.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਵਿਰੋਧ ਕਰੋ ਪਰ---

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਜੇ ਸਮਝ ਆ ਜਾਏ ਤਾਂ ਸਾਡਾ ਆਪਸ ਵਿੱਚ ਵਿਰੋਧ ਰਹਿ ਹੀ ਨਹੀਂ ਜਾਂਦਾ ਹੈ। ਦਰ-ਅਸਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ, ਇਸ ਲਈ ਸਾਡੇ ਆਪਸੀ ਵਿਰੋਧ ਹਨ। ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਕੀਤਾ ਹੈ ਜੋ ਸੱਚ ਦੀ ਕਸਵੱਟੀ ਤੇ ਪੂਰੀਆਂ ਨਹੀਂ ਉੱਤਰਦੀਆਂ ਸਨ। ਧਰਮ ਦੇ ਨਾਂ `ਤੇ ਕੀਤੇ ਜਾ ਰਹੇ ਕਰਮ-ਕਾਂਡ, ਸਮਾਜਿਕ ਬੁਰਾਈਆਂ, ਅੰਧਵਿਸ਼ਵਾਸ ਵਰਗੀਆਂ ਬਿਮਾਰੀਆਂ ਦਾ ਜਿੱਥੇ ਪੁਰ ਜ਼ੋਰ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ ਓੱਥੇ ਨਾਲ ਰੱਬੀ ਹੁਕਮ ਵਿੱਚ ਚੱਲਣ ਨਾਲ ਸੁੱਖੀ ਜੀਵਨ ਦਾ ਹੱਲ ਵੀ ਦੱਸਿਆ ਹੈ। ਗੁਰੂ ਨਾਨਕ ਸਾਹਿਬ ਜੀ ਦੀ ਇਸ ਰੱਬੀ ਵਿਚਾਰਧਾਰਾ ਦੀ ਜਿਨ੍ਹਾਂ ਨੂੰ ਸਮਝ ਲੱਗ ਗਈ ਸੀ, ਉਹਨਾਂ ਨੇ ਮੁੜ ਉਹ ਕਰਮ-ਕਾਂਡ ਨਹੀਂ ਕੀਤੇ ਵਰਨਾ ਅੱਜ ਵੀ ਬਹੁਤੇ ਲੋਕ ਕਰਮ-ਕਾਂਡਾਂ ਦੇ ਤੰਦੂਵੇ ਜਾਲ ਵਿੱਚ ਫਸੇ ਪਏ ਹਨ।
ਵਿਰੋਧਾਂ ਦੇ ਕਰਨ
1-
ਸਿੱਖ ਇਤਿਹਾਸ ਦੇ ਮੁੱਢਲੇ ਸਰੋਤਾਂ ਵਿੱਚ ਬਹੁਤ ਸਾਰੀਆਂ ਐਸੀਆਂ ਸਾਖੀਆਂ ਹਨ ਜੋ ਗੁਰੂਆਂ ਦੇ ਜੀਵਨ ਨਾਲ ਮੇਲ ਨਹੀਂ ਖਾਂਦੀਆਂ। ਜ਼ਿਆਦਾਤਰ ਇਹ ਇਤਿਹਾਸ ਉਹਨਾਂ ਲੋਕਾ ਦਾ ਲਿਖਿਆ ਹੋਇਆ ਹੈ ਜਿੰਨ੍ਹਾਂ ਨੂੰ ਸਿੱਖੀ ਦੇ ਨਿਆਰੇਪਨ ਦਾ ਗਿਆਨ ਨਹੀਂ ਸੀ। ਜਦੋਂ ਕੋਈ ਕੌਮ ਮੈਦਾਨ ਵਿੱਚ ਜੂਝ ਰਹੀ ਹੋਵੇ ਤਾਂ ਉਸ ਦਾ ਇਤਿਹਾਸ ਸਰਕਾਰੀ ਲੋਕ ਲਿਖਦੇ ਹਨ ਜੋ ਤਥਾਂ ਨੂੰ ਵਿਗਾੜ ਕੇ ਪੇਸ਼ ਕਰਦੇ ਹਨ। ਭਾਈ ਸੋਹਣ ਸਿੰਘ ਜੀ ਸੀਤਲ ਨੇ ‘ਇਤਿਹਾਸ ਦੇ ਸੋਮੇਂ` ਪੰਜ ਪੁਸਤਕਾਂ ਲਿਖ ਕੇ ਮਿਥਿਹਾਸ ਤੇ ਗ਼ੈਰਕੁਦਰਤੀ ਗੱਲਾਂ ਦੀ ਮੁੱਢਲੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਸਭ ਗ਼ੈਰ ਕੁਦਰਤੀ ਗਪੌੜਿਆਂ ਨੂੰ ਮੁੱਢੋਂ ਨਿਕਾਰਿਆ ਹੈ। ਸਾਡਾ ਦੁਖਾਂਤ ਹੈ ਕਿ ਜੋ ਅਸਾਂ ਇੱਕ ਵਾਰ ਪੜ੍ਹ ਲਿਆ, ਜਾਂ ਸੁਣ ਲਿਆ ਉਹ ਹੀ ਸਾਡਾ ਇਤਿਹਾਸ ਹੈ, ਭਾਵੇਂ ਉਹ ਗੁਰਬਾਣੀ ਦੀ ਕਸਵੱਟੀ `ਤੇ ਪੂਰਾ ਉੱਤਰਦਾ ਹੈ ਜਾਂ ਨਹੀਂ, ਇਸ ਨਾਲ ਸਾਡਾ ਕੋਈ ਸਰੋਕਾਰ ਨਹੀਂ ਹੁੰਦਾ। ਹੁਣ ਜਿਹੜਾ ਵੀ ਗੁਰਬਾਣੀ ਜਾਂ ਵਿਗਿਆਨਕ ਵਿੱਧੀ ਦੁਆਰਾ ਸੋਧ ਕੇ ਇਤਿਹਾਸ ਸੁਣਾਏਗਾ ਉਸ ਨਾਲ ਸਾਡਾ ਵਿਰੋਧ ਹੈ ਕਿਉਂ ਕਿ ਅਸੀਂ ਪੁਰਾਣੇ ਇਤਿਹਾਸ ਨੂੰ ਆਪਣੇ ਮਨ ਵਿੱਚ ਵਸਾਈ ਬੈਠੇ ਹਾਂ। ਬੜਾ ਘੜਿਆ ਘੜਾਇਆ ਸਵਾਲ ਕੀਤਾ ਜਾਂਦਾ ਹੈ ਕਿ ਕੀ ਇਤਿਹਾਸ ਸਾਰਾ ਹੀ ਗਲਤ ਹੈ? ਸ਼ਾਡੇ ਗੁਰੂ ਜੀ ਕਰਾਮਾਤ ਨਹੀਂ ਕਰਦੇ ਸਨ? ਉੱਤਰ ਹੈ ਕਿ ਇਤਿਹਾਸ ਗਲਤ ਨਹੀਂ ਹੈ ਉਸ `ਤੇ ਬਣਾਈਆਂ ਸਾਖੀਆਂ ਮਨ ਘੜਤ ਘਟਨਾਵਾਂ ਸਹੀ ਤਥਾਂ ਨਾਲ ਮੇਲ ਨਹੀਂ ਖਾਂਦੀਆਂ। ਇਸ ਲਈ ਇਤਿਹਾਸ ਨੂੰ ਸੋਧ ਕੇ ਪੇਸ਼ ਕੀਤੇ ਜਾਣ ਵਿੱਚ ਕੋਈ ਹਰਜ਼ ਨਹੀਂ ਹੈ। ਸਭ ਤੋਂ ਵੱਧ ਵਿਰੋਧ ਓਦੋਂ ਹੁੰਦਾ ਹੈ ਜਦੋਂ ਕਰਾਮਾਤੀ ਇਤਿਹਾਸ ਰੱਦ ਕੀਤਾ ਜਾਂਦਾ ਹੈ। ਹੁਣ ਬਹੁਤ ਸਾਰਾ ਇਤਿਹਾਸ ਗੁਰਬਾਣੀ ਸਿਧਾਂਤ ਅਨੁਸਾਰ ਵਿਗਿਆਨਕ ਢੰਗ ਤਰੀਕੇ ਦਾ ਲਿਖਿਆ ਮਿਲਦਾ ਹੈ ਵਿਰੋਧ ਕਰਨ ਵਾਲੇ ਵੀਰਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਜਿੰਨ੍ਹਾਂ ਨੇ ਕੋਈ ਗੱਲ ਕਰਨੀ ਹੁੰਦੀ ਹੈ ਉਹ ਵਿਚਾਰ ਨਾਲ ਜ਼ਰੂਰ ਪੁੱਛਦੇ ਹਨ ਇਹ ਵਿਚਾਰ ਕਿਹੜੇ ਸਰੋਤ ਵਿਚੋਂ ਲਿਆ ਗਿਆ ਹੈ। ਆਮ ਗੁਰਦੁਆਰਿਆਂ ਵਿੱਚ ਮਿਸ਼ਨਰੀ ਵੀਰਾਂ ਦਾ ਵਿਰੋਧ ਇਸ ਲਈ ਕੀਤਾ ਜਾਂਦਾ ਹੈ ਕਿ ਇਹ ਕਰਾਮਾਤਾਂ ਜਾਂ ਗ਼ੈਰ ਕੁਦਰਤੀ ਗੱਲਾਂ ਨੂੰ ਨਹੀਂ ਮੰਨਦਾ। ਪਰ ਸਾਡੀ ਧਾਰਨਾ ਪੁਰਾਣੇ ਇਤਿਹਾਸ `ਤੇ ਹੀ ਬਣੀ ਹੁੰਦੀ ਹੈ। ਵਿਰੋਧ ਕਰਦਿਆਂ ਹੋਇਆ ਕਹੀ ਜਾਣਗੇ ਸਾਡੇ ਬਜ਼ੁਰਗ ਕੋਈ ਐਵੇਂ ਲਿਖ ਗਏ ਸਨ?
2-ਗੁਰਬਾਣੀ ਦੀ ਵਿਚਾਰ ਸ਼ੈਲੀ—--ਸਾਡੇ ਮੁਲਕ ਵਿੱਚ ਕਰਾਮਾਤੀ ਕਹਾਣੀਆਂ ਸੁਣਨ ਦਾ ਬਹੁਤ ਰਿਵਾਜ਼ ਰਿਹਾ ਹੈ। ਸਿੱਖੀ ਵਿਚਾਰਧਾਰਾ `ਤੇ ਵੀ ਇਸ ਦਾ ਪੂਰਾ ਰੰਗ ਚੜ੍ਹਿਆ ਹੋਇਆ ਦਿਸਦਾ ਹੈ। ਜਿਸ ਕਿਸੇ ਸ਼ਬਦ ਦੀ ਸਮਝ ਨਹੀਂ ਆਉਂਦੀ ਸੀ ਉਸ ਸ਼ਬਦ `ਤੇ ਸਾਖੀ ਸੁਣਾਈ ਜਾਂਦੀ ਸੀ ਇਸ ਨੂੰ ਗੁਰਬਾਣੀ ਵਿਚਾਰ ਦਾ ਨਾਂ ਦਿੱਤਾ ਜਾਣ ਲੱਗਿਆ ਦੁਜਾ ਸ਼ਬਦ ਗੁਰਬਾਣੀ ਦਾ ਲਿਆ ਜਾਂਦਾ ਸੀ ਪਰ ਵਿਚਾਰ ਕਿਸੇ ਬ੍ਰਹਾਮਣੀ ਗ੍ਰੰਥ ਦੀ ਕੀਤੀ ਜਾਂਦੀ ਰਹੀ ਹੈ। ਅੱਜ ਵੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤਾਂ ਸ਼ਬਦ ਗੁਰਬਾਣੀ ਦਾ ਹੁੰਦਾ ਹੈ ਪਰ ਵਿਚਾਰ ਅਸੀਂ ਗਰੜ ਪੁਰਾਣ ਦੇ ਰਹੇ ਹੁੰਦੇ ਹਾਂ। ਜਿਉਂ ਹੀ ਕੌਮ ਦੇ ਵਿਦਵਾਨਾਂ ਨੇ ਗੁਰਬਾਣੀ ਵਿਆਕਰਣ ਦੇ ਨਿਯਮ ਅਨੁਸਾਰ ਗੁਰਬਾਣੀ ਦੀ ਵਿਚਾਰ ਅਰੰਭੀ ਤਾਂ ਕਰਾਮਾਤੀ ਕਹਾਣੀਆਂ ਆਪਣੇ ਆਪ ਖਤਮ ਹੋਣੀਆਂ ਅਰੰਭ ਹੋ ਗਈਆਂ। ਜਿਹੜੇ ਡੇਰੇਦਾਰ ਗੁਰਬਾਣੀ ਤੇ ਕਰਾਮਾਤੀ ਕਹਾਣੀਆਂ ਸਣਾਉਂਦੇ ਰਹੇ ਹਨ ਉਹ ਹੁਣ ਵਿਰੋਧ ਵਿੱਚ ਖੜੇ ਹੋ ਗਏ ਹਨ। ਗੁਰਬਾਣੀ ਦੇ ਭਾਵ ਅਰਥਾਂ ਨੂੰ ਨਾ ਸਮਝਣ ਕਰਕੇ ਵੀ ਵਿਰੋਧ ਹੋ ਰਿਹਾ ਹੈ। ਕਈ ਥਾਂਈਂ ਇਹ ਵੀ ਕਿਹਾ ਜਾਂਦਾ ਹੈ ਕਿ ਗੁਰਬਾਣੀ ਦੇ ਅਰਥਾਂ ਦੀ ਬਹੁਤੀ ਜ਼ਰੂਰਤ ਨਹੀਂ ਹੈ ਕੇਵਲ ਨਾਮ ਸਿਮਰਣ ਵਿੱਚ ਹੀ ਸਾਰੀਆਂ ਬਰਕਤਾਂ ਹਨ। ਅਜੇਹੇ ਵੀਰ ਵੀ ਆਮ ਵਿਰੋਧ ਵਿੱਚ ਹੀ ਉੱਠ ਖਲੋਂਦੇ ਹਨ। ਤਰਕ ਨਾਲ ਕਦੇ ਵੀ ਵਿਚਾਰ ਨਹੀਂ ਕਰਨਗੇ। ਇਸ ਲਈ ਵਿਰੋਧ ਕਰਨਾ ਹੈ ਕਿਉਂਕਿ ਅਸਾਂ ਵਿਰੋਧ ਹੀ ਕਰਨਾ ਹੈ।
3-ਡੇਰਵਾਦੀ ਵਿਰੋਧੀ-—ਜਿਹੜਿਆਂ ਲੋਕਾਂ ਨੇ ਆਪਣੇ ਜੀਵਨ ਵਿੱਚ ਹਨੇਰਾ ਢੋਇਆ ਹੋਵੇ ਉਹਨਾਂ ਨੂੰ ਚਾਨਣ ਪਸੰਦ ਨਹੀਂ ਹੁੰਦਾ। ਦੂਜਾ ਡੇਰਵਾਦੀ ਬਿਰਤੀ ਕਦੀ ਵੀ ਨਹੀਂ ਕਹੇਗੀ ਕਿ ਲੋਕਾਂ ਨੂੰ ਗੁਰਬਾਣੀ ਜਾਂ ਇਤਿਹਾਸ ਦੀ ਸਮਝ ਆਏ। ਉਹ ਤਾਂ ਗੁਰਬਾਣੀ ਨੂੰ ਮੰਤਰਾਂ ਵਾਂਗ ਕੇਵਲ ਪਾਠ ਕਰਨ ਦੀਆਂ ਵਿਧੀਆਂ ਹੀ ਦੱਸਦੇ ਹਨ। ਜਾਂ ਇੱਕ ਸ਼ਬਦ ਦਾ ਕੇਵਲ ਰਟਨ ਹੀ ਦੱਸਦੇ ਹਨ। ਡੇਰਾਵਾਦ ਬਿਰਤੀ ਕੇਵਲ ਮਰੇ ਹੋਏ ਸਾਧੜਿਆਂ ਦੀਆਂ ਬਰਸੀਆਂ ਮਨਾਉਣ ਨੂੰ ਪੰਥ ਦੀ ਮਹਾਨ ਸੇਵਾ ਦੱਸਦੇ ਹਨ। ਆਪਣੇ ਤੋਂ ਪਹਿਲਾਂ ਹੋਏ ਮਨੁੱਖਾਂ ਨੂੰ ਮਹਾਂਪੁਰਸ਼ ਜਾਂ ਬ੍ਰਹਮ ਗਿਆਨੀਆਂ ਦਾ ਰੁਤਬਾ ਦੇਂਦਿਆਂ ਗੁਰੂਆਂ ਦੇ ਬਰਾਬਰ ਲਿਆ ਖੜਾ ਕੀਤਾ ਹੈ। ਜਦੋਂ ਇਹਨਾਂ ਦੇ ਬਾਬਿਆਂ ਦੀਆਂ ਕਹਾਣੀਆਂ ਜਗ੍ਹ ਜ਼ਾਹਰ ਹੁੰਦੀਆਂ ਹਨ ਤਾਂ ਇਹਨਾਂ ਦੇ ਅੰਨ੍ਹੇ ਸ਼ਰਧਾਲੂਆਂ ਨੂੰ ਬਹੁਤ ਪੀੜਾ ਹੁੰਦੀ ਹੈ। ਇਹ ਲੋਕ ਵੀ ਵਿਰੋਧ ਕਰਨ ਦਾ ਕਦੇ ਮੌਕਾ ਹੱਥੋਂ ਨਹੀਂ ਜਾਣ ਦੇਂਦੇ। ਜੇ ਇਹਨਾਂ ਨੂੰ ਕਿਹਾ ਜਾਏ ਭਈ ਆਪਣੇ ਇਤਿਹਾਸ ਦੇ ਸ਼ਹੀਦ ਜੋ ਕੌਮ ਦੇ ਨਾਇਕ ਹਨ ਉਹਨਾਂ ਦੇ ਦਿਨ ਆਪਣਿਆਂ ਡੇਰਿਆਂ ਵਿੱਚ ਮਨਾਇਆ ਕਰੋ ਤਾਂ ਅੱਗੋਂ ਹੀਂ ਹੀਂ ਕਰਨ ਵਿੱਚ ਆਪਣਾ ਭਲਾ ਸਮਝਦੇ ਹਨ। ਫਿਰ ਇਹ ਵਿਰੋਧ ਕਰਨਗੇ ਹੀ ਕਰਨਗੇ। ਡੇਰਾਵਾਦ ਦੀ ਉਪਜ ਜਾਂ ਉਹਨਾਂ ਦੀ ਰੈਂਦ੍ਹ ਖੂੰਦ੍ਹ ਤੇ ਇਹਨਾਂ ਦੀਆਂ ਮਨ ਘੜਤ ਗੱਲਾਂ ਜਦੋਂ ਗੁਰਬਾਣੀ ਦੀ ਕਸਵੱਟੀ `ਤੇ ਰੱਦ ਹੁੰਦੀਆਂ ਹਨ ਤਾਂ ਇਹਨਾਂ ਦੇ ਅੰਧੇ ਸ਼ਰਧਾਲੂਆਂ ਨੂੰ ਬੁਹਤ ਤਕਲੀਫ਼ ਹੁੰਦੀ ਹੈ। ਇਹਨਾਂ ਪਾਸ ਨਾ ਤਾਂ ਕੋਈ ਵਿਚਾਰ-ਦਲੀਲ ਹੁੰਦੀ ਹੈ ਤੇ ਨਾ ਕੋਈ ਸਿਧਾਂਤ ਦੀ ਗੱਲ ਹੁੰਦੀ ਹੈ ਇਹ ਫਿਰ ਗਾਲੀ ਗਲੋਚ ਮਾਰ-ਕੁਟਾਈ `ਤੇ ਬਹੁਤ ਜਲਦੀ ਉੱਤਰ ਆਉਂਦੇ ਹਨ। ਵਿਚਾਰ ਨਾਂ ਦੀ ਕੋਈ ਚੀਜ਼ ਇਹਨਾਂ ਪਾਸ ਨਹੀਂ ਹੁੰਦੀ। ਡੇਰਵਾਦ ਬਿਰਤੀ ਬਾਹਰਲੇ ਪਹਿਰਾਵੇ ਨੂੰ ਬਹੁਤ ਪਹਿਲ ਦੇਂਦੀ ਹੈ।
4- ਰਹਿਤ ਮਰਯਾਦਾ ਤੋਂ ਬਾਗੀ ਹੋਣ ਵਾਲੇ-- ੧੯੨੦ ਵਿੱਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਕਿਉਂਕਿ ਗੁਰਦੁਅਰਿਆਂ `ਤੇ ਪਿਤਾ ਪੁਰਖੀ ਮਹੰਤਾਂ ਦਾ ਕਬਜ਼ਾ ਸੀ। ਇਹ ਆਪਣੀਆਂ ਪੂਰੀਆਂ ਚਮ੍ਹ ਦੀਆਂ ਚਲਾਉਂਦੇ ਸਨ। ਇਹਨਾਂ ਦੀਆਂ ਮਨ ਮਰਜ਼ੀਆਂ ਬੰਦ ਕਰਨ ਲਈ ੧੫੦ ਦੇ ਕਰੀਬ ਕੇਵਲ ਗੁਰਦੁਆਰਾ ਨਨਕਾਣਾ ਸਾਹਿਬ ਹੀ ਸਿੰਘ ਸ਼ਹੀਦ ਹੋਏ ਸਨ। ਗੁਰਦੁਆਰਿਆਂ ਦੀ ਮਰਯਾਦਾ ਇੱਕ ਨਹੀਂ ਸੀ। ਸਾਡੇ ਰੋਜ਼ਮਰਾ ਦੇ ਜੀਵਨ ਵਿੱਚ ਵੀ ਇਕਸਾਰਤਾ ਨਹੀਂ ਸੀ। ਜਿੰਨ੍ਹੇ ਘਰ ਉਨ੍ਹੀਆਂ ਹੀ ਉਹਨਾਂ ਦੀਆਂ ਮਰਯਾਦਾਵਾਂ ਸਨ। ਕੌਮ ਨੂੰ ਏਕੇ ਵਿੱਚ ਪਰੋਣ ਲਈ ਸਾਡੇ ਪੁਰਖਿਆਂ ਨੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਤਿਆਰ ਕੀਤੀ ਤਾਂ ਕਿ ਸਿੱਖ ਕੌਮ ਦਾ ਨਿਆਰਾ ਪਨ ਕਾਇਮ ਰਹੇ। ਸਦਕੇ ਜਈਏ ਵਿਰੋਧ ਕਰਨ ਵਾਲੇ ਵੀਰਾਂ ਦੇ ਜੋ ਪੰਥ ਮਰਯਾਦਾ ਨੂੰ ਹੀ ਨਹੀਂ ਮੰਨਦੇ ਤੇ ਵਿਰੋਧ ਕਰਦੇ ਹਨ ਗੁਰਬਾਣੀ ਸਿਧਾਂਤ ਦਾ ਪਰਚਾਰ ਕਰਨ ਵਾਲੇ ਵੀਰਾਂ ਦਾ। ਅੱਜ ਕਿਸੇ ਵੀ ਡੇਰੇ ਦੀ ਆਪਸ ਵਿੱਚ ਕੋਈ ਵੀ ਮਰਯਾਦਾ ਨਹੀਂ ਰਲ਼ਦੀ ਪਰ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੀ ਵਿਰੋਧਤਾ ਕਰਨ ਦਾ ਕਦੇ ਵੀ ਮੌਕਾ ਨਹੀਂ ਖੰਝਾਉਂਦੇ। ਇੱਕ ਮੋਟੀ ਜੇਹੀ ਮਿਸਾਲ ਲੈ ਲਈਏ ਕਿ ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਮੰਗਲਾ ਚਰਨ ਦਾ ਸਰੂਪ ਦੱਸਿਆ ਕਿ ਗੁਰਪ੍ਰਸਾਦਿ ਤੱਕ ਹੈ। ਜਦੋਂ ਮਿਸ਼ਨਰੀ ਵੀਰ ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਅੰਕਤ ਮੰਗਲਾ ਚਰਨ ਦੇ ਸਰੂਪ ਦੀ ਗੱਲ ਕਰਦਾ ਹੈ ਤਾਂ ਡੇਰਵਾਦੀ ਵਿਰੋਧ ਵਿੱਚ ਖੜੇਗਾ ਤੇ ਕਹੇਗਾ ਦੇਖੋ ਜੀ ਇਹ ਬਾਣੀ ਘਟਾ ਕੇ ਪੜ੍ਹਦੇ ਹਨ। ਕਿਉਂ ਹੈ ਨਾ ਬਿਨਾਂ ਦਲੀਲ ਦੇ ਵਿਰੋਧ।
5--- ਬਹੁਤ ਸਾਰੇ ਵੀਰਾਂ ਨੇ ਖਾਸ ਕਿਸਮ ਦੇ ਲਿਬਾਸ ਨੂੰ ਧਰਮੀ ਹੋਣ ਦਾ ਪ੍ਰਤੀਕ ਮੰਨ ਲਿਆ ਹੈ। ਅਜੇਹੇ ਵੀਰ ਸਮਝਦੇ ਹਨ ਕਿ ਸਿੱਖੀ ਵਿੱਚ ਖਾਸ ਕਿਸਮ ਦਾ ਲਿਬਾਸ ਪਹਿਨਣ ਨਾਲ ਹੀ ਵਧੀਆ ਸਿੱਖ ਹੋ ਸਕੀਦਾ ਹੈ। ਜਿਹੜੇ ਵੀਰ ਨੇ ਓਦਾਂ ਦਾ ਲਿਬਾਸ ਪਹਿਨ ਲਿਆ ਉਸ ਨੂੰ ਪੱਕਾ ਸਿੱਖ ਮੰਨਿਆਂ ਜਾਂਦਾ ਹੈ ਦੂਜੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਖਾਸ ਤੌਰ `ਤੇ ਬਾਹਰਲੇ ਮੁਲਕਾਂ ਵਿੱਚ ਖਾਸ ਕਿਸਮ ਦੇ ਲਿਬਾਸ ਨੂੰ ਧਰਮੀ ਹੋਣਾ ਮੰਨਿਆ ਗਿਆ ਹੈ। ਇਹਨਾਂ ਬੱਚਿਆਂ ਦਿਆਂ ਮਨਾ ਵਿੱਚ ਇੱਕ ਗੱਲ ਬੈਠਾਈ ਗਈ ਹੈ ਕਿ ਇਸ ਤਰ੍ਹਾਂ ਦਾ ਲਿਬਾਸ ਪਉਣ ਵਾਲੇ ਹੀ ਕਿਸੇ ਉੱਚੇ ਰੁਤਬੇ `ਤੇ ਪਾਹੁੰਚੇ ਹੁੰਦੇ ਹਨ। ਆ ਜਿਹੜੇ ਮਸ਼ਨਿਰੀ ਹੁੰਦੇ ਹਨ, ਇਹ ਕੱਚੇ ਪਿੱਲੇ ਹੁੰਦੇ ਹਨ ਇਸ ਲਈ ਇਹਨਾਂ ਦਾ ਵਿਰੋਧ ਵੱਧ ਤੋਂ ਵੱਧ ਕੀਤਾ ਜਾਣਾ ਚਾਹੀਦਾ ਹੈ। ਇਹ ਵੀਰ ਦੀਵਾਨ ਹਾਲ ਵਿੱਚ ਬੈਠ ਕੇ ਕਥਾ ਸੁਣਨ ਦੀ ਬਜਾਏ ਚੌਪਈ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਸ਼ੂਰੂ ਕਰ ਦੇਣਗੇ।
6---ਪੰਥ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਕੀਰਤਨ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਦਾ ਹੀ ਹੋ ਸਕਦਾ ਹੈ। ਹੋਰ ਕਿਸੇ ਰਚਨਾ ਦਾ ਕੀਰਤਨ ਨਹੀਂ ਹੋ ਸਕਦਾ। ਬਾਹਰਲੀ ਧਾਰਨਾ ਲਾ ਕੇ ਕੀਰਤਨ ਕਰਨਾ ਮਨ-ਮਤ ਹੈ। ਅੱਜ ਦੇ ਅਖੌਤੀ ਬਾਬੇ ਪਹਿਲਾਂ ਵੀਹ ਮਿੰਟ ਵਾਜਿਆਂ ਦੀ ਚੀਂ ਚੀਂ ਪਾਂ ਪਾਂ ਕਰਾਈ ਜਾਣਗੇ ਫਿਰ ਕਿਤੇ ਜਾ ਕੇ ਬਾਹਰਲੀਆਂ ਧਾਰਨਾ ਲਗਾ ਕੇ ਭੁਲੇਖਾ ਪਾਊ ਕੀਰਤਨ ਕਰਨਗੇ। ਜਿਹੜਾ ਇਹਨਾਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਕਿ ਭਈ ਸਿੱਖ ਰਹਿਤ ਮਰਯਾਦਾ ਵਿੱਚ ਕੀਰਤਨ ਦੀ ਪ੍ਰਭਾਸ਼ਾ ਦਿੱਤੀ ਹੋਈ ਹੈ। ਤੁਸੀਂ ਰਹਿਤ ਮਰਯਾਦਾ ਦੇ ਢੰਗ-ਤਰੀਕੇ ਨਾਲ ਕਰੋ, ਅੱਗੋਂ ਉੱਤਰ ਦੇਣਗੇ ਤੁਹਾਡੀ ਬਾਬਿਆਂ `ਤੇ ਸ਼ਰਧਾ ਨਹੀਂ ਹੈ ਤੁਸੀਂ ਕਿੰਤੂ ਪ੍ਰੰਤੂ ਕਰਦੇ ਹੋ। ਮਿਸ਼ਨਰੀ ਵੀਰ ਕੀਰਤਨ ਦੀ ਗੱਲ ਸਮਝਾਉਣ ਨਾਲ ਹੀ ਵਿਰੋਧਤਾ ਸ਼ੁਰੂ ਹੋ ਜਾਂਦੀ ਹੈ। ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਕਿ ਗੁਰੂ ਗ੍ਰੰਥ ਸਾਹਿਬ ਜੀ ਤੁਲ ਕਿਸੇ ਹੋਰ ਗ੍ਰੰਥ ਆਦਿ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਮਿਸ਼ਨਰੀ ਵੀਰ ਜਦੋਂ ਇਸ ਦਾ ਪ੍ਰਚਾਰ ਕਰਦਾ ਹੈ ਤਾਂ ਵਿਰੋਧ ਖੜਾ ਹੋ ਜਾਂਦਾ ਹੈ ਕਿਉਂ ਕਿ ਸਾਡੇ ਹੋਰ ਵੀ ਗ੍ਰੰਥ ਹਨ ਜਿਸ ਤੋਂ ਪੰਥ ਭੁਲਿਆ ਰਿਹਾ ਹੈ। ਅਜੇ ਤਕ ਇਹ ਸਮਝ ਨਹੀਂ ਆਈ ਅਜੇਹਾ ਵਿਰੋਧ ਕਿਉਂ ਹੋ ਰਿਹਾ ਹੈ। ਦੁੱਖ ਇਸ ਗੱਲ ਦਾ ਹੈ ਜਿਹੜਿਆਂ ਵੀਰਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਬਰਾਬਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ ਉਹ ਵੀਰ ਵੀ ਚੁੱਪ ਹਨ ਪਤਾ ਨਹੀਂ ਕਿਉਂ?
7--- ਵੱਡੇ ਮਹਾਂਰਾਜ ਜੀ ਕਿਹਾ ਕਰਤੇ ਤੀ ਕਿ ਭਈ ਜੇ ਤੁਹਾਡਾ ਕੰਮ ਨਹੀਂ ਬਣਦਾ ਜਾਂ ਤੁਹਾਡਾ ਕੋਈ ਮੁਕੱਦਮਾ ਨਹੀਂ ਜਿੱਤਿਆ ਜਾਂਦਾ ਤਾਂ ਮੇਰੇ ਦੱਸੇ ਅਨੁਸਾਰ ਵਿਧੀ ਪੂਰਵਕ ਧਿਆਨ ਨਾਲ ਸ਼ਬਦਾਂ ਦਾ ਜਾਪ ਕਰੋਗੇ ਤਾਂ ਤੁਹਾਡੇ ਸਾਰੇ ਕੰਮ ਨਿਰਵਿਘਨਤਾ ਸਾਹਿਤ ਸੰਪੂਰਨ ਹੋਣਗੇ। ਗੁਰਮਤਿ ਦਾ ਪ੍ਰਚਾਰ ਕਰਨ ਵਾਲਾ ਵੀਰ ਕਹਿੰਦਾ ਹੈ ਕਿ ਅਜੇਹਾ ਨਹੀਂ ਹੋ ਸਕਦਾ ਕਿਉਂ ਕਿ ਗੁਰਬਾਣੀ ਦੀ ਵਿਚਾਰ ਨਾਲ ਜੀਵਨ ਜਾਚ ਆਉਂਦੀ ਹੈ ਨਾ ਕਿ ਗਿਣਤੀਆਂ ਮਿਣਤੀਆਂ ਦਿਆਂ ਪਾਠਾਂ ਨਾਲ ਕੰਮ ਬਣਦੇ ਹਨ ਜੇ ਏਦਾਂ ਹੁੰਦਾ ਹੈ ਤਾਂ ਕੋਰਟ-ਕਚਹਿਰੀਆਂ ਹਸਪਤਾਲਾਂ ਵੀ ਨਹੀਂ ਹੋਣੇ ਚਾਹੀਦੇ।
8—ਮੰਦਰਾਂ ਵਿੱਚ ਠਾਕੁਰਾਂ ਭਾਵ ਮੂਰਤੀਆਂ ਨੂੰ ਪੁਜਾਰੀ ਭੋਗ ਲਗਾਉਂਦਾ ਹੈ। ਦੇਖਾ ਦੇਖੀ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਚਾਹ, ਰੋਟੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਛਕਾਉਣ ਦੇ ਚੱਕਰ ਵਿੱਚ ਪਿਆ ਹੋਇਆ ਹੈ। ਜੇ ਕੋਈ ਕਹੇ ਕੇ ਮੂਰਤੀਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਨਹੀਂ ਲਵਾਉਣਾ ਚਾਹੀਦਾ ਕਿਉਂ ਸਾਡਾ ਗੁਰੂ ਸ਼ਬਦ ਹੈ ਤਾਂ ਅੱਗੋਂ ਵਿਰੋਧ ਸ਼ੁਰੂ ਹੋ ਜਾਂਦਾ ਹੈ ਕਿ ਜੀ ਦੇਖੋ ਸ਼ਰਧਾ ਆਪੋ ਆਪਣੀ ਹੁੰਦੀ ਹੈ। ਜੇ ਸਾਨੂੰ ਭੁੱਖ ਲੱਗਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਭੁੱਖ ਲੱਗਦੀ ਹੈ। ਸਿਧਾਂਤਿਕ ਗੱਲ ਸੁਣ ਕੇ ਬਾਬਾਵਾਦੀ ਬਿਰਤੀ ਆਪੇ ਤੋਂ ਬਾਹਰ ਹੋ ਜਾਂਦੀ ਹੈ ਤੇ ਗਾਲ਼ੀ-ਗਲੋਚ `ਤੇ ਵੀ ਉੱਤਰ ਆਉਂਦੀ ਹੈ।
9---- ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਕਈ ਵਾਰੀ ਸਾਲ ਵਿੱਚ ਦੋ ਵਾਰੀ ਆ ਜਾਂਦਾ ਹੈ ਤੇ ਕਈ ਵਾਰੀ ਕਿਸੇ ਸਾਲ ਵਿੱਚ ਆਉਂਦਾ ਹੀ ਨਹੀਂ ਹੈ। ਜਨੀ ਕਿ ਗੁਰੂ ਸਾਹਿਬਾਨ ਜੀ ਦੇ ਦਿਨ ਦਿਹਾਰ ਅਸੀਂ ਬ੍ਰਹਾਮਣ ਨੂੰ ਪੁੱਛ ਕੇ ਹੀ ਮਨਾਉਂਦੇ ਹਾਂ। ਬ੍ਰਹਾਮਣ ਦੀ ਪਤਰੀ ਜੋ ਕਹਿੰਦੀ ਹੈ ਓਸੇ ਤਰ੍ਹਾਂ ਹੀ ਅਸੀਂ ਗੁਰੂਆਂ ਦੇ ਦਿਨ ਮਨਾਉਂਦੇ ਹਾਂ। ਕੌਮ ਦੇ ਵਿਦਵਾਨਾਂ ਨੇ ਬ੍ਰਹਾਮਣੀ ਕੈਲੰਡਰ ਵਿਚੋਂ ਬਾਹਰ ਆਉਣ ਦਾ ਯਤਨ ਕੀਤਾ ਕਿ ਸਾਡਾ ਆਪਣਾ ਨਾਨਕ ਸ਼ਾਹੀ ਕੈਲੰਡਰ ਹੋਣਾ ਚਾਹੀਦਾ ਹੈ। ਇਸ ਕੈਲੰਡਰ ਵਿੱਚ ਸਾਰੇ ਸਾਲਾਂ ਦੇ ਦਿਨ ਨਿਸਚਤ ਕੀਤੇ ਜਾਣੇ ਚਾਹੀਦੇ ਹਨ। ਸਾਡਾ ਮਤ ਹੈ ਕਿ ਤਰੀਕਾਂ ਜਿਹੜੀਆਂ ਮਰਜ਼ੀ ਰੱਖ ਲਓ ਪਰ ਹੋਣੀਆਂ ਪੱਕੀਆਂ ਚਾਹੀਦੀਆਂ ਹਨ। ਘੱਟੋ ਘੱਟ ਸਾਡੇ ਬੱਚਿਆਂ ਨੂੰ `ਤੇ ਇਹ ਪਤਾ ਹੋਵੇ ਕਿ ਸਾਲ ਵਿੱਚ ਇਸ ਤਰੀਕ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਦਿਹਾੜਾ ਹੈ। ਬੱਸ ਫਿਰ ਕੀ ਹੋਇਆ ਏੰਨੀ ਗੱਲ ਕਹਿਣ ਦੀ ਦੇਰ ਹੋਈ ਵਿਰੋਧ ਸ਼ੁਰੂ ਹੋ ਗਿਆ। ਇਹਨਾਂ ਨੂੰ ਗੁਰਦੁਆਰੇ ਵਿੱਚ ਸਮਾਂ ਨਾ ਦਿੱਤਾ ਜਾਏ ਕਿਉਂ ਕਿ ਇਹ ਗੁਰਮਤਿ ਦੀ ਗੱਲ ਕਰਦਿਆਂ ਬ੍ਰਹਾਮਣੀ ਵਿਚਾਧਾਰਾ ਦਾ ਖੰਡਨ ਕਰਦੇ ਹਨ।
10--- ਅੱਜ ਆਮ ਥਾਵਾਂ `ਤੇ ਭੋਰੇ ਬਣਦੇ ਜਾ ਰਹੇ ਹਨ ਤੇ ਕਈ ਭੋਰਿਆਂ ਵਿੱਚ ਤਪੱਸਿਆ ਕਰਨ ਨੂੰ ਤਰਜਹਿ ਦੇ ਰਹੇ ਹਨ ਜਦੋਂ ਕਿਹਾ ਜਾਏ ਕਿ ਭਈ ਸਿੱਖੀ ਦਾ ਵਿਧਾਨ ਭੋਰਿਅਂ ਵਿੱਚ ਬੈਠ ਕੇ ਬੰਦਗੀ ਕਰਨ ਦਾ ਨਹੀਂ ਹੈ ਤਾਂ ਅੱਗੋਂ ਵਿਰੋਧ ਸ਼ੁਰੂ ਹੋ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਭਰਿਆਂ ਇਕੱਠਾਂ ਵਿੱਚ ਆਪਣੇ ਸਿਧਾਂਤ ਦੀ ਗੱਲ ਕੀਤੀ। ਲੋਕਾਂ ਦੀ ਸਮਝ ਵਿੱਚ ਆਈ ਤੇ ਲੋਕ ਬਦਲ ਗਏ। ਅੱਜ ਸਭ ਤੋਂ ਵੱਡਾ ਦੁਖਾਂਤ ਹੈ ਕਿ ਗੁਰਦੁਆਰੇ ਵੋਟਾਂ ਦੇ ਚੱਕਰ ਕਰਕੇ ਸਾਰਿਆਂ ਨੂੰ ਖੁਸ਼ ਕਰਨ ਦਾ ਯਤਨ ਕਰ ਰਹੇ ਹਨ। ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਿੱਖ ਸਿਧਾਂਤ ਨਾਲ ਕੋਈ ਸਰੋਕਾਰ ਨਹੀਂ ਹੈ ਕਿਉਂ ਕਿ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ, ਮੈਂਬਰ ਤੇ ਸਕੱਤਰ ਖੁਦ ਗੁਰਮਤਿ ਸਿਧਾਂਤ ਤੋਂ ਕੋਰੇ ਹਨ। ਜਿਹੜੀਆਂ ਪ੍ਰਬੰਧਕ ਕਮੇਟੀਆਂ ਆਪਣੀ ਗੋਲਕ ਵਧਾਉਣ ਦੀ ਖਾਤਰ ਡੇਰਿਆਂ ਵਾਲਿਆਂ ਸਾਧਾਂ ਨੂੰ ਸਮਾਂ ਦੇ ਰਹੇ ਹਨ ਉਹ ਸਿੱਖ ਸਿਧਾਂਤ ਦੇ ਖੈਰ-ਖੁਆਰ ਨਹੀਂ ਹਨ।
ਮੋਟੇ ਤੌਰ `ਤੇ ਸਿੱਖ ਪ੍ਰਚਾਰਕ ਵੀਰਾਂ ਦਾ ਵਿਰੋਧ ਪੰਥ ਪ੍ਰਵਾਨਤ ਰਹਿਤ ਮਰਯਾਦਾ, ਇਕਾ ਬਾਣੀ, ਇੱਕ ਗੁਰੂ, ਸਿਧਾਂਤਿਕ ਇਤਿਹਾਸ ਦਾ ਪਰਚਾਰ ਕਰਨ ਕਰਕੇ ਹੈ। ਚਿਰਾਂ ਤੋਂ ਗੈਰ ਕੁਦਰਤੀ ਕਥਾ ਕਹਾਣੀਆਂ, ਅੰਧਵਿਸ਼ਵਾਸ ਕਰਮ-ਕਾਂਡ ਦਾ ਪਰਚਾਰ ਕਰਨ ਵਾਲੇ ਡੇਰਾਵਾਦ ਬਿਰਤੀ ਦੇ ਸਾਧਲਾਣੇ ਨੂੰ ਗੁਰਮਤਿ ਦੇ ਪ੍ਰਚਾਰ ਤੋਂ ਤਕਲੀਫ਼ ਹੁੰਦੀ ਹੈ—
ਕੁਬੁਧਿ ਮਿਟੈ, ਗੁਰ ਸਬਦੁ ਬੀਚਾਰਿ।। ਸਤਿਗੁਰੁ ਭੇਟੈ ਮੋਖ ਦੁਆਰ।।
ਤਤੁ ਨ ਚੀਨੈ ਮਨਮੁਖੁ ਜਲਿ ਜਾਇ।। ਦੁਰਮਤਿ ਵਿਛੁੜਿ ਚੋਟਾ ਖਾਇ।।
ਮਾਨੈ ਹੁਕਮੁ ਸਭੇ ਗੁਣ ਗਿਆਨ।। ਨਾਨਕ, ਦਰਗਹ ਪਾਵੈ ਮਾਨੁ।। ੫੬।।
{ਪੰਨਾ ੯੪੪}




.