.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜਨਤਾ ਦੀ ਜ਼ਿੰਮੇਵਾਰੀ

ਵਿਆਹ-ਸ਼ਾਦੀ, ਜੰਮਣਾ-ਮਰਣਾ, ਸਰਕਾਰੀ-ਅਰਧ ਸਰਕਾਰੀ, ਕੋਈ ਵੀ ਇਕੱਠ ਹੋਵੇ ਜਾਨੀ ਕਿ ਜਿੱਥੇ ਵੀ ਦੋ ਚਾਰ ਮਨੁੱਖ ਬੈਠੇ ਹੋਣ ਓੱਥੇ ਅਕਸਰ ਇਹੋ ਹੀ ਗੱਲਾਂ ਚਲਦੀਆਂ ਰਹਿੰਦੀਆਂ ਹਨ ਕਿ ਜੀ ਸਰਕਾਰ ਬਹੁਤ ਮਾੜੀ ਹੈ, ਸਰਕਾਰ ਕਰਦੀ ਕੁੱਝ ਨਹੀਂ, ਸਰਕਾਰ ਲੁੱਟ ਕੇ ਖਾ ਗਈ ਹੈ ਸਾਰੇ ਸੂਬੇ ਨੂੰ, ਸੜਕਾਂ ਟੁੱਟੀਆਂ ਹਨ, ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ। ਦੇਖੋ ਜੀ ਫਲਾਣੇ ਮਹਿਕਮੇ ਵਿੱਚ ਏੰਨੇ ਕ੍ਰੋੜ ਦਾ ਗਬਨ ਹੋਇਆ ਪਿਆ ਹੈ, ਅਜੇ ਤੱਕ ਗ੍ਰਿਫ਼ਤਾਰੀ ਕੋਈ ਨਹੀਂ ਹੋਈ। ਕਈ ਕਈ ਸਾਲ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਹੋਇਆਂ ਪੁਛ-ਪੜਤਾਲ ਹੁੰਦੀ ਰਹਿੰਦੀ ਹੈ, ਪਰ ਸਜਾ ਕਦੇ ਕਿਸੇ ਨੂੰ ਨਹੀਂ ਹੋਈ। ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਹਰ ਬੰਦਾ ਰੋਜ਼ ਰੌਲ਼ਾ ਪਾਉਂਦਾ ਰਹਿੰਦਾ ਹੈ, ਪਰ ਜਦੋਂ ਵੋਟਾਂ ਦਾ ਸਮਾਂ ਆਂਉਂਦਾ ਹੈ ਤਾਂ ਸਾਡੀ ਸੂਈ ਫਿਰ ਘਸੇ ਪੁਰਾਣੇ ਲੀਡਰਾਂ `ਤੇ ਹੀ ਟਿਕਦੀ ਹੈ। ਨਤੀਜਾ ਇਹ ਨਿਕਲਦਾ ਹੈ, ਕਿ ਉਹੀ ਆਦਮੀ ਮੁੜ ਕੇ ਸਾਡਾ ਲੀਡਰ ਚੁਣਿਆਂ ਜਾਂਦਾ ਹੈ। ਬੇਰੁਜ਼ਗਾਰੀ, ਮਹਿੰਗਾਈ, ਰਿਸ਼ਵਤ ਖੋਰ ਬਾਬੂ, ਦਫ਼ਤਰਾਂ ਦੀ ਖਜ-ਖ਼ੁਆਰੀ, ਹਸਪਤਾਲਾਂ ਵਿੱਚ ਲਹਿੰਦੀ ਛਿੱਲ ਤੇ ਮਹਿੰਗੀ ਪੜ੍ਹਾਈ ਦੇਖ ਕੇ ਹਰ ਮਨੁੱਖ ਅਵਾਜਾਰ ਤਾਂ ਹੈ ਪਰ ਕਰ ਕੁੱਝ ਨਹੀਂ ਸਕਦਾ। ਸਿਰਫ ਮਨ ਦੀ ਭੜਾਸ ਕੱਢਣ ਲਈ ਜਾਂ ਗੱਲਾਂ ਦਾ ਸਵਾਦ ਲੈਣ ਲਈ ਅਸੀਂ ਲੀਡਰਾਂ ਨੂੰ ਕੋਸਦੇ ਰਹਿੰਦੇ ਹਾਂ, ਆਪਣੀ ਬਣਦੀ ਜ਼ਿੰਮੇਵਾਰੀ ਅਸਾਂ ਕਦੀ ਵੀ ਨਹੀਂ ਨਿਭਾਈ। ਸਰਕਾਰੀ ਤੰਤਰ ਜਾਂ ਰਾਜਨੀਤਿਕ ਪਾਰਟੀਆਂ ਨੂੰ ਕੋਸਣ ਦੀ ਬਜਾਏ ਜਨਤਾ ਨੂੰ ਖ਼ੁਦ ਵੀ ਸਵੈ ਪੜਚੋਲ ਕਰਨੀ ਚਾਹੀਦੀ ਹੈ। ਵੋਟ ਖਰੀਦਣ ਦੀ ਗੰਦੀ ਰਾਜਨੀਤੀ ਤੋਂ ਉੱਪਰ ਉਠ ਕੇ ਤੇ ਬਿਨ ਪੱਖ-ਪਾਤ ਦੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਹੀਦਾ ਹੈ।

ਜਿੱਥੇ ਜਨਤਾ ਆਪਣੇ ਹੱਕ ਮੰਗਦੀ ਹੈ ਓੱਥੇ ਇਸ ਨੂੰ ਆਪਣੇ ਫ਼ਰਜ਼ਾਂ ਦੀ ਪਹਿਚਾਣ ਵੀ ਹੋਣੀ ਚਾਹੀਦੀ ਹੈ। ਜੇ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲਏ ਤਾਂ ਨੁਕਸਾਨ ਕਬੂਤਰ ਦਾ ਹੀ ਹੋਣਾ ਹੈ। ਇੰਜ ਲੱਗਦਾ ਹੈ ਜਿਵੇਂ ਜਨਤਾ ਆਪਣੇ ਫ਼ਰਜ਼ਾਂ ਦੀ ਪਹਿਚਾਣ ਕਰਨੀ ਭੁੱਲ ਗਈ ਹੋਵੇ। ਗੁਰੂ ਨਾਨਕ ਸਾਹਿਬ ਜੀ ਨੇ ਜਨਤਾ ਦੀ ਕਮਜ਼ੋਰ ਕੜੀ ਦਾ ਜ਼ਿਕਰ ਕਰਦਿਆ ਇੱਕ ਨੁਕਤਾ ਰੱਖਿਆ ਹੈ ਕਿ ਜਨਤਾ ਕੋਲ ਗਿਆਨ ਦੀ ਕਮੀ ਹੈ ਜਿਸ ਵਾਸਤੇ ਇਹ ਆਪਣੇ ਫ਼ਰਜ਼ ਭੁੱਲ ਜਾਂਦੀ ਹੈ-ਅੰਧੀ ਦੁਨੀਆ ਸਾਹਿਬੁ ਜਾਣੁ।। ਅਤੇ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ।।

ਕਹਿੰਦੇ ਨੇ ਇੱਕ ਦਿਨ ਗਧੇ ਨੇ ਆਪਣੇ ਮਾਲਕ ਪਾਸੋਂ ਪੁਛਿਆ, ਕਿ “ਜਨਾਬ ਸਾਹਮਣੇ ਵਾਲੀ ਇਮਾਰਤ ਵਿੱਚ ਬੜੇ ਪਿਆਰੇ ਬੱਚੇ ਟਹਿਕਦੇ ਚਹਿਕਦੇ ਦਿਸਦੇ ਹਨ ਇਹ ਏੱਥੇ ਕੀ ਕਰਨ ਆਉਂਦੇ ਹਨ”। ਅੱਗੋਂ ਗਧੇ ਦੇ ਮਾਲਕ ਨੇ ਉੱਤਰ ਦਿੱਤਾ, ਕਿ “ਇਹ ਬੱਚੇ ਵਿਦਿਆ ਪੜ੍ਹਨ ਲਈ ਆਉਂਦੇ ਹਨ”। ਗੱਧੇ ਨੇ ਅਗਲਾ ਸਵਾਲ ਕਰ ਦਿੱਤਾ, ਕਿ “ਹੇ ਮੇਰੇ ਜਾਨੀ ਮਾਲਕ ਇਹ ਵਿਦਿਆ ਹਾਸਲ ਕਰਕੇ ਕੀ ਕਰਨਗੇ”? ਅੱਗੋਂ ਮਾਲਕ ਨੇ ਸਹਿਜ ਸੁਭਾਅ ਉੱਤਰ ਦਿੱਤਾ, ਕਿ “ਪਿਆਰੇ ਗਧੇ ਇਹ ਬੱਚੇ ਵਿਦਿਆ ਹਾਸਲ ਕਰਕੇ ਆਪਣੇ ਹੱਕਾਂ ਦੀ ਰਾਖੀ ਕਰਨਗੇ ਅਜ਼ਾਦੀ ਵਾਲੀ ਜ਼ਿੰਦਗੀ ਜਿਉਣਗੇ ਅਤੇ ਲੋਕਾਂ ਤੇ ਰਾਜ ਕਰਨਗੇ”। ਗਧੇ ਨੂੰ ਸਮਝ ਲੱਗੀ ਕਿ ਵਿਦਿਆ ਹਾਸਲ ਕਰਨ ਨਾਲ ਫਿਰ ਕਿਸੇ ਨੂੰ ਕੋਈ ਮੁਥਾਜਗੀ ਨਹੀਂ ਰਹਿੰਦੀ। ਫਿਰ ਗਧੇ ਨੇ ਬੜੀਆਂ ਆਸਾਂ ਨਾਲ ਆਪਣੇ ਮਾਲਕ ਅੱਗੇ ਅਰਜੋਈ ਕੀਤੀ, ਕਿ “ਜਨਾਬ ਮੈਨੂੰ ਵੀ ਏੱਥੇ ਦਾਖਲ ਕਰਾ ਦਿਓ ਤਾਂ ਕਿ ਮੇਰੀ ਵੀ ਜੂਨ ਸੁਧਰ ਜਾਏਗੀ”। ਅੱਗੋਂ ਮਾਲਕ ਨੇ ਬਣਾ ਸਵਾਰ ਕੇ ਉੱਤਰ ਦਿੱਤਾ, ਕਿ “ਗਧੇ ਵੀਰ ਜੇ ਮੈਂ ਤੈਨੂੰ ਸਕੂਲ ਵਿੱਚ ਦਾਖਲ ਕਰਾ ਦਿਆਂ ਤਾਂ ਤੂੰ ਮੇਰੇ ਕੰਮ ਦਾ ਨਹੀਂ ਰਹਿਣਾ। ਵਿਦਿਆ ਦੀ ਘਾਟ ਕਰਕੇ ਹੀ ਤੂੰ ਮੇਰਾ ਭਾਰ ਢੋਅ ਰਿਹਾਂ ਏਂ? ਜਿਸ ਦਿਨ ਤੈਨੂੰ ਇਹ ਸੋਝੀ ਆ ਗਈ ਓਸੇ ਦਿਨ ਤੂੰ ਮੇਰੇ ਕਿਸੇ ਕੰਮ ਦਾ ਨਹੀਂ ਰਹਿਣਾ। ਇਹ ਸਾਰਾ ਭਾਰ ਮੈਨੂੰ ਆਪ ਢੋਣਾ ਪੈਣਾ ਏਂ। ਫਿਰ ਤੂੰ ਆਪਣੇ ਹੱਕ ਮੰਗਣੇ ਸ਼ੁਰੂ ਕਰ ਦੇਣੇ ਹਨ”।

ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਲਿਖਿਆ ਹੈ “ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਅਲਾਈ”।। ਪਰਜਾ ਪਾਸ ਗਿਆਨ ਦੀ ਘਾਟ ਹੈ ਇਸ ਲਈ ਆਪਣੀ ਗ਼ਰਜ਼ ਦੀ ਪੂਰਤੀ ਲਈ ਆਪਣੇ ਮੂੰਹ ਤੋਂ ਦੂਜੇ ਦੀਆਂ ਝੂਠੀਆਂ ਤਾਰੀਫ਼ਾਂ ਹੀ ਕਰੀ ਜਾ ਰਹੀ ਹੈ। ਉਂਜ ਵੀ ਬੰਦੇ ਦੀ ਇੱਕ ਮਾਨਸਿਕ ਕੰਮਜ਼ੋਰੀ ਹੈ ਜਾਂ ਤਾਂ ਗੁਆਂਢੀਆਂ ਦੀ ਨਿੰਦਿਆ ਸੁਣਨ ਦਾ ਆਦੀ ਹੈ ਤੇ ਜਾਂ ਫਿਰ ਕੇਵਲ ਆਪਣੀ ਤਰੀਫ ਸੁਣ ਕੇ ਖੁਸ਼ ਹੁੰਦਾ ਹੈ।

ਕਹਿਣ ਨੂੰ ਭਾਰਤ ਵਿੱਚ ਲੋਕ ਰਾਜ ਜਨੀ ਕਿ ਲੋਕਾਂ ਦਾ ਆਪਣਾ ਰਾਜ ਹੈ ਜਿਸ ਵਿੱਚ ਇੱਕ ਪਿੰਡ ਦੀ ਪੰਚਾਇਤ ਤੋਂ ਲੈ ਕੇ ਰਾਸ਼ਟਰਪਤੀ ਤਕ ਚੋਣ ਵੋਟਾਂ ਰਾਂਹੀਂ ਹੁੰਦੀ ਹੈ। ਭਾਵ ਲੋਕ ਆਪਣੇ ਨੁਮਾਇੰਦਿਆਂ ਦੀ ਆਪ ਚੋਣ ਕਰਦੇ ਹਨ। ਇੱਕ ਸਾਲ ਵਿੱਚ ਕੋਈ ਨਾ ਕੋਈ ਵੋਟਾਂ ਪਉਣ ਦੀ ਵਾਰੀ ਤੁਰੀ ਹੀ ਰਹਿੰਦੀ ਹੈ। ਇਹਨਾਂ ਵੋਟਾਂ ਦੀ ਵਰਤੋਂ ਨਾਲ ਹੀ ਭਾਰਤ ਵਿੱਚ ਲੋਕ ਰਾਜ ਕਾਇਮ ਹੈ। ਵੋਟ ਪਉਣ ਦੇ ਹੱਕ ਦੀ ਵਰਤੋਂ ਬਹੁਤ ਸਮਝ ਨਾਲ ਕਰਨੀ ਚਾਹੀਦੀ ਹੈ। ਸਾਡੀ ਪਾਈ ਹੋਈ ਵੋਟ ਨਾਲ ਚੰਗਾ ਜਾਂ ਕੁਰੱਪਟ ਬੰਦਾ ਚੁਣਿਆ ਜਾਣਾ ਹੁੰਦਾ ਹੈ। ਸਿਆਣੇ ਕਹਿੰਦੇ ਨੇ ਦਸ ਸੈਕਿੰਟ ਵਿੱਚ ਕੀਤੀ ਹੋਈ ਗਲਤੀ ਨਾਲ ਦਸ ਸਾਲ ਵੀ ਸੰਤਾਪ ਭੋਗਣਾ ਪੈ ਸਕਦਾ ਹੈ। ਪਹਿਲੀ ਗੱਲ ਤਾਂ ਇਹ ਹੈ ਜ਼ਿਆਦਾ ਪੜ੍ਹਿਆ ਲਿਖਿਆ ਵਰਗ ਵੋਟ ਪਉਣ ਦੇ ਅਧਿਕਾਰ ਦੀ ਵਰਤੋਂ ਹੀ ਨਹੀਂ ਕਰਦਾ। ਉਹ ਇਹ ਸਮਝ ਬੈਠਾ ਹੈ ਕਿ ਇਹਨਾਂ ਨੇ ਪੰਜ ਸਾਲ ਲੁੱਟਣਾ ਹੀ ਲੁੱਟਣਾ ਹੈ, ਫਿਰ ਮੈਂ ਐਸੇ ਕੁਰੱਪਟ ਲੀਡਰ ਨੂੰ ਆਪਣੀ ਵੋਟ ਕਿਉਂ ਪਾਵਾਂ? ਉਸ ਦੇ ਸਾਹਮਣੇ ਹਰ ਪਾਰਟੀ ਦਾ ਬੰਦਾ ਕੁਰੱਪਟ ਹੈ। ਕਿਸੇ ਵਿਦਵਾਨ ਨੇ ਠੀਕ ਲਿਖਿਆ ਹੈ—ਕਿ ਅਜੇਹਾ ਵਰਗ ਆਪਣੀ ਵੋਟ ਦੀ ਵਰਤੋਂ ਨਾ ਕਰਕੇ ਕੁਰੱਪਟ ਲੀਡਰਾਂ ਦੀ ਚੋਣ ਦਾ ਰਾਹ ਪੱਧਰਾ ਕਰਦਾ ਨਜ਼ਰ ਆਉਂਦਾ ਹੈ। ਕਿਸੇ ਗੁਰਦੁਆਰੇ ਦੇ ਪ੍ਰਧਾਨ ਦੀ ਚੋਣ ਹੋਣ ਲੱਗੀ ਸੀ ਤਾਂ ਸਿਆਣੇ ਲੋਕ ਇਹ ਕਹਿ ਕੇ ਆਪਣੇ ਘਰਾਂ ਨੂੰ ਚਲੇ ਕਿ ਅਸਾਂ ਕੀ ਲੈਣਾ ਹੈ ਅਜੇਹੇ ਝੰਜਟ ਤੋਂ। ਪਿੱਛੇ ਉਹ ਲੋਕ ਰਹਿ ਗਏ ਜਿਨ੍ਹਾਂ ਨੂੰ ਗੁਰਦੁਆਰੇ ਦੇ ਮਹੱਤਵ ਦਾ ਗਿਆਨ ਨਹੀਂ ਸੀ। ਉਹਨਾਂ ਲੋਕਾਂ ਨੇ ਆਪਣਾ ਉੱਲੂ ਵਰਗਾ ਪ੍ਰਧਾਨ ਫਿਰ ਚੁਣ ਲਿਆ। ਇਸ ਦਾ ਅਰਥ ਹੈ ਕਿ ਜਿਨ੍ਹਾਂ ਲੋਕਾਂ ਨੂੰ ਵੋਟ ਦੇ ਮਹੱਤਵ ਦਾ ਪਤਾ ਹੈ ਉਹ ਜੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਤਾਂ ਅਵੱਸ਼ ਕੁਰੱਪਟ ਪ੍ਰਧਾਨ ਆਪਣੇ ਆਪ ਹੀ ਚੁਣਿਆ ਜਾਏਗਾ। ਸਾਡੇ ਪਾਸ ਕੇਵਲ ਕੋਸਣਾ ਹੀ ਰਹਿ ਜਾਏਗਾ ਜਾਂ ਕੇਵਲ ਬਹਿਸ ਕਰਨੀ ਰਹਿ ਜਾਏਗੀ। ਅਜੇਹੇ ਪੜ੍ਹੇ ਲਿਖੇ ਵਰਗ ਨੂੰ ਅੰਨ੍ਹੇ ਪੜ੍ਹੇ ਲਿਖੇ ਕਿਹਾ ਜਾ ਸਕਦਾ ਹੈ।

ਦੂਜੀ ਪ੍ਰਕਾਰ ਦੇ ਉਹ ਲੋਕ ਹਨ ਜੋ ਆਪਣੀਆਂ ਗਰਜ਼ਾਂ ਕਰਕੇ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੁੰਦੇ ਹਨ। ਇਹਨਾਂ ਵਾਸਤੇ ਸੱਚ ਝੂਠ ਦੀ ਪਰਖ ਕਰਨੀ ਗਵਾਰਾ ਹੀ ਹੈ। ਇਹਨਾਂ ਦੇ ਲੀਡਰ `ਤੇ ਭਾਂਵੇਂ ਸਾਰੀ ਦੁਨੀਆਂ ਦੇ ਕੇਸ ਚੱਲਦੇ ਹੋਣ ਇਹ ਫਿਰ ਵੀ ਕਹੀ ਜਾਣਗੇ ਜੀ ਇਹ ਤਾਂ ਵਿਰੋਧੀਆਂ ਦੀ ਗਿਣੀ ਮਿੱਥੀ ਸਾਜ਼ਸ ਹੈ। ਸਾਡਾ ਲੀਡਰ ਕਿਸੇ ਡੂੰਘੀ ਰਾਜਨੀਤੀ ਦਾ ਸ਼ਿਕਾਰ ਹੋਇਆ ਹੈ। ਸਾਡਾ ਲੀਡਰ ਤਾਂ ਸਵੇਰੇ ਉੱਠ ਕੇ ਦੁੱਧ ਨਾਲ ਇਸ਼ਨਾਨ ਕਰਦਾ ਹੈ। ਇਹਨਾਂ ਨੂੰ ਕਿਸੇ ਉਸਾਰੀ ਜਾਂ ਵਿਕਾਸ ਵਾਲੇ ਕੰਮਾਂ ਨਾਲ ਕੋਈ ਗ਼ਰਜ਼ ਨਹੀਂ ਹੁੰਦੀ। ਇਹ ਸਿਰਫ ਪਾਰਟੀ ਦੇ ਹਰ ਚੰਗੇ ਮੰਦੇ ਕੰਮ ਨਾਲ ਜੁੜੇ ਹੁੰਦੇ ਹਨ। ਅਜੇਹੀ ਅੰਨ੍ਹੀ ਸ਼ਰਧਾ ਵਾਲੇ ਲੋਕਾਂ ਨੂੰ ਅੰਨ੍ਹੇ ਸ਼ਰਧਾਲੂ ਹੀ ਕਿਹਾ ਜਾ ਸਕਦਾ ਹੈ।

ਤੀਜੀ ਕਿਸਮ ਦੇ ਉਹ ਲੋਕ ਹਨ ਜਿਨ੍ਹਾਂ ਦੇ ਸਾਹਮਣੇ ਕੇਵਲ ਆਪਣੀ ਜਾਤ ਨਾਲ ਜਾਂ ਸਾਡੇ ਫਿਰਕੇ ਨਾਲ ਸਬੰਧ ਰੱਖਦਾ ਲੀਡਰ ਹੈ। ਭਾਂਵੇਂ ਉਹ ਭੁੱਕੀ ਦੇ ਕੇਸ ਵਿੱਚ ਪੰਜ ਸਾਲ ਜੇਲ੍ਹ ਵੀ ਕਿਉਂ ਨਾ ਕੱਟ ਕੇ ਆਇਆ ਹੋਵੇ ਉਹ ਫਿਰ ਵੀ ਸਾਡਾ ਪਵਿੱਤਰ ਆਗੂ ਹੈ। ਅਜੇਹੇ ਅਕਲ ਦੇ ਅੰਨਿਆਂ ਨੂੰ ਵੀ ਸਲਾਮ ਕਰਨੀ ਬਣਦੀ ਹੈ।

ਚੌਥੀ ਕਿਸਮ ਦੇ ਉਹ ਲੋਕ ਹਨ ਜਿਹੜੇ ਵੋਟਾਂ ਉਡੀਕਦੇ ਰਹਿੰਦੇ ਹਨ ਕਿ ਕਦੋਂ ਵੋਟਾਂ ਆਉਣਗੀਆਂ ਤੇ ਸਾਨੂੰ ਕੋਈ ਨਾ ਕੋਈ ਸਮਾਨ ਮਿਲੇਗਾ। ਗ਼ਰਜ਼ਮੰਦ ਆਪਣੀ ਨਿੱਕੀ ਮੋਟੀ ਗ਼ਰਜ਼ ਦੀ ਖਾਤਰ ਆਪਣੀ ਜ਼ਮੀਰ ਵੇਚ ਦੇਂਦਾ ਹੈ। ਪੰਜਵੀਂ ਕਿਸਮ ਦੇ ਲੋਕਾਂ ਦੀ ਬਿਰਤੀ ਵਿੱਚ ਨਸ਼ਾ ਖਾਣ ਜਾਂ ਪੀਣ ਦੀ ਬਿਰਤੀ ਹੁੰਦੀ ਹੈ। ਇਹਨਾਂ ਲੋਕਾਂ ਦੀ ਆਤਮਾ ਇੱਕ ਪੈੱਗ, ਬੋਤਲ ਦੋ ਬੋਤਲ, ਕਿਲੋ ਦੋ ਕਿਲੋ ਭੁੱਕੀ ਜਾਂ ਥੋੜੀ ਜੇਹੀ ਅਫੀਮ ਉੱਤੇ ਹੀ ਮਰ ਜਾਂਦੀ ਹੈ। ਇਹਨਾਂ ਲੋਕਾਂ ਦੀ ਵੋਟਾਂ ਵਿੱਚ ਭਰਮਾਰ ਹੁੰਦੀ ਹੈ ਤੇ ਲਗ-ਪਗ ਇਹਨਾਂ ਲੋਕਾਂ ਦੇ ਹੱਥ ਵਿੱਚ ਹੀ ਲੀਡਰ ਚੁਣਨ ਦੀ ਜ਼ਿਆਦਾ ਸਮਰੱਥਾ ਹੁੰਦੀ ਹੈ। ਜਿਸ ਮਨੁੱਖ ਦੀ ਥੋੜੇ ਜੇਹੇ ਨਸ਼ੇ ਉੱਤੇ ਹੀ ਜ਼ਮੀਰ ਮਰ ਜਾਂਦੀ ਹੈ ਉਹ ਆਪਣਾ ਲੀਡਰ ਚੁਣਨ ਦੀ ਯੋਗਤਾ ਵੀ ਗਵਾ ਲੈਂਦਾ ਹੈ। ਅਜੇਹੇ ਲੋਕਾਂ ਨੂੰ ਨਸ਼ੇ ਖਾਣੇ ਅੰਨ੍ਹੇ ਕਹਿਣ ਵਿੱਚ ਕੋਈ ਅਧਰਮ ਨਹੀਂ ਹੈ।

ਤਿੰਨ ਕੁ ਦਹਾਕੇ ਪਹਿਲਾਂ ਇੱਕ ਫਿਲਮ ਆਈ ਸੀ ਆਜ ਕਾ ਐਮ ਐਲ ਏ। ਲੋਕਾਂ ਨੇ ਹੜਤਾਲ ਕੀਤੀ ਕਿ ਸਾਡਾ ਮੰਤਰੀ ਰਿਸ਼ਵੱਤ ਤੋਂ ਬਿਨਾ ਕੋਈ ਵੀ ਕੰਮ ਨਹੀਂ ਕਰਦਾ। ਸਾਡਾ ਮੰਤਰੀ ਧੜਾ ਧੜ ਪੈਸੇ ਬਣਾ ਰਿਹਾ ਹੈ। ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕਰਦਿਆਂ ਹੜਤਾਲ ਕਰ ਦਿੱਤੀ। ਸੰਘ ਪਾੜਵੇਂ ਨਾਅਰੇ ਲਗਾਉਣ ਕੇ ਰਿਸ਼ਵੱਤ ਖੋਰੀ ਬੰਦ ਕਰੋ, ਬੰਦ ਕਰੋ। ਮੰਤਰੀ ਜੀ ਨੂੰ ਕਿਸੇ ਨੇ ਜਾ ਕੇ ਕਿਹਾ, ਕਿ “ਜਨਾਬ ਲੋਕ ਤੁਹਾਡੇ ਤੋਂ ਬਹੁਤ ਦੁੱਖੀ ਹਨ ਕਿ ਤੁਸੀਂ ਰਿਸ਼ਵੱਤ ਤੋਂ ਬਿਨਾ ਕੋਈ ਵੀ ਕੰਮ ਨਹੀਂ ਕਰਦੇ। ਲੋਕਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਹਨ। ਲੋਕਾਂ ਦਾ ਰੋਹ ਦਿਨ-ਬ-ਦਿਨ ਵੱਧਦਾ ਹੀ ਵੱਧਦਾ ਜਾ ਰਿਹਾ ਹੈ ਕੋਈ ੳੇਪਾਅ ਕਰੋ”। ਮੰਤਰੀ ਜੀ ਨਿੰਮਾ ਜਿਹਾ ਮੁਸਕਰਾਏ ਤੇ ਕਹਿੰਦੇ, “ਚਲੋ ਆਪਾਂ ਹੁਣੇ ਹੀ ਚੱਲ ਕੇ ਉਹਨਾਂ ਦਾ ਮਸਲਾ ਹੱਲ ਕਰ ਦੇਂਦੇ ਹਾਂ”। ਮੰਤਰੀ ਜੀ ਆਪ ਚੱਲ ਕੇ ਭਰੇ ਹੋਏ ਇਕੱਠ ਵਿੱਚ ਗਏ ਤੇ ਕਹਿਣ ਲੱਗੇ, “ਮੇਰੇ ਭਾਈਓ ਸਮੱਸਿਆ ਦੱਸੋ ਕੀ ਹੈ”? ਅੱਗੋਂ ਸਾਰੇ ਇੱਕ ਅਵਾਜ਼ ਵਿੱਚ ਬੋਲੇ, ਮਹਾਂਰਾਜ ਜੀ, “ਤੁਸੀ ਮੁੱਖ ਮੰਤਰੀ ਵਾਲਾ ਅਹੁਦਾ ਤਿਆਗ ਦਿਓ ਤੁਸਾਂ ਬਹੁਤ ਦੌਲਤ ਇਕੱਠੀ ਕੀਤੀ ਹੈ”। ਅੱਗੋਂ ਮੰਤਰੀ ਜੀ ਕਹਿਣ ਲੱਗੇ, “ਤੁਸੀਂ ਸੱਚ ਕਹਿੰਦੇ ਹੋ ਕਿ ਮੈਂ ਰਿਸ਼ਵੱਤ ਖੋਰ ਹਾਂ। ਪਰ ਇਹਦੇ ਵਿੱਚ ਮੈਂ ਕੀ ਕਰ ਸਕਦਾ ਹਾਂ”। ਲੋਕ ਕਹਿੰਦੇ, “ਜਨਾਬ ਆਪਣਾ ਅਹੁਦਾ ਤਿਆਗ ਦਿਓ”। ਮੰਤਰੀ ਜੀ ਬੜੇ ਠਰੰਮ੍ਹੇ ਨਾਲ ਕਹਿਣ ਲੱਗੇ, “ਪਹਿਲਾਂ ਤੁਸੀ ਇਹ ਦੱਸੋ ਕੇ ਤੁਹਾਡੇ ਵਿਚੋਂ ਕਿੰਨਿਆਂ ਨੇ ਮੇਰੇ ਪਾਸੋਂ ਇੱਕ ਇਕ ਵੋਟ ਦੇ ਹਿਸਾਬ ਨਾਲ ਕਿੰਨੇ ਕਿੰਨੇ ਪੈਸੇ ਲੇ ਕੇ ਵੋਟ ਪਾਈ ਹੈ”। ਸੰਘ ਪਾੜਨ ਵਾਲੇ ਲੋਕਾਂ ਦੀ ਦਿਨੇ ਬੋਲਤੀ ਬੰਦ ਹੋ ਗਈ ਤੇ ਇੱਕ ਇਕ ਕਰਕੇ ਓਥੋਂ ਖਿਸਕਣ ਲੱਗੇ। ਮੰਤਰੀ ਜੀ ਕਹਿਣ ਲੱਗੇ, “ਜਦੋਂ ਤੁਸਾਂ ਆਪਣੀ ਵੋਟ ਦਾ ਮੁੱਲ ਵੱਟ ਲਿਆ ਹੈ ਤਾਂ ਹੁਣ ਮੇਰੀ ਮਰਜ਼ੀ ਚੱਲੇਗੀ ਕਿਉਂਕਿ ਮੈਂ ਤੁਹਾਡੇ ਪਾਸੋਂ ਵੋਟ ਮੁੱਲ ਲਈ ਹੈ”। ਉਹਨਾਂ ਲੋਕਾਂ ਤੇ ਤਰਸ ਆਉਂਦਾ ਹੈ ਜਦੋਂ ਵੋਟ ਵੇਲੇ ਕੁੱਝ ਸੋਚਿਆ ਨਹੀਂ ਹੁਣ ਪਾਣੀ ਪੀ ਪੀ ਕੇ ਕੋਸ ਰਹੇ ਹਨ।

ਸਾਰੀ ਜਨਤਾ ਤਰਾਅ ਤਰਾਅ ਕਰਦੀ ਰਹਿੰਦੀ ਹੈ, ਹਰ ਵੇਲੇ ਸਰਕਾਰ ਨੂੰ ਕੋਸਦੀ ਰਹਿੰਦੀ ਹੈ ਪਰ ਕੀ ਕਦੇ ਅਸਾਂ ਸੋਚਿਆ ਹੈ ਕਿ ਜਦੋਂ ਵੋਟ ਦੀ ਕੀਮਤ ਕੇਵਲ ਇੱਕ ਬੋਤਲ ਰਹਿ ਜਾਏ ਤਾਂ ਫਿਰ ਵਿਕਾਸ ਦੀਆਂ ਗੱਲਾਂ ਕਾਗਜ਼ਾਂ ਵਿੱਚ ਹੀ ਰਹਿ ਜਾਣਗੀਆਂ। ਕਿਹੜਾ ਪਿੰਡ ਹੈ ਜਿੱਥੇ ਹਰ ਚੋਣ ਸਮੇਂ ਦਾਰੂ ਦਾ ਦੌਰ ਨਹੀਂ ਚਲਦਾ। ਦੁਖਾਂਤ ਇਸ ਗੱਲ ਦਾ ਹੈ ਕਿ ਹੁਣ ਧਾਰਮਿਕ ਅਸਥਾਨਾਂ ਦੀ ਚੋਣ ਵੀ ਨਸ਼ੇ ਤੋਂ ਮੁਕਤ ਨਹੀਂ ਹੁੰਦੀ ਜਾਪਦੀ। ਹਰ ਚੋਣ ਵਿੱਚ ਰਾਤ ਨੂੰ ਬੰਦੇ ਟੁੰਨ ਹੋਏ ਦਿਖਾਈ ਦੇਂਦੇ ਹਨ। ਇੰਜ ਕਿਹਾ ਜਾਏ ਕਿ ਵੋਟਾਂ ਦੇ ਸਮੇਂ ਨਸ਼ਿਆਂ ਦੇ ਹੜ੍ਹ ਅੱਗੇ ਜਿਹੜੇ ਮਨੁੱਖ ਦੀ ਜ਼ਮੀਰ ਵਿਕ ਜਾਂਦੀ ਹੈ ਉਹ ਹੀ ਮੁੜ ਕੇ ਸਭ ਤੋਂ ਵੱਧ ਸਰਕਾਰ ਨੂੰ ਕੋਸਦਾ ਹੈ। ਪੰਜ ਸਾਲ ਸਾਰੇ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਦੁੱਖੀ ਹੁੰਦੇ ਹਨ। ਪਰ ਅਸੀਂ ਸਮੇਂ ਦੀ ਸੰਭਾਲ਼ ਕਰਨਾ ਨਹੀਂ ਸਿੱਖੇ। ਜਨਤਾ ਲੀਡਰਾਂ ਦੇ ਲੱਛੇਦਾਰ ਭਾਸ਼ਣਾ ਵਿੱਚ ਵੀ ਗਵਾਚ ਜਾਂਦੀ ਹੈ। ਲੋਕ ਸੋਚਦੇ ਹਨ ਕਿ ਸ਼ਾਇਦ ਇਸ ਵਾਰ ਸਾਡੀ ਹੋਣੀ ਸੰਵਰ ਜਾਏਗੀ। ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਕਿ ਪਰਜਾ ਗਿਆਨ ਤੋਂ ਹੀਣੀ ਹੋ ਕੇ ਫਿਰ ਰਹੀ ਹੈ-- “ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਅਲਾਈ”।। ਤੇ ਦੋ ਅੱਖਾਂ ਰੱਖਦੇ ਹੋਏ ਵੀ ਇਹ ਅੰਨ੍ਹਿਆਂ ਵਾਲਾ ਜੀਵਨ ਜਿਊ ਰਹੇ ਹਨ।

ਸਰਕਾਰੀ ਤੰਤਰ, ਸਮਾਜ ਸੇਵੀ ਜੱਥੇਬੰਦੀਆਂ ਤੇ ਧਾਰਮਿਕ ਆਗੂਆਂ ਨੂੰ ਅੱਗੇ ਆ ਕੇ ਜਨਤਾ ਵਿੱਚ ਜਾਗਰਤੀ ਲਿਆਉਣ ਦੀ ਜ਼ਰੂਰਤ ਹੈ। ਬਹੁਤ ਥੋੜੇ ਸੂਝਵਾਨ ਵੋਟਰ ਹਨ ਜੋ ਆਪਣੇ ਵੋਟ ਦੀ ਸਹੀ ਵਰਤੋਂ ਕਰਦੇ ਹਨ ਨਹੀਂ ਤਾਂ ਜ਼ਿਆਦਾ-ਤਰ ਕਿਸੇ ਨਾ ਕਿਸੇ ਰੂਪ ਵਿੱਚ ਵੋਟ ਦੀ ਕੀਮਤ ਨਸ਼ੇ ਜਾਂ ਕਿਸੇ ਹੋਰ ਰੂਪ ਵਿੱਚ ਵਸੂਲ ਲੈਂਦੇ ਹਨ। ਫਿਰ ਬਾਕੀ ਰਹਿ ਜਾਂਦਾ ਹੈ ਪੰਜ ਸਾਲ ਦਾ ਰੋਣਾ।




.