ਸਵਈਏ ਮਹਲੇ ਚਉਥੇ ਕੇ ੪ ੴ ਸਤਿਗੁਰ ਪ੍ਰਸਾਦਿ।।
ਇਕ ਮਨਿ ਪੁਰਖੁ ਨਿਰੰਜਨੁ ਧਿਆਵਉ।।
ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ।।
ਗੁਨ ਗਾਵਤ ਮਨਿ ਹੋਇ ਬਿਗਾਸਾ।।
ਸਤਿਗੁਰ ਪੂਰਿ ਜਨਹ ਕੀ ਆਸਾ।।
ਸਤਿਗੁਰੁ ਸੇਵਿ ਪਰਮ ਪਦੁ ਪਾਯਉ।।
ਅਬਿਨਾਸੀ ਅਬਿਗਤੁ ਧਿਆਯਉ।।
ਤਿਸੁ ਭੇਟੇ ਦਾਰਿਦ੍ਰੁ ਨ ਚੰਪੈ।।
ਕਲ੍ਯ੍ਯ ਸਹਾਰੁ ਤਾਸੁ ਗੁਣ ਜੰਪੈ।।
ਜੰਪਉ ਗੁਣ ਬਿਮਲ ਸੁਜਨ ਜਨ
ਕੇਰੇ ਅਮਿਅ ਨਾਮੁ ਜਾ ਕਉ ਫੁਰਿਆ।।
ਇਨਿ ਸਤਗੁਰੁ ਸੇਵਿ ਸਬਦ ਰਸੁ ਪਾਯਾ
ਨਾਮੁ ਨਿਰੰਜਨ ਉਰਿ ਧਰਿਆ।।
ਹਰਿ ਨਾਮ ਰਸਿਕੁ ਗੋਬਿੰਦ ਗੁਣ
ਗਾਹਕੁ ਚਾਹਕੁ ਤਤ ਸਮਤ ਸਰੇ।।
ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ
ਗੁਰ ਰਾਮਦਾਸ ਸਰ ਅਭਰ ਭਰੇ।। ੧।। (ਪੰਨਾ ੧੩੯੬)
ਪਦ ਅਰਥ:- ਸਵਈਏ ਮਹਲੇ ਚਉਥੇ ੪ ਕੇ – ਗੁਰਮਤਿ ਵੀਚਾਰਧਾਰਾ ਦੇ ਮੂਲ
ਸਿਧਾਂਤ, ਮੂਲ ਮੰਤ੍ਰ ਨੂੰ ਹੂ-ਬਹੂ, ਇਨ ਬਿਨ ਸਮਰਪਤ ਹੋ ਕੇ ਮਹਲੇ ਚਉਥੇ ਜੀ ਦੇ ਸਮੇਂ ਉਨ੍ਹਾਂ ਦੀ
ਸੰਗਤਿ ਕਰਨ ਵਾਲੇ, ਭੱਟ ਸਾਹਿਬਾਨ ਵੱਲੋਂ ਉਚਾਰਣ ਕੀਤੇ ਸਵਈਏ।
ੴਸਤਿਗੁਰ ਪ੍ਰਸਾਦਿ।। – ਇਕੁ ਸਰਬ-ਵਿਆਪਕ, ਸਦੀਵੀ ਸਥਿਰ ਰਹਿਣ ਵਾਲੇ
ਦੀ ਕ੍ਰਿਪਾ-ਬਖ਼ਸ਼ਿਸ ਨੂੰ ਸਵੀਕਾਰਦਿਆਂ ਹੋਇਆਂ ਉਸ ਦੀ ਬਖ਼ਸ਼ਿਸ਼ ਸਦਕਾ।
(ਦੇਹਧਾਰੀ, ਅਵਤਾਰਵਾਦੀ ਪਰੰਪਰਾ ਦੇ ਰੱਬ ਹੋਣ ਦੇ ਭਰਮ ਉੱਪਰ ਕਾਲੀ ਲੀਕ)
ਇਕ ਮਨਿ – ਇਕਾਗਰ ਚਿਤ ਹੋ ਕੇ, ਇੱਕ ਮਨ ਹੋ ਕੇ। ਨਿਰੰਜਨ –
ਬੇਦਾਗ਼, ਨਿਰਮਲ, ਸੱਚ, ਇੱਕ ਸੱਚ ਹੀ ਬੇਦਾਗ਼ ਹੈ। ਧਿਆਵਉ – ਧਿਆਉਣਾ, ਅਪਣਾਉਣਾ ਚਾਹੀਦਾ
ਹੈ। ਪੁਰਖੁ ਨਿਰੰਜਨੁ ਧਿਆਵਉ – ਬੇਦਾਗ਼, ਨਿਰਮਲ ਜੋ ਕਰਤਾ ਪੁਰਖ ਹੈ ਉਸ ਨੂੰ ਉਸ ਦੇ ਸੱਚ
ਨੂੰ ਹੀ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਗੁਰ ਪ੍ਰਸਾਦਿ ਹਰਿ – ਉਸ ਹਰੀ ਦੀ
ਬਖ਼ਸ਼ਿਸ਼ ਨਾਲ। ਗੁਣ ਸਦ ਗਾਵਉ – ਉਸ ਦੇ ਗੁਣ ਹੀ ਸਦਾ ਗਾਉਣੇ ਚਾਹੀਦੇ ਹਨ, ਭਾਵ ਉਸ
ਬੇਦਾਗ਼-ਨਿਰਮਲ ਕਰਤੇ ਦਾ ਹੀ ਪ੍ਰਚਾਰ ਕਰਨਾ ਚਾਹੀਦਾ ਹੈ। ਗਾਵਉ – ਗਾਉਣਾ, ਪ੍ਰਚਾਰਨਾ। ਗੁਨ
ਗਾਵਤ ਮਨਿ ਹੋਇ ਬਿਗਾਸਾ – ਉਸ ਦੇ ਗੁਣ ਗਾਉਣ, ਪ੍ਰਚਾਰਨ ਨਾਲ ਹੋਰਨਾਂ ਦੇ ਮਨ ਅੰਦਰ ਵੀ ਗਿਆਨ
ਦਾ ਪ੍ਰਕਾਸ਼ ਹੋ ਸਕੇ। ਸਤਿਗੁਰ ਪੂਰਿ ਜਨਹ ਕੀ ਆਸਾ – ਹੋਰਨਾਂ ਜਨਾਂ ਦੇ ਅੰਦਰ ਗਿਆਨ ਦਾ
ਪ੍ਰਕਾਸ਼ ਹੋਣ ਨਾਲ, ਉਨ੍ਹਾਂ ਜਨਾਂ ਦਾ ਸਦੀਵੀ ਸਥਿਰ ਰਹਿਣ ਵਾਲੇ ਪੂਰਨ ਅਕਾਲ ਪੁਰਖ ਉੱਪਰ ਹੀ
ਆਸਾ-ਭਰੋਸਾ ਆ ਟਿਕੇ। ਸਤਿਗੁਰੁ ਸੇਵਿ ਪਰਮ ਪਦੁ ਪਾਯਉ – ਉਹ ਸਦੀਵੀ ਸਥਿਰ ਰਹਿਣ ਵਾਲੇ
ਅਕਾਲ ਪੁਰਖ ਦੀ ਬਖ਼ਸ਼ਿਸ਼ ਗਿਆਨ ਨਾਲ ਉਸ ਸਦੀਵੀ ਸਥਿਰ ਰਹਿਣ ਵਾਲੇ ਨੂੰ ਹੀ ਪਰਮ ਪਦੁ-ਉੱਚੀ ਪਵਿੱਤਰ
ਪਦਵੀ ਦਾ ਮਾਲਕ ਜਾਣ ਸਕਣ। ਪਾਯਉ – ਪਾ ਲੈਣਾ, ਜਾਣ ਸਕਣਾ। ਅਬਿਨਾਸੀ – ਕਦੇ ਵੀ ਨਾ ਖ਼ਤਮ
ਹੋਣ ਵਾਲਾ ਪ੍ਰਭੂ। ਅਬਿਗਤੁ – ਅਦ੍ਰਿਸ਼ਟ ਅਕਾਲ ਪੁਰਖ। ਧਿਆਯਉ – ਧਿਆਉਂਦੇ, ਅਭਿਆਸ
(practice)
ਕਰਦੇ ਹਨ। ਤਿਸੁ ਭੇਟੇ ਦਾਰਿਦ੍ਰੁ ਨ ਚੰਪੈ – ਉਸ
ਦੇ ਸੱਚ ਨੂੰ ਆਪਣੇ ਜੀਵਨ ਵਿੱਚ ਭੇਟੇ-ਅਪਣਾਉਣ (practice)
ਕਰਨ ਨਾਲ ਦਲਿੱਦਰ ਨਾ ਚਿੰਬੜ ਸਕੇ। ਕਲ੍ਯ੍ਯ – ਇਹ ਸ਼ਬਦ (ਪੰਜਾਬੀ ਸਾਹਿਤ ਸੰਦਰਭ ਡਾ:
ਰਤਨ ਸਿੰਘ ਜੱਗੀ ਅਨੁਸਾਰ) ਸੰਸਕ੍ਰਿਤ ਦੇ ਸ਼ਬਦ ‘ਕਲਹ` ਸ਼ਬਦ ਦਾ ਤਦਭਵ ਰੂਪ ਹੈ ਜਿਸ ਦਾ ਅਰਥ ਹੈ
ਝਗੜਾ ਜਾਂ ਕਲੇਸ਼। ਝਗੜਾ ਜਾਂ ਕਲੇਸ਼ ਦਾ ਮੁੱਢ ਅਗਿਆਨਤਾ ਹੀ ਹੈ। ਕਲ੍ਯ੍ਯ – ਅਗਿਆਨਤਾ,
ਅਗਿਆਨਤਾ ਦੇ ਘੋਰ ਹਨੇਰੇ ਵਿੱਚ। ਸਹਾਰੁ – ਸਹਾਰਾ ਆਸਰਾ। ਤਾਸੁ – ਉਹ। ਗੁਣ ਜੰਪੈ –
ਗੁਣਾਂ ਦੀ ਪ੍ਰੈਕਟਸ, ਅਭਿਆਸ ਕਰਨਾ ਚਾਹੀਦਾ ਹੈ। ਜੰਪੈ – ਜਪਣਾ, ਅਭਿਆਸ, ਪ੍ਰੈਕਟਸ
ਕਰਨਾ। ਜੰਪਉ – ਜਾਪ ਕਰਨ ਨਾਲ, ਅਭਿਆਸ ਕਰਨ ਨਾਲ। ਬਿਮਲ – ਨਿਰਮਲ। ਜੰਪਉ ਗੁਣ
ਬਿਮਲ ਸੁਜਨ – ਉਹ ਜਨ ਜਿਨ੍ਹਾਂ ਨੇ ਉਸ ਨਿਰਮਲ ਦੇ ਨਿਰਮਲ ਗੁਣਾਂ ਦਾ ਆਪਣੇ ਜੀਵਨ ਵਿੱਚ ਅਭਿਆਸ
ਕੀਤਾ। ਸੁਜਨ – ਉਹ ਜਨ। ਜਨ ਕੇਰੇ – ਤੇਰੇ ਜਨ। ਨਾਮੁ – ਸੱਚ ਨੂੰ ਆਪਣੇ
ਜੀਵਨ ਵਿੱਚ ਅਪਣਾਉਣਾ, ਅਭਿਆਸ ਕਰਨਾ। ਅਮਿਅ ਨਾਮੁ – ਅੰਮ੍ਰਿਤ ਵਰਗਾ ਸੱਚ ਜੀਵਨ ਵਿੱਚ
ਅਪਣਾਉਣ ਨਾਲ। ਜਾ ਕਉ – ਉਨ੍ਹਾਂ ਦੇ। ਫੁਰਿਆ – ਉਤਪੰਨ ਹੋਣਾ, ਮਨ ਵਿੱਚ ਕੋਈ
ਨਵੀਂ ਸੋਚ ਪੈਦਾ ਹੋਣੀ।
(ਉਹ ਜਨ ਜਿਨ੍ਹਾਂ ਨੇ ਉਸ ਨਿਰਮਲ ਦੇ ਨਿਰਮਲ ਗੁਣਾਂ ਦਾ ਆਪਣੇ ਜੀਵਨ ਵਿੱਚ
ਅਭਿਆਸ ਕੀਤਾ, ਉਨ੍ਹਾਂ ਜਨਾਂ ਦੇ ਅੰਦਰ ਅੰਮ੍ਰਿਤ ਵਰਗਾ ਸੱਚ ਉਤਪਨ ਹੋਇਆ)
ਇਨਿ – ਇਸ ਤਰ੍ਹਾਂ। ਸਤਿਗੁਰੁ – ਸਦੀਵੀ ਸਥਿਰ ਰਹਿਣ ਵਾਲੇ ਦਾ ਗਿਆਨ।
ਸੇਵਿ ਸਬਦ – ਬਖ਼ਸ਼ਿਸ਼ ਰੂਪ ਵਿੱਚ ਪ੍ਰਾਪਤ ਹੋਇਆ ਗਿਆਨ। ਰਸੁ ਪਾਯਾ ਨਾਮੁ ਨਿਰੰਜਨ –
ਉਸ ਬੇਦਾਗ਼ ਨਿਰਮਲ ਸਦੀਵੀ ਸਥਿਰ ਰਹਿਣ ਵਾਲੇ ਦੇ ਸੱਚ ਰੂਪ ਰਸ ਨੂੰ ਪ੍ਰਾਪਤ ਕੀਤਾ। ਉਰਿ ਧਰਿਆ –
ਹਿਰਦੇ ਵਿੱਚ ਟਿਕਾਇਆ। ਉਰਿ – ਹਿਰਦਾ (ਗੁ: ਗ੍ਰ: ਦਰਪਣ)। ਹਰਿ ਨਾਮ –
ਸੱਚ ਰੂਪ ਹਰੀ। ਰਸਿਕੁ –ਰੰਮੇ ਹੋਇ। ਗੋਬਿੰਦ ਗੁਣ – ਸ੍ਰਿਸ਼ਟੀ ਦੇ ਪਾਲਕ ਅਤੇ ਰੱਖਿਅਕ
ਦੇ ਗੁਣ। ਗੁਣ ਗਾਹਕੁ – ਗੁਣਾਂ ਦੇ ਗਾਹਕ। ਚਾਹਕੁ ਤਤ – ਅਸਲੀਅਤ ਨੂੰ ਜਾਨਣ
ਚਾਹੁਣ ਵਾਲੇ। ਸਮਤ ਸਰੇ – ਸਮਦ੍ਰਿਸ਼ਟਤਾ ਪ੍ਰਾਪਤ ਕਰਦੇ ਹਨ, ਭਾਵ ਸਾਰਿਆਂ ਨੂੰ ਬਰਾਬਰ
ਦੇਖਦੇ ਹਨ। ਕਵਿ – ਕਵੀ ਜੋ ਆਪਣੀ ਕਵਿਤਾ ਰਾਹੀਂ ਕੋਈ ਤਸਵੀਰ ਪੇਸ਼ ਕਰਦੇ ਹਨ। ਕਲ੍ਯ੍ਯ
– ਅਗਿਆਨਤਾ ਦੇ ਘੋਰ ਹਨੇਰੇ ਵਿੱਚ। ਠਕੁਰ – ਸਵਾਮੀਪਨ, ਪ੍ਰਧਾਨਤਾ (ਮ: ਕੋਸ਼)।
ਹਰਦਾਸ – ਹਰੀ ਦੇ ਦਾਸ। ਤਨੇ – ਕੁਲ ਦਾ ਵਿਸਥਾਰ ਕਰਨਾ। ਇਥੇ ਗਿਆਨ ਦੀ ਕੁਲ
ਦਾ ਵਿਸਥਾਰ ਭਾਵ ਪ੍ਰਚਾਰ ਕਰਨ ਤੋਂ ਹੈ। ਤਨੇ ਗੁਰ – ਗਿਆਨ ਦਾ ਪ੍ਰਚਾਰ ਕਰਨਾ। ਰਾਮਦਾਸ
– ਰਾਮਦਾਸ ਜੀ। ਸਰ – ਸਫਲਤਾ ਨਾਲ। ਅਭਰ – ਗਿਆਨ ਤੋਂ ਖ਼ਾਲੀ।
ਅਰਥ:- ਹੇ ਭਾਈ! ਇੱਕ ਮਨਿ ਹੋ ਉਸ ਬੇਦਾਗ਼/ਨਿਰਮਲ ਪ੍ਰਭੂ ਦੇ ਸੱਚ ਨੂੰ
ਹੀ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਉਸ ਹਰੀ ਦੀ ਬਖ਼ਸ਼ਿਸ਼ ਗਿਆਨ ਦੇ ਆਸਰੇ ਹਮੇਸ਼ਾ ਉਸ ਦੇ ਹੀ
ਗੁਣ ਗਾਇਨ ਭਾਵ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਉਸ ਦੇ ਗੁਣ ਗਾਉਣ ਭਾਵ ਪ੍ਰਚਾਰ ਕਰਨ ਨਾਲ
ਹੋਰਨਾਂ ਦੇ ਮਨ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਸਕੇ ਅਤੇ ਪ੍ਰਕਾਸ਼ ਹੋਣ ਨਾਲ ਹੋਰਨਾਂ ਜਨਾਂ ਦਾ
ਭਰੋਸਾ ਵੀ ਇਕੁ ਪੂਰਨ ਸਤਿਗੁਰੂ ਅਕਾਲ ਪੁਰਖ ਉੱਪਰ ਆਣ ਟਿਕੇ ਅਤੇ ਉਹ ਵੀ ਉਸ ਸਦੀਵੀ ਸਥਿਰ ਰਹਿਣ
ਵਾਲੇ ਦੇ ਗਿਆਨ ਨਾਲ ਉਸ ਸਦੀਵੀ ਸਥਿਰ ਰਹਿਣ ਵਾਲੇ ਨੂੰ ਹੀ ਪਰਮ ਪਦ-ਉੱਚੀ ਪਵਿੱਤਰ ਪਦਵੀ ਦਾ ਮਾਲਕ
ਜਾਣ ਸਕਣ। ਇਸ ਕਰਕੇ ਉਸ ਅਬਿਨਾਸੀ-ਸਦੀਵੀ ਸਥਿਰ ਰਹਿਣ ਵਾਲੇ ਆਦ੍ਰਿਸ਼ਟ ਪ੍ਰਭੂ ਦੀ ਬਖ਼ਸ਼ਿਸ਼ ਗਿਆਨ ਨੂੰ
ਆਪਣੇ ਜੀਵਨ ਵਿੱਚ ਅਪਣਾ ਕੇ, ਉਹ ਵੀ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਆਸਰਾ ਲੈ ਕੇ ਨਿਰਮਲ
ਗੁਣਾਂ ਦਾ ਆਪਣੇ ਜੀਵਨ ਵਿੱਚ ਅਭਿਆਸ ਕਰ ਸਕਣ ਅਤੇ ਉਸ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਨੂੰ
ਆਪਣੇ ਜੀਵਨ ਵਿੱਚ ਅਪਣਾਉਣ ਨਾਲ ਉਨ੍ਹਾਂ ਨੂੰ ਵੀ ਅਗਿਆਨਤਾ ਦਾ ਦਲਿੱਦਰ ਨਾ ਚਿੰਬੜ ਸਕੇ। ਉਹ ਜਨ
ਜਿਨ੍ਹਾਂ ਨੇ ਉਸ ਨਿਰਮਲ ਪ੍ਰਭੂ ਦੇ ਨਿਰਮਲ ਗਿਆਨ ਗੁਣਾਂ ਦਾ ਆਪਣੇ ਜੀਵਨ ਵਿੱਚ ਅਭਿਆਸ ਕੀਤਾ,
ਉਨ੍ਹਾਂ ਦੇ ਅੰਦਰ ਅੰਮ੍ਰਿਤ ਵਰਗਾ ਸੱਚ ਉਤਪੰਨ ਹੋਇਆ। ਜਿਨ੍ਹਾਂ ਅੰਦਰ ਸੱਚ ਉਤਪੰਨ ਹੋਇਆ, ਉਨ੍ਹਾਂ
ਨੇ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਰਸ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਨਿਰਮਲ ਸੱਚ
ਨੂੰ ਹੀ ਆਪਣੇ ਅੰਦਰ ਟਿਕਾਇਆ। ਇਸ ਤਰ੍ਹਾਂ ਸੱਚ ਰੂਪ ਹਰੀ ਰੰਮੇ ਹੋਏ ਸ੍ਰਿਸ਼ਟੀ ਦੇ ਪਾਲਕ ਅਤੇ
ਰੱਖਿਅਕ ਦੇ ਗੁਣਾਂ ਦੇ ਗਾਹਕ ਅਸਲੀਅਤ ਨੂੰ ਚਾਹੁਣ ਵਾਲੇ, ਆਪਣੇ ਜੀਵਨ ਵਿੱਚ ਅਪਣਾਉਣ ਵਾਲੇ,
ਸਮਦ੍ਰਿਸ਼ਟਤਾ ਪ੍ਰਾਪਤ ਕਰਦੇ ਹਨ ਭਾਵ ਸਾਰਿਆਂ ਨੂੰ ਬਰਾਬਰ ਦੇਖਦੇ ਹਨ (ਜਾਤ-ਪਾਤ ਲਿੰਗ ਭੇਦ ਵਰਨਵਾਦ
ਦੇ ਬੰਧਨ ਤੋੜਦੇ ਹਨ)। ਇਸ ਤਰ੍ਹਾਂ ਜਗਤ ਵਿੱਚ ਫੈਲੇ ਅਗਿਆਨਤਾ ਦੇ ਘੋਰ ਹਨੇਰੇ ਵਿੱਚ, ਹਰੀ ਦੇ ਦਾਸ
ਰਾਮਦਾਸ ਜੀ ਉਸ ਠਾਕੁਰ ਦੀ ਬਖ਼ਸ਼ਿਸ਼ ਗਿਆਨ ਸੱਚ ਦੇ ਪ੍ਰਚਾਰ ਦੀ ਬੜੀ ਸਫਲਤਾ ਨਾਲ ਸਹੀ ਕਵਿ-ਤਸਵੀਰ
ਪੇਸ਼ ਕਰਕੇ ਜੋ ਗਿਆਨ ਤੋਂ ਖਾਲੀ ਸਨ, ਉਹ ਭਰੇ ਭਾਵ ਉਨ੍ਹਾਂ ਨੂੰ ਗਿਆਨ ਨਾਲ ਭਰਪੂਰ ਕੀਤਾ ਅਤੇ ਕਰ
ਰਹੇ ਹਨ।
ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ।।
ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ ਸੇਵਾ ਕਰੀਆ।।
ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ।।
ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ।। ੨।।
(ਪੰਨਾ ੧੩੯੬)
ਪਦ ਅਰਥ:- ਛੁਟਤ ਪਰਵਾਹ – ਪਰਵਾਹ ਨਾ ਕਰਨੀ, ਕਿਸੇ ਕਰਮ-ਕਾਂਡ ਤੋਂ
ਛੁਟ ਜਾਣਾ, ਮੁਕਤੀ ਪ੍ਰਾਪਤ ਕਰ ਲੈਣੀ। ਅਮਿਅ – ਅੰਮ੍ਰਿਤ। ਸਰੋਵਰ – ਸਰੋਵਰ।
ਅਮਰਾ ਪਦ – ਅਮਰ ਹੋ ਜਾਣਾ, ਕਿਸੇ ਕਰਮ-ਕਾਂਡੀ ਵੀਚਾਰਧਾਰਾ ਤੋਂ ਮੁਕਤੀ ਪ੍ਰਾਪਤ ਕਰ ਲੈਣੀ।
ਸਦ – ਸਿਦਕ, ਭਰੋਸਾ। ਭਰਿਆ – ਪੂਰਨ। ਸਦ ਭਰਿਆ – ਪੂਰਨ ਭਰੋਸਾ ਕਰ ਲੈਣ
ਨਾਲ। ਤੇ – ਉਹ, ਉਨ੍ਹਾਂ। ਪੀਵਹਿ – ਪ੍ਰਵਾਨ ਕਰਨਾ, ਅਪਣਾਉਣਾ। ਸੰਤ –
ਗਿਆਨ। ਪੁਬ – ਪਹਿਲਾ। ਜਿਨਹੁ – ਜਿਹੜੇ। ਤੇ ਪੀਵਹਿ ਸੰਤ ਕਰਹਿ ਮਨਿ ਮੰਜਨੁ
ਪੁਬ – ਜਿਹੜੇ ਇਸ ਅੰਮ੍ਰਿਤ ਰੂਪ ਗਿਆਨ ਨੂੰ ਅਪਣਾ ਕੇ ਆਪਣੇ ਮਨਿ ਦਾ ਮੰਜਨ ਕਰਕੇ ਪਹਿਲਾਂ ਆਪ
(ਕਰਮ-ਕਾਂਡੀ ਵੀਚਾਰਧਾਰਾ) ਤੋਂ ਮੁਕਤ ਹੋਏ ਫਿਰ ਉਹ ਆਪ ਇਸ ਸੇਵਾ ਵਿੱਚ ਜੁਟ ਗਏ ਭਾਵ ਉਨ੍ਹਾਂ ਅੱਗੇ
ਸੱਚ ਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਤਿਨ – ਹੋਰਨਾਂ। ਭਉ - ਡਰ। ਨਿਵਾਰਿ –
ਚੁੱਕ ਦੇਣਾ। ਭਉ ਨਿਵਾਰਿ – ਭੈ ਚੁੱਕ ਦਿੱਤਾ। ਤਿਨ ਭਉ ਨਿਵਾਰਿ – ਉਨ੍ਹਾਂ ਨੇ
ਹੋਰਨਾਂ ਦਾ ਭੈ ਖ਼ਤਮ ਕਰਕੇ। ਅਨਭੈ – ਭੈ ਰਹਿਤ। ਅਨਭੈ ਪਦੁ ਦੀਨਾ – ਭੈ ਰਹਿਤ
ਗਿਆਨ ਕਰ ਦਿੱਤਾ। ਤੇ – ਉਹ। ਸਬਦ ਮਾਤ੍ਰ ਤੇ ਉਧਰ ਧਰੇ – ਉਹ ਸਬਦ ਮਾਤ੍ਰ-ਗਿਆਨ
ਦੀ ਬਖ਼ਸ਼ਿਸ਼ ਨਾਲ (ਕਰਮ-ਕਾਂਡਾਂ) ਤੋਂ ਉਧਰ ਧਰੇ ਭਾਵ ਉੱਪਰ ਉਠ ਗਏ। ਕਵਿ – ਕਵੀ ਜੋ ਆਪਣੀ
ਕਵਿਤਾ ਰਾਹੀਂ ਕੋਈ ਤਸਵੀਰ ਪੇਸ਼ ਕਰਦੇ ਹਨ। ਕਲ੍ਯ੍ਯ – ਕਲਜੁਗ, ਅਗਿਆਨਤਾ ਦੇ ਘੋਰ ਹਨੇਰੇ
ਵਿੱਚ। ਠਕੁਰ – ਸਵਾਮੀਪਨ, ਪ੍ਰਧਾਨਤਾ (ਮ: ਕੋਸ਼)। ਹਰਦਾਸ – ਹਰੀ ਦੇ
ਦਾਸ। ਤਨੇ – ਕੁਲ ਦਾ ਵਿਸਥਾਰ ਕਰਨਾ। ਇਥੇ ਗਿਆਨ ਦੀ ਕੁਲ ਦਾ ਵਿਸਥਾਰ ਭਾਵ ਪ੍ਰਚਾਰ ਕਰਨ ਤੋਂ ਹੈ।
ਤਨੇ ਗੁਰ – ਗਿਆਨ ਦਾ ਪ੍ਰਚਾਰ ਕਰਨਾ। ਰਾਮਦਾਸ - ਰਾਮਦਾਸ ਜੀ। ਸਰ –
ਫਤਿਹ, ਸਫਲਤਾ ਨਾਲ। ਅਭਰ – ਗਿਆਨ ਤੋਂ ਖ਼ਾਲੀ।
ਅਰਥ:- ਜਿਹਨਾਂ ਨੇ ਇਸ ਅੰਮ੍ਰਿਤ ਰੂਪੀ ਗਿਆਨ ਦੇ ਇਸ ਭਰੇ ਸਰੋਵਰ (ਜੋ
ਊਣਾ ਨਹੀਂ ਭਾਵ ਜਿਸ ਵਿੱਚ ਕੋਈ ਕਮੀ ਨਹੀਂ) ਉੱਪਰ ਭਰੋਸਾ ਕੀਤਾ, ਉਹ ਇਸ ਅੰਮ੍ਰਿਤ ਰੂਪੀ ਗਿਆਨ `ਤੇ
ਪੂਰਨ ਭਰੋਸਾ ਕਰਨ ਨਾਲ (ਕਰਮ-ਕਾਂਡੀ ਵੀਚਾਰਧਾਰਾ) ਤੋਂ ਅਮਰਾ ਪਦ-ਮੁਕਤ ਹੋਏ। ਜਿਹੜੇ ਇਸ ਅੰਮ੍ਰਿਤ
ਰੂਪ ਗਿਆਨ ਨੂੰ ਅਪਣਾ ਕੇ ਆਪਣੇ ਮਨ ਦਾ ਮੰਜਨ ਕਰਕੇ ਪਹਿਲਾਂ ਆਪ (ਕਰਮ-ਕਾਂਡੀ ਵੀਚਾਰਧਾਰਾ) ਤੋਂ
ਮੁਕਤ ਹੋਏ, ਫਿਰ ਉਹ ਆਪ ਇਸ ਸੇਵਾ ਵਿੱਚ ਜੁਟ ਗਏ ਭਾਵ ਉਨ੍ਹਾਂ ਆਪ ਅੱਗੇ ਇਸ ਸੱਚ ਨੂੰ ਪ੍ਰਚਾਰਨਾ
ਸ਼ੁਰੂ ਕਰ ਦਿੱਤਾ। ਪ੍ਰਚਾਰ ਨਾਲ ਉਨ੍ਹਾਂ ਹੋਰਨਾਂ ਦਾ ਵੀ (ਅਵਤਾਰਵਾਦੀ ਕਰਮ-ਕਾਂਡੀ ਵੀਚਾਰਧਾਰਾ) ਦਾ
ਭੈ ਚੁੱਕ ਦਿੱਤਾ। ਜਿਹਨਾਂ ਦਾ ਭੈ ਚੁੱਕ ਦਿੱਤਾ, ਉਹ ਗਿਆਨ ਦੀ ਬਖ਼ਸ਼ਿਸ਼ ਨਾਲ (ਕਰਮ-ਕਾਂਡਾਂ) ਤੋਂ
ਉਧਰ ਧਰੇ ਭਾਵ ਉੱਪਰ ਉਠ ਗਏ। ਇਸ ਤਰ੍ਹਾਂ ਅਗਿਆਨਤਾ ਦੇ ਘੋਰ ਹਨੇਰੇ ਵਿੱਚ ਹਰੀ ਦੇ ਦਾਸ ਰਾਮਦਾਸ ਜੀ
ਉਸ ਠਾਕੁਰ ਹਰੀ ਦੀ ਬਖ਼ਸ਼ਿਸ਼ ਗਿਆਨ ਸੱਚ ਦੇ ਪ੍ਰਚਾਰ ਦੀ ਬੜੀ ਸਫਲਤਾ ਨਾਲ ਸਹੀ ਤਸਵੀਰ ਪੇਸ਼ ਕਰਕੇ ਜੋ
ਗਿਆਨ ਤੋਂ ਖ਼ਾਲੀ, ਊਣੇ ਭਾਵ ਸੱਖਣੇ ਸਨ ਉਨ੍ਹਾਂ ਨੂੰ ਗਿਆਨ ਨਾਲ ਭਰਪੂਰ ਕੀਤਾ ਅਤੇ ਕਰ ਰਹੇ ਹਨ।