. |
|
ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਤੇ ਵਿਸ਼ੇਸ਼!
ਅਵਤਾਰ ਸਿੰਘ ਮਿਸ਼ਨਰੀ (5104325827)
[email protected]
ਪ੍ਰਮਾਤਮਾਂ ਦਾ ਰੱਬੀ ਗਿਆਨ ਜੋ ਭਗਤਾਂ, ਭੱਟਾਂ, ਗੁਰਸਿੱਖਾਂ ਅਤੇ ਸਿੱਖ
ਗੁਰੂ ਸਾਹਿਬਾਨਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹੋਇਆ ਜੋ ਮਹਾਨ ਇਸ ਲਈ ਹੈ ਕਿ ਇਹ
ਕੇਵਲ ਤੇ ਕੇਵਲ ਇੱਕ ਕਰਤਾਰ ਦੀ ਸਿਫਤ ਸਲਾਹ ਕਰਨ, ਸਰਬ ਸਾਂਝੀਵਾਲਤਾ ਰੱਖਣ, ਸਾਰੀ ਮਨੁੱਖਾ ਜਾਤ
ਨੂੰ ਇੱਕ ਸਮਝਣ, ਮਰਦ ਅਤੇ ਇਸਤਰੀ ਨੂੰ ਬਰਾਬਰ ਹੱਕ ਦੇਣ, ਕਿਰਤ ਕਰਨ, ਵੰਡ ਛੱਕਣ, ਨਾਮ ਜਪਣ, ਗਿਆਨ
ਵਿਗਿਆਨ ਦੀ ਖੋਜ ਕਰਨ, ਵਿਸ਼ੇ ਵਿਕਾਰਾਂ ਤੇ ਮਾਰੂ ਨਸ਼ਿਆਂ ਦਾ ਤਿਆਗ ਕਰਨ, ਥੋਥੇ ਕਰਮਕਾਂਡ ਤੇ
ਵਹਿਮ-ਭਰਮ ਛੱਡਣ, ਮਖੱਟੂ ਤੇ ਪਾਖੰਡੀ ਸਾਧਾਂ ਸੰਤਾਂ ਤੋਂ ਬਚਣ, ਅਖੌਤੀ ਦੇਵੀ ਦੇਵਤਿਆਂ, ਦੈਂਤਾਂ,
ਫਰਜੀ ਨਰਕਾਂ, ਸਵੱਰਗਾਂ, ਪੀਰਾਂ-ਸ਼ੀਰਾਂ ਤੇ ਅਵਤਾਰਾਂ ਦੀ ਪੂਜਾ ਨਾਂ ਕਰਨ, ਸੰਗਰਾਂਦ, ਮੱਸਿਆ,
ਪੁੰਨਿਆਂ, ਪੰਚਕਾਂ ਆਦਿਕ ਚੰਗੇ ਮੰਦੇ ਦਿਨਾਂ ਦੀ ਮੰਨਤ ਨਾਂ ਮੰਨਣ, ਬਾਮਣਾਂ, ਮੌਲਵੀਆਂ, ਜੋਗੀਆਂ,
ਜੋਤਸ਼ੀਆਂ, ਭੇਖੀ ਸੰਤਾਂ, ਸੁਆਰਥੀ ਪ੍ਰਚਾਰਕਾਂ ਅਤੇ ਕਮਰਸ਼ੀਅਲ ਪ੍ਰਬੰਧਕਾਂ ਦਾ ਖਹਿੜਾ ਛੱਡਣ,
ਰਾਜਨੀਤਕ ਅਤੇ ਧਾਰਮਿਕ ਨੇਤਾਵਾਂ ਦੀ ਜੀ-ਹਜੂਰੀ ਨਾਂ ਕਰਨ, ਕਾਣੀ ਵੰਡ ਛੱਡਣ, ਸੰਤ ਸਿਪਾਹੀ ਬਿਰਤੀ
ਦੇ ਧਾਰਨੀ ਹੋਣ, ਪਰਉਪਕਾਰੀ ਬਣਨ, ਝੂਠ ਦਾ ਤਿਆਗ ਕਰਕੇ ਸੱਚ ਬੋਲਣ, ਮਨੁੱਖਤਾ ਦੀ ਸੇਵਾ ਕਰਦੇ
ਔਗੁਣਾਂ ਦਾ ਤਿਆਗ ਕਰਕੇ, ਸ਼ੁਭ ਗੁਣ ਧਾਰਨ ਦੀ ਮਹਾਨ ਸਿਖਿਆ ਦਿੰਦਾ ਹੈ। ਇਸ ਪਵਿੱਤਰ ਗ੍ਰੰਥ ਵਿੱਚ
ਸਿੱਖ ਗੁਰੂਆਂ ਦੇ ਨਾਲ ਨਾਲ ਕੇਵਲ ਤੇ ਕੇਵਲ ਪ੍ਰੂਭੂ ਭਗਤੀ ਨੂੰ ਪ੍ਰਣਾਏ, ਧਰਮ ਅਤੇ ਸਮਾਜ ਦੀਆਂ
ਗਿਰਾਵਟਾਂ ਦਾ ਸੁਧਾਰ ਕਰਨ ਅਤੇ ਵਹਿਮਾਂ ਭਰਮਾਂ, ਥੋਥੇ ਕਰਮਕਾਂਡਾਂ, ਅੰਧਵਿਸ਼ਵਾਸ਼ਾਂ ਦਾ ਜੋਰਦਾਰ
ਖੰਡਨ ਕਰਨ ਵਾਲੇ ਹਿੰਦੂ ਭਗਤਾਂ, ਸੂਫੀ ਮੁਸਲਮਾਨਾਂ ਅਤੇ ਦਲਿਤਾਂ ਦੀ ਮਹਾਨ ਰਚਨਾਂ ਰੂਪ ਬਾਣੀ ਵੀ
ਦਰਜ ਹੈ।
ਇਸ ਸਾਰੀ ਬਾਣੀ ਦਾ ਡੂੰਘਾ ਅਧਿਐਨ ਕਰਕੇ, ਅਨੰਦ ਮਾਨਣਾਂ, ਉਸ ਅਨੁਸਾਰ ਆਪ
ਜੀਵਨ ਜੀਣਾਂ ਅਤੇ ਮਨੁੱਖਤਾ ਦੀ ਭਲਾਈ ਲਈ ਹੋਰਨਾਂ ਨੂੰ ਵੰਡਣਾਂ ਚਾਹੀਦਾ ਹੈ। ਅਜੋਕੇ ਮੀਡੀਏ ਅਤੇ
ਇਲੈਕਟ੍ਰੌਨਿਕ ਸਾਧਨਾਂ ਰਾਹੀਂ ਵੱਧ ਤੋਂ ਵੱਧ ਇਸ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਗੁਰੂ ਸਹਿਬਾਨਾਂ
ਨੇ ਇਸ ਪਵਿਤਰ ਗ੍ਰੰਥ ਨੂੰ ਸ਼ਬਦ ਗੁਰੂ ਗਿਅਨ ਦੀ ਪਦਵੀ ਪ੍ਰਦਾਨ ਕਰਦੇ- ਬਾਣੀ
ਗੁਰੂ ਗੁਰੂ ਹੈ ਬਾਣੀ... ਅਤੇ
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥(ਗੁਰੂ ਗ੍ਰੰਥ)
ਅਤੇ ਗੁਰੂ ਬਾਬੇ ਨਾਨਕ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ ੧੭੦੮ ਵਿੱਚ ਨਾਦੇੜ
ਮਹਾਂਰਾਸ਼ਟਰ (ਭਾਰਤ) ਵਿੱਖੇ ਜੋਤੀ ਜੋਤੀ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਸਮੁੱਚੇ ਸਿੱਖਾਂ ਵਾਸਤੇ
ਹੁਕਮ ਕਰਕੇ ਪੱਕੀ ਮੁਹਰ ਲਾ ਗਏ ਸੰਨ ਕਿ-ਸਭ
ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ (ਅਰਦਾਸੀ ਦੋਹਿਰਾ)
ਭਾਵ ਸਿੱਖ ਨੇ ਸ਼ਬਦ ਗੁਰੂ ਤੋਂ ਹੀ ਸੇਧ ਸਿਖਿਆ ਲੈਣੀ ਹੈ
ਜੋ ਸਾਦ ਅਬਿਨਾਸ਼ੀ ਹੈ-ਸਤਿਗੁਰੁ
ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥ ਉਹ ਅਬਿਨਾਸ਼ੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ (੭੫੯)
ਸ਼ਬਦ ਗੁਰੂ ਗਿਆਨ ਰੂਪ ਹੋ ਸਭ ਵਿੱਚ ਸਮਾ ਜਾਂਦਾਂ
ਹੈ।
ਇਸ ਸਰਬਕਾਲੀ ਅਤੇ ਸਦੀਵੀ ਸਚਾਈ ਨੂੰ ਬਰਦਾਸ਼ਤ ਨਾਂ ਕਰਦੇ ਹੋਏ, ਅਨਮੱਤੀ ਖਾਸ
ਕਰਕੇ ਬ੍ਰਾਹਮਣ ਮੱਤੀ ਲੋਕ, ਸ਼ੁਰੂ ਤੋਂ ਹੀ ਇਸ ਦੀ ਕਿਸੇ ਨਾਂ ਕਿਸੇ ਤਰੀਕੇ ਵਿਰੋਧਤਾ ਕਰਦੇ ਆਏ ਹਨ
ਜੋ ਗੁਰੂ ਕਾਲ ਵੇਲੇ ਤਾਂ ਸਫਲ ਨਾਂ ਹੋ ਸੱਕੇ ਪਰ ਇਨ੍ਹਾਂ ਨੇ ਨਿਰਮਲੇ ਅਤੇ ਉਦਾਸੀ ਭੇਖ ਵਿੱਚ
ਸਿੱਖੀ ਬਾਣਾ ਧਾਰਨ ਕਰਕੇ ਸਿੱਖ ਪੰਥ ਵਿੱਚ ਘੁਸਪੈਠ ਕਰਕੇ ਧਰਮ ਦੇ ਨਾਂ ਤੇ ਕਈ ਮਨਘੜਤ ਗ੍ਰੰਥ ਲਿਖੇ
ਅਤੇ ਉਨ੍ਹਾਂ ਦੀ ਕਥਾ ਗੁਰਦੁਆਰਿਆਂ ਵਿੱਚ ਪ੍ਰਚਲਿਤ ਕਰ ਦਿੱਤੀ। ਸਿੱਖਾਂ ਨੂੰ ਦੁਸ਼ਮਣ ਨਾਲ ਲੜਾਈ
ਲੜਦੇ ਘਰ ਘਾਟ ਛੱਡ ਕੇ ਲੰਮਾਂ ਸਮਾਂ ਜੰਗਲਾਂ ਵਿੱਚ ਰਹਿਣਾ ਪਿਆ। ਉਸ ਸਮੇਂ ਦੌਰਾਨ ਪੰਥ ਦੋਖੀਆਂ ਨੇ
ਬਚਿੱਤਰ ਨਾਟਕ, ਸਰਬਲੋਹ ਅਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਆਦਿਕ ਗੁਰਮਤਿ ਵਿਰੋਧੀ ਗ੍ਰੰਥ ਲਿਖੇ।
ਅੱਜ ਇਹ ਲੋਕ ਡੇਰੇਦਾਰ ਸੰਪ੍ਰਦਾਈਆਂ ਦੇ ਰੂਪ ਵਿੱਚ ਬਚਿੱਤਰ ਨਾਟਕ ਨੂੰ
“ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ”
ਕਹਿ ਕੇ “ਗੁਰੂ ਗ੍ਰੰਥ
ਸਾਹਿਬ” ਦੇ ਬਰਾਬਰ
ਪ੍ਰਕਾਸ਼ ਕਰਦੇ ਹਨ। ਇੱਥੋਂ ਤੱਕ ਕਿ ਖੰਡੇ ਦੀ ਪਾਹੁਲ ਵਾਲੀ ਮਰਯਾਦਾ ਵਿੱਚ ਵੀ ਇਨ੍ਹਾਂ ਭੱਦਰਪੁਰਸ਼ਾਂ
ਦੀ ਬੇਈਮਾਨੀ ਅਤੇ ਚਲਾਕੀ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਥਾਂ ਅਖੌਤੀ ਦਸਮ ਗ੍ਰੰਥ ਦੀਆਂ
ਰਚਨਾਵਾਂ ਵੀ ਧੱਕੇ ਨਾਲ ਘਸੋੜ ਦਿੱਤੀਆਂ ਹਨ। ਅਕਾਲ ਤਖਤ ਅੰਮ੍ਰਿਤਸਰ (ਪੰਜਾਬ) ਜਿੱਥੇ ਸਰਬੱਤ
ਖਾਲਸਾ ਇਕੱਠਾ ਹੋ ਕੇ ਮਤੇ ਗੁਰਮਤੇ ਕਰਿਆ ਕਰਦਾ ਸੀ ਤੇ ਫਿਰ ਸਾਰਿਆਂ ਦੀ ਸਮਤੀ ਨਾਲ ਸੰਗਤ ਚੋਂ
ਵਕਤੀ ਤੌਰ ਚੋਣਵੇਂ ਪੰਜ ਸਿੰਘ ਉਹ ਗੁਰਮਤਾ ਸੰਗਤ ਦੇ ਨਾਂ ਜਾਰੀ ਕਰਦੇ ਸਨ ਪਰ ਅੱਜ ਕਾਬਜ ਹਾਕਮ ਧੜੇ
ਦੇ ਪੰਜ ਪੁਜਾਰੀ ਇਕੱਠੇ ਹੋ ਕੇ, ਆਪਣੀ ਪਾਰਟੀ ਦੇ ਵਿਰੋਧੀਆਂ ਨੂੰ ਪੰਥ ਚੋਂ ਹੀ ਛੇਕ ਦਿੰਦੇ ਹਨ।
ਜਥੇਦਾਰ ਦਾ ਹੁਕਮਨਾਮਾਂ ਅਕਾਲ ਪੁਰਖ ਦਾ ਹੁਕਮ ਕਿਹਾ ਜਾਂਦਾ ਹੈ। ਸਿੱਖਾਂ ਨੂੰ ਤਾਂ ਗੁਰੂ ਦਾ ਹੁਕਮ
ਸੀ ਕਿ ਹੁਕਮਨਾਮਾਂ ਕੇਵਲ ਗੁਰੂ ਦਾ ਮੰਨਣਾਂ ਹੈ ਪਰ ਮੰਨਿਆਂ ਜਾਂ ਮਨਵਾਇਆ ਪਾਰਟੀਬਾਜ ਜਥੇਦਾਰ ਦਾ
ਜਾ ਰਿਹਾ ਹੈ। ਐਸ ਵੇਲੇ ਸਭ ਤੋਂ ਵੱਡੀ ਚੁਣੌਤੀ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ ਨੂੰ ਅਖੌਤੀ
ਜਥੇਦਾਰਾਂ ਅਤੇ ਉਨ੍ਹਾਂ ਦੇ ਅਕਾਵਾਂ ਰਾਜਨੀਤਕ ਲੀਡਰਾਂ ਤੋਂ ਹੈ ਜੋ ਸਿੱਖੀ ਦੇ ਮਖੌਟੇ ਵਿੱਚ ਪੰਥਕ
ਅਗੂਆਂ ਦਾ ਰੋਲ ਕਰ ਰਹੇ ਹਨ।
ਦੇਖੋ ਫੋਕੇ ਨਾਅਰੇ ਗੁਰੂ ਗ੍ਰੰਥ ਮਹਾਨ ਹੈ ਦੇ ਮਾਰਦੇ ਹਨ ਪਰ ਮਹਾਨ ਕਿਸੇ
ਵਿਸ਼ੇਸ਼ ਸੰਤ, ਡੇਰੇਦਾਰ ਜਾਂ ਤਖਤ ਦੇ ਜਥੇਦਾਰ ਨੂੰ ਮੰਨਦੇ ਹਨ। ਐਸ ਵੇਲੇ ਸਭ ਤੋਂ ਵੱਡਾ ਪੰਥਕ ਫੁੱਟ
ਦਾ ਕਾਰਨ ਗੁਰੂ ਗ੍ਰੰਥ ਦਾ ਹੁਕਮ ਨਾਂ ਮੰਨਣਾਂ, ਬਰਾਬਰ ਹੋਰ ਹੋਰ ਗ੍ਰੰਥ ਪ੍ਰਕਾਸ਼ ਕਰਨੇ, ਗੁਰੂ
ਗ੍ਰੰਥ ਦੀ ਸੇਧ ਤੋਂ ਬਾਹਰੀਆਂ ਵੱਖ ਵੱਖ ਮਰਯਾਦਾ ਲਾਗੂ ਕਰਨੀਆਂ, ਸਿੱਖਾਂ ਦੀ ਵੱਖਰੀ ਪਹਿਚਾਨ ਦਾ
ਪ੍ਰਤੀਕ ਅਸਲੀ ਨਾਨਕਸ਼ਾਹੀ ਕੈਲੰਡਰ ਲਾਗੂ ਨਾਂ ਕਰਨਾਂ ਅਤੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ
ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਉੱਪਰ ਬ੍ਰਾਹਮਣਵਾਦੀ ਪਾਰਟੀ ਭਾਜਪਾ ਦੇ ਹਮਾਇਤੀ
ਮਨਮੱਤੀਏ ਬਾਦਲ ਦਲੀਆਂ ਦਾ ਕਬਜਾ ਹੋਣਾਂ ਹੈ। ਗੁਰਬਾਣੀ ਨੂੰ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਦੀ
ਥਾਂ ਭਾੜੇ ਦੇ ਪਾਠ, ਕਥਾ, ਕੀਰਤਨ ਅਤੇ ਅਰਦਾਸਾਂ ਕਰੌਣੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਵੀ
ਮੂਰਤੀਆਂ ਵਾਂਗ ਪੂਜਾ ਕਰਨੀ ਭਾਵ ਕੇਵਲ ਮੱਥੇ ਟੇਕਣੇ, ਸੁੱਖਣਾ ਸੁੱਖਣੀਆਂ ਅਤੇ ਧੂਫਾਂ ਧੁਖਾਉਣੀਆਂ।
ਵੱਖ ਵੱਖ ਪਾਰਟੀਆਂ ਬਣਾ ਕੇ, ਭਰਾ ਮਾਰੂ ਜੰਗ ਵਿੱਚ ਉਲਝਣਾ ਆਦਿਕ ਹੋਰ ਵੀ ਐਸੇ ਅਨੇਕਾਂ ਕਾਰਨ ਹਨ
ਜਿੰਨ੍ਹਾਂ ਕਰਕੇ ਖਾਲਸਾ ਪੰਥ ਢਹਿੰਦੀਆਂ ਕਲਾਂ ਵਿੱਚ ਜਾ ਰਿਹਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ
ਸਰਬਉੱਚਤਾ ਨੂੰ ਢਾਹ ਲੱਗ ਰਹੀ ਹੈ। ਸੋ ਅੱਜ ਸਾਨੂੰ ਛੋਟੇ ਮੋਟੇ ਵਖਰੇਵੇਂ ਅਤੇ ਧੜੇਬੰਦੀਆਂ ਤੋਂ
ਉੱਪਰ ਉੱਠ- ਹੋਇ ਇਕੱਤ੍ਰ
ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ
ਸਫਾ ਵਿਛਾਇ॥(੧੧੮੫) ਦੇ
ਮਹਾਂਵਾਕ ਤੇ ਅਮਲ ਕਰ, ਇੱਕ ਪੰਥਕ ਕਾਫਲਾ ਬਣ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ
ਬਹਾਲ ਕਰਨਾ ਚਾਹੀਦਾ ਹੈ ਜੋ ਸਾਡੇ ਸਾਰੇ ਮਸਲਿਆਂ ਦਾ ਢੁੱਕਵਾਂ ਹੱਲ ਹੈ।
ਜੇ ਇਵੇਂ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ
ਦਾ ਪ੍ਰਕਾਸ਼ ਦਿਹਾੜਾ ਅਤੇ ਗੁਰਗੱਦੀ ਦਿਵਸ ਮਨਾਏ ਸਫਲੇ ਹਨ ਵਰਨਾਂ ਖਾਣ ਪੀਣ, ਪੁਜਾਰੀਆਂ ਦੀਆਂ
ਜੇਹਬਾਂ ਭਰਨ, ਪ੍ਰਬੰਧਕਾਂ ਦੀਆਂ ਚੌਧਰਾਂ ਚਮਕੌਣ, ਲਕੀਰ ਦੇ ਫਕੀਰ ਬਣਕੇ ਰੀਤਾਂ ਰਸਮਾਂ ਪੂਰੀਆਂ
ਕਰਨ ਅਤੇ ਲੋਕ ਦਿਖਾਵੇ ਤੱਕ ਹੀ ਸੀਮਤ ਰਹਿ ਜਾਂਦੇ ਹਨ।
|
. |