“ਗੁਰਬਾਣੀ ਲਗ-ਮਾਤ੍ਰੀ ਨਿਯਮ”-3
“ਸਠ”
ਸਮਗੱਰ ਗੁਰਬਾਣੀ ਅੰਦਰ ‘ਸਠ’ ਲਫਜ਼ ਕੇਵਲ ਚਾਰ ਵਾਰ ਆਇਆ ਹੈ। ਇਹ ਲਫ਼ਜ਼
ਸੰਸਕ੍ਰਿਤ ਦੇ ‘शठ्र’ ਤੋਂ ਤਤਸਮ ਰੂਪ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫ਼ਜ਼ ‘ਭਾਵ ਵਾਚਕ ਨਾਂਵ
ਵਿਸ਼ੇਸ਼ਣ’ ਹੈ। ਇਸਦਾ ਸ਼ਾਬਦਿਕ ਅਰਥ ‘ਝੂਠਾ, ਠਗਣਾ, ਮਾਰ ਸਿਟੱਣਾ, ਲੁੱਚਾ, ਮੂਰਖ ਆਦਿ। ਗੁਰਬਾਣੀ
ਇਸਦਾ ਪ੍ਰਸੰਗਕ ਅਰਥ ‘ਮੂਰਖ, ਵਿਕਾਰੀ’ ਬਣਦਾ ਹੈ।
“ਸਠ ਕਠੋਰੁ ਕੁਲਹੀਨੁ; ਬਿਆਪਤ ਮੋਹ ਕੀਚੁ” {458 ਆਸਾ}
ਸਠ-{ਭਾਵਵਾਚਕ ਨਾਂਵ ਵਿਸ਼ੇਸ਼ਣ} ਮੂਰਖ। ਵਿਕਾਰੀ। ਭਾਸ਼ਾ ਸਾਹਿਤਕਾਰੀ ਅਨੁਸਾਰ
ਇਸ ਲਫਜ਼ ਦਾ ਉਚਾਰਣ ‘ਸ’ ਦੇ ਪੈਂਰੀਂ ਬਿੰਦੀ ਵਿਸ਼ੇਸ਼ ਧੁਨੀ ਦਾ ਪ੍ਰਯੋਗ ਕਰਨਾ ਹੈ। ਭਾਵ ਇਸ ਦਾ
ਉਚਾਰਣ ‘ਸ਼ਠ’ ਵਾਂਗ। ‘ਸਠ’ ਉਚਾਰਣਾ ਅਸ਼ੁਧ ਹੈ।
“ ਹਿਤੁ ਲਾਇਓ, ਸਠ ਮੂੜ ਅਗਿਆਨੀ” {1004 ਮਾਰੂ}
ਸਠ-{ਭਾਵ ਵਾਚਕ ਨਾਂਵ ਬਹੁਵਚਨ ਵਿਸ਼ੇਸ਼ਣ} ਲੁੱਚੇ, ਦੁਸ਼ਟ। ਉਚਾਰਣ- ਸ਼ਠ ਵਾਂਗ।
“ਮਹਾ ਦ੍ਰੁਗੰਧਤ ਵਾਸੁ, ਸਠ ਕਾ ਛਾਰੁ ਤਨ” {ਫੁਨਹੇ 1363}
ਸਠ-{ਭਾਵ ਵਾਚਕ ਨਾਂਵ ਇਕਵਚਨ ਵਿਸ਼ੇਸ਼ਣ} ਮੂਰਖ। ਉਚਾਰਣ-ਸ਼ਠ ਵਾਂਗ।
“ਸਠਿ”
ਇਹ ਲਫਜ਼ ਇਸ ਸਰੂਪ ਵਿਚ ਗੁਰਬਾਣੀ ਅੰਦਰ ਕੇਵਲ ਇਕ ਵਾਰ ਹੀ ਆਇਆ ਹੈ। ਇਹ ਲਫਜ਼
‘ਗਿਣਤੀ ਦੇ ਸੱਠ ਦਾ ਬੋਧਕ ਹੈ -:
“ਤੇਰੇ ਸਠਿ ਸੰਬਤ, ਸਭਿ ਤੀਰਥਾ” {ਬਸੰਤੁ 1168}
ਸਠਿ-{ਨਿਸ਼ਚਿਤ ਸੰਖਿਅਕ ਵਿਸ਼ੇਸ਼ਣ } ਸੱਠ। ਉਚਾਰਣ ‘ਸੱਠ’ ਵਾਂਗ। ਗਿਣਤੀ ਬੋਧਕ
ਅਖਰਾਂ ਦੇ ਅਖੀਰ ਸਿਹਾਰੀ ਵਰਤੀ ਜਾਂਦੀ ਹੈ। ਇਕ ਗੱਲ ਧਿਆਨ ਵਿਚ ਰਖੱਣ ਵਾਲੀ ਹੈ ਕਿ ਗੁਰਬਾਣੀ ਵਿਚ
‘ਦਸ, ਤੀਹ’ ਲਫਜ਼ਾਂ ਦੇ ਅਖੀਰ ਸਿਹਾਰੀ ਦੀ ਵਰਤੋਂ ਨਹੀਂ ਕੀਤੀ ਗਈ। ਕਿਤੇ-ਕਿਤੇ ਗੁਰਬਾਣੀ ਅੰਦਰ
‘ਤਿੰਨ, ਪੰਜ’ ਇਤਿਆਦਿਕ ਗਿਣਤੀ ਬੋਧਕ ਲਫਜ਼ਾ ਦੇ ਅਖੀਰ ਭੀ ਸਿਹਾਰੀ ਨਹੀਂ ਹੈ, ਇਸ ਦਾ ਕਾਰਣ ਏਸੇ
ਪੁਸਤਕ ਦੇ ਅਖੀਰ ‘ਚ ਦਸਿਆ ਹੈ।
“ਉਦਮ, ਉਦਮੁ, ਉਦਿਮ”
ਗੁਰਬਾਣੀ ਵਿਚ ‘ਉਦਮੁ’ ਲਫ਼ਜ਼ 28 ਵਾਰ ਆਇਆ ਹੈ। ਇਸ ਦਾ ਪ੍ਰਸੰਗਕ ਅਰਥ
‘ਮਿਹਨਤ, ਪਰੀਸ਼੍ਰਮ, ਬਖ਼ਸ਼ਿਸ਼’ ਆਦਿ ਮਿਲਦਾ ਹੈ। ਕੁਝ ਕੁ ਗੁਰਬਾਣੀ ਪ੍ਰਮਾਣ ਦੇਖੀਏ-:
“ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ” { ਮਾਝ 137}
ਉਦਮੁ-{ਨਾਂਵ ਤੋਂ ਵਿਸ਼ੇਸ਼ਣ} ਮਿਹਨਤ। ਉਚਾਰਣ- ਉਦੱਮ।
“ ਹਲੁ ਜੋਤੈ ਉਦਮੁ ਕਰੇ; ਮੇਰਾ ਪੁਤੁ ਧੀ ਖਾਇ” {ਗਉੜੀ 166}
ਉਦਮੁ-{ਨਾਂਵ ਤੋਂ ਵਿਸ਼ੇਸ਼ਣ} ਉਦੱਮ, ਮਿਹਨਤ। ਉਚਾਰਣ- ਉਦੱਮ।
ਇਸ ਤੋਂ ਅਲਾਵਾ ‘ਉਦਮ’ ਸਰੂਪ ਭੀ ਗੁਰਬਾਣੀ ਵਿਚ ਤਕਰੀਬਨ ਚਾਰ ਵਾਰ ਆਇਆ
ਹੈ-:
“ ਸਗਲ ਉਦਮ ਮਹਿ ਉਦਮ ਭਲਾ” {ਸੁਖਮਨੀ 266}
ਉਦਮ-{ਨਾਂਵ ਤੋਂ ਵਿਸ਼ੇਸ਼ਣ} ਮਿਹਨਤ। ਨੋਟ: ‘ਮਹਿ’ ਸੰਬੰਧਕ ਆਉਣ ਕਾਰਣ ‘ਉਦਮ’
ਦੇ ‘ਦ’ ਦੀ ਔਂਕੜ ਹਟ ਗਈ ਹੈ।
“ ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ” {ਜੈਤਸਰੀ 705}
ਉਦਮ-{ਨਾਂਵ ਤੋਂ ਵਿਸ਼ੇਸ਼ਣ ਬਹੁਵਚਨ} ਮਿਹਨਤ। ਉਚਾਰਣ-ੳਦੱਮ।
ਗੁਰਬਾਣੀ ਨੂੰ ਗਹੁ ਨਾਲ ਵੀਚਾਰਿਆਂ ਪਤਾ ਲਗਦਾ ਹੈ ਕਿ ਸਮਗੱਰ ਗੁਰਬਾਣੀ ਵਿਚ
ਕੇਵਲ ਇਕ ਵਾਰ ਹੀ ‘ਉਦਮ’ ਸਰੂਪ ਇਕ ਹੋਰ ਰੂਪ ‘ਉਦਿਮ’ ਆਇਆ ਹੈ। ਇਸ ਦੇ ਜਿਥੇ ਲਗ-ਮਾਤ੍ਰੀ ਫਰਕ ਹਨ
ਉਥੇ ਅਰਥਾਂ ਵਿਚ ਭੀ ਅੰਤਰ ਹੈ। ਕਈ ਵਿਦਵਾਨਾ ਵੱਲੋ ਇਸ ਲਫਜ਼ ਦੇ ਭੀ ਅਰਥ ‘ਮਿਹਨਤ, ਉਦੱਮ’ ਕੀਤੇ
ਹਨ। ਪਰ ਇਹ ਦਰੁਸੱਤ ਨਹੀਂ ਹੈ।-:
“ ਭਾਗ ‘ਉਦਿਮ’, ਲਬਧੑੰ ਮਾਇਆ ਨਾਨਕ, ਸਾਧਸੰਗਿ ਖਲ ਪੰਡਿਤਹ” {ਸਹਸਕ੍ਰਿਤੀ
1356}
ਉਦਿਮ-{ਕਿਰਿਆ ਵਿਸ਼ੇਸ਼ਣ} ਉਦੇ ਹੋਣ ਤੇ, ਪ੍ਰਗਟ ਹੋਣ ਤੇ, ਬਖ਼ਸ਼ਿਸ਼ ਹੋਣ ਤੇ।
‘ਉਦਿਮ’ ਦੇ ‘ਦ’ ਦੀ ਸਿਹਾਰੀ ਉਚਾਰਣ ਦਾ ਭਾਗ ਬਣਾਉ।
ਮਾਇਆ’ ਦਾ ਅਰਥ ਭੀ ‘ਮਇਆ’ ਕਿਰਪਾ’ ਹੈ। ਉਪਰੋਕਤ ਪੰਗਤੀ ਦੇ ਭਾਵ-ਅਰਥ ਇਸ
ਪ੍ਰਕਾਰ ਬਣਦੇ ਹਨ-:
“ ਨਾਨਕ! ਪ੍ਰਭੂ ਦੀ ਗਿਆਨ ਰੂਪ ਬਖ਼ਸ਼ਿਸ਼ ਹੋਣ ‘ਤੇ ਸਾਧਸੰਗਤ ਦੀ ਪ੍ਰਾਪਤੀ
ਹੁੰਦੀ ਹੈ। ਸਾਧਸੰਗਤ ਵਿਚੋਂ ਦੈਵੀ ਸੰਪਦਾ ਮਿਲਦੀ ਹੈ ਅਤੇ ਮੂਰਖ ਪ੍ਰਾਣੀ ਵੀ ਸਾਧ ਸੰਗਤ ਵਿਚ ਮਿਲ
ਕੇ ਵਿਦਵਾਨ ਹੋ ਜਾਂਦਾ ਹੈ।“
{ਛਪਾਈ ਅਧੀਨ ਪੁਸਤਕ ‘ਗੁਰਬਾਣੀ ਵਿਆਕਰਣ’ ਵਿਚੋਂ}
ਹਰਜਿੰਦਰ ਸਿੰਘ ‘ਘੜਸਾਣਾ’
[email protected]