. |
|
ਗੁਰੂ ਗਰੰਥ ਸਾਹਿਬ ਅਨੁਸਾਰ ਨਾਮੁ ਕੀ ਹੈ
What is Naam according to Guru Granth Sahib
ਗੁਰੂ ਸਾਹਿਬਾਂ ਦਾ ਮੰਤਵ ਸੀ ਕਿ ਸੱਚ ਦਾ ਗਿਆਨ ਆਮ ਲੋਕਾਂ ਤਕ ਆਸਾਨੀ ਨਾਲ
ਪਹੁੰਚ ਸਕੇ। ਇਸੇ ਲਈ ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿੱਚ ਸ਼ਬਦਾਵਲੀ ਜਿਆਦਾ ਤਰ ਪੁਰਾਣੀ
ਹੀ ਵਰਤੀ ਹੈ। ਗੁਰੂ ਸਾਹਿਬਾਂ ਨੇ ਕੁੱਝ ਕੁ ਨਵੇਂ ਸ਼ਬਦ ਵਰਤੇ ਹਨ, ਜਿਵੇਂ ਕਿ ਅੰਮ੍ਰਿਤ ਵੇਲਾ,
ਜੀਵਨ ਮੁਕਤ, ਅਕਾਲ ਪੁਰਖੁ, ਆਦਿ। ਬਾਕੀ ਬਹੁਤ ਸਾਰੇ ਸਬਦ ਉਸ ਸਮੇਂ ਚਲ ਰਹੀ ਭਾਸ਼ਾ ਦੇ ਹੀ ਲਏ ਹਨ,
ਜਿਵੇਂ ਕਿ ਨਾਮ, ਸਿਮਰਨ, ਮੁਕਤੀ, ਦਾਨ, ਆਦਿ। ਸ਼ੰਕੇ ਦੂਰ ਕਰਨ ਲਈ ਹਰੇਕ ਸ਼ਬਦ ਦੀ ਪ੍ਰੀਭਾਸ਼ਾ ਵੀ
ਗੁਰਬਾਣੀ ਵਿੱਚ ਵਿਸਥਾਰ ਨਾਲ ਲਿਖੀ ਦਿਤੀ ਹੈ, ਤਾਂ ਜੋ ਸਾਨੂੰ ਕਿਸੇ ਤਰ੍ਹਾਂ ਦਾ ਭੁਲੇਖਾ ਨਾ ਪਵੇ।
ਪਰੰਤੂ ਜਦੋਂ ਅਸੀਂ ਗੁਰਬਾਣੀ ਦੇ ਅਰਥ ਪੁਰਾਤਨ ਸ਼ਬਦਾਵਲੀ ਜਾਂ ਕਿਸੇ ਹੋਰ ਡਿਕਸ਼ਨਰੀ ਅਨੁਸਾਰ ਕਰਦੇ
ਹਾਂ ਤਾਂ ਧੋਖਾ ਖਾਂ ਜਾਂਦੇ ਹਾਂ। ਇਹੀ ਹਾਲ ਸਾਡਾ ਨਾਮੁ, ਹੁਕਮੁ, ਸੇਵਾ, ਆਦਿ ਦੇ ਅਰਥ ਕਰਨ ਸਮੇਂ
ਹੁੰਦਾ ਹੈ। ਅੱਜ ਅਸੀਂ ਬਹੁਤ ਵੱਡੇ ਪੱਧਰ ਤੇ ਧੋਖੇ ਖਾ ਰਹੇ ਹਾਂ, ਕਿਉਂਕਿ ਸਾਨੂੰ ਗੁਰੂ ਗਰੰਥ
ਸਾਹਿਬ ਵਿੱਚ ਅੰਕਿਤ ਗੁਰਬਾਣੀ ਦਾ ਗਿਆਨ ਘਟ ਹੈ ਤੇ ਬਾਹਰਲੇ ਧਰਮਾਂ, ਦੂਸਰੀਆਂ ਡਿਕਸ਼ਨਰੀਆਂ ਤੇ ਟੀ.
ਵੀ. ਜਾਂ ਅਖਬਾਰ ਦਾ ਦਿਤਾ ਗਿਆਨ ਬਹੁਤ ਜਿਆਦਾ ਹੈ। ਅੱਜਕਲ ਤਾਂ ਗੁਰਬਾਣੀ ਗਾਇਨ ਕਰਦੇ ਸਮੇਂ ਸਬਦ
ਵਿੱਚ ਵਾਧ ਘਾਟ ਕਰਨਾ, ਅੱਗੇ ਪਿਛੇ ਕਰਨਾ ਤਾਂ ਆਮ ਫੈਸ਼ਨ ਹੋ ਗਿਆ ਹੈ। ਅਰਥ ਕਰਦੇ ਸਮੇਂ ਵੀ ਅਸੀਂ
ਸੇਧ ਗੁਰੂ ਗਰੰਥ ਸਾਹਿਬ ਵਿਚੋਂ ਲੈਣ ਦੀ ਬਜਾਏ, ਆਪਣੀ ਮੱਤ ਅਨੁਸਾਰ ਅਦਲਾ ਬਦਲੀ ਕਰਦੇ ਰਹਿੰਦੇ
ਹਾਂ।
ਨਾਮੁ, ਹੁਕਮੁ, ਸਚ, ਆਦਿ ਭਾਂਵੇ ਵੱਖਰੇ ਵੱਖਰੇ ਵਿਸ਼ੇ ਹਨ, ਪਰੰਤੂ ਇਹਨਾਂ
ਦਾ ਆਪਸ ਵਿੱਚ ਸਬੰਧ ਵੀ ਹੈ। ਇਸ ਲਈ ਇਹ ਧਿਆਨ ਵਿੱਚ ਰੱਖਣਾਂ ਹੈ, ਕਿ ਗੁਰਮਤਿ ਅਨੁਸਾਰ ਨਾਮੁ
(Naam)
ਦਾ ਅਰਥ ਕੋਈ ਇੱਕ ਲਫਜ਼, ਭਾਵ ਨਾਂ (Name)
ਨਹੀਂ ਹੋ ਸਕਦਾ।
ਜਦੋਂ ਅਸੀਂ ਗੁਰਬਾਣੀ ਦੀ ਡੂੰਘਿਆਈ ਵਿੱਚ ਜਾਂਦੇ ਤਾਂ ਸਮਝ ਆਉਂਦੀ ਹੈ, ਕਿ
ਨਾਮੁ ਅਤੇ ਹੁਕਮੁ ਵਿੱਚ ਜਿਆਦਾ ਅੰਤਰ ਨਹੀਂ। ਇਨ੍ਹਾਂ ਦਾ ਆਪਸੀ ਸਬੰਧ ਹੈ। ਇਸ ਦੇ ਪ੍ਰਮਾਣ ਲਈ ਕਈ
ਸ਼ਬਦ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਹਨ। ਕੁੱਝ ਕੁ ਆਪ ਜੀ ਨਾਲ ਸਾਂਝੇ ਕੀਤੇ ਜਾ ਰਹੇ ਹਨ।
ਗੁਰਮਤਿ ਅਨੁਸਾਰ ਸਤਸੰਗਤਿ ਉਹ ਹੈ, ਜਿੱਥੇ ਸਿਰਫ਼ ਅਕਾਲ ਪੁਰਖੁ ਦਾ ਨਾਮੁ ਸਲਾਹਿਆ ਜਾਂਦਾ ਹੈ,
ਸਮਝਾਇਆ ਜਾਂਦਾ ਹੈ। ਨਾਮੁ ਹੁਕਮੁ ਹੈ, ਜਿਸ ਦਾ ਗੁਰੂ ਕੋਲੋ ਪਤਾ ਲਗਦਾ ਹੈ। ਇਸ ਦਾ ਭਾਵ ਇਹ ਹੈ
ਕਿ, ਹੁਕਮੁ ਗੁਰਬਾਣੀ ਰਾਹੀਂ ਹੀ ਬੁਝਿਆ ਜਾ ਸਕਦਾ ਹੈ। ਇਸ ਲਈ ਨਾਮੁ ਤੇ ਹੁਕਮੁ ਦੀ ਸੋਝੀ ਸਬਦ
ਗੁਰੂ ਦੀ ਸੰਗਤ ਵਿੱਚ ਹੀ ਹੋ ਸਕਦੀ ਹੈ।
ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ
ਦੀਆ ਬੁਝਾਇ ਜੀਉ॥ ੫॥ (੭੧-੭੨)
ਸਾਰੀ ਸ੍ਰਿਸ਼ਟੀ ਵਿੱਚ ਉਸ ਅਕਾਲ ਪੁਰਖ ਦਾ ਹੁਕਮੁ ਵੀ ਚੱਲ ਰਿਹਾ ਹੈ, ਤੇ
ਸਾਰੀ ਸ੍ਰਿਸ਼ਟੀ ਵਿੱਚ ਨੀਵੇਂ ਤੋਂ ਨੀਵੇਂ ਥਾਂ ਤੇ ਉਸ ਅਕਾਲ ਪੁਰਖ ਦਾ ਨਾਮੁ ਵੀ ਵੱਜ ਰਿਹਾ ਹੈ। ਸਭ
ਜੀਵਾਂ ਵਿੱਚ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਦਿਤੀ ਹੋਈ ਜੀਵਨ ਜੋਤਿ ਵਿਚਰ ਰਹੀ ਹੈ। ਜਿਸ
ਕਿਸੇ ਨੂੰ ਮਿਲਦਾ ਹੈ, ਉਹ ਅਬਿਨਾਸੀ ਅਕਾਲ ਪੁਰਖ, ਆਪਣੀ ਮਿਹਰ ਨਾਲ ਹੀ ਮਿਲਦਾ ਹੈ। ਸਾਰੀ ਸ੍ਰਿਸ਼ਟੀ
ਵਿਚ, ਅਕਾਲ ਪੁਰਖ ਦਾ ਹੁਕਮੁ ਵੀ ਚੱਲ ਰਿਹਾ ਹੈ, ਨਾਮੁ ਵੀ ਵੱਜ ਰਿਹਾ ਹੈ, ਤੇ ਸਬਦ ਵੀ ਵਰਤ ਰਿਹਾ
ਹੈ।
ਮਲਾਰ ਮਹਲਾ ੧॥
ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ
ਚਹੁ ਦਿਸਿ ਨਾਮ ਪਤਾਲੰ॥ ਸਭ ਮਹਿ ਸਬਦੁ ਵਰਤੈ
ਪ੍ਰਭ ਸਾਚਾ ਕਰਮਿ ਮਿਲੈ ਬੈਆਲੰ॥ (੧੨੭੫)
ਸਾਰੀ ਸ੍ਰਿਸ਼ਟੀ ਦੇ ਜੀਅ ਜੰਤ, ਜਗਤ ਦੇ ਸਾਰੇ ਭਾਗ, ਸਾਰੇ ਅਕਾਸ਼ ਪਤਾਲ,
ਚੰਦ, ਸੂਰਜ, ਤਾਰੇ, ਤੇ ਸਾਰੇ ਸਰੀਰ, ਅਕਾਲ ਪੁਰਖ ਦੇ ਨਾਮੁ ਦੇ ਆਸਰੇ ਟਿਕਾਏ ਹੋਏ ਹਨ।
ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥
(੨੮੪)
ਪਰਵਦਗਾਰ ਅਪਾਰ ਅਗਮ ਬੇਅੰਤ ਤੂ॥ ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ॥
੩॥ (੪੮੮)
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ॥
੩॥ (੧੩੫੦)
ਇਨ੍ਹਾਂ ਦੋਹਾਂ ਸ਼ਬਦਾ ਨੂੰ ਸਾਂਝੇ ਵੇਖਿਆ ਜਾਵੇ ਤਾਂ ਸਮਝ ਆਉਂਦੀ ਹੈ, ਕਿ
ਹੁਕਮੁ ਤੇ ਸਚੁ ਦਾ ਵੀ ਅਪਸੀ ਸਬੰਧ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਗੁਰਬਾਣੀ ਅਨੁਸਾਰ
ਨਾਮੁ, ਹੁਕਮੁ, ਸਬਦ ਤੇ ਸਚੁ
ਦਾ ਆਪਸੀ ਸਬੰਧ ਹੈ। ਇਨ੍ਹਾਂ ਵਿੱਚ ਜਿਆਦਾ ਅੰਤਰ ਨਹੀਂ।
ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਤੇ ਆਪ ਹੀ ਆਪਣਾ ਨਾਮਣਾ
ਬਣਾਇਆ। ਫਿਰ, ਉਸ ਨੇ ਕੁਦਰਤ ਰਚੀ ਤੇ ਉਸ ਵਿੱਚ ਆਸਣ ਜਮਾ ਕੇ, ਭਾਵ, ਕੁਦਰਤ ਵਿੱਚ ਵਿਆਪਕ ਹੋ ਕੇ,
ਇਸ ਜਗਤ ਦਾ ਆਪ ਤਮਾਸ਼ਾ ਵੇਖਣ ਲੱਗ ਪਿਆ। ਅਕਾਲ ਪੁਰਖ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ
ਆਪ ਹੀ ਇਨ੍ਹਾਂ ਨੂੰ ਸਾਜਣ ਵਾਲਾ ਹੈ। ਆਪ ਹੀ ਪ੍ਰਸੰਨ ਹੋ ਕੇ ਜੀਵਾਂ ਨੂੰ ਦਿੰਦਾ ਹੈ ਤੇ ਬਖ਼ਸ਼ਸ਼ਾਂ
ਕਰਦਾ ਹੈ। ਅਕਾਲ ਪੁਰਖ ਸਭਨਾਂ ਜੀਆਂ ਦਾ ਜਾਣਨਹਾਰ ਹੈ, ਉਹ ਆਪ ਹੀ ਜਿੰਦ ਤੇ ਸਰੀਰ ਦਿੰਦਾ ਹੈ, ਤੇ
ਆਪ ਹੀ ਮੁੜ ਵਾਪਸ ਲੈ ਲੈਂਦਾ ਹੈ। ਅਕਾਲ ਪੁਰਖ ਆਪਣੀ ਬਣਾਈ ਹੋਈ ਕੁਦਰਤ ਵਿੱਚ ਆਪਣਾ ਆਸਣ ਜਮਾ ਕੇ
ਇਹ ਸਾਰਾ ਜਗਤ ਤਮਾਸ਼ਾ ਵੇਖ ਰਿਹਾ ਹੈ।
ਪਉੜੀ॥
ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ
ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ
ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ॥ ੧॥ (੪੬੩)
ਜਿਹੜਾ ਮਨੁੱਖ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਦਾ ਹੈ, ਤੇ ਆਪਣੀ ਹਉਮੈਂ
ਨੂੰ ਸਬਦ ਦੁਆਰਾ ਖਤਮ ਕਰ ਲੈਂਦਾ ਹੈ, ਉਹੀ ਮਨੁੱਖ ਅਕਾਲ ਪੁਰਖੁ ਦਾ ਭਗਤੁ ਕਹਿਲਾ ਸਕਦਾ ਹੈ। ਅਕਾਲ
ਪੁਰਖੁ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮੁ ਹੀ ਸਭ ਸੁਖਾਂ ਦੀ ਮਣੀ ਹੈ, ਭਾਵ ਅਕਾਲ ਪੁਰਖੁ ਦਾ
ਨਾਮੁ ਹੀ ਸਭ ਸੁਖਾਂ ਦਾ ਮੂਲ ਹੈ ਤੇ ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੁੰਦਾ ਹੈ।
ਗਉੜੀ ਸੁਖਮਨੀ ਮਃ ੫॥
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥
ਭਗਤ ਜਨਾ ਕੈ ਮਨਿ ਬਿਸ੍ਰਾਮ॥ ਰਹਾਉ॥ (੨੬੨)
ਜਿਸ ਮਨੁੱਖ ਨੇ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਆਪਣੇ ਅੰਦਰ ਅਕਾਲ ਪੁਰਖ
ਨੂੰ ਵੇਖਿਆ ਹੈ, ਉਸ ਨੂੰ ਅਕਾਲ ਪੁਰਖ ਦਾ ਨਾਮੁ ਮਿਠਾ ਤੇ ਪਿਆਰਾ ਲੱਗਣ ਲੱਗ ਪੈਂਦਾ ਹੈ। ਜਗਤ ਦੇ
ਸਾਰੇ ਪਦਾਰਥ ਉਸ ਨੂੰ ਇੱਕ ਅਕਾਲ ਪੁਰਖ ਵਿੱਚ ਹੀ ਲੀਨ ਦਿੱਸਦੇ ਹਨ, ਉਸ ਨੂੰ ਅਕਾਲ ਪੁਰਖ ਤੋਂ ਹੀ
ਅਨੇਕਾਂ ਕਿਸਮਾਂ ਦੇ ਰੰਗ ਤਮਾਸ਼ੇ ਨਿਕਲੇ ਹੋਏ ਦਿਖਾਈ ਦਿੰਦੇ ਹਨ। ਮਨੁੱਖ ਦੇ ਸਰੀਰ ਵਿੱਚ ਅਕਾਲ
ਪੁਰਖ ਦੇ ਉਸ ਨਾਮੁ ਦਾ ਟਿਕਾਣਾ ਹੋ ਜਾਂਦਾ ਹੈ, ਜੋ ਕਿ ਮਾਨੋ, ਜਗਤ ਦੇ ਨੌ ਖ਼ਜ਼ਾਨਿਆਂ ਦੇ ਬਰਾਬਰ ਹੈ
ਤੇ ਅੰਮ੍ਰਿਤ ਹੈ। ਮਨੁੱਖ ਦੀ ਅੰਦਰਲੀ ਸੁਰਤਿ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ, ਤੇ, ਅਜੇਹਾ
ਆਨੰਦ ਬਣਿਆ ਰਹਿੰਦਾ ਹੈ, ਜਿਹੜਾ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਇਹ ਆਨੰਦ ਉਸ ਮਨੁੱਖ ਨੇ ਹੀ
ਵੇਖਿਆ ਹੈ, ਜਿਸ ਨੂੰ ਅਕਾਲ ਪੁਰਖ ਆਪ ਵਿਖਾਉਂਦਾ ਹੈ ਤੇ ਅਸਲੀ ਆਨੰਦ ਦੀ ਸਮਝ ਬਖ਼ਸ਼ਦਾ ਹੈ।
ਅਸਟਪਦੀ॥ ਸੰਤਸੰਗਿ ਅੰਤਰਿ ਪ੍ਰਭੁ ਡੀਠਾ॥ ਨਾਮੁ ਪ੍ਰਭੂ ਕਾ ਲਾਗਾ ਮੀਠਾ॥
ਸਗਲ ਸਮਿਗ੍ਰੀ ਏਕਸੁ ਘਟ ਮਾਹਿ॥ ਅਨਿਕ ਰੰਗ ਨਾਨਾ ਦ੍ਰਿਸਟਾਹਿ॥
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ॥
ਦੇਹੀ ਮਹਿ ਇਸ ਕਾ ਬਿਸ੍ਰਾਮੁ॥ (੨੯੩)
ਉਪਰ ਲਿਖਿਆ ਸਬਦ ਸਪੱਸ਼ਟ ਕਰਦਾ ਹੈ ਕਿ ਅਕਾਲ ਪੁਰਖ ਦਾ ਨਾਮੁ ਹੀ ਅੰਮ੍ਰਿਤ
ਹੈ, ਜਿਹੜਾ ਕਿ ਸਬਦ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਆਪਣੇ ਅੰਦਰ ਵੇਖਿਆ ਜਾ ਸਕਦਾ ਹੈ।
ਅਕਾਲ ਪੁਰਖ ਪਰੇ ਤੋਂ ਪਰੇ ਹੈ, ਅਕਾਲ ਪੁਰਖ ਅਪਹੁੰਚ ਹੈ, ਅਕਾਲ ਪੁਰਖ ਤਕ
ਗਿਆਨ ਇੰਦ੍ਰਿਆਂ ਦੁਆਰਾ ਨਹੀਂ ਪਹੁੰਚਿਆ ਜਾ ਸਕਦਾ। ਗੁਰੂ ਦੇ ਸ਼ਬਦ ਦੁਆਰਾ ਕੋਈ ਵਿਰਲਾ ਮਨੁੱਖ ਹੀ
ਅਕਾਲ ਪੁਰਖ ਨੂੰ ਮਿਲਦਾ ਹੈ, ਤੇ ਉਸ ਦੇ ਅੰਦਰ ਅਕਾਲ ਪੁਰਖ ਦੇ ਨਾਮੁ ਦੀ ਕਦਰ ਪੈਦਾ ਹੁੰਦੀ ਹੈ।
ਅਕਾਲ ਪੁਰਖ ਦੇ ਨਾਮੁ ਸਿਮਰਨ ਤੋਂ ਬਿਨਾ ਮਨੁੱਖ ਦੇ ਸਰੀਰ ਵਿੱਚ ਵਿਕਾਰਾਂ ਦਾ ਦੁੱਖ ਰੋਗ ਪੈਦਾ
ਹੋਇਆ ਰਹਿੰਦਾ ਹੈ। ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ, ਤਾਂ ਉਸ ਦਾ ਇਹ ਦੁੱਖ ਦੂਰ ਹੋ ਜਾਂਦਾ ਹੈ।
ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਉਹੀ ਕਰਮ ਕਰਦਾ ਹੈ, ਜਿਹੜੇ ਦੁੱਖ ਪੈਦਾ ਕਰਦੇ ਹਨ। ਇਸ ਤਰ੍ਹਾਂ
ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਸਜ਼ਾ ਮਿਲਦੀ ਰਹਿੰਦੀ ਹੈ। ਅਕਾਲ ਪੁਰਖ ਦਾ ਨਾਮੁ
ਇੱਕ ਐਸਾ ਅੰਮ੍ਰਿਤ ਹੈ, ਜੋ ਮਿੱਠਾ ਹੈ, ਤੇ ਬੜੇ ਰਸ ਵਾਲਾ ਹੈ। ਪਰੰਤੂ ਉਹੀ ਮਨੁੱਖ ਇਹ ਨਾਮੁ ਰੂਪੀ
ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਉਹ ਅਕਾਲ ਪੁਰਖ ਆਪ ਪਿਲਾਂਦਾ ਹੈ। ਗੁਰੂ ਦੀ ਕਿਰਪਾ ਨਾਲ ਹੀ
ਮਨੁੱਖ ਅਕਾਲ ਪੁਰਖ ਦੇ ਨਾਮੁ ਰੂਪੀ ਅੰਮ੍ਰਿਤ ਦਾ ਆਨੰਦ ਮਾਣਦਾ ਹੈ, ਤੇ ਅਕਾਲ ਪੁਰਖ ਦੇ ਨਾਮੁ ਵਿੱਚ
ਆਪਣੇ ਆਪ ਨੂੰ ਰੰਗ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।
ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ॥ ਪੀਵਤ ਰਹੈ ਪੀਆਏ ਸੋਇ ॥
ਗੁਰ ਕਿਰਪਾ ਤੇ ਹਰਿ ਰਸੁ ਪਾਏ॥ ਨਾਨਕ ਨਾਮਿ ਰਤੇ ਗਤਿ ਪਾਏ॥ ੪॥ ੩॥ ੪੨॥ (੩੬੧)
ਇਸ ਸੰਸਾਰ ਵਿੱਚ ਜੋ ਕੁੱਝ ਵੀ ਅਸੀਂ ਵੇਖ ਰਹੇ ਹਾਂ, ਉਹ ਸਭ ਕੁੱਝ ਅਕਾਲ
ਪੁਰਖ ਦੇ ਨਾਮੁ ਤੋਂ ਹੀ ਪੈਦਾ ਹੁੰਦਾ ਹੈ ਤੇ ਆਤਮਕ ਜੀਵਨ ਵੀ ਅਕਾਲ ਪੁਰਖ ਦੇ ਨਾਮੁ ਦੁਆਰਾ ਹੀ
ਮਿਲਦਾ ਹੈ, ਪਰੰਤੂ ਗੁਰੂ ਦੀ ਸ਼ਰਨ ਵਿੱਚ ਆਉਂਣ ਤੋਂ ਬਿਨਾ ਨਾਮੁ ਦੀ ਕਦਰ ਨਹੀਂ ਪਤਾ ਲਗਦੀ। ਗੁਰੂ
ਦਾ ਸਬਦ ਬਹੁਤ ਜਿਆਦਾ ਰਸ ਵਾਲਾ ਹੈ ਤੇ ਮਿੱਠਾ ਹੈ, ਪਰੰਤੂ ਜਿਤਨਾ ਚਿਰ ਇਸ ਸਬਦ ਨੂੰ ਚੱਖਿਆ ਨਾ
ਜਾਏ, ਇਸ ਦੇ ਸੁਆਦ ਦਾ ਪਤਾ ਨਹੀਂ ਲੱਗਦਾ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਆਪਣੇ ਆਤਮਕ ਜੀਵਨ
ਨੂੰ ਨਹੀਂ ਪਛਾਣਦਾ, ਉਹ ਆਪਣੇ ਇਸ ਕੀਮਤੀ ਮਨੁੱਖਾ ਜਨਮ ਨੂੰ ਕੌਡੀ ਦੇ ਬਦਲੇ ਵਿਅਰਥ ਗਵਾ ਲੈਂਦਾ
ਹੈ। ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਤਾਂ ਉਹ ਇੱਕ ਅਕਾਲ ਪੁਰਖ ਨਾਲ ਡੂੰਘੀ
ਸਾਂਝ ਪਾਂ ਲੈਂਦਾ ਹੈ, ਤੇ, ਫਿਰ ਉਸ ਨੂੰ ਹਉਮੈ ਦਾ ਦੁੱਖ ਸਤਾ ਨਹੀਂ ਸਕਦਾ। ਗੁਰੂ ਸਾਹਿਬ ਸਮਝਾਂਦੇ
ਹਨ, ਕਿ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਹੜਾ ਸ਼ਰਨ ਵਿੱਚ ਆਏ ਮਨੁੱਖ ਦੀ ਸਦਾ ਥਿਰ ਰਹਿਣ
ਵਾਲੇ ਅਕਾਲ ਪੁਰਖ ਨਾਲ ਪ੍ਰੀਤ ਜੋੜ ਦੇਂਦਾ ਹੈ। ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਆਤਮਕ
ਜੀਵਨ ਚਮਕ ਪੈਂਦਾ ਹੈ, ਮਨੁੱਖ ਆਤਮਕ ਅਡੋਲਤਾ ਵਿੱਚ ਲੀਨ ਰਹਿੰਦਾ ਹੈ। ਗੁਰੂ ਦੀ ਸ਼ਰਨ ਪੈਣ ਵਾਲਾ
ਮਨੁੱਖ ਗੁਰੂ ਦੇ ਸ਼ਬਦ ਨੂੰ ਹਮੇਸ਼ਾਂ ਗਾਇਨ ਕਰਦਾ ਰਹਿੰਦਾ ਹੈ, ਸਮਝਦਾ ਰਹਿੰਦਾ ਹੈ, ਤੇ ਵਿਚਾਰਦਾ
ਰਹਿੰਦਾ ਹੈ। ਅਜੇਹੇ ਮਨੁੱਖ ਦਾ ਮਨ ਤੇ ਸਰੀਰ ਦਾ ਹਰੇਕ ਅੰਗ, ਗੁਰੂ ਦੀ ਬਰਕਤ ਨਾਲ, ਇੱਕ ਨਵੀਂ
ਆਤਮਕ ਸੋਚ ਅਨੁਸਾਰ ਚਲਦਾ ਹੈ, ਤੇ ਉਹ ਗੁਰੂ ਦੀ ਸ਼ਰਨ ਵਿੱਚ ਆਉਂਣ ਸਦਕਾ ਆਪਣੇ ਸਾਰੇ ਕੰਮ ਸਵਾਰ
ਲੈਂਦਾ ਹੈ। ਪਰੰਤੂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ
ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲੇ ਕੰਮ ਕਰਦਾ ਰਹਿੰਦਾ ਹੈ, ਤੇ ਜਗਤ ਵਿੱਚ ਉਹ ਉਹੀ ਖੱਟੀ
ਖੱਟਦਾ ਹੈ, ਜਿਹੜੀ ਉਸ ਦੇ ਆਤਮਕ ਜੀਵਨ ਲਈ ਜ਼ਹਿਰ ਬਣ ਜਾਂਦੀ ਹੈ। ਸਬਦ ਗੁਰੂ ਦੀ ਸ਼ਰਨ ਵਿੱਚ ਆਉਂਣ
ਤੋਂ ਬਿਨਾ ਅਜੇਹਾ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ।
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ॥ ਗੁਰ ਕਾ ਸਬਦੁ
ਮਹਾ ਰਸੁ ਮੀਠਾ ਬਿਨੁ ਚਾਖੇ ਸਾਦੁ ਨ ਜਾਪੈ॥ ਕਉਡੀ
ਬਦਲੈ ਜਨਮੁ ਗਵਾਇਆ ਚੀਨਸਿ ਨਾਹੀ ਆਪੈ॥ ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ॥ ੧॥
ਬਲਿਹਾਰੀ ਗੁਰ ਅਪਣੇ ਵਿਟਹੁ
ਜਿਨਿ ਸਾਚੇ ਸਿਉ ਲਿਵ ਲਾਈ॥ ਸਬਦੁ ਚੀਨਿੑ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ॥ ੧॥ ਰਹਾਉ॥
(੭੫੩, ੭੫੪)
ਉਪਰ ਲਿਖਿਆ ਸਬਦ ਸਪੱਸ਼ਟ ਕਰਦਾ ਹੈ, ਕਿ ਗੁਰੂ ਦਾ ਸਬਦ ਬਹੁਤ ਜਿਆਦਾ ਰਸ
ਵਾਲਾ ਹੈ ਤੇ ਮਿੱਠਾ ਹੈ, ਪਰੰਤੂ ਜਿਤਨਾ ਚਿਰ ਇਸ ਸਬਦ ਨੂੰ ਚੱਖਿਆ ਨਾ ਜਾਏ, ਇਸ ਦੇ ਸੁਆਦ ਦਾ ਪਤਾ
ਨਹੀਂ ਲੱਗਦਾ। ਇਸ ਤੋਂ ਪਹਿਲੇ ਸਬਦ ਵਿੱਚ ਸਪੱਸ਼ਟ ਕੀਤਾ ਗਿਆ ਹੈ, ਕਿ ਅਕਾਲ ਪੁਰਖ ਦਾ ਨਾਮੁ ਇੱਕ
ਐਸਾ ਅੰਮ੍ਰਿਤ ਹੈ, ਜੋ ਮਿੱਠਾ ਹੈ, ਤੇ ਬੜੇ ਰਸ ਵਾਲਾ ਹੈ। ਹੁਣ ਇਨ੍ਹਾਂ ਨੂੰ ਦੋਹਾਂ ਸਬਦਾ ਨੂੰ
ਇਕੱਠਾ ਕੀਤਾ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਦਾ ਸਬਦ ਹੀ ਨਾਮੁ ਹੈ, ਤੇ ਸਬਦ ਦੁਆਰਾ ਹੀ
ਅਕਾਲ ਪੁਰਖ ਦਾ ਨਾਮੁ ਰੂਪੀ ਅੰਮ੍ਰਿਤ ਪਾਇਆ ਜਾ ਸਕਦਾ ਹੈ, ਜੋ ਕਿ ਮਿੱਠਾ ਤੇ ਬੜੇ ਰਸ ਵਾਲਾ ਹੈ।
ਬਿਰਧ ਅਵਸਥਾ ਵਿੱਚ ਕਮਜੋਰ ਹੋਣ ਕਰਕੇ ਮਨੁੱਖ ਦੀਆਂ ਅੱਖਾਂ ਵਿਚੋਂ ਪਾਣੀ
ਵਗਣ ਲਗ ਪੈਂਦਾ ਹੈ, ਸਰੀਰ ਲਿੱਸਾ ਹੋ ਜਾਂਦਾ ਹੈ, ਕੇਸ ਦੁੱਧ ਵਰਗੇ ਚਿੱਟੇ ਹੋ ਜਾਂਦੇ ਹਨ, ਗਲਾ
ਖਾਂਸੀ ਨਾਲ ਰੁਕਣ ਕਰਕੇ ਬੋਲ ਨਹੀਂ ਸਕਦਾ, ਜੀਵ ਬੁਢਾਪੇ ਵਿੱਚ ਕਈ ਦੁਖਾਂ ਨਾਲ ਘਿਰਿਆ ਰਹਿੰਦਾ ਹੈ।
ਪਰੰਤੂ ਸਰੀਰ ਤਾਂ ਫਿਰ ਵੀ ਮੋਹ ਵਿੱਚ ਫਸਿਆ ਰਹਿੰਦਾ ਹੈ। ਭਗਤ ਭੀਖਨ ਜੀ ਚਿਤਾਵਨੀ ਦੇ ਰਹੇ ਹਨ, ਕਿ
ਹੇ ਜੀਵ ਤੂੰ ਅਜੇ ਵੀ ਕੀ ਕਰ ਰਿਹਾ ਹੈ? ਹੁਣ ਵੀ ਤੂੰ ਅਕਾਲ ਪੁਰਖੁ ਨੂੰ ਕਿਉਂ ਯਾਦ ਨਹੀਂ ਕਰਦਾ?
ਅਕਾਲ ਪੁਰਖੁ ਆਪ ਹੀ ਹਕੀਮ ਬਣ ਕੇ ਆਪਣੇ ਸੰਤਾਂ ਨੂੰ ਇਨ੍ਹਾਂ ਦੁਖਾਂ ਤੋਂ ਬਚਾ ਲੈਂਦਾ ਹੈ। ਇਸ
ਸਰੀਰਕ ਮੋਹ ਨੂੰ ਮਿਟਾਣ ਦਾ ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿੱਚ ਹੈ, ਉਹ ਹੈ ਅਕਾਲ ਪੁਰਖੁ ਦਾ ਨਾਮੁ
ਰੂਪੀ ਅੰਮ੍ਰਿਤ, ਜੋ ਕਿ ਨਿਰਮਲ ਜਲ ਦੀ ਤਰ੍ਹਾਂ ਹੈ। ਪਰੰਤੂ ਇਹ ਨਾਮੁ ਜਪਣ ਦਾ ਰਸਤਾ ਗੁਰੂ ਦੀ
ਕਿਰਪਾ ਨਾਲ ਹੀ ਲੱਭਿਆ ਜਾ ਸਕਦਾ ਹੈ, ਜਿਸ ਨਾਲ ਸਰੀਰਕ ਮੋਹ ਤੋਂ ਖ਼ਲਾਸੀ ਮਿਲ ਸਕਦੀ ਹੈ।
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ॥ ੩॥ ੧॥ (੬੫੯)
ਅਕਾਲ ਪੁਰਖ ਆਪ ਹੀ ਕਈ ਕਿਸਮਾਂ ਦੀ ਤੇ ਕਈ ਰੰਗਾਂ ਦੀ ਸ੍ਰਿਸ਼ਟੀ ਰਚਦਾ ਹੈ।
ਸ੍ਰਿਸ਼ਟੀ ਰਚ ਕੇ ਅਕਾਲ ਪੁਰਖ ਨੇ ਆਪ ਹੀ ਇਹ ਜਗਤ ਤਮਾਸ਼ਾ ਬਣਾਇਆ ਹੋਇਆ ਹੈ। ਇਹ ਜਗਤ ਤਮਾਸ਼ਾ ਰਚ ਕੇ
ਉਹ ਆਪ ਹੀ ਇਸ ਦੀ ਸੰਭਾਲ ਵੀ ਕਰਦਾ ਹੈ, ਸਭ ਕੁੱਝ ਆਪ ਹੀ ਕਰ ਰਿਹਾ ਹੈ, ਤੇ ਜੀਵਾਂ ਪਾਸੋਂ ਕਰਾ
ਰਿਹਾ ਹੈ। ਅਕਾਲ ਪੁਰਖ ਸਭ ਜੀਵਾਂ ਨੂੰ ਆਪ ਹੀ ਰਿਜ਼ਕ ਦੇਂਦਾ ਆ ਰਿਹਾ ਹੈ। ਸਿਰਫ਼ ਅਕਾਲ ਪੁਰਖ ਹੀ
ਹਰੇਕ ਘਟ ਵਿੱਚ ਵਿਆਪਕ ਹੈ। ਜਿਸ ਨੇ ਇਸ ਮਨੁੱਖਾ ਜੀਵਨ ਵਿੱਚ ਸਬਦ ਗੁਰੂ ਦੀ ਸ਼ਰਨ ਵਿੱਚ ਆ ਕੇ ਉਸ
ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਦੇ ਅੰਦਰ ਅਕਾਲ ਪੁਰਖ ਦਾ ਨਾਮੁ ਪਰਗਟ ਹੋ ਜਾਂਦਾ ਹੈ, ਤੇ ਦੁਖ
ਕਲੇਸ਼ ਉਸ ਉੱਤੇ ਜ਼ੋਰ ਨਹੀਂ ਪਾ ਸਕਦੇ। ਮਨੁੱਖ ਦੇ ਮਨ ਦੀ ਅਵਸਥਾ ਭਾਂਵੇ ਕਲਜੁਗ ਵਾਲੀ ਹੋਵੇ ਜਾਂ
ਕਿਸੇ ਤਰ੍ਹਾਂ ਦੀ ਵੀ ਹੋਵੇ ਅਕਾਲ ਪੁਰਖ ਦਾ ਨਾਮੁ ਹਰੇਕ ਸਰੀਰ ਵਿੱਚ ਗੁਪਤ ਰੂਪ ਵਿੱਚ ਮੌਜੂਦ ਹੈ,
ਅਤੇ ਅਕਾਲ ਪੁਰਖ ਹਰੇਕ ਸਰੀਰ ਵਿੱਚ ਹਰ ਸਮੇਂ ਵਿਆਪਕ ਵੀ ਹੈ। ਪਰੰਤੂ ਉਸ ਦਾ ਸ੍ਰੇਸ਼ਟ ਨਾਮੁ ਉਨ੍ਹਾਂ
ਮਨੁੱਖਾਂ ਦੇ ਹਿਰਦੇ ਵਿੱਚ ਹੀ ਪਰਗਟ ਹੁੰਦਾ ਹੈ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ। ਜਿਹੜਾ
ਮਨੁੱਖ ਗੁਰਮਤਿ ਦੁਆਰਾ ਨਿਮਰਤਾ, ਖਿਮਾ, ਸਬਰ, ਸੰਤੋਖ ਆਦਿ ਗੁਣ ਹਾਸਲ ਕਰ ਲੈਂਦਾ ਹੈ, ਉਹ ਮਨੁੱਖ
ਭਉ ਤੇ ਭਾਉ ਵਿੱਚ ਰਹਿ ਕੇ ਅਕਾਲ ਪੁਰਖ ਦੇ ਗੁਣ ਗਾਇਨ ਕਰਦਾ ਰਹਿੰਦਾ ਹੈ, ਅਜੇਹਾ ਮਨੁੱਖ ਵੱਡੇ
ਭਾਗਾਂ ਵਾਲਾ ਤੇ ਗੁਣਾਂ ਨਾਲ ਭਰਪੂਰ ਬਣ ਜਾਂਦਾ ਹੈ, ਪੰਜੇ ਇੰਦਰੀਆਂ ਨੂੰ ਆਪਣੇ ਵੱਸ ਵਿੱਚ ਕਰ
ਲੈਂਦਾ ਹੈ। ਪਰੰਤੂ ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਫੇਰੀ ਰੱਖਦਾ ਹੈ, ਗੁਰੂ ਦਾ ਬਚਨ ਆਪਣੇ ਮਨ
ਵਿੱਚ ਨਹੀਂ ਵਸਾਂਦਾ, ਤੇ ਭਾਂਵੇਂ ਉਹ ਮਿਥੇ ਹੋਏ ਧਾਰਮਿਕ ਕਰਮ ਕਰ ਕੇ, ਬਹੁਤ ਸਾਰਾ ਧਨ ਵੀ ਇਕੱਠਾ
ਕਰ ਲੈਂਦਾ ਹੈ, ਪਰੰਤੂ ਫਿਰ ਵੀ ਉਹ ਜੋ ਕੁੱਝ ਕਰਦਾ ਹੈ, ਉਹ ਅਜੇਹਾ ਕਰਦਿਆਂ ਹੋਇਆਂ ਵੀ ਨਰਕ ਵਿੱਚ
ਹੀ ਪਿਆ ਰਹਿੰਦਾ ਹੈ, ਤੇ ਸਦਾ ਦੁੱਖੀ ਹੀ ਰਹਿੰਦਾ ਹੈ।
ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ॥ ਨਾਮੁ
ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥
੨॥ (੧੩੩੪)
ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ॥ ਕਰਿ ਆਚਾਰ ਬਹੁ
ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥ ੪॥
(ਪੰਨਾ ੧੩੩੪)
ਗੁਰੁ ਸਾਹਿਬ ਸਮਝਾਂਉਂਦੇ ਹਨ ਕਿ ਜਦੋਂ ਮੈਂ ਅਕਾਲ ਪੁਰਖ ਦਾ ਨਾਮੁ ਯਾਦ
ਕਰਦਾ ਹਾਂ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਰਹਿੰਦਾ ਹੈ। ਪਰੰਤੂ ਜਦੋਂ ਮੈਨੂੰ ਅਕਾਲ
ਪੁਰਖ ਦਾ ਨਾਮੁ ਭੁੱਲ ਜਾਂਦਾ ਹੈ, ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਇਹ ਸਭ ਕੁੱਝ ਪਤਾ
ਹੁੰਦਿਆਂ ਹੋਇਆ ਵੀ ਆਮ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦਾ ਨਾਮੁ ਯਾਦ ਕਰਨਾ ਔਖਾ
ਲਗਦਾ ਹੈ। ਜਿਸ ਮਨੁੱਖ ਦੇ ਅੰਦਰ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮੁ ਦੀ ਤਾਂਘ ਪੈਦਾ ਹੋ
ਜਾਂਦੀ ਹੈ, ਫਿਰ ਉਸ ਤਾਂਘ ਦੀ ਬਰਕਤ ਨਾਲ, ਅਕਾਲ ਪੁਰਖੁ ਦਾ ਨਾਮੁ ਭੋਜਨ ਦੀ ਤਰ੍ਹਾਂ ਖਾਣ ਨਾਲ, ਉਸ
ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਮੁਸ਼ਕਲ ਸਮੇਂ ਅਕਸਰ ਮਨੁੱਖ ਆਪਣੀ ਮਾਂ ਨੂੰ ਯਾਦ ਕਰਦਾ ਹੈ,
ਗੁਰੂ ਸਾਹਿਬ ਵੀ ਉਸੇ ਤਰ੍ਹਾਂ ਸੰਬੋਧਨ ਕਰਕੇ ਸਮਝਾਂਉਂਦੇ ਹਨ, ਕਿ ਹੇ ਮੇਰੀ ਮਾਂ! ਅਰਦਾਸ ਕਰ ਕਿ
ਉਹ ਅਕਾਲ ਪੁਰਖ ਮੈਨੂੰ ਕਦੇ ਵੀ ਨਾ ਭੁੱਲੇ, ਕਿਉਂਕਿ ਆਪ ਖੁਦ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ
ਹੈ ਤੇ ਅਕਾਲ ਪੁਰਖ ਦਾ ਨਾਮੁ ਵੀ ਸਦਾ ਕਾਇਮ ਰਹਿਣ ਵਾਲਾ ਹੈ। ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ
ਦੇ ਨਾਮੁ ਦੀ ਥੋੜੀ ਜਿਹੀ ਉਸਤਤ ਵੀ ਬਿਆਨ ਕਰ ਕੇ ਜੀਵ ਥੱਕ ਗਏ ਹਨ, ਕਿਉਂਕਿ ਅਕਾਲ ਪੁਰਖ ਦੀ ਉਪਮਾਂ
ਬੇਅੰਤ ਹੈ, ਜਿਹੜੀ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਕੋਈ ਵੀ ਜੀਵ ਇਹ ਨਹੀਂ ਦੱਸ ਸਕਿਆ ਕਿ ਅਕਾਲ
ਪੁਰਖ ਦੇ ਬਰਾਬਰ ਦੀ ਕਿਹੜੀ ਹਸਤੀ ਹੈ। ਜੇਕਰ ਜਗਤ ਦੇ ਸਾਰੇ ਜੀਵ ਰਲ ਕੇ ਅਕਾਲ ਪੁਰਖ ਦੀ ਵਡਿਆਈ
ਬਿਆਨ ਕਰਨ ਦਾ ਯਤਨ ਕਰਨ, ਤਾਂ ਵੀ ਉਹ ਅਕਾਲ ਪੁਰਖ ਆਪਣੇ ਅਸਲੇ ਨਾਲੋਂ ਵੱਡਾ ਨਹੀਂ ਹੋ ਜਾਂਦਾ ਤੇ,
ਜੇ ਕੋਈ ਵੀ ਉਸ ਦੀ ਵਡਿਆਈ ਨਾ ਕਰੇ, ਤਾਂ ਵੀ ਉਹ ਅੱਗੇ ਨਾਲੋਂ ਘੱਟ ਨਹੀਂ ਜਾਂਦਾ। ਅਕਾਲ ਪੁਰਖ ਨੂੰ
ਆਪਣੀ ਸੋਭਾ ਦਾ ਕੋਈ ਲਾਲਚ ਨਹੀਂ। ਉਹ ਅਕਾਲ ਪੁਰਖ ਨਾ ਕਦੇ ਮਰਦਾ ਹੈ, ਤੇ ਨਾ ਹੀ ਉਸ ਦੀ ਖ਼ਾਤਰ ਸੋਗ
ਹੁੰਦਾ ਹੈ। ਉਸ ਦੀ ਵੱਡੀ ਖ਼ੂਬੀ ਇਹ ਹੈ, ਕਿ ਉਸ ਵਰਗਾ ਹੋਰ ਕੋਈ ਨਹੀਂ ਹੈ, ਉਸ ਵਰਗਾ ਅਜੇ ਤਕ ਨਾ
ਕੋਈ ਹੋਇਆ ਹੈ, ਨਾ ਹੀ ਕਦੇ ਹੋਵੇਗਾ।
ਆਸਾ ਮਹਲਾ ੧॥
ਆਖਾ ਜੀਵਾ ਵਿਸਰੈ ਮਰਿ ਜਾਉ॥
ਆਖਣਿ ਅਉਖਾ ਸਾਚਾ ਨਾਉ॥ ਸਾਚੇ ਨਾਮ ਕੀ ਲਾਗੈ ਭੂਖ॥ ਉਤੁ ਭੂਖੈ ਖਾਇ ਚਲੀਅਹਿ ਦੂਖ॥ ੧॥
ਸੋ ਕਿਉ ਵਿਸਰੈ ਮੇਰੀ ਮਾਇ॥ ਸਾਚਾ
ਸਾਹਿਬੁ ਸਾਚੈ ਨਾਇ॥ ੧॥ ਰਹਾਉ॥ (੯)
ਕੁਦਰਤਿ ਦੇ ਅਨੇਕਾਂ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ ਅਸੰਖਾਂ ਹੀ ਨਾਂ
ਹਨ, ਤੇ ਅਸੰਖਾਂ ਹੀ ਉਨ੍ਹਾਂ ਦੇ ਥਾਂ ਟਿਕਾਣੇ ਹਨ। ਕੁਦਰਤਿ ਵਿੱਚ ਅਸੰਖਾਂ ਹੀ ਭਵਣ ਹਨ, ਜਿਨ੍ਹਾਂ
ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ। ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ
‘ਅਸੰਖ’ ਵੀ ਆਖਦੇ ਹਨ, ਉਨ੍ਹਾਂ ਦੇ ਸਿਰ ਉੱਤੇ ਵੀ ਭਾਰ ਹੁੰਦਾ ਹੈ ਭਾਵ, ਉਹ ਵੀ ਭੁੱਲ ਕਰਦੇ ਹਨ,
ਕਿਉਂਕਿ ‘ਅਸੰਖ’ ਸ਼ਬਦ ਵੀ ਕਾਫੀ ਨਹੀਂ ਹੈ। ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ ‘ਅਸੰਖ’ ਤਾਂ
ਕਿਤੇ ਰਿਹਾ, ਕੋਈ ਵੀ ਗਿਣਤੀ ਪੂਰਾ ਨਹੀਂ ਕਰ ਸਕਦੀ। ਵੈਸੇ ਅਸੰਖ ਸ਼ਬਦ ਨੂੰ ਤੋੜ ਕੇ ਵੇਖਿਆ ਜਾਵੇ
(ਅ + ਸੰਖ) ਤਾਂ ਅਰਥ ਇਹੀ ਬਣਦੇ ਹਨ, ਕਿ ਜਿਸ ਦੀ ਸੰਖਿਆ ਨਹੀਂ ਹੋ ਸਕਦੀ ( infinite),
ਭਾਵ ਗਿਣਤੀ ਨਹੀਂ ਹੋ ਸਕਦੀ (ਅਣਗਿਣਤ)।
ਜੇ ਕਰ ਸਾਨੂੰ ਅਕਾਲ ਪੁਰਖ ਦਾ ਨਾਮੁ ਲੈਣਾਂ ਜਾਂ ਸਮਝਣਾਂ ਹੈ, ਤਾਂ ਉਹ
ਅੱਖਰਾਂ/ਭਾਸ਼ਾਂ ਰਾਹੀਂ ਹੀ ਲਿਆ ਜਾ ਸਕਦਾ ਹੈ, ਜਿਹੜਾ ਕਿ ਅਸੀਂ ਸਮਝ ਸਕਦੇ ਹਾਂ, ਅਕਾਲ ਪੁਰਖ ਦੀ
ਸਿਫ਼ਿਤ ਸਾਲਾਹ ਵੀ ਅੱਖਰਾਂ ਰਾਹੀਂ ਹੀ ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਦਾ ਗਿਆਨ ਵੀ ਅੱਖਰਾਂ
ਰਾਹੀਂ ਹੀ ਵਿਚਾਰਿਆ ਜਾ ਸਕਦਾ ਹੈ। ਅੱਖਰਾਂ ਰਾਹੀਂ ਹੀ ਉਸਦੇ ਗੀਤ ਤੇ ਗੁਣਾਂ ਬਾਰੇ ਜਾਣਕਾਰੀ ਹਾਸਲ
ਕਰ ਸਕਦੇ ਹਾਂ। ਕਿਸੇ ਵੀ ਬੋਲੀ ਦਾ ਲਿਖਣਾ ਤੇ ਬੋਲਣਾ ਵੀ ਅੱਖਰਾਂ ਰਾਹੀਂ ਹੀ ਦੱਸਿਆ ਜਾ ਸਕਦਾ ਹੈ।
ਜੇ ਕਰ ਅਸੀਂ ਸੰਜੋਗ ਬਾਰੇ ਕੁੱਝ ਸਮਝਣਾਂ ਜਾਂ ਬਿਆਨ ਕਰਨਾ ਹੈ ਤਾਂ ਉਹ ਵੀ ਅਸੀਂ ਅੱਖਰਾਂ ਰਾਹੀਂ
ਹੀ ਕਰ ਸਕਦੇ ਹਾਂ। ਹੁਣ ਸਾਨੂੰ ਪਤਾ ਹੀ ਹੈ ਕਿ ਵੱਖ ਵੱਖ ਲੋਕਾਂ ਜਾਂ ਦੇਸ਼ਾਂ ਦੀ ਭਾਸ਼ਾ ਵਿੱਚ ਵਰਤੇ
ਜਾਣ ਵਾਲੇ ਅੱਖਰ ਵੱਖਰੇ ਵੱਖਰੇ ਹਨ, ਇਥੇ ਹੀ ਬੱਸ ਨਹੀਂ ਕੁਦਰਤ ਵਿੱਚ ਤਾਂ ਅਨੇਕਾਂ ਹੀ ਜੀਵ ਜੰਤੂ
ਹਨ, ਜਿਨ੍ਹਾਂ ਦੀ ਭਾਸ਼ਾ ਅਕਾਲ ਪੁਰਖ ਤਾਂ ਸਮਝ ਸਕਦਾ ਹੈ, ਪਰੰਤੂ ਮਨੁੱਖ ਨਹੀਂ। ਅਸੀਂ ਜੋ ਵੀ ਅੱਖਰ
ਵਰਤਦੇ ਹਾਂ, ਉਹ ਸਾਡੇ ਆਪਣੇ ਸਮਝਣ ਲਈ ਹਨ। ਜਿਸ ਅਕਾਲ ਪੁਰਖ ਨੇ ਜੀਵਾਂ ਦੇ ਸੰਜੋਗ ਦੇ ਇਹ ਅੱਖਰ
ਲਿਖੇ ਹਨ, ਉਹ ਅਕਾਲ ਪੁਰਖ ਆਪ ਇਨ੍ਹਾਂ ਲੇਖਾਂ ਦੇ ਅਧੀਨ ਨਹੀਂ ਹੈ। ਇਸ ਲਈ ਕੋਈ ਮਨੁੱਖ ਉਸ ਅਕਾਲ
ਪੁਰਖ ਦਾ ਨਾ ਤਾਂ ਲੇਖਾ ਕਰ ਸਕਦਾ ਹੈ ਤੇ ਨਾ ਹੀ ਉਸ ਨੂੰ ਆਪਣੇ ਵਰਤੇ ਜਾ ਰਹੇ ਅੱਖਰਾ ਦੇ ਅਧੀਨ
ਜਾਂ ਸੀਮਿਤ ਕਰ ਸਕਦਾ ਹੈ। ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ, ਉਸੇ ਤਰ੍ਹਾਂ ਜੀਵ
ਆਪਣੇ ਸੰਜੋਗ ਭੋਗਦੇ ਹਨ।
ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ ਨਾਂ ਰੱਖੀਦਾ ਹੈ, ਤਾਂ ਉਸ ਦਾ
ਮੰਤਵ ਜਾਂ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ ਜਾਂ ਸ਼ਕਲ ਨੀਯਤ ਕੀਤੀ ਜਾ ਸਕੇ। ਜਦੋਂ ਉਸ ਨਾਂ
ਲਈਦਾ ਹੈ, ਤਾਂ ਉਹ ਹਸਤੀ ਸਾਡੀਆਂ ਅੱਖਾਂ ਅੱਗੇ ਆ ਜਾਂਦੀ ਹੈ। ਪਰੰਤੂ ਇਹ ਸਾਰਾ ਸੰਸਾਰ, ਜੋ ਅਕਾਲ
ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ ‘ ਇਹੁ
ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ’।
ਕੋਈ ਥਾਂ ਵੀ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, ਭਾਵ, ਜਿਹੜੀ ਥਾਂ ਜਾਂ ਪਦਾਰਥ ਨੂੰ
ਵੇਖਦੇ ਹਾਂ ਉਹੀ ਅਕਾਲ ਪੁਰਖ ਦਾ ਦਿੱਸਦਾ ਸਰੂਪ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਹੀ
ਸਰੂਪ ਹੈ। ਅਕਾਲ ਪੁਰਖ ਦਾ ਦਿੱਸਣ ਵਾਲਾ ਸਰਗੁਨ ਸਰੂਪ ਵੀ ਹੋ ਸਕਦਾ ਹੈ, ਤੇ ਨਾ ਦਾ ਦਿੱਸਣ ਵਾਲਾ
ਨਿਰਗੁਨ ਸਰੂਪ ਵੀ ਹੋ ਸਕਦਾ ਹੈ। ਇਸ ਲਈ ਅਸੀਂ ਆਮ ਮਨੁੱਖਾਂ ਜਾਂ ਜੀਵਾਂ ਦੇ ਨਾਂ ਤਾਂ ਆਪਣੀ ਭਾਸ਼ਾ
ਜਾਂ ਅੱਖਰਾਂ ਨਾਲ ਨੀਯਤ ਕਰ ਸਕਦੇ ਹਾਂ, ਪਰੰਤੂ ਆਮ ਜੀਵਾਂ ਵਾਂਗੂ ਅਕਾਲ ਪੁਰਖ ਦਾ ਨਾਂ ਨਿਸ਼ਚਤ
ਕਰਨਾ ਅਸੰਭਵ ਹੈ।
ਗੁਰੂ ਸਾਹਿਬ ਵੀ ਇਹੀ ਸਮਝਾਂਦੇ ਹਨ, ਕਿ ਮੇਰੀ ਕੀ ਤਾਕਤ ਹੈ, ਕਿ ਮੈਂ ਅਕਾਲ
ਪੁਰਖ ਦੀ ਕੁਦਰਤਿ ਤੇ ਉਸ ਦੀ ਵੀਚਾਰ ਕਰ ਸਕਾਂ? ਹੇ ਅਕਾਲ ਪੁਰਖ! ਮੈਂ ਤਾਂ ਤੇਰੇ ਉਤੋਂ ਇੱਕ ਵਾਰੀ
ਵੀ ਸਦਕੇ ਜਾਣ ਜੋਗਾ ਨਹੀਂ ਹਾਂ, ਅਕਾਲ ਪੁਰਖ ਦੇ ਸਾਹਮਣੇ ਮੇਰੀ ਹਸਤੀ ਬਹੁਤ ਹੀ ਛੋਟੀ ਹੈ। ਹੇ
ਨਿਰੰਕਾਰ! ਤੂੰ ਸਦਾ ਥਿਰ ਰਹਿਣ ਵਾਲਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, ਭਾਵ,
ਤੇਰੀ ਰਜ਼ਾ ਵਿੱਚ ਰਹਿਣਾ ਹੀ ਸਾਡੇ ਵਰਗੇ ਜੀਵਾਂ ਲਈ ਭਲੇ ਵਾਲੀ ਗੱਲ ਹੈ। ਅਣਗਿਣਤ ਧਰਤੀਆਂ ਤੇ
ਅਣਗਿਣਤ ਜੀਵ ਅਕਾਲ ਪੁਰਖ ਨੇ ਰਚੇ ਹਨ? ਮਨੁੱਖਾਂ ਦੀ ਕਿਸੇ ਬੋਲੀ ਵਿੱਚ ਕੋਈ ਐਸਾ ਲਫ਼ਜ਼ ਹੀ ਨਹੀਂ ਜੋ
ਇਹ ਲੇਖਾ ਦੱਸ ਸਕੇ। ਇਹ ਬੋਲੀ ਵੀ ਰੱਬ ਵਲੋਂ ਇੱਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ, ਉਸ ਅਕਾਲ
ਪੁਰਖ ਦੀ ਸਿਫ਼ਤਿ ਸਾਲਾਹ ਕਰਨ ਲਈ। ਇਸ ਲਈ ਇਹ ਕਦੀ ਨਹੀਂ ਹੋ ਸਕਦਾ ਕਿ ਕਿਸੇ ਬੋਲੀ ਦੇ ਖਾਸ ਅੱਖਰ
ਨੂੰ ਵਾਰ ਵਾਰ ਬੋਲ ਕੇ, ਮਨੁੱਖ ਅਕਾਲ ਪੁਰਖ ਦਾ ਅੰਤ ਪਾ ਸਕੇ।
ਅਸੰਖ ਨਾਵ ਅਸੰਖ ਥਾਵ॥ ਅਗੰਮ ਅਗੰਮ ਅਸੰਖ ਲੋਅ॥ ਅਸੰਖ ਕਹਹਿ ਸਿਰਿ ਭਾਰੁ
ਹੋਇ॥ ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥ ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ
ਸਿਰਿ ਸੰਜੋਗੁ ਵਖਾਣਿ॥ ਜਿਨਿ
ਏਹਿ ਲਿਖੇ ਤਿਸੁ ਸਿਰਿ ਨਾਹਿ॥ ਜਿਵ ਫੁਰਮਾਏ ਤਿਵ ਤਿਵ ਪਾਹਿ॥
ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ
ਨਾਹੀ ਕੋ ਥਾਉ॥ ਕੁਦਰਤਿ ਕਵਣ ਕਹਾ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ੧੯॥ (੪)
ਇਸ ਲਈ ਹਮੇਸ਼ਾਂ ਧਿਆਨ ਵਿੱਚ ਰੱਖਣਾਂ ਹੈ, ਕਿ ਅਕਾਲ ਪੁਰਖੁ ਅੱਖਰਾਂ ਦੇ
ਅਧੀਨ ਨਹੀਂ ਹੈ, ਤੇ ਨਾ ਹੀ ਅਕਾਲ ਪੁਰਖੁ ਦੇ ਨਾਮੁ ਦਾ ਅੰਤ ਪਾਇਆ ਜਾ ਸਕਦਾ ਹੈ। ਜੇ ਅਕਾਲ ਪੁਰਖੁ
ਨਾਮੁ ਨਾਲ ਜੁੜਨਾਂ ਹੈ ਤਾਂ ਉਸ ਦੀ ਕੁਦਰਤ ਨਾਲ ਜੁੜਨਾ ਪਵੇਗਾ। ਜਦੋਂ ਮਨੁੱਖ ਨੂੰ ਸਬਦ ਗੁਰੂ
ਦੁਆਰਾ ਸਮਝ ਆ ਜਾਂਦੀ ਹੈ ਤਾਂ ਉਸ ਦਾ ਸੀਸ ਆਪਣੇ ਆਪ ਉਸ ਅਕਾਲ ਪੁਰਖੁ ਅੱਗੇ ਝੁਕ ਜਾਂਦਾ ਹੈ, ਕਿਸੇ
ਦੂਸਰੇ ਨੂੰ ਕਹਿਣਾਂ ਨਹੀਂ ਪੈਦਾਂ ਹੈ। ਪਰੰਤੂ ਇਹ ਸਮਝ ਸਿਰਫ ਸਬਦ ਗੁਰੂ ਨੂੰ ਆਪਣੇ ਅਮਲੀ ਜੀਵਨ
ਵਿੱਚ ਅਪਨਾਇਆਂ ਹੀ ਆ ਸਕਦੀ ਹੈ।
ਅਸੀਂ ਆਪਣੀਆਂ ਅੱਖਾਂ ਨਾਲ ਵੇਖ ਕੇ ਅੱਖਰਾਂ ਨੂੰ ਪੜ੍ਹਦੇ ਹਾਂ, ਮੂੰਹ ਦੀ
ਆਵਾਜ਼ ਰਾਹੀਂ ਅੱਖਰਾਂ ਨੂੰ ਬੋਲਦੇ ਹਾਂ, ਕੰਨਾਂ ਨਾਲ ਅੱਖਰਾਂ ਦੀ ਧੁਨ ਨੂੰ ਸੁਣਦੇ ਹਾਂ, ਹਿਰਦੇ
ਰਾਹੀਂ ਅੱਖਰਾਂ ਨੂੰ ਯਾਦ ਕਰਦੇ ਹਾਂ। ਪਰੰਤੂ ਅਕਾਲ ਪੁਰਖੁ ਨਾਲ ਸਬੰਧ ਸਬਦ ਗੁਰੂ ਦੁਆਰਾ ਦਿਤੀ ਗਈ
ਸਿਖਿਆ ਨੂੰ ਪੜ੍ਹ ਕੇ, ਸੁਣ ਕੇ, ਅਮਲੀ ਜੀਵਨ ਵਿੱਚ ਅਪਨਾ ਕੇ, ਤੇ ਸਦੀਵੀ ਸਾਂਝ ਕਾਇਮ ਕਰਕੇ ਹੀ
ਜੋੜਿਆ ਜਾ ਸਕਦਾ ਹੈ।
ਦੁਨੀਆਂ ਦੇ ਬਹੁਤ ਸਾਰੇ ਧਰਮਾਂ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਆਪਣੀ ਆਪਣੀ
ਕਲਪਨਾਂ ਦੇ ਆਧਾਰ ਤੇ ਦਿਤੀ ਹੈ। ਕਿਸੇ ਨੇ ਮਨੁੱਖ ਨੂੰ ਅਕਾਲ ਪੁਰਖ ਦਾ ਦਰਜਾ ਦੇ ਦਿਤਾ ਤੇ ਕਿਸੇ
ਨੇ ਜੀਵ ਜੰਤੂ, ਵਸਤੂ ਜਾਂ ਸਥਾਨ ਨੂੰ ਅਕਾਲ ਪੁਰਖ ਦਾ ਦਰਜਾ ਦੇ ਦਿਤਾ। ਪਰੰਤੂ ਇਹ ਸਭ ਕੁੱਝ ਤਾਂ
ਖੁਦ ਅਕਾਲ ਪੁਰਖ ਦੇ ਆਪਣੇ ਬਣਾਏ ਹੋਏ ਹਨ, ਜੋ ਕਿ ਨਾਸ਼ਵੰਤ ਹਨ। ਜੇ ਅਕਾਲ ਪੁਰਖ ਹੀ ਨਾਸ ਹੋ ਗਿਆ
ਤਾਂ ਬਾਕੀ ਕੀ ਰਹਿ ਜਾਵੇਗਾ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਸਿਰਲੇਖ ਅਕਾਲ ਪੁਰਖ ਨੂੰ ਵਿਗਿਆਨਕ
ਤਰੀਕੇ ਨਾਲ ਦਰਸਾਉਂਣ ਦਾ ਆਰੰਭ ਹੈ। ਇਸ ਨੂੰ ਅਕਾਲ ਪੁਰਖ ਸਬੰਧੀ ਸਾਇੰਸ ਦਾ ਮੁੱਢ ਵੀ ਕਹਿ ਸਕਦੇ
ਹਾਂ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ ਨਹੀਂ ਦਿਤੀ, ਬਲਕਿ
ਪੂਰਨ, ਉਚੇ ਪੱਧਰ ਦੀ ਸਇੰਸ ਦੇ ਆਧਾਰ ਤੇ ਦਿੱਤੀ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ॥ (੧)
ਜੇ ਕਰ ਗੁਰਬਾਣੀ ਨੂੰ ਧਿਆਨ ਨਾਲ ਸਮਝੀਏ ਤਾਂ ਪਤਾ ਲਗਦਾ ਹੈ ਕਿ ਗੁਰੂ
ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿੱਚ ਅਕਾਲ ਪੁਰਖੁ ਦੇ ਗੁਣ ਹੀ ਸਮਝਾਂਏ ਹਨ। ਗੁਰੂ ਸਾਹਿਬਾਂ ਨੇ
ਗੁਰੂ ਗਰੰਥ ਸਾਹਿਬ ਕਿਤੇ ਵੀ ਸਪੱਸ਼ਟ ਕਰਕੇ ਨਹੀਂ ਕਿਹਾ ਕਿ ਕੋਈ ਇੱਕ ਅੱਖਰ ਜਾਂ ਸਬਦ ਅਕਾਲ ਪੁਰਖੁ
ਦਾ ਨਾਂ ਹੈ, ਕਿਉਂਕਿ ਅਕਾਲ ਪੁਰਖੁ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ ਹੈ। ਹਾਂ ਅਸੀਂ ਆਪਸੀ ਸਮਝ
ਸਹੂਲਤ ਤੇ ਆਪਸੀ ਸਾਂਝ ਕਰਨ ਲਈ
“ਅਕਾਲ ਪੁਰਖੁ”
ਵਰਤ ਸਕਦੇ ਹਾਂ, ਜਿਸ ਤਰ੍ਹਾਂ ਕਿ ਗੁਰੂ ਸਾਹਿਬਾਂ ਨੇ ਵੀ
ਗੁਰੂ ਗਰੰਥ ਸਾਹਿਬ ਵਿੱਚ ਵਰਤਿਆ ਹੈ।
ਅਕਾਲ ਪੁਰਖ ਅਗਾਧਿ ਬੋਧ॥ ਸੁਨਤ ਜਸੋ ਕੋਟਿ ਅਘ ਖਏ॥
੨॥ (੨੧੨)
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ॥ ਸਤ
ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ॥
੩॥ (੧੦੩੮)
ਭੱਟ ਕਲ੍ਯ੍ਯਸਹਾਰ ਜੀ, ਗੁਰੂ ਅਮਰਦਾਸ ਸਾਹਿਬ ਸਬੰਧੀ ਜਿਕਰ ਕਰਦੇ ਹੋਏ
ਲਿਖਦੇ ਹਨ, ਕਿ ਗੁਰੂ ਅਮਰਦਾਸ ਲਈ ਨਾਮੁ ਹੀ ਤੀਰਥ ਇਸ਼ਨਾਨ ਹੈ, ਨਾਮੁ ਹੀ ਸਭ ਤੋਂ ਉਤਮ ਰਸ ਹੈ,
ਨਾਮੁ ਹੀ ਖਾਣ ਲਈ ਭੋਜਨ ਹੈ, ਨਾਮੁ ਹੀ ਪੀਣ ਲਈ ਅੰਮ੍ਰਿਤ ਹੈ, ਨਾਮੁ ਦਾ ਰਸ ਹੀ ਉਨ੍ਹਾਂ ਨੂੰ
ਉਤਸ਼ਾਹ ਦੇਣ ਵਾਲਾ ਹੈ ਅਤੇ ਨਾਮੁ ਹੀ ਉਨ੍ਹਾਂ ਦੇ ਮੁਖ ਵਿੱਚ ਮਿੱਠੇ ਬਚਨ ਹਨ। ਗੁਰੂ ਅੰਗਦ ਸਾਹਿਬ
ਧੰਨ ਹਨ, ਜਿਨ੍ਹਾਂ ਨੂੰ ਗੁਰੂ ਅਮਰਦਾਸ ਸਾਹਿਬ ਨੇ ਸੇਵਿਆ ਹੈ ਅਤੇ ਜਿਨ੍ਹਾਂ ਦੀ ਕ੍ਰਿਪਾ ਨਾਲ
ਉਨ੍ਹਾਂ ਅਪਹੁੰਚ ਅਕਾਲ ਪੁਰਖ ਦਾ ਭੇਤ ਸਮਝ ਲਿਆ ਹੈ। ਗੁਰੂ ਅਮਰਦਾਸ ਸਾਹਿਬ ਨੇ ਆਪਣੇ ਹਿਰਦੇ ਵਿੱਚ
ਨਾਮੁ ਦਾ ਨਿਵਾਸ ਪ੍ਰਾਪਤ ਕਰਕੇ ਕਈ ਕੁਲਾਂ ਤਾਰ ਦਿੱਤੀਆਂ। ਕਵੀ ਕਲ੍ਯ੍ਯਸਹਾਰ ਜੀ ਆਖਦੇ ਹਨ, ਕਿ
ਜਿਸ ਮਨੁੱਖ ਨੇ ਪ੍ਰਕਾਸ਼ ਸੂਰਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ, ਭਾਵ ਆਪਣਾ ਆਪ ਗੁਰੂ ਅੱਗੇ ਅਰਪਨ
ਕਰ ਦਿਤਾ, ਉਸ ਮਨੁੱਖ ਦਾ ਇਹ ਜਨਮ ਸਫਲ ਹੋ ਗਿਆ।
ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸ੍ਟ ਬਾਣੀ ॥ ਧਨਿ ਸਤਿਗੁਰੁ ਸੇਵਿਓ ਜਿਸੁ ਪਸਾਇ ਗਤਿ
ਅਗਮ ਜਾਣੀ॥ ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ॥ ਸਕਯਥੁ ਜਨਮੁ ਕਲ੍ਯ੍ਯੁਚਰੈ ਗੁਰੁ ਪਰਸਿ੍ਯ੍ਯਉ
ਅਮਰ ਪ੍ਰਗਾਸੁ॥ ੮॥ (੧੩੯੩, ੧੩੯੪)
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ
ਜਾਣ, ਇਨ੍ਹਾਂ ਵੀਹ ਲੱਖ ਜੀਭਾਂ ਨਾਲ ਜੇ ਕਰ ਅਕਾਲ ਪੁਰਖ ਦੇ ਇੱਕ ਨਾਮੁ ਨੂੰ ਇੱਕ ਇੱਕ ਲੱਖ ਵਾਰੀ
ਆਖੀਏ ਤਾਂ ਵੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਗੱਪ ਹੈ। ਇਸ ਗਿਣਤੀ ਨੂੰ ਵੇਖੀਏ ਤਾਂ ਇਹ ਗਿਣਤੀ ੦.
੨ ਅਸੰਖ ( 105 x 2 x 105 x 105 = 2x1016)
ਬਣ ਜਾਂਦੀ ਹੈ। ਜੇ ਕਰ ਇੱਕ ਸਕਿੰਟ ਵਿੱਚ ਇੱਕ ਵਾਰੀ ਨਾਂ ਲਿਆ ਜਾਵੇਂ ਤਾਂ ਇਹ ਗਿਣਤੀ ਪੂਰੀ ਕਰਨ
ਲਈ 6.338E+08
(6.338x108)
ਸਾਲ ਚਾਹੀਦੇ ਹਨ। ਜਦੋਂ ਕਿ ਆਮ ਮਨੁੱਖ ਦੀ ਉਮਰ ਵੱਧ ਤੋਂ ਵੱਧ ੧੦੦ ਸਾਲ ਹੋ ਸਕਦੀ ਹੈ ਤੇ ਔਸਤਨ
ਤਾਂ ੫੦/੬੦ ਸਾਲ ਦੇ ਕਰੀਬ ਹੀ ਹੁੰਦੀ ਹੈ। ਇਸ ਲਈ ਅਜੇਹੀ ਗਿਣਤੀ ਇੱਕ ਕ੍ਰੋੜ ਜਨਮਾਂ ਵਿੱਚ ਵੀ
ਪੂਰੀ ਕਰਨੀ ਮੁਸ਼ਕਲ ਹੈ।
ਅੱਜਕਲ ਆਮ ਤੌਰ ਤੇ ਕਿਸੇ ਇੱਕ ਅੱਖਰ ਨੂੰ ਵਾਰ ਵਾਰ ਬੋਲ ਕੇ ਨਾਮੁ ਸਿਮਰਨ
ਕਰਨ ਤੇ ਕਹਿਣ ਦਾ ਰਿਵਾਜ ਪਈ ਜਾ ਰਿਹਾ ਹੈ, (ਏਕਾ ਸਬਦੀ), ਜੋ ਕਿ ਗੁਰਬਾਣੀ ਅਨੁਸਾਰ ਪ੍ਰਵਾਨ
ਨਹੀਂ, “ਨਾਦੀ ਬੇਦੀ ਸਬਦੀ
ਮੋਨੀ ਜਮ ਕੇ ਪਟੈ ਲਿਖਾਇਆ” (੬੫੪)। ਹੁਣ ਜੇ
ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਪਰਚਾਰੇ ਜਾ ਰਹੇ ਨਾਂ ਨੂੰ ਸਿਮਰ
ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਉਸ ਦਾ ਝੂਠਾ ਹੰਕਾਰ ਹੈ। ਅਕਾਲ ਪੁਰਖ ਨਾਲੋਂ ਵਿੱਥ
ਦੂਰ ਕਰਨ ਵਾਲੇ ਰਸਤੇ ਵਿਚ, ਭਾਵ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਨ੍ਹਾਂ ਉੱਤੇ
ਆਪਾ ਭਾਵ ਗਵਾ ਕੇ ਹੀ ਚੜ੍ਹ ਸਕਦੇ ਹਾਂ। ਇਸ ਲਈ ਆਪਣਾ ਆਪ ਗਵਾ ਕੇ ਗੁਰੁ ਅੱਗੇ ਅਰਪਨ ਕਰਨਾ ਪਵੇਗਾ,
“ਮਨੁ ਬੇਚੈ ਸਤਿਗੁਰ ਕੈ
ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ” ਵਾਲੀ ਅਵਸਥਾ
ਬਣਾਉਂਣੀ ਪਵੇਗੀ। ਆਪਣੇ ਆਪ ਨੂੰ ਸਬਦ ਗੁਰੂ ਦੁਆਰਾ ਅਕਾਲ ਪੁਰਖ ਨਾਲ ਅਭੇਦ ਕਰਨਾ ਪਵੇਗਾ। ਗਿਣਤੀ
ਵਾਲੇ ਸਿਮਰਨ ਕਰਨ ਨਾਲ ਕੁੱਝ ਨਹੀਂ ਬਣਨਾ। ਆਪਾ ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ
ਵਾਲਾ ਉੱਦਮ ਇਸ ਤਰ੍ਹਾਂ ਹੈ, ਕਿ ਮਾਨੋ, ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ ਆ
ਗਈ ਹੈ, ਕਿ ਅਸੀਂ ਵੀ ਆਕਾਸ਼ ਤੇ ਪਹੁੰਚ ਸਕਦੀਆਂ ਹਾਂ। ਜੇ ਕਰ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ
ਹੀ ਉਸ ਨੂੰ ਮਿਲ ਸਕਦੇ ਹਾਂ, ਨਹੀਂ ਤਾਂ ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ,
ਕਿ ਮੈਂ ਸਿਮਰਨ ਕਰ ਰਿਹਾ ਹਾਂ।
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥ ਲਖੁ ਲਖੁ ਗੇੜਾ ਆਖੀਅਹਿ ਏਕੁ
ਨਾਮੁ ਜਗਦੀਸ ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ
ਇਕੀਸ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ॥ ਨਾਨਕ
ਨਦਰੀ ਪਾਈਐ ਕੂੜੀ ਕੂੜੈ ਠੀਸ॥ ੩੨॥ (੭)
ਨਾਮੁ ਮਾਰਕੀਟ ਦੀ ਸਬਜੀ ਦੀ ਤਰ੍ਹਾਂ ਨਹੀਂ ਹੈ, ਜਿਸ ਤਰ੍ਹਾਂ ਕਿ ਇਹ ਅੱਜਕਲ
ਪਰਚਾਰਿਆ ਜਾ ਰਿਹਾ ਹੈ। ਇਹ ਸਬਜੀ ਦੀ ਤਰ੍ਹਾਂ ਪੈਸੇ ਦੇ ਕੇ ਇਕੱਠਾ ਨਹੀਂ ਕੀਤਾ ਜਾ ਸਕਦਾ ਹੈ।
ਅਖੰਡ ਪਾਠ ਜਾਂ ਅਰਦਾਸ ਲਈ ਪੈਸੇ ਦੇ ਦਿਉ ਤੇ ਤੁਹਾਡੀ ਹੋ ਗਈ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਕਿ
ਰੋਟੀ ਕੋਈ ਹੋਰ ਖਾਵੇ ਤੇ ਪੇਟ ਕਿਸੇ ਹੋਰ ਦਾ ਭਰ ਜਾਵੇ। ਪਾਠ ਕੋਈ ਹੋਰ ਕਰੇ ਜਾਂ ਸੁਣੇ ਤੇ ਫਾਇਦਾ
ਕਿਸੇ ਹੋਰ ਨੂੰ ਹੋ ਜਾਵੇ। ਜਿਨੀ ਦੇਰ ਤਕ ਬਾਣੀ ਸੁਣੀ ਨਹੀਂ, ਅੰਦਰ ਗਈ ਨਹੀਂ, ਮਨ ਨਾਲ ਸਮਝੀ
ਨਹੀਂ, ਮਨ ਵਿੱਚ ਬਦਲਾਵ ਨਹੀਂ ਆਇਆ, ਉਤਨੀ ਦੇਰ ਤਕ ਲਾਭ ਕਿਸ ਤਰ੍ਹਾ ਹੋ ਸਕਦਾ ਹੈ। ਇਸ ਲਈ ਆਪਣੀ
ਮਨ ਦੀ ਅਵਸਥਾ, ਸੋਚ, ਤੇ ਕਰਮ ਗੁਰਮਤਿ ਅਨੁਸਾਰ ਕਰਨੇ ਹਨ। ਗੁਰਬਾਣੀ ਅਨੁਸਾਰ ਹੁਕਮੁ ਨੂੰ ਸਮਝ ਕੇ
ਉਸ ਅਨੁਸਾਰ ਚਲਣਾ ਹੈ।
ਕੋਈ ਮਨੁੱਖ ਅਕਾਲ ਪੁਰਖ ਦਾ ਨਾਂ ‘ਰਾਮ ਰਾਮ’ ਕਰਕੇ ਉਚਾਰਦਾ ਹੈ, ਕੋਈ ਉਸ
ਨੂੰ ‘ਖ਼ੁਦਾ ਖ਼ੁਦਾ’ ਕਰਕੇ ਆਖਦਾ ਹੈ। ਕੋਈ ਮਨੁੱਖ ਉਸ ਨੂੰ ‘ਗੋਸਾਈਂ’ ਆਖ ਕੇ ਉਸ ਦੀ ਭਗਤੀ ਕਰਦਾ
ਹੈ, ਕੋਈ ‘ਅੱਲਾ’ ਆਖ ਕੇ ਬੰਦਗੀ ਕਰਦਾ ਹੈ। ਸਾਰੇ ਜਗਤ ਦਾ ਮੂਲ, ਸਾਰੇ ਜਗਤ ਦੀ ਰਚਨਾ ਕਰਨ ਵਾਲਾ,
ਸਾਰਿਆਂ ਨੂੰ ਬਖ਼ਸ਼ਿਸ਼ਾਂ ਦੇਣ ਵਾਲਾ, ਸਾਰਿਆਂ ਤੇ ਕਿਰਪਾ ਕਰਨ ਵਾਲਾ, ਸਾਰਿਆਂ ਤੇ ਰਹਿਮ ਕਰਨ ਵਾਲਾ
ਤਾਂ ਉਹ ਅਕਾਲ ਪੁਰਖ ਸਿਰਫ ਇੱਕ ਹੀ ਹੈ। ਮਨੁਖਾਂ ਨੇ ਆਪੋ ਆਪਣੀਆਂ ਧਾਰਮਕ ਪੁਸਤਕਾਂ ਤੇ ਬੋਲੀਆਂ
ਅਨੁਸਾਰ, ਉਸ ਇੱਕ ਅਕਾਲ ਪੁਰਖ ਦੇ ਵੱਖਰੇ ਵੱਖਰੇ ਨਾਂ ਰੱਖੇ ਹੋਏ ਹਨ, ਪਰੰਤੂ ਉਹ ਤਾਂ ਸਭ ਦਾ
ਸਾਂਝਾ ਹੈ। ਕੋਈ ਮਨੁੱਖ ਕਿਸੇ ਤੀਰਥ ਉਤੇ ਇਸ਼ਨਾਨ ਕਰਦਾ ਹੈ, ਕੋਈ ਮਨੁੱਖ ਮੱਕੇ ਹੱਜ ਕਰਨ ਵਾਸਤੇ
ਜਾਂਦਾ ਹੈ। ਕੋਈ ਮਨੁੱਖ ਉਸ ਦੀ ਮੂਰਤੀ ਬਣਾ ਕੇ ਪੂਜਾ ਕਰਦਾ ਹੈ, ਕੋਈ ਸਿਰ ਨਿਵਾਅ ਕੇ ਨਮਾਜ਼
ਪੜ੍ਹਦਾ ਹੈ। ਕੋਈ ਹਿੰਦੂ ਵੇਦ ਪੁਰਾਨ ਆਦਿ ਧਾਰਮਕ ਪੁਸਤਕ ਪੜ੍ਹਦਾ ਹੈ, ਕੋਈ ਮੁਸਲਮਾਨ ਕੁਰਾਨ
ਅੰਜੀਲ ਆਦਿ ਪੜ੍ਹਦਾ ਹੈ। ਕੋਈ ਮੁਸਲਮਾਨ ਹੋ ਕੇ ਨੀਲੇ ਕਪੜੇ ਪਹਿਨਦਾ ਹੈ, ਕੋਈ ਹਿੰਦੂ ਚਿੱਟੇ ਕਪੜੇ
ਪਾਂਦਾ ਹੈ। ਕੋਈ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਆਖਦਾ ਹੈ, ਤੇ ਕੋਈ ਆਪਣੇ ਆਪ ਨੂੰ ਹਿੰਦੂ ਕਹਿੰਦਾ
ਹੈ। ਕੋਈ ਮਨੁੱਖ ਅਕਾਲ ਪੁਰਖ ਪਾਸੋਂ ਬਹਿਸ਼ਤ ਮੰਗਦਾ ਹੈ, ਤੇ ਕੋਈ ਸਵਰਗ ਮੰਗਦਾ ਹੈ। ਗੁਰੂ ਸਾਹਿਬ
ਸਮਝਾਂਦੇ ਹਨ ਕਿ ਜਿਸ ਮਨੁੱਖ ਨੇ ਅਕਾਲ ਪੁਰਖ ਦਾ ਹੁਕਮੁ ਪਛਾਣ ਲਿਆ, ਉਹ ਸਭ ਦੇ ਮਾਲਕ ਅਕਾਲ ਪੁਰਖ
ਦਾ ਭੇਦ ਪਾ ਲੈਂਦਾ ਹੈ, ਕਿ ਉਸ ਨੂੰ ਕਿਵੇਂ ਪਾਇਆ ਜਾ ਸਕਦਾ ਹੈ।
ਰਾਮਕਲੀ ਮਹਲਾ ੫॥
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥ ਕੋਈ
ਸੇਵੈ ਗੁਸਈਆ ਕੋਈ ਅਲਾਹਿ॥ ੧॥
ਕਾਰਣ ਕਰਣ ਕਰੀਮ॥ ਕਿਰਪਾ ਧਾਰਿ ਰਹੀਮ॥
੧॥ ਰਹਾਉ॥ ਕੋਈ ਨਾਵੈ ਤੀਰਥਿ ਕੋਈ ਹਜ ਜਾਇ॥ ਕੋਈ
ਕਰੈ ਪੂਜਾ ਕੋਈ ਸਿਰੁ ਨਿਵਾਇ॥ ੨॥ ਕੋਈ ਪੜੈ ਬੇਦ ਕੋਈ ਕਤੇਬ॥ ਕੋਈ ਓਢੈ ਨੀਲ ਕੋਈ ਸੁਪੇਦ॥ ੩॥ ਕੋਈ
ਕਹੈ ਤੁਰਕੁ ਕੋਈ ਕਹੈ ਹਿੰਦੂ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥ ੪॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ
ਸਾਹਿਬ ਕਾ ਤਿਨਿ ਭੇਦੁ ਜਾਤਾ॥ ੫॥ ੯॥ (੮੮੫)
ਇਸ ਲਈ ਅਕਾਲ ਪੁਰਖ ਨੂੰ ਕਿਸੇ ਖਾਸ ਭਾਸ਼ਾ ਦੇ ਆਪਣੇ ਬਣਾਏ ਗਏ ਅੱਖਰਾਂ ਨਾਲ
ਕਿਸ ਤਰ੍ਹਾਂ ਪਾਇਆ ਜਾਂ ਸਕਦਾ ਹੈ। ਅਕਾਲ ਪੁਰਖ ਨੂੰ ਕਿਸੇ ਵੀ ਧਰਮ, ਭਾਸ਼ਾ ਜਾਂ ਲਿਬਾਸ ਵਾਲਾ ਪਾ
ਸਕਦਾ ਹੈ, ਪਰੰਤੂ ਲੋੜ ਹੈ ਉਸ ਦੇ ਹੁਕਮੁ ਨੂੰ ਪਛਾਨਣਾ ਦੀ।
ਗੁਰੂ ਸਾਹਿਬ ਸਮਝਾਂਦੇ ਹਨ, ਕਿ ਗੋਬਿੰਦ ਦਾ ਨਾਮੁ ਜਪਿਆ ਕਰ, ਸੋਹਣੇ ਗੋਪਾਲ
ਦਾ ਨਾਮੁ ਜਪਿਆ ਕਰ, ਅਕਾਲ ਪੁਰਖ ਦਾ ਨਾਮੁ ਯਾਦ ਕਰਿਆ ਕਰ। ਜਿਉਂ ਜਿਉਂ ਉਸ ਅਕਾਲ ਪੁਰਖ ਦਾ ਨਾਮੁ
ਆਪਣੇ ਹਿਰਦੇ ਵਿੱਚ ਰੱਖੇਗਾ, ਤੈਨੂੰ ਉੱਚਾ ਆਤਮਕ ਜੀਵਨ ਮਿਲਦਾ ਰਹੇਗਾ। ਭਿਆਨਕ ਆਤਮਕ ਮੌਤ ਤੇਰੇ
ਆਤਮਕ ਜੀਵਨ ਨੂੰ ਫਿਰ ਕਦੇ ਮੁਕਾ ਨਹੀਂ ਸਕੇਗੀ। ਧਿਆਨ ਵਿੱਚ ਰੱਖ ਕਿ ਅਨੇਕਾਂ ਕਿਸਮਾਂ ਦੇ,
ਕ੍ਰੋੜਾਂ ਹੀ ਜਨਮਾਂ ਵਿੱਚ ਭਟਕ ਕੇ ਹੁਣ ਤੂੰ ਮਨੁੱਖਾ ਜਨਮ ਵਿੱਚ ਆਇਆ ਹੈ, ਤੇ, ਇਥੇ ਵੱਡੀ ਕਿਸਮਤ
ਨਾਲ ਤੈਨੂੰ ਗੁਰੂ ਦਾ ਸਾਥ ਮਿਲ ਗਿਆ ਹੈ। ਗੁਰੂ ਸਾਹਿਬ ਸੁਚੇਤ ਕਰ ਰਹੇ ਹਨ ਕਿ ਪੂਰੇ ਗੁਰੂ ਦੀ ਸ਼ਰਨ
ਪੈਣ ਤੋਂ ਬਿਨਾ ਅਨੇਕਾਂ ਜੂਨਾਂ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ। ਇਸ ਲਈ ਸਬਦ ਗੁਰੂ ਦੀ ਸਮਝਾਈ
ਹੋਈ ਵੀਚਾਰ ਨੂੰ ਆਪਣੇ ਜੀਵਨ ਵਿੱਚ ਅਪਨਾ ਲੈ।
ਰਾਮਕਲੀ ਮਹਲਾ ੫॥
ਜਪਿ ਗੋਬਿੰਦੁ ਗੋਪਾਲ ਲਾਲੁ॥ ਰਾਮ ਨਾਮ
ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ॥ ੧॥ ਰਹਾਉ॥
ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ॥ ਬਡੈ ਭਾਗਿ
ਸਾਧਸੰਗੁ ਪਾਇਓ॥ ੧॥ ਬਿਨੁ
ਗੁਰ ਪੂਰੇ ਨਾਹੀ ਉਧਾਰੁ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ॥
੨॥ ੧੧॥ (੮੮੫, ੮੮੬)
ਜਿਹੜਾ ਮਨੁੱਖ ਸਤਿਗੁਰੂ ਦੀ ਦਿਤੀ ਹੋਈ ਮੱਤ ਨਾਲ ਆਪਣੇ ਆਪ ਨੂੰ ਵਾਰ ਵਾਰ
ਖੋਜਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਅੰਮ੍ਰਿਤ ਪੀਂਦਾ ਹੈ, ਉਸ ਵਿੱਚ ਦੂਸਰਿਆਂ ਦੀ
ਵਧੀਕੀ ਸਹਾਰਨ ਦੀ ਹਿੰਮਤ ਆ ਜਾਂਦੀ ਹੈ, ਉਸ ਦਾ ਮਾਫ ਕਰਨ ਵਾਲਾ ਸੁਭਾਉ ਬਣਾ ਲੈਂਦਾ ਹੈ, ਤੇ ਉਹ
ਆਪਣਾ ਮਨ ਆਪਣੇ ਸਤਿਗੁਰੂ ਵਿੱਚ ਲੀਨ ਕਰ ਲੈਂਦਾ ਹੈ। ਫਿਰ ਹਰ ਕੋਈ ਅਜੇਹੇ ਮਨੁੱਖ ਦੇ ਖਰੇ ਤੇ
ਸੁੱਚੇ ਜੀਵਨ ਦੀ ਸਲਾਘਾ ਕਰਦਾ ਹੈ, ਉਹ ਸਦਾ ਲਈ ਸੁੱਚਾ ਤੇ ਸ੍ਰੇਸ਼ਟ ਮਨੁੱਖ ਬਣ ਜਾਂਦਾ ਹੈ। ਪਰੰਤੂ
ਜਿਹੜੇ ਜੀਵ ਦੁਨੀਆ ਦੇ ਭੋਗ ਭੋਗਦੇ ਰਹਿੰਦੇ ਹਨ, ਉਨ੍ਹਾਂ ਦਾ ਆਤਮਕ ਜੀਵਨ ਮਰ ਜਾਂਦਾ ਹੈ, ਕਿਉਂਕਿ
ਉਨ੍ਹਾਂ ਨੂੰ ਨਾਮੁ ਰੂਪੀ ਅੰਮ੍ਰਿਤ ਦੀ ਸੋਝੀ ਨਹੀਂ ਹੁੰਦੀ। ਪਰੰਤੂ ਜਦੋਂ ਉਨ੍ਹਾਂ ਮਨੁੱਖਾਂ ਨੂੰ
ਸਤਿਗੁਰੂ ਦੇ ਸ਼ਬਦ ਦੀ ਸੋਝੀ ਆ ਜਾਂਦੀ ਹੈ ਤੇ ਉਹ ਸਬਦ ਗੁਰੂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਤਾਂ
ਉਹ ਇੱਕ ਅੱਖ ਦੀ ਝਮਕ ਵਿੱਚ ਆਪਣੇ ਹਉਮੈ ਨੂੰ ਮਾਰ ਲੈਂਦੇ ਹਨ। ਮਨ ਦਾ ਆਪਾ ਭਾਵ ਮਰਨ ਕਰਕੇ,
ਉਨ੍ਹਾਂ ਦਾ ਮਨ ਅਡੋਲ ਹੋ ਜਾਂਦਾ ਹੈ, ਕਾਮ ਕ੍ਰੋਧ ਆਦਿ ਤੋਂ ਛੁਟਕਾਰਾ ਮਿਲ ਜਾਂਦਾ ਹੈ ਤੇ ਉਨ੍ਹਾਂ
ਦੇ ਮਨ ਵਿੱਚ ਖ਼ੁਸ਼ੀ ਪੈਦਾ ਹੋ ਜਾਂਦੀ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਇਹ ਸਭ ਕੁੱਝ ਸਤਿਗੁਰੂ ਦੀ
ਮੇਹਰ ਸਦਕਾ ਅਕਾਲ ਪੁਰਖ ਦੇ ਨਾਮੁ ਨਾਲ ਡੂੰਘੀ ਸਾਂਝ ਪਾਣ ਨਾਲ ਹੀ ਸੰਭਵ ਹੁੰਦਾ ਹੈ।
ਖੋਜਤ ਖੋਜਤ ਅੰਮ੍ਰਿਤੁ ਪੀਆ॥ ਖਿਮਾ ਗਹੀ ਮਨੁ ਸਤਗੁਰਿ ਦੀਆ ॥
ਖਰਾ ਖਰਾ ਆਖੈ ਸਭੁ ਕੋਇ॥ ਖਰਾ ਰਤਨੁ ਜੁਗ ਚਾਰੇ ਹੋਇ॥ ਖਾਤ ਪੀਅੰਤ ਮੂਏ ਨਹੀ ਜਾਨਿਆ॥ ਖਿਨ ਮਹਿ ਮੂਏ
ਜਾ ਸਬਦੁ ਪਛਾਨਿਆ॥ ਅਸਥਿਰੁ
ਚੀਤੁ ਮਰਨਿ ਮਨੁ ਮਾਨਿਆ॥ ਗੁਰ ਕਿਰਪਾ ਤੇ ਨਾਮੁ ਪਛਾਨਿਆ॥
੧੯॥ (੯੩੨)
ਇਸ ਲਈ ਮਨੁੱਖਾ ਜੀਵਨ ਦੇ ਸਫ਼ਰ ਲਈ ਅਕਾਲ
ਪੁਰਖ ਦੇ ਨਾਮੁ ਸਿਮਰਨ ਦਾ ਸੋਹਣਾ ਜਿਹਾ ਬੇੜਾ ਤਿਆਰ ਕਰ, ਜਿਸ ਵਿੱਚ ਬੈਠ ਕੇ ਇਸ ਸੰਸਾਰ ਰੂਪੀ
ਸਮੁੰਦਰ ਵਿਚੋਂ ਛੇਤੀ ਪਾਰ ਲੰਘ ਸਕੇਂਗਾ। ਸਿਮਰਨ ਦੀ ਬਰਕਤ ਨਾਲ ਤੇਰੇ ਜੀਵਨ ਦਾ ਰਸਤਾ ਸੌਖਾ ਹੋ
ਜਾਇਗਾ, ਤੇਰੇ ਰਸਤੇ ਵਿੱਚ ਨਾ ਇਹ ਸੰਸਾਰ ਰੂਪੀ ਸਰੋਵਰ ਆਵੇਗਾ ਤੇ ਨਾ ਹੀ ਸੰਸਾਰ ਦਾ ਮੋਹ ਉਛਾਲੇ
ਮਾਰੇਗਾ। ਅਕਾਲ ਪੁਰਖ ਦਾ ਨਾਮੁ ਹੀ ਸੋਹਣਾ ਮਜੀਠ ਵਰਗਾ ਹੈ, ਜਿਸ ਦੇ ਪੱਕੇ ਰੰਗ ਨਾਲ ਮੇਰੇ ਆਤਮਕ
ਜੀਵਨ ਦਾ ਚੋਲਾ ਰੰਗਿਆ ਗਿਆ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ, ਮਨੁੱਖਾ ਜੀਵਨ ਦਾ ਸਫ਼ਰ ਕਰ ਰਹੇ
ਪਿਆਰੇ ਪਾਂਧੀ! ਕੀ ਤੈਨੂੰ ਪਤਾ ਹੈ ਕਿ ਅਕਾਲ ਪੁਰਖ ਨਾਲ ਮਿਲਾਪ ਕਿਵੇਂ ਹੁੰਦਾ ਹੈ? ਇਸ ਲਈ ਧਿਆਨ
ਵਿੱਚ ਰੱਖ, ਜੇ ਕਰ ਪੱਲੇ ਗੁਣ ਹੋਣਗੇ ਤਾਂ ਉਹ ਅਕਾਲ ਪੁਰਖ ਆਪ ਹੀ ਆਪਣੇ ਨਾਲ ਮਿਲਾ ਲਏਗਾ। ਜੇਹੜਾ
ਜੀਵ ਅਕਾਲ ਪੁਰਖ ਦੇ ਚਰਨਾਂ ਵਿੱਚ ਇੱਕ ਵਾਰੀ ਜੁੜ ਜਾਏ, ਅਤੇ ਜੇ ਉਹ ਸਚ ਮੁਚ ਦਿਲੋਂ ਮਿਲਿਆ ਹੋਇਆ
ਹੋਵੇ, ਤਾਂ ਫਿਰ ਉਹ ਕਦੇ ਵੀ ਅਕਾਲ ਪੁਰਖ ਦੇ ਮਿਲਾਪ ਨਾਲੋਂ ਵਿਛੁੜਦਾ ਨਹੀਂ। ਉਸ ਦਾ ਜਨਮ ਮਰਨ ਦਾ
ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ ਥਿਰ ਰਹਿੰਣ ਵਾਲਾ ਅਕਾਲ ਪੁਰਖ ਹੀ ਦਿਖਾਈ ਦਿੰਦਾ
ਹੈ। ਜਿਸ ਜੀਵ ਨੇ ਹਉਮੈ ਮਾਰ ਕੇ ਆਪਾ ਭਾਵ ਦੂਰ ਕਰ ਲਿਆ, ਉਹ ਆਪਣੇ ਆਪ ਲਈ ਅਜੇਹਾ ਨਾਮੁ ਰੂਪੀ
ਚੋਲਾ ਤਿਆਰ ਕਰ ਲੈਂਦਾ ਹੈ, ਜਿਸ ਨਾਲ ਉਹ ਆਪਣਾ ਮਨੁੱਖਾ ਜਨਮ ਸੰਵਾਰ ਲੈਂਦਾ ਹੈ। ਸਤਿਗੁਰੂ ਦੇ
ਬਚਨਾਂ ਤੇ ਤੁਰ ਕੇ ਉਸ ਨੂੰ ਫਲ ਵਜੋਂ ਆਪਣੇ ਖਸਮ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਦੇ ਅੰਮ੍ਰਿਤ ਰੂਪੀ
ਬੋਲ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਨਾਲ ਉਸ ਦਾ ਆਤਮਕ ਜੀਵਨ ਸਫਲ ਹੋ ਜਾਂਦਾ ਹੈ। ਗੁਰੂ ਸਾਹਿਬ
ਸਮਝਾਂਦੇ ਹਨ, ਕਿ ਹੇ ਸਤਸੰਗੀ ਸਹੇਲੀਹੋ! ਸਤਿਗੁਰੂ ਦੇ ਬਚਨਾਂ ਅਨੁਸਾਰ ਚਲਣ ਨਾਲ ਅਕਾਲ ਪੁਰਖ ਬਹੁਤ
ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਅਜੇਹਾ ਯਕੀਨ ਬਣਿਆ ਰਹਿੰਦਾ ਹੈ, ਕਿ ਅਸੀਂ ਖਸਮ ਦੀਆਂ ਗੋਲੀਆਂ
ਹਾਂ, ਤੇ ਉਹ ਖਸਮ ਅਕਾਲ ਪੁਰਖ ਸਦਾ ਸਾਡੇ ਸਿਰ ਉਤੇ ਕਾਇਮ ਹੈ।
ਸੂਹੀ ਮਹਲਾ ੧॥
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ
ਵਹੇਲਾ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ॥
੧॥ ਤੇਰਾ ਏਕੋ ਨਾਮੁ ਮੰਜੀਠੜਾ
ਰਤਾ ਮੇਰਾ ਚੋਲਾ ਸਦ ਰੰਗ ਢੋਲਾ॥ ੧॥ ਰਹਾਉ॥ ਸਾਜਨ
ਚਲੇ ਪਿਆਰਿਆ ਕਿਉ ਮੇਲਾ ਹੋਈ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ॥ ੨॥ ਮਿਲਿਆ ਹੋਇ ਨ ਵੀਛੁੜੈ
ਜੇ ਮਿਲਿਆ ਹੋਈ॥ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ॥ ੩॥ ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ॥
ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ॥ ੪॥ ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ॥ ਹਮ ਸਹ
ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ॥ ੫॥ ੨॥ ੪॥ (੭੨੯)
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ
ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਜਿਥੇ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ
ਹੈ, ਉਥੇ ਅਕਾਲ ਪੁਰਖੁ ਦਾ ਨਾਮੁ ਬਹੁਤ ਮਿਠਾ ਵੀ ਹੈ, ਅੰਤਿਅੰਤ ਰਸੁ ਵਾਲਾ ਹੈ, ਅੰਮ੍ਰਿਤ ਹੈ, ਤੇ
ਨਿਰਮਲੁ ਜਲੁ ਦੀ ਤਰ੍ਹਾਂ ਵੀ ਹੈ। ਅਕਾਲ ਪੁਰਖੁ ਦਾ ਨਾਮੁ ਪੂਰੀ ਸ੍ਰਿਸ਼ਟੀ ਅੰਦਰ ਗੁਪਤ ਰੂਪ ਵਿੱਚ
ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਵੀ ਹੋ ਰਿਹਾ ਹੈ।
ਗੁਰੂ ਸਾਹਿਬਾਂ ਨੇ ਕੁੱਝ ਕੁ ਨਵੇਂ ਸ਼ਬਦ ਵਰਤੇ ਹਨ, ਬਾਕੀ ਬਹੁਤ ਸਾਰੇ
ਸਬਦ ਉਸ ਸਮੇਂ ਚਲ ਰਹੀ ਭਾਸ਼ਾ ਦੇ ਹੀ ਲਏ ਹਨ।
ਜਦੋਂ ਅਸੀਂ ਗੁਰਬਾਣੀ ਦੇ ਅਰਥ ਪੁਰਾਤਨ ਸ਼ਬਦਾਵਲੀ ਜਾਂ ਕਿਸੇ ਹੋਰ
ਡਿਕਸ਼ਨਰੀ ਅਨੁਸਾਰ ਕਰਦੇ ਹਾਂ ਤਾਂ ਧੋਖਾ ਖਾਂ ਜਾਂਦੇ ਹਾਂ।
ਨਾਮੁ, ਹੁਕਮੁ, ਸਚ, ਆਦਿ ਭਾਂਵੇ ਵੱਖਰੇ ਵੱਖਰੇ ਵਿਸ਼ੇ ਹਨ, ਪਰੰਤੂ
ਇਹਨਾਂ ਦਾ ਆਪਸ ਵਿੱਚ ਸਬੰਧ ਵੀ ਹੈ।
ਨਾਮੁ ਤੇ ਹੁਕਮੁ ਦੀ ਸੋਝੀ ਸਬਦ ਗੁਰੂ ਦੀ ਸੰਗਤਿ ਵਿੱਚ ਹੀ ਹੋ ਸਕਦੀ
ਹੈ।
ਸਾਰੀ ਸ੍ਰਿਸ਼ਟੀ ਵਿਚ, ਅਕਾਲ ਪੁਰਖ ਦਾ ਹੁਕਮੁ ਵੀ ਚੱਲ ਰਿਹਾ ਹੈ, ਨਾਮੁ
ਵੀ ਵੱਜ ਰਿਹਾ ਹੈ, ਤੇ ਸਬਦ ਵੀ ਵਰਤ ਰਿਹਾ ਹੈ।
ਗੁਰਬਾਣੀ ਵਿੱਚ ਸ੍ਰਿਸ਼ਟੀ ਦੀ ਰਚਨਾ, ਜਿਥੇ ਨਾਮੁ ਦੇ ਆਸਰੇ ਦੱਸੀ ਗਈ
ਹੈ। ਉਥੇ ਕਈ ਸ਼ਬਦਾ ਵਿੱਚ ਉਹੀ ਰਚਨਾ ਹੁਕਮੁ ਅਨੁਸਾਰ ਹੁੰਦੀ ਕਿਹਾ ਗਿਆ ਹੈ।
ਅਸਲੀ ਮਨੁੱਖ ਉਹੀ ਹੈ ਜੋ ਅਕਾਲ ਪੁਰਖੁ ਦੇ ਹੁਕਮੁ ਨੂੰ ਸਮਝਣ ਦੀ ਦਿਸ਼ਾ
ਵਲ ਜਾਂਦਾ ਹੈ ਤੇ ਇੱਕ ਅਕਾਲ ਪੁਰਖ ਨਾਲ ਸਾਂਝ ਪਾਂਦਾ ਹੈ।
ਗੁਰਬਾਣੀ ਅਨੁਸਾਰ ਨਾਮੁ, ਹੁਕਮੁ, ਸਬਦ ਤੇ ਸਚੁ ਦਾ ਆਪਸੀ ਸਬੰਧ ਹੈ,
ਇਨ੍ਹਾਂ ਵਿੱਚ ਜਿਆਦਾ ਅੰਤਰ ਨਹੀਂ।
ਅਕਾਲ ਪੁਰਖੁ ਦਾ ਨਾਮੁ ਹੀ ਸਭ ਸੁਖਾਂ ਦਾ ਮੂਲ ਹੈ ਤੇ ਇਸ ਦਾ ਟਿਕਾਣਾ
ਭਗਤਾਂ ਦੇ ਹਿਰਦੇ ਵਿੱਚ ਹੁੰਦਾ ਹੈ।
ਅਕਾਲ ਪੁਰਖ ਦਾ ਨਾਮੁ ਹੀ ਅੰਮ੍ਰਿਤ ਹੈ, ਜਿਹੜਾ ਕਿ ਸਬਦ ਗੁਰੂ ਦੀ
ਸੰਗਤਿ ਵਿੱਚ ਰਹਿ ਕੇ ਆਪਣੇ ਅੰਦਰ ਵੇਖਿਆ ਜਾ ਸਕਦਾ ਹੈ।
ਅਕਾਲ ਪੁਰਖ ਦਾ ਨਾਮੁ ਇੱਕ ਐਸਾ ਅੰਮ੍ਰਿਤ ਹੈ, ਜੋ ਮਿੱਠਾ ਹੈ, ਤੇ ਬੜੇ
ਰਸ ਵਾਲਾ ਹੈ।
ਗੁਰੂ ਦਾ ਸਬਦ ਬਹੁਤ ਜਿਆਦਾ ਰਸ ਵਾਲਾ ਹੈ ਤੇ ਮਿੱਠਾ ਹੈ, ਪਰੰਤੂ
ਜਿਤਨਾ ਚਿਰ ਇਸ ਸਬਦ ਨੂੰ ਚੱਖਿਆ ਨਾ ਜਾਏ, ਇਸ ਦੇ ਸੁਆਦ ਦਾ ਪਤਾ ਨਹੀਂ ਲੱਗਦਾ।
ਗੁਰੂ ਦਾ ਸਬਦ ਹੀ ਨਾਮੁ ਹੈ, ਤੇ ਸਬਦ ਦੁਆਰਾ ਹੀ ਅਕਾਲ ਪੁਰਖ ਦਾ ਨਾਮੁ
ਰੂਪੀ ਅੰਮ੍ਰਿਤ ਪਾਇਆ ਜਾ ਸਕਦਾ ਹੈ।
ਸਰੀਰਕ ਮੋਹ ਨੂੰ ਮਿਟਾਣ ਦਾ ਇੱਕੋ ਹੀ ਸ੍ਰੇਸ਼ਟ ਇਲਾਜ ਹੈ, ਉਹ ਹੈ ਅਕਾਲ
ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ, ਜੋ ਕਿ ਨਿਰਮਲ ਜਲ ਦੀ ਤਰ੍ਹਾਂ ਹੈ।
ਅਕਾਲ ਪੁਰਖ ਦਾ ਨਾਮੁ ਹਰੇਕ ਸਰੀਰ ਵਿੱਚ ਗੁਪਤ ਰੂਪ ਵਿੱਚ ਮੌਜੂਦ ਹੈ,
ਤੇ ਅਕਾਲ ਪੁਰਖ ਹਰੇਕ ਸਰੀਰ ਵਿੱਚ ਹਰ ਸਮੇਂ ਵਿਆਪਕ ਵੀ ਹੈ।
ਕੋਈ ਮਨੁੱਖ ਅਕਾਲ ਪੁਰਖ ਦਾ ਨਾ ਤਾਂ ਲੇਖਾ ਕਰ ਸਕਦਾ ਹੈ ਤੇ ਨਾ ਹੀ ਉਸ
ਨੂੰ ਆਪਣੇ ਵਰਤੇ ਜਾ ਰਹੇ ਅੱਖਰਾ ਦੇ ਅਧੀਨ ਜਾਂ ਸੀਮਿਤ ਕਰ ਸਕਦਾ ਹੈ, ਜਿਸ ਜਿਸ ਤਰ੍ਹਾਂ ਅਕਾਲ
ਪੁਰਖ ਹੁਕਮ ਕਰਦਾ ਹੈ, ਉਸੇ ਤਰ੍ਹਾਂ ਜੀਵ ਆਪਣੇ ਸੰਜੋਗ ਭੋਗਦੇ ਹਨ।
ਅਕਾਲ ਪੁਰਖੁ ਅੱਖਰਾਂ ਦੇ ਅਧੀਨ ਨਹੀਂ ਹੈ, ਤੇ ਨਾ ਹੀ ਅਕਾਲ ਪੁਰਖੁ ਦੇ
ਨਾਮੁ ਦਾ ਅੰਤ ਪਾਇਆ ਜਾ ਸਕਦਾ ਹੈ।
ਅਕਾਲ ਪੁਰਖੁ ਨਾਲ ਸਬੰਧ ਸਬਦ ਗੁਰੂ ਦੁਆਰਾ ਦਿਤੀ ਗਈ ਸਿਖਿਆ ਨੂੰ ਪੜ੍ਹ
ਕੇ, ਸੁਣ ਕੇ, ਅਮਲੀ ਜੀਵਨ ਵਿੱਚ ਅਪਨਾ ਕੇ, ਤੇ ਸਦੀਵੀ ਸਾਂਝ ਕਾਇਮ ਕਰਕੇ ਹੀ ਜੋੜਿਆ ਜਾ ਸਕਦਾ
ਹੈ।
ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਪਰਿਭਾਸ਼ਾ ਕਲਪਨਾਂ ਦੇ ਆਧਾਰ ਤੇ
ਨਹੀਂ ਦਿਤੀ, ਬਲਕਿ ਪੂਰਨ, ਉਚੇ ਪੱਧਰ ਦੀ ਸਇੰਸ ਦੇ ਆਧਾਰ ਤੇ ਦਿੱਤੀ ਹੈ।
ਅਸੀਂ ਆਪਸੀ ਸਮਝ ਸਹੂਲਤ ਤੇ ਸਾਂਝ ਕਰਨ ਲਈ “ਅਕਾਲ ਪੁਰਖੁ” ਨਾਂ ਵਰਤ
ਸਕਦੇ ਹਾਂ, ਜਿਸ ਤਰ੍ਹਾਂ ਕਿ ਗੁਰੂ ਸਾਹਿਬਾਂ ਨੇ ਵੀ ਗੁਰੂ ਗਰੰਥ ਸਾਹਿਬ ਵਿੱਚ ਵਰਤਿਆ ਹੈ।
ਗੁਰੂ ਅਮਰਦਾਸ ਲਈ ਨਾਮੁ ਹੀ ਤੀਰਥ ਇਸ਼ਨਾਨ ਹੈ, ਨਾਮੁ ਹੀ ਸਭ ਤੋਂ ਉਤਮ
ਰਸ ਹੈ, ਨਾਮੁ ਹੀ ਖਾਣ ਲਈ ਭੋਜਨ ਹੈ, ਨਾਮੁ ਹੀ ਪੀਣ ਲਈ ਅੰਮ੍ਰਿਤ ਹੈ, ਨਾਮੁ ਦਾ ਰਸ ਹੀ
ਉਤਸ਼ਾਹ ਦੇਣ ਵਾਲਾ ਹੈ ਅਤੇ ਨਾਮੁ ਹੀ ਉਨ੍ਹਾਂ ਦੇ ਮੁਖ ਵਿੱਚ ਮਿੱਠੇ ਬਚਨ ਹਨ।
ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਨ੍ਹਾਂ ਉੱਤੇ ਆਪਾ
ਭਾਵ ਗਵਾ ਕੇ ਹੀ ਚੜ੍ਹ ਸਕਦੇ ਹਾਂ।
ਆਪਾ ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਸ
ਤਰ੍ਹਾਂ ਹੈ, ਕਿ ਮਾਨੋ, ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ ਆ ਗਈ ਹੈ, ਕਿ
ਅਸੀਂ ਵੀ ਆਕਾਸ਼ ਤੇ ਪਹੁੰਚ ਸਕਦੀਆਂ ਹਾਂ।
ਆਪਣੇ ਮਨ ਦੀ ਅਵਸਥਾ, ਸੋਚ, ਤੇ ਕਰਮ ਗੁਰਮਤਿ ਅਨੁਸਾਰ ਕਰਨੇ ਹਨ,
ਗੁਰਬਾਣੀ ਅਨੁਸਾਰ ਹੁਕਮੁ ਨੂੰ ਸਮਝ ਕੇ ਉਸ ਅਨੁਸਾਰ ਚਲਣਾ ਹੈ।
ਜਿਸ ਮਨੁੱਖ ਨੇ ਅਕਾਲ ਪੁਰਖ ਦਾ ਹੁਕਮ ਪਛਾਣ ਲਿਆ ਹੈ, ਉਹ ਸਭ ਦੇ ਮਾਲਕ
ਅਕਾਲ ਪੁਰਖ ਦਾ ਭੇਦ ਪਾ ਲੈਂਦਾ ਹੈ।
ਜਿਹੜਾ ਮਨੁੱਖ ਸਤਿਗੁਰੂ ਦੀ ਦਿਤੀ ਹੋਈ ਮੱਤ ਨਾਲ ਆਪਣੇ ਆਪ ਨੂੰ ਵਾਰ
ਵਾਰ ਖੋਜਦਾ ਹੈ, ਤੇ ਨਾਮੁ ਰੂਪੀ ਅੰਮ੍ਰਿਤ ਪੀਂਦਾ ਹੈ, ਉਹ ਆਪਣਾ ਮਨ ਆਪਣੇ ਸਤਿਗੁਰੂ ਵਿੱਚ
ਲੀਨ ਕਰ ਲੈਂਦਾ ਹੈ।
ਅਕਾਲ ਪੁਰਖ ਦਾ ਨਾਮੁ ਹੀ ਸੋਹਣਾ ਮਜੀਠ ਵਰਗਾ ਹੈ, ਜਿਸ ਦੇ ਪੱਕੇ ਰੰਗ
ਨਾਲ ਆਤਮਕ ਜੀਵਨ ਦਾ ਚੋਲਾ ਰੰਗਿਆ ਜਾ ਸਕਦਾ ਹੈ।
ਸਤਿਗੁਰੂ ਦੇ ਬਚਨਾਂ ਅਨੁਸਾਰ ਚਲਣ ਨਾਲ ਅਕਾਲ ਪੁਰਖ ਬਹੁਤ ਪਿਆਰਾ ਲੱਗਣ
ਲੱਗ ਪੈਂਦਾ ਹੈ, ਫਿਰ ਅਜੇਹਾ ਯਕੀਨ ਬਣਿਆ ਰਹਿੰਦਾ ਹੈ, ਕਿ ਅਸੀਂ ਖਸਮ ਦੀਆਂ ਗੋਲੀਆਂ ਹਾਂ, ਤੇ
ਉਹ ਖਸਮ ਅਕਾਲ ਪੁਰਖ ਸਦਾ ਸਾਡੇ ਸਿਰ ਉਤੇ ਕਾਇਮ ਹੈ।
ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ,
ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲੁ ਜਲੁ ਦੀ ਤਰ੍ਹਾਂ ਹੈ, ਗੁਪਤ ਰੂਪ ਵਿੱਚ ਵਰਤ ਰਿਹਾ ਹੈ ਤੇ
ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਵੀ ਹੋ ਰਿਹਾ ਹੈ। ਇਨ੍ਹਾਂ ਸਾਰੇ ਸਬਦਾ ਦੇ ਨਿਚੋੜ ਨੂੰ ਸਰਲ
ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਨਾਮੁ
ਹੈ। ਜੇ ਕਰ ਅਸੀਂ ਨਾਮੁ ਨੂੰ ਸਮਝਣਾਂ ਤੇ ਪਾਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਗਰੰਥ ਸਾਹਿਬ
ਵਿੱਚ ਅੰਕਿਤ ਬਾਣੀ ਵਿਚੋਂ ਹੀ ਖੋਜਣਾ ਪਵੇਗਾ।
ਇਹ ਵੀ ਧਿਆਨ ਵਿੱਚ ਰੱਖਣਾਂ ਹੈ, ਕਿ ਗੁਰਬਾਣੀ ਨੂੰ ਰਵਾਇਤੀ ਤਰੀਕੇ ਨਾਲ
ਪੜ੍ਹਨਾਂ, ਸੁਣਨਾਂ ਜਾਂ ਗਾਇਨ ਨਹੀਂ ਕਰਨਾ ਹੈ। ਬਲਕਿ ਪੂਰੀ ਤਰ੍ਹਾਂ ਧਿਆਨ ਨਾਲ ਸਮਝਣਾਂ,
ਵੀਚਾਰਨਾਂ ਤੇ ਖੋਜਣਾਂ ਹੈ। ਗੁਰੂ ਨਾਨਕ ਸਾਹਿਬ ਨੇ ਕਿਸੇ ਵੀ ਤਰੀਕੇ ਦੀ ਰਵਾਇਤੀ ਨਹੀਂ ਪ੍ਰਵਾਨ
ਕੀਤੀ ਹੈ ਤੇ ਨਾ ਹੀ ਕਿਸੇ ਤੀਰਥ ਅਸਥਾਨਾਂ ਤੇ ਜਾਂ ਕੇ ਇਸ਼ਨਾਨ ਕਰਨਾ ਪ੍ਰਵਾਨ ਕੀਤਾ ਹੈ, ਬਲਕਿ
ਗੁਰਸਿਖ ਵਾਸਤੇ ਤੀਰਥ ਦੀ ਪ੍ਰੀਭਾਸ਼ਾ ਹੀ ਬਦਲ ਦਿੱਤੀ ਹੈ। ਸਪੱਸ਼ਟ ਤੌਰ ਤੇ ਕਹਿ ਦਿੱਤਾ ਕਿ ਤੀਰਥੁ,
ਅਕਾਲ ਪੁਰਖੁ ਦਾ ਨਾਮੁ ਹੀ ਹੈ ਤੇ ਗੁਰੂ ਦੇ ਸ਼ਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੇ ਗਿਆਨ ਨੂੰ
ਆਪਣੇ ਹਿਰਦੇ ਵਿੱਚ ਟਿਕਾਣਾ ਹੀ ਅਸਲੀ ਤੀਰਥੁ ਇਸ਼ਨਾਨ ਹੈ।
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ
ਹੈ॥ (੬੮੮)
ਇਸ ਲਈ ਆਓ ਸਾਰੇ ਜਾਣੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹ
ਕੇ, ਸਮਝ ਕੇ, ਤੇ ਆਪਣੇ ਅਮਲੀ ਜੀਵਨ ਵਿੱਚ ਅਪਨਾ ਕੇ, ਅਕਾਲ ਪੁਰਖੁ ਦੇ ਨਾਮੁ ਨੂੰ ਸਮਝੀਏ ਤੇ ਆਪਣਾ
ਮਨੁੱਖਾ ਜੀਵਨ ਸਫਲ ਕਰੀਏ।
“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”
(Dr. Sarbjit Singh)
RH1 / E-8, Sector-8, Vashi, Navi Mumbai - 400703.
Email = [email protected],
Web= http://www.geocities.ws/sarbjitsingh/
http://www.sikhmarg.com/article-dr-sarbjit.html
(ਡਾ: ਸਰਬਜੀਤ ਸਿੰਘ)
ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.
|
. |