ਦੁਨੀਆਂ ਵਿੱਚ ਸਫਲ ਮਨੁੱਖ ਉਹ ਹੀ
ਹੁੰਦਾ ਹੈ ਜਿਸ ਨੂੰ ਪਛਾਣ ਕਰਨੀ ਆਉਂਦੀ ਹੋਵੇ। ਬਹੁਤ ਲੋਕ ਪਰਖ ਕਰਨ ਵਿੱਚ ਹੀ ਮਾਰ ਖਾ ਗਏ ਹਨ।
ਕਿਸੇ ਵੀ ਮਹਿਕਮੇ ਵਿੱਚ ਨੌਕਰੀ ਲਈ ਭਰਤੀ ਕਰਨੀ ਹੋਵੇ ਤਾਂ ਪਹਿਲਾਂ ਉਸ ਦੀ ਪਰਖ ਕੀਤੀ ਜਾਂਦੀ ਹੈ।
ਮਲਾਜ਼ਮਾਂ ਦੀ ਭਰਤੀ ਸਮੇਂ, ਜਿੱਥੇ ਪਰਖ ਕਰਦਿਆਂ ਪੱਖਪਾਤ ਨਹੀਂ ਚਲਦਾ ਉਹ ਹੀ ਸੰਸਥਾ ਲੰਬਾ ਸਮਾਂ
ਪੈਂਡਾ ਤਹਿ ਕਰਦੀ ਹੈ। ਫੌਜ ਵਿੱਚ ਨੌਜਵਾਨਾਂ ਦੀ ਚੋਣ ਸਮੇਂ ਜਿੱਥੇ ਸਰੀਰਕ ਤੰਦਰੁਸਤੀ ਪਰਖੀ ਜਾਂਦੀ
ਹੈ ਓੱਥੇ ਉਹਨਾਂ ਦਾ ਲਿਖਤੀ ਟੈਸਟ ਹੁੰਦਾ ਹੈ। ਸੂਝਵਾਨ ਮਨੁੱਖ ਚੋਣ ਕਰਨ ਸਮੇਂ ਸਿਆਣੇ ਲੋਕਾਂ ਦੀ
ਰਾਏ ਲੈਂਦੇ ਹਨ ਕਿ ਕਿਤੇ ਅਸੀਂ ਕੋਈ ਗਲਤ ਫੈਸਲਾ ਨਾ ਲੈ ਲਈਏ। ਕਿਸੇ ਪਰਵਾਰ ਨੇ ਕਾਰ ਖਰੀਦਣੀ ਹੋਵੇ
ਤਾਂ ਪਰਵਾਰ ਵਿੱਚ ਕਈ ਕਈ ਦਿਨ ਵਿਚਾਰ ਵਟਾਂਦਰਾ ਚਲਦਾ ਰਹਿੰਦਾ ਹੈ ਕਿ ਕਿਹੜੀ ਕਾਰ ਥੋੜੇ ਪੈਸੇ ਖਰਚ
ਕੀਤਿਆ ਸਾਨੂੰ ਵੱਧ ਲਾਭ ਦੇ ਸਕਦੀ ਹੈ। ਨਵੇਂ ਰਿਸ਼ਤੇ ਲੱਭਣ ਲੱਗਿਆਂ ਵੀ ਪਰਵਾਰ ਪਹਿਲਾਂ ਚੋਣ ਕਰਦਾ
ਹੈ ਕਿ ਕਿਹੜਾ ਰਿਸ਼ਤਾ ਸਾਡੇ ਘਰ ਲਈ ਵਧੀਆ ਰਹੇਗਾ।
ਗੁਰੂ ਨਾਨਕ ਸਾਹਿਬ ਜੀ ਵਲੋਂ ਭਾਈ ਲਹਿਣਾ ਜੀ ਦੀ ਕੀਤੀ ਚੋਣ ਦਾ ਉਚਤਮ ਅਦਰਸ਼
ਸਾਡੇ ਸਾਹਮਣੇ ਹੈ। ਬਾਕੀ ਗੁਰੁ ਸਾਹਿਬਾਨ ਜੀ ਨੇ ਵੀ ਏਹੀ ਤਰੀਕਾ ਆਪਨਾਇਆ ਤਾਂ ਕਿਤੇ ਜਾ ਕੇ ਖਾਲਸਾ
ਅਕਾਲ ਪੁਰਖ ਦੀ ਫੌਜ ਅਖਵਾਇਆ। ਮਨੁੱਖ ਨੇ ਸਧਾਰਨ ਜੇਹੀ ਵੀ ਕੋਈ ਚੀਜ਼ ਖਰੀਦਣੀ ਹੁੰਦੀ ਹੈ ਤਾਂ
ਵੀਹਾਂ ਨਾਲ ਸਲਾਹ ਮਸ਼ਵਰਾ ਕਰਦਾ ਹੈ ਕਿ ਮੈਂ ਕਿਤੇ ਕੋਈ ਗਲਤ ਚੀਜ਼ ਨਾ ਖਰੀਦ ਬੈਠਾਂ। ਬਾਕੀ ਸਭ
ਥਾਂਵਾਂ `ਤੇ ਮਨੁੱਖ ਚੋਣ ਕਰਨ ਸਮੇਂ ਬੜਾ ਸੁਚੇਤ ਹੋ ਕੇ ਫੈਸਲੇ ਲੈਂਦਾ ਹੈ ਪਰ ਰਾਜਨੀਤਿਕ ਆਗੂ
ਚੁਣਨ ਸਮੇਂ ਮਨੁੱਖ ਸਬਜ਼ ਬਾਗ ਦੇਖ ਕੇ ਧੋਖਾ ਖਾ ਗਿਆ ਲਗਦਾ ਹੈ। ਦੂਜਾ ਧਾਰਮਿਕ ਆਗੂਆਂ ਨੂੰ ਸਮਝਣ
ਵਿੱਚ ਧੋਖਾ ਖਾ ਗਿਆ ਲਗਦਾ ਹੈ।
ਜਿਵੇਂ ਜਿਵੇਂ ਮਨੁੱਖ ਨੇ ਵਿਕਾਸ ਕੀਤਾ ਹੈ ਤਿਵੇਂ ਤਿਵੇਂ ਸੂਝਵਾਨ ਮਨੁੱਖਾਂ
ਨੇ ਕੁੱਝ ਨਿਯਮ ਵੀ ਬਣਾਏ ਤਾਂ ਕਿ ਲੋਕਾਂ ਨੂੰ ਅਰਾਮ ਦਾ ਜੀਵਨ ਮਿਲ ਸਕੇ। ਮੁਲਕਾਂ ਦੇ ਪ੍ਰਬੰਧ ਨੂੰ
ਚਲਾਉਣ ਲਈ ਕਈ ਪ੍ਰਕਾਰ ਦੇ ਵਿਧੀ ਵਿਧਾਨ ਹਨ। ਪਹਿਲਾਂ ਪਹਿਲ ਜ਼ਿਅਦਾ ਰਾਜੇ ਹੀ ਰਾਜ ਕਰਦੇ ਹੁੰਦੇ
ਸੀ। ਉਹਨਾਂ ਰਾਜਿਆਂ ਨੇ ਆਪਣੀ ਪਰਜਾ ਦੀ ਸੁੱਖ ਸਹੂਲਤ, ਸੁਚੱਜੇ ਪ੍ਰਬੰਧ ਲਈ ਕਈ ਯੋਗ ਮਨੁੱਖ ਰੱਖੇ
ਹੁੰਦੇ ਸੀ। ਯੁੱਗ ਬਦਲਿਆ, ਪਿਤਾ ਪੁਰਖੀ ਰਾਜ ਖਤਮ ਹੋਏ ਤੇ ਲੋਕ ਰਾਜੀ ਢਾਂਚਾ ਵਿਕਸਤ ਹੋਇਆ।
ਭਾਂਵੇਂ ਅਜੇ ਵੀ ਕਈਆਂ ਮੁਲਕਾਂ ਅੰਦਰ ਰਾਜੇ ਹੀ ਰਾਜ ਕਰਦੇ ਹਨ ਪਰ ਸਰਕਾਰ ਓੱਥੇ ਵੀ ਲੋਕਾਂ ਵਲੋਂ
ਹੀ ਚੁਣੀ ਜਾਂਦੀ ਹੈ। ਅੱਜ ਸੰਸਾਰ ਵਿੱਚ ਜ਼ਿਆਦਾਤਰ ਲੋਕ ਰਾਜ ਦਾ ਬੋਲਬਾਲਾ ਹੈ ਤੇ ਸਭ ਤੋਂ ਵੱਧ
ਲੋਕਰਾਜੀ ਢਾਂਚਾ ਭਾਰਤ ਵਿੱਚ ਮੰਨਿਆ ਗਿਆ ਹੈ। ਲੋਕ ਰਾਜ ਦਾ ਅਰਥ ਹੈ ਲੋਕ ਆਪਣੀ ਮਰਜ਼ੀ ਅਨੁਸਾਰ
ਲੀਡਰ ਚੁਣ ਸਕਣ। ਦੂਸਰਾ ਕੋਈ ਵੀ ਲੀਡਰ ਬਣਨ ਲਈ ਆਪਣੇ ਆਪ ਨੂੰ ਪੇਸ਼ ਕਰ ਸਕਦਾ ਹੈ। ਕਹਿਣ ਦੇਖਣ ਨੂੰ
ਲੋਕ ਰਾਜ ਹੈ ਪਰ ਅਸਲ ਹਕੀਕਤ ਕੁੱਝ ਹੋਰ ਬਿਆਨ ਕਰਦੀ ਹੈ। ਚਲਾਕ ਬਿਰਤੀ ਦਿਆਂ ਲੀਡਰਾਂ ਨੇ ਲੰਬਾ
ਸਮਾਂ ਰਾਜ ਕਰਨ ਲਈ, ਲੋਕ ਰਾਜੀ ਢਾਂਚੇ ਵਿੱਚ ਕਈ ਚੋਰ ਮੋਰੀਆਂ ਬਣਾ ਲਈਆਂ ਹਨ। ਅਜੇਹੇ ਲੀਡਰਾਂ ਦੀ
ਇਕੋ ਹੀ ਮਨਸ਼ਾ ਹੁੰਦੀ ਹੈ ਕਿ ਕੋਈ ਦੂਜਾ ਆਗੂ ਅੱਗੇ ਨਾ ਆਵੇ ਤੇ ਕੇਵਲ ਸਾਡਾ ਹੀ ਰਾਜ ਹੋਣਾ ਚਾਹੀਦਾ
ਹੈ, ਇਸ ਬਿਰਤੀ ਨਾਲ ਧਾਕੜ ਮਨੁੱਖ ਹੀ ਹੁਣ ਆਗੂ ਰਹਿ ਗਿਆ ਜਾਪਦਾ ਹੈ। ਅਗਾਂਹ ਵੀ ਓਸੇ ਕੁਨਬੇ
ਵਿਚੋਂ ਹੀ ਰਾਜਨੀਤਿਕ ਆਗੂ ਅੱਗੇ ਆ ਰਹੇ ਹਨ। ਜਨੀ ਕਿ ਪਿਤਾ ਪੁਰਖੀ ਰਾਜ ਹੀ ਸਥਾਪਿਤ ਹੋ ਰਿਹਾ ਹੈ
ਇਹ ਠੀਕ ਹੈ ਕਿ ਚੰਗੇ ਮੰਦੇ ਦੋ ਪੱਖ ਚੱਲਦੇ ਹੀ ਰਹਿੰਦੇ ਹਨ ਚੰਗੇ ਲੀਡਰਾਂ
ਦੀ ਘਾਟ ਨਹੀਂ ਹੈ ਪਰ ਕੁਰੱਪਟ ਲੀਡਰਾਂ ਦੀ ਹੁਣ ਬਹੁਤਾਤ ਹੋ ਗਈ ਹੈ। ਲੋਕ ਰਾਜੀ ਢਾਂਚੇ ਵਿੱਚ
ਲੋਕਾਂ ਪਾਸੋਂ ਵੋਟਾਂ ਲੈਣੀਆਂ ਚੰਗੇ ਸੂਝਵਾਨ ਲੀਡਰਾਂ ਦੇ ਵੱਸ ਦਾ ਰੋਗ ਨਹੀਂ ਰਿਹਾ। ਤੀਹ ਕੁ ਸਾਲ
ਪਹਿਲਾਂ ਇੱਕ ਅਖਬਾਰ ਵਿਚੋਂ ਇੱਕ ਟੋਟਕਾ ਪੜ੍ਹਿਆ ਸੀ ਕਿ ਲੀਡਰ ਬਣਨ ਦੀ ਕੀ ਯੋਗਤਾ ਹੋਣੀ ਚਾਹੀਦੀ
ਹੈ ਤਾਂ ਵਿਅੰਗ ਕੀਤਾ ਹੋਇਆ ਸੀ ਕਿ ਹੇਰਾ ਫੇਰੀ ਦੇ ਬੀਜ ਦੋ ਤੋਲੇ, ਭਾਈ-ਭਤੀਜਾਵਾਦ ਦੇ ਪੱਤੇ ਪੰਜ
ਤੋਲੇ, ਵੱਢੀ ਲੈਣ ਦਾ ਸਤ ਤਿੰਨ ਤੋਲੇ, ਜ਼ਬਰੀ ਜ਼ਮੀਨਾਂ ਦੇ ਕਬਜ਼ਿਆਂ ਦੇ ਪੱਕੇ ਫਲ਼ਾਂ ਦਾ ਰਸ ਦਸ
ਤੋਲੇ, ਲਾਪਰਵਾਹੀ ਦੇ ਪਤੀਲੇ ਵਿੱਚ ਪਾ ਕੇ, ਬੇਸ਼ਰਮੀ ਦੀ ਅੱਗ ਨਾਲ ਗਰਮ ਕਰਦਿਆਂ, ਝੂਠ ਦੇ ਪਾਣੀ
ਵਿੱਚ ਰਿੰਨ੍ਹਦਿਆਂ, ਪ੍ਰਵਾਰਵਾਦ ਦੇ ਚਿਮਚੇ ਨਾਲ ਖਾਣ ਨਾਲ ਦਿਨ ਚੜਨ ਤੋਂ ਪਹਿਲਾਂ ਪੱਕਾ ਲੀਡਰ ਬਣ
ਜਾਂਦਾ ਹੈ। ਐਸੇ ਲੀਡਰਾਂ ਹੱਥੋਂ ਮੁਲਕ ਦਾ ਕਦੇ ਵੀ ਕੁੱਝ ਸੌਰਦਾ ਨਹੀਂ ਹੈ—ਗੁਰਬਾਣੀ ਦਾ ਬੜਾ
ਪਿਆਰਾ ਵਾਕ ਹੈ—
ਅੱਜ ਦੀ ਲੀਡਰਸ਼ਿੱਪ ਵਿੱਚ ਦੁਨੀਆਂ ਦੀ ਸੇਵਾ ਦਾ ਸੰਕਲਪ ਨਾ
ਮਾਤਰ ਹੀ ਰਹਿ ਗਿਆ ਹੈ। ਅੱਜ ਦੀ ਲੀਡਰਸ਼ਿੱਪ ਦੇ ਤਿੰਨ ਹੀ ਮਕਸਦ ਰਹਿ ਗਏ ਹਨ, ਪਹਿਲਾ ਜਿੱਤਣਾ,
ਦੂਸਰਾ ਟਿਕਣਾ ਤੇ ਤੀਸਰਾ ਲੁੱਟਣਾ ਕਿਸ ਤਰ੍ਹਾਂ ਹੈ। ਮੇਰੇ ਦੇਖਦਿਆਂ ਜਿਸ ਮਨੁੱਖ ਪਾਸ ਸਾਇਕਲ ਵੀ
ਨਹੀਂ ਹੁੰਦਾ ਸੀ ਜਦੋਂ ਦਾ ਰਾਜਨੀਤਿਕ ਲੀਡਰ ਬਣ ਗਿਆ ਹੈ ਦੌਲਤ ਦੇ ਅੰਬਾਰ ਆਪਣੇ ਆਪ ਹੀ ਲੱਗ ਗਏ
ਹਨ। ਪਰਵਾਰ ਦੇ ਇਕੱਲੇ ਇਕੱਲੇ ਜੀਅ ਪਾਸ ਮੋਟਰ ਕਾਰ ਹੈ। ਪੈਟ੍ਰੋਲ ਪੰਪ ਵੱਖਰੇ ਕਾਇਮ ਕਰ ਲਏ ਹਨ।
ਦੁਨੀਆਂ ਦੀ ਹਰ ਸੁਖ ਸਹੂਲਤ ਨਾਲ ਦਿਨਾਂ ਵਿੱਚ ਹੀ ਘਰ ਭਰ ਜਾਂਦਾ ਹੈ।
ਅੱਜ ਦੇ ਲੀਡਰਾਂ ਪਾਸ ਕੋਈ ਠੋਸ ਮੁੱਦਾ ਨਹੀਂ ਹੁੰਦਾ। ਸਗੋਂ ਉਹ ਇਹ ਦੇਖਦਾ
ਹੈ ਕਿ ਮੇਰੇ ਵਿਰੋਧੀ ਨੇ ਜਿਹੜੀ ਗੱਲ ਆਖੀ ਹੈ ਭਾਂਵੇਂ ਉਸ ਗੱਲ ਨਾਲ ਸਮਾਜ ਦਾ ਫਾਇਦਾ ਹੀ ਕਿਉਂ ਨਾ
ਹੁੰਦਾ ਹੋਵੇ ਪਰ ਮੈਂ ਉਸ ਦਾ ਵਿਰੋਧ ਹੀ ਕਰਨਾ ਹੈ ਕਿਉਂ ਕਿ ਮੇਰੇ ਵਿਰੋਧੀ ਨੇ ਇਹ ਗੱਲ ਆਖੀ ਹੈ।
ਅੱਜ ਦੇ ਲੀਡਰ ਪਾਸ ਲੱਛੇਦਾਰ ਭਾਸ਼ਨ ਹੋਣਾ ਚਾਹੀਦਾ ਹੈ ਸਮੇਂ ਦੀ ਨਜ਼ਾਕਤ ਦੇਖਦਿਆ ਗੱਲ ਦਾ ਰੁਖ ਮੋੜ
ਸਕਦੇ ਹੋਵੇ। ਤੁਰੰਤ ਆਪਣੇ ਵਿਰੋਧੀ ਨੂੰ ਚਿੱਤ ਕਰਨ ਦਾ ਬਲ ਰੱਖਦਾ ਹੋਵੇ। ਕਹਿੰਦੇ ਨੇ ਇੱਕ ਲੀਡਰ
ਨੇ ਬਹੁਤ ਧੂੰਆਂਧਾਰ ਭਾਸ਼ਨ ਕਰਦਿਆਂ ਆਪਣੇ ਵਿਰੋਧੀ ਦੀ ਹਰ ਕਮੀਨੀ ਗੱਲ ਲੋਕਾਂ ਦੇ ਸਾਹਮਣੇ ਬੜੇ
ਪੁੱਖਤਾ ਸਬੂਤਾਂ ਨਾਲ ਰੱਖੀ। ਆਪਣੇ ਭਾਸ਼ਨ ਵਿੱਚ ਆਪਣੇ ਵਿਰੋਧੀ ਦੇ ਸਬੰਧ ਵਿੱਚ ਲੀਡਰ ਕਹਿੰਦਾ,
“ਦੇਖੋ ਭਾਈਓ ਅਤੇ ਭੈਣੋ ਜਿਸ ਲੀਡਰ ਨੂੰ ਤੁਸੀਂ ਵੀਹ ਸਾਲ ਵੋਟਾਂ ਪਾ ਕੇ ਲੀਡਰ ਚਣਿਆ ਇਸ ਦੀ ਪਾਰਟੀ
ਨੇ ਇਸ ਨੂੰ ਵਜ਼ੀਰੀਆਂ ਦਿੱਤੀਆਂ ਇਸ ਵਜ਼ੀਰ ਨੇ ਆਪਣੇ ਪਿੰਡ ਨੂੰ ਆਉਣ ਵਾਲੀ ਸੜਕ ਤੇ ਪੈਣ ਵਾਲੀ ਸਾਰੀ
ਦੀ ਸਾਰੀ ਲੁੱਕ ਖਾ ਲਈ ਹੈ। ਬਣਨ ਵਾਲਾ ਸਾਰਾ ਪੁੱਲ ਸਮੇਤ ਸਰੀਏ ਬੱਜਰੀ ਦੇ ਡਕਾਰ ਗਿਆ ਹੈ। ਜਿਹੜੀ
ਚੀਜ਼ ਵੀ ਹੱਥ ਵਿੱਚ ਆਈ ਉਹ ਹੀ ਇਸ ਨੇ ਖਾ ਲਈ ਹੈ। ਜਿੰਨੇ ਘਰ ਦੇ ਜੀਅ ਹਨ ਉਤਨੀਆਂ ਇਸ ਪਾਸ ਕਾਰਾਂ
ਹਨ। ਮੇਰੇ ਭਰਾਓ ਤੁਹਾਡੇ ਪਾਸ ਤਾਂ ਸਾਇਕਲ ਵੀ ਨਹੀਂ ਹਨ। ਸੌ ਬੱਸ ਤੇ ਸੌ ਟਰੱਕ ਸੜਕਾਂ `ਤੇ ਦੌੜਦਾ
ਫਿਰਦਾ ਤੁਸੀਂ ਸਾਰੇ ਦੇਖ ਰਹੇ ਹੋ। ਕਿੰਨੇ ਪਟ੍ਰੋਲ ਪੰਪ ਇਸ ਨੇ ਵਜ਼ੀਰ ਬਣਦਿਆਂ ਹੀ ਲਗਾ ਲਏ ਹਨ।
ਕੋਠੀਆਂ ਕਿੰਨੀਆਂ ਪਾ ਲਈਆਂ ਹਨ। ਹਰ ਸ਼ਹਿਰ ਵਿੱਚ ਇਸ ਦੇ ਪਲਾਟ ਹਨ। ਕਿਰਪਾ ਕਰਕੇ ਇਹਨੂੰ ਵੋਟ ਨਾ
ਪਾਇਆ ਜੇ ਇਸ ਨੇ ਸਵਾਏ ਆਪਣੇ ਪਰਵਾਰ ਦੇ ਕਦੇ ਤੁਹਾਡਾ ਕੁੱਝ ਸੋਚਿਆ ਹੀ ਨਹੀਂ ਹੈ”। ਅਗਲੇ ਦਿਨ
ਦੁਜੇ ਲੀਡਰ ਦਾ ਜਲਸਾ ਸੀ। ਹੁਣ ਉਸ ਦੀ ਵਾਰੀ ਸੀ। ਤੇਜ਼ ਤਰਾਰ ਲੀਡਰ ਨੇ ਵਿਰੋਧੀ ਲੀਡਰ ਵਲੋਂ ਕਹੀਆਂ
ਗੱਲਾਂ ਦਾ ਬੜੀ ਬੇਸ਼ਰਮੀ ਨਾਲ ਜੁਆਬ ਦੇਂਦਿਆਂ ਵਜ਼ੀਰ ਬੋਲਦਾ ਹੈ ਕਿ “ਭਾਈਓ ਮੇਰੇ ਵਿਰੋਧੀ ਨੇ ਮੇਰੇ
`ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਏ ਹਨ ਕਿ ਮੈਂ ਸੀਮੈਂਟ ਖਾ ਲਿਆ ਹੈ, ਸਰਾਕਰੀ ਹਸਪਤਾਲ ਖਾ ਲਿਆ
ਹੈ, ਬੱਸਾਂ ਪਾ ਲਈਆਂ ਹਨ ਟਰੱਕ ਪਾ ਲਏ ਹਨ। ਮੈਂ ਇਹਨਾਂ ਇਲਜ਼ਾਮਾਂ ਤੋਂ ਬਿਲਕੁਲ ਨਹੀਂ ਮੁਕਰਦਾ।
ਵੀਰੋ! ਮੈਂ ਵੀ ਤੁਹਾਡੇ ਵਿਚੋਂ ਹੀ ਗਿਆ ਹਾਂ। ਵਾਕਿਆ ਹੀ ਗਰੀਬੀ ਨੇ ਸਾਡਾ ਲੱਕ ਤੋੜਿਆ ਹੋਇਆ ਸੀ।
ਤੁਹਾਡੇ ਭਾਈ ਨੇ ਜੇ ਕੁੱਝ ਬਣਾਇਆ ਹੈ ਤਾਂ ਉਹ ਤੁਹਾਡੀ ਹੀ ਕਿਰਪਾ ਹੋਈ ਹੈ। ਮੇਰੇ ਗਰੀਬ ਦੇ ਪਾਸ
ਹੈ ਹੀ ਕੀ ਸੀ, ਇਹ ਸਾਰਾ ਕੁੱਝ ਤੁਹਾਡਾ ਹੀ ਬਖਸ਼ਿਆ ਹੋਇਆ ਹੈ। ਬੱਸਾਂ ਵੀ ਤੁਹਡੀਆਂ ਹਨ, ਤੁਸੀਂ ਹੀ
ਇਹਨਾਂ `ਤੇ ਸਫਰ ਕਰਦੇ ਹੋ, ਮੇਰੇ ਪਰਵਾਰ ਦੇ ਜੀਅ ਕਦੇ ਇਹਨਾਂ ਬੱਸਾਂ `ਤੇ ਬੈਠੇ ਹੀ ਨਹੀਂ ਹਨ”।
ਅੱਖਾਂ ਗਿਲੀਆਂ ਤੇ ਗਲ਼ਾ ਭਾਰਾ ਕਰਦਿਆਂ ਨਗਰ ਨਿਵਾਸੀਆਂ ਨੂੰ ਸੰਬਧੋਨ ਹੁੰਦਿਆਂ ਕਹਿੰਦਾ ਭਾਈਓ!
“ਮੈਂ ਤੁਹਾਡੀ ਕਿਰਪਾ ਨਾਲ ਸਭ ਕੁੱਝ ਬਣਾ ਲਿਆ ਹੈ। ਹੁਣ ਤਾਂ ਸਿਰਫ ਤੁਹਾਡੀ ਹੀ ਮੈਂ ਸੇਵਾ ਕਰਨੀ
ਹੈ। ਜੇ ਮੈਂ ਘਰ ਵੱਡਾ ਕੀਤਾ ਹੈ ਉਹ ਤੁਹਾਡੇ ਬੈਠਣ ਲਈ ਹੀ ਕੀਤਾ ਹੈ। ਮੈਂ ਨਹੀਂ ਚਹੁੰਦਾ ਮੇਰੇ
ਹਲਕੇ ਦਾ ਕੋਈ ਵੀਰ ਬਾਹਰ ਧੁੱਪੇ ਖੜਾ ਰਹੇ। ਇਹ ਜਿਹੜਾ ਲੀਡਰ ਤੁਹਾਨੂੰ ਮੇਰੇ ਬਾਰੇ ਦਸ ਗਿਆ ਉਹ
ਪਹਿਲਾਂ ਮੇਰੇ ਜਿੰਨਾਂ ਖਾਏਗਾ ਫਿਰ ਤੁਹਾਡਾ ਸੋਚੇਗਾ। ਮੈਂ ਤਾਂ ਹੁਣ ਰੱਜ ਗਿਆ ਹਾਂ ਪਰ ਮੇਰਾ
ਵਿਰੋਧੀ ਰੱਜੇਗਾ ਤਾਂ ਹੀ ਤੁਹਾਡਾ ਕੁੱਝ ਸੋਚੇਗਾ। ਦੂਜਾ ਮੈਂ ਤੁਹਾਡੀ ਆਪਣੀ ਬਰਾਦਰੀ ਵਿਚੋਂ ਹਾਂ।
ਦੁੱਖ ਸੁੱਖ ਵੇਲੇ ਤੁਹਾਡੇ ਮਰਨਿਆਂ ਪਰਨਿਆਂ `ਤੇ ਮੈਂ ਹੀ ਪਹੁੰਚਦਾ ਹਾਂ”। ਭਾਈਓ! “ਬਰਾਦਰੀ ਕਰਕੇ
ਵੀ ਮੇਰਾ ਵਿਰੋਧੀ ਕਿਸੇ ਡੂੰਘੀ ਸਾਜ਼ਿਸ ਰਚ ਕੇ ਮੈਨੂੰ ਬਦਨਾਮ ਕਰ ਰਿਹਾ ਹੈ। ਹੁਣ ਤੁਸੀਂ ਫੈਸਲਾ
ਕਰੋ ਕੇ ਵੋਟ ਕਿਸਨੂੰ ਪਉਣੀ ਹੈ”। ਲੋਕਾਂ ਦਾ ਜ਼ਜ਼ਬਾਤ ਦੇਖਦਿਆਂ ਲੀਡਰ ਦੇ ਵੱਡੇ ਕੜਛੇ ਨੇ ਜ਼ੋਰ ਦੀ
ਨਾਅਰਾ ਮਾਰਿਆਂ ਸਾਡੇ ਲੀਡਰ ਭੈਂਗਾ ਜੀ, ਅੱਗੋਂ ਜ਼ੋਰ ਦੀ ਅਵਾਜ਼ ਆਈ ਜ਼ਿੰਦਾਬਾਦ ਜ਼ਿੰਦਾਬਾਦ, ਮੋਹਰ
ਕਿੱਥੇ ਲਉਣੀ ਹੈ ਭਈ ਮੋਹਰ ਕਿੱਥੇ ਲਉਣੀ ਹੈ, ਅੱਗੋਂ ਜ਼ੋਰ ਦੀ ਅਵਾਜ਼ ਆਉਂਦੀ ਹੈ ਉੱਲੂ ਤੇ ਭਈ ਉੱਲੂ
`ਤੇ। ਜ਼ੋਰ ਜ਼ੋਰ ਦੀ ਅਵਾਜ਼ ਆਉਂਦੀ ਹੈ ਚੋਣ ਨਿਸ਼ਾਨ, ਅੱਗੋਂ ਸਾਰੇ ਬੁਲੰਦ ਅਵਾਜ਼ ਵਿੱਚ ਕਹਿੰਦੇ ਹਨ
ਉੱਲੂ ਹੈ ਭਈ ਉੱਲੂ ਹੈ।
ਇਕ ਦਿਨ ਅੰਧੇ ਆਗੂ ਦੇ ਵੱਡੇ ਬੇਟੇ ਨੇ ਕਿਹਾ, ਕਿ ਪਾਪਾ ਜੀ! “ਮੈਂ ਵੀ
ਰਾਜਨੀਤਿਕ ਲੀਡਰ ਬਣਨਾ ਹੈ”। ਅੱਗੋਂ ਲੀਡਰ ਜੀ ਕਹਿੰਦਾ, “ਬੱਚਾ ਚੜ੍ਹ ਖਾਂ ਜ਼ਰਾ ਦਰੱਖਤ `ਤੇ,
ਮੁੰਡਾ ਭੱਜ ਕੇ ਦਰੱਖਤ `ਤੇ ਜਾ ਚੜਿਆ”। ਲੀਡਰ ਆਪਣੇ ਬੱਚੇ ਨੂੰ ਕਹਿੰਦਾ, “ਬੱਚਾ ਦਰੱਖਤ ਤੋਂ ਛਾਲ
ਮਾਰ ਦੇਹ”, ਬੱਚਾ ਕਹਿੰਦਾ, ਪਾਪਾ ਜੀ! “ਦਰੱਖਤ ਤੋਂ ਛਾਲ ਮਾਰਿਆ ਸੱਟ ਲੱਗੇਗੀ”, ਲੀਡਰ ਦੇਵਤਾ ਜੀ
ਕਹਿੰਦੇ, “ਮੈਂ ਜੁ ਤੇਰੇ ਨਾਲ ਹਾਂ, ਤੈਨੂੰ ਸੱਟ ਨਹੀਂ ਲੱਗਣ ਦਿਆਂਗਾ”। ਬੱਚੇ ਨੇ ਆਪਣੇ ਪਾਪੇ ਦੇ
ਕਹੇ `ਤੇ ਦਰੱਖਤ ਤੋਂ ਛਾਲ ਮਾਰ ਦਿੱਤੀ। ਬੱਚੇ ਦੇ ਡਿਗਦਿਆਂ ਹੀ ਲੀਡਰ ਜੀ ਘਰ ਨੂੰ ਚਲੇ ਗਏ। ਲੋਕਾਂ
ਨੇ ਲੀਡਰ ਦੇ ਬੇਟੇ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਤੇ ਲੀਡਰ ਜੀ ਜ਼ਖਮੀ ਬੱਚੇ ਦੀ ਰੋਟੀ ਲੈ ਕੇ
ਹਸਪਾਤਲ ਪਹੁੰਚਿਆ ਤਾਂ ਬੱਚਾ ਕਹਿੰਦਾ, ਪਾਪਾ ਜੀ! “ਮੈਂ ਤੁਹਾਡੇ `ਤੇ ਯਕੀਨ ਕਰਕੇ ਛਾਲ ਮਾਰੀ ਸੀ।
ਤੁਸੀਂ ਮੈਨੂੰ ਬਚਾਇਆ ਨਹੀਂ ਹੈ”। ਅੱਗੋਂ ਲੀਡਰ ਜੀ ਕਹਿਣ ਲੱਗੇ, “ਬੇਟਾ ਰਾਜਨੀਤੀ ਦਾ ਪਹਿਲਾ ਤੇ
ਅਖਰੀਲਾ ਗੁਰ ਏਹੋ ਹੀ ਹੈ ਕਿ ਰਾਜਨੀਤੀ ਵਿੱਚ ਰਹਿੰਦਿਆਂ ਆਪਣੇ ਬਾਪ `ਤੇ ਵੀ ਯਕੀਨ ਨਹੀਂ ਕਰਨਾ ਤੇ
ਨਾ ਹੀ ਦਿੱਲ ਦੇ ਭੇਦ ਕਿਸੇ ਨੂੰ ਦੇਣੇ ਹਨ। ਆਪਣੇ ਕਿਸੇ ਵੀ ਰਿਸ਼ਤੇਦਾਰ ਨੂੰ ਅੱਗੇ ਨਹੀਂ ਵੱਧਣ
ਦੇਣਾ। ਓਨ੍ਹੀ ਕੁ ਬੁਰਕੀ ਪਾਉਣੀ ਹੈ ਜਿਸ ਨਾਲ ਉਹ ਪੂਛਲ ਹੀ ਹਿਲਾਈ ਜਾਣ ਵਰਨਾ ਕੁਰਸੀ ਨੂੰ ਖਤਰਾ
ਪੈਦਾ ਹੋ ਜਾਏਗਾ”।
ਅੱਜ ਸਚਾਈ ਵਾਲੇ ਲੀਡਰਾਂ ਦੀ ਬਹੁਤ ਵੱਡੀ ਘਾਟ ਹੈ। ਅੰਧੇ ਆਗੂਆਂ ਦੀ ਹਰ
ਰੋਜ਼ ਭਰਮਾਰ ਵੱਧਦੀ ਜਾ ਰਹੀ ਹੈ। ਪਤਾ ਨਹੀਂ ਕਿਹੜੀ ਗਿੱਦੜ ਸਿੰਗੀ ਇਹਨਾਂ ਦੇ ਪਾਸ ਆ ਜਾਂਦੀ ਹੈ
ਰਾਤੋ ਰਾਤ ਸੌ ਗੁਣਾਂ ਤਰੱਕੀ ਕਰ ਜਾਂਦੇ ਹਨ। ਲੀਡਰਾਂ ਦਾ ਕੰਮ ਹੁੰਦਾ ਹੈ ਜਨਤਾ ਦੀ ਸੇਵਾ ਕਰਨਾ ਪਰ
ਲੀਡਰ ਜਨਤਾ ਦੀ ਸੇਵਾ ਕਰਨ ਦੀ ਥਾਂ `ਤੇ ਆਪਣੇ ਪਰਵਾਰ ਦੀਆਂ ਹੀ ਕੁੱਖਾਂ ਕਢਣ ਵਿੱਚ ਲੱਗ ਜਾਂਦੇ
ਹਨ। ਥੋੜੇ ਲੀਡਰ ਹੀ ਬਚੇ ਹਨ ਨਹੀਂ ਤਾਂ ਜ਼ਿਆਦਾ ਲੀਡਰਾਂ ਦੇ ਪੜਤਾਲੀਆ ਕਮਿਸ਼ਨ ਹੀ ਬੈਠੇ ਹਨ।
ਪੜਤਾਲੀਆਂ ਕਮਿਸ਼ਨ ਵੀ ਇੰਜ ਦੇ ਲੱਗਦੇ ਹਨ, ਸ਼ਾਇਦ ਉਹ ਇਹ ਰਿਪੋਰਟ ਤਿਆਰ ਕਰਨ ਵਿੱਚ ਲੱਗੇ ਹੁੰਦੇ
ਹਨ, ਕਿ ਇਸ ਨੇ ਦੂਜੇ ਵਜ਼ੀਰ ਨਾਲੋਂ ਘੱਟ ਮਾਲ ਕਿਉਂ ਖਾਧਾ ਹੈ? ਇਹਨਾਂ ਕਮਿਸ਼ਨਾਂ ਦੀ ਉਮਰ ਬਹੁਤ
ਲੰਬੀ ਹੁੰਦੀ ਹੈ। ਲੋਕ ਪੰਜਾਂ ਚੋਂਹ ਸਾਲਾਂ ਵਿੱਚ ਹੀ ਸਭ ਕੁੱਝ ਭੁੱਲ-ਭੱਲ ਜਾਂਦੇ ਹਨ।
ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਵੋਟਾਂ ਦੁਆਰਾ ਸੇਵਾ
ਵਾਲੇ ਘੱਟ ਦੇ ਲੁੱਟਣ ਵਾਲੇ ਵੱਧ ਆਗੂ ਅੱਗੇ ਆ ਗਏ। ਬਾਹਰਲੇ ਮੁਲਕਾਂ ਵਿੱਚ ਏਹੀ ਲੋਕਰਾਜੀ ਢਾਂਚਾ
ਗੁਰਦੁਆਰਿਆਂ ਵਿੱਚ ਵਿਕਸਤ ਹੋਇਆ ਹੈ। ਜਿਹੜਾ ਇੱਕ ਵਾਰ ਪ੍ਰਧਾਨ ਬਣ ਗਿਆ ਕੀ ਮਜਾਲ ਹੈ ਉਹ ਮੁੜ ਕਿ
ਪ੍ਰਧਾਨਗੀ ਛੱਡੇ। ਜਦੋਂ ਵੀ ਉਸ ਨੂੰ ਪ੍ਰਧਾਨਗੀ ਤੋਂ ਲਾਹਿਆ ਉਸ ਨੇ ਓਸੇ ਸਾਲ ਹੀ ਨਵਾਂ ਗੁਰਦੁਆਰਾ
ਬਣਾ ਲਿਆ।
ਅੰਨ੍ਹੇ ਆਗੂ ਵੋਟਾਂ ਲੈਣ ਲਈ ਹਰ ਹਰਬਾ ਵਰਤਦੇ ਹਨ। ਪੈਸਾ, ਨਸ਼ਾ, ਸੀਨਾ
ਜ਼ੋਰੀ ਜਨੀ ਕਿ ਹਰ ਪਰਕਾਰ ਦੀ ਧੱਕੇ ਸ਼ਾਹੀ ਨਾਲ ਲੀਡਰ ਬਣਦੇ ਹਨ। ਇੱਕ ਥਾਂ `ਤੇ ਵਿਚਾਰ ਚੱਲ ਰਿਹਾ
ਸੀ ਕਿ ਫਲਾਣਾ ਲੀਡਰ ਬਹੁਤ ਵਧੀਆ ਹੈ ਓੱਥੇ ਖੜੇ ਇੱਕ ਵਿਦਵਾਨ ਨੇ ਕਿਹਾ ਕਿ ਭਰਾਓ ਇਸ ਲੀਡਰ ਨੂੰ
ਹੇਰਾ ਫੇਰੀ ਕਰਨ ਦਾ ਮੌਕਾ ਹੀ ਕੋਈ ਨਹੀਂ ਮਿਲਿਆ। ਮੌਕਾ ਮਿਲਣ `ਤੇ ਹੀ ਇਸ ਲੀਡਰ ਦੀ ਪਰਖ ਕੀਤੀ ਜਾ
ਸਕਦੀ ਹੈ। ਅੱਜ ਦੀ ਸਿੱਖ ਲੀਡਰਸ਼ਿੱਪ ਵੀ ਅਜੇਹੀ ਬੀਮਾਰੀ ਦਾ ਸ਼ਿਕਾਰ ਹੋ ਚੁੱਕੀ ਹੈ। ਸਿੱਖ ਸਿਧਾਂਤ
ਨੂੰ ਪੂਰੀ ਤਰ੍ਹਾਂ ਨਿਕਾਰ ਚੁੱਕੀ ਲੱਗਦੀ ਹੈ। ਸਿਰਫ ਝੰਡੀ ਵਾਲੀ ਕਾਰ ਚਾਹੀਦੀ ਹੈ। ਰਾਜ ਭਾਗ
ਚਾਹੀਦਾ ਹੈ ਭਾਵੇਂ ਕੋਈ ਵੀ ਤਰੀਕਾ ਕਿਉਂ ਨਾ ਵਰਤਣਾ ਪਏ। ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ
ਜਦੋਂ ਫਰੋਲਦੇ ਹਾਂ ਤਾਂ ਸਰਦਾਰ ਦਰਬਾਰਾ ਸਿੰਘ ਜੀ ਦਾ ਤਿਆਗ ਸਾਡੇ ਸਾਹਮਣੇ ਆਉਂਦਾ ਹੈ। ਸਰਦਾਰ
ਸੁਬੇਗ ਸਿੰਘ ਜੀ ਜਦੋਂ ਸਰਕਾਰ ਵਲੋਂ ਖ਼ਿੱਲਤ ਲੈ ਕੇ ਹਾਜ਼ਰ ਹੁੰਦੇ ਤਾਂ ਸਰਦਾਰ ਦਰਬਾਰਾ ਸਿੰਘ ਜੀ ਨੇ
ਇਹ ਕਹਿ ਕੇ ਖ਼ਿਲਤ ਵਾਪਸ ਕਰ ਦਿੱਤੀ ਕਿ ਖਾਲਸਾ ਪੰਜਾਬ ਦਾ ਵਾਰਸ ਹੈ ਤੇ ਖਾਲਸਾ ਖ਼ਿੱਲਤਾਂ ਵੰਢਦਾ ਹੈ
ਅਸੀਂ ਕਿਸੇ ਪਾਸੋਂ ਖਿਲਤ ਕਿਉਂ ਲਈਏ। ਅਖੀਰ ਨੀਤੀ ਵਰਤਦਿਆਂ ਪੰਥ ਦੇ ਫੈਸਲੇ ਅਨੁਸਾਰ ਇਹ ਖ਼ਿਲਤ
ਨਵਾਬ ਕਪੂਰ ਸਿੰਘ ਜੀ ਨੂੰ ਦਿੱਤੀ ਗਈ, ਪਰ ਸਮਾਂ ਆਉਣ `ਤੇ ਖ਼ਿਲਤ ਵਾਪਸ ਵੀ ਕਰ ਦਿੱਤੀ। ਕਾਸ਼ ਕਦੇ
ਆਪਣਿਆਂ ਪੁਰਖਿਆਂ ਦੇ ਇਤਿਹਾਸ ਨੂੰ ਮੁੜ ਦੁਹਰਾਅ ਸਕਾਂਗੇ? ਲੰਮਰੇ ਸਮੇਂ ਤੋਂ ਤਿਆਗ ਦੀ ਭਾਵਨਾ
ਵਾਲੇ, ਸੁਘੜ, ਸਮਰੱਪਿਤ, ਦੂਰ ਅੰਦੇਸ਼ੀ, ਕੌਮ ਦੀ ਚੜਦੀ ਕਲਾ ਵਾਲੇ ਨੇਤਾ ਦੀ ਘਾਟ ਨੂੰ ਮਹਿਸੂਸ
ਕੀਤਾ ਜਾ ਰਿਹਾ ਹੈ। ਅੱਜ ਸਿੱਖੀ ਭਾਵਨਾ, ਸਿੱਖੀ ਸਿਧਾਂਤ ਤੇ ਨਿਹਧੜਕਤਾ ਵਾਲੇ ਲੀਡਰ ਦੀ ਕਮੀ
ਮਹਿਸੂਸ ਕੀਤੀ ਜਾ ਰਹੀ ਹੈ।