.

ਭੱਟ ਬਾਣੀ-42

ਬਲਦੇਵ ਸਿੰਘ ਟੋਰਾਂਟੋ

ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ।।

ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ

ਤਾਰਨਿ ਮਨੁਖ੍ਯ੍ਯ ਜਨ ਕੀਅਉ ਪ੍ਰਗਾਸ।।

ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ

ਬਸਿ ਕੀਨੇ ਜਮਤ ਨ ਤ੍ਰਾਸ।।

ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ

ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ।।

ਸਭ ਬਿਧਿ ਮਾਨ੍ਯ੍ਯਿਉ ਮਨੁ ਤਬ ਹੀ ਭਯਉ

ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ।। ੪।।

(ਪੰਨਾ ੧੩੯੯)

ਪਦ ਅਰਥ:- ਰਾਜੁ – ਭੇਦ, ਰਹੱਸ। ਜੋਗੁ – ਉੱਤਮ। ਤਖਤੁ – ਸਿਧਾਂਤ। ਦੀਅਨੁ – ਦਿੱਤਾ। ਗੁਰ – ਗਿਆਨ। ਪ੍ਰਥਮੇ – ਪਹਿਲਾਂ। ਚੰਦੁ – ਅਗਿਆਨਤਾ ਦੇ ਹਨੇਰੇ ਵਿੱਚ ਚਾਨਣ ਦਾ ਪ੍ਰਤੀਕ ਗਿਆਨ। ਜਗਤ ਭਯੋ ਆਨੰਦੁ - ਜਗਤ ਵਿੱਚ ਖੇੜਾ ਹੋਇਆ। ਤਾਰਨਿ ਮਨੁਖ੍ਯ੍ਯ ਜਨ – ਮਾਨਵਤਾ ਨੂੰ ਤਾਰਨ ਲਈ। ਕੀਅਉ ਪ੍ਰਗਾਸ – ਪ੍ਰਕਾਸ਼ ਕੀਤਾ। ਗੁਰ – ਗਿਆਨ। ਦੀਅਉ – ਦਿੱਤਾ। ਨਿਧਾਨੁ – ਸਮਰਪਤ ਹੋਣਾ, ਲੀਨ ਹੋਣਾ। ਕਥਾ ਅਕਥ ਗਿਆਨੁ – ਇਸ ਅਕਥ ਦੇ ਗਿਆਨ ਦੀ ਕਥਾ ਅੱਗੇ ਪ੍ਰਚਾਰਨਾ। ਪੰਚ ਭੂਤ – ਪੰਜ ਭੂਤਕ (ਅਵਤਾਰਵਾਦੀ ਦੇਹਧਾਰੀ) ਬਸਿ ਕੀਨੇ – ਵੱਸ ਕੀਤੇ, ਗ਼ੁਲਾਮ ਬਣਾਏ। ਜਮਤ – ਜਮਦੂਤ ਕਿਸਮ ਦੇ ਲੋਕ। ਤ੍ਰਾਸ – ਡਰ। ਗੁਰ – ਗਿਆਨ। ਅਮਰੁ – ਅਮਰਦਾਸ ਜੀ ਨੇ। ਗੁਰੂ – ਗਿਆਨ ਦਾ ਪ੍ਰਕਾਸ਼। ਸ੍ਰੀ – ਸ੍ਰੇਸ਼ਟ। ਸਤਿ – ਸਤਿ ਕਰਕੇ ਜਾਣਿਆ। ਕਲਿਜੁਗਿ – ਅਗਿਆਨਤਾ ਦੇ ਹਨੇਰੇ ਵਿੱਚ। ਰਾਖੀ ਪਤਿ – ਬਚਾਅ ਕੇ ਰੱਖਿਆ। ਅਘਨ – (ਅਵਤਾਰਵਾਦੀ) ਪਾਪੀਆਂ। ਦੇਖਤ – ਦੇਖਦਿਆਂ ਹੀ। ਗਤੁ – ਮੁਕਤ, ਮੁਕਤੀ, ਮੁਕਤ ਹੋ ਜਾਣਾ। ਚਰਣ – ਝੁਕਣ ਦੀ ਕਿਰਿਆ। ਕਵਲ – ਨਿਰਲੇਪਤਾ ਦਾ ਪ੍ਰਤੀਕ, ਨਿਰਲੇਪ। ਜਾਸ – ਹੋ ਜਾਣਾ। ਰਾਜੁ – ਭੇਦ। ਜੋਗੁ – ਉੱਤਮ। ਸਭਿ ਬਿਧਿ – ਪੂਰਣ ਤੌਰ `ਤੇ। ਮਾਨਿਉ ਮਨੁ – ਮਨ ਪਤੀਜ ਗਿਆ। ਤਖਤ – ਸਿਧਾਂਤ, ਸਿਧਾਂਤਕ।

ਅਰਥ: - ਹੇ ਭਾਈ! ਇਹ ਜੋ ਉੱਤਮ ਸਿਧਾਂਤਕ ਗਿਆਨ ਦਾ ਭੇਦ ਰਾਮਦਾਸ ਜੀ ਨੂੰ ਪ੍ਰਾਪਤ ਹੋਇਆ, ਉਹ ਪਹਿਲਾਂ ਨਾਨਕ ਜੀ ਨੇ ਜਗਤ ਵਿੱਚ ਮਨੁੱਖੀ ਜਨਾਂ ਦੇ ਅਗਿਆਨਤਾ ਦੇ ਹਨੇਰੇ ਵਿੱਚ ਇਸ ਸਿਧਾਂਤਕ ਗਿਆਨ ਦਾ ਪ੍ਰਕਾਸ਼ ਕੀਤਾ, ਜਿਸ ਨਾਲ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦੇ ਪ੍ਰਕਾਸ਼ ਨਾਲ ਮਨੁੱਖੀ ਜੀਵਾਂ ਦੇ ਅੰਦਰ ਖੇੜਾ ਉਤਪੰਨ ਹੋਇਆ। ਇਸ ਤੋਂ ਅੱਗੇ ਇਹ ਉੱਤਮ ਸਿਧਾਂਤ ਅਕਥ ਦੀ ਕਥਾ ਗਿਆਨ ਪ੍ਰਚਾਰਨ ਲਈ ਨਾਨਕ ਜੀ ਨੇ ਅੰਗਦ ਜੀ ਨੂੰ ਸਮਰਪਤ ਕੀਤਾ ਤਾਂ ਜੋ ਮਾਨਵਤਾ ਨੂੰ ਪੰਜ ਭੂਤਕ (ਦੇਹਧਾਰੀ ਅਵਤਾਰਵਾਦੀ) ਜਮਦੂਤ ਕਿਸਮ ਦੇ ਲੋਕਾਂ ਨੇ ਜੋ ਲੋਕ ਆਪਣੇ ਵੱਸ ਕੀਤੇ ਭਾਵ ਮਾਨਸਿਕ ਗ਼ੁਲਾਮ ਬਣਾਏ ਹਨ, ਉਨ੍ਹਾਂ ਨੂੰ (ਅਵਤਾਰਵਾਦੀਆਂ) ਦਾ ਡਰ ਨਾ ਰਹੇ (ਤਾਂ ਜੋ ਉਹ ਵੀ ਮਨੁੱਖੀ ਆਜ਼ਾਦੀ ਦਾ ਨਿਘ ਮਾਣ ਸਕਣ)। ਇਸੇ ਸ੍ਰੇਸ਼ਟ ਗਿਆਨ ਨੂੰ ਜਦੋਂ ਅਮਰਦਾਸ ਜੀ ਨੇ ਸਤਿ ਕਰਕੇ ਮੰਨਿਆ ਤਾਂ ਇਸ ਗਿਆਨ ਦੇ ਪ੍ਰਕਾਸ਼ ਨੇ ਅਗਿਆਨਤਾ ਤੋਂ ਪਤਿ ਰੱਖੀ ਭਾਵ ਬਚਾਅ ਕੇ ਰੱਖਿਆ ਅਤੇ ਦੇਖਦਿਆਂ ਹੀ (ਅਵਤਾਰਵਾਦੀ) ਪਾਪੀਆਂ ਅੱਗੇ ਝੁਕਣ ਤੋਂ ਮੁਕਤ ਹੋ ਕੇ ਨਿਰਲੇਪ ਹੋ ਗਏ। ਇਸ ਤਰ੍ਹਾਂ ਜਦੋਂ ਰਾਮਦਾਸ ਜੀ ਦਾ ਮਨ ਪੂਰਨ ਤੌਰ ਉੱਪਰ ਇਸ ਸ੍ਰੇਸ਼ਟ ਗਿਆਨ ਉੱਪਰ ਪਤੀਜ ਗਿਆ ਤਾਂ ਅਮਰਦਾਸ ਜੀ, ਰਾਮਦਾਸ ਜੀ ਉੱਪਰ ਪ੍ਰਸੰਨ ਹੋਏ ਤਾਂ ਰਾਮਦਾਸ ਜੀ ਨੂੰ ਇਹ ਉੱਤਮ ਸਿਧਾਂਤ ਦੇ ਭੇਦ ਨੂੰ ਅੱਗੇ ਪ੍ਰਚਾਰਨ ਲਈ ਦਿੱਤਾ।

ਰਡ -

ਰਡ ਕੀ ਹੈ? – ਇੱਕ ਛੰਦ, ਜਿਸ ਦਾ ਲੱਛਣ ਹੈ-ਚਾਰ ਚਰਣ, ਪਹਿਲੇ ਚਰਣ ਦੀਆਂ ੪੧ ਮਾਤ੍ਰਾ ੧੫-੧੧-੧੫ ਪੁਰ ਤਿੰਨ ਵਿਸ਼੍ਰਾਮ, ਦੂਜੇ ਚਰਣ ਦੀਆਂ ੨੬ ਮਾਤ੍ਰਾ ੧੧-੧੫ ਪੁਰ ਵਿਸ਼੍ਰਾਮ, ਅੰਤ ਦੋ ਚਰਣ, ਇਹ ਵਿਖਮਤਰ ਛੰਦ ਹੈ। (ਦੇਖੋ ਮਹਾਨ ਕੋਸ਼)। ਜ਼ਿਆਦਾ ਇਹ ਗੱਲ ਉੱਚ ਕੋਟੀ ਦੇ ਕੀਰਤਨੀਏ ਵਿਦਵਾਨ ਸਮਝ ਸਕਦੇ ਹਨ। ਇਥੇ ਭਾਈ ਕਾਨ੍ਹ ਸਿੰਘ ਜੀ ਨੇ ਸੰਖੇਪ ਵਰਨਣ ਕੀਤਾ ਹੈ ਕਿ ਇਸ ਵਿੱਚ ੪੧ ਮਾਤ੍ਰਾ ਲਗਦੀਆਂ ਹਨ। ੧੫-੧੧-੧੫=੪੧।

ਅੱਗੇ ਦਿੱਤਾ ਸਵਈਯਾ ਪੰਜਵਾਂ ਹੈ, ਇਸ ਦੇ ਅਖੀਰ ਉੱਪਰ ਗਿਣਤੀ ਇਸ ਤਰ੍ਹਾਂ ਹੈ।। ੧।। ੫।। ਇਥੇ ਇੱਕ ਦਾ ਮਤਲਬ ਇਹ ਹੈ ਕਿ ਇਹ ਰਡ ਛੰਦ ਦਾ ਪਹਿਲਾ ਸਵਈਯਾ ਹੈ। ਪਰ ਚੱਲ ਰਹੇ ਪ੍ਰਕਰਣ ਦਾ ਪੰਜਵਾਂ ਸਵਈਯਾ ਹੈ। ਇਥੇ ਰਚੇਤਾ ਨਹੀਂ ਬਦਲੇ। ਰਡ ਛੰਦ ਦੇ ੮ ਸਵਈਏ ਹਨ ਅਤੇ ਚੱਲ ਰਹੇ ਪ੍ਰਕਰਣ ਦੇ ੧੨ ਸਵਈਏ।। ੮।। ੧੨।। ਤੇ ਬਾਰਵੇਂ ਸਵਈਏ ਉੱਪਰ ਰਡ ਛੰਦ ਸਮਾਪਤ ਹੁੰਦਾ ਹੈ। ਇਸ ਤੋਂ ਅੱਗੇ ਝੋਲਣਾ ਛੰਦ ਸ਼ੁਰੂ ਹੁੰਦਾ ਹੈ। ਚੱਲ ਰਹੇ ਪਰਕਰਣ ਦਾ ਤੇਰ੍ਹਵਾਂ ਸਵਈਯਾ, ਝੋਲਣੇ ਛੰਦ ਦਾ ਪਹਿਲਾ ਸਵਈਯਾ ਹੈ।। ੧।। ੧੩।। ਇਹ ਗੱਲਾਂ ਪਾਠਕ ਜਨਾਂ ਦੇ ਲਈ ਸਵਈਯਾਂ ਦੀ ਤਰਤੀਬ ਸਮਝਣ ਲਈ ਸਹਾਇਕ ਹੋ ਸਕਦੀਆਂ ਹਨ।

ਰਡ -

ਜਿਸਹਿ ਧਾਰ੍ਯ੍ਯਿਉ ਧਰਤਿ ਅਰੁ ਵਿਉਮੁ

ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ।।

ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ।।

ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ।।

ਸੋਈ ਏਕੁ ਨਾਮੁ ਹਰਿ ਨਾਮੁ ਸਤਿ

ਪਾਇਓ ਗੁਰ ਅਮਰ ਪ੍ਰਗਾਸੁ।। ੧।। ੫।।

(ਪੰਨਾ ੧੩੯੯)

ਪਦ ਅਰਥ:- ਜਿਸਹਿ – ਜਿਸ ਹਰੀ ਨੇ। ਧਾਰ੍ਯ੍ਯਉ ਧਰਤਿ – ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਵਿਉਮੁ – ਆਕਾਸ਼। ਪਵਣੁ – ਹਵਾ। ਨੀਰ ਸਰ – ਪਾਣੀ ਦਾ ਸਮੁੰਦਰ। ਅਨਲ – ਅੱਗ। ਅਨਾਦਿ – ਅਨਾਜ। ਕੀਅਉ – ਪੈਦਾ ਕੀਤੇ ਹਨ। ਸਸਿ – ਚੰਦਰਮਾ। ਰਿਖਿ – ਤਾਰੇ। ਨਿਸਿ – ਰਾਤ ਵੇਲੇ। ਸੂਰ – ਸੂਰਜ। ਦਿਨਿ – ਦਿਨ ਵੇਲੇ। ਤਰੂਅ – ਰੁੱਖ। ਸੈਲ – ਪਹਾੜ। ਫਲ – ਫਲ। ਫੁਲ – ਫੁੱਲ। ਦੀਅਉ – ਲਾਏ ਹਨ। ਸੁਰਿ ਨਰ – ਸਮੁੱਚੀ ਮਾਨਵਤਾ, ਮਨੁੱਖਤਾ। ਸਪਤ ਸਮੁਦ੍ਰ ਕਿਅ – ਸਪਤ ਸਮੁੰਦਰ ਤਾਂ ਕੀ। ਧਾਰਿਓ ਤ੍ਰਿਭਵਣ ਜਾਸੁ – ਸਮੁੱਚਾ ਬ੍ਰਹਿਮੰਡ ਟਿਕਾਇਆ ਹੋਇਆ ਹੈ। ਸੋਈ ਏਕੁ ਨਾਮੁ – ਉਸੇ ਸਰਬ-ਵਿਆਪਕ ਇਕੁ ਹਰੀ ਨਾਮੁ-ਸੱਚ ਨੂੰ। ਸਤਿ ਪਾਇਓ – ਸੱਤ ਕਰਕੇ ਜਾਨਣ ਨਾਲ। ਗੁਰ – ਗਿਆਨ ਨਾਲ। ਅਮਰ – ਮੁਕਤ ਹੋ ਗਏ। ਪ੍ਰਕਾਸ਼ – ਪ੍ਰਕਾਸ਼ ਹੋਇਆ।

ਨੋਟ:- ਪਿਛਲੇ ਸਵਈਏ ਨਾਲ ਲੜੀ ਜੋੜਨੀ ਹੈ।

ਅਰਥ:- ਹੇ ਭਾਈ! ਜਿਸ ਹਰੀ ਨੇ ਧਰਤੀ, ਆਕਾਸ਼, ਹਵਾ ਅਤੇ ਪਾਣੀ ਦੇ ਸਮੁੰਦਰ, ਅਗਨ ਅਤੇ ਅੰਨ ਪਦਾਰਥ ਪੈਦਾ ਕੀਤੇ ਹਨ। (ਜਿਸ ਦੀ ਬਰਕਤ-ਬਖ਼ਸ਼ਿਸ਼ ਨਾਲ) ਰਾਤ ਨੂੰ ਚੰਦਰਮਾ ਤੇ ਤਾਰੇ ਅਤੇ ਦਿਨ ਵੇਲੇ ਸੂਰਜ (ਚੜ੍ਹਦਾ ਹੈ) ਅਤੇ ਪਹਾੜ ਰਚੇ ਹਨ ਅਤੇ ਰੁੱਖਾਂ ਨੂੰ ਫਲ ਫੁੱਲ ਲਾਏ ਹਨ। ਗੱਲ ਕੀ! ਸਾਰੇ ਸੰਸਾਰ ਅੰਦਰ, ਮਨੁੱਖਤਾ, ਸਪਤ ਸਮੁੰਦਰ ਤਾਂ ਕੀ, ਉਸ ਨੇ ਤ੍ਰਿਭਵਣ-ਸਮੁੱਚਾ ਬ੍ਰਹਿਮੰਡ ਟਿਕਾਇਆ ਹੋਇਆ ਹੈ। ਉਸੇ ਇਕੁ ਸਰਬ-ਵਿਆਪਕ ਸੱਚ ਰੂਪ ਹਰੀ ਦੇ ਗਿਆਨ ਨੂੰ ਸਤਿ ਕਰਕੇ ਜਾਨਣ ਨਾਲ ਜਿਨ੍ਹਾਂ ਅੰਦਰ ਪ੍ਰਕਾਸ਼ ਹੋਇਆ, ਉਹ (ਅਵਤਾਰਵਾਦੀ ਕਰਮ-ਕਾਂਡੀ ਵੀਚਾਰਧਾਰਾ) ਤੋਂ ਅਮਰ ਭਾਵ ਮੁਕਤ ਹੋ ਗਏ।




.