ਕੈਲੰਡਰ ਵਿਵਾਦ ਪਿਛੇ ਲੁਕਿਆ ਸੱਚ
ਸਰਵਜੀਤ ਸਿੰਘ ਸੈਕਰਾਮੇਂਟੋ
17 ਨਵੰਬਰ 2014 ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਿਆ ਕੈਲੰਡਰ ਦਾ ਮੁੱਦਾ ਅਜੇ ਕਿਸੇ
ਤਣ-ਪੱਤਣ ਲਗਦਾ ਵਿਖਾਈ ਨਹੀਂ ਦਿੰਦਾ। ਆਮ ਸੰਗਤਾਂ ਇਸ ਗੁੰਝਲਦਾਰ ਵਿਸ਼ੇ ਪ੍ਰਤੀ ਪੂਰੀ ਤਰ੍ਹਾਂ
ਬੇਪਰਵਾਹ ਹਨ। ਸੰਗਤਾਂ ਦੀ ਇਸੇ ਬੇਪਰਵਾਹੀ ਦਾ ਫਾਇਦਾ ਕੁਝ ਸ਼ਾਤਰ ਲੋਕਾਂ ਵੱਲੋਂ ਉਠਾਇਆ ਜਾ ਰਿਹਾ
ਹੈ। ਇਹ ਵਿਸ਼ਾ ਆਮ ਜਨ ਸਧਾਰਨ ਦਾ ਵਿਸ਼ਾ ਨਹੀਂ ਹੈ। ਇਸੇ ਲਈ ਸੰਗਤਾਂ ਦੀ ਅਗਿਆਨਤਾ ਅਤੇ ਬੇਧਿਆਨੀ ਦਾ
ਫਾਇਦਾ ਉਠਾ ਕੇ ਕਿਸੇ ਗਿਣੀ ਮਿਣੀ ਸਾਜ਼ਿਸ਼ ਤਹਿਤ ਕੁਝ ਵਿਅਕਤੀਆਂ ਵੱਲੋਂ ਗੁਮਰਾਹ ਕੁਨ ਪ੍ਰਚਾਰ ਕੀਤਾ
ਜਾ ਰਿਹਾ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਜਿਉਂ-ਜਿਉਂ ਪ੍ਰਚਾਰ ਰਾਹੀ ਜਨ ਸਧਾਰਨ ਦੀ ਜਾਣਕਾਰੀ
`ਚ ਵਾਧਾ ਹੁੰਦਾ ਗਿਆ ਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਇਕ ਲਹਿਰ ਖੜੀ ਹੋ ਗਈ ਹੈ। ਜਿਸ ਦੀ
ਪ੍ਰਤੱਖ ਮਿਸਾਲ ਹੈ 1 ਜਨਵਰੀ ਨੂੰ ਅਕਾਲ ਤਖਤ ਸਾਹਿਬ ਤੇ, ਭਾਈ ਪੰਥ ਪ੍ਰੀਤ ਸਿੰਘ ਦੀ ਅਗਵਾਈ ਵਿਚ
ਹੋਇਆ ਬੇਮਿਸਾਲ ਇਕੱਠ। ਇਹ ਪ੍ਰਚਾਰ ਦਾ ਹੀ ਨਤੀਜਾ ਹੈ ਕਿ ਇਸ ਵਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ ਦਸੰਬਰ 2009 ਦੀ ਤਰ੍ਹਾਂ ਆਪਣੇ ਸਿਆਸੀ ਮਾਲਕਾਂ ਦੇ ਮਾਲਕਾਂ ਨੂੰ ਖੁਸ਼ ਕਰਨ ਲਈ, ਬੁੱਕਲ `ਚ
ਭੇਲੀ ਨਹੀ ਭੰਨ ਸਕੀ।
ਪਿਛਲੇ ਦਿਨੀਂ ਈ-ਮੇਲ ਰਾਹੀ ਇਕ ਸੱਜਣ ਦਾ ਸੁਨੇਹਾ ਮਿਲਿਆ। ਜਿਸ ਵਿਚ ਬੈਲਜੀਅਮ ਵਾਸੀ ਬੀਬੀ ਅਮਰਜੀਤ
ਕੌਰ ਵੱਲੋਂ ਗੁਰਚਰਨਜੀਤ ਸਿੰਘ ਲਾਂਬਾ ਦੇ ਸਵਾਲ, “ਅਗਲਾ ਕਦਮ ਕੀ ਹੋਣਾ ਚਾਹੀਦਾ ਹੈ?” ਦਾ
ਜਵਾਬ ਦਰਜ ਸੀ। ਪਾਠਕਾਂ ਦੀ ਜਾਣਕਾਰੀ ਲਈ ਉਸ ਪੱਤਰ ਦੇ ਮੁਖ ਅੰਸ਼ ਇਸ ਤਰ੍ਹਾਂ ਹਨ, “ਆਪ ਚੰਗਾ ਉੱਦਮ
ਕਰ ਰਹੇ ਹੋ। ਆਪ ਨੇ ਅਗਲਾ ਕਦਮ ਪੁੱਛਿਆ ਹੈ, ਪਹਿਲਾਂ ਇੱਕ ਹੰਭਲਾ ਸੱਚ ਨੂੰ ਪ੍ਰਗਟ ਕਰਨ ਵਾਸਤੇ ਰਲ
ਮਿਲ ਕੇ ਹੋਰ ਮਾਰਨਾ ਚਾਹੀਦਾ ਹੈ। ਹਰ ਸਮਝਦਾਰ ਬੰਦਾ ਪੁਰੇਵਾਲ ਦੇ ਝੂਠ ਨੂੰ ਸਮਝਦਾ ਹੈ।
ਜੇਕਰ ਫਿਰ ਵੀ ਲੋਕ ਨਾਂ ਸਮਝਣ ਤਾਂ ਸੰਤ ਸਮਾਜ ਨੂੰ ਪੰਜਾਬ ਤੋਂ ਬਾਹਰਲੇ
ਦੋ ਤਖ਼ਤਾਂ ਨਾਲ ਮਿਲ ਕੇ ਆਪਣਾ ਵੱਖਰਾ ਬਿਕਰਮੀ ਕੈਲੰਡਰ ਜਾਰੀ ਕਰ ਦੇਣਾ ਚਾਹੀਦਾ ਹੈ। ਪਰ
ਇੱਕ ਮੌਕਾ ਜਰੂਰ ਹੋਰ ਦੇ ਕੇ ਲੋਕਾਂ ਨੂੰ ਬਿਕਰਮੀ ਕੈਲੰਡਰ ਦੇ ਫਾਇਦੇ ਅਤੇ ਨਾਨਕਸ਼ਾਹੀ ਦੇ
ਨੁਕਸਾਨਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਨਾਨਕਸ਼ਾਹੀ ਕੈਲੰਡਰ ਨੂੰ ਅਪਨਾ ਕੇ ਸਿੱਖ ਇਤਿਹਾਸ ਨੂੰ
ਮਿਥਹਾਸ ਨਹੀਂ ਬਨਾਉਣਾ ਚਾਹੀਦਾ, ਉਹਨਾਂ ਲੋਕਾਂ ਦੀ ਖਾਲਸੇ ਨਾਲ ਕੋਈ ਏਕਤਾ ਨਹੀਂ ਹੋ ਸਕਦੀ ਜੋ
ਸਿੱਖ ਕੌਮ ਉਪਰ ਘਾਤਕ ਹਮਲੇ ਕਰ ਰਹੇ ਹਨ।... ਅੱਜ ਤੱਕ ਇਸ ਨੂੰ ਬਾਦਲ ਨਾਲ ਹੀ ਜੋੜ ਕੇ ਵੇਖਿਆ ਗਿਆ
ਹੈ। ਜੋ ਬਾਦਲ ਨੇ ਕਰਨਾ ਹੈ, ਬਾਦਲ ਵਿਰੋਧੀਆਂ ਨੇ ਉਸ ਤੋਂ ਉਲਟ ਕਰਨਾ ਹੈ। ਸੋ ਸੱਚ ਦਾ ਪ੍ਰਚਾਰ
ਹੋਣਾ ਚਾਹੀਦਾ ਹੈ ਕਿ ਪੁਰੇਵਾਲ ਦੇ ਇਰਾਦੇ ਕੀ ਹਨ। ਝੂਠੀਆਂ ਸੰਗਰਾਂਦਾਂ, ਮਨਮਰਜ਼ੀ ਦੀਆਂ
ਗੁਰਪੁਰਬਾਂ ਦੀਆਂ ਮਿਤੀਆਂ, ਜੋਤੀ ਜੋਤ ਅਤੇ ਗੁਰਗੱਦੀ ਦਿਵਸ ਇਤਿਹਾਸ ਤੋਂ ਉਲਟ ਇਕੋ ਦਿਨ ਮਨਾਉਣੇ,
ਨਾਨਕਸ਼ਾਹੀ ਕੈਲੰਡਰ ਦਾ ਟਰੌਪੀਕਲ ਹੋਣ ਕਰਕੇ ਰੁੱਤਾਂ ਨੂੰ ਛੱਡ ਜਾਣਾ ਆਦਿ”।
ਬੀਬੀ ਅਮਰਜੀਤ ਕੌਰ ਦੇ ਪੱਤਰ ਦਾ ਸਾਰ ਅੰਸ਼, ਜਿਵੇ ਕਿ ਉਨ੍ਹਾਂ ਦੀ ਅਸਲ ਲਿਖਤ ਤੋਂ ਸਪੱਸ਼ਟ ਹੈ
ਕਿ ਨਾਨਕਸ਼ਾਹੀ ਕੈਲੰਡਰ ਵਿੱਚ ਤਿੰਨ ਮੁਖ ਊਣਤਾਈਆਂ ਹਨ। ਝੂਠੀਆਂ ਸੰਗਰਾਦਾਂ, ਗੁਰਪੁਰਬਾਂ ਦੀਆ ਗਲਤ
ਤਰੀਖਾਂ ਅਤੇ ਨਾਨਕਸ਼ਾਹੀ ਕੈਲੰਡਰ ਦਾ ਟਰੌਪੀਕਲ ਹੋਣ ਕਰਕੇ ਰੁਤਾਂ ਦਾ ਸਥਿਰ ਨਾ ਰਹਿਣਾ।
ਆਓ ਇਨ੍ਹਾਂ ਨੁਕਤਿਆਂ ਦੀ ਕਰਮ ਵਾਰ ਵਿਚਾਰ ਕਰੀਏ;
1. ਝੂਠੀਆਂ ਸੰਗਰਾਂਦਾਂ:-
ਸੰਕ੍ਰਾਂਤਿ: ਸੰ. ਸੰਗ੍ਯਾ- ਉਹ ਦਿਨ, ਜਿਸ ਦਿਨ ਸੂਰਜ ਨਵੀਂ ਰਾਸ਼ਿ ਪੁਰ ਸੰਕ੍ਰਮਣ ਕਰੇ.
ਸੂਰਜ ਮਹੀਨੇ ਦਾ ਪਹਿਲਾ ਦਿਨ. ਪਹਿਲਾ ਪ੍ਰਵਿਸ਼ਟਾ। (ਮਹਾਨ ਕੋਸ਼)
ਸੰਗ੍ਰਾਂਦ ਸਬੰਧੀ ਪੋ ਸਾਹਿਬ ਸਿੰਘ ਜੀ ਲਿਖਦੇ ਹਨ, “ਸੰਗ੍ਰਾਂਦ; ਲਫ਼ਜ਼ ਸੰਗ੍ਰਾਂਦ ਸੰਸਕ੍ਰਿਤ ਦੇ
ਸਾਂਕ੍ਰਾਂਤ ਦਾ ਵਿਗਾੜ ਹੈ, ਇਸ ਦਾ ਅਰਥ ਹੈ, ‘ਸੂਰਜ ਦਾ ਇਕ ਰਾਸਿ ਤੋਂ ਦੂਜੀ ਰਾਸਿ ਵਿਚ ਲੰਘਣਾ’।
...“ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰਾਂ ਮਹੀਨਿਆਂ ਦਾ ਸੰਬੰਧ ਸੂਰਜ ਦੀ ਚਾਲ ਦੇ ਨਾਲ ਹੈ। ਹਰ
ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੂਰਜ ਇਕ ‘ਰਾਸਿ’ ਨੂੰ ਛੱਡ ਕੇ ਦੂਜੀ ‘ਰਾਸਿ’ ਵਿਚ ਪੈਰ ਧਰਦਾ
ਹੈ। ਬਾਰਾਂ ਮਹੀਨੇ ਹਨ ਤੇ ਬਾਰਾਂ ਹੀ ਰਾਸਾਂ ਹਨ। ਜੋ ਲੋਕ ਸੂਰਜ ਦੇਵਤੇ ਦੇ ਉਪਾਸ਼ਕ ਹਨ, ਉਹਨਾਂ ਲਈ
ਹਰੇਕ‘ ਸੰਗ੍ਰਾਂਦ’ਦਾ ਦਿਨ ਪਵਿੱਤਰ ਹੈ ਕਿਉਂਕਿ ਉਸ ਦਿਨ ਸੂਰਜ-ਦੇਵਤਾ ਇਕ ‘ਰਾਸਿ’ ਨੂੰ ਛੱਡ ਕੇ
ਦੂਜੀ ਵਿਚ ਆਉਂਦਾ ਹੈ। ਉਸ ਦਿਨ ਖ਼ਾਸ ਉਚੇਚਾ ਪੂਜਾ-ਪਾਠ ਕੀਤਾ ਜਾਂਦਾ ਹੈ, ਤਾਂ ਜੋ ਸੂਰਜ-ਦੇਵਤਾ ਉਸ
ਨਵੀਂ ‘ਰਾਸਿ’ ਵਿਚ ਰਹਿ ਕੇ ਉਪਾਸ਼ਕ ਲਈ ਸਾਰਾ ਮਹੀਨਾ ਚੰਗਾ ਲੰਘਾਏ”। (ਬੁਰਾਈ ਦਾ ਟਾਕਰਾ, ਪੰਨਾ
125)
ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਵਿਚ 12 ਮਹੀਨੇ ਹਨ (ਚੇਤ, ਵੈਸਾਖ, ਜੇਠ, ਹਾੜ, ਸਾਵਣ, ਭਾਦੋਂ,
ਅੱਸੂ, ਕੱਤਕ, ਮੱਘਰ ਪੋਹ, ਮਾਘ, ਫੱਗਣ) ਅਤੇ 12 ਹੀ ਰਾਸ਼ਿਆਂ ਹਨ। (ਮੀਨ, ਮੇਖ, ਬ੍ਰਿਖ, ਮਿਥੁਨ,
ਕਰਕ, ਸਿੰਘ, ਕੰਨਿਆ, ਤੁਲਾਂ, ਬ੍ਰਿਸ਼ਚਕ, ਧਨ, ਮਕਰ, ਕੁੰਭ) ਸੂਰਜ ਇਕ ਰਾਸ਼ੀ ਵਿਚ ਇਕ ਮਹੀਨਾ
ਰਹਿੰਦਾ ਹੈ। ਜਿਸ ਦਿਨ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ‘ਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗ੍ਰਾਂਦ
ਹੁੰਦੀ ਹੈ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਰਾਸ਼ੀਆਂ ਕੁਦਰਤ ਨੇ ਬਣਾਇਆ ਹਨ ਜਾਂ ਇਹ ਕਿਸੇ ਸ਼ਾਤਰ
ਦਿਮਾਗ ਦੀ ਕਾਢ ਹੈ? ਹੁਣ ਤਾਂ ਤੇਰਵੀਂ ਰਾਸ਼ੀ ‘ਆਫਿਓਕਸ’ ਦੀ ਚਰਚਾ ਵੀ ਚਲ ਪਈ ਹੈ। ਸੋ ਸਪੱਸ਼ਟ ਹੈ
ਕਿ ਰਾਸ਼ੀਆਂ ਵਾਲਾ ‘ਮੱਕੜ ਜਾਲ’ ਕੁਦਰਤੀ ਨਹੀਂ ਹੈ।
ਗੁਰੂ ਕਾਲ ਵੇਲੇ ਇੰਡੀਆ ਵਿਚ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਪ੍ਰਚੱਲਤ ਸੀ। ਵਿਦਵਾਨਾਂ ਵੱਲੋਂ
ਇਸ ਸਾਲ ਦੀ ਲੰਬਾਈ 365 ਦਿਨ 6 ਘੰਟੇ 12 ਮਿੰਟ 36 ਸੈਕਿੰਡ (365.2587 ਦਿਨ) ਮੰਨੀ ਗਈ ਹੈ।
ਨਵੰਬਰ 1964 ਵਿਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕ ਇਕੱਤਰਤਾ ਹੋਈ ਜਿਸ ਵਿਚ ਸਾਲ ਦੀ ਲੰਬਾਈ ‘ਚ
ਸੋਧ ਕਰਨ ਬਾਰੇ ਚਰਚਾ ਹੋਈ ਕੀਤੀ ਗਈ ਸੀ।
“ਅੰਮ੍ਰਿਤਸਰ-19 ਨਵੰਬਰ- ਅਖਿਲ ਭਾਰਤੀਯ ਵੈਦ ਸਰਵਸ਼ਾਖਾ ਸਮੇਲਨ (ਸਾਤਵਾਂ) ਕੇ ਜ਼ੇਰ ਏ ਇਹਤਮਾਮ
ਜੋਤਿਸ਼ ਕੇ ਇਸ ਮੌਜ਼ੂ ਪਰ ਯੇਹ ਫੈਸਲਾ ਕਰਨੇ ਕੇ ਲੀਏ ਦਿਲਚਸਪ ਸ਼ਾਸਤਰਾਰਥ ਹੂਆ ਕਿ ਦਰਿਕ ਪਕਸ਼ ਕੋ
ਦਰੁਸਤ ਮਾਨਨਾ ਚਾਹੀਏ ਯਾ ਸੌਰ ਪਕਸ਼ ਕੋ ਦਰੁਸਤ ਮਾਨਨਾ ਚਾਹੀਏ। ਦਰਿਕ ਪਕਸ਼ ਕਾ ਸਮਰਥਨ ਮੌਜ਼ਾ ਕੁਰਾਲੀ
ਜ਼ਿਲਾ ਅੰਬਾਲਾ ਕੇ ਦੋ ਨੌਜਵਾਨ ਵਿਦਵਾਨ ਸ਼੍ਰੀ ਪਿਰਯਾਵਰਤ, ਐਮ ਏ, ਪਰੋਫੈਸਰ ਸੰਸਕ੍ਰਿਤ ਕਾਲਜ, ਸੋਲਨ
ਔਰ ਸ਼੍ਰੀ ਸ਼ਕਤੀ ਧਰ,ਐਮ ਐਸ ਸੀ ਕਰ ਰਹੇ ਥੇ। ਔਰ ਸੌਰ ਪਕਸ਼ ਕਾ ਸਮਰਥਨ ਜਗਤ ਗੁਰੂ ਸ਼ੰਕਰਾਚਾਰੀਯਾ
ਗੋਵਰਧਨ ਮੱਠ ਪੂਰੀ ਵਾ ਸ਼੍ਰੀ ਰਾਮ ਵਿਆਸ ਪਾਂਡੇ ਕਰ ਰਹੇ ਥੇ। ਸ਼ਾਸਤਰਾਰਥ ਕੇ ਦੌਰਾਨ ਏਕ ਸਮਯ ਪਰ
ਦ੍ਰਿਕ ਪਕਸ਼ ਕੇ ਹਕ ਮੇਂ ਦਲਾਯਲ ਸੁਨ ਕਰ ਜਗਤ ਗੁਰੂ ਭੀ ਚਕਿਰਤ ਰਹਿ ਗਏ। ਚੁਨਾਂਚੇ ਦਰਿਕ ਪਕਸ਼
ਵਾਲੋਂ ਕਾ ਪਲੜਾ ਭਾਰੀ ਰਹਾ”।
ਇਸ ਸੰਮੇਲਨ ‘ਚ ਸਾਲ ਦੀ ਨਵੀਂ ਲੰਬਾਈ 365 ਦਿਨ 6 ਘੰਟੇ 12 ਮਿੰਟ 36 ਸੈਕਿੰਡ ਤੋਂ ਘਟਾ ਕੇ 365
ਦਿਨ 6 ਘੰਟੇ 9 ਮਿੰਟ 10 ਸੈਕਿੰਡ (365.2563 ਦਿਨ) ਮੰਨ ਲਈ ਗਈ ਅਤੇ ਇਸ ਨੂੰ ‘ਦ੍ਰਿਕਗਿਣਤ’ ਦਾ
ਸਿਧਾਂਤ ਕਿਹਾ ਜਾਂਦਾ ਹੈ। ਅੱਜ ਵੀ ਇੰਡੀਆ ਵਿਚ ਇਹ ਦੋਵੇਂ ਸਿਧਾਂਤ ਪ੍ਰਚੱਲਤ ਹਨ। ਦੋਵਾਂ
ਸਿਧਾਂਤਾਂ ਅਨੁਸਾਰ ਬਣੇ ਕੈਲੰਡਰਾਂ ਵਿੱਚ, ਸਾਲ ਦੀ ਲੰਬਾਈ `ਚ ਕੁਝ ਮਿੰਟਾਂ ਦਾ ਅੰਤਰ ਹੋਣ ਕਾਰਨ
ਪਿਛਲੇ 50 ਸਾਲਾਂ ਵਿੱਚ ਤਿੰਨ-ਚਾਰ ਸੰਗਰਾਦਾਂ `ਚ ਇਕ ਦਿਨ ਦਾ ਫਰਕ ਪੈ ਚੁੱਕਾ ਹੈ ਅਤੇ ਉਹ ਦਿਨ
ਦੂਰ ਨਹੀਂ ਜਦੋਂ ਬਾਰਾਂ ਦੀਆ ਬਾਰਾਂ ਸੰਗਰਾਦਾਂ ਹੀ ਵੱਖ ਹੋ ਜਾਣਗੀਆਂ ਤਾਂ ਸੱਚੀ ਸੰਗਰਾਦ ਅਤੇ
ਝੂਠੀ ਸੰਗਰਾਦ ਦੀ ਪਰਖ ਕਿਵੇਂ ਕੀਤੀ ਜਾਵੇਗੀ? ਬਿਕ੍ਰਮੀ 2072 ਸੰਮਤ ਵਿੱਚ ਤਿੰਨ ਸੰਗਰਾਦਾਂ (ਚੇਤ,
ਕੱਤਕ ਅਤੇ ਮੱਘਰ) ਵਿੱਚ ਇਕ ਦਿਨ ਦਾ ਫਰਕ ਹੈ। ਦ੍ਰਿਕਗਿਣਤ ਸਿਧਾਂਤ ਮੁਤਾਬਕ ਚੇਤ ਦੀ ਸੰਗਰਾਂਦ
14 ਮਾਰਚ ਨੂੰ ਪਰ ਸੂਰਜੀ ਸਿਧਾਂਤ ਮੁਤਾਬਕ ਚੇਤ ਦੀ ਸੰਗਰਾਦ 15 ਮਾਰਚ ਨੂੰ ਹੈ। ਹੁਣ ਇਨ੍ਹਾਂ `ਚ
ਸੱਚੀ ਸੰਗਰਾਦ ਕਿਹੜੀ ਅਤੇ ਕਿਵੇਂ ਹੈ? ਇਥੇ ਹੀ ਵੱਸ ਨਹੀ, ਆਓ ਸੱਚੀ ਸੰਗਰਾਂਦ ਦਾ ਇਕ ਹੋਰ
ਨਮੂਨਾ ਵੇਖੀਏ। ਮੇਰੇ ਪਾਸ ਪੰਜਾਬੀ `ਚ ਛਪੀਆਂ ਦੋ ਜੰਤਰੀਆਂ ਹਨ, ‘ਬਿਕ੍ਰਮੀ ਤਿੱਥ ਪੱਤ੍ਰਕਾ’ ਅਤੇ
‘ਮੁਫੀਦ ਆਲਮ ਜੰਤਰੀ’। ਬਿਕ੍ਰਮੀ ਤਿੱਥ ਪੱਤ੍ਰਕਾ ਮੁਤਾਬਕ ਚੇਤ, ਮੀਨ ਰਾਸ਼ੀ ਵਿਚ 4.33 ਵਜੇ ਦਾਖਲ
ਹੋਵੇਗਾ ਪਰ ਮੁਫੀਦ ਆਲਮ ਜੰਤਰੀ ਮੁਤਾਬਕ 5.18 ਵਜੇ। ਦੋਵਾਂ ਜੰਤਰੀਆਂ ਵਿੱਚ ਬਾਰਾਂ ਦੀਆਂ ਬਾਰਾਂ
ਰਾਸ਼ੀਆਂ ਵਿੱਚ ਸੂਰਜ ਦੇ ਪ੍ਰਵੇਸ਼ ਕਰਨ ਦਾ ਸਮਾ ਵੱਖ-ਵੱਖ ਹੈ। ਹੁਣ ਸੱਚੀ-ਝੂਠੀ ਸੰਗਰਾਦ ਦਾ ਨਿਰਨਾ
ਕਿਵੇਂ ਕੀਤਾ ਜਾਵੇ? ਅੱਜ ਸ਼੍ਰੋਮਣੀ ਕਮੇਟੀ ਵੱਲੋਂ 1964 ਦੀ ਸੋਧ ਮੁਤਾਬਕ ਆਪਣੇ ਕੈਲੰਡਰ ਵਿੱਚ
ਸੱਚੀਆਂ ਸੰਗਰਾਦਾਂ (?) ਦਰਜ ਕੀਤੀਆਂ ਜਾਂਦੀਆਂ ਹਨ। ਬੀਬੀ ਅਮਰਜੀਤ ਕੌਰ ਜੀ, ਤੁਹਾਨੂੰ 1964
ਵਿੱਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਤਾ ਪ੍ਰਵਾਨ ਹੈ ਪਰ 2003 ਵਿੱਚ ਸਿੱਖ ਵਿਦਵਾਨਾਂ
ਵੱਲੋਂ ਕੀਤੀ ਗਈ ਸੋਧ ਤੇ ਇਤਰਾਜ਼! ਅਜੇਹਾ ਕਿਓ ?
2. ਮਨਮਰਜ਼ੀ ਦੀਆਂ ਗੁਰਪੁਰਬਾਂ ਦੀਆਂ ਮਿਤੀਆਂ:-
ਮੰਨ ਲਓ! ਕਿ ਨਾਨਕਸ਼ਾਹੀ ਕੈਲੰਡਰ ਵਿੱਚ ਕੋਈ ਇਤਿਹਾਸਕ ਤਾਰੀਖ ਗਲਤ ਹੈ ਤਾ ਕੀ ਉਹ
ਰੌਲਾ ਪਾਉਣ ਨਾਲ ਠੀਕ ਹੋ ਜਾਵੇਗੀ? ਕੁਝ ਸੱਜਣਾ ਵੱਲੋਂ ਬੜੇ ਮਾਣ ਨਾਲ ਇਹ ਗੱਲ ਆਖੀ ਜਾਂਦੀ ਹੈ ਕਿ
ਮੈਂ 1999 ਦੀ ਮੀਟਿੰਗ ਵਿੱਚ ਆਹ ਕਿਹਾ ਸੀ, ਮੈਂ ਉਹ ਕਿਹਾ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਉਹ
ਸੱਜਣ ਪਿਛਲੇ 16 ਸਾਲਾਂ ਵਿਚ ਵੀ ਲਿਖਤੀ ਤੌਰ ਤੇ ਇਕ ਵੀ ਤਾਰੀਖ ਨੂੰ ਗਲਤ ਸਾਬਿਤ ਕਰਕੇ, ਸਹੀ
ਤਾਰੀਖ ਪੇਸ਼ ਨਹੀਂ ਕਰ ਸਕੇ। ਜੇ ਉਹ 20 ਸਾਲ ਹੋਰ ਵੀ ਰੌਲਾ ਪਾਈ ਜਾਣ ਤਾ ਵੀ ਕੋਈ ਤਾਰੀਖ ਗਲਤ
ਸਾਬਿਤ ਨਹੀ ਹੋਣੀ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਗਲਤ ਤਾਰੀਖਾਂ ਦੀ ਸੂਚੀ ਪੇਸ਼ ਕਰਨ ਦੇ
ਨਾਲ-ਨਾਲ ਸਹੀ ਤਾਰੀਖਾਂ ਦੀ ਸੂਚੀ ਵੀ ਪੇਸ਼ ਕਰਨ ਤਾ ਜੋ ਵਿਦਵਾਨਾਂ ਵੱਲੋਂ ਪੜਤਾਲ ਕੀਤੀ ਜਾ ਸਕੇ।
ਮਾਰਚ 2010 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਗਿਆ
ਸੀ। ਉਸ ਵਿਚ ਵੀ ਇਕ ਦਿਨ ਵਿਚ ਚਾਰ-ਚਾਰ ਦਿਹਾੜੇ (16 ਅਪ੍ਰੈਲ, 16 ਸਤੰਬਰ) ਇਕੱਠੇ ਹਨ। ਕੀ ਇਹ
ਠੀਕ ਹਨ? ਜੇ ਇਕ ਦਿਨ ਵਿਚ ਧੁਮੱਕੜਸ਼ਾਹੀ ਕੈਲੰਡਰ ਵਿੱਚ ਦਰਜ ਚਾਰ-ਚਾਰ ਦਿਹਾੜਿਆਂ ਤੇ ਕੋਈ ਇਤਰਾਜ਼
ਨਹੀ ਹੈ ਤਾਂ ਨਾਨਕਸ਼ਾਹੀ ਕੈਲੰਡਰ ਤੇ ਇਤਰਾਜ਼ ਕਿਓ? ਜੇ ਧੁਮੱਕੜਸ਼ਾਹੀ ਕੈਲੰਡਰ ਵਿੱਚ ਇਤਿਹਾਸਕ
ਦਿਹਾੜਿਆਂ ਦੀਆ ਤਾਰੀਖਾਂ ਗਲਤ ਹਨ ਤਾਂ ਪਿਛਲੇ 5 ਸਾਲਾਂ ਵਿੱਚ ਬੀਬੀ ਅਮਰਜੀਤ ਕੌਰ ਸਮੇਤ,
ਨਾਨਕਸ਼ਾਹੀ ਕੈਲੰਡਰ ਦਾ ਕੋਈ ਵੀ ਵਿਰੋਧੀ ਬੋਲਿਆ ਕਿਉਂ ਨਹੀ? ਬੀਬੀ ਅਮਰਜੀਤ ਕੌਰ ਜੀ, ਧੁਮੱਕੜਸ਼ਾਹੀ
ਕੈਲੰਡਰ, ਜਿਸ ਵਿਚ 7 ਦਿਹਾੜੇ ਚੰਦਰ ਸੂਰਜੀ (354.37 ਦਿਨ) ਬਿਕ੍ਰਮੀ ਮੁਤਾਬਕ, ਕੁਝ ਦਿਹਾੜੇ
ਸੂਰਜੀ ਬਿਕ੍ਰਮੀ (365.2563 ਦਿਨ) ਮੁਤਾਬਕ, ਸੰਗਰਾਂਦ ਦ੍ਰਿਕਗਿਣਤ ਸਿਧਾਂਤ ਮੁਤਾਬਕ ਪਰ ਅੰਗਰੇਜੀ
ਤਾਰੀਖਾਂ ਨਾਨਕਸ਼ਾਹੀ ਵਾਲੀਆਂ (ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 9 ਮੱਘਰ / 24 ਨਵੰਬਰ), ਕੁਝ
ਦਿਹਾੜੇ ਸੀ: ਈ: ਕੈਲੰਡਰ (365.2425 ਦਿਨ) ਮੁਤਾਬਕ ਹਨ, ਦੀਆ ਖ਼ਾਮੀਆਂ ਅਤੇ ਨੁਕਸਾਂ ਬਾਰੇ
ਪਿਛਲੇ 5 ਸਾਲਾਂ `ਚ ਇਕ ਵੀ ਅੱਖਰ ਨਾ ਲਿਖਣਾ, ਤੁਹਾਡੇ ਸਮੇਤ ਤੁਹਾਡੇ ਜਥੇ ਦੀ ਇਮਾਨਦਾਰੀ ਨੂੰ
ਸ਼ੱਕੀ ਬਣਾ ਦਿੰਦਾ ਹੈ।
3. ਨਾਨਕਸ਼ਾਹੀ ਕੈਲੰਡਰ ਦਾ ਟਰੌਪੀਕਲ ਹੋਣ ਕਰਕੇ ਰੁੱਤਾਂ ਨੂੰ ਛੱਡ
ਜਾਣਾ
ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਬਿਕ੍ਰਮੀ ਸਾਲ ਅਤੇ
ਰੁੱਤੀ ਸਾਲ ਦੀ ਲੰਬਾਈ ਵਿਚ ਲੱਗ ਭੱਗ 24 ਮਿੰਟ (ਸੂਰਜੀ ਸਿਧਾਂਤ) ਦਾ ਫਰਕ ਹੈ। ਜਿਸ ਕਾਰਨ ਇਕ
ਕੈਲੰਡਰ ਵਿਚ ਰੁੱਤਾਂ ਸਥਿਰ ਨਹੀ ਰਹਿੰਦਿਆਂ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਦਾ ਮਤ ਹੈ ਕਿ
ਨਾਨਕਸ਼ਾਹੀ ਕੈਲੰਡਰ ਵਿੱਚ ਰੁੱਤਾਂ ਸਥਿਰ ਨਹੀਂ ਰਹਿਣੀਆਂ। ਬੀਬੀ ਅਮਰਜੀਤ ਕੌਰ ਲਿਖਦੇ ਹਨ, “ਜੋ ਡਰ
ਪੈਦਾ ਕੀਤਾ ਗਿਆ ਹੈ ਕਿ ਬਿਕਰਮੀ ਕੈਲੰਡਰ, ਰੁੱਤਾਂ ਦਾ ਸਾਥ ਛੱਡ ਰਿਹਾ ਹੈ, ਬਿਲਕੁਲ ਗਲਤ ਹੈ,
ਟਰੌਪੀਕਲ ਕੈਲੰਡਰ ਭਾਵ ਨਾਨਕਸ਼ਾਹੀ ਛੱਡ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਬਿਲਕੁਲ ਲਾਗੂ ਨਹੀਂ ਹੋਣਾ
ਚਾਹੀਦਾ... ਕਿਉਂਕਿ ਗਰੀਗੌਰੀਅਨ ਕੈਲੰਡਰ ਬਿਕਰਮੀ ਕੈਲੰਡਰ ਦੀ ਤਰ੍ਹਾਂ ਟਿਕਿਆ ਹੋਇਆ ਨਹੀਂ ਹੈ”
ਆਦਿ। ਜਦੋਂ ਕਿ ਸਚਾਈ ਇਸ ਦੇ ਉਲਟ ਹੈ ਆਓ ਵੇਖੀਏ ਕਿਵੇਂ;
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ (ਪੰਨਾ 1108)
ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪਾਵਨ ਪੰਗਤੀ (ਬਾਰਹਮਾਹ, ਤੁਖਾਰੀ) ਦੇ ਅਰਥ ਫਰੀਦਕੋਟੀ ਟੀਕੇ
ਮੁਤਾਬਕ, “ਬਹੁੜੋ ਜਬ ਅਸਾੜ ਮਹੀਨੇ ਮੈਂ ਸੂਰਜ ਕਾ ਰੱਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋ
ਹੋਤਾਂ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੌ ਤਕਤੀ ਹੈ ਔਰ ਉਜਾੜੋਂ ਕੇ ਬੀਚ ਬਿੰਡੇ ਬੋਲਤੇ
ਹੈ”।
“ਜਿਸ ਵੇਲੇ ਸੂਰਜ ਦਾ ਰਥ ਹਾੜ ੧੩ ਨੂੰ ਦਖਨੇਣ ਦੀ ਤਰਫ਼ ਫਿਰ ਜਾਂਦਾ ਹੈ ਤਾਂ ਧਨ=ਇਸ ਤੇ ਮੁਸਾਫਰ
ਬ੍ਰਿਛਾ ਦੀ ਛਾਇਆ ਤਾਕੇ-ਤੱਕਦੇ ਹਨ ਅਤੇ ਟਿਡੁ- ਬਿੰਡੇ, ਬਾਹੇ =ਉਜਾੜ ਮੰਝਿ ਲਵੇ=ਖੋਲਦੇ ਹਨ।
(ਸੰਪਰਦਾਈ ਟੀਕਾ- ਕਿਰਪਾਲ ਸਿੰਘ) ਇਸੇ ਪੰਨੇ ਦੇ ਅਖੀਰ ਤੇ ਇਕ ਨੋਟ ਹੈ – “ਜਿਸ ਵੇਲੇ ਹਾੜ 13 ਨੂੰ
ਸੂਰਜ ਦਾ ਰਥ ਦਖਨੇਣ ਹੁੰਦਾ ਹੈ ਤਾਂ ਸ੍ਵਰਗ ਦੇ ਬੂਹੇ ਬੰਦ ਹੁੰਦੇ ਹਨ, ਜਿਸ ਵੇਲੇ ੯ ਪੋਹ ਨੂੰ
ਸੂਰਜ ਦਾ ਰਥ ਉਤਰੇਣ ਹੁੰਦਾ ਹੈ ਤਾਂ ਸ੍ਵਰਗ ਦੇ ਬੂਹੇ ਖੁਲ੍ਹ ਜਾਂਦੇ ਹੈ। ਇਸੇ ਕਾਰਨ ਕਰਕੇ ਜੋਗੀ
ਸਮੇਂ ਦਾ ਵਿਚਾਰ ਕਰ ਕੇ ਪ੍ਰਾਣ ਤਿਆਗਦੇ ਹਨ ਇਹ ਪੁਰਾਣਕ ਅਨੁਸਾਰ ਹੈ”। ਇਸ ਟਿੱਪਣੀ ਵਿਚ ਰਥ ਫਿਰਨ
ਦਿਆ ਦੋ ਤਾਰੀਖਾਂ ( 13 ਹਾੜ ਅਤੇ 9 ਪੋਹ) ਦਿੱਤੀਆਂ ਹੋਈਆਂ ਹਨ । ਹੁਣ ਸਵਾਲ ਪੈਦਾ ਹੁੰਦਾ ਹੈ ਕਿ
ਇਨ੍ਹਾਂ ਤਾਰੀਖਾਂ ਅਨੁਸਾਰ ਰੱਥ ਕਦੋਂ ਫਿਰਿਆ ਸੀ? ਕਿਹਾ ਜਾਂਦਾ ਹੈ ਇਸ ਸੰਪਰਦਾਈ ਟੀਕੇ ਵਿਚ ਉਹ
ਦਰਜ ਅਰਥ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਪੜਾਏ ਸਨ । ਇਸ ਲਈ ਇਹ
ਤਾਰੀਖਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀਆ ਹਨ।
ਉਪ੍ਰੋਕਤ ਪਾਵਨ ਪੰਗਤੀ ਦਾ ਭਾਵ ਹੈ ਕਿ ਜਦੋਂ ਸੂਰਜ ਵੱਧ ਤੋਂ ਵੱਧ ਉਤਰ ਵੱਲ ਗਿਆ ਹੁੰਦਾ ਹੈ ਦਿਨ
ਵੱਡੇ ਤੋਂ ਵੱਡਾ ਹੁੰਦਾ ਹੈ ਅਤੇ ਇਕ ਖਾਸ ਸਮੇਂ ਤੇ ਸੂਰਜ ਵਾਪਸ ਦੱਖਣ ਨੂੰ ਮੁੜਦਾ ਹੈ ਅਤੇ ਦਿਨ
ਛੋਟਾ ਹੋਣਾ ਅਰੰਭ ਹੋ ਜਾਂਦਾ ਹੈ ਇਸ ਨੂੰ ਸੂਰਜ ਦਾ ਰੱਥ ਫਿਰਨਾ ਕਹਿੰਦੇ ਹਨ। ਪੰਜਾਬ ਵਿਚ ਇਸ ਦਿਨ
ਵਰਖਾ ਰੁਤ ਦਾ ਅਰੰਭ ਮੰਨਿਆ ਜਾਂਦਾ ਹੈ। ਗਰੈਗੋਰੀਅਨ ਕੈਲੰਡਰ ਮੁਤਾਬਕ ਇਹ ਘਟਨਾ 21 ਜੂਨ ਨੂੰ ਕਿਸੇ
ਵੇਲੇ ਵਾਪਰਦੀ ਹੈ। ਸੰਪਰਦਾਈ ਟੀਕੇ ਵਿਚ ਦਰਜ ਤਾਰੀਖਾਂ ਦੀ ਜਦੋਂ ਪੜਤਾਲ ਕੀਤੀ ਤਾਂ 13 ਹਾੜ 1756
ਬਿਕ੍ਰਮੀ ਦੀ ਤਾਰੀਖ, 11 ਜੂਨ ਜੂਲੀਅਨ ਮੁਤਾਬਕ 21 ਜੂਨ ਗਰੈਗੋਰੀਅਨ (1699 ਈ) ਨੂੰ ਵੱਡੇ ਤੋਂ
ਵੱਡਾ ਦਿਨ ਸੀ। ਭਾਵ ਰਥ ਫਿਰਿਆ ਸੀ। ਪਰ 9 ਪੋਹ ਦੀ ਤਾਰੀਖ ਠੀਕ ਨਹੀ ਹੈ ਉਸ ਸਾਲ 12 ਪੋਹ, 11
ਦਸੰਬਰ ਜੂਲੀਅਨ ਮੁਤਾਬਕ 21 ਦਸੰਬਰ ਗਰੈਗੋਰੀਅਨ (1699 ਈ) ਨੂੰ ਛੋਟੇ ਤੋਂ ਛੋਟਾ ਦਿਨ ਸੀ। ਖੈਰ,
ਆਪਾ ਹਾੜ ਦੀ ਤਾਰੀਖ ਦੀ ਪੜਤਾਲ ਕਰਨੀ ਹੈ। ਅੱਜ ਵੀ ਇਹ ਸਚਾਈ ਹੈ ਕਿ ਉਤਰੀ ਅਰਧ ਗੋਲੇ ਵਿਚ 21 ਜੂਨ
ਨੂੰ ਜਦ ਸੂਰਜ ਵੱਧ ਤੋਂ ਵੱਧ ਉਤਰ ਵੱਲ ਹੁੰਦਾ ਹੈ ਤਾਂ ਦਿਨ ਵੱਡੇ ਤੋਂ ਵੱਡਾ ਹੁੰਦਾ ਹੈ। ਇਸ ਦਿਨ
ਸੂਰਜ ਕਿਸੇ ਵੇਲੇ ਵਾਪਸ ਦੱਖਣ ਨੂੰ ਮੁੜ ਪੈਦਾ ਹੈ ਅਤੇ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ।
ਸੰਮਤ 1526 ਬਿਕ੍ਰਮੀ (1469ਈ:) ਵਿਚ ਰੱਥ 16 ਹਾੜ (12 ਜੂਨ ਜੂਲੀਅਨ ਮੁਤਾਬਕ 21 ਜੂਨ
ਗਰੈਗੋਰੀਅਨ) ਦਿਨ ਸੋਮਵਾਰ ਨੂੰ ਫਿਰਿਆ ਸੀ। ਉਪਰ ਆਪਾ ਵੇਖ ਆਏ ਹਾਂ ਕਿ 1756 ਬਿਕ੍ਰਮੀ (1699 ਈ:)
ਵਿਚ ਰੱਥ 13 ਹਾੜ (11 ਜੂਨ ਜੂਲੀਅਨ ਮੁਤਾਬਕ 21 ਜੂਨ ਗਰੈਗੋਰੀਅਨ) ਦਿਨ ਐਤਵਾਰ ਨੂੰ ਫਿਰਿਆ ਸੀ।
ਸੰਮਤ 2056ਬਿਕ੍ਰਮੀ (1999ਈ:) ਵਿਚ ਰੱਥ 7 ਹਾੜ (21 ਜੂਨ ਗਰੈਗੋਰੀਅਨ) ਦਿਨ ਸੋਮਵਾਰ ਨੂੰ ਫਿਰਿਆ
ਸੀ। ਅੱਜ ਤੋਂ 500 ਸਾਲ ਭਾਵ ਸੰਮਤ 2572 ਬਿ: (2515 ਈ:) ਨੂੰ ਰੱਥ 30 ਜੇਠ ਦਿਨ ਸ਼ੁੱਕਰਵਾਰ ਨੂੰ
ਫਿਰੇਗਾ ਅਤੇ 3057 ਬਿ: (3000 ਈ:) ਰੱਥ 22 ਜੇਠ ਦਿਨ ਸ਼ਨਿਚਰਵਾਰ ਨੂੰ ਫਿਰੇਗਾ। ਹੁਣ ਸਵਾਲ ਪੈਦਾ
ਹੁੰਦਾ ਹੈ ਕਿ ਸੰਮਤ 2575 ਬਿਕ੍ਰਮੀ ਤੋਂ ਪਿਛੋਂ ਇਹ ਪੰਗਤੀ ‘ਰਥੁ ਫਿਰੈ
ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ’ ਤਾਂ ਹਾੜ ਦੇ ਮਹੀਨੇ `ਚ ਪੜੀ ਜਾਵੇਗੀ ਪਰ ਰੱਥ
ਤਾਂ ਜੇਠ ਦੇ ਮਹੀਨੇ (ਸੂਰਜੀ ਸਿਧਾਂਤ ਮੁਤਾਬਕ) ਫਿਰ ਚੁਕਾ ਹੋਵੇਗਾ। ਦੂਜੇ ਪਾਸੇ ਨਾਨਕਸ਼ਾਹੀ
ਕੈਲੰਡਰ ਮੁਤਾਬਕ ਨਾਨਕਸ਼ਾਹੀ ਸੰਮਤ 530 (1999 ਈ:) ਵਿਚ ਵੀ ਰੱਥ 7 ਹਾੜ ਨੂੰ ਫਿਰਿਆ ਸੀ।
ਨਾਨਕਸ਼ਾਹੀ ਸੰਮਤ 1030 (2499 ਈ:) ਵਿਚ ਵੀ ਰੱਥ 7 ਹਾੜ ਨੂੰ ਫਿਰੇਗਾ ਅਤੇ ਨਾਨਕਸ਼ਾਹੀ ਸੰਮਤ 1530
(2999 ਈ:) ਵਿਚ ਵੀ ਰੱਥ 7 ਹਾੜ ਨੂੰ ਫਿਰੇਗਾ।
ਬੀਬੀ ਅਮਰਜੀਤ ਕੌਰ ਜੀ ਹੁਣ ਤੁਸੀਂ ਇਹ ਜਾਣਕਾਰੀ ਦਿਓ ਕਿ ਰੁੱਤਾਂ ਕਿਸ ਕੈਲੰਡਰ `ਚ ਸਥਿਰ
ਰਹਿਣਗੀਆਂ, ਨਾਨਕਸ਼ਾਹੀ ਵਿੱਚ ਜਾਂ ਬਿਕ੍ਰਮੀ (ਸੂਰਜੀ ਸਿਧਾਂਤ) ਵਿਚ? ਤੁਸੀਂ ਲਿਖਿਆ ਹੈ,, “ਜੋ ਡਰ
ਪੈਦਾ ਕੀਤਾ ਗਿਆ ਹੈ ਕਿ ਬਿਕਰਮੀ ਕੈਲੰਡਰ, ਰੁੱਤਾ ਦਾ ਸਾਥ ਛੱਡ ਰਿਹਾ ਹੈ, ਬਿਲਕੁਲ ਗਲਤ ਹੈ,
ਟਰੌਪੀਕਲ ਕੈਲੰਡਰ ਭਾਵ ਨਾਨਕਸ਼ਾਹੀ ਛੱਡ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਬਿਲਕੁਲ ਲਾਗੂ ਨਹੀਂ ਹੋਣਾ
ਚਾਹੀਦਾ... ਕਿਉਂਕਿ ਗਰੀਗੌਰੀਅਨ ਕੈਲੰਡਰ ਬਿਕਰਮੀ ਕੈਲੰਡਰ ਦੀ ਤਰ੍ਹਾਂ ਟਿਕਿਆ ਹੋਇਆ ਨਹੀਂ ਹੈ”।
ਬੀਬੀ ਅਮਰਜੀਤ ਕੌਰ ਜੀ ਤੁਸੀਂ ਕਿਸ ਸਾਜ਼ਿਸ਼ ਤਹਿਤ ਲਿਖਤੀ ਰੂਪ ਵਿੱਚ ਗਲਤ ਬਿਆਨੀਆ ਕਰ ਰਹੇ ਹੋ? ਆਮ
ਸੰਗਤਾਂ ਦੀ ਇਸ ਵਿਸ਼ੇ ਸਬੰਧੀ ਅਗਿਆਨਤਾ ਦਾ ਫਾਇਦਾ ਉਠਾ ਕੇ ਸਰਾਸਰ ਝੂਠ ਲਿਖਣਾ ਕੀ ਤੁਹਾਨੂੰ ਸੋਭਾ
ਦਿੰਦਾ ਹੈ?
ਬੀਬੀ ਅਮਰਜੀਤ ਕੌਰ ਜੀ, ਤੁਸੀਂ ਆਪਣੇ ਪੱਤਰ ਵਿੱਚ ਕੈਲੰਡਰ ਵਿਵਾਦ ਦੇ
ਹਲ ਲਈ ਗੁਰਚਰਨਜੀਤ ਸਿੰਘ ਲਾਂਬਾ ਦੇ ਸਵਾਲ, “ਅਗਲਾ ਕਦਮ ਕੀ ਹੋਣਾ ਚਾਹੀਦਾ ਹੈ? ਦੇ ਜਵਾਬ ਵਿੱਚ ਇਕ
ਸੁਝਾਓ ਦਿੱਤਾ ਹੈ, “ਜੇਕਰ ਫਿਰ ਵੀ ਲੋਕ ਨਾਂ ਸਮਝਣ ਤਾਂ ਸੰਤ ਸਮਾਜ ਨੂੰ ਪੰਜਾਬ ਤੋਂ ਬਾਹਰਲੇ ਦੋ
ਤਖ਼ਤਾਂ ਨਾਲ ਮਿਲ ਕੇ ਆਪਣਾ ਵੱਖਰਾ ਬਿਕਰਮੀ ਕੈਲੰਡਰ ਜਾਰੀ ਕਰ ਦੇਣਾ ਚਾਹੀਦਾ ਹੈ”। ਇਹ
ਲਿਖਤੀ ਸੁਝਾਓ ਦੇ ਕੇ ਤੁਸੀਂ ਆਪਣੇ ਡੁਰਲੀ ਜੱਥੇ ਦੇ ਇਰਾਦੇ ਜਾਹਿਰ ਕਰ ਦਿੱਤੇ ਹਨ। ਇਸ ਲਈ ਤੁਹਾਡਾ
ਬਹੁਤ-ਬਹੁਤ ਧੰਨਵਾਦ। ਜਾਗਰੂਕ ਸਿਖਾਂ ਨੂੰ ਤਾਂ ਬਹੁਤ ਪਹਿਲਾਂ ਦਾ ਪਤਾ ਸੀ ਕਿ ਪਰਦੇ ਦੇ ਪਿਛੇ
ਕੀ-ਕੀ ਸਾਜ਼ਿਸ਼ਾਂ ਹੋ ਰਹੀਆਂ ਹਨ ਪਰ ਹੁਣ ਤੁਹਾਡੇ ਵੱਲੋਂ ਲਿਖਤੀ ਰੂਪ ਵਿਚ ਇਕਬਾਲ ਕਰ ਲੈਣ ਨਾਲ ਆਮ
ਸਿੱਖ ਸੰਗਤ ਦਾ ਭੁਲੇਖਾ ਵੀ ਦੁਰ ਹੋ ਗਿਆ ਹੈ। ਅੱਜ ਮੀਡੀਏ ਦਾ ਯੁਗ ਹੋਣ ਕਰਕੇ ਕੋਈ ਗੱਲ ਗੁੱਝੀ
ਨਹੀਂ ਰਹਿੰਦੀ। ਜਾਗਰੂਕ ਧਿਰਾਂ ਜਾਣਦੀਆਂ ਹਨ 2003 ਵਿੱਚ ਕੈਲੰਡਰ ਦਾ ਵਿਰੋਧ ਕਿੰਨ੍ਹਾਂ ਵੱਲੋਂ
ਕੀਤਾ ਗਿਆ ਸੀ, 2010 ਵਿੱਚ ਉਨ੍ਹਾਂ ਨੇ ਹੀ ‘ਰਾਸ਼ਟਰੀ ਸੰਤ ਸਮਾਜ’ ਰਾਹੀ ਨਾਨਕਸ਼ਾਹੀ ਕੈਲੰਡਰ ਦੀ
ਰੂਹ ਦਾ ਕਤਲ ਕਰਵਾਇਆ ਸੀ। ਉਨ੍ਹਾਂ ਸ਼ਕਤੀਆਂ ਨੇ ਅੱਜ ਇਸ ਨੂੰ ਪੱਕੇ ਤੌਰ ਤੇ ਹੀ ਖਤਮ ਕਰਨ ਅਤੇ
ਸਿੱਖਾਂ ਨੂੰ ਮੁੜ ਵਦੀ-ਸੁਦੀ ਦੇ ਮੱਕੜ ਜਾਲ਼ `ਚ ਉਲਝਾਉਣ ਲਈ ਆਪਣੇ ਕਰਿੰਦਿਆਂ (ਰਾਸ਼ਟਰੀ ਸੰਤ
ਸਮਾਜ) ਰਾਹੀ ਆਖਰੀ ਹੱਲਾ ਬੋਲ ਦਿੱਤਾ ਹੈ।

ਬੀਬੀ ਅਮਰਜੀਤ ਕੌਰ ਜੀ, ਕਰੋ ਦਰਸ਼ਨ ਪੰਜਾਬ ਤੋਂ ਬਾਹਰਲੇ ਦੋ ਤਖ਼ਤਾਂ ਦੇ
ਜੱਥੇਦਾਰਾਂ ਦੇ। ਜਿਨ੍ਹਾਂ ਨਾਲ ਮਿਲ ਕੇ ਤੁਸੀਂ ਬਿਕ੍ਰਮੀ ਕੈਲੰਡਰ ਜਾਰੀ ਕਰਨ ਦਾ ਸੁਜਾਓ ਦੇ ਰਹੇ
ਹੋ। ‘ਰਾਸ਼ਟਰੀ ਸਿੱਖ ਸੰਗਤ’ ਦੇ ਸਹਿਯੋਗੀ ਮੈਂਬਰਾਂ ਦੀ ਸੂਚੀ ਵਿੱਚ ਇਕਬਾਲ ਸਿੰਘ ਦਾ ਨਾਮ
3 ਨੰਬਰ ਤੇ ਅਤੇ ਕੁਲਵੰਤ ਸਿੰਘ ਦਾ ਨੰਬਰ 4 ਉੱਤੇ ਦਰਜ ਹੈ। ‘ਰਾਸ਼ਟਰੀ ਸੰਤ ਸਮਾਜ’ ਦੇ ਮੌਜੂਦਾ
ਮੁਖੀ ਦੇ ਵੱਡ-ਵਡੇਰੇ ਦਾ ਨਾਮ ਉਸ ਸੂਚੀ ਵਿੱਚ 8 ਨੰਬਰ ਤੇ ਦਰਜ ਹੈ। ਭਾਵੇ ਇਹ ਸੂਚੀ ਅੱਜ ‘ਸੰਗਤ
ਸੰਸਾਰ’ ਦੀ ਵੈਬ ਸਾਈਟ ਤੋਂ ਹਟਾ ਦਿੱਤੀ ਗਈ ਹੈ ਪਰ ਬਹੁਤ ਸਾਰੇ ਪੰਥ ਦਰਦੀਆਂ ਨੇ ਇਹ ਸੂਚੀ ਸਾਂਭੀ
ਹੋਈ ਹੈ। ਤੁਹਾਡੇ ਇਸ ਇਕਬਾਲੀਆ ਬਿਆਨ ਨੇ ਕੈਲੰਡਰ ਵਿਵਾਦ ਦੇ ਪਿਛੇ ਲੁਕੇ ਹੋਏ ਸੱਚ ਪ੍ਰਗਟ ਕਰਕੇ
ਆਮ ਸੰਗਤਾਂ ਦੇ ਸ਼ੱਕ-ਸ਼ਬ੍ਹੇ ਵੀ ਦੂਰ ਕਰ ਦਿੱਤੇ ਹਨ।
“ਜੇ ਕੋਈ ਹੋਰ ਚਾਰਾ ਨਹੀ ਚਲਦਾ ਤਾਂ, ਤਾਂ ਸੰਤ
ਸਮਾਜ ਨੂੰ ਪੰਜਾਬ ਤੋਂ ਬਾਹਰਲੇ ਦੋ ਤਖ਼ਤਾਂ ਨਾਲ ਮਿਲ ਕੇ ਆਪਣਾ ਵੱਖਰਾ ਬਿਕਰਮੀ ਕੈਲੰਡਰ ਜਾਰੀ ਕਰ
ਦੇਣਾ ਚਾਹੀਦਾ ਹੈ”। ਬੀਬੀ ਅਮਰਜੀਤ ਕੌਰ ਜੀ, ਤੁਹਾਨੂੰ ਅਤੇ ਤੁਹਾਡੇ ਕੋੜਮੇ ਨੂੰ ਬਹੁਤ-ਬਹੁਤ
ਵਧਾਈਆਂ, ਬਹੁਤ ਤੇਜੀ ਨਾਲ ਵਾਪਰ ਰਹੀਆਂ ਘਟਨਾਵਾਂ ਤੋਂ ਤਾਂ ਲਗਦਾ ਹੈ ਕਿ ਪੰਜਾਬ ਵਾਲੇ ਤਿੰਨ ਵੀ
ਤੁਹਾਡੇ ਹੱਕ `ਚ ਹੀ ਭੁਗਤਣਗੇ। ਹੁਣ ਤਾਂ ਤੁਹਾਡੀਆਂ ਪੰਜੇ ਹੀ ਘਿਓ `ਚ ਹਨ।