ਜਗੁ ਜਿਤਉ ਸਤਿਗੁਰ ਪ੍ਰਮਾਣਿ ਮਨਿ ਏਕੁ ਧਿਆਯਉ।।
ਧਨਿ ਧਨਿ ਸਤਿਗੁਰ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ।।
ਨਵ ਨਿਧਿ ਨਾਮੁ ਨਿਧਾਨੁ ਰਿਧਿ ਸਿਧਿ ਤਾ ਕੀ ਦਾਸੀ।।
ਸਹਜ ਸਰੋਵਰੁ ਮਿਲਿਓ ਪੁਰਖੁ ਭੇਟਿਓ ਅਬਿਨਾਸੀ।।
ਆਦਿ ਲੇ ਭਗਤ ਜਿਤੁ ਲਗਿ ਤਰੇ ਸੋ ਗੁਰਿ ਨਾਮੁ ਦ੍ਰਿੜਾਇਅਉ।।
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਹਰਿ ਪ੍ਰੇਮ ਪਦਾਰਥੁ ਪਾਇਅਉ।। ੭।।
(ਪੰਨਾ ੧੩੯੭)
ਪਦ ਅਰਥ:- ਜਗੁ ਜਿਤਉ – ਜਗਤ ਦੀ (ਕਰਮ-ਕਾਂਡੀ) ਵੀਚਾਰਧਾਰਾ ਉੱਪਰ
ਜਿੱਤ-ਫਤਿਹ। ਸਤਿਗੁਰ - ਸਦੀਵੀ ਸਥਿਰ ਰਹਿਣ ਵਾਲਾ। ਪ੍ਰਮਾਣਿ – ਹਵਾਲਾ, ਸਬੂਤ,
ਪ੍ਰਮਾਣ ਦੇਣਾ। ਮਨਿ ਏਕੁ ਧਿਆਯਉ – ਇਕੁ ਸਦੀਵੀ ਸਥਿਰ ਰਹਿਣ ਵਾਲੇ ਨੂੰ ਹੀ ਮਨ ਅੰਦਰ
ਧਿਆਉ। ਧਨਿ ਧਨਿ ਸਤਿਗੁਰ ਅਮਰਦਾਸੁ – ਅਮਰਦਾਸ ਜੀ ਨੇ ਵੀ ਇਹ ਹੀ ਕਿਹਾ ਕਿ ਸਦੀਵੀ ਸਥਿਰ
ਰਹਿਣ ਵਾਲਾ ਸਤਿਗੁਰ ਹੀ ਧੰਨ ਹੈ, ਸੁਲਾਹਣਯੋਗ ਹੈ। ਧੰਨਿ - ਸੁਲਾਹੁਣਯੋਗ। ਜਿਨਿ ਨਾਮੁ
ਦ੍ਰਿੜਾਯਉ - ਜਿਸ ਨੇ ਸੱਚ ਦ੍ਰਿੜ੍ਹ ਕਰਵਾਇਆ ਹੈ। ਨਵ – ਸੰ: ਉਸਤਤ (ਮ: ਕੋਸ਼)।
ਨਿਧਿ – ਖ਼ਜ਼ਾਨਾ। ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਨਿਧਾਨੁ –
“ਜਿਸੁ ਮਨਿ ਵਸੈ ਸੁ ਹੋਤ ਨਿਧਾਨ।।” (ਸੁਖਮਨੀ ਸਾਹਿਬ) ਮਹਾਨ ਕੋਸ਼ ਅਨੁਸਾਰ ਜਿੱਥੇ ਜਾ ਕੇ ਕੋਈ
ਵਸਤ ਲੀਨ ਹੋ ਜਾਵੇ ਭਾਵ ਲੀਨ ਹੋਣਾ। ਰਿਧਿ – ਕਾਮਯਾਬੀ। ਸਿਧਿ – ਸਫਲਤਾ।
ਰਿਧਿ ਸਿਧਿ – ਇਥੇ ਇੱਕ ਸ਼ਬਦ ਨੂੰ ਜ਼ੋਰ ਦੇ ਕੇ ਦੁਹਰਾਇਆ ਹੈ। ਮਹਾਨ ਕੋਸ਼ ਅੰਦਰ ਦੋਹਾਂ ਸ਼ਬਦਾਂ
ਦਾ ਇੱਕ ਹੀ ਅਰਥ ਹੈ ਸਫਲਤਾ, ਕਾਮਯਾਬੀ। ਤਾ ਕੀ – ਉਸ ਦੇ, ਭਾਵ ਉਸ ਸੱਚ ਦੇ। ਦਾਸੀ –
ਅਧੀਨ। ਸਹਜ ਸਰੋਵਰੁ ਮਿਲਿਓ ਪੁਰਖੁ ਭੇਟਿਓ ਅਬਿਨਾਸੀ – ਜੋ ਉਸ ਸ਼ਾਂਤੀ ਦੇ
ਸਰੋਵਰ-ਗਿਆਨ ਵਿੱਚ ਲੀਨ ਹੋਏ ਉਨ੍ਹਾਂ ਅਬਨਾਸੀ-ਕਦੇ ਵੀ ਨਾ ਖ਼ਤਮ ਹੋਣ ਵਾਲਾ ਕਰਤਾ ਪੁਰਖੁ ਹੀ
ਭੇਟਿਆ। ਮਿਲਿਓ – ਮਿਲ ਜਾਣਾ, ਲੀਨ ਹੋ ਜਾਣਾ। ਸਰੋਵਰੁ – ਗਿਆਨ ਦਾ ਸਰੋਵਰ।
ਆਦਿ ਲੇ ਭਗਤ ਜਿਤੁ ਲਗਿ ਤਰੇ – ਆਦਿ ਤੋਂ ਲੈ ਕੇ ਜਿਸ ਸਦੀਵੀ ਸਥਿਰ ਵਾਲੇ ਨਾਲ ਲੱਗ ਕੇ
ਭਗਤ-ਇਨਕਲਾਬੀ ਪੁਰਸ਼ ਤਰੇ। ਸੋ ਗੁਰਿ ਨਾਮੁ ਦ੍ਰਿੜਾਇਅਉ – ਉਹ ਹੀ ਸੱਚ ਰੂਪ ਗਿਆਨ ਅਮਰਦਾਸ
ਜੀ ਨੇ ਰਾਮਦਾਸ ਜੀ ਨੂੰ ਦ੍ਰਿੜਾਇਆ ਹੈ। ਗੁਰਿ – ਗਿਆਨ ਨਾਲ। ਕਲ੍ਯ੍ਯ –
ਅਗਿਆਨਤਾ। ਚਰੈ – ਪ੍ਰਕਾਸ਼ ਹੋਣਾ। ਕਲ੍ਯ੍ਯੁਚਰੈ – ਅਗਿਆਨਤਾ ਦੇ ਵਿੱਚ ਗਿਆਨ ਨਾਲ
ਪ੍ਰਕਾਸ਼ ਹੋਣਾ। ਤੈ – ਤੋਂ। ਹਰਿ ਪ੍ਰੇਮ ਪਦਾਰਥ ਪਾਇਅਉ – ਹਰੀ ਤੋਂ ਹੀ ਪ੍ਰੇਮ
ਪਦਾਰਥ ਦੀ ਪ੍ਰਾਪਤੀ ਹੈ।
ਅਰਥ:- ਹੇ ਭਾਈ! ਜਗਤ ਦੀ (ਅਵਤਾਰਵਾਦੀ) ਵੀਚਾਰਧਾਰਾ ਉੱਪਰ ਫਤਿਹ ਪਾਉਣ
ਲਈ ਠੋਸ ਪ੍ਰਮਾਣ-ਸਬੂਤ ਇਹ ਹੈ ਕਿ (ਅਮਰਦਾਸ ਜੀ ਵਾਂਗ) ਇਕੁ ਸਦੀਵੀ ਸਥਿਰ ਰਹਿਣ ਵਾਲੇ ਨੂੰ ਹੀ
ਆਪਣੇ ਮਨ ਅੰਦਰ ਧਿਆਉ ਭਾਵ ਵਸਾਉ। ਇਕੁ ਸਦੀਵੀ ਸਥਿਰ ਰਹਿਣ ਵਾਲਾ ਹੀ ਧੰਨਤਾ/ਸੁਲਾਹੁਣਯੋਗ ਸੱਚ ਹੈ
ਜਿਸ ਨੂੰ ਅਮਰਦਾਸ ਜੀ ਨੇ ਦ੍ਰਿੜਾਯਉ-ਦ੍ਰਿੜ ਕੀਤਾ ਭਾਵ ਅਪਣਾਇਆ ਹੋਇਆ ਸੀ। ਸੱਚ ਨੂੰ ਆਪਣੇ ਜੀਵਨ
ਵਿੱਚ ਅਪਣਾਉਣ ਵਾਲੇ ਸੱਚ ਦੇ ਖ਼ਜ਼ਾਨੇ (ਅਕਾਲ ਪੁਰਖ) ਦੀ ਉਸਤਤ ਸੱਚ ਵਿੱਚ ਲੀਨ ਹੋ ਜਾਂਦੇ ਹਨ, ਸੱਚ
ਦੇ ਅਧੀਨ ਹੀ ਸਫਲਤਾ ਹੈ। ਜਿਹੜੇ ਗਿਆਨ ਦੇ ਸਹਿਜ ਸਰੋਵਰ ਸੱਚ ਵਿੱਚ ਲੀਨ ਹੋਏ, ਉਨ੍ਹਾਂ ਨੇ
ਅਬਿਨਾਸੀ-ਕਦੇ ਵੀ ਨਾ ਖ਼ਤਮ ਹੋਣ ਵਾਲਾ ਕਰਤਾ ਪੁਰਖ ਹੀ ਭੇਟਿਆ। ਆਦਿ ਤੋਂ ਲੈ ਕੇ ਜਿੰਨੇ ਵੀ
ਭਗਤ-ਇਨਕਲਾਬੀ ਪੁਰਸ਼ ਜਿਸ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਤਰੇ ਹਨ, ਉਹ ਹੀ ਸੱਚ ਰੂਪ ਗਿਆਨ
ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਦ੍ਰਿੜਾਇਆ ਹੈ। ਇਸੇ ਤਰ੍ਹਾਂ ਰਾਮਦਾਸ ਜੀ “ਗੁਰ-ਗਿਆਨ ਨਾਲ
ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਹੋਣ ਤੋਂ ਹੀ ਹਰੀ ਦਾ ਪ੍ਰੇਮ ਪਦਾਰਥ-ਗਿਆਨ ਪ੍ਰਾਪਤ ਕੀਤਾ ਜਾ
ਸਕਦਾ ਹੈ” ਅੱਗੇ ਦ੍ਰਿੜਾਅ ਰਹੇ ਹਨ ਭਾਵ ਪ੍ਰਚਾਰ ਕਰ ਰਹੇ ਹਨ।
ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ।।
ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ ਰਸੁ ਗੁਟਇ।।
ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ।।
ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ।।
ਅਬਿਗਤ ਅਗੋਚਰੁ ਅਪਰਪਰੁ ਮਨਿ ਗੁਰ ਸਬਦੁ ਵਸਾਇਅਉ।।
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਜਗਤ ਉਧਾਰਣੁ ਪਾਇਅਉ।। ੮।।
(ਪੰਨਾ ੧੩੯੭)
ਅਰਥ:- ਪ੍ਰੇਮ ਭਗਤਿ ਪਰਵਾਹ – ਪ੍ਰੇਮ ਨਾਲ ਸੱਚ ਦੇ ਪਰਵਾਹ ਨੂੰ ਆਪਣੇ
ਜੀਵਨ ਵਿੱਚ ਅਪਣਾਉਣ ਵਾਲੇ। ਭਗਤਿ – ਭਗਤੀ ਕਰਨ ਨਾਲ ਭਾਵ ਸੱਚ ਨੂੰ ਆਪਣੇ ਜੀਵਨ ਵਿੱਚ
ਅਪਣਾਉਣ ਵਾਲੇ ਇਨਕਲਾਬੀ। ਪ੍ਰੀਤਿ ਪੁਬਲੀ ਨ ਹੁਟਇ – ਇਸ ਸੱਚ ਦੀ ਪ੍ਰੀਤ ਤੋਂ ਪਿੱਛੇ ਨਹੀਂ
ਹਟਦੇ। ਪੁਬਲੀ – ਪਿੱਛੇ। ਸਤਿਗੁਰ ਸਬਦੁ ਅਥਾਹੁ – ਉਹ ਇਹ ਜਾਣ ਜਾਂਦੇ ਹਨ ਕਿ
ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਅਥਾਹ ਹੈ। ਅਮਿਅ ਧਾਰਾ ਰਸੁ ਗੁਟਇ – ਉਸ ਦੇ ਅਥਾਹ
ਅੰਮ੍ਰਿਤ ਰਸ ਦੇ ਅਟੁੱਟ ਪ੍ਰਵਾਹ ਨੂੰ ਮਾਣਦੇ ਹਨ। ਧਾਰਾ – ਅਟੁੱਟ ਪ੍ਰਵਾਹ। ਸਰਿ
- ਬਰਾਬਰ, ਤੁਲ (ਮ: ਕੋਸ਼)। ਸਮਾਯਉ – ਲੀਨ ਹੋ ਜਾਂਦੇ ਹਨ। ਸਹਜ – ਪਰਾਬ੍ਰਹਮ,
ਕਰਤਾਰ, ਪ੍ਰਭੂ (ਮ: ਕੋਸ਼)। ਮਤਿ ਮਾਤਾ ਸੰਤੋਖ ਪਿਤਾ ਸਰਿ ਸਹਜ ਸਮਾਯਉ – ਉਹ ਜੋ
ਲੋਭ ਦਾ ਤਿਆਗ ਕਰਕੇ ਗਿਆਨ ਦੀ ਸੂਝ ਮਤਿ ਨੂੰ ਮਾਤਾ ਜਾਣ ਕੇ ਇਸ ਵਿੱਚ ਲੀਨ ਹੋ ਜਾਂਦੇ ਹਨ, ਗਿਆਨ
ਦੀ ਸੂਝ ਵਿੱਚ ਲੀਨ ਹੋਣ ਵਾਲੇ ਉਸ ਪ੍ਰਭੂ ਪਿਤਾ-ਪਾਲਕ ਅਤੇ ਰੱਖਿਅਕ ਦੇ ਦਰ `ਤੇ ਬਰਾਬਰ ਹਨ।
ਮਤਿ - ਸੂਝ। ਸੰਤੋਖ - ਲੋਭ ਦਾ ਤਿਆਗ (ਮ: ਕੋਸ਼)। ਆਜੋਨੀ ਸੰਭਵਿਅਉ –
ਜੋ ਜੂਨ ਵਿੱਚ ਨਹੀਂ ਆਉਂਦਾ ਅਤੇ ਕਦੇ ਖ਼ਤਮ ਨਹੀਂ ਹੁੰਦਾ, ਉਸ ਦੀ ਸ਼ਰਨ ਆਉਣ ਨਾਲ। ਜਗਤੁ –
ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ। ਗੁਰ – ਗਿਆਨ। ਬਚਨਿ – ਬਖ਼ਸ਼ਿਸ਼। ਗੁਰ
ਬਚਨਿ – ਉਸ ਦੀ ਬਖ਼ਸ਼ਿਸ਼ ਗਿਆਨ ਹੀ। ਤਰਾਯਉ – ਡੁੱਬਣ ਤੋਂ ਬਚਾਅ ਸਕਦਾ ਹੈ। ਅਬਿਗਤ
– ਅਵਿਅਕਤ, ਅਦ੍ਰਿਸ਼ਟ। ਅਗੋਚਰ – ਬੇਅੰਤ। ਅਪਰਪਰੁ – ਅਪਰ ਅਪਾਰ। ਮਨਿ
ਗੁਰ ਸਬਦੁ – ਮਨ ਅੰਦਰ ਉਸ ਦੀ ਬਖ਼ਸ਼ਿਸ਼। ਵਸਾਇਅਉ – ਵਸਾਉਣ ਲਈ ਪ੍ਰੇਰਨਾ। ਗੁਰ –
ਗਿਆਨ। ਕਲ੍ਯ੍ਯੁ – ਅਗਿਆਨਤਾ। ਚਰੈ – ਪ੍ਰਕਾਸ਼ ਹੋਣਾ। ਤੈ – ਤੋਂ। ਜਗਤ
ਉਧਾਰਣੁ – ਜਗਤ ਦੀ ਕਰਮ-ਕਾਂਡੀ ਵੀਚਾਰਧਾਰਾ ਤੋਂ ਉੱਪਰ ਉੱਠ ਕੇ। ਪਾਇਅਉ – ਪਾਇਆ ਜਾ
ਸਕਦਾ ਹੈ।
ਅਰਥ:- ਹੇ ਭਾਈ! ਪ੍ਰੇਮ ਨਾਲ ਇਸ ਸੱਚ ਦੇ ਪਰਵਾਹ ਨੂੰ ਆਪਣੇ ਜੀਵਨ
ਵਿੱਚ ਅਪਣਾਉਣ ਵਾਲੇ ਇਸ ਸੱਚ ਤੋਂ ਪਿੱਛੇ ਨਹੀਂ ਹਟਦੇ। ਉਹ ਇਹ ਜਾਣ ਜਾਂਦੇ ਹਨ ਕਿ ਇਕੁ ਸਦੀਵੀ
ਸਥਿਰ ਰਹਿਣ ਵਾਲੇ ਦੀ ਹੀ ਬਖ਼ਸ਼ਿਸ਼ ਅਥਾਹ ਹੈ ਅਤੇ ਉਹ ਉਸ ਦੇ ਅਥਾਹ ਅੰਮ੍ਰਿਤ ਰਸ ਦੇ ਅਟੁੱਟ ਪ੍ਰਵਾਹ
ਨੂੰ ਹੀ ਮਾਣਦੇ ਹਨ। ਉਹ ਲੋਭ ਦਾ ਤਿਆਗ ਕਰਕੇ ਗਿਆਨ ਦੀ ਸੂਝ ਮਤ ਨੂੰ ਮਾਤਾ ਜਾਣ ਕੇ ਇਸ ਵਿੱਚ ਲੀਨ
ਹੋ ਜਾਂਦੇ ਹਨ, ਗਿਆਨ ਦੀ ਸੂਝ ਵਿੱਚ ਲੀਨ ਹੋਣ ਵਾਲੇ ਉਸ ਪ੍ਰਭੂ ਪਿਤਾ-ਪਾਲਕ ਅਤੇ ਰੱਖਿਅਕ ਦੇ ਦਰ
ਉੱਪਰ ਬਰਾਬਰ ਹਨ (ਭਾਵ ਸੱਚ ਵਿੱਚ ਲੀਨ ਹੋਣ ਵਾਲੇ ਬਗੈਰ ਰੰਗ, ਨਸਲ, ਜਾਤ-ਪਾਤ, ਲਿੰਗ ਭੇਦ ਭਾਵ ਦੇ
ਇਸ ਧਰਤੀ, ਉਸ ਦੇ ਦਰ `ਤੇ ਸਭ ਬਰਾਬਰ ਹਨ, ਉਹ ਇਸ ਸੱਚ ਨੂੰ ਸਮਝਦੇ ਹਨ)। ਉਹ ਪ੍ਰਭੂ ਜੋ ਜੂਨ ਵਿੱਚ
ਨਹੀਂ ਆਉਂਦਾ ਅਤੇ ਕਦੇ ਖ਼ਤਮ ਨਹੀਂ ਹੁੰਦਾ, ਉਸ ਦੀ ਸ਼ਰਨ ਆਉਣ ਨਾਲ ਜਗਤੁ ਦੀ (ਕਰਮ-ਕਾਂਡੀ
ਵੀਚਾਰਧਾਰਾ) ਵਿੱਚ ਡੁੱਬਣ ਤੋਂ ਉਸ ਦੀ ਬਖ਼ਸ਼ਿਸ਼ ਗਿਆਨ ਨਾਲ ਹੀ ਬਚਿਆ ਜਾ ਸਕਦਾ ਹੈ। ਇਸ ਕਰਕੇ ਉਹ
ਅਦ੍ਰਿਸ਼ਟ, ਬੇਅੰਤ, ਅਪਰ ਅਪਾਰ ਪ੍ਰਭੂ ਦੇ ਗੁਰ ਬਖ਼ਸ਼ਿਸ਼ ਗਿਆਨ ਨੂੰ ਹੀ ਹਿਰਦੈ ਅੰਦਰ ਵਸਾਉਣਾ ਚਾਹੀਦਾ
ਹੈ। ਹੇ ਭਾਈ! ਗੁਰ-ਗਿਆਨ ਨਾਲ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦੇ ਪ੍ਰਕਾਸ਼ ਹੋਣ ਨਾਲ ਜਗਤ ਦੀ
(ਕਰਮ-ਕਾਂਡੀ ਵੀਚਾਰਧਾਰਾ) ਤੋਂ ਉੱਪਰ ਉੱਠ ਕੇ ਇਹ ਸੱਚ ਪਾਇਆ ਭਾਵ ਪ੍ਰਾਪਤ ਕੀਤਾ ਜਾ ਸਕਦਾ ਹੈ, ਦਾ
ਪ੍ਰਚਾਰ ਰਾਮਦਾਸ ਜੀ ਕਰ ਰਹੇ ਹਨ।