ਅੱਜ ਦੇ ‘ਮਲਕ ਭਾਗੋ’
ਸਤਿੰਦਰਜੀਤ ਸਿੰਘ
‘ਸਰਮਾਏਦਾਰੀ ਪ੍ਰਥਾ’ ਉਹ ਦਸਤੂਰ ਸੀ ਜਿਸ ਨਾਲ ਧਨਾਢ ਲੋਕ ਹੇਠਲੇ ਅਤੇ ਮੱਧ
ਵਰਗ ਨੂੰ ‘ਪੈਰ ਦੀ ਜੁੱਤੀ’ ਸਮਝਦੇ ਸਨ ਅਤੇ ਆਪਣੇ ਘਰੇਲੂ ਅਤੇ ਖੇਤੀਬਾੜੀ ਦੇ ਕੰਮਾਂ ਵਿੱਚ
ਮਜ਼ਦੂਰਾਂ ਦਾ ਰੱਜ ਕੇ ਲਾਹਾ ਉਠਾਉਂਦੇ ‘ਤੇ ਇਵਜ਼ ਵਿੱਚ ਜੋ ਮਜ਼ਦੂਰੀ ਦਿੰਦੇ ਉਹ ਜੀਵਨ ਨਿਰਬਾਹ ਲਈ
ਕਾਫੀ ਨਹੀਂ ਸੀ ਹੁੰਦੀ। ਸਮਾਜ ਜ਼ਾਤਾਂ ਦੇ ਨਾਲ-ਨਾਲ ਅਮੀਰ ‘ਤੇ ਗਰੀਬ ਵਿੱਚ ਵੀ ਵੰਡਿਆ ਹੋਇਆ ਸੀ।
ਆਰਥਿਕ ਪੱਖੋਂ ਦੋ ‘ਜ਼ਾਤਾਂ’ ਸਨ ਇੱਕ ਜਗੀਰਦਾਰ (ਅਮੀਰ) ‘ਤੇ ਦੂਸਰੀ ਮਜ਼ਦੂਰ (ਗਰੀਬ)। ਅਮੀਰ ਵਰਗ
ਗਰੀਬਾਂ ਦਾ ਸ਼ੋਸ਼ਣ ਆਰਥਿਕ ਪੱਖੋਂ ਹੀ ਨਹੀਂ ਬਲਕਿ ਸਰੀਰਿਕ ਪੱਖੋਂ ਵੀ ਕਰਦਾ ਸੀ। ‘ਉੱਪਰਲੇ’ ਅਤੇ
‘ਹੇਠਲੇ’ ਵਰਗਾਂ ਵਿੱਚਲੇ ਫਰਕ ਨੂੰ ਖਤਮ ਕਰਦਿਆਂ ਗੁਰੂ ਸਾਹਿਬ ਨੇ ਫੁਰਮਾਇਆ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥
{ਪੰਨਾ 15}
ਭਾਵ ਕਿ ਹੇ ਪ੍ਰਮਾਤਮਾ, ਮੇਰੀ ਇਹੀ ਮੰਗ ਹੈ ਕਿ ਮੇਰਾ ਉਹਨਾਂ ਬੰਦਿਆਂ ਨਾਲ
ਸਾਥ ਬਣਾ ਜੋ ਨੀਵੀਂ ਤੋਂ ਨੀਵੀਂ ਜ਼ਾਤ ਦੇ ਹਨ, ਮੈਨੂੰ ਮਾਇਆ-ਧਾਰੀਆਂ ਦੇ ਰਾਹ ਤੁਰਨ ਦੀ ਕੋਈ ਚਾਹਤ
ਨਹੀਂ ਕਿਉਂਕਿ ਮੈਨੂੰ ਪਤਾ ਹੈ ਕਿ ਤੇਰੀ ਮਿਹਰ ਦੀ ਨਜ਼ਰ ਉੱਥੇ ਹੈ ਜਿੱਥੇ ਗ਼ਰੀਬਾਂ ਦੀ ਸਾਰ ਲਈ
ਜਾਂਦੀ ਹੈ। ਇਹਨਾਂ ਬੋਲਾਂ ਨਾਲ ਗੁਰੂ ਸਾਹਿਬ ਨੇ ਅਖੌਤੀ ਜਗੀਰਦਾਰਾਂ ਨੂੰ ਇਹ ਕਹਿ ਸੁਣਾਇਆ ਕਿ
ਤੁਹਾਡੇ ਲੋਕ ਵਿਰੋਧੀ ਅਤੇ ਸਵਾਰਥੀ ਕੰਮਾਂ ਨਾਲ ਪ੍ਰਮਾਤਮਾ ਵੀ ਤੁਹਾਡੇ ‘ਤੇ ਮਿਹਰ ਦੀ ਨਜ਼ਰ ਨਹੀਂ
ਕਰੇਗਾ, ਉਹ ਤਾਂ ਗਰੀਬਾਂ ‘ਤੇ ਤਰੁੱਠਦਾ ਹੈ। ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਕਿ ਸਾਰੀ ਇਨਸਾਨੀਅਤ
ਉਸ ਪ੍ਰਮਾਤਮਾ ਦੀ ਸਿਰਜਣਾ ਹੈ, ਸਾਰੇ ਮਨੁੱਖ ‘ਉਸ ਇੱਕ ਨੂਰ’ ਤੋਂ ਹੀ ਬਣੇ ਹਨ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
{ਪੰਨਾ 1349}
ਭਾਵ ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ
ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ । ਇੱਕ ਪ੍ਰਭੂ ਦੀ ਹੀ ਜੋਤ ਤੋਂ
ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ-ਮਜ਼ਹਬ ਦੇ ਭੁਲੇਖੇ ਵਿੱਚ ਪੈ ਕੇ) ਕਿਸੇ ਨੂੰ
ਚੰਗਾ ਤੇ ਕਿਸੇ ਨੂੰ ਮੰਦਾ ਨਾ ਸਮਝੋ ।1।
ਸਾਰੇ ਸੰਸਾਰ ਨੂੰ ਇੱਕ ਮੁੱਢ ਤੋਂ ਨਿਕਲਿਆ ਦੱਸਦਿਆਂ ਗੁਰੂ ਸਾਹਿਬ ਨੇ
ਫੁਰਮਾਇਆ:
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥
{ਪੰਨਾ 1349}
ਭਾਵ ਸਿਰਜਨਹਾਰ ਨੇ ਇੱਕੋ ਹੀ ਮਿੱਟੀ ਤੋਂ (ਭਾਵ, ਇੱਕੋ ਜਿਹੇ ਹੀ ਤੱਤਾਂ
ਤੋਂ) ਅਨੇਕਾਂ ਕਿਸਮਾਂ ਦੇ ਜੀਆ-ਜੰਤ ਪੈਦਾ ਕਰ ਦਿੱਤੇ ਹਨ । (ਜਿੱਥੋਂ ਤੱਕ ਜੀਵਾਂ ਦੇ ਅਸਲੇ ਦਾ
ਸੰਬੰਧ ਹੈ) ਨਾ ਇਹਨਾਂ ਮਿੱਟੀ ਦੇ ਭਾਂਡਿਆਂ (ਭਾਵ, ਜੀਵਾਂ) ਵਿੱਚ ਕੋਈ ਊਣਤਾ ਹੈ, ਤੇ ਨਾ (ਇਹਨਾਂ
ਭਾਂਡਿਆਂ ਦੇ ਬਣਾਣ ਵਾਲੇ) ਘੁਮਿਆਰ ਵਿੱਚ ।2।
ਗੁਰੂ ਸਾਹਿਬ ਦੀ ਸਿੱਖਿਆ ਦੇ ਉਲਟ ਇਹ ‘ਸਰਮਾਏਦਾਰੀ’ ਪ੍ਰਥਾ ਅੱਜ ਵੀ
ਪ੍ਰਚੰਡ ਹੈ, ਰੰਗ-ਰੂਪ ਜ਼ਰੂਰ ਬਦਲ ਗਿਆ ਹੈ। ਜ਼ਮੀਨਾਂ ਦੀ ਥਾਂ ਹੋਰ ਕਾਰੋਬਾਰਾਂ ਨੇ ਲੈ ਲਈ ਹੈ।
ਕਾਰਖਾਨੇ, ਫੈਕਟਰੀਆਂ, ਨਿੱਜੀ ਅਦਾਰੇ ਜਿਵੇਂ ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਅਤੇ ਹੋਰ
ਕੰਮ-ਕਾਰ। ਇਹਨਾਂ ਸਭ ਵਿੱਚ ਤਕਰੀਬਨ ‘ਕੰਮ ਵੱਧ ‘ਤੇ ਪੈਸਾ ਘੱਟ’ ਵਾਲਾ ਫਾਰਮੂਲਾ ਅਪਣਾਇਆ ਜਾਂਦਾ
ਹੈ। ‘ਮਲਕ ਭਾਗੋ’ ਸਿਰਫ ਇੱਕ ਹੀ ਨਹੀਂ ਸੀ, ਜਿਸ ਨੂੰ ਗੁਰੂ ਸਾਹਿਬ ਨੇ ਕਿਰਤੀ ਦੀ ਲੁੱਟ ਕਰਨ ਤੋਂ
ਸਮਝਾਇਆ ਸੀ ਬਲਕਿ ਅੱਜ ਵੀ ਅਨੇਕਾਂ ‘ਮਲਕ ਭਾਗੋ’ ਸੰਸਾਰ ‘ਤੇ ਮੌਜੂਦ ਹਨ। ਅੱਜ ਦੇ ਮਲਕ ਭਾਗੋ, ਜੋ
ਕਿ ਵੱਡੇ-ਵੱਡੇ ਕਾਰੋਬਾਰਾਂ ਦੇ ਮਾਲਕ ਹਨ, ਭਾਰਤੀ ਸਮਾਜ ਦੇ ਨਾਲ-ਨਾਲ ਭਾਰਤ ਤੋਂ ਬਾਹਰ ਆ,
ਵਿਦੇਸ਼ਾਂ ਵਿੱਚ ਵੀ ਆਪਣੀ ਸੋਚ ਨਾਲ ਇਮਾਨਦਾਰ ਵਿਦੇਸ਼ੀਆਂ ਦਾ ਮਾਹੌਲ ਗੰਧਲਾ ਕਰ ਰਹੇ ਹਨ। ਬਹੁਗਿਣਤੀ
ਭਾਰਤੀ ਲੋਕ ਜਿੱਥੇ ਵੀ ਕਿਤੇ ਗਏ ਹਨ, ਆਪਣੀ ਮਾੜੀ ਸੋਚ ਅਤੇ ਨੀਅਤ ਨਾਲ ਲੈ ਕੇ ਗਏ ਹਨ। ਅੱਜ ਦੇ
ਸਮੇਂ ਦੇ ‘ਮਲਕ ਭਾਗੋ’ ਆਪਣੇ-ਆਪ ਨੂੰ ਬੁਲੰਦੀ ‘ਤੇ ਲਿਜਾਣ ਲਈ, ਹੋਰ-ਹੋਰ-ਹੋਰ ਪੈਸਾ ਕਮਾਉਣ ਲਈ ਹਰ
ਰੋਜ਼ ਅਨੇਕਾਂ ਹੀ ‘ਭਾਈ ਲਾਲੋ’ ਵਰਗਿਆਂ ਦੀ ਕਿਰਤ ‘ਤੇ ਡਾਕਾ ਮਾਰਦੇ ਹਨ। ਅੱਜ ਦੇ ‘ਮਲਕ ਭਾਗੋ’ ਧਰਮ
ਅਸਥਾਨਾਂ ਵਿੱਚ ਮਾਇਆ ਜਾਂ ਹੋਰ ਵਸਤਾਂ ਚੜ੍ਹਾ ਆਪਣੇ-ਆਪ ਨੂੰ ਧਰਮੀ ਅਤੇ ਦਾਨੀ ਹੋਣ ਦਾ ਖਿਤਾਬ ਦੇ
ਲੈਂਦੇ ਹਨ ਪਰ ਕਿਸੇ ਲੋੜਵੰਦ ਦੀ ਮੱਦਦ ਤਾਂ ਕੀ ਉਸਦੀ ਮਿਹਨਤ ‘ਤੇ ਡਾਕਾ ਮਾਰਨ ਲੱਗੇ ਜ਼ਰਾ ਵੀ
ਸੰਕੋਚ ਨਹੀਂ ਕਰਦੇ। ਲੋਕਾਂ ਤੋਂ ਬਚ-ਬਚ ਕੇ ਕਪਟ ਕਰਨ ਵਾਲੇ ਭੁੱਲ ਜਾਂਦੇ ਹਨ ਕਿ ਗੁਰੂ ਸਾਹਿਬ
ਕਹਿੰਦੇ ਹਨ “
ਤੂੰ ਵਲਵੰਚ
ਲੂਕਿ ਕਰਹਿ ਸਭ ਜਾਣੈ ਜਾਣੀ ਰਾਮ॥” {ਪੰਨਾ 546}
ਆਪਣੇ ਸਵਾਰਥ ਅਤੇ ਪੈਸੇ ਦੀ ਭੁੱਖ ਨੂੰ ਪੂਰਾ ਕਰਨ ਲਈ ਤਕਰੀਬਨ ਹਰ ਮਨੁੱਖ
ਕਿਤੇ ਨਾ ਕਿਤੇ ਆਪਣੇ ਅੰਦਰ ਇੱਕ ‘ਮਲਕ ਭਾਗੋ’ ਨੂੰ ਪਾਲੀ ਬੈਠਾ ਹੈ। ਕਿਰਤ ਕਰ ਕੇ ਦੌਲਤ ਕਮਾਉਣ
ਵਾਲੇ ਹੋਰ ਦੌਲਤ ਕਮਾਉਣ ਦੇ ਚੱਕਰ ਵਿੱਚ ਐਨਾ ਗਿਰ ਜਾਂਦੇ ਹਨ ਕਿ ‘ਚਾਪਲੂਸੀ’ ਉਹਨਾਂ ਦਾ ਵਿਅਕਤੀਤਵ
ਬਣ ਜਾਂਦੀ ਹੈ। ਆਪਣੇ ਮਾਲਕ (ਬੌਸ) ਦੀ ਨਿਗ੍ਹਾ ਵਿੱਚ ਚਮਕਣ ਲਈ ਉਹ ਹਰ ਹਰਬਾ ਵਰਤਦੇ ਹਨ ‘ਤੇ ਉਹ
ਮਾਲਕ ਦੇ ਵਫਾਦਾਰ ਕੁੱਤੇ ਵਾਂਗ ਉਸਦੇ ਹਰ ਜ਼ਾਇਜ਼ ਅਤੇ ਨਾ-ਜ਼ਾਇਜ ਕੰਮ ਵਿੱਚ ਉਸਦ ਸਾਥ ਦਿੰਦੇ ਹਨ ਅਤੇ
ਫਿਰ ਇੱਕ ਨਵੇਂ ‘ਮਲਕ ਭਾਗੋ’ ਦਾ ਜਨਮ ਹੁੰਦਾ ਹੈ। ਇਸ ਪ੍ਰਕਾਰ ਅਸਲੀਅਤ ਤੋਂ ਦੂਰ ਹੁੰਦੀ ਜਾ ਰਹੀ
ਵਸੋਂ ਇੱਕ-ਦੂਸਰੇ ਨੂੰ ਲਤੜ ਕੇ ਦੌਲਤ ਅਤੇ ਸ਼ੁਹਰਤ ਦੀ ਦੌੜ ਵਿੱਚ ਭੱਜੀ ਜਾ ਰਹੀ ਹੈ। ਆਪਣੇ ਫਾਇਦੇ
ਲਈ ਕਿਸੇ ਦੂਸਰੇ ਨਾਲ ਧੱਕਾ ਜਾਂ ਧੋਖਾ ਕਰਨ ਵਾਲਾ ਹਰ ਇਨਸਾਨ ਭਾਵੇਂ ਉਹ ਕਿਸੇ ਵੀ ਕਾਰੋਬਾਰ ਜਾਂ
ਕਿਰਤ ਨਾਲ ਸੰਬੰਧਿਤ ਹੋਵੇ ਕਪਟੀ ਹੈ। ਜੀਵਨ ਦੇ ਅੰਤ ਵੱਲ ਵਧ ਰਹੇ ਮਨੁੱਖ ਨੂੰ ਜ਼ਰੂਰਤ ਹੈ ਮਾਲਕ ਦੀ
ਰਜ਼ਾ ਵਿੱਚ ਰਹਿ ਕੇ ਕਿਰਤ ਕਰਨ ਅਤੇ ਧਰਮ ਨਿਭਾਉਣ ਦੀ, ਫਿਰ ਇਹ ਜੀਵਨ ਸ਼ਾਂਤਮਈ ਅਤੇ ਆਨੰਦਦਾਇਕ ਹੋ
ਜਾਵੇਗਾ। ਗੁਰੂ ਨਾਨਕ ਸਾਹਿਬ ‘ਮਲਕ ਭਾਗੋ’ ਵਰਗਿਆਂ ਨੂੰ ਸਮਝਾਉਂਦੇ ਹਨ ਕਿ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥
{ ਮਃ ੧, ਪੰਨਾ 141}
ਜ਼ਰੂਰਤ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੇ ਉਪਦੇਸ਼ “
ਅਨ
ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥ ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥ ਕੋਏ ਨ ਬੇਲੀ ਹੋਇ
ਤੇਰਾ ਸਦਾ ਪਛੋਤਾਵਹੇ ॥ ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥ ਤਰਵਰ ਵਿਛੁੰਨੇ
ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥ ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥”
(ਬਿਹਾਗੜਾ ਮਹਲਾ ੫ ਛੰਤ ॥) ਨੂੰ ਸਮਝ ਕੇ ਜੀਵਨ
ਸੰਵਾਰਨ ਦੀ।
ਭੁੱਲ-ਚੁੱਕ ਦੀ ਖਿਮਾਂ,
ਸਤਿੰਦਰਜੀਤ ਸਿੰਘ।
ਮਿਤੀ 14 ਨਵੰਬਰ2014