.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅੱਜ ਦੇ ਵਿਆਹ ਉਜਾੜੇ ਦਾ ਰਾਹ
(ਭਾਗ ਦੂਜਾ)

ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਜਿਨੀਆਂ ਵੀ ਰਸਮਾਂ ਆਉਂਦੀਆਂ ਹਨ ਵਿਆਹ ਦੀ ਰਸਮ ਸਭ ਤੋਂ ਸ੍ਰੋਮਣੀ ਰਸਮ ਹੁੰਦੀ ਹੈ। ਬੱਚੇ ਦੇ ਜਨਮ ਤੋਂ ਹੀ ਮਾਪਿਆਂ ਦੇ ਮਨ ਦੀ ਇੱਕ ਰੀਜ਼ ਹੁੰਦੀ ਹੈ ਕਿ ਸਾਡੇ ਬੱਚੇ ਦਾ ਵਿਆਹ ਕਿਸੇ ਅਜੇਹੇ ਘਰ ਵਿੱਚ ਹੋਣਾ ਚਾਹੀਦਾ ਹੈ ਜਿੱਥੇ ਇਸ ਦੀ ਇੱਜ਼ਤ ਮਾਣ ਹੋਵੇ। ਲੜਕੀ ਵਾਲੇ ਪਰਵਾਰ ਦੀ ਭਾਵਨਾ ਹੁੰਦੀ ਹੈ ਕਿ ਸਾਡੀ ਲੜਕੀ ਹਮੇਸ਼ਾਂ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੇ ਇਸ ਲਈ ਲੜਕੀ ਦੇ ਪਰਵਾਰ ਵਾਲੇ ਆਪਣੀ ਵਿੱਤ ਨਾਲੋਂ ਵਿਆਹ `ਤੇ ਵੱਧ ਤੋਂ ਜ਼ੋਰ ਲਗਾ ਦੇਂਦੇ ਹਨ। ਲੜਕੇ ਵਾਲਿਆਂ ਦੇ ਮਨ ਵਿੱਚ ਵੀ ਏਹੀ ਭਾਵਨਾ ਹੁੰਦੀ ਹੈ ਕਿ ਲੜਕੀ ਵਾਲੇ ਜਿੱਥੇ ਸਾਨੂੰ ਕੁੱਝ ਨਾ ਕੁੱਝ ਦੇਣ ਦੀ ਸਮਰੱਥਾ ਰੱਖਦੇ ਹੋਣ ਓੱਥੇ ਉਹ ਸਾਡੀ ਬਰਾਤ ਦੀ ਵੀ ਵਿਤੋਂ ਵੱਧ ਕੇ ਸੇਵਾ ਸੰਭਾਲ਼ ਕਰਨ। ਵਿਆਹ ਦਾ ਚਾਅ ਜਿੱਥੇ ਮਾਪਿਆਂ ਨੂੰ ਹੁੰਦਾ ਹੈ ਓੱਥੇ ਰਿਸ਼ਤੇਦਾਰ ਤੇ ਮਿੱਤਰਾਂ ਦੋਸਤਾਂ ਨੂੰ ਵੀ ਬਹੁਤ ਜ਼ਿਆਦਾ ਹੁੰਦਾ ਹੈ।
ਅੱਜ ਦੇ ਵਿਆਹਾਂ ਵਿੱਚ ਸਾਦਗੀ, ਸਹਿਜਤਾ ਜਾਂ ਰਵਾਨਗੀ ਦਾ ਕੋਈ ਮਹੱਤਵ ਨਹੀਂ ਰਹਿ ਗਿਆ। ਅੱਜ ਦੇ ਵਿਆਹ ਸਿਰਫ ਲੋਕਾਂ ਨੂੰ ਖੁਸ਼ ਕਰਨ ਤਕ ਹੀ ਸੀਮਤ ਹੋ ਕੇ ਰਹਿ ਗਏ ਹਨ। ਇਸ ਦੇ ਵਿਸਥਾਰ ਵਿੱਚ ਜਾਣ ਦੀ ਜ਼ਰੂਰਤ ਨਹੀਂ ਸਿਰਫ ਕੁੱਝ ਗੱਲਾਂ `ਤੇ ਹੀ ਵਿਚਾਰ ਕਰਨੀ ਹੈ। ਵਿਆਹ ਦੀ ਰਸਮ ਵਿੱਚ ਸਹਿਜ, ਸਾਦਗੀ, ਮਿਲਵਤਰਣ, ਮਿਲ ਬੈਠਣ ਜਾਂ ਆਪਸੀ ਪਿਆਰ ਦੀ ਭਾਵਨਾ ਘੱਟ ਤੇ ਦਿਖਾਵੇ ਦੀ ਰਸਮ ਜ਼ਿਆਦਾ ਰਹਿ ਗਈ ਹੈ। ਹੁਣ ਤਾਂ ਸਿਰਫ ਇੱਕ ਹੀ ਗੱਲ ਰਹਿ ਗਈ ਹੈ ਸਾਡੀ ਬਰਾਤ ਦੀ ਵੱਧ ਤੋਂ ਵੱਧ ਸੇਵਾ ਕੀਤੀ ਜਾਏ। ਇਸ ਆਉ ਭਗਤ ਨੂੰ ਦੇਖ ਕੇ ਲੋਕ ਕਹਿਣ ਕਿ ਬੱਲੇ ਬੱਲੇ ਭਈ ਫਲਾਣੇ ਪਰਵਾਰ ਦੇ ਕੁੜਮਾਂ ਨੇ ਕੋਈ ਸੇਵਾ ਕੀਤੀ ਆ, ਕਿਆ ਕਮਾਲ ਸੀ। ਏਨੀ ਕੁ ਗੱਲ ਸੁਣਨ ਲਈ ਹੀ ਬੰਦਾ ਕਰਜ਼ੇ ਦੀਆਂ ਪੰਡਾਂ ਚੁੱਕ ਰਿਹਾ ਹੈ। ਕੋਈ ਕਰਜ਼ਾ ਲੈ ਰਿਹਾ ਹੈ, ਕੋਈ ਜ਼ਮੀਨ ਗਹਿਣੇ ਪਾ ਰਿਹਾ ਹੈ ਤੇ ਕੋਈ ਪਲਾਟ ਵੇਚ ਕੇ ਆਪਣਾ ਬੁੱਤਾ ਸਾਰ ਰਿਹਾ ਹੈ। ਲੜਕੀ ਵਾਲਿਆਂ ਦੀ ਭਾਵਨਾ ਹੁੰਦੀ ਹੈ ਕਿ ਸਾਡੀ ਲੜਕੀ ਸੌਖੀ ਰਹੇ ਤੇ ਲੜਕੇ ਵਾਲਿਆਂ ਦੀ ਭਾਵਨਾ ਹੁੰਦੀ ਹੈ ਕਿ ਸਾਡੀ ਸਮਾਜ ਵਿੱਚ ਠੁੱਕ ਬੱਝ ਜਾਏ। ਸਾਰੇ ਨੱਕ ਨਮੂਜ ਲਈ ਹੀ ਮਰ ਰਹੇ ਹਨ।
ਅੱਜ ਪੰਜਾਬੀ ਦਿਨ ਦਿਹਾੜੇ ਮੈਰਿਜ ਪੈਲਸਾਂ ਵਿੱਚ ਉੱਜੜ ਰਿਹਾ ਹੈ। ਮੈਂ ਵੀ ਆਪਣੇ ਸਮਾਜ ਵਿੱਚ ਰਹਿੰਦਾ ਹਾਂ ਕਿਤੇ ਨਾ ਕਿਤੇ ਤਾਂ ਜਾਣਾ ਹੀ ਪੈਂਦਾ। ਨਿੱਤ ਨਵੇਂ ਤਜਰਬੇ ਦੇਖਣ ਨੂੰ ਮਿਲਦੇ ਹਨ। ਵੱਡ-ਅਕਾਰੀ ਵਿਆਹ ਦੇ ਮੁੱਦੇ ਵਿਚੋਂ ਕੇਵਲ ਗੱਲ ਕੀਤੀ ਜਾਏਗੀ ਪੰਜਾਬੀਆਂ ਦੇ ਸਿਰਫ ਖਾਣ ਪੀਣ ਦੇ ਸਮਾਨ ਦੀ। ਉਜਾੜੇ ਦਾ ਅੱਖਰੀ ਅਰਥ ਹੈ ਬਰਬਾਦ ਕਰਨਾ ਨਿਸਤੋ-ਬੂਦ ਕਰਨਾ ਤੇ ਵੱਸਦੇ ਰੱਸਦੇ ਹੱਸਦੇ ਘਰ ਉਜਾੜਨੇ। ਹੁਣ ਬਹੁਤੀਆਂ ਥਾਵਾਂ `ਤੇ ਰੋਟੀ ਪਾਣੀ ਦਾ ਠੇਕਾ ਕੀਤਾ ਜਾਂਦਾ ਹੈ। ਆਮ ਕਰਕੇ ਵਿਆਹਾਂ ਵਿੱਚ ਪੰਜ ਕੁ ਸੌ ਰੁਪਏ ਤੋਂ ਇੱਕ ਸਧਾਰਨ ਪਲੇਟ ਸ਼ੁਰੂ ਹੁੰਦੀ ਹੈ। ਥੋੜਾ ਹੋਰ ਉੱਪਰ ਜਾਇਆ ਜਾਏ ਤਾਂ ਇੱਕ ਹਜ਼ਾਰ ਦੀ ਪਲੇਟ ਮੰਨੀ ਗਈ ਹੈ ਜਨੀ ਛੇ ਸੌ ਬੰਦੇ ਦੀ ਰੋਟੀ ਛੇ ਲੱਖ ਦੀ ਮੈਰਿਜ ਪੈਲਿਸ ਦਾ ਖਰਚਾ ਵੱਖਰਾ। ਇੱਕ ਪਰਵਾਰ ਨਾਲ ਅਜੇਹਾ ਤਜੁਰਬਾ ਹੋਇਆ ਕਿ ਮੈਰਿਜ ਪੈਲਸ ਦਾ ਖਰਚਾ ਹੀ ਸਾਢੇ ਅੱਠ ਲੱਖ ਤੇ ਰੋਟੀ ਦੀ ਪਲੇਟ ਪੈਂਤੀ ਸੌ ਰੁਪਏ ਦੀ ਤੇ ਹਜ਼ਾਰ ਪਲੇਟ ਤੋਂ ਘੱਟ ਵਾਲੀ ਬੁਕਿੰਗ ਨਹੀਂ ਹੋ ਸਕਦੀ। ਪਰ ਅਸਾਂ ਤੇ ਫੜ੍ਹ ਵੱਧ ਤੋਂ ਵੱਧ ਮਾਰਨੀ ਹੁੰਦੀ ਹੈ। ਇਸ ਦਾ ਅਰਥ ਹੋਇਆ ੪੩ ਲੱਖ ਸਹਿਜੇ ਹੀ ਖਰਚ ਹੋ ਗਿਆ। ਦੋ ਮਹੀਨੇ ਬਆਦ ਸਹਿਜ ਨਾਲ ਹੀ ਤਲਾਕ ਹੋ ਗਿਆ। ਬੋਲੋ ਵਾਹਿਗੁਰੂ---
ਹੁਣ ਖ਼ਿਆਲ ਕਰੋ ਆਪਣੀ ਰੋਜ਼ ਮਰਾ ਦੀ ਜ਼ਿੰਦਗੀ ਵਲ। ਬੰਦਾ ਆਪਣੀ ਲੋੜ ਅਨੁਸਾਰ ਸਵੇਰੇ ਛਾਹ ਵੇਲਾ ਕਰ ਲੈਂਦਾ ਹੈ। ਕੋਈ ਦੋ ਪ੍ਰਸ਼ਾਦੇ ਛੱਕਦਾ ਹੈ ਕੋਈ ਤਿੰਨ ਜਾਂ ਚਾਰ ਛੱਕਦਾ ਹੋਏਗਾ। ਲੋੜ ਅਨੁਸਾਰ ਦੁਪਹਿਰ ਦੀ ਰੋਟੀ ਛਕੀ ਜਾਂਦੀ ਹੈ। ਦਿਨ ਵਿੱਚ ਦੋ ਤਿੰਨ ਵਾਰ ਚਾਹ ਆਦਿ ਵੀ ਪੀਤੀ ਜਾਂਦੀ ਹੈ। ਫਿਰ ਰਾਤ ਨੂੰ ਹੀ ਪ੍ਰਸ਼ਾਦਾ ਛੱਕਿਆ ਜਾਂਦਾ ਹੈ। ਜਦੋਂ ਅਸੀਂ ਵਿਆਹ ਸਮਾਗਮ ਵਿੱਚ ਜਾਂਦੇ ਹਾਂ ਤਾਂ ਏਦਾਂ ਲੱਗਦਾ ਹੈ ਜਿਵੇਂ ਅਸੀਂ ਪਿੱਛਲੇ ਕਈ ਸਾਲਾਂ ਦੇ ਭੁੱਖੇ ਹੁੰਦੇ ਹਾਂ। ਹਨੇਰ ਸਾਂਈ ਦਾ ਚਾਰ ਪੰਜ ਘੰਟੇ ਵਿੱਚ ਲੱਖਾਂ ਰੁਪਿਆ ਡਕਾਰ ਜਾਂਦੇ ਹਾਂ। ਮੈਰਿਜ ਪੈਲਿਸ ਵਿੱਚ ਪਾਹੁੰਚਦਿਆਂ ਹੀ ਦਸ ਪੰਦਰਾਂ ਰੰਗ ਬਰੰਗੇ ਬਹਿਰੇ ਪਕੌੜਿਆਂ ਦੀਆਂ ਪਲੇਟਾਂ ਤੇ ਕਈ ਪ੍ਰਕਾਰ ਦੇ ਠੰਡਿਆਂ ਵਾਲੇ ਗਿਲਾਸਾਂ ਵਾਲੀਆਂ ਟ੍ਰੇਆਂ ਹੱਥਾਂ ਵਿੱਚ ਫੜੀ ਖਲੋਤੇ ਹੁੰਦੇ ਹਨ। ਬੱਸ ਹਰ ਮਨੁੱਖ ਦਾ ਮੂੰਹ ਟੋਕੇ ਦੀ ਚਾਲ ਨਾਲੋਂ ਵੀ ਤੇਜ਼ ਚਲਣਾ ਸ਼ੁਰੂ ਹੋ ਜਾਂਦਾ ਹੈ। ਜਿਉਂ ਹੀ ਵਿਆਹ ਵਿੱਚ ਸ਼ਾਮਿਲ ਹੋਇਆ ਮਨੁੱਖ ਆਪਣਾ ਆਸਣ ਗ੍ਰਹਿਣ ਕਰਦਾ ਹੈ ਤਾਂ ਬਹਿਰੇ ਵਾਰ ਵਾਰ ਕਈ ਪ੍ਰਕਾਰ ਦੇ ਪਕੌੜਿਆਂ ਨਾਲ ਲੱਦੀਆਂ ਪਲੇਟਾਂ ਨਾਲ ਘੁੰਮਦੇ ਦਿਖਾਈ ਦੇਂਦੇ ਹਨ। ਚਾਟ, ਦਹੀਂ-ਭੱਲਾ, ਤਰ੍ਹਾਂ ਤਰ੍ਹਾਂ ਦੇ ਫ਼ਲ਼ ਫਰੂਟ, ਬੇਅੰਤ ਪ੍ਰਕਾਰ ਦੇ ਪਕੌੜੇ, ਮਾਸਾਹਾਰੀ, ਸਾਕਾਹਾਰੀ ਤੇ ਹੋਰ ਕਈ ਪ੍ਰਕਾਰ ਦੀਆਂ ਪਲੇਟਾਂ ਧੜਾ ਧੜ ਟੇਬਲਾਂ `ਤੇ ਟਿਕਾਈ ਜਾਣਗੇ। ਅਸੀਂ ਵੀ ਕਿਸੇ ਬਾਦਸ਼ਾਹਾਂ ਨਾਲੋਂ ਘੱਟ ਨਹੀਂ ਹੁੰਦੇ ਬਸ ਹਰ ਆਏ ਬਹਿਰੇ ਪਾਸੋਂ ਕੁੱਝ ਨਾ ਕੁੱਝ ਮੇਜ਼ `ਤੇ ਰਖਾਈ ਹੀ ਜਾਣਾ ਹੁੰਦਾ ਹੈ। ਨਾਲ ਹੀ ਠੰਡੇ ਪੀਵੀ ਜਾਂਦੇ ਹਾਂ। ਖਾਇਆ ਥੋੜਾ ਜਾਂਦਾ ਹੈ ਬਹੁਤਾ ਮਾਲ ਕੂੜੇ ਵਾਲੀ ਟੋਕਰੀ ਵਿੱਚ ਹੀ ਸੁਟਿਆ ਜਾਂਦਾ ਹੈ। ਦੋ ਤੋਂ ਤਿੰਨ ਘੰਟੇ ਇਹ ਖਾਣ ਦਾ ਘਮਸਾਣ ਯੁੱਧ ਚੱਲਦਾ ਰਹਿੰਦਾ ਹੈ। ਪਲੇਟਾਂ ਵਿੱਚ ਚਿਮਚਿਆਂ ਦੀ ਟੱਕ ਟੱਕ ਏਦਾਂ ਹੁੰਦੀ ਹੈ ਜਿਵੇਂ ਲੁਹਾਰ ਦੀ ਦੁਕਾਨ ਵਿੱਚ ਹਥੌੜਾ ਚੱਲਦਾ ਹੋਵੇ। ਜਾਂ ਪੱਕੀ ਸੜਕ `ਤੇ ਖੁਰੀਆਂ ਵਾਲ ਘੋੜਾ ਦੋੜਦਾ ਹੋਵੇ। ਥੋੜੇ ਸਮੇਂ ਉਪਰੰਤ ਰੋਟੀ ਲੱਗ ਜਾਂਦੀ ਹੈ। ਦੂਰ ਤੱਕ ਸਟਾਲ ਲੱਗੇ ਹੁੰਦੇ ਹਨ। ਇੱਕ ਪਾਸੇ ਪੰਜਾਬੀ ਢਾਬਾ ਸੱਜਿਆ ਹੁੰਦਾ ਹੈ ਭਾਵ ਪੰਜਾਬੀ ਖਾਣੇ ਦਾ ਤੰਦੂਰ ਭਖਿਆ ਪਿਆ ਹੁੰਦਾ ਹੈ। ਹੱਥ ਦੇ ਪਟਾਕੇ ਮਾਰ ਮਾਰ ਕੇ ਕਈ ਪ੍ਰਕਾਰ ਦੀਆਂ ਤਦੂੰਰੀ ਰੋਟੀਆਂ ਖਿਲਾਰੀਆਂ ਪਈਆਂ ਹੁੰਦੀਆਂ ਹਨ। ਤੜਕੇ ਜਾਂ ਮੱਖਣੀ ਵਾਲੀ ਦਾਲ ਭਾਫਾਂ ਛੱਡ ਰਹੀ ਹੁੰਦੀ ਹੈ। ਮੱਕਈ ਦੀਆਂ ਰੋਟੀਆਂ ਤੇ ਸਾਗ ਆਪਣਾ ਹੀ ਰੰਗ ਖਿਲਾਰ ਰਿਹਾ ਹੁੰਦਾ ਹੈ। ਇੱਕ ਪਾਸੇ ਦੱਖਣੀ ਭਾਰਤ ਵਾਲੇ ਖਾਣੇ ਭਾਵ ਡੋਸੇ ਤਿਆਰ ਹੋਈ ਜਾ ਰਹੇ ਹੁੰਦੇ ਹਨ। ਬਾਂਹਾਂ ਖਿਲਾਰ ਖਿਲਾਰ ਕਿ ਸਿਆਣੇ ਬਿਆਣੇ ਧੱਕਿਓ ਧੱਕੀ ਹੋਈ ਜਾਂਦੇ ਸਾਫ਼ ਦਿਸਦੇ ਹੁੰਦੇ ਹਨ। ਰਵਾਇਤੀ ਖਾਣਿਆਂ ਦੇ ਨਾਲ ਨਾਲ ਹੁਣ ਪੀਜ਼ੇ ਦਾ ਹੱਟ ਵੀ ਲੱਗਿਆ ਹੁੰਦਾ ਹੈ। ਚੀਨੀ ਜਾਂ ਥਾਈ ਖਾਣਾ ਵੀ ਹੁਣ ਮੈਰਿਜ ਪੈਲਿਸ ਵਿੱਚ ਪਰੋਸਿਆ ਹੁੰਦਾ ਹੈ। ਆਇਆ ਮਹਿਮਾਨ ਤਾਂ ਵੱਖ ਵੱਖ ਪ੍ਰਕਾਰ ਦੇ ਪਕੌੜਿਆਂ ਨਾਲ ਤੂੜਿਆ ਪਿਆ ਹੁੰਦਾ ਹੈ। ਪਕੌੜਿਆਂ ਨਾਲ ਏਦਾਂ ਕੁੱਖਾਂ ਨਿਕਲੀਆਂ ਹੁੰਦੀਆਂ ਹਨ ਜਿਵੇਂ ਬੱਕਰੀ ਦਾ ਢਿੱਡ ਭਰਿਆ ਪਿਆ ਹੋਵੇ। ਆਏ ਮਹਿਮਾਨ ਨੇ ਹਰ ਸਟਾਲ `ਤੇ ਹਾਜ਼ਰੀ ਵੀ ਜ਼ਰੂਰ ਲਵਾਉਣੀ ਹੁੰਦੀ ਹੈ। ਇੱਕ ਅੱਧਾ ਪੀਸ ਜ਼ਰੂਰ ਮੂੰਹ ਵਿੱਚ ਪਉਣਾ ਹੁੰਦਾ ਹੈ। ਇੱਕ ਪਾਸੇ ਫ਼ਲ਼ ਸਜਾ ਕੇ ਰੱਖੇ ਹੁੰਦੇ ਹਨ। ਸਬੱਬੀਂ ਅੱਜ ਕਿਤੇ ਕੋਈ ਫ਼ਲ਼ ਵੀ ਨਾ ਨਰਾਜ ਹੋ ਜਾਏ ਆਪਾਂ ਫ਼ਲ਼ਾਂ ਨੂੰ ਵੀ ਜ਼ਰੂਰ ਮੂੰਹ ਮਾਰਨਾ ਹੁੰਦਾ ਹੈ। ਫੁੱਲ ਮਿੱਠਾ ਘੋਲ਼ਿਆ ਹੋਇਆ ਤਾਜ਼ਾ ਜੂਸ ਵੀ ਸਾਡੀ ਨਿਗਾਹ ਤੋਂ ਪਰੇ ਨਹੀਂ ਹੋ ਸਕਦਾ। ਦਾਰੂ ਪੀਣ ਵਾਲਿਆਂ ਨੂੰ ਤੇ ਅੱਜ ਪੂਰੀ ਮੌਜ ਲੱਗੀ ਹੁੰਦੀ ਹੈ। ਮਾਸਾਹਾਰੀ ਖਾਣਿਆਂ ਦੀ ਦੁਰਗਤੀ ਸਭ ਤੋਂ ਵੱਧ ਹੁੰਦੀ ਦੇਖੀ ਜਾਂਦੀ ਹੈ। ਇੱਕ ਪੀਸ ਨੂੰ ਮੂੰਹ ਮਾਰਿਆ ਬਾਕੀ ਚੱਲ ਕੂੜੇ ਵਿਚ। ਕਿਉਂ ਹੈ ਨਾ ਰੀਝ ਨਾਲ ਉਜਾੜਾ ਕੀਤਾ ਜਾਂਦਾ। ਲੰਬੀ ਦੂਰੀ ਤੱਕ ਵੱਖ ਵੱਖ ਸਟਾਲ ਲੱਗੇ ਹੁੰਦੇ ਹਨ। ਕਈ ਪਰਕਾਰ ਦੇ ਸਲਾਦ ਚੁੱਕਣ ਉਪਰੰਤ ਆਪਾਂ ਹੁਣ ਰੋਟੀਆਂ ਵਲ ਨੂੰ ਪੈਂਡਾ ਤਹਿ ਕਰਨਾ ਹੁੰਦਾ ਹੈ। ਫਿਰ ਕਿਸੇ ਜਾਣ ਕਰ ਕੋਲੋਂ ਪੁੱਛ ਵੀ ਲੈਂਦੇ ਹਾਂ ਕਿ ਜਿਹੜੀ ਚੀਜ਼ ਤੂੰ ਖਾ ਰਿਹਾ ਏਂ ਇਹ ਕਿੱਥੇ ਕੁ ਪਈ ਹੋਈ ਆ। ਅੱਗੋਂ ਬੜੀ ਭਾਵਨਾ ਨਾਲ ਬੰਦਾ ਦੱਸੇਗਾ ਜਿਵੇਂ ਮੈਂ ਕੋਈ ਅਹਿਮ ਮੱਲ ਮਾਰ ਕੇ ਆਇਆ ਹੋਵਾਂ। ਖਾ ਰਿਹਾ ਆਦਮੀ ਇੰਜ ਦੱਸੇਗਾ ਜਿਵੇਂ ਕੋਈ ਬਹੁਤ ਵੱਡਾ ਮਾਰਕਾ ਮਾਰਿਆ ਹੋਵੇ। ਦੱਸਣ ਵਾਲੇ ਦੇ ਮਨ ਵਿੱਚ ਭਾਵ ਹੁੰਦਾ ਹੈ ਕਿ ਤੂੰ ਕਦੇ ਕਿਸੇ ਵਿਆਹ `ਤੇ ਹੀ ਨਹੀਂ ਗਿਆ ਲੱਗਦਾ। ਮਨੋ ਬੜਾ ਖੁਸ਼ ਹੋਏਗਾ ਇਹਨੂੰ ਵਿਚਾਰੇ ਨੂੰ ਇਹ ਵੀ ਪਤਾ ਕਿ ਅਜੇਹੇ ਵਿਆਹਾਂ ਵਿੱਚ ਜਾਣਾ ਕਿਦਾਂ ਹੈ?
ਤਰ੍ਹਾਂ ਤਰ੍ਹਾਂ ਸਾਕਹਾਰੀ ਤੇ ਮਾਸਾਹਾਰੀਆਂ ਸਬਜ਼ੀਆਂ ਨਾਲ ਮੇਜ਼ ਤੂਸੇ ਹੁੰਦੇ ਹਨ। ਹੁਣ ਭਾਵੇਂ ਸਾਡੇ ਪੇਟ ਦੀ ਚਿਣ ਚਿਣ ਕੇ ਭਰਾਈ ਹੋਵੇ ਪਰ ਅਸੀਂ ਮਿੱਠਾ ਖਾਣ ਤੋਂ ਕਦੇ ਕੁਤਾਹੀ ਨਹੀਂ ਕੀਤੀ। ਵੱਡੀਆਂ ਵੱਡੀਆਂ ਬੀਬੀਆਂ ਤੇ ਬੀਬੇ ਸ਼ੁਗਰ ਦੇ ਮਰੀਜ਼ ਹੋਣ ਦੇ ਬਾਵਜੂਦ ਵੀ ਸ਼ਰੀਕਾਂ ਦੇ ਵਿਆਹ ਵਿਚੋਂ ਗਰਮ ਗਰਮ ਜਲੇਬੀਆਂ, ਗੁਲਾਬ ਜਾਮਨੂੰ, ਰਸ ਮਲਾਈ ਭਾਵ ਹਰ ਪ੍ਰਕਾਰ ਦੇ ਮਿੱਠੇ ਨਾਲ ਜ਼ਰੂਰ ਗਿੱਦੜ ਲੇੜ ਕਰਨੀ ਹੁੰਦੀ ਹੈ। ਇੰਜ ਲੱਗ ਰਿਹਾ ਸੀ ਕਿ ਅਗਲੇ ਦਸ ਦਿਨਾਂ ਤਕ ਹੁਣ ਖਾਣੇ ਦੀ ਜ਼ਰੂਰਤ ਨਹੀਂ ਪਏਗੀ ਪਰ ਜਿਉਂ ਹੀ ਆਈਸ ਕਰੀਮ ਦੇ ਦਰਸ਼ਨ ਹੋਏ ਵੜਾਸ਼ਾਂ ਖਿੜ ਗਈਆਂ ਮੁੱਫਤ ਵਿੱਚ ਆਈਸ ਕਰੀਮ ਨਾ ਚਾਹੁੰਦਿਆ ਹੋਇਆਂ ਵੀ ਵੱਡੇ ਸਾਰੇ ਕੱਪ ਨੂੰ ਹੱਥ ਪਉਂਦੇ ਹਾਂ। ਇੰਜ ਲੱਗਦਾ ਹੈ ਕਿ ਜਿਵੇਂ ਆਈਸ ਕਰੀਮ ਨਾ ਖਾਧੀ ਤਾਂ ਸ਼ਾਇਦ ਘਰ ਜਾ ਕੇ ਸ਼ਰਮਸ਼ਾਰ ਹੋਣਾ ਪਵੇ। ਪੰਜ ਛੇ ਘੰਟੇ ਹਰ ਮਨੁੱਖ ਦਾ ਮੂੰਹ ਹਿਲਦਾ ਦਿਖਾਈ ਦੇਵੇਗਾ। ਜਿਹੜਾ ਬੰਦਾ ਨਹੀਂ ਖਾ ਰਿਹਾ ਉਸ ਨੂੰ ਅਸਭਿਅਕ ਗਿਣਿਆ ਜਾਂਦਾ ਹੈ। ਮੈਰਿਜ ਵਾਲੇ ਹਾਲ ਵਿੱਚ ਸਾਡੀ ਇੱਕ ਮੱਝ ਨਾਲੋਂ ਵੱਧ ਯੋਗਤਾ ਨਹੀਂ ਹੁੰਦੀ। ਜਿਸ ਤਰ੍ਹਾਂ ਮੱਝ ਖਾਂਦੀ ਘੱਟ ਹੈ ਉਜਾੜਾ ਬਹੁਤਾ ਕਰਦੀ ਹੈ ਕੁੱਝ ਏਸੇ ਤਰ੍ਹਾਂ ਹੀ ਛੱਕਦੇ ਅਸੀਂ ਵੀ ਘੱਟ ਹਾਂ ਪਰ ਉਜਾੜਾ ਜ਼ਰੂਰ ਕਰ ਰਹੇ ਹੁੰਦੇ ਹਾਂ।
ਪੰਜ ਛੇ ਘੰਟੇ ਛੱਕਣ ਛਕਾਉਣ ਉਪਰੰਤ ਅਜੇ ਇੱਕ ਹੋਰ ਕੰਮ ਕਰਨ ਵਾਲਾ ਰਹਿੰਦਾ ਹੈ। ਉਹ ਕਿ ਲੜਕੀ ਨੂੰ ਚੁੰਨੀ ਚੜਾਉਣ ਦੀ ਰਸਮ ਅਦਾ ਕਰਨੀ ਹੈ ਭਾਵ ਲੜਕੀ ਨੂੰ ਲੜਕੇ ਵਾਂਗ ਸਗਨ ਲਗਾਉਣਾ ਹੈ। ਜਿਸ ਤਰ੍ਹਾਂ ਲੜਕੇ ਵਾਲੇ ਸਗ਼ਨ ਲਗਾਉਣ ਸਮੇਂ ਕਾਰਾਂ ਦੀਆਂ ਚੀਕਾਂ ਕਢਾਉਂਦੇ ਮੈਰਿਜ ਪੈਲਿਸ ਵਿੱਚ ਪਹੁੰਚਦੇ ਹਨ ਕੁੱਝ ਏਸੇ ਤਰ੍ਹਾਂ ਹੀ ਲੜਕੇ ਦੇ ਪਰਵਾਰ ਤਥਾ ਬਾਕੀ ਸਾਰੀ ਸਾਕ ਮੰਡਲੀ ਕਾਰਾਂ ਦਾ ਧੂੰਆਂ ਕੱਢਦੀ ਲੜਕੀ ਵਾਲਿਆਂ ਦੇ ਘਰ ਧੂੜਾਂ ਪੁੱਟਦੇ ਜਾਂਦੇ ਹਨ। ਅੱਗੇ ਫਿਰ ਓਸੇ ਤਰ੍ਹਾਂ ਹੀ ਖਾਣ ਪੀਣ ਦਾ ਪ੍ਰਬੰਧ ਕੀਤਾ ਹੁੰਦਾ ਹੈ। ਪਹਿਲਾਂ ਪਕੋੜੇ, ਠੰਡੇ, ਫ਼ਲ਼, ਚਾਟ ਤੇ ਜੂਸ ਨਾਲ ਲੜਕੀ ਵਾਲਿਆਂ ਦੇ ਪਰਵਾਰ ਦੀ ਆਓ ਭਗਤ ਕੀਤੀ ਜਾਂਦੀ ਹੈ। ਸੂਰਜ ਛਿੱਪ ਰਿਹਾ ਹੁੰਦਾ ਤੇ ਨਾਲ ਹੀ ਖਾਣੇ ਵਾਲੇ ਟੇਬਲ ਲੱਗੇ ਹੁੰਦੇ ਹਨ। ਪਿੱਛਲਿਆਂ ਦਸਾਂ ਘੰਟਿਆਂ ਵਿੱਚ ਇੱਕ ਮਿੰਟ ਦਾ ਵੀ ਪੇਟ ਨੂੰ ਸਾਹ ਲੈਣ ਨਹੀਂ ਦਿੱਤਾ। ਲੜਕੇ ਵਾਲਿਆਂ ਵਲੋਂ ਆਏ ਮਹਿਮਾਨਾਂ ਦੀ ਹਰ ਪ੍ਰਕਾਰ ਦੀ ਆਓ ਭਗਤ ਕੀਤੀ ਜਾਂਦੀ ਹੈ। ਦਾਰੂ ਪੀਣ ਵਾਲਿਆਂ ਦਾ ਖਾਸ ਪ੍ਰਬੰਧ ਕੀਤਾ ਹੁੰਦਾ ਹੈ। ਦਾਰੂ ਪੀਣ ਵਾਲੇ ਪਹਿਲਾਂ ਨਾਂਹ ਨੁਕਰ ਕਰਨਗੇ ਏਸ ਢੰਗ ਨਾਲ ਕਿਤੇ ਅੱਗੋਂ ਸੱਚੀਂ ਮੁੱਚੀਂ ਹੀ ਚੁੱਕ ਨਾ ਲੈ ਜਾਣ। ਨਾਂਹ ਨਾਂਹ ਕਰਦਿਆਂ ਲ਼ਾਲ਼ਾਂ ਛੱਡਦੀ ਜ਼ਬਾਨ ਖੁਸ਼ ਕਰਨ ਲਈ ਪੀਣ ਬਹਿ ਜਾਣਗੇ। ਫਿਰ ਆਈਸ ਕਰੀਮ ਨਾਲ ਦੋ ਦੋ ਹੱਥ ਕਰਦਿਆਂ ਇਹ ਕਾਫ਼ਲਾ ਕਾਰਾਂ ਵਿੱਚ ਬੈਠ ਕੇ ਸਵੇਰ ਤੋਂ ਲੈ ਕੇ ਲੜਕੀ ਵਾਲਿਆਂ ਦੇ ਘਰ ਦੀ ਹਰ ਗੱਲ ਦੀ ਚੀੜ ਫਾੜ ਕਰਨ ਲੱਗ ਜਾਂਦੇ ਹਨ। ਕਪੂਰ ਜੀ ਇੱਕ ਜਗ੍ਹਾ ਬੜਾ ਪਿਆਰਾ ਲਿਖਦੇ ਹਨ ਕਿ ਜਦੋਂ ਦੋ ਪਰਾਵਰ ਆਪਸ ਵਿੱਚ ਬੈਠਦੇ ਹਨ ਤਾਂ ਗੱਲਾਂ ਕਿਹੜੀਆਂ ਕਰਦੇ ਹਨ। ਤਾਂ ਉਹ ਉੱਤਰ ਦੇਂਦੇ ਹਨ ਕਿ ਦੁਜੇ ਪਰਵਾਰ ਦੀ ਪੱਗ ਲਾਹੁੰਣ ਦੀਆਂ ਗੱਲਾਂ ਕਰਦੇ ਹਨ। ਕਦੇ ਕਿਸੇ ਨੇ ਕਿਸੇ ਖਾਸ ਮੁੱਦੇ ਤੇ ਗੱਲ ਨਹੀਂ ਕੀਤੀ ਹੁੰਦੀ ਸਗੋਂ ਸਵੇਰ ਤੋਂ ਲੈ ਸ਼ਾਮ ਤਕ ਖਾਣ ਪੀਣ ਦੀ ਪੂਰੀ ਸਮੀਖਿਆ ਕੀਤੀ ਜਾਂਦੀ ਹੈ। ਕਾਰਾਂ ਵਿੱਚ ਬੈਠਦਿਆਂ ਸਾਰ ਹੀ ਨੁਕਸਾਂ ਦੀ ਪਟਾਰੀ ਖੋਲ੍ਹ ਲੈਂਦੇ ਹਾਂ। ਪੂਰੀ ਤਨ ਦੇਹੀ ਨਾਲ ਪਰਵਾਰਾਂ ਦੀ ਪੱਤ ਛਾਣੀ ਜਾਂਦੀ ਹੈ।
ਦੇਖਣ ਵਾਲੀ ਗੱਲ ਹੈ ਕਿ ਪਰਵਾਰ ਬੁਰੀ ਤਰ੍ਹਾਂ ਇਸ ਬੀਮਾਰੀ ਵਿੱਚ ਫਸ ਗਏ ਹਨ ਹੁਣ ਨਿਕਲਣ ਦਾ ਰਾਹ ਨਹੀਂ ਮਿਲਦਾ। ਨਾ ਚਾਹੁੰਦਿਆਂ ਹੋਇਆਂ ਵੀ ਸਮਾਜ ਅਜੇਹੀ ਬੀਮਾਰੀ ਵਿੱਚ ਫਸ ਚੁੱਕਿਆ ਹੈ ਜਿੱਥੋਂ ਇਸ ਨੂੰ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ। ਅਸੀਂ ਇੱਕ ਦੂਜੇ ਨਾਲੋਂ ਵੱਡੇ ਹੋਣ ਤੇ ਨੱਕ ਨਮੂਜ ਦੇ ਚੱਕਰ ਵਿੱਚ ਫਸੇ ਪਏ ਹਾਂ। ਕਾਸ਼ ਕਦੇ ਗੁਰਬਾਣੀ ਦੇ ਇਹਨਾਂ ਵਾਕਾਂ ਨੂੰ ਵੀ ਧਿਆਨ ਵਿੱਚ ਲਿਆਈਏ—
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ।। ਸਲੋਕ ਮ: ੧ ਪੰਨਾ ੭੯੦
ਬਾਬਾ, ਹੋਰੁ ਖਾਣਾ ਖੁਸੀ ਖੁਆਰੁ।। ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।। ੧।। ਰਹਾਉ
ਸਿਰੀ ਰਾਗ ਮਹਲਾ ੧ ਪੰਨਾ ੧੬
ਜੇ ਕੌਮ ਸੰਭਾਲਣੀ ਹੈ ਤਾਂ ਸਾਡੇ ਧਾਰਮਿਕ ਆਗੂਆਂ, ਪਿੰਡ ਦੀਆਂ ਪੰਚਾਇਤਾਂ, ਸਮਾਜ ਸੇਵੀ ਜੱਥੇਬੰਦੀਆਂ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅੱਗੇ ਆਕੇ ਕੁੱਝ ਢੁਕਵੇਂ ਫੈਸਲੇ ਕਰਨੇ ਚਾਹੀਦੇ। ਵਿਆਹਾਂ ਵਿੱਚ ਸਾਦਗੀ ਲਿਆਉਣ ਦਾ ਸਿਰ ਤੋੜ ਯਤਨ ਕਰਨਾ ਚਾਹੀਦਾ ਹੈ। ਇੱਕ ਪਾਸੇ ਰੱਟੀ ਹੱਥੋਂ ਦੁੱਖੀ ਤੇ ਆਰਥਿਕ ਦੀ ਪੱਖ ਮੰਦੀ ਹਾਲਤ ਵਿੱਚ ਪੀਸਿਆ ਹੋਇਆ ਕਿਰਸਾਨ ਆਤਮ ਹੱਤਿਆਵਾਂ ਕਰ ਹੈ ਤੇ ਦੂਜੇ ਪਾਸੇ ਬੇ-ਲੋੜਾ ਉਜਾੜਾ ਧਰਿਆ ਹੋਇਆ ਹੈ। ਜੇ ਪਰਵਾਰਾਂ ਵਿੱਚ ਕੌਮੀਅਤ ਆ ਜਾਏ ਤਾਂ ਇਹ ਕੌਮੀ ਪੈਸਾ ਬਚਾਇਆ ਜਾ ਸਦਾ ਹੈ।




.