.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਆਪਣਿਆਂ ਕਰਮਾਂ ਕਰਕੇ ਵਿਛੋੜਾ

ਕਿਰਤਿ ਕਰਮ ਕੇ ਵੀਛੁੜੇ, ਕਰਿ ਕਿਰਪਾ ਮੇਲਹੁ ਰਾਮ।।

ਚਾਰਿ ਕੁੰਟ ਦਹਦਿਸ ਭ੍ਰਮੇ, ਥਕਿ ਆਏ ਪ੍ਰਭੂ ਕੀ ਸਾਮ।।

ਧੇਨੁ ਦੁਧੈ ਤੇ ਬਾਹਰੀ, ਕਿਤੈ ਨ ਆਵੈ ਕਾਮਿ।।

ਜਲ ਬਿਨੁ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ।।

ਹਰਿ ਨਾਹ ਨ ਮਿਲੀਐ ਸਾਜਨੈ, ਕਤ ਪਾਈਐ ਬਿਸਰਾਮ।।

ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ, ਭਠਿ ਨਗਰ ਸੇ ਗ੍ਰਾਮ।।

ਸ੍ਰਬ ਸੀਗਾਰ ਤੰਬੋਲ ਰਸ, ਸਣੁ ਦੇਹੀ ਸਭ ਖਾਮ।।

ਪ੍ਰਭੁ ਸੁਆਮੀ ਕੰਤ ਵਿਹੂਣੀਆ, ਮੀਤ ਸਜਣ ਸਭਿ ਜਾਮ।। ੧।।

ਨਾਨਕ ਕੀ ਬੇਨੰਤੀਆ, ਕਰਿ ਕਿਰਪਾ ਦੀਜੈ ਨਾਮੁ।।

ਹਰਿ ਮੇਲਹੁ ਸੁਆਮੀ ਸੰਗਿ ਪ੍ਰਭ, ਜਿਸ ਕਾ ਨਿਹਚਲ ਧਾਮ।। ੧।।

ਮੁੱਢਲੀ ਵਿਚਾਰ--ਮਨੁੱਖ ਦੀ ਹਮੇਸ਼ਾਂ ਲਾਲਸਾ ਰਹੀ ਹੈ ਕਿ ਮੈਨੂੰ ਮੇਹਨਤ ਘੱਟ ਤੋਂ ਘੱਟ ਕਰਨੀ ਪਏ ਪਰ ਪ੍ਰਾਪਤੀ ਸਭ ਤੋਂ ਵੱਧ ਹੋਣੀ ਚਾਹੀਦੀ ਹੈ। ਸਾਡੇ ਮੁਲਕ ਅਤੇ ਬਾਹਰਲੇ ਮੁਲਕਾਂ ਵਿੱਚ ਇੱਕ ਬੁਨਿਆਦੀ ਅੰਤਰ ਹੈ। ਸਾਡੇ ਮੁਲਕ ਵਿੱਚ ਧਰਮ ਦੇ ਨਾਂ `ਤੇ ਪੂਜਾ ਪਾਠ ਰਾਂਹੀ ਰੱਬ ਕੋਲੋਂ ਮਾਲ ਧਨ ਮੰਗਿਆ ਜਾਂਦਾ ਹੈ ਪਰ ਵਿਕਸਤ ਮੁਲਕ ਆਪਣਿਆਂ ਲੋਕਾਂ ਨੂੰ ਕੰਮ ਦੇਂਦੇ ਹਨ ਤੇ ਉਹਨਾਂ ਪਾਸੋਂ ਕੰਮ ਲੈਂਦੇ ਹਨ। ਹਫਤੇ ਉਪਰੰਤ ਕੀਤੇ ਹੋਏ ਕੰਮ ਦਾ ਮੇਹਨਤਾਨਾ ਹੱਥ `ਤੇ ਰੱਖਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਕਿਰਤੀ ਤੇ ਉਸ ਦੀ ਕੀਤੀ ਹੋਈ ਕਿਰਤ ਨੂੰ ਵਡਿਆਇਆ ਹੈ। ਗੁਰੂ ਰਾਮਦਾਸ ਜੀ ਨੇ ਕਿਰਤੀਆਂ ਦੀ ਕਿਰਤ ਦਾ ਸਤਿਕਾਰ ਕਰਦਿਆਂ ਕਈ ਕਿਸਮ ਦੇ ਕਿਰਤੀਆਂ ਨੂੰ ਨਵੇਂ ਬਣ ਰਹੇ ਸ਼ਹਿਰ ਅੰਮ੍ਰਿਤਸਰ ਵਿੱਚ ਲਿਆ ਕਿ ਵਸਾਇਆ ਹੀ ਨਹੀਂ ਸਗੋਂ ਉਹਨਾਂ ਦੀ ਹਰ ਪ੍ਰਕਾਰ ਨਾਲ ਸਹਾਇਤਾ ਵੀ ਕੀਤੀ। ਅੰਮ੍ਰਿਤਸਰ ਸ਼ਹਿਰ ਦੀ ਮੰਡੀ ਨੂੰ ਅੰਤਰ-ਰਾਸ਼ਟਰੀ ਪੱਧਰ `ਤੇ ਵਿਕਸਤ ਕੀਤਾ। ਜਿੱਥੇ ਕਿਰਸਾਨੀ ਦੀ ਸੰਭਾਲ਼ ਲਈ ਖੂਹਾਂ ਦਾ ਪ੍ਰਬੰਧ ਕੀਤਾ ਓੱਥੇ ਸਿੱਖ ਨੂੰ ਹਰ ਪੱਖੋਂ ਅੰਤਰ-ਰਾਸ਼ਟਰੀ ਪੱਧਰ ਦੇ ਵਪਾਰੀ ਵੀ ਬਣਾਇਆ। ਸਿੱਖੀ ਦੇ ਮਹਾਨ ਸਿਧਾਂਤ ਅਨੁਸਾਰ ਕਿਰਤ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ। ਜਲਦੀ ਅਮੀਰ ਹੋਣ ਦੀ ਲਾਲਸਾ ਕਰਕੇ ਕਈ ਵਾਰੀ ਬੰਦਾ ਭਰਮਾਂ ਦਾ ਸ਼ਿਕਾਰ ਹੋ ਜਾਂਦਾ ਹੈ। ਹੱਥੀਂ ਕਿਰਤ ਕਰਨ ਦੀ ਥਾਂ `ਤੇ ਗਲਤ ਢੰਗ ਤਰੀਕਿਆਂ ਰਾਂਹੀ ਦੁਨੀਆਂ ਵਿੱਚ ਅੱਗੇ ਨਿਕਲਣ ਦਾ ਯਤਨ ਕਰਦਾ ਹੈ। ਅਜੇਹਾ ਬੰਦਾ ਕਈ ਪ੍ਰਕਾਰ ਦੇ ਭਰਮਾਂ-ਪਖੰਡਾਂ ਦਾ ਸ਼ਿਕਾਰ ਹੋ ਜਾਂਦਾ ਹੈ। ਧਰਮ ਦੇ ਨਾਂ `ਤੇ ਵੀ ਕਈ ਪ੍ਰਕਾਰ ਦੇ ਵਹਿਮ ਪਾਲ਼ ਲੈਂਦਾ ਹੈ। ਸੁੱਖ ਲੈਣ ਦੀ ਭਾਲ ਵਿੱਚ ਕਈ ਵਾਰੀ ਬੰਦਾ ਅਸਲੀਅਤ ਦਾ ਪੱਲਾ ਛੱਡ ਕੇ ਝੂਠ ਦੇ ਰਸਤਿਆਂ `ਤੇ ਚੱਲਣ ਲੱਗ ਪੈਂਦਾ ਹੈ। ਅਜੇਹਾ ਬੰਦਾ ਸੁੱਖ ਲੱਭਦਾ ਲੱਭਦਾ ਆਪਣਾ ਜੀਵਨ ਹੀ ਗਵਾ ਲੈਂਦਾ ਹੈ। ਬਹੁਤੀ ਵਾਰੀ ਮਨੁੱਖ ਆਪਣੇ ਜੀਵਨ ਦੇ ਦੁੱਖਾਂ ਦਾ ਮੂਲ ਕਾਰਨ ਲੱਭਣ ਦੀ ਥਾਂ `ਤੇ ਆਪਣਿਆਂ ਦੁੱਖਾਂ ਦਾ ਮੂਲ ਕਾਰਨ ਦੂਜਿਆਂ ਨੂੰ ਸਮਝਦਾ ਹੈ ਜੋ ਕਿ ਇੱਕ ਭਰਮ ਤੇ ਵਹਿਮ ਤੋਂ ਵੱਧ ਕੁੱਝ ਵੀ ਨਹੀਂ ਹੁੰਦਾ। ਮਾਝ ਰਾਗ ਦੇ ਬਾਰਹ ਮਾਂਹ ਦੀ ਪਹਿਲੀ ਪਉੜੀ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਮਨੁੱਖ ਦੇ ਅਸਫਲ ਰਹਿਣ ਦਾ ਮੂਲ ਕਾਰਨ ਭਰਮ ਵਿੱਚ ਕੀਤੇ ਹੋਏ ਕਰਮਾਂ ਨੂੰ ਦੱਸਿਆ ਹੈ।

ਇਸ ਪਉੜੀ ਦੀ ਪਹਿਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—

ਕਿਰਤਿ ਕਰਮ ਕੇ ਵੀਛੁੜੇ, ਕਰਿ ਕਿਰਪਾ ਮੇਲਹੁ ਰਾਮ।।

ਅੱਖਰੀਂ ਅਰਥ--ਹੇ ਪ੍ਰਭੂ! ਅਸੀ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ), ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ।

ਵਿਚਾਰ ਤੇ ਵਿਹਾਰਕ ਪੱਖ ---ਅੱਖਰੀਂ ਅਰਥ ਸਮਝ ਆਉਂਦੇ ਹਨ ਕਿ ਅਸੀਂ ਆਪਣਿਆਂ ਕੰਮਾਂ ਕਰਕੇ ਰੱਬ ਜੀ ਨਾਲੋਂ ਵਿਛੜੇ ਹੋਏ ਹਾਂ। ਹੇ ਰੱਬ ਜੀ! ਹੁਣ ਤੁਸੀਂ ਆਪ ਹੀ ਕ੍ਰਿਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਓ। ਸਭ ਤੋਂ ਪਹਿਲਾਂ ਸਾਨੂੰ ਰੱਬ ਜੀ ਸਬੰਧੀ ਸਮਝਣਾ ਪਏਗਾ। ਗੁਰਬਾਣੀ ਵਾਲੇ ਰੱਬ ਜੀ ਦਾ ਕੋਈ ਰੂਪ ਰੰਗ ਨਹੀਂ ਹੈ। ਉਹ ਸਰਬ ਵਿਆਪਕ ਹੈ। ਸਾਰਾ ਸੰਸਾਰ ਉਸ ਦੇ ਹੁਕਮ ਵਿੱਚ ਚੱਲ ਰਿਹਾ ਹੈ। ਫਿਰ ਰੱਬ ਜੀ ਕਿਸ ਤਰ੍ਹਾਂ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲੈਣਗੇ? ਫਿਰ ਗੁਰਬਾਣੀ ਦੇ ਰੱਬ ਜੀ ਨੂੰ ਸਮਝਣਾ ਪਏਗਾ। ਗੁਰੂ ਨਾਨਕ ਸਾਹਿਬ ਜੀ ਨੇ ਜਪੁ ਬਾਣੀ ਵਿੱਚ ਸਮਝਾਇਆ ਹੈ ਕਿ ਰੱਬ ਜੀ ਨੂੰ ਥਾਪਿਆ ਨਹੀਂ ਜਾ ਸਕਦਾ ਤੇ ਨਾ ਹੀ ਉਸ ਨੂੰ ਬਣਾਇਆ ਜਾ ਸਕਦਾ ਹੈ। ਹਾਂ ਉਸ ਦੇ ਗੁਣਾਂ ਨੂੰ ਸਮਝਣਾ ਹੈ-ਥਾਪਿਆ ਨਾ ਜਾਇ ਕੀਤਾ ਨਾ ਹੋਇ।।

ਆਪੇ ਆਪਿ ਨਿਰੰਜਨੁ ਸੋਇ।।

ਜਿਨਿ ਸੇਵਿਆ ਤਿਨਿ ਪਾਇਆ ਮਾਨੁ।।

ਨਾਨਕ ਗਾਵੀਐ ਗੁਣੀ ਨਿਧਾਨੁ।।

ਅੱਖਰੀਂ ਅਰਥ-- ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ (ਕਿਉਂਕਿ) ਉਹ ਨਿਰੋਲ ਆਪ ਹੀ ਆਪ ਹੈ, ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ। ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ। ਹੇ ਨਾਨਕ! (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕਰੀਏ।

ਗੁਰਬਾਣੀ ਵਿੱਚ ਰੱਬ ਦੀ ਵਿਆਖਿਆ ਸ਼ੁਭ ਗੁਣਾਂ ਦੇ ਰੂਪ ਵਿੱਚ ਆਈ ਹੈ। ਸ਼ੁਭ ਗੁਣਾਂ ਰਾਂਹੀ ਹੀ ਅਸੀਂ ਆਪਣੇ ਨਿਸ਼ਾਨੇ ਤੇ ਪਹੁੰਚ ਸਕਦੇ ਹਾਂ। ਪਉੜੀ ਦੀ ਪਹਿਲੀ ਤੁਕ ਵਿੱਚ ਅਸੀਂ ਆਪਣਿਆਂ ਕੰਮਾਂ ਕਰਕੇ ਰੱਬ ਜੀ ਨਾਲੋਂ ਵਿਛੜੇ ਹੋਏ ਹਾਂ। ਏੱਥੇ ਰੱਬ ਜੀ ਦੇ ਵਿਛੋੜੇ ਤੋਂ ਭਾਵ ਹੈ ਕਿ ਅਸੀਂ ਜ਼ਿੰਦਗੀ ਦੇ ਮਹੱਤਵ ਪੂਰਨ ਸੱਚ ਤੋਂ ਖੁੰਝੇ ਹੋਏ ਹਾਂ। ਦੂਸਰਾ ਹੇ ਰੱਬ ਜੀ! ਤੁਸੀਂ ਆਪਣੀ ਮੇਹਰ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਓ। “ਕਰਿ ਕਿਰਪਾ ਮੇਲਹੁ ਰਾਮ” ਦਾ ਅਰਥ ਹੈ ਨਿਸ਼ਾਨੇ ਦੀ ਨਿਸ਼ਾਨ ਦੇਈ ਕਰਕੇ ਉਸ ਪ੍ਰਤੀ ਜਾਣਕਾਰੀ ਹਾਸਲ ਕਰਦਿਆਂ ਨਿਸ਼ਾਨੇ ਤੇ ਪਹੁੰਚਣਾ। ਇਸ ਪ੍ਰਤੀ ਕੀਤੇ ਹੋਏ ਉਦਮ ਨੂੰ ‘ਕਰਿ ਕ੍ਰਿਪਾ` ਕਿਹਾ ਹੈ। ਰੱਬ ਜੀ ਨਾ ਤਾਂ ਜੰਮਦੇ ਹਨ ਤੇ ਨਾ ਹੀ ਉਹਨਾਂ ਦਾ ਮਨੁੱਖਾਂ ਵਾਂਗ ਕੋਈ ਸਰੀਰ ਹੈ ਇਸ ਲਈ ਰੱਬ ਜੀ, ਰੱਬੀ ਗੁਣਾਂ ਦਾ ਨਾਂ ਹੈ। ਏੱਥੇ ਇੰਝ ਭੁਲੇਖਾ ਲੱਗਦਾ ਹੈ ਕਿ ਜਿਵੇਂ ਅਸੀਂ ਕਿਸੇ ਮਨੁੱਖ ਦੇ ਪਾਸ ਬੈਠੇ ਹੋਈਏ ਤੇ ਉਸ ਨੂੰ ਕਹੀਏ ਕਿ “ਭਾਅ ਜੀ, ਸਾਡਾ ਆਹ ਕੰਮ ਕਰ ਦਿਓ” ਜੀ ਤੇ ਉਹ ਕਹੇ, “ਕਿ ਜਾਓ ਮੈਂ ਤੁਹਾਡਾ ਕੰਮ ਕਰ ਦਿੱਤਾ”। ਅਸਲ ਵਿੱਚ ਰੱਬ ਜੀ ਸਬੰਧੀ ਏਦਾਂ ਕੁੱਝ ਨਹੀਂ ਹੈ। ਰੱਬ ਜੀ ਨੇ ਸਿੱਧੇ ਰੂਪ ਵਿੱਚ ਸਾਡੀ ਕੋਈ ਮਦਦ ਨਹੀਂ ਕਰਨੀ। ਅਸੀਂ ਉਸ ਦੀ ਮਦਦ ਦੇ ਪਾਤਰ ਬਣਨਾ ਹੈ। ‘ਕਰਿ ਕਿਰਪਾ ਮੇਲਹੁ ਰਾਮ` ਤੋਂ ਮੁਰਾਦ ਹੈ ਉਦਮ ਕਰਕੇ ਸ਼ੁਭ ਗੁਣਾਂ ਨੂੰ ਹਾਸਲ ਕਰਨਾ। ਬੰਦੇ ਦੀ ਦਿਨ ਦੀਵੀਂ ਇੱਕ ਚਲਾਕੀ ਹੈ ਕਿ ਮੈਂ ਕਰਮ ਜਿਹੜਾ ਮਰਜ਼ੀ ਕਰਾਂ ਪਰ ਪ੍ਰਾਪਤੀ ਮੇਰੀ ਮਰਜ਼ੀ ਦੀ ਹੋਣੀ ਚਾਹੀਦੀ ਹੈ। ਮਨੁੱਖ ਦੇ ਦੁਖਾਂਤ ਦਾ ਕਾਰਨ ਵੀ ਏਹੋ ਹੀ ਹੈ। ਸ਼ੇਖ਼ ਫ਼ਰੀਦ ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ—

ਫਰੀਦਾ ਲੋੜੈ ਦਾਖ ਬਿਜਉਰੀਆਂ, ਕਿਕਰਿ ਬੀਜੈ ਜਟੁ।।

ਹੰਢੈ ਉਂਨ ਕਤਾਇਦਾ, ਪੈਧਾ ਲੋੜੈ ਪਟੁ।। ੨੩।।

ਪੰਨਾ ੧੩੭੯-

ਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ, (ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ।

ਫਿਰ ਜੀਵਨ ਵਿੱਚ ‘ਕਰਿ ਰਿਪਾ ਮੇਲਹੁ ਰਾਮ` ਨੂੰ ਲਾਗੂ ਕਿਵੇਂ ਕਰਨਾ ਹੈ? ਇਸ ਦਾ ਉੱਤਰ ਹੈ ਕਿ ਆਪਣੇ ਜੀਵਨ ਵਿੱਚ ਕਿਸੇ ਵੀ ਕੰਮ ਦੇ ਮਹੱਤਵ ਨੂੰ ਸਮਝ ਕੇ ਇਮਾਨਦਾਰੀ ਤੇ ਸਿਰੜ ਨਾਲ ਮੇਹਨਤ ਕਰਦਿਆਂ ਉਸ ਦੀ ਪ੍ਰਾਪਤੀ ਹਾਸਲ ਕਰਨੀ ਹੈ। ‘ਕਿਰਤਿ ਕਰਮ ਕੇ ਵੀਛੁੜੇ` ਇਸ ਦਾ ਭਾਵ ਅਰਥ ਤਾਂ ਏਹੀ ਬਣਦਾ ਹੈ ਕਿ ਜਿਹੜਾ ਕੰਮ ਸਾਨੂੰ ਸੌਂਪਿਆ ਗਿਆ ਸੀ ਉਸ ਕੰਮ ਦੀ ਥਾਂ `ਤੇ ਅਸੀਂ ਹੋਰ ਹੀ ਮੱਥਾ ਮਾਰਦੇ ਰਹੇ ਤੇ ਮੰਜ਼ਿਲ ਨੂੰ ਸਰ ਨਾ ਕਰ ਸਕੇ। ਪਹਿਲੀ ਤੁਕ ਵਿੱਚ ਤੱਤ ਦੀ ਗੱਲ ਸਮਝਾਈ ਹੈ ਕਿ ਬੰਦਾ ਤਕਨੀਕ ਨੂੰ ਸਮਝਣ ਦੀ ਥਾਂ ਤੇ ਆਪਣੀ ਮਰਜ਼ੀ ਨਾਲ ਤੁਰਦਾ ਹੈ ਤਾਂ ਉਹ ਕਦੇ ਵੀ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਨਹੀਂ ਕਰ ਸਕਦਾ। ਸਮਝ ਆਉਣ ਨਾਲ ਹੀ ਨਿਸ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ। ਨਿਸ਼ਾਨਿਆਂ ਦੀ ਪ੍ਰਾਪਤੀ ਤੋਂ ਬਿਨਾ ਮਨੁੱਖ ਦੀ ਮੰਜ਼ਿਲ ਅਧੂਰੀ ਹੈ। ਸਿਧਾਂਤ ਨੂੰ ਛੱਡ ਕੇ ਆਪਣੀ ਮਨ-ਮਰਜ਼ੀ ਦੇ ਕੀਤੇ ਹੋਏ ਕੰਮਾਂ ਕਰਕੇ ਮੰਜ਼ਿਲ ਤੋਂ ਦੂਰ ਹੈ ਜਦ ਕਿ ਸਮਝ ਆਉਣ ਨਾਲ ਮੰਜ਼ਿਲ ਦੀ ਪ੍ਰਾਪਤੀ ਹੁੰਦੀ ਹੈ। ਸੁ ਪਹਿਲੀ ਤੁਕ ਵਿੱਚ ਅਸੀਂ ਸੱਚ ਨੂੰ ਛੱਡਣ ਕਰਕੇ ਨਿਸ਼ਾਨੇ ਤੋਂ ਥਿੜਕੇ ਹੋਏ ਹਾਂ ਤੇ ਅਸਲੀਅਤ ਨੂੰ ਸਮਝਣ ਨਾਲ ਹੀ ਨਿਸ਼ਾਨੇ ਤੇ ਪਹੁੰਚ ਸਕਦੇ ਹਾਂ। ਗੁਰਬਾਣੀ ਦੀ ਹਰ ਤੁਕ ਸਾਡੀ ਜ਼ਿੰਦਗੀ ਦਾ ਰਾਹ ਰਸ਼ਨਾਉਂਦੀ ਹੈ। ਗੁਰਬਾਣੀ ਸਾਡੇ ਲਈ ਜੀਵਨ ਜਾਚ ਦਾ ਖ਼ਜ਼ਾਨਾ ਹੈ।

ਦੂਸਰੀ ਤੁਕ ਵਿੱਚ ਭਟਕਣ ਦੀ ਵਿਚਾਰ ਕੀਤੀ ਗਈ ਹੈ। ਹਰ ਬੰਦਾ ਸੁੱਖ ਦੀ ਭਾਲ ਵਿੱਚ ਭੱਜਿਆ ਫਿਰਦਾ ਨਜ਼ਰ ਆਉਂਦਾ ਹੈ। ਬਹੁਤ ਦਫ਼ਾ ਮਨੁੱਖ ਕੰਮ ਕਰਨ ਦੀ ਥਾਂ `ਤੇ ਸੁੱਖਣਾ ਸੁਖ ਕੇ ਸੁੱਖ ਲੱਭਦਾ ਫਿਰਦਾ ਹੈ। ਯਕੀਨਨ ਮਨੁੱਖ ਕੰਮ ਸਿੱਖਣ ਦੀ ਬਜਾਏ ਪੂਜਾ ਪਾਠ ਹੀ ਕਰਦਾ ਰਹੇ ਤਾਂ ਉਸ ਨੂੰ ਜੀਵਨ ਵਿੱਚ ਕਾਮਯਾਬੀ ਹਾਸਲ ਨਹੀਂ ਹੋ ਸਕਦੀ। ਜਦੋਂ ਕੰਮ ਸਿੱਖਣ ਦਾ ਸਮਾਂ ਹੁੰਦਾ ਹੈ ਓਦੋਂ ਮੌਜ ਮਸਤੀ ਵਿੱਚ ਤੁਰਦਾ ਫਿਰਦਾ ਰਹੇ ਜਾਂ ਵਿਅਰਥ ਦਿਆਂ ਹੋਰ ਹੋਰ ਕੰਮਾਂ ਵਿੱਚ ਹੀ ਉਲਝਦਾ ਰਹੇ ਤਾਂ ਉਹ ਬੰਦਾ ਕਦੇ ਵੀ ਆਪਣੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੋ ਸਕਦਾ ਹੈ। ਜਦੋਂ ਮਨੁੱਖ ਨੂੰ ਇਹ ਅਹਿਸਾਸ ਹੰਦਾ ਹੈ ਕਿ ਜੁਗਤੀ ਨਾਲ ਕੰਮ ਸਿੱਖਣ ਤੋਂ ਬਿਨਾਂ ਮੈਂ ਕਿਸੇ ਨਿਸ਼ਾਨੇ ਤੇ ਨਹੀਂ ਪਹੁੰਚ ਸਕਦਾ, ਤਾਂ ਉਹ ਸਮਝ ਆਉਣ `ਤੇ ਵਾਪਸ ਆਪਣੇ ਅਸਲੀ ਨਿਸ਼ਾਨੇ ਵਲ ਆਉਂਦਾ ਹੈ। ਇੱਕ ਮਾਂ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਵੀ ਕੰਮ ਕਾਰ ਨਹੀਂ ਦੇਖਦੀ। ਨਾ ਹੀ ਬੱਚਿਆ ਦੀਆਂ ਗਤੀ ਵਿਧੀਆਂ ਵਲ ਕੋਈ ਧਿਆਨ ਦੇਂਦੀ ਹੈ। ਅਜੇਹੇ ਬੱਚੇ ਮਾੜੀ ਸੰਗਤ ਵਿੱਚ ਪੈ ਜਾਦੇ। ਹੁਣ ਮਾਂ ਦੂਜੇ ਬੱਚਿਆਂ ਨੂੰ ਕੋਸੀ ਜਾਏ ਤੇ ਇਹ ਕਹੀ ਜਾਏ ਮੇਰਾ ਲਾਲ ਤਾਂ ਬਹੁਤ ਹੀ ਚੰਗਾ ਸੀ ਇਹ ਤੇ ਗਵਾਂਢੀਆਂ ਦੇ ਬੱਚਿਆਂ ਦੀ ਮਾੜੀ ਬਹਿਣੀ ਬਹਿ ਗਿਆ ਹੈ ਤੇ ਉਹਨਾਂ ਨੇ ਮੇਰਾ ਬੱਚਾ ਵਿਗਾੜ ਦਿੱਤਾ ਹੈ। ਇਹ ਮਾਂ ਦੀ ਭੁੱਲ ਹੈ ਕਿਉਂਕਿ ਮਾਂ ਨੇ ਖੁਦ ਆਪਣੇ ਬੱਚਿਆਂ ਵਲ ਕੋਈ ਤਵੱਜੋਂ ਨਹੀਂ ਦਿੱਤੀ। ਸਾਡੀ ਆਦਤ ਬਣ ਗਈ ਹੈ ਕਿ ਅਸੀਂ ਕਦੇ ਵੀ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੁੰਦੇ ਬਲ ਕੇ ਦੂਜਿਆਂ ਨੂੰ ਦੋਸ਼ ਦੇ ਕੇ ਆਪ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਹੁੰਦੇ ਹਾਂ।

ਚਾਰਿ ਕੁੰਟ ਦਹਦਿਸ ਭ੍ਰਮੇ, ਥਕਿ ਆਏ ਪ੍ਰਭੂ ਕੀ ਸਾਮ।।

ਅੱਖਰੀਂ ਅਰਥ-- (ਮਾਇਆ ਦੇ ਮੋਹ ਵਿੱਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ ਖ਼ਾਤਰ) ਭਟਕਦੇ ਰਹੇ ਹਾਂ, ਹੁਣ, ਹੇ ਪ੍ਰਭੂ! ਥੱਕ ਕੇ ਤੇਰੀ ਸਰਨ ਆਏ ਹਾਂ।

ਵਿਚਾਰ ਤੇ ਵਿਹਾਰਕ ਪੱਖ--ਸਮਾਜ ਵਿੱਚ ਬਹੁਤ ਵਾਰੀ ਬੰਦਾ ਸੋਚਦਾ ਹੈ ਕਿ ਸ਼ਾਇਦ ਮੈਂ ਹੀ ਅਸਮਾਨ ਨੂੰ ਥੰਮ੍ਹਿਆ ਹੋਇਆ ਹੈ ਤੇ ਮੇਰੇ ਆਪਣੇ ਕੀਤੇ ਉਦਮ ਨਾਲ ਹੀ ਸਾਰਾ ਸਮਾਜ ਜਿਉਂਦਾ ਹੈ। ਘਰ ਦੀਆਂ ਸਾਰੀਆਂ ਪ੍ਰਾਪਤੀਆਂ ਮੇਰੇ ਕਰਕੇ ਹੀ ਹਨ। ਅਜੇਹੇ ਭਰਮ ਨੂੰ ਬੰਦਾ ਹਰ ਸਮੇਂ ਪ੍ਰਪੱਕ ਕਰਦਾ ਰਹਿੰਦਾ ਹੈ। `ਚਾਰਿ ਕੁੰਟ ਦਹਦਿਸ ਭ੍ਰਮੇ` ਦਾ ਅਰਥ ਹੈ ਆਪਣੀ ਕਾਮਯਾਬੀ ਲਈ ਕਈ ਤਰ੍ਹਾਂ ਦੇ ਪਾਪੜ ਵੇਲਦੇ ਰਹਿਣਾ। ਉਂਜ ਲਗਦੇ ਚਾਰੇ ਬੰਦਾ ਕੋਈ ਨਾ ਕੋਈ ਓੜ-ਪੋੜ ਕਰਦਾ ਹੀ ਰਹਿੰਦਾ ਹੈ। ਅਖੀਰ ਜਦੋਂ ਆਪਣੇ ਵੱਸ ਤੋਂ ਗੱਲ ਬਾਹਰ ਦੀ ਹੋ ਜਾਂਦੀ ਹੈ ਤਾਂ ਫਿਰ ਕਿਸੇ ਸਿਆਣੇ ਦੀ ਭਾਲ ਵਿੱਚ ਤੁਰਦਾ ਹੈ। ਜਦੋਂ ਸਹੀ ਤਕਨੀਕ ਦੀ ਜਾਣਕਾਰੀ ਮਿਲਦੀ ਹੈ ਤਾਂ ਬੰਦਾ ਆਪਣੇ ਆਪ ਵਿੱਚ ਤਰੱਕੀ ਮਹਿਸੂਸ ਕਰਦਾ ਹੈ। ਸਾਡਾ ਪੇਂਡੂਆਂ ਦਾ ਇੱਕ ਸੁਭਾਅ ਹੈ ਕਿ ਜਦੋਂ ਅਸੀਂ ਕਿਤੇ ਬਿਮਾਰ ਹੋ ਜਾਂਦੇ ਹਾਂ ਸਭ ਤੋਂ ਪਹਿਲਾਂ ਘਰੇਲੂ ਨੁਕਸੇ ਵਰਤਣ ਨੂੰ ਹੀ ਤਰਜੀਹ ਦੇਂਦੇ ਹਾਂ। ਜੇ ਰੋਗ ਵੱਧਦਾ ਹੈ ਤਾਂ ਅਸੀਂ ਗੁਆਂਢੀਆਂ ਦੀ ਰਾਏ ਲੈਂਦੇ ਹਾਂ। ਜੇ ਫਿਰ ਵੀ ਰੋਗ ਠੀਕ ਨਹੀਂ ਹੁੰਦਾ ਤਾਂ ਕਿਸੇ ਹਸਪਤਾਲ ਵਿੱਚ ਦਾਖਲ ਹੁੰਦੇ ਹਾਂ। ਜਦੋਂ ਬੰਦਾ ਰੋਗ ਤੋਂ ਮੁਕਤ ਹੋਣਾ ਸ਼ੁਰੂ ਹੁੰਦਾ ਹੈ ਤਾਂ ਕਹਿੰਦਾ ਹੈ ਕਿ ਮੈਂ ਐਵੇਂ ਹੀ ਹੋਰ ਹੋਰ ਥਾਂਵਾਂ `ਤੇ ਭਟਕਦਾ ਰਿਹਾ ਹਾਂ। ਇਸ ਦਾ ਅਰਥ ਹੈ ਕਿ ਸਹੀ ਜਾਣਕਾਰੀ ਦੁਆਰਾ ਟਿਕਾਣੇ ਤੇ ਪਹੁੰਚਣਾ ਹੀ ਪ੍ਰਭ ਜੀ ਦੀ ਸ਼ਰਣ ਵਿੱਚ ਆਉਣਾ ਹੈ। ਮਨੁੱਖ ਨੂੰ ਇਹ ਭਰਮ ਸੀ ਕਿ ਸ਼ਾਇਦ ਮੈਂ ਘਰ ਦੀ ਦਵਾਈ ਖਾਣ ਨਾਲ ਹੀ ਠੀਕ ਹੋ ਜਾਵਾਂਗਾ। ਫਿਰ ਦੂਸਰਾ ਭਰਮ ਕਿ ਸ਼ਾਇਦ ਗੁਆਢੀਆਂ ਦੇ ਦੱਸੇ ਹੋਏ ਨੁਕਸੇ ਅਨੁਸਾਰ ਮੇਰੀ ਬੀਮਾਰੀ ਠੀਕ ਹੋ ਜਾਏਗੀ। ਇੰਜ ਮਨੁੱਖ ਆਪਣੇ ਬੁਣੇ ਹੋਏ ਤਾਣੇ-ਬਾਣੇ ਵਿੱਚ ਹੀ ਉਲਝ ਕੇ ਰਹਿ ਗਿਆ ਹੈ। ਆਪਣੇ ਮਨ ਦੀਆਂ ਕਿਆਸ ਅਰਾਈਆਂ ਹੀ ਇਸ ਦੀ ਚਾਰ ਕੁੰਟ ਵਿੱਚ ਭਮਰਣ ਵਾਲੀ ਸਥਿੱਤੀ ਹੈ। ਅਜੇਹੀ ਹਾਲਤ ਵਿੱਚ ਮਨੁੱਖ ਦਾ ਮਾਨਸਿਕ ਵਿਕਾਸ ਨਹੀਂ ਹੁੰਦਾ। ਧਰਮ ਦੀ ਦੁਨੀਆਂ ਵਿੱਚ ਵੀ ਮਨੁੱਖ ਔਖਿਆਂ ਹੋ ਕੇ ਕਈ ਪ੍ਰਕਾਰ ਦੇ ਕਰਮ-ਕਾਂਡ ਕਰਦਾ ਹੈ ਪਰ ਜਦੋਂ ਗਿਆਨ ਆਉਂਦਾ ਹੈ ਤਾਂ ਉਹ ਉਹਨਾਂ ਭਰਮਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਭ੍ਰਮ ਦੇ ਛੁਟਕਾਰੇ ਤੋਂ ਮੁਕਤ ਹੋਣਾ ਹੀ ਏੱਥੇ ਰੱਬ ਜੀ ਦੀ ਪ੍ਰਾਪਤੀ ਹੈ। ਆਪਣੀ ਸੋਚ ਵਿੱਚ ਵੀ ਕਈ ਪ੍ਰਕਾਰ ਦੇ ਘੋੜੇ ਦੜਾਉਂਦਾ ਰਹਿੰਦਾ ਹੈ। ਜਦੋਂ ਭਰਮ ਰੂਪੀ ਆਂਡਾ ਟੁੱਟਦਾ ਹੈ ਤਾਂ ਇਸ ਦੇ ਮਨ ਵਿੱਚ ਚਾਨਣ ਜਨਮ ਲੈਂਦਾ ਹੈ--

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ।।

ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ।।

ਪੰਨਾ ੧੦੦੨ ਮਾਰੂ ਮਹਲਾ ੫

ਗੁਰੂ ਨੇ ਜਿਸ ਮਨੁੱਖ ਦੇ ਪੈਰਾਂ ਤੋਂ (ਮੋਹ ਦੀਆਂ) ਬੇੜੀਆਂ ਕੱਟ ਦਿੱਤੀਆਂ, ਜਿਸ ਨੂੰ ਮੋਹ ਦੀ ਕੈਦ ਤੋਂ ਛੁਟਕਾਰਾ ਦੇ ਦਿੱਤਾ, ਉਸ ਦੇ ਮਨ ਵਿੱਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ, ਉਸ ਦਾ ਭਰਮ (ਭਟਕਣ) ਦਾ ਆਂਡਾ ਫੁੱਟ ਗਿਆ (ਉਸ ਦਾ ਮਨ ਆਤਮਕ ਉਡਾਰੀ ਲਾਣ-ਜੋਗਾ ਹੋ ਗਿਆ, ਜਿਵੇਂ ਆਂਡੇ ਦੇ ਖ਼ੋਲ ਦੇ ਫੁੱਟ ਜਾਣ ਪਿੱਛੋਂ ਉਸ ਦੇ ਅੰਦਰ ਦਾ ਪੰਛੀ ਉਡਾਰੀਆਂ ਲਾਣ ਜੋਗਾ ਹੋ ਜਾਂਦਾ ਹੈ)

ਤੀਸਰੀ ਤੁਕ ਵਿੱਚ ਜਿਹੜੀ ਗਊ ਦੁੱਧ ਨਹੀਂ ਉਸ ਦੀ ਗੱਲ ਕੀਤੀ ਗਈ ਹੈ--

ਧੇਨੁ ਦੁਧੈ ਤੇ ਬਾਹਰੀ, ਕਿਤੈ ਨ ਆਵੈ ਕਾਮਿ।।

ਅੱਖਰੀਂ ਅਰਥ-- (ਜਿਵੇਂ) ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ--

ਵਿਚਾਰ ਤੇ ਵਿਹਰਕ ਪੱਖ--ਜਿਹੜੀ ਗਊ ਦੁੱਧ ਨਹੀਂ ਦੇਂਦੀ ਤੇ ਅਗਾਂਹ ਦੁੱਧ ਦੇਣ ਦੀ ਆਸ ਵੀ ਨਾ ਹੋਵੇ, ਉਸ ਗਊ ਦਾ ਮਾਲਕ ਨੂੰ ਕੋਈ ਲਾਭ ਨਹੀਂ ਹੁੰਦਾ। ਅਸੀਂ ਆਮ ਪਿੰਡਾਂ ਵਿੱਚ ਦੇਖਿਆ ਹੈ ਕਿ ਜਦੋਂ ਗਊ ਤੋਂ ਦੁੱਧ ਮਿਲਣ ਦੀ ਆਸ ਨਾ ਹੋਵੇ ਤਾਂ ਉਸ ਨੂੰ ਸਮਝਿਆ ਜਾਂਦਾ ਹੈ ਕਿ ਵਾਧੂ ਦਾ ਬੋਝ ਹੀ ਹੈ। ਉਸ ਦੀ ਖੁਰਾਕ ਵਲ ਵੀ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਜਾਂਦਾ। ਨਾਰਮਲ ਪੱਠਿਆਂ ਨਾਲ ਹੀ ਉਸ ਨੂੰ ਗ਼ੁਜ਼ਾਰਾ ਕਰਨਾ ਪੈਂਦਾ ਹੈ। ਉਂਜ ਸਾਡੇ ਮੁਲਕ ਅੰਦਰ ਦੁੱਧ ਨਾ ਦੇਣ ਵਾਲੀਆਂ ਗਊਆਂ ਨੂੰ ਵੀ ਪੂਜਿਆ ਜਾਂਦਾ ਹੈ ਤੇ ਵਿਹਲੜ ਸਾਧਾਂ ਦੀਆਂ ਢਾਣੀਆਂ ਨੂੰ ਵੀ ਗਊਆਂ ਵਾਂਗ ਪੂਜਿਆ ਜਾਂਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਵਿਚਾਰ ਰਾਂਹੀ ਇੱਕ ਸਿਧਾਂਤ ਦਿੱਤਾ ਹੈ ਕਿ ਜੇ ਦੁੱਧ ਤੋਂ ਬਿਨਾ ਗਊ ਕਿਸੇ ਕੰਮ ਨਹੀਂ ਆਉਂਦੀ ਤਾਂ ਵਿਹਲੜ ਮਨੁੱਖ, ਧਰਮ ਦੀ ਦੁਨੀਆਂ ਵਿੱਚ ਸਾਧ ਵੀ ਕਿਸੇ ਕੰਮ ਨਹੀਂ ਆਉਂਦਾ। ਇਸ ਤੁਕ ਵਿੱਚ ਵਿਹਲੜ ਮਨੁੱਖ ਨੂੰ ਨਿਕਾਰਿਆ ਹੈ। ਇਸ ਤੁਕ ਰਾਂਹੀ ਪਿੱਛਲੀਆਂ ਤੁਕਾਂ ਦੀ ਵੀਚਾਰ ਆਪਣੇ ਆਪ ਹੀ ਸਮਝ ਵਿੱਚ ਆ ਜਾਂਦੀ ਹੈ ਕਿ ਵਿਹਲੜ ਮਨੁੱਖ ਦਾ ਕੋਈ ਲਾਭ ਨਹੀਂ ਹੈ। ਸੱਚੀ-ਸੁੱਚੀ ਕਿਰਤ ਕਰਨੀ ਪ੍ਰਭੂ ਪ੍ਰਾਪਤੀ ਹੈ। ਸਿਆਣੇ ਕਹਿੰਦੇ ਹਨ ਕੰਮ ਹੀ ਪੂਜਾ ਹੈ। ਜਿੰਨ੍ਹਾਂ ਬੰਦਿਆਂ ਨੇ ਨਾ ਤਾਂ ਕੰਮ ਧਿਆਨ ਨਾਲ ਸਿੱਖਿਆ ਹੈ ਤੇ ਨਾ ਕਿਸੇ ਕੰਮ ਨੂੰ ਧਿਆਨ ਨਾਲ ਕਰਨ ਲਈ ਤਿਆਰ ਹਨ ਪਰ ਉਹ ਆਪਣੀ ਇਸ ਅਸਫਲਤਾ ਦਾ ਕਾਰਨ ਦੂਜਿਆਂ `ਤੇ ਥੋਪਦਾ ਹੈ। ਗੁਰਦੇਵ ਪਿਤਾ ਜੀ ਨੇ ਉਸ ਗਊ ਦੀ ਉਦਾਹਰਣ ਦਿੱਤੀ ਹੈ ਜਿਹੜੀ ਨਾਂ ਤਾਂ ਦੁੱਧ ਦੇਂਦੀ ਹੈ ਤੇ ਨਾ ਹੀ ਅਗਾਂਹ ਕੋਈ ਦੁੱਧ ਦੇਣ ਦੀ ਆਸ ਹੈ। ਏਸੇ ਤਰ੍ਹਾਂ ਉਹ ਮਨੁੱਖ ਵੀ ਸਮਾਜ `ਤੇ ਬੋਝ ਹੈ ਜਿਹੜਾ ਕਿਸੇ ਦੀ ਕਿਰਤ `ਤੇ ਪਲ਼ ਰਿਹਾ ਹੈ।

ਇਸ ਪਉੜੀ ਦੀ ਚੌਥੀ ਤੁਕ ਵਿੱਚ ਹੋਰ ਵੀ ਪਿਆਰਾ ਉਪਦੇਸ਼ ਦਿੱਤਾ ਹੈ—

ਜਲ ਬਿਨੁ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ।।

ਅੱਖਰੀਂ ਅਰਥ--ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ (ਫ਼ਸਲ ਨਹੀਂ ਪੱਕਦੀ, ਤੇ ਉਸ ਖੇਤੀ ਵਿਚੋਂ) ਧਨ ਦੀ ਕਮਾਈ ਨਹੀਂ ਹੋ ਸਕਦੀ (ਤਿਵੇਂ ਪ੍ਰਭੂ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ)।

ਵਿਚਾਰ ਤੇ ਵਿਹਾਰਕ ਪੱਖ-- ਇਸ ਤੁਕ ਵਿੱਚ ਜਲ ਦੀ ਉਦਾਹਰਣ ਦਿੱਤੀ ਹੈ ਕਿ ਜਲ ਤੋਂ ਬਿਨਾ ਖੇਤੀ ਦੀ ਪੈਦਾਵਰ ਨਹੀਂ ਹੋ ਹੁੰਦੀ। ਖੇਤੀ ਦੀ ਪੈਦਾਵਰ ਤੋਂ ਬਿਨਾਂ ਕਿਰਸਾਨ ਨੂੰ ਆਰਥਿਕ ਲਾਭ ਨਹੀਂ ਹੋ ਸਕਦਾ ਤੇ ਦੁਨੀਆਂ ਨੂੰ ਖਾਣ ਲਈ ਅੰਨ੍ਹ ਦਾਣਾ ਵੀ ਨਹੀਂ ਮਿਲੇਗਾ। ਜ਼ਿਉਂਦਿਆਂ ਰਹਿਣ ਲਈ ਖੁਰਾਕ ਦੀ ਜ਼ਰੂਰਤ ਹੈ ਤੇ ਇਹ ਖ਼ੁਰਾਕ ਧਰਤੀ ਵਿਚੋਂ ਹੀ ਪੈਦਾ ਹੁੰਦੀ ਹੈ। ਦੂਜਾ ਮੁਲਕਾਂ ਦਾ ਵਿਕਾਸ ਵੀ ਖੇਤੀ ਉੱਤੇ ਹੀ ਨਿਰਭਰ ਕਰਦਾ ਹੈ। ਮੌਨਸੂਨ ਘੱਟ ਆਉਣ ਭਾਵ ਲੋੜ ਅਨੁਸਾਰ ਮੀਂਹ ਨਾ ਪਵੇ ਤਾਂ ਸਿਆਣੀਆਂ ਸਰਕਾਰਾਂ ਆਪਣਿਆਂ ਲੋਕਾਂ ਦਾ ਖਿਆਲ ਰੱਖਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦੀਆਂ ਹਨ। ਮੁਕਦੀ ਗੱਲ ਖੇਤੀ ਦੀ ਪੈਦਾਵਰ ਲਈ ਪਾਣੀ ਦਾ ਹੋਣਾ ਜ਼ਰੂਰੀ ਹੈ।

ਜਲ ਨੂੰ ਗਤੀ ਸ਼ੀਲ ਤੇ ਪਵਿੱਤਰਤਾ ਦੇ ਰੂਪ ਵਿੱਚ ਮੰਨਿਆ ਗਿਆ ਹੈ। ਪਾਣੀ ਦਾ ਇੱਕ ਤੁਪਕਾ ਵੀ ਕਿਉਂ ਨਾ ਹੋਵੇ ਉਹ ਤੁਰਦਾ ਹੈ। ਏਸੇ ਤਰ੍ਹਾਂ ਮਨੁੱਖ ਨੂੰ ਵੀ ਆਪਣੇ ਜੀਵਨ ਵਿੱਚ ਗਤੀ ਸ਼ੀਲ ਤੇ ਪਵਿੱਤਰ ਹੋਣਾ ਚਾਹੀਦਾ ਹੈ। “ਜਲ ਬਿਨੁ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ” ਜਲ ਤੋਂ ਬਿਨਾ ਖੇਤੀ ਨਹੀਂ ਤੇ ਖੇਤੀ ਤੋਂ ਬਿਨਾ ਪੈਸਿਆਂ ਦੀ ਪ੍ਰਾਪਤੀ ਨਹੀਂ ਹੁੰਦੀ। ਗਤੀ ਸ਼ੀਲ ਤੋਂ ਬਿਨਾ ਉੱਨਤੀ ਨਹੀਂ ਤੇ ਉੱਨਤੀ ਤੋਂ ਬਿਨਾ ਨਵੀਆਂ ਇਕਾਈਆਂ ਨੂੰ ਨਹੀਂ ਛੂਹਿਆ ਜਾ ਸਕਿਆ। ਜਲ ਗੁਰੂ ਜੀ ਦਾ ਗਿਆਨ ਹੈ ਤੇ ਖੇਤੀ ਮਨੁੱਖਤਾ ਹੈ। ਗਿਆਨ ਦੇ ਮੀਂਹ ਤੋਂ ਬਿਨਾ ਮਨੁੱਖੀ ਜੀਵਨ ਦੀ ਖੇਤੀ ਹਰੀ ਨਹੀਂ ਹੋ ਸਕਦੀ ਗੁਰ ਵਾਕ ਹੈ—

ਅਮਲੁ ਕਰਿ ਧਰਤੀ, ਬੀਜੁ ਸਬਦੋ ਕਰਿ, ਸਚ ਕੀ ਆਬ ਨਿਤ ਦੇਹਿ ਪਾਣੀ।।

ਹੋਇ ਕਿਰਸਾਣੁ ਈਮਾਨੁ ਜੰਮਾਇ ਲੈ, ਭਿਸਤੁ ਦੋਜਕੁ, ਮੂੜੇ, ਏਵ ਜਾਣੀ।। ੧।।

ਸਿਰੀ ਰਾਗ ਮਹਲਾ ੧ ਪੰਨਾ ੨੪

(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੁਇਂ ਬਣਾ, (ਇਸ ਕਰਮ-ਭੁਇਂ ਵਿਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੁਇਂ ਵਿਚ) ਸਦਾ ਦੇਂਦਾ ਰਹੁ। ਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿਚ) ਸਰਧਾ (ਦੀ ਖੇਤੀ) ਉੱਗੇਗੀ। ਹੇ ਮੂਰਖ! ਸਿਰਫ਼ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ ਦੋਜ਼ਖ਼ ਕੀ ਹੈ। ੧।

ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ।।

ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ।। ੧।।

ਸੋਰਠਿ ਮਹਲਾ ੧ ਪੰਨਾ ੫੯੮

ਅੱਖਰੀਂ ਅਰਥ— (ਹੇ ਭਾਈ!) ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀ ਜਗਤ ਵਿੱਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ; ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਭੀ ਛੱਡੋ (ਬਾਹਰੋਂ ਸ਼ਕਲ ਧਰਮੀਆਂ ਵਾਲੀ, ਤੇ ਅੰਦਰ ਦੁਨੀਆ ਨੂੰ ਠੱਗਣ ਦੀ ਚਲਾਕੀ) ਇਸ ਦੋ-ਰੁਖ਼ੀ ਚਾਲ ਵਿੱਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ। ੧।

ਗੁਰ-ਗਿਆਨ ਰੂਪੀ ਜਲ ਲੈਣ ਲਈ ਦੁਬਿਧਾ, ਪਖੰਡ ਕਰਨ ਵਾਲਾ ਪਹਿਰਾਵਾ ਤੇ ਆਪਣੀਆਂ ਚਲਾਕੀਆਂ ਛੱਡਣੀਆਂ ਪੈਣੀਆਂ ਹਨ। ਸਾਰੇ ਸੰਸਾਰ ਦੀ ਹੋਂਦ ਹੀ ਪਾਣੀ `ਤੇ ਖੜੀ ਹੈ। ਇਸ ਪ੍ਰਥਾਏ ਗੁਰੂ ਨਾਨਕ ਸਹਿਬ ਜੀ ਦਾ ਫਰਮਾਣ ਹੈ---

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।।

ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।।

ਸਿਰੀ ਰਾਗ ਮਹਲਾ ੧ ਪੰਨਾ ੧੯

ਅੱਖਰੀਂ ਅਰਥ--ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿੱਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿੱਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ।

ਇਸ ਤੁਕ ਦਾ ਵਿਹਾਰਕ ਪੱਖ ਸਮਝ ਆਉਂਦਾ ਹੈ ਕਿ ਗਿਆਨ, ਗੁਣ, ਆਤਮਿਕ ਸੂਝ ਤੋਂ ਬਿਨਾ ਜਿੱਥੇ ਸਮਾਜ ਦੀ ਤਰੱਕੀ ਨਹੀਂ ਹੋ ਸਕਦੀ ਓੱਥੇ ਬੰਦਾ ਵੀ ਅਧੂਰਾ ਹੈ।

ਪੰਜਵੀਂ ਤੁਕ ਵਿੱਚ ਰੱਬ ਜੀ ਦੇ ਮਿਲਣ ਤੋਂ ਬਿਨਾ ਜ਼ਿੰਦਗੀ ਵਿੱਚ ਟਿਕਾ ਨਹੀਂ ਆ ਸਕਦਾ—

ਹਰਿ ਨਾਹ ਨ ਮਿਲੀਐ ਸਾਜਨੈ, ਕਤ ਪਾਈਐ ਬਿਸਰਾਮ।।

ਅੱਖਰੀਂ ਅਰਥ---ਸੱਜਣ ਖਸਮ-ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਭੀ ਨਹੀਂ ਮਿਲਦਾ। (ਸੁਖ ਮਿਲੇ ਭੀ ਕਿਵੇਂ?)

ਵਿਚਾਰ ਤੇ ਵਿਹਾਰਕ ਪੱਖ-- ਮਨੁੱਖੀ ਜੀਵਨ ਵਿੱਚ ਦੋ ਤਰ੍ਹਾਂ ਦੀਆਂ ਸੁਖਾਵੀਆਂ ਤੇ ਅਣ-ਸੁਖਾਵੀਆਂ ਘਟਨਾਵਾਂ ਹਮੇਸ਼ਾਂ ਵਾਪਰਦੀਆਂ ਰਹਿੰਦੀਆਂ ਹਨ। ਗੁਰਬਾਣੀ ਸਿਧਾਂਤ ਇਹਨਾਂ ਦੋਹਾਂ ਵਿੱਚ ਵਿਚਰਨ ਦਾ ਭੇਦ ਸਮਝਾਉਂਦਾ ਹੈ। ਇਸ ਤੁਕ ਵਿੱਚ ਇੱਕ ਸਿਧਾਂਤ ਦਿੱਤਾ ਹੈ ਕਿ ਮਨੁੱਖੀ ਜੀਵਨ ਵਿੱਚ ਸਹਿਜ ਵਾਲੀ ਅਵਸਥਾ ਰੱਬ ਦੀ ਪ੍ਰਾਪਤੀ ਤੋਂ ਬਿਨਾ ਸੰਭਵ ਨਹੀਂ ਹੋ ਸਕਦੀ। ‘ਹਰਿ ਨਾਹ ਨ ਮਿਲੀਐ` ਦਾ ਭਾਵ ਅਰਥ ਰੱਬੀ ਨਿਯਮ ਤੇ ਰੱਬੀ ਗੁਣ ਤੋਂ ਬਿਨਾ ਨਿਸ਼ਾਨੇ ਤੇ ਪਹੁੰਚਿਆ ਨਹੀਂ ਜਾ ਸਕਦਾ। ਰੱਬ ਜੀ ਦੇ ਗੁਣਾਂ ਦੀ ਸਮਝ ਗੁਰੁ ਜੀ ਦੀ ਸੰਗਤ ਕੀਤਿਆ ਆਉਂਦੀ ਹੈ—

ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ।। ੨।।

ਪੰਨਾ ੧੦

ਰੱਬੀ ਗੁਣਾਂ ਦੀ ਵਰਤੋਂ ਕਰਨ ਵਾਲਾ ਹੀ ਟਿਕਾਅ ਦੀ ਪ੍ਰਪਾਤੀ ਕਰ ਲੈਂਦਾ ਹੈ। ਬੇ-ਤਰਤੀਬੀ ਵਾਲੇ ਜਿੱਥੇ ਆਪ ਪਰੇਸ਼ਾਨ ਹੁੰਦੇ ਹਨ ਓੱਥੇ ਉਹ ਆਪਣੇ ਆਲ਼ੇ ਦੁਆਲੇ ਨੂੰ ਵੀ ਪਰੇਸ਼ਾਨੀਆਂ ਵਿੱਚ ਪਾ ਕੇ ਰੱਖਦੇ ਹਨ। ਗੁਣਾਂ ਰੂਪੀ ਸੱਜਣਾਂ ਨੂੰ ਮਿਲਣ ਤੋਂ ਬਿਨਾ ਜ਼ਿੰਦਗੀ ਵਿੱਚ ਟਿਕਾਅ ਸਹਿਜ ਨਹੀਂ ਆ ਸਕਦਾ। ਗੁਰਬਾਣੀ ਗੁਣਾਂ ਨੂੰ ਕੀਮਤੀ ਖ਼ਜ਼ਾਨਾ ਆਖਦੀ ਹੈ ਤੇ ਇਹਨਾਂ ਗੁਣਾਂ ਵਿੱਚ ਵਿਚਣ ਦਾ ਨਾਂ ਰੱਬ ਜੀ ਦਾ ਨਾਮ ਧਿਆਉਣਾ ਹੈ—

ਗੁਣ ਨਿਧਾਨੁ ਅੰਮ੍ਰਿਤੁ ਹਰਿਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ।।

ਮਾਝ ਮਹਲਾ ੫ ਪੰਨਾ ੧੦੩

ਅੱਖਰੀਂ ਅਰਥ-- ਪਰਮਾਤਮਾ ਨਾਮ ਦਾ ਗੁਣਾਂ ਦਾ ਖ਼ਜ਼ਾਨਾ ਹੈ, ਪਰਮਾਤਮਾ ਦਾ ਨਾਮ ਆਤਮਕ ਮੌਤ ਤੋਂ ਬਚਾਣ ਵਾਲਾ ਹੈ। ਭਗਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦੇ ਹਨ।

ਜੇ ਗੁਣ ਸਾਡੇ ਚੇਤੇ ਵਿੱਚ ਨਹੀਂ ਤਾਂ ਫਿਰ ਅਵਗੁਣ ਦੀ ਬਹਾਰ ਲੱਗੀ ਰਹਿੰਦੀ ਹੈ—

ਜਿਨਿ ਹਰਿ ਹਰਿ ਨਾਮੁ ਨ ਚੇਤਿਓ, ਸੁ ਅਉਗੁਣਿ ਆਵੈ ਜਾਇ।।

ਸਿਰੀ ਰਾਗੁ ਮਹਲਾ ੧ ਪੰਨਾ ੨੨

ਅੱਖਰੀਂ ਅਰਥ-- ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿੱਚ ਰਹਿ ਕੇ ਜੰਮਦਾ ਮਰਦਾ ਹੈ।

ਭਟਕਣਾ ਵਿੱਚ ਵਿਚਰਨ ਵਾਲਾ ਚਾਰ ਚੁਫੇਰੇ ਘੁੰਮਦਾ ਰਹਿੰਦਾ ਹੈ ਤੇ ਉਹ ਆਪਣੀ ਮੰਜ਼ਿਲ ਨੂੰ ਵੀ ਭੁੱਲ ਜਾਂਦਾ ਹੈ। ਏਸੇ ਤਰ੍ਹਾਂ ਨਿਯਮ ਵਿੱਚ ਰਹਿਣ ਵਾਲਾ ਗੁਣਾਂ ਦੀ ਪ੍ਰਾਪਤੀ ਵਿੱਚ ਲੱਗਿਆ ਹੋਇਆ ਮਨੁੱਖ ਇਕਸਾਰਤਾ ਵਾਲਾ ਜੀਵਨ ਜਿਉਂਦਾ ਹੈ।

ਇਸ ਪਉੜੀ ਦੀ ਛੇਵੀਂ ਤੁੱਕ ਵਿੱਚ ਸਮਝਾਇਆ ਗਿਆ ਹੈ ਕਿ ਜੇ ਰੱਬ ਜੀ ਹਿਰਦੇ ਵਿਚੋਂ ਪ੍ਰਗਟ ਨਹੀਂ ਹੁੰਦੇ ਤਾਂ ਉਹ ਮਨੁੱਖ ਏਦਾਂ ਦਾ ਹੈ ਜਿਵੇਂ ਬਲਦੀ ਭੱਠੀ ਹੋਵੇ—

ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ, ਭਠਿ ਨਗਰ ਸੇ ਗ੍ਰਾਮ।।

ਅੱਖਰੀਂ ਅਰਥ-- (ਸੁਖ ਮਿਲੇ ਭੀ ਕਿਵੇਂ?) ਜਿਸ ਹਿਰਦੇ-ਘਰ ਵਿੱਚ ਪਤੀ ਪ੍ਰਭੂ ਨਾ ਆ ਵੱਸੇ, ਉਸ ਦੇ ਭਾ ਦੇ (ਵੱਸਦੇ) ਪਿੰਡ ਤੇ ਸ਼ਹਰ ਤੱਪਦੀ ਭੱਠੀ ਵਰਗੇ ਹੁੰਦੇ ਹਨ।

ਵਿਚਾਰ ਤੇ ਵਿਹਾਰਕ ਪੱਖ—ਇਸ ਤੁਕ ਵਿੱਚ ਉਸ ਹਿਰਦੇ ਦੀ ਗੱਲ ਕੀਤੀ ਗਈ ਹੈ ਜਿਸ ਵਿਚੋਂ ਰੱਬ ਜੀ ਪ੍ਰਗਟ ਨਹੀਂ ਹੁੰਦੇ। ਰੱਬ ਜੀ ਦੇ ਪ੍ਰਗਟ ਦਾ ਭਾਵ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਵਿਹਾਰਕ ਪੱਖ ਹੈ। ਰੱਬੀ ਗੁਣ ਸਾਡੇ ਵਰਤਾਰੇ ਭਾਵ ਵਿਹਾਰ ਵਿਚੋਂ ਪ੍ਰਗਟ ਹੋਣੇ ਹਨ। ਜੋ ਸਾਨੂੰ ਨਜ਼ਰ ਆਉਂਦਾ ਹੈ ਉਸ ਨੂੰ ਪ੍ਰਗਟ ਕਿਹਾ ਗਿਆ ਹੈ, ਏੱਥੇ ਪ੍ਰਗਟ ਹੋਣ ਨੂੰ ਸਾਡਾ ਨਿਤਾ ਪ੍ਰਤੀ ਦੇ ਕਾਰ ਵਿਹਾਰ ਨੂੰ ਲਿਆ ਹੈ। ਜਿਸ ਮਨੁੱਖ ਦਾ ਵਰਤੋਂ ਵਿਹਾਰ ਠੀਕ ਨਹੀਂ ਹੈ ਉਸ ਮਨੁੱਖ ਪਾਸੋਂ ਆਮ ਕਰਕੇ ਲੋਕ ਦੂਰੀ ਰੱਖ ਕੇ ਹੀ ਚੱਲਦੇ ਹਨ। ਜਿਸ ਦਾ ਵਿਹਾਰ ਪੱਖ ਠੀਕ ਨਹੀਂ ਹੁੰਦਾ, ਰਿਸ਼ਤੇਦਾਰ ਉਸ ਨੂੰ ਉਧਾਰ ਵੀ ਨਹੀਂ ਦੇਂਦੇ, ਕਿਉਂ ਕਿ ਜਦੋਂ ਇਸ ਪਾਸੋਂ ਪੈਸੇ ਮੰਗਣ ਹਨ ਤਾਂ ਅੱਗੋਂ ਤੱਤੇ ਸੁਭਾਅ ਕਹਿੰਦਾ ਹੈ ਮੈਂ ਕਿਤੇ ਭੱਜ ਚੱਲਿਆ ਹਾਂ। ਅਜੇਹਾ ਮਨੁੱਖ ਤਪੀ ਹੋਈ ਭੱਠੀ ਵਰਗਾ ਹੁੰਦਾ ਹੈ। ਮੰਨ ਲਓ ਜੇ ਕਿਸੇ ਮਨੁੱਖ ਨੇ ਕੋਈ ਗੁਣ ਨਹੀਂ ਸਿੱਖਿਆ ਤਾਂ ਉਹ ਦੂਜਿਆਂ ਵਲ ਦੇਖ ਕੇ ਈਰਖਾ ਵੱਸ ਹਰ ਵੇਲੇ ਅੰਦਰੋਂ ਸੜਿਆ ਹੀ ਰਹੇਗਾ। ਥੋੜਾ ਜੇਹਾ ਹੋਰ ਵਿਚਾਰੀਏ ਕਿਸੇ ਬੰਦੇ ਨੇ ਡਾਕਟਰੀ ਕੀਤੀ ਹੈ ਸਰਕਾਰੀ ਨੌਕਰੀ ਵੀ ਮਿਲ ਗਈ। ਸਰਕਾਰੀ ਨੌਕਰੀ ਕਰਦਿਆਂ ਜਦੋਂ ਡਾਕਟਰ ਸਾਹਿਬ ਹਰੇਕ ਬੰਦੇ ਨਾਲ ਪਿਆਰ ਦੀ ਭਾਵਨਾ ਨਾਲ ਪੇਸ਼ ਆਏਗਾ ਤਾਂ ਲੋਕ ਕਹਿਣਗੇ ਡਾਕਟਰ ਸਾਹਿਬ ਨੇਕ ਦਿੱਲ ਇਨਸਾਨ ਹੀ ਨਹੀਂ ਹਨ ਇਹ ਤੇ ਸਗੋਂ ਰੱਬ ਦਾ ਹੀ ਰੂਪ ਹਨ। ਇਹ ਤੇ ਸਾਡੇ ਵਾਸਤੇ ਰੱਬ ਬਣ ਕੇ ਬਹੁੜਿਆ ਹੈ। ਜੇ ਉਹੀ ਡਾਕਟਰ ਮਰੀਜ਼ਾਂ ਨਾਲ ਗੱਲ ਗੱਲ ਤੇ ਲੜਾਈ ਝਗੜਾ ਕਰਦਾ ਹੈ ਤਾਂ ਲੋਕ ਕਹਿਣਗੇ ਸੜਿਆ ਪਿਆ ਹੈ। ਇਸ ਨੂੰ ਤੇ ਬੋਲਣ ਦੀ ਵੀ ਤਮੀਜ਼ ਨਹੀਂ ਹੈ। ‘ਕੰਤੁ ਪ੍ਰਗਟ` ਤੋਂ ਭਾਵ ਹੈ ਅੰਦਰਲੇ ਰੱਬੀ ਗੁਣਾਂ ਦੀ ਚਮਕ ਦੁਆਰਾ ਵਿਚਰਨਾ। ਦਰ-ਅਸਲ ਰੱਬ ਜੀ ਨੇ ਸਾਡੇ ਕਾਰ ਵਿਹਾਰ ਵਿਚੋਂ ਹੀ ਦਿਸਣਾ ਹੈ---

ਸੋ ਸਹੁ ਚਿਤਿ ਆਇਆ ਮੰਨਿ ਵਸਾਇਆ ਅਵਗਣ ਸਭਿ ਵਿਸਾਰੇ।।

ਜਾ ਤਿਸੁ ਭਾਣਾ ਗੁਣ ਪਰਗਟ ਹੋਏ ਸਤਿਗੁਰ ਆਪਿ ਸਵਾਰੇ।।

ਸੇ ਜਨ ਪਰਵਾਣੁ ਹੋਏ ਜਿਨੀੑ ਇਕੁ ਨਾਮੁ ਦਿੜਿਆ ਦੁਤੀਆ ਭਾਉ ਚੁਕਾਇਆ।।

ਪੰਨਾ ੪੪੧

ਅੱਖਰੀਂ ਅਰਥ-- (ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿੱਚ ਆ ਵੱਸਿਆ, (ਗੁਰੂ ਨੇ ਪ੍ਰਭੂ ਨੂੰ) ਮੇਰੇ ਮਨ ਵਿੱਚ ਵਸਾ ਦਿੱਤਾ, ਤੇ ਮੇਰੇ ਸਾਰੇ ਹੀ ਔਗੁਣ ਭੁਲਾ ਦਿੱਤੇ। (ਹੇ ਭਾਈ !) ਜਦੋਂ ਉਸ ਮਾਲਕ ਨੂੰ ਚੰਗਾ ਲੱਗਦਾ ਹੈ ਉਸ ਦੇ ਗੁਣ ਮਨੁੱਖ ਦੇ ਅੰਦਰ ਰੌਸ਼ਨ ਹੋ ਜਾਂਦੇ ਹਨ, ਗੁਰੂ ਆਪ ਉਸ ਮਨੁੱਖ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ। ਜੇਹੜੇ ਮਨੁੱਖ ਸਿਰਫ਼ ਹਰਿ-ਨਾਮ ਨੂੰ ਆਪਣੇ ਹਿਰਦੇ ਵਿੱਚ ਪੱਕਾ ਕਰ ਲੈਂਦੇ ਹਨ, ਤੇ ਮਾਇਆ ਦਾ ਮੋਹ ਅੰਦਰੋਂ ਦੂਰ ਕਰ ਲੈਂਦੇ ਹਨ ਉਹ ਪਰਮਾਤਮਾ ਦੀ ਦਰਗਹ ਵਿੱਚ ਕਬੂਲ ਹੋ ਜਾਂਦੇ ਹਨ।

ਸਤਵੀਂ ਤੁਕ ਵਿੱਚ ਗੁਰੂ ਸਾਹਿਬ ਜੀ ਨੇ ਬਾਹਰਲੇ ਪਾਖੰਡ ਦੀ ਵਿਆਰਥਕਤਾ ਸਬੰਧੀ ਉਦਾਹਰਣ ਦੇ ਕੇ ਸਮਝਾਇਆ ਹੈ—

ਸ੍ਰਬ ਸੀਗਾਰ ਤੰਬੋਲ ਰਸ, ਸਣੁ ਦੇਹੀ ਸਭ ਖਾਮ।।

ਅੱਖਰੀਂ ਅਰਥ-- (ਇਸਤ੍ਰੀ ਨੂੰ ਪਤੀ ਤੋਂ ਬਿਨਾ) ਸਰੀਰ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਬੀੜੇ ਤੇ ਹੋਰ ਰਸ (ਆਪਣੇ) ਸਰੀਰ ਸਮੇਤ ਹੀ ਵਿਅਰਥ ਦਿੱਸਦੇ ਹਨ।

ਵਿਚਾਰ ਤੇ ਵਿਹਾਰਕ ਪੱਖ-- ਭਾਰਤ ਦੇ ਕਈ ਸਭਿਆਚਾਰਾਂ ਵਿੱਚ ਲੜਕੀ ਅਕਸਰ ਵਿਆਹ ਤੋਂ ਬਾਅਦ ਆਪਣੇ ਸਰੀਰ `ਤੇ ਸ਼ਿਗਾਰ ਕਰਦੀ ਹੈ। (ਸਿੱਖੀ ਵਿੱਚ ਸਰੀਰਕ ਸ਼ਿੰਗਾਰਾਂ ਦੀ ਕੋਈ ਥਾਂ ਨਹੀਂ ਹੈ) ਗੁਰੂ ਸਾਹਿਬ ਜੀ ਭਾਰਤੀਆਂ ਦੇ ਪਾਖੰਡ ਦੀ ਗੱਲ ਸਮਝਾਉਣ ਲਈ ਵਿਚਾਰ ਦੇ ਕੇ ਸਮਝਾ ਰਹੇ ਹਨ ਕਿ ਜਿਸ ਤਰ੍ਹਾਂ ਕੋਈ ਜੀਵ ਰੂਪੀ ਇਸਤ੍ਰੀ ਪਤੀ ਤੋਂ ਬਿਨਾਂ ਸਰੀਰਕ ਸਿੰਗਾਰ ਕਰਦੀ ਹੈ ਤਾਂ ਉਹਨਾਂ ਦਾ ਸਮਾਜ ਉਸ ਨੂੰ ਪ੍ਰਵਾਨ ਨਹੀਂ ਕਰਦਾ। ਏਸੇ ਤਰ੍ਹਾਂ ਸੰਸਾਰ ਵਿੱਚ ਜਿਹੜਾ ਬੰਦਾ ਕੇਵਲ ਦਿਖਾਵੇ ਦੇ ਕੰਮ ਕਰਦਾ ਹੈ ਸਮਾਜ ਉਸ ਨੂੰ ਵੀ ਪ੍ਰਵਾਨ ਨਹੀਂ ਕਰਦਾ। ਕਿਸੇ ਅਧਿਆਪਕ ਦੀ ਜ਼ਿੰਮੇਵਾਰੀ ਪੜ੍ਹਾੳਣ ਦੀ ਹੈ ਪਰ ਉਹ ਸਕੂਲ ਦੀਆਂ ਦੀਵਾਰਾਂ ਤੇ ਤਸਵੀਰਾਂ ਹੀ ਬਣਾਈ ਜਾਏ ਤਾਂ ਕੀ ਉਸ ਨੂੰ ਸਫਲ ਅਧਿਆਪਕ ਕਿਹਾ ਜਾਏਗਾ? ਗੁਰੂ ਸਾਹਿਬ ਜੀ ਨੇ ਦਿਖਾਵੇ ਦੇ ਕੰਮਾਂ ਤੋਂ ਸੁਚੇਤ ਕੀਤਾ ਹੈ ਤੇ ਦਿਖਾਵੇ ਦੇ ਕੰਮ ਕੇਵਲ ਵਿਅਰਥ ਹੀ ਹਨ। ਆਮ ਵਿਆਹਾਂ ਤੇ ਲੋਕ ਅਖੰਡ ਪਾਠ ਕਰਾਉਂਦੇ ਹਨ ਕਿ ਲੋਕ ਸਾਨੂੰ ਕਹਿਣ ਭਈ ਬੱਲੇ ਬੱਲੇ ਭਈ ਇਸ ਪ੍ਰਵਾਰ ਨੇ ਧਰਮ ਦਾ ਕੰਮ ਬਹੁਤ ਵਧੀਆਂ ਕੀਤਾ ਹੈ। ਇਹ ਕਰਮ ਤਾਂ ਸਿਰਫ ਲੋਕ ਵਿਖਾਵੇ ਦਾ ਹੀ ਪਰ ਵਰਤਾਉਣੀ ਤਾਂ ਸ਼ਰਾਬ ਹੀ ਹੁੰਦੀ ਹੈ-- ਗੁਰਬਾਣੀ ਅਸਲ ਸ਼ਿੰਗਾਰ ਦੀ ਪ੍ਰੀਭਾਸ਼ਾ ਸਮਝਾਉਂਦੀ ਹੈ—

ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ।।

ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ।। ੧।।

ਪੰਨਾ ੭੮੮—

ਹੇ ਨਾਨਕ! ਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ (ਵਿਚ ਰਹਿਣ) ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਭਾਵ, ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ, ਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿੱਚ ਤੁਰਦੀ ਹੈ) ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ। ੧।

ਅਠਵੀਂ ਤੁਕ ਵਿੱਚ ਨਾਲ ਹੀ ਗੁਰੁ ਜੀ ਦੱਸਦੇ ਹਨ ਕੇ ਪ੍ਰਭੂ ਤੋਂ ਬਿਨਾ ਸਾਡੇ ਮਿੱਤਰ ਵੀ ਦੁਸ਼ਮਣੀ ਵਿੱਚ ਬਦਲ ਜਾਂਦੇ ਹਨ—

ਪ੍ਰਭੁ ਸੁਆਮੀ ਕੰਤ ਵਿਹੂਣੀਆ, ਮੀਤ ਸਜਣ ਸਭਿ ਜਾਮ।।

ਅੱਖਰੀਂ ਅਰਥ-–ਮਾਲਕ ਖਸਮ-ਪ੍ਰਭੂ (ਦੀ ਯਾਦ) ਤੋਂ ਬਿਨਾ ਸਾਰੇ ਸੱਜਣ ਮਿਤ੍ਰ ਜਿੰਦ ਦੇ ਵੈਰੀ ਹੋ ਢੁਕਦੇ ਹਨ।

ਵਿਚਾਰ ਤੇ ਵਿਹਾਰਕ ਪੱਖ--ਜਿਸ ਤਰ੍ਹਾਂ ਡਾਕਟਰ ਪਾਸ ਰੋਗੀਆਂ ਨੂੰ ਦਵਾਈ ਦੇ ਕੇ ਰੋਗ ਠੀਕ ਕਰਨ ਦੀ ਜੁਗਤ ਹੈ ਪਰ ਉਹ ਉਸ ਜੁਗਤ ਦੀ ਵਰਤੋਂ ਨਹੀਂ ਕਰਦਾ। ਆਇਆਂ ਮਰੀਜ਼ਾਂ ਨਾਲ ਸਹੀ ਪੇਸ਼ ਨਹੀਂ ਆਉਂਦਾ। ਲੋਕ ਉਸ ਦੀਆਂ ਉਪਰਲੇ ਅਫ਼ਸਰਾਂ ਨੂੰ ਸ਼ਕਾਇਤਾਂ ਕਰਨਗੇ। ਉਸ ਦੀ ਜਵਾਬ ਤਲਬੀ ਹੋਏਗੀ। ਹੁਣ ਇਹ ਕੰਮ ਨਾ ਕਰਨ ਦੀ ਅਵਸਥਾ ਹੀ ਉਸ ਦੀ ਦੁਸ਼ਮਣ ਬਣ ਜਾਂਦੀ ਹੈ। ‘ਪ੍ਰਭੁ ਸੁਆਮੀ ਕੰਤ ਵਿਹੂਣੀਆਂ` ਤੋਂ ਮੁਰਾਦ ਹੈ ਨਿਯਮਾਵਲੀ ਨੂੰ ਤਿਲਾਂਜਲੀ ਦੇਣੀ, ਹੁਕਮ ਮੰਨਣ ਤੋਂ ਮੁਨਕਰ ਹੋਣਾ ਹੈ। ਅਜੇਹੇ ਕੰਤ ਵਿਹੂਣੇ ਮਨੁੱਖ ਨੂੰ ਕਈ ਕਿਸਮ ਦੇ ਤੌਖਲੇ, ਸੰਸੇ, ਈਰਖਾ, ਸਾੜਾ ਤੇ ਮਾਨਸਿਕ ਬਿਮਾਰੀਆਂ ਲੱਗ ਜਾਂਦੀਆਂ ਹਨ—ਬਾਬਾ ਫ਼ਰੀਦ ਸਾਹਿਬ ਜੀ ਦਾ ਇਸ ਪ੍ਰਤੀ ਬੜਾ ਪਿਆਰਾ ਵਾਕ ਹੈ ਕਿ ਪਤੀ ਤੋਂ ਬਿਨਾ ਤਾਂ ਮੇਰੇ ਲਈ ਇੱਕ ਦਿਨ ਕੱਢਣਾ ਵੀ ਬੜਾ ਮੁਸ਼ਕਲ ਹੈ ਪਰ ਜਿੰਨ੍ਹਾਂ ਨੇ ਆਪਣਾ ਪਤੀ ਹੀ ਛੱਡ ਦਿੱਤਾ ਹੈ ਉਹਨਾਂ ਦੀ ਜ਼ਿੰਦਗੀ ਰੂਪੀ ਰਾਤ ਵਿੱਚ ਮੁਸ਼ਕਲਾਂ ਹੀ ਮੁਸ਼ਕਲਾਂ ਜਨਮ ਲੈਂਦੀਆਂ ਹਨ—

ਅਜੁ ਨ ਸੁਤੀ ਕੰਤ ਸਿਉ, ਅੰਗੁ ਮੁੜੇ ਮੁੜਿ ਜਾਇ।।

ਜਾਇ ਪੁਛਹੁ ਡੋਹਾਗਣੀ, ਤੁਮ ਕਿਉ ਰੈਣਿ ਵਿਹਾਇ।। ੩੦।।

ਸਲੋਕ ਸ਼ੇਖ ਫ਼ਰੀਦ ਜੀ ਪੰਨਾ ੧੩੭੯

ਅੱਖਰੀਂ ਅਰਥ--ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿੱਚ ਲੀਨ ਨਹੀਂ ਹੋਈ, ਤੇ ਹੁਣ) ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ। ਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ (ਭਾਵ, ਮੈਨੂੰ ਤਾਂ ਅੱਜ ਹੀ ਥੋੜਾ ਚਿਰ ਪ੍ਰਭੂ ਵਿਸਰਿਆ ਹੈ ਤੇ ਮੈਂ ਦੁਖੀ ਹਾਂ। ਜਿਨ੍ਹਾਂ ਕਦੇ ਭੀ ਉਸ ਨੂੰ ਯਾਦ ਨਹੀਂ ਕੀਤਾ, ਉਹਨਾਂ ਦੀ ਤਾਂ ਸਾਰੀ ਉਮਰ ਹੀ ਦੁਖੀ ਗੁਜ਼ਰਦੀ ਹੋਵੇਗੀ)।

ਜਿਹੜੀ ਜੀਵ ਰੂਪੀ ਇਸਤ੍ਰੀ ਨੇ ਪ੍ਰਭੂ ਦੇ ਗੁਣਾਂ ਨਾਲ ਸਾਂਝ ਪਾਈ ਹੈ ਉਹ ਔਗੁਣਾਂ ਤੋਂ ਬਚੀ ਰਹਿੰਦੀ ਹੈ—

ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰਿ।।

ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ।।

ਵਡਹੰਸ ਮਹਲਾ ੩ ਪੰਨਾ ੫੮੩

ਅੱਖਰੀਂ ਅਰਥ-- ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣ ਲੈਣੀ (ਉਹ ਇਹ ਹੈ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ। ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ, ਉਹ ਔਗੁਣਾਂ ਨਾਲ ਭਰੀ ਰਹਿੰਦੀ ਹੈ।

ਪ੍ਰਭੂ ਅਦਰਸ਼ ਤੋਂ ਥਿੜਕਿਆ ਹੋਇਆ ਮਨੁੱਖ ਆਪਣੇ ਦੁਆਲੇ ਦੁਸ਼ਮਣੀਆਂ ਇਕੱਠੀਆਂ ਕਰ ਲੇਂਦਾ ਹੈ।

ਬਿਮਾਰੀ ਦੇ ਇਲਾਜ ਲਈ ਜਿੱਥੇ ਦਵਾਈ ਖਾਣੀ ਹੈ ਓੱਥੇ ਨਾਲ ਪ੍ਰਹੇਜ਼ ਵੀ ਬੜਾ ਜ਼ਰੂਰੀ ਹੈ। ਪ੍ਰਹੇਜ਼ ਤੇ ਦਵਾਈ ਖਾਣ ਸਬੰਧੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਪਉੜੀ ਦੀ ਨੌਵੀਂ ਤੁਕ ਵਿੱਚ ਇੱਕ ਹੋਰ ਜਾਣਕਾਰੀ ਦੀ ਵਿਚਾਰ ਕੀਤੀ ਹੈ---

ਨਾਨਕ ਕੀ ਬੇਨੰਤੀਆ, ਕਰਿ ਕਿਰਪਾ ਦੀਜੈ ਨਾਮੁ।।

ਅੱਖਰੀਂ ਅਰਥ-- (ਤਾਹੀਏਂ) ਨਾਨਕ ਦੀ ਬੇਨਤੀ ਹੈ ਕਿ (ਹੇ ਪ੍ਰਭੂ!) ਕਿਰਪਾ ਕਰ ਕੇ ਆਪਣੇ ਨਾਮ ਦੀ ਦਾਤਿ ਬਖ਼ਸ਼।

ਵਿਚਾਰ ਤੇ ਵਿਹਾਰਕ ਪੱਖ---ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸ਼ਬਦ ਵਿੱਚ ਹੈ ਇਸ ਲਈ ‘ਕਰਿ ਕਿਰਪਾ` ਦਾ ਅਰਥ ਇੰਜ ਨਹੀਂ ਬਣਦਾ ਕਿ ਕੋਈ ਵਿਦਿਆਰਥੀ ਸਾਰਾ ਸਾਲ ਕਿਤਾਬ ਚੁੱਕ ਕੇ ਵੀ ਨਾ ਦੇਖੇ ਤੇ ਅਖੀਰ ਵਿੱਚ ਅਖੰਡ ਪਾਠ ਕਰਾ ਕੇ ਕਹੇ ਹੇ ਗੁਰੁ ਜੀ! ਹੁਣ ਪਾਸ ਕਰਾਉਣ ਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੀ ਬਣਦੀ ਹੈ। “ਕਰਿ ਕਿਰਪਾ ਦੀਜੇ ਨਾਮੁ” ਦਾ ਭਾਵ ਅਰਥ ਹੈ ਕਿ ਉਦਮ ਕਰਕੇ ਕੇ ਚੰਗਾ ਗਿਆਨ ਹਾਸਲ ਕੀਤਾ ਜਾਏ। ਅਸੀਂ ਗੁਰੁ ਗ੍ਰੰਥ ਸਾਹਿਬ ਜੀ ਨੂੰ ਸਰੀਰਕ ਤਲ਼ `ਤੇ ਲਿਆ ਕੇ ਕਿਰਪਾ ਮੰਗ ਰਹੇ ਹਾਂ। ਜਿਸ ਤਰ੍ਹਾਂ ਕਿਸੇ ਮਨੁੱਖ ਪਾਸੋਂ ਕੁੱਝ ਮੰਗਿਆ ਜਾਂਦਾ ਹੈ ਏਸੇ ਤਰ੍ਹਾਂ ਹੀ ਅਸੀਂ ਗੁਰੁ ਗ੍ਰੰਥ ਸਾਹਿਬ ਜੀ ਪਾਸੋਂ ਮੰਗ ਰਹੇ ਹਾਂ, ਜੋ ਗੁਰਬਾਣੀ ਸਿਧਾਂਤ ਨਹੀਂ ਬਣਦਾ। ਇਸ ਤੁਕ ਵਿੱਚ ‘ਕਰਿ ਕਿਰਪਾ` ਤੋਂ ਮੁਰਾਦ ਹੈ ਉਦਮ ਕਰਕੇ ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਦੂਜਾ ਗੁਰ-ਉਪਦੇਸ਼ ਨੂੰ ਸਮਝਣ `ਤੇ ਜ਼ੋਰ ਦਿੱਤਾ ਗਿਆ ਹੈ—

ਇਸ ਪਉੜੀ ਦੀ ਅਖੀਰਲੀ ਤੁਕ ਵਿੱਚ ਦੱਸਿਆ ਹੈ ਕਿ ਸੁਆਮੀ ਦੇ ਮਿਲਣ ਨਾਲ ਟਿਕਾਅ ਆਉਂਦਾ ਹੈ ਜਿਸ ਦੁਆਰਾ ਭਰਮ, ਭਟਕਣਾ, ਈਰਖਾ-ਦਵੈਸ਼, ਪਰਾਈ ਨਿੰਦਿਆ ਤੇ ਆਲਸ ਵਰਗੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ—

ਹਰਿ ਮੇਲਹੁ ਸੁਆਮੀ ਸੰਗਿ ਪ੍ਰਭ, ਜਿਸ ਕਾ ਨਿਹਚਲ ਧਾਮ।।

ਅੱਖਰੀਂ ਅਰਥ--ਹੇ ਹਰੀ! ਆਪਣੇ ਚਰਨਾਂ ਵਿੱਚ (ਮੈਨੂੰ) ਜੋੜੀ ਰੱਖ, (ਹੋਰ ਸਾਰੇ ਆਸਰੇ-ਪਰਨੇ ਨਾਸਵੰਤ ਹਨ) ਇੱਕ ਤੇਰਾ ਘਰ ਸਦਾ ਅਟੱਲ ਰਹਿਣ ਵਾਲਾ ਹੈ। ੧।

ਵਿਚਾਰ ਤੇ ਵਿਹਾਰਕ ਪੱਖ--ਉਸ ਟਿਕਾਣੇ ਦੀ ਗੱਲ ਕੀਤੀ ਗਈ ਹੈ, ਜੋ ਤਰੱਕੀ ਦੇ ਰਾਹ ਪੱਧਰੇ ਕਰਦਾ ਹੈ। ਸੁਰਤ ਦੇ ਟਿਕਾ ਦੀ ਗੱਲ ਕਰਦਾ ਹੈ। ਇਸ ਪਹਿਲੀ ਪਉੜੀ ਵਿੱਚ ਜੰਮਣ ਤੋਂ ਪਹਿਲਾਂ ਜਾਂ ਮਰਨ ਉਪਰੰਤ ਦੇ ਕਿਸੇ ਕਰਮ ਦੀ ਗੱਲ ਨਹੀਂ ਕੀਤੀ ਗਈ। ਗੁਰਬਾਣੀ ਸਿਧਾਂਤ ਅਨੁਸਾਰ ਏਸੇ ਜੀਵਨ ਕਾਲ ਵਿੱਚ ਸਾਡੇ ਆਪਣੇ ਕੀਤੇ ਹੋਏ ਕਰਮ ਹੀ ਸਾਡੇ ਜੀਵਨ ਵਿੱਚ ਤਰੱਕੀ ਦਾ ਰਾਹ ਰੋਕਦੇ ਤੇ ਤਰੱਕੀ ਦਾ ਰਾਹ ਖੋਲ੍ਹਦੇ ਹਨ। ਮਨੁੱਖ ਦੀ ਮਾਨਸਿਕ ਬਿਮਾਰੀ ਹੈ ਕਿ ਕਰਮ ਕੋਈ ਹੋਰ ਕਰਦਾ ਹੈ ਪਰ ਮੰਗ ਇਸ ਦੀ ਕੋਈ ਹੋਰ ਹੁੰਦੀ ਹੈ। ਦੂਸਰਾ ਮਨੁੱਖ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੁੰਦਾ। ਇਸ ਪਉੜੀ ਵਿੱਚ ਉਸ ਗੁਊ ਦੀ ਉਦਾਹਰਣ ਦਿੱਤੀ ਹੈ ਜਿਹੜੀ ਦੁੱਧ ਨਹੀਂ ਦੇਂਦੀ ਉਹ ਕਿਸੇ ਕੰਮ ਨਹੀਂ ਆਉਂਦੀ ਤੇ ਪਾਣੀ ਤੋਂ ਬਿਨਾ ਫਸਲ ਪੈਦਾ ਨਹੀਂ ਹੁੰਦੀ ਤੇ ਕਿਸਾਨ ਨੂੰ ਕੋਈ ਆਰਥਿਕ ਲਾਭ ਨਹੀਂ ਹੁੰਦਾ। ਮਨੁੱਖ ਨੇ ਭਰਮ ਬਹੁਤ ਪਾਲ਼ ਰੱਖੇ ਹਨ ਜੋ ਇਸ ਦੇ ਰਾਹ ਵਿੱਚ ਰੁਕਾਵਟ ਬਣਦੇ ਹਨ। ਕਹਿੰਦੇ ਨੇ ਇੱਕ ਪਿੰਡ ਵਿੱਚ ਇੱਕ ਮਾਈ ਰਹਿੰਦੀ ਸੀ ਤੇ ਉਸ ਨੇ ਇੱਕ ਕੁਕੜ ਪਾਲਿਆ ਹੋਇਆ ਸੀ। ਇੱਕ ਦਿਨ ਕਿਸੇ ਗੱਲੋਂ ਮਾਈ ਦਾ ਪਿੰਡ ਵਾਲਿਆਂ ਨਾਲ ਝਗੜਾ ਹੋ ਗਿਆ। ਮਾਈ ਨੇ ਪਿੰਡ ਛੱਡ ਦਿੱਤਾ ਤੇ ਕਿਸੇ ਹੋਰ ਪਿੰਡ ਚਲੀ ਗਈ। ਰਾਤ ਨੂੰ ਮਾਈ ਨੇ ਸਾਰੇ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ ਤੇ ਆਪਣੇ ਕੁੱਕੜ ਦੀਆਂ ਖੂਬੀਆਂ ਦੱਸਣ ਲੱਗੀ। ਕਿ ਮੇਰਾ ਕੁੱਕੜ ਸਵੇਰੇ ਬਾਂਗ ਦੇਂਦਾ ਹੈ ਤਾਂ ਸੂਰਜ ਚੜ੍ਹਦਾ ਹੈ। ਹੁਣ ਮੈਂ ਤੁਹਾਡੇ ਪਿੰਡ ਆ ਗਈ ਹਾਂ ਏੱਥੇ ਹੁਣ ਹਰ ਰੋਜ਼ ਸਵੇਰੇ ਸੂਰਜ ਚੜ੍ਹਿਆ ਕਰੇਗਾ, ਹੁਣ ਏੱਥੇ ਹਨੇਰਾ ਨਹੀਂ ਰਹੇਗਾ। ਪਿੱਛਲੇ ਪਿੰਡ ਵਾਲੇ ਹੁਣ ਸਾਰੇ ਹਨੇਰੇ ਵਿੱਚ ਹੀ ਮਰਨਗੇ। ਮਾਈ ਨੇ ਬਹੁਤ ਵੱਡਾ ਭਰਮ ਪਾਲ਼ਿਆ ਹੋਇਆ ਸੀ ਕਿ ਮੇਰੇ ਕੁੱਕੜ ਦੀ ਬਾਂਗ ਨਾਲ ਹੀ ਸੂਰਜ ਚੜ੍ਹਦਾ ਹੈ। ਇੱਕ ਮਾਈ ਦੀ ਕਹਾਣੀ ਨਹੀਂ ਸਾਰੀ ਦੁਨੀਆਂ ਨੇ ਭਰਮ ਪਾਲ਼ੇ ਹੋਏ ਹਨ ਤੇ ਇਹਨਾਂ ਭਰਮਾਂ ਕਰਕੇ ਹੀ ਮਨੁੱਖ ਭਟਕਣਾ ਵਿੱਚ ਪਿਆ ਹੋਇਆ ਹੈ।

ਤੱਤਸਾਰ— ਬੰਦਾ ਭਰਮ ਕਰਕੇ ਆਪਣੇ ਜੀਵਨ ਵਿੱਚ ਭਟਕ ਰਿਹਾ ਹੈ। ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਸਗੋਂ ਸਮਝਣ ਦੀ ਜ਼ਰੂਰਤ ਹੈ। ਗੁਰੂ ਦੇ ਗਿਆਨ ਦੁਆਰਾ ਸੂਝ ਜਨਮ ਲੈਂਦੀ ਹੈ ਜੋ ਤਰੱਕੀ ਦੇ ਰਾਹ ਖੋਲ੍ਹਦੀ ਹੈ। ਮਿੱਥੀ ਤੇ ਚੰਗੀ ਮੰਜ਼ਿਲ `ਤੇ ਪਹੁੰਚਣਾ ਹੀ ਰੱਬ ਜੀ ਦੀ ਪ੍ਰਾਪਤੀ ਹੈ। ਮਨ ਲਗਾ ਕੇ ਲਗਨ ਨਾਲ ਸੱਚੀ ਸੁੱਚੀ ਮੇਹਨਤ ਕਰਨਾ ਹੀ ਰੱਬ ਜੀ ਦੀ ਬੰਦਗੀ ਹੈ। ਮਨੁੱਖ ਨੇ ਬਹੁਤ ਸਾਰੇ ਭਰਮ ਪਾਲ਼ੇ ਹੋਏ ਹਨ ਕਿ ਵੀਰਵਾਰ ਨੂੰ ਮਿੱਟੀ ਦੀ ਢੇਰੀ ਭਾਵ ਕਬਰ `ਤੇ ਦੀਵਾ ਜਗਾਉਣ ਨਾਲ ਹੀ ਮੇਰੇ ਕਾਰਜ ਰਾਸ ਹੋ ਜਾਣੇ ਹਨ। ਏਹੀ ਕਾਰਨ ਹੈ ਕਿ ਅਸੀਂ ਆਪਣਿਆਂ ਕਰਮਾਂ ਕਰਕੇ ਹੀ ਰੱਬ ਜੀ ਨਾਲੋਂ ਵਿਛੁੜੇ ਹੋਏ ਹਾਂ। ਜਲ ਤੋਂ ਬਿਨਾਂ ਖੇਤੀ ਦੀ ਪੈਦਾਵਰ ਨਹੀਂ ਹੋ ਸਕਦੀ। ਸ਼ੁਭ ਗੁਰੂ-ਗਿਆਨ ਤੋਂ ਬਿਨਾ ਮਨੁੱਖ ਦੀ ਤਰੱਕੀ ਸੰਭਵ ਨਹੀਂ ਹੈ। ਦੁੱਧ ਤੋਂ ਬਿਨਾਂ ਗਊ ਦਾ ਕੋਈ ਲਾਭ ਨਹੀਂ ਤੇ ਗੁਣ ਹੀਣ ਮਨੁੱਖ ਵੀ ਇੱਕ ਧਰਤੀ `ਤੇ ਬੋਝ ਹੀ ਹੈ। ਇਸ ਪਉੜੀ ਵਿੱਚ ਮਨੁੱਖ ਨੂੰ ਆਪਣੇ ਕਰਮ ਵਿੱਚ ਇਮਨਦਾਰੀ, ਸਾਫ਼ਗੋਈ ਤੇ ਸਖਤ ਮੇਹਨਤ ਕਰਨ ਦਾ ਉਪਦੇਸ਼ ਮਿਲਦਾ ਹੈ।

ਕਿਤੀ ਬੈਹਨਿੑ ਬੈਹਣੇ ਮੁਚੁ ਵਜਾਇਨਿ ਵਜ।।

ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ।। ੨।।

ਸਲੋਕ ਮ: ੫ ਪੰਨਾ ੫੧੮

ਅੱਖਰੀਂ ਅਰਥ--ਹੇ ਨਾਨਕ! (ਇਸ ਜਗਤ ਵਿਚ) ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ, ਪਰ ਸੱਚੇ ਨਾਮ ਤੋਂ ਵਾਂਜੇ ਰਹਿ ਕੇ ਕਿਸੇ ਦੀ ਭੀ ਇੱਜ਼ਤ ਨਹੀਂ ਰਹੀ। ੨।




.