ਮਜ਼ਹਬੀ ਜਨੂਨੀ
ਭਾਈ ਕਾਨ ਸਿੰਘ ਨਾਭਾ ਨੇ ਜਨੂਨ ਦੇ ਅਰਥ, ਦਿਵਾਨਗੀ ਅਤੇ ਪਾਗਲਪਨ ਕੀਤੇ ਹਨ
ਅਤੇ ਨਾਲ ਹੀ ਲਿਖਿਆ ਹੈ ਦੇਖੋ ਸਿਰੜ। ਸਿਰੜ ਦੇ ਅਰਥ ਵੀ ਝੱਲਾਪਣ ਕੀਤੇ ਹਨ ਅਤੇ ਇਹ ਇੱਕ ਕਿਸਮ ਦੀ
ਬਿਮਾਰੀ ਹੈ। ਅਗਾਂਹ ਸਿਰੜੀ ਦਾ ਮਤਲਬ ਲਿਖਿਆ ਹੈ, ਜਿਸ ਦਾ ਸਿਰ ਠਿਕਾਣੇ ਨਹੀਂ ਰਿਹਾ, ਦਿਮਾਗ ਜਿਸ
ਦਾ ਫਿਰ ਗਿਆ ਹੈ, ਦਿਵਾਨਾ, ਪਾਗਲ, ਸੁਦਾਈ, ਹਠੀਆ, ਜ਼ਿੱਦੀ। ਇਹ ਪਾਗਲਪਨ ਦੀਆਂ ਸਾਰੀਆਂ ਨਿਸ਼ਾਨੀਆਂ
ਜਦੋਂ ਕਿਸੇ ਫਿਰਕੇ-ਟੋਲੇ ਵਿੱਚ ਆ ਜਾਣ ਤਾਂ ਆਮ ਲੋਕਾਂ ਦੀ ਜਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ। ਇਹ
ਅਲਾਮਤਾਂ ਤਕਰੀਬਨ ਸਾਰੇ ਧਰਮਾਂ ਨੂੰ ਮੰਨਣ ਵਾਲੇ ਟੋਲਿਆਂ ਵਿੱਚ ਆ ਜਾਂਦੀਆਂ ਹਨ। ਇਸਲਾਮਕਿ
ਫਿਰਕਿਆਂ ਵਿੱਚ ਇਹ ਸਭ ਤੋਂ ਜ਼ਿਆਦਾ ਹਨ ਅਤੇ ਮੁਢ ਕਦੀਮ ਤੋਂ ਹੀ ਹਨ। ਇਸਲਾਮ ਧਰਮ ਨੂੰ ਮੰਨਣ ਵਾਲੇ
ਜੇ ਕਰ ਪਾਗਲਪਨ ਦੀ ਹੱਦ ਤੱਕ ਨਾ ਵੀ ਜਾਣ ਫਿਰ ਵੀ ਬਹੁਸੰਮਤੀ ਵਿੱਚ ਇਹ ਸਭ ਤੋਂ ਜ਼ਿਆਦਾ ਤੰਗਦਿਲ,
ਕਠੋਰ ਅਤੇ ਬੇ-ਰਹਿਮ ਹੁੰਦੇ ਹਨ। ਗੁਰੂਆਂ ਅਤੇ ਭਗਤਾਂ ਨੇ ਵੀ ਆਪਣੀ ਬਾਣੀ ਵਿੱਚ ਇਹਨਾ ਦੀ ਇਸ
ਤੰਗਦਿਲ ਸੋਚ ਦਾ ਅਨੇਕਾਂ ਸ਼ਬਦਾਂ ਵਿੱਚ ਜ਼ਿਕਰ ਕੀਤਾ ਹੈ ਕਿ ਉਹਨਾ ਦਾ ਦਿਲ ਮੋਮ ਵਰਗਾ ਨਰਮ ਹੋਵੇ।
ਜਿਵੇਂ ਕਿ:
ਮੁਸਲਮਾਣੁ ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ ਦਿਲ ਤੇ ਧੋਵੈ ॥ ਦੁਨੀਆ ਰੰਗ
ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥ਪੰਨਾ 1084॥
ਮਃ ੧ ॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ
ਦੁਇ ਤੀਜਾ ਖੈਰ ਖੁਦਾਇ ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿ ਕੈ ਤਾ
ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ {ਪੰਨਾ 141}
ਸਲੋਕੁ ਮਃ ੧ ॥ ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ
॥ ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ ਹੋਇ ਮੁਸਲਿਮੁ ਦੀਨ ਮੁਹਾਣੈ ਮਰਣ
ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ ਤਉ ਨਾਨਕ ਸਰਬ
ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥ {ਪੰਨਾ 141}
ਇਸਲਾਮ ਨੂੰ ਮੰਨਣ ਵਾਲਿਆਂ ਵਿੱਚ ਕੁੱਝ ਲੋਕ ਸਿਆਣੇ ਵੀ ਹਨ ਇਹ ਖੁੱਲ ਕੇ
ਇਹਨਾ ਜਨੂਨੀਆਂ ਵਿਰੁੱਧ ਬੋਲਦੇ ਵੀ ਹਨ। ਪਰ ਇਹਨਾ ਦੀ ਗਿਣਤੀ ਬਹੁਤ ਥੋੜੀ ਹੈ। ਪਰ ਇਹ ਬੋਲਦੇ ਜ਼ਰੂਰ
ਹਨ। ਇਹਨਾ ਵਿਚੋਂ ਕਈਆਂ ਦੇ ਕਤਲ ਵੀ ਹੋਏ ਹਨ ਖਾਸ ਕਰਕੇ ਪਾਕਿਸਤਾਨ ਵਿਚ। ਪਾਕਿਸਤਾਨ ਦੀ ਹੀ
ਇੱਕ ਲੜਕੀ ਮਲਾਲਾ ਨੂੰ ਕੋਣ ਨਹੀਂ ਜਾਣਦਾ? ਜਿਸ ਨੂੰ ਕਿ ਜਨੂਨੀਆਂ ਨੇ ਆਪਣੀ ਗੋਲੀ ਦਾ ਨਿਸ਼ਾਨਾਂ
ਬਣਾਇਆ ਸੀ। ਖੁਸ਼ ਕਿਸਮਤੀ ਨੂੰ ਉਹ ਬਚ ਗਈ ਅਤੇ ਉਸ ਨੂੰ ਅਨੇਕਾਂ ਹੀ ਐਵਾਰਡ ਮਿਲ ਚੁੱਕੇ ਹਨ
ਅਤੇ ਉਹ ਯੂ. ਐਨ: ਓ: ਵਿੱਚ ਵੀ ਬੋਲ ਚੁੱਕੀ ਹੈ। ਬੁੱਧਵਾਰ 22 ਅਕਤੂਬਰ 2014 ਨੂੰ ਇਸ ਨੂੰ ਕਨੇਡਾ
ਦੀ ਪਾਰਲੀਮਿੰਟ ਵਿੱਚ ਸੱਦ ਕੇ ਸਿਟੀਜਨਸ਼ਿਪ ਐਵਾਰਡ ਨਾਲ ਸਨਮਾਨਤ ਕਰਨਾ ਸੀ ਪਰ ਉਸ ਦਿਨ ਇੱਕ ਇਸਲਾਮੀ
ਜਨੂਨੀ ਨੇ ਪਹਿਲਾਂ ਸਵੇਰੇ ਇੱਕ ਫੌਜੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਫਿਰ ਪਾਰਲੀਮਿੰਟ ਵਿੱਚ
ਦਾਖਲ ਹੋ ਗਿਆ। ਉਸ ਨੂੰ ਉਥੇ ਸਕਿਉਰਟੀ ਵਾਲਿਆਂ ਨੇ ਮਾਰ ਤਾਂ ਦਿੱਤਾ ਪਰ ਉਸ ਦਿਨ ਹਾਊਸ ਦੀ ਸਾਰੀ
ਕਾਰਵਾਈ ਠੱਪ ਰਹੀ ਸੀ। ਇਸ ਤੋਂ ਦੋ ਦਿਨ ਪਹਿਲਾਂ ਵੀ ਇੱਕ ਜਨੂਨੀ ਨੇ ਇੱਕ ਫੌਜੀ ਉਤੇ ਕਾਰ ਨਾਲ
ਟੱਕਰ ਮਾਰ ਕੇ ਉਸ ਨੂੰ ਮਾਰ ਦਿੱਤਾ ਸੀ। ਇਹ ਦੋਵੇ ਜਨੂਨੀ ਡਰੱਗੀ ਅਤੇ ਅਪਰਾਧਕ ਪਿਛੋਕੜ ਵਾਲੇ ਦੱਸੇ
ਜਾਂਦੇ ਹਨ। ਅਤੇ ਇਹ ਵੀ ਪਤਾ ਲੱਗਾ ਹੈ ਕਿ ਇਹ ਦੋਵੇਂ ਇਰਾਕ ਅਤੇ ਸੀਰੀਆ ਵਿੱਚ ਜਾ ਕੇ ਇਸਲਾਮਿਕ
ਸਟੇਟ ਬਣਾਉਣ ਵਾਲੇ ਆਈਸਸ ਨਾਲ ਮਿਲ ਕੇ ਲੜਨਾ ਚਾਹੁੰਦੇ ਸਨ। ਇਸ ਤਰ੍ਹਾਂ ਦੇ ਬਹੁਤ ਸਾਰੇ ਜਨੂਨੀ
ਕਨੇਡਾ ਅਮਰੀਕਾ ਅਤੇ ਯੂਰਪ ਤੋਂ ਜਾ ਚੁੱਕੇ ਹਨ। ਇਹਨਾ ਦਾ ਜਨੂਨ ਦੇਖ ਕੇ ਕਈ ਸਾਬਕਾ ਫੋਜੀ ਵੀ ਇਹਨਾ
ਦੇ ਵਿਰੁੱਧ ਲੜਨ ਲਈ ਅਮਰੀਕਾ ਕਨੇਡਾ ਤੋਂ ਜਾ ਰਹੇ ਹਨ ਅਤੇ ਉਹ ਕੁਰਦਾਂ ਨਾਲ ਮਿਲ ਕੇ ਲੜ ਰਹੇ ਹਨ।
ਇਸਲਾਮਿਕ ਸਟੇਟ ਵਾਲੇ ਜਨੂਨੀ ਕਿਸ ਤਰ੍ਹਾਂ ਆਪਣੇ ਵਿਰੋਧੀਆਂ ਤੇ ਜ਼ੁਲਮ ਕਰ
ਰਹੇ ਹਨ ਇਸ ਦੀਆਂ ਕੁੱਝ ਵੰਨਗੀਆਂ ਤਾਂ ਸਾਰੀ ਦੁਨੀਆ ਨੇ ਦੇਖੀਆਂ ਹਨ ਕਿ ਕਿਵੇਂ ਕੁੱਝ ਅਗਵਾ ਕੀਤੇ
ਹੋਏ ਪੱਤਰਕਾਰਾਂ ਨੂੰ ਬੇ-ਰਹਿਮੀ ਨਾਲ ਕਤਲ ਗਿਆ। ਇਹ ਘੱਟ ਗਿਣਤੀ ਵਾਲੇ ਫਿਰਕਿਆਂ ਤੇ ਅਨੇਕਾਂ ਜੁਲਮ
ਢਾਅ ਰਹੇ ਹਨ, ਉਹਨਾ ਨੂੰ ਲੁੱਟ ਰਹੇ ਹਨ, ਬਲਾਤਕਾਰ ਕਰ ਰਹੇ ਹਨ ਅਤੇ ਲੜਕੀਆਂ ਨੂੰ ਅਗਵਾ ਕਰਕੇ ਵੇਚ
ਰਹੇ ਹਨ। ਇਹ ਸ਼ੀਆ ਮੁਸਲਮਾਨਾ ਤੇ ਵੀ ਅਨੇਕਾਂ ਜੁਲਮ ਢਾਅ ਰਹੇ ਹਨ ਅਤੇ ਕਤਲ ਕਰ ਰਹੇ ਹਨ। ਇਹ ਆਪਣੇ
ਵਿਰੋਧੀਆਂ ਤੇ ਅਤੇ ਸ਼ੀਆ ਮੁਸਲਮਾਨਾ ਤੇ ਹੀ ਜੁਲਮ ਨਹੀਂ ਕਰ ਰਹੇ ਇਹ ਹਰ ਉਸ ਵਿਆਕਤੀ ਨੂੰ ਕਤਲ ਕਰ
ਦਿੰਦੇ ਹਨ ਜਿਹੜਾ ਇਹਨਾ ਦਾ ਵਿਰੋਧ ਕਰੇ ਜਾਂ ਕੋਈ ਅਕਲ ਦੀ ਗੱਲ ਦੱਸੇ। ਇਹਨਾ ਵਿਚੋਂ ਭਾਵੇਂ ਕਿ
ਕੋਈ ਸੁੰਨੀ ਅਤੇ ਕਿਸੇ ਮਸਜਦ ਦਾ ਇਮਾਮ ਵੀ ਕਿਉਂ ਨਾ ਹੋਵੇ। ਇਹਨਾ ਨੇ 1500 ਤੋਂ ਵੱਧ ਮਸਜਦਾਂ ਢਾਅ
ਦਿੱਤੀਆਂ ਹਨ। ਕੁੱਝ ਸਿਆਣੇ ਮੁਸਲਮਾਨ ਇਹਨਾ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਦਾ ਵਿਰੋਧ ਵੀ ਕਰਦੇ
ਹਨ ਅਤੇ ਕਹਿੰਦੇ ਹਨ ਕਿ ਇਸਲਾਮ ਦੇ ਨਾਮ ਤੇ ਗੈਰ-ਇਸਲਾਮਿਕ ਕਾਰਵਾਈਆਂ ਕਰ ਰਹੇ ਹਨ। ਇਸ ਤਰ੍ਹਾਂ ਦੀ
ਕੁੱਝ ਵਾਰਤਾਲਾਪ ਕੁੱਝ ਮੁਸਲਮਾਨਾ ਨੇ ਸੀ. ਬੀ. ਸੀ. ਤੇ ਕੀਤੀ ਸੀ ਜਿਸ ਦੀ ਰਿਕਾਰਡਿੰਗ ਇਸ ਲੇਖ ਦੇ
ਹੇਠਾਂ ਪਾ ਰਹੇ ਹਾਂ। ਇਹ ਕੋਈ 20 ਕੁ ਮਿੰਟ ਦੀ ਹੈ ਇਸ ਨੂੰ ਸਮਾ ਮਿਲਣ ਤੇ ਜ਼ਰੂਰ ਸੁਣਨ ਦੀ ਕੋਸ਼ਿਸ਼
ਕਰਨੀ।
ਕਿਸੇ ਸਮੇ ਸਿੱਖਾਂ ਵਿੱਚ ਵੀ ਇਸ ਤਰ੍ਹਾਂ ਦੇ ਜਨੂਨੀ ਪੈਦਾ ਹੋ ਗਏ ਸਨ
ਜਿਹੜੇ ਕਿ ਹਰ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਕਤਲ ਕਰਨਾ ਹੀ ਆਪਣਾ ਧਰਮ ਸਮਝਦੇ ਸਨ। ਅਜਿਹੇ ਸਮੇਂ
ਅਨੇਕਾਂ ਹੀ ਵਿਆਕਤੀਆਂ ਦਾ ਕਤਲ ਕੀਤਾ ਗਿਆ ਸੀ। ਜਿਹਨਾ ਵਿਚੋਂ ਡਾ: ਰਾਜਿੰਦਰ ਕੌਰ, ਸ਼੍ਰੋਮਣੀ
ਕਮੇਟੀ ਦੇ ਕੁੱਝ ਮੈਂਬਰ ਅਤੇ ਗੁਰੂ ਰਾਮਦਾਸ ਹਸਪਤਾਲ ਦੇ ਇੱਕ ਡਾਕਟਰ ਦੇ ਨਾਮ ਵਰਨਣਯੋਗ ਹਨ। ਹੋਰਨਾ
ਬਾਰੇ ਤਾਂ ਮੈਂ ਬਹੁਤਾ ਕੁੱਝ ਨਹੀਂ ਕਹਿ ਸਕਦਾ ਕਿ ਉਹ ਕਿਹੜੇ ਵਿਚਾਰਾਂ ਕਰਕੇ ਕਤਲ ਕੀਤੇ ਗਏ ਸਨ ਪਰ
ਡਾ: ਰਾਜਿੰਦਰ ਕੌਰ ਬਾਰੇ ਤਾਂ ਤਕਰੀਬਨ ਬਹੁਤੇ ਜਾਣਦੇ ਸਨ ਕਿ ਉਹ ਸਰਕਾਰ ਦੀਆਂ ਵਧੀਕੀਆਂ ਬਾਰੇ ਸਭ
ਤੋਂ ਪਹਿਲਾਂ ਬੋਲਦੇ ਸਨ, 1984 ਦੇ ਅਟੈਕ ਤੋਂ ਬਾਅਦ ਕਰਫਿਊ ਹਟਾਉਣ ਬਾਰੇ ਸਭ ਤੋਂ ਪਹਿਲਾਂ ਬੀਬੀਆਂ
ਦਾ ਜਥਾ ਲੈ ਕੇ ਉਹ ਹੀ ਬਾਹਰ ਨਿਕਲੀ ਸੀ। ਜਿਹੜੀ ਗੱਲ ਦੀ ਕਈਆਂ ਨੂੰ 25-30 ਸਾਲਾਂ ਬਾਅਦ ਸਮਝ ਆਈ
ਸੀ ਉਹ ਉਦੋਂ ਹੀ ਇਸ ਬਾਰੇ ਲਿਖਦੀ ਹੁੰਦੀ ਸੀ। ਇਸ ਲਈ ਉਸ ਦੇ ਕਤਲ ਦੀ ਸੂਈ ਉਸ ਜਨੂਨੀ ਦਸਮ
ਗ੍ਰੰਥੀਏ ਬਿਪਰ ਸਾਧ ਦੇ ਟੱਬਰ ਵੱਲ ਘੁੰਮਦੀ ਸੀ ਜਿਹੜੇ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਕਾਰਵਾਈਆਂ
ਕਰ ਰਹੇ ਸਨ। ਇਹ ਦਿੱਲੀ ਦਰਬਾਰ ਤੋਂ ਪੈਸਿਆਂ ਦੇ ਥੈਲੇ ਭਰ ਕਿ ਲਿਆਇਆ ਕਰਦੇ ਸਨ। ਇਸ ਦਾ ਜ਼ਿਕਰ ਕੇ
ਧਰ ਨੇ ਆਪਣੀ ਕਿਤਾਬ ਵਿੱਚ ਵੀ ਕੀਤਾ ਸੀ। ਜਿਸ ਬਾਰੇ ਇਹਨਾ ਨੇ ਚੁੱਪ ਧਾਰੀ ਰੱਖੀ। ਹੋਰਨਾ ਦੀ ਗੱਲ
ਤਾਂ ਛੱਡੋ ਜਿਹੜਾ ਇੱਕ ਪੜ੍ਹਿਆ ਲਿਖਿਆ ਵਿਆਕਤੀ ਉਸ ਜਨੂਨੀ ਸਾਧ ਦਾ ਖਾਸ ਬੰਦਾ ਸੀ ਉਸ ਦਾ ਵੀ ਕਤਲ
ਕਰ ਦਿੱਤਾ ਗਿਆ ਸੀ। ਜਦੋਂ ਉਸ ਦਾ ਕਤਲ ਹੋਇਆ ਤਾਂ ਕਈ ਦਿਨ ਇਹ ਚਰਚਾ ਮੀਡੀਏ ਵਿੱਚ ਚਲਦੀ ਰਹੀ। ਕਈ
ਉਸ ਨੂੰ ਗ਼ਦਾਰ ਕਹਿੰਦੇ ਸਨ ਅਤੇ ਕਈ ਸ਼ਹੀਦ।
ਇਹ ਗੱਲ ਠੀਕ ਹੈ ਕਿ ਹੋਰਨਾ ਧਰਮੀ ਕੱਪੜਿਆਂ ਵਿਚਲੇ ਜਨੂਨੀਆਂ ਨਾਲੋਂ ਸਿੱਖ
ਧਰਮ ਵਿਚਲੇ ਜਨੂਨੀ ਬਹੁਤ ਥੋੜੇ ਹਨ ਪਰ ਇਹਨਾ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਬਹੁਤੇ ਹਨ। ਇਸ ਦਾ
ਇੱਕ ਕਾਰਨ ਇਹ ਹੈ ਕਿ ਸਿੱਖ ਧਰਮ ਨੂੰ ਮੰਨਣ ਵਾਲੇ ਵਿਦਵਾਨ ਅਤੇ ਰਾਜਨੀਤਕ ਲੀਡਰ ਸੱਚੀ ਗੱਲ ਲੋਕਾਈ
ਨੂੰ ਅਤੇ ਆਮ ਸਿੱਖਾਂ ਨੂੰ ਦੱਸਣ ਲਈ ਕੰਨੀ ਕਤਰਾਉਂਦੇ ਹਨ ਅਤੇ ਜਾਂ ਫਿਰ ਇਉਂ ਕਹਿ ਲਓ ਕਿ ਸਾਰੇ
ਸਿੱਖ ਅਤੇ ਸਿੱਖ ਲੀਡਰ ਝੂਠ ਬੋਲ ਕੇ ਗੁਮਰਾਹ ਕਰਨਾ ਹੀ ਅਪਣਾ ਧਰਮ ਸਮਝਦੇ ਹਨ। ਮੇਰੇ ਦੇਖਣ ਸੁਣਨ
ਵਿੱਚ ਹਾਲੇ ਤੱਕ ਕੋਈ ਵੀ ਇੱਕ ਐਸਾ ਸਿੱਖ ਵਿਦਵਾਨ ਜਾਂ ਲੀਡਰ ਨਹੀਂ ਆਇਆ ਜਿਹੜਾ ਕਿ ਸੱਚ ਨੂੰ ਸੱਚ
ਅਤੇ ਕੱਚ ਨੂੰ ਕੱਚ ਕਹਿਣ ਦੀ ਹਿੰਮਤ ਰੱਖਦਾ ਹੋਵੇ। ਉਂਜ ਬਹੁਤ ਸਾਰੇ ਆਪਣੇ ਆਪ ਨੂੰ ਜਾਂ ਦੂਜਿਆਂ
ਨੂੰ ਸੱਚ ਸੁੱਚੇ ਕਹਿਣ ਦਾ ਢੰਡੋਰਾ ਜਰੂਰ ਪਿੱਟਦੇ ਰਹਿੰਦੇ ਹਨ ਬੋਲਣ ਭਾਵੇਂ ਨਿਰਾ ਹੀ ਝੂਠ।
ਇਸ ਲੇਖ ਦੇ ਵਿਸ਼ੇ ਨਾਲ ਸੰਬੰਧਿਤ ਹੇਠਾਂ ਇੱਕ ਖ਼ਬਰ ਕਾਪੀ ਪੇਸਟ ਕਰ ਰਿਹਾ
ਹਾਂ ਜਿਹੜੀ ਕਿ ਕੱਲ ਦੇ ਅਜੀਤ ਅਖਬਾਰ ਵਿੱਚ ਛਪੀ ਸੀ। ਇਸ ਖ਼ਬਰ ਵਿਚਲੀ ਜਾਣਕਾਰੀ ਬਿੱਲਕੁੱਲ ਸੱਚੀ
ਹੈ ਝੂਠੀ ਨਹੀਂ ਹੈ ਪਰ ਇਸ ਦੀਆਂ ਅਖੀਰਲੀਆਂ ਪੰਗਤੀਆਂ ਵੱਲ ਧਿਆਨ ਦਵਾਉਣਾਂ ਚਾਹੁੰਦਾ ਹਾਂ। ਇਹ
ਪੰਗਤੀਆਂ ਰੰਗਦਾਰ ਕਰਕੇ ਗੱਲ ਅੱਗੇ ਤੋਰਦਾ ਹਾਂ।
“ਵੈਨਕੂਵਰ, 25 ਅਕਤੂਬਰ (ਗੁਰਵਿੰਦਰ ਸਿੰਘ ਧਾਲੀਵਾਲ)-ਕੈਨੇਡਾ ਦੀ ਰਾਜਧਾਨੀ
ਸਥਿਤ ਸੰਸਦ ਭਵਨ 'ਤੇ ਹੋਏ ਹਮਲੇ ਮੌਕੇ ਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਸੁਰੱਖਿਆ ਮੁਖੀ ਸਾਰਜੈਂਟ
ਕੈਵਿਨ ਵਿਕਰਜ਼ ਨੂੰ ਵਿਸ਼ਵ ਸਿੱਖ ਸੰਸਥਾ ਕੈਨੇਡਾ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ | ਸੰਸਥਾ
ਦੇ ਮੌਜੂਦਾ ਪ੍ਰਧਾਨ ਡਾ: ਅੰਮਿ੍ਤਪਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸੰਨ 2011 ਵਿਚ ਵਿਸ਼ਵ ਸਿੱਖ
ਸੰਸਥਾ ਨੇ ਸਾਰਜੈਂਟ ਕੈਵਿਨ ਨੂੰ ਸਿੱਖਾਂ ਦੇ 'ਆਰਟੀਕਲ ਆਫ ਫੇਥ' ਦੇ ਰੂਪ ਵਿਚ ਕਿਰਪਾਨ ਨੂੰ ਸੰਸਦ
ਵਿਚ ਮਾਨਤਾ ਪ੍ਰਤੀ ਨਿਭਾਈ ਭੂਮਿਕਾ ਲਈ ਇਹ ਪੁਰਸਕਾਰ ਦਿੱਤਾ ਗਿਆ ਸੀ | ਡਾ: ਸ਼ੇਰਗਿੱਲ ਅਨੁਸਾਰ
ਸੰਸਦ 'ਤੇ ਹੋਏ ਹਮਲੇ ਖਿਲਾਫ ਕੈਨੇਡਾ ਦੇ ਸਿੱਖ ਇਕਮੁੱਠਤਾ ਅਤੇ ਮਜ਼ਬੂਤ ਇਰਾਦੇ ਨਾਲ ਦੇਸ਼ ਵਾਸੀਆਂ
ਨਾਲ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਹਮਲੇ ਵਿਚ ਸ਼ਹੀਦ ਹੋਏ ਕਾਰਪੋਰੇਲ ਨੇਥਨ ਸਿਰਿਲੋ ਨੂੰ ਜਿਥੇ
ਸਿੱਖ ਸ਼ਰਧਾਂਜਲੀ ਦਿੰਦੇ ਹਨ, ਉਥੇ ਹਮਲਾ ਰੋਕਣ ਵਾਲੇ ਬਹਾਦਰ ਸਾਰਜੈਂਟ ਕੈਵਿਨ ਵਿਕਰਜ਼ ਤੇ ਉਸ ਦੇ
ਸਾਥੀਆਂ ਦੇ ਹੌਸਲੇ ਦੀ ਸ਼ਲਾਘਾ ਕਰਦੇ ਹਨ |
ਇਸ ਦੌਰਾਨ ਵੈਨਕੂਵਰ ਵਿਚ ਯੂਨਾਈਟਿਡ ਸਿੱਖਜ਼ ਵੱਲੋਂ ਅੱਜ ਸਟੈਨਲੇ ਪਾਰਕ
ਵਿਚ ਹਿੰਸਾ ਖਿਲਾਫ 'ਵਾਕ' ਕੱਢੀ ਜਾ ਰਹੀ ਹੈ, ਜਿਹੜੀ ਟੋਟਮ ਪੋਲਜ਼ ਤੋਂ ਚੱਲ ਕੇ ਕਾਮਾਗਾਟਾਮਾਰੂ
ਮੈਮੋਰੀਅਲ ਸਾਈਟ 'ਤੇ ਸਮਾਪਤ ਹੋਵੇਗੀ | ਯੂਨਾਈਟਿਡ ਸਿੱਖਜ਼ ਦੇ ਰਣਬੀਰ ਸਿੰਘ ਅਤੇ ਮਨਜਿੰਦਰਪਾਲ
ਕੌਰ ਅਨੁਸਾਰ
ਕੈਨੇਡਾ ਦੇ ਸਿੱਖਾਂ ਵੱਲੋਂ ਇਸ ਵਾਕ
ਦੌਰਾਨ ਹਰੇਕ ਪੱਧਰ 'ਤੇ ਹਿੰਸਾ ਖਿਲਾਫ ਇਕਮੁੱਠਤਾ ਦਾ ਸੁਨੇਹਾ ਦਿੱਤਾ ਜਾਵੇਗਾ”|
ਉਪਰ ਲਿਖੀ ਛਪੀ ਜਾਣਕਾਰੀ ਵਿੱਚ ਲਾਲ ਰੰਗ ਕੀਤੀਆਂ ਪੰਗਤੀਆਂ ਖਾਸ ਧਿਆਨ
ਮੰਗਦੀਆਂ ਹਨ। ਕੀ ਸੱਚਮੁੱਚ ਹੀ ਸਿੱਖ ਹਿੰਸਾ ਖਿਲਾਫ ਇਕਮੁੱਠਤਾ ਦਾ ਸੁਨੇਹਾ ਦਿੰਦੇ ਹਨ? ਹੁਣ ਤੱਕ
ਤਾਂ ਅਜਿਹਾ ਦੇਖਣ ਸੁਣਨ ਨੂੰ ਮਿਲਿਆ ਨਹੀਂ ਅਗਾਂਹ ਨੂੰ ਸਿੱਖਾਂ ਨੂੰ ਇਸ ਤਰ੍ਹਾਂ ਦੀ ਅਕਲ ਆ ਜਾਵੇ
ਤਾਂ ਚੰਗੀ ਗੱਲ ਹੈ। ਏਅਰ ਇੰਡੀਆ ਹਾਦਸੇ ਨੂੰ 29 ਸਾਲ ਤੋਂ ਉਪਰ ਹੋ ਗਏ ਹਨ, ਕਿਤਨੇ ਕੁ ਸਿੱਖਾਂ ਨੇ
ਇਸ ਦੇ ਖਿਲਾਫ ਅਵਾਜ਼ ਉਠਾ ਕੇ ਸੁਨੇਹਾ ਦਿੱਤਾ ਸੀ। ਕਿੰਨੇ ਲੋਕਾਂ ਤੇ ਵਿਰੋਧੀ ਵਿਚਾਰਾਂ ਕਾਰਨ
ਕਨੇਡਾ ਵਿੱਚ ਹੀ ਜਨੂਨੀ ਸਿੱਖਾਂ ਵਲੋਂ ਹਮਲੇ ਹੋਏ ਹਨ, ਕਿਤਨਾ ਕੁ ਅਜਿਹੀ ਹਿੰਸਾ ਖਿਲਾਫ ਸੁਨੇਹਾ
ਦਿੱਤਾ ਸੀ? ਹਾਲੇ ਦੋ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਜਦੋਂ ਸਰਕਾਰੀ ਧਿਰ ਨਾਲ ਸੰਬੰਧਿਤ ਇੱਕ
ਵਿਆਕਤੀ ਬਰਤਾਨੀਆਂ ਵਿੱਚ ਆਇਆ ਸੀ ਤਾਂ ਉਸ ਉਪਰ ਹਿੰਸਕ ਹਮਲਾ ਹੋਇਆ ਸੀ। ਉਸ ਵੇਲੇ ਇੱਕ ਵੀ ਸਿੱਖ
ਐਸਾ ਨਹੀਂ ਸੀ ਜਿਸ ਨੇ ਸੱਚ ਬੋਲਿਆ ਹੋਵੇ। ਜਿਤਨੇ ਕੁ ਸਿੱਖਾਂ ਨੇ ਇਸ ਬਾਰੇ ਕੁੱਝ ਬੋਲਿਆ ਸੀ ਉਹ
ਤਕਰੀਬਨ 100% ਝੂਠ ਹੀ ਬੋਲਿਆ ਸੀ। ਜਾਂ ਇਉਂ ਕਹਿ ਲਓ ਇਸ ਵੇਲੇ ਸਭ ਤੋਂ ਵੱਧ ਝੂਠ ਸਿੱਖ ਹੀ ਬੋਲਦੇ
ਹਨ ਉਹ ਵੀ ਹਿੰਸਾ ਦੇ ਹੱਕ ਵਿਚ। ਮੈਨੂੰ ਯਾਦ ਹੈ ਕਿ ਇੱਕ ਰੇਡੀਓ ਸਟੇਸ਼ਨ ਤੇ ਇੱਕ ਐਸਾ ਪੜ੍ਹਿਆ
ਲਿਖਿਆ ਵਿਆਕਤੀ ਆਇਆ ਸੀ ਜਿਹੜਾ ਕਿ ਅਨੇਕਾਂ ਦੇਸ਼ਾਂ ਵਿੱਚ ਫਿਰ ਕੇ ਸਿੱਖੀ ਦਾ ਪ੍ਰਚਾਰ ਕਰਦਾ ਹੈ।
ਇਹ ਠੀਕ ਹੈ ਕਿ ਉਸ ਨੇ ਕਈ ਕੰਮ ਚੰਗੇ ਵੀ ਕੀਤੇ ਹਨ ਅਤੇ ਰੇਡੀਉ ਹੋਸਟ ਉਸ ਦੀ ਪ੍ਰਸੰਸਾ ਵੀ ਬੜੀ
ਕਰਦਾ ਹੈ। ਪਰ ਜੋ ਉਸ ਨੇ ਉਸ ਦਿਨ ਜੋ ਇਸ ਹਿੰਸਕ ਹਮਲੇ ਬਾਰੇ ਬੋਲਿਆ ਉਹ 100% ਝੂਠ ਸੀ। ਉਦੋਂ ਵੀ
ਝੂਠ ਸੀ ਅਤੇ ਅੱਜ ਵੀ ਝੂਠ ਹੈ। ਉਸ ਨੇ ਕਿਹਾ ਤਾਂ ਉਹੀ ਸੀ ਜੋ ਉਸ ਵੇਲੇ ਸਾਰੇ ਸਿੱਖ ਕਹਿੰਦੇ ਸਨ।
ਸਾਰੇ ਸਿੱਖ ਕੀ ਕਹਿੰਦੇ ਸਨ ਉਸ ਵੇਲੇ? ਇਹੀ ਕਿ ਇਹ ਹਮਲਾ ਸਿੱਖਾਂ ਨੇ ਨਹੀਂ ਕੀਤਾ ਇਹ ਤਾਂ ਸਿੱਖਾਂ
ਨੂੰ ਬਦਨਾਮ ਕਰਨ ਦੀ ਸਰਕਾਰ ਦੀ ਇੱਕ ਸਾਜਿਸ਼ ਹੈ। ਉਹਨਾ ਤੇ ਜੋ ਕਾਨੂੰਨ ਦੀਆਂ ਧਾਰਵਾਂ ਲਾਈਆਂ ਗਈਆਂ
ਹਨ ਉਹ ਤਾਂ ਐਵੇਂ ਹੀ ਨਰਮ ਜਿਹੀਆਂ ਹਨ। ਕੋਈ ਖਾਸ ਨਹੀਂ, ਕੋਰਟ ਰਾਹੀਂ ਸੱਚ ਸਾਹਮਣੇ ਆ ਹੀ
ਜਾਵੇਗਾ। ਸਾਰੇ ਸਿੱਖ ਇਹੀ ਦੁਹਾਈ ਪਉਂਦੇ ਸਨ ਕਿ ਸਾਨੂੰ ਬਰਤਾਨੀਆਂ ਦੀ ਅਦਾਲਤ ਤੇ ਪੂਰਨ ਭਰੋਸਾ
ਹੈ, ਪੂਰਾ ਸੱਚ ਸਾਹਮਣੇ ਆਵੇਗਾ ਅਤੇ ਇਨਸਾਫ ਮਿਲੇਗਾ। ਜਦੋਂ ਅਦਾਲਤ ਨੇ ਫੈਸਲਾ ਸੁਣਾ ਕਿ ਸੱਚ
ਸਾਹਮਣੇ ਲਿਆਂਦਾ ਤਾਂ ਸਾਰੇ ਸਿੱਖਾਂ ਦਾ ਝੂਠ ਨੰਗਾ ਹੋ ਗਿਆ ਤੇ ਉਹਨਾ ਹਿੰਸਕਾਂ ਨੂੰ ਚੰਗੀ ਸਖ਼ਤ
ਸਜਾ ਮਿਲ ਗਈ। ਫਿਰ ਇਹ ਝੂਠ ਬੋਲਣ ਵਾਲੇ ਸਿੱਖ ਪਿੱਟਣ ਲੱਗੇ ਕਿ ਸਜਾ ਸਖ਼ਤ ਮਿਲੀ ਹੈ। ਫਿਰ ਅਪੀਲ
ਕੀਤੀ ਗਈ ਕਿ ਸਜਾ ਕੁੱਝ ਘਟਾਈ ਜਾਵੇ। ਹੁਣ ਕੁੱਝ ਦਿਨ ਪਹਿਲਾਂ ਲੰਡਨ ਦੀ ਅਪੀਲ ਅਦਾਲਤ ਵਿਚ ਚੱਲੇ
ਕੇਸ ਮੌਕੇ ਜੱਜ ਨੇ ਇਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਸਜ਼ਾਵਾਂ ਨੂੰ ਬਰਕਰਾਰ
ਰੱਖਿਆ ਹੈ | ਇਹ ਸਜਾਵਾਂ 10-14 ਸਾਲ ਦੀਆਂ ਹਨ।
ਇਹ ਜਨੂਨ ਇੱਕ ਬਿਮਾਰੀ ਹੈ। ਜਿਸ ਨੂੰ ਇਹ ਬਿਮਾਰੀ ਲੱਗ ਜਾਵੇ ਉਸ ਨੂੰ ਫਿਰ
ਇਹ ਪਰਵਾਹ ਨਹੀਂ ਹੁੰਦੀ ਕਿ ਉਹ ਕਿਸੇ ਨੂੰ ਮਾਰਦਾ ਹੈ ਜਾਂ ਉਸ ਨੂੰ ਕੋਈ ਮਾਰ ਦਿੰਦਾ ਹੈ। ਜੇ ਕਰ
ਉਹ ਕਿਸੇ ਨੂੰ ਮਾਰੇ ਤਾਂ ਬਾਕੀ ਜਨੂਨੀ ਉਸ ਨੂੰ ਵੱਡਾ ਯੋਧਾ ਅਤੇ ਮਾਰੇ ਗਏ ਨੂੰ ਗ਼ਦਾਰ ਕਹਿੰਦੇ ਹਨ
ਅਤੇ ਜੇ ਕਰ ਉਸ ਨੂੰ ਕੋਈ ਮਾਰ ਦੇਵੇ ਤਾਂ ਉਸ ਨੂੰ ਸ਼ਹੀਦ ਕਹਿੰਦੇ ਹਨ। ਸਾਰੇ ਧਰਮਾ ਨਾਲ ਸੰਬੰਧਿਤ
ਜਨੂਨੀਆਂ ਦਾ ਇਹੀ ਹਾਲ ਹੈ। ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਹੁੰਦੀ ਅਤੇ ਕਿਸੇ ਦੀ ਜਾਨ ਲੈਣ
ਲੱਗਿਆਂ ਉਸ ਨੂੰ ਕੋਈ ਤਰਸ ਜਾਂ ਦਇਆ ਨਹੀਂ ਆਉਂਦੀ। ਇਸਲਾਮਿਕ ਦੇਸ਼ਾਂ ਵਿੱਚ ਇਹਨਾ ਜਨੂਨੀਆਂ ਦੀਆਂ
ਕਾਰਵਾਈਆਂ ਕਈ ਦਹਾਕਿਆਂ ਤੋਂ ਸਾਰੇ ਦੇਖ ਰਹੇ ਹਨ ਕਿ ਕਿਵੇਂ ਉਹ ਬੰਬਾਂ ਨਾਲ ਆਪਣੇ ਆਪ ਨੂੰ ਉਡਾ
ਰਹੇ ਹਨ ਅਤੇ ਹੋਰਨਾ ਦੇ ਤੂੰਬੇ ਉਡਾ ਰਹੇ ਹਨ। ਇਹ ਸਾਰਾ ਕੁੱਝ ਧਰਮ ਦੇ ਨਾਮ ਤੇ ਹੀ ਹੋ ਰਿਹਾ ਹੈ।
ਇਸ ਵਿੱਚ ਇੱਕ ਹੋਰ ਵੀ ਕਾਰਨ ਹੈ ਉਹ ਹੈ ਅਗਲੇ ਜਨਮ ਵਿੱਚ ਬਹਿਸ਼ਤ ਦੀ ਲਾਲਸਾ, ਇਸ ਬਾਰੇ ਫਿਰ ਕਦੀ
ਲਿਖਾਂਗਾ। ਜਿਹੜਾ ਵਿਆਕਤੀ ਆਪਣੇ ਆਪ ਨੂੰ ਜਿਤਨਾ ਜ਼ਿਆਦਾ ਕੱਟੜ ਆਖਵਾਏਗਾ ਉਸ ਨੂੰ ਇਹ ਜਨੂਨ ਦੀ
ਬਿਮਾਰੀ ਲੱਗਣ ਦਾ ਉਤਨਾ ਹੀ ਜ਼ਿਆਦਾ ਖਤਰਾ ਹੋਏਗਾ। ਅਸਲੀ ਧਰਮ ਦੀ ਸਿੱਖਿਆ ਤੋਂ ਬਿਨਾ ਕਰਮਕਾਂਡ,
ਸੁੱਚ ਭਿੱਟ ਅਤੇ ਬਾਹਰੀ ਪਹਿਰਾਵੇ ਨੂੰ ਧਰਮ ਸਮਝਣ ਵਾਲੇ ਇਸ ਜਨੂਨ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ।
ਕਿਸੇ ਸਮੇ ਜਦੋਂ ਧਰਮ ਦੀ ਹਾਲੇ ਕੋਈ ਸਮਝ ਹੀ ਨਹੀਂ ਸੀ ਤਾਂ ਥੋੜਾ ਜਿਹਾ ਜਨੂਨ ਮੇਰੇ ਵਿੱਚ ਵੀ ਆਇਆ
ਸੀ ਪਰ ਛੇਤੀਂ ਹੀ ਗੁਰਬਾਣੀ ਦੀ ਸੋਝੀ ਆ ਜਾਣ ਦੇ ਕਾਰਨ ਇਹ ਜਨੂਨ ਨਿਕਲ ਗਿਆ ਸੀ। ਜੇ ਕਰ ਕੋਈ ਆਮ
ਸਾਧਾਰਣ ਵਿਆਕਤੀ ਜਨੂਨੀ ਬਣਦਾ ਹੈ ਤਾਂ ਉਸ ਦਾ ਇਤਨਾ ਕਸੂਰ ਨਹੀਂ ਹੁੰਦਾ ਜਿਤਨਾ ਕਿ ਧਰਮ
ਪ੍ਰਚਾਰਕਾਂ ਵਲੋਂ ਧਰਮ ਦੀ ਗਲਤ ਵਿਆਖਿਆ ਕਰਨ ਵਾਲਿਆਂ ਦਾ ਹੁੰਦਾ ਹੈ। ਜੇ ਕਰ ਆਪਣੇ ਆਪ ਨੂੰ ਧਰਮੀ
ਅਖਵਾਉਣ ਵਾਲੇ ਚਾਹੁੰਦੇ ਹਨ ਕਿ ਸਾਰੀ ਦੁਨੀਆ ਵਿੱਚ ਆਪਸੀ ਭਾਈਚਾਰਕ ਸਾਂਝ ਵਧੇ, ਕਤਲੋਗਾਰਤ ਅਤੇ
ਇੱਕ ਦੂਸਰੇ ਪ੍ਰਤੀ ਨਫਰਤ ਘਟੇ ਤਾਂ ਧਰਮ ਦੇ ਨਾਮ ਤੇ ਹੋ ਰਹੀ ਜਨੂਨਤਾ ਘਟਾਉਣ ਲਈ ਉਪਰਾਲੇ ਕਰਨ ਦੀ
ਲੋੜ ਹੈ।
ਮੱਖਣ ਸਿੰਘ ਪੁਰੇਵਾਲ,
ਅਕਤੂਬਰ 26, 2014.
(ਨੋਟ:- ਹੇਠਾਂ ਇਸਲਾਮ ਦੇ ਨਾਮ ਤੇ ਜੋ ਕੁੱਝ ਹੋ ਰਿਹਾ ਹੈ ਉਸ ਬਾਰੇ ਵਾਰਤਾਲਾਪ ਸੁਣੋਂ ਕਿ
ਇਸਲਾਮਿਕ ਸਟੇਟ ਬਣਾਉਣ ਵਾਲੇ ਕੀ ਕੁੱਝ ਕਰ ਰਹੇ ਹਨ)