ਜਗਤ
ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ।।
ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ।।
ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ।।
ਗੁਰ ਪ੍ਰਸਾਦਿ ਪਾਈਅਹਿ ਧੰਨਿ ਤੇ ਜਨ ਬਡਭਾਗੇ।।
ਤੇ ਮੁਕਤੇ ਭਏ ਸਤਿਗੁਰ ਸਬਦਿ ਮਨਿ ਗੁਰ ਪਰਚਾ ਪਾਇਅਉ।।
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਸਬਦ ਨੀਸਾਨੁ ਬਜਾਇਅਉ।। ੯।।
(ਪੰਨਾ ੧੩੯੭-੯੮)
ਪਦ ਅਰਥ:- ਜਗਤ ਉਧਾਰਣੁ ਨਵ ਨਿਧਾਨੁ –
ਜਗਤ ਦਾ (ਕਰਮ-ਕਾਂਡਾਂ ਤੋਂ) ਉਧਾਰ ਕਰਨ ਵਾਲੇ ਸੱਚ ਦੀ
ਉਸਤਤ ਵਿੱਚ ਲੀਨ ਹੋਣ ਨਾਲ। ਨਵ – ਉਸਤਤ (ਮ: ਕੋਸ਼)। ਨਿਧਾਨੁ – ਲੀਨ
ਹੋਣਾ, ਸਮਰਪਤ ਹੋਣਾ। “ਜਿਸੁ ਮਨਿ ਬਸੈ ਸੁ ਹੋਤ ਨਿਧਾਨ।। “ (ਸੁਖਮਨੀ ਸਾਹਿਬ) ਭਗਤਹ
ਭਵ ਤਾਰਣੁ – ਭਗਤਾਂ-ਇਨਕਲਾਬੀ ਪੁਰਸ਼ਾਂ ਦੀ ਤਰ੍ਹਾਂ (ਕਰਮ-ਕਾਂਡੀ ਵੀਚਾਰਧਾਰਾ) ਦੇ ਭਵਸਾਗਰ
ਵਿੱਚ ਡੁੱਬਣ ਤੋਂ ਬਚਿਆ ਜਾ ਸਕਦਾ ਹੈ। ਤਾਰਣੁ – ਡੁੱਬਣ ਤੋਂ ਬਚਣਾ। ਅੰਮ੍ਰਿਤ ਬੂੰਦ
ਹਰਿ ਨਾਮੁ – ਹਰੀ ਦੀ ਬਖ਼ਸ਼ਿਸ਼ ਅੰਮ੍ਰਿਤ ਬੂੰਦ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ।
ਬਿਸੁ ਕੀ ਬਿਖੈ ਨਿਵਾਰਣੁ – (ਕਰਮ-ਕਾਂਡਾਂ) ਦੇ ਜ਼ਹਿਰ ਦੀ ਤਾਸੀਰ ਖ਼ਤਮ ਹੋ ਸਕਦੀ ਹੈ। ਬਿਸੁ –
ਜ਼ਹਿਰ। ਬਿਖੈ – ਜ਼ਹਿਰ ਦੀ ਤਾਸੀਰ। ਨਿਵਾਰਣੁ – ਖ਼ਤਮ ਹੋਣਾ, ਹੋ ਸਕਦਾ ਹੈ। ਸਹਜ – ਕਰਤਾਰ (ਮ:
ਕੋਸ਼)। ਤਰੋਵਰ – ਦਰੱਖ਼ਤ। ਸਹਜ ਤਰੋਵਰ ਫਲਿਓ – ਕਰਤੇ ਦੀ ਬਖ਼ਸ਼ਿਸ਼ ਗਿਆਨ ਦਾ
ਦਰੱਖ਼ਤ ਫਲਿਆ ਹੈ। ਫਲਿਓ – ਅੱਗੇ ਤੋਂ ਅੱਗੇ ਵਧਣਾ, ਫੈਲਾਉ ਹੋਣਾ। ਗਿਆਨ ਅੰਮ੍ਰਿਤ ਫਲ
ਲਾਗੇ – (ਜਿਹੜੇ) ਗਿਆਨ ਦੇ ਅੰਮ੍ਰਿਤ ਰੂਪੀ ਫਲ ਨਾਲ ਜੁੜੇ ਹੋਏ ਹਨ। ਲਾਗੇ – ਜੁੜਨਾ। ਗੁਰ
ਪ੍ਰਸਾਦਿ ਪਾਈਅਹਿ ਧੰਨਿ – ਉਨ੍ਹਾਂ ਨੇ ਉਸ ਧੰਨਿ-ਸਲਾਹੁਣਯੋਗ ਕਰਤੇ ਦੀ ਬਖ਼ਸ਼ਿਸ਼ ਗਿਆਨ ਰੂਪ
ਵਿੱਚ ਪ੍ਰਾਪਤ ਕੀਤੀ। ਗੁਰ – ਗਿਆਨ। ਪ੍ਰਸਾਦਿ – ਕ੍ਰਿਪਾ, ਬਖ਼ਸ਼ਿਸ਼। ਪਾਈਅਹਿ –
ਪ੍ਰਾਪਤ ਕੀਤੀ। ਤੇ ਜਨ ਬਡਭਾਗੇ – ਉਹ ਜਨ ਬਡਭਾਗੀ ਹਨ। ਤੇ – ਉਹ। ਤੇ
ਮੁਕਤੇ ਭਏ ਸਤਿਗੁਰ ਸਬਦਿ – ਉਹ ਜਨ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਨਾਲ (ਅਵਤਾਰਵਾਦ ਦੀ
ਕਰਮ-ਕਾਂਡੀ ਵੀਚਾਰਧਾਰਾ) ਤੋਂ ਮੁਕਤ ਹੋ ਗਏ। ਸਬਦਿ – ਬਖ਼ਸ਼ਿਸ਼ ਨਾਲ। ਮਨਿ ਗੁਰ ਪਰਚਾ
ਪਾਇਅਉ – ਉਨ੍ਹਾਂ ਨੇ ਦਿਲ ਤੋਂ ਇਸ ਸੱਚ-ਗਿਆਨ ਨਾਲ ਸਾਂਝ ਪਾ ਲਈ। ਗੁਰ – ਗਿਆਨ।
ਮਨਿ – ਦਿਲੋਂ, ਦਿਲ ਤੋਂ। ਕਲ੍ਯ੍ਯੁ – ਅਗਿਆਨਤਾ। ਚਰੈ – ਪ੍ਰਕਾਸ਼ ਹੋਣਾ। ਤੈ – ਤੂੰ।
ਸਬਦ – ਬਖ਼ਸ਼ਿਸ਼। ਨੀਸਾਨੁ – ਨਗਾਰਾ। ਬਜਾਇਅਓ - ਵਜਾਇਆ।
ਅਰਥ:- ਹੇ ਭਾਈ! ਭਗਤਾਂ-ਇਨਕਲਾਬੀ ਪੁਰਸ਼ਾਂ ਦੀ ਤਰ੍ਹਾਂ ਜਗਤ ਦਾ
(ਕਰਮ-ਕਾਂਡਾਂ) ਤੋਂ ਉਧਾਰ ਕਰਨ ਵਾਲੇ ਸੱਚੇ ਦੇ ਸੱਚ ਦੀ ਉਸਤਤ ਗਿਆਨ ਵਿੱਚ ਲੀਨ ਹੋਣ ਨਾਲ
(ਕਰਮ-ਕਾਂਡੀ ਵੀਚਾਰਧਾਰਾ) ਦੇ ਭਵਸਾਗਰ ਵਿੱਚ ਡੁੱਬਣ ਤੋਂ ਬਚਿਆ ਜਾ ਸਕਦਾ ਹੈ। ਹਰੀ ਦੀ ਬਖ਼ਸ਼ਿਸ਼
ਅੰਮ੍ਰਿਤ ਬੂੰਦ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਹੀ (ਕਰਮ-ਕਾਂਡਾਂ) ਦੇ ਜ਼ਹਿਰ ਦੀ ਤਸੀਰ
ਖ਼ਤਮ ਹੋ ਸਕਦੀ ਹੈ। ਕਰਤੇ ਦੀ ਬਖ਼ਸ਼ਿਸ਼ ਦਾ ਗਿਆਨ ਰੂਪੀ ਦਰੱਖ਼ਤ ਫਲਿਆ-ਭਰਪੂਰ ਹੈ, ਜਿਹੜੇ ਇਸ ਪੂਰਨ
ਗਿਆਨ ਦੇ ਅੰਮ੍ਰਿਤ ਰੂਪੀ ਫਲ ਨਾਲ ਜੁੜੇ, ਉਨ੍ਹਾਂ ਨੇ ਉਸ ਧੰਨਿ-ਸਲਾਹੁਣਯੋਗ ਕਰਤੇ ਦੀ ਬਖ਼ਸ਼ਿਸ਼ ਗਿਆਨ
ਰੂਪ ਵਿੱਚ ਪ੍ਰਾਪਤ ਕੀਤੀ। ਜਿਨ੍ਹਾਂ ਨੇ ਬਖ਼ਸ਼ਿਸ਼ ਪ੍ਰਾਪਤ ਕੀਤੀ, ਉਹ ਜਨ ਵਡਭਾਗੀ ਭਾਵ ਖ਼ੁਸ਼ਕਿਸਮਤ
ਹਨ। ਉਹ ਜਨ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ ਨਾਲ (ਅਵਤਾਰਵਾਦ ਦੀ ਕਰਮ-ਕਾਂਡੀ ਵੀਚਾਰਧਾਰਾ)
ਤੋਂ ਮੁਕਤ ਹੋਏ ਅਤੇ ਉਨ੍ਹਾਂ ਨੇ ਮਨਿ-ਮਨ ਕਰਕੇ ਭਾਵ ਦਿਲ ਤੋਂ ਇਸ ਸੱਚ-ਗਿਆਨ ਨਾਲ ਸਾਂਝ ਪਾਈ। ਇਸੇ
ਲਈ, (ਅਵਤਾਰਵਾਦੀ) ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦੇ ਪ੍ਰਕਾਸ਼ ਲਈ ਸ਼ਬਦ-ਗਿਆਨ ਦੀ ਬਖ਼ਸ਼ਿਸ਼ ਦਾ
ਨਗਾਰਾ ਰਾਮਦਾਸ ਜੀ! ਤੁਸਾਂ ਵਜਾਇਆ ਹੈ।
ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ।।
ਗੁਰ ਸਬਦਿ ਸਮਾਚਰਿਓ ਨਾਮੁ ਟੇਕ ਸੰਗਾਦਿ ਬੋਹੈ।।
ਅਜੋਨੀਉ ਭਲ੍ਯ੍ਯੁ ਅਮਲੁ ਸਤਿਗੁਰ ਸੰਗਿ ਨਿਵਾਸੁ।।
ਗੁਰ ਰਾਮਦਾਸ ਕਲ੍ਯ੍ਯੁਚਰੈ ਤੁਅ ਸਹਜ ਸਰੋਵਰਿ ਬਾਸੁ।। ੧੦।।
(ਪੰਨਾ ੧੩੯੮)
ਪਦ ਅਰਥ:- ਸੇਜ ਸਧਾ ਸਹਜੁ ਛਾਵਾਣੁ (
ਸਵੈਯੇ
ਮ: ੪ ਕੇ) ਸ੍ਰੱਧਾ ਸੇਜਾ (ਸਿੰਘਾਸਨ) ਹੈ, ਗਯਾਨ ਸਾਇਬਾਨ ਹੈ (ਮ: ਕੋਸ਼)। ਸੇਜ ਸਧਾ –
ਸਿੰਘਾਸਨ। ਸਹਜੁ – ਕਰਤਾਰ (ਮ: ਕੋਸ਼)। ਛਾਵਾਣੁ – ਚੰਦੋਆ। ਸਹਜੁ
ਛਾਵਾਣੁ – ਜਿਨ੍ਹਾਂ ਦੇ ਸਿਰ ਉੱਤੇ ਕਰਤੇ ਦੀ ਬਖ਼ਸ਼ਿਸ਼ ਗਿਆਨ ਦਾ ਚੰਦੋਆ। ਸਰਾਇਚਉ –
ਝੁਲਦਾ ਹੈ। “ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ।। “ (ਪੰਨਾ ੯੮੯)। ਸਦਾ -
ਹਮੇਸ਼ਾ। ਸੀਲ – ਪਵਿੱਤਰ ਧਰਮ ਮਾਰਗ। ਸਮਾਚਰਿਓ – ਮਹਾਨ ਕੋਸ਼ ਅਨੁਸਾਰ ਸੰ: ਦੇ ਸ਼ਬਦ
ਸਮਾਚਰਣ ਤੋਂ ਹੈ ਜਿਸ ਦਾ ਅਰਥ ਹੈ ਆਚਰਣ, ਨੇਕ ਚਾਲ ਚੱਲਣ, ਅਮਲ ਕਰਨਾ, ਅਭਿਆਸ ਕਰਨਾ। ਨਾਮੁ – ਸੱਚ
ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਟੇਕ – ਆਧਾਰ। ਸੰਗਾਦਿ – ਸੰਗੀ ਸਾਥੀ।
ਬੋਹੈ – ਬੋਧਨ ਕਰਦਾ ਹੈ। (ਬੋਧਨ – ਸਮਝਾਉਣਾ, ਜਾਣੂ ਕਰਵਾਉਣਾ ਭਾਵ ਪ੍ਰੇਰਨਾ ਕਰਨਾ)।
ਨਾਮੁ ਟੇਕ – ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ। ਅਜੋਨੀਉ – ਉਹ ਅਜੂਨੀ ਹੈ।
ਭਲ੍ਯ੍ਯੁ – ਭਲਿਆਈ। ਭਲ੍ਯ੍ਯੁ ਅਮਲੁ – ਇਸ ਕਰਕੇ ਇਸ ਸੱਚ ਉੱਪਰ ਅਮਲ ਕਰਨ ਵਿੱਚ ਹੀ
ਭਲਿਆਈ ਹੈ। ਸਤਿਗੁਰ ਸੰਗਿ ਨਿਵਾਸੁ – ਅਜੂਨੀ ਹੀ ਹਮੇਸ਼ਾ ਸੰਗ ਵੱਸਦਾ ਹੈ। ਗੁਰ –
ਗਿਆਨ। ਕਲ੍ਯ੍ਯੁ – ਅਗਿਆਨਤਾ। ਚਰੈ – ਪ੍ਰਕਾਸ਼ ਹੋਣਾ।
ਅਰਥ:- ਜਿਸ ਦੇ ਹਿਰਦੇ ਰੂਪੀ ਘਰ ਦੇ ਸਿੰਘਾਸਨ ਉੱਤੇ ਗਿਆਨ ਸੁਭਾਇਮਾਨ
ਹੈ ਅਤੇ ਸਿਰ ਉੱਪਰ ਵੀ ਕਰਤੇ ਦੀ ਬਖ਼ਸ਼ਿਸ਼ ਗਿਆਨ ਦਾ ਹੀ ਚੰਦੋਆ-ਛਤ੍ਰ ਝੁੱਲਦਾ ਹੈ, ਜੋ ਹਮੇਸ਼ਾ ਹੀ
ਸੰਤੋਖ ਨਾਲ ਗਿਆਨ ਦਾ ਆਪਣੇ ਜੀਵਨ ਵਿੱਚ ਅਭਿਆਸ ਕਰਕੇ ਇਸ ਪਵਿੱਤਰ ਗਿਆਨ ਦੇ ਮਾਰਗ ਉੱਪਰ ਚਲਦਾ ਹੈ,
ਉਸ ਦੇ ਸਿਰ ਹੀ ਗਿਆਨ ਦਾ ਸਨਾਹ-ਤਾਜ ਸ਼ੋਭਦਾ ਹੈ। ਗਿਆਨ ਦੀ ਬਖ਼ਸ਼ਿਸ਼ `ਤੇ ਅਮਲ ਕਰਨ ਵਾਲਾ ਨਾਮੁ-ਸੱਚ
ਨੂੰ ਟੇਕ-ਆਪਣੇ ਜੀਵਨ ਦਾ ਆਧਾਰ ਬਣਾਉਣ ਵਾਲਾ ਆਪਣੇ ਸੰਗੀ ਸਾਥੀਆਂ ਨੂੰ ਵੀ ਨਾਮੁ-ਸੱਚ ਨੂੰ ਹੀ
ਆਪਣੇ ਜੀਵਨ ਦਾ ਆਧਾਰ ਬਣਾਉਣ ਲਈ ਹੀ ਪ੍ਰੇਰਦਾ ਹੈ। ਇਸ ਕਰਕੇ ਸੱਚ (ਗਿਆਨ) ਨੂੰ ਆਪਣੇ ਜੀਵਨ ਵਿੱਚ
ਅਮਲ ਕਰਨ ਵਿੱਚ ਹੀ ਭਲਿਆਈ ਹੈ ਜੋ ਹਮੇਸ਼ਾ ਨਾਲ ਵੱਸਦਾ ਹੈ। ਇਸ ਲਈ (ਅਵਤਾਰਵਾਦੀ ਕਰਮ-ਕਾਂਡੀਆਂ ਦੇ
ਫੈਲਾਏ) ਅਗਿਆਨਤਾ ਦੇ ਹਨੇਰੇ ਵਿੱਚ ਰਾਮਦਾਸ ਜੀ ਗਿਆਨ ਦਾ ਪ੍ਰਕਾਸ਼ ਕਰ ਰਹੇ ਹਨ ਤਾਂ ਜੋ ਕਰਤੇ ਦੇ
ਗਿਆਨ ਸਰੋਵਰ ਵਿੱਚ ਮਾਨਵਤਾ ਦਾ ਬਾਸੁ-ਵਾਸਾ ਭਾਵ ਲੀਨ ਭਾਵ ਸਮਰਪਤ ਹੋ ਸਕੇ।