ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਅੱਜ ਦੇ ਵਿਆਹ ਉਜਾੜੇ ਦਾ ਰਾਹ
(ਭਾਗ-1)
ਵਿਆਹ, ਮਨੁੱਖੀ ਜ਼ਿੰਦਗੀ ਦਾ ਬਹੁਤ ਹੀ ਖੁਸ਼ੀਆਂ ਭਰਿਆ ਵਾਲਾ ਸਮਾਂ ਹੁੰਦਾ ਹੈ। ਇਸ ਵਿੱਚ ਭਾਈਚਾਰਕ
ਸਾਰੀਆਂ ਤੰਦਾਂ ਨੂੰ ਇਕੱਠਾ ਕੀਤਾ ਜਾਂਦਾ ਹੈ। ਦੁਨੀਆਂ ਵਿੱਚ ਰਿਸ਼ਤੇ ਤਿੰਨ ਪ੍ਰਕਾਰ ਦੇ ਹੁੰਦੇ ਹਨ।
ਇਹਨਾਂ ਸਾਰਿਆਂ ਵਿਚੋਂ ਪਹਿਲਾ ਖ਼ੂਨ ਦਾ ਰਿਸ਼ਤਾ ਮੰਨਿਆ ਗਿਆ ਹੈ। ਖੂਨ ਦੇ ਰਿਸ਼ਤੇ ਵਿੱਚ ਭੈਣ ਭਾਈ
ਚਾਚੇ ਤਾਏ ਭੂਆ ਇਤਿਆਦਕਿ ਆ ਜਾਂਦੇ। ਸਿਆਣੇ ਆਖਦੇ ਹਨ ਕਿ ਦੁਨੀਆਂ ਵਿੱਚ ਖੂਨ ਦਾ ਰਿਸ਼ਤਾ ਬੜਾ ਹੀ
ਭਾਵਨਾ ਵਾਲਾ ਹੁੰਦਾ ਹੈ। ਭਰਾ ਇੱਕ ਦੂਜੇ ਤੋਂ ਜਾਨ ਵਾਰਨ ਤਕ ਜਾਂਦੇ ਹਨ ਪਰ ਜੇ ਭਰਾਵਾਂ ਵਿੱਚ
ਬੇ-ਇਤਫ਼ਾਕੀ ਪੈ ਜਾਏ ਤਾਂ ਸ਼ਰੀਕੇ ਬਾਜ਼ੀ ਵਿੱਚ ਬਦਲ ਜਾਂਦੀ ਹੈ। ਫਿਰ ਭਰਾ ਪੀੜ੍ਹੀਆਂ ਤਕ ਦੁਸ਼ਮਣੀ
ਵਾਲਾ ਰਵੱਈਆ ਹੀ ਰੱਖਦਾ ਹੈ। ਖੂਨ ਦਾ ਰਿਸ਼ਤਾ ਅਪਣੱਤ ਤੇ ਨਫਰਤ ਦੋਹਾਂ ਦਾ ਹੀ ਸੁਮੇਲ ਵਾਲਾ ਹੁੰਦਾ
ਹੈ। ਦੂਜਾ ਰਿਸ਼ਤਾ ਵਿਚਾਰ `ਤੇ ਪਿਆਰ ਦਾ ਰਿਸ਼ਤਾ ਹੈ। ਗੁਰੂ ਨਾਨਕ ਸਾਹਿਬ ਦਾ ਭਾਈ ਲਹਿਣਾ ਜੀ ਨਾਲ
ਕੋਈ ਖੂਨ ਦਾ ਰਿਸ਼ਤਾ ਨਹੀਂ ਹੈ ਪਰ ਜਦੋਂ ਪਿਆਰ ਤੇ ਵਿਚਾਰ ਰਲ਼ ਗਏ ਤਾਂ ਭਾਈ ਲਹਿਣਾ ਜੀ ਗੁਰੂ ਅੰਗਦ
ਪਾਤਸਾਹ ਜੀ ਦੇ ਰੂਪ ਵਿੱਚ ਬਦਲ ਗਏ। ਵਿਚਾਰ ਤੇ ਪਿਆਰ ਦੀ ਸਾਂਝ ਕਰਕੇ ਹੀ ਭਾਈ ਦਇਆਂ ਸਿੰਘ ਜੀ ਨੇ
ਆਪਣੇ ਆਪ ਨੂੰ ਗੁਰੂ ਲਈ ਅਰਪਨ ਕਰ ਦਿੱਤਾ। ਹਰ ਸਿੱਖ ਦਾ ਆਪਸ ਵਿੱਚ ਪਿਆਰ `ਤੇ ਵਿਚਾਰ ਦਾ ਰਿਸ਼ਤਾ
ਹੈ। ਕਈ ਵਾਰੀ ਆਪਣੇ ਸਾਕਾਂ ਸਬੰਧੀਆਂ ਨਾਲ ਨਹੀਂ ਬਣਦੀ ਪਰ ਦੋਸਤਾਂ ਨਾਲ ਜ਼ਿਆਦਾ ਨਿਭ ਜਾਂਦੀ ਹੈ
ਕਿਉਂ ਕਿ ਵਿਚਾਰ ਰਲਦੇ ਹਨ। ਤੀਜੀ ਕਿਸਮ ਦੇ ਰਿਸ਼ਤੇ ਨੂੰ ਸਮਾਜਿਕ ਰਿਸ਼ਤੇ ਦਾ ਨਾਂ ਦਿੱਤਾ ਜਾਂਦਾ
ਹੈ। ਜਿਸ ਸਮਾਜ ਵਿੱਚ ਸਾਡੀ ਪਰਵਿਸ਼ ਹੋਈ ਹੈ ਉਸ ਸਮਾਜ ਵਿੱਚ ਵਿਆਹ ਤੋਂ ਪਹਿਲਾਂ ਲੜਕੀ ਤੇ ਲੜਕੇ
ਨੂੰ ਇਕੱਠੇ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ। ਬੱਚੇ ਅਤੇ ਬੱਚੀ ਨੂੰ ਇਕੱਠੇ ਰਹਿਣ ਦੀ ਆਗਿਆ
ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਮਨ ਬਣਾ ਕਿ ਭਾਈਚਾਰੇ ਨੂੰ ਇਕੱਠਿਆਂ ਕਰਕੇ ਦਿੱਤੀ ਜਾਂਦੀ ਹੈ ਕਿ
ਅੱਜ ਤੋਂ ਬਾਅਦ ਤੁਸੀ ਦੋ ਸਰੀਰ ਇਕੱਠੇ ਰਹਿ ਸਕਦੇ ਹੋ। ਸਰੀਰ ਭਾਂਵੇਂ ਤੁਹਾਡੇ ਦੋ ਹਨ ਪਰ ਤੁਹਾਡੀ
ਵਿਚਾਰਧਾਰਾ ਇੱਕ ਹੋਣੀ ਚਾਹੀਦੀ ਹੈ।
ਖ਼ੂਨ ਦਾ ਰਿਸ਼ਤਾ ਆਪਣੇ ਆਪ ਪੈਦਾ ਹੁੰਦਾ ਹੈ। ਪਿਆਰ `ਤੇ ਵਿਚਾਰ ਦਾ ਰਿਸ਼ਤਾ ਗੱਲ ਸਮਝ ਵਿੱਚ ਆਉਣ
ਨਾਲ ਬਣਦਾ ਹੈ ਤੇ ਤੀਜਾ ਰਿਸ਼ਤਾ ਬਣਾਇਆ ਜਾਂਦਾ ਹੈ। ਰਿਸ਼ਤਾ ਬਣਾਉਣ ਲਈ ਭਾਈਚਾਰੇ ਨੂੰ ਇਕੱਠਿਆਂ
ਕੀਤਾ ਜਾਂਦਾ ਹੈ ਤਾਂ ਕਿ ਇਸ ਰਿਸ਼ਤੇ ਵਿੱਚ ਕਦੇ ਤਰੇੜ ਨਾ ਆਏ। ਜੇ ਕਿਤੇ ਲੋੜ ਪਵੇ ਤਾਂ ਫਿਰ
ਭਾਈਚਾਰੇ ਦੀ ਹੀ ਸਹਾਇਤਾ ਲਈ ਜਾਂਦੀ ਹੈ। ਗੱਲ ਤਾਂ ਬੜੀ ਭਾਵਪੂਰਤ ਹੁੰਦੀ ਸੀ। ਅਜੇਹਿਆਂ ਸਮਿਆਂ
`ਤੇ ਭਾਈਚਾਰੇ ਦਾ ਆਪਸੀ ਪਿਆਰ ਵੀ ਪ੍ਰਗਟ ਹੁੰਦਾ ਹੈ। ਮੈਂ ਭੁਲਦਾ ਨਾ ਹੋਵਾਂ ਤਾਂ ਅੱਜ ਤੋਂ ਕੁੱਝ
ਚਿਰ ਪਹਿਲਾਂ ਵਿਆਹ ਅਤੇ ਮਰਨੇ ਆਦਿ `ਤੇ ਜ਼ਿਆਦਾਤਰ ਘਰ ਵਿਚੋਂ ਸਿਆਣਾ `ਤੇ ਵਡੇਰੀ ਉਮਰ ਵਾਲਾ ਹੀ
ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੁੰਦਾ ਸੀ। ਆਵਾਜਾਈ ਦੇ ਸਾਧਨ ਵੀ ਘੱਟ ਹੁੰਦੇ ਸੀ। ਦੂਜਾ ਸਿਆਣਾ
ਬੰਦਾ ਪਰੇ ਪੰਚਾਇਤ ਵਿੱਚ ਬੈਠ ਕੇ ਗੱਲ ਪਤੇ ਦੀ ਭਾਵ ਤੋਲ ਨਾਪ ਕੇ ਕਰਦੇ ਸਨ। ਇਸ ਭਰਵੇਂ ਇਕੱਠ
ਵਿੱਚ ਸਮਾੁਜਕ ਰਸਮਾਂ ਵੀ ਪੂਰੀਆਂ ਕੀਤੀਆਂ ਜਾਂਦੀਆਂ ਸਨ। ਨਿਉਂਤਾ ਪਾਇਆ ਜਾਂਦਾ ਸੀ ਤਾਂ ਕਿ ਇਸ
ਪਰਵਾਰ ਦੀ ਕੁੱਝ ਮਦਦ ਹੋ ਸਕੇ। ਵਿਆਹ ਦੀ ਰਸਮ ਕੁੱਝ ਆਪਣੇ ਆਪਣੇ ਇਲਾਕੇ ਅਨੁਸਾਰ ਵੀ ਹੁੰਦੀ ਸੀ।
ਹੁਣ ਤਾਂ ਵਿਆਹ ਦੀਆਂ ਰਸਮਾਂ ਸ਼ੈਤਾਨ ਦੀਆਂ ਆਂਦਰਾਂ ਵਾਂਗ ਨਿੱਤ ਵੱਧਦੀਆਂ ਹੀ ਜਾਦੀਆਂ ਹਨ ਕਿਤੇ
ਵੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਿੰਨਿਆਂ ਵਿਆਹਾਂ ਵਿੱਚ ਜਾਓਗੇ ਤੂਹਾਨੂੰ ਓਨੀਆਂ ਹੀ ਵਾਧੂ
ਰਸਮਾਂ ਦੇਖਣ ਨੂੰ ਮਿਲ ਜਾਣਗੀਆਂ। ਜਿੱਥੇ ਪੈਸੇ ਦੀ ਬਹੁਤਾਤ ਹੋਏਗੀ ਸਮਾਜਿਕ ਬੁਰਾਈਆਂ ਵਾਲੀਆਂ
ਰਸਮਾਂ ਵੀ ਓੱਥੇ ਹੀ ਪੈਦਾ ਹੋਣਗੀਆਂ। ਸਰਦੇ ਪੁਜਦੇ ਬੰਦੇ ਨੂੰ ਕੋਈ ਬਹੁਤਾ ਔਖਾ ਨਹੀਂ ਹੁੰਦਾ ਪਰ
ਕਿਰਤੀ ਮਨੁੱਖ ਜਾਣ ਬੁਝ ਕਿ ਇਸ ਕੜਿੱਕੀ ਵਿੱਚ ਫਸਿਆ ਪਿਆ ਹੈ। ਫਸੇ ਹੋਏ ਮਨੁੱਖ ਕਿਸੇ ਸਿਆਣੇ
ਮਨੁੱਖ ਦੀ ਸਲਾਹ ਨਹੀਂ ਲੈਣਗੇ ਸਗੋਂ ਆਪਣੇ ਛੋਟੇ ਨਿਆਣਿਆਂ ਦੀ ਸਲਾਹ ਲੈਣਗੇ ਜਿੰਨ੍ਹਾਂ ਨੂੰ ਅਜੇਹੇ
ਖਰਚਿਆਂ ਦੀ ਕੋਈ ਵਾਕਫੀਅਤ ਨਹੀਂ ਹੁੰਦੀ। ਪਰਵਾਰ ਦੇ ਬੱਚੇ ਆਪਣਿਆਂ ਮਿੱਤਰਾਂ ਵਿੱਚ ਠੁੱਕ ਬਣਾਉਣ
ਲਈ ਹੀ ਬਾਪੂ ਦਾ ਕੂੰਡਾ ਕਰਾ ਦੇਂਦੇ ਹਨ। ਇਹਨਾਂ ਖਰਚਿਆਂ ਵਿੱਚ ਬੀਬੀਆਂ ਵੀ ਪੂਰੀਆਂ ਭਾਈਵਾਲ
ਹੁੰਦੀਆਂ ਹਨ। ਜੇ ਕੋਈ ਇਹਨਾਂ ਦੇ ਭਲੇ ਦੀ ਸਲਾਹ ਦੇਵੇ ਤਾਂ ਇਹ ਅੱਗੋਂ ਮਖੌਲ ਕਰਨਗੇ, ਲੈ ਅਸੀਂ
ਕੋਈ ਨਿਆਣੇ ਹਾਂ ਸਾਨੂੰ ਸਾਰੀ ਸਮਝ ਹੈ ਕਿ ਸਾਡੇ ਪਾਪਾ ਜੀ ਨੇ ਕੀ ਕਰਨਾ ਹੈ। ਉਹਨਾਂ ਦੇ ਦਿਮਾਗ
ਵਿੱਚ ਇੱਕ ਗੱਲ ਅੜੀ ਹੁੰਦੀ ਹੈ ਕਿ ਅਸੀਂ ਕਿਸੇ ਨਾਲੋਂ ਘੱਟ ਨਹੀਂ ਹਾਂ। ਤੁਸੀਂ ਦੇਖੋਗੇ ਕਿ ਅੱਜ
ਕਲ੍ਹ ਮਡ੍ਹੀਰ ਹੀ ਵਿਆਹ ਵਿੱਚ ਪ੍ਰਧਾਨ ਹੁੰਦੀ ਹੈ।
ਵਿਆਹ ਦੀ ਅਰੰਭਤਾ ਮੈਰਿਜ ਪੈਲਿਸ ਤੋਂ ਸ਼ੁਰੂ ਹੁੰਦੀ ਹੈ। ਕਿਸੇ ਜਾਣ ਪਛਾਣ ਵਾਲੇ ਨੇ ਆਪਣੀ
ਲੜਕੀ ਦਾ ਰਿਸ਼ਤਾ ਕੀਤਾ। ਲੜਕੇ ਵਾਲਿਆਂ ਦੀ ਇਕੋ ਮੰਗ ਸੀ ਕਿ ਅਸਾਂ ਗੌਣ ਵਾਲਾ ਇੱਕ ਵੱਡਾ ਸਾਰਾ
ਗਾਇਕ, ਤਾਏ ਨਿਹਾਲ ਸਿੰਘ ਦੀ ਗੱਲ ਖੁਣੋ ਵੱਡਾ ਕੰਜਰ ਕੀਤਾ ਹੈ। ਕਿਉਂ ਕਿ ਸਾਡੇ ਮਡ੍ਹੀਰ ਵੀ
ਦੁਨੀਆਂ ਨਾਲੋਂ ਨਿਵੇਕਲੀ ਆਉਣੀ ਹੈ। ਕਿਸੇ ਨੇ ਟੁੱਟੂ ਹਜ਼ਾਮਤ ਕਰਾਈ ਹੋਣੀ ਆਂ, ਕਿਸੇ ਨੇ ਟੈਟੂ
ਪਵਾਏ ਹੋਣੇ ਐਂ, ਕਿਸੇ ਨੇ ਸੱਜਰੀਆਂ ਕੰਨਾਂ ਵਿੱਚ ਮੁੰਦਰਾਂ ਪਾ ਕੇ ਪਿੱਛੇ ਲਿਟਾਂ ਛੱਡੀਆਂ
ਹੋਣੀਐਂ, ਕਿਸੇ ਨੇ ਗੋਡਿਆਂ ਤੋਂ ਪੈਂਟ ਪੜਵਾਈ ਹੋਣੀ ਆਂ, ਕਿਸੇ ਨੇ ਜ਼ੀਨ ਦੀ ਪੈਂਟ ਏਦਾਂ ਦੀ ਪਾਈ
ਹੋਣੀ ਕਿ ਉਹਨੂੰ ਨੰਗਾ ਹੋਣ ਦੀ ਲੋੜ ਹੀ ਨਾ ਪਏ। ਆਪਣਿਆਂ ਵਿੱਚ ਹੀ ਫਿਰਦਾ ਪੂਰਾ ਬੇਸ਼ਰਮ ਲੱਗੇ। ਇਸ
ਲਈ ਮੈਰਿਜ ਪੈਲਿਸ ਜ਼ਰਾ ਚੰਗਾ ਹੀ ਹੋਏ ਤਾਂ ਚੰਗਾ ਹੈ। ਬਾਕੀ ਸਾਨੂੰ ਹੋਰ ਕੁੱਝ ਨਹੀਂ ਚਾਹੀਦਾ। ਲਓ
ਜੀ ਮਡ੍ਹੀਰ ਦੀ ਗੱਲ ਮੰਨਦਿਆਂ ਲੜਕੀ ਵਾਲਾ ਪਰਵਾਰ ਠੁਕਿਆ ਪੁਰੇ ਪੰਦਰ੍ਹਾਂ ਲੱਖ ਰੁਪਏ ਵਿਚ। ਕਿਉਂ
ਹੋਈ ਨਾ ਸਮਾਜ ਵਿੱਚ ਬੈਹਜਾ ਬੈਹਜਾ--
ਜ਼ਿਆਦਾ ਵਿਸਥਾਰ ਵਿੱਚ ਤਾਂ ਨਹੀਂ ਜਾਣਾ ਚਾਹੁੰਦਾ ਕਿਉਂ ਕਿ ਉਜਾੜੇ ਦੀ ਦਾਸਤਾਂ ਲੰਬੀ ਹੋ ਜਾਣੀ ਹੈ।
ਸਿਰਫ ਵਿਆਹ ਦੀਆਂ ਰਸਮਾਂ ਦੀ ਹੀ ਗੱਲ ਕੀਤੀ ਜਾਏਗੀ। ਵਿਆਹ ਦਾ ਦਿਨ ਬੱਝ ਗਿਆ ਵਿਆਹ ਵਾਲਾ ਕਾਰਡ
ਬਣਾਉਣ ਤੋਂ ਉਜਾੜੇ ਦੀ ਗੱਲ ਸ਼ੁਰੂ ਹੁੰਦੀ ਹੈ। ਮਹਿੰਗੇ ਤੋਂ ਮਹਿੰਗਾ ਸ਼ਾਦੀ ਵਾਲਾ ਕਾਰਡ ਬਣਾਉਣ ਨੂੰ
ਅਸੀਂ ਤਰਜੀਹ ਦੇਵਾਂਗੇ। ਨਾਲ ਹੀ ਕਾਰਡ ਬਣਾਉਣ ਵਾਲੇ ਨੂੰ ਕਹਾਂਗੇ ਕਿ ਭਾਈ ਜੀ ਕਾਰਡ ਉਹ ਦਿਖਾਇਆ
ਜੇ ਜਿਹੜਾ ਅਜੇ ਤਕ ਕਿਸੇ ਨੇ ਨਾ ਬਣਾਇਆ ਹੋਵੇ ਹਾਂ ਜੀ ਬਿਲਕੁਲ ਨਿਵੇਕਲਾ ਹੋਵੇ। ਫਿਰ ਨਾਲ ਹੀ
ਸਵੀਟ ਵਾਲੀ ਦੁਕਾਨ `ਤੇ ਜਾ ਹਾਜ਼ਰੀ ਲਗਾਉਂਦੇ ਹਾਂ ਤੇ ਮਹਿੰਗੀ ਮਠਿਆਈ ਵਾਲੇ ਡੱਬੇ ਦਾ ਆਰਡਰ ਦੇ
ਆੳਂਦੇ ਹਾਂ। ਹਰ ਘਰ ਵਿੱਚ ਕਾਰਡ ਜਾਂਦਾ ਹੈ ਅੱਗੋਂ ਬੜੀ ਬੇਰੁੱਖੀ ਜੇਹੀ ਨਾਲ ਘਰ ਵਾਲੇ ਔਖੇ ਭਾਰੇ
ਹੋ ਕੇ ਕਹਿ ਹੀ ਦੇਂਦੇ ਹਨ ਕਿ ਕਾਰਡ ਤਾਂ ਬੜਾ ਵਧੀਆ ਹੈ। ਬੱਸ ਏਹੀ ਗੱਲ ਤਾਂ ਆਪਾਂ ਸੁਣਨ ਲਈ ਏਨੇ
ਪੇਸੇ ਖਰਚ ਕੀਤੇ ਸਨ। ਜਿਸ ਘਰ ਵਿੱਚ ਕਾਰਡ ਜਾਂਦਾ ਹੈ ਓੱਥੇ ਅੱਗੇ ਵੀ ਦੋ ਤਿੰਨ ਡੱਬੇ ਕਤਾਰ ਵਿੱਚ
ਲੱਗੇ ਹੁੰਦੇ ਹਨ। ਕਾਰਡ ਦੇ ਕੇ ਅਜੇ ਬੰਦਾ ਬਾਹਰ ਹੀ ਨਿਕਲਿਆ ਹੁੰਦਾ ਹੈ ਮਠਿਆਈ `ਤੇ ਬਹਿਸ ਸ਼ੁਰੂ
ਹੋ ਜਾਂਦੀ ਹੈ। ਅਖੀਰ ਫੈਸਲਾ ਇਹ ਹੁੰਦਾ ਹੈ ਕਿ ਜੇ ਤੁਸਾਂ ਮਠਿਆਈ ਨਹੀਂ ਵਰਤਣੀ ਤਾਂ ਕੰਮ ਵਾਲੀ
ਨੂੰ ਚੁਕਾ ਦਿਆ ਜੇ। ਹੈ ਨਾ ਕਾਰਡ ਦੇਣ ਵਾਲੇ ਦੀ ਸ਼ਰਧਾ ਨਾਲ ਦਿਨ ਦੀਵੀਂ ਖਿਲ਼ਵਾੜ? ਸਾਰੀਆਂ ਰਸਮਾਂ
ਦੀ ਸ਼ਾਇਦ ਵਿਚਾਰ ਲੰਮੇਰੀ ਹੋ ਜਾਏਗੀ। ਵਿਆਹ ਵਿੱਚ ਅਸਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਓਟ ਆਸਰਾ
ਲਿਆ ਹੁੰਦਾ ਹੈ। ਅਰੰਭੇ ਕਾਰਜ ਰਾਸ ਕਰਨ ਦੀ ਅਰਦਾਸ ਵੀ ਕੀਤੀ ਜਾਂਦੀ ਹੈ। ਲਓ ਜੀ ਅਰੰਭੇ ਕਾਰਜ
ਦੇਖੋ ਜੀ ਸਭਿਆਚਾਰ ਵਾਲੇ ਵੀ ਇਹਨਾਂ ਅਰੰਭਿਆਂ ਕਾਰਜਾਂ ਵਿੱਚ ਹੀ ਆਉਂਦੇ ਹਨ ਤੇ ਦਾਰੂ ਪੀਣ ਵਾਲੇ
ਵੀ ਅਰੰਭਿਆ ਕਾਰਜਾਂ ਵਿੱਚ ਹੀ ਆਉਂਦੇ ਨੇ। ਬਾਂਦਰ ਟਪੂਸਣੀਆਂ ਵਾਲੇ ਵੀ ਅਰੰਭੇ ਕਾਰਜਾਂ ਵਿੱਚ ਹੀ
ਆਉਂਦੇ ਹਨ। ਆਤਸ਼ਬਾਜ਼ੀ ਚਲਾਉਣ ਵਾਲੇ ਵੀ ਅਰੰਭਿਆਂ ਕਾਰਜਾਂ ਵਿੱਚ ਆਉਂਦੇ ਹਨ। ਬੈਂਡਵਾਜੇ ਵਾਲੇ ਵੀ
ਅਰੰਭੇ ਕਾਰਜ ਆਉਂਦੇ ਹਨ।
ਸਗਨ ਸਮੇਂ ਟਾਂਵੇਂ ਟਾਂਵੇਂ ਰਿਸ਼ਤੇਦਾਰ ਬੈਠੇ ਹੋਣਗੇ। ਜਿਉਂ ਸਗਨ ਹੀ ਰਸਮ ਖਤਮ ਹੁੰਦੀ ਹੈ ਬਸ ਫਿਰ
ਕੀ ਮੁੰਡੇ ਦੇ ਦੋਸਤ ਭਾਦਰੋਂ ਦੀਆਂ ਖੁੰਭਾਂ ਵਾਂਗ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਬਹੁਤਿਆਂ
ਨੂੰ ਮੱਥਾ ਟੇਕਣਾ ਵੀ ਅਸੱਭਿਅਕ ਲੱਗਦਾ ਹੈ। ਸ਼ਬਦ ਕੀਤਰਨ ਸਮਾਪਤ ਹੁੰਦਿਆਂ ਹੀ ਭੜਥੂ ਪੈਣਾਂ ਸ਼ੁਰੂ
ਹੋ ਜਾਂਦਾ ਹੈ। ਕੋਈ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦਾ। ਰੌਲ਼ਾ ਰੱਪਾ ਪੈਂਦਿਆਂ ਸ਼ਾਮ ਪੈ
ਜਾਂਦੀ ਹੈ। ਰਾਤ ਨੌਂ ਕੁ ਵਜੇ ਫਿਰ ਅਸਲੀ ਵਿਆਹ ਸ਼ੁਰੂ ਹੁੰਦਾ ਹੈ ਤੇ ਸ਼ਗਨ ਵਾਲੀ ਰਾਤ ਨੂੰ ਮਡ੍ਹੀਰ
ਇਕੱਠੀ ਹੁੰਦੀ ਹੈ। ਕੰਨ ਪਾੜਵਾਂ ਡੀ ਜੇ ਦੁਪਹਿਰ ਤੋਂ ਹੀ ਸ਼ੂਰੂ ਹੋ ਜਾਂਦਾ ਹੈ। ਡੀ ਜੇ ਦਾ ਮਾਲਕ
ਹੌਲੀ ਹੌਲੀ ਡੀ ਜੇ ਦੀਆਂ ਮਸ਼ੀਨਾਂ ਦੇ ਕੰਨ ਮਰੋੜਨੇ ਸ਼ੁਰੂ ਕਰ ਦੇਂਦਾ ਹੈ। ਡੀ ਜੇ ਦੀ ਕੰਨ ਪਾੜਵੀਂ
ਅਵਾਜ਼ ਨਾਲ ਧਰਤੀ ਹਿਲਦੀ ਮਹਿਸੂਸ ਹੁੰਦੀ ਹੈ। ਤਵਾ ਲੱਗਦਾ ਹੈ ਕਿ ਤੂੰ ਕਿਹੜੇ ਪਿੰਡੋਂ ਆਈ ਏ ਮੇਲਣੇ
ਆਪਣਾ ਨਾਂ ਦਸ ਜਾਹ। ਮੈਂ ਘਰ ਵਾਲਿਆਂ ਨੂੰ ਪੁਛਿਆ ਕਿ ਆਏ ਤਾਂ ਸਾਰੇ ਮਹਿਮਨ ਆਪਣੇ ਹੀ ਹਨ ਫਿਰ ਆ
ਨਾਂ ਪੁੱਛਣ ਵਾਲੀ ਕਿਹੜੀ ਗੱਲ ਹੈ ਜਾਂ ਫਿਰ ਕੋਈ ਬਗਾਨਾ ਨਾਂ ਪੁੱਛਦਾ ਹੈ। ਕੋਈ ਵੀ ਗਾਣਾ ਪੂਰਾ
ਨਹੀਂ ਹੁੰਦਾ ਕਿਸੇ ਦੀ ਪੂਛ ਕਿਸੇ ਦਾ ਹੱਥ ਵਿਚੇ ਘਪਲ਼ ਘਪਲ਼ ਹੋਈ ਜਾਂਦਾ ਹੈ। ਨਾ ਸਿਰ ਨਾ ਪੈਰ
ਪੰਜਾਬੀ ਗਾਣਿਆਂ ਨਾਲੋਂ ਫਿਰ ਅੰਗਰੇਜ਼ੀ ਗਾਣੇ ਸ਼ੁਰੁ ਕਰ ਦੇਂਦੇ ਹਨ। ਮੈਂ ਇੱਕ ਨੂੰ ਪੁੱਛਿਆ ਕਿ ਭਈ
ਆ ਜਿਹੜਾ ਅੰਗਰੇਜ਼ੀ ਵਿੱਚ ਗਾਣਾ ਲੱਗਿਆ ਏ ੲ੍ਹੇਦੀ ਸਮਝ ਲੱਗਦੀ ਹੈ? ਅੱਗੋਂ ਬਣਾ ਸਵਰ ਕੇ ਕਹਿੰਦਾ
ਬਾਪੂ ਜੀ ਨਾ ਤਾਂ ਪੰਜਾਬੀ ਗਾਣਿਆਂ ਦੀ ਵੀ ਸਮਝ ਹੈ ਤੇ ਨਾ ਹੀ ਕਿਸੇ ਅੰਗਰੇਜ਼ੀ ਗਾਣਿਆਂ ਦੀ ਸਮਝ
ਹੈ। ਅਸੀਂ ਤਾਂ ਐਵੇਂ ਚਾਂ ਚਾਂ ਪਾਂ ਪਾਂ ਜਾਂ ਜਨਰੇਟਰ ਦੀ ਅਵਾਜ਼ `ਤੇ ਹੀ ਢੀਠ ਜਹੇ ਹੋ ਕੇ ਭੁੜਕੀ
ਜਾਂਦੇਂ ਆਂ। ਏਦਾਂ ਉੱਚੀ ਉੱਚੀ ਰੌਲ਼ਾ ਪਉਂਦਿਆਂ ਬੱਕਰੇ ਬਲਾਉਂਦਿਆਂ ਲੋਕਾਂ ਨੂੰ ਪੂਰਾ ਪਰੇਸ਼ਾਨ
ਕਰਦਿਆਂ ਸਮਾਪਤੀ ਵਲ ਨੂੰ ਵਧਣ ਦਾ ਯਤਨ ਕੀਤਾ ਜਾਂਦਾ ਹੈ। ਅਜੇਹੇ ਸਮੇਂ `ਤੇ ਕਦੇ ਕਿਸੇ ਨੇ ਆਪਣੇ
ਗੁਵਾਂਡੀਆਂ ਦੀਆਂ ਸਮੱਸਿਆਵਾਂ ਦਾ ਵੀ ਖ਼ਿਆਲ ਨਹੀਂ ਰੱਖਿਆ। ਨਾ ਕਿਸੇ ਦੀ ਪੜ੍ਹਾਈ ਦਾ ਖ਼ਿਆਲ, ਨਾ
ਕਿਸੇ ਬਿਮਾਰ ਦਾ ਖ਼ਿਆਲ ਨਾ ਕਿਸੇ ਬਜ਼ੁਰਗ ਦਾ ਖ਼ਿਆਲ ਹੁੰਦਾ ਹੈ। ਖ਼ਿਆਲ ਸਿਰਫ ਆਪ ਅਵਾਜ਼ਾਰ ਹੋ ਕੇ
ਦੂਜਿਆਂ ਨੂੰ ਪਰੇਸ਼ਾਨ ਕਰਨਾ ਹੀ ਵਿਆਹ ਦਾ ਮਕਸਦ ਰਹਿ ਗਿਆ ਹੈ। ਅਜੇਹੇ ਸਮਿਆਂ `ਤੇ ਨਵੇਂ ਨਕੋਰ
ਨੋਟਾਂ ਨੂੰ ਜ਼ਮੀਨ `ਤੇ ਰੋਲ਼ਿਆ ਜਾਂਦਾ ਹੈ। ਤੇ ਨੋਟ ਵਾਰੇ ਜਾਂਦੇ ਹਨ ਦਾਰੂ ਪੀਣ ਵਾਲਿਆਂ ਤੋਂ ਦੀ।
ਖਾਣਿਆਂ ਨੂੰ ਖਾਧਾ ਘੱਟ ਜਾਂਦਾ ਹੈ ਪਰ ਉਜਾੜਿਆ ਜ਼ਿਆਦਾ ਹੁੰਦਾ ਹੈ। ਢੋਲ ਦੀ ਤਾਲ `ਤੇ ਪ੍ਰਵਾਰ
ਵਾਲੇ ਸ਼ਰੇਆਮ ਉਜੜ ਰਹੇ ਦਿਸ ਰਹੇ ਹੁੰਦੇ ਹਨ।