ਬਾਣੀ-ਬਾਣੀ ਵਿੱਚ ਫਰਕ, ਇਹ ਬਾਣੀ ਤੇ ਉਹ ਬਾਣੀ
ਤਕਰੀਬਨ ਸਾਰੇ ਹੀ ਸਿੱਖ, (ਗਿਣਤੀ ਦੇ ਕੁੱਝ ਸਿੱਖਾਂ ਨੂੰ ਛੱਡ ਕੇ)
ਬਾਣੀ-ਬਾਣੀ ਵਿੱਚ ਫਰਕ ਕਰਦੇ ਅਤੇ ਸਮਝਦੇ ਹਨ। ਭਲਾ ਉਹ ਕਿਵੇਂ? ਜਿਸ ਨੂੰ ਇਸ ਲੇਖ ਵਿੱਚ ਵਿਚਾਰਨ
ਦਾ ਯਤਨ ਕਰਦੇ ਹਾਂ। ਉਂਜ ਤਾਂ ਗੁਰਬਾਣੀ ਵਿੱਚ ਹਰ ਇੱਕ ਜੀਵ ਦੇ ਬੋਲਣ ਨੂੰ ਬਾਣੀ ਕਿਹਾ ਗਿਆ ਹੈ।
ਬਾਣੀ ਪ੍ਰਭ ਕੀ ਸਭੁ ਕੋ ਬੋਲੈ॥ ਆਪਿ ਅਡੋਲੁ ਨ ਕਬਹੂ ਡੋਲੈ॥ ਪੰਨਾ 294॥
ਪਰ ਮੈਂ ਉਸ ਬਾਣੀ ਦੀ ਗੱਲ ਕਰਨੀ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼
ਹੈ। ਇਸ ਬਾਣੀ ਬਾਰੇ ਗੁਰੂ ਅਮਰਦਾਸ ਜੀ ਫੁਰਮਾਨ ਕਰਦੇ ਹਨ:
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ, ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ
ਗੁਰੂ ਕੇਰੀ, ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੈ, ਹਿਰਦੈ ਤਿਨਾ ਸਮਾਣੀ॥ ਪੀਵਹੁ
ਅੰਮ੍ਰਿਤੁ, ਸਦਾ ਰਹਹੁ ਹਰਿ ਰੰਗਿ, ਜਪਿਹੁ ਸਾਰਿਗਪਾਣੀ॥ ਕਹੈ ਨਾਨਕੁ ਸਦਾ ਗਾਵਹੁ, ਏਹ ਸਚੀ ਬਾਣੀ॥
੨੩॥ {ਪੰਨਾ ੯੨੦}
ਸਿੱਖਾਂ ਨੇ ਆਪਣੇ ਗੁਰੂ ਦੀ ਬਾਣੀ ਲਿਖਣੀ, ਪੜ੍ਹਨੀ ਅਤੇ ਗਉਣੀ ਹੈ। ਸਮੇਂ
ਦੇ ਬੀਤਣ ਨਾਲ ਪੜ੍ਹਨ ਅਤੇ ਗਉਣ ਵਿੱਚ ਬਹੁਤਾ ਅੰਤਰ ਨਹੀਂ ਪੈਂਦਾ ਪਰ ਸੰਗੀਤ ਦੇ ਸਾਜ਼ਾਂ ਵਿੱਚ ਜ਼ਰੂਰ
ਥੋੜੀ ਬਹੁਤ ਤਬਦੀਲੀ ਆ ਜਾਂਦੀ ਹੈ। ਪਰ ਲਿਖਣ ਦੇ ਢੰਗ ਅਤੇ ਸਾਧਨਾ ਵਿੱਚ ਸਮਾ ਬੀਤਣ ਨਾਲ ਢੇਰ ਸਾਰਾ
ਅੰਤਰ ਆ ਜਾਂਦਾ ਹੈ। ਗੁਰੂ ਸਾਹਿਬ ਵੇਲੇ ਗੁਰਬਾਣੀ ਲਿਖਣ ਦਾ ਸਿਰਫ ਇੱਕ ਹੀ ਢੰਗ ਸੀ। ਉਹ ਸੀ ਕਲਮ,
ਦਵਾਤ ਅਤੇ ਕਾਗਜ਼। ਸਾਰੀ ਬਾਣੀ ਹੱਥ ਨਾਲ ਕਾਗਜ਼ ਉਪਰ ਹੀ ਲਿਖੀ ਜਾਂਦੀ ਸੀ। ਉਂਜ ਕੁੱਝ ਪੰਗਤੀਆਂ ਜਾਂ
ਕੁੱਝ ਬਾਣੀ, ਵਸਤੂਆਂ ਅਤੇ ਇਮਾਰਤਾਂ ਤੇ ਵੀ ਉਕਰੀ ਜਾਂਦੀ ਰਹੀ ਹੈ। ਗੁਰੂ ਸਾਹਿਬ ਵੇਲੇ ਸਾਰਾ ਗੁਰੂ
ਗ੍ਰੰਥ ਸਾਹਿਬ ਲਿਖਣ ਲਈ ਕਾਗਜ਼ ਤੋਂ ਬਿਨਾ ਕਿਸੇ ਹੋਰ ਚੀਜ ਦਾ ਇਸਤੇਮਾਲ ਕੀਤਾ ਹੋਵੇ, ਇਸ ਬਾਰੇ
ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਪਿਛਲੇ 20-25 ਕੁ ਸਾਲਾਂ ਤੋਂ ਗੁਰਬਾਣੀ ਲਿਖਣ ਲਈ ਹੋਰ ਬਹੁਤ
ਸਾਰੇ ਸਾਧਨ ਹੋਂਦ ਵਿੱਚ ਆ ਗਏ ਹਨ। ਜੇ ਕਰ ਮੈਂ ਗਲਤ ਨਾ ਹੋਵਾਂ ਤਾਂ ਸਭ ਤੋਂ ਪਹਿਲਾਂ ਅਸਟ੍ਰੇਲੀਆ
ਨਿਵਾਸੀ ਸੱਜਣਾ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਕੰਪਿਊਟਰ ਤੇ ਟਾਈਪ ਕਰਕੇ ਇੱਕ ਡੌਸ
(DOS) ਤੇ
ਚੱਲਣ ਵਾਲਾ ਪ੍ਰੋਗਰਾਮ ਹੋਂਦ ਵਿੱਚ ਲਿਆਂਦਾ ਸੀ। ਇਹ ਕੰਮ ਦੋ ਮੀਆਂ ਬੀਬੀ ਨੇ ਰਲ ਕੇ ਆਪ ਹੀ ਕੀਤਾ
ਸੀ ਅਤੇ ਦੋਵੇਂ ਪੜ੍ਹੇ ਲਿਖੇ ਸਨ। ਇਹਨਾ ਦੇ ਨਾਮ ਤਾਂ ਹੁਣ ਮੈਨੂੰ ਵਿਸਰ ਗਏ ਹਨ ਸ਼ਾਇਦ ਲਾਸਟ
ਨੇਮ/ਗੋਤ ਉਪਲ ਸੀ। ਇਹ ਪ੍ਰੋਗਰਰਾਮ ਤਿੰਨ ਜਾ ਚਾਰ ਫਿਲੋਪੀ ਡਿਸਕਾਂ ਉਪਰ ਸੀ ਅਤੇ ਸਿਰਫ ਡੌਸ/ਡੌਜ਼
ਤੇ ਹੀ ਚਲਦਾ ਸੀ।
ਨਾਲ ਦੀ ਨਾਲ ਮੈਂ ਥੋੜੀ ਜਿਹੀ ਤਕਨੀਕੀ ਜਾਣਕਾਰੀ ਵੀ ਦੱਸਣੀ ਚਾਹੁੰਦਾ ਹਾਂ
ਤਾਂ ਕਿ ਮੇਰੀ ਕਹੀ ਹੋਈ ਗੱਲ ਸਾਰੇ ਪਾਠਕਾਂ ਨੂੰ ਛੇਤੀਂ ਅਤੇ ਸੌਖੀ ਸਮਝ ਵਿੱਚ ਆ ਜਾਵੇ। ਅੱਜ ਤੋਂ
ਕੋਈ 21-22 ਸਾਲ ਪਹਿਲਾਂ ਜਦੋਂ ਮੈਂ ਪਹਿਲਾ ਕੰਪਿਊਟਰ ਖਰੀਦਿਆ ਸੀ ਉਸ ਵੇਲੇ ਕਿਸੇ ਵਿਰਲੇ-ਵਿਰਲੇ
ਕੋਲ ਹੀ ਪਰਸਨਲ ਕੰਪਿਊਟਰ ਹੁੰਦਾ ਸੀ। ਮੈਨੂੰ ਕੰਪਿਊਟਰ ਬਾਰੇ ਬਿੱਲਕੁੱਲ ਕੋਈ ਜਾਣਕਾਰੀ ਨਹੀਂ ਸੀ
ਕਿ ਹਾਰਡ ਡਰਾਈਵ ਕੀ ਹੁੰਦੀ ਹੈ, ਫਲੋਪੀ ਡਿਸਕਾਂ ਵਿੱਚ ਕੀ ਫਰਕ ਹੁੰਦਾ ਹੈ ਅਤੇ ਇਹ ਕਿਤਨੀ ਕੁ
ਕਪੈਸਟੀ ਦੀਆਂ ਹੁੰਦੀਆਂ ਹਨ। ਰੈਮ ਕਿਸ ਨੂੰ ਕਹਿੰਦੇ ਹਨ, ਰੈਮ ਅਤੇ ਰੌਮ ਵਿੱਚ ਕੀ ਅੰਤਰ ਹੁੰਦਾ
ਹੈ। ਬਾਈ ਓ ਐੱਸ ਕੀ ਹੁੰਦਾ ਹੈ, ਮਦਰਬੋਰਡ ਅਤੇ ਇਸ ਨਾਲ ਸੰਬੰਧਿਤ ਜੁੜੇ ਹੋਰ ਪੁਰਜਿਆਂ ਅਤੇ
ਤਕਨੀਕੀ ਗੱਲਾਂ ਦੀ ਇੱਕ ਪਰਸੈਂਟ ਵੀ ਸੂਝ ਨਹੀਂ ਸੀ। ਕਿਉਂਕਿ ਮੈਂ ਇਤਨਾ ਪੜ੍ਹਿਆ ਲਿਖਿਆ ਤੇ ਹੈ
ਨਹੀਂ ਸੀ। ਇੱਕ ਪਿੰਡ ਵਿਚੋਂ ਨੱਕੇ ਮੋੜਦਾ, ਹਲ੍ਹ ਵਾਹੁੰਦਾ ਅਤੇ ਮੱਝਾਂ ਚਾਰਦਾ ਆਇਆ ਸੀ। ਖੈਰ!
ਹੌਲੀ-ਹੌਲੀ ਆਪੇ ਹੀ ਕਿਤਾਬਾਂ ਪੜ੍ਹ-ਪੜ੍ਹ ਕੇ ਅਤੇ ਇੰਟਰਨੈੱਟ ਤੋਂ ਜਾਣਕਾਰੀ ਲੈ ਕੇ ਬਹੁਤ ਸਾਰੀ
ਜਾਣਕਾਰੀ ਹਾਸਲ ਕਰ ਲਈ। ਆਪੇ ਹੀ ਵੈੱਬ ਪੇਜ਼ ਬਣਾਇਆ ਸੀ ਅਤੇ ਉਸ ਵੇਲੇ ਸਿੱਖ ਧਰਮ ਨਾਲ ਸੰਬੰਧਿਤ
ਦਰਜ਼ਨ ਕੁ ਹੀ ਸਾਈਟਾਂ ਸਨ। ਆਪੇ ਹੀ ਪੜ੍ਹ ਸਮਝ ਕੇ ਕੰਪਿਊਟਰ ਬਾਰੇ ਇਤਨੀ ਕੁ ਜਾਣਕਾਰੀ ਹਾਸਲ ਕਰ ਲਈ
ਸੀ ਕਿ ਮੈਂ ਆਪਣਾ ਕੰਪਿਊਟਰ ਖਰਾਬ ਹੋਣ ਤੇ ਕਦੀ ਵੀ ਠੀਕ ਕਰਵਾਉਣ ਲਈ ਨਹੀਂ ਲੈ ਕੇ ਗਿਆ। ਆਪੇ ਹੀ
ਠੀਕ ਕਰ ਲੈਂਦਾ ਹਾਂ। ਜੇ ਕਰ ਹਾਲੇ ਗਰੰਟੀ ਹੋਵੇ ਅਤੇ ਲੋੜ ਮਹਿਸੂਸ ਹੋਵੇ ਤਾਂ ਜ਼ਰੂਰ ਪੁੱਛ ਲਈਦਾ
ਹੈ।
ਗੱਲ ਚੱਲ ਰਹੀ ਸੀ ਗੁਰੂ ਗ੍ਰੰਥ ਸਾਹਿਬ ਦੇ ਪ੍ਰੋਗਰਾਮ ਨੂੰ ਡੌਸ ਤੇ ਚੱਲਣ
ਦੀ। ਇਸ ਡੌਸ ਦਾ ਪੂਰਾ ਨਾਮ ‘ਡਿਸਕ ਓਪਰੇਟਿੰਗ ਸਿਸਟਮ’ ਹੈ। ਅੱਜ ਤੋਂ 20-25 ਸਾਲ ਪਹਿਲਾਂ ਬਹੁਤੇ
ਪ੍ਰੋਗਰਾਮ ਇਸ ਡੌਸ ਤੇ ਹੀ ਚੱਲਦੇ ਸਨ ਇਸੇ ਕਰਕੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਸਾਰਾ
ਸਰੂਪ ਲਿਖ ਕੇ ਇਸ ਤੇ ਚੱਲਣ ਵਾਲਾ ਹੀ ਬਣਾਇਆ ਸੀ। ਨਿਆਣਿਆਂ ਦੇ ਖੇਲਣ ਵਾਲੀਆਂ ਬਹੁਤ ਸਾਰੀਆਂ
ਗੇਮਾਂ ਵੀ ਇੱਥੇ ਡੌਸ ਤੇ ਹੀ ਚੱਲਦੀਆਂ ਹੁੰਦੀਆਂ ਸਨ। ਜੇ ਕਰ ਕੰਪਿਊਟਰ ਤੇ ਕੋਈ ਵੀ ਪ੍ਰੋਗਰਾਮ
ਕਾਪੀ ਕਰਨਾ ਹੁੰਦਾ ਸੀ ਤਾਂ ਉਹ ਇੱਥੇ ਡੌਸ ਤੇ ਹੀ ਕਰਨਾ ਪੈਂਦਾ ਸੀ। ਕਮਾਂਡ ਲਾਈਨ ਤੇ ਜਾ ਕੇ
ਇਨਫਰਮੇਸ਼ਨ ਭਰਨੀ ਹੁੰਦੀ ਸੀ ਕਿ ਕਿਹੜੀ ਡਿਸਕ ਤੋਂ ਕਿਹੜਾ ਪ੍ਰੋਗਰਾਮ ਜਾਂ ਫਾਈਲ ਕਾਪੀ ਕਰਨੀ ਹੈ
ਅਤੇ ਕਿਹੜੀ ਡਿਸਕ ਤੇ ਕਰਨੀ ਹੈ। ਇਹ ਡੌਸ ਮਾਈਕਰੋਸੌਫਟ ਦਾ ਵੀ ਹੁੰਦਾ ਸੀ ਅਤੇ ਆਈ ਬੀ ਐੱਮ ਦਾ ਵੀ।
ਫਿਰ ਹੌਲੀ-ਹੌਲੀ ਵਿੰਡੋ ਪਪੂਲਰ ਹੁੰਦੀ ਗਈ ਅਤੇ ਡੌਸ ਖਤਮ ਹੁੰਦੀ ਗਈ।
ਜਦੋਂ ਮੈਂ ਪਹਿਲਾ ਕੰਪਿਊਟਰ ਖਰੀਦਿਆ ਸੀ ਉਸ ਵੇਲੇ ਆਮ ਤੌਰ ਤੇ ਤਿੰਨ ਡਰਾਈਵ
ਹੀ ਹੁੰਦੇ ਸਨ। ਏ ਬੀ ਅਤੇ ਸੀ ਡਰਾਈਵ। ਸੀ ਡਰਾਈਵ ਹਾਰਡ ਡਰਾਈਵ ਹੁੰਦੀ ਸੀ ਜੋ ਕੇ ਹਾਲੇ ਤੱਕ ਵੀ
ਤਕਰੀਬਨ ਸੀ ਹੀ ਹੁੰਦੀ ਹੈ। ਏ ਅਤੇ ਬੀ ਦੋ ਫਲੋਫੀ ਡਰਾਈਵ ਹੁੰਦੇ ਸਨ। ਇਹਨਾ ਫਲੋਪੀ ਡਰਾਈਵਾਂ ਵਿੱਚ
ਦੋ ਡਿਸਕਾਂ ਪੈਂਦੀਆਂ ਹੁੰਦੀਆਂ ਸਨ। ਇੱਕ ਡਿਸਕ 3-1/2 ਇੰਚ ਅਤੇ ਦੂਸਰੀ 5-1/4 ਇੰਚ ਦੀ ਹੁੰਦੀ
ਸੀ। ਇਹਨਾਂ ਦੀਆਂ ਫੋਟੋ ਇਸ ਲੇਖ ਨਾਲ ਲਾਈਆਂ ਜਾ ਰਹੀਆਂ ਹਨ। ਸਾਢੇ ਤਿੰਨ ਇੰਚ ਵਾਲੀ ਡਿਸਕ 1. 44
ਮੈਗਾਬਾਈਟ ਦੀ ਹੁੰਦੀ ਸੀ ਅਤੇ ਦੂਸਰੀ ਇਸ ਦੇ ਅੱਧ ਤੋਂ ਵੀ ਘੱਟ। ਪਹਿਲਾਂ ਡੌਸ ਤੇ ਚੱਲਣ ਵਾਲਾ,
ਸਾਰੇ ਗੁਰੂ ਗ੍ਰੰਥ ਸਾਹਿਬ ਵਾਲਾ ਪ੍ਰੋਗਰਾਮ ਤਿੰਨ ਜਾਂ ਚਾਰ ਡਿਸਕਾਂ ਵਿੱਚ ਹੁੰਦਾ ਸੀ। ਇਸ ਤੋਂ
ਬਾਅਦ ਡਾ: ਕੁਲਬੀਰ ਸਿੰਘ ਥਿੰਦ ਨੇ ਜਿੱਥੇ ਬਹੁਤ ਸਾਰੇ ਪੰਜਾਬੀ/ਗੁਰਮੁਖੀ ਦੇ ਫੌਂਟਸ ਬਣਾ ਕੇ ਆਮ
ਲੋਕਾਂ ਦੇ ਵਰਤਣ ਲਈ ਮੁਫਤ ਵਿੱਚ ਹੀ ਉਪਲਬੱਧ ਕਰਵਾਏ ਉਥੇ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਵੀ
ਮਾਈਕਰੋਸੌਫਟ ਵਰਡ ਵਿੱਚ ਟਾਈਪ ਕਰਕੇ ਮੁਫਤ ਮੁਹਈਆ ਕਰਵਾਇਆ। ਇਹਨਾ ਦੇ ਬਹੁਤ ਸਾਰੇ ਫੌਂਟਸ ਅਤੇ
ਗੁਰਬਾਣੀ ਫਾਈਲਾਂ ਇੰਟਰਨੈੱਟ ਤੇ ਆਮ ਹੀ ਮਿਲਦੀਆਂ ਹਨ।
ਆਓ ਹੁਣ ਅਸਲੀ ਗੱਲ ਵੱਲ ਆਈਏ ਜਿਹੜਾ ਕਿ ਇਸ ਲੇਖ ਦਾ ਮੁੱਖ ਵਿਸ਼ਾ ਹੈ। ਡਾ:
ਕੁਲਬੀਰ ਸਿੰਘ ਥਿੰਦ ਦਾ ਮਾਈਕਰੋਸੌਫਟ ਵਰਡ/ਔਫਿਸ ਵਿੱਚ ਜੋ ਸਾਰਾ ਗੁਰੂ ਗ੍ਰੰਥ ਸਾਹਿਬ ਟਾਈਪ ਕੀਤਾ
ਹੋਇਆ ਮਿਲਦਾ ਹੈ ਉਹ ਫਾਈਲ ਤਕਰੀਬਨ ਢਾਈ ਕੁ ਮੈਗਾਬਾਈਟ ਦੀ ਹੈ। ਜੇ ਕਰ ਇਸ ਨੂੰ 100% ਠੀਕ ਬਿਆਨ
ਕਰਨਾ ਹੋਵੇ ਤਾਂ ਇਹ ਫਾਈਲ 2531 ਕਿਲੋਬਾਈਟ ਦੀ ਹੈ। ਇਹ ਗਿਣਤੀ ਮਿਣਤੀ ਵਾਲਾ ਤਕਨੀਕੀ ਨੁਕਤਾ ਵੀ
ਸਮਝਣ ਵਾਲਾ ਹੈ ਤਾਂ ਕਿ ਗੱਲ ਸਾਰਿਆਂ ਦੇ ਠੀਕ ਤਰ੍ਹਾਂ ਸਮਝ ਵਿੱਚ ਆ ਸਕੇ। ਭਾਂਵੇ ਕਿ ਮੈਂ
ਕੰਪਿਊਟਰ ਦਾ ਮਾਹਰ ਤਾਂ ਨਹੀਂ ਹਾਂ ਪਰ ਫਿਰ ਵੀ ਸਿੱਧਾ ਜਿਹਾ ਜਟਕਾ ਬੋਲੀ ਵਿੱਚ ਇਹ ਗਿਣਤੀ ਵਾਲਾ
ਫਾਰਮੂਲਾ ਦੱਸਣ ਦੀ ਕੋਸ਼ਿਸ਼ ਕਰਦਾ ਹਾਂ।
ਇਹ ਗਿਣਤੀ ਪਹਿਲਾਂ ਬਿਟ ਤੋਂ ਸ਼ੁਰੂ ਹੁੰਦੀ ਹੈ। ਫਿਰ ਕਿਲੋਬਾਈਟ ਬਣਦੇ ਹਨ।
1000 ਕਿਲੋਬਾਈਟ= ਇੱਕ ਮੈਗਾਵਾਈਟ
1000 ਮੈਗਾਬਾਈਟ= ਇੱਕ ਗੈਗਾਬਾਈਟ
1000 ਗੈਗਾਬਾਈਟ= ਇੱਕ ਟੈਰਾਬਾਈਟ
1000 ਟੈਰਾਬਾਈਟ= ਇੱਕ ਪੈਰਾਬਾਈਟ
1000 ਪੈਰਾਬਾਈਟ= ਇੱਕ ਐਕਸਾਬਾਈਟ
ਅੱਜ ਕੱਲ ਆਮ ਹੀ ਸੈਲੂਲਰ/ਮੋਬਾਈਲ ਫੋਨਾਂ ਵਿੱਚ ਅਤੇ ਹੋਰ ਇਲੈਕਟਰੌਨਿਕ
ਦੀਆਂ ਚੀਜਾਂ ਵਿੱਚ ਐੱਸ ਡੀ ਮਾਈਕਰੋ ਕਾਰਡ ਪੈਂਦੇ ਹਨ। ਇਹ ਮੇਰੇ ਹੱਥ ਦੇ ਗੂਠੇ ਦੇ ਨਹੁੰ ਨਾਲੋਂ
ਵੀ ਛੋਟਾ ਹੈ। ਇਹ ਤੁਸੀਂ ਫੋਟੋ ਵਿੱਚ ਵੀ ਦੇਖ ਸਕਦੇ ਹੋ। ਇਸ ਦਾ ਭਾਰ ਸ਼ਾਇਦ ਕਣਕ ਦੇ ਦਾਣੇ ਨਾਲੋਂ
ਵੀ ਘੱਟ ਹੋਵੇ। ਨੰਗੀਆਂ ਅੱਖਾਂ ਨਾਲ ਇਸ ਦੇ ਅੰਦਰ ਵੀ ਦੇਖਣ ਨੂੰ ਕੁੱਝ ਨਹੀਂ ਦਿਸਦਾ। ਖਰਾਬ ਹੋਏ
ਅਤੇ ਤੋੜੇ ਹੋਏ ਇਸ ਕਾਰਡ ਦੀ ਫੋਟੋ ਵੀ ਤੁਸੀਂ ਦੇਖ ਸਕਦੇ ਹੋ। ਇਹ ਕਾਰਡ 128 ਗੈਗਾਬਾਈਟ ਦੇ
ਮਾਰਕੀਟ ਵਿੱਚ ਆ ਚੁੱਕੇ ਹਨ। ਆਓ ਹੁਣ ਹਿਸਾਬ ਲਾਈਏ ਕਿ ਇਸ ਕਾਰਡ ਵਿੱਚ ਕਿਤਨੇ ਗੁਰੂ ਗ੍ਰੰਥ ਸਾਹਿਬ
ਪਾਏ ਜਾ ਸਕਦੇ ਹਨ।
ਜਿਵੇਂ ਕਿ ਉਪਰ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਸਾਰਾ ਗੁਰੂ ਗ੍ਰੰਥ ਸਾਹਿਬ
ਟਾਈਪ ਕੀਤਾ ਹੋਇਆ ਲਗਭਗ ਢਾਈ ਕੁ ਮੈਗਾਬਾਈਟ ਵਿੱਚ ਹੈ। ਜੇ ਕਰ ਇਸ ਨੂੰ ਹੋਰ ਵੱਡੇ ਅੱਖਰਾਂ ਵਿੱਚ
ਕਰਨਾ ਹੋਵੇ ਅਤੇ ਨਾਲ ਹੀ ਬੋਲਡ ਅਤੇ ਥੋੜਾ ਰੰਗਦਾਰ ਵੀ ਕਰਨਾ ਹੋਵੇ ਤਾਂ ਮੰਨ ਲਓ ਕਿ ਇਹ ਫਾਈਲ
ਦੁੱਗਣੀ 5 ਮੈਗਾਬਾਈਟ ਦੀ ਹੋ ਜਾਵੇਗੀ। ਹੁਣ ਹਿਸਾਬ ਲਾਓ ਕਿ ਇੱਕ ਗੈਗਾਬਾਈਟ ਵਿੱਚ ਕਿਤਨੀਆਂ ਬੀੜਾਂ
ਪੈ ਸਕਦੀਆਂ ਹਨ।
ਸੌ ਮੈਗਾਬਾਈਟ ਵਿੱਚ 20 ਅਤੇ ਹਜ਼ਾਰ ਮੈਗਾਬਾਈਟ ਵਿੱਚ 200 ਬੀੜਾਂ। ਭਾਵ ਕਿ
ਇੱਕ ਗੈਗਾਬਾਈਟ ਵਿੱਚ 200 ਗੁਰੂ ਗ੍ਰੰਥ ਸਾਹਿਬ ਪਾਏ ਜਾ ਸਕਦੇ ਹਨ। ਹੁਣ 200 ਨੂੰ 128 ਨਾਲ ਗੁਣਾਂ
ਕਰੀਏ ਤਾਂ ਇਹ ਗਿਣਤੀ ਬਣਦੀ ਹੈ 25600/ਪੰਚੀ ਹਜ਼ਾਰ ਛੇ ਸੌ। ਕਹਿਣ ਤੋਂ ਭਾਵ ਇਹ ਹੈ ਕਿ ਇਸ ਇੱਕ
ਨਿੱਕੇ ਜਿਹੇ ਮਾਈਕਰੋ ਕਾਰਡ, ਜਿਹੜਾ ਕਿ ਗੂਠੇ ਦੇ ਨਹੁੰ ਨਾਲੋਂ ਵੀ ਛੋਟਾ ਹੈ ਅਤੇ ਕਣਕ ਦੇ ਦਾਣੇ
ਦੇ ਭਾਰ ਜਿੰਨਾ ਵੀ ਸ਼ਾਇਦ ਨਾ ਹੋਵੇ ਦੇ ਵਿੱਚ 25600 ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਟਾਈਪ
ਕੀਤੀਆਂ ਹੋਈਆਂ ਪਾਈਆਂ ਜਾ ਸਕਦੀਆਂ ਹਨ। ਹੁਣ ਜੇ ਮਰਯਾਦਾ ਮੁਤਾਬਕ ਇੱਕ ਬੀੜ ਨੂੰ ਲਿਜਾਣ ਲਈ ਪੰਜ
ਸਿੰਘਾਂ ਦੀ ਲੋੜ ਹੈ ਤਾਂ 25600 ਬੀੜਾਂ ਲਈ 128000/ਇਕ ਲੱਖ ਅਠਾਈ ਹਜ਼ਾਰ ਸਿੰਘਾਂ ਦੀ ਲੋੜ ਪਵੇਗੀ।
ਹੁਣ ਤੁਸੀਂ ਸੋਚੋ ਕਿ ਇੱਕ ਮਾਈਕਰੋ ਕਾਰਡ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ 128000 ਸਿੰਘ
ਕਿਵੇਂ ਚੁੱਕ ਕੇ ਲਿਜਾਣਗੇ ਜਿਹੜਾ ਕਿ ਭਾਰ ਵਿੱਚ ਇੱਕ ਕਣਕ ਦੇ ਦਾਣੇ ਕੁ ਜਿੰਨਾ ਹੈ?
ਹੁਣ ਵਿਚਾਰ ਇਹ ਵੀ ਕਰਨੀ ਪਵੇਗੀ ਕਿ ਸਿੱਖਾਂ ਦਾ ਗੁਰੂ ਕੌਣ ਹੈ? ਅਕਾਰ ਜਾਂ
ਵਿਚਾਰ? ਜੇ ਕਰ ਵਿਚਾਰ ਨੂੰ ਗੁਰੂ ਮੰਨਈਏ ਤਾਂ ਇਹ ਸ਼ਬਦ ਗੁਰੂ ਗੁਰਬਾਣੀ ਗੁਰੂ ਬਣਦੀ ਹੈ। ਜੇ ਕਰ
ਅਕਾਰ ਨੂੰ ਗੁਰੂ ਮੰਨਈਏ ਤਾਂ ਉਹ ਬੁੱਤ-ਪ੍ਰਸਤੀ ਬਣਦੀ ਹੈ ਅਤੇ ਇਹ ਸਦਾ ਹੀ ਨਾਸਵੰਤ ਹੈ। ਜਦੋਂ
ਗੁਰੂ ਸਾਹਿਬਾਨ ਸਰੀਰ ਕਰਕੇ ਇਸ ਸੰਸਾਰ ਵਿੱਚ ਸਨ ਤਾਂ ਉਹਨਾ ਦੇ ਸਰੀਰ ਵੀ ਆਮ ਸੰਸਾਰੀ ਲੋਕਾਈ ਵਰਗੇ
ਹੀ ਸਨ ਅਤੇ ਕੁਦਰਤ ਦੇ ਸਾਰੇ ਕਾਨੂੰਨ ਵੀ ਆਮ ਲੋਕਾਈ ਵਾਂਗ ਉਹਨਾ ਤੇ ਵੀ ਲਾਗੂ ਹੋਏ ਸਨ। ਭਾਵ ਕਿ
ਮਾਤਾ ਪਿਤਾ ਦੇ ਸੰਜੋਗ ਤੋਂ ਜਨਮ ਫਿਰ ਬਚਪਨ, ਜੁਆਨੀ, ਬੁਢੇਪਾ ਅਤੇ ਮੌਤ। ਇਹ ਜ਼ਰੂਰੀ ਨਹੀਂ ਕਿ ਮੌਤ
ਹਮੇਸ਼ਾਂ ਬੁਢੇਪੇ ਤੋਂ ਬਾਅਦ ਹੀ ਆਵੇਗੀ। ਇਹ ਤਾਂ ਕਦੇ ਵੀ ਆ ਸਕਦੀ ਹੈ। ਜਿਵੇਂ ਕਿ ਅੱਠਵੇਂ ਗੁਰੂ
ਜੀ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ। ਉਂਜ ਸਰੀਰ ਕਰਕੇ ਪਹਿਲੇ ਤਿੰਨ ਗੁਰੂ ਇਕੋ ਸਮੇਂ
ਮੌਜੂਦ ਵੀ ਸਨ। ਕਿਉਂਕਿ ਗੁਰੂ ਤਾਂ ਇੱਕ ਸਮੇ ਇੱਕ ਹੀ ਹੋ ਸਕਦਾ ਹੈ ਤਿੰਨ ਨਹੀਂ। ਇਸ ਤੋਂ ਵੀ ਇਹ
ਗੱਲ ਸਾਬਤ ਹੁੰਦੀ ਹੈ ਕਿ ਸਿੱਖਾਂ ਦਾ ਗੁਰੂ ਵਿਚਾਰ ਜਾਂ ਗਿਆਨ ਹੈ। ਅਕਾਰ/ਸਰੀਰ ਇੱਕ ਸਾਧਨ ਹੈ
ਕਿਸੇ ਗਿਆਨ ਨੂੰ ਲੋਕਾਈ ਤੱਕ ਪਹੁੰਚਾਣ ਦਾ। ਸੋ ਅਕਾਰ ਦਾ ਸਤਿਕਾਰ ਅਕਾਰ ਨੂੰ ਮੁੱਖ ਰੱਖ ਕੇ ਹੀ
ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਜੀ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਪ੍ਰਚੱਲਤ ਬੀੜ ਨੂੰ ਇੱਕ ਤਾਂ
ਤੋਂ ਦੁਜੀ ਥਾਂ ਲਿਜਾਣ ਲਈ ਸਿਰ ਤੇ ਚੁੱਕ ਕੇ ਹੀ ਲਿਜਾਇਆ ਜਾਂਦਾ ਹੈ। ਇਹ ਮੰਜੀ ਸਮੇਤ ਅਤੇ ਮੰਜੀ
ਤੋਂ ਬਿਨਾ ਵੀ ਹੋ ਸਕਦਾ ਹੈ। ਪਰ ਇਹ ਰਸਮ ਨੇੜੇ ਲਈ ਤਾਂ ਠੀਕ ਹੈ ਦੂਰ-ਦੁਰਾਡੇ ਲਈ ਨਹੀਂ। ਸੈਂਕੜੇ
ਜਾਂ ਹਜ਼ਾਰਾਂ ਮੀਲਾਂ ਦੀ ਦੂਰੀ ਲਈ ਵੱਖਰੇ ਸਾਧਨ ਅਪਣਾਉਣੇਂ ਪੈਂਦੇ ਹਨ। ਜਦੋਂ ਸਿੰਘ ਜੰਗਾਂ–ਜੁੱਧਾਂ
ਵਿੱਚ ਰੁੱਝੇ ਹੋਏ ਸਨ ਤਾਂ ਇਹ ਸਾਧਨ ਕਦੀ ਵੀ ਸਹਾਈ ਨਹੀਂ ਹੋ ਸਕਦੇ ਸਨ। ਇਸੇ ਤਰ੍ਹਾਂ ਬਿਦੇਸ਼ਾਂ
ਵਿੱਚ ਲਿਜਾਣ ਲਈ ਵੀ ਸਿਰ ਤੇ ਚੁੱਕ ਕੇ ਨਹੀਂ ਲਿਜਾਇਆ ਜਾ ਸਕਦਾ।
ਹੁਣ ਜਰਾ ਠਹਿਰੋ, ਸੋਚੋ ਅਤੇ ਵਿਚਾਰੋ ਕਿ ਜੋ ਰਸਮ ਦਰਬਾਰ ਸਾਹਿਬ
ਅੰਮ੍ਰਿਤਸਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਕੀਤੀ ਜਾਂਦੀ ਹੈ ਕੀ ਉਹ ਠੀਕ ਹੈ?
ਜਿਵੇਂ ਕਿ ਫਰਸ਼ ਨੂੰ ਦੁੱਧ ਨਾਲ ਧੋਣਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਲਿਜਾਣ ਵੇਲੇ ਧੱਕਾ
ਮੁੱਕੀ, ਬੀਬੀਆਂ ਨੂੰ ਹੱਥ ਲਉਣ ਤੋਂ ਵੀ ਦੂਰ ਰੱਖਣਾ ਅਤੇ ਕੁੱਝ ਖਾਸ ਬੰਦਿਆਂ ਵਲੋਂ ਹੀ ਇਹ ਰਸਮ
ਕਰਨੀ ਆਦਿਕ। ਕੀ ਉਸੇ ਬੀੜ ਦੀ ਬਾਣੀ ਹੀ ਅਸਲੀ ਬਾਣੀ ਹੈ? ਕੀ ਬਾਕੀ ਬੀੜਾਂ ਵਾਲੀ ਬਾਣੀ ਗੁਰੂ ਨਹੀਂ
ਹੈ? ਦਰਬਾਰ ਸਾਹਿਬ ਦੇ ਆਲੇ ਦੁਆਲੇ ਵੀ ਕਈ ਕਮਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼
ਹੁੰਦੇ ਹਨ ਅਤੇ ਪਾਠ/ਅਖੰਡ ਪਾਠ ਵੀ ਹੁੰਦੇ ਹਨ। ਕੀ ਉਹਨਾ ਲਈ ਵੀ ਉਹੀ ਰਸਮਾਂ ਕੀਤੀਆਂ ਜਾਂਦੀਆਂ
ਹਨ? ਜੇ ਕਰ ਨਹੀਂ ਤਾਂ ਕਿਉਂ ਨਹੀਂ? ਕੀ ਗੁਰੂ ਸਾਹਿਬ ਆਪ ਇਹ ਗੱਲ ਕਹਿ ਕੇ ਗਏ ਹਨ ਕਿ ਕਿਸੇ ਖਾਸ
ਬੀੜ ਨੂੰ ਖਾਸ ਸਤਿਕਾਰ ਦੇਣਾ ਹੈ ਜਾਂ ਕਿ ਇਹ ਕਿਸੇ ਮਨਮਤੀਏ ਬਿਪਰ ਲਿਖਾਰੀ ਦੀ ਦੇਣ ਹੈ?
ਅੱਜ ਕੱਲ ਬਹੁਤ ਸਾਰੇ ਸਿੱਖਾਂ ਕੋਲ ਸਮਾਰਟ ਫੂਨ ਹਨ। ਇਹਨਾ ਫੂਨਾਂ ਵਿੱਚ
ਬਹੁਤ ਸਾਰੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਵੀ ਪਾਏ ਹੋਣਗੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ
ਟੀਕੇ ਵੀ। ਕੀ ਕਦੀ ਕੋਈ ਅਜਿਹਾ ਸਿੱਖ ਕਿਸੇ ਨੇ ਦੇਖਿਆ ਹੈ ਜਿਹੜਾ ਕਿ ਫੂਨ ਨੂੰ ਹਮੇਸ਼ਾਂ ਹੀ
ਆਪਣੇ ਸਿਰ ਉਪਰ ਰੱਖ ਕੇ ਦੋਹਾਂ ਹੱਥਾਂ ਨਾਲ ਫੜ ਕੇ ਰੱਖਦਾ ਹੋਵੇ? ਸਦਾ ਹੀ ਆਉਣ ਜਾਣ ਸਮੇਂ
ਅਜਿਹਾ ਹੀ ਕਰਦਾ ਹੋਵੇ। ਜੇ ਕਰ ਕਿਸੇ ਨੂੰ ਅਜਿਹੇ ਕਿਸੇ ਸਿੱਖ ਦੀ ਜਾਣਕਾਰੀ ਹੋਵੇ ਤਾਂ ਉਹ
ਜਰੂਰ ਸਾਂਝੀ ਕਰੇ। ਮੇਰਾ ਖਿਆਲ ਹੈ ਕਿ ਤਕਰੀਬਨ ਸਾਰੇ ਹੀ ਸਿੱਖ ਆਮ ਲੋਕਾਂ ਵਾਂਗ ਹੀ ਆਪਣੇ ਫੂਨ
ਵਰਤਦੇ ਹੋਣਗੇ। ਆਪਣੀਆਂ ਜੇਬਾਂ ਵਿੱਚ ਪਾ ਕੇ ਰੱਖਦੇ ਹੋਣਗੇ। ਇਸੇ ਤਰ੍ਹਾਂ ਹੀ ਘਰ ਤੋਂ ਬਾਹਰ ਰਹਿਣ
ਸਮੇਂ ਯਾਤਰਾ ਕਰਦੇ ਸਮੇਂ ਆਪਣੇ ਫੂਨ ਨੂੰ ਜੇਬ ਵਿੱਚ ਪਾ ਕੇ ਹੀ ਬਾਥਰੂਮ ਵਗੈਰਾ ਜਾਂਦੇ ਹੋਣਗੇ। ਕੀ
ਇਹ ਆਪਣੇ ਗੁਰੂ ਦੀ ਬੇ-ਅਦਵੀ ਕਰਦੇ ਹੋਣਗੇ? ਕਈ ਤਾਂ ਰਾਤ ਨੂੰ ਸੌਣ ਲੱਗੇ ਗੱਲਾਂ ਕਰਦੇ-ਕਰਦੇ ਆਪਣੇ
ਬੈੱਡ ਵਿੱਚ ਹੀ ਫੂਨ ਰੱਖ ਕੇ ਸੌਂ ਜਾਂਦੇ ਹੋਣਗੇ।
ਪਿਛਲੀ ਲੱਗਭੱਗ ਇੱਕ ਸਦੀ ਤੋਂ ਸਿੱਖ, ਪਰਿੰਟ ਮੀਡੀਏ ਰਾਹੀਂ ਪ੍ਰਚਾਰ ਕਰਦੇ
ਆ ਰਹੇ ਹਨ। ਇਹ ਪ੍ਰਚਾਰ ਕਿਤਾਬਾਂ, ਰਸਾਲਿਆਂ, ਅਖਬਾਰਾਂ ਅਤੇ ਹੁਣ ਇੰਟਰਨੈੱਟ ਰਾਹੀਂ ਵੀ ਕੀਤਾ ਜਾ
ਰਿਹਾ ਹੈ। ਇਹਨਾ ਸਾਰੇ ਵਰਤੋਂ ਵਿੱਚ ਆਉਣ ਵਾਲੇ ਪ੍ਰਚਾਰ ਸਾਧਨਾਂ ਵਿੱਚ ਗੁਰਬਾਣੀ ਵੀ ਵਰਤੀ ਜਾਂਦੀ
ਹੈ। ਤਕਰੀਬਨ ਸਾਰੇ ਹੀ ਲਿਖਣ ਵਾਲੇ ਜਾਂ ਤਾਂ ਗੁਰਬਾਣੀ ਕਾਪੀ ਪੇਸਟ ਕਰਦੇ ਹਨ ਅਤੇ ਜਾਂ ਫਿਰ ਕਿਸੇ
ਅਖਬਾਰ, ਰਸਾਲੇ, ਗੁਟਕੇ ਅਤੇ ਪੋਥੀ ਆਦਿਕ ਤੋਂ ਦੇਖ ਕੇ ਲਿਖਦੇ ਹਨ। ਕੀ ਅਜੇ ਤੱਕ ਕੋਈ ਵੀ
ਅਜਿਹਾ ਵਿਆਕਤੀ ਹੋਇਆ ਹੈ ਜਿਹੜਾ ਕਿ ਗੁਰਬਾਣੀ ਨੂੰ ਕੋਟ ਕਰਦੇ ਸਮੇਂ ਦਰਬਾਰ ਸਾਹਿਬ ਅੰਮ੍ਰਿਤਸਰ
ਵਾਲੀ ਬੀੜ ਤੋਂ ਜਾ ਕੇ ਨੋਟ ਕਰਕੇ ਲਿਖਦਾ ਹੋਵੇ। ਕੀ ਸਿਰਫ ਉਹੀ ਅਸਲੀ ਬਾਣੀ ਹੈ ਅਤੇ ਬਾਕੀ ਸਾਰੀ
ਫੋਕੀ ਅਤੇ ਬੇਅਸਰੀ? ਜੇ ਕਰ ਸਾਰੀ ਬਾਣੀ ਇਕੋ ਜਿਹੀ ਹੀ ਹੈ ਤਾਂ ਕਿਸੇ ਖਾਸ ਬੀੜ ਦਾ ਖਾਸ
ਸਤਿਕਾਰ ਕਿਉਂ? ਕੀ ਇਹ ਨਿਰਾ ਧਰਮ ਦੇ ਨਾਮ ਤੇ ਕਰਮਕਾਂਡ ਅਤੇ ਪਖੰਡ ਨਹੀਂ ਹੈ? ਕੀ ਸਾਰੀ ਸਿੱਖ ਕੌਮ
ਦੰਭੀਆਂ, ਪਖੰਡੀਆਂ, ਕਰਮਕਾਂਡੀਆਂ, ਉਜੱਡਾਂ ਅਤੇ ਧੂਤਿਆਂ ਦੀ ਕੌਮ ਨਹੀਂ ਹੈ? ਜੇ ਕਰ ਨਹੀਂ ਤਾਂ
ਧਰਮ ਦੇ ਨਾਮ ਤੇ ਇਹ ਪਖੰਡ ਅਤੇ ਕਰਮ ਕਾਂਡ ਸਦੀਆਂ ਤੋਂ ਪਰੰਪਰਾ ਅਤੇ ਪੁਰਾਤਨ ਮਰਯਾਦਾ ਦੇ ਨਾਮ ਤੇ
ਕਿਉਂ ਪ੍ਰਚੱਲਤ ਹਨ?
ਜੇ ਕਰ ਗੁਰਬਾਣੀ ਹੀ ਸਿੱਖਾਂ ਦਾ ਗੁਰੂ ਹੈ ਅਤੇ ਇਹ ਗੁਰਬਾਣੀ ਸਾਰੀ ਇਕੋ
ਜਿਹੀ ਹੈ ਅਤੇ ਕੋਈ ਵੀ ਵਿਆਕਤੀ ਕਿਤੋਂ ਵੀ ਗੁਰਬਾਣੀ ਪੜ੍ਹ ਕੇ ਅਤੇ ਉਸ ਤੇ ਅਮਲ ਕਰਕੇ ਆਪਣਾ ਜੀਵਨ
ਸੁਧਾਰ ਸਕਦਾ ਹੈ ਤਾਂ ਬਾਣੀ-ਬਾਣੀ ਵਿੱਚ ਫਰਕ ਕਿਉਂ ਕੀਤਾ ਜਾਂਦਾ ਹੈ? ਬਾਣੀ ਹੁਣ ਹਰ ਥਾਂ ਮੌਜੂਦ
ਹੈ ਅਤੇ ਇਹ ਤਾਂ ਹੁਣ ਹਰ ਵੇਲੇ ਹਵਾ ਵਿੱਚ ਵੀ ਉਡੀ ਫਿਰਦੀ ਹੈ। ਕਿਉਂਕਿ ਹਰ ਵੇਲੇ ਕੋਈ ਨਾ ਕੋਈ
ਵਿਆਕਤੀ ਇੰਟਰਨੈੱਟ ਵਰਤਦਾ ਹੋਵੇਗਾ, ਸਮਾਰਟ ਫੂਨ ਵਰਤਦਾ ਹੋਵੇਗਾ ਅਤੇ ਇਹਨਾ ਨੂੰ ਵਰਤਣ ਵਾਲੇ ਹਰ
ਵੇਲੇ ਗੁਰਬਾਣੀ ਅਤੇ ਗੁਰਬਾਣੀ ਨਾਲ ਸੰਬੰਧਿਤ ਲਿਖਤਾਂ ਪੜ੍ਹਦੇ ਹੋਣਗੇ। ਇਹ ਬਹੁਤਾ ਕੁੱਝ ਹੁਣ ਤਾਂ
ਹੈ ਹੀ ਵਾਇਰਲੈੱਸ। ਫਿਰ ਬਾਣੀ-ਬਾਣੀ ਵਿੱਚ ਫਰਕ ਕਿਉਂ? ਫਿਰ ਕਿਉਂ ਇਹ ਵਾਵੇਲਾ ਖੜਾ ਕੀਤਾ ਜਾਂਦਾ
ਹੈ ਕਿ ਬਿਦੇਸ਼ਾਂ ਵਿੱਚ ਬੀੜਾਂ ਬਕਸਿਆਂ ਵਿੱਚ ਬੰਦ ਹੋ ਕੇ ਨਹੀਂ ਜਾ ਸਕਦੀਆਂ ਜਾਂ ਅਲਮਾਰੀਆਂ ਵਿੱਚ
ਸਤਿਕਾਰ ਨਾਲ ਨਹੀਂ ਰੱਖੀਆਂ ਜਾ ਸਕਦੀਆਂ?
ਕਈ ਅੰਧਵਿਸ਼ਵਾਸ਼ੀ ਸਾਧਾਂ ਦੇ ਚੇਲੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ
ਨੂੰ ਸਰੀਰਕ ਦੇਹ ਵਾਂਗ ਪੂਜਦੇ ਹਨ। ਗਰਮੀਆਂ ਵਿੱਚ ਪੱਖੇ ਅਤੇ ਸਰਦੀਆਂ ਵਿੱਚ ਰਜਾਈਆਂ ਅਤੇ ਹੀਟਰ
ਲਉਂਦੇ ਹਨ। ਇਸ ਤਰ੍ਹਾਂ ਕਰਨ ਨਾਲ ਹਰੇਕ ਸਾਲ ਬਿਜਲੀ ਦੇ ਸ਼ਾਟ ਨਾਲ ਅੱਗ ਲੱਗਣ ਦੀਆਂ ਅਨੇਕਾਂ
ਘਟਨਾਵਾਂ ਵਰਤਦੀਆਂ ਹਨ ਅਤੇ ਬੀੜਾਂ ਵੀ ਅੱਗ ਦੀ ਲਪੇਟ ਵਿੱਚ ਆ ਜਾਂਦੀਆਂ ਹਨ। ਕੀ ਅਜਿਹੇ ਸੱਜਣ
ਗੁਰਬਾਣੀ ਦਾ ਆਦਰ ਕਰਦੇ ਹਨ ਜਾਂ ਨਿਰਾਦਰ? ਹਾਲੇ ਕੁੱਝ ਹਫਤੇ ਪਹਿਲਾਂ ਹੀ ਅਜਿਹੀ ਘਟਨਾ ਮੀਡੀਏ
ਵਿੱਚ ਜ਼ਿਕਰ ਹੋਇਆ ਸੀ ਜਿਸ ਦਾ ਇਲਜ਼ਾਮ ਸਿੱਖ ਵਿਰੋਧੀ ਡੇਰੇ ਤੇ ਲਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜੇ
ਕਰ ਗੁਰੂ ਨੂੰ ਗਰਮੀ ਸਰਦੀ ਲੱਗਦੀ ਹੈ ਅਤੇ ਗੁਰੂ ਖਾਂਦਾ ਵੀ ਹੈ ਜਿਵੇਂ ਭੋਗ ਲਉਣਾ ਕਿਹਾ ਜਾਂਦਾ
ਹੈ। ਫਿਰ ਗੁਰੂ ਸਰੀਰ ਦੀਆਂ ਬਾਕੀ ਕਿਰਆਵਾਂ ਕਿਵੇਂ ਕਰਦਾ ਹੈ? ਕੀ ਇਹ ਸਿੱਖਾਂ ਦੀ ਜ਼ਹਾਲਤ ਵਾਲੀ
ਸੋਚਣੀ ਦੀ ਹੱਦ ਨਹੀਂ ਹੈ?
ਗੁਰੂ ਜੀ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ। ਕੀ ਇਹ
ਗੁਰਗੱਦੀ ਗ੍ਰੰਥ ਵਿੱਚ ਲਿਖੀ ਗੁਰਬਾਣੀ ਨੂੰ ਸੀ ਜਾਂ ਕਿ ਕਿਸੇ ਖਾਸ ਅਕਾਰ ਵਾਲੇ ਗ੍ਰੰਥ ਨੂੰ? ਜੇ
ਕਰ ਕਿਸੇ ਖਾਸ ਅਕਾਰ ਵਾਲਾ ਗ੍ਰੰਥ ਨੂੰ ਗੁਰਗੱਦੀ ਦਿੱਤੀ ਸੀ ਤਾਂ ਕੀ ਗੁਰੂ ਸਾਹਿਬ ਜੀ ਨੇ ਇਹ ਵੀ
ਕਿਹਾ ਸੀ ਕਿ ਇਸ ਸਾਈਜ਼ ਦਾ ਗ੍ਰੰਥ ਹੀ ਗੁਰੂ ਹੋ ਸਕਦਾ ਹੈ? ਜਾਂ ਫਿਰ ਇਹ ਵੀ ਕਿਹਾ ਸੀ ਕਿ ਜਿਹੜੇ
ਗ੍ਰੰਥ ਦਾ ਪ੍ਰਕਾਸ਼ ਦਰਬਾਰ ਸਾਹਿਬ ਅੰਮ੍ਰਿਤਸਰ ਹੋਵੇਗਾ ਉਸ ਨੂੰ ਸਭ ਤੋਂ ਵੱਧ ਸਤਿਕਾਰ ਦੇਣਾ ਹੈ
ਜਾਂ ਇਊਂ ਕਹਿ ਲਓ ਕਿ ਸਭ ਤੋਂ ਵੱਧ ਕਰਮਕਾਂਡ ਉਸ ਤੇ ਲਾਗੂ ਹੋਣੇ ਚਾਹੀਦੇ ਹਨ ਅਤੇ ਇਸ ਤਰ੍ਹਾਂ ਕਰਨ
ਨਾਲ ਜ਼ਿਆਦਾ ਫਾਇਦਾ ਹੋਵੇਗਾ? ਜਿਹੜੇ ਸਿੱਖ ਉਸ ਬੀੜ ਤੋਂ ਗੁਰਬਾਣੀ ਸੁਣਨਗੇ ਉਹ ਸਾਰੇ ਹੀ ਉਚੇ
ਸੁੱਚੇ ਜੀਵਨ ਵਾਲੇ ਬਣ ਜਾਣਗੇ? ਕੀ ਜਿਹੜੇ ਸਿੱਖ ਇਸ ਬੀੜ ਤੋਂ ਬਾਣੀ ਪੜ੍ਹਦੇ ਸੁਣਦੇ ਹਨ ਉਹ ਸਾਰੇ
ਹੀ ਉਚੇ ਸੁੱਚੇ ਜੀਵਨ ਵਾਲੇ ਬਣ ਗਏ ਹਨ? ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਉਥੇ ਸੇਵਾ
ਕਰਨ ਵਾਲੇ ਗ੍ਰੰਥੀ ਅਤੇ ਪਾਠੀ।
ਜੇ ਕਰ ਵੱਡੇ ਅਕਾਰ ਵਾਲਾ ਗ੍ਰੰਥ ਹੀ ਗੁਰੂ ਹੋ ਸਕਦਾ ਹੈ ਤਾਂ ਕੀ ਜੇ ਕਰ ਇਸ
ਦੇ ਅਕਾਰ ਨਾਲੋਂ ਵੀ ਕਈ ਗੁਣਾ ਵੱਡਾ ਗ੍ਰੰਥ ਬਣਾ ਲਿਆ ਜਾਵੇ, ਫਿਰ ਉਸ ਦਾ ਫਲ ਕਈ ਗੁਣਾ ਜ਼ਿਆਦਾ
ਨਹੀਂ ਮਿਲੇਗਾ? ਇਹ ਵੀ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਅਖੰਡਪਾਠ
ਕਰਵਾਉਣ ਲਈ ਇੱਕ ਦਹਾਕੇ ਤੋਂ ਵੀ ਵੱਧ ਦੀ ਬੁੱਕਿੰਗ ਹੋ ਚੁੱਕੀ ਹੈ। ਕੀ ਉਥੇ ਦਾ ਫ਼ਲ ਜ਼ਿਆਦਾ ਮਿਲਦਾ
ਹੈ? ਜੇ ਕਰ ਮਿਲਦਾ ਹੈ ਤਾਂ ਕੀ ਜਿਹੜੇ ਹੁਣ ਤੱਕ ਉਥੇ ਪਾਠ ਕਰਵਾ ਚੁੱਕੇ ਹਨ ਉਹਨਾ ਨੂੰ ਸਾਰੇ ਹੀ
ਫ਼ਲ ਮਿਲ ਗਏ ਹਨ? ਕੀ ਉਹਨਾ ਦਾ ਜੀਵਨ ਬਾਕੀਆਂ ਨਾਲੋਂ ਉਚਾ-ਸੁੱਚਾ ਹੋ ਗਿਆ ਹੈ? ਕੀ ਉਹ ਸਾਰੇ ਹੀ
ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਗਏ ਹਨ?
ਗੁਰਬਾਣੀ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਸ਼ਬਦ ਗੁਰੂ, ਗੁਰਬਾਣੀ ਹੀ ਗੁਰੂ
ਹੈ। ਗੁਰਬਾਣੀ ਪੜ੍ਹ ਕੇ ਇਸ ਤੇ ਅਮਲ ਕਰਨ ਨਾਲ ਹੀ ਜੀਵਨ ਬਦਲ ਸਕਦਾ ਹੈ ਬਾਹਰੋਂ ਸਿਰਫ ਦੇਖਣ ਨਾਲ
ਨਹੀਂ। ਜਿਹਨਾ ਨੇ ਗੁਰੂ ਨੂੰ ਸਿਰਫ ਬਾਹਰੋਂ ਹੀ ਦੇਖਿਆ ਉਹਨਾ ਨੇ ਤਾਂ ਗੁਰੂ ਜੀ ਨੂੰ ਭੂਤਨਾ
ਬੇਤਾਲਾ ਆਖਿਆ। ਕਿਸੇ ਨੇ ਲੱਤਾਂ ਤੋਂ ਫੜ ਕੇ ਘਸੀਟਿਆ ਅਤੇ ਕਿਸੇ ਨੇ ਲੱਤਾਂ ਮਾਰੀਆਂ ਅਤੇ ਹੋਰ ਵੀ
ਬਹੁਤ ਸਾਰੀਆਂ ਵਧੀਕੀਆਂ ਕੀਤੀਆਂ। ਇਹਨਾ ਗੱਲਾਂ ਪ੍ਰਥਾਇ ਗੁਰਬਾਣੀ ਦੇ ਕੁੱਝ ਗੁਰਵਾਕ ਇਉਂ ਹਨ:
ਸਲੋਕੁ ਮਃ 3॥ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ
ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ॥ {ਪੰਨਾ
594}
ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਚਿ ਸਮਾਈ॥ ਪੰਨਾ 910॥
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ
ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ਪੰਨਾ 982॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ॥ ਪੰਨਾ
991॥
ਇਸ ਲੇਖ ਵਿਚ ਕੀਤੀ ਸਾਰੀ ਵਿਚਾਰ ਦਾ ਨਿਚੋੜ ਇਹੀ ਬਣਦਾ ਹੈ ਕਿ ਗੁਰਬਾਣੀ ਦਾ
ਗਿਆਨ ਹੀ ਸਿੱਖਾਂ ਦਾ ਗੁਰੂ ਹੈ। ਇਹ ਗੁਰਬਾਣੀ ਦਾ ਗਿਆਨ ਕਿਸੇ ਵੀ ਸਾਧਨਾ ਰਾਹੀਂ ਹਾਸਲ ਕੀਤਾ ਜਾ
ਸਕਦਾ ਹੈ। ਇਸ ਲਈ ਕਿਸੇ ਵੀ ਗੁਰਬਾਣੀ ਵਿਚ ਕੋਈ ਅੰਤਰ ਨਹੀਂ ਹੈ। ਸਾਰੀ ਗੁਰਬਾਣੀ ਇਕੋ ਜਿਹੀ ਹੈ ਉਸ
ਦਾ ਲਿਖਣ ਦਾ ਸਾਧਨ ਅਤੇ ਤਰੀਕਾ ਭਾਵੇਂ ਕੋਈ ਵੀ ਹੋਵੇ। ਜੇ ਕਰ ਗੁਰਬਾਣੀ ਦਾ ਸੱਚ ਜੀਵਨ ਵਿਚ ਨਹੀਂ
ਅਪਣਾਇਆ ਤਾਂ ਸੁੱਚ-ਭਿੱਟ ਦੇ ਨਾਮ ਤੇ ਪਖੰਡ ਜਿੰਨੇ ਮਰਜ਼ੀ ਕਰੀ ਜਾਓ ਇਸ ਦਾ ਕੋਈ ਫਾਇਦਾ ਨਹੀਂ।
ਧਰਮੀ ਬਣ ਜਾਣਾ ਕੋਈ ਹੋਰ ਗੱਲ ਹੈ ਅਤੇ ਧਰਮੀ ਦਿਸ ਪੈਣਾ ਕੋਈ ਹੋਰ। ਕਈ ਤਾਂ ਇਤਨੇ ਪਖੰਡੀ ਹਨ ਕਿ
ਜੇ ਕਰ ਕਿਸੇ ਨੇ ਜੁੱਤੀ ਪਾਈ ਹੋਈ ਤੇ ਕਿਸੇ ਗੁਟਕੇ ਨੂੰ ਚੁੱਕ ਲਿਆ ਤਾਂ ਗੁਰਬਾਣੀ ਦੀ ਬੇਅਦਬੀ
ਸਮਝਦੇ ਹਨ। ਹੁਣ ਤਾਂ ਗੁਰਬਾਣੀ ਹਰ ਥਾਂ ਹੈ, ਤੁਸੀਂ ਕਿਥੇ ਕਿਥੇ ਇਸ ਤਰ੍ਹਾਂ ਦੇ ਪਖੰਡ ਲਾਗੂ
ਕਰੋਂਗੇ? ਫੇਸਬੁੱਕ ਤੇ ਹਜ਼ਾਰਾਂ ਹੀ ਬੰਦੇ ਰੋਜ ਗੁਰਬਾਣੀ ਵਰਤਦੇ ਹਨ ਜਿਥੇ ਗੁਰਬਾਣੀ ਲਿਖੀ ਹੁੰਦੀ
ਹੈ ਉਥੇ ਨਾਲ ਹੀ ਕਈ ਘਟੀਆਂ ਐਡਾਂ ਵੀ ਡਿਸਪਲੇਅ ਹੁੰਦੀਆਂ ਹਨ। ਕੀ ਅਜਿਹੇ ਪਖੰਡੀ ਫੇਸਬੁੱਕ ਤੇ ਵੀ
ਇਹ ਗੱਲ ਲਾਗੂ ਕਰ ਸਕਦੇ ਹਨ ਕਿ ਕੋਈ ਵੀ ਫੇਸਬੁੱਕ ਵਰਤਣ ਵਾਲਾ ਨੰਗੇ ਸਿਰ ਜਾਂ ਜੁੱਤੀ ਪਾ ਕੇ ਨਹੀਂ
ਵਰਤ ਸਕਦਾ? ਕੀ ਅਜਿਹੇ ਸੱਜਣਾਂ ਨੇ ਆਪ ਵੀ ਕਦੀ ਜੁੱਤੀ ਪਾਈ ਹੋਈ ਤੇ ਆਪਣਾ ਸੈਲੂਲਰ ਫੂਨ ਨਹੀਂ
ਵਰਤਿਆ ਜਿਸ ਵਿਚ ਕਿ ਅਵੱਸ਼ ਹੀ ਗੁਰਬਾਣੀ ਦੀ ਕੋਈ ਨਾ ਕੋਈ ਪੰਗਤੀ ਜਰੂਰ ਹੋਵੇਗੀ। ਪੰਗਤੀ ਹੀ ਨਹੀਂ
ਬਲਕਿ ਬਹੁਤਿਆਂ ਦੇ ਫੂਨਾ ਵਿਚ ਤਾਂ ਸਾਰਾ ਗੁਰੂ ਗ੍ਰੰਥ ਸਾਹਿਬ ਵੀ ਹੋਵੇਗਾ। ਜਿਸ ਸਰਵਰ ਤੇ
ਗੁਰਬਾਣੀ ਪਈ ਹੁੰਦੀ ਹੈ ਉਥੇ ਨਾਲ ਹੀ ਹੋਰ ਵੀ ਘਟੀਆ ਅਤੇ ਗੰਦੀਆਂ ਚੀਜਾਂ ਵੀ ਪਈਆਂ ਹੁੰਦੀਆਂ ਹਨ।
ਇਸੇ ਤਰ੍ਹਾਂ ਯੂ-ਟਿਊਬ ਤੇ ਵੀ ਹੈ। ਟਰੱਕਾਂ ਵਾਲੇ ਆਮ ਹੀ ਗੁਰਬਾਣੀ ਦੀਆਂ ਸੀ ਡੀਆਂ ਅਤੇ ਡੀ ਵੀ
ਡੀਆਂ ਸੁਣਦੇ ਦੇਖਦੇ ਹਨ। ਕੀ ਉਹ ਜੁੱਤੀ ਉਤਾਰ ਕੇ ਡਰਾਈਵ ਕਰਦੇ ਹਨ? ਇਸ ਤਰ੍ਹਾਂ ਦੀਆਂ ਅਨੇਕਾਂ ਹੀ
ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਜੇ ਕਰ ਇਸ ਲੇਖ ਵਿਚ ਕੋਈ ਗਲਤ ਗੱਲ ਲਿਖੀ ਗਈ ਹੈ ਤਾਂ ਦੱਸ
ਸਕਦਾ ਹੈ ਮੈਂ ਉਸ ਵਿਚ ਸੋਧ ਕਰ ਸਕਦਾ ਹਾਂ। ਜੇ ਕਰ ਇਹ ਸਾਰੀਆਂ ਗੱਲਾਂ ਠੀਕ ਹਨ ਤਾਂ ਦੱਸੋ ਫਿਰ
ਧਰਮ ਦੇ ਨਾਮ ਤੇ ਪਖੰਡ ਕਰਨੇ ਕਦੋਂ ਛੱਡਣੇ ਹਨ? ਕਦੋਂ ਉਜੱਡ ਪੁਣੇ ਵਾਲੀਆਂ ਗੱਲਾਂ ਛੱਡਣੀਆਂ ਹਨ?
ਕਦੋਂ ਬਾਣੀ-ਬਾਣੀ ਵਿਚ ਫਰਕ ਕਰਨਾ ਛੱਡਣਾ ਹੈ?
ਮੱਖਣ ਸਿੰਘ ਪੁਰੇਵਾਲ,
ਜਨਵਰੀ 18, 2015.