ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਿਹ ਸੇਇ॥ ਪੰਨਾ 1245
ਪਰ ਅੱਜ ਸਮਾਜ ਵਿੱਚ ਨਿਤਾਣੇ, ਆਰਥਿਕ ਤੌਰ `ਤੇ ਕਮਜ਼ੋਰ, ਲੋੜ੍ਹਵੰਦ ਅਤੇ
ਭਿਆਨਕ ਰੋਗਾਂ ਨਾਲ ਤੜਫਦੇ ਮਨੁੱਖ ਨੂੰ ਵੇਖ ਕੇ ਗੁਰਦੁਆਰਾ ਕਮੇਟੀਆਂ ਅਤੇ ਖਾਂਦੇ-ਪੀਂਦੇ ਅਤੇ ਚੋਖੇ
ਪੈਸੇ ਵਾਲੇ ਲੋਕ ਅੱਖਾਂ ਮੀਟ ਛੱਡਦੇ ਹਨ। ਕੋਈ ਗਰੀਬ ਨਿਮਾਣਾ ਹੋਵੇ… ਭੁੱਖਾ ਪਿਆਸਾ ਹੋਵੇ … ਨੰਗਾ
ਫਿਰਦਾ ਹੋਵੇ … ਕਰਜ਼ੇ ਹੇਠ ਦੱਬਿਆ ਖੁਦਕਸ਼ੀਆਂ ਕਰਦਾ ਰਵ੍ਹੇ … ਭਿਆਨਕ ਬੀਮਾਰੀਆਂ ਦਾ ਮਹਿੰਗਾ ਇਲਾਜ਼
ਕਰਵਾਉਣ ਤੋਂ ਅਸਮਰਥ ਹੋਵੇ … ਵੱਲ ਵੇਖ ਕੇ ਅਸੀਂ ਲਾ-ਪ੍ਰਵਾਹੀ ਨਾਲ ਆਖ ਛੱਡਦੇ ਹਾਂ … ਸਾਨੂੰ ਕੀ
…? ਵੰਡ ਛੱਕਣ ਦੇ ਉਪਦੇਸ਼ ਨੂੰ ਕੇਵਲ ਗੁਰਪੁਰਬ ਵਾਲੇ ਦਿਨ ਲੰਗਰ ਛਕਾਉਣ ਤੱਕ ਹੀ ਸੀਮਤ ਕਰ ਦੇਣਾ,
ਗੁਰੂ ਨਾਨਕ ਦੀ ਸਿੱਖੀ ਦਾ ਉਦੇਸ਼ ਨਹੀਂ ਸੀ। ਸਗੋਂ ਜੀਵਨ ਦੇ ਹਰ ਖੇਤਰ ਵਿੱਚ ਬਿਨ੍ਹਾਂ ਜ਼ਾਤ-ਪਾਤ
ਅਤੇ ਭੇਦ-ਭਾਵ ਦੇ ਲੋੜ੍ਹਵੰਦ ਦੀ ਸਹਾਇਤਾ ਕਰਨੀ ਅਤੇ ਹਰ ਦੁੱਖੀ ਬੰਦੇ ਨਾਲ ਦੁੱਖ-ਸੁੱਖ ਦੀ ਸਾਂਝ
ਪਾ ਕੇ ਉਸ ਨੂੰ ਆਪਣੇ ਬਰਾਬਰ ਖੜ੍ਹਾ ਕਰਨਾ … ਗੁਰੁ ਨਾਨਕ ਮਾਰਗ ਦਾ ਮੁੱਖ ਉਦੇਸ਼ ਸੀ। ਸਾਨੂੰ
ਗੰਭੀਰਤਾ ਨਾਲ ਸੋਚਣਾ ਅਤੇ ਵੇਖਣਾ ਪਵੇਗਾ ਕਿ ਕੀ ਅੱਜ ਇਸ ਉਦੇਸ਼ ਦੀ ਪੂਰਤੀ ਗੁਰੂ ਦੀ ਗੋਲਕ ਦੁਆਰਾ
ਹੋ ਰਹੀ ਹੈ? ਜੇ ਵੰਡ ਕੇ ਛੱਕਣ ਦੀ ਨੀਅਤ ਹੋਵੇ ਤਾਂ ਇੱਕ ਤਿੱਲ ਵੀ ਵੰਡਿਆ ਜਾ ਸਕਦਾ ਹੈ। ਜੇ ਨੀਅਤ
ਹੀ ਨਾ ਹੋਵੇ ਤਾਂ ਭਾਂਵੇਂ ਲੱਖਾਂ ਹੀ ਧਨ ਹੋਵੇ ਤਾਂ ਵੀ ਨਹੀਂ ਵੰਡਿਆ ਜਾ ਸਕਦਾ।
ਅੱਜ ਗੁਰਦੁਆਰਿਆਂ ਦੀਆਂ ਗੋਲਕਾਂ ਮਾਇਆ ਨਾਲ ਨੱਕੋ-ਨੱਕ ਭਰੀਆਂ ਪਈਆਂ ਹਨ।
ਗੋਲਕਾਂ ਦੇ ਉਪਰ ਲਿਖਿਆ ਹੁੰਦਾ ਹੈ, “ਗੁਰੂ ਜੀ ਕੀ ਗੋਲਕ”। ਅਸਲ ਵਿੱਚ ਇਹ ਗੋਲਕ ਗੁਰੂ ਜੀ ਕੀ
ਨਹੀਂ ਹੈ … ਸਗੋਂ ਗੁਰਦੁਆਰੇ ਦੀ ਕਮੇਟੀ ਦੇ ਪ੍ਰਧਾਨ ਜਾਂ ਸੈਕਟਰੀ ਦੀ ਹੁੰਦੀ ਹੈ। ਜਿਸ ਨੂੰ ਉਹ
ਨਿੱਜੀ ਹਿੱਤਾਂ ਲਈ ਵੱਰਤਣ ਦੇ ਯਤਨ ਕਰਦੇ ਰਹਿੰਦੇ ਹਨ ਅਤੇ ਉਸ ਗੋਲਕ `ਤੇ ਐਸ਼-ਪ੍ਰਸਤੀ ਕਰਦੇ ਹਨ।
ਉਹਨਾਂ ਦਾ ਪੂਰੀ ਤਰ੍ਹਾਂ ਗੋਲਕ `ਤੇ ਕਬਜ਼ਾ ਹੁੰਦਾ ਹੈ। ਗੁਰੁ ਸਾਹਿਬਾਨ ਨੇ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਬਾਣੀ ਵਿੱਚ ਥਾਂ ਪੁਰ ਥਾਂ ਮਾਇਆ ਤੋਂ ਦੂਰ ਰਹਿਣ ਲਈ ਸਿੱਖਾਂ ਨੂੰ ਬਚਨ ਕੀਤੇ ਸਨ ਕਿ
“ਪਾਪਾ ਬਾਝਹੁ ਹੋਵੈ ਨਾਹੀ,
ਮੁਇਆ ਸਾਥਿ ਨ ਜਾਈ॥” ਪੰਨਾ 417 ਅੱਜ ਗੁਰਦੁਆਰਾ
ਸਾਹਿਬ ਦੀ ਗੋਲਕ ਗੁਰਦੁਆਰੇ ਦੀ ਸਭ ਤੋਂ ਮਹੱਤਵਪੂਰਨ ਚੀਜ਼ ਬਣ ਗਈ ਹੈ। ਪਰ ਅਫਸੋਸ ਅਤੇ ਦੁੱਖ ਦੀ
ਗੱਲ ਤਾਂ ਇਹ ਹੈ ਕਿ ਨੱਕੋ-ਨੱਕ ਭਰੀ ਗੁਰੂ ਦੀ ਗੋਲਕ ਦਾ ਇੱਕ ਵੀ ਪੈਸਾ ਕਦੀ ਕਿਸੇ ਲੋੜ੍ਹਵੰਦ,
ਨਿਆਸਰੇ, ਨਿਮਾਣੇ, ਨਿਤਾਣੇ ਅਤੇ ਗਰੀਬ ਦੀ ਭਲਾਈ ਲਈ ਅੱਜ ਤੱਕ ਨਹੀਂ ਵਰਤਿਆ ਗਿਆ। ਇਤਿਹਾਸਕ
ਗੁਰਦੁਆਰਿਆਂ ਵਿੱਚ ਲੱਖਾਂ ਕੋਰੜਾਂ ਰੁਪਏ ਝੜਾਵੇ ਦੇ ਰੂਪ ਵਿੱਚ ਇਕੱਤਰ ਹੋ ਰਹੇ ਹਨ, ਫਿਰ ਵੀ ਗੁਰੂ
ਦੀ ਗੋਲਕ, ਗਰੀਬ ਦਾ ਮੂੰਹ ਨਹੀਂ ਬਣ ਸਕੀ। ਜਿਉਂਦਾ ਸੱਚ ਤਾਂ ਇਹ ਹੈ ਕਿ ਇਤਿਹਾਸਕ ਗੁਰਦੁਆਰਿਆਂ
ਵਿੱਚ ਇਕੱਠੇ ਹੋਏ ਲੱਖਾਂ /ਕਰੋੜਾਂ ਰੁਪਏ ਨਾਲ ਉਹਨਾਂ ਗੁਰਦੁਆਰਿਆਂ ਦੀਆਂ ਪਰਾਤਨ ਇਮਾਰਤਾਂ, ਜੋ
ਸਿੱਖ ਵਿਰਸੇ ਦੀਆਂ ਪ੍ਰਤੀਕ ਸਨ, ਦਾ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਮਲੀਆ ਮੇਟ ਕਰਕੇ ਸੰਗਮਰਮਰ
ਲਗਾਇਆ ਜਾ ਰਿਹਾ ਹੈ ਅਤੇ ਲਾਇਆ ਜਾ ਚੁੱਕਿਆ ਹੈ। ਜੇ ਉਹਨਾਂ ਬਾਬਿਆਂ ਕੋਲ ‘ਸਿੱਖ ਵਿਰਸਾ’ ਖਤਮ
ਕਰਨ ਦਾ ਰੋਸ ਕੀਤਾ ਜਾਂਦਾ ਹੈ ਤਾਂ ਉਹ ਕਾਰ ਸੇਵਾ ਵਾਲੇ ਬਾਬੇ ਅਤੇ ਉਹਨਾਂ ਵਰਗੇ ਗਿਆਨਹੀਣ ਲੋਕ
ਆਖਦੇ ਹਨ ਕਿ “ਗੁਰੂ ਦਾ ਘਰ ਸੁੰਦਰ ਅਤੇ ਸਾਫ ਹੋਣਾ ਚਾਹੀਦਾ ਹੈ” ਕਾਰ ਸੇਵਾ ਵਾਲੇ ਬਾਬਿਆਂ ਅਤੇ
ਗਿਆਨਹੀਣ ਲੋਕਾਂ ਤੋਂ ਪੁੱਛਣਾ ਬਣਦਾ ਹੈ ਕਿ ਕੀ ਕਦੀ ਉਹਨਾਂ ਨੇ ਆਪਣਾ ਮਨ ਸਾਫ ਕੀਤਾ ਹੈ? ਜਿਥੇ
ਅਕਾਲ ਪੁਰਖ ਦਾ ਵਾਸਾ ਹੁੰਦਾ ਹੈ। ਉਹਨਾਂ ਦੇ ਹਿਰਦੇ ਤਾਂ ਝੂਠ, ਕਪਟ, ਬੇਈਮਾਨੀ, ਲੋਭ, ਈਰਖਾ,
ਕ੍ਰੋਧ, ਦੂਈ-ਦਵੈਤ, ਜ਼ਾਤ-ਪਾਤ ਦੀ ਭਾਵਨਾ, ਹੰਕਾਰ ਅਤੇ ਕਾਮ ਨਾਲ ਭਰੇ ਪਏ ਹਨ।
ਅੱਜ ਮਹਿੰਗਾਈ ਨੇ ਸਭ ਦੇ ਲੱਕ ਦੂਹਰੇ ਕੀਤੇ ਪਏ ਹਨ। ਬਹੁਤ ਸਾਰੇ ਲੋਕਾਂ
ਨੂੰ ਦੋ ਵਕਤ ਦੀ ਰੋਟੀ ਵੀ ਸਖ਼ਤ ਮਿਹਨਤ ਤੋਂ ਬਾਅਦ ਬੜੀ ਮੁਸ਼ਕਲ ਨਾਲ ਮਿਲ ਰਹੀ ਹੈ। ਤੇ ਲੋਕਾਂ ਨੂੰ
ਚਿੰਬੜੀਆਂ ਕੈਂਸਰ ਵਰਗੀਆਂ ਬੀਮਾਰੀਆਂ ਦੇ ਮਹਿੰਗਾ ਇਲਾਜ਼ ਕਰਾਉਣ ਦੀ ਕਿਸੇ ਵਿੱਚ ਹਿੰਮਤ ਨਹੀਂ ਹੈ।
ਲੋਕ ਡਾਕਟਰੀ ਇਲਾਜ਼ ਖੁਣੋਂ ਮਰਨ ਲਈ ਮਜਬੂਰ ਹੋ ਰਹੇ ਹਨ। ਪਰ ਸੱਦ ਅਫਸੋਸ ਦੀ ਗੱਲ ਹੈ ਕਿ ਕੋਈ ਵੀ
ਗੁਰਦੁਆਰਾ ਕਮੇਟੀ ਅਜਿਹੇ ਲੋੜ੍ਹਵੰਦ ਅਤੇ ਬੀਮਾਰ ਵਿਅਕਤੀ ਦੀ ਮਦਦ ਕਰਨ ਨੂੰ ਤਿਆਰ ਨਹੀਂ ਹੈ। ਇਸ
ਤਰ੍ਹਾਂ ਦੀ ਮਦਦ ਕਰਨ ਦੀ ਗੱਲ ਗੁਰਦੁਆਰਾ ਕਮੇਟੀਆਂ ਦੇ ਸੰਵਿਧਾਨ ਵਿੱਚ ਲਿਖੀ ਹੀ ਨਹੀਂ ਗਈ ਹੈ। ਪਰ
ਕੋਈ ਵੀ ਗੁਰਦੁਆਰਾ ਗਰੀਬ ਨਹੀਂ ਹੈ। ਨਾ ਹੀ ਕੋਈ ਗੁਰਦੁਆਰਾ ਘਾਟੇ ਵਿੱਚ ਜਾ ਰਿਹਾ ਹੈ। ਕਈ
ਗੁਰਦੁਆਰਿਆਂ ਦੇ ਨਾਮ `ਤੇ ਜ਼ਮੀਨਾਂ ਵੀ ਅਲਾਟ ਹੋਈਆਂ ਹੋਈਆਂ ਹਨ। ਗੁਰਦੁਆਰਿਆਂ ਕੋਲ ਬਹੁਤ ਪੈਸਾ
ਹੈ। ਫਿਰ ਵੀ ਗੁਰੂ ਦੀ ਗੋਲਕ ਵਿਚੋਂ ਲੋੜ੍ਹਵੰਦ ਦੀ ਮਦਦ ਨਹੀਂ ਕੀਤੀ ਜਾਂਦੀ। ਹਾਂ, ਵਿਦੇਸ਼ੀ
ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਸਿੱਖਾਂ ਵਲੋਂ ਉਥੇ ਮੁਸੀਬਤ ਵਿੱਚ ਫਸੇ ਸਿੱਖਾਂ ਦੀ ਮਦਦ ਕੀਤੀ
ਜਾਂਦੀ ਹੈ ਅਤੇ ਉਹਨਾਂ ਦੁਆਰਾ ਪੰਜਾਬ ਵਿੱਚ ਵੀ ਲੋੜ੍ਹਵੰਦ ਦੀ ਮਦਦ ਕਰਨ ਲਈ ਮਾਇਆ ਭੇਜੀ ਜਾਂਦੀ
ਹੈ। ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਜਿਸ ਗੁਰਦੁਆਰੇ ਵਿੱਚ ਚੰਗੀ ਚੋਖੀ ਆਮਦਨ ਹੁੰਦੀ ਹੈ, ਉਥੇ
ਪ਼੍ਰਧਾਨਗੀ ਲੈਣ ਲਈ ਕਮੇਟੀਆਂ ਦੀਆਂ ਚੋਣਾਂ ਸਮੇਂ ਸਿੱਖ ਆਪਸ ਵਿੱਚ ਡਾਂਗ-ਸੋਟਾ ਹੋਣੋ ਵੀ ਨਹੀਂ
ਝਿਜਕਦੇ। ਉਥੇ ਗੁਰਦੁਆਰਿਆਂ ਵਿੱਚ ਇੱਕ ਦੂਜੇ ਦੀਆਂ ਪੱਗਾਂ ਵੀ ਰੋਲੀਆਂ ਜਾਂਦੀਆਂ ਹਨ। ਹਰ ਕਿਸੇ
ਵਲੋਂ ਗੁਰਦੁਆਰਾ ਕਮੇਟੀ ਵਿੱਚ ਸ਼ਾਮਲ ਹੋ ਕੇ ਗੁਰਦੁਆਰੇ ਦੀ ਗੋਲਕ `ਤੇ ਕਬਜ਼ਾ ਕਰਨ ਦਾ ਯਤਨ ਕੀਤਾ
ਜਾਂਦਾ ਹੈ। ਤੇ ਗੋਲਕ ਦੀ ਮਾਇਆ ਵਰਤਣ ਲਈ ਮਨ-ਮਾਨੀਆਂ ਕੀਤੀਆਂ ਜਾਂਦੀਆਂ ਹਨ।
ਲੋੜ੍ਹਵੰਦ, ਭਿਆਨਕ ਬੀਮਾਰੀਆਂ ਨਾਲ ਪੀੜ੍ਹਤ ਅਤੇ ਆਰਥਿਕ ਤੌਰ `ਤੇ ਕਮਜ਼ੋਰ
ਵਿਅਕਤੀ ਦੀ ਲੋੜ੍ਹ ਵੇਲੇ ਜਿਸ ਕਿਸੇ ਵਿਅਕਤੀ ਜਾਂ ਕਿਸੇ ਡੇਰੇ ਦੇ ਬਾਬਿਆਂ ਵਲੋਂ ਮਦਦ ਕੀਤੀ ਜਾਂਦੀ
ਹੈ ਤੇ ਪੀੜ੍ਹਤ ਵਿਅਕਤੀ ਮਦਦ ਕਰਨ ਵਾਲੇ ਦਾ ਹੀ ਹੋ ਕੇ ਰਹਿ ਜਾਂਦਾ ਹੈ। ਮਦਦ ਕਰਨ ਵਾਲੇ ਦਾ ਧਰਮ
ਭਾਂਵੇਂ ਕੋਈ ਵੀ ਹੋਵੇ … ਉਹ ਪਾਖੰਡੀ ਹੋਵੇ ਜਾਂ ਬਲਾਤਕਾਰੀ, ਕਾਤਲ ਹੋਵੇ ਜਾਂ ਚੋਰ …। ਲੋੜ੍ਹਵੰਦ
ਦੀ ਜਿਹੜਾ ਵੀ ਮਦਦ ਕਰਦਾ ਹੈ, ਉਸ ਨੂੰ ਹੀ ਲੋੜ੍ਹਵੰਦ ਵਿਅਕਤੀ ‘ਰੱਬ’ ਸਮਝਦਾ ਹੈ। ਇਸ ਲਈ
ਲੋੜ੍ਹਵੰਦ ਨੂੰ ਗੁਰਦੁਅਰਿਆਂ ਤੇ ਗੁਰਮਤਿ ਸ਼ਿਧਾਂਤਾਂ ਜਾਂ ਮਾਇਆ ਨਾਲ ਭਰੀ ਹੋਈ ਗੁਰੂ ਦੀ ਗੋਲਕ ਦਾ
ਕੀ ਭਾਅ …? ਜੇ ਉਥੋਂ ਉਸ ਦੀ ਕਦੀ ਕੋਈ ਆਰ਼ਥਿਕ ਮਦਦ ਹੀ ਨਹੀਂ ਕੀਤੀ ਜਾਂਦੀ।
ਅੱਜ ਵੱਡੇ-ਵੱਡੇ ਡੇਰਿਆਂ ਦੇ ਅਖੌਤੀ ਗੁਰੂ, ਮਹਾਰਾਜ ਅਤੇ ਸਾਧ-ਬਾਬੇ ਲੋਕਾਂ
ਨੂੰ ਸੁਖ-ਸਹੂਲਤਾਂ ਦੇ ਕੇ ਆਪਣੇ ਵੱਲ ਖਿੱਚ ਰਹੇ ਹਨ। ਜਿਹਨਾਂ ਲੋਕਾਂ ਨੂੰ ਉਥੋਂ ਸੁੱਖ-ਸਹੂਲਤਾਂ
ਮਿਲ ਜਾਂਦੀਆਂ ਹਨ। ਉਹ ਪੱਕੇ ਤੌਰ `ਤੇ ਡੇਰਿਆਂ ਅਤੇ ਉਹਨਾਂ ਦੇ ਬਾਬਿਆਂ ਨਾਲ ਜੁੜ ਜਾਂਦੇ ਹਨ। ਏਹੀ
ਕਾਰਨ ਹੈ ਕਿ ਲੋਕ ਡੇਰਿਆਂ ਵੱਲ ਜਾ ਰਹੇ ਹਨ ਅਤੇ ਸਿੱਖੀ ਤੋਂ ਮੂੰਹ ਮੋੜ ਰਹੇ ਹਨ। ਅੱਜ ਨਿਰੰਕਾਰੀ
ਮਿਸ਼ਨ, ਰਾਧਾ ਸਵਾਮੀ ਅਤੇ ਸੌਦਾ ਸਾਧ ਦੇ ਡੇਰਿਆਂ ਦੇ ਸੰਚਾਲਕ ਆਪਣੇ ਸਰਧਾਲੂਆਂ ਦੀ ਸਮੇਂ-ਸਮੇਂ `ਤੇ
ਲੋੜ ਅਨੁਸਾਰ ਸਹਾਇਤਾ ਕਰਦੇ ਰਹਿੰਦੇ ਹਨ। ਕਈਆਂ ਰੋਗੀਆਂ ਦਾ ਡੇਰਿਆਂ ਵਲੋਂ ਮੁਫ਼ਤ ਇਲਾਜ ਕਰਵਾ ਦਿਤਾ
ਜਾਂਦਾ ਹੈ। ਬੱਚਿਆਂ ਦੀ ਪੜ੍ਹਾਈ ਵਿੱਚ ਰੁਪਏ ਪੈਸੇ ਦੀ ਮਦਦ ਕੀਤੀ ਜਾਂਦੀ ਹੈ। ਗਰੀਬ ਲੜਕੀਆਂ ਦੇ
ਵਿਆਹ ਮੁਫ਼ਤ ਕਰਵਾ ਦਿਤੇ ਜਾਂਦੇ ਹਨ। ਕਈ ਡੇਰੇ ਵਾਲੇ ਬੇ-ਘਰੇ ਸ਼ਰਧਾਲੂਆਂ ਨੂੰ ਘਰ ਵੀ ਬਣਾ ਕੇ
ਦਿੰਦੇ ਹਨ। ਕਈ ਡੇਰਿਆਂ ਵਿੱਚ ਸ਼ਰਧਾਲੂਆਂ ਲਈ ਸਸਤੇ ਰੇਟਾਂ ਤੇ ਘਰੇਲੂ ਵਰਤੋਂ ਦੀਆਂ ਚੀਜ਼ਾਂ ਦੇ
ਸਟੋਰ ਵੀ ਹਨ। ਬੀਮਾਰ ਵਿਅਕਤੀ ਲਈ ਮੁਫ਼ਤ ਖੂਨ ਦੀ ਸਹੂਲਤ ਵੀ ਦਿਤੀ ਜਾਂਦੀ ਹੈ।
ਫਿਰ ਲੋਕ ਕਿਉਂ ਨਾ ਡੇਰਿਆਂ ਵੱਲ
ਜਾਣਗੇ …? ਤੇ ਬਾਬਿਆਂ ਨੂੰ ਆਪਣਾ ਰੱਬ ਮੰਨਣਗੇ।
ਕੀ ਅੱਜ ਏਹੋ ਜਿਹੀਆਂ ਸਹੂਲਤਾਂ ਗੁਰਦੁਆਰੇ ਦੀਆਂ ਕਮੇਟੀਆਂ ਲੋੜ੍ਹਵੰਦ ਸੰਗਤਾਂ ਨੂੰ ਮੁਹੱਈਆਂ ਕਰਵਾ
ਰਹੇ ਹਨ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਰਬਾਂ ਰੁਪਏ ਦਾ ਬਜ਼ਟ ਹੈ। ਜਿਸ
ਨੂੰ ਅਕਾਲੀ ਪਾਰਟੀ ਅਤੇ ਜਥੇਦਾਰ ਆਪਣੇ ਨਿੱਜੀ ਹਿੱਤਾਂ ਲਈ ਵਰਤਦੇ ਆ ਰਹੇ ਹਨ। ਉਹ ਪੂਰੀ ਤਰ੍ਹਾਂ
ਇਸ ਕਮੇਟੀ `ਤੇ ਕਾਬਜ਼ ਹਨ। ਚਾਹੀਦਾ ਤਾਂ ਇਹ ਸੀ ਕਿ ਇਹ ਕਮੇਟੀ ਗੁਰਦੁਆਰਿਆਂ ਦੀ ਕਮਾਈ ਨਾਲ ਮਿਆਰੀ
ਵਿਦਿਅਕ ਅਦਾਰੇ ਪੰਜਾਬ ਵਿੱਚ ਹਰ ਤਹਿਸੀਲ ਪੱਧਰ `ਤੇ ਖੋਲ੍ਹਦੀ … ਜਿਹਨਾਂ ਵਿੱਚ ਆਰ਼ਥਿਕ ਤੌਰ `ਤੇ
ਕਮਜ਼ੋਰ ਲੋਕ਼ਾਂ ਦੇ ਬੱਚਿਆਂ ਨੂੰ ਘੱਟ ਫੀਸਾਂ `ਤੇ ਦਾਖ਼ਲਾ ਦਿਤਾ ਜ਼ਾਂਦਾ। ਉਹਨਾਂ ਬੱਚਿਆਂ ਨੂੰ ਸਸਤੀ
ਅਤੇ ਮਿਆਰੀ ਵਿਦਿਆ ਦੇ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾਂਦਾ ਤੇ ਆਪਣੇ ਪੈਰਾਂ ਤੇ
ਖੜ੍ਹਾ ਕੀਤਾ ਜਾਂਦਾ। ਹਰ ਜਿਲ੍ਹੇ ਵਿੱਚ ਸਸਤੇ ਤੇ ਵਧੀਆ ਸਹੂਲਤਾਂ ਵਾਲੇ ਹਸਤਪਾਲ ਵੀ ਖੋਲ੍ਹੇ
ਜਾਂਦੇ। ਜਿਥੇ ਆਰਥਿਕ ਤੌਰ `ਤੇ ਕਮਜ਼ੋਰ ਲੋਕਾਂ ਦਾ ਇਲਾਜ਼ ਸਸਤੇ ਰੇਟਾਂ `ਤੇ ਕੀਤਾ ਜਾਂਦਾ। ਸਕੂਲ,
ਕਾਲਜ ਅਤੇ ਹਸਤਪਾਲ ਖੋਲ੍ਹਣ ਨਾਲ ਬੇਰੁਜ਼ਗਾਰੀ ਵੀ ਦੂਰ ਹੁੰਦੀ ਅਤੇ ਇਹਨਾਂ ਅਦਾਰਿਆਂ ਤੋਂ ਸਹੂਲਤਾਂ
ਲੈਣ ਵਾਲਾ ਵਿਅਕਤੀ ਸਿੱਖ ਧਰਮ ਦੇ ਸਿਧਾਤਾਂ ਅਤੇ ਸਰਬਤ ਦੇ ਭਲੇ ਦੀ ਨੀਤੀ ਤੋਂ ਪ੍ਰਭਾਵਿਤ ਹੋ ਕੇ
ਇਸ ਧਰਮ ਨਾਲ ਜੁੜ ਸਕਦਾ ਸੀ। ਅੱਜ ਜੋ ਸ਼੍ਰੋਮਣੀ ਕਮੇਟੀ ਨੇ ਵਿਦਿਅਕ ਅਤੇ ਮੈਡੀਕਲ ਅਦਾਰੇ ਖੋਲ੍ਹੇ
ਹੋਏ ਹਨ, ਉਹਨਾਂ ਵਿੱਚ ਜਥੇਦਾਰਾਂ ਅਤੇ ਉਹਨਾਂ ਦੇ ਚਹੇਤਿਆਂ ਦੇ ਬੱਚਿਆਂ ਨੂੰ ਹੀ ਦਾਖ਼ਲੇ ਦਿਤੇ
ਜਾਂਦੇ ਹਨ। ਆਰਥਿਕ ਤੌਰ `ਤੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਤਾਂ ਉਥੇ ਕੋਈ ਪੁੱਛਦਾ ਹੀ ਨਹੀਂ ਹੈ।
ਅੱਜ ਭਾਂਵੇਂ ਗੁਰਦੁਆਰਿਆਂ ਵਿੱਚ ਗੋਲਕ ਦੀ ਦੁਰਵਰਤੋਂ ਹੋ ਰਹੀ ਹੈ। ਫਿਰ ਵੀ
ਅੰਧ-ਵਿਸ਼ਵਾਸੀ ਅਤੇ ਗੁਰਮਤਿ ਤੋਂ ਅਣਜਾਣ ਲੋਕ ਲੋੜ੍ਹਵੰਦ ਦੀ ਮਦਦ ਕਰਨ ਨਾਲੋਂ ਗੁਰਦੁਆਰਿਆਂ ਨੂੰ ਹੀ
ਪੈਸਾ ਦੇਣ ਨੂੰ ਤਰਜ਼ੀਹ ਦੇ ਰਹੇ ਹਨ। ਉਹਨਾਂ ਦਾ ਵਿਚਾਰ ਹੈ ਕਿ ਗੁਰਦੁਆਰੇ ਦਿਤਾ ਪੈਸਾ ਹੀ ਪੁੰਨ ਦਾ
ਕੰਮ ਹੈ। ਅਤੇ ਗੁਰਦੁਆਰੇ ਦਿਤਾ ਪੈਸਾ ਉਹਨਾਂ ਲਈ ਸਵਰਗ਼ਾਂ ਦੇ ਦੁਆਰ ਖੋਲ੍ਹ ਦਿੰਦਾ ਹੈ। ਗੁਰਦੁਆਰੇ
ਪੈਸਾ ਦੇਣ ਨੂੰ ਹੀ ਉਹ ਧਰਮ ਦਾ ਕੰਮ ਸਮਝ ਰਿਹਾ ਹੈ। ਗੁਰਦੁਆਰੇ ਤੋਂ ਬਾਹਰ ਤਾਂ ਭਾਂਵੇਂ ਕੋਈ ਮਰ
ਰਿਹਾ ਹੋਵੇ, ਉਸ ਦੀ ਮਦਦ ਕਰਨ ਤੋਂ ਪਾਸਾ ਵੱਟ ਜਾਂਦਾ ਹੈ।
ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਡੇਰੇ ਵਾਲੇ ਸੰਤ ਬਾਬਿਆਂ ਵਲੋਂ ਸਸਤੀ
ਸਹੁਰਤ ਖੱਟਣ ਲਈ ਵੱਖ-ਵੱਖ ਨਾਵਾਂ ਵਾਲੇ ਨਗਰ ਕੀਰਤਨ ਅਤੇ ਅਖੰਡ ਪਾਠਾਂ ਦੀਆਂ ਲੜੀਆਂ ਚਲਾ ਕੇ
ਲੱਖਾਂ ਰੁਪਏ ਖਰਚ ਕੇ ਸਿੱਖ ਸ਼ਕਤੀ, ਸਮਾਂ ਅਤੇ ਕੌਮ ਦਾ ਕੀਮਤੀ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ।
ਪਤਾ ਨਹੀਂ ਕਿਉਂ ਅਗਿਆਨੀ ਲੋਕ ਇਹਨਾਂ ਕੰਮਾਂ ਨੂੰ ਹੀ ਧਰਮ ਅਤੇ ਪੁੰਨ ਦਾ ਕੰਮ ਸਮਝਣ ਦਾ ਭੁਲੇਖਾ
ਖਾ ਰਹੇ ਹਨ। ਪਰ ਕਿਸੇ ਲੋੜ੍ਹਵੰਦ ਦੀ ਮਦਦ ਕਰਨ ਤੋਂ ਮੂੰਹ ਮੋੜ ਲੈਂਦੇ ਹਨ। ਗੁਰਦੁਆਰਾ ਕਮੇਟੀਆਂ
ਕੋਲ ਭਾਂਵੇਂ ਗੋਲਕ ਤੋਂ ਲੱਖਾਂ ਰੁਪਏ ਇਕੱਠੇ ਹੁੰਦੇ ਹੋਣ, ਫਿਰ ਵੀ ਉਹਨਾਂ ਕਦੀ ਪਿੰਡਾਂ ਦੇ ਵਿਕਾਸ
ਲਈ ਨਿੱਕੇ ਪੈਸੇ ਦਾ ਸਹਿਯੋਗ ਗੁਰਦੁਆਰੇ ਵਲੋਂ ਨਹੀਂ ਦਿਤਾ। ਪਿੰਡ ਦੇ ਲੋਕਾਂ ਦੀ ਭਲਾਈ ਲਈ ਕਿਸੇ
ਪ੍ਰਾਜੈਕਟ ਵਿੱਚ ਹਿੱਸਾ ਨਹੀਂ ਪਾਇਆ।
਼ਧਰਮ ਲਈ ਜਾਨਾਂ ਕੁਰਬਾਨ ਕਰਨ ਵਾਲੇ ਧਰਮੀ ਫੌਜੀਆਂ ਦੀ ਵੀ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਂਹ ਨਹੀਂ ਫੜੀ। ਨਾ ਹੀ ਕਿਸੇ ਗੁਰਦੁਆਰਾ ਕਮੇਟੀ ਨੇ ਗੋਲਕ ਵਿਚੋਂ
ਉਹਨਾਂ ਦੀ ਕੋਈ ਮਦਦ ਕੀਤੀ ਹੈ। ਸ਼ਹੀਦ ਹੋਏ ਧਰਮੀ ਫੌਜੀਆਂ ਦੇ ਪਰਿਵਾਰ ਗਮਗੀਨ ਹੋਏ ਦਰ-ਦਰ ਭਟਕ ਰਹੇ
ਹਨ। ਉਹ ਹੰਝੂਆਂ ਦੇ ਦੀਵੇ ਬਾਲ ਕੇ ਮਰ-ਮਰ ਕੇ ਜ਼ਿੰਦਗੀ ਜਿਊ ਰਹੇ ਹਨ। ਉਹਨਾਂ ਦੀ ਸਾਰ ਕੌਣ ਲਵੇਗਾ?
ਧਰਮ ਲਈ ਕੁਰਬਾਨੀ ਕਰਨ ਵਾਲੇ ਧਰਮੀ ਫੌਜੀਆਂ ਦੇ ਪਰਿਵਾਰਾਂ ਲਈ ਗੁਰਦੁਆਰੇ ਵਿਚੋਂ ਕੋਈ ਮਦਦ ਨਹੀਂ
ਕੀਤੀ ਗਈ। ਉਹਨਾਂ ਦੀਆਂ ਕੁਰਬਾਨੀਆਂ ਦਾ ਕੌਮ ਕਦੋਂ ਮੁੱਲ ਪਾਏਗੀ?
ਪੰਜਾਬ ਦੇ ਗਰੀਬ ਕਿਸਾਨ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦੇ ਕਰਜ਼ਾਈ ਹੋਏ
ਖੁਦਕਸ਼ੀ ਕਰਨ `ਤੇ ਮਜਬੂਰ ਹਨ। ਸ਼੍ਰੋਮਣੀ ਕਮੇਟੀ ਜਾਂ ਪੰਜਾਬ ਦੇ ਕਿਸੇ ਗੁਰਦੁਆਰੇ ਦੀ ਕਮੇਟੀ ਵਲੋਂ
ਉਹਨਾਂ ਨੂੰ ਬਚਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਅਜਿਹੇ ਗਰੀਬ ਕਰਜ਼ਾਈ ਕਿਸਾਨਾਂ ਦੇ ਮਸਲਿਆਂ
ਨੂੰ ਹੱਲ ਕਰਨ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਸਨ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹ
ਗੁਰੂ ਨਾਨਕ ਦੇ ਨਾਮ `ਤੇ ਇੱਕ ਬੈਂਕ ਖੋਲ੍ਹਦੀ … ਜਿਸ ਦੀਆਂ ਸਾਖਾਵਾਂ ਪੰਜਾਬ ਭਰ ਵਿੱਚ ਹੁੰਦੀਆਂ,
ਇਸ ਬੈਂਕ ਵਿੱਚ ਬਾਕੀ ਬੈਂਕਾਂ ਵਾਂਗ ਕੰਮ-ਕਾਰ ਵੀ ਹੁੰਦਾ ਅਤੇ ਇਸ ਬੈਂਕ ਵਲੋਂ ਸਸਤੇ ਵਿਆਜ਼ ਦਰ `ਤੇ
ਲੋੜ੍ਹਵੰਦਾਂ ਅਤੇ ਕਿਸਾਨ਼ਾਂ ਨੂੰ ਆਪਣਾ ਕਾਰੋਬਾਰ ਕਰਨ ਲਈ ਕਰਜ਼ਾ ਮੁਹੱਈਆਂ ਕਰਾਇਆ ਜਾਂਦਾ। ਕਰਜ਼ਾ
ਲੈਣ ਦੀ ਪ੍ਰਕਿਰਿਆ ਸੌਖੀ ਰੱਖੀ ਜਾਂਦੀ ਤਾਂ ਕਿ ਹਰ ਲੋੜ੍ਹਵੰਦ ਕਿਸਾਨ ਬੈਂਕ ਤੋਂ ਕਰਜ਼ਾ ਲੈ ਕੇ
ਆਪਣੀ ਆਮਦਨ ਦਾ ਸਾਧਨ ਬਣਾ ਸਕਦਾ ਅਤੇ ਪਰਿਵਾਰ ਪਾਲ ਸਕਦਾ। ਕਿਸਾਨ ਆੜ੍ਹਤੀਆਂ ਅਤੇ ਸ਼ਾਹਾਂ ਦਾ
ਕਰਜ਼ਾਈ ਹੋਣ ਤੋਂ ਬੱਚ ਸਕਦਾ। ਇਸ ਤਰ੍ਹਾਂ ਗਰੀਬ ਕਿਸਾਨਾਂ ਦਾ ਜੀਵਨ ਪੱਧਰ ਉਪਰ ਚੁੱਕਿਆ ਜਾ ਸਕਦਾ
ਸੀ। ਉਹਨਾਂ ਨੂੰ ਖੁਦਕਸ਼ੀਆਂ ਤੋਂ ਬਚਾਇਆ ਜਾ ਸਕਦਾ ਸੀ।
ਨਵੰਬਰ 1984 ਵਿੱਚ ਇਸ ਦੇਸ਼ ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਹਜ਼ਾਰਾਂ
ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ। ਸਿੱਖਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ
ਫੂਕੀਆਂ ਗਈਆਂ ਸਨ। ਸਿੱਖਾਂ ਦੇ ਕਾਰੋਬਾਰ ਤਬਾਹ ਕੀਤੇ ਗਏ। ਦੰਗਾ-ਪੀੜ੍ਹਤ ਼ਉਹ ਸਿੱਖ ਘਰੋਂ ਬੇਘਰ
ਹੋ ਗਏ। ਹੁਣ ਤੱਕ ਉਹ ਮਾਰੇ-ਮਾਰੇ ਰੀਂਘਦੇ ਹੋਏ ਹਾਉਕੇ ਲੈ-ਲੈ ਕੇ ਜ਼ਿੰਦਗੀ ਕੱਟਣ `ਤੇ ਮਜਬੂਰ ਹੋਏ
ਹਨ। ਉਂਗਲੀਆਂ ਦੇ ਪੋਟਿਆਂ `ਤੇ ਗਿਣਨ ਜੋਗੀਆਂ ਗੁਰਦੁਆਰਾ ਕਮੇਟੀਆਂ ਨੇ ਹੀ ਉਹਨਾਂ ਦੀ ਸਾਰ ਲਈ
ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀ ਸਾਰ ਜਰੂਰ ਲਈ ਹੈ ਅਤੇ ਇਹ ਅੱਜ
ਵੀ ਯਤਨਸ਼ੀਲ ਹੈ। ਪਰ ਪੰਜਾਬ ਭਰ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਗੁਰੁਦਆਰਾ ਕਮੇਟੀਆਂ ਵਲੋਂ
ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ। ਉਹਨਾਂ ਦੀ ਤਰਸਯੋਗ ਹਾਲਤ ਵੇਖ ਕੇ ਸਭ ਕਮੇਟੀਆਂ ਨੇ ਅੱਖਾਂ ਹੀ
ਮੀਟ ਲਈਆਂ ਸਨ। ਜੇ ਪੰਜਾਬ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਦੇ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ
ਹਰ ਮਹੀਨੇ ਇਕ-ਇਕ ਹਜ਼ਾਰ ਰੁਪਏ ਇਕੱਠਾ ਕਰਦੀਆਂ ਤਾਂ ਅੱਜ ਤੱਕ ਕਈ ਅਰਬ ਰੁਪਏ ਇਕੱਠੇ ਹੋ ਸਕਦੇ ਸਨ
ਤੇ ਉੱਜੜ ਗਏ ਸਿੱਖਾਂ ਨੂੰ ਮੁੜ ਆਪਣੇ ਪੈਰਾਂ `ਤੇ ਖੜ੍ਹਿਆਂ ਕੀਤਾ ਜਾ ਸਕਦਾ ਸੀ। ਪਰ ਅਜਿਹਾ ਕਦੀ
ਨਹੀਂ ਕੀਤਾ ਗਿਆ। ਸਿੱਖ ਕੌਮ ਦੀ ਇਹ ਕਿੱਡੀ ਵੱਡੀ ਤ੍ਰਾਸਦੀ ਹੈ ਕਿ ਉਹ ਆਪਣੀ ਕੌਮ ਲਈ ਵੀ ਕੁੱਝ
ਨਹੀਂ ਕਰ ਸਕਦੀ।
ਪੰਜਾਬ ਦੇ ਕਾਲੇ ਦਿਨਾਂ ਵਾਲੇ ਵਰ੍ਹਿਆਂ ਵਿੱਚ ਉਸ ਵੇਲੇ ਦੀ ਸਰਕਾਰ ਦੀ
ਹਦਾਇਤ `ਤੇ ਪੁਲਿਸ ਨੇ ਪੰਜਾਬ ਦੇ ਪਿੰਡਾਂ ਵਿੱਚੋਂ 25000 ਬੇਕਸੂਰ ਨੌਜਵਾਨਾਂ ਨੂੰ ਘਰਾਂ ਤੋਂ
ਚੁੱਕ ਕੇ ਗਾਇਬ ਕਰ ਦਿਤਾ ਤੇ ਮਾਰ ਮੁਕਾਅ ਦਿਤੇ। ਲਾਵਾਰਿਸ ਆਖਕੇ ਉਹਨਾਂ ਦੀਆਂ ਲਾਸ਼ਾਂ ਸਾੜ ਦਿਤੀਆਂ
ਸਨ। ਇਸ ਤਰ੍ਹਾਂ ਹਜ਼ਾਰਾਂ ਘਰਾਂ ਵਿੱਚ ਹਨੇਰ ਪਸਰ ਗਿਆ। ਬਹੁਤ ਸਾਰੇ ਮਾਰੇ ਗਏ ਨੌਜਵਾਨਾਂ ਦੇ ਬਜ਼ੁਰਗ
ਮਾਪੇ ਬੇਆਸਰਾ ਹੋ ਕੇ ਰੁਲ ਗਏ। ਪੁਲਿਸ ਦੀਆਂ ਵਧੀਕੀਆਂ ਕਾਰਨ ਘਰਾਂ ਦੇ ਘਰ ਤਬਾਹ ਹੋ ਗਏ। ਕਈ ਮਾਪੇ
ਪੁਤਾਂ ਦੀ ਭਾਲ ਵਿੱਚ ਸਾਰੀ ਉਮਰ ਖੱਜਲ ਖੁਆਰ ਹੋਏ। ਅੰਤ ਕੁੱਝ ਪੱਲੇ ਨਾ ਲੈਣ ਕਾਰਨ ਪੁੱਤਾਂ ਦੇ
ਵਿਯੋਗ ਵਿੱਚ ਮਾਰ ਖਪ ਗਏ ਉਹਨਾਂ ਦੇ ਘਰਾਂ ਵਿੱਚ ਸਿਵਿਆਂ ਵਰਗੀ ਇਕੱਲ ਤੇ ਚੁੱਪ ਪਸਰ ਗਈ। ਕਈ
ਬੇਸਹਾਰਾ ਬਜ਼ੁਰਗ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਚਿਖਾ ਵਾਂਗ ਮੱਚਦੇ ਰਹੇ ਤੇ ਅੰਤ ਇਲਾਜ
ਖੁਣੋਂ ਮੌਤ ਤੋਂ ਹਾਰ ਗਏ। ਉਹਨਾਂ ਦੀ ਤਬਾਹੀ ਦਾ ਮੰਜ਼ਰ ਰੌਂਘਟੇ ਖੜ੍ਹਾ ਕਰਨ ਵਾਲਾ ਸੀ। ਕਈ
ਪਰਿਵਾਰਾਂ ਵਿੱਚ ਕੋਈ ਕਮਾਊ ਵਿਅਕਤੀ ਨਾ ਰਿਹਾ। ਮਾਪੇ ਭੁੱਖੇ ਪਿਆਸੇ ਦਿਨ ਕੱਟਦੇ ਰਹੇ। ਪਰ ਕਿਸੇ
ਵੀ ਗੁਰਦੁਆਰਾ ਕਮੇਟੀ ਨੇ ‘ਗੁਰੂ ਜੀ ਕੀ ਗੋਲਕ’ ਵਿੱਚੋਂ ਉਹਨਾਂ ਬੇ-ਸਹਾਰਾ ਬਜ਼ੁਰਗਾਂ ਤੇ ਪਰਿਵਾਰਾਂ
ਦੀ ਕੋਈ ਮਦਦ ਨਾ ਕੀਤੀ। ਫਿਰ ਵੱਡੇ-ਵੱਡੇ ਸੰਗਮਰਮਰ ਲੱਗੇ ਗੁਰਦੁਆਰਿਆਂ ਅਤੇ ਮਾਇਆ ਨਾਲ ਭਰੀਆਂ
ਗੋਲਕਾਂ ਦਾ ਕੀ ਲਾਭ …?
ਜਦੋਂ ਗੁਰਦੁਆਰੇ ਦੀ ਨਵੀਂ ਕਮੇਟੀ ਬਣ ਜਾਂਦੀ ਹੈ ਤਾਂ ਕਮੇਟੀ ਦੇ ਨਵੇਂ
ਮੈਂਬਰਾਂ ਵਲੋਂ ਗੁਰਦੁਆਰਾ ਸਾਹਿਬ ਵਿੱਚ ਨਵੇਂ-ਨਵੇਂ ਕੰਮ ਕਰਨੇ ਸ਼਼ੁਰੂ ਕਰ ਦਿਤੇ ਜਾਂਦੇ ਹਨ।
ਫੈਸਲਾ ਕਰ ਲਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ‘ਸੱਚਖੰਡ’ ਵਿੱਚ ਏ. ਸੀ. ਦਾ ਪ੍ਰਬੰਧ ਕਰਨਾ ਜਰੂਰੀ
ਹੈ ਕਿਉਂਕਿ ਗਰਮੀ ਦੀ ਰੁੱਤੇ ਗੁਰੂ ਸਾਹਿਬ ਨੂੰ ਗਰਮੀ ਲਗਦੀ ਹੈ। ਦੂਜਾ ਆਖੂ ਸਰਦੀਆਂ ਸਮੇਂ ਹੀਟਾਂ
ਅਤੇ ਰਜਾਈਆਂ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਤੇ ਗੋਲਕ ਦਾ ਧਨ ਹੜੱਪਣ ਲਈ ਗੁਰਦੁਆਰੇ ਦੀ
ਭੰਨ-ਤੋੜ ਕਰਕੇ ਨਵੀਂ ਉਸਾਰੀ ਦੀਆਂ ਸਕੀਮਾਂ ਵੀ ਬਣਾਈਆਂ ਜਾਂਦੀਆਂ ਹਨ ਤਾਂਕਿ ਉਸਾਰੀ ਮੈਟੀਰੀਅਲ
ਖਰੀਦਣ ਸਮੇਂ ਕਮਿਸ਼ਨਾਂ ਨਾਲ ਜੇਬਾਂ ਭਰੀਆਂ ਜਾ ਸਕਣ। ਲਕੜ ਦੀ ਛੋਟੀ ਪਾਲਕੀ ਦੀ ਥਾਂ ਪਿਤੱਲ ਦੀ
ਪਾਲਕੀ ਖਰੀਦਣ ਦੀ ਸਲਾਹ ਕੀਤੀ ਜਾਂਦੀ ਹੈ। ਜੇ ਪਿੱਤਲ ਦੀ ਪਾਲਕੀ ਹੈ ਤਾਂ ਼ਉਸ ਦੀ ਥਾਂ ਸੰਗਮਰਮਰ
ਦੀ ਪਾਲਕੀ ਬਣਾਉਣ ਦੀ ਸਕੀਮ ਘੜ੍ਹ ਲਈ ਜਾਂਦੀ ਹੈ। ਗੁਰਦੁਆਰੇ ਦੀ ਕਮੇਟੀ ਦੇ ਪ੍ਰਧਾਨ ਅਤੇ ਸੈਕਟਰੀ
ਵਲੋਂ ਗੋਲਕ ਦੇ ਪੈਸੇ ਨੂੰ ਨਿੱਜੀ ਮੁਫਾਂਦਾਂ ਲਈ ਵੀ ਵਰਤਣਾ ਸ਼ੁਰੂ ਕਰ ਦਿਤਾ ਜਾਂਦਾ ਹੈ। ਜਦੋਂ ਕੋਈ
ਸੱਚਾ-ਸੁੱਚਾ ਬਾਬੇ ਨਾਨਕ ਦਾ ਸਿੱਖ ਇਸ ਦਾ ਵਿਰੋਧ ਕਰਦਾ ਹੈ ਤਾਂ ਪ੍ਰਧਾਨ ਅਤੇ ਸੈਕਟਰੀ ਆਪਣੀ
ਚ਼ੌਧਰ ਅਤੇ ਗੋਲਕ `ਤੇ ਕਬਜ਼ਾ ਨਹੀਂ ਛੱਡਣਾ ਚਾਹੁੰਦੇ … ਤੇ ਫਿਰ ਡਾਂਗਾਂ ਵੀ ਖੜਕਦੀਆਂ ਹਨ। ਕਮੇਟੀ
ਮੈਂਬਰ ਕਹਿੰਦੇ ਹਨ ਕਿ ਅਸੀਂ ਤਾਂ ਨਿਸ਼ਕਾਮ ਸੇਵਾ ਕਰ ਰਹੇ ਹਾਂ ਪਰ ਸੇਵਾ ਸੁਵਾ ਨੂੰ ਤਾਂ ਉਹਨਾਂ
ਕਦੀ ਹੱਥ ਤੱਕ ਨਹੀਂ ਲਾਇਆ ਹੁੰਦਾ। ਇਸ ਲਈ ਮਸਲਾ ਤਾਂ ਕੇਵਲ ਗੋਲਕ `ਤੇ ਕੀਤੇ ਕਬਜ਼ੇ ਨੂੰ ਬਰਕਾਰਾਰ
ਰੱਖਣ ਦਾ ਹੁੰਦਾ ਹੈ।
ਜੇ ਅੱਜ ਗੁਰਦੁਆਰੇ ਦੀਆਂ ਕਮੇਟੀਆਂ ਲੋੜ੍ਹਵੰਦਾਂ, ਬੀਮਾਰੀਆਂ ਨਾਲ ਦੁੱਖੀ
ਅਤੇ ਸੜਕੀ ਹਾਦਸਿਆਂ ਨਾਲ ਅਪੰਗ ਹੋਏ ਗਰੀਬ ਵਿਅਕਤੀਆਂ ਦੀ ਮਦਦ ਕਰਦੀਆਂ ਤਾਂ ਅੱਜ ਸਿੱਖ ਧਰਮ ਦੀ
ਤਸਵੀਰ ਹੀ ਕੁੱਝ ਹੋਰ ਹੋਣੀ ਸੀ।
ਭਾਂਵੇਂ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਮਾਇਆ ਤੋਂ ਦੂਰ ਰਹਿਣ ਲਈ ਹੁਕਮ
ਕੀਤੇ ਸਨ। ਪਰ ਬਹੁਤ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਨੇ ਗੁਰਦੁਆਰਿਆਂ ਵਿੱਚ ਗੋਲਕਾਂ ਨੂੰ ਅਹਿਮ
ਸਥਾਨ ਦਿਤਾ ਹੋਇਆ ਹੈ। ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਿੱਖ ਸਭ ਤੋਂ ਪਹਿਲਾਂ ਮਾਇਆ ਦੀ ਗੋਲਕ ਨੂੰ
ਹੀ ਮੱਥਾ ਟੇਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਗੋਲਕ ਦੇ ਪਿੱਛੇ ਹੁੰਦਾ ਹੈ।
ਗੁਰਮਤਿ ਨਾਲੋਂ ਮਾਇਆ ਅੱਜ ਸਿੱਖਾਂ `ਤੇ ਜ਼ਿਆਦਾ ਭਾਰੂ ਹੋ ਗਈ ਹੈ। ਗੋਲਕਾਂ ਨੂੰ ਭਰਨ ਅਤੇ ਉਸ
ਵਿਚਲੀ ਮਾਇਆ ਨੂੰ ਨਿੱਜੀ ਮੁਫਾਦਾਂ ਲਈ ਵਰਤਣ ਲਈ ਕਮੇਟੀ ਦੇ ਮੈਂਬਰ ਹਮੇਸ਼ਾ ਤਤਪਰ ਰਹਿੰਦੇ ਹਨ। ਇਸ
ਲਈ ਗੁਰਦੁਆਰਿਆਂ ਦੀਆਂ ਗੋਲਕਾਂ ਗਰੀਬ ਦਾ ਮੂੰਹ ਨਹੀਂ ਸਗੋਂ ਕਮੇਟੀ ਮੈਂਬਰਾਂ ਦਾ ਢਿੱਡ ਬਣ
ਚੁੱਕੀਆਂ ਹਨ। ਅਜਿਹਾ ਵੇਖ ਕੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਦੇ ਖੀਸੇ ਵਿੱਚ ਕਮੇਟੀ
ਮੈਂਬਰਾਂ ਦਾ ਹੱਥ ਰਹਿੰਦਾ ਹੈ। ਸੋਚਣ ਵਾਲੀ ਗੱਲ ਹੈ ਕਿ ਵੱਡੇ-ਵੱਡੇ ਗੁਰਦੁਆਰੇ ਬਨਾਉਣ ਦਾ ਲਾਭ
ਕਿਸ ਨੂੰ ਹੈ? ਅਖੰਡ ਪਾਠਾਂ ਦੀਆਂ ਲੜੀਆਂ ਚਲਾਉਣ ਨਾਲ ਸੰਗਤ ਦੇ ਪੱਲੇ ਕੀ ਪੈਂਦਾ ਹੈ? ਨਗਰ ਕੀਰਤਨ
ਕੱਢਣ ਦਾ ਸਿੱਖ ਕੌਮ ਨੂੰ ਕੀ ਲਾਭ ਹੈ? ਕਦੀ ਕਿਸੇ ਨੇ ਸੋਚਿਆ ਹੀ ਨਹੀਂ ਹੈ। ਦੇਖਾ-ਦੇਖੀ ਸਭ ਕਰੀ
ਜਾ ਰਹੇ ਹਨ:-
‘ਦੇਖਾ ਦੇਖੀ
ਸਭ ਕਰੇ ਮਨਮੁਖਿ ਬੂਝ ਨ ਪਾਇ॥’ -28
ਇਸ ਦਰ ਤੋਂ ਕਦੀ ਕੋਈ ਲੋੜ੍ਹਵੰਦ ਖ਼ਾਲੀ ਨਾ ਜਾਵੇ। ਏਹੀ ਗੁਰੂ ਸਾਹਿਬਾਨ ਦੀ
ਸੋਚ ਸੀ। ਪਰ ਸਿੱਖਾਂ ਦੀ ਸੌੜੀ ਸੋਚ … ਨਿੱਜੀ ਮੁਫਾਦਾਂ ਦਾ ਸਵਾਰਥ … ਗੋਲਕ ਦੀ ਮਾਇਆ ਦਾ ਲਾਲਚ …
ਲੋੜ੍ਹਵੰਦਾਂ ਅਤੇ ਦੁਖਿਆਰਿਆਂ ਦੀਆਂ ਆਸਾਂ ਉਮੀਦਾਂ `ਤੇ ਪਾਣੀ ਫਿਰਨਾ ਅਤੇ ਸਿੱਖੀ ਦੀ ਪ੍ਰਫੁਲਤਾ
`ਤੇ ਵਿਰਾਮ ਲੱਗ ਜਾਣਾ … ਆਮ ਆਦਮੀ ਦਾ ਡੇਰਿਆ ਅਤੇ ਸੰਤ ਬਾਬਿਆਂ ਦੀ ਸ਼ਰਨ ਵਿੱਚ ਜਾਣ ਦਾ ਰੁਝਾਨ
ਵੱਧਣਾ … ਅੱਜ ਦੇ ਗੋਲਕ ਧਾਰੀਆਂ ਦੀ ਸੋਚ ਦਾ ਨਤੀਜਾ ਹੈ। ਜੇ ਗੁਰਮਿਤ ਨੂੰ ਪ੍ਰਫੁਲਤ ਕਰਨਾ ਹੈ
ਅਤੇ ਘਰ-ਘਰ ਪਹੁੰਚਾਉਣਾ ਹੈ ਤਾਂ ਗੁਰੂ ਦੀ ਗੋਲਕ ਕੇਵਲ ਤੇ ਕੇਵਲ ਗਰੀਬ ਦਾ ਮੂੰਹ ਹੋਣਾ ਚਾਹੀਦੀ
ਹੈ। ਗੋਲਕ ਗਰੀਬ, ਨਿਤਾਣਿਆਂ, ਨਿਮਾਣਿਆਂ ਅਤੇ ਨਿਆਸਰਿਆਂ ਦੀ ਪਾਲਕ ਹੋਣੀ ਚਾਹੀਦੀ ਹੈ।
ਅੱਜ ਇਹ ਅਵਾਜ਼ ਵੀ ਉਠ ਰਹੀ ਹੈ ਕਿ ਗੁਰਦੁਆਰਾ ਸਾਹਿਬ ਜਾ ਕੇ ਗੋਲਕਾਂ ਵਿੱਚ
ਮਾਇਆ ਨਾ ਪਾਈ ਜਾਵੇ। ਕਿਉਂਕਿ ਇਸ ਮਾਇਆ ਨੇ ਗੁਰਮਤਿ ਸਿਧਾਂਤਾਂ ਨੂੰ ਢਾਹ ਲਾਈ ਹੈ। ਜੇ ਇਸ ਤਰ੍ਹਾਂ
ਹੀ ਗੁਰਦੁਆਰਾ ਕਮੇਟੀਆਂ ਵਲੋਂ ਗੋਲਕ ਦੀ ਮਾਇਆ ਦੀ ਦੁਰਵਰਤੋਂ ਹੀ ਕੀਤੀ ਜਾਣੀ ਹੈ ਤਾਂ ਗੋਲਕ ਵਿੱਚ
ਮਾਇਆ ਨਾ ਪਾਉਣ ਦੇ ਸੁਝਾਅ ਬਿਲਕੁਲ ਜ਼ਾਇਜ਼ ਹਨ। ਗੋਲਕਾਂ ਨਹੀਂ ਹੋਣਗੀਆਂ ਤਾਂ ਪ੍ਰਧਾਨਗੀ ਲੈਣ ਲਈ
ਲੜਾਈਆਂ ਨਹੀਂ ਹੋਣਗੀਆਂ … ਸਿੱਖਾਂ ਦੀਆਂ ਪੱਗਾਂ ਗੁਰਦੁਅਰਿਆਂ ਵਿੱਚ ਨਹੀਂ ਰੁਲਣਗੀਆਂ। ਸਿੱਖਾਂ ਦੀ
ਬਾਕੀ ਲੋਕਾਂ ਵਿੱਚ ਹਾਸੋਹੀਣੀ ਨਹੀਂ ਹੋਵੇਗੀ … ਗੁਰੂ ਨਾਨਕ ਦੇ ਸਿੱਖਾਂ ਦਾ ਸਿਰ ਸ਼ਰਮ ਨਾਲ ਨਹੀਂ
ਝੁਕੇਗਾ।
ਅੱਜ ਲੋੜ ਹੈ ਪੰਥਕ ਆਗੂਆਂ, ਸਿੰਘ ਸਭਾਵਾਂ, ਸੰਸਾਰ ਭਰ ਦੀਆਂ ਸਮੂਹ
ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੂੰ ਕਿ ਉਹ ਗੁਰੂ ਬਾਬੇ ਦੇ ਵੰਡ ਛੱਕਣ ਦੇ ਸਿਧਾਂਤ
ਨੂੰ ਅਮਲੀ ਜਾਮਾ ਪਹਿਨਾਉਣ ਲਈ ਸਕੀਮਾਂ ਬਨਾਉਣ, ਗਰੀਬਾਂ ਨੂੰ ਰੁਜ਼ਗਾਰ ਦੇ ਵਸੀਲੇ ਦੇਣ ਲਈ
ਫੈਕਟਰੀਆਂ, ਹਸਪਤਾਲ ਅਤੇ ਸਕੂਲ ਖੋਲ੍ਹਣ ਤੇ ਲੋੜ੍ਹਵੰਦ ਦੀ ਮਦਦ ਕਰਨ ਲਈ ‘ਗੁਰੂ ਦੀ ਗੋਲਕ’ ਦੇ
ਖਜ਼ਾਨੇ ਦਾ ਮੂੰਹ ਖੋਲ੍ਹ ਦੇਣ। ਸੰਗਮਰਮਰ ਤੇ ਸੋਨੇ ਦੇ ਕਲਸ ਗੁਰਦੁਆਰਿਆਂ `ਤੇ ਬਹੁਤ ਲੱਗ ਚੁੱਕੇ
ਹਨ। ਗੁਰਦੁਆਰਿਆਂ ਦਾ ਮੂੰਹ ਮੱਥਾ ਬਹੁਤ ਸ਼ਿੰਗਾਰਿਆਂ ਜਾ ਚੁੱਕਾ ਹੈ। ਹੁਣ ਲੋੜ ਹੈ ਲੋੜ੍ਹਵੰਦ
ਗੁਰਸਿੱਖਾਂ ਦਾ ਮੂੰਹ ਮੱਥਾਂ ਸ਼ਿੰਗਾਰਨ ਦੀ, ਨਸ਼ੇ ਤੇ ਵਿਕਾਰਾਂ ਦੀ ਡੂੰਘੀ ਖੱਡ ਵਿੱਚ ਡਿੱਗੇ
ਨੌਜਵਾਨਾਂ ਤੇ ਲੋੜ੍ਹਵੰਦਾਂ ਨੂੰ ਧਰਮ ਨਾਲ ਜੋੜ ਕੇ ‘ਨਾਮ-ਮਾਰਗ’ `ਤੇ ਤੋਰਨ ਦੀ …। ਸਰੀਰ ਦੀ
ਖੁਰਾਕ ਤੇ ਆਤਮਾ ਦੀ ਖੁਰਾਕ ਦੇ ਕੇ ਅਸੀਂ ਆਪਣੀ ਕੌਮ ਨੂੰ ਖੜ੍ਹਾ ਕਰ ਸਕਦੇ ਹਾਂ। ਜੇ ਅਸੀਂ ਕੌਮ ਦੇ
ਆਰਥਿਕ ਪੱਖ ਵੱਲ ਧਿਆਨ ਨਾ ਦਿਤਾ ਤਾਂ ਕੌਮ ਸਰਮਾਏਦਾਰੀ ਦੀ ਗੁਲਾਮ ਬਣ ਕੇ ਰਹਿ ਜਾਏਗੀ। ਗੁਰੂ ਨਾਨਕ
ਨੇ ਸਰਮਾਏਦਾਰੀ ਦਾ ਸਾਥ ਨਹੀਂ ਸੀ ਦਿਤਾ, ਗਰੀਬਾਂ ਦਾ ਸਾਥ ਦਿਤਾ ਸੀ। ਉਹਨਾਂ ਮਾਲਿਕ ਭਾਗੋ ਨੂੰ
ਠੁਕਰਾ ਕੇ ਭਾਈ ਲਾਲੋ ਨੂੰ ਗੱਲ ਨਾਲ ਲਾਇਆ ਸੀ ਤੇ ਕਿਹਾ ਸੀ:-
ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੇ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥
ਜਿਥੇ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ਼॥ ਪੰਨਾ 15
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਜਿਲ੍ਹਾ ਕਪੂਰਥਲਾ
ਮੋਬਾਇਲ: 88728-54500