.

ਧੀਆਂ ਪੁੱਤਰਾਂ ਦੀ ਲੋਹੜੀ ਚ’ ਫਰਕ ਕਿਉਂ?
ਅਵਤਾਰ ਸਿੰਘ ਮਿਸ਼ਨਰੀ (5104325827)

ਲੋਹੜੀ ਸਿੱਖ ਤਿਉਹਾਰ ਨਹੀਂ ਫਿਰ ਵੀ ਜੇ ਮੁੰਗਫਲੀ, ਰਿਉੜੀਆਂ, ਗੁੜ, ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖਾ ਕੇ ਅਤੇ ਠੰਡ ਤੋਂ ਬਚਣ ਲਈ ਅੱਗ ਸੇਕ ਕੇ ਮਨਾਈ ਜਾਵੇ ਤਾਂ ਕੁਝ ਠੀਕ ਹੈ ਨਾਂ ਕਿ ਮਣਾਂ ਮੂੰਹੀਂ ਤਿਲ, ਗੁੜ, ਮੂੰਗਫਲੀ ਆਦਿਕ ਕੀਮਤੀ ਪਦਾਰਥ ਬੇਅਰਥ ਅੱਗ ਵਿੱਚ ਸਾੜ ਦਿੱਤੇ ਜਾਣ। ਕੀਮਤੀ ਪਦਾਰਥ ਖਾਣ, ਪੀਣ ਅਤੇ ਵਰਤਨ ਲਈ ਹਨ ਨਾਂ ਕਿ ਬਿਅਰਥ ਸਾੜਨ ਫੂਕਨ ਵਾਸਤੇ ਅਤੇ ਅੱਗ ਸੇਕਨ, ਪਦਾਰਥਾਂ ਨੂੰ ਪਕਾਉਣ ਅਤੇ ਕਾਰਖਾਨੇ ਇੰਜਨ ਆਦਿਕ ਚਲਾਉਣ ਵਾਸਤੇ ਹੈ ਨਾਂ ਕਿ ਪਦਾਰਥ ਸਾੜਨ ਅਤੇ ਅਗਨੀ ਪੂਜਾ ਕਰਨ ਵਾਸਤੇ। ਦੂਜਾ ਹੁਣ ਤੱਕ ਲੋਹੜੀਆਂ ਮੁੰਡਿਆਂ ਦੇ ਜਨਮ ਅਤੇ ਵਿਆਹ ਦੀਆਂ ਹੀ ਮਨਾਈਆਂ ਜਾਂਦੀਆਂ ਸਨ ਤੇ ਹਨ ਜੋ ਔਰਤ ਜਾਤ ਨਾਲ ਬੇਇਨਸਾਫੀ ਅਤੇ ਸਰਾਸਰ ਧੱਕਾ ਹੈ। ਬ੍ਰਾਹਮਣੀ ਲੋਹੜੀ ਭੈਣ ਤੇ ਭਰਾ ਵਿੱਚ ਊਚ-ਨੀਚ ਦਾ ਫਰਕ ਖੜਾ ਕਰਕੇ ਇਸਤਰੀ ਜਾਤੀ ਵਿੱਚ ਹੀਣ ਭਾਵਨਾ ਪੈਦਾ ਕਰਦੀ ਹੈ। ਇਸੇ ਕਰਕੇ ਬਹੁਤੇ ਲੋਕ ਮੁੰਡੇ ਜਵਾਈਆਂ ਤਰ੍ਹਾਂ ਪਾਲਦੇ ਅਤੇ ਰੱਬੀ ਦਾਤ ਧੀਆਂ ਨੂੰ ਮਾਰਦੇ ਹਨ। ਇਸ ਲਈ ਸਾਨੂੰ ਬੇਬੀ ਡੇ (ਬੱਚਾ ਅਤੇ ਬੱਚੀ) ਦੇ ਸੰਸਾਰ ਵਿੱਚ ਆਉਣ ਦਾ ਸਾਂਝਾ ਦਿਨ ਮਨਾਉਣਾ ਚਾਹੀਦਾ ਹੈ ਨਾਂ ਕਿ ਔਰਤ ਨੂੰ ਨੀਵਾਂ ਦਿਆਉਣ ਵਾਲੀ ਲੋਹੜੀ। ਕਿੰਨਾ ਚੰਗਾ ਹੋਵੇ ਜੇ ਮਨੁੱਖਤਾ ਦੇ ਸਾਂਝੇ ਰਹਿਬਰ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ ਅਤੇ ਧੀਆਂ ਪੂਤ ਸਭ ਹਰਿ ਕੇ ਕੀਏ” ਦਾ ਨਾਹਰਾ ਲੌਣ ਵਾਲੇ ਗੁਰੂ ਬਾਬਾ ਨਾਨਕ ਸਾਹਿਬ ਨੂੰ ਯਾਦ ਕਰਦਿਆਂ ਮਨਾਇਆ ਜਾਵੇ।
ਹੁਣ ਸਿੱਖਾਂ ਦੇ ਡੇਰਿਆਂ ਅਤੇ ਕੁਝ ਸੰਸਥਾਵਾਂ ਨੇ ਇਸ ਬਹਾਨੇ ਫੰਡ ਇਕੱਠਾ ਕਰਨ ਅਤੇ ਮੀਡੀਏ ਵਿੱਚ ਆਏ ਰਹਿਣ ਲਈ ਪੁੱਤਾਂ ਦੀ ਥਾਂ ਧੀਆਂ ਦੀਆਂ ਲੋਹੜੀਆਂ ਮਨਾਉਂਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਰਾ ਸੋਚੋ! ਜਿਸ ਤਿਉਹਾਰ ਨਾਲ ਸਾਡਾ ਸਬੰਧ ਹੀ ਕੋਈ ਨਹੀਂ ਉਸ ਨੂੰ ਧੀਆਂ-ਪੁੱਤਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਅੱਜ ਪੁਰਾਣਾ ਜਮਾਨਾਂ ਨਹੀਂ ਕਿ ਠੰਡ ਤੋਂ ਬਚਣ ਲਈ ਲਕੜਾਂ-ਗੋਹਿਆਂ ਆਦਿਕ ਦੀਆਂ ਅੱਗਾਂ ਬਾਲ ਕੇ ਹੀ ਨਿੱਘ ਪ੍ਰਾਪਤ ਕੀਤਾ ਜਾ ਸਕੇ। ਅੱਜ ਦੇ ਜਮਾਨੇ ਵਿੱਚ ਮਣਾਂ-ਮੂੰਹੀਂ ਅਨਾਜ਼ ਸਾੜਨਾ ਮੂਰਖਤਾ ਨਹੀਂ ਤਾਂ ਹੋਰ ਕੀ ਹੈ? ਜਿਸ ਸ਼ੇਰ ਮਰਦ ਗੁਰੂ ਨਾਨਕ ਸਾਹਿਬ ਜੀ ਨੇ ਡੰਕੇ ਦੀ ਚੋਟ ਨਾਲ ਔਰਤ ਅਤੇ ਮਰਦ ਨੂੰ ਬਾਬਰਤਾ ਦਿੱਤੀ ਸੀ, ਕੀ ਇਹ ਧੀਆਂ ਦੀਆਂ ਲੋਹੜੀਆਂ ਮਨਾਉਣ ਵਾਲੇ ਬਰਾਬਰਤਾ ਦੇ ਅਧਾਰ ਤੇ ਆਪਣੀਆਂ, ਮਾਵਾਂ, ਭੈਣਾਂ ਅਤੇ ਧੀਆਂ ਨੂੰ ਪੰਜਾਂ ਪਿਆਰਿਆਂ ਦੀ ਦੇਗ਼, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ, ਗ੍ਰੰਥੀ ਅਤੇ ਪੰਜਾਂ ਤਖਤਾਂ ਚੋਂ ਕਿਸੇ ਤਖਤ ਦੀ ਜਥੇਦਾਰੀ ਦੀ ਸੇਵਾ ਅਤੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਕਰਨ ਦੀ ਮਾਨਤਾ ਦੇਣ ਜਾਂ ਦਿਵਾਉਣ ਲਈ ਯਤਨਸ਼ੀਲ ਸਿੱਖ ਸੰਸਥਾਵਾਂ ਦਾ ਸਾਥ ਦੇਣਗੇ? ਲੋਹੜੀ ਮਨਾਉਣ ਅਤੇ ਬਾਲਣ ਵਾਲੇ ਇਹ ਦੱਸਣਗੇ ਕਿ ਗੁਰੂ ਗ੍ਰੰਥ ਸਹਿਬ ਵਿਖੇ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਆਪਣੇ ਗੁਰਮਤੀ ਜੀਵਨ ਕਾਲ ਸਮੇਂ ਧੀਆਂ-ਪੁੱਤਾਂ ਦੀਆਂ ਲੋਹੜੀਆਂ ਬਾਲੀਆਂ ਸਨ? ਕੀ ਬੇਬੇ ਨਾਨਕੀ, ਮਾਤਾ ਖੀਵੀ, ਮਾਤਾ ਗੰਗਾ, ਬੀਬੀ ਵੀਰੋ, ਮਾਤਾ ਗੁਜਰੀ, ਮਾਤਾ ਜੀਤੋ, ਮਾਤਾ ਭਾਗ ਕੌਰ, ਬੀਬੀ ਸ਼ਰਨ ਕੌਰ ਆਦਿਕ ਸਿੱਖ ਬੀਬੀਆਂ ਨੇ ਵੀ ਗੁਰਮਤਿ ਧਾਰਨ ਕਰਕੇ ਲੋਹੜੀ ਬਾਲੀ ਜਾਂ ਮਨਾਈ ਸੀ?




.