.

ਭੱਟ ਬਾਣੀ-35

ਬਲਦੇਵ ਸਿੰਘ ਟੋਰਾਂਟੋ

ਸਤਗੁਰ ਮਤਿ ਗੂੜੑ ਬਿਮਲ ਸਤਸੰਗਤਿ ਆਤਮੁ ਰੰਗਿ ਚਲੂਲੁ ਭਯਾ।।

ਜਾਗ੍ਯ੍ਯਾ ਮਨੁ ਕਵਲੁ ਸਹਜਿ ਪਰਕਾਸ੍ਯ੍ਯਾ ਅਭੈ ਨਿਰੰਜਨੁ ਘਰਹਿ ਲਹਾ।।

ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜਾੑਯਾ ਤਿਸੁ ਪ੍ਰਸਾਦਿ ਵਸਿ ਪੰਚ ਕਰੇ।।

ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ।। ੩।।

(ਪੰਨਾ ੧੩੯੬-੯੭)

ਪਦ ਅਰਥ:- ਸਤਗੁਰ ਮਤਿ ਗੂੜੑ ਬਿਮਲ ਸਤਸੰਗਤਿ – ਜਿਨ੍ਹਾਂ ਨੂੰ ਗਿਆਨ ਨਾਲ ਰਾਮਦਾਸ ਜੀ ਨੇ ਭਰਪੂਰ ਕੀਤਾ, ਉਹ ਸਤਿਗੁਰ ਦੀ ਬਖ਼ਸ਼ਿਸ਼ ਨਿਰਮਲ ਡੂੰਘੀ ਮਤਿ-ਗਿਆਨ ਸਤ ਨਾਲ ਜੁੜ ਕੇ (ਅਵਤਾਰਵਾਦ ਦੇ ਕਰਮ-ਕਾਂਡ) ਤੋਂ ਗਤਿ ਪ੍ਰਾਪਤ ਕਰ ਗਏ। ਗੂੜ੍ਹ – ਡੂੰਘਾ, ਡੂੰਘੀ। ਸਤਸੰਗਤਿ – ਸੱਚ ਨਾਲ ਜੁੜ ਕੇ ਕਰਮ-ਕਾਂਡਾਂ ਤੋਂ ਗਤਿ-ਮੁਕਤੀ ਪ੍ਰਾਪਤ ਕਰ ਲੈਣੀ। ਆਤਮੁ ਰੰਗਿ – ਗਿਆਨ ਦਾ ਰੰਗ। ਚਲੂਲੁ – ਗੂੜ੍ਹਾ (ਗੁ: ਗ੍ਰੰ: ਦਰਪਣ)। ਭਯਾ – ਚੜ੍ਹ ਗਿਆ। ਜਾਗ੍ਯ੍ਯਾ ਮਨੁ ਕਵਲੁ ਸਹਿਜ – ਗਿਆਨ ਦੇ ਗੂੜ੍ਹੇ ਰੰਗ ਨਾਲ ਅਡੋਲ ਕਮਲ ਦੇ ਫੁੱਲ ਵਾਂਗ ਅਡੋਲ। ਪਰਕਾਸ੍ਯ੍ਯਾ – ਪ੍ਰਕਾਸ਼ ਹੋਇਆ, ਖਿੜਿਆ। ਅਭੈ – ਨਿਰਭਉ। ਨਿਰੰਜਨੁ– ਬੇਦਾਗ਼, ਨਿਰਮਲ। ਘਰਹਿ ਲਹਾ – ਘਰੇ ਲੱਭ ਪਿਆ। ਸਤਗੁਰਿ ਦਯਾਲਿ – ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ। ਦਯਾਲਿ – ਦਯਾਲੂ। ਹਰਿ ਨਾਮੁ ਦ੍ਰਿੜਾੑਯਾ – ਹਰੀ ਦੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਤਿਸੁ ਪ੍ਰਸਾਦਿ ਵਸਿ ਪੰਚ ਕਰੇ – ਜਿਸ ਦੀ ਪ੍ਰਸਾਦਿ-ਕ੍ਰਿਪਾ ਨਾਲ ਕਾਮ, ਕ੍ਰੌਧ, ਲੋਭ, ਮੋਹ, ਹੰਕਾਰ ਵਿੱਚ ਫਸੇ ਹੋਇਆਂ ਦੀ (ਕਰਮ-ਕਾਂਡੀ ਵੀਚਾਰਧਾਰਾ) ਵੱਲੋਂ ਆਪਣੇ ਆਪ ਨੂੰ ਵੱਸ ਕਰ ਲਿਆ ਭਾਵ ਵਰਜ ਲਿਆ, ਵੱਸ ਕਰ ਲੈਣਾ – ਵਰਜ ਲੈਣਾ। ਕਵਿ – ਕਵੀ ਜੋ ਆਪਣੀ ਕਵਿਤਾ ਆਪਣੇ ਬੋਲਾਂ ਰਾਹੀਂ ਸੱਚੀ ਤਸਵੀਰ ਪੇਸ਼ ਕਰਦੇ ਹਨ। ਕਲ੍ਯ੍ਯ – ਕਲਜੁਗ, ਅਗਿਆਨਤਾ ਦੇ ਘੋਰ ਹਨੇਰੇ ਵਿੱਚ। ਠਕੁਰ – ਠਾਕੁਰ, ਸਵਾਮੀਪਨ, ਪ੍ਰਧਾਨਤਾ (ਮ: ਕੋਸ਼)। ਹਰਦਾਸ – ਹਰੀ ਦੇ ਦਾਸ। ਤਨੇ – ਕੁਲ ਦਾ ਵਿਸਥਾਰ ਕਰਨਾ। ਇਥੇ ਗਿਆਨ ਦੀ ਕੁਲ ਦਾ ਵਿਸਥਾਰ ਕਰਨਾ ਭਾਵ ਪ੍ਰਚਾਰ ਕਰਨ ਤੋਂ ਹੈ। ਤਨੇ ਗੁਰ – ਗਿਆਨ ਦਾ ਪ੍ਰਚਾਰ ਕਰਨਾ। ਤਨੇ – ਸੰ: ਪੁੱਤਰ ਜੋ ਕੁਲ ਵਿਸਥਾਰ ਕਰੇ, ਭਾਵ ਕੁਲ ਨੂੰ ਅੱਗੇ ਤੋਰੇ (ਮ: ਕੋਸ਼)। ਤਨੇ ਗੁਰ – ਜੋ ਗਿਆਨ ਦਾ ਵਿਸਥਾਰ ਕਰੇ ਭਾਵ ਅੱਗੇ ਤੋਰੇ। ਰਾਮਦਾਸ – ਰਾਮਦਾਸ ਜੀ। ਸਰ – ਫਤਿਹ, ਸਫਲਤਾ ਨਾਲ। ਅਭਰ – ਗਿਆਨ ਤੋਂ ਖ਼ਾਲੀ। ਭਰੇ – ਭਰਪੂਰ, ਭਰਨਾ।

ਅਰਥ:- ਹੇ ਭਾਈ! ਜਿਹਨਾਂ ਨੂੰ ਗਿਆਨ ਨਾਲ ਰਾਮਦਾਸ ਜੀ ਨੇ ਭਰਪੂਰ ਕੀਤਾ ਭਾਵ ਜਾਣੂ ਕਰਵਾਇਆ, ਉਹ ਸਤਿਗੁਰ ਦੀ ਬਖ਼ਸ਼ਿਸ਼ ਨਿਰਮਲ ਡੂੰਘੀ ਮਤਿ-ਗਿਆਨ ਨਾਲ ਸਤ-ਸੱਚ ਨਾਲ ਜੁੜ ਕੇ (ਅਵਤਾਰਵਾਦ ਦੇ ਕਰਮ-ਕਾਂਡ ਤੋਂ) ਗਤਿ-ਮੁਕਤੀ ਪ੍ਰਾਪਤ ਕਰ ਗਏ ਅਤੇ ਮੁਕਤੀ ਪ੍ਰਾਪਤ ਕਰਨ ਵਾਲਿਆਂ ਨੂੰ ਗਿਆਨ ਦਾ ਗੂੜ੍ਹਾ ਰੰਗ ਚੜ੍ਹ ਗਿਆ ਭਾਵ ਗਿਆਨ ਦੇ ਗੂੜ੍ਹੇ ਰੰਗ ਵਿੱਚ ਰੰਗੇ ਗਏ। ਜਿਹੜੇ ਗਿਆਨ ਦੇ ਗੂੜ੍ਹੇ ਰੰਗ ਵਿੱਚ ਰੰਗੇ ਗਏ, ਉਨ੍ਹਾਂ ਨੇ ਆਪਣੇ ਘਰ ਅੰਦਰ ਹੀ ਨਿਰਭਉ ਨਿਰਮਲ ਪ੍ਰਭੂ ਨੂੰ ਪਾ ਲਿਆ ਭਾਵ ਟਿਕਾਅ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਸਦੀਵੀ ਸਥਿਰ ਰਹਿਣ ਵਾਲੇ ਦਿਆਲੂ ਹਰੀ ਦੀ ਕ੍ਰਿਪਾ ਨਾਲ ਸੱਚ ਨੂੰ ਆਪਣੇ ਜੀਵਨ ਵਿੱਚ ਦ੍ਰਿੜ੍ਹ ਕਰ ਲੈਣ ਨਾਲ ਕਾਮ, ਕ੍ਰੋਧ, ਲੋਭ, ਲੋਭ, ਹੰਕਾਰ ਵਿੱਚ ਫਸੇ ਹੋਇਆਂ (ਕਰਮ-ਕਾਂਡੀ ਅਵਤਾਵਾਦੀਆਂ ਦੀ ਵੀਚਾਰਧਾਰਾ) ਵੱਲੋਂ ਆਪਣੇ ਆਪ ਨੂੰ ਵਰਜ ਲਿਆ। ਇਸ ਤਰ੍ਹਾਂ ਅਗਿਆਨਤਾ ਦੇ ਘੋਰ ਹਨੇਰੇ ਵਿੱਚ ਹਰੀ ਦੇ ਦਾਸ ਰਾਮਦਾਸ ਜੀ ਉਸ ਠਾਕੁਰ ਦੀ ਬਖ਼ਸ਼ਿਸ਼ ਗਿਆਨ ਦੇ ਪ੍ਰਚਾਰ ਦੀ ਬੜੀ ਸਫਲਤਾ ਨਾਲ ਸੱਚ ਦੀ ਸਹੀ ਤਸਵੀਰ ਪੇਸ਼ ਕਰਕੇ ਜੋ ਗਿਆਨ ਤੋਂ ਖ਼ਾਲੀ, ਊਣੇ ਭਾਵ ਸੱਖਣੇ ਸਨ, ਉਨ੍ਹਾਂ ਨੂੰ ਗਿਆਨ ਨਾਲ ਭਰਪੂਰ ਕੀਤਾ ਅਤੇ ਕਰ ਰਹੇ ਹਨ।

ਅਨਭਉ ਉਨਮਾਨਿ ਅਕਲ ਲਿਵ ਲਾਗੀ ਪਾਰਸੁ ਭੇਟਿਆ ਸਹਜ ਘਰੇ।।

ਸਤਗੁਰ ਪਰਸਾਦਿ ਪਰਮ ਪਦੁ ਪਾਯਾ ਭਗਤਿ ਭਾਇ ਭੰਡਾਰ ਭਰੇ।।

ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ।।

ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ।। ੪।।

(ਪੰਨਾ ੧੩੯੭)

ਪਦ ਅਰਥ:- ਅਨਭਉ – ਗਿਆਨ। (ਗੁ: ਗ੍ਰੰ: ਦਰਪਣ)। ਉਨਮਾਨਿ – ਉਨਮਾਨ ਦੁਆਰਾ, ਵੀਚਾਰ ਦੀ ਰਾਹੀਂ। (ਗੁ: ਗ੍ਰੰ: ਦਰਪਣ)। ਅਕਲ – ਸੂਝ, ਗਿਆਨ। ਲਿਵ – ਇੱਕ ਰਸ। ਅਕਲ ਲਿਵ ਲਾਗੀ – ਗਿਆਨ ਨਾਲ ਇਕਰਸ ਜੁੜ ਕੇ। ਪਾਰਸੁ ਭੇਟਿਆ – ਪਾਰਸ ਨਾਲ ਜੁੜਨ ਕਰਕੇ। ਸਹਜ ਘਰੇ – ਉਸ ਪਾਰਸ ਨਾਲ ਜੁੜਨ ਕਰਕੇ ਘਰ ਵਿੱਚ ਭਾਵ ਅੰਦਰ ਸ਼ਾਂਤ ਹੋ ਸਕਦਾ ਹੈ। ਸਤਗੁਰ ਪਰਸਾਦਿ – ਉਸ ਸਦੀਵੀ ਸਥਿਰ ਰਹਿਣ ਵਾਲੇ ਦੀ ਪਰਸਾਦਿ-ਕ੍ਰਿਪਾ ਨਾਲ। ਪਰਮ ਪਦੁ ਪਾਯਾ – ਪਵਿੱਤਰ, ਉੱਤਮ ਪਦੁ ਪਾਇਆ, ਜਾਣਿਆ। ਭਗਤਿ ਭਾਇ ਭੰਡਾਰ ਭਰੇ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਵਾਲਿਆਂ ਨੇ ਹੀ ਇਹ ਜਾਣਿਆ ਕਿ ਉਸ ਦੀ ਬਖ਼ਸ਼ਿਸ਼ ਦੇ ਭੰਡਾਰ ਭਰੇ ਹਨ। ਭਗਤਿ ਭਾਇ– ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਵਾਲਿਆਂ ਨੇ ਜਾਣਿਆ। ਭੰਡਾਰ ਭਰੇ – ਭੰਡਾਰੇ ਭਰੇ ਹਨ। ਮੇਟਿਆ ਜਨਮਾਂਤੁ ਮਰਣ ਭਉ ਭਾਗਾ – ਜਨਮ ਮਰਣ ਦਾ ਭੈਅ ਨੱਸ ਗਿਆ। ਚਿਤੁ ਲਾਗਾ ਸੰਤੋਖ ਸਰੇ – ਜਿਨ੍ਹਾਂ ਇਸ ਸੱਚ `ਤੇ ਭਰੋਸਾ ਕੀਤਾ, ਉਹ ਦਿਲੋਂ ਇਸ ਸੱਚ ਨਾਲ ਜੁੜੇ। ਸਰੇ – ਸਰ ਕਰ ਲੈਣਾ, ਪ੍ਰਾਪਤ ਕਰ ਲੈਣਾ, ਕੀਤਾ। ਸੰਤੋਖ – ਸਿਦਕ, ਭਰੋਸਾ। ਸੰਤੋਖ ਸਰੇ – ਭਰੋਸਾ ਕੀਤਾ। ਕਵਿ – ਕਵੀ ਜੋ ਆਪਣੀ ਕਵਿਤਾ, ਆਪਣੇ ਬੋਲਾਂ ਰਾਹੀਂ ਸੱਚ ਦੀ ਤਸਵੀਰ ਪੇਸ਼ ਕਰੇ, ਕਰਦੇ ਹਨ। ਕਲ੍ਯ੍ਯ – ਕਲਜੁਗ, ਅਗਿਆਨਤਾ ਦੇ ਘੋਰ ਹਨੇਰੇ ਵਿੱਚ। ਠਕੁਰ – ਠਾਕੁਰ, ਸਵਾਮੀਪਨ, ਪ੍ਰਧਾਨਤਾ। ਹਰਦਾਸ – ਹਰੀ ਦੇ ਦਾਸ। ਤਨੇ – ਕੁਲ ਦਾ ਵਿਸਥਾਰ ਕਰਨਾ। ਇਥੇ ਗਿਆਨ ਦੀ ਕੁਲ ਦਾ ਵਿਸਥਾਰ ਕਰਨਾ ਭਾਵ ਪ੍ਰਚਾਰ ਕਰਨ ਤੋਂ ਹੈ। ਸਰ – ਫਤਿਹ, ਸਫਲਤਾ ਨਾਲ। ਅਭਰ – ਗਿਆਨ ਤੋਂ ਖ਼ਾਲੀ। ਭਰੇ – ਭਰਪੂਰ ਕਰਨਾ।

ਅਰਥ:- ਜਿਨ੍ਹਾਂ ਦੀ ਗਿਆਨ ਦੀ ਸੂਝ ਨਾਲ ਇਸ ਗਿਆਨ ਨਾਲ ਲਿਵ ਲਾਗੀ ਭਾਵ ਇਸ ਸੱਚ ਨਾਲ ਜੁੜੇ, ਉਹ ਇਸ ਗਿਆਨ ਰੂਪ ਪਾਰਸ ਦੀ ਛੋਹ ਨਾਲ ਉਸ ਸਦੀਵੀ ਸਥਿਰ ਰਹਿਣ ਵਾਲੇ ਦੇ ਘਰ ਹੀ ਅਡੋਲ ਟਿਕੇ। ਉਨ੍ਹਾਂ ਉਸ ਸਦੀਵੀ ਸਥਿਰ ਰਹਿਣ ਵਾਲੇ ਦੀ ਕ੍ਰਿਪਾ-ਬਖ਼ਸ਼ਿਸ਼ ਨਾਲ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਵਾਲਿਆਂ ਨੇ ਹੀ ਇਹ ਸੱਚ ਜਾਣਿਆ ਕਿ ਉਸ ਸੱਚੇ ਦੇ ਭੰਡਾਰੇ ਹੀ ਸੱਚ ਨਾਲ ਭਰਪੂਰ ਹਨ ਅਤੇ ਉਹ ਹੀ ਪਵਿੱਤਰ ਪਦਵੀ ਦਾ ਮਾਲਕ ਹੈ। ਜਿਨ੍ਹਾਂ ਨੇ ਸੱਚੇ `ਤੇ ਭਰੋਸਾ ਕੀਤਾ, ਉਨ੍ਹਾਂ ਦਾ ਜੰਮ ਕੇ ਮਰ ਜਾਣ ਵਾਲੇ (ਅਵਤਾਰਵਾਦੀਆਂ ਦੇ ਰੱਬ ਹੋਣ) ਦਾ ਭਰਮ ਮਿਟ ਗਿਆ, ਨੱਸ ਗਿਆ। ਜਿਨ੍ਹਾਂ ਦਾ ਭਰਮ ਨੱਸ ਗਿਆ, ਉਹ ਦਿਲੋਂ ਇਸ ਸੱਚ ਨਾਲ ਜੁੜੇ। ਇਸ ਤਰ੍ਹਾਂ ਅਗਿਆਨਤਾ ਦੇ ਘੋਰ ਹਨੇਰੇ ਵਿੱਚ ਹਰੀ ਦੇ ਦਾਸ ਰਾਮਦਾਸ ਜੀ ਨੇ ਉਸ ਠਾਕਰ ਦੀ ਬਖ਼ਸ਼ਿਸ਼ ਗਿਆਨ-ਸੱਚ ਦੇ ਪ੍ਰਚਾਰ ਦੀ ਬੜੀ ਸਫਲਤਾ ਨਾਲ ਸਹੀ ਤਸਵੀਰ ਪੇਸ਼ ਕਰਕੇ ਜੋ ਗਿਆਨ ਤੋਂ ਊਣੇ ਭਾਵ ਸੱਖਣੇ ਸਨ, ਉਨ੍ਹਾਂ ਨੂੰ ਗਿਆਨ ਨਾਲ ਭਰਪੂਰ ਕੀਤਾ ਅਤੇ ਕਰ ਰਹੇ ਹਨ।




.