ਭਗਤ ਰਵਿਦਾਸ ਜੀ ਮਹਾਰਾਜ ਵੀ ਲੋਕਾਂ ਨੂੰ ਸੁਰਗ-ਭਿਸ਼ਤ ਦੇ ਮੁਕਾਬਲੇ ਵਿੱਚ
ਆਤਮਿਕ ਅਵਸਥਾ ਰੂਪ ਬੇਗਮਪੁਰੇ ਸ਼ਹਿਰ ਦੇ ਵਾਸੀ ਬਣਨ ਦੀ ਪ੍ਰੇਰਨਾ ਕਰਦੇ ਸਨ। ‘ਜੋ ਹਮ ਸਹਰੀ ਸੁ
ਮੀਤੁ ਹਮਾਰਾ` ਦੇ ਸਿਰਲੇਖ ਹੇਠ ਜਿਸ ਸ਼ਬਦ ਨੂੰ ਵਿਚਾਰਨ ਲਈ ਉਪਰੋਕਤ ਭੂਮਿਕਾ ਲਿਖੀ ਗਈ ਹੈ, ਉਸ
ਵਿਚੋਂ ਵਿਸ਼ੇਸ਼ ਤੌਰ `ਤੇ ਇਹੀ ਭਾਵ ਪ੍ਰਗਟ ਹੋ ਰਹੇ ਹਨ। ਇਸ ਸ਼ਬਦ ਅੰਦਰਲੀ ਅਰਬੀ, ਫ਼ਾਰਸੀ ਤੇ ਸਿੰਧੀ
ਦੀ ਸ਼ਬਦਾਵਲੀ ਅਤੇ ਅਰਥ-ਭਾਵਾਂ ਨੂੰ ਸਮਝਦਿਆਂ ਨਿਰਣੈ ਹੁੰਦਾ ਹੈ ਕਿ ਕਿਸੇ ਸਿੰਧੀ ਮੁਸਲਮਾਨ ਨੇ ਭਗਤ
ਰਵਿਦਾਸ ਜੀ ਮਹਾਰਾਜ ਨੂੰ ਮੋਮਨ ਬਣ ਕੇ ਭਿਸ਼ਤ ਦਾ ਅਨੰਦ ਮਾਨਣ ਲਈ ਪ੍ਰੇਰਿਆ ਹੋਵੇਗਾ; ਜਿਸ ਦੇ ਉਤਰ
ਵਿੱਚ ਉਨ੍ਹਾਂ ਨੇ ਉਪਰੋਕਤ ਸ਼ਬਦ ਉਚਾਰਨ ਕੀਤਾ, ਜੋ ਵਿਚਾਰਧਾਰਕ ਪੱਖੋਂ ਭਗਤ ਜੀ ਦਾ ਐਲਾਨਨਾਮਾ ਵੀ
ਕਿਹਾ ਜਾ ਸਕਦਾ। ਕਿਉਂਕਿ, ਇਸ ਵਿੱਚ ਧਾਰਮਿਕ ਜਗਤ ਦੇ ਕਲਪੇ ਹੋਏ ਸੁਰਗ-ਭਿਸ਼ਤ ਦੇ ਮੁਕਾਬਲੇ `ਤੇ
ਸੱਚ-ਮੁੱਚ ਦੀ ਉਸ ਆਤਮਕ ਅਵਸਥਾ ਦਾ ਵਰਨਣ ਕੀਤਾ ਹੈ, ਜਿਸ ਦਾ ਉਹ ਆਪ ਅਨੰਦ ਮਾਣ ਰਹੇ ਸਨ।
ਅਸਲ ਵਿੱਚ ਉਹ ਕਹਿਣਾ ਚਹੁੰਦੇ ਹਨ ਕਿ ਦੁਨੀਆਂ ਦੇ ਮਿੱਥੇ ਹੋਏ ਸੁਰਗ-ਭਿਸ਼ਤ
ਤਾਂ ਬ੍ਰਾਹਮਣ ਤੇ ਮੁਲਾਂ ਦੇ ਇਕਰਾਰ ਹੀ ਹਨ, ਮਨੁਖ ਸਿਰਫ਼ ਆਸਾਂ ਹੀ ਕਰ ਸਕਦਾ ਹੈ ਕਿ ਇਹ ਸਭ ਕੁੱਝ
ਮਰਨ ਪਿਛੋਂ ਮਿਲੇਗਾ। ਪਰ, ਜਿਸ ਆਤਮਕ ਅਵਸਥਾ ਦਾ ਮੈਂ ਜ਼ਿਕਰ ਕਰ ਰਿਹਾਂ ਹਾਂ, ਉਸ ਨੂੰ ਹਰੇਕ ਮਨੁੱਖ
ਅਪਣੀ ਜ਼ਿੰਦਗੀ ਵਿੱਚ ਸੱਚਮੁੱਚ ਹੀ ਅਨੁਭਵ ਕਰ ਸਕਦਾ ਹੈ; ਜੇ ਉਹ ਜੀਵਨ ਦੇ ਸਹੀ ਰਾਹ ਤੇ ਤੁਰਦਾ ਹੈ।
ਬ੍ਰਾਹਮਣਾਂ ਦੇ ਸੁਰਗ ਵਿੱਚ ਸ਼ੂਦਰ ਨੂੰ ਅਤੇ ਮੁਲਾਣਿਆਂ ਦੀ ਭਿਸ਼ਤ ਵਿੱਚ ਕਾਫ਼ਰਾਂ ਨੂੰ ਪ੍ਰਵੇਸ਼ ਨਹੀਂ
ਮਿਲ ਸਕਦਾ। ਪਰ, ਜਿਸ ਸ਼ਹਰ ਨੂੰ ਮੈਂ ਆਪਣੀ ਵਤਨਗਾਹ ਬਣਾ ਕੇ ਅਨੰਦ ਮਾਣ ਰਿਹਾਂ ਤੇ ਤਹਾਨੂੰ ਉਹ
ਅਨੰਦ ਮਾਨਣ ਦੀ ਸਲਾਹ ਦੇ ਰਿਹਾਂ, ਉਥੇ ਨਾ ਹੀ ਕੋਈ ਗ਼ਮ ਹੈ ਅਤੇ ਨਾ ਹੀ ਕੋਈ ਸ਼ੂਦਰ ਤੇ ਕਾਫ਼ਰ ਵਰਗੀ
ਦਵੈਤ ਤੇ ਵਿਤਕਰਾ। ਕਮਾਲ ਦੀ ਗੱਲ ਇਹ ਹੈ ਕਿ ਭਗਤ ਜੀ ਅਜਿਹੇ ਮੁਸਲਮਾਨ ਪ੍ਰਚਾਰਕ ਨੂੰ ਵੀ ‘ਮੇਰੇ
ਭਾਈ` ਕਹਿ ਕੇ ਸੰਬੋਧਨ ਕਰਦੇ ਹਨ। ਸ਼ਬਦ ਵੀਚਾਰ ਲਈ ਰਹਾਉ ਦਾ ਅਧਾਰ ਰੂਪ ਵਿਸ਼ੇਸ਼ ਪਦਾ ਹੈ:
ਅਬ ਮੋਹਿ, ਖੂਬ ਵਤਨਗਹ ਪਾਈ।। ਊਹਾਂ ਖੈਰਿ ਸਦਾ, ਮੇਰੇ ਭਾਈ! ।। ੧।।
ਰਹਾਉ।।
ਸ਼ਬਦਾਰਥ, ਸ਼ੁਧ ਉਚਾਰਨ, ਭਾਸ਼ਾਈ ਤੇ ਵਿਆਕਰਣਿਕ ਰੂਪ:- ਖੂਬ (ਖ਼ੂਬ, ਫ਼ਾਰਸੀ,
ਵਿਸ਼ੇਸ਼ਣ) = ਸੁੰਦਰ, ਸ੍ਰੇਸ਼ਟ, ਭਲੀ। ਵਤਨਗਹ (ਵਤਨ-ਗਾਹ, ਫ਼ਾਰਸੀ, ਨਾਂਵ) = ਵਤਨ ਦੀ ਥਾਂ, ਰਹਿਣ ਦੀ
ਥਾਂ। ਖੈਰਿ (ਖ਼ੈਰ, ਅਰਬੀ, ਇਸਤ੍ਰੀ ਲਿੰਗ ਨਾਂਵ)) = ਖ਼ੈਰੀਅਤ, ਸੁਖ।
ਤੁਕ ਅਰਥ ਤੇ ਭਾਵਾਰਥ : —ਹੇ ਮੇਰੇ ਵੀਰ ! ਹੁਣ ਮੈਂ ਵੱਸਣ ਲਈ ਸੋਹਣੀ ਥਾਂ
ਲੱਭ ਲਈ ਹੈ, ਉਥੇ ਸਦਾ ਸੁਖ ਹੀ ਸੁਖ ਹੈ। ੧। ਰਹਾਉ। ਭਗਤ ਜੀ ਦੇ ਕਹਿਣ ਤੋਂ ਭਾਵ ਹੈ ਕਿ ਮੈਨੂੰ
ਮੁਸਲਮਾਨ ਬਣ ਕੇ ਮਰਨ ਪਿਛੋਂ ਭਿਸ਼ਤ ਪ੍ਰਾਪਤ ਕਰਨ ਦੀ ਲੋੜ ਨਹੀਂ ਰਹਿ ਗਈ। ਕਿਉਂਕਿ, ਮੈਨੂੰ
ਜੀਊਂਦਿਆਂ ਹੀ ਉਹ ਉੱਚ ਆਤਮਿਕ ਅਵਸਥਾ ਪ੍ਰਾਪਤ ਹੋ ਗਈ ਹੈ, ਜਿਥੇ ਸਦਾ ਹੀ ਸੁਖ-ਅਨੰਦ ਬਣਿਆ ਰਹਿੰਦਾ
ਹੈ।
ਬੇਗਮਪੁਰਾ, ਸਹਰ ਕੋ ਨਾਉ।। ਦੂਖੁ ਅੰਦੋਹੁ ਨਹੀ, ਤਿਹਿ ਠਾਉ।।
ਨਾਂ ਤਸਵੀਸ, ਖਿਰਾਜੁ ਨ ਮਾਲੁ।। ਖਉਫੁ ਨ ਖਤਾ, ਨ ਤਰਸੁ ਜਵਾਲੁ।। ੧।।
ਸ਼ਬਦਾਰਥ, ਸ਼ੁਧ ਉਚਾਰਨ, ਭਾਸ਼ਾਈ ਤੇ ਵਿਆਕਰਣਿਕ ਰੂਪ:- ਬੇਗਮਪੁਰਾ
(ਬੇਗ਼ਮ+ਪੁਰਾ, ਤੁਰਕੀ ਮੂਲ ਨਾਂਵ) = ਉਹ ਨਗਰ, ਜਿਥੇ ਕੋਈ ਗ਼ਮ ਨਹੀਂ। ਅੰਦੋਹੁ (ਅੰਦੋਹ, ਫ਼ਾਰਸੀ,
ਨਾਂਵ) = ਚਿੰਤਾ। ਤਿਹਿ ਠਾਉ = (ਸਿੰਧੀ) ਉਸ ਥਾਂ ਤੇ, ਉਸ ਆਤਮਕ ਟਿਕਾਣੇ ਤੇ, ਉਸ ਅਵਸਥਾ ਵਿਚ।
ਨਾਂ (ਨਾ, ਫ਼ਾਰਸੀ ਤੇ ਸੰਸਕ੍ਰਿਤ ਦਾ ਨਿਸ਼ੇਸ਼ ਬੋਧਕ ਲਫ਼ਜ਼) = ਨਹੀਂ। ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ
ਵਿਖੇ ਕੇਵਲ ਇੱਕ ਵਾਰ ਇਥੇ ਹੀ ‘ਨਾਂ` ਲਫ਼ਜ਼ ਕੰਨੇ ਬਿੰਦੀ ਲਗਾ ਕੇ ਲਿਖਿਆ ਗਿਆ ਹੈ। ਵੈਸੇ ਇਥੇ
ਬਿੰਦੀ ਦੀ ਲੋੜ ਨਹੀਂ। ਵਿਦਵਾਨ ਸਜਣਾਂ ਨੂੰ ਵਿਚਾਰਨ ਦੀ ਲੋੜ ਹੈ। ਤਸਵੀਸ (ਤਸ਼ਵੀਸ਼, ਅਰਬੀ) = ਸੋਚ,
ਘਬਰਾਹਟ, ਪ੍ਰੇਸ਼ਾਨੀ। ਖਿਰਾਜ (ਖ਼ਿਰਾਜ, ਅਰਬੀ, ਨਾਂਵ) = ਖ਼ਰਾਜ, ਕਰ, ਮਸੂਲ, ਟੈਕਸ। ਮਾਲ (ਅਰਬੀ) =
ਧਨ, ਦੌਲਤ, ਸੰਪਤੀ। ਖਉਫੁ (ਖ਼ੌਫ, ਅਰਬੀ, ਨਾਂਵ) = ਡਰ। ਖਤਾ (ਖ਼ਤਾ, ਅਰਬੀ) —ਦੋਸ਼, ਪਾਪ। ਤਰਸੁ
(ਤਰਸ, ਫ਼ਾਰਸੀ, ਨਾਂਵ) = ਡਰ। ਜਵਾਲ (ਜ਼ਵਾਲ, ਅਰਬੀ, ਨਾਂਵ) = ਘਾਟਾ। ੧।
ਤੁਕ-ਅਰਥ ਤੇ ਭਾਵਾਰਥ:- (ਜਿਸ ਆਤਮਕ ਅਵਸਥਾ-ਰੂਪ ਸ਼ਹਿਰ ਵਿੱਚ ਮੈਂ ਵੱਸਦਾ
ਹਾਂ) ਉਸ ਸ਼ਹਿਰ ਦਾ ਨਾਮ ਹੈ ਬੇ-ਗ਼ਮਪੁਰਾ (ਭਾਵ, ਉਸ ਅਵਸਥਾ ਵਿੱਚ ਕੋਈ ਗ਼ਮ ਨਹੀਂ ਪੋਹ ਸਕਦਾ); ਉਸ
ਥਾਂ ਨਾ ਕੋਈ ਦੁੱਖ ਹੈ, ਨਾ ਚਿੰਤਾ ਅਤੇ ਨਾ ਕੋਈ ਘਬਰਾਹਟ, ਉਥੇ ਦੁਨੀਆ ਵਾਲੀ ਜਾਇਦਾਦ ਨਹੀਂ ਅਤੇ
ਨਾ ਹੀ ਉਸ ਜਾਇਦਾਦ ਨੂੰ ਮਸੂਲ ਹੈ; ਉਸ ਅਵਸਥਾ ਵਿੱਚ ਕਿਸੇ ਪਾਪ ਕਰਮ ਕਰਨ ਦਾ ਖ਼ਤਰਾ ਨਹੀਂ; ਕੋਈ ਡਰ
ਨਹੀਂ; ਕੋਈ ਗਿਰਾਵਟ ਨਹੀਂ। ਭਗਤ ਜੀ ਦੇ ਕਹਿਣ ਤੋਂ ਭਾਵ ਹੈ ਕਿ ਕਲਪਤ ਬਹਿਸ਼ਤ ਵਿੱਚੋਂ ਤਾਂ ਬਾਬੇ
ਆਦਮ ਵਾਂਗ ਕੱਢੇ ਜਾਣ ਦਾ ਡਰ ਅਥਵਾ ਗ਼ਮ ਬਣਿਆਂ ਰਹਿੰਦਾ ਹੈ। ਪਰ, ਜਿਸ ਬੇਗ਼ਮਪੁਰੇ ਦੀ ਮੈਂ ਗੱਲ ਕਰ
ਰਿਹਾਂ ਹਾਂ, ਉਥੇ ਤਾਂ ਬਿਬੇਕ ਬੁੱਧ ਦੀ ਬਦੌਲਤ ਰੱਬੀ ਰਜ਼ਾ ਵਿੱਚ ਚੱਲਣ ਕਰਕੇ ਮਨੁਖ ਪਾਸੋਂ ਕੋਈ
ਅਜਿਹਾ ਪਾਪ ਕਰਮ ਹੋਣ ਦੀ ਸੰਭਾਵਨਾ ਹੀ ਨਹੀਂ ਹੁੰਦੀ। ‘ਮੇਰਾ ਮੁਝ ਮਹਿ ਕਿਛੁ ਨਹੀ, ਜੋ ਕਿਛੁ ਹੈ
ਸੋ ਤੇਰਾ` ਵਾਲੀ ਸਮਰਪਣ ਭਾਵਨਾ ਹੋਣ ਕਾਰਨ ਸੰਪਤੀ ਟੈਕਸ ਦੇਣ ਦੀ ਚਿੰਤਾ ਵੀ ਨਹੀਂ ਸਤਾਉਂਦੀ। ਅਸਲ
ਵਿੱਚ ਇਹੀ ਕਾਰਨ ਹੈ ਕਿ ਬੇਗ਼ਮਪੁਰੇ ਦੇ ਵਾਸੀ ਦੀ ਆਚਰਣਿਕ ਉੱਚਤਾ ਤੇ ਆਤਮਿਕ ਅਨੰਦ ਵਿੱਚ ਕੋਈ
ਗਿਰਾਵਟ ਨਹੀਂ ਆਉਂਦੀ ਅਤੇ ਉਸ ਅੰਦਰ ਸਦਾ ਖੇੜਾ ਪਸਰਿਆ ਰਹਿੰਦਾ ਹੈ।
ਕਾਇਮੁ ਦਾਇਮੁ ਸਦਾ, ਪਾਤਿਸਾਹੀ।। ਦੋਮ ਨ ਸੇਮ, ਏਕ ਸੋ ਆਹੀ।।
ਆਬਾਦਾਨੁ ਸਦਾ ਮਸਹੂਰ।। ਊਹਾਂ, ਗਨੀ ਬਸਹਿ ਮਾਮੂਰ।। ੨।।
ਸ਼ਬਦਾਰਥ, ਸ਼ੁਧ ਉਚਾਰਨ, ਭਾਸ਼ਾਈ ਤੇ ਵਿਆਕਰਣਿਕ ਰੂਪ:- ਕਾਇਮੁ (ਕਾਇਮ, ਅਰਬੀ)
= ਥਿਰ ਰਹਿਣ ਵਾਲੀ। ਦਾਇਮੁ (ਦਾਇਮ, ਅਰਬੀ) = ਸਦਾ। ਦੋਮ ਸੇਮ (ਫਾਰਸੀ) = ਦੂਜਾ ਤੀਜਾ (ਦਰਜਾ)।
ਏਕ ਸੋ = ਇਕੋ ਜੈਸੇ। ਆਹੀ (ਸਿੰਧੀ) = ਹਨ। ਆਬਾਦਾਨੁ (ਆਬਦਾਨ, ਫ਼ਾਰਸੀ ਮੂਲ ਨਾਂਵ) = ਆਬਾਦ,
ਵੱਸਦਾ। ਗਨੀ (ਗ਼ਨੀ, ਅਰਬੀ, ਬਹੁਵਚਨ ਨਾਂਵ) = ਧਨੀ, ਧਨਾਢ। ਮਾਮੂਰ (ਅਰਬੀ, ਬਹੁਵਚਨ ਨਾਂਵ) =
ਰੱਜੇ ਹੋਏ, ਖੁਸ਼ਹਾਲ। ੨।
ਤੁਕ-ਅਰਥ ਤੇ ਭਾਵਾਰਥ:- ਉਹ (ਆਤਮਕ ਅਵਸਥਾ ਇੱਕ ਐਸੀ) ਪਾਤਸ਼ਾਹੀ (ਹੈ ਜੋ)
ਸਦਾ ਹੀ ਟਿਕੀ ਰਹਿਣ ਵਾਲੀ ਹੈ, ਉਥੇ ਕਿਸੇ ਦਾ ਦੂਜਾ ਤੀਜਾ ਦਰਜਾ ਨਹੀਂ, ਸਭ ਇਕੋ ਜਿਹੇ ਸ਼ਹਿਰੀ ਹਨ।
ਉਹ ਸ਼ਹਿਰ ਸਦਾ ਵੱਸਿਆ ਰਹਿੰਦਾ ਹੈ ਤੇ ਸਦਾ ਹੀ ਮਸ਼ਹੂਰ ਰਹਿੰਦਾ ਹੈ; ਕਿਉਂਕਿ, ਉਥੇ ਰੱਬੀ ਗੁਣਾਂ ਦੇ
ਧਨੀ ਤੇ ਮਨ ਕਰਕੇ ਰੱਜੇ ਹੋਏ ਖੁਸ਼ਹਾਲ ਲੋਕ ਵੱਸਦੇ ਹਨ। ਭਾਵ, ਉਸ ਆਤਮਕ ਦਰਜੇ ਤੇ ਜੋ ਜੋ ਅੱਪੜਦੇ
ਹਨ ਉਹਨਾਂ ਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਤੇ ਉਹਨਾਂ ਨੂੰ ਕਿਸੇ ਪਦ-ਪਦਵੀ, ਪਦਾਰਥ ਤੇ
ਮਾਨ-ਸਨਮਾਨ ਦੀ ਦੁਨਿਆਵੀ ਭੁੱਖ ਨਹੀਂ ਰਹਿੰਦੀ।
ਤਿਉ ਤਿਉ ਸੈਲ ਕਰਹਿ, ਜਿਉ ਭਾਵੈ।। ਮਹਰਮ ਮਹਲ, ਨ ਕੋ ਅਟਕਾਵੈ।।
ਕਹਿ ਰਵਿਦਾਸ! ਖਲਾਸ ਚਮਾਰਾ।। ਜੋ ਹਮ ਸਹਰੀ, ਸੁ ਮੀਤੁ ਹਮਾਰਾ।। ੩।। ੨।।
ਸ਼ਬਦਾਰਥ, ਸ਼ੁਧ ਉਚਾਰਨ, ਭਾਸ਼ਾਈ ਤੇ ਵਿਆਕਰਣਿਕ ਰੂਪ: ਸੈਲ (ਅਰਬੀ ਲਫ਼ਜ਼ ਸੈਰ
ਦਾ ਪ੍ਰਾਕ੍ਰਿਤ ਰੂਪ, ਕ੍ਰਿਆ) = ਟਹਿਲਣਾ। ਸੈਲ ਕਰਹਿ = ਮਨ-ਮਰਜ਼ੀ ਨਾਲ ਤੁਰਦੇ ਫਿਰਦੇ ਹਨ। ਮਹਰਮ
(ਅਰਬੀ, ਨਾਂਵ) = ਵਾਕਿਫ਼, ਭੇਤੀ। ਮਹਰਮ ਮਹਲ—ਮਹਿਲ ਦੇ ਵਾਕਿਫ਼। ਖਲਾਸ (ਖ਼ਲਾਸ, ਅਰਬੀ, ਵਿਸ਼ੇਸ਼ਣ) =
ਅਜ਼ਾਦ, ਬੰਧਨ ਮੁਕਤ। ਹਮ ਸਹਰੀ (ਹਮ-ਸ਼ਹਰੀ, ਮੁਹਾਵਰਾ) = ਇੱਕੋ ਸ਼ਹਿਰ ਦੇ ਵੱਸਣ ਵਾਲਾ, ਹਮ-ਵਤਨ। ੩।
ਤੁਕ-ਅਰਥ ਤੇ ਭਾਵਾਰਥ:- (ਉਸ ਆਤਮਕ ਸ਼ਹਿਰ ਵਿੱਚ ਅੱਪੜੇ ਹੋਏ ਬੰਦੇ ਉਸ
ਅਵਸਥਾ ਵਿਚ) ਅਨੰਦ ਨਾਲ ਵਿਚਰਦੇ ਹਨ; ਉਹ ਉਸ (ਰੱਬੀ) ਮਹਲ ਦੇ ਭੇਤੀ ਹੁੰਦੇ ਹਨ; (ਇਸ ਵਾਸਤੇ) ਕੋਈ
(ਉਹਨਾਂ ਦੇ ਰਾਹ ਵਿਚ) ਰੋਕ ਨਹੀਂ ਪਾ ਸਕਦਾ। ਹੇ ਚਮਿਆਰ ਵਾਲੀ ਹੀਣ ਭਾਵਨਾ ਤੋਂ ਮੁਕਤ ਹੋਏ ਰਵਿਦਾਸ
ਆਖ, (ਹੇ ਭਾਈ) ਸਾਡਾ ਮਿੱਤਰ ਉਹੀ ਹੈ, ਜੋ ਸਾਡੇ ਸ਼ਹਿਰ ਦਾ ਵਾਸੀ ਹੈ। ਭਾਵ, ਸੁਰਗ ਭਿਸ਼ਤ ਤੇ ਨਰਕ
ਦੋਜ਼ਖ਼ ਵਾਲੀ ਵਿਚਾਰਧਾਰਾ ਨੂੰ ਛੱਡ ਕੇ ਸਤਿਸੰਗ ਰਾਹੀਂ ਪ੍ਰਭੂ ਮਿਲਾਪ ਵਾਲੀ ਸਹਿਜਮਈ ਆਤਮਿਕ ਅਵਸਥਾ
ਦਾ ਅਨੰਦ ਮਾਨਣ ਵਿੱਚ ਯਕੀਨ ਰਖਦਾ ਹੈ। ਕਿਉਂਕਿ, ਉਨ੍ਹਾਂ ਲੋਕਾਂ ਨਾਲ ਮਿਤ੍ਰਤਾ ਕਾਇਮ ਰਹਿ ਸਕਦੀ
ਹੈ, ਜਿਨ੍ਹਾਂ ਨਾਲ ਵਿਚਾਰ ਮਿਲਦੇ ਹੋਣ।