.

ਗੁਰਬਾਣੀ ਵਿਚ ਦੁਲੈਂਕੜ ਦੀ ਵਰਤੋਂ

‘ਦੁਲੈਂਕੜ’ ਦੀ ਵਰਤੋਂ ਗੁਰਬਾਣੀ ਵਿਚ ਕਿਸ-ਕਿਸ ਨਿਯਮ ਅਧੀਨ ਹੋਈ ਹੈ, ਇਸ ਨੂੰ ਸਮੱਝਣ ਦਾ ਯਤਨ ਕਰਾਂਗੇ। ਪਿੰਗਲ ਦੇ ਹਿਸਾਬ ਨਾਲ ਦੁਲੈਂਕੜ ਦੀਰਘ ਮਾਤ੍ਰਾ ਹੈ, ਵਿਆਕਰਣਿਕ ਤੌਰ ‘ਤੇ ਇਸ ਦੀ ਵਰਤੋਂ ਬਹੁਤ ਘੱਟ; ਗਿਣਵੇਂ-ਚੁਣਵੇਂ ਨਿਯਮ ਤਹਿਤ ਹੋਈ ਹੈ। ਆਮ ਕਰਕੇ ਦੁਲੈਂਕੜ ਜਦੋਂ ਗੁਰਬਾਣੀ ਵਿਚ, ਕਿਸੇ ਲਫਜ਼ ਦੇ ਅਰੰਭ, ਵਿਚਕਾਰ ਅਤੇ ਅੰਤ ਵਿਚ ਆ ਜਾਏ ਤਾਂ ਭਾਵੇਂ ਕਿ ਉਸ ਲਫਜ਼ ਦੇ ਅੱਗੇ ਕੋਈ ਭੀ ਸੰਬੰਧਕ ਪਦ ਹੋਵੇ, ਤਾਂ ਭੀ ਉਪਰੋਕਤ ਲਫਜ਼ ਦਾ ਰੂਪ ਨਹੀਂ ਬਦਲਦਾ। ਉਦਾਹਰਣ ਦੇ ਤੌਰ ‘ਤੇ ਜਿਵੇਂ: “ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥“ (ਪੰਨਾ ੩੦੭ ) ਇਸ ਪੰਗਤੀ ਵਿਚ ‘ਖੇਹੂ’ ਲਫਜ਼ ਦੇ ਅੱਗੇ ਸੰਬੰਧਕ ‘ਸੇਤੀ’ ਆਉਣ ਕਾਰਣ ਭੀ ਮੂਲ ਲਫਜ਼ ਵਿਚ ਕੋਈ ਤਬਦੀਲੀ ਨਹੀਂ ਆਈ। ਗੁਰਬਾਣੀ ਵਿਚ ਦੁਲੈਂਕੜ ਦੀ ਵਰਤੋਂ ਵਿਆਕਰਣਿਕ ਤੌਰ ‘ਤੇ ਤਿੰਨ ‘ਕ ਨਿਯਮਾਂ ਤਹਿਤ ਹੋਈ ਹੈ, ਇਕ-ਇਕ ਕਰਕੇ ਸਮਝਣ ਦਾ ਯਤਨ ਕਰਦੇ ਹਾਂ।

੧. ਅੰਤਕ ਦੂਲੈਂਕੜ ਕਿਰਿਆਵੀ ਸ਼ਬਦਾਂ ਵਿਚੋਂ ਉਤਮ ਪੁਰਖ ਵਿਚ ਕਾਰਕੀ ਅਰਥ ਨਿਕਲਦੇ ਹਨ। ਜਿਵੇਂ:

“ਆਪਿ ਕੁਚਜੀ ਦੋਸੁ ਨ ਦੇਊ ਜਾਣਾ ਨਾਹੀ ਰਖੇ ॥੧॥ ( ਪੰਨਾ ੧੧੭੧ )

“ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ( ਪੰਨਾ ੪੩੩ )

“ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥ (ਪੰਨਾ ੫੮ )

“ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥ (ਪੰਨਾ ੧੦੯੮ )

ਦੇਊ- {ਕਿਰਿਆ ਵਰਤਮਾਨ ਕਾਲ, ਇਕਵਚਨ, ਅਨਪੁਰਖ} ਨਹੀਂ ਦੇਂਦੀ,ਨਹੀਂ ਦੇਂਦਾ।

ਜੀਵਊ-{ਕਿਰਿਆ ਵਰਤਮਾਨ ਕਾਲ, ਇਕਵਚਨ, ਅਨਪੁਰਖ} ਨਹੀਂ ਜਿਉਂਦਾ।

ਥੀਆਊ-{ਕਿਰਿਆ ਵਰਤਮਾਨ ਕਾਲ,ਇਕਵਚਨ, ਅਨਪੁਰਖ} ਬਣ ਗਿਆ ਹਾਂ।

ਉਪਰੋਕਤ ਪੰਗਤੀਆਂ ਵਿਚ ‘ਕਿਰਿਆਵੀ’ ਲਫਜ਼ਾਂ ਦਾ ਉਚਾਰਣ ਬਿੰਦੀ ਸਹਿਤ “ਦੇਊਂ, ਜੀਵਊਂ, ਥੀਆਊਂ” ਕਰਨਾ ਚਾਹੀਦਾ ਹੈ।

੨. ਨਾਂਵ {ਸੰਗਿਆ ਵਾਚੀ} ਸ਼ਬਦਾਂ ਨੂੰ ਅੰਤਕ ਲੱਗੇ ਦੂਲੈਂਕੜਿਆਂ ‘ਚੋਂ ਸੰਬੰਧਕੀ ਅਰਥ ਭੀ ਨਿਕਲਦੇ ਹਨ। ਜਿਵੇਂ-:

“ ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ - ( ਪੰਨਾ੧੪੯ )

ਮਾਊ ਪੀਊ-{ਨਾਂਵ, ਸੰਬੰਧ ਕਾਰਕ ਇਕਵਚਨ} ਮਾਂ ਪਿਉ ਦੀ।

“ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥ - (ਪੰਨਾ ੧੨੪੦)

ਭਸੂ-{ਨਾਂਵ,ਕਰਮ ਕਾਰਕ} ਸੁਆਹ ਨਾਲ।

“ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ ॥ - (ਪੰਨਾ ੧੩੧੦ )

ਬਿਸੂ-{ਕਰਮ ਕਾਰਕ} ਜ਼ਹਿਰ ਨਾਲ।

“ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥ - ( ਪੰਨਾ ੫੦)

ਖਾਕੂ -{ਅਧਿਕਰਨ ਕਾਰਕ}ਮਿੱਟੀ ਵਿਚ।

੩.ਗੁਰਬਾਣੀ ਵਿਚ ਮੁਲਤਾਨੀ ਬੋਲੀ {ਲਹਿੰਦੀ ਪੰਜਾਬੀ} ਦੇ ਸੰਗਿਆ ਵਾਚੀ ਲਫਜ਼ਾਂ ਨਾਲ ਕੋਈ ਸੰਬੰਧਕ ਆਵੇ ਤਾਂ ਮਲੂ ਸ਼ਬਦਾਂ ਨੂੰ ਦੁਲੈਂਕੜ ਲਗ ਜਾਂਦੀ ਹੈ। ਜਿਵੇਂ-:

“ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ - ( ਪੰਨਾ ੪੭੪)

‘ਅੰਦਰਿ’ ਸੰਬੰਧਕ ਆਉਣ ਕਾਰਣ ਲਫਜ਼ ‘ਵਸਤੁ’ ਤੋਂ ‘ਵਸਤੂ’ ਬਣਿਆ ਹੈ।

“ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥ - ( ਪੰਨਾ ੧੩੭੮ )

ਲਫਜ਼ ‘ਜੇਡੁ’ ਸੰਬੰਧਕ ਕਾਰਣ ‘ਖਾਕੁ’ ਤੋਂ ‘ਖਾਕੂ’।

“ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥ - (ਪੰਨਾ ੬੪੨)

‘ਕਾ’ ਸੰਬੰਧਕ ਕਾਰਣ ਲਫਜ਼ ‘ਸਸੁ ਤੋਂ ‘ਸਸੂ’ ਬਣਿਆ ਹੈ।

“ਅੰਧੇ ਖਾਵਹਿ ਬਿਸੂ ਕੇ ਗਟਾਕ ॥ - ( ਪੰਨਾ ੧੨੨੪ )

‘ਕੇ’ ਸੰਬੰਧਕ ਕਾਰਣ ਬਿਸੁ ਤੋਂ ‘ਬਿਸੂ’।

ਮੁਲਤਾਨੀ ਅਤੇ ਸਿੰਧੀ ਬੋਲੀ ਦੇ ਲਫਜ਼ ਗੁਰਬਾਣੀ ਵਿਚ ਅੰਤ ਦੁਲੈਂਕੜ ਨਾਲ ਹੀ ਵਰਤੇ ਗਏ ਹਨ।

ਭੁੱਲ-ਚੁਕ ਦੀ ਖਿਮਾਂ

ਹਰਜਿੰਦਰ ਸਿੰਘ ‘ਘੜਸਾਣਾਂ’

[email protected]




.