ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਅੱਜ ਦੇ
ਵਿਆਹ ਉਜਾੜੇ ਦਾ ਰਾਹ
(ਭਾਗ -ਤੀਜਾ)
ਜੇ ਸਿੱਖ ਰਹਿਤ ਮਰਯਾਦਾ ਨੂੰ ਵਿਚਾਰਿਆ ਜਾਏ ਤਾਂ ਵਿਆਹ ਦੀ ਵਿਚਾਰ ਬਹੁਤ ਹੀ ਸਾਦਗੀ ਵਾਲੀ ਅੰਕਤ
ਹੈ। ਜਦੋਂ ਬੰਦਾ ਅਰਦਾਸ ਕਰਦਾ ਹੈ ਤਾਂ ਉਹ ਰੱਬ ਨੂੰ ਬਹੁਤ ਹੀ ਨੇੜੇ ਸਮਝਦਾ ਹੈ ਪਰ ਜਦੋਂ ਉਸ ਨੇ
ਕੋਈ ਪੁੱਠਾ ਕੰਮ ਕਰਨਾ ਹੁੰਦਾ ਹੈ ਤਾਂ ਰੱਬ ਨੂੰ ਬਹੁਤ ਦੂਰ ਸਮਝਦਾ ਹੈ। ਏਸੇ ਤਰ੍ਹਾਂ ਜਿੱਥੇ ਆਪਣੀ
ਮਰਜ਼ੀ ਕਰਨੀ ਹੋਵੇ ਓੱਥੇ ਧਾਰਮਿਕ ਅਗੂਆਂ ਨੂੰ ਵੀ ਨਾਲ ਮਿਲਾ ਲਿਆ ਜਾਂਦਾ ਹੈ। ਲਗਦੇ ਚਾਰੇ ਕਰਦੇ
ਅਸੀਂ ਆਪਣੀ ਮਰਜ਼ੀ ਹੀ ਹਾਂ। ਦੂਸਰੇ ਪਾਸੇ ਜਦੋਂ ਕੋਈ ਪੁੱਠਾ ਕੰਮ ਕਰਨਾ ਹੁੰਦਾ ਹੈ ਓੱਥੇ ਸ਼ੈਤਾਨੀ
ਬਿਰਤੀ ਦੀਆਂ ਸਲਾਹਾਂ ਲਈਆਂ ਜਾਂਦੀਆਂ ਹਨ। ਇੰਜ ਕਹਿਣ ਵਿੱਚ ਰਤੀ ਵੀ ਸੰਕੋਚ ਨਹੀਂ ਹੈ ਕਿ ਰਹਿਤ
ਮਰਯਾਦਾ ਨੂੰ ਅਸੀਂ ਟਿੱਚ ਜਾਣਦੇ ਹਾਂ। ਜਿੱਥੇ ਸਾਨੂੰ ਫਾਇਦਾ ਹੁੰਦਾ ਹੋਵੇ ਓੱਥੇ ਰਹਿਤ ਮਰਯਾਦਾ ਦਾ
ਹਵਾਲਾ ਦੇਂਦੇ ਹਾਂ ਕਿਉਂ ਕਿ ਏੱਥੇ ਸਾਨੂੰ ਨਿਜੀ ਲਾਭ ਹੁੰਦਾ ਹੈ। ਬਾਕੀ ਕਰਨੀ ਅਸੀਂ ਆਪਣੀ ਮਰਜ਼ੀ
ਹੀ ਹੈ। ਬੇ-ਲੋੜੇ ਖਰਚੇ ਅਸਾਂ ਆਪ ਵਧਾਏ ਹੋਏ ਹਨ। ਅੱਜ ਨਿਜਵੱਤਾ ਆਉਣ ਕਰਕੇ ਕੌਮੀਅਤ ਵਾਲੀ ਭਾਵਨਾ
ਖਤਮ ਹੋ ਗਈ ਹੈ।
ਮੈਰਿਜ ਪੈਲਿਸ ਬਹੁਤ ਵੱਡੀ ਇੰਡਸਟ੍ਰੀ ਬਣ ਗਈ ਹੈ। ਹਰ ਪਰਵਾਰ ਵਿਆਹ ਕਰਨ ਸਮੇਂ ਮੈਰਿਜ ਪੈਲਿਸ ਨੂੰ
ਹੀ ਤਰਜੀਹ ਦੇਂਦਾ ਹੈ ਕਿਉਂ ਕਿ ਮਨੁੱਖ ਪਾਸ ਸਮਾਂ ਨਹੀਂ ਹੈ ਕਿ ਉਹ ਕੋਈ ਤਿਆਰੀ ਕਰ ਸਕੇ। ਮੈਰਿਜ
ਪੈਲਿਸ ਵਿੱਚ ਹਰ ਚੀਜ਼ ਤਿਆਰ ਮਿਲ ਜਾਂਦੀ ਹੈ। ਦਰ-ਅਸਲ ਪਹਿਲਾਂ ਪਰਵਾਰ ਵੱਡੇ ਹੁੰਦੇ ਸੀ ਤੇ
ਪਰਵਾਰਾਂ ਦੇ ਜੀਅ ਚਾਅ ਨਾਲ ਕੰਮ ਕਰਦੇ ਸਨ। ਅੱਜ ਕਲ੍ਹ ਕੇਵਲ ਭੈਣ ਭਰਾ ਹੀ ਹੁੰਦੇ ਹਨ ਤੇ ਕੰਮ ਕਰਨ
ਵਾਲਾ ਕੋਈ ਬਚਦਾ ਹੀ ਨਹੀਂ ਹੈ। ਚਾਰ ਪੰਜ ਘੰਟਿਆਂ ਲਈ ਲੱਖਾਂ ਰੁਪਇਆਂ ਤੋਂ ਸ਼ੁਰੂ ਹੋ ਕੇ ਕ੍ਰੋੜਾਂ
ਨੂੰ ਜਾ ਪਹੁੰਚਦੇ ਹਾਂ। ਕਈ ਵਾਰੀ ਇੰਝ ਜਾਪਦਾ ਹੈ ਕਿ ਸਿੱਖੀ ਵਿੱਚ ਸਾਦੇ ਵਿਆਹ ਤੇ ਸਹਿਜ ਵਾਲੀ
ਅਵਸਥਾ ਖਤਮ ਹੀ ਹੋ ਗਈ ਹੈ।
ਬੇਲੋੜੀਆਂ ਰਸਮਾਂ ਨਵਿਆਂ ਨਵਿਆਂ ਖਰਚਿਆਂ ਨੂੰ ਜਨਮ ਦੇਂਦੀਆਂ ਹਨ। ਵੱਡੇ ਵੱਡੇ ਮੈਰਿਜ ਪੈਲਿਸਾਂ ਦੀ
ਸੱਭਿਅਤਾ ਸਾਡੀ ਆਰਥਿਕਤਾ ਨੂੰ ਹੀ ਤਬਾਹ ਨਹੀਂ ਕਰ ਰਹੇ ਸਗੋਂ ਫਜੂਲ ਖਰਚੀ ਤੇ ਨੌਜਵਾਨੀ ਨੂੰ ਗਲਤ
ਰਾਹਾਂ `ਤੇ ਵੀ ਤੌਰ ਰਹੀ ਹੈ। ਦੇਖਾ ਦੇਖੀ ਸਾਡੇ ਖਰਚੇ ਵੱਧ ਗਏ ਹਨ। ਲਓ ਪਹਿਲਾਂ ਰਸਮਾਂ ਦੀ ਵਿਚਾਰ
ਕਰ ਲਈਏ। ਸਭ ਤੋਂ ਪਹਿਲਾਂ ਦੇਖ ਦੇਖਾਈ ਹੁੰਦੀ ਹੈ। ਜਦੋਂ ਇੱਕ ਦੂਜੇ ਨੂੰ ਸਭ ਕੁੱਝ ਪਸੰਦ ਆ ਜਾਂਦਾ
ਹੈ ਤਾਂ ਫਿਰ ਇੱਕ ਦੂਜੇ ਦੇ ਘਰ ਫੇਰਾ ਪਉਣ ਦੀ ਗੱਲ ਚੱਲ ਪੈਂਦੀ ਹੈ। ਕਦੇ ਮੈਂ ਤੁਹਾਡੇ ਘਰ ਆਵਾਂਗਾ
ਕਦੇ ਤੁਸੀਂ ਸਾਡੇ ਘਰ ਆਇਆ ਜੇ। ਇਸ ਤੋਂ ਇਲਾਵਾ ਨੇੜੇ ਦੇ ਸਾਕ ਸਬੰਧੀਆਂ ਦਿਆਂ ਘਰਾਂ ਵਿੱਚ ਫੇਰਾ
ਪਉਣ ਜਾਣਾ ਹੁੰਦਾ ਹੈ। ਇਸ ਰਸਮ ਵਿੱਚ ਜ਼ਿਆਦਾਤਰ ਨਗਦ ਨਰਾਇਣ ਦਾ ਹੀ ਸਹਾਰਾ ਲਿਆ ਜਾਂਦਾ ਹੈ। ਦੇਖ
ਦਿਖਾਈ ਵਾਲੀਆਂ ਪਲੇਟਾਂ ਵੇਹਲੀਆਂ ਹੁੰਦਿਆ ਹੀ ਰੋਕ ਜਾਂ ਠਾਕੇ ਦੀ ਰਸਮ ਸ਼ੁਰੂ ਹੋ ਜਾਂਦੀ ਹੈ। ਆਪਣੀ
ਪੈਂਹਠ ਬਣਾਉਣ ਦੇ ਚੱਕਰ ਵਿੱਚ ਫਿਰ ਅਸੀਂ ਮੈਰਿਜ ਪੈਲਿਸ ਵਲ ਨੂੰ ਤੁਰ ਪੈਂਦੇ ਹਾਂ। ਰੋਕ ਰੋਕ ਵਿੱਚ
ਹੀ ਵਿਆਹ ਜਿੰਨਾਂ ਖਰਚ ਕਰ ਦੇਂਦੇ ਹਾਂ। ਆਇਆਂ ਨੂੰ ਮਿਠਿਆਈਆਂ ਦੇ ਡੱਬਿਆਂ ਨਾਲ ਵੱਖ ਨਿਵਾਜਿਆ
ਜਾਂਦਾ ਹੈ। ਇਸ ਦੇ ਨਾਲ ਹੀ ਅਗਲੀ ਕਰਵਾਈ ਰਿੰਗ ਸੈਰੇਮਨੀ ਦੀ ਹੁੰਦੀ ਹੈ। ਇਹ ਰਸਮ ਨਿਰੋਲ ਇਸਾਈ ਮਤ
ਦੀ ਹੈ। ਇਸਾਈ ਮਤ ਵਿੱਚ ਮੁੰਡਾ ਲੜਕੀ ਨੂੰ ਮੁੰਦਰੀ ਪਉਂਦਾ ਹੈ ਤੇ ਲੜਕੀ ਲੜਕੇ ਨੂੰ ਮੁੰਦਰੀ ਪਉਂਦੀ
ਹੈ। ਮੁੰਦਰੀ ਦੀ ਰਸਮ ਕਰਨ ਨਾਲ ਉਹਨਾਂ ਵਿੱਚ ਵਿਆਹ ਦੀ ਰਸਮ ਪੂਰੀ ਹੋ ਜਾਂਦੀ ਹੈ। ਸਿੱਖ ਕੌਮ ਨੂੰ
ਪਤਾ ਨਹੀਂ ਕੀ ਮੁਸੀਬਤ ਆਣ ਪਈ ਹੈ ਕਿ ਔਖਿਆਂ ਹੋ ਕੇ ਇਹ ਰਸਮ ਗੱਜ-ਵੱਜ ਕੇ ਕਰ ਰਹੇ ਹਨ। ਇਸ ਵਿੱਚ
ਸਭ ਤੋਂ ਲੜਕੀ ਵਾਲਿਆਂ ਦਾ ਹੀ ਖਰਚਾ ਹੁੰਦਾ ਹੈ। ਪੰਥ ਰਹਿਤ ਮਰਯਾਦਾ ਵਿੱਚ ਇਸ ਰਸਮ ਦਾ ਕਿਤੇ ਕੋਈ
ਜ਼ਿਕਰ ਨਹੀਂ ਹੈ।
ਮੁੰਦਰੀ ਦਾ ਅਦਾਨ-ਪ੍ਰਦਾਨ ਕਰਦਿਆ ਨਾਲ ਹੀ ਵਿਆਹ ਦਾ ਦਿਨ ਤਹਿ ਕੀਤਾ ਜਾਂਦਾ ਹੈ। ਸਮਝੋ ਹੁਣ ਵਿਆਹ
ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਵਿਆਹ ਤੋਂ ਪਹਿਲਾਂ ਸ਼ਗਨ ਦੀ ਰਸਮ ਕੀਤੀ ਜਾਂਦੀ ਹੈ। ਲੜਕੇ
ਵਲਿਆਂ ਵਲੋਂ ਇਹ ਸਮਾਗਮ ਹੁੰਦਾ ਹੈ। ਸ਼ਗਨ ਦੀ ਰਸਮ ਸਮੇਂ ਪੂਰਾ ਵਿਆਹ ਜਿੰਨਾਂ ਖਰਚ ਕੀਤਾ ਜਾਂਦਾ
ਹੈ। ਮੇਰੇ ਇੱਕ ਵਾਕਫਕਾਰ ਨੇ ਜ਼ਮੀਨ `ਤੇ ਕਰਜ਼ਾ ਲੈ ਕੇ ਮੁੰਡੇ ਦੇ ਸ਼ਗਨ ਦੀ ਰਸਮ ਨਿਭਾਈ। ਲੜਕੀ ਦੇ
ਪਰਵਾਰ ਵਾਲੇ ਮੇਰੇ ਵੀ ਵਾਕਫ਼ ਸਨ। ਉਹ ਮੈਨੂੰ ਕਹਿੰਦੇ ਕਿ ਭਾਅ ਜੀ ਅਸੀਂ ਕਿਹੜੇ ਓਪਰੇ ਸੀ। ਏਡਾ
ਮਹਿੰਗਾ ਪੈਲਿਸ ਕਰਕੇ ਪੰਜ ਲੱਖ ਲਾਉਣ ਦੀ ਕੋਈ ਜ਼ਰੂਰਤ ਨਹੀਂ ਸੀ। ਆਹ ਰਸਮ ਤਾਂ ਘਰ ਵਿੱਚ ਵੀ ਕੀਤੀ
ਜਾ ਸਕਦੀ ਸੀ। ਅਲੀਗੜ੍ਹ ਕਿਸੇ ਪਰਵਾਰ ਦੇ ਬੱਚੇ ਦੇ ਅਨੰਦ ਕਾਰਜ ਤੇ ਜਾਣ ਦਾ ਮੌਕਾ ਬਣਿਆ। ਕਹਿੰਦੇ
ਕਿ ਰਾਤ ਨੂੰ ਮੁੰਡਾ ਰੁੱਸ ਕੇ ਘਰੋਂ ਚਲਿਆ ਗਿਆ ਸੀ। ਮਾਪਿਆਂ ਮਨਾ ਕਿ ਲਿਆਂਦਾ ਤੇ ਇੱਕ ਕਾਰ ਦੀ
ਹਾਂ ਕੀਤੀ। ਦਸੋ ਭਈ ਇਹ ਕਿਹੜੀ ਰਸਮ ਹੋਈ। ਉਂਜ ਅਸੀਂ ਅਖੰਡਪਾਠ ਵੀ ਕਰਾਇਆ ਸੀ। ਪਰ ਗੁਰੂ ਦੀ ਗੱਲ
ਤਾਂ ਕੋਈ ਨਹੀਂ ਮੰਨੀ।
ਅਗਲੇ ਦਿਨ ਬਰਾਤ ਜਾਣੀ ਹੁੰਦੀ ਹੈ। ਬੇ-ਢੰਗੇ ਪੈਰ ਮਾਰ ਦਿਆਂ ਧੂੜਾਂ ਪਟਦਿਆਂ ਮੈਰਿਜ ਪੈਲਿਸ ਵਿੱਚ
ਪਹੁੰਚ ਜਾਈਦਾ ਹੈ। ਵੀਹ ਵੀਹ ਮਿਲਣੀਆਂ ਕੰਬਲ਼ਾਂ ਮੁੰਦਰੀਆਂ ਨਾਲ ਹੁੰਦੀਆਂ ਹਨ। ਇੱਕ ਦੂਜੇ ਦੇ ਪੂਰੇ
ਪੈਰ ਮਿੱਧੇ ਜਾਂਦੇ ਹਨ। ਦੂਸਰੇ ਪਾਸੇ ਡੀ ਜੇ ਵਾਲਿਆਂ ਨੇ ਅੰਗਰੇਜ਼ੀ ਦੇ ਗਾਣੇ ਲਾਏ ਹੁੰਦੇ ਹਨ
ਜਿਵੇਂ ਵੈਣ ਪੈ ਰਹੇ ਹੋਣ। ਪੰਜਾਬੀਆਂ ਦੇ ਕੰਮ ਅਵੱਲੜੇ। ਆ ਵੀ ਇੱਕ ਨਵਾਂ ਕੰਮ ਚੱਲ ਪਿਆ ਗਲਾਬੀ
ਗਾਣਿਆਂ ਦਾ। ਮੈਰਿਜ ਪੈਲਿਸਾਂ ਵਿੱਚ ਦੋ ਤਰ੍ਹਾਂ ਦੇ ਮਹਿਮਾਨ ਆਉਂਦੇ ਹਨ। ਇੱਕ ਤਾਂ ਉਹ ਮਹਿਮਾਨ
ਹੁੰਦੇ ਹਨ ਜੋ ਸ਼ਗਨ ਦੇ ਕੇ ਚਲਦੇ ਬਣਦੇ ਹਨ ਤੇ ਦੂਜੇ ਉਹ ਮਹਿਮਾਨ ਹੁੰਦੇ ਹਨ ਜੋ ਨਿੱਠ ਕੇ ਬੈਠ
ਜਾਂਦੇ ਹਨ। ਹਰ ਮੇਜ਼ `ਤੇ ਸ਼ਰਾਬ ਰੱਖੀ ਹੁੰਦੀ ਹੈ। ਬੀਬੀਆਂ ਦਾੜੀਆਂ ਸਮੇਤ ਨੌਜਵਾਨਾਂ ਦੇ ਬੇ-ਰੋਕ
ਟੋਕ ਦੇ ਗਲਾਸਾਂ ਦੇ ਗਲਾਸ ਖਾਲੀ ਕਰੀ ਜਾਂਦੇ ਹਨ। ਦਾਰੂ ਦੀ ਖੁਲ੍ਹੀ ਵਰਤੋਂ ਕਰਦਿਆਂ ਕਈ ਤਾਂ ਖਲੋ
ਵੀ ਨਹੀਂ ਸਕਦੇ। ਮੈਰਿਜ ਪੈਲਿਸ ਵਿਚੋਂ ਲਿਜਾਣ ਸਮੇਂ ਉਹਨਾਂ ਦੀ ਪੰਡ ਬੰਨਣੀ ਪੈਂਦੀ ਹੈ। ਕਿਉਂਕਿ
ਸਿੱਧੇ ਹੋ ਕੇ ਤੇ ਉਹ ਬੈਠ ਨਹੀਂ ਸਕਦੇ, ਤੁਰ ਨਹੀਂ ਸਕਦੇ। ਉਹਨਾਂ ਦੀਆਂ ਘਰ ਵਾਲੀਆਂ ਵੱਖਰੀਆਂ
ਦਾਰੂ ਪਿਲਾਉਣ ਵਾਲਿਆਂ ਦਾ ਪਿੱਟ ਸਿਆਪਾ ਕਰਕੇ ਕੋਸ ਰਹੀਆਂ ਹੁੰਦੀਆਂ ਹਨ।
ਦਾਰੂ ਦੀ ਲੋਰ ਵਿੱਚ ਭੰਗੜਾ ਸ਼ੁਰੂ ਹੁੰਦਾ ਹੈ। ਪਤਾ ਨਹੀਂ ਸਾਡੇ ਕੋਲ ਮਾਇਆ ਹੀ ਖੁਲ੍ਹੀ ਆ ਗਈ
ਹੈ। ਕੰਨਾਂ ਵਿੱਚ ਮੁੰਦਰਾਂ ਪਾਈ ਥੋੜੀ ਉਮਰ ਵਾਲੀਆਂ ਬੱਚੀਆਂ ਨੱਚਦੀਆਂ ਦੇ ਉੱਤੋਂ ਪੈਸੇ ਵਾਰੀ
ਜਾਣਗੇ। ਮੇਰੇ ਇੱਕ ਵਾਕਫ਼ਕਾਰ ਦੇ ਪਰਵਾਰ ਵਾਲਿਆਂ ਨੇ ਚਾਲੀ ਹਜ਼ਾਰ ਨੂੰ ਥੁੱਕ ਲਗਾਇਆ। ਮੈਂ ਸਭਾਵਕ
ਕਿਹਾ, “ਜਗਦੀਪ ਸਿੰਘਾ ਗੁਰਮਤਿ ਵਿਰਸਾ ਮੈਗ਼ਜ਼ੀਨ ਅਸੀਂ ਮਹੀਨੇ ਵਾਰ ਪ੍ਰਕਾਸ਼ਤ ਕਰਦੇ ਹਾਂ ਕਿਰਪਾ
ਕਰਕੇ ਦਸ ਮੈਂਬਰ ਬਣਾ ਦਿਓ ਮੈਂ ਧੰਨਵਾਦੀ ਹੋਵਾਂਗਾ”। ਕਹਿੰਦਾ, “ਕਿੰਨੇ ਪੈਸੇ” ਮੈਂ ਕਿਹਾ, “ਸਿਰਫ
ਪੰਦਰਾਂ ਸੌ ਰੁਪਇਆ”। ਬਣਾ ਸਵਾਰ ਕੇ ਕਹੰਦਾ, “ਬੜੀ ਮੁਸ਼ਕਲ ਹੈ ਮੈਂ ਏਨੇ ਪੈਸੇ ਕਿਵੇਂ ਦਿਆਂਗਾ।
ਬੜਾ ਔਖਾ ਕੰਮ ਹੈ। ਨਾਲੇ ਤੁਸੀਂ ਤਾਂ ਸਿਆਣੇ ਹੋ ਅੱਜ ਕਲ੍ਹ ਮੈਗਜ਼ੀਨ ਕੌਣ ਪੜ੍ਹਦਾ ਹੈ”। ਬਥੇਰੀ
ਦੁਰ-ਲਾਹਨਤ ਕੀਤੀ ਪਰ ਉਹਦੇ ਮਨ ਤੇ ਕੋਈ ਅਸਰ ਨਹੀਂ ਹੋਇਆ। ਅਜੇ ਗੱਲਾਂ ਹੀ ਕਰ ਰਹੇ ਸੀ ਖੁਸਰੇ
ਨੱਚਣ ਲਈ ਆ ਗਏ। ਨਾਲੇ ਉਹ ਟਿੱਚਰਾਂ ਕਰੀ ਜਾਣ ਤੇ ਨਾਲੇ ਸਾਰੇ ਪਰਵਾਰ ਤੋਂ ਉਗਰਾਹੀ ਕਰੀ ਜਾਣ।
ਅਖੀਰ ਪੰਜ ਹਜ਼ਾਰ ਤੇ ਇੱਕ ਸੌ ਇੱਕ ਰੁਪਇਆ, ਵਧੀਆ ਸੂਟ ਲੈ ਕੇ ਖਲਾਸੀ ਕੀਤੀ। ਮੈਂ ਫਿਰ ਕਿਹਾ ਇਹਨੂੰ
ਏਨੇ ਪੈਸੇ ਦੇ ਦਿੱਤੇ ਜੇ ਇਹ ਕਮਾਈ ਕਰਕੇ ਆਇਆ ਹੈ। ਘਰ ਦੀ ਮਾਲਕਣ ਕਹਿੰਦੀ ਤੂਹਾਨੂੰ ਨਹੀਂ ਪਤਾ ਇਹ
ਸਰਾਪ ਦੇ ਦੇਂਦੇ ਹਨ। ਕਰ ਲਓ ਤੇਲ ਨੂੰ ਭਾਂਡਾ ਤੇ ਇਹ ਸਾਡਾ ਪੰਥ ਨਾਲ ਪਿਆਰ ਹੈ। ਫਿਰ ਕਹਾਂਗੇ ਦੇਗ
ਤੇਗ ਫਤਹਿ, ਪੰਥ ਕੀ ਜੀਤ। ਵਾਹ ਮੇਰੀਏ ਕੌਮੇ ਕਿਹੜੇ ਰਾਹਾਂ ਤੇ ਚਲ ਪਈ ਏਂ। ਓਜਾੜੇ ਦਾ ਇਹ ਹਾਲ
ਹੋਇਆ ਪਿਆ ਕਿ ਅੱਗੇ ਖੂਹ ਪਿੱਛ ਖਾਤਾ ਤਿਆਰ ਖੜਾ ਹੈ।
ਮੈਰਿਜ ਪੇਲਿਸ ਵਿੱਚ ਅੰਨ੍ਹ ਦੀ ਤਬਾਹੀ ਮਚਾਉਂਦਿਆਂ ਮੁੜ ਆਉਂਦੇ ਹਾਂ। ਖਾਧਾ ਘੱਟ ਤੇ ਉਜਾੜਾ
ਵੱਧ ਸਭ ਦੀਆਂ ਅੱਖਾਂ ਦੇ ਸਾਹਮਣੇ ਹੈ। ਇੰਜ ਲੱਗਦਾ ਹੈ ਕਿ ਅਜੇ ਉਜੜਨ ਵਿੱਚ ਕੋਈ ਕਸਰ ਬਾਕੀ ਰਹਿ
ਗਈ ਹੋਵੇ। ਉਹ ਅਸਾਂ ਰੀਸੈਪਸ਼ਨ ਪਾਰਟੀ ਤੇ ਕਰਕੇ ਪੂਰਾ ਕਰ ਦੇਂਦੇ ਹਾ। ਇਹ ਪਾਰਟੀ ਰਾਤ ਨੂੰ ਨੌਂ ਕੁ
ਵਜੇ ਸ਼ੁਰੂ ਹੋ ਕੇ ਅੰਮ੍ਰਿਤ ਵੇਲੇ ਤੱਕ ਚੱਲਦੀ ਰਹਿੰਦੀ ਹੈ। ਰੋਟੀ ਦੀ ਮਿਕਦਾਰ ਲਗ-ਪਗ ਸਾਰੇ ਥਾਂਈ
ਇਕੋ ਜੇਹੀ ਹੀ ਹੁੰਦੀ ਹੈ। ਖਾਣਾ ਘੱਟ ਤੇ ਉਜਾੜਾ ਵੱਧ ਹੁੰਦਾ ਹੈ।
ਵਿਆਹ ਵਿੱਚ ਇੱਕ ਹੋਰ ਉਜਾੜਾ ਜਮ੍ਹਾਂ ਹੋ ਗਿਆ ਹੈ ਲੜਕੀ ਨੂੰ ਮਹਿੰਦੀ ਲੱਗਣੀ ਤੇ ਬਿਊਟੀ ਪਾਰਲਰ ਜਾ
ਕੇ ਆਪਣੀ ਸੂਰਤ ਨੂੰ ਬਨਾਵਟ ਰੰਗ ਦੇਣ ਦੀ। ਦੁਜਾ ਕਪੜਿਆਂ `ਤੇ ਬੇਹਤਾਸ਼ ਖਰਚਿਆ ਪੈਸਾ ਸਿਰਫ ਟਰੰਕਾ
ਤੱਕ ਹੀ ਸੀਮਤ ਰਹਿ ਜਾਂਦਾ ਹੈ। ਮਹਿੰਗੇ ਤੋਂ ਮਹਿੰਗੇ ਸੂਟ ਜਿਦਾਂ ਨਾਲ ਖਰੀਦੇ ਜਾ ਰਹੇ ਹਨ। ਇਹ
ਸਾਰਾ ਕੁੱਝ ਪਰਵਾਰਾਂ ਦੀ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਹਨ। ਲਾੜੇ ਵਾਲੀ ਗੱਡੀ ਦੀ ਫੁੱਲਾਂ ਨਾਲ
ਸਜਾਵਟ ਤੇ ਘੋੜੀ ਦੀ ਸਜਾਵਟ ਕਰਕੇ ਓਜਾੜੇ ਦਾ ਇੱਕ ਹੋਰ ਖਰਚਾ ਜੁੜਦਾ ਹੈ
ਯੂ. ਕੇ. ਵੀਰ ਨਿਰਮਲਜੀਤ ਸਿੰਘ ਜੀ ਨਾਲ ਵੀਰ ਸੁਖਦੇਵ ਸਿੰਘ ਜੀ ਦੇ ਘਰ ਬੈਠੇ ਸੀ। ਗੱਲ ਚਲਦਿਆਂ
ਪਤਾ ਲੱਗਿਆ ਕਿ ਯੂ. ਕੇ. ਵਿੱਚ ਇੱਕ ਪਰਵਾਰ ਨੇ ਰੀਸੈਪਸ਼ਨ `ਤੇ ਸੱਠ ਲੱਖ ਰੁਪਇਆ ਖਰਚਿਆ। ਮੈਂ ਕਿਹਾ
ਇਹ `ਤੇ ਜ਼ਿਆਦਾ ਹੀ ਹੈ। ਕਹਿੰਦੇ ਕਈ ਇਸ ਤੋਂ ਵੀ ਜ਼ਿਆਦਾ ਕਰਚਾ ਕਰਦੇ ਹਨ। ਕੀ ਦੇਸੀ, ਕੀ ਵਲੈਤੀ
ਜਨੀ ਕੇ ਸਾਰੇ ਪਰਵਾਰ ਹੀ ਵਿਆਹਾਂ ਵਿੱਚ ਉਜੜ ਰਹੇ ਹਨ।
ਉਜਾੜੇ ਦੇ ਅਰਥਾਂ ਵਲ ਜਾਈਏ ਤਾਂ ਸਹਿਜੇ ਹੀ ਸਮਝ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਕਿਸੇ ਕਿਰਸਾਨ ਨੇ
ਖਾਦ ਪਾ ਕੇ ਫਸਲ ਬੀਜੀ ਹੋਵੇ। ਫਸਲ ਪੱਕਣ `ਤੇ ਆਈ ਨੂੰ ਅਵਾਰਾ ਪਸ਼ੂ ਉਜਾੜ ਦੇਣ, ਭਾਵ ਬਰਬਾਦ ਕਰ
ਦੇਣ ਤਾਂ ਕਿਰਸਾਨ ਪਾਸ ਸਵਾਏ ਝੂਰਨ ਦੇ ਹੋਰ ਕੋਈ ਹੱਲ ਨਹੀਂ ਹੈ। ਪਰਵਾਰਾਂ ਦੇ ਉਜਾੜੇ ਦਾ ਸਿੱਧਾ
ਅਰਥ ਹੈ ਆਪਣੀ ਹੈਸੀਅਤ ਤੋਂ ਵੱਧ ਕੇ ਕਰਜ਼ੇ ਦੀਆਂ ਪੰਡਾਂ ਚੁੱਕ ਕੇ ਖਰਚ ਕਰਨਾ। ਵਿਆਹਾਂ ਦੀਆਂ
ਬੇ-ਲੋੜੀਆਂ ਰਸਮਾਂ ਵਿੱਚ ਪਰਵਾਰ ਉਜੜ ਰਹੇ ਹਨ। ਮੈਰਿਜ ਪੈਲਿਸ ਤੇ ਇਸ ਨਾਲ ਸਬੰਧਿਤ ਤਾਣਾ-ਬਾਣਾ
ਪੁਰੀ ਵਿਉਂਤ ਬੰਦੀ ਨਾਲ ਜਨ ਸਧਾਰਨ ਲੋਕਾਂ ਨੂੰ ਉਜਾੜ ਰਿਹਾ ਹੈ। ਬੇ-ਮੋਸਮੇ ਮਹਿੰਗੇ ਭਾਅ ਦੇ
ਫੁੱਲਾਂ ਦੀ ਸਜਾਵਟ, ਮੈਰਿਜ ਪੈਲਿਸਾਂ ਵਿੱਚ ਰੰਗ-ਬਰੰਗੀਆਂ ਟਾਕੀਆਂ ਦੀ ਸਜਾਵਟ, ਕੰਨ ਪਾੜਵਾਂ ਸ਼ੋਰ
ਪਉਂਦਾ ਬੈਂਡ ਵਾਜਾ, ਲੜੀਆਂ ਦੀ ਸਜਾਵਟ, ਬਹਿਰਿਆਂ ਦੀ ਝੁਰਮੱਟ, ਦੂਰ-ਦਰਾਡ ਤੱਕ ਖਾਣ ਵਾਲੇ ਖਿਲਰੇ
ਸਟਾਲਾਂ ਦੀ ਭਰਮਾਰ ਤੇ ਲਾਗ ਮੰਗਣ ਵਾਲਿਆਂ ਦੀ ਅੰਨ੍ਹੀ ਛਿੱਲ ਸਾਰੀ ਪਰਵਾਰਾਂ `ਤੇ ਹੀ ਬੋਝ ਬਣਦੀ
ਹੈ। ਇੱਕ ਪ੍ਰਦੇਸੀ ਵੀਰ ਨੇ ਲੁਧਿਆਣੇ ਇੱਕ ਮੇਰਿਜ ਪੈਲਿਸ ਬੁੱਕ ਕੀਤਾ ਤੇ ਮੈਰਿਜ ਪੈਲਿਸ ਵਾਲੇ
ਕਹਿਣ ਲੱਗੇ ਕਿ ਭਈ ਤੁਸੀਂ ਕਿੱਥੇ ਜਬਦੇ ਫਿਰੋਗੇ ਗੁਰਦੁਆਰੇ ਸਾਰੇ ਬੁੱਕ ਹਨ ਇਸ ਲਈ ਤੁਸੀਂ ਗਿਆਰਾਂ
ਹਜ਼ਾਰ ਰੁਪਇਆ ਦਿਓ ਤੇ ਅਸੀਂ ਹੀ ਸਾਰਾ ਪ੍ਰਬੰਧ ਕਰ ਦਿਆਂਗੇ। ਪਤਾ ਲੱਗਿਆ ਕਿ ਇਹਨਾਂ ਨੇ ਗੁਰਦੁਆਰੇ
ਸਾਰੇ ਇਕੱਤੀ ਸੌ ਰੁਪਇਆ ਹੀ ਦਿੱਤਾ ਹੈ ਬਾਕੀ ਸਾਰਾ ਆਪ ਹੀ ਕਮਿਸ਼ਨ ਦੇ ਰੂਪ ਵਿੱਚ ਛੱਕ ਗਏ। ਜਨੀ ਕਿ
ਮੈਰਿਜ ਪੈਲਿਸ ਵਾਲਿਆਂ ਨੇ ਹਰ ਥਾਂ `ਤੇ ਆਪਣਾ ਕਮਿਸ਼ਨ ਰੱਖਿਆ ਹੋਇਆ ਹੈ। ਇਹਨਾਂ ਨੂੰ ਕੀ ਉਜੜਨਗੇ
ਪਰਵਾਰ।
ਮੈਰਿਜ ਪੈਲਿਸ ਵਾਲਿਆਂ ਨੇ ਰੋਟੀ ਦਾ ਠੇਕਾ ਵੀ ਕੀਤਾ ਹੁੰਦਾ ਹੈ ਜਾਂ ਫਿਰ ਉਹਨਾਂ ਦੀ ਮਰਜ਼ੀ ਦਾ
ਹਲਵਾਈ ਓੱਥੇ ਕੰਮ ਕਰਦਾ ਹੈ। ਮੈਰਿਜ ਪੈਲਿਸ ਵਾਲਿਆਂ ਘੱਟ ਤੋਂ ਘੱਟ ਤੇ ਘਟੀਆ ਤੋਂ ਘਟੀਆ ਮਾਲ
ਸਪਲਾਈ ਕਰਨਾ ਹੁੰਦਾ ਹੈ। ਪੈਸੇ ਵਾਲਾ ਕਦੇ ਭਾਅ ਨਹੀਂ ਪੁੱਛਦਾ। ਮੈਰਿਜ ਪੈਲਿਸ ਵਾਲੇ ਲਟਾ-ਪਟਾ
ਖੁਆਈ ਜਾਣਗੇ। ਅਸੀਂ ਉਂਜ ਹੀ ਖੁਸ਼ ਹੋਈ ਜਾਂਦੇ ਹਾਂ ਕਿ ਬਹਿਰੇ ਸਾਡੇ ਅੱਗੇ ਪਿੱਛੇ ਫਿਰ ਰਹੇ ਹਨ।
ਜਦੋਂ ਤੱਕ ਰੋਟੀ ਦੀ ਵਾਰੀ ਆਉਂਦੀ ਹੈ ਬੰਦਾ ਭੱਸ ਖੇਹ ਖਾ ਕੇ ਤੁਸਿਆ ਜਾਂਦਾ ਹੈ। ਪੇਟ ਆਫਰਨ `ਤੇ
ਆਇਆ ਹੁੰਦਾ ਪਰ ਬੰਦਾ ਮੂੰਹ ਨੂੰ ਰੁਕਣ ਨਹੀਂ ਦੇਂਦਾ।
ਮੈਰਿਜ ਪੈਲਿਸਾਂ ਦੀ ਸਭ ਤੋਂ ਵੱਧ ਘਟੀਆ ਬਹਿਰਿਆਂ ਦੀ ਸਫ਼ਾਈ ਹੁੰਦੀ ਹੈ ਤੇ ਇਸ ਵਲ ਕਦੇ ਕਿਸੇ ਨੇ
ਧਿਆਨ ਨਹੀਂ ਦਿੱਤਾ। ਤੇ ਨਾ ਹੀ ਕਦੇ ਕਿਸੇ ਨੇ ਉਸ ਥਾਂ ਨੂੰ ਦੇਖਿਆ ਹੁੰਦਾ ਹੈ ਜਿੱਥੇ ਹਲਵਾਈ ਭੋਜਨ
ਤਿਆਰ ਕਰਦੇ ਹਨ। ਇਹ ਗੱਲ ਅੱਖੀਂ ਦੇਖੀ ਲਿਖ ਰਿਹਾ ਹਾਂ। ਹਲਵਾਈ ਜਾਂ ਉਸ ਨਾਲ ਕੰਮ ਕਰਨ ਵਾਲਿਆਂ ਦੇ
ਹੱਥਾਂ ਪੈਰਾਂ ਦੀ ਸਫ਼ਾਈ, ਵਰਤਨ ਵਾਲੇ ਭਾਂਡਿਆਂ ਇਤ ਆਦਿਕ ਸ਼ਾਇਦ ਹੀ ਕਦੇ ਕਿਸੇ ਨੇ ਚੈੱਕ ਕੀਤੇ
ਹੋਣ। ਜਿੱਥੇ ਭੋਜਨ ਤਿਆਰ ਹੁੰਦਾ ਹੈ ਓੱਥੇ ਸਾਫ਼ ਸਫ਼ਾਈ ਬਹੁਤ ਹੀ ਘੱਟ ਹੁੰਦੀ ਹੈ।
ਮੈਰਿਜ ਪੈਲਿਸ ਦੇ ਸਭਿਆਚਾਰ ਤੋਂ ਸ਼ਾਇਦ ਹੀ ਹੁਣ ਕੋਈ ਬੱਚ ਸਕਦਾ ਹੋਵੇ? ਅੱਜ ਦੇ ਯੁੱਗ ਵਿੱਚ ਜਿਹੜਾ
ਬੱਚਿਆ ਹੈ ਉਸਨੂੰ ਸੂਰਮਾ ਹੀ ਕਿਹਾ ਜਾਏਗਾ। ਅੱਜ ਅਸੀਂ ਧਾਰਮਿਕ ਰਸਮਾਂ ਤਾਂ ਜ਼ਰੁਰ ਨਿਭਾ ਰਹੇ ਹਾਂ
ਪਰ ਸਾਡੇ ਵਿੱਚ ਪੰਥ ਲਈ ਪਿਆਰ ਤੇ ਕੌਮੀਅਤ ਦੀ ਘਾਟ ਬਹੁਤ ਵੱਡੀ ਹੈ। ਕੀ ਲੋੜਵੰਦ ਪਰਵਾਰਾਂ ਦੀ
ਸ਼ਨਾਖਤ ਕਰਕੇ ਉਹਨਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ? ਕੀ ਨਚਾਰਾਂ ਤੋਂ ਨਹੀਂ ਬੱਚਿਆ ਜਾ ਸਕਦਾ?
ਅਸ਼ਲੀਲ ਗਾਣਿਆਂ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ? ਕੌਮ ਜਾਂ ਤਾਂ ਗੁਰਦੁਆਰਿਆਂ ਦੇ ਮਾਰਬਲ ਥੱਲੇ
ਦੱਬੀ ਜਾ ਰਹੀ ਜਾਂ ਫਿਰ ਵਿਆਹਾਂ ਦੀ ਰਸਮਾਂ ਵਿੱਚ ਉਜੜ ਰਹੀ ਹੈ। ਕੀ ਸਾਡੇ ਧਾਰਮਿਕ ਆਗੂ, ਕੀ ਸਾਡੇ
ਰਾਜਨੀਤਿਕ ਆਗੂ, ਸਮਾਜ ਸੁਧਾਰ ਜੱਥੇਬੰਦੀਆਂ, ਬੁੱਧੀਜੀਵੀ ਤਬਕਾ, ਬਿਜਲਈ ਤੇ ਲਿਖਤੀ ਮੀਡੀਆ ਇਸ
ਪਾਸੇ ਸੋਚਣਗੇ? ਕੌਮ ਨੂੰ ਨਵੀਂ ਸੇਧ ਦੇਣਗੇ?
ਦਰ-ਅਸਲ ਅਸੀਂ ਨਿਜਤਾ ਨੂੰ ਪਹਿਲ ਦੇ ਰਹੇ ਹਾਂ ਤੇ ਕੌਮ ਨੂੰ ਪਿੱਛੇ ਕਰ ਰਹੇ ਹਾਂ। ਸਾਡੇ ਵਿਚੋਂ
ਕੌਮੀਅਤ ਦੀ ਘਾਟ ਪ੍ਰਤੱਖ ਦਿਸਦੀ ਨਜ਼ਰ ਆ ਰਹੀ ਹੈ।
ਕੌਮੀ ਮੁੱਦੇ ਵੀ ਸਾਡੇ ਕੋਲੋਂ ਗਵਾਚ ਗਏ ਹਨ। ਕਦੇ ਨਾਅਰਾ ਹੁੰਦਾ ਸੀ ਮੈਂ ਮਰਾ ਤੇ ਪੰਥ ਜੀਵੇ ਪਰ
ਅੱਜ ਇਸ ਤੋਂ ਉਲਟ ਹੋ ਰਿਹਾ ਹੈ।