. |
|
ਭੱਟ ਬਾਣੀ-40
ਬਲਦੇਵ ਸਿੰਘ ਟੋਰਾਂਟੋ
ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ।।
ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ।।
ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ।।
ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ।। ੧੩।।
(ਪੰਨਾ ੧੩੯੮)
ਪਦ ਅਰਥ:- ਜਨਕੁ –
ਜਨਮ ਦਾਤੇ ਨੂੰ, ਕਰਤੇ ਨੂੰ। ਸੋਇ – ਸਰਬ ਵਿਆਪਕ। ਜਨਕੁ ਸੋਇ – ਸਰਬ-ਵਿਆਪਕ ਜਨਮ
ਦਾਤੇ ਨੂੰ। ਜਿਨਿ ਜਾਣਿਆ – ਜਿਸ ਕਿਸੇ ਨੇ ਜਾਣਿਆ। ਉਨਮਨਿ - ਉਨ੍ਹਾਂ ਦਾ ਮਨ।
ਰਥੁ – ਇਥੇ ਇੱਕ ਗੱਲ ਪਾਠਕਾਂ ਨੂੰ ਧਿਆਨ ਗੋਚਰੇ ਕਰਨ ਦੀ ਲੋੜ ਹੈ ਕਿ ਹਰੇਕ ਸ਼ਬਦ ਦੇ ਅਰਥ ਸ਼ਬਦ ਦੇ
ਸਿਧਾਂਤ, ਚੱਲ ਰਹੇ ਪ੍ਰਕਰਣ ਦੇ ਅਨੁਸਾਰ ਅਤੇ ਸ਼ਬਦ ਦੇ ਨਾਲ ਦੂਸਰਾ ਸਬੰਧਤ ਸ਼ਬਦ ਜੁੜਨ ਨਾਲ ਆਪ
ਮੁਹਾਰੇ ਬਦਲਦੇ ਰਹਿੰਦੇ ਹਨ। ਜਿਵੇਂ ਰਥੁ – ਸ਼ਬਦ (ਮਹਾਨ ਕੋਸ਼ ਅਨੁਸਾਰ) ਸੰ: ਦਾ
ਸ਼ਬਦ ਹੈ ਅਤੇ ਇਸ ਦੇ ਅਰਥ ਹਨ ਸੰ: ਸੰਗਯਾ ਜਿਸ ਨਾਲ ਛੇਤੀ ਜਾ ਸਕੀਏ। ਦੋ ਜਾਂ ਚਾਰ ਪਹੀਏ ਦੀ ਗੱਡੀ,
ਯੋਧਾ, ਬਹਾਦਰ ਪੁਰਸ਼, ਯੋਧਾ। ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ।। “
(ਸਵੈਯੇ ਮੁਖਵਾਕ ਮਹਲਾ ੫।।)। ਇਥੇ ਇਹ ਨੁਕਤਾ ਕਿਤਨਾ ਸੁਖਾਲਾ ਹੀ ਸਮਝ ਆ ਜਾਣ ਵਾਲਾ ਹੈ।
ਜਦੋਂ ਰਥ ਸ਼ਬਦ ਦੇ “ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ।। “ ਦੇ
ਨਾਲ ਸਬੰਧਤ ਸ਼ਬਦ ਅਸਵ-ਘੋੜਾ, ਘੋੜੇ ਨਾਲ ਜੁੜ ਜਾਵੇਗਾ ਤਾਂ ਰਥ ਸ਼ਬਦ ਦੇ ਅਰਥ ਵੀ ਇਥੇ ਰਥ-ਚਾਰ ਪਹੀਆ
ਦੀ ਗੱਡੀ-ਰਥ ਹੀ ਬਣਨਗੇ। ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ।। “ ਇਥੇ ਇਸ ਸ਼ਬਦ ਦੇ
ਅਰਥ ਯੋਧਾ ਬਣਨਗੇ ਅਤੇ ਬਣਦੇ ਹਨ ਕਿਉਂਕਿ ਇਥੇ ਸਬੰਧਤ ਸ਼ਬਦ ਉਨਮਨਿ-ਉਸ ਨੇ (ਉਹ) ਆਪਣੇ ਮਨ ਨਾਲ
ਜੁੜੇਗਾ ਤਾਂ ਰਥੁ ਸ਼ਬਦ ਦੇ ਅਰਥ ਸਬੰਧਤ ਸ਼ਬਦ ਦੇ ਚੱਲ ਰਹੇ ਸਿਧਾਂਤਕ ਪ੍ਰਕਰਣ ਅਨੁਸਾਰ ਯੋਧਾ ਹੀ
ਬਣਨਗੇ। ਜਿਸ ਨਾਲ ਸਿਧਾਂਤ ਵੀ ਸਪੱਸ਼ਟ ਹੋ ਕੇ ਸਾਹਮਣੇ ਆਉਂਦਾ ਹੈ। ਮਹਾਨ ਕੋਸ਼ ਦੇ ਕੀਤੇ ਰਥੁ ਦੇ
ਅਰਥ ਯੋਧਾ ਇਥੇ ਹਵਾਲੇ ਵਜੋਂ ਸਹਾਇਕ ਵੀ ਹੁੰਦੇ ਹਨ। ਸੋ ਪਾਠਕ ਜਨਾਂ ਲਈ ਬੇਨਤੀ ਹੈ ਕਿ ਇਹ ਨੁਕਤਾ
ਜ਼ਰੂਰ ਯਾਦ ਰੱਖਣ ਤਾਂ ਜੋ ਅਰਥ ਸਮਝਣ ਵੇਲੇ ਸੁਖੈਨ ਹੋ ਸਕੇ। ਰਥੁ – ਯੋਧਾ (ਮ: ਕੋਸ਼)।
ਸਤੁ – ਸੱਚ। ਸੰਤੋਖੁ – ਸਿਦਕ, ਭਰੋਸਾ। ਸਮਾਚਰੇ – ਸੁਨੇਹਾ, ਗਿਆਨ ਦੇ
ਸੁਨੇਹੇ ਨਾਲ। ਅਭਰਾ – ਖ਼ਾਲੀ, ਗਿਆਨ ਤੋਂ ਸੱਖਣਾ, ਗਿਆਨਹੀਣ। ਅਭਰਾ ਸਰੁ ਭਰਿਆ –
ਜੋ ਗਿਆਨਹੀਣ ਵੀ ਸੀ, ਉਹ ਵੀ ਗਿਆਨਵਾਨ ਹੋ ਗਿਆ। ਸਰੁ –ਸਰ ਹੋ ਜਾਣਾ, ਫਤਿਹ ਪਾ ਲੈਣੀ,
ਪ੍ਰਾਪਤੀ ਕਰ ਲੈਣੀ। ਭਰਿਆ – ਗਿਆਨ ਨਾਲ ਭਰਪੂਰ, ਗਿਆਨਵਾਨ ਹੋ ਜਾਣਾ। ਸਮਾਚਰੇ –
ਸਨੇਹਾ, ਸੰਦੇਸ਼ਾ (ਮ: ਕੋਸ਼)। ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ – ਇਸ
ਤਰ੍ਹਾਂ ਜਿਸ ਕਿਸੇ ਨੇ ਇਸ ਸੱਚ ਦੇ ਸੁਨੇਹੇ (ਗਿਆਨ) ਉੱਪਰ ਭਰੋਸਾ ਕੀਤਾ, ਉਸ ਗਿਆਨਹੀਣ ਮਨੁੱਖ ਨੇ
ਵੀ ਗਿਆਨਵਾਨ ਹੋ ਕੇ ਅਗਿਆਨਤਾ ਨੂੰ ਸਰ ਕਰ ਲਿਆ ਭਾਵ ਅਗਿਆਨਤਾ ਉੱਪਰ ਫਤਿਹ ਪਾ ਲਈ। ਅਕਥ ਕਥਾ –
ਜਿਸ ਗੱਲ ਤੋਂ ਅਨਜਾਣ ਹੋਈਏ, ਭਾਵ ਨਾ ਵਾਕਫ ਹੋਈਏ। ਅਮਰਾ ਪੁਰੀ – ਪੂਰਨ ਤੌਰ `ਤੇ
ਅਮਰ-ਮੁਕਤ ਹੋ ਗਏ। ਅਮਰਾ – ਅਮਰ, ਭਾਵ (ਅਵਤਾਰਵਾਦ ਦੇ ਕਰਮ-ਕਾਂਡ) ਤੋਂ ਅਮਰ-ਮੁਕਤ ਹੋ
ਗਏ। ਪੁਰੀ – ਪੂਰਨ ਹੋਈ, ਪੂਰਨ ਹੋਇਆ, ਪੂਰਨ (ਮ: ਕੋਸ਼)। ਪੁਰੀ – ਭਾਵ
ਪੂਰਨ ਤੌਰ `ਤੇ। ਜਿਸੁ ਦੇਇ –ਉਸ ਨੇ ਆਪਾ ਦਿੱਤਾ, ਭਾਵ ਹਉਮੈ ਤਿਆਗੀ। ਸੁ ਪਾਵੈ –
ਉਸ ਨੂੰ ਪ੍ਰਾਪਤੀ ਹੋਈ। ਜਨਕ – ਜਨਮ ਦਾਤਾ, ਕਰਤਾਰ। ਰਾਜੁ – ਰਹੱਸ। ਗੁਰ –
ਗਿਆਨ। ਬਣਿ ਆਵੈ – ਬਣ ਆਈ ਹੈ ਭਾਵ ਸਾਂਝ ਪਈ ਹੈ।
ਅਰਥ:- ਹੇ ਭਾਈ! ਇਸ ਗਿਆਨ ਸੱਚ ਦੇ ਸੁਨੇਹੇ ਉੱਪਰ ਜੇਕਰ ਕਿਸੇ
ਗਿਆਨਹੀਣ ਮਨੁੱਖ ਨੇ ਵੀ ਭਰੋਸਾ ਕੀਤਾ ਤਾਂ ਉਸ ਗਿਆਨਹੀਣ ਮਨੁੱਖ ਨੇ ਵੀ ਗਿਆਨਵਾਨ ਹੋ ਕੇ ਅਗਿਆਨਤਾ
ਨੂੰ ਸਰ ਕਰ ਲਿਆ ਭਾਵ ਜਿੱਤ ਲਿਆ, ਅਗਿਆਨਤਾ ਉੱਪਰ ਕਾਬੂ ਪਾ ਲਿਆ। ਇਸ ਤਰ੍ਹਾਂ ਅਗਿਆਨਤਾ ਉੱਪਰ
ਕਾਬੂ ਪਾ ਲੈਣ ਵਾਲੇ ਉਸ ਬਹਾਦਰ ਪੁਰਸ਼ ਨੇ ਹੀ ਉਸ ਜਨਕ-ਜਨਮ ਦਾਤੇ ਇਕੁ ਸਰਬ-ਵਿਆਪਕ ਕਰਤੇ ਨੂੰ ਸੱਚ
ਜਾਣ ਕੇ ਆਪਣਾ ਕਰਕੇ, ਮਨ ਉਸ ਉੱਪਰ ਟਿਕਾਇਆ। ਇਸ ਤਰ੍ਹਾਂ ਜਿਹੜਾ ਇਸ ਗਿਆਨ ਤੋਂ ਨਾਵਾਕਫ ਵੀ ਸੀ
ਜਦੋਂ ਉਸ ਨੇ ਆਪਣਾ ਆਪਾ ਦਿੱਤਾ ਭਾਵ ਹਉਮੈ ਤਿਆਗੀ, ਉਸ ਨੂੰ ਗਿਆਨ ਪ੍ਰਾਪਤ ਹੋਇਆ ਤਾਂ ਉਹ
(ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਤੋਂ) ਪੂਰਣ ਤੌਰ ਉੱਪਰ ਅਮਰ ਭਾਵ ਮੁਕਤ ਹੋਇਆ। ਇਸ ਤਰ੍ਹਾਂ ਇਹ
ਜਨਮ ਦਾਤੇ ਕਰਤਾਰ ਦੇ ਗਿਆਨ ਦਾ ਜੋ ਰਹੱਸ ਸੀ, ਹੇ ਰਾਮਦਾਸ ਜੀ! ਤੇਰੀ ਵੀ ਇਸ ਸੱਚ ਨਾਲ ਬਣਿ
ਆਵੈ-ਬਣ ਆਈ ਹੈ ਭਾਵ ਸਾਂਝ ਪਈ ਹੈ।
ਇਹ ਉਪਰਲੇ ੧੩ ਸਵਈਏ ਭੱਟ ਗਯੰਦ ਦੇ ਉਚਾਰਣ ਕੀਤੇ ਹਨ।
ਨੋਟ:- ਇਸ ਸਵਈਏ ਵਿੱਚ ਭੱਟ ਸਾਹਿਬਾਨ ਜੀ ਨੇ ਇਹ ਦਰਸਾਇਆ ਹੈ ਕਿ
ਅਗਿਆਨਤਾ ਉੱਪਰ ਕਾਬੂ ਵੀ ਬਹਾਦਰ, ਯੋਧੇ ਪੁਰਸ਼ ਹੀ ਪਾਉਂਦੇ ਹਨ। ਡਰਪੋਕ ਲੋਕ ਤਾਂ ਅਗਿਆਨਤਾ ਵੱਸ
ਕਰਮ-ਕਾਂਡੀਆ ਦੇ ਪਾਪ ਸਰਾਪ ਤੋਂ ਡਰਦੇ ਕਰਮ-ਕਾਂਡ ਹੀ ਕਰੀ ਜਾਂਦੇ ਰਹਿੰਦੇ ਹਨ। ਅੱਗੇ ਦਰਸਾ ਰਹੇ
ਹਨ ਕਿ ਜਿਹੜੇ ਬਹਾਦਰ ਪੁਰਸ਼ ਇਕੁ ਸਦੀਵੀ ਸਥਿਰ ਰਹਿਣ ਵਾਲੇ ਨਾਲ ਇਕਤਾਰ ਜੁੜ ਜਾਂਦੇ ਹਨ, ਉਨ੍ਹਾਂ
ਨੂੰ ਕੋਈ ਪਾਪਾਂ ਰੂਪੀ ਦੁੱਖ ਪੋਹ ਹੀ ਨਹੀਂ ਸਕਦਾ।
ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੑੁ ਤਿਨੑ
ਜਨ ਦੁਖ ਪਾਪੁ ਕਹੁ ਕਤ ਹੋਵੈ ਜੀਉ।।
ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸਿਟ੍ਟ ਧਾਰੈ
ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ।।
ਜੀਅਨ ਸਭਨ ਦਾਤਾ ਅਗਮ ਗ੍ਯ੍ਯਾਨ ਬਿਖ੍ਯ੍ਯਾਤਾ
ਅਹਿਨਿਸਿ ਧ੍ਯ੍ਯਾਨ ਧਾਵੈ ਪਲਕ ਨ ਸੋਵੈ ਜੀਉ।।
ਜਾ ਕਉ ਦੇਖਤ ਦਰਿਦ੍ਰੁ ਜਾਵੈ ਨਾਮੁ ਸੋ ਨਿਧਾਨੁ ਪਾਵੈ
ਗੁਰਮੁਖਿ ਗ੍ਯ੍ਯਾਨਿ ਦੁਰਮਤਿ ਮੈਲੁ ਧੋਵੈ ਜੀਉ।।
ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੁ
ਤਿਨ ਜਨ ਦੁਖ ਪਾਪ ਕਹੁ ਕਤ ਹੋਵੈ ਜੀਉ।। ੧।।
(ਪੰਨਾ ੧੩੯੮)
ਪਦ ਅਰਥ:- ਸਤਿਗੁਰ –
ਸਦੀਵੀ ਸਥਿਰ ਰਹਿਣ ਵਾਲਾ। ਨਾਮੁ – ਸੱਚ ਨੂੰ
ਆਪਣੇ ਜੀਵਨ ਵਿੱਚ ਅਪਣਾਉਣਾ। ਏਕ ਲਿਵ – ਇਕਤਾਰ, ਲਗਾਤਾਰ, ਦਿਨ ਰਾਤ ਭਾਵ ਹਮੇਸ਼ਾ। ਮਨਿ
– ਮੰਨ ਅੰਦਰ। ਜਪੈ – ਅਭਿਆਸ ਕਰੇ। ਦ੍ਰਿੜੑੁ – ਦ੍ਰਿੜ੍ਹਤਾ ਨਾਲ। ਤਿਨੑ
ਜਨ – ਉਸ ਜਨ ਨੂੰ। ਦੁਖ – ਅਗਿਆਨਤਾ ਦਾ ਦੁੱਖ। ਪਾਪ ਕਹੁ – (ਕਰਮ-ਕਾਂਡੀਆਂ
ਦੇ) ਸਰਾਪ ਦੇ ਫੋਕੇ ਡਰਾਵਿਆਂ ਦਾ ਪਾਪ, ਕਹੁ ਪਾਪ – ਭਾਵ ਜੋ ਕਰਮ-ਕਾਂਡੀ ਕਹਿੰਦੇ ਹਨ ਕਿ ਸਰਾਪ ਦੇ
ਦਿਆਂਗੇ ਤਹਾਨੂੰ ਪਾਪ ਲੱਗੇਗਾ। ਕਹੁ – ਕਹਿਣ ਨਾਲ, ਗੱਲੀ ਬਾਤੀ। ਕਤ – ਕਦੀ।
ਕਤ ਹੋਵੈ - ਕਦੀ ਨਹੀਂ ਹੁੰਦਾ। ਜੀਉ – ਉਸ ਦੀ ਬਖ਼ਸ਼ਿਸ਼ ਨਾਲ। ਤਾਰਣ ਤਰਣ – ਅਗਿਆਨਤਾ
ਦੇ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲੈਣ ਵਾਲਾ। ਖਿਨ ਮਾਤ੍ਰ – ਸਮੇਂ ਦੀ ਬਹੁਤ ਛੋਟੀ
ਇਕਾਈ। ਜਾ ਕਉ – ਜੇਕਰ ਕੋਈ। ਦ੍ਰਿਸਿਟ੍ਟ
ਧਾਰੈ – ਧਿਆਨ ਗੋਚਰਾ ਕਰੇ, ਆਪਣਾ ਧਿਆਨ ਸੱਚ
ਨਾਲ ਜੋੜੇ। ਸਬਦੁ – ਗਿਆਨ। ਰਿਦੁ ਬੀਚਾਰੈ – ਆਪਣੇ ਹਿਰਦੈ ਅੰਦਰ ਵੀਚਾਰੇ।
ਕਾਮੁ ਕ੍ਰੋਧੁ – ਕਾਮੀ ਕ੍ਰੋਧੀਆਂ ਦੀ ਵੀਚਾਰਧਾਰਾ। ਖੋਵੈ – ਛੁਟਕਾਰਾ। ਜੀਉ – ਉਸ ਦੀ ਬਖ਼ਸ਼ਿਸ਼
ਨਾਲ। ਜੀਅਨ ਸਭਨ ਦਾਤਾ – ਸਭਨਾਂ ਜੀਆਂ ਦੇ ਦਾਤੇ ਦਾ। ਅਗਮ ਗ੍ਯ੍ਯਾਨ ਬਿਖ੍ਯ੍ਯਾਤਾ –
ਉਸ ਅਗੰਮ ਦੇ ਗਿਆਨ ਦਾ ਅੱਗੇ ਵਿਖਿਆਨ ਕਰਨਾ, ਅੱਗੇ ਵੰਡਣਾ ਹੋਰਨਾਂ ਨੂੰ ਉਸ ਅਗੰਮ ਦੇ ਲੜ ਹੀ
ਲਾਉਣਾ-ਲਾਉਂਦੇ ਹਨ। ਅਹਿਨਿਸਿ – ਦਿਨ ਰਾਤ। ਧ੍ਯ੍ਯਾਨ – ਧਿਆਨ ਨਾਲ ਰਹਿਣਾ ਭਾਵ
ਚੌਕੰਨੇ ਰਹਿਣਾ। ਧਾਵੈ – ਰਹਿਣਾ, ਰਹਿੰਦਾ ਹੈ। ਧ੍ਯ੍ਯਾਨ ਧਾਵੈ – ਚੌਕੰਨਾ
(cautious, alert)
ਰਹਿੰਦਾ ਹੈ। ਪਲਕ ਨ ਸੋਵੈ ਜੀਉ – ਇੱਕ ਖਿਨ
ਮਾਤ੍ਰ ਵੀ ਉਸ ਦੀ ਬਖ਼ਸ਼ਿਸ਼ ਨਾਲ ਅਗਿਆਨਤਾ ਦੀ ਨੀਂਦ ਵਿੱਚ ਨਹੀਂ ਸੌਂਦਾ। ਜਾ ਕਉ ਦੇਖਤ –
ਉਨ੍ਹਾਂ ਦਾ ਜੀਵਨ ਦੇਖ ਕੇ। ਦਰਿਦ੍ਰੁ ਜਾਵੈ – ਅਗਿਆਨਤਾ ਦਾ ਦਲਿੱਦਰ-ਆਲਸ ਚਲਾ ਜਾਂਦਾ ਹੈ।
ਨਾਮੁ ਸੋ ਨਿਧਾਨੁ ਪਾਵੈ – ੳਹੁ ਜੋ ਸੱਚ ਨੂੰ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਅਪਣਾ
ਲੈਂਦੇ ਹਨ। ਗੁਰਮੁਖਿ ਗ੍ਯ੍ਯਾਨਿ – ਕਰਤੇ ਦਾ ਗਿਆਨ। ਦੁਰਮਤਿ ਮੈਲੁ – ਅਗਿਆਨਤਾ
ਦੀ ਮੈਲ। ਧੋਵੈ – ਧੋ ਹੋ ਜਾਣੀ, ਸਾਫ ਹੋ ਜਾਣੀ। ਜੀਉ – ਬਖ਼ਸ਼ਿਸ਼। ਸਤਿਗੁਰ
ਨਾਮੁ ਏਕ ਲਿਵ ਮਨਿ ਜਪੈ ਦ੍ਰਿੜੁ ਤਿਨ ਜਨ ਦੁਖ ਪਾਪ ਕਹੁ ਕਤ ਹੋਵੈ ਜੀਉ।। ੧।। ਪਦ ਅਰਥ ਪਹਿਲੀ
ਪੰਗਤੀ ਦੇ ਪਦ ਅਰਥਾਂ ਤੋਂ ਦੋਖੋ ਜੀ।
ਅਰਥ:- ਹੇ ਭਾਈ! ਜੋ ਜਨ ਇਕੁ ਸਦੀਵੀ ਸਥਿਰ ਰਹਿਣ ਵਾਲੇ ਸੱਚੇ ਸਤਿਗੁਰ
ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਇਕਤਾਰ ਉਸ ਸੱਚ ਨੂੰ ਆਪਣੇ ਜੀਵਨ ਵਿੱਚ ਦ੍ਰਿੜ੍ਹਤਾ ਨਾਲ
ਮਨੋਂ ਅਭਿਆਸ ਕਰਦਾ ਹੈ, ਉਸ ਜਨ ਨੂੰ (ਕਰਮ-ਕਾਂਡੀਆਂ ਦੇ ਫੋਕੇ ਗੱਲੀਂ-ਬਾਤੀਂ) ਦਿੱਤੇ ਜਾਂਦੇ ਪਾਪ
ਸਰਾਪ ਦਾ ਦੁੱਖ ਕਦੀ ਨਹੀਂ ਹੁੰਦਾ। ਤਾਰਣ ਤਰਣ-ਅਗਿਆਨਤਾ ਦੇ ਸਮੁੰਦਰ ਵਿੱਚ ਡੁੱਬਣ ਤੋਂ ਬਚਾਅ ਲੈਣ
ਵਾਲੇ ਸੱਚ ਨਾਲ ਜੇਕਰ ਕੋਈ ਖਿਨ ਮਾਤਰ ਵੀ ਧਿਆਨ ਜੋੜੇ, ਸਬਦੁ-ਗਿਆਨ ਨੂੰ ਆਪਣੇ ਹਿਰਦੇ ਅੰਦਰ
ਵੀਚਾਰੇ ਤਾਂ ਉਸ ਦਾ ਸੱਚੇ ਦੀ ਸੱਚੀ ਬਖ਼ਸ਼ਿਸ਼ ਗਿਆਨ ਨਾਲ ਕਾਮੀਆਂ ਦੀ ਕ੍ਰੋਧਿਤ ਵੀਚਾਰਧਾਰਾ ਤੋਂ ਉਸ
ਦਾ ਛੁਟਕਾਰਾ ਹੋ ਜਾਂਦਾ ਹੈ। ਜਿਸ ਦਾ (ਅਵਤਾਰਵਾਦੀ ਕਾਮੀਆਂ ਦੀ ਕ੍ਰੋਧੀ ਵੀਚਾਰਧਾਰਾ ਤੋਂ)
ਛੁਟਕਾਰਾ ਹੋ ਜਾਂਦਾ ਹੈ, ਉਹ ਸਭਨਾਂ ਜੀਆਂ ਦੇ ਇਕੁ ਦਾਤੇ ਅਗੰਮ ਦਾ ਸੱਚ-ਗਿਆਨ ਹੀ ਆਪਣੇ ਜੀਵਨ
ਵਿੱਚ ਅਪਣਾਉਂਦਾ ਅਤੇ ਦਿਨ ਰਾਤ ਅੱਗੇ ਵੰਡਦਾ ਭਾਵ ਹੋਰਨਾਂ ਨੂੰ ਵੀ ਉਸ ਸਭਨਾਂ ਜੀਆਂ ਦੇ ਇਕੁ ਦਾਤੇ
ਨਾਲ ਹੀ ਜੋੜਦਾ ਹੈ ਅਤੇ ਆਪ ਵੀ ਉਸ ਦੀ ਬਖ਼ਸ਼ਿਸ਼ ਨਾਲ ਦਿਨ ਰਾਤ ਚੌਕੰਨਾ ਰਹਿੰਦਾ ਹੈ, ਇੱਕ ਖਿਨ
ਮਾਤ੍ਰ ਵੀ ਅਗਿਆਨਤਾ ਦੀ ਨੀਂਦ ਵਿੱਚ ਨਹੀਂ ਸੌਂਦਾ ਭਾਵ ਇੱਕ ਖਿਨ ਵੀ ਧਿਆਨ ਸੱਚ ਤੋਂ ਪਰੇ ਨਹੀਂ
ਕਰਦਾ। ਇਸ ਵਾਸਤੇ ਉਹ ਜੋ ਨਾਮੁ-ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ। ਉਨ੍ਹਾਂ ਦਾ ਜੀਵਨ ਦੇਖ
ਕੇ ਜਿਨ੍ਹਾਂ ਦਾ ਅਗਿਆਨਤਾ ਦਾ ਦਲਿੱਦਰ/ਆਲਸ ਚਲਾ ਜਾਂਦਾ ਹੈ, ਉਨ੍ਹਾਂ ਦੀ ਵੀ ਕਰਤੇ ਦੀ ਬਖ਼ਸ਼ਿਸ਼
ਗਿਆਨ ਨਾਲ ਅਗਿਆਨਤਾ ਦੀ ਮੈਲ ਸਾਫ ਹੋ ਜਾਂਦੀ ਹੈ। ਇਸ ਤਰ੍ਹਾਂ ਜੋ ਜਨ ਇਕੁ ਸਦੀਵੀ ਸਥਿਰ ਰਹਿਣ
ਵਾਲੇ ਸਤਿਗੁਰ ਦੇ ਸੱਚ ਗਿਆਨ ਨੂੰ ਜੋ ਆਪਣੇ ਜੀਵਨ ਵਿੱਚ ਅਪਣਾ ਕੇ ਇਕਤਾਰ ਉਸ ਸੱਚ ਨੂੰ ਆਪਣੇ ਜੀਵਨ
ਵਿੱਚ ਦ੍ਰਿੜ੍ਹਤਾ ਨਾਲ ਮਨੋਂ ਅਭਿਆਸ ਕਰਦਾ ਹੈ, ਉਸ ਜਨ ਨੂੰ (ਅਵਤਾਰਵਾਦੀ ਕਰਮ-ਕਾਂਡੀਆਂ ਦੇ ਫੋਕੇ)
ਕਹਿਣ ਨਾਲ (ਗੱਲੀਂ-ਬਾਤੀਂ) ਦਿੱਤੇ ਜਾਂਦੇ ਪਾਪ ਸਰਾਪ ਦਾ ਦੁੱਖ ਸਤਿਗੁਰ ਦੀ ਬਖ਼ਸ਼ਿਸ਼ ਨਾਲ ਕਦੀ ਨਹੀਂ
ਹੁੰਦਾ।
ਨੋਟ:- ਇਥੇ ਇੱਕ ਗੱਲ ਬੜੀ ਗਹਿਰਾਈ ਨਾਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ
ਜੇਕਰ ਸਿੱਖ ਦੇ ਆਪਣੇ ਜੀਵਨ ਵਿੱਚ ਸਿਖੀ ਨਹੀਂ ਤਾਂ ਦੂਸਰਾ ਮਨੁੱਖ ਉਸ ਦੀਆਂ ਗੱਲਾਂ ਤੋਂ ਪ੍ਰਭਾਵਤ
ਨਹੀਂ ਹੋ ਸਕਦਾ ਭਾਵ ਸੱਚ ਨੂੰ ਪ੍ਰਚਾਰਨ ਵਾਲੇ ਦੇ ਆਪਣੇ ਜੀਵਨ ਵਿੱਚ ਸੱਚ ਹੋਣਾ ਬਹੁਤ ਜ਼ਰੂਰੀ ਹੈ।
ਪਰ ਮੁਆਫ ਕਰਨਾ, ਇਸ ਸੱਚ ਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾ ਸਕੇ। ਮਾਲਕ ਰਹਿਮਤ ਕਰੇ,
ਅਸੀਂ ਇਸ ਸੱਚ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਸਕੀਏ।
|
. |