ਅਸੀਂ ਅਕਸਰ ਵੇਖਦੇ ਹਾਂ ਕਿ ਕਈ ਵਾਰ ਘਰ ਵਿੱਚ ਹਨੇਰਾ ਹੋਣ ਕਾਰਣ ਸਾਡੇ
ਆਪਣੇ ਵਲੋਂ ਹੀ ਰੱਖੀ ਗਈ ਵਸਤੂ ਮਿਲਣ ਵਿੱਚ ਮੁਸ਼ਕਿਲ ਹੋ ਜਾਂਦੀ ਹੈ, ਇਥੇ ਕਸੂਰ ਵਸਤੂ ਰੱਖਣ ਵਾਲੇ
ਜਾਂ ਲਭਣ ਵਾਲੇ ਦਾ ਨਹੀਂ, ਸਗੋਂ ਹਨੇਰੇ ਦਾ ਹੈ। ਘਰ ਵਿਰ ਪ੍ਰਕਾਸ਼ ਕਰ ਦਈਏ ਤਾਂ ਉਹੀ ਵਸਤੂ ਅਸਾਨੀ
ਨਾਲ ਲੱਭ ਜਾਂਦੀ ਹੈ। ਠੀਕ ਇਸੇ ਤਰਾਂ ਅਧਿਆਤਮਕ ਮਾਰਗ ਵਿੱਚ ਦਸਿਆ ਗਿਆ ਹੈ ਕਿ ਪ੍ਰਮੇਸ਼ਰ ਤਾਂ
ਘਟ-ਘਟ ਵਿੱਚ ਵਿਆਪਕ ਹੈ, ਕੋਈ ਵੀ ਸਥਾਨ ਉਸ ਤੋਂ ਖਾਲੀ ਨਹੀਂ ਹੈ, ਪ੍ਰਮੇਸ਼ਰ ਤਾਂ ‘ਕਹਿ ਰਵਿਦਾਸ
ਹਾਥ ਪੈ ਨੇਰੈ ਸਹਿਜੇ ਹੋਇ ਸੁ ਹੋਈ` ਵਾਂਗ ਨੇੜੇ ਤੋਂ ਨੇੜੇ ਹੈ, ਪਰ ਫਿਰ ਵੀ ਮਨੁੱਖ ਦੀ
ਪ੍ਰਮੇਸ਼ਰ ਨਾਲ ਸਾਂਝ ਕਿਉਂ ਨਹੀ ਬਣਦੀ? ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਸਾਡੇ ਜੀਵਨ ਵਿੱਚ
ਅਗਿਆਨਤਾ ਰੂਪੀ ਹਨੇਰਾ ਹੀ ਇਸ ਮਿਲਾਪ ਦੇ ਰਸਤੇ ਵਿੱਚ ਰੁਕਾਵਟ ਹੈ, ਬਸ ਲੋੜ ਗਿਆਨ ਰੂਪੀ ਦੀਵੇ ਨਾਲ
ਪ੍ਰਕਾਸ਼ ਕਰਨ ਦੀ ਹੈ। ਗਿਆਨ ਰੂਪੀ ਚਾਨਣ ਦਾ ਸਭ ਤੋਂ ਪ੍ਰਮਾਣੀਕ ਸੋਮਾ ਗੁਰ ਸ਼ਬਦ ਹੈ। ਜਿਵੇਂ ਗੁਰੂ
ਅਰਜਨ ਸਾਹਿਬ ਰਾਗ ਬਿਲਾਵਲ ਵਿੱਚ ਬਖ਼ਸ਼ਿਸ਼ ਕਰਦੇ ਹਨ-
ਸਤਿਗੁਰ ਸਬਦਿ ਉਜਾਰੋ ਦੀਪਾ।।
ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀ ਅਨੂਪਾ।।
(ਬਿਲਾਵਲ ਮਹਲਾ ੫-੮੨੧)
ਭਾਵ ਕਿ ਹੇ ਭਾਈ ਜਿਸ ਮਨ-ਮੰਦਰ ਵਿੱਚ ਗੁਰੂ ਦੇ ਸ਼ਬਦ-ਦੀਵੇ ਰਾਹੀਂ ਆਤਮਕ
ਜੀਵਨ ਦਾ ਚਾਨਣ ਹੋ ਜਾਂਦਾ ਹੈ, ਉਸ ਮਨ-ਮੰਦਰ ਵਿੱਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ
ਜਾਂਦੀ ਹੈ। ਜਿਸ ਦੀ ਬਰਕਤ ਨਾਲ ਨੀਵੇਂ ਜੀਵਨ ਵਾਲੇ ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ।
ਜੀਵਨ ਵਿਚੋਂ ਅਗਿਆਨਤਾ ਨੂੰ ਦੂਰ ਕਰਨ ਲਈ ਗਿਆਨ ਦੀ ਜਰੂਰਤ ਹੈ, ਗਿਆਨ ਤਾਂ
ਸਾਡੇ ਅੰਦਰ ਮੌਜੂਦ ਹੈ। ਬਸ ਉਸਨੂੰ ਪ੍ਰਗਟ ਕਰਨ ਲਈ ਸਾਧਨ ਦੀ ਲੋੜ ਹੈ, ਇਸ ਸਾਧਨ ਦੀ ਵਰਤੋਂ ਕੇਵਲ
ਗੁਰੂ ਦੁਆਰਾ ਹੀ ਸੰਭਵ ਹੋ ਸਕਦੀ ਹੈ। ਆਸਾ ਕੀ ਵਾਰ ਅੰਦਰ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਹਨ-
ਕੁੰਭੇ ਬਧਾ ਜਲ ਰਹੈ ਜਲ ਬਿਨੁ ਕੁੰਭੁ ਨ ਹੋਇ।।
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨ ਨ ਹੋਇ।।
(ਸਲੋਕ ਮਹਲਾ ੧-੪੬੯)
ਅਸੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਅਕਸਰ ਪੜ੍ਹਦੇ-ਸੁਣਦੇ ਹਾਂ ਕਿ ਜੀਵਨ
ਵਿਚੋਂ ਅਗਿਆਨਤਾ ਰੂਪੀ ਹਨੇਰੇ ਤੋਂ ਪ੍ਰਕਾਸ਼ ਦੀ ਅਵਸਥਾ ਮਿਲਦੀ ਹੀ ਉਸੇ ਸਮੇਂ ਹੈ ਜਦੋਂ ਸਤਿਗੁਰੂ
ਜਗਿਆਸੂ ਦੀਆਂ ਭਾਵਨਾ ਰੂਪੀ ਅੱਖਾਂ ਵਿੱਚ ਆਪਣੇ ਗਿਆਨ ਦੇ ਸੁਰਮੇ ਦੀ ਦਾਤ ਪਾਉਂਦੇ ਹਨ, ਜਿਸ ਦੁਆਰਾ
ਮਨ ਦੀ ਅਵਸਥਾ ਐਸੀ ਬਣਦੀ ਹੈ ਕਿ ਮਨ ਜਿਹੜਾ ਪਹਿਲਾਂ ਨਿਰਾਸ਼ਤਾ ਵਿੱਚ ਡਕੋ-ਡੋਲੇ ਖਾਂਦਾ ਸੀ ਹੁਣ
ਟਿਕਾਉ ਦੀ ਅਵਸਥਾ ਵਿੱਚ ਆ ਜਾਂਦਾ ਹੈ। ਇਸ ਪ੍ਰਥਾਇ ਗੁਰੂ ਵਾਕ ਹਨ-
ਗਿਆਨ ਅੰਜਨ ਗੁਰਿ ਦੀਆ ਅਗਿਆਨ ਅੰਧੇਰੁ ਬਿਨਾਸੁ।।
ਹਰਿ ਕ੍ਰਿਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ।।
(ਗਉੜੀ ਸੁਖਮਨੀ ਮਹਲਾ ੫-੨੯੩)
ਸਤਿਗੁਰੂ ਤਾਂ ਆਪਣਾ ਗਿਆਨ ਰੂਪੀ ਦੀਵਾ ਹਰ ਸਿੱਖ ਦੇ ਜੀਵਨ ਵਿੱਚ ਜਗਾਉਣ ਲਈ
ਹਰ ਸਮੇਂ ਤਿਆਰ ਹਨ, ਇਹ ਤਾਂ ਸਾਡੇ ਤੇ ਨਿਰਭਰ ਹੈ ਕਿ ਅਸੀਂ ਆਪਣੇ ਜੀਵਨ ਰੂਪੀ ਭਾਂਡੇ ਵਿੱਚ ਗੁਰੂ
ਦੀ ਮਤਿ ਪਾਉਣ ਨੂੰ ਤਿਆਰ ਹਾਂ ਜਾਂ ਨਹੀਂ।
‘ਬਾਣੀ ਗੁਰੂ ਗੁਰੂ ਹੈ ਬਾਣੀ` ਆਖ ਕੇ ਸ਼ਬਦ ਗੁਰੂ ਸ੍ਰੀ ਗੁਰੂ
ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਦੇ ਮਨ ਵਿੱਚ ਜੇਕਰ ਫਿਰ ਵੀ ਗੁਰੂ ਦੇ ਗਿਆਨ ਦਾ ਪ੍ਰਕਾਸ਼
ਨਹੀਂ ਹੁੰਦਾ ਤਾਂ ਇਸ ਵਿੱਚ ਕਸੂਰ ਸਤਿਗੁਰ ਦਾ ਨਹੀਂ, ਸਗੋਂ ਉਸ ਸਿੱਖ ਦਾ ਹੈ ਜੋ ਖਾਲੀ ਬਾਂਸ ਵਿੱਚ
ਫੂਕ ਮਾਰਣ ਵਾਂਗ ਗੁਰੂ ਦਾ ਉਪਦੇਸ਼ ਇੱਕ ਕੰਨ ਤੋਂ ਸੁਣ ਕੇ ਦੂਜੇ ਕੰਨ ਰਾਹੀਂ ਬਾਹਰ ਕਢ ਦਿੰਦਾ ਹੈ।
ਐਸੇ ਅਗਿਆਨੀ ਸਿਖ ਨੂੰ ਕਬੀਰ ਸਾਹਿਬ ਅੰਧਾ ਆਖਦੇ ਹਨ-
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ।।
ਅੰਧੇ ਏਕ ਨ ਲਾਗਈ ਜਿਉਂ ਬਾਂਸ ਬਜਾਈਐ ਫੂਕ।।
(ਸਲੋਕ ਕਬੀਰ ਜੀ-੧੩੭੨)
ਇਸ ਦੇ ਉਲਟ ਜਿਨ੍ਹਾਂ ਨੇ ਸਤਗਿੁਰੂ ਦੇ ਦਿਤੇ ਉਪਦੇਸ਼ ਨੂੰ ਮਨ -ਬਚਨ-ਕਰਮ
ਦੁਆਰਾ ਸੁਣ ਕੇ ਮੰਨ ਲਿਆ, ਉਹਨਾਂ ਦੀ ਜੀਵਨ-ਜਾਚ ਗੁਰਮੁਖਾਂ ਵਾਲੀ ਨਿਰਾਲੀ ਹੋ ਗਈ ਅਤੇ ਉਹਨਾਂ ਦੇ
ਮਨ ਅੰਦਰ ‘ਗੁਰਬਾਣੀ ਇਸ ਜਗ ਮਹਿ ਚਾਨਣ` ਰੂਪੀ ਐਸਾ ਦੀਪ ਜਲਿਆ ਕਿ ਉਹ ਜਿਥੇ ਆਪਣਾ ਲੋਕ
ਅਤੇ ਪ੍ਰਲੋਕ ਸਫਲਾ ਕਰ ਗਏ, ਨਾਲ-ਨਾਲ ਦੂਸਰਿਆਂ ਲਈ ਮਾਰਗ ਦਰਸ਼ਕ ਬਣ ਕੇ ਹੋਰਾਂ ਦੇ ਜੀਵਨ ਨੂੰ ਵੀ
ਰੁਸ਼ਨਾਉਣ ਵਿੱਚ ਸਹਾਇਕ ਬਣ ਗਏ। ਗਉੜੀ ਕੀ ਵਾਰ ਅੰਦਰ ਚੌਥੇ ਪਾਤਸ਼ਾਹ ਦੇ ਬਚਨ ਹਨ-
ਉਪਦੇਸ਼ਿ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ।।
ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ।।
ਇਹ ਚਾਲ ਨਿਰਾਲੀ ਗੁਰਮੁਖੀ ਗੁਰੁ ਦੀਖਿਆ ਸੁਣਿ ਮਨੁ ਭਿੰਨੇ।।
(ਵਾਰ ਗਉੜੀ-ਮਹਲਾ ੪-੩੨੪)
ਐਸੇ ਉਚੇ-ਸੁਚੇ ਜੀਵਨ ਦੇ ਧਾਰਨੀ ਗੁਰਸਿਖਾਂ ‘ਤਿਸੁ ਗੁਰਸਿਖ ਕਉ ਹਉ ਸਦਾ
ਨਮਸਕਾਰੀ ਜੋ ਗੁਰ ਕੇ ਭਾਣੇ ਗੁਰਸਿਖੁ ਚਲਿਆ` (੫੯੩) ਤੋਂ ਸਤਗਿੁਰੂ ਵੀ ਬਲਿਹਾਰ ਜਾਂਦੇ ਹਨ।
ਇਸ ਪੱਖ ਵਿੱਚ ਜਦੋਂ ਅਸੀਂ ਸਿਖ ਇਤਿਹਾਸ ਅੰਦਰ ਵੇਖਦੇ ਹਾਂ ਤਾਂ ਐਸੇ ਮਹਾਨ
ਗੁਰਸਿਖ, ਬ੍ਰਹਮਗਿਆਨੀ, ਗੁਰਸਿਖੀ ਦੇ ਚਾਨਣ ਮੁਨਾਰੇ ਵਾਲੀ ਸਖਸ਼ੀਅਤ ‘ਬਾਬਾ ਬੁੱਢਾ ਜੀ` ਦੇ
ਦਰਸ਼ਨ ਹੁੰਦੇ ਹਨ। ਬਾਬਾ ਬੁੱਢਾ ਜੀ ਐਸੀ ਮਹਾਨ ਸਖ਼ਸ਼ੀਅਤ ਹਨ ਜਿਨ੍ਹਾਂ ਦੇ ਜੀਵਨ ਅੰਦਰ ‘ਸਤਿਗੁਰ
ਸਬਦਿ ਉਜਾਰੋ ਦੀਪਾ` (੮੨੧) ਪ੍ਰਤੱਖ ਰੂਪ ਵਿੱਚ ਲਟ-ਲਟ ਬਲਦਾ ਦਿਖਾਈ ਦਿੰਦਾ ਹੈ। ਸ਼ਬਦ ਗੁਰੂ
ਦੇ ਗਿਆਨ ਵਿੱਚ ਨਾਮ ਰੰਗ ਰੱਤੜੀ ਮਹਾਨ ਆਤਮਾ ਬਾਬਾ ਬੁੱਢਾ ਜੀ ਨੂੰ 125 ਸਾਲ ਦੀ ਸਰੀਰਕ ਆਰਜਾ
ਵਿੱਚ ਪਹਿਲੇ 6 ਗੁਰੂ ਸਾਹਿਬਾਨ ਦੀ ਸੰਗਤ ਦਾ ਸੁਭਾਗ ਪ੍ਰਾਪਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ
ਤਾਬਿਆ ਬੈਠ ਕੇ ਪਹਿਲਾ ਹੁਕਮਨਾਮਾ ਲੈਣ ਦੀ ਪੰਚਮ ਪਾਤਸ਼ਾਹ ਦੁਆਰਾ ਬਖ਼ਸ਼ਿਸ਼ ਹੋਈ। ਮੀਰੀ-ਪੀਰੀ ਦੇ
ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਗੋਦ ਵਿੱਚ ਜੀਵਨ ਦੇ ਆਖਰੀ ਸਵਾਸ ਲੈਣ ਅਤੇ ਸਤਿਗੁਰੂ
ਵਲੋਂ ਆਪਣੇ ਹੱਥੀਂ ਅੰਤਿਮ ਸਸਕਾਰ ਕਰਨ ਦੀ ਅਦੁੱਤੀ ਰਹਿਮਤ ਨਾਲ ਨਿਵਾਜੇ ਜਾਣ ਦਾ ਮਾਣ ਕੇਵਲ ਤੇ
ਕੇਵਲ ਗੁਰਬਾਣੀ ਗਿਆਨ ਦੀ ਰੋਸ਼ਨੀ ਵਿੱਚ ਪ੍ਰਵਾਨ ਚੜੀ ਇਸ ਮਹਾਨ ਸਖ਼ਸ਼ੀਅਤ ਦੇ ਹਿਸੇ ਵਿੱਚ ਆਇਆ।
ਬਾਬਾ ਬੁੱਢਾ ਜੀ ਵਾਂਗ ਜਿਸ-ਜਿਸ ਨੂੰ ਵੀ ਸ਼ਬਦ ਗੁਰੂ ਰੂਪੀ ਦੀਵੇ ਦੀ ਰੋਸ਼ਨੀ
ਵਿੱਚ ਚਲਣ ਦੀ ਜੀਵਨ ਜਾਚ ਆ ਗਈ, ਉਸ ਦੀ ਪਛਾਣ ਸਬੰਧੀ ਗਉੜੀ ਰਾਗ ਅੰਦਰ ਗੁਰੂ ਅਰਜਨ ਸਾਹਿਬ ਬਖ਼ਸ਼ਿਸ਼
ਕਰਦੇ ਹਨ ਕਿ ਉਸਦੇ ਜੀਵਨ ਵਿੱਚ ਗੁਰ ਸ਼ਬਦ ਰੂਪੀ ਗਿਆਨ ਦਾ ਦੀਵਾ ਜਗਣ ਨਾਲ ਅਗਿਆਨਤਾ ਦਾ ਹਨੇਰਾ ਦੂਰ
ਹੋ ਜਾਂਦਾ ਹੈ, ਉਸ ਦੇ ਜੀਵਨ ਵਿਚੋਂ ਵਹਿਮ-ਭਰਮ ਖੰਭ ਲਾ ਕੇ ਉਡ ਜਾਂਦੇ ਹਨ, ਉਸਦੇ ਮਨ ਅੰਦਰ ਬਾਕੀ
ਰਹਿੰਦੇ ਜੀਵਨ ਵਿੱਚ ਸਾਧ ਸੰਗਤ ਨਾਲ ਜੁੜੇ ਰਹਿਣ ਪ੍ਰਤੀ ਵਿਸ਼ਵਾਸ ਪ੍ਰਪੱਕ ਹੋ ਜਾਂਦਾ ਹੈ-
ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ।।
ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾਕਉ ਸਾਧ ਸੰਗਤਿ ਬਿਸ੍ਵਾਸਾ।।
(ਗਉੜੀ ਮਹਾਲਾ ੫-੨੦੮)
ਅਥਵਾ-
ਦੇਖੋ ਭਾਈ ਗਯਾਨ ਕੀ ਆਈ ਆਂਧੀ।।
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ।।
(ਗਉੜੀ ਕਬੀਰ ਜੀ- ੩੩੧)
ਜਿਸ-ਜਿਸ ਦੇ ਜੀਵਨ ਵਿੱਚ ਵੀ ਸ਼ਬਦ ਗੁਰੂ ਦੇ ਗਿਆਨ ਦੀ ਹਨੇਰੀ ਆਉਂਦੀ ਹੈ
ਜਿਵੇਂ ਤੇਜ਼ ਚਲਦੀ ਹੋਈ ਹਨੇਰੀ ਬਹੁਤ ਕੁੱਝ ਉਡਾ ਕੇ ਲੈ ਜਾਂਦੀ ਹੈ, ਇਸੇ ਤਰਾਂ ਜਗਿਆਸੂ ਦੇ ਮਨਮੁਖੀ
ਜੀਵਨ ਦਾ ਨਾਸ ਕਰਕੇ ਗੁਰਮੁਖੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਸ ਤਰਾਂ ਦੀਵੇ ਦੇ ਪ੍ਰਕਾਸ਼ ਹੋਣ
ਨਾਲ ਹਨੇਰਾ ਚਲਾ ਜਾਂਦਾ ਹੈ, ਸੂਰਜ ਦੇ ਚੜ੍ਹਣ ਨਾਲ ਚੰਦਰਮਾ ਦੀ ਹੋਂਦ ਅਲੋਪ ਹੋ ਜਾਂਦੀ ਹੈ, ਧਰਮ
ਗ੍ਰੰਥਾਂ ਦੇ ਸਚੇ-ਸੁਚੇ ਗਿਆਨ ਨਾਲ ਭੈੜੀ ਮਤਿ ਦੂਰ ਹੋ ਜਾਂਦੀ ਹੈ, ਠੀਕ ਇਸੇ ਤਰਾਂ ਜਿਥੇ ‘ਸਤਿਗੁਰ
ਸਬਦਿ ਉਜਾਰੋ ਦੀਪਾ` ਜਗ ਜਾਵੇਗਾ ਉਥੇ ਅਗਿਆਨਤਾ ਰੂਪੀ ਹਨੇਰਾ ਤਾਂ ਦੂਰ ਹੋਣਾ ਲਾਜ਼ਮੀ ਹੈ।
ਗਿਆਨ ਦੀ ਰੋਸ਼ਨੀ ਵਿੱਚ ਫਿਰ ਪ੍ਰਮਾਤਮਾ ਰੂਪੀ ਮਿਲਾਪ ਦੀ ਮੰਜ਼ਿਲ ਨੂੰ ਬਾਹਰੋਂ ਲੱਭਣ ਦੀ ਲੋੜ ਨਹੀਂ
ਪਵੇਗੀ, ਮਨ ਦੇ ਗਫ਼ਲਤ ਦੀ ਨੀਂਦਰ ਵਿਚੋਂ ਜਾਗਣ ਨਾਲ ਹਿਰਦੇ ਰੂਪੀ ਘਰ ਵਿਚੋਂ ਹੀ ਪ੍ਰਮੇਸ਼ਰ ਦੀ
ਪ੍ਰਾਪਤੀ ਹੋ ਜਾਵੇਗੀ-
ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ।।
ਅਗਿਆਨ ਅੰਧੇਰਾ ਬਿਨਸਿਓ ਘਰਿ ਵਸਤੁ ਲਹੀ ਮਨ ਜਾਗੇ।।
(ਗਉੜੀ ਮਹਲਾ ੪-੧੭੨)
===============
-ਸੁਖਜੀਤ ਸਿੰਘ, ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)