.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਿੱਖ ਕੌਮ ਕਿਹੜਿਆਂ ਰਾਹਾਂ `ਤੇ ਚੱਲ ਪਈ

ਅੱਜ ਦੇ ਲੇਖ ਦੀ ਅਰੰਭਤਾ ਸਤਿਕਾਰ ਯੋਗ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਦਿੱਲੀ ਵਾਲਿਆਂ ਦੇ ਇੱਕ ਲੇਖ ਦੇ ਪਹਿਰੇ ਤੋਂ ਸ਼ੁਰੂ ਕੀਤੀ ਜਾਏਗੀ ਜੋ ‘ਸਿੱਖ ਮਾਰਗ` ਦੇ “ਸਿੱਖ ਧਰਮ ਵੀ ਤੇ ਲਹਿਰ ਵੀ ਹੈ” ਦੀ ਸਤਵੀਂ ਕਿਸ਼ਤ ਦੇ ਰੂਪ ਵਿੱਚ ਛੱਪਿਆ ਹੈ-- ਸਿੱਖ ਤਾਂ ਦਿਸਦੇ ਹਨ…ਪਰ ਸਿੱਖੀ ਅਲੋਪ ਹੈ---ਇਨਾਂ ਸਭ ਕੁਝ ਹੋਣ ਦੇ ਬਾਵਜੂਦ, ਜਿਵੇਂ ਕਿ ਅੱਜ ਗੁਰੂ ਪਾਤਸ਼ਾਹ ਦੀ ੨੩੯ ਵਰ੍ਹਿਆਂ ਦੀ ਘਾਲਣਾ ਤੇ ਸਿਆਹੀ ਫਿਰ ਚੁੱਕੀ ਹੈ। ਵਿਸ਼ਵ ਪੱਧਰ ੱਤੇ ਅੱਜ ਸਿੱਖਾਂ ਦੇ ਹੋ ਰਹੇ ਅਨੰਦਕਾਰਜ, ਜੰਮਣ-ਮਰਨ, ਖੁਸ਼ੀ-ਗ਼ਮੀ ਆਦਿ ਸਾਰੇ ਕਾਰਜਾਂ ਅੰਦਰ ਬ੍ਰਾਹਮਣੀ, ਅਨਮੱਤੀ, ਹੂੜਮੱਤੀ, ਮਨਮਤੀ ਰਸਮਾਂ-ਰੀਤਾਂ ਤੇ ਗੁਰਮੱਤ ਵਿਹੂਣੇ ਵਿਸ਼ਵਾਸਾਂ ਦਾ ਬੋਲਬਾਲਾ ਹੈ। ਦੂਜੇ ਪਾਸੇ ਖੰਡੇ ਦੀ ਪਾਹੁਲ ਵਾਲੀ ਲੋੜ ਹੀ ਮੁੱਕੀ ਪਈ ਹੈ। ਸ਼ਰਾਬ ਦੇ ਹੜ ਤੇ ਬਾਰਾਂ, ਵੱਡੀਆਂ ਤੋਂ ਵੱਡੀਆਂ ਦੁਰਮੱਤਾਂ, ਜੁਰਮ ਉਪ੍ਰੰਤ ਫ਼ਹਿਸ਼ ਨਾਚ ਗਾਨੇ, ਸਰੂਪ ਪੱਖੋਂ ਕੇਸਾਂ-ਦਾੜ੍ਹੀ ਦੀ ਬੇਅਦਬੀ ਇਹ ਸਭ, ਅਜੋਕੇ ਸਿੱਖ ਜੀਵਨ ਦਾ ਸ਼ਿੰਗਾਰ ਬਣ ਚੁੱਕੇ ਹਨ। ਉਪ੍ਰੰਤ ਜੇ ਅਜੋਕੇ ਸਿੱਖਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਪੜ੍ਹੋ ਜਾਂ ਸਿੱਖਾਂ ਰਾਹੀਂ ਮਨਾਏ ਜਾ ਰਹੇ ਤਿਉਹਾਰਾਂ ਨੂੰ ਤੱਕ ਲਵੋ! ਅਜੋਕਾ ਸਿੱਖ ਇਹ ਵੀ ਭੁੱਲ ਚੁੱਕਾ ਹੈ ਕਿ ਕਿਹੜੇ ਤਿਉਹਾਰ ਉਸ ਦੇ ਆਪਣੇ ਹਨ ਤੇ ਕਿਹੜੇ ਅਨਮੱਤੀ ਹਨ। ਫ਼ਿਰ ਉਸਨੇ ਆਪਣੇ ਤਿਉਹਾਰ ਮਨਾਉਣੇ ਕਿਵੇਂ ਤੇ ਕਿਉਂ ਹਨ? ਇਹ ਵੱਖਰੀ ਗੱਲ ਹੈ ਕਿ ਗੁਰਬਾਣੀ ਜੀਵਨ ਵਾਲੇ ਹੁਕਮੀ ਬੰਦੇ ਵੀ ਦਿਖਾਈ ਦਿੰਦੇ ਹਨ ਪਰ ਉਹ ਗਿਣਤੀ ਦੇ ਹੀ ਹਨ। ਕੇਸਾਂ ਬਦਲੇ ਖੋਪਰੀ ਉਤਰਵਾ ਕੇ ਸ਼ਹੀਦ ਹੋਣ ਵਾਲੀ ਕੌਮ ਚ ਪਤਿੱਤ ਹੋਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਪਈਆਂ ਹਨ; ਜਿਵੇਂ ਕਿ ਸਿੱਖੀ ਸਰੂਪ ਹੀ ਸੰਸਾਰ ਚੋਂ ਅਲੋਪ ਹੋ ਰਿਹਾ ਹੋਵੇ, ਅਜਿਹਾ ਕਿਉਂ? ਕੌਣ ਸੋਚੇਗਾ ਸਿੱਖ ਧਰਮ ਨਾਲ ਸਬੰਧਤ ਅਜੋਕੇ ਇਸ ਮੂਲ ਵਿਸ਼ੇ ਤੇ?

ਅਜੋਕੇ ਸਿੱਖ ਮਾਨਸ ਅੰਦਰ ਸਿੱਖੀ ਲਈ ਫੋਕਾ ਜਜ਼ਬਾ ਤੇ ਸ਼ਰਧਾ ਤਾਂ ਬੇਅੰਤ ਹੈ ਪਰ ਜੀਵਨ ਪਖੋਂ ਸਿੱਖ, ਲਗਭਗ ਪੂਰੀ ਤਰ੍ਹਾਂ ਕੱਟ ਚੁੱਕਾ ਹੈ, ਆਖਿਰ ਅਜਿਹਾ ਕਿਉਂ? ਮੋਟੇ ਤੌਰ ਤੇ ਇਸ ਵਿਸ਼ੇ ਨੂੰ ਸਮਝਣ ਲਈ ਸਾਨੂੰ ਸਿੱਖ ਧਰਮ ਦੇ ਪ੍ਰਚਾਰ ਪ੍ਰਬੰਧ ਦੇ ਉਨ੍ਹਾਂ ਮੂਲ ਰਸਤਿਆਂ ਚੋਂ ਵੀ ਨਿਕਲਣਾ ਪਵੇਗਾ ਜਿਥੋਂ ਸਿੱਖੀ ਤੇ ਸਿੱਖ ਧਰਮ ਨੇ ਪਣਪਣਾ ਹੈ, ਪਰ ਬੰਦ ਪਏ ਹਨ। ਪਤਾ ਲੱਗ ਜਾਵੇਗਾ ਕਿ ਸਿੱਖੀ ਪ੍ਰਚਾਰ ਦੇ ਅੱਜ ਉਹ ਕਿਹੜੇ ਤੇ ਮੁੱਖ ਨਿਕਾਸ ਬੰਦ ਪਏ ਹਨ, ਜਿੱਥੋਂ ਕਿ ਸਿੱਖ ਤੇ ਸਿੱਖ ਲਹਿਰ ਨੇ ਪਣਪਣਾ ਹੈ। ਇਹ ਵੀ ਪਤਾ ਲੱਗ ਜਾਵੇਗਾ ਕਿ ਸਾਡਾ ਅਜੋਕਾ ਸਿੱਖੀ ਦਾ ਪ੍ਰਚਾਰ, ਅਸਲੋਂ ਸਿੱਖ ਧਰਮ ਦਾ ਪ੍ਰਚਾਰ ਹੈ ਹੀ ਨਹੀਂ। ਉਪ੍ਰੰਤ ਜਿਹੜਾ ਹੈ ਵੀ ਤਾਂ ਉਹ ਪ੍ਰਚਾਰ ਹੀ ਸਿੱਖੀ ਨੂੰ ਫੈਲਾਅ ਨਹੀਂ ਟਿਹਾ ਉਲਟਾ ਉਹੀ ਸਿੱਖ ਧਰਮ ਤੇ ਸਿੱਖ ਲਹਿਰ ਨੂੰ ਖ਼ਤਮ ਵੀ ਕਰ ਰਿਹਾ ਹੈ। ਸਪਸ਼ਟ ਹੈ ਕਿ ਅਜਿਹੇ ਹਾਲਾਤ ੱਚ ਸਿੱਖੀ ਵਧੇ ਫੁਲੇ ਵੀ ਤਾਂ ਕਿਵੇਂ ਤੇ ਕਿਹੜੇ ਪਾਸਿਉਂ? ਤਾਂ ਤੇ ਸਿੱਖੀ ਪ੍ਰਚਾਰ ਪ੍ਰਸਾਰ ਦੇ ਉਹ ਜੋ ਕੁੱਝ ਮੁੱਖ ਨਿਕਾਸ ਹਨ, ਉਹ ਕਿਹੜੇ ਸਨ ਤੇ ਜਿਹੜੇ ਅੱਜ ਬੰਦ ਪਏ ਹਨ:-

ਇਕ ਵਿਚਾਰ ਸਰਦਾਰ ਅਤਿੰਦਰਪਾਲ ਸਿੰਘ ਜੀ ਸਾਬਕਾ ਐਮ. ਪੀ. ਦੀ ਪੁਸਤਕ “ਸਿੱਖ ਸਭਿਅਤਾ ਦੇ ਮੂਲ ਅਧਾਰ” ਵਿਚੋਂ ਲਿਆ ਗਿਆ ਹੈ-- ਸਿੱਖਾਂ ਵਿੱਚ ਸ਼ਤਾਬਦੀਆਂ ਬਣਾਉਣ ਦਾ ਚਲਨ ਬੜੇ ਜੋਰਾ ਸ਼ੋਰਾ ਨਾਲ ਆਰੰਭ ਹੈ। ਸਿੱਖੀ ਦੀ, ਗੁਰਮਤਿ ਸਿੱਧਾਂਤ ਦੀ, ਮਰਿਆਦਾ ਦੀ, ਖ਼ਾਲਸੇ ਦੇ ਸੰਕਲਪ ਅਤੇ ਵੱਖਰੀ ਅੱਡਰੀ, ਸੁਤੰਤਰ ਹਸਤੀ ਦੀ ਕਿਸੇ ਨੂੰ ਕੋਈ ਪਰਵਾਹ ਨਹੀਂ। ਹਰ ਕੋਈ ਵਕਤੀ ਵਾਹੋ ਵਾਹੀ ਲੁੱਟਣ ਅਤੇ ਕਮਾਉਣ ਤੇ ਲੱਗਾ ਹੈ। ਇਸੇ ਸੋਚ ਅਧੀਨ ਹੀ ਪਹਿਲਾਂ “ਪੋਥੀ ਸਾਹਿਬ ਦੇ ਪਹਿਲੇ ਪਰਕਾਸ਼” ਦੀ ੪੦੦ ਸਾਲਾ ਸ਼ਤਾਬਦੀ ਇਹ ਝੂਠ ਸਥਾਪਿਤ ਕਰਨ ਦੇ ਲੜ ਲੱਗ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਦੀ ੪੦੦ ਸਾਲਾਂ ਸ਼ਤਾਬਦੀ ਹੈ। ਦਾਸ ਨੇ ਸਮੇਂ ਸਿਰ ਸੁਚੇਤ ਵੀ ਕੀਤਾ ਸੀ ਪਰ ਜਦ ਕਮਾਉਣੇ ਹੀ ਫੋਕਟ ਕਰਮ ਹੋਣ ਤੇ ਨਿਸ਼ਾਨਾਂ ਹੀ ਧਰਮ ਨੂੰ ਨੁਕਸਾਨ ਪਹੁੰਚਾਉਣ ਦਾ ਤੇ ਝੂਠ ਦੇ ਲੜ ਲਾਉਣ ਦਾ ਹੋਵੇ ਤਾਂ ਕੌਣ ਸੁਣਦਾ ਹੈ? ਕਨੇਡਾ ਵਿਖੇ ਤਾਂ ਜਦ ਮੈਂ ਇਸ ਵਿਸ਼ੇ ਸੱਚ ਬੋਲਿਆ ਤਾਂ ਹੜਕੰਪ ਜਿਹਾ ਪੈ ਗਿਆ, ਸਕਾਰਬੋ ਗੁਰਦੁਆਰਾ ਸਾਹਿਬ ਵਿਖੇ ਦੋ ਪੰਜਾਬ ਤੋਂ ਤੇ ਦੋ ਵਿਦੇਸ਼ਾਂ ਵਿਚਲੇ ਵਿਦਵਾਨਾਂ ਨਾਲ ਮੇਰਾ ਸੰਵਾਦ ਤਕ ਰੱਖਿਆ ਗਿਆ। ਜਦ ਮੇਰੀ ਗੱਲ ਸਹੀ ਸਾਬਤ ਹੋਈ ਤਾਂ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ।

ਸਿੱਖ ਕੌਮ ਨਾਲ ਦਰਦ ਰੱਖਣ ਵਾਲਿਆਂ ਵਿਦਵਾਨਾਂ ਦੀਆਂ ਲਿਖਤਾਂ ਦੇ ਹੋਰ ਵੀ ਬਹੁਤ ਸਾਰੇ ਹਵਾਲੇ ਦਿੱਤੇ ਜਾ ਸਕਦੇ ਹਨ। “ਪੰਥ ਦਰਦੀਓ ਕੁੱਝ ਕਰੋ” ਤੇ “ਕਿਉਂ ਕੀਤੋ ਵਿਸਾਹ” ਤੇ “ਸਿੱਖ ਵੀ ਨਿਗਲਿਆ ਗਿਆ” ਆਦਿ ਵਰਗੀਆਂ ਛੋਟੀਆਂ ਵੱਡੀਆਂ ਪੁਸਤਕਾਂ ਬਹੁਤ ਗਹਿਰਾ ਸੁਨੇਹਾਂ ਦੇ ਰਹੀਆਂ ਹਨ। ਅੱਜ ਸਿੱਖ ਕੌਮ ਦੇ ਵਿਦਵਾਨਾਂ, ਧਾਰਮਿਕ ਆਗੂਆਂ, ਸਿੱਖ ਨੇਤਾਵਾਂ, ਗੁਰਦੁਆਰਿਆਂ ਦੇ ਪ੍ਰਬੰਧਕਾਂ, ਰਾਗੀ-ਢਾਡੀ-ਪਰਚਾਰਕਾਂ, ਧਾਰਮਿਕ ਜੱਥੇਬੰਦੀਆਂ, ਧਾਰਮਿਕ ਸੰਸਥਾਵਾਂ, ਸਾਰੇ ਅਕਾਲੀ ਦਲ ਤੇ ਖਾਸ ਤੌਰ `ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖ ਕੌਮ ਦੇ ਨਿਆਰੇਪਨ ਨੂੰ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਉਣ। ਨਿੱਕੀਆਂ ਨਿੱਕੀਆਂ ਖ਼ੁਦਗ਼ਰਜ਼ੀਆਂ ਤੋਂ ਉੱਪਰ ਉੱਠ ਕੇ ਪੰਥ ਨੂੰ ਦਰਪੇਸ਼ ਚਨੌਤੀਆਂ ਦਾ ਸਾਹਮਣਾ ਕਰਨ।

ਮੰਨ ਲਓ ਕਿਸੇ ਬੰਦੇ ਨੇ ਲੁਧਿਆਣੇ ਤੋਂ ਅੰਮ੍ਰਿਤਸਰ ਜਾਣਾ ਹੈ ਤਾਂ ਸਿੱਧਾ ਰਸਤਾ ਵਾਇਆ ਜਲੰਧਰ ਹੈ ਤੇ ਆਪਣੀ ਕਾਰ ਰਾਂਹੀਂ ਢਾਈ ਘੰਟੇ ਵਿੱਚ ਪਹੁੰਚਿਆ ਜਾ ਸਕਦਾ ਹੈ। ਹੁਣ ਕਿਸੇ ਬੰਦੇ ਨੂੰ ਅੰਮ੍ਰਿਤਸਰ ਦੇ ਰਸਤੇ ਦਾ ਪਤਾ ਨਹੀਂ ਹੈ ਤੇ ਉਸ ਨੂੰ ਪੁੱਛਿਆ ਜਾਏ ਕਿ ਭਾਈ ਜੀ ਅੰਮ੍ਰਿਤਸਰ ਨੂੰ ਰਸਤਾ ਕਿਹੜਾ ਜਾਂਦਾ ਹੈ? ਅੱਗੋਂ ਦੱਸਣ ਵਾਲਾ ਕਹੇ ਕਿ ਭਈ ਲੁਧਿਆਣੇ ਤੋਂ ਪਹਿਲਾਂ ਚੰਡੀਗ੍ਹੜ ਜਾਣਾ ਹੈ ਫਿਰ ਓੱਥੋਂ ਗੁਰਦਾਸਪੁਰ ਤੇ ਬਾਟਾਲੇ ਦੇ ਰਾਹ ਹੁੰਦਾ ਹੋਇਆ ਸਿੱਧਾ ਅੰਮ੍ਰਿਤਸਰ ਪਹੁੰਚ ਜਾਏਗਾ। ਏਹੀ ਹਾਲ ਅੱਜ ਸਿੱਖ ਕੌਮ ਦਾ ਹੋਇਆ ਪਿਆ ਹੈ। ਬਜਾਏ ਸਿੱਧੇ ਰਸਤੇ, ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਿਕ ਮਾਰਗ ਨੂੰ ਛੱਡ ਕੇ ਅਸੀਂ ਅਪਣੀ ਮਰਜ਼ੀ ਨਾਲ ਕਈ ਪ੍ਰਕਾਰ ਦੇ ਰਸਤੇ ਬਣਾ ਲਏ ਹਨ। ਦੇਖਣ ਨੂੰ ਅਸੀਂ ਸਿੱਖ ਲੱਗਦੇ ਹਾਂ ਪਰ ਸਾਡੇ ਰੀਤੀ ਰਿਵਾਜ ਜਾਂ ਸਾਰੇ ਹੀ ਦੂਜੀਆਂ ਕੌਮਾਂ ਵਾਲੇ ਹੋ ਗਏ ਹਨ। ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇੰਜ ਅੰਕਤ ਕੀਤਾ ਹੈ— “ਮਾਰਿਆ ਸਿੱਕਾ ਜਗਤਿ ਵਿਚਿ, ਨਾਨਕ ਨਿਰਮਲ ਪੰਥ ਚਲਾਇਆ” ਦੇ ਅਸੀਂ ਪਾਂਧੀ ਹਾਂ। ਪਰ ਧਰਮ ਦੇ ਨਾਂ `ਤੇ ਅੱਜ ਸਾਨੂੰ ਕਈ ਪ੍ਰਕਾਰ ਦੀਆਂ ਰੰਗ-ਬਰੰਗੀਆਂ ਮਰਯਦਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਜਿਹੜੀਆਂ ਗੱਲਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਸਾਨੂੰ ਸੁਚੇਤ ਕਰਦਾ ਹੈ ਅੱਜ ਉਹ ਹੀ ਕਰਮ-ਕਾਂਡ ਅਸੀਂ ਔਖਿਆਂ ਹੋ ਕੇ ਵੀ ਨਿਭਾਉਣ ਨੂੰ ਅਪਣਾ ਪਰਮ-ਧਰਮ ਸਮਝੀ ਬੈਠੇ ਹਾਂ। ਹੱਥਲੇ ਲੇਖ ਵਿੱਚ ਉਜੜੇ ਰਾਹ `ਤੇ ਚੱਲਣ ਦੇ ਕਾਰਨਾਂ ਸਬੰਧੀ ਤੇ ਉਹਨਾਂ ਦੇ ਸਮਾਧਾਨ ਦੀ ਵਿਚਾਰ ਕੀਤੀ ਜਾਏਗੀ।

ਪੁਰਾਣੇ ਸਮਿਆਂ ਵਿੱਚ ਕੱਚਿਆਂ ਰਾਹ ਤੇ ਕੱਚੀਆਂ ਪੱਗ ਡੰਡੀਆਂ ਬਣੀਆਂ ਹੁੰਦੀਆਂ ਸਨ। ਕਈ ਵਾਰੀ ਬੰਦਾ ਮੋੜ `ਤੇ ਆ ਕੇ ਭੁੱਲ ਜਾਂਦਾ ਸੀ ਤੇ ਉਹ ਜੰਗਲ਼ੀ ਰਸਤੇ ਭਾਵ ਉਜਾੜ ਵਾਲੇ ਰਾਹ `ਤੇ ਤੁਰ ਪੈਂਦਾ ਸੀ, ਜੋ ਖਤਰਿਆਂ ਤੋਂ ਖਾਲੀ ਨਹੀਂ ਹੁੰਦਾ ਸੀ। ਅੱਜ ਕੌਮ ਆਪਣੇ ਰਸਤੇ ਤੋਂ ਕਿਉਂ ਭਟਕ ਗਈ ਹੈ?

੧. ਗੈਰ-ਕੁਦਰਤੀ ਇਤਿਹਾਸ--- ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਤੋਂ ਜਨੇਊ ਸਬੰਧੀ ਆਪਣੇ ਅਜ਼ਾਦ ਖ਼ਿਆਲ ਦੱਸੇ ਤਾਂ ਬ੍ਰਹਾਮਣੀ ਸੋਚ ਓਸੇ ਵੇਲੇ ਫਿਕਰ ਵਿੱਚ ਚੱਲੀ ਗਈ ਸੀ ਕਿ ਜੇ ਅੱਜ ਵੱਡੇ ਘਰਾਣੇ ਦੇ ਬੱਚੇ ਨੇ ਜਨੇਊ ਨਾ ਪਾਇਆ ਤਾਂ ਕਲ੍ਹ ਨੂੰ ਆਮ ਪਰਵਾਰ ਨੇ ਵੀ ਇਸ ਰੀਤੀ ਤੋਂ ਮੂੰਹ ਮੋੜ ਲੈਣਾ ਹੈ। ਉਸ ਨੂੰ ਸਹੇ ਦੀ ਨਹੀਂ ਪਹੇ ਦੀ ਪਈ ਹੋਈ ਸੀ। ਬੜੀ ਚਲਾਕ ਬਿਰਤੀ ਨਾਲ ਕੰਮ ਕਰਦਿਆਂ ਅਜੇਹਾ ਇਤਿਹਾਸ ਤਿਆਰ ਕਰਾਉਣ ਲੱਗ ਪਿਆ ਜਿਸ ਵਿੱਚ ਸ਼ਰਧਾ ਦੇ ਨਾਲ ਨਾਲ ਕਰਾਮਾਤੀ ਕਥਾ ਕਹਾਣੀਆਂ ਨੂੰ ਘਸੋੜਿਆ ਗਿਆ। ਏਦਾਂ ਕਹਿ ਲਈਏ ਕਿ ਬ੍ਰਹਾਮਣ ਦੇਵਤਾ ਜੀ ਅਜੇਹੀਆਂ ਪੁਸਤਕਾਂ ਤਿਆਰ ਕਰਾਉਣ ਲੱਗ ਪਿਆ ਜਿਸ ਵਿੱਚ ਸਿੱਖ ਇਤਿਹਾਸ ਘੱਟ ਤੇ ਬ੍ਰਹਾਮਣੀ ਕਰਮਕਾਂਡ ਜ਼ਿਆਦਾ ਸਨ। ਕੌਮ ਨੂੰ ਆਪਣੇ ਮੁਲਕ ਪੰਜਾਬ ਦੀ ਅਜ਼ਾਦੀ ਲਈ ਘਰ-ਬਾਹਰ ਤਿਆਗਣੇ ਪਏ। ਪੂਰੀ ਇੱਕ ਸਦੀ ਸੰਘਰਸ਼ ਕਰਦਿਆਂ ਜੰਗਲ਼ਾਂ ਵਿੱਚ ਰਹਿਣਾ ਪਿਆ। ਆਖਰ ਨੂੰ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ। ਲੰਬੇ ਸਮੇਂ ਤੋਂ ਗੁਰਦੁਆਰਿਆਂ ਦਾ ਪ੍ਰਬੰਧ ਲੱਗ-ਪੱਗ ਪਿਤਾ ਪੁਰਖੀ ਮਹੰਤਾਂ ਦੇ ਕਬਜ਼ਿਆਂ ਵਿੱਚ ਚਲਾ ਗਿਆ ਸੀ। ਇਸ ਸਮੇਂ ਦੌਰਾਨ ਲਿਖਾਰੀਆਂ ਨੇ ਜੋ ਕੁੱਝ ਲਿਖਿਆ ਉਸ ਵਿੱਚ ਸਿੱਖ ਸਿਧਾਂਤ ਘੱਟ ਬ੍ਰਹਾਮਣੀ ਮਤ ਜ਼ਿਆਦਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਅਜੇਹਿਆਂ ਭੁਲੇਖਾ ਪਾਊ ਗ੍ਰੰਥਾਂ ਦੀ ਗੁਰਦੁਆਰਿਆਂ ਵਿੱਚ ਕਥਾ ਸ਼ੁਰੂ ਹੋ ਗਈ। ਲੰਬਾ ਸਮਾਂ ਸਿਧਾਂਤ ਦੀ ਲੀਹ ਤੋਂ ਲੱਥੀਆਂ ਅਜੇਹੀਆਂ ਕਥਾ-ਕਹਾਣੀਆਂ ਦੀ ਵਿਚਾਰ ਹੁੰਦੀ ਰਹੀ ਹੈ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅਜੇਹੇ ਗਪੌੜ ਸੁਣਦਿਆ ਪੜ੍ਹਦਿਆ ਸਾਡੀ ਮਤ ਵੀ ਉਹੋ ਜੇਹੀ ਹੀ ਹੋ ਗਈ ਹੈ। ਗੁਰ-ਬਿਲਾਸ, ਜਨਮ ਸਾਖੀਆਂ, ਸੌ ਸਾਖੀ, ਭਗਤ-ਮਾਲਾ ਤੇ ਬਚਿਤ੍ਰ ਨਾਟਕ ਵਰਗੇ ਗ੍ਰੰਥਾਂ ਨੇ ਬ੍ਰਹਾਮਣੀ ਰਾਹ ਸਿਰਜੇ ਹਨ। ਕੌਮ ਵਿੱਚ ਦੁਬਿਧਾ ਖੜੀ ਕੀਤੀ ਹੈ। ਚਾਹੀਦਾ ਤਾਂ ਇਹ ਹੈ ਕਿ ਸਾਡੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰਪੱਖ ਵਿਦਵਾਨਾਂ ਦਾ ਬੋਰਡ ਬਣਾ ਕੇ ਇਸ ਇਤਿਹਾਸ ਵਿਚੋਂ ਯੋਗ ਸਮੱਗਰੀ ਵਾਲਾ ਗੁਰਮਤਿ-ਇਤਿਹਾਸ ਰੱਖ ਲੈਂਦੀ ਤੇ ਬਾਕੀ ਦੇ ਅਜੇਹੇ ਇਤਿਹਾਸ ਨੂੰ ਮੁੱਢੋਂ ਖਾਰਜ ਕਰਦੀ ਜੋ ਗੁਰਮਤਿ ਤੋਂ ਵਿਰੋਧੀ ਰਾਹ ਬਣਾਉਂਦੇ ਹਨ। ਜੇ ਗੁਰਮਤਿ ਦੇ ਸੁਹਿਰਦ ਵਿਦਵਾਨਾਂ ਨੇ ਕੁੱਝ ਯਤਨ ਅਰੰਭੇ ਤਾਂ ਬ੍ਰਹਾਮਣੀ ਸੋਚ ਨੇ ਉਹ ਮੂਲੋਂ ਰੱਦ ਕਰ ਦਿੱਤੇ। ਹੌਲ਼ੀ ਹੌਲ਼ੀ ਬਿੱਪਰਵਾਦੀ ਸੋਚ ਸਿੱਖੀ ਵਿੱਚ ਜਵਾਨ ਹੁੰਦੀ ਗਈ। ਅਜੇਹੀ ਸੋਚ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੇਖੋ ਜੀ ਅੱਜ ਕਲ੍ਹ ਦੇ ਵਿਦਵਾਨ ਤਾਂ ਸ਼ਰਧਾ ਹੀ ਤੋੜੀ ਜਾਂਦੇ ਹਨ। ਕਹੀ ਜਾਣਗੇ ਜੀ ਇਤਿਹਾਸ ਵਿਚੋਂ ਕਰਾਮਾਤਾਂ ਗੈਰ-ਕੁਦਰਤੀ ਗੱਲਾਂ ਕੱਢ ਦੇਣ ਨਾਲ ਸਾਡੀ ਆਸਤਾ ਟੁੱਟਦੀ ਹੈ। ਸਿੱਖ ਇਤਿਹਾਸ ਵਿਚੋਂ ਗੈਰ ਕੁਦਰਤੀ, ਗੈਰ ਸਿਧਾਂਤਿਕ ਤੇ ਗਪੌੜਿਆਂ ਵਾਲੇ ਇਤਿਹਾਸ ਨੂੰ ਨਿਕਾਰਦਿਆਂ ਗੁਰੂ ਗ੍ਰੰਥ ਸਾਹਿਬ ਅਨੁਸਾਰੀ ਲਿਖਾਇਆ ਜਾਣਾ ਚਾਹੀਦਾ ਹੈ।

੨--ਕੈਲੰਡਰ ਦਾ ਮਸਲਾ--- ਜਦੋਂ ਕਿਸੇ ਕੌਮ ਨੂੰ ਸਦਾ ਲਈ ਗ਼ੁਲਾਮ ਰੱਖਣਾ ਹੋਵੇ ਤਾਂ ਉਸ ਦੀ ਅਜ਼ਾਦ ਹੱਸਤੀ ਨੂੰ ਵੱਖ ਵੱਖ ਯੋਜਨਾਬੰਦ ਢੰਗ ਤਰੀਕਿਆਂ ਨਾਲ ਹਮਲਿਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਕੈਲੰਡਰ ਦਾ ਮਸਲਾ ਕੋਈ ਏੰਨਾ ਔਖਾ ਨਹੀਂ ਹੈ ਜਿੰਨ੍ਹਾਂ ਅੱਜ ਉਲਝਾਅ ਲਿਆ ਹੈ। ਸਿੱਖ ਕੌਮ ਅੰਦਰ ਕੋਈ ਦਿਨ ਸੂਰਜ ਦੀ ਚਾਲ ਤੇ ਕੋਈ ਚੰਦ੍ਰਮਾਂ ਨਾਲ ਨਿਰਧਾਰਤ ਕੀਤਾ ਹੋਇਆ ਹੈ। ਸੂਰਜੀ ਸਾਲ ਲੱਗ-ਪੱਗ ੩੬੫ ਦਿਨਾਂ ਤੇ ਚੰਦਰਮਾ ਦਾ ਸਾਲ ਲੱਗ-ਪੱਗ ੩੫੪ ਦਿਨਾਂ ਦਾ ਮੰਨਿਆ ਗਿਆ ਹੈ। ਸਿੱਖ ਕੌਮ ਦੇ ਗੁਰਪੁਰਬ ਬ੍ਰਹਾਮਣ ਨਿਰਧਾਰਤ ਕਰਦਾ ਹੈ। ਜਨੀ ਕਿ ਅਸੀਂ ਹਰ ਸਾਲ ਬ੍ਰਹਾਮਣ ਨੂੰ ਪੁੱਛਦੇ ਹਾਂ ਕਿ ਭਈ ਸਾਡੇ ਗੁਰੂ ਦਾ ਗੁਰਪੁਰਬ ਕਦੋਂ ਆਉਣਾ ਹੈ। ਉਹ ਆਪਣੀ ਪੱਤਰੀ ਕੱਢ ਕੇ ਸਾਨੂੰ ਦੱਸਦਾ ਹੈ ਇੱਕ ਸਾਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਦੋ ਵਾਰ ਆਏਗਾ ਤੇ ਇੱਕ ਸਾਲ ਇੱਕ ਵਾਰ ਵੀ ਨਹੀਂ ਆਏਗਾ। ਅਸੀਂ ਵਾਹਿਗੁਰੂ ਵਾਹਿੁਗੁਰੂ ਕਰਦਿਆਂ ਸਤ ਬਚਨ ਕਹਿ ਕੇ ਓਵੇਂ ਹੀ ਮੰਨ ਲੈਂਦੇ ਹਾਂ। ਸਾਡਾ ਮਤ ਹੈ ਕਿ ਬਹੁਤੇ ਰਾਹ ਬਣਾਉਣ ਦੀ ਥਾਂ `ਤੇ ਸਾਰੇ ਗੁਰਪੁਰਬਾਂ ਦੇ ਦਿਨ ਪੱਕੇ ਤੌਰ `ਤੇ ਨਿਰਧਾਰਤ ਕਰ ਦਿੱਤੇ ਜਾਣੇ ਚਾਹੀਦੇ ਹਨ ਤਾਂ ਕਿ ਪੰਥ ਵਿੱਚ ਏਕਤਾ ਕਾਇਮ ਰਹੇ। ਗੁਰਪੁਰਬ ਮਨਾਉਣ ਦੇ ਨਾਂ `ਤੇ ਕੌਮ ਵਿੱਚ ਬਹੁਤ ਵੱਡੀ ਦੁਬਿਧਾ ਖੜੀ ਹੈ ਤੇ ਕੌਮ ਵੰਡੀ ਹੋਈ ਹੈ। ਜਿੰਨਾਂ ਸਾਧ ਲਾਣਾ ਹੈ ਇਹ ਬ੍ਰਹਾਮਣੀ ਤਿੱਥਾਂ ਦੇ ਅਧਾਰਤ ਗੁਰ-ਪੁਰਬ ਮਨਾਉਣ ਦਾ ਰਾਹ ਬਣਾਈ ਬੈਠੇ ਹਨ। ਸਵਾਏ ਝਗੜੇ ਦੇ ਹੋਰ ਕੁੱਝ ਵੀ ਨਹੀਂ ਹੈ। ਸਾਡਾ ਨਿਆਰਾ ਪਨ ਏਸੇ ਵਿੱਚ ਹੈ ਕਿ ਸਾਰੇ ਗੁਰਪੁਰਬਾਂ ਦੇ ਤਥਾ ਇਤਿਹਾਸ ਦੇ ਦਿਨ ਪੱਕੇ ਹੋਣੇ ਚਾਹੀਦੇ ਹਨ। ਤਰੀਕ ਜਿਹੜੀ ਮਰਜ਼ੀ ਰੱਖ ਲਓ ਪਰ ਪੱਕੀ ਜ਼ਰੂਰ ਹੋਣੀ ਚਾਹੀਦੀ ਹੈ।

੩---ਡੇਰਾਵਾਦ ---ਜਦੋਂ ਗੁਰਦੁਆਰਾ ਨਾਨਕਾਣਾ ਸਾਹਿਬ ਨੂੰ ਅਜ਼ਾਦ ਕਰਾਉਣ ਲਈ ਪੰਥ ਨੂੰ ਮੋਰਚਾ ਲਗਾਉਣਾ ਪਿਆ ਤਾਂ ਓਦੋਂ ਸ਼ਾਇਦ ਹੀ ਕੌਮ ਅੰਦਰ ਕੋਈ ਡੇਰਾ ਹੋਵੇਗਾ। ਅੱਜ ਤੱਕ ਕਿਸੇ ਵੀ ਡੇਰੇ ਨੇ ਪੰਥਕ ਮੋਰਚਿਆ ਵਿੱਚ ਆਪਣਾ ਕੋਈ ਜੋਗਦਾਨ ਨਹੀਂ ਪਾਇਆ। ਸਗੋਂ ਇਹਨਾਂ ਡੇਰਿਆ ਦੀ ਮਹਾਨਤਾ ਨੂੰ ਪੱਕਿਆਂ ਕਰਨ ਲਈ ਇਹ ਪਰਚਾਰ ਕੀਤਾ ਜਾਂਦਾ ਰਿਹਾ ਕਿ ਬਾਬੇ ਤਾਂ ਬਹੁਤ ਪਹੁੰਚੇ ਹੋਏ ਹਨ। ਉਹ ਤਾਂ ਦੁਨਿਆਵੀ ਗੱਲਾਂ ਵਿੱਚ ਨਹੀਂ ਆਉਂਦੇ। ਉਹ ਤਾਂ ਕੇਵਲ ਨਾਮ ਹੀ ਜਪਾਉਂਦੇ ਹਨ। ਹੁਣ ਹਾਲਾਤ ਏਦਾਂ ਦੇ ਹੋ ਗਏ ਹਨ ਕਿ ਦੁਨੀਆਂ ਦੀ ਹਰ ਮਨਮਤ ਇਹਨਾਂ ਡੇਰਿਆਂ ਵਿੱਚ ਹੀ ਜਨਮ ਲੈ ਰਹੀ ਹੈ। ਗੁਰੂ ਗ੍ਰੰਥ ਸਹਿਬ ਜੀ ਦੇ ਸਤਿਕਾਰ ਦੇ ਨਾਂ ਤੇ ਕਈ ਮਨਮਤਾਂ ਕਾਇਮ ਕਰ ਦਿੱਤੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਇੱਕ ਮਨੁੱਖ ਦੇ ਪੱਧਰ `ਤੇ ਲੈ ਆਂਦਾ ਹੈ। ਜਿਸ ਤਰ੍ਹਾਂ ਪਰਦਾ ਕਰਕੇ ਆਮ ਆਦਮੀ ਆਪਣੇ ਬਸਤਰ ਬਦਲਦਾ ਹੈ ਕੁੱਝ ਏਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਰੁਮਾਲੇ ਬਦਲੇ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਭੋਜਨ ਵਾਲੀ ਥਾਲੀ ਰੱਖੀ ਜਾ ਰਹੀ ਹੈ। ਸਾਧ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਭੋਜਨ ਛੱਕਦੇ ਹਨ। ਇਹਨਾਂ ਨੇ ਕਈ ਗਪੌੜ ਵੀ ਬਣਾਏ ਹੋਏ ਹਨ ਅੱਖੇ ਵੱਡੇ ਮਹਾਂਰਾਜ ਜੀ ਨੇ ਆਪ ਗੁਰੂ ਨਾਨਕ ਸਾਹਿਬ ਜੀ ਨੂੰ ਭੋਜਨ ਛਕਾਇਆ ਸੀ।

ਇਹਨਾਂ ਦਿਆਂ ਡੇਰਿਆ ਵਿੱਚ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੀ ਇੱਕ ਵੀ ਮਦ ਲਾਗੂ ਨਹੀਂ ਹੈ। ਹੁਣ ਸਾਰਿਆਂ ਡੇਰਿਆਂ ਵਿੱਚ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਤਥਾ ਉਹਨਾਂ ਦੇ ਜਨਮ ਦਿਹਾੜੇ ਗੁਰੂਆਂ ਵਾਂਗ ਮਨਾਏ ਜਾ ਰਹੇ ਹਨ। ਜੇ ਏਹੀ ਹਾਲ ਰਿਹਾ ਤਾਂ ਆਉਣ ਵਾਲੇ ਵੀਹ ਕੁ ਸਾਲਾਂ ਵਿੱਚ ਹਰ ਪਾਸੇ ਰੰਗ-ਬਰੰਗੇ ਸਾਧਾਂ ਦੀਆਂ ਤਸਵੀਰਾਂ ਵਾਲੇ ਬੋਰਡ ਹੀ ਦਿਸਣਗੇ। ਡੇਰਾਵਾਦੀ ਜਹਾਨੋਂ ਗਏ ਸਾਧ ਨਮਿੱਤ ਨਗਰ ਕੀਰਤਨ ਵੀ ਕੱਢਣ ਲੱਗ ਪਏ ਹਨ। ਕੀਰਤਨ ਦਰਬਾਰ ਤੇ ਹੋਰ ਪ੍ਰੋਗਰਾਮ ਸਾਰੇ ਗੁਰੂਆਂ ਦੀ ਤਰਜ਼ ਤੇ ਕੀਤੇ ਜਾ ਰਹੇ ਹਨ। ਅੱਜ ਇਤਿਹਾਸਕ ਗੁਰਦੁਆਰਿਆਂ ਨਾਲੋਂ ਡੇਰਿਆਂ ਦੀ ਇਮਾਰਤਾਂ ਮਹਿੰਗੀਆਂ ਤੋਂ ਮਹਿੰਗੀਆਂ ਬਣ ਰਹੀਆਂ ਹਨ। ਇਹ ਡੇਰੇ ਸਿੱਖੀ ਵਿੱਚ ਏਨੀ ਘੁੱਸਪੈਠ ਕਰ ਚੁਕੇ ਹਨ ਛੋਟੇ ਛੋਟੇ ਬੱਚਿਆਂ ਨੂੰ ਮਰ ਗਏ ਬਾਬਿਆਂ ਦੀਆਂ ਮਨ ਘੜਤ ਕਹਾਣੀਆਂ ਸੁਣਾ ਕੇ ਗੁਰ-ਇਤਿਹਾਸ ਨਾਲੋਂ ਤੋੜਿਆ ਜਾ ਰਿਹਾ ਹੈ। ਇਹਨਾਂ ਦੀ ਦੇਖਾ ਦੇਖੀ ਹੁਣ ਕੌਮ ਅੰਦਰ ਲੰਗਰ ਵੀ ਨੂੰ ਭੋਗ ਲਗਣਾ ਸ਼ੁਰੂ ਹੋ ਗਿਆ ਹੈ।

੪--ਮੜੀਆਂ `ਤੇ ਗੁਰਦੁਆਰੇ--- ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਮੜੀ `ਤੇ ਯਾਦਗਰ ਬਣਾਉਣੀ ਮਨਮਤ ਹੈ। ਹੈਰਾਨਗੀ ਦੀ ਗੱਲ ਦੇਖੋ ਸਾਡੇ ਸਾਰੇ ਨੇਤਾ, ਧਾਰਮਿਕ ਆਗੂ, ਜੱਥੇਦਾਰ ਅਜੇਹਿਆਂ ਅਸਥਾਨਾਂ `ਤੇ ਹਾਜ਼ਰੀ ਲਗਾਉਣੀ ਕਦੇ ਵੀ ਨਹੀਂ ਭੁੱਲਦੇ। ਜਿੱਥੇ ਕਿਤੇ ਸਾਧ ਫੁਕਿਆ ਗਿਆ ਹੈ ਉਸ ਦਾ ਨਾਂ ਰੱਖਿਆ ਗਿਆ ਹੈ ਗੁਰਦੁਆਰਾ ਅੰਗੀਠਾ ਸਾਹਿਬ। ਸੰਗਤ ਦਾ ਪੈਸਾ।

੫. ਸੜਕਾਂ `ਤੇ ਵੇਖੋ-ਵੇਖੀ ਲੰਗਰ ਲਗਾਉਣ ਨਿੱਤ ਵਾਧਾ --- ੧ ਮਹਾਨ ਕੋਸ਼ ਵਿੱਚ ਲੰਗਰ ਦੇ ਅਰਥ ਅੱਠ ਆਏ ਹਨ ਤੇ ਅੱਠਵੇਂ ਨੰਬਰ `ਤੇ ਲੰਗਰ ਦੇ ਅਰਥ ਹਨ—ਉਹ ਥਾਂ, ਜਿੱਥੇ ਅਨਾਥਾਂ ਨੂੰ ਅੰਨਦਾਨ ਮਿਲੇ। ੨ ਮਹਾਨ ਕੋਸ਼ ਵਿੱਚ ਹੀ ਲੋਹ ਲੰਗਰ ਦਾ ਅਰਥ ਵੀ ਆਇਆ ਹੈ—ਸਿੱਖ ਅਰਦਾਸ ਵਿੱਚ ਬੇਨਤੀ ਕਰਦੇ ਹਨ—ਲੋਹ-ਲੰਗਰ ਤੱਪਦੇ ਰਹਿਣ। ੩ ਮਹਾਨ ਕੋਸ਼ ਵਿੱਚ ਦੇਗ-ਤੇਗ ਫਤਹ ਦਾ ਅਰਥ ਵੀ ਆਇਆ ਹੈ—ਇਹ ਖ਼ਾਲਸੇ ਦਾ ਅਸ਼ੀਰਵਾਦ ਹੈ, ਭਾਵ—ਲੰਗਰ ਚੱਲਦਾ ਰਹੇ ਅਤੇ ਤਲਵਾਰ ਦੁਆਰਾ ਫਤਹ ਹੋਵੇ, ਅਨਾਥਾਂ ਦਾ ਪਾਲਨ ਅਰ ਦੁਸਟਾਂ ਦਾ ਨਾਸ਼ ਹੋਵੇ। ਇੰਜ ਸਮਝਿਆ ਜਾ ਸਕਦਾ ਹੈ ਕਿ ਲੰਗਰ ਦਾ ਮੋਟੇ ਤੌਰ`ਤੇ ਅਰਥ ਹੈ ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਭਾਵ ਲੋੜਵੰਦ ਦੀ ਸਹਾਇਤਾ। ਆਰਥਿਕ ਪੱਖੋਂ ਪਛੜੇ ਪਰਵਾਰਾਂ ਦੀ ਸਾਰ ਲੈਣੀ। ਕੌਮੀ ਕੰਮੀ ਕੰਮਾਂ ਲਈ, ਸਾਂਝੇ ਫ਼ਰਜ਼ਾਂ ਦੀ ਪੂਰਤੀ ਲਈ ਹਰ ਪ੍ਰਕਾਰ ਦਾ ਲੰਗਰ ਚਲਾਇਆ ਜਾਏ। ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੀ ਬਾਹਰਲੇ ਮੁਲਕਾਂ ਵਾਲੇ ਗੁਰਦੁਆਰੇ ਜਾਂ ਦੇਸ ਵਿਚਲੇ ਗੁਰਦੁਆਰੇ ਹੋਣ ਇਹਨਾਂ ਵਿੱਚ ਬੇ-ਲੋੜਾ ਅੰਨ ਬਰਬਾਦ ਕੀਤਾ ਜਾ ਰਿਹਾ ਹੈ। ਚਲੋ ਮੰਨਿਆ ਜਿਹੜੇ ਵੀਰ ਗੁਰਦੁਆਰੇ ਆਏ ਹਨ ਜਾਂ ਰਾਹੀ ਮੁਸਾਫ਼ਰ ਹਨ ਉਹਨਾਂ ਲਈ ਜ਼ਰੂਰ ਲੰਗਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਅੱਜ ਵੇਖਾ ਵੇਖਾ ਪੰਜਾਬ ਦੀ ਧਰਤੀ `ਤੇ ਇੱਕ ਮੀਲ ਦੀ ਵਿੱਥ `ਤੇ ਹੀ ਪੰਜ ਜਾਂ ਛੇ ਲੰਗਰ ਚੱਲ ਰਹੇ ਹਨ। ਹਰ ਥਾਂ `ਤੇ ਧੱਕੇ ਨਾਲ ਲੰਗਰ ਛੱਕਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਕੀ ਕੌਮ ਵਿੱਚ ਲੋੜ-ਵੰਦ ਪਰਵਾਰਾਂ ਦੀ ਸ਼ਨਾਖਤ ਕਰਕੇ ਉਹਨਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ? ਇੱਕ ਪਾਸੇ ਅਨਾਜ ਪੈਦਾ ਕਰਨ ਵਾਲਾ ਆਰਥਿਕ ਪੱਖੋਂ ਆਤਮ ਹੱਤਿਆਵਾਂ ਕਰ ਰਿਹਾ ਹੈ ਦੂਜੇ ਪਾਸੇ ਅਸੀਂ ਧੱਕੇ ਨਾਲ ਸੇਵਾ ਕਰ ਰਹੇ ਹਾਂ। ਕਹਾਣੀ ਏੱਥੇ ਖਤਮ ਨਹੀਂ ਹੋ ਰਹੀ ਸਗੋਂ ਹਰ ਰੋਜ਼ ਇਸ ਵਿੱਚ ਵਾਧਾ ਹੋ ਰਿਹਾ ਹੈ।

੬ ਕੀਰਤਨ ਦਰਬਾਰ—ਗੁਰਬਾਣੀ ਨੂੰ ਸਮਝਣ ਲਈ ਪਾਠ, ਕੀਰਤਨ ਤੇ ਕਥਾ ਤਿੰਨ ਮਾਧਿਅਮ ਹਨ। ਕੀਰਤਨ ਦੁਆਰਾ ਗੁਰਬਾਣੀ ਨੂੰ ਸਮਝਣਾ ਚਾਹੀਦਾ ਸੀ ਪਰ ਅੱਜ ਕੀਰਤਨ ਦਰਬਾਰਾਂ ਰਾਂਹੀ ਸਿਰਫ ਮਾਇਆ ਹੀ ਇਕੱਠੀ ਕੀਤੀ ਜਾ ਰਹੀ ਹੈ ਜਾਂ ਫਿਰ ਸਿਰਪਾਉ ਹੀ ਦਿੱਤੇ ਲਏ ਜਾ ਰਹੇ। ਕੁੱਝ ਗਿਣਤੀ ਦੇ ਰਾਗੀਆਂ ਨੇ ਹੀ ਲਾਭ ਪ੍ਰਾਪਤ ਕੀਤਾ ਹੈ। ਕੀਰਤਨ ਕੇਵਲ ਕੰਨ ਰਸ ਤੱਕ ਸੀਮਤ ਕਰ ਦਿੱਤਾ ਹੈ। ਪੰਜ ਪ੍ਰਤੀਸ਼ਤ ਸੰਗਤ ਨੂੰ ਛੱਡ ਕੇ ਬਹੁਤਿਆਂ ਨੂੰ ਕੀਰਤਨ ਦੁਆਰਾ ਅਰਥ ਬੋਧ ਬਾਰੇ ਵਿੱਚ ਗਿਆਨ ਨਹੀਂ ਹੈ। ਦੇਖਾ ਦੇਖੀ ਸਾਰੇ ਕੀਰਤਨ ਨੂੰ ਸੁਣਨ ਜਾ ਰਹੇ ਹਨ ਪਰ ਸਮਝ ਬਹੁਤ ਘੱਟ ਹੈ। ਹਾਂ ਕੀਰਤਨ ਰਾਂਹੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਸਕਦਾ ਹੈ ਨਾ ਕੇ ਕੀਰਤਨ ਦਰਬਾਰਾਂ ਰਾਂਹੀ ਮਾਇਆ ਇਕੱਠੀ ਕਰਕੇ। ਬੱਚਿਆ ਨੂੰ ਗੁਰਬਾਣੀ ਕੀਰਤਨ ਦੁਆਰਾ ਜੋੜਨ ਦਾ ਬਹੁਤ ਹੀ ਲਾਹੇਵੰਦਾ ਮਾਧਿਅਮ ਹੈ।

੭ ਰੰਗ- ਬੇਰੰਗਾ ਸਿਮਰਨ—ਜਦੋਂ ਕਿਸੇ ਕੌਮ ਦਾ ਬੋਧਿਕ ਵਿਕਾਸ ਰੋਕਣਾ ਹੋਵੇ ਤਾਂ ਉਸ ਨੂੰ ਕੇਵਲ ਕੁੱਝ ਅੱਖਰਾਂ ਤੱਲ ਸੀਮਤ ਕਰ ਦਿਓ ਉਹ ਪੜ੍ਹਨ ਪੜ੍ਹਾਉਣ ਜੋਗੇ ਰਹਿੰਦੇ ਹੀ ਨਹੀਂ ਹਨ। ਪ੍ਰਿੰਸੀਪਲ ਸੁਰਜੀਤ ਸਿੰਘ ਜੀ ਨੇ ਥਾਈ ਲੈਂਡ ਆਪਣੇ ਵਖਿਆਨ ਰਾਂਹੀ ਬੜਾ ਭਾਵ ਪੂਰਤ ਕਿਹਾ ਕਿ ਸਿੱਖ ਸਿਮਰਨ ਕਰਕੇ ਏੰਨਾ ਥੱਕ ਜਾਂਦਾ ਹੈ ਕਿ ਮੁੜ ਗੁਰਬਾਣੀ ਪੜ੍ਹਨ ਵਿਚਾਰਨ ਜੋਗਾ ਰਹਿੰਦਾ ਹੀ ਨਹੀਂ ਹੈ। ਗੁਰਬਾਣੀ ਦੇ ਅਰਥ ਭਾਵ ਨੂੰ ਸਮਝਣ ਲਈ ਤਿਆਰ ਨਹੀਂ ਕੇਵਲ ਕੁੱਝ ਘੰਟੇ ਕੁੱਝ ਅੱਖਰਾਂ ਦੇ ਜਾਪ ਨੂੰ ਸਿਮਰਨ ਕਿਹਾ ਜਾ ਰਿਹਾ ਹੈ। ਹੁਣ ਇਸ ਦਾ ਰੂਪ ਹੋਰ ਵਿਗੜ ਗਿਆ ਹੈ। ਕਿਤੇ ਅੱਖਾਂ ਬੰਦ ਕਰਕੇ, ਕਿਤੇ ਬੱਤੀਆਂ ਬੰਦ ਕਰਕੇ ਕਿਤੇ ਤੇਜ਼ ਤੇਜ਼ ਬੋਲ ਕਿ ਕਿਤੇ ਸ਼ਬਦ ਕੀਰਤਨ ਨੂੰ ਬੰਦ ਕਰਕੇ ਘਮਟਿਆਂ ਬੱਦੀ ਜਾਪ ਕਰਨ ਨੂੰ ਸਿਮਰਨ ਕਿਹਾ ਜਾ ਰਿਹਾ ਹੈ। ਹੁਣ ਕਈ ਥਾਵਾਂ `ਤੇ ਦੁਪਹਿਰੇ, ਚੁਪਹਿਰੇ ਆਦਿ ਦੇ ਵੀ ਕੀਰਤਨ ਹੋ ਰਹੇ ਹਨ। ਕਿਸੇ ਵੀਡੀਓ ਵਿੱਚ ਪੈਰ ਹਿਲਾ ਹਿਲਾ ਕੇ ਸਿਮਰਨ ਕੀਤਾ ਜਾ ਰਿਹਾ ਹੈ। ਕੋਈ ਧੁੰਨੀ ਵਿਚੋਂ ਅਵਾਜ਼ ਸੁਣਨ ਦਾ ਯਤਨ ਕਰ ਰਿਹਾ ਹੈ ਤੇ ਕੋਈ ਪ੍ਰਕਾਸ਼ ਦੇਖਣ ਦੇ ਯਤਨ ਵਿੱਚ ਲੱਗਾ ਹੋਇਆ ਦਿਸ ਰਿਹਾ ਹੈ। ਲੋੜ ਇਸ ਗੱਲ ਦੀ ਸੀ ਕਿ ਕੌਮ ਲਈ ਚਿੰਤਨ ਕੀਤਾ ਜਾਂਦਾ, ਨੌਜਵਾਨ ਪੀੜ੍ਹੀ ਲਈ ਚਿੰਤਨ ਕੀਤਾ ਜਾਂਦਾ, ਵਿਦਿਆ ਦੇ ਪਸਾਰ ਲਈ ਸਿਮਰਨ ਕੀਤਾ ਜਾਂਦਾ, ਨਸ਼ਿਆਂ ਦੇ ਵੱਗ ਰਹੇ ਦਰਿਆ ਦਾ ਚਿੰਤਨ ਕੀਤਾ ਜਾਂਦਾ।

੮ ਕਾਰ ਸੇਵਾ ਜਾਂ ਕਹਿਰ ਸੇਵਾ—ਇਮਾਨਦਾਰੀ ਨਾਲ ਗੁਰਦੁਆਰਿਆਂ ਦੀ ਸੇਵ ਸੰਭਾਲ਼ ਕਰਨੀ ਕੋਈ ਮਾੜੀ ਗੱਲ ਨਹੀਂ ਹੈ। ਖਸਤਾ ਹਾਲਤ ਹੋ ਚੁੱਕੀਆਂ ਇਮਾਰਤਾਂ ਦੀ ਸੰਭਾਲ਼ ਕਰਨੀ ਬਹੁਤ ਉਦਮ ਵਾਲੀ ਗੱਲ ਹੈ। ਦੁਖਾਂਤ ਇਸ ਗੱਲ ਦਾ ਹੈ ਅੱਜ ਚੰਗੀਆਂ ਇਮਾਰਤਾਂ ਨੂੰ ਢਾਹ ਕੇ ਮਾਰਬਲ ਥੱਲੇ ਸਿੱਖ ਇਤਿਹਾਸ ਨੂੰ ਦੱਬਿਆ ਜਾ ਰਿਹਾ ਹੈ। ਗੁਰਦੁਆਰੇ ਦੀ ਇਮਾਰਤ ਵਿੱਚ ਬੈਠ ਕੇ ਕੌਮ ਦੀ ਉਸਾਰੀ ਕਰਨੀ ਸੀ ਪਰ ਸਿੱਖ ਕੌਮ ਦੇ ਗੁਰਦੁਆਰੇ ਕੇਵਲ ਮਾਰਬਲ ਦੇਖਣ ਜੋਗੇ ਹੀ ਰਹਿ ਗਏ ਹਨ। ਚਾਹੀਦੇ ਸੀ ਸਕੂਲ ਕਾਲਜਾਂ ਦੀਆਂ ਇਮਾਰਤਾਂ ਬਣਾਉਣੀਆਂ, ਹਸਪਤਾਲ ਬਣਾਉਣੇ, ਸੜਕਾਂ ਪੁੱਲ ਬਣਾਉਣੇ, ਲੋੜਵੰਦ ਪ੍ਰਵਾਰਾਂ ਦੇ ਬੱਚਿਆਂ ਨੂੰ ਕਾਰ ਸੇਵਾ ਰਾਂਹੀ ਸੰਭਾਲਣ ਦਾ ਯਤਨ ਕਰਨਾ ਚਾਹੀਦਾ ਸੀ। ਜਿਹੜਾ ਬਾਬਾ ਇੱਕ ਵਾਰੀ ਕਿਸੇ ਇਤਿਹਾਸਕ ਥਾਂ ਦੀ ਕਾਰ ਸੇਵਾ ਸ਼ੁਰੂ ਕਰਦਾ ਹੈ ਉਹ ਮੁੜ ਓੱਥੋਂ ਨਿਕਲਣ ਦਾ ਨਾਂ ਨਹੀਂ ਲੈਂਦਾ। ਉਲਟਾ ਕਾਰ ਸੇਵਾ ਵਾਲੇ ਬਾਬਿਆਂ ਨੇ ਸਿੱਖ ਕੌਮ ਦੇ ਮਹਾਨ ਇਤਿਹਾਸਕ ਅਸਥਾਨਾਂ `ਤੇ ਆਪਣੇ ਨਾਲ ਡੇਰ ਸਥਾਪਿਤ ਕਰ ਲਏ ਹਨ। ਜਿੱਥੇ ਸਿੱਖ ਸਿਧਾਂਤਾਂ ਦੀਆਂ ਰਵਾਇਤਾਂ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ। ਇੰਜ ਲੱਗਦਾ ਹੈ ਸਿੱਖ ਕੌਮ ਨੂੰ ਕੇਵਲ ਟੋਕਰੀਆਂ ਚੁੱਕਣ ਤੱਕ ਹੀ ਸੀਮਤ ਕਰ ਦਿੱਤਾ ਹੈ। ਕਿਸੇ ਗੁਰਦੁਆਰੇ ਚਲੇ ਜਾਓ ਥਾਂ ਥਾਂ ਬਾਬੇ ਟੋਕਰੀਆਂ ਰੱਖ ਕੇ ਬੈਠੇ ਨਜ਼ਰ ਆਉਣਗੇ। ਹਰ ਇਤਿਹਾਸਕ ਗੁਰਦੁਆਰੇ ਕਾਰ ਸੇਵਾ ਦਾ ਅਜੀਬ ਤਮਾਸ਼ਾ ਬਣਿਆ ਹੋਇਆ ਹੈ। ਸੰਗਤਾਂ ਦੇ ਪੈਸੇ, ਸਿਧਾਂਤ, ਇਤਿਹਾਸ, ਮਾਰਬਲ ਥੱਲੇ ਦੱਬਿਆ ਜਾ ਰਿਹਾ ਹੈ। ਕਾਰ ਸੇਵਾ ਰਾਂਹੀ ਗੁਰਦੁਆਰਿਆਂ ਦਾ ਸਭਿਆਚਾਰ ਗਵਾਚਦਾ ਜਾ ਰਿਹਾ ਹੈ ਮੰਦਰਾਂ ਦੀ ਤਰ੍ਹਾਂ ਦੀਆਂ ਇਮਾਰਤਾ ਖੜੀਆਂ ਕੀਤੀਆਂ ਜਾ ਰਹੀਆਂ ਹਨ। ਗੁਰਦੁਆਰਿਆਂ ਦੀਆਂ ਇਮਾਰਤਾਂ ਅਮੀਰ ਹੋ ਰਹੀਆਂ ਹਨ ਪਰ ਅੰਦਰ ਬੈਠਣ ਵਾਲੇ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਜ਼ਿਆਦਾ ਵਿਸਤਾਰ ਦੇਖਣਾ ਹੋਵੇ ਤਾਂ ਸ੍ਰ. ਕੁਲਬੀਰ ਸਿੰਘ ਦੀ `ਤੇ ਸਿੱਖ ਵੀ ਨਿਗਲ਼ਿਆ ਗਿਆ ਦੇਖਿਆ ਜਾ ਸਕਦਾ ਹੈ।

੯ ਅਖੰਡ-ਪਾਠਾਂ ਦੀਆਂ ਲੜੀਆਂ ਕਿ ਪੈਸੇ ਦੀ ਬਰਬਾਦੀ—ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਹਰ ਗੁਰਸਿੱਖ ਨੂੰ ਲਗਦੇ ਚਾਰੇ ਗੁਰਮੁਖੀ ਅੱਖਤ ਸਿੱਖ ਕੇ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਅੱਜ ਸਰਕਾਰੀ ਅਰਧ ਸਰਕਾਰੀ ਕੰਮ ਸਾਰੇ ਠੇਕੇ `ਤੇ ਹੋ ਰਹੇ ਹਨ ਕੁੱਝ ਏਸੇ ਤਰ੍ਹਾਂ ਹੀ ਅਖੰਡ ਪਾਠ ਵੀ ਠੇਕੇ ਤੇ ਹੋ ਰਹੇ ਹਨ। ਖੁਸ਼ੀ ਜਾਂ ਉਤਸਾਹ ਵੇਲੇ ਰਲ਼ ਬਾਣੀ ਦੀ ਤਾਗ਼ੀਦ ਕੀਤੀ ਗਈ ਹੈ। ਪਰ ਅੱਜ ਤਾਂ ਹੱਦ ਹੋ ਗਈ ਹੈ ਕਿ ਆਉਣ ਵਾਲੇ ਦਸ ਸਾਲ ਤੱਕ ਦੀ ਅਖੰਡ ਪਾਠਾਂ ਦੀ ਬੁਕਿੰਗ ਹੋ ਰਹੀ ਹੈ। ਡੇਰੇਵਾਲੇ ਸੌ ਸੌ ਇਕੱਠੇ ਪਾਠ ਰੱਖ ਰਹੇ ਹਨ। ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਨੇ ਅਖੰਡ ਪਾਠ ਨੂੰ ਸੌਖੀ ਕਿਸ਼ਤ ਇਕੱਠੀ ਕਰਨ ਦਾ ਨਾਂ ਦਿੱਤਾ ਹੈ। ਠੇਕੇ ਦੇ ਪਾਠ ਕਰਕੇ ਆਮ ਆਦਮੀ ਪਾਠ ਕਰਨਾ ਛੱਡ ਗਏ ਹਨ। ਚਲੋ ਪੈਸੇ ਦੇ ਕੇ ਪਾਠ ਕਰਾ ਲਓ ਸਾਨੂੰ ਪਾਠ ਕਰਨ ਦੀ ਕੀ ਜ਼ਰੂਰਤ ਹੈ।

੧੦ ਗੁਰ-ਪੁਰਬਾਂ ਵਾਂਗ ਗਏ ਗੁਜ਼ਰੇ ਬਾਬਿਆਂ ਦੀਆਂ ਬਰਸੀਆਂ—ਜਿਸ ਢੰਗ ਨਾਲ ਡੇਰਵਾਦ ਫੈਲ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਗੁਰੂਆਂ ਦੀ ਥਾਂ `ਤੇ ਬਾਬਿਆਂ ਦੇ ਹਾਰਡਿੰਗ ਬੋਰਡ ਲੱਗੇ ਹੋਏ ਦਿਸਣਗੇ। ਇਹਨਾਂ ਬਾਬਿਆਂ ਦੀਆਂ ਬਰਸੀਆਂ `ਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਦੇ ਨਾਂ `ਤੇ ਪਕਵਾਨ ਤਿਆਰ ਕਰਕੇ ਕੌਮ ਦੀ ਆਰਥਿਕਤਾ ਤਬਾਹ ਕੀਤੀ ਜਾ ਰਹੀ ਹੈ। ਸਮਾਜ ਵਿਚੋਂ ਸ਼ਰਮ ਵੀ ਉੱਡਦੀ ਜਾ ਰਹੀ ਹੈ ਕਿ ਅੱਖੇ ਜੀ ਸਾਡੇ ਘਰ ਕਾਕਾ ਫਲਾਣੇ ਬਾਬੇ ਦੀ ਕਿਰਪਾ ਦੁਆਰਾ ਹੋਇਆ ਹੈ ਦੁਰ-ਲਾਹਨਤ ਹੈ ਅਜੇਹੀ ਘੱਟੀਆਂ ਸੋਚ ਦੇ।

੧੧ ਚਮਕੌਰ ਦੀ ਜੂਹ ਤੇ ਸਰਹੰਦ ਦੀ ਦੀਵਾਰ ਨਾਲੋਂ ਸਿੱਖ ਕੌਮ ਨੂੰ ਤੋੜ ਕੇ ਹੇਮਕੁੰਟ ਦੀਆਂ ਪਹਾੜੀ ਟੀਸੀਆਂ ਨਾਲ ਜੋੜ ਕੇ ਕੌਮੀ ਧਰੋਅ ਕਮਾਇਆ ਜਾ ਰਿਹਾ ਹੈ। ਬਹੁਤ ਸਾਰੀਆਂ ਜੱਥੇਬੰਦੀਆਂ ਨੇ ਹੇਮਕੁੰਟ ਸੁਸਾਇਟੀਆਂ ਬਣਾ ਕੇ ਸਿੱਖ ਦੇ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਹੈ ਸਿੱਖਾਂ ਦਾ ਅਸਲੀ ਧਰਮਿਕ ਅਸਥਾਨ ਕੇਵਲ ਹੇਮ ਕੁੰਟ ਹੀ ਹੈ।

੧੨ ਸ਼ਹੀਦੀ ਜੋੜ ਮੇਲ਼ਿਆਂ ਦੇ ਰਾਜਸੀ ਰੋਟੀਆਂ ਦਾ ਸੇਕਣਾ, ਸ਼ਹੀਦਾਂ ਨਾਲ ਧਰੋਅ ਕਮਾਉਣਾ ਹੈ-ਸ਼ਹੀਦੀ ਜੋੜ ਮੇਲਿਆਂ `ਤੇ ਸਹਿਬਜ਼ਾਦਿਆਂ ਦੀ ਕੁਰਬਾਨੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਕਿਵੇਂ ਬਣੇ ਕਦੇ ਕਿਸੇ ਨੇ ਵਿਚਾਰ ਕਰਨ ਦਾ ਯਤਨ ਨਹੀਂ ਕੀਤਾ। ਰਤਜਨੀਤਿਕ ਪਾਰਟੀਆਂ ਇੱਕ ਦੂਜੇ `ਤੇ ਚਿੱਕੜ ਸੁੱਟ ਕੇ ਵੋਟਾਂ ਦੀ ਖਾਤਰ ਆਪੋ ਆਪਣੀਆਂ ਰੋਟੀਆਂ ਹੀ ਸੇਕਦੇ ਹਨ। ਦੂਸਰਾ ਅਜੇਹੇ ਪਵਿੱਤਰ ਸਮਾਗਮਾ `ਤੇ ਵੱਖ ਵੱਖ ਪ੍ਰਕਾਰ ਦੇ ਲੰਗਰ ਲਗਾ ਕਿ ਕੌਮ ਨੂੰ ਕੇਵਲ ਖਾਣ ਤੱਕ ਹੀ ਸੀਮਤ ਕਰ ਦਿੱਤਾ ਹੈ। ਸ਼ਹੀਦੀ ਜੋੜ ਮੇਲਿਆਂ ਨੂੰ ਕੇਵਲ ਮੇਲਿਆਂ ਦਾ ਹੀ ਰੂਪ ਦਿੱਤਾ ਗਿਆ ਹੈ। ਕਿਸੇ ਪਾਸੇ ਝੂਟਿਆਂ ਵਾਲੇ ਅਵਾਜ਼ਾਂ ਮਾਰ ਰਹੇ ਹੁੰਦੇ ਹਨ, ਨਿਆਣੇ ਪੀਪਨੀਆਂ ਵਜਾਈ ਜਾਣਗੇ। ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ। ਕਿਸੇ ਪਾਸੇ ਭੰਗ ਘੋਟੀ ਜਾ ਰਹੀ ਹੁੰਦੀ ਹੈ। ਅਸਲ ਮਕਸਦ ਦੀ ਕਿਤੇ ਵੀ ਕੋਈ ਗੱਲ ਨਹੀਂ ਹੁੰਦੀ। ਅਜੇਹੇ ਮੌਕਿਆ `ਤੇ ਸਿਰ ਜੋੜ ਕੇ ਕੌਮੀ ਮਸਲਿਆਂ ਦੀ ਵਿਚਾਰ ਹੋਣੀ ਚਾਹੀਦੀ ਹੈ। ਕੌਮ ਨੂੰ ਦਰਪੇਸ਼ ਚਨੌਤੀਆਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਰਹਿੰਦਾ ਸਾਰਾ ਜ਼ੋਰ ਨਗਰ ਕੀਰਤਨ `ਤੇ ਲਗਾ ਦਿੱਤਾ ਜਾਂਦਾ ਹੈ। ਇੱਕ ਦੂਜੇ ਨੂੰ ਸਿਰਪਾਓ ਦਿੱਤੇ `ਤੇ ਘਰਾਂ ਨੂੰ ਚਲਦੇ ਬਣੇ। ਮੇਰੇ ਲਿਖਣ ਤੱਕ ਹੀ ਸੀਮਤ ਨਾ ਰਿਹਾ ਜਾਏ ਸੰਗਤ ਖ਼ੁਦ ਦੇਖ ਸਕਦੀ ਹੈ।




.