ਗੁਰਦੁਆਰਾ
ਜਿਥੇ ਮੈਂ ਰਾਤ ਨਾ ਰਹਿ ਸਕਿਆ
ਗਿਆਨੀ ਸੰਤੋਖ ਸਿੰਘ
ਮੈਂ ਸੋਚਦਾ ਹੁੰਦਾ ਸੀ ਕਿ
ਸਵਿਟਜ਼ਰਲੈਂਡ, ਲੰਡਨ, ਵਾਸ਼ਿੰਗਟਨ, ਪੈਰਿਸ ਆਦਿ ਵਰਗੇ ਸਥਾਨਾਂ ਨੂੰ ਛੱਡ ਕੇ, ਕੈਪਟਨ ਅਮਰਿੰਦਰ
ਸਿੰਘ, ਸ. ਸੁਖਬੀਰ ਸਿੰਘ ਬਾਦਲ ਵਰਗੇ ਲੋਕ, ਦੁਬਈ ਨੂੰ ਮੁੜ ਮੁੜ ਸੈਰ ਕਰਨ ਕਿਉਂ ਜਾਂਦੇ ਹਨ! ਪਰ
ਕਦੋਂ ਮੈਂ ਦੁਬਈ ਵੇਖਿਆ ਤਾਂ ਫਿਰ ਹੀ ਅਸਲੀਅਤ ਦਾ ਪਤਾ ਲੱਗਿਆ। “ਕਹਿਬੇ
ਕਉ ਸੋਭਾ ਨਹੀ ਦੇਖਾ ਹੀ ਪਰਵਾਨ”॥
ਸੰਸਾਰ ਵਿੱਚ ਜਿਥੇ ਵੀ ਸਿੱਖ ਜਾਂਦੇ ਹਨ ਆਪਣੀ ਵਿਲੱਖਣ ਪਛਾਣ ਦੇ ਨਾਲ਼ ਨਾਲ਼ ਗੁਰਦੁਆਰਾ ਸਾਹਿਬ ਦੀ
ਉਸਾਰੀ ਵੀ ਕਰ ਲੈਂਦੇ ਹਨ। ਸਿੱਖਾਂ ਨੇ ਅਰਬੀ ਮੁਲਕਾਂ ਦੇ ਪ੍ਰਸਿਧ ਕਾਰੋਬਾਰੀ ਸ਼ਹਿਰ ਦੁਬਈ ਵਿੱਚ ਵੀ
ਐਸਾ ਹੀ ਕਰ ਵਿਖਾਇਆ। ਅਰਬ ਮੁਲਕਾਂ ਵਿੱਚ ਪਹਿਲਾ ਅਧਿਕਾਰਕ ਗੁਰਦੁਆਰਾ ਬਣਾ ਲਿਆ ਜੋ ਕਿ ਲੱਗ ਪੱਗ
ਅਸੰਭਵ ਸੀ। ਦੁਬਈ ਵਿੱਚ ਰਹਿੰਦੇ ਇੱਕ ਕਾਰੋਬਾਰੀ ਸਿੱਖ, ਸ ਸੁਰਿੰਦਰ ਸਿੰਘ ਕੰਧਾਰੀ ਦੀ ਮੇਹਨਤ ਰੰਗ
ਲਿਆਈ ਤੇ ਦੁਬਈ ਵਿੱਚ ਕੰਮ ਕਰਨ ਵਾਲੇ ਪੰਜਾਹ ਹਜ਼ਾਰ (੫੦੦੦੦) ਸਿਖਾਂ ਨੂੰ, ਗੁਰੂ ਨਾਨਕ ਦਰਬਾਰ ਦੇ
ਰੂਪ ਵਿੱਚ ਗੁਰਦੁਆਰਾ ਮਿਲ਼ ਗਿਆ। ਸਰਦਾਰ ਕੰਧਾਰੀ ਜੀ ਦਾ ਆਖਣਾ ਹੈ ਕਿ ਉਹਨਾਂ ਨੂੰ ‘ਇਸਲਾਮਿਕ
ਅਫ਼ੇਅਰਜ਼ ਸੋਸਾਇਟੀ’ ਨੂੰ ਇਹ ਗੱਲ ਸਮਝਾਉਣ ਵਿੱਚ ਚਾਰ ਸਾਲ ਲੱਗ ਗਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ
ਵਿੱਚ ਇਸਲਾਮ ਜਾਂ ਕਿਸੇ ਵੀ ਹੋਰ ਧਰਮ ਦੇ ਖ਼ਿਲਾਫ਼ ਕੁੱਝ ਨਹੀਂ ਹੈ ਅਤੇ ਇਸ ਵਿੱਚ ਪੂਰੀ ਮਨੁਖ ਜਾਤੀ
ਵਾਸਤੇ ਸਾਂਝਾ ਉਪਦੇਸ਼ ਹੈ। ਸੋਸਾਇਟੀ ਦੇ ਅਧਿਕਾਰੀਆਂ ਨੂੰ ਸਮਝਾਉਣ ਵਾਸਤੇ, ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਕਾਪੀ ਅਰਬੀ ਭਾਸ਼ਾ ਵਿੱਚ ਦਿਤੀ ਗਈ। ਬਹੁਤ ਅਧਿਐਨ ਕਰਨ ਤੋਂ ਬਾਅਦ ਸ਼ੇਖ਼ ਮੁਹੰਮਦ ਬਿਨ
ਰਸ਼ੀਦ ਅਲ ਮਖ਼ਤੂਮ (ਦੁਬਈ ਦੇ ਕਿੰਗ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਈ. ਏ.) ਦੇ ਉਪ ਰਾਸ਼ਟਰਪਤੀ)
ਨੇ, ਨਾ ਸਿਰਫ਼ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਨ ਵਾਸਤੇ ਆਗਿਆ ਹੀ ਦਿਤੀ ਬਲਕਿ ੨੫੪੦੦ ਵਰਗ ਫੁੱਟ
ਜ਼ਮੀਨ ਵੀ ਦਿਤੀ ਅਤੇ ਇਹ ਵੀ ਆਖਿਆ ਕਿ ਇਹ ਗੁਰਦੁਆਰਾ ਅਰਬ ਸੰਸਾਰ ਦਾ ਸਭ ਤੋਂ ਆਲੀਸ਼ਾਨ ਹੋਣਾ
ਚਾਹੀਦਾ ਹੈ। ਤਕਰੀਬਨ ਬਾਰਾਂ ਅਰਬ ਰੁਪਏ ਦੀ ਲਾਗਤ ਨਾਲ਼ ਉਸਰਿਆ ਇਹ ਇਤਿਹਾਸਕ ਗੁਰਦੁਆਰਾ ਸਿੱਖ ਕੌਮ
ਦੀ ਮੇਹਨਤ ਅਤੇ ਇਮਾਨਦਾਰੀ ਦਾ ਪ੍ਰਤੱਖ ਪਰਮਾਣ ਹੈ।
ਵੈਸੇ ਤਾਂ ਸੰਸਾਰ ਦੇ ਕੁੱਝ ਕੁ ਗੁਰਦੁਆਰਾ ਸਾਹਿਬਾਨ ਵਿਚੋਂ, ਆਪਣੀ ਜ਼ਬਾਨ ਦੇ ਰਸ ਕਰਕੇ, ਮੈਨੂੰ
ਨਿਕਲਣਾ ਪੈਂਦਾ ਰਿਹਾ ਪਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਵਿਚੋਂ ਤਾਂ ਪ੍ਰਬੰਧਕਾਂ ਨੇ ਮੇਰਾ
ਪਿਛੋਕੜ ਜਾਨਣ ਦੇ ਬਾਵਜੂਦ ਵੀ ਯੋਗ ਪਰ ਦ੍ਰਿੜ੍ਹ ਸ਼ਬਦਾਂ ਰਾਹੀਂ, ਗੁਰਦੁਆਰਾ ਸਾਹਿਬ ਵਿਚ, ਮੇਰੀ
ਰਾਤ ਕੱਟ ਲੈਣ ਦੀ ਬੇਨਤੀ ਅਪ੍ਰਵਾਨ ਕਰ ਦਿਤੀ।
ਗੱਲ ਇਉਂ ਹੋਈ ਕਿ ਕੁੱਝ ਸਾਲਾਂ ਤੋਂ ਸੁਣਦੇ ਪੜ੍ਹਦੇ ਆ ਰਹੇ ਸਾਂ ਕਿ ਅਰਬ ਦੇਸ਼ ਵਿੱਚ ਬੜੇ ਭਾਰੇ
ਖ਼ਰਚ ਨਾਲ਼ ਬੜਾ ਸ਼ਾਨਦਾਰ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ। ਉਸ ਬਾਰੇ ਡਾਕੂਮੈਂਟਰੀ ਵੀ ਵੇਖੀ ਸੀ
ਤੇ ਹੋਰ ਵੀ ਬੜਾ ਕੁੱਝ ਪੜ੍ਹਨ ਸੁਣਨ ਕਰਕੇ ਦਰਸ਼ਨਾਂ ਦੀ ਚਾਹ ਸੀ। ੨੦੧੩ ਦੇ ਜੂਨ ਮਹੀਨੇ ਵਿਚ,
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਲੰਡਨ ਦੇ ਸੱਦੇ ਉਪਰ ਮੈਂ ਜਾਣਾ ਸੀ ਜਿਥੇ ੧੭ ਜੂਨ ਤੋਂ,
ਦੋ ਹਫ਼ਤਿਆਂ ਵਾਸਤੇ ਮੇਰੀ ਕਥਾ ਦਾ ਪ੍ਰੋਗਰਾਮ ਬੁੱਕ ਸੀ। ਵਿਚਾਰ ਬਣਿਆ ਕਿ ਦੁਬਈ ਵਿਚਦੀ ਲੰਘਿਆ
ਜਾਵੇ ਤੇ ਓਥੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਨਾਲ਼ ਨਾਲ਼ ਵੱਸਦੀਆਂ ਸੰਗਤਾਂ ਦੇ ਦਰਸ਼ਨ ਮੇਲੇ
ਵੀ ਕਰਦੇ ਜਾਈਏ। ਸਿਡਨੀ ਦੇ ਵਸਨੀਕ ਸ. ਕੁਲਵਿੰਦਰ ਸਿੰਘ ਜੀ ਜਗਰਾਉਂ ਦੇ ਪਿਤਾ ਸ. ਸੁਰਿੰਦਰ ਸਿੰਘ
ਜੀ ਹੋਰਾਂ ਦੇ ਪਰਮ ਮਿੱਤਰ, ਸ. ਹਰਜਿੰਦਰ ਸਿੰਘ ਖ਼ਾਲਸਾ ਦੁਬਈ ਵਿੱਚ ਚੰਗੇ ਕਾਰੋਬਾਰੀ ਅਤੇ ਸਰਦੇ
ਪੁੱਜਦੇ ਸੱਜਣ ਰਹਿੰਦੇ ਹਨ। ਇਹ ਸੁਹਿਰਦ ਅਤੇ ਧਾਰਮਿਕ ਗੁਰਸਿੱਖ ਓਥੇ ‘ਪੱਪੂ ਖ਼ਾਲਸਾ ਜੀ’ ਦੇ ਨਾਂ
ਨਾਲ਼ ਵੀ ਪ੍ਰਸਿਧ ਹਨ। ਵਿਚਾਰ ਬਣੀ ਕਿ ਉਹਨਾਂ ਪਾਸ ਰੁਕ ਕੇ ਦੋ ਕੁ ਦਿਨਾਂ ਬਾਅਦ ਅੱਗੇ ਲੰਡਨ ਨੂੰ
ਚਾਲੇ ਪਾਏ ਜਾਣ। ਸਿਡਨੀ ਤੋਂ ਸ. ਸੁਰਿੰਦਰ ਸਿੰਘ ਜੀ ਦੇ ਯਤਨ ਕਰਨ ਦੇ ਬਾਵਜੂਦ ਵੀ ਦੁਬਈ ਵਿੱਚ
ਉਹਨਾਂ ਨਾਲ਼ ਫ਼ੋਨ ਰਾਹੀਂ ਸੰਪਰਕ ਨਾ ਹੋ ਸਕਿਆ ਤੇ ਬਿਨਾ ਸੰਪਰਕ ਤੋਂ ਹੀ ਮੈਂ ਓਧਰ ਨੂੰ ਉਡਾਰੀ ਮਾਰ
ਗਿਆ। ਅੱਧੀ ਰਾਤ ਨੂੰ ਮੈਂ ਦੁਬਈ ਹਵਾਈ ਅਡੇ ਤੇ ਪਹੁੰਚ ਗਿਆ। ਅੱਡੇ ਤੋਂ ਬਾਹਰ ਨੂੰ ਤੁਰਿਆ ਜਾਂਦਾ
ਸੋਚ ਰਿਹਾ ਸਾਂ ਕਿ ਅੱਡੇ ਦੇ ਬਾਹਰ ਜਾ ਕੇ, ਦਿਨ ਚੜ੍ਹਨ ਦੀ ਉਡੀਕ ਕਰਾਂਗਾ ਤੇ ਲੋ ਲੱਗਣ ਤੇ ਪਬਲਿਕ
ਟ੍ਰਾਂਸਪੋਰਟ ਜਾਂ ਟੈਕਸੀ ਰਾਹੀਂ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗਾ ਤੇ ਇੱਕ ਦੋ ਦਿਨ ਓਥੇ ਰੁਕ ਕੇ
ਅੱਗੇ ਲੰਡਨ ਨੂੰ ਚਾਲੇ ਪਾ ਜਾਵਾਂਗਾ ਪਰ ਬਾਹਰ ਨਿਕਲ਼ਦਿਆਂ ਹੀ ਦੋ ਨੌਜਵਾਨਾਂ ਨੇ ਮੈਨੂੰ ਰੋਕ ਕੇ
ਮੇਰਾ ਨਾਂ ਪਤਾ ਪੁੱਛ ਕੇ ਦੱਸਿਆ ਕਿ ਉਹ ਪੱਪੂ ਖ਼ਾਲਸਾ ਜੀ ਦੇ ਭੇਜੇ ਹੋਏ, ਮੈਨੂੰ ਲੈਣ ਵਾਸਤੇ ਆਏ
ਹਨ। ਇਹ ਬਿਧ ਇਉਂ ਬਣੀ ਕਿ ਮੇਰੇ ਸਿਡਨੀ ਛੱਡਣ ਪਿੱਛੋਂ, ਖ਼ਾਲਸਾ ਜੀ ਨਾਲ਼ ਸ. ਸੁਰਿੰਦਰ ਸਿੰਘ ਜੀ
ਦਾ, ਫ਼ੋਨ ਰਾਹੀਂ ਸੰਪਰਕ ਜੁੜ ਗਿਆ ਸੀ। ਉਹਨਾਂ ਨੌਜਵਾਨਾਂ ਨੇ ਮੈਨੂੰ ਸਮੇਤ ਮੇਰੇ ਟਿੰਡ ਫਹੁੜੀ ਦੇ,
ਕਾਰ ਵਿੱਚ ਧਰ ਲਿਆ। ਮੁਲਕ ਯੂ. ਈ. ਏ. ਦੀ ਰਾਜਧਾਨੀ, ਦੁਬਈ ਤੋਂ ਤਕਰੀਬਨ ਡੇਢ ਸੌ ਕਿਲੋ ਮੀਟਰ
ਦੂਰ, ਅਬੂ ਧਾਬੀ ਮੈਨੂੰ ਲਿਜਾ ਕੇ, ਮੈਨੂੰ ਸ. ਹਰਜਿੰਦਰ ਸਿੰਘ ਖ਼ਾਲਸਾ ਜੀ ਦੇ ਹਵਾਲੇ ਕਰ ਦਿਤਾ।
ਖ਼ਾਲਸਾ ਜੀ ਨੇ ਆਪਣੇ ਇੱਕ ਕਾਰਖ਼ਾਨੇ ਵਿੱਚ ਹੀ ਆਪਣੇ ਸਟਾਫ਼ ਦੀਆਂ ਸੰਗਤਾਂ ਵਾਸਤੇ ਗੁਰਦੁਆਰਾ ਸਾਹਿਬ
ਬਣਾਇਆ ਹੋਇਆ ਹੈ ਤੇ ਓਥੇ ਉਸ ਸਮੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ
ਸੀ। ਮੈਂ ਵੀ ਓਥੇ ਦੋ ਦੀਵਾਨਾਂ ਵਿੱਚ ਕਥਾ ਦੀ ਹਾਜਰੀ ਭਰੀ। ਸਰਦਾਰ ਖ਼ਾਲਸਾ ਜੀ ਦਾ ਇਸ ਮੁਲਕ ਯੂ.
ਏ. ਈ. ਵਿੱਚ ਬੜਾ ਲੰਮਾ ਚੌੜਾ ਕਾਰੋਬਾਰ ਹੈ ਅਤੇ ਬੜੀ ਚੜ੍ਹਦੀਕਲਾ ਵਾਲ਼ੇ ਅਤੇ ਤਿਆਰ ਬਰ ਤਿਆਰ ਸਿੰਘ
ਹਨ। ਓਥੇ ਦੇ ਟਿਕਾ ਸਮੇ ਉਹਨਾਂ ਨੇ ਮੈਨੂੰ ਆਪਣੇ ਘਰ ਦੀ ਯਾਤਰਾ ਵੀ ਕਰਵਾਈ ਜੋ ਕਿ ਬੜੀ ਉਚੇਰੀ, ਕਈ
ਮਨਜ਼ਲਾਂ ਵਾਲ਼ੀ ਬਿਲਡਿੰਗ ਦੀ ਕਿਸੇ ਬਹੁਤ ਉਚੀ ਮਨਜ਼ਲ ਉਪਰ, ਬੜਾ ਵਿਸ਼ਾਲ ਫਲੈਟ ਸੀ। ਖ਼ਾਲਸਾ ਜੀ ਨੇ
ਮੇਰਾ ਬਣਦਾ ਮਾਣ ਸਤਿਕਾਰ ਵੀ ਕੀਤਾ। ਖ਼ਾਲਸਾ ਜੀ ਦਾ ਵਿਸ਼ਾਲ ਘਰ ਅਤੇ ਕਾਰੋਬਾਰ ਬਹੁਤ ਕਰਕੇ ਯੂ. ਏ.
ਈ. ਦੀ ਰਾਜਧਾਨੀ ਅਬੂ ਧਾਬੀ ਵਿੱਚ ਹੈ।
ਅਗਲੇਰੇ ਦਿਨ ਮੇਰੀ ਬੇਨਤੀ ਮੰਨ ਕੇ ਖ਼ਾਲਸਾ ਜੀ ਨੇ ਮੈਨੂੰ ਹਵਾਈ ਅੱਡੇ ਉਪਰ ਛੱਡਣ ਲਈ ਨੌਜਵਾਨਾਂ ਦੀ
ਸੇਵਾ ਲੱਗਾ ਦਿਤੀ ਤੇ ਓਧਰ ਜਾਂਦਿਆਂ ਮੇਰੇ ਆਖਣ ਤੇ, ਉਹਨਾਂ ਨੌਜਵਾਨਾਂ ਨੇ ਮੈਨੂੰ ਦੁਬਈ ਦੇ
ਗੁਰਦੁਆਰਾ ਸਾਹਿਬ ਦੀ ਯਾਤਰਾ ਵੀ ਕਰਵਾ ਦਿਤੀ। ਉਸ ਯਾਤਰਾ ਦੌਰਾਨ ਗੁਰਦੁਆਰਾ ਸਾਹਿਬ ਦੇ
ਸਕੱਤਰ/ਮੈਨੇਜਰ ਸਾਹਿਬ ਜੀ ਨਾਲ਼ ‘ਫ਼ਤਿਹ ਫ਼ਤੂਹੀ’ ਵੀ ਹੋਈ ਜੋ ਕਿ ਮੈਂ ਭੁੱਲ ਗਿਆ ਸੀ।
ਫਿਰ ਨਵੰਬਰ ਮਹੀਨੇ ਦੇ ਅਖੀਰ ਵਿੱਚ ਮੈਂ ਦੇਸ ਜਾਣਾ ਸੀ ਤੇ ਓਧਰ ਦੀ ਟਿਕਟ ਸਸਤੀ ਹੋਣ ਕਰਕੇ ਮੈਂ
ਦੁਬਈ ਰਾਹੀਂ ਜਾਣਾ ਠੀਕ ਸਮਝਿਆ ਤੇ ਉਸ ਸਸਤੀ ਟਿਕਟ ਉਪਰ ਸ਼ਰਤ ਇਹ ਸੀ ਕਿ ੩੦ ਘੰਟੇ ਦੁਬਈ ਰੁਕ ਕੇ
ਫਿਰ ਅੱਗੋਂ ਦਿੱਲੀ ਦੀ ਸੀਟ ਮਿਲਣੀ ਸੀ। ਸੋਚਿਆ ਕਿ ਖ਼ਾਲਸਾ ਜੀ ਨੂੰ ਤਿੰਨ ਸੌ ਕਿਲੋ ਮੀਟਰ ਦਾ ਸਫ਼ਰ
ਫਿਰ ਕਾਹਨੂੰ ਕਰਵਾਉਣਾ ਹੈ; ਕੁੱਝ ਘੰਟਿਆਂ ਦੀ ਹੀ ਤਾਂ ਗੱਲ ਹੈ; ਗੁਰਦੁਆਰੇ ਜਾ ਕੇ ਰੁਕਾਂਗਾ। ਰਾਤ
ਹੀ ਕੱਟਣੀ ਹੈ। ਨਾਲ਼ੇ ਪ੍ਰਬੰਧਕਾਂ, ਗ੍ਰੰਥੀ ਸਿੰਘਾਂ ਨਾਲ਼ ਵਿਚਾਰ ਵਟਾਂਦਰਾ ਹੋ ਜਾਵੇਗਾ। ਇਸ ਲਈ
ਮੈਂ ਦੁਬਈ ਉਤਰ ਕੇ ਬੈਂਕ ਵਿਚੋਂ ਪੰਜਾਹ ਡਾਲਰ ਦੀ ਦੁਬਈ ਦੀ ਕਰੰਸੀ ਲੈ ਕੇ, ਰੇਲਵੇ ਸਟੇਸ਼ਨ ਤੇ
ਪਹੁੰਚ ਗਿਆ। ਟਿਕਟ ਵੇਚਣ ਵਾਲ਼ੀ ਤੋਂ ਗੁਰਦੁਆਰੇ ਦੇ ਨੇੜੇ ਦੇ ਸਟੇਸ਼ਨ ਦਾ ਨਾਂ ਪੁੱਛ ਕੇ, ਉਸ ਤੋਂ
ਟਿਕਟ ਲੈ ਕੇ, ਇਬਨ ਬਬੂਤਾ ਸਟੇਸ਼ਨ ਤੇ ਉਤਰ ਕੇ, ਓਥੋਂ ਟੈਕਸੀ ਲੈ ਕੇ ਗੁਰਦੁਆਰਾ ਸਾਹਿਬ ਜਾ
ਪਹੁੰਚਿਆ। ਦਰਬਾਰ ਵਿੱਚ ਮੱਥਾ ਟੇਕਣ ਉਪ੍ਰੰਤ ਦਫ਼ਤਰ ਵਿੱਚ ਚਲਿਆ ਗਿਆ ਤੇ ਮੈਨੇਜਰ/ਸਕੱਤਰ ਜੀ ਨੂੰ
ਆਪਣੇ ਬਾਰੇ ਜਾਣਕਾਰੀ ਦਿਤੀ ਤੇ ਨਾਲ਼ ਹੀ ਰਾਤ ਰਹਿਣ ਲਈ ਬੇਨਤੀ ਕਰ ਦਿਤੀ। ਉਹਨਾਂ ਨੇ ਦੱਸਿਆ ਕਿ ਉਹ
ਮੈਨੂੰ ਜਾਣਦੇ ਹਨ ਤੇ ਮੇਰੀਆਂ ਲਿਖਤਾਂ ਵੀ ਪੜ੍ਹਦੇ ਰਹਿੰਦੇ ਹਨ ਤੇ ਲੰਡਨ ਜਾਂਦਿਆਂ ਮੈਂ ਉਹਨਾਂ
ਨੂੰ ਮਿਲ਼ਿਆ ਵੀ ਸਾਂ ਪਰ ਉਹ ਮੈਨੂੰ ਰਾਤ ਗੁਰਦੁਆਰੇ ਵਿੱਚ ਠਹਿਰਨ ਦੀ ਆਗਿਆ ਨਹੀਂ ਦੇ ਸਕਦੇ ਕਿਉਂਕਿ
ਕੁੱਝ ਖਾਸ ਕਾਰਨਾਂ ਕਰਕੇ ਪ੍ਰਬੰਧਕਾਂ ਵੱਲੋਂ ਸਖ਼ਤ ਹਿਦਾਇਤ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਰਾਤ
ਨੂੰ ਕੋਈ ਨਹੀਂ ਠਹਿਰ ਸਕਦਾ। ਮੈਂ ਕਿਹਾ ਕਿ ਕੁੱਝ ਘੰਟਿਆਂ ਦੀ ਹੀ ਤਾਂ ਗੱਲ ਹੈ। ਅਧੀ ਰਾਤ ਤਕ ਤਾਂ
ਮੈਂ ਦਰਬਾਰ ਹਾਲ ਵਿੱਚ ਬੈਠ ਕੇ ਕੁੱਝ ਨਾ ਕੁੱਝ ਪੜ੍ਹਦਾ ਰਹਾਂਗਾ ਤੇ ਤੀਜੇ ਪਹਿਰ ਗ੍ਰੰਥੀ ਸਿੰਘ ਜੀ
ਨੇ ਮਹਾਂਰਾਜ ਜੀ ਦਾ ਪ੍ਰਕਾਸ਼ ਕਰ ਹੀ ਦੇਣਾ ਹੈ; ਫਿਰ ਕੋਈ ਸਮਸਿਆ ਈ ਨਹੀਂ। ਮੈਂ ਦੱਸਿਆ ਕਿ ਮੈਨੂੰ
ਸੌਣ ਦੀ ਸਮੱਸਿਆ ਕੋਈ ਨਹੀਂ; ਹਾਲ ਵਿੱਚ ਇੱਕ ਕੰਧ ਨਾਲ਼ ਢੋਹ ਲਾ ਕੇ ਮੈਂ ਕੁੱਝ ਘੰਟੇ ਬਿਤਾ ਲੈਣੇ
ਹਨ। ਲੋੜ ਮੈਨੂੰ ਸਿਰਫ ਸਵੇਰੇ ਨਹਾਉਣ ਦੀ ਹੈ। ਤੁਹਾਡੇ ਗ੍ਰੰਥੀ ਸਿੰਘ ਜੀ ਕਿਤੇ ਨਹਾਉਂਦੇ ਹੀ
ਹੋਣਗੇ, ਓਥੇ ਮੈਂ ਵੀ ਪਿੰਡੇ ਤੇ ਪਾਣੀ ਦੀ ਇੱਕ ਬਾਲ਼ਟੀ ਪਾ ਲਵਾਂਗਾ। ਉਹਨਾਂ ਨਾਲ਼ ਮੇਰੀ ਲੰਮੀ ਚੌੜੀ
ਵਾਰਤਾ ਇਸ ਬਾਰੇ ਹੋਈ। ਵਾਹਵਾ ਸਮਾ ਲੱਗਿਆ ਪਰ ਜੁਮੇਵਾਰ ਸੱਜਣ ਆਪਣੇ ਅਸੂਲ ਉਪਰ ਡਟੇ ਰਹੇ। ਇਸ
ਮਸਲੇ ਤੇ ਉਹਨਾਂ ਨੇ ਵਾਰ ਵਾਰ ਆਪਣੀ ਮਜਬੂਰੀ ਦਰਸਾਈ। ਲੰਗਰ ਪਾਣੀ ਛਕਣ ਲਈ ਆਖਿਆ ਤੇ ਚਾਹ ਵੀ ਦਫ਼ਤਰ
ਵਿੱਚ ਮੈਨੂੰ ਛਕਾਈ ਪਰ ਉਹਨਾਂ ਅਨੁਸਾਰ ਰਾਤ ਨਹੀਂ ਸਾਂ ਮੈਂ ਓਥੇ ਰਹਿ ਸਕਦਾ। ਉਹਨਾਂ ਨੇ ਦੱਸਿਆ ਕਿ
ਗੁਰਦੁਆਰੇ ਦੀ ਬਿਲਡਿੰਗ ਅੰਦਰ ਰਾਤ ਰਹਿ ਸਕਣ ਦੀ ਵਿਸ਼ੇਸ਼ ਆਗਿਆ ਸਿਰਫ ਇੱਕ ਗ੍ਰੰਥੀ ਸਿੰਘ ਜੀ ਵਾਸਤੇ
ਹੀ ਹੈ ਕਿਉਂਕਿ ਉਹਨਾਂ ਨੇ ਸਵੇਰੇ ਪ੍ਰਕਾਸ਼ ਕਰਨਾ ਹੁੰਦਾ ਹੈ; ਇਸ ਤੋਂ ਇਲਾਵਾ ਸੈਕਿਉਰਟੀ ਵਾਲ਼ਿਆਂ
ਤੋਂ ਬਿਨਾ ਹੋਰ ਕੋਈ ਗੁਰਦੁਆਰੇ ਦੀ ਇਮਾਰਤ ਅੰਦਰ ਰਾਤ ਨਹੀਂ ਰਹਿ ਸਕਦਾ। ਬਾਕੀ ਸਾਰਾ ਸਟਾਫ਼ ਆਪੋ
ਆਪਣੇ ਫਲੈਟਾਂ ਵਿੱਚ ਚਲਿਆ ਜਾਂਦਾ ਹੈ। ਸਤਾਰਾਂ ਇੰਪਲਾਈ ਸਨ ਗੁਰਦੁਆਰਾ ਸਾਹਿਬ ਦੇ, ਇੱਕ ਗ੍ਰੰਥੀ
ਸਿੰਘ ਗੁਰਦੁਆਰੇ ਦੇ ਅੰਦਰ ਰਹਿੰਦਾ ਸੀ ਤੇ ਬਾਕੀ ਤਾਂ ਸੋਲ਼ਾਂ ਕਿਸੇ ਥਾਂ ਰਹਿੰਦੇ ਹੀ ਹੋਣਗੇ।
ਉਹਨਾਂ ਵਿਚੋਂ ਕਿਸੇ ਦੇ ਨਾਲ਼ ਮੈਨੂੰ ਵੀ ਰਾਤ ਕਟਾਈ ਜਾ ਸਕਦੀ ਸੀ ਪਰ ਇਸ ਬਾਰੇ ਨਾ ਉਹਨਾਂ ਨੇ
ਉਦਾਰਤਾ ਵਿਖਾਈ ਤੇ ਨਾ ਮੈਂ ਹੀ ਉਹਨਾਂ ਨੂੰ ਆਖ ਸਕਿਆ। ਵੈਸੇ ਗ੍ਰੰਥੀ ਸਿੰਘ ਦੀ ਰਿਹਾਇਸ਼ ਦਾ ਕਾਬਲੇ
ਤਾਰੀਫ਼ ਪ੍ਰਬੰਧ ਸੀ। ਪੂਰੀਆਂ ਸਹੂਲਤਾਂ ਵਾਲ਼ਾ ਸੁੰਦਰ ਫਲੈਟ ਸੀ। ਬੈਡ ਰੂਮ, ਲਾਂਜ ਰੂਮ, ਬਾਥਰੂਮ,
ਰਸੋਈ ਆਦਿ ਪੂਰੀ ਸ਼ਾਨ ਵਾਲ਼ਾ ਫ਼ਰਨਿਸ਼ਡ ਸੈਟ ਸੀ। ਸਾਡੀ ਇਸ ਗੁਫ਼ਤਗੂ ਸਮੇ ਗ੍ਰੰਥੀ ਜੀ ਕੋਲ਼ ਹੀ ਸਨ ਪਰ
ਉਹ ਵਿਚਾਰੇ ਚੁੱਪ ਰਹੇ ਤੇ ਉਹਨਾਂ ਦਾ ਚੇਹਰਾ ਦੱਸੇ ਕਿ ਉਹ ਵੀ ਕਿਸੇ ਮਜਬੂਰੀ ਅਧੀਨ ਹੀ ਚੁੱਪ ਹਨ;
ਨਹੀਂ ਤਾਂ ਉਹਨਾਂ ਦੇ ਲਾਂਜ ਰੂਮ ਵਿੱਚ ਮੈਂ ਕੁੱਝ ਘੰਟੇ ਗੁਜ਼ਾਰ ਹੀ ਸਕਦਾ ਸੀ। ਅੰਤ ਨੂੰ ਹਾਰ ਕੇ
ਫਿਰ ਮੈਨੇਜਰ ਜੀ ਨੂੰ ਆਖਿਆ, “ਕਰੋ ਖ਼ਾਲਸਾ ਜੀ ਨੂੰ ਫ਼ੋਨ। ਉਹ ਮੈਨੂੰ ਆ ਕੇ ਏਥੋਂ ਲੈ ਜਾਣ।” ਉਹਨਾਂ
ਨੇ ਫ਼ੋਨ ਮਿਲਾ ਕੇ ਰਸੀਵਰ ਮੇਰੇ ਹੱਥ ਫੜਾਇਆ ਤੇ ਮੈਂ ਓਧਰੋਂ ਆਵਾਜ਼ ਆਉਣ ਤੇ ਖ਼ਾਲਸਾ ਜੀ ਨੂੰ
ਗੁਰਦਆਰੇ ਤੋਂ ਚੁੱਕਣ ਵਾਸਤੇ ਬੇਨਤੀ ਕੀਤੀ। ਉਹਨਾਂ ਨੇ ਫੌਰਨ ਹੀ ਕਾਰ ਭੇਜ ਦਿਤੀ ਤੇ ਮੇਰੀ ਬੇਨਤੀ
ਮੰਨ ਕੇ ਉਹਨਾਂ ਨੇ ਦੁਬਈ ਵਿਚਲੇ ਹੀ ਆਪਣੇ ਦਫ਼ਤਰ ਨਾਲ਼ ਜੁੜਵੇਂ ਫਲੈਟ ਵਿੱਚ ਮੇਰੇ ਸੌਣ, ਨਹਾਉਣ
ਭੋਜਨ ਅਤੇ ਇੰਟਰਨੈਟ ਦਾ ਪ੍ਰਬੰਧ ਕਰ ਦਿਤਾ। ਮੈਂ ਆਖਿਆ ਕਿ ਸਵੇਰੇ ਮੈਨੂੰ ਗੁਰਦੁਆਰਾ ਸਾਹਿਬ ਵਿਖੇ
ਫੇਰ ਛੱਡ ਆਉਣਾ ਤਾਂ ਕਿ ਮੈਂ ਓਥੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵਿਚਰਾਂਗਾ, ਗੁਰੂ ਜੀ ਤੇ ਗੁਰੂ
ਜੀ ਦੀਆਂ ਸੰਗਤਾਂ ਦੇ ਦਰਸ਼ਨ ਕਰਾਂਗਾ; ਤੇ ਨਾਲ਼ੇ ਏਥੇ ਰਹਿ ਕੇ ਤੁਹਾਡੇ ਕੰਮ ਵਿੱਚ ਘੜੰਮ ਨਹੀਂ
ਪਾਵਾਂਗਾ। ਸਵੇਰੇ ਅੱਠ ਵਜੇ ਹੀ ਉਹਨਾਂ ਦੇ ਡਰਾਈਵਰ ਨੌਜਵਾਨ ਨੇ ਮੈਨੂੰ ਫਲੈਟ ਤੋਂ ਚੁੱਕਿਆ ਤੇ
ਗੁਰਦੁਆਰੇ ਜਾ ਕੇ ਛੱਡ ਦਿਤਾ। ਉਸ ਨੇ ਆਖਿਆ ਕਿ ਰਾਤ ਨੂੰ ਉਹ ਮੈਨੂੰ ਹਵਾਈ ਅੱਡੇ ਤੇ ਛੱਡਣ ਵਾਸਤੇ
ਸਮੇ ਸਿਰ ਆ ਜਾਣਗੇ। ਮੈਂ ਆਖਿਆ ਵੀ ਕਿ ਮੇਰੇ ਪਾਸ ਪੈਸੇ ਹੈਗੇ ਨੇ ਤੇ ਮੈਂ ਰੇਲ ਰਾਹੀਂ ਹਵਾਈ ਅੱਡੇ
ਤੇ ਏਥੋਂ ਓਵੇਂ ਹੀ ਚਲਿਆ ਜਾਵਾਂਗਾ ਜਿਵੇਂ ਕਲ੍ਹ ਓਥੋਂ ਆਇਆ ਸਾਂ ਪਰ ਉਹਨਾਂ ਨੇ ਖ਼ੁਦ ਛੱਡਣ ਤੇ ਜੋਰ
ਦਿਤਾ। ਮੈਂ ਉਹ ਸਾਰਾ ਦਿਨ ਗੁਰਦੁਆਰਾ ਸਾਹਿਬ ਵਿਖੇ ਰਿਹਾ ਤੇ ਇਸ ਦੌਰਾਨ ਪ੍ਰਬੰਧਕਾਂ ਦੇ ਰਵਈਏ ਤੋਂ
ਕੁੱਝ ਇਹੋ ਜਿਹਾ ਮਹਿਸੂਸ ਹੋਵੇ ਕਿ ਜਿਵੇਂ ਉਹ ਮੈਨੂੰ ਰਾਤ ਰਹਿਣ ਦੀ ਆਗਿਆ ਨਾ ਦੇ ਸਕਣ ਤੇ ਖ਼ੁਸ਼ ਨਾ
ਹੋਣ! ਦਿਨ ਦੇ ਦੌਰਾਨ ਪ੍ਰਬੰਧਕਾਂ ਨੇ ਮੈਨੂੰ ਆਰਾਮ ਕਰਨ ਲਈ ਲੋੜੋਂ ਵਧ ਹੋਰ ਦਿਤਾ। ਇੱਕ ਸਿੰਘ ਨਾਲ਼
ਬੇਸਮੈਂਟ ਵਾਲ਼ੇ ਕਮਰੇ ਵਿੱਚ ਭੇਜ ਦਿਤਾ। ਓਥੇ ਮੈਂ ਵੇਖਿਆ ਕਿ ਖੁਲ੍ਹੇ ਕਮਰੇ ਵਿੱਚ ਪੰਜ ਬਿਸਤਰੇ
ਲੱਗੇ ਹੋਏ ਸਨ। ਉਹਨਾਂ ਨੂੰ ਖ਼ੁਸ਼ ਕਰਨ ਲਈ ਮੈਂ ਕੁੱਝ ਮਿੰਟ ਮੰਜੇ ਤੇ ਲੇਟਿਆ ਵੀ ਪਰ ਨਾ ਤੇ ਮੈਂ
ਥੱਕਿਆ ਹੋਇਆ ਸਾਂ ਤੇ ਨਾ ਹੀ ਮੈਂ ਕਦੇ ਦਿਨੇ ਸੌਣ ਦੀ ਲੋੜ ਸਮਝੀ ਹੈ। ਮੈਂ ਕੇਹੜਾ ਹਲ਼ ਵਾਹੁੰਦਾ
ਹਾਂ ਕਿ ਮੈਨੂੰ ਦੁਪਹਿਰ ਸਮੇ ਥਕਾਵਟ ਲਾਹੁਣ ਜਾਂ ਲੱਕ ਸਿਧਾ ਕਰਨ ਲਈ ਮੰਜੇ ਤੇ ਪੈਣਾ ਪਵੇ!
ਇਸ ਦੌਰਾਨ ਪ੍ਰਬੰਧਕਾਂ ਨੇ ਕਿਹਾ ਕਿ ਉਹ ਰਾਤ ਨੂੰ ਮੈਨੂੰ ਹਵਾਈ ਅੱਡੇ ਉਪਰ ਗੁਰਦੁਆਰਾ ਸਾਹਿਬ ਦੀ
ਗੱਡੀ ਤੇ ਛੱਡ ਆਉਣਗੇ। ਇਸ ਤੇ ਮੈਂ ਕਿਹਾ ਕਿ ਉਹ ਫਿਰ ਖ਼ਾਲਸਾ ਜੀ ਨੂੰ ਫ਼ੋਨ ਕਰਕੇ ਦੱਸ ਦੇਣ ਤਾਂ ਕਿ
ਉਹ ਮੈਨੂੰ ਏਥੋਂ ਚੁੱਕਣ ਲਈ ਆਪਣੀ ਕਾਰ ਨਾ ਭੇਜਣ। ਉਹਨਾਂ ਨੇ ਫ਼ੋਨ ਰਾਹੀਂ ਖ਼ਾਲਸਾ ਜੀ ਨੂੰ ਕਾਰ
ਭੇਜਣ ਤੋਂ ਰੋਕ ਦਿਤਾ ਤੇ ਮੈਨੂੰ ਖ਼ੁਦ ਹਵਾਈ ਅੱਡੇ ਤੇ ਛੱਡ ਆਏ।
ਇਸ ਸਾਰੇ ਕੁੱਝ ਦੇ ਪਿਛੋਕੜ ਵਿੱਚ ਇੱਕ ਖਾਸ ਗੱਲ ਹੈ; ਉਹ ਇਹ ਹੈ ਕਿ ਅੱਜ ਤੋਂ ਦੋ ਕੁ ਦਹਾਕੇ
ਪਹਿਲਾਂ, ਜਦੋਂ ਅਜੇ ਬੱਚੇ ਵਿਆਹਾਂ ਉਪ੍ਰੰਤ ਆਪੋ ਆਪਣੇ ਘਰੀਂ ਨਹੀਂ ਸਨ ਗਏ; ਕਦੀ ਕਦਾਈਂ ਕਿਸੇ
ਗੱਲੋਂ ਨਾਰਾਜ਼ ਹੋ ਕੇ ਮੈਂ ਮਾਣ ਨਾਲ਼ ਆਖਿਆ ਕਰਦਾ ਸਾਂ ਕਿ ਦੁਨੀਆ ਭਰ ਵਿਚਲੇ, ਸੁਨਹਿਰੀ ਗੁੰਬਦਾਂ
ਅਤੇ ਸੰਗ ਮਰਮਰ ਦੇ ਫਰਸ਼ਾਂ ਵਾਲ਼ੇ ਸਾਰੇ ਗੁਰਦੁਆਰੇ ਮੇਰੇ ਈ ਹਨ। ਮੈ ਜਿਥੇ ਚਾਹਾਂ ਜਾ ਕੇ ਕਛਹਿਰਾ
ਸੁੱਕਣੇ ਪਾ ਸਕਦਾ ਹਾਂ। ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਤੇ ਨਾ ਹੀ ਕੋਈ ਫਿਕਰ ਹੈ। ਕਹਿੰਦਾ
ਤਾਂ ਮੈਂ ਇਹ ਕੁੱਝ ਆਪਣੇ ਗੁਰੂ, ਗੁਰੂ ਦੀਆਂ ਸੰਗਤਾਂ, ਗੁਰੂ ਪੰਥ ਅਤੇ ਗੁਰਦੁਆਰਾ ਸੰਸਥਾ ਵਿੱਚ
ਆਪਣਾ ਅਥਾਹ ਵਿਸ਼ਵਾਸ ਹੋਣ ਕਰਕੇ ਸਾਂ; ਕਿਉਂਕਿ ਮੈਨੂੰ ਆਪਣੇ ਪੰਥ ਉਪਰ ਮਾਣ ਹੈ ਕਿ ਪੰਥ ਦਾ ਨਿਮਾਣਾ
ਪਰ ਸੱਚੇ ਦਿਲੋਂ ਸੇਵਕ ਹੋਣ ਕਰਕੇ, ਮੈਨੂੰ ਸੰਸਾਰ ਅੰਦਰ ਕਿਸੇ ਕਿਸਮ ਦੀ ਕਮੀ ਨਹੀਂ ਤੇ ਕਿਸੇ ਹੱਦ
ਤੱਕ ਇਹ ਗੱਲ ਹੈ ਵੀ ਠੀਕ ਪਰ ਇਹ ਕੁੱਝ ਆਖਦਿਆਂ ਧੁਰ ਅੰਦਰੋਂ ਕਿਤੇ ਸੂਖਮ ਜਿਹੀ ਇਉਂ ਆਵਾਜ਼ ਵੀ
ਆਉਣੀ ਕਿ ਕਿਤੇ ਇਹ ਮੇਰਾ ਅਹੰਕਾਰ ਤਾਂ ਨਹੀਂ ਬੋਲ ਰਿਹਾ ਪਰ ਇਸ ਆਵਾਜ਼ ਨੂੰ ਇਹ ਦਲੀਲ ਦੇ ਕੇ ਦਬਾ
ਦੇਣਾ ਕਿ ਨਹੀਂ ਇਹ ਮੇਰੇ ਮਨ ਦਾ ਐਵੇਂ ਵਹਿਮ ਹੈ। ਮੈ ਕੋਈ ਅਹੰਕਾਰ ਥੋਹੜਾ ਕਰ ਰਿਹਾ ਹਾਂ, ਇਹ
ਤਾਂ, “ਜਿਉਂ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ॥” (ਪੰਨਾ ੩੯੬) ਵਾਲੀ ਗੱਲ ਹੈ। ਮੈਨੂੰ ਆਪਣੇ
ਗੁਰੂ ਅਤੇ ਇਸ ਦੇ ਪੰਥ ਉਪਰ ਜਾਇਜ਼ ਮਾਣ ਹੈ; ਪਰ ਸ਼ਾਇਦ ਮੇਰੇ ਗੁਰੂ ਨੇ ਇਸ ਸੋਚ ਨੂੰ ਮੇਰਾ ਅਹੰਕਾਰ
ਜਾਣ ਕੇ ਮੈਨੂੰ ਸਿਧੇ ਰਾਹ ਪਾਉਣ ਹਿਤ ਇਹ ਕੌਤਕ ਵਰਤਾਇਆ ਹੋਵੇ ਕਿ ਮੈਂ ਐਵੇਂ ਬੇਲੋੜੇ ਮਾਣ ਵਿੱਚ
ਨਾ ਤੁਰਿਆ ਫਿਰਾਂ। ਧਰਤੀ ਤੇ ਟਿਕਿਆ ਰਹਾਂ। ਧਰਤੀ ਤੋਂ ਬਹੁਤਾ ਉਚਾ ਜਾਣ ਤੋਂ ਬਾਅਦ ਭੁੰਜੇ ਡਿੱਗਣ
ਨਾਲ਼ ਸੱਟ ਵੀ ਲੱਗ ਸਕਦੀ ਹੈ।
ਇਹ ਕੁੱਝ ਮੈਂ ਉਹਨਾਂ ਪ੍ਰਬੰਧਕਾਂ ਦੀ ਬਦਖੋਈ ਵਾਸਤੇ ਨਹੀਂ ਲਿਖ ਰਿਹਾ ਸਗੋਂ ਜਿਵੇਂ ਜੋ ਵਾਕਿਆ
ਹੋਇਆ ਹੈ ਓਵੇਂ ਵੀ ਲ਼ਿਖਤ ਵਿੱਚ ਲੈ ਆਂਦਾ ਹੈ। ਉਹ ਕੱਟੜ ਮੁਸਲਮਾਨੀ ਦੇਸ਼ ਹੈ। ਉਸ ਦੇਸ਼ ਅਤੇ ਗਵਾਂਢੀ
ਮੁਸਲਮਾਨੀ ਦੇਸ਼ਾਂ ਵਿੱਚ ਇਹ ਇਕੋ ਇੱਕ ਤੇ ਪਹਿਲਾ ਹੀ ਗੁਰਦੁਆਰਾ ਹੈ; ਇਸ ਲਈ ਪ੍ਰਬੰਧਕ ਹਰ ਪੱਖੋਂ
ਫੂਕ ਫੂਕ ਕੇ ਕਦਮ ਰੱਖਦੇ ਹਨ ਤਾਂ ਕਿ ਕਿਸੇ ਗੁਰੂ ਦੋਖੀ ਨੂੰ ਮੌਕਾ ਨਾ ਮਿਲ਼ੇ ਕਿ ਉਹ ਸਰਕਾਰ ਤੱਕ
ਕੋਈ ਗ਼ਲਤ ਗੱਲ ਪੁਚਾ ਕੇ, ਇਸ ਸ਼ਾਨਦਾਰ ਸੰਸਥਾ ਦੀ ਕਾਰਜਸ਼ੀਲਤਾ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ
ਦਾ ਕਾਰਨ ਬਣ ਸਕੇ। ਮੈਨੂੰ ਦੱਸਿਆ ਗਿਆ ਕਿ ਏਸੇ ਕਰਕੇ ਹੀ ਉਸ ਗੁਰਦੁਆਰਾ ਸਾਹਿਬ ਵਿਖੇ ਪਾਠ ਅਤੇ
ਕੀਰਤਨ ਤੋਂ ਇਲਾਵਾ ਹੋਰ ਕਿਸੇ ਵੀ ਪ੍ਰਕਾਰ ਦੀ ਕਥਾ, ਵਿਖਿਆਨ, ਪ੍ਰਸੰਗ ਆਦਿ ਸੁਣਾਉਣ ਦੀ ਆਗਿਆ ਨਹੀ
ਹੈ। ਜਿਸ ਦਿਨ ਮੈਂ ਗਿਆ ਸਾਂ ਕੁਦਰਤੀ ਉਸ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ
ਸੀ। ਸ਼ਾਮ ਦੇ ਸਜੇ ਦੀਵਾਨ ਵਿੱਚ ਲੋਕਲ ਰਾਗੀ ਜਥੇ ਨੇ ਕੀਰਤਨ ਕੀਤਾ ਅਤੇ ਗ੍ਰੰਥੀ ਸਿੰਘ ਜੀ ਨੇ ਵੀ
ਕੀਰਤਨ ਕੀਤਾ। ਗ੍ਰੰਥੀ ਸਿੰਘ ਜੀ ਨੇ ਕੀਰਤਨ ਦੌਰਾਨ ਬੜੀ ਹੀ ਸੰਭਲ਼ ਕੇ ਸੰਖੇਪ ਜਿਹੀ ਵਿਆਖਿਆ ਵੀ
ਕੀਤੀ ਪਰ ਸਾਵਧਾਨੀ ਨਾਲ਼ ਇਹ ਖਿਆਲ ਰੱਖਿਆ ਕਿ ਉਹਨਾਂ ਦੁਆਰਾ ਕੀਤੀ ਜਾ ਰਹੀ ਵਿਆਖਿਆ ਦੌਰਾਨ ਮੂੰਹ
ਚੋਂ ਕੋਈ ਅਜਿਹਾ ਬਚਨ ਨਾ ਨਿਕਲ਼ ਜਾਵੇ ਜੇਹੜਾ ਸਮੇ ਦੀ ਸਰਕਾਰ ਦੇ ਨਾ ਮੁਆਫਕ ਹੋਵੇ।
ਵੈਸੇ ਸਾਡੀ ਹੀ ਲਾਈਨ ਦੇ ਦੋ ਨੌਜਵਾਨ ਵਿਦਵਾਨਾਂ ਦਾ ਵਿਚਾਰ ਹੈ ਕਿ ਇੱਕ ਬਜ਼ੁਰਗ ਸਿੱਖ ਵਿਦਵਾਨ
ਪ੍ਰਚਾਰਕ ਤੇ ਲੇਖਕ, ਜਿਸ ਨੂੰ ਕਿ ਪ੍ਰਬੰਧਕ ਜਾਣਦੇ ਵੀ ਸਨ, ਨੂੰ ਇੱਕ ਰਾਤ ਦੇ ਕੁੱਝ ਘੰਟਿਆਂ
ਵਾਸਤੇ ਗੁਰਦੁਆਰਾ ਸਾਹਿਬ ਵਿਖੇ ਰੁਕਣ ਦੀ ਆਗਿਆ ਦੇ ਸਕਣ ਤੋਂ ਕਿਸੇ ਮਜਬੂਰੀ ਕਾਰਨ ਅਸਮ੍ਰਥ ਹੋਣਾ,
ਸਮਝ ਤੋਂ ਬਾਹਰੀ ਬਾਤ ਹੈ।