.

ਭੱਟ ਬਾਣੀ-43

ਬਲਦੇਵ ਸਿੰਘ ਟੋਰਾਂਟੋ

ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ।।

ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ।।

ਲੋਹਉ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ।।

ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ।।

ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ।।

ਸਤਿਗੁਰੂ ਚਰਨ ਜਿਨੑ ਪਰਸਿਆ

ਸੇ ਪਸੁ ਪਰੇਤ ਸੁਰਿ ਨਰ ਭਇਅ।। ੨।। ੬।।

(ਪੰਨਾ ੧੩੯੯)

ਪਦ ਅਰਥ:- ਕਚਹੁ ਕੰਚਨੁ ਭਇਅਉ – ਕੱਚ ਤੋਂ ਸੋਨੇ ਵਰਗਾ ਜੀਵਨ ਹੋ ਗਿਆ। ਸਬਦੁ ਗੁਰ – ਉਸ ਇਕੁ ਦੀ ਬਖ਼ਸ਼ਿਸ਼ ਗਿਆਨ। ਸ੍ਰਵਣਹਿ – ਕੰਨਾਂ ਨਾਲ। ਸੁਣਿਓ – ਸੁਣ ਕੇ ਗ੍ਰਹਿਣ ਕੀਤਾ। ਬਿਖੁ ਤੇ ਅੰਮ੍ਰਿਤੁ ਹੁਯਉ – ਅਗਿਆਨਤਾ ਦੀ ਜ਼ਹਿਰ ਵਰਗੀ ਸੋਚ ਤੋਂ ਹਟ ਕੇ ਅੰਮ੍ਰਿਤ ਵਰਗਾ ਜੀਵਨ ਦੇਣ ਵਾਲਾ ਗਿਆਨ ਪ੍ਰਾਪਤ ਹੋਇਆ। ਨਾਮੁ ਸਤਿਗੁਰ ਮੁਖਿ ਭਣਿਅਉ – ਸੱਚੇ ਸਦੀਵੀ ਸਥਿਰ ਰਹਿਣ ਵਾਲੇ ਨੂੰ ਹੀ ਆਪਣੇ ਮੁਖ ਤੋਂ ਉਚਾਰਿਆ। ਨਾਮੁ – ਸੱਚ। ਸਤਿਗੁਰ – ਸਦੀਵੀ ਸਥਿਰ ਰਹਿਣ ਵਾਲਾ। ਭਣਿਅਉ – ਉਚਾਰਨਾ। ਲੋਹਉ ਹੋਇਉ ਲਾਲੁ – ਸਮਝੋ ਲੋਹੇ ਤੋਂ ਲਾਲ ਹੋ ਗਿਆ। ਸਤਿਗੁਰੁ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਧਾਰੈ – ਧਾਰਨ ਕਰਨਾ, ਅਪਣਾਉਣਾ, ਅਪਣਾਇਆ। ਨਦਰਿ ਸਤਿਗੁਰੁ ਜਦਿ ਧਾਰੈ – ਜਿਨ੍ਹਾਂ ਨੇ ਉਸ ਸੱਚੇ ਸਤਿਗੁਰ ਦੀ ਬਖ਼ਸ਼ਿਸ਼ ਰੂਪ ਨਦਰਿ ਨਾਲ ਗਿਆਨ ਨੂੰ ਜੀਵਨ ਵਿੱਚ ਅਪਣਾਇਆ। ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ – ਜਿਨ੍ਹਾਂ ਨੇ ਗਿਆਨ ਨੂੰ ਗੁਰੂ ਕਹਿਆ ਅਤੇ ਆਪਣੇ ਜੀਵਨ ਵਿੱਚ ਵੀਚਾਰਿਆ, ਉਨ੍ਹਾਂ ਦੇ ਗਿਆਨ ਨੂੰ ਗੁਰੂ ਕਰਕੇ ਜੀਵਨ ਵਿੱਚ ਗੁਰੂ ਕਰਕੇ ਅਪਣਾਉਣ ਨਾਲ ਪੱਥਰ ਤੋਂ ਹੀਰੇ ਵਰਗੇ ਭਾਵ ਵੱਡਮੁੱਲੇ ਹੋ ਗਏ। ਕਾਠਹੁ – ਲੱਕੜ। ਸ੍ਰੀਖੰਡ – ਸੰ: ਚੰਦਨ। ਕਾਠਹੁ ਸ੍ਰੀਖੰਡ – ਚੰਦਨ ਦੀ ਲੱਕੜ। ਸਤਿਗੁਰਿ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ ਦੀ ਰਾਹੀਂ। ਕੀਅਉ – ਕੀਤਾ। ਦੁਖ ਦਰਿਦ੍ਰ – ਅਗਿਆਨਤਾ ਦੀ ਕੰਗਾਲਤਾਈ ਦਾ ਦੁੱਖ। ਤਿਨ ਕੇ – ਜਿਸ ਨਾਲ। ਗਇਅ – ਚਲਾ ਗਿਆ। ਸਤਿਗੁਰੂ ਚਰਨ – ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਰੂਪ ਚਰਣ। ਜਿਨੑ - ਜਿਨ੍ਹਾਂ ਨੇ। ਸੇ – ਉਹ। ਪਸੁ ਪਰੇਤ – ਪਸ਼ੂ ਪ੍ਰੇਤ ਬਿਰਤੀ। ਸੁਰਿ – ਸ੍ਰੇਸ਼ਟ। ਨਰ – ਮਰਦ। ਭਇਅ – ਹੋ ਗਏ।

ਅਰਥ:- ਹੇ ਭਾਈ! ਜਿਨ੍ਹਾਂ ਨੇ ਉਸ ਇਕੁ ਸਰਬ-ਵਿਆਪਕ ਦੇ ਸਬਦੁ ਗੁਰ-ਗਿਆਨ ਦੀ ਬਖ਼ਸ਼ਿਸ਼ ਨੂੰ ਸੁਣ ਕੇ ਗ੍ਰਹਿਣ ਕੀਤਾ, ਉਨ੍ਹਾਂ ਨੂੰ ਅਗਿਆਨਤਾ ਦੀ ਮਾਨਸਿਕ ਤੌਰ `ਤੇ ਖ਼ਤਮ ਕਰ ਦੇਣ ਵਾਲੀ ਜ਼ਹਿਰ ਵਰਗੀ ਸੋਚ ਤੋਂ ਹਟ ਕੇ ਅੰਮ੍ਰਿਤ ਵਰਗਾ ਜੀਵਨ ਦੇਣ ਵਾਲਾ ਗਿਆਨ ਪ੍ਰਾਪਤ ਹੋਇਆ। ਜਿਨ੍ਹਾਂ ਨੂੰ ਗਿਆਨ ਪ੍ਰਾਪਤ ਹੋਇਆ, ਉਨ੍ਹਾਂ ਨੇ ਸਦੀਵੀ ਸਥਿਰ ਰਹਿਣ ਵਾਲੇ ਸੱਚ ਨੂੰ ਹੀ ਆਪਣੇ ਮੁਖ ਤੋਂ ਉਚਾਰਿਆ। ਇਸ ਸੱਚ ਨੂੰ ਸੁਣਨ ਵਾਲਿਆਂ ਨੇ ਜਦੋਂ ਸਤਿਗੁਰ ਦੀ ਬਖ਼ਸ਼ਿਸ਼ ਰੂਪ ਨਦਰਿ ਗਿਆਨ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਤਾਂ ਉਹ ਲੋਹੇ ਤੋਂ ਲਾਲ ਹੋ ਗਏ ਭਾਵ ਉਨ੍ਹਾਂ ਦੇ ਜੀਵਨ ਵਿੱਚ ਨਿਖਾਰ ਆ ਗਿਆ। ਗਿਆਨ ਨੂੰ ਗੁਰੂ ਕਹਿ ਕੇ ਅਪਣਾਉਣ ਅਤੇ ਜੀਵਨ ਵਿੱਚ ਵੀਚਾਰਨ ਵਾਲਿਆਂ ਨੂੰ ਇਹ ਗਿਆਨ ਪਾਹਣ (ਪੱਥਰ) ਤੋਂ ਮਾਣਕ (ਹੀਰਾ) ਕਰ ਦਿੰਦਾ ਹੈ ਭਾਵ ਉਨ੍ਹਾਂ ਦਾ ਜੀਵਨ ਹੀ ਬਦਲ ਜਾਂਦਾ ਹੈ। ਜਿਨ੍ਹਾਂ ਦਾ ਜੀਵਨ ਬਦਲਿਆ, ਉਹ ਚੰਦਨ ਦੀ ਲੱਕੜ ਦੀ ਖ਼ੁਸ਼ਬੂ ਵਾਂਗ ਹੋ ਗਏ ਅਤੇ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਦੀ ਖ਼ੁਸ਼ਬੂ ਨੂੰ ਅੱਗੇ ਕੀਤਾ ਭਾਵ ਵੰਡਿਆ, ਜਿਸ ਨਾਲ ਹੋਰਨਾਂ ਦੀ ਵੀ ਅਗਿਆਨਤਾ ਦੀ ਕੰਗਾਲਤਾਈ ਦਾ ਦੁੱਖ ਦੂਰ ਚਲਾ ਗਿਆ। ਇਸ ਤਰ੍ਹਾਂ ਜਿਨ੍ਹਾਂ ਨੇ ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰੂ ਚਰਨ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ ਰੂਪ ਚਰਨਾਂ ਨੂੰ ਪਰਸਿਆ, ਜੀਵਨ ਵਿੱਚ ਅਪਣਾਇਆ ਭਾਵ ਗਿਆਨ ਦੀਆਂ ਪੈੜਾਂ ਉੱਪਰ ਤੁਰੇ, ਉਹ ਪਸ਼ੂ ਅਤੇ ਪ੍ਰੇਤ ਬਿਰਤੀ ਤੋਂ ਸ੍ਰੇਸ਼ਟ ਮਰਦ ਮਨੁੱਖ ਹੋ ਗਏ।

ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ।।

ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ।।

ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ।।

ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ।।

ਜੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ।।

ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ।। ੩।। ੭।।

(ਪੰਨਾ ੧੩੯੯)

ਪਦ ਅਰਥ:- ਜਾਮਿ – ਜਦੋਂ। ਗੁਰੂ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਜਾਮਿ ਗੁਰੂ ਹੋਇ ਵਲਿ – ਜਦੋਂ ਕਿਸੇ ਮਨੁੱਖ ਨੂੰ ਸਦੀਵੀ ਸਥਿਰ ਰਹਿਣ ਵਾਲੇ ਦੇ ਗਿਆਨ ਦਾ ਵਲਿ ਹੋਏ ਭਾਵ ਗਿਆਨ ਨੂੰ ਜਾਣ ਲਵੇ ਤਾਂ ਉਹ ਕਿਸੇ (ਅਵਤਾਰਵਾਦੀ) ਹੰਕਾਰੀ ਨੂੰ ਮਾਨਤਾ ਨਹੀਂ ਦਿੰਦਾ। ਵਲਿ – ਜਿਵੇਂ ਕਿਸੇ ਕੰਮ ਦਾ ਵੱਲ ਆ ਜਾਣਾ ਭਾਵ ਜਾਣ ਲੈਣਾ। ਧਨਹਿ – ਧੰਨ ਕਹਿਣਾ, ਮਾਨਤਾ ਦੇਣੀ। ਕਿਆ – ਕਿਸੇ ਨੂੰ ਨਹੀਂ। ਕਿਆ – ਨਾ ਵਾਚਕ ਸ਼ਬਦ ਹੈ। ਗਾਰਵੁ – ਹੰਕਾਰੀ ਨੂੰ। ਦਿਜਇ – ਦੇਣਾ। ਲਖ ਬਾਹੇ – ਲੱਖਾਂ ਫ਼ੌਜਾਂ। ਕਿਆ ਕਿਜਇ – ਕੁੱਝ ਨਹੀਂ ਕਰ ਸਕਦੀਆਂ ਭਾਵ ਉਸ ਨੂੰ ਉਸ ਦੇ ਅਕੀਦੇ ਤੋਂ ਡੋਲਾਅ ਨਹੀਂ ਸਕਦੀਆਂ (ਕੋਈ ਹੰਕਾਰੀ ਅਵਤਾਰਵਾਦੀ ਆਪਣੀਆਂ ਫ਼ੌਜਾਂ ਦੇ ਦਬਾਅ ਨਾਲ ਵੀ ਸੱਚੇ ਮਨੁੱਖ ਨੂੰ ਉਸ ਦੇ ਅਕੀਦੇ ਤੋਂ ਡੋਲਾਅ ਨਹੀਂ ਸਕਦਾ)। ਗਿਆਨ ਅਰੁ ਧਿਆਨ – ਸੁਰਤ ਵਿੱਚ ਗਿਆਨ। ਅਰੁ – ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ। ਅਨਨ ਪਰਿ – ਜਿਸ ਦਾ ਧਿਆਨ ਦੂਜੇ ਵਿੱਚ ਨਹੀਂ ਜਾਂਦਾ, ਦੇਖੋ (ਮ: ਕੋਸ਼)। ਅਨਨਪਰ – ਇੱਕ ਪਰਾਇਣ ਜਿਸ ਦਾ ਧਿਆਨ ਦੂਜੇ ਵਿੱਚ ਨਹੀਂ। ਸਬਦੁ – ਉਸ ਦੀ ਬਖ਼ਸ਼ਿਸ਼ ਗਿਆਨ ਦੀ ਸੂਝ। ਸਾਖੀ – ਮਦਦਗਾਰ। ਸੁ – ਉਸ। ਸੁ ਸਚਹ ਘਰਿ – ਉਸ ਸੱਚੇ ਦੇ ਘਰਿ ਵਿੱਚ ਟਿਕ ਜਾਂਦਾ ਹੈ। ਜੋ ਗੁਰੂ ਗੁਰੂ ਅਹਿਨਿਸਿ ਜਪੈ – ਇਸ ਤਰ੍ਹਾਂ ਜੋ ਉਸ ਦੀ ਬਖ਼ਸ਼ਿਸ਼ ਗਿਆਨ ਨੂੰ ਗੁਰੂ ਜਾਣ ਕੇ ਦਿਨ-ਰਾਤ ਆਪਣੇ ਜੀਵਨ ਵਿੱਚ ਜਪੈ-ਜਪਦੇ, ਅਪਣਾਉਂਦੇ ਹਨ। ਦਾਸੁ – ਉਸ ਸੱਚੇ ਦੇ ਦਾਸ। ਭਟੁ – ਉਸਤਤ ਕਰਦੇ ਹਨ। ਬੇਨਤਿ ਕਹੈ – ਪ੍ਰੇਰਨਾ ਕਰਦੇ ਹਨ। ਜੋ ਗੁਰੂ ਨਾਮੁ – ਜੋ ਗਿਆਨ ਗੁਰੂ ਦੇ ਸੱਚ ਨੂੰ ਅਪਣਾ ਕੇ। ਰਿਦ ਮਹਿ ਧਰੈ – ਹਿਰਦੇ ਵਿੱਚ ਟਿਕਾਉਂਦੇ ਹਨ। ਸੇ ਜਨਮ ਮਰਣ ਦਹੁ ਥੇ ਰਹੈ – ਉਹ ਜਮ ਕੇ ਮਰ ਜਾਣ ਵਾਲੇ (ਅਵਤਾਰਵਾਦੀ) ਤੋਂ ਦੂਰ ਰਹਿੰਦੇ ਹਨ।

ਅਰਥ:- ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਦਾ ਵੱਲ (ਢੰਗ) ਹੋ ਜਾਏ ਭਾਵ ਗਿਆਨ ਨੂੰ ਜਾਣ ਲਵੇ ਤਾਂ ਉਹ ਕਿਸੇ (ਅਵਤਾਰਵਾਦੀ) ਹੰਕਾਰੀ ਨੂੰ ਕਿਸੇ ਕਿਸਮ ਦੀ ਮਾਨਤਾ ਨਹੀਂ ਦਿੰਦਾ ਭਾਵ ਰੱਬ ਹੋਣ ਦੀ ਮਾਨਤਾ ਨਹੀਂ ਦਿੰਦਾ। ਜਦੋਂ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਦਾ ਵੱਲ ਹੋ ਜਾਏ ਤਾਂ ਕਿਸੇ (ਅਵਤਾਰਵਾਦੀ) ਹੰਕਾਰੀ ਦੀਆਂ ਲੱਖਾਂ ਫ਼ੌਜਾਂ ਵੀ ਕੁੱਝ ਨਹੀਂ ਕਰ ਸਕਦੀਆਂ ਭਾਵ ਉਸ ਨੂੰ ਉਸ ਦੇ ਅਕੀਦੇ ਤੋਂ ਡੋਲਾਅ ਨਹੀਂ ਸਕਦੀਆਂ। ਜਿਸ ਨੂੰ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਦਾ ਵੱਲ ਹੋ ਜਾਵੇ ਤਾਂ ਉਸ ਦਾ ਗਿਆਨ ਵਿੱਚ ਧਿਆਨ ਹੋਣ ਕਰਕੇ ਧਿਆਨ ਕਿਸੇ ਹੋਰ ਦੂਜੇ (ਅਵਤਾਰਵਾਦੀ) ਵਿੱਚ ਨਹੀਂ ਜਾਂਦਾ। ਜਿਸ ਨੂੰ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਦਾ ਵੱਲ ਹੋ ਜਾਏ, ਉਹ ਉਸ ਦੀ ਬਖ਼ਸ਼ਿਸ਼ ਗਿਆਨ ਦੀ ਸੂਝ ਨਾਲ ਸੱਚ ਘਰ ਵਿੱਚ ਟਿਕ ਜਾਂਦਾ ਹੈ। ਇਹ ਜੋ ਸੱਚ ਜੀਵਨ ਵਿੱਚ ਪ੍ਰਕਾਸ਼ ਕਰ ਦੇਣ ਵਾਲਾ ਹੈ ਅਤੇ ਜੋ ਇਸ ਜੀਵਨ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਸੱਚ ਨੂੰ ਆਪਣੇ ਜੀਵਨ ਵਿੱਚ ਦਿਨ-ਰਾਤ ਅਭਿਆਸ ਕਰਦੇ ਹਨ, ਉਹ ਉਸ ਸੱਚੇ ਦੇ ਦਾਸ ਉਸ ਸੱਚੇ ਦੀ ਹੀ ਆਪ ਉਸਤਤ ਕਰਦੇ ਅਤੇ ਉਹ ਹੋਰਨਾਂ ਨੂੰ ਵੀ ਇਹ ਹੀ ਪ੍ਰੇਰਨਾ ਕਰਦੇ ਹਨ (ਤਾਂ ਜੋ ਹੋਰ ਲੋਕ ਵੀ ਦੇਹਧਾਰੀ ਅਵਤਾਰਵਾਦੀਆਂ ਦੇ ਚੁੰਗਲ ਤੋਂ ਬਚ ਸਕਣ)। ਇਸ ਤਰ੍ਹਾਂ ਜੋ ਗਿਆਨ ਗੁਰੂ ਦੇ ਸੱਚ ਨੂੰ ਅਪਣਾ ਕੇ ਹਿਰਦੇ ਵਿੱਚ ਟਿਕਾਉਂਦੇ ਹਨ, ਉਹ ਜੰਮ ਕੇ ਮਰ ਜਾਣ ਵਾਲੇ (ਅਵਤਾਰਵਾਦੀ ਦੇਹਧਾਰੀ) ਪਖੰਡੀਆਂ ਤੋਂ ਦੂਰ ਰਹਿੰਦੇ ਹਨ।




.