. |
|
ਭੱਟ ਬਾਣੀ-46
ਬਲਦੇਵ ਸਿੰਘ ਟੋਰਾਂਟੋ
ਅਬ ਰਾਖਹੁ ਦਾਸ ਭਾਟ ਕੀ ਲਾਜ।।
ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ।।
ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ ਛੀਨਤ ਬਸਤ੍ਰ ਦੀਨ ਬਹੁ ਸਾਜ।।
ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ।।
ਸ੍ਰੀ ਸਤਿਗੁਰ ਸੁਪ੍ਰਸੰਨ ਕਲਜੁਗ ਹੋਇ ਰਾਖਹੁ ਦਾਸ ਭਾਟ ਕੀ ਲਾਜ।। ੮।।
੧੨।।
(ਪੰਨਾ ੧੪੦੦)
ਪਦ ਅਰਥ:- ਅਬ – ਹੁਣ। ਰਾਖਹੁ – ਰੱਖ ਲਵੋ।
ਦਾਸ – ਗ਼ੁਲਾਮ, ਗ਼ੁਲਾਮੀ। ਭਾਟ – ਭੱਟ ਨਲ ਜੀ (ਮ: ਕੋਸ਼)। ਦਾਸ ਕੀ –
ਆਪਣੇ ਦਾਸ ਦੀ। ਲਾਜ – ਲੱਜਾ। ਜੈਸੀ – ਜਿਵੇਂ। ਰਾਖੀ ਲਾਜ – ਲੱਜਾ
ਰੱਖੀ। ਭਗਤ – ਇਨਕਲਾਬੀ ਪੁਰਸ਼, ਇਨਕਲਾਬ। ਪ੍ਰਹਿਲਾਦ – ਪ੍ਰਹਿਲਾਦ ਜੀ। ਕੀ –
ਕੀਤੀ। ਹਰਨਾਖਸ – ਅਗਿਆਨ। ਫਾਰੇ – ਪ੍ਰਕਾਸ਼। ਦੇਖੋ ਫਾਰੈ। ਆਜ – ਦੇਖੋ
ਆਜਿ – ਪਛਾੜਨ ਦੀ ਕਿਰਿਆ। ਹਰਨਾਖਸ ਫਾਰੇ ਕਰ ਆਜ - ਅਗਿਆਨ ਨੂੰ ਪਛਾੜ ਕੇ ਜੀਵਨ ਵਿੱਚ
ਗਿਆਨ ਦਾ ਪ੍ਰਕਾਸ਼ ਕੀਤਾ। ਫੁਨਿ – ਫਿਰ। ਛੀਨਤ ਬਸਤ੍ਰ – ਬੇਪੱਤ ਕਰਨਾ (ਜਿਵੇਂ
ਅਵਤਾਰਵਾਦੀ ਆਮ ਹੀ ਔਰਤਾਂ ਨਾਲ ਕਰਦੇ ਰਹੇ ਹਨ)। ਦੀਨ – ਸੱਚ। ਬਹੁ ਸਾਜ –
ਧੋਖੇਬਾਜ਼ਾਂ ਤੋਂ, ਬਹੁਤੇ ਸਾਜ਼ ਬਾਜ਼ ਦਿਖਾਉਣ ਵਾਲੇ ਦੇਹਧਾਰੀ। ਸੋਦਾਮਾ – ਸੋਦਾਮਾ ਬ੍ਰਹਮਣ।
ਅਪਦਾ – ਆਪਾ, ਹਉਮੈ। ਗਨਿਕਾ - ਗਣਕਾ ਜੀ। ਪੜ੍ਹਤ – ਗਿਰਨ ਤੋਂ ਭਾਵ
ਆਪਣੇ ਅਕੀਦੇ ਤੋਂ ਗਿਰਨ ਤੋਂ। ਪੂਰੈ – ਪੂਰਨ ਤੌਰ `ਤੇ। ਤਿਹ – ਤੂੰ ਆਪ। ਕਾਜ
– ਕਾਰਜ। ਸ੍ਰੀ – ਸ੍ਰੇਸ਼ਟ। ਸਤਿਗੁਰ ਸਦੀਵੀ ਸਥਿਰ ਰਹਿਣ ਵਾਲੇ ਹਰੀ। ਸੁ –
ਉਹ, ਉਨ੍ਹਾਂ। ਪ੍ਰਸੰਨ – ਦਿਆਲ ਹੋਣਾ, ਹੋ ਕੇ। ਕਲਜੁਗ – ਅਗਿਆਨਤਾ ਦੇ ਘੋਰ
ਹਨੇਰੇ ਤੋਂ। ਹੋਇ – ਹੋਣਾ। ਰਾਖਹੁ ਦਾਸ ਭਾਟ ਕੀ ਲਾਜ – ਆਪਣੇ ਦਾਸ ਭੱਟ ਦੀ
ਲੱਜਿਆ ਰੱਖੋ।
ਅਰਥ:- ਹੇ ਹਰੀ! ਹੁਣ ਆਪਣੇ ਦਾਸ (ਭੱਟ ਨਲ੍ਹ) ਦੀ (ਅਵਤਾਰਵਾਦੀ)
ਗੁਲਾਮੀ ਤੋਂ ਲਾਜ ਰੱਖ ਲਵੋ ਭਾਵ ਮੈਨੂੰ ਬਚਾਅ ਲਵੋ। ਜਿਵੇਂ ਇਨਕਲਾਬੀ ਪੁਰਸ਼ ਪ੍ਰਹਿਲਾਦ ਜੀ ਦੀ ਲਾਜ
ਰੱਖੀ ਸੀ ਭਾਵ ਉਸ ਨੂੰ ਆਪਣੇ ਅਕੀਦੇ ਤੋਂ ਡੋਲਣ ਨਹੀਂ ਦਿੱਤਾ ਸੀ ਅਤੇ ਉਸ ਦੇ ਜੀਵਨ ਵਿੱਚੋਂ
ਹਰਣਾਖਸ-ਹਰਣਾਖਸੀ ਬਿਰਤੀ ਅਗਿਆਨਤਾ ਨੂੰ ਪਛਾੜ ਕੇ ਗਿਆਨ ਦਾ ਪ੍ਰਕਾਸ਼ ਕੀਤਾ ਸੀ, ਇਸੇ ਤਰ੍ਹਾਂ ਹੇ
ਹਰੀ! ਪ੍ਰਭੂ! ਫਿਰ ਤੂੰ ਦਰੋਪਤੀ ਨੂੰ ਬੇਪੱਤ ਹੋਣ ਤੋਂ ਆਪਣੇ ਗਿਆਨ ਦੀ ਬਖ਼ਸ਼ਿਸ਼ ਦਾ ਸੱਚ ਰੂਪ ਕੱਪੜਾ
ਦੇ ਕੇ (ਅਵਤਾਰਵਾਦੀ) ਧੋਖੇਬਾਜ਼ਾਂ ਦੇ ਧੋਖੇ ਤੋਂ ਬਚਾ ਲਿਆ ਸੀ ਭਾਵ ਉਸ ਨੂੰ ਆਪਣੇ ਪਤੀਬ੍ਰਤਾ ਧਰਮ
ਦੇ ਅਕੀਦੇ ਤੋਂ ਡੋਲਣ ਨਹੀਂ ਸੀ ਦਿੱਤਾ। ਜਿਸ ਤਰ੍ਹਾਂ ਸੁਦਾਮੇ ਨੂੰ ਵੀ ਹੇ ਹਰੀ! ਤੂੰ ਆਪ ਹੀ
ਅਪਦਾ-ਆਪੇ ਦੇ ਦੁੱਖ (ਆਪਣੇ ਬ੍ਰਾਹਮਣ ਹੋਣ ਦੇ ਹਉਮੈ ਦੇ ਰੋਗ) ਤੋਂ ਆਪ ਬਖ਼ਸ਼ਿਸ਼ ਕਰਕੇ ਰੱਖਿਆ ਸੀ
ਅਤੇ ਗਨਿਕਾ ਦੇ ਕਾਰਜ ਵਿੱਚ ਆਪ ਸਹਾਈ ਹੋ ਕੇ ਆਪਣੇ ਇਖ਼ਲਾਕ, ਅਕੀਦੇ ਤੋਂ ਗਿਰਨ ਤੋਂ ਰੱਖ ਲਿਆ ਸੀ।
ਹੇ ਸ੍ਰੇਸ਼ਟ ਅਤੇ ਸਦੀਵੀ ਸਥਿਰ ਰਹਿਣ ਵਾਲੇ ਹਰੀ! ਜਿਸ ਤਰ੍ਹਾਂ ਪ੍ਰਹਿਲਾਦ, ਦਰੋਪਤੀ, ਸੋਦਾਮਾ,
ਗਨਿਕਾ `ਤੇ ਪ੍ਰਸੰਨ ਹੋ ਕੇ ਅਗਿਆਨਤਾ ਦੇ ਘੋਰ ਹਨੇਰੇ ਤੋਂ ਬਚਾਅ ਲਿਆ ਸੀ, ਇਸੇ ਤਰ੍ਹਾਂ ਹੁਣ ਆਪਣੇ
ਦਾਸ ਦੀ ਵੀ ਲੱਜਾ ਰੱਖੋ ਭਾਵ ਭੱਟ ਨਲ੍ਹ ਦੇ ਸਿਰ `ਤੇ ਵੀ ਆਪਣੀ ਬਖ਼ਸ਼ਿਸ਼ ਦਾ ਹੱਥ ਰੱਖ ਕੇ ਨਲ੍ਹ ਨੂੰ
ਵੀ ਰੱਖ ਲਵੋ (ਤਾਂ ਜੋ ਮੈਂ ਵੀ ਆਪਣੇ ਅਕੀਦੇ ਤੋਂ ਡੋਲਾਂ ਨਾ)।
ਇਸ ਸਵਈਏ ਦੀ ਪ੍ਰੋੜ੍ਹਤਾ ਮਹਲਾ ਪੰਜਵਾਂ ਦੇ ਉਚਾਰਣ ਸਵਈਏ ਨੰ: ੬ ਵਿੱਚ
ਦੇਖੀ ਜਾ ਸਕਦੀ ਹੈ। ਦੂਸਰੀ ਗੱਲ ਭੱਟ ਜੀ ਨੇ ਇਹ ਸਾਬਤ ਕੀਤੀ ਹੈ ਪ੍ਰਹਿਲਾਦ, ਦਰੋਪਤੀ, ਸੋਦਾਮਾ,
ਗਨਿਕਾ ਕਿਸੇ ਅਵਤਾਰਾਦੀ ਦੇ ਪੁਜਾਰੀ ਨਹੀਂ ਸਨ। ਇਹ ਕਰਤੇ ਦੇ ਪੁਜਾਰੀ ਸਨ ਪਰ ਕਰਮਕਾਂਡੀਆਂ ਨੇ
ਇਨ੍ਹਾਂ ਨੂੰ ਅਵਤਾਰਵਾਦੀਆਂ ਦੇ ਪੁਜਾਰੀ ਦਰਸਾਇਆ ਹੈ।
ਝੋਲਣਾ (ਛੰਦ) :-
ਮਹਾਨ ਕੋਸ਼ ਅਨੁਸਾਰ ਇਸ ਛੰਦ ਦੇ ਪੰਜ ਪਦਾਂ ਵਿੱਚ ੨੧, ੪੧, ੪੬, ੪੧ ਅਤੇ ੪੧
ਕ੍ਰਮ ਨਾਲ ਮਾਤ੍ਰਾਂ ਹਨ। ਇਸ ਦੇ ਚਰਣ ਚਾਰ ਹੀ ਹਨ, ਪਹਿਲਾ ਚਰਣ ਗਾਉਣ ਦੀ ਟੇਕ ਹੈ।
ਝੋਲਨਾ।।
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ।।
ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ
ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ।।
ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ
ਅੰਨ ਮਾਰਗ ਤਜਹੁ ਭਜਹੁ ਹਰਿ ਗ੍ਯ੍ਯਾਨੀਅਹੁ।।
ਬਚਨ ਗੁਰ ਰਿਦਿ ਧਰਹੁ ਪੰਚ ਭੂ ਬਸਿ ਕਰਹੁ
ਜਨਮੁ ਕੁਲ ਉਧਰਹੁ ਦ੍ਵਾਰਿ ਹਰਿ ਮਾਨੀਅਹੁ।।
ਜਉ ਤ ਸਭ ਸੁਖ ਇਤ ਉਤ ਤੁਮ ਬੰਛਵਹੁ
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ।। ੧।। ੧੩।।
(ਪੰਨਾ ੧੪੦੦)
ਪਦ ਅਰਥ:- ਗੁਰੂ – ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲੇ ਗਿਆਨ ਦਾ
ਪ੍ਰਕਾਸ਼। ਗੁਰੁ – ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰੋ, ਕਰਨ ਦੇ ਨਾਲ। ਇਹ ਸ਼ਬਦ ਤਿੰਨ ਵਾਰ
ਕਹਿਣ ਦਾ ਮਤਲਬ ਹੈ, ਬਹੁਤ ਜ਼ੋਰ ਦੇ ਕੇ (strongly)
ਕੋਈ ਗੱਲ ਕਹਿਣੀ। ਜਪੁ – ਅਭਿਆਸ
(practice)
ਕਰਨਾ, ਕਰੋ। ਪ੍ਰਾਨੀਅਉ – ਹੇ ਪ੍ਰਾਣੀਅਹੁ। ਸਬਦੁ ਹਰਿ – ਹਰੀ ਦੀ ਬਖ਼ਸ਼ਿਸ਼ ਗਿਆਨ।
ਹਰਿ ਜਪੈ ਨਾਮੁ – ਸੱਚ ਰੂਪ ਹਰੀ ਦੇ ਨਾਮ ਸੱਚ ਨੂੰ ਹੀ ਆਪਣੇ ਜੀਵਨ ਵਿੱਚ ਅਪਣਾਉਣ ਨਾਲ।
ਨਵ ਨਿਧਿ ਅਪੈ – ਆਪਣੇ ਜੀਵਨ ਵਿੱਚ ਨੌਂ ਨਿਧੀਆਂ-ਗਿਆਨ ਦਾ ਉਜਾਲਾ ਭਾਵ ਪ੍ਰਕਾਸ਼ ਹੈ।
ਰਸਨਿ – ਰਸਨਿ ਕਰਨਾ, ਮਾਨਣਾ। ਅਹਿਨਿਸਿ – ਅਹਿ – ਅਗਿਆਨਤਾ ਦਾ ਹਨੇਰਾ। ਨਿਸਿ –
ਦਿਨ, ਪ੍ਰਕਾਸ਼। ਰਸੈ – ਰਸ ਲਵੈ, ਅਪਣਾਉਣਾ, ਅਪਣਾਵੇ। ਸਤਿ ਕਰਿ ਜਾਨੀਅਹੁ –
ਸਤਿ-ਸੱਚ ਕਰਕੇ ਜਾਣਨਾ। ਫੁਨਿ ਪ੍ਰੇਮ ਰੰਗ ਪਾਈਐ – ਫਿਰ ਹੀ ਪ੍ਰੇਮ ਰੰਗ ਦੀ ਪ੍ਰਾਪਤੀ ਹੈ।
ਗੁਰਮੁਖਹਿ – ਕਰਤੇ ਮੁਖੀ ਭਾਵ ਇਕੁ ਕਰਤੇ ਦੇ ਹੀ ਹੋ ਕੇ। ਅੰਨ – ਅਗਿਆਨਤਾ।
ਮਾਰਗ – ਰਸਤਾ। ਤਜਹੁ – ਛੱਡੋ। ਅੰਨ ਮਾਰਗ ਤਜਹੁ – ਅਗਿਆਨਤਾ ਦਾ ਮਾਰਗ ਛੱਡੋ।
ਭਜਹੁ – ਤੁਰੋ, ਤੁਰਣਾ ਕਰੋ, ਚੱਲਣਾ ਕਰੋ। ਭਜਹੁ ਹਰਿ ਗ੍ਯ੍ਯਾਨੀਅਹੁ – ਸੱਚ ਰੂਪ ਹਰੀ
ਦੇ ਗਿਆਨ ਦੇ ਮਾਰਗ ਉੱਪਰ ਤੁਰੋ, ਭਾਵ ਚੱਲਣਾ ਕਰੋ। ਬਚਨ ਗੁਰ – ਗਿਆਨ ਬਖ਼ਸ਼ਿਸ਼। ਰਿਦਿ
ਧਰਹੁ – ਹਿਰਦੇ ਅੰਦਰ ਟਿਕਾਉ। ਪੰਚ ਭੂ ਬਸਿ ਕਰਹੁ – ਪੰਚ ਭੂਤਕ (ਅਵਤਾਰਵਾਦੀ
ਪ੍ਰੰਪਰਾ) ਵੱਲੋਂ ਆਪਣੇ ਆਪ ਨੂੰ ਰੋਕ ਲਵੋ। ਜਨਮੁ ਕੁਲ ਉਧਾਰਹੁ – ਉਸ ਤੋਂ ਆਪਣਾ ਜੀਵਨ
ਅਤੇ ਆਪਣੀ ਕੁਲ ਦਾ ਉਧਾਰ, ਛੁਟਕਾਰਾ ਕਰਾ ਲਵੋ। ਦ੍ਵਾਰਿ ਹਰਿ ਮਾਨੀਅਹੁ – ਸੱਚ ਰੂਪ ਹਰੀ
ਦੇ ਦੁਆਰੇ ਨੂੰ ਹੀ ਦੁਆਰਾ ਮੰਨਣ ਨਾਲ। ਜਉ ਤ – ਜੇਕਰ। ਇਤ – ਇਥੇ। ਉਤ –
ਉਥੇ। ਬੰਛਾਵਹੁ – ਚਾਹੁੰਦੇ ਹੋ। ਜਉ ਤ ਸਭ ਸੁਖ ਇਤ ਉਤ ਬੰਛਾਵਹੁ – ਜੇਕਰ ਉਥੇ ਵਾਲੇ ਸਾਰੇ
ਸੁਖ ਇਥੇ (ਆਪਣੇ ਜੀਵਨ) ਵਿੱਚ ਹੀ ਚਾਹੁੰਦੇ ਹੋ ਤਾਂ। ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ
ਪ੍ਰਾਨੀਅਹੁ – ਹੇ ਪ੍ਰਾਣੀਅਹੁ, ਬਹੁਤ ਹੀ ਸੁਹਿਰਦਤਾ ਨਾਲ ਆਪਣੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼
ਕਰ ਦੇਣ ਵਾਲੇ ਗਿਆਨ ਨੂੰ ਗ੍ਰਹਿਣ ਕਰਕੇ ਅਭਿਆਸ ਕਰੋ।
ਅਰਥ:- ਹੇ ਭਾਈ! ਭੱਟ ਜੀ ਇਹ ਗੱਲ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਕਹਿੰਦੇ
ਹਨ ਕਿ ਹੇ ਪ੍ਰਾਣੀਉ! ਅਗਿਆਨਤਾ ਰੂਪੀ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਨੂੰ ਗ੍ਰਹਿਣ
ਕਰਕੇ ਆਪਣੇ ਜੀਵਨ ਵਿੱਚ ਇਸ ਗਿਆਨ ਦੀ (practice)
ਅਭਿਆਸ ਕਰੋ। ਇਸ ਤਰ੍ਹਾਂ ਸੱਚ ਰੂਪ ਹਰੀ ਦੀ
ਬਖ਼ਸ਼ਿਸ਼ ਗਿਆਨ ਨੂੰ ਹੀ ਸੱਚ ਜਾਣ ਕੇ ਸੱਚ ਰੂਪ ਹਰੀ ਦੇ ਨਾਮੁ-ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ
ਨਾਲ ਹੀ ਆਪਣੇ ਜੀਵਨ ਵਿੱਚ ਨੌਂ ਨਿਧੀਆਂ-ਗਿਆਨ ਦਾ ਉਜਾਲਾ ਭਾਵ ਪ੍ਰਕਾਸ਼ ਹੁੰਦਾ ਹੈ। ਇਸ ਗਿਆਨ ਨੂੰ
ਸਤਿ ਕਰਕੇ ਜਾਨਣ ਅਤੇ ਰਸ ਕਰਕੇ ਮਾਨਣ ਭਾਵ ਅਪਣਾਉਣ ਨਾਲ ਹੀ ਜੀਵਨ ਦੇ ਅਹਿ-ਹਨੇਰੇ ਵਿੱਚ,
ਨਿਸਿ-ਪ੍ਰਕਾਸ਼ ਹੋ ਸਕਦਾ ਹੈ। ਇਸ ਕਰਕੇ ਹੇ ਭਾਈ! (ਅਵਤਾਰਵਾਦੀ) ਅਗਿਆਨਤਾ ਦਾ ਰਸਤਾ ਛੱਡ ਕੇ ਇਕੁ
ਕਰਤੇ ਰੂਪ ਹਰੀ ਦੇ ਹੀ ਹੋ ਕੇ ਉਸ ਨੂੰ ਅਪਣਾ ਕੇ ਗਿਆਨ ਦੇ ਮਾਰਗ `ਤੇ ਚੱਲਣਾ ਕਰੋ, ਫਿਰ ਹੀ ਪ੍ਰੇਮ
ਰੰਗ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਕਰਕੇ ਉਸ ਦੀ ਬਖ਼ਸ਼ਿਸ਼ ਗਿਆਨ ਨੂੰ ਆਪਣੇ ਹਿਰਦੇ ਵਿੱਚ ਟਿਕਾਉ
ਅਤੇ ਪੰਚ ਭੂਤਕ (ਦੇਹਧਾਰੀ ਪ੍ਰੰਪਰਾ) ਵੱਲੋਂ ਆਪਣੇ ਮਨ ਨੂੰ ਵੱਸ ਕਰਕੇ, ਭਾਵ ਰੋਕ ਕੇ ਆਪਣੇ ਜੀਵਨ
ਅਤੇ ਆਪਣੀ ਆਉਣ ਵਾਲੀ ਕੁਲ (next generation)
ਨੂੰ (ਦੇਹਧਾਰੀ ਪ੍ਰੰਪਰਾ) ਤੋਂ ਉਧਾਰ ਲਵੋ, ਉੱਪਰ
ਚੁੱਕ ਲਵੋ, ਭਾਵ ਬਚਾਅ ਲਵੋ। ਹੇ ਪ੍ਰਾਣੀਉ! ਜੇਕਰ ਤੁਸੀ ਉਥੇ ਵਾਲੇ ਭਾਵ ਪ੍ਰਲੋਕ ਵਾਲੇ (ਕਲਪੇ)
ਸਾਰੇ ਸੁਖ ਇਥੇ (ਆਪਣੇ ਜੀਵਨ) ਵਿੱਚ ਹੀ ਚਾਹੁੰਦੇ ਹੋ ਤਾਂ ਬੜੀ ਸੁਹਿਰਦਤਾ ਦੇ ਨਾਲ ਅਗਿਆਨਤਾ ਦੇ
ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲੇ ਗਿਆਨ ਨੂੰ ਹੀ ਆਪਣੇ ਜੀਵਨ ਵਿੱਚ ਗ੍ਰਹਿਣ ਕਰਕੇ
ਅਭਿਆਸ ਕਰੋ।
ਨੋਟ:- ਇਥੇ ਉਥੇ ਤੋਂ ਭਾਵ ਕਰਤੇ ਨੂੰ ਹਾਜ਼ਰ ਨਾਜ਼ਰ ਸਮਝੋ, ਸੱਚ ਨੂੰ
ਆਪਣੇ ਜੀਵਨ ਵਿੱਚ ਅਪਣਾਉ, ਉਥੇ ਵਾਲੇ (ਕਲਪੇ) ਸੁਖ ਇਥੇ ਹੀ ਮਾਣੋ ਹਨ। ਆਪਣੀ ਕਿਰਤ ਕਰੋ, ਵੰਡ
ਛਕੋ, ਆਪਣੀ ਕਿਰਤ ਲੋਟੂਆਂ ਨੂੰ ਨਾ ਲੁਟਾਉ ਕਿ ਉਹ ਤੁਹਾਡੀ ਕਿਰਤ ਉੱਪਰ ਆਪ ਇਥੇ ਸੁਖ ਮਾਨਣ ਤੇ
ਤੁਸੀਂ ਮਰਨ ਤੋਂ ਬਾਅਦ ਵਾਲੇ ਸੁੱਖਾਂ ਦੀ ਆਸ ਵਿੱਚ ਇਨ੍ਹਾਂ ਨੂੰ ਹੀ ਆਪਾ ਨਾ ਲੁਟਾਈ ਜਾਉ।
|
. |