਾਰਧਾਰਾ ਦੇ ਗੁਣਾਂ ਦਾ ਜਨਮ ਹੋਇਆ। ਉਚਰੈ ਕਰਤਾਰੈ – ਉਹ ਸ੍ਰਿਸ਼ਟੀ ਦੇ ਕਰਤੇ ਨੂੰ ਹੀ ਉਚਰੈ, ਭਾਵ ਪ੍ਰਚਾਰਦੇ ਹਨ। ਗੁਰੁ – ਕਰਤੇ ਦੀ ਬਖ਼ਸ਼ਿਸ਼ ਗਿਆਨ ਗੁਰੂ। ਜਿਨੑ - ਜਿਨ੍ਹਾਂ ਨੇ। ਸੇਵਿਅਉ –ਸੇਵਿਉ। ਤਿਨੑ - ਉਨ੍ਹਾਂ ਨੇ। ਦੁਖੁ ਦਰਿਦ੍ਰੁ – ਅਗਿਆਨਤਾ ਦਾ ਦੁਖ ਦਰਿਦ੍ਰ। ਪਰਹਰਿ ਪਰੈ – ਖ਼ਤਮ ਹੋ ਜਾਂਦਾ ਹੈ।

ਅਰਥ:- ਹੇ ਭਾਈ! ਜਿਹੜੇ ਇਸ ਵੀਚਾਰਧਾਰਾ ਗਿਆਨ ਗੁਰੂ ਦੀ ਸ਼ਰਨ ਪਏ ਭਾਵ ਸ਼ਰਨ ਆਏ, ਉਹ ਹੀ ਕਰਮ-ਕਾਂਡੀ ਵੀਚਾਰਧਾਰਾ ਤੋਂ ਉੱਪਰ ਉਠੇ। ਜੋ ਉਠੇ ਉਨ੍ਹਾਂ ਨੇ (ਅਵਤਾਰਵਾਦੀ) ਵੀਚਾਰਧਾਰਾ ਨੂੰ ਜਮ ਕੀ ਪੁਰੀ ਜਾਣ ਕੇ ਛੱਡ ਦਿੱਤਾ। ਜਿਨ੍ਹਾਂ ਨੇ (ਅਵਤਾਰਵਾਦੀ ਕਰਮ-ਕਾਂਡੀ) ਵੀਚਾਰਧਾਰਾ ਨੂੰ ਛੱਡ ਦਿੱਤਾ, ਉਨ੍ਹਾਂ ਨੇ ਹੀ ਇਸ ਦਰਸ਼ਨ ਭਾਵ ਹੂ-ਬਹੂ ਗਿਆਨ ਗੁਰੂ ਦੀ ਸੱਚ ਰੂਪ ਤੇਜ ਪ੍ਰਤਾਪ ਵਾਲੀ ਸਿੱਖਿਆ ਦਾ ਸਿਦਕ-ਭਰੋਸੇ ਨਾਲ ਆਪਣੇ ਜੀਵਨ ਵਿੱਚ ਅਭਿਆਸ ਕੀਤਾ। ਜੋ ਸਰਬ-ਵਿਆਪਕ ਦੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ, ਉਹ ਦਿਲੋਂ ਉਸ ਸਰਬ-ਵਿਆਪਕ ਕਰਤੇ ਨੂੰ ਹੀ ਧਿਆਉਂਦੇ ਹਨ। ਜਿਸ ਦੀ ਬਖ਼ਸ਼ਿਸ਼ ਗਿਆਨ, ਅਗਿਆਨਤਾ ਦੇ ਦਰਿਆ ਵਿੱਚ ਡੁੱਬੇ ਹੋਇਆਂ ਨੂੰ ਤਾਰਨ ਦੇ ਸਮਰੱਥ ਹੈ, ਜਿਨ੍ਹਾਂ ਨੇ ਅਮਰਦਾਸ ਜੀ ਦੇ ਦਰਸਾਏ ਕਰਤੇ ਦੀ ਬਖ਼ਸ਼ਿਸ਼, ਗਿਆਨ ਗੁਰੂ ਨੂੰ ਹੀ ਸੇਵਿਆ, ਉਨ੍ਹਾਂ ਦੇ ਅੰਦਰੋਂ ਕਰਮ-ਕਾਡਾਂ ਦੇ ਦੁੱਖ ਦਲਿੱਦਰ ਪਲਕ ਵਿੱਚ ਖ਼ਤਮ ਹੋਏ। ਜਿਨ੍ਹਾਂ ਦੇ ਦੁੱਖ ਦਲਿੱਦਰ ਪਲਕ ਵਿੱਚ ਖ਼ਤਮ ਹੋਏ, ਉਨ੍ਹਾਂ ਦੇ ਅੰਦਰ ਨਾਨਕ ਜੀ ਦੀ ਨਿਰਮਲ ਵੀਚਾਰਧਾਰਾ ਗਿਆਨ ਦੇ ਗੁਣਾਂ ਦਾ ਜਨਮ ਹੋਇਆ ਅਤੇ ਉਨ੍ਹਾਂ ਨੇ ਵੀ ਸ੍ਰਿਸ਼ਟੀ ਦੇ ਕਰਤੇ ਸੱਚ ਨੂੰ ਹੀ ਅੱਗੇ ਪ੍ਰਚਾਰਿਆ।

ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ।।

ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ।।

ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ।।

ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ।।

ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ।।

ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ।। ੪।। ੧੮।।

(ਪੰਨਾ ੧੩੯੫)

ਪਦ ਅਰਥ:- ਚਿਤਿ ਚਿਤਵਉ ਅਰਦਾਸਿ ਕਹਉ – ਚਿਤ ਵਿੱਚ ਚਿਤਵਦਾ ਹਾਂ ਅਰਦਾਸ, ਜੋਦੜੀ ਕਰਾਂ। ਪਰੁ ਕਹਿ ਭਿ ਨ ਸਕਉ – ਪਰ ਕੁਛ ਕਹਿ ਭੀ ਨਹੀਂ ਪਾ ਰਿਹਾ, ਨਹੀਂ ਕਹਿ ਸਕਦਾ ਸੀ। ਸਰਬ ਚਿੰਤ ਤੁਝੁ ਪਾਸਿ – ਹੁਣ ਮੇਰੀਆਂ ਸਾਰੀਆਂ ਚਿੰਤਾਵਾਂ ਤੇਰੇ ਪਾਸ ਹੀ ਹਨ। ਸਾਧ – ਸੱਚ। ਸੰਗਤਿ – ਸੰਗ ਕਰਕੇ ਗਤਿ, ਮੁਕਤੀ ਪ੍ਰਾਪਤ ਕਰ ਲੈਣੀ। ਸਾਧਸੰਗਤਿ – ਤੇਰਾ ਸੱਚ ਦਾ ਸੰਗ ਕਰਕੇ ਮੈਂ ਆਪਣੀਆਂ ਚਿੰਤਾਵਾਂ ਤੋਂ ਤਕਦਿਆਂ ਹੀ ਭਾਵ ਵੇਖਦਿਆਂ-ਵੇਖਦਿਆਂ ਹੀ ਗਤਿ-ਮੁਕਤ ਪ੍ਰਾਪਤ ਕਰ ਲਈ ਹੈ। ਨਿਸਾਣੁ – ਸਹੀ। ਤੇਰੈ ਹੁਕਮਿ ਪਵੈ ਨੀਸਾਣੁ – ਤੇਰੀ ਬਖ਼ਸ਼ਿਸ਼ ਨੂੰ ਸਹੀ ਪਵੈ-ਸੱਚ ਕਰਕੇ ਜਾਣ ਕਰ ਲਵੇ ਤਾਂ। ਤਉ ਕਰਉ ਸਾਹਿਬ ਕੀ ਸੇਵਾ – ਤਾਂ ਹੀ ਤੇਰੀ ਸਾਹਿਬ ਦੀ ਸੇਵਾ ਕਰ ਸਕਦਾ ਹਾਂ। ਜਬ ਗੁਰੁ ਦੇਖੈ ਸੁਭ ਦਿਸਟਿ – ਜਦੋਂ ਅਕਾਲ ਪੁਰਖ ਦੀ ਬਖ਼ਸ਼ਿਸ਼-ਗੁਰੁ ਗਿਆਨ ਨੂੰ ਸ਼ੁਭ ਦਿਸਟਿ-ਚੰਗੀ ਨੇਕ ਨੀਤੀ ਨਾਲ ਦੇਖੇ ਤਾਂ। ਨਾਮੁ ਕਰਤਾ ਮੁਖਿ ਮੇਵਾ – ਤੇਰੀ ਸੱਚ ਰੂਪ ਕਰਤਾਰ ਦੀ ਆਪਣੀ ਬਖ਼ਸ਼ਿਸ਼ ਦਾ ਸੱਚ (ਗਿਆਨ) ਰੂਪ ਮੇਵਾ ਆਪਣੇ ਮੁਖ ਵਿੱਚ ਟਿਕਾਅ ਲੈਂਦਾ ਹੈ। ਕਾਰਣ ਪੁਰਖ – ਕਰਤਾ ਪੁਰਖ। ਫੁਰਮਾਵਹਿ – ਫੁਰਮਾਇਆ ਹੈ, ਦਰਸਾਇਆ ਹੈ। ਜੋ ਫੁਰਮਾਵਹਿ ਸੋ ਕਹਉ – ਜਿਵੇਂ ਦਰਸਾਇਆ ਹੈ, ਉਵੇਂ ਹੀ ਕਹਿਣਾ ਚਾਹੀਦਾ ਹੈ। ਗੁਰ – ਗਿਆਨ ਦੀ ਬਖ਼ਸ਼ਿਸ਼। ਕਾਰਣ ਕਰਣ – ਸ੍ਰਿਸ਼ਟੀ ਦਾ ਕਰਤਾ। ਜਿਵ ਤੂ ਰਖਹਿ – ਜਿਵੇਂ ਤੂੰ ਰੱਖਿਆ ਹੈ। ਤਿਵ ਰਹਉ – ਉਵੇਂ ਹੀ ਮੈ ਰਹਾਂ।

ਅਰਥ:- ਜਾਲਪ ਜੀ ਆਖਦੇ ਹਨ – ਹੇ ਭਾਈ! ਮੈਂ ਚਿੱਤ ਵਿੱਚ ਹੀ ਚਿਤਵਦਾ ਸੀ ਕਿ ਮੈਂ ਵੀ ਕੁੱਝ ਕਹਾਂ, ਜੋਦੜੀ ਕਰਾਂ ਪਰ ਕੁੱਝ ਕਹਿ ਵੀ ਨਹੀਂ ਸਕਦਾ ਸੀ ਭਾਵ ਕੁੱਝ ਕਹਿ ਵੀ ਨਹੀਂ ਪਾ ਰਿਹਾ ਸੀ। ਹੇ ਪ੍ਰਭੂ! ਤੇਰਾ ਸੱਚ ਦਾ ਸੰਗ ਕਰਕੇ ਮੈਂ ਆਪਣੀਆਂ ਸਾਰੀਆਂ ਚਿੰਤਾਵਾਂ ਤੋਂ ਤੱਕਦਿਆਂ ਹੀ ਭਾਵ ਵੇਖਦਿਆਂ ਵੇਖਦਿਆਂ ਹੀ ਗਤਿ-ਮੁਕਤੀ ਪ੍ਰਾਪਤ ਕਰ ਲਈ ਹੈ। ਮੈਂ ਹੁਣ ਜਾਣ ਲਿਆ ਹੈ ਕਿ ਮੇਰੀਆਂ ਸਾਰੀਆਂ ਚਿੰਤਾਵਾਂ ਦਾ ਹੱਲ ਹੇ ਅਕਾਲ ਪੁਰਖ! ਤੇਰੇ ਹੀ ਪਾਸ ਹੈ। ਜਿਹੜਾ ਇਸ ਤਰ੍ਹਾਂ ਤੇਰੀ ਬਖ਼ਸ਼ਿਸ਼ ਨੂੰ ਸਹੀ ਜਾਣ ਲਵੇ, ਉਹ ਹੀ ਤੇਰੀ ਸਾਹਿਬ ਦੀ ਸੇਵਾ ਕਰ ਸਕਦਾ ਹੈ ਭਾਵ ਤੇਰੀ ਸੇਵਾ, ਸੱਚ ਨਾਲ ਜੁੜ ਸਕਦਾ ਹੈ। ਜਦੋਂ ਕੋਈ ਅਕਾਲ ਪੁਰਖ ਦੀ ਬਖ਼ਸ਼ਿਸ਼-ਗੁਰੁ ਗਿਆਨ ਨੂੰ ਸ਼ੁਭ ਦ੍ਰਿਸਟਿ-ਚੰਗੀ ਨੇਕ ਨੀਤੀ ਨਾਲ ਦੇਖੈ-ਅਪਣਾਵੇ ਤਾਂ ਦੇਖਣ-ਅਪਣਾਉਣ ਵਾਲਾ ਸੱਚ ਰੂਪ ਕਰਤੇ ਦੇ ਸੱਚ ਰੂਪ ਮੇਵੇ ਨੂੰ ਆਪਣੇ ਮੁਖ `ਤੇ ਟਿਕਾਅ ਲੈਂਦਾ ਹੈ। ਭਾਵ ਆਪਣੇ ਮੁਖ ਤੋਂ ਸੱਚ ਹੀ ਬੋਲਦਾ ਹੈ ਭਾਵ ਕਿਸੇ ਅਖੌਤੀ ਅਵਤਾਰਵਾਦੀ ਨੂੰ ਰੱਬ ਨਹੀਂ ਕਹਿੰਦਾ। ਇਸ ਵਾਸਤੇ ਜਿਸ ਸ੍ਰਿਸ਼ਟੀ ਦੇ ਰਚਣਹਾਰੇ ਅਲਖ ਅਗੰਮ ਦੀ ਗੁਰ-ਬਖ਼ਸ਼ਿਸ਼ ਗਿਆਨ ਬਾਰੇ ਅਮਰਦਾਸ ਜੀ ਨੇ ਦਰਸਾਇਆ ਹੈ, ਉਸ ਨੂੰ ਹੀ ਅਲਖ ਅਗੰਮ ਕਹਉ-ਕਹਿਣਾ ਚਾਹੀਦਾ ਹੈ। ਉਸ ਅੱਗੇ ਹੀ ਜੋਦੜੀ ਕਰਨੀ ਚਾਹੀਦੀ ਹੈ ਕਿ ਹੇ ਸ੍ਰਿਸ਼ਟੀ ਦੇ ਕਰਤੇ! ਜਿਵੇਂ ਤੂੰ ਰੱਖੇ ਉਵੇਂ ਹੀ ਮੈਂ ਭਾਵ ਤੇਰੀ ਰਜ਼ਾ ਵਿੱਚ ਹੀ ਰਹਾਂ (ਇਹ ਹੀ ਜਾਲਪ ਜੀ ਦੀ ਆਪਣੀ ਅਰਦਾਸ ਅਤੇ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਹੈ)।

ਇਹ ਉੱਪਰਲੇ ੧੮ ਸਵਈਏ ਭੱਟ ਜਾਲਪ ਜੀ ਦੇ ਹੀ ਲਿਖੇ ਹੋਏ ਹਨ। ਇਸ ਤੋਂ ਅੱਗੇ ਭੱਟ ਭਿਖਾ ਜੀ ਦੇ ਉਚਾਰਨ ਸਵਈਏ ਸ਼ੁਰੂ ਹਨ।




.