. |
|
ਗੁਰੂ ਗਰੰਥ ਸਾਹਿਬ ਅਨੁਸਾਰ ਨਾਮੁ ਜਪਣ ਦੀ ਲੋੜ ਅਤੇ ਲਾਭ
Need and rewards of Naam according to Guru Granth Sahib
ਹੋਰਨਾਂ ਧਰਮਾਂ, ਫਿਰਕਿਆਂ ਜਾਂ ਆਮ ਲੋਕਾਂ ਅਨੁਸਾਰ ਨਾਮੁ ਜਪਣ ਦਾ ਭਾਵ
ਕਿਸੇ ਖਾਸ ਅੱਖਰ ਜਾਂ ਵਾਕ ਨੂੰ ਵਾਰ ਵਾਰ ਦੁਹਰਾਈ ਜਾਣਾਂ ਹੋ ਸਕਦਾ ਹੈ, ਪਰੰਤੂ ਗੁਰੂ ਗਰੰਥ ਸਾਹਿਬ
ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸ ਵਾਲਾ ਹੈ,
ਅੰਮ੍ਰਿਤ ਹੈ, ਨਿਰਮਲੁ ਜਲ ਦੀ ਤਰ੍ਹਾਂ ਹੈ, ਗੁਪਤ ਰੂਪ ਵਿੱਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ
ਹਿਰਦੇ ਵਿੱਚ ਪ੍ਰਗਟ ਵੀ ਹੋ ਰਿਹਾ ਹੈ। ਸਿੱਖ ਧਰਮ ਅਨੁਸਾਰ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ
ਵਿੱਚ ਅੰਕਿਤ ਬਾਣੀ ਹੀ ਨਾਮੁ ਹੈ। ਜੇ ਕਰ ਅਸੀਂ ਨਾਮੁ ਨੂੰ ਸਮਝਣਾਂ ਤੇ ਪਾਉਂਣਾ ਚਾਹੁੰਦੇ ਹਾਂ
ਤਾਂ ਸਾਨੂੰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿਚੋਂ ਹੀ ਖੋਜਣਾ ਪਵੇਗਾ। ਅਕਾਲ ਪੁਰਖੁ ਦਾ
ਸਿਸਟਮ ਬਿਨਾਂ ਕਿਸੇ ਰੁਕਾਵਟ ਦੇ ਯੁਗਾ ਯੁਗਾਂਤਰਾਂ ਤੋਂ ਸਫਲ ਤਰੀਕੇ ਨਾਲ ਚਲ ਰਿਹਾ ਹੈ ਤੇ ਚਲਦਾ
ਰਹੇਗਾ। ਇਸ ਲਈ ਜੀਵਨ ਦੀ ਸਫਲਤਾ ਲਈ ਜਰੂਰੀ ਹੈ, ਕਿ ਅਕਾਲ ਪੁਰਖੁ ਦੇ ਸਿਸਟਮ ਨੂੰ ਸਮਝਿਆ ਜਾਵੇ ਤੇ
ਉਸ ਅਨੁਸਾਰ ਚੱਲਿਆ ਜਾਵੇ, ਤਾਂ ਜੋ ਸਾਡਾ ਜੀਵਨ ਵੀ ਬਿਨਾਂ ਕਿਸੇ ਮੁਸ਼ਕਲ ਜਾਂ ਰੁਕਾਵਟ ਦੇ ਸਫਲ
ਤਰੀਕੇ ਨਾਲ ਚਲਦਾ ਰਹੇ। ਇਹੀ ਕਾਰਨ ਹੈ ਕਿ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿੱਚ ਅਕਾਲ
ਪੁਰਖੁ ਦੇ ਨਾਮੁ ਨੂੰ ਖਾਸ ਮਹੱਤਤਾ ਦਿਤੀ ਗਈ ਹੈ।
ਗੁੱਜਰ ਆਪਣੇ ਮਾਲ ਡੰਗਰ ਨੂੰ ਕਿਸੇ ਚਰਨ ਵਾਲੀ ਥਾਂ ਤੇ ਲੈ ਕੇ ਜਾਂਦੇ ਹਨ
ਤੇ ਫਿਰ ਸ਼ਾਮ ਨੂੰ ਵਾਪਿਸ ਲੈ ਆਂਉਂਦੇ ਹਨ। ਇਸੇ ਤਰ੍ਹਾਂ ਜੀਵ ਇਸ ਜਗਤ ਵਿੱਚ ਕੁੱਝ ਸਮੇਂ ਲਈ ਰਹਿਣ
ਵਾਸਤੇ ਆਂਉਂਦਾ ਹੈ, ਤੇ ਫਿਰ ਆਪਣਾ ਸਫਰ ਪੂਰਾ ਹੋਣ ਤੇ ਵਾਪਿਸ ਚਲਾ ਜਾਂਦਾ ਹੈ। ਇਸ ਲਈ ਹਮੇਸ਼ਾਂ
ਆਪਣਾ ਅਸਲੀ ਘਰ ਘਾਟ ਚੰਗੀ ਤਰ੍ਹਾਂ ਚੇਤੇ ਰੱਖਣਾਂ ਚਾਹੀਦਾ ਹੈ, ਕਿਉਂਕਿ ਉਥੇ ਇੱਕ ਦਿਨ ਵਾਪਿਸ ਚਲੇ
ਜਾਣਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਅਕਾਲ ਪੁਰਖੁ ਦੇ ਗੁਣ ਗਾਇਆ ਕਰ, ਪਿਆਰ ਨਾਲ ਗੁਰੂ ਗਰੰਥ
ਸਾਹਿਬ ਅਨੁਸਾਰ ਦੱਸੀ ਗਈ ਸੇਵਾ ਕਰਿਆ ਕਰ। ਇਹ ਮਨੁੱਖਾ ਜੀਵਨ ਥੋੜੇ ਜਿਹੇ ਸਮੇਂ ਲਈ ਮਿਲਿਆ ਹੈ,
ਫਿਰ ਅਸੀਂ ਇਸ ਦਾ ਇਤਨਾ ਮਾਣ ਕਿਉਂ ਕਰਦੇ ਹਾਂ। ਜਿਸ ਤਰ੍ਹਾਂ ਰਾਤ ਵੇਲੇ ਕਿਸੇ ਘਰ ਆਏ ਹੋਏ
ਪਰਾਹੁਣੇ ਨੇ ਦਿਨ ਚੜ੍ਹਨ ਤੇ ਉਥੋਂ ਉੱਠ ਕੇ ਚੱਲੇ ਜਾਣਾ ਹੈ, ਉਸੇ ਤਰ੍ਹਾਂ ਜੀਵ ਨੇ ਆਪਣੀ ਜ਼ਿੰਦਗੀ
ਦੀ ਰਾਤ ਮੁੱਕਣ ਤੋਂ ਬਾਅਦ ਇਸ ਜਗਤ ਤੋਂ ਚਲੇ ਜਾਣਾ ਹੈ। ਫਿਰ ਅਸੀਂ ਆਪਣੇ ਗ੍ਰਹਿਸਤ ਪਰਵਾਰ ਦੇ
ਪ੍ਰੇਮ ਵਿੱਚ ਕਿਉਂ ਮਸਤ ਹੋਏ ਰਹਿੰਦੇ ਹਾਂ? ਇਸ ਪਰਵਾਰ ਨੇ ਫੁੱਲਾਂ ਦੇ ਬਗ਼ੀਚੇ ਵਾਂਗ ਇੱਕ ਦਿਨ ਸੁਕ
ਜਾਣਾ ਹੈ। ਅਸੀਂ ਆਪਣੀ ਸੰਸਾਰੀ ਜਾਇਦਾਦ ਦਾ ਕਿਉਂ ਹੰਕਾਰ ਕਰਦੇ ਹਾਂ, ਜੋ ਕਿ ਅਕਾਲ ਪੁਰਖੁ ਨੇ ਹੀ
ਦਿਤੀ ਹੈ। ਇਹ ਸਭ ਲੱਖਾ ਕ੍ਰੋੜਾਂ ਰੁਪਏ ਤੇ ਜਮੀਨ ਜਾਇਦਾਦ, ਇੱਕ ਦਿਨ ਇਥੇ ਹੀ ਛੱਡ ਕੇ ਦੁਨੀਆਂ
ਤੋਂ ਕੂਚ ਕਰ ਜਾਣਾ ਹੈ। ਇਸ ਲਈ ਉਸ ਅਕਾਲ ਪੁਰਖੁ ਨਾਲ ਸਾਂਝ ਪਾ ਤੇ ਉਸ ਦਾ ਧੰਨਵਾਦ ਕਰ, ਜਿਸ ਨੇ
ਇਹ ਸਭ ਕੁੱਝ ਦਿੱਤਾ ਹੈ। ਚੌਰਾਸੀ ਲੱਖ (ਅਣਗਿਣਤ) ਜੂਨਾਂ ਵਿੱਚ ਘੁੰਮ ਕੇ ਹੁਣ ਇਹ ਮਨੁੱਖਾ ਜਨਮ
ਬੜੀ ਮੁਸ਼ਕਿਲ ਨਾਲ ਮਿਲਿਆ ਹੈ। ਕੋਈ ਨਹੀਂ ਦੱਸ ਸਕਦਾ ਕਿ ਇਹ ਮਨੁੱਖਾ ਜਨਮ ਦੁਬਾਰਾ ਮਿਲੇਗਾ ਕਿ
ਨਹੀਂ? ਇਸ ਲਈ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਵਸਾ, ਕਿਉਂਕਿ ਉਹ ਦਿਨ ਨੇੜੇ ਆ ਰਿਹਾ ਹੈ,
ਜਦੋਂ ਇਥੋਂ ਕੂਚ ਕਰਨਾ ਹੈ।
ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ॥ ਨਾਨਕ ਨਾਮੁ ਸਮਾਲਿ ਤੂੰ ਸੋ
ਦਿਨੁ ਨੇੜਾ ਆਇਓਇ॥ ੪ ॥ ੨੨ ॥ ੯੨ ॥ (੫੦)
ਗੁਰੁ ਸਾਹਿਬ ਸਮਝਾਂਦੇ ਹਨ ਕਿ ਐ ਮਨੁੱਖ ਤੂੰ ਰਾਤ ਨੂੰ ਸੌਂ ਕੇ ਗੁਜ਼ਾਰ
ਦਿੰਦਾ ਹੈ ਤੇ ਦਿਨ ਦਾ ਸਮਾਂ ਖਾ ਖਾ ਕੇ ਵਿਅਰਥ ਬਿਤਾਂ ਰਿਹਾ ਹੈਂ, ਤੇਰਾ ਇਹ ਮਨੁੱਖਾ ਜਨਮ ਹੀਰੇ
ਵਰਗਾ ਕੀਮਤੀ ਹੈ, ਪਰ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਤੋਂ ਬਿਨਾ, ਇਹ ਕੀਮਤੀ ਸਮਾਂ ਕੌਡੀ ਦੇ ਭਾ
ਜਾ ਰਿਹਾ ਹੈ। ਇਹ ਮਨੁੱਖਾ ਜੀਵਨ ਹੀ ਅਕਾਲ ਪੁਰਖੁ ਨਾਲ ਸਾਂਝ ਪਾਣ ਦਾ ਵੇਲਾ ਹੈ, ਇਸ ਲਈ ਜੇ ਕਰ
ਅਕਾਲ ਪੁਰਖੁ ਦੇ ਨਾਮੁ ਨਾਲ ਡੂੰਘੀ ਸਾਂਝ ਨਾ ਪਾਈ, ਤਾਂ ਬੀਤ ਗਿਆ ਸਮਾਂ ਦੁਬਾਰਾ ਵਾਪਿਸ ਨਹੀਂ
ਆਉਂਣਾ ਤੇ ਫਿਰ ਬਾਅਦ ਵਿੱਚ ਅਫ਼ਸੋਸ ਕਰਦਾ ਰਹੇਂਗਾ। ਜੇਹੜਾ ਮਨੁੱਖ ਸਿਰਫ ਧਨ ਹੀ ਇਕੱਠਾ ਕਰਦਾ
ਰਹਿੰਦਾ ਹੈ, ਉਸ ਦੇ ਅੰਦਰ ਅਕਾਲ ਪੁਰਖੁ ਨੂੰ ਸਿਮਰਨ ਦੀ ਇਛਾ ਪੈਦਾ ਨਹੀਂ ਹੋ ਸਕਦੀ। ਜੇਹੜੇ ਲੋਕ
ਬੇਅੰਤ ਦੌਲਤ ਦੀ ਲਾਲਸਾ ਵਿੱਚ ਦੌੜੇ ਫਿਰਦੇ ਰਹਿੰਦੇ ਹਨ, ਉਹ ਅਕਾਲ ਪੁਰਖੁ ਦਾ ਨਾਮੁ ਧਨ ਗਵਾ
ਲੈਂਦੇ ਹਨ। ਜੇਕਰ ਨਿਰੀ ਇੱਛਾ ਕਰਨ ਨਾਲ ਹੀ ਨਾਮੁ ਧਨ ਮਿਲ ਸਕਦਾ ਹੋਵੇ, ਤਾਂ ਹਰੇਕ ਜੀਵ ਨਾਮੁ ਧਨ
ਦੇ ਖ਼ਜ਼ਾਨਿਆਂ ਦਾ ਮਾਲਕ ਬਣ ਜਾਏ। ਅਕਸਰ ਕਈ ਮਨੁੱਖ ਨਿਰਾ ਜ਼ਬਾਨੀ ਜ਼ਬਾਨੀ ਨਾਮੁ ਧਨ ਦੀ ਲਾਲਸਾ ਕਰਦੇ
ਰਹਿੰਦੇ ਹਨ, ਪਰੰਤੂ ਇਹ ਧਿਆਨ ਵਿੱਚ ਰੱਖਣਾਂ ਹੈ, ਕਿ ਫ਼ੈਸਲਾ ਤਾਂ ਹਰੇਕ ਮਨੁੱਖ ਦੇ ਕੀਤੇ ਕਰਮਾਂ
ਅਨੁਸਾਰ ਹੋਣਾ ਹੈ, ਤੇ ਨਾਮੁ ਧਨ ਦੀ ਪ੍ਰਾਪਤੀ ਵੀ ਉਸ ਅਨੁਸਾਰ ਹੀ ਹੋਵੇਗੀ। ਇਸ ਲਈ ਨਿਰਾ
ਦੁਨੀਆਦਾਰੀ ਦੀ ਖ਼ਾਤਰ ਨਾ ਭਟਕੋ, ਤੇ ਨਾਲ ਦੀ ਨਾਲ ਇਹ ਵੀ ਧਿਆਨ ਵਿੱਚ ਰੱਖੋ, ਕਿ ਉੱਦਮ ਕਰਦਿਆਂ
ਹੋਇਆ ਨਾਮੁ ਲਈ ਹੱਕ ਨਹੀਂ ਸਮਝਿਆ ਜਾ ਸਕਦਾ। ਇਹ ਵੀ ਨਹੀਂ ਕਿਹਾ ਜਾ ਸਕਦਾ, ਕਿ ਨਾਮੁ ਧਨ ਕਿਸ ਨੂੰ
ਮਿਲੇਗਾ। ਉੱਦਮ ਦਾ ਕੀਤਾ ਹੋਇਆ ਮਾਣ, ਸਾਰੇ ਕੀਤੇ ਹੋਏ ਉੱਦਮਾਂ ਨੂੰ ਵਿਅਰਥ ਕਰ ਦੇਂਦਾ ਹੈ। ਜਿਸ
ਅਕਾਲ ਪੁਰਖੁ ਨੇ ਇਹ ਸਾਰਾ ਜਗਤ ਰਚਿਆ ਹੈ, ਉਹ ਹਰੇਕ ਜੀਵ ਦੀ ਸੰਭਾਲ ਵੀ ਆਪ ਹੀ ਕਰਦਾ ਹੈ, ਇਸ ਲਈ
ਉੱਦਮ ਦੇ ਫਲ ਬਾਰੇ ਉਸ ਅਕਾਲ ਪੁਰਖੁ ਦਾ ਹੁਕਮੁ ਆਸਾਨੀ ਨਾਲ ਨਹੀਂ ਸਮਝਿਆ ਜਾ ਸਕਦਾ। ਇਹ ਪਤਾ ਕਰਨਾ
ਬਹੁਤ ਮੁਸ਼ਕਲ ਹੈ ਕਿ ਕਿਸ ਮਨੁੱਖ ਨੂੰ ਉਹ ਨਾਮੁ ਜਪਣ ਦੀ ਵਡਿਆਈ ਦੇ ਦੇਂਦਾ ਹੈ, ਤੇ ਕਿਸ ਨੂੰ
ਨਹੀਂ। ਸਾਡਾ ਇਹੀ ਫਰਜ ਬਣਦਾ ਹੈ ਕਿ ਅਸੀਂ ਉੱਦਮ ਕਰਦੇ ਹੋਏ ਅਕਾਲ ਪੁਰਖੁ ਪਾਸੋਂ ਮਿਹਰ ਦੀ ਦਾਤ
ਮੰਗਦੇ ਰਹੀਏ।
ਗਉੜੀ ਬੈਰਾਗਣਿ ਮਹਲਾ ੧॥
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ
ਖਾਇ॥ ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥ ੧ ॥
ਨਾਮੁ ਨ ਜਾਨਿਆ ਰਾਮ ਕਾ॥ ਮੂੜੇ ਫਿਰਿ
ਪਾਛੈ ਪਛੁਤਾਹਿ ਰੇ॥ ੧ ॥ ਰਹਾਉ॥ (੧੫੬)
ਜੇਕਰ ਇਹ ਸਰੀਰ ਸਾਥ ਨਾ ਦੇਵੇ ਤਾਂ ਮਨੁੱਖਾ ਜੀਵਨ ਨਹੀਂ ਚਲ ਸਕਦਾ। ਪਰੰਤੂ
ਸਰੀਰ ਦਾ ਸਾਥ ਸਿਰਫ ਇਸ ਲੋਕ ਤਕ ਹੀ ਸੀਮਿਤ ਹੈ, ਇਸ ਲਈ ਮਨੁੱਖ ਨੂੰ ਅੰਤ ਦੇ ਸਾਥ ਵੱਲ ਵੀ ਧਿਆਨ
ਦੇਣਾਂ ਚਾਹੀਦਾ ਹੈ। ਗੁਰੂ ਦੇ ਸ਼ਬਦ ਦਾ ਸਾਥ ਇੱਕ ਅਜੇਹਾ ਸਾਥ ਹੈ, ਜੋ ਕਿ ਇਸ ਲੋਕ ਤੇ ਪਰਲੋਕ
ਦੋਹਾਂ ਵਿੱਚ ਸਹਾਈ ਹੁੰਦਾਂ ਹੈ। ਇਹ ਸਾਡੇ ਵਡੇ ਭਾਗ ਹਨ, ਜਿਸ ਸਦਕਾ ਸਾਨੂੰ ਇਹ ਸੋਹਣਾ ਮਨੁੱਖਾ
ਸਰੀਰ ਮਿਲਿਆ ਹੈ। ਮਨੁੱਖ ਲਈ ਅਕਾਲ ਪੁਰਖੁ ਨੂੰ ਮਿਲਣ ਦਾ ਇਹੀ ਮੌਕਾ ਹੈ। ਜੇਕਰ ਅਕਾਲ ਪੁਰਖੁ ਨੂੰ
ਮਿਲਣ ਲਈ ਕੋਈ ਉੱਦਮ ਜਾਂ ਉਪਰਾਲਾ ਨਾ ਕੀਤਾ, ਤਾਂ ਹੋਰ ਸਾਰੇ ਕੰਮ ਵਿਅਰਥ ਚਲੇ ਜਾਣਗੇ, ਤੇ ਜਿੰਦ
ਨੂੰ ਕੋਈ ਲਾਭ ਨਹੀਂ ਦੇ ਸਕਣਗੇ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਾਧਸੰਗਤਿ ਵਿੱਚ ਮਿਲ ਬੈਠਿਆ ਕਰ
ਤੇ ਸਿਰਫ਼ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ। ਸਾਧ ਸੰਗਤਿ ਵਿੱਚ ਬੈਠਣ ਦਾ ਲਾਭ ਤਾਂ ਹੀ ਹੈ, ਜੇ
ਉਥੇ ਤੂੰ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਜੁੜਿਆ ਕਰੇਂ। ਇਸ ਲਈ ਸੰਸਾਰ ਰੂਪੀ ਸਮੁੰਦਰ ਤੋਂ
ਪਾਰ ਲੰਘਣ ਦੇ ਉਪਰਾਲੇ ਲਈ ਪੂਰੀ ਲਗਨ ਨਾਲ ਲੱਗ ਜਾ, ਕਿਉਂਕਿ ਨਿਰੇ ਮਾਇਆ ਦੇ ਪਿਆਰ ਕਰਕੇ ਇਹ
ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ।
ਆਸਾ ਮਹਲਾ ੫॥
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ
ਨਾਮ॥ ੧॥
ਸਰੰਜਾਮਿ ਲਾਗੁ ਭਵਜਲ ਤਰਨ ਕੈ॥
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥ ੧॥ ਰਹਾਉ॥
(੧੨)
ਹਰ ਰੋਜ਼ ਉੱਦਮ ਨਾਲ ਇਸ ਸਰੀਰ ਨੂੰ ਪਾਲੀ ਪੋਸੀਦਾ ਹੈ, ਪਰੰਤੂ ਜੀਵਨ ਦਾ
ਮੰਤਵ ਸਮਝਣ ਤੋਂ ਬਿਨਾ, ਇਹ ਮਨ ਮੂਰਖ ਤੇ ਬੇਸਮਝ ਹੀ ਰਹਿੰਦਾ ਹੈ। ਇਸ ਮਨ ਨੂੰ ਉਹ ਅਕਾਲ ਪੁਰਖੁ
ਕਦੇ ਚੇਤੇ ਨਹੀਂ ਆਉਂਦਾ, ਜਿਸ ਨੇ ਇਸ ਨੂੰ ਪੈਦਾ ਕੀਤਾ ਹੈ, ਤੇ ਇਹ ਨਹੀਂ ਸਮਝਦਾ ਕਿ ਅਖ਼ੀਰ ਨੂੰ ਇਹ
ਸਰੀਰ ਵੀ ਮਸਾਣਾਂ ਵਿੱਚ ਸੁੱਟ ਦਿੱਤਾ ਜਾਵੇਗਾ। ਇਸ ਲਈ ਅਜੇ ਵੀ ਵੇਲਾ ਹੈ, ਆਪਣੇ ਸਤਿਗੁਰੂ ਨਾਲ
ਚਿੱਤ ਜੋੜ ਕੇ ਅਕਾਲ ਪੁਰਖੁ ਦਾ ਨਾਮੁ ਸਿਮਰ ਕੇ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣ। ਗੁਰੂ
ਸਾਹਿਬ ਸਮਝਾਂਦੇ ਹਨ ਕਿ, ਹੇ ਮਨੁੱਖ ਤੂੰ ਜਗਤ ਵਿੱਚ ਅਕਾਲ ਪੁਰਖੁ ਦੇ ਨਾਮੁ ਦਾ ਲਾਭ ਖੱਟਣ ਵਾਸਤੇ
ਆਇਆ ਹੈ, ਪਰੰਤੂ ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿੱਚ ਰੁੱਝਾ ਪਿਆ ਹੈਂ? ਤੇਰੀ ਸਾਰੀ ਜੀਵਨ ਦੀ ਰਾਤ
ਮੁੱਕਦੀ ਜਾ ਰਹੀ ਹੈ। ਪਸ਼ੂ ਪੰਛੀ ਕਲੋਲ ਕਰਦੇ ਰਹਿੰਦੇ ਹਨ, ਕਿਉਂਕਿ ਪਸ਼ੂ ਪੰਛੀਆਂ ਨੂੰ ਮੌਤ ਦੀ ਸਮਝ
ਨਹੀਂ ਤੇ ਨਾ ਹੀ ਉਨ੍ਹਾਂ ਨੂੰ ਮੌਤ ਦਿੱਸਦੀ ਹੈ। ਪਰੰਤੂ ਮਨੁੱਖ ਵੀ ਉਨ੍ਹਾਂ ਦੇ ਨਾਲ ਹੀ ਜਾ ਰਲਿਆ
ਹੈ, ਪਸ਼ੂ ਪੰਛੀਆਂ ਵਾਂਗੂੰ ਇਸ ਨੂੰ ਵੀ ਮੌਤ ਚੇਤੇ ਨਹੀਂ, ਤੇ ਇਹ ਮਾਇਆ ਦੇ ਜਾਲ ਵਿੱਚ ਫਸਿਆ ਹੋਇਆ
ਹੈ। ਮਾਇਆ ਦੇ ਜਾਲ ਤੋਂ ਉਹੀ ਮਨੁੱਖ ਬਚਦੇ ਹਨ, ਜੇਹੜੇ ਅਕਾਲ ਪੁਰਖੁ ਦਾ ਸਦਾ ਕਾਇਮ ਰਹਿਣ ਵਾਲਾ
ਨਾਮੁ ਆਪਣੇ ਹਿਰਦੇ ਵਿੱਚ ਵਸਾਂਦੇ ਹਨ। ਸਭ ਜੀਵ ਮਾਇਆ ਦੇ ਮੋਹ ਵਿੱਚ ਫਸੇ ਪਏ ਹਨ, ਇਸ ਮੋਹ ਵਿੱਚ
ਫਸੇ ਹੋਏ ਉਹੀ ਮਨੁੱਖ ਬਾਹਰ ਨਿਕਲਦੇ ਹਨ, ਜੇਹੜੇ ਗੁਰੂ ਦੀ ਚਰਨੀਂ ਪੈ ਜਾਂਦੇ ਹਨ।
ਪ੍ਰਾਣੀ ਤੂੰ ਆਇਆ ਲਾਹਾ ਲੈਣਿ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥
੧ ॥ ਰਹਾਉ ॥ (੪੩)
ਪੁਤਰ, ਇਸਤ੍ਰੀ, ਘਰ ਦੇ ਹੋਰ ਸਾਰੇ ਲੋਕ ਮਾਇਆ ਦੇ ਹੀ ਸਾਕ ਹਨ। ਅਖ਼ੀਰ ਵੇਲੇ
ਇਨ੍ਹਾਂ ਵਿਚੋਂ ਕੋਈ ਵੀ ਤੇਰਾ ਸਹਾਈ ਨਹੀਂ ਹੋਵੇਗਾ, ਸਾਰੇ ਝੂਠਾ ਪਿਆਰ ਕਰਨ ਵਾਲੇ ਹਨ। ਇਸ ਲਈ
ਆਪਣੇ ਇਸ ਸਰੀਰ ਨੂੰ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ? ਜਿਵੇਂ ਹਵਾ ਨਾਲ ਧੂਆਂ ਤੇ ਬੱਦਲ ਉੱਡ
ਜਾਂਦੇ ਹਨ, ਉਸੇ ਤਰ੍ਹਾਂ ਸਮੇਂ ਨਾਲ ਇਹ ਮਨੁੱਖਾ ਸਰੀਰ ਵੀ ਇੱਕ ਦਿਨ ਨਾਸ ਹੋ ਜਾਵੇਗਾ। ਅਕਾਲ
ਪੁਰਖੁ ਨੇ ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਇਹ ਸਰੀਰ ਬਣਾਇਆ ਹੈ, ਅਤੇ ਅੰਤ
ਨੂੰ ਇਹ ਸਰੀਰ ਪਾਣੀ, ਕੁੱਤਿਆਂ, ਜਾਨਵਰਾਂ ਜਾਂ ਮਿੱਟੀ ਦੇ ਹਵਾਲੇ ਹੋ ਜਾਵੇਗਾ। ਅਕਾਲ ਪੁਰਖੁ ਨੇ
ਅਨੇਕਾਂ ਤਰੀਕਿਆਂ ਨਾਲ ਤੇਰੇ ਸਰੀਰ ਦੇ ਸਾਰੇ ਅੰਗ ਬਣਾਏ ਹਨ, ਪਰ ਇਹ ਸਭ ਸੁਆਸਾਂ ਦੇ ਕੱਚੇ ਧਾਗੇ
ਵਿੱਚ ਪਰੋਏ ਹੋਏ ਹਨ, ਜੋ ਕਿ ਇੱਕ ਦਿਨ ਟੁੱਟ ਜਾਵੇਗਾ ਤੇ ਇਸ ਮਨੁੱਖਾ ਸਰੀਰ ਦੇ ਸਾਰੇ ਅੰਗ ਬੇਕਾਰ
ਹੋ ਜਾਣਗੇ। ਇਸ ਲਈ ਨਾਸ਼ਵੰਤ ਮਨੁੱਖਾ ਸਰੀਰ ਦੇ ਮੋਹ ਵਿੱਚ ਫਸ ਕੇ ਤੂੰ ਅਕਾਲ ਪੁਰਖੁ ਨੂੰ ਕਿਉਂ
ਵਿਸਾਰੀ ਬੈਠਾ ਹੈ। ਜੇਕਰ ਸਮਾਂ ਨਿਕਲ ਗਿਆ ਤਾਂ ਫਿਰ ਹੱਥ ਮਲਦਾ ਹੀ ਰਹਿ ਜਾਵੇਗਾ। ਇਸ ਲਈ ਸਿਰਫ਼
ਅਕਾਲ ਪੁਰਖੁ ਦਾ ਭਜਨ ਕਰਿਆ ਕਰ, ਸਬਦ ਗੁਰੂ ਦੁਆਰਾ ਉਸ ਅਕਾਲ ਪੁਰਖੁ ਨਾਲ ਸਾਂਝ ਪਾ, ਕਿਉਂਕਿ ਉਹੀ
ਅਸਲ ਪਿਆਰ ਕਰਨ ਵਾਲਾ ਹੈ।
ਰੇ ਨਰ ਕਾਹੇ ਪਪੋਰਹੁ ਦੇਹੀ॥ ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ
ਸਨੇਹੀ॥ ਰਹਾਉ ॥ (੬੦੯)
ਗੁਰੂ ਸਾਹਿਬ ਆਪਣੇ ਆਪ ਨੂੰ ਨੀਵਾਂ ਦੱਸਦੇ ਹੋਏ, ਆਮ ਮਨੁੱਖ ਦੀ ਅਵਸਥਾ
ਸਮਝਾਂਦੇ ਹਨ, ਕਿ ਮੈਂ ਸਾਂਸੀਆਂ ਵਾਲੇ ਰੂਪ ਵਿੱਚ ਰਹਿੰਦਾ ਹਾਂ, ਮੇਰੇ ਨਾਲ ਇੱਕ ਕੁੱਤਾ ਜੋ ਕਿ
ਲੋਭ ਹੈ, ਦੋ ਕੁੱਤੀਆਂ ਆਸਾ ਤੇ ਤ੍ਰਿਸ਼ਨਾ ਹਨ, ਮੇਰੇ ਹੱਥ ਵਿੱਚ ਝੂਠ ਦਾ ਛੁਰਾ ਹੈ, ਮੈਂ ਮਾਇਆ ਨਾਲ
ਠੱਗਿਆ ਜਾ ਰਿਹਾ ਹਾਂ ਤੇ ਪਰਾਇਆ ਹੱਕ ਖਾਂਦਾ ਹਾਂ। ਨਾ ਤਾਂ ਮੈਂ ਤੇਰੀ ਨਸੀਹਤ ਉਪਰ ਚਲਦਾ ਹਾਂ, ਤੇ
ਨਾ ਹੀ ਮੇਰੀ ਕਰਣੀ ਚੰਗੀ ਹੈ, ਤੇ ਮੈਂ ਸਦਾ ਡਰਾਉਣੇ ਤੇ ਵਿਗੜੇ ਹੋਇ ਰੂਪ ਵਾਲਾ ਬਣਿਆ ਰਹਿੰਦਾ
ਹਾਂ। ਮੈਂ ਦਿਨ ਰਾਤ ਆਪਣੇ ਮੂੰਹ ਨਾਲ ਦੂਜਿਆਂ ਦੀ ਨਿੰਦਾ ਕਰਦਾ ਰਹਿੰਦਾ ਹਾਂ, ਮੈਂ ਨੀਚ ਤੇ ਨੀਵੇਂ
ਕਰਮ ਕਰਨ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ। ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਦੋ
ਚੰਡਾਲ ਵੱਸ ਰਹੇ ਹਨ। ਮੇਰਾ ਧਿਆਨ ਅਜੇਹੇ ਪਾਸੇ ਵੱਲ ਰਹਿੰਦਾ ਹੈ, ਕਿ ਲੋਕਾਂ ਨੂੰ ਕਿਸੇ ਤਰ੍ਹਾਂ
ਠੱਗੀ ਵਿੱਚ ਫਸਾ ਲਵਾਂ। ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ, ਤੇ ਠੱਗੀ ਦਾ ਅੱਡਾ ਬਣਾਇਆ
ਹੋਇਆ ਹੈ, ਅਤੇ ਮੈਂ ਦੇਸ ਦੇ ਲੋਕਾਂ ਨੂੰ ਠੱਗ ਰਿਹਾ ਹਾਂ। ਜਿਉਂ ਜਿਉਂ ਮੈਂ ਆਪਣੇ ਵੱਲੋਂ ਹੋਰ
ਸਿਆਣਾ ਬਣਦਾ ਹਾਂ, ਪਾਪਾਂ ਦਾ ਭਾਰ ਮੇਰੇ ਸਿਰ ਉੱਤੇ ਹੋਰ ਜਿਆਦਾ ਚੜ੍ਹਦਾ ਜਾਂਦਾ ਹੈ। ਹੇ ਅਕਾਲ
ਪੁਰਖੁ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ। ਮੈਂ ਵਿਕਾਰੀ
ਹਾਂ, ਮੈਂ ਤੇਰਾ ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਨਾਲ ਹਾਜ਼ਰ ਹੋਵਾਂਗਾ? ਮੈਨੂੰ ਹੁਣ ਸਿਰਫ਼
ਇਹੀ ਆਸ ਹੈ, ਇਹੋ ਆਸਰਾ ਹੈ, ਕਿ ਤੇਰਾ ਜੇਹੜਾ ਨਾਮੁ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ, ਉਹ
ਮੈਨੂੰ ਵੀ ਪਾਰ ਲੰਘਾ ਲਏਗਾ।
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ॥ ਹਉ ਬਿਗੜੈ ਰੂਪਿ ਰਹਾ ਬਿਕਰਾਲ॥ ਤੇਰਾ
ਏਕੁ ਨਾਮੁ ਤਾਰੇ ਸੰਸਾਰੁ॥ ਮੈ ਏਹਾ ਆਸ ਏਹੋ ਆਧਾਰੁ॥ ੧॥ ਰਹਾਉ॥
(੨੪)
ਜੇਕਰ ਹੱਥ ਪੈਰ ਜਾਂ ਸਰੀਰ ਲਿੱਬੜ ਜਾਵੇ, ਤਾਂ ਪਾਣੀ ਨਾਲ ਧੋ ਕੇ ਮੈਲ
ਉਤਾਰੀ ਜਾ ਸਕਦੀ ਹੈ। ਜੇ ਕੋਈ ਕੱਪੜਾ ਮਲ ਮੂਤਰ ਨਾਲ ਗੰਦਾ ਹੋ ਜਾਏ, ਤਾਂ ਉਸ ਨੂੰ ਸਾਬਣ ਲਾ ਕੇ
ਧੋਤਾ ਜਾ ਸਕਦਾ ਹੈ। ਪਰੰਤੂ ਜੇਕਰ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ
ਸਿਰਫ ਅਕਾਲ ਪੁਰਖ ਦੇ ਨਾਮੁ ਵਿੱਚ ਰੰਗਿਆਂ ਹੀ ਧੋਤੇ ਜਾ ਸਕਦੇ ਹਨ। ਪੁੰਨ ਜਾਂ ਪਾਪ ਨਿਰੇ ਕਹਿਣ
ਵਾਸਤੇ ਨਹੀਂ ਹਨ, ਬਲਕਿ ਜਿਹੋ ਜਿਹੇ ਕਰਮ ਕਰਾਂਗੇ, ਉਹੋ ਜਿਹੇ ਸੰਸਕਾਰ ਆਪਣੇ ਅੰਦਰ ਲਿਖ ਕੇ ਨਾਲ
ਲੈ ਜਾਵਾਂਗੇ। ਜੋ ਕੁੱਝ ਅਸੀਂ ਬੀਜਾਂਗੇ, ਉਸ ਦੇ ਅਨੁਸਾਰ ਫਲ ਵੀ ਅਸੀਂ ਆਪ ਹੀ ਖਾਵਾਂਗੇ। ਆਪਣੇ
ਕੀਤੇ ਹੋਏ ਕਰਮਾਂ ਅਨੁਸਾਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਜਨਮ ਮਰਨ ਦੇ ਗੇੜ ਵਿੱਚ ਪਏ ਰਹਾਂਗੇ।
ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਸਬਦ ਹੈ,
‘ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ
ਨਾਲਿ’। ਦੂਜੀ ਪਉੜੀ ਵਿੱਚ ਹੁਕਮੁ ਸਬੰਧੀ
ਜ਼ਿਕਰ ਆਇਆ ਹੈ, ‘ਹੁਕਮੀ
ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ’।
ਹੁਣ ਦੂਸਰੀ ਪਉੜੀ ਵਿੱਚ ਉਪਰਲੀਆਂ ਤੁਕਾਂ ਵਾਲਾ ਖ਼ਿਆਲ
ਬਿਲਕੁਲ ਸਪੱਸ਼ਟ ਸਮਝਾਇਆ ਗਿਆ ਹੈ, ਕਿ ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖ਼ਾਸ ਨਿਯਮਾਂ ਅਨੁਸਾਰ ਚੱਲ
ਰਹੀ ਹੈ, ਤੇ ਇਨ੍ਹਾਂ ਨਿਯਮਾਂ ਨੂੰ ਗੁਰੂ ਨਾਨਕ ਸਾਹਿਬ ਨੇ ਹੁਕਮ ਦੱਸਿਆ ਹੈ। ਅਕਾਲ ਪੁਰਖ ਦੇ ਨਿਯਮ
ਅਜੇਹੇ ਹਨ, ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਅੰਦਰ
ਉਹੋ ਜਿਹੇ ਹੀ ਚੰਗੇ ਮੰਦੇ ਸੰਸਕਾਰ ਬਣ ਜਾਂਦੇ ਹਨ, ਤੇ ਉਨ੍ਹਾਂ ਅਨੁਸਾਰ ਜਨਮ ਮਰਨ ਦੇ ਗੇੜ ਵਿੱਚ
ਪਿਆ ਰਹਿੰਦਾ ਹੈ। ਜੇਕਰ ਸਬਦ ਗੁਰੂ ਦੁਆਰਾ ਨਾਮੁ ਦੀ ਸੋਝੀ ਮਿਲ ਜਾਵੇਂ ਤਾਂ, ਅਕਾਲ ਪੁਰਖ ਦੀ ਰਜ਼ਾ
ਵਿੱਚ ਤੁਰ ਕੇ ਮਨੁੱਖ ਆਪਣਾ ਜਨਮ ਸਫਲ ਕਰ ਸਕਦਾ ਹੈ। ਮਾਇਆ ਦੇ ਪਰਭਾਵ ਦੇ ਕਾਰਨ ਮਨੁੱਖ ਵਿਕਾਰਾਂ
ਵਿੱਚ ਪਇਆ ਰਹਿੰਦਾ ਹੈ, ਤੇ ਉਸ ਦੀ ਮੱਤ ਮੈਲੀ ਹੋ ਜਾਂਦੀ ਹੈ। ਇਹ ਮਨ ਦੀ ਮੈਲ ਮਨੁੱਖ ਨੂੰ ਅਕਾਲ
ਪੁਰਖੁ ਤੋਂ ਵਿਛੋੜੀ ਰੱਖਦੀ ਹੈ, ਤੇ ਜੀਵ ਦੁਖੀ ਹੁੰਦਾ ਰਹਿੰਦਾ ਹੈ। ਅਕਾਲ ਪੁਰਖੁ ਦਾ ਨਾਮੁ ਇੱਕ
ਅਜੇਹਾ ਵਸੀਲਾ ਹੈ, ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ। ਗਲਾਸ ਦੇ ਗੰਦੇ ਪਾਣੀ ਵਿੱਚ ਜੇ ਕਰ
ਲਗਾਤਾਰ ਸਾਫ ਪਾਣੀ ਪਾਉਂਦੇ ਰਹੀਏ ਤਾਂ ਉਹ ਵੀ ਹੌਲੀ ਹੌਲੀ ਸ਼ੁਧ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ
ਜੇ ਕਰ ਮੱਤ ਵਿੱਚ ਲਗਾਤਾਰ ਨਾਮੁ ਰੂਪੀ ਸੱਚੀ ਬਾਣੀ ਪਾਉਂਦੇ ਰਹੀਏ ਤਾਂ ਉਹ ਮੱਤ ਵਿਕਾਰ ਰਹਿਤ ਹੋ
ਜਾਂਦੀ ਹੈ। ਜਾਂ ਕਹਿ ਲਓ ਕਿ ਜਿਸ ਤਰ੍ਹਾਂ ਬੱਸ ਵਿੱਚ ਸਫਰ ਕਰਨ ਲਈ ਟਿਕਟ ਦੀ ਲੋੜ ਹੁੰਦੀ ਹੈ, ਉਸੇ
ਤਰ੍ਹਾਂ ਅਕਾਲ ਪੁਰਖੁ ਦੇ ਦਰ ਤੇ ਜਾਣ ਲਈ ਨਾਮੁ ਰੂਪੀ ਟਿਕਟ ਦੀ ਲੋੜ ਹੈ।
ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥ ਮੂਤ ਪਲੀਤੀ ਕਪੜੁ
ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥
ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ
ਧੋਪੈ ਨਾਵੈ ਕੈ ਰੰਗਿ॥ ਪੁੰਨੀ ਪਾਪੀ ਆਖਣੁ
ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥ ੨੦॥
(੪)
ਜਿਵੇਂ ਦਾਣਿਆਂ ਤੋਂ ਬਿਨਾ ਖ਼ਾਲੀ ਛਿਲਕੇ ਕਿਸੇ ਕੰਮ ਨਹੀਂ ਆਉਂਦੇ ਹਨ, ਉਸੇ
ਤਰ੍ਹਾਂ ਉਹ ਮੂੰਹ ਸੁੰਞੇ ਹਨ, ਜੋ ਅਕਾਲ ਪੁਰਖੁ ਦਾ ਨਾਮੁ ਨਹੀਂ ਜਪਦੇ। ਇਸ ਲਈ ਗੁਰੂ ਸਾਹਿਬ
ਸਮਝਾਂਦੇ ਹਨ ਕਿ ਹਮੇਸ਼ਾਂ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ
ਇਹ ਪਰਾਇਆ ਸਰੀਰ ਜੋ ਕਿ ਮੌਤ ਆਉਣ ਵੇਲੇ ਇਥੇ ਹੀ ਛੱਡਣਾ ਪੈਂਣਾ ਹੈ, ਫਿਟਕਾਰਨ ਯੋਗ ਹੋ ਜਾਵੇਗਾ।
ਜਿਸ ਬੀਜ ਅੰਦਰ ਦਾਣਾਂ ਨਹੀਂ ਉਹ ਸੁਟ ਦਿਤਾ ਜਾਂਦਾ ਹੈ, ਜਿਸ ਸਰੀਰ ਅੰਦਰ ਨਾਮੁ ਨਹੀਂ ਉਹ ਧ੍ਰਿਗ
ਹੈ। ਅਕਾਲ ਪੁਰਖੁ ਦਾ ਨਾਮੁ ਜਪਣ ਤੋਂ ਬਿਨਾ ਕਿਸੇ ਦੇ ਮੱਥੇ ਉਤੇ ਭਾਗ ਨਹੀਂ ਖੁਲ ਸਕਦੇ, ਤੇ ਖਸਮ
ਤੋਂ ਬਿਨਾ ਜੀਵ ਰੂਪੀ ਇਸਤ੍ਰੀ ਸੁਹਾਗਣ ਨਹੀਂ ਹੋ ਸਕਦੀ। ਜੇਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ
ਭੁਲਾ ਕੇ ਹੋਰ ਹੋਰ ਸੁਆਦਾਂ ਵਿੱਚ ਲੱਗਿਆ ਰਹਿੰਦਾ ਹੈ, ਉਸ ਦੀ ਕੋਈ ਆਸ ਪੂਰੀ ਨਹੀਂ ਹੋ ਸਕਦੀ। ਇਸ
ਲਈ ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਹੇ ਅਕਾਲ ਪੁਰਖੁ ਮੇਰੇ ਤੇ ਮਿਹਰ ਕਰੋ ਤੇ ਮੈਂਨੂੰ
ਆਪਣੇ ਨਾਮੁ ਦੀ ਦਾਤ ਬਖ਼ਸ਼ੋ। ਅਕਾਲ ਪੁਰਖੁ ਜਿਸ ਮਨੁੱਖ ਨੂੰ ਆਪਣੇ ਨਾਮੁ ਦੀ ਦਾਤ ਬਖ਼ਸ਼ਦਾ ਹੈ, ਉਹ
ਦਿਨ ਰਾਤ ਉਸ ਦਾ ਨਾਮੁ ਜਪਦਾ ਰਹਿੰਦਾ ਹੈ।
ਗਉੜੀ ਮਹਲਾ ੫॥
ਕਣ ਬਿਨਾ ਜੈਸੇ ਥੋਥਰ ਤੁਖਾ॥ ਨਾਮ
ਬਿਹੂਨ ਸੂਨੇ ਸੇ ਮੁਖਾ॥ ੧॥
ਹਰਿ ਹਰਿ ਨਾਮੁ ਜਪਹੁ ਨਿਤ
ਪ੍ਰਾਣੀ॥ ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ॥ ੧॥ ਰਹਾਉ
(੧੯੨-੧੯੩)
ਗੁਰੂ ਸਾਹਿਬ ਸਮਝਾਂਦੇ ਹਨ, ਕਿ ਅਕਾਲ ਪੁਰਖੁ ਅੱਗੇ ਇਹੀ ਅਰਦਾਸ ਕਰਨੀ ਹੈ
ਕਿ, ਹੇ ਮੇਰੇ ਗੋਬਿੰਦ! ਮੈਨੂੰ ਮਿਲੋ, ਤੇ ਮੈਨੂੰ ਆਪਣਾ ਨਾਮੁ ਦਿਉ। ਅਕਾਲ ਪੁਰਖੁ ਦੇ ਨਾਮੁ ਤੋਂ
ਬਿਨਾ ਹੋਰ ਦੁਨੀਆ ਵਾਲੇ ਮੋਹ ਤੇ ਪਿਆਰ ਸਭ ਵਿਅਰਥ ਤੇ ਫਿਟਕਾਰਨ ਯੋਗ ਹਨ। ਅਕਾਲ ਪੁਰਖੁ ਦੇ ਨਾਮੁ
ਦੀ ਯਾਦ ਤੋਂ ਬਿਨਾ ਮਨੁੱਖ ਜੋ ਕੁੱਝ ਵੀ ਪਹਿਨਦਾ ਹੈ, ਖਾਂਦਾ ਹੈ, ਉਹ ਇਉਂ ਹੀ ਹੈ, ਜਿਵੇਂ ਕਿ ਕੋਈ
ਕੁੱਤਾ ਆਪਣਾ ਮੂੰਹ, ਜੂਠੀਆਂ ਤੇ ਗੰਦੀਆਂ ਚੀਜ਼ਾਂ ਵਿੱਚ ਪਾਂਦਾ ਫਿਰਦਾ ਹੈ। ਅਕਾਲ ਪੁਰਖੁ ਦਾ ਨਾਮੁ
ਭੁਲਾ ਕੇ ਮਨੁੱਖ ਹੋਰ ਜਿਤਨੇ ਵੀ ਕਾਰ ਵਿਹਾਰ ਕਰਦਾ ਹੈ, ਉਹ ਇੰਜ ਹਨ ਜਿਵੇਂ ਕਿ ਕਿਸੇ ਮੁਰਦੇ ਨੂੰ
ਸ਼ਿੰਗਾਰਨਾ ਝੂਠਾ ਤੇ ਵਿਅਰਥ ਉੱਦਮ ਹੈ। ਜੇਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਭੁਲਾ ਕੇ ਦੁਨੀਆਂ ਦੇ
ਪਦਾਰਥ ਭੋਗਦਾ ਰਹਿੰਦਾ ਹੈ, ਉਸ ਨੂੰ ਉਨ੍ਹਾਂ ਭੋਗਾਂ ਤੋਂ ਸੁਪਨੇ ਵਿੱਚ ਵੀ ਕਦੇ ਸੁਖ ਨਹੀਂ ਮਿਲ
ਸਕਦਾ, ਪਰ, ਹਾਂ ਇਨ੍ਹਾਂ ਪਦਾਰਥ ਦੇ ਭੋਗਣ ਨਾਲ ਉਸ ਦੇ ਸਰੀਰ ਵਿੱਚ ਰੋਗ ਜਰੂਰ ਪੈਦਾ ਹੋ ਸਕਦੇ ਹਨ।
ਜੇਹੜਾ ਮਨੁੱਖ ਅਕਾਲ ਪੁਰਖੁ ਦਾ ਨਾਮੁ ਛੱਡ ਕੇ ਹੋਰ ਹੋਰ ਕੰਮ ਕਾਜ ਕਰਦਾ ਰਹਿੰਦਾ ਹੈ, ਉਸ ਦਾ ਆਤਮਕ
ਜੀਵਨ ਨਾਸ ਹੋ ਜਾਂਦਾ ਹੈ, ਤੇ ਉਸ ਦੇ ਦੁਨੀਆ ਵਾਲੇ ਸਾਰੇ ਵਿਖਾਵੇ ਵਿਅਰਥ ਚਲੇ ਜਾਂਦੇ ਹਨ। ਜੇਹੜਾ
ਮਨੁੱਖ ਆਪਣੇ ਮਨ ਵਿੱਚ ਅਕਾਲ ਪੁਰਖੁ ਦੇ ਨਾਮੁ ਨਾਲ ਪ੍ਰੀਤਿ ਨਹੀਂ ਜੋੜਦਾ ਹੈ, ਉਹ ਹੋਰ ਕ੍ਰੋੜਾਂ
ਹੀ ਮਿੱਥੇ ਹੋਏ ਧਾਰਮਿਕ ਕੰਮ ਕਰਦਾ ਹੋਇਆਂ ਵੀ ਸਦਾ ਨਰਕਾਂ ਵਿੱਚ ਪਿਆ ਰਹਿੰਦਾ ਹੈ। ਜਿਸ ਮਨੁੱਖ ਨੇ
ਅਕਾਲ ਪੁਰਖੁ ਦਾ ਨਾਮੁ ਨਹੀਂ ਸਿਮਰਿਆ, ਉਸ ਦੀ ਹਾਲਤ ਉਸ ਤਰ੍ਹਾਂ ਹੁੰਦੀ ਹੈ, ਜਿਵੇਂ ਕੋਈ ਚੋਰ
ਸੰਨ੍ਹ ਲਾਉਂਦਾ ਫੜਿਆ ਜਾਂਦਾ ਹੈ ਤੇ ਫਿਰ ਲੋਕਾਂ ਤੇ ਪੁਲੀਸ ਕੋਲੋਂ ਮਾਰ ਖਾਂਦਾ ਹੈ ਅਤੇ ਜੇਲ ਵਿੱਚ
ਪਿਆ ਰਹਿੰਦਾ ਹੈ। ਇਸੇ ਤਰ੍ਹਾਂ ਨਾਮੁ ਨਾ ਸਿਮਰਨ ਵਾਲਾ ਮਨੁੱਖ ਵੀ ਜਮ ਦੀ ਪੁਰੀ ਵਿੱਚ ਬੱਝਾ
ਰਹਿੰਦਾ ਹੈ, ਭਾਵ ਉਹ ਆਤਮਕ ਮੌਤ ਦੇ ਪੰਜੇ ਵਿੱਚ ਫਸਿਆ ਰਹਿੰਦਾ ਹੈ ਤੇ ਆਪਣੇ ਮਨ ਤੇ ਸਰੀਰ ਉੱਪਰ
ਦੁੱਖਾਂ ਦੀਆਂ ਚੋਟਾਂ ਸਹਾਰਦਾ ਰਹਿੰਦਾ ਹੈ। ਦੁਨੀਆ ਵਿੱਚ ਇੱਜ਼ਤ ਬਣਾਈ ਰੱਖਣ ਲਈ ਲੱਖਾਂ ਤਰ੍ਹਾਂ ਦੇ
ਵਿਖਾਵੇ, ਉੱਦਮ ਤੇ ਹੋਰ ਅਨੇਕਾਂ ਤਰ੍ਹਾਂ ਦੇ ਖਿਲਾਰੇ, ਇਹ ਸਾਰੇ ਹੀ ਅਕਾਲ ਪੁਰਖੁ ਦੇ ਨਾਮੁ ਤੋਂ
ਬਿਨਾ ਵਿਅਰਥ ਕਰਮ ਹਨ। ਪਰੰਤੂ, ਉਹੀ ਮਨੁੱਖ ਅਕਾਲ ਪੁਰਖੁ ਦਾ ਨਾਮੁ ਸਿਮਰਦਾ ਹੈ, ਜਿਸ ਨੂੰ ਅਕਾਲ
ਪੁਰਖੁ ਆਪ ਕਿਰਪਾ ਕਰ ਕੇ ਇਹ ਦਾਤ ਬਖਸ਼ਦਾ ਹੈ।
ਗਉੜੀ ਮਹਲਾ ੫॥
ਮਿਲੁ ਮੇਰੇ ਗੋਬਿੰਦ ਅਪਨਾ ਨਾਮੁ
ਦੇਹੁ॥ ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ॥ ੧॥ ਰਹਾਉ॥
ਨਾਮ ਬਿਨਾ ਜੋ ਪਹਿਰੈ ਖਾਇ॥ ਜਿਉ ਕੂਕਰ ਜੂਠਨ ਮਹਿ ਪਾਇ॥
੧॥ ਨਾਮ ਬਿਨਾ ਜੇਤਾ ਬਿਉਹਾਰੁ॥ ਜਿਉ ਮਿਰਤਕ ਮਿਥਿਆ ਸੀਗਾਰੁ॥ ੨॥ ਨਾਮੁ ਬਿਸਾਰਿ ਕਰੇ ਰਸ ਭੋਗ॥
ਸੁਖੁ ਸੁਪਨੈ ਨਹੀ ਤਨ ਮਹਿ ਰੋਗ॥ ੩॥ ਨਾਮੁ ਤਿਆਗਿ ਕਰੇ ਅਨ ਕਾਜ॥ ਬਿਨਸਿ ਜਾਇ ਝੂਠੇ ਸਭਿ ਪਾਜ॥ ੪॥
ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ॥ ਕੋਟਿ ਕਰਮ ਕਰਤੋ ਨਰਕਿ ਜਾਵੈ॥ ੫॥
ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ॥ ਚੋਰ ਕੀ ਨਿਆਈ ਜਮ ਪੁਰਿ ਬਾਧਾ॥ ੬॥
ਲਾਖ ਅਡੰਬਰ ਬਹੁਤੁ ਬਿਸਥਾਰਾ॥ ਨਾਮ ਬਿਨਾ ਝੂਠੇ ਪਾਸਾਰਾ॥
੭॥ ਹਰਿ ਕਾ ਨਾਮੁ ਸੋਈ ਜਨੁ ਲੇਇ॥ ਕਰਿ ਕਿਰਪਾ ਨਾਨਕ ਜਿਸੁ ਦੇਇ॥ ੮॥ ੧੦॥ (੨੪੦)
ਇਹ ਧਿਆਨ ਵਿੱਚ ਰੱਖਣਾ ਹੈ ਕਿ ਉੱਪਰ ਲਿਖੇ ਸਬਦ ਵਿੱਚ ਲਿਖੀਆਂ ਹੋਈਆਂ
ਚਿਤਾਵਨੀਆਂ ਕੋਈ ਰਵਾਇਤੀ ਗੱਲਾਂ ਜਾਂ ਇੱਕ ਸ਼ਰਾਪ ਦੀ ਤਰ੍ਹਾਂ ਨਹੀਂ ਹਨ, ਬਲਕਿ ਮਨੁੱਖਾ ਜੀਵਨ ਦੀਆਂ
ਹਕੀਕਤਾਂ ਹਨ। ਕੁਦਰਤ ਦੀ ਸਚਾਈ ਬਾਰੇ ਨਾਮੁ ਦੇ ਮਿਲਣ ਤੋਂ ਬਿਨਾ ਪਤਾ ਨਹੀਂ ਲਗ ਸਕਦਾ, ਤੇ ਹੁਕਮੁ
ਨੂੰ ਪਛਾਨਣ ਤੋਂ ਬਿਨਾ ਜੀਵਨ ਦੇ ਸਹੀ ਮਾਰਗ ਬਾਰੇ ਪਤਾ ਨਹੀਂ ਲਗ ਸਕਦਾ। ਗੁਰਬਾਣੀ ਨੂੰ ਵਿਚਾਰਨ
ਤੋਂ ਬਿਨਾ ਅਕਾਲ ਪੁਰਖ ਦੇ ਨਾਮੁ ਤੇ ਹੁਕਮ ਦੀ ਸਚਾਈ ਸਮਝ ਨਹੀਂ ਆ ਸਕਦੀ। ਜੇਕਰ ਸਹੀ ਰਸਤੇ ਦਾ ਪਤਾ
ਨਾ ਹੋਵੇ ਤਾਂ ਮੰਜਲ ਤਕ ਪਹੁੰਚਿਆ ਨਹੀਂ ਜਾ ਸਕਦਾ, ਕੀ ਖਾਣਾਂ ਹੈ ਸਮਝ ਨਹੀਂ ਆ ਸਕਦਾ, ਕੀ ਗਲਤ ਹੈ
ਜਾਂ ਠੀਕ ਹੈ ਉਸ ਦਾ ਪਤਾ ਨਹੀਂ ਲਗਦਾ, ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ ਹੈ ਸਹੀ ਜਾਣਕਾਰੀ ਨਹੀਂ
ਮਿਲਦੀ, ਕਦੋਂ ਖਾਣਾਂ ਹੈ ਤੇ ਕਦੋਂ ਨਹੀਂ ਖਾਂਣਾ ਹੈ, ਉਸ ਦੇ ਭੁਲੇਖੇ ਵਿੱਚ ਪਏ ਰਹਿੰਦੇ ਹਾਂ, ਕਿਸ
ਤਰ੍ਹਾਂ ਦੀ ਲੋਕਾਚਾਰੀ ਕਰਨੀ ਹੈ ਤੇ ਕਿਸ ਤਰ੍ਹਾਂ ਦੀ ਨਹੀਂ, ਆਦਿ। ਇਨ੍ਹਾਂ ਸਭ ਵਿਸ਼ਿਆਂ ਸਬੰਧੀ
ਜਾਣਕਾਰੀ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੁਆਰਾ ਲਈ ਜਾ ਸਕਦੀ ਹੈ।
ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਹੁਕਮੁ ਨੂੰ ਪਛਾਣਿਆ ਜਾ ਸਕਦਾ ਹੈ, ਅਕਾਲ ਪੁਰਖ ਦਾ ਨਾਮੁ ਪਾਇਆ
ਜਾ ਸਕਦਾ ਹੈ, ਤੇ ਮਨੁੱਖਾ ਜੀਵਨ ਦਾ ਮੰਤਵ ਸਮਝ ਕੇ ਮਨੁੱਖਾ ਜਨਮ ਸਫਲ ਕੀਤਾ ਜਾ ਸਕਦਾ ਹੈ।
ਸਰੀਰ ਇਥੋਂ ਚਲਦਾ ਹੈ ਅਤੇ ਇਥੇ ਹੀ ਰਹਿ ਜਾਂਦਾ ਹੈ। ਮਨ/ਆਤਮਾ ਅਕਾਲ ਪੁਰਖ
ਤੋਂ ਚਲਿਆ ਹੈ, ਤੇ ਉਥੇ ਹੀ ਵਾਪਿਸ ਚਲੇ ਜਾਣਾ ਹੈ। ਭੀੜ ਵਿੱਚ ਇਨਸਾਨ ਆਸਾਨੀ ਨਾਲ ਅੱਗੇ ਨਹੀਂ ਚਲ
ਸਕਦਾ ਹੈ, ਕਿਉਂਕਿ ਉਹ ਧੱਕਿਆਂ ਕਰਕੇ ਕਦੀ ਅੱਗੇ ਅਤੇ ਕਦੀ ਪਿਛੇ ਜਾਂਦਾ ਰਹਿੰਦਾ ਹੈ। ਇਸੇ ਤਰ੍ਹਾਂ
ਮਨੁੱਖ ਦਾ ਮਨ ਵੀ ਕਲਪਨਾਂ ਦੀ ਭੀੜ ਵਿੱਚ ਫਸਿਆ ਰਹਿੰਦਾਂ ਹੈ, ਜਿਸ ਕਰਕੇ ਉਹ ਆਸਾਨੀ ਨਾਲ ਅੱਗੇ
ਨਹੀਂ ਜਾ ਸਕਦਾ। ਜੇ ਕਰ ਅੱਗੇ ਜਾਣਾ ਹੈ ਤਾਂ ਰਸਤਾ ਸਾਫ ਕਰਨਾਂ ਪਵੇਗਾ, ਮਨ ਦੀਆਂ ਕਲਪਨਾਂ ਨੂੰ
ਆਪਣੇ ਕਾਬੂ ਵਿੱਚ ਕਰਨਾ ਪਵੇਗਾ, ਪਰੰਤੂ ਇਹ ਸਿਰਫ ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਨਾਮੁ ਜਪਨ ਨਾਲ
ਹੀ ਸੰਭਵ ਹੋ ਸਕਦਾ ਹੈ।
ਇਹ ਦੁਨੀਆਂ ਤਾਂ ਮਨੁੱਖ ਦੇ ਮਨ ਲਈ ਇੱਕ ਆਰਜ਼ੀ ਟਿਕਾਣਾ ਹੈ, ਇਸ ਲਈ ਆਪਣੇ
ਭਟਕ ਰਹੇ ਮਨ ਨੂੰ ਪ੍ਰੇਰਨਾ ਹੈ ਕਿ ਉਹ ਆਪਣੇ ਅਸਲੀ ਟਿਕਾਣੇ, ਭਾਵ ਅਕਾਲ ਪੁਰਖ ਦੇ ਚਰਨਾਂ ਵਿੱਚ
ਜੁੜੇ। ਆਪਣੇ ਪਿਆਰੇ ਮਨ ਨੂੰ ਸਮਝਾਂਣਾਂ ਹੈ ਕਿ ਅਕਾਲ ਪੁਰਖ ਨਾਲ ਮਿਲਾਣ ਵਾਲੇ ਸਤਿਗੁਰੂ ਨੂੰ
ਮਿਲੇ, ਜਿਸ ਸਦਕਾ ਮਨੁੱਖ ਨੂੰ ਸਮਝ ਆ ਜਾਵੇਗੀ, ਕਿ ਸਭ ਸੁਖਾਂ ਦਾ ਦਾਤਾ ਅਕਾਲ ਪੁਰਖੁ, ਉਸ ਦੇ
ਆਪਣੇ ਅੰਦਰ ਹੀ ਵੱਸ ਰਿਹਾ ਹੈ। ਆਪਣੇ ਪਿਆਰੇ ਮਨ ਨੂੰ ਸਮਝਾਂਣਾਂ ਹੈ ਕਿ ਅਕਾਲ ਪੁਰਖੁ ਦੇ ਪ੍ਰੇਮ
ਵਿੱਚ ਟਿਕ ਕੇ ਆਤਮਕ ਆਨੰਦ ਮਾਣ, ਤੇ ਅਰਦਾਸ ਕਰਿਆ ਕਰ ਕਿ ਅਕਾਲ ਪੁਰਖੁ ਤੇਰੇ ਉਤੇ ਆਪਣੀ ਮੇਹਰ ਦੀ
ਨਜ਼ਰ ਕਰਦਾ ਰਹੇ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਜਿਸ ਮਨੁੱਖ ਉਤੇ ਸਤਿਗੁਰੂ ਦਇਆਵਾਨ ਹੁੰਦਾ ਹੈ,
ਉਸ ਨੂੰ ਅਕਾਲ ਪੁਰਖੁ ਨਾਲ ਮਿਲਾ ਦੇਂਦਾ ਹੈ।
ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ॥ ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ
ਘਰਿ ਵਸੈ ਹਰੇ॥ ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ॥ ਗੁਰੁ ਨਾਨਕੁ ਤੁਠਾ ਮੇਰੇ
ਪਿਆਰੇ ਮੇਲੇ ਹਰੇ॥ ੧॥ (੪੫੧)
ਗੁਰੂ ਨਾਨਕ ਸਾਹਿਬ ਆਸਾ ਕੀ ਵਾਰ ਵਿੱਚ ਨਾਮੁ ਦੀ ਲੋੜ ਸਬੰਧੀ ਬੜੀ ਸੁੰਦਰ
ਉਦਾਹਰਣ ਦੇ ਕੇ ਸਮਝਾਂਦੇ ਹਨ, ਕਿ ਸਭ ਤੋਂ ਪਹਿਲਾਂ ਬ੍ਰਾਹਮਣ ਨਹਾ ਧੋ ਕੇ ਤੇ ਸੁੱਚਾ ਹੋ ਕੇ ਸੁੱਚੇ
ਚੌਕੇ ਉੱਤੇ ਆ ਬੈਠਦਾ ਹੈ, ਉਸ ਦੇ ਅੱਗੇ ਜਜਮਾਨ ਉਹ ਭੋਜਨ ਲਿਆ ਰੱਖਦਾ ਹੈ, ਜਿਸ ਨੂੰ ਅਜੇ ਤੱਕ
ਕਿਸੇ ਹੋਰ ਨੇ ਭਿੱਟਿਆ ਨਹੀਂ ਸੀ। ਬ੍ਰਾਹਮਣ ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ, ਤੇ
ਖਾ ਕੇ ਸਲੋਕ ਪੜ੍ਹਨ ਲੱਗ ਪੈਂਦਾ ਹੈ, ਪਰੰਤੂ ਅਸਲੀਅਤ ਇਹ ਹੈ ਕਿ ਉਹ ਇਸ ਪਵਿੱਤਰ ਭੋਜਨ ਨੂੰ ਗੰਦੇ
ਥਾਂ ਭਾਵ ਢਿੱਡ ਵਿੱਚ ਪਾ ਲੈਂਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਉਸ ਪਵਿੱਤਰ ਭੋਜਨ ਨੂੰ
ਗੰਦੇ ਥਾਂ ਸੁੱਟਣ ਦਾ ਦੋਸ਼ ਕਿਸ ਤੇ ਆਇਆ? ਬ੍ਰਾਹਮਣ ਮੱਤ ਅਨੁਸਾਰ ਅੰਨ, ਪਾਣੀ, ਅੱਗ ਤੇ ਲੂਣ ਇਹ
ਚਾਰੇ ਹੀ ਦੇਵਤੇ ਹਨ, ਭਾਵ ਪਵਿੱਤਰ ਪਦਾਰਥ ਹਨ, ਪੰਜਵਾਂ ਘਿਉ ਵੀ ਪਵਿੱਤਰ ਹੈ, ਜੋ ਇਨ੍ਹਾਂ ਚੌਹਾਂ
ਵਿੱਚ ਪਾਇਆ ਜਾਂਦਾ ਹੈ। ਹੁਣ ਇਨ੍ਹਾਂ ਪੰਜਾਂ ਨੂੰ ਰਲਾਇਆਂ ਜਾਂਦਾ ਹੈ ਤੇ ਬੜਾ ਪਵਿੱਤਰ ਭੋਜਨ ਤਿਆਰ
ਕੀਤਾ ਜਾਂਦਾ ਹੈ। ਹੁਣ ਇਨ੍ਹਾਂ ਪੰਜਾਂ ਦੇਵਤਿਆਂ ਦੇ ਸਰੀਰਾਂ ਨੂੰ, ਭਾਵ ਇਸ ਪਵਿੱਤਰ ਭੋਜਨ ਨੂੰ
ਪਾਪੀ ਮਨੁੱਖ ਦੇ ਸਰੀਰ ਨਾਲ ਸੰਗਤ ਹੁੰਦੀ ਹੈ। ਇਹ ਪਵਿੱਤਰ ਖਾਣਾਂ ਮਨੁੱਖ ਦੇ ਪੇਟ ਵਿੱਚ ਜਾਂਦਾ ਹੈ
ਤੇ ਉਸ ਦੇ ਸਰੀਰ ਵਿਚੋਂ ਮਲ ਮੂਤਰ ਦੇ ਰੂਪ ਵਿੱਚ ਫੋਕਟ ਪਦਾਰਥ ਬਾਹਰ ਨਿਕਲਦੇ ਹਨ, ਜਿਨ੍ਹਾਂ ਵੱਲ
ਕੋਈ ਵੇਖਣਾਂ ਨਹੀਂ ਚਾਹੁੰਦਾ ਤੇ ਜੇਕਰ ਵੇਖ ਵੀ ਲੈਂਣ ਤਾਂ ਉਸ ਉੱਪਰ ਥੁੱਕਦੇ ਹਨ। ਗੁਰੂ ਸਾਹਿਬ
ਸਮਝਾਂਦੇ ਹਨ, ਕਿ ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ, ਕਿ ਜਿਸ ਮੂੰਹ ਨਾਲ ਮਨੁੱਖ ਅਕਾਲ ਪੁਰਖ ਦਾ
ਨਾਮੁ ਨਹੀਂ ਯਾਦ ਕਰਦਾ, ਤੇ ਅਕਾਲ ਪੁਰਖ ਦਾ ਧੰਨਵਾਦ ਕਰਨ ਤੋਂ ਬਿਨਾ ਸੁਆਦਲੇ ਪਦਾਰਥ ਖਾਂਦਾ ਹੈ,
ਉਸ ਮੂੰਹ ਉਤੇ ਵੀ ਫਿਟਕਾਰਾਂ ਪੈਂਦੀਆਂ ਹਨ। ਇਸ ਲਈ ਆਪਣਾ ਖਾਂਣਾ ਖਾਂਣ ਤੋਂ ਪਹਿਲਾਂ, ਹਮੇਸ਼ਾਂ ਉਸ
ਅਕਾਲ ਪੁਰਖ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਸ ਨੇ ਖਾਣ ਪਹਿਨਣ ਤੇ ਰਹਿੰਣ ਲਈ ਇਹ ਸਭ ਕੁੱਝ
ਦਿੱਤਾ ਹੈ।
ਸਲੋਕੁ ਮਃ ੧॥ ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥ ਸੁਚੇ ਅਗੈ ਰਖਿਓਨੁ
ਕੋਇ ਨ ਭਿਟਿਓ ਜਾਇ॥ ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ॥ ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ
ਦੋਖੁ॥ ਅੰਨੁ ਦੇਵਤਾ ਪਾਣੀ
ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ॥ ਤਾ ਹੋਆ ਪਾਕੁ ਪਵਿਤੁ॥ ਪਾਪੀ ਸਿਉ ਤਨੁ ਗਡਿਆ
ਥੁਕਾ ਪਈਆ ਤਿਤੁ॥ ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ ਤਿਤੁ
ਮੁਖਿ ਥੁਕਾ ਪਾਹਿ॥ ੧ ॥ (ਪਉੜੀ ੧੯) (੪੭੩)
ਜੋ ਨੌਕਰ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਕੰਮ ਕਰੇ, ਤਾਂ ਸਮਝ ਲਉ, ਕਿ ਉਹ
ਮਾਲਕ ਦੀ ਪੱਕੀ ਨੌਕਰੀ ਕਰ ਰਿਹਾ ਹੈ। ਉਸ ਨੂੰ ਮਾਲਕ ਕੋਲੋਂ ਬੜੀ ਇੱਜ਼ਤ ਮਿਲਦੀ ਹੈ, ਤੇ ਦੂਜੇ ਪਾਸੇ
ਖੁਸ਼ ਹੋਣ ਤੇ ਕਈ ਵਾਰੀ ਮਾਲਕ ਕੋਲੋ ਤਨਖ਼ਾਹ ਵੀ ਦੂਣੀ ਮਿਲ ਸਕਦੀ ਹੈ। ਪਰ ਜੇਕਰ ਸੇਵਕ ਆਪਣੇ ਮਾਲਕ
ਦੀ ਬਰਾਬਰੀ ਕਰਦਾ ਹੈ, ਤਾਂ ਉਹ ਮਾਲਕ ਕੋਲੋ ਅਕਸਰ ਡਾਂਟ ਖਾਂਦਾ ਰਹਿੰਦਾ ਹੈ ਤੇ ਮਨ ਵਿੱਚ
ਸ਼ਰਮਿੰਦਗੀ ਮਹਿਸੂਸ ਕਰਦਾ ਰਹਿੰਦਾ ਹੈ। ਅਜੇਹਾ ਨੌਕਰ ਕਈ ਵਾਰੀ ਆਪਣੀ ਪਹਿਲੀ ਤਨਖ਼ਾਹ ਵੀ ਗਵਾ ਬੈਠਦਾ
ਹੈ ਤੇ ਸਦਾ ਮੂੰਹ ਤੇ ਜੁੱਤੀਆਂ ਹੀ ਖਾਂਦਾ ਰਹਿੰਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਜਿਸ ਅਕਾਲ
ਪੁਰਖੁ ਦਾ ਦਿੱਤਾ ਹੋਇਆ ਅਸੀਂ ਖਾਂਦੇ ਹਾਂ, ਉਸ ਮਾਲਕ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ। ਇਹ ਧਿਆਨ
ਵਿੱਚ ਰੱਖਣਾਂ ਹੈ ਕਿ ਆਪਣੇ ਮਾਲਕ ਅਕਾਲ ਪੁਰਖੁ ਉੱਪਰ ਹੁਕਮ ਨਹੀਂ ਚਲਾਇਆ ਜਾ ਸਕਦਾ ਹੈ, ਉਸ ਦੇ
ਅੱਗੇ ਅਰਦਾਸ ਕਰਨੀ ਹੀ ਠੀਕ ਤੇ ਚੰਗੀ ਗੱਲ ਹੈ। ਇਸ ਲਈ ਖਾਣਾਂ ਖਾਣ ਤੋਂ ਪਹਿਲਾਂ ਤੇ ਬਾਅਦ, ਹਰ
ਰੋਜ਼ ਸਵੇਰੇ ਤੇ ਸ਼ਾਮ, ਉਸ ਅਕਾਲ ਪੁਰਖੁ ਦਾ ਧੰਨਵਾਦ ਕਰਨਾ ਚਾਹੀਦਾ ਹੈ।
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ॥ ਨਾਨਕ ਹੁਕਮੁ ਨ ਚਲਈ ਨਾਲਿ ਖਸਮ
ਚਲੈ ਅਰਦਾਸਿ ॥ ੨੨॥ (੪੭੪)
ਆਪਣੇ ਮਨ ਨੂੰ ਸਮਝਾਉਣਾ ਹੈ, ਕਿ ਅਕਾਲ ਪੁਰਖੁ ਦਾ ਨਾਮੁ ਜਪ ਕੇ ਪਵਿਤਰ
ਆਚਰਨ ਬਣਾ, ਕਿਉਂਕਿ ਇਹ ਧਰਮ ਸਾਰੇ ਧਰਮਾਂ ਨਾਲੋ ਚੰਗਾ ਹੈ। ਗੁਰੂ ਦੀ ਸਤਿਸੰਗਤ ਵਿੱਚ ਅਕਾਲ ਪੁਰਖੁ
ਦੇ ਗੁਣ ਗਾਇਨ ਕਰਕੇ, ਤੇ ਚੰਗੀ ਜੀਵਨ ਜਾਚ ਸਿਖ ਕੇ ਆਪਣੀ ਭੈੜੀ ਮਤਿ ਦੂਰ ਕਰਨੀ, ਹੋਰ ਸਾਰੀਆਂ
ਧਾਰਮਿਕ ਰਸਮਾਂ ਨਾਲੋਂ ਇਹ ਇੱਕ ਉੱਤਮ ਕਿਰਿਆ ਹੈ। ਹਮੇਸ਼ਾਂ ਅਕਾਲ ਪੁਰਖੁ ਦਾ ਨਾਮੁ ਚੇਤੇ ਰੱਖਣਾਂ
ਚਾਹੀਦਾ ਹੈ, ਕਿਉਂਕਿ ਅਜੇਹਾ ਉੱਦਮ ਹੋਰ ਸਾਰੇ ਉੱਦਮਾਂ ਨਾਲੋਂ ਭਲਾ ਹੈ। ਅਕਾਲ ਪੁਰਖੁ ਦਾ ਜਸ
ਕੰਨਾਂ ਨਾਲ ਸੁਣਨਾ ਹੈ ਤੇ ਆਪਣੀ ਜੀਭ ਨਾਲ ਬੋਲਣਾਂ ਹੈ, ਕਿਉਂਕਿ ਅਕਾਲ ਪੁਰਖੁ ਦੇ ਜੱਸ ਦੀ ਇਹ
ਅੰਮ੍ਰਿਤ ਰੂਪੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ ਤੇ ਆਤਮਕ ਜੀਵਨ ਦੇਣ ਵਾਲੀ ਹੈ। ਗੁਰੂ
ਸਾਹਿਬ ਸਮਝਾਂਦੇ ਹਨ, ਕਿ ਜਿਸ ਹਿਰਦੇ ਵਿੱਚ ਅਕਾਲ ਪੁਰਖੁ ਦਾ ਨਾਮੁ ਵੱਸਦਾ ਹੈ, ਉਹ ਹਿਰਦਾ ਰੂਪੀ
ਸਥਾਨ, ਹੋਰ ਸਾਰੇ ਤੀਰਥ ਅਸਥਾਨਾਂ ਨਾਲੋ ਪਵਿਤਰ ਹੋ ਜਾਂਦਾ ਹੈ। ਇਸ ਲਈ ਗੁਰੂ ਗਰੰਥ ਸਾਹਿਬ ਵਿੱਚ
ਅੰਕਿਤ ਅੰਮ੍ਰਿਤ ਰੂਪੀ ਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਕੇ ਆਪਣਾ ਆਚਰਨ ਪਵਿਤਰ ਬਣਾਣਾ
ਹੈ ਤਾਂ ਜੋ ਸਾਡੇ ਹਿਰਦੇ ਵਿੱਚ ਅਕਾਲ ਪੁਰਖੁ ਦਾ ਨਾਮੁ ਵੱਸ ਜਾਏ।
ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥
ਸਗਲ ਕ੍ਰਿਆ ਮਹਿ ਊਤਮ ਕਿਰਿਆ॥ ਸਾਧਸੰਗਿ ਦੁਰਮਤਿ
ਮਲੁ ਹਿਰਿਆ॥ ਸਗਲ ਉਦਮ ਮਹਿ ਉਦਮੁ ਭਲਾ॥ ਹਰਿ ਕਾ ਨਾਮੁ ਜਪਹੁ ਜੀਅ ਸਦਾ॥ ਸਗਲ ਬਾਨੀ ਮਹਿ ਅੰਮ੍ਰਿਤ
ਬਾਨੀ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ॥
ਸਗਲ ਥਾਨ ਤੇ ਓਹੁ ਊਤਮ ਥਾਨੁ॥
ਨਾਨਕ ਜਿਹ ਘਟਿ ਵਸੈ ਹਰਿ ਨਾਮੁ॥ ੮ ॥ ੩ ॥
(੨੬੬)
ਜਦੋਂ ਜੀਵ ਆਪਣੇ ਆਪ ਨੂੰ ਹੀਰੇ ਤੋਂ ਵੀ ਉੱਤਮ ਅਕਾਲ ਪੁਰਖੁ ਨਾਲ ਵਿੰਨ੍ਹ
ਲੈਂਦਾ ਹੈ ਭਾਵ, ਜਦੋਂ ਜੀਵ ਅਕਾਲ ਪੁਰਖੁ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜ ਲੈਂਦਾ ਹੈ ਤਾਂ ਉਸ ਦਾ
ਚੰਚਲ ਮਨ ਅਡੋਲ ਅਵਸਥਾ ਵਿੱਚ ਸਦਾ ਟਿਕਿਆ ਰਹਿੰਦਾ ਹੈ। ਅਕਾਲ ਪੁਰਖੁ ਇੱਕ ਅਜੇਹਾ ਹੀਰਾ ਹੈ, ਜੋ ਕਿ
ਸਾਰੇ ਜੀਵ ਜੰਤੂਆਂ ਵਿੱਚ ਮੌਜੂਦ ਹੈ, ਪਰੰਤੂ ਇਹ ਗੱਲ ਸਤਿਗੁਰੂ ਦੇ ਉਪਦੇਸ਼ ਨਾਲ ਹੀ ਸਮਝੀ ਜਾ ਸਕਦੀ
ਹੈ। ਜਿਹੜਾ ਮਨੁੱਖ ਸਤਿਗੁਰੂ ਦੀ ਸੱਚੀ ਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨਾਲ ਜੁੜ
ਜਾਂਦਾ ਹੈ, ਉਸ ਦੇ ਅੰਦਰ ਵੀ ਹੰਸ ਵਰਗੇ ਗੁਣ ਪੈਦਾ ਹੋ ਜਾਂਦੇ ਹਨ, ਫਿਰ ਅਜੇਹਾ ਮਨੁੱਖ, ਅਕਾਲ
ਪੁਰਖੁ ਹੀਰੇ ਨੂੰ ਉਸੇ ਤਰ੍ਹਾਂ ਪਛਾਣ ਲੈਂਦਾ ਹੈ, ਜਿਸ ਤਰ੍ਹਾਂ ਇੱਕ ਹੰਸ ਸੁਚੇ ਮੋਤੀ ਨੂੰ ਪਛਾਣ
ਲੈਂਦਾ ਹੈ। ਕਬੀਰ ਜੀ ਸਮਝਾਂਦੇ ਹਨ ਕਿ ਅਕਾਲ ਪੁਰਖੁ ਐਸਾ ਹੀਰਾ ਹੈ, ਜੋ ਕਿ ਸਾਰੇ ਜਗਤ ਵਿੱਚ
ਸਮਾਇਆ ਹੋਇਆ ਹੈ। ਜਦੋਂ ਉਸ ਤਕ ਪਹੁੰਚ ਰੱਖਣ ਵਾਲੇ ਸਤਿਗੁਰੂ ਨੇ ਮੈਨੂੰ ਉਸ ਅਕਾਲ ਪੁਰਖੁ ਦਾ
ਦੀਦਾਰ ਕਰਾਇਆ, ਤਾਂ ਉਹ ਹੀਰਾ ਮੈਂ ਆਪਣੇ ਅੰਦਰ ਵੀ ਵੇਖ ਲਿਆ ਹੈ। ਸਬਦ ਗੁਰੂ ਦੀ ਮਿਹਰ ਨਾਲ, ਉਹ
ਲੁਕਿਆ ਹੋਇਆ ਅਨਮੋਲਕ ਹੀਰਾ, ਮੈਨੂੰ ਆਪਣੇ ਅੰਦਰ ਵੀ ਪਰਤੱਖ ਰੂਪ ਵਿੱਚ ਦਿਖਾਈ ਦੇਣ ਲਗ ਪਿਆ।
ਹਰਿ ਕੀ ਕਥਾ ਅਨਾਹਦ ਬਾਨੀ॥ ਹੰਸੁ ਹੁਇ ਹੀਰਾ ਲੇਇ ਪਛਾਨੀ॥ ੧॥ ਰਹਾਉ ॥
ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮਹ ਰਹਾ ਸਮਾਈ॥ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ
ਦਿਖਾਈ॥ ੨॥ ੧॥ ੩੧॥ (੪੮੩)
ਇਸ ਲਈ ਜੇ ਕਰ ਅਸੀਂ ਵੀ ਆਪਣੇ ਮਨ ਨੂੰ ਅਡੋਲ ਅਵਸਥਾ ਵਿੱਚ ਟਿਕਾਣਾ
ਚਾਹੁੰਦੇ ਹਾਂ, ਹੰਸ ਦੀ ਤਰ੍ਹਾਂ ਸੱਚ ਨੂੰ ਪਰਖਣ ਦੀ ਜਾਚ ਸਿਖਣਾਂ ਚਾਹੁੰਦੇ ਹਾਂ, ਤਾਂ ਸਾਨੂੰ ਵੀ
ਸਤਿਗੁਰੂ ਦੀ ਸੱਚੀ ਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨਾਲ ਜੁੜਨਾ ਪਵੇਗਾ।
ਗੁਰੂ ਸਾਹਿਬ ਸਮਝਾਂਦੇ ਹਨ, ਕਿ ਹੇ ਸਤਸੰਗੀ ਸੱਜਣੋ! ਆਓ ਸਾਰੇ, ਰਲ ਮਿਲ ਕੇ
ਬੈਠੀਏ ਤੇ ਅਕਾਲ ਪੁਰਖੁ ਦਾ ਸਦਾ ਥਿਰ ਰਹਿਣ ਵਾਲਾ ਨਾਮੁ ਚੇਤੇ ਕਰੀਏ, ਅਕਾਲ ਪੁਰਖੁ ਤੋਂ ਆਪਣਾ
ਵਿਛੋੜਾ ਚੇਤੇ ਕਰੀਏ, ਤੇ ਵਿਛੋੜਾ ਦੂਰ ਕਰਨ ਲਈ ਆਪਣੇ ਮਾਲਕ ਅਕਾਲ ਪੁਰਖੁ ਨੂੰ ਯਾਦ ਕਰੀਏ, ਆਪਣੇ
ਮਾਲਕ ਨੂੰ ਹਿਰਦੇ ਵਿੱਚ ਵਸਾਈਏ। ਅਸੀਂ ਵੀ ਅਖੀਰ ਨੂੰ ਉਸ ਪਰਲੋਕ ਵਿੱਚ ਜਾਣਾ ਹੈ, ਜਿਥੇ ਅਨੇਕਾਂ
ਲੋਕ ਜਾ ਚੁਕੇ ਹਨ। ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ, ਜਿਸ ਅਕਾਲ ਪੁਰਖੁ ਨੇ ਇਹ ਜੀਵ ਪੈਦਾ ਕੀਤਾ
ਸੀ, ਉਸੇ ਨੇ ਉਸ ਦੀ ਜਿੰਦ ਵਾਪਸ ਲੈ ਲਈ ਹੈ, ਤੇ ਇਹ ਸਭ ਕੁੱਝ ਉਸੇ ਦੀ ਰਜ਼ਾ ਅਨੁਸਾਰ ਹੋ ਰਿਹਾ ਹੈ।
ਇਥੇ ਜਗਤ ਵਿੱਚ ਜੀਵ ਨੇ ਜੋ ਕੁੱਝ ਵੀ ਕੀਤਾ ਹੁੰਦਾ ਹੈ, ਉਸੇ ਅਨੁਸਾਰ ਉਸ ਨੂੰ ਭੁਗਤਣਾ ਪੈਂਦਾ ਹੈ,
ਤੇ ਇੱਕ ਦਿਨ ਇਸ ਜਗਤ ਤੋਂ ਕੂਚ ਕਰ ਜਾਣਾ ਹੈ, ਤੇ ਇਹ ਸਭ ਕੁੱਝ ਅਕਾਲ ਪੁਰਖੁ ਦੇ ਨਿਯਮ ਅਨੁਸਾਰ ਹੋ
ਰਿਹਾ ਹੈ ਤੇ ਉਸ ਅੱਗੇ ਸਾਡਾ ਕੋਈ ਜੋਰ ਨਹੀਂ ਚਲ ਸਕਦਾ। ਇਸ ਵਾਸਤੇ ਸਾਰੇ ਰਲ ਮਿਲ ਕੇ ਬੈਠੀਏ ਤੇ
ਸਦਾ-ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਨੂੰ ਸਮਝੀਏ ਤੇ ਹਿਰਦੇ ਵਿੱਚ ਵਸਾਈਏ। ਆਮ ਲੋਕਾਂ
ਵਾਂਗੂ ਮੌਤ ਨੂੰ ਮਾੜਾ ਨਾ ਆਖੀਏ, ਕਿਉਂਕਿ ਮੌਤ ਤਾਂ ਚੰਗੀ ਹੈ, ਜੇਕਰ ਕੋਈ ਮਨੁੱਖ ਜਿਊਦੇ ਹੀ ਮਰਨ
ਦਾ ਤਰੀਕਾ ਸਿੱਖ ਲਏ, ਤੇ ਆਪਣੇ ਆਪ ਨੂੰ ਸਬਦ ਗੁਰੂ ਦੇ ਅੱਗੇ ਅਰਪਨ ਕਰਕੇ ਅਕਾਲ ਪੁਰਖੁ ਨਾਲ ਲੀਨ
ਹੋ ਜਾਵੇ। ਇਸ ਲਈ ਸਰਬ ਸ਼ਕਤੀਵਾਨ ਅਕਾਲ ਪੁਰਖੁ ਨੂੰ ਸਿਮਰੋ, ਤਾਂ ਕਿ ਜੀਵਨ ਦੇ ਸਫ਼ਰ ਦਾ ਰਸਤਾ ਸੌਖਾ
ਬਤੀਤ ਹੋਵੇ, ਤੇ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਇੱਜ਼ਤ ਮਿਲ ਸਕੇ। ਜੇਕਰ ਅਕਾਲ ਪੁਰਖੁ ਦੇ ਨਾਮੁ ਦੀ
ਭੇਟਾ ਲੈ ਕੇ ਜਾਵਾਗੇ ਤਾਂ ਉਸ ਸਦਾ ਥਿਰ ਅਕਾਲ ਪੁਰਖੁ ਨਾਲ ਇੱਕ ਰੂਪ ਹੋ ਸਕਾਗੇ, ਕੀਤੇ ਕਰਮਾਂ ਦਾ
ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ, ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਥਾਂ ਪ੍ਰਾਪਤ ਕਰ ਸਕਾਂਗੇ, ਤੇ
ਅਕਾਲ ਪੁਰਖੁ ਨੂੰ ਚੰਗੇ ਲੱਗਾਂਗੇ। ਜੇਹੜਾ ਜੀਵ ਅਜੇਹੀ ਭੇਟਾ ਲੈ ਕੇ ਜਾਂਦਾ ਹੈ, ਉਹ ਪ੍ਰੇਮ ਨਾਲ
ਆਤਮਕ ਆਨੰਦ ਮਾਣਦਾ ਹੈ। ਜੇਹੜੇ ਮਨੁੱਖ ਜੀਊਂਦਿਆਂ ਹੀ ਅਕਾਲ ਪੁਰਖੁ ਦੀਆਂ ਨਜ਼ਰਾਂ ਵਿੱਚ ਕਬੂਲ ਹੋ
ਕੇ ਮਰਦੇ ਹਨ, ਉਹ ਸੂਰਮੇ ਹਨ, ਉਨ੍ਹਾਂ ਦਾ ਮਰਨਾ ਵੀ ਲੋਕ ਪਰਲੋਕ ਵਿੱਚ ਸਲਾਹਿਆ ਜਾਂਦਾ ਹੈ। ਉਹ
ਅੰਤਰਜਾਮੀ ਅਕਾਲ ਪੁਰਖੁ ਹਰੇਕ ਦੇ ਦਿਲ ਦੀ ਆਪ ਜਾਣਦਾ ਹੈ। ਇਸ ਲਈ ਹੰਕਾਰ ਦੇ ਬੋਲ ਨਹੀਂ ਬੋਲਣੇ
ਚਾਹੀਦੇ, ਆਪਣੇ ਆਪ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ, ਕਿਉਂਕਿ ਅਕਾਲ ਪੁਰਖੁ ਆਪ ਹੀ ਸਭ ਦੇ
ਕੀਤੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਨੂੰ ਸਮਝਦਾ ਹੈ, ਤੇ ਆਪ ਹੀ ਆਪਣੇ ਹੁਕਮ ਨੂੰ
ਪਛਾਣਦਾ ਹੈ।
ਵਡਹੰਸੁ ਮਹਲਾ ੧॥
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ
ਲਏਹਾਂ॥ ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ
ਸੰਮਾੑਲੇਹਾਂ॥ ਸਾਹਿਬੁ ਸਮਾੑਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ॥ ਜਿਸ ਕਾ ਕੀਆ ਤਿਨ ਹੀ ਲੀਆ
ਹੋਆ ਤਿਸੈ ਕਾ ਭਾਣਾ॥ ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ॥ ਆਵਹੁ ਮਿਲਹੁ
ਸਹੇਲੀਹੋ ਸਚੜਾ ਨਾਮੁ ਲਏਹਾ॥ ੧ ॥ (੫੭੯-੫੮੦)
ਆਮ ਮਨੁੱਖ ਹਮੇਸ਼ਾਂ ਆਪਣੇ ਮਨ ਦੀ ਮਰਜੀ ਅਨੁਸਾਰ ਚਲਦਾ ਹੈ, ਇਸੇ ਲਈ ਗੁਰੂ
ਸਾਹਿਬ ਮਨ ਨੂੰ ਉਚੇਚੇ ਤੌਰ ਤੇ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਪਿਆਰ ਨਾਲ ਇਕਾਗਰ ਚਿੱਤ ਹੋ ਕੇ
ਅਕਾਲ ਪੁਰਖੁ ਨੂੰ ਯਾਦ ਕਰਿਆ ਕਰ, ਉਸ ਹਰੀ ਅਕਾਲ ਪੁਰਖੁ ਵਿੱਚ ਇਹ ਸਦੀਵੀ ਗੁਣ ਹੈ, ਕਿ ਉਹ ਦਾਤਾਰ
ਸਾਰਿਆਂ ਨੂੰ ਆਪਣੀਆਂ ਦਾਤਾਂ ਦਿੰਦਾ ਰਹਿੰਦਾ ਹੈ ਤੇ ਦੇਣ ਤੋਂ ਬਾਅਦ ਕਦੀ ਵੀ ਪਛੁਤਾਉਂਦਾ ਨਹੀਂ।
ਮੈਂ ਉਸ ਹਰੀ ਅਕਾਲ ਪੁਰਖੁ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜਿਸ ਦੀ ਸੇਵਾ ਕਰਨ ਨਾਲ ਆਤਮਿਕ ਸੁਖ
ਮਿਲਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਗੁਰਮੁਖ ਜਨ ਆਪਣੇ ਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੀ
ਸਹਾਇਤਾ ਨਾਲ ਕਾਬੂ ਕਰਕੇ ਅਕਾਲ ਪੁਰਖੁ ਨਾਲ ਇੱਕ ਮਿਕ ਹੋਏ ਰਹਿੰਦੇ ਹਨ।
ਸਲੋਕੁ ਮਃ ੩॥
ਏ ਮਨ ਹਰਿ ਜੀ ਧਿਆਇ ਤੂ ਇੱਕ ਮਨਿ
ਇੱਕ ਚਿਤਿ ਭਾਇ॥ ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ॥
ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ॥ ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ॥
੧॥ (੬੫੩)
ਅਕਾਲ ਪੁਰਖੁ ਆਪਣਾ ਪਿਆਰ ਵਾਲਾ ਸੁਭਾਉ ਹਮੇਸ਼ਾਂ ਚੇਤੇ ਰੱਖਦਾ ਹੈ, ਇਸ ਲਈ
ਉਹ ਆਪਣੇ ਸੇਵਕ ਨੂੰ ਕਦੇ ਵੀ ਮੁਸ਼ਕਲ ਵਾਲਾ ਸਮਾਂ ਨਹੀਂ ਵੇਖਣ ਦੇਂਦਾ ਹੈ। ਅਕਾਲ ਪੁਰਖੁ ਆਪਣਾ ਹੱਥ
ਦੇ ਕੇ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ, ਤੇ ਹਰੇਕ ਸੁਆਸ ਦੇ ਦੌਰਾਨ ਆਪਣੇ ਸੇਵਕ ਦੀ ਪਾਲਣਾ ਵੀ
ਕਰਦਾ ਰਹਿੰਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਮੇਰਾ ਮਨ ਵੀ ਉਸ ਅਕਾਲ ਪੁਰਖੁ ਨਾਲ ਜੁੜਿਆ
ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਆਪਣੇ ਸੇਵਕਾਂ ਦਾ ਸਹਾਇਕ ਬਣਿਆ ਰਹਿੰਦਾ ਹੈ, ਉਹ ਅਕਾਲ
ਪੁਰਖੁ ਧੰਨ ਹੈ, ਜਿਹੜਾ ਸਭ ਦੀ ਸਹਾਇਤਾ ਕਰਦਾ ਹੈ। ਅਕਾਲ ਪੁਰਖੁ ਦੇ ਹੈਰਾਨ ਕਰਨ ਵਾਲੇ ਕੌਤਕ ਤੇ
ਉਸ ਦੀ ਵਡਿਆਈ ਵੇਖ ਕੇ, ਸੇਵਕ ਦੇ ਮਨ ਵਿੱਚ ਵੀ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਇਸ ਲਈ ਆਤਮਕ ਆਨੰਦ
ਮਾਨਣ ਲਈ ਹਮੇਸ਼ਾ ਅਕਾਲ ਪੁਰਖੁ ਦਾ ਨਾਮੁ ਆਪਣੇ ਚਿਤ ਵਿੱਚ ਰੱਖਣਾ ਚਾਹੀਦਾ ਹੈ।
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥ ਹਾਥ ਦੇਇ ਰਾਖੈ ਅਪਨੇ ਕਉ
ਸਾਸਿ ਸਾਸਿ ਪ੍ਰਤਿਪਾਲੇ॥ ੧॥
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ॥ ਰਹਾਉ॥
(੬੮੨)
ਜਿਹੜੇ ਸੇਵਕ ਅਕਾਲ ਪੁਰਖ ਦੀ ਸਿਫਤ ਸਾਲਾਹ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ
ਲੈਂਦੇ ਹਨ, ਅਕਾਲ ਪੁਰਖ ਉਨ੍ਹਾਂ ਸੇਵਕਾਂ ਨੂੰ ਮਾਇਆ ਕਾਰਨ ਪੈਦਾ ਹੋਣ ਵਾਲੇ ਕਸ਼ਟਾਂ ਤੋਂ ਬਚਾ
ਲੈਂਦਾ ਹੈ। ਅਜੇਹੇ ਸੇਵਕਾਂ ਦੀ ਸੰਗਤ ਕਰਨ ਨਾਲ ਹੋਰ ਲੋਕ ਵੀ ਪਵਿਤਰ ਹੋ ਸਕਦੇ ਹਨ। ਭਾਵੇਂ ਚੰਦਨ
ਦਾ ਲੇਪ ਕੀਤਾ ਹੋਵੇ, ਭਾਵੇਂ ਚੰਦਰਮੇ ਦੀ ਚਾਨਣੀ ਹੋਵੇ, ਤੇ ਭਾਵੇਂ ਸਰਦੀਆਂ ਦੀ ਠੰਢੀ ਰੁੱਤ ਹੋਵੇ,
ਇਨ੍ਹਾਂ ਸਭ ਨਾਲ ਸਰੀਰ ਦੀ ਬਾਹਰਲੀ ਗਰਮੀ ਤਾਂ ਘਟ ਸਕਦੀ ਹੈ, ਪਰੰਤੂ ਇਨ੍ਹਾਂ ਨਾਲ ਮਨ ਦੀ ਅੰਦਰਲੀ
ਤਪਸ਼ ਬਿਲਕੁਲ ਨਹੀਂ ਮਿਟ ਸਕਦੀ। ਵਿਗਿਆਨਕ ਸਾਧਨਾਂ ਨਾਲ ਬਣੀਆਂ ਚੀਜ਼ਾਂ ਨਾਲ ਬਾਹਰੀ ਆਰਾਮ ਤੇ
ਸਹੂਲਤਾਂ ਤਾਂ ਮਿਲ ਸਕਦੀਆਂ ਹਨ, ਪਰੰਤੂ ਅੰਦਰੂਨੀ ਸੁਖ ਨਹੀਂ। ਸਿਰਫ ਅਕਾਲ ਪੁਰਖ ਦਾ ਨਾਮੁ ਹੀ ਹੈ,
ਜਿਸ ਨੂੰ ਹਿਰਦੇ ਵਿੱਚ ਵਸਾਣ ਨਾਲ ਮਨੁੱਖ ਦੇ ਮਨ ਅੰਦਰ ਠੰਡਕ ਪੈਦਾ ਹੋ ਸਕਦੀ ਹੈ ਤੇ ਆਤਮਿਕ ਸੁਖ
ਮਿਲ ਸਕਦਾ ਹੈ।
ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ॥ ਸੀਤਲੁ ਥੀਵੈ ਨਾਨਕਾ
ਜਪੰਦੜੋ ਹਰਿ ਨਾਮੁ॥ ੨ ॥
(੭੦੯)
ਅਕਾਲ ਪੁਰਖੁ ਦਾ ਸਿਮਰਨ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਦਾ ਹੀ ਸੁਖ ਦੇਣ
ਵਾਲਾ ਹੈ, ਇਸ ਲਈ ਹਮੇਸ਼ਾਂ ਅਕਾਲ ਪੁਰਖੁ ਦਾ ਨਾਮੁ ਸਿਮਰਦੇ ਰਹਿੰਣਾ ਚਾਹੀਦਾ ਹੈ। ਅਕਾਲ ਪੁਰਖੁ ਦੇ
ਨਾਮੁ ਸਿਮਰਨ ਦੀ ਬਰਕਤ ਨਾਲ ਚਿਰਾਂ ਤੋਂ ਕੀਤੇ ਹੋਏ ਪਾਪ ਵੀ ਮਿਟ ਸਕਦੇ ਹਨ, ਸਾਧ ਸੰਗਤਿ ਵਿੱਚ ਮਿਲ
ਕੇ ਸਿਮਰਨ ਕਰਨ ਨਾਲ ਆਤਮਕ ਮੌਤੇ ਮਰਿਆ ਹੋਇਆ ਮਨੁੱਖ ਵੀ ਦੁਬਾਰਾ ਆਤਮਕ ਜੀਵਨ ਹਾਸਲ ਕਰ ਸਕਦਾ ਹੈ।
ਦੁਨਿਆਵੀ ਰਾਜ ਅਤੇ ਜਵਾਨੀ ਦੇ ਹੁਲਾਰੇ ਅਕਸਰ ਅਕਾਲ ਪੁਰਖੁ ਦਾ ਨਾਮੁ ਭੁਲਾ ਦੇਂਦੇ ਹਨ, ਕਿਉਂਕਿ
ਮਾਇਆ ਦਾ ਮੋਹ ਦੁੱਖਾਂ ਦਾ ਮੂਲ ਹੈ। ਅਕਾਲ ਪੁਰਖੁ ਦੇ ਨਾਮੁ ਦਾ ਸਿਮਰਨ, ਤੇ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਲਈ ਖਾਹਸ਼ ਵਰਗੇ ਕੀਮਤੀ ਗੁਣ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਹੀ ਪ੍ਰਾਪਤ ਕਰਦਾ ਹੈ।
ਧਨਾਸਰੀ ਮਹਲਾ ੫॥
ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ
ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ॥ ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ॥
੧॥ ਰਹਾਉ॥ (੬੮੩)
ਜੇਹੜਾ ਅਕਾਲ ਪੁਰਖੁ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਸਾਰੇ ਸੁਖ
ਦੇਣ ਵਾਲਾ ਹੈ, ਜਿਸ ਦੇ ਵੱਸ ਵਿੱਚ ਸਵਰਗ ਵਿੱਚ ਰਹਿਣ ਵਾਲੀ ਸਮਝੀ ਗਈ ਕਾਮਧੇਨ ਹੈ, ਤਾਂ ਜਰੂਰੀ ਹੋ
ਜਾਂਦਾ ਹੈ ਕਿ ਉਸ ਅਕਾਲ ਪੁਰਖੁ ਦਾ ਨਾਮੁ ਹਮੇਸ਼ਾਂ ਚੇਤੇ ਰੱਖੀਏ। ਆਪਣੇ ਮਨ ਨੂੰ ਸਮਝਾਂਣਾਂ ਹੈ ਕਿ
ਸਦਾ ਅਕਾਲ ਪੁਰਖੁ ਦਾ ਨਾਮੁ ਯਾਦ ਕਰਿਆ ਕਰ, ਜਿਸ ਨਾਲ ਸਾਰੇ ਸੁਖ ਹਾਸਲ ਕੀਤੇ ਜਾ ਸਕਦੇ ਹਨ। ਇਸ ਲਈ
ਆਪਣੇ ਮਨ ਨੂੰ ਸਮਝਾਂਣਾਂ ਹੈ ਕਿ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦਾ ਨਾਮੁ ਜਪਣਾਂ ਚਾਹੀਦਾ
ਹੈ। ਸਰਬ ਵਿਆਪਕ ਅਕਾਲ ਪੁਰਖੁ ਵਿੱਚ ਸਦਾ ਧਿਆਨ ਧਰਨਾ ਚਾਹੀਦਾ ਹੈ, ਤਾਂ ਜੋ ਇਸ ਲੋਕ ਤੇ ਪਰਲੋਕ
ਵਿੱਚ ਇੱਜ਼ਤ ਖੱਟ ਸਕੀਏ। ਜਿਸ ਹਿਰਦੇ ਵਿੱਚ ਅਕਾਲ ਪੁਰਖੁ ਦੀ ਭਗਤੀ ਹੁੰਦੀ ਹੈ, ਉਸ ਵਿਚੋਂ ਹਰੇਕ
ਕਿਸਮ ਦੇ ਝਗੜੇ ਤੇ ਬਖੇੜੇ ਨਿਕਲ ਜਾਂਦੇ ਹਨ। ਵੱਡੇ ਭਾਗਾਂ ਨਾਲ ਹੀ ਅਕਾਲ ਪੁਰਖੁ ਦਾ ਭਜਨ ਹੋ ਸਕਦਾ
ਹੈ। ਸੇਵਕ ਨਾਨਕ ਨੂੰ ਤਾਂ ਸਬਦ ਗੁਰੂ ਨੇ ਇਹੀ ਸਮਝ ਬਖ਼ਸ਼ੀ ਹੈ, ਕਿ ਅਕਾਲ ਪੁਰਖੁ ਦੇ ਨਾਮੁ ਜਪਣ ਨਾਲ
ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਸਕਦੇ ਹਾਂ।
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ
ਧਿਆਈਐ ਹਰਿ ਪੁਰਖੁ ਨਿਰੰਜਨਾ॥ ਰਹਾਉ॥ (੬੭੦)
ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ
ਨਾਲ ਸਮਝ ਸਕਦੇ ਹਾਂ ਕਿ:
ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ
ਹੈ, ਸਚੁ ਹੈ, ਬਹੁਤ ਮਿਠਾ ਹੈ, ਰਸ ਵਾਲਾ ਹੈ, ਅੰਮ੍ਰਿਤ ਹੈ, ਨਿਰਮਲ ਜਲ ਦੀ ਤਰ੍ਹਾਂ ਹੈ,
ਗੁਪਤ ਰੂਪ ਵਿੱਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਵੀ ਹੋ ਰਿਹਾ ਹੈ।
ਸਿੱਖ ਧਰਮ ਅਨੁਸਾਰ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ
ਬਾਣੀ ਹੀ ਨਾਮੁ ਹੈ। ਜੇ ਕਰ ਅਸੀਂ ਨਾਮੁ ਨੂੰ ਸਮਝਣਾਂ ਤੇ ਪਾਉਂਣਾ ਚਾਹੁੰਦੇ ਹਾਂ ਤਾਂ ਸਾਨੂੰ
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿਚੋਂ ਹੀ ਖੋਜਣਾ ਪਵੇਗਾ।
ਅਣਗਿਣਤ ਜੂਨਾਂ ਵਿਚੋਂ ਭੌਂ ਕੇ ਹੁਣ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ
ਨਾਲ ਮਿਲਿਆ ਹੈ, ਇਸ ਲਈ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਵਿੱਚ ਵਸਾਣਾ ਚਾਹੀਦਾ ਹੈ,
ਕਿਉਂਕਿ ਪਤਾ ਨਹੀਂ ਕਦੋਂ ਇਥੋਂ ਕੂਚ ਕਰ ਜਾਣਾ ਹੈ।
ਅਕਸਰ ਕਈ ਮਨੁੱਖ ਨਿਰਾ ਜ਼ਬਾਨੀ ਜ਼ਬਾਨੀ ਨਾਮੁ ਧਨ ਦੀ ਲਾਲਸਾ ਕਰਦੇ
ਰਹਿੰਦੇ ਹਨ, ਪਰੰਤੂ ਇਹ ਧਿਆਨ ਵਿੱਚ ਰੱਖਣਾਂ ਹੈ, ਕਿ ਫ਼ੈਸਲਾ ਤਾਂ ਹਰੇਕ ਮਨੁੱਖ ਦੇ ਕੀਤੇ
ਕਰਮਾਂ ਅਨੁਸਾਰ ਹੋਣਾ ਹੈ, ਤੇ ਨਾਮੁ ਧਨ ਦੀ ਪ੍ਰਾਪਤੀ ਵੀ ਉਸ ਅਨੁਸਾਰ ਹੀ ਹੋਵੇਗੀ।
ਸਰੀਰ ਦਾ ਸਾਥ ਇਸ ਲੋਕ ਤਕ ਹੀ ਸੀਮਿਤ ਹੈ, ਇਸ ਲਈ ਮਨੁੱਖ ਨੂੰ ਅੰਤ ਦੇ
ਸਾਥ ਵੱਲ ਵੀ ਧਿਆਨ ਦੇਣਾਂ ਚਾਹੀਦਾ ਹੈ। ਗੁਰੂ ਦੇ ਸ਼ਬਦ ਦਾ ਸਾਥ ਇੱਕ ਅਜੇਹਾ ਸਾਥ ਹੈ, ਜੋ ਕਿ
ਇਸ ਲੋਕ ਤੇ ਪਰਲੋਕ ਦੋਹਾਂ ਵਿੱਚ ਸਹਾਈ ਹੁੰਦਾਂ ਹੈ।
ਗੁਰੂ ਸਾਹਿਬ ਸਮਝਾਂਦੇ ਹਨ ਕਿ ਹੇ ਮਨੁੱਖ ਤੂੰ ਜਗਤ ਵਿੱਚ ਅਕਾਲ ਪੁਰਖੁ
ਦੇ ਨਾਮੁ ਦਾ ਲਾਭ ਖੱਟਣ ਵਾਸਤੇ ਆਇਆ ਹੈ, ਪਰੰਤੂ ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿੱਚ ਰੁੱਝਾ
ਪਿਆ ਹੈਂ? ਤੇਰੀ ਸਾਰੀ ਜੀਵਨ ਦੀ ਰਾਤ ਮੁੱਕਦੀ ਜਾ ਰਹੀ ਹੈ।
ਅਕਾਲ ਪੁਰਖੁ ਨੇ ਅਨੇਕਾਂ ਤਰੀਕਿਆਂ ਨਾਲ ਤੇਰੇ ਸਰੀਰ ਦੇ ਸਾਰੇ ਅੰਗ
ਬਣਾਏ ਹਨ, ਪਰ ਇਹ ਸਭ ਸੁਆਸਾਂ ਦੇ ਕੱਚੇ ਧਾਗੇ ਵਿੱਚ ਪਰੋਏ ਹੋਏ ਹਨ, ਜੋ ਕਿ ਇੱਕ ਦਿਨ ਟੁੱਟ
ਜਾਵੇਗਾ ਤੇ ਇਸ ਮਨੁੱਖਾ ਸਰੀਰ ਦੇ ਸਾਰੇ ਅੰਗ ਬੇਕਾਰ ਹੋ ਜਾਣਗੇ।
ਜੇਕਰ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ
ਸਿਰਫ ਅਕਾਲ ਪੁਰਖ ਦੇ ਨਾਮੁ ਵਿੱਚ ਰੰਗਿਆਂ ਹੀ ਧੋਤੇ ਜਾ ਸਕਦੇ ਹਨ। ਪੁੰਨ ਜਾਂ ਪਾਪ ਨਿਰੇ
ਕਹਿਣ ਵਾਸਤੇ ਨਹੀਂ ਹਨ, ਬਲਕਿ ਜਿਹੋ ਜਿਹੇ ਕਰਮ ਕਰਾਂਗੇ, ਉਹੋ ਜਿਹੇ ਸੰਸਕਾਰ ਆਪਣੇ ਅੰਦਰ ਲਿਖ
ਕੇ ਨਾਲ ਲੈ ਜਾਵਾਂਗੇ।
ਜਿਸ ਬੀਜ ਅੰਦਰ ਦਾਣਾਂ ਨਹੀਂ, ਉਹ ਸੁਟ ਦਿਤਾ ਜਾਂਦਾ ਹੈ, ਇਸੇ ਤਰ੍ਹਾਂ
ਜਿਸ ਸਰੀਰ ਅੰਦਰ ਨਾਮੁ ਨਹੀਂ ਉਹ ਧ੍ਰਿਗ ਹੈ।
ਅਕਾਲ ਪੁਰਖੁ ਦਾ ਨਾਮੁ ਭੁਲਾ ਕੇ ਮਨੁੱਖ ਹੋਰ ਜਿਤਨੇ ਵੀ ਕਾਰ ਵਿਹਾਰ
ਕਰਦਾ ਹੈ, ਉਹ ਇੰਜ ਹਨ ਜਿਵੇਂ ਕਿ ਕਿਸੇ ਮੁਰਦੇ ਨੂੰ ਸਿੰਗਾਰਨਾ ਝੂਠਾਂ ਤੇ ਵਿਅਰਥ ਉੱਦਮ ਹੈ।
ਕੁਦਰਤ ਦੀ ਸਚਾਈ, ਨਾਮੁ ਦੇ ਮਿਲਣ ਤੋਂ ਬਿਨਾ ਪਤਾ ਨਹੀਂ ਲਗ ਸਕਦੀ, ਤੇ
ਹੁਕਮੁ ਨੂੰ ਪਛਾਨਣ ਤੋਂ ਬਿਨਾ, ਜੀਵਨ ਦੇ ਸਹੀ ਮਾਰਗ ਬਾਰੇ ਪਤਾ ਨਹੀਂ ਲਗ ਸਕਦਾ। ਗੁਰਬਾਣੀ
ਨੂੰ ਵਿਚਾਰਨ ਤੋਂ ਬਿਨਾ ਅਕਾਲ ਪੁਰਖ ਦੇ ਨਾਮੁ ਤੇ ਹੁਕਮ ਦੀ ਸਚਾਈ ਸਮਝ ਨਹੀਂ ਆ ਸਕਦੀ।
ਜਿਸ ਮੂੰਹ ਨਾਲ ਮਨੁੱਖ ਅਕਾਲ ਪੁਰਖ ਦਾ ਨਾਮੁ ਨਹੀਂ ਯਾਦ ਕਰਦਾ, ਤੇ
ਅਕਾਲ ਪੁਰਖ ਦਾ ਧੰਨਵਾਦ ਕਰਨ ਤੋਂ ਬਿਨਾ ਸੁਆਦਲੇ ਪਦਾਰਥ ਖਾਂਦਾ ਹੈ, ਉਸ ਮੂੰਹ ਉਤੇ ਵੀ
ਫਿਟਕਾਰਾਂ ਪੈਂਦੀਆਂ ਹਨ।
ਜਿਸ ਅਕਾਲ ਪੁਰਖੁ ਦਾ ਦਿੱਤਾ ਹੋਇਆ ਅਸੀਂ ਖਾਂਦੇ ਹਾਂ, ਉਸ ਮਾਲਕ ਦੀ
ਸਦਾ ਵਡਿਆਈ ਕਰਨੀ ਚਾਹੀਦੀ ਹੈ।
ਗੁਰੂ ਦੀ ਸਤਿਸੰਗਤ ਵਿੱਚ ਅਕਾਲ ਪੁਰਖੁ ਦੇ ਗੁਣ ਗਾਇਨ ਕਰਕੇ, ਤੇ ਚੰਗੀ
ਜੀਵਨ ਜਾਚ ਸਿਖ ਕੇ ਆਪਣੀ ਭੈੜੀ ਮਤਿ ਦੂਰ ਕਰਨੀ, ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਇੱਕ
ਉੱਤਮ ਕਿਰਿਆ ਹੈ।
ਜੇ ਕਰ ਅਸੀਂ ਵੀ ਆਪਣੇ ਮਨ ਨੂੰ ਅਡੋਲ ਅਵਸਥਾ ਵਿੱਚ ਟਿਕਾਣਾ ਚਾਹੁੰਦੇ
ਹਾਂ, ਹੰਸ ਦੀ ਤਰ੍ਹਾਂ ਸੱਚ ਨੂੰ ਪਰਖਣ ਦੀ ਜਾਚ ਸਿਖਣਾਂ ਚਾਹੁੰਦੇ ਹਾਂ, ਤਾਂ ਸਾਨੂੰ ਵੀ
ਸਤਿਗੁਰੂ ਦੀ ਸੱਚੀ ਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨਾਲ ਜੁੜਨਾ ਪਵੇਗਾ।
ਆਓ ਸਾਰੇ ਰਲ ਮਿਲ ਕੇ ਬੈਠੀਏ, ਅਕਾਲ ਪੁਰਖੁ ਤੋਂ ਆਪਣਾ ਵਿਛੋੜਾ ਚੇਤੇ
ਕਰੀਏ, ਤੇ ਵਿਛੋੜਾ ਦੂਰ ਕਰਨ ਲਈ ਆਪਣੇ ਮਾਲਕ ਅਕਾਲ ਪੁਰਖੁ ਨੂੰ ਯਾਦ ਕਰੀਏ।
ਜੇਹੜੇ ਮਨੁੱਖ ਜੀਊਂਦਿਆਂ ਹੀ ਅਕਾਲ ਪੁਰਖੁ ਦੀਆਂ ਨਜ਼ਰਾਂ ਵਿੱਚ ਕਬੂਲ
ਹੋ ਕੇ ਮਰਦੇ ਹਨ, ਉਹ ਸੂਰਮੇ ਹਨ, ਉਨ੍ਹਾਂ ਦਾ ਮਰਨਾ ਵੀ ਲੋਕ ਪਰਲੋਕ ਵਿੱਚ ਸਲਾਹਿਆ ਜਾਂਦਾ
ਹੈ।
ਗੁਰੂ ਸਾਹਿਬ ਸਮਝਾਂਦੇ ਹਨ, ਕਿ ਗੁਰਮੁਖ ਜਨ ਆਪਣੇ ਹੰਕਾਰ ਨੂੰ
ਸਤਿਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਕਾਬੂ ਕਰਕੇ ਅਕਾਲ ਪੁਰਖੁ ਨਾਲ ਇੱਕ ਮਿਕ ਹੋਏ ਰਹਿੰਦੇ ਹਨ।
ਅਕਾਲ ਪੁਰਖੁ ਆਪਣਾ ਪਿਆਰ ਵਾਲਾ ਸੁਭਾਉ ਹਮੇਸ਼ਾਂ ਚੇਤੇ ਰੱਖਦਾ ਹੈ, ਤੇ
ਆਪਣੇ ਸੇਵਕ ਨੂੰ ਕਦੇ ਵੀ ਮੁਸ਼ਕਲ ਵਾਲਾ ਸਮਾਂ ਨਹੀਂ ਵੇਖਣ ਦੇਂਦਾ ਹੈ। ਅਕਾਲ ਪੁਰਖੁ ਆਪਣਾ ਹੱਥ
ਦੇ ਕੇ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ।
ਵਿਗਿਆਨਕ ਸਾਧਨਾਂ ਨਾਲ ਬਣੀਆਂ ਚੀਜ਼ਾਂ ਨਾਲ ਬਾਹਰੀ ਆਰਾਮ ਤੇ ਸਹੂਲਤਾਂ
ਤਾਂ ਮਿਲ ਸਕਦੀਆਂ ਹਨ, ਪਰੰਤੂ ਅੰਦਰੂਨੀ ਸੁਖ ਨਹੀਂ। ਸਿਰਫ ਅਕਾਲ ਪੁਰਖ ਦਾ ਨਾਮੁ ਹੀ ਹੈ, ਜਿਸ
ਨੂੰ ਹਿਰਦੇ ਵਿੱਚ ਵਸਾਣ ਨਾਲ ਮਨੁੱਖ ਦੇ ਮਨ ਅੰਦਰ ਠੰਡਕ ਪੈਦਾ ਹੋ ਸਕਦੀ ਹੈ ਤੇ ਆਤਮਿਕ ਸੁਖ
ਮਿਲ ਸਕਦਾ ਹੈ।
ਅਕਾਲ ਪੁਰਖੁ ਦੇ ਨਾਮੁ ਦਾ ਸਿਮਰਨ, ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਲਈ ਖਾਹਸ਼ ਵਰਗੇ ਕੀਮਤੀ ਗੁਣ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਹੀ ਪ੍ਰਾਪਤ ਕਰਦਾ ਹੈ।
ਅਕਾਲ ਪੁਰਖੁ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਸਾਰੇ ਸੁਖ ਦੇਣ
ਵਾਲਾ ਹੈ, ਇਸ ਲਈ ਉਸ ਅਕਾਲ ਪੁਰਖੁ ਦਾ ਨਾਮੁ ਹਮੇਸ਼ਾਂ ਚੇਤੇ ਰੱਖਣਾਂ ਚਾਹੀਦਾ ਹੈ।
ਜਿਸ ਹਿਰਦੇ ਵਿੱਚ ਅਕਾਲ ਪੁਰਖੁ ਦੀ ਭਗਤੀ ਹੁੰਦੀ ਹੈ, ਉਸ ਵਿਚੋਂ ਹਰੇਕ
ਕਿਸਮ ਦੇ ਝਗੜੇ ਤੇ ਬਖੇੜੇ ਨਿਕਲ ਜਾਂਦੇ ਹਨ।
ਇਹ ਧੁਰ ਕੀ ਸੱਚੀ ਬਾਣੀ ਹੀ ਹੈ, ਜਿਸ ਦੀ ਸਹਾਇਤਾ ਨਾਲ ਅਸੀਂ ਆਪਣਾ
ਆਚਰਨ ਪਵਿਤਰ ਬਣਾ ਸਕਦੇ ਹਾਂ, ਤੇ ਆਪਣੇ ਹਿਰਦੇ ਅੰਦਰ ਅਕਾਲ ਪੁਰਖੁ ਦਾ ਨਾਮੁ ਵਸਾ ਸਕਦੇ ਹਾਂ।
ਗੁਰਬਾਣੀ (ਸਤਿਗੁਰੂ) ਦੁਆਰਾ ਗੁਰਸਿੱਖ (ਸੇਵਕ) ਦਾ ਅਕਾਲ ਪੁਰਖੁ ਦੇ ਨਾਮੁ
ਨਾਲ ਸਦੀਵੀ ਰਿਸ਼ਤਾ ਕਾਇਮ ਹੋ ਜਾਂਦਾ ਹੈ। ਫਿਰ ਸਤਿਗੁਰੂ ਆਪਣੇ ਸਿੱਖ ਦੀ ਹਮੇਸ਼ਾਂ ਰੱਖਿਆ ਕਰਦਾ
ਰਹਿੰਦਾ ਹੈ, ਤੇ ਆਪਣੇ ਸੇਵਕ ਉਤੇ ਸਦਾ ਮੇਹਰ ਦੀ ਨਜ਼ਰ ਕਰਦਾ ਰਹਿੰਦਾ ਹੈ। ਸਿੱਖ ਆਪਣੇ ਸਤਿਗੁਰੂ ਦੇ
ਉਪਦੇਸ਼ ਦੁਆਰਾ ਅਕਾਲ ਪੁਰਖੁ ਦਾ ਨਾਮੁ ਹਮੇਸ਼ਾਂ ਚੇਤੇ ਕਰਦਾ ਰਹਿੰਦਾ ਹੈ, ਜਿਸ ਸਦਕਾ ਸਤਿਗੁਰੂ ਆਪਣੇ
ਸਿੱਖ ਦੇ ਮਨ ਅੰਦਰੋਂ ਭੈੜੀ ਮਤਿ ਨਾਲ ਲੱਗੀ ਹੋਈ ਮੈਲ ਦੂਰ ਕਰ ਦੇਂਦਾ ਹੈ। ਸਤਿਗੁਰੂ ਆਪਣੇ ਸਿੱਖ
ਦੇ ਮਾਇਆ ਦੇ ਬੰਧਨ ਕੱਟ ਦੇਂਦਾ ਹੈ, ਜਿਸ ਸਦਕਾ ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ।
ਸਤਿਗੁਰੂ ਆਪਣੇ ਸਿੱਖ ਨੂੰ ਅਕਾਲ ਪੁਰਖੁ ਦਾ ਨਾਮੁ ਰੂਪੀ ਧਨ ਦੇਂਦਾ ਹੈ ਤੇ ਇਸ ਤਰ੍ਹਾਂ ਸਤਿਗੁਰੂ
ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ। ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਦੋਹਾਂ ਨੂੰ
ਸਵਾਰ ਦੇਂਦਾ ਹੈ ਤੇ ਸਤਿਗੁਰੂ ਵੀ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਸਦਾ ਯਾਦ ਰੱਖਦਾ ਹੈ।
ਅਸਟਪਦੀ॥ ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ॥ ਸੇਵਕ ਕਉ ਗੁਰੁ ਸਦਾ ਦਇਆਲ॥
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ॥ ਗੁਰ ਬਚਨੀ ਹਰਿ ਨਾਮੁ ਉਚਰੈ॥ ਸਤਿਗੁਰੁ ਸਿਖ ਕੇ ਬੰਧਨ ਕਾਟੈ॥
ਗੁਰ ਕਾ ਸਿਖੁ ਬਿਕਾਰ ਤੇ ਹਾਟੈ॥ ਸਤਿਗੁਰੁ ਸਿਖ ਕਉ ਨਾਮ ਧਨੁ ਦੇਇ॥ ਗੁਰ ਕਾ ਸਿਖੁ ਵਡਭਾਗੀ ਹੇ॥
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ॥ ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ॥ ੧॥
ਉੱਪਰ ਲਿਖੇ ਗਏ ਸਬਦ ਇਹੀ ਸਮਝਾਂਦੇ ਹਨ ਕਿ ਜੁਗੋ ਜੁਗ ਅਟੱਲ ਗੁਰੂ ਗਰੰਥ
ਸਾਹਿਬ ਅਨੁਸਾਰ ਅਕਾਲ ਪੁਰਖੁ ਦੇ ਨਾਮੁ ਨੂੰ ਸਮਝਣਾਂ ਤੇ ਪਾਉਂਣਾ ਬਹੁਤ ਜਰੂਰੀ ਹੈ। ਜੇ ਕਰ ਅਸੀਂ
ਨਾਮੁ ਨੂੰ ਸਮਝਣਾਂ ਤੇ ਪਾਉਂਣਾ ਚਾਹੁੰਦੇ ਹਾਂ ਤਾਂ ਸਾਨੂੰ ਅਕਾਲ ਪੁਰਖੁ ਦੇ ਨਾਮੁ ਨੂੰ ਗੁਰੂ ਗਰੰਥ
ਸਾਹਿਬ ਵਿੱਚ ਅੰਕਿਤ ਬਾਣੀ ਵਿਚੋਂ ਹੀ ਖੋਜਣਾ ਪਵੇਗਾ। ਇਸ ਲਈ ਆਓ ਸਾਰੇ ਜਾਣੇ ਗੁਰੂ ਗਰੰਥ ਸਾਹਿਬ
ਵਿੱਚ ਅੰਕਿਤ ਬਾਣੀ ਨੂੰ ਪੜ੍ਹ ਕੇ, ਸਮਝ ਕੇ, ਤੇ ਆਪਣੇ ਅਮਲੀ ਜੀਵਨ ਵਿੱਚ ਅਪਨਾ ਕੇ, ਅਕਾਲ ਪੁਰਖੁ
ਦੇ ਨਾਮੁ ਨੂੰ ਸਮਝੀਏ ਤੇ ਆਪਣਾ ਮਨੁੱਖਾ ਜੀਵਨ ਸਫਲ ਕਰੀਏ।
“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”
(Dr. Sarbjit Singh)
RH1 / E-8, Sector-8, Vashi, Navi Mumbai - 400703.
Email = [email protected],
Web= http://www.geocities.ws/sarbjitsingh/
http://www.sikhmarg.com/article-dr-sarbjit.html
(ਡਾ: ਸਰਬਜੀਤ ਸਿੰਘ)
ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.
|
. |