ਗੁਰਬਾਣੀ ਦੀ ਸਹੀ ਵਿਆਖਿਆ ਕਰਨਾ ਇਹਨਾਂ ਸੰਤ ਬਾਬਿਆਂ ਦਾ ਮੰਤਵ ਹੀ ਨਹੀਂ
ਹੈ ਕਿਉਂਕਿ ਅੰਨ੍ਹੀ ਸ਼ਰਧਾ ਵਾਲੇ ਅਗਿਆਨੀ ਸ਼ਰਧਾਲੂਆਂ ਤੋਂ ਮਾਇਆ ਦੀ ਭੇਟਾ ਦੇ ਜ਼ਿਆਦਾ ਤੇ ਖੁਲੇ ਗਫੇ
ਮਿਲਦੇ ਹਨ। ਬਾਬੇ ਨਾਨਕ ਨੇ ਤਾਂ ਬਾਣੀ ਬੁਝਣ ਦਾ ਹੁਕਮ ਦਿਤਾ ਹੈ। ਬੇਧਿਆਨੇ ਪਾਠਾਂ ਦੀ ਰੀਤ ਤਾਂ
ਮਾਇਆਧਾਰੀਆਂ ਤੇ ਪੰਥ ਵਿਰੋਧੀਆਂ ਦੀ ਕਾਰਸ਼ਿਤਾਨੀ ਹੈ ਤਾਕਿ ਸਿੱਖ ਗਿਆਨਵਾਨ ਨਾ ਬਣ ਸਕਣ। ਪਾਠਾਂ
ਨਾਲ ਕਰਾਮਾਤਾਂ ਜੋੜਕੇ ਡੇਰੇਦਾਰ ਸੰਤ ਬਾਬਿਆਂ ਨੇ ਸਿਖਾਂ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ।
ਰੱਬੀ ਸ਼ਕਤੀ ਨਾਲ ਸਾਰੀ ਦੁਨੀਆ ਦੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਨ ਦੀਆਂ ਫੜਾਂ ਮਾਰਨ ਵਾਲੇ ਇਹ
ਪਰਮ ਮਹਾਂ ਸੰਤ ਆਪਣੀ ਹਰ ਇੱਕ ਮਾੜੀ ਮੋਟੀ ਬੀਮਾਰੀ ਦਾ ਇਲਾਜ ਵਧੀਆ ਹਸਤਪਤਾਲਾਂ ਵਿੱਚ ਨਵੀਨ
ਜੰਤ੍ਰਾਂ ਨਾਲ ਮਾਹਰ ਤੇ ਉਘੇ ਡਾਕਟਰਾਂ ਤੋਂ ਕਰਾਉਂਦੇ ਹਨ। ਮੰਨੇ-ਪ੍ਰਮੰਨੇ ਰੱਬ ਸਮਝੇ ਜਾਂਦੇ ਸੰਤ
ਮਹਾਤਮਾ ਵੀ ਆਪਣੀਆਂ ਪਰਚਾਰੀਆਂ ਹੋਈਆਂ ਕਰਾਮਾਤਾਂ ਨਾਲ ਅਰੋਗ ਹੋਣ ਦੀ ਬਜਾਏ ਪੜੇ ਲਿਖੇ ਡਾਕਟਰਾਂ
ਦਾ ਹੀ ਓਟ ਆਸਰਾ ਲੈਂਦੇ ਹਨ।
ਗੁਰਦਵਾਰਿਆਂ ਦੇ ਪਰਬੰਧਕਾਂ ਅਤੇ ਡੇਰੇਦਾਰਾਂ ਨੇ ਆਪਣਾ ਗੁਰਬਾਣੀ ਸਮਝਾਉਂਣ
ਵਾਲਾ ਫਰਜ਼ ਛੱਡ ਕੇ ਸਹਿਜ ਪਾਠ, ਅਖੰਡ ਪਾਠ, ਸੁਖਮਨੀ ਸਾਹਿਬ ਦੇ ਪਾਠ, ਪਾਠਾਂ ਦੀਆਂ ਲੜੀਆਂ ਅਤੇ
ਇਕੋਤ੍ਰੀਆਂ ਆਦਿ ਦੀਆਂ ਰੀਤਾਂ ਚਲਾ ਕੇ ਅਗਿਆਨੀ ਸ਼ਰਧਾਲੂਆਂ ਤੋਂ ਮਾਇਆ ਬਿਟੋਰਨੀ ਆਪਣਾ ਆਪਣਾ ਮੁੱਖ
ਧਰਮ ਬਣਾਇਆ ਹੋਇਆ ਹੈ। ਗੁਰੂ ਗਰੰਥ ਸਾਹਿਬ ਵਿੱਚ ਕਿਤੇ ਇੱਕ ਵਾਰ ਵੀ ਅਜਿਹੇ ਪਾਠ ਤੋਂ ਮਿਲਦੇ ਕਿਸੇ
ਫਲ ਦਾ ਜਾਂ ਕਿਸੇ ਪੂਰੀ ਹੁੰਦੀ ਸੁਖਨਾ ਦਾ ਤੇ ਮੁਰਾਦ ਦਾ ਜ਼ਿਕਰ ਨਹੀਂ ਹੈ। ਗੁਰੂ ਸਾਹਿਬਾਨ ਵੇਲੇ
ਉਹਨਾਂ ਦੇ ਪਿਤਾ ਪੁਰਖੀ ਧਰਮ ਗਰੰਥ ਅਥਵਾ ਬੇਦ, ਪੁਰਾਣ, ਸਿਮ੍ਰਿਤੀਆਂ ਆਦਿ ਦੇ ਪਾਠਾਂ ਦਾ ਬਹੁਤ
ਰਿਵਾਜ ਸੀ। ਇਹਨਾਂ ਪ੍ਰਥਾਇ ਗੁਰੂ ਗਰੰਥ ਸਾਹਿਬ ਵਿੱਚ ਇੱਕ ਸੌ ਤੋਂ ਵੀ ਵੱਧ ਸ਼ਬਦ ਹਨ। ਸਤਿਗੁਰਾਂ
ਨੇ ਇੱਕ ਵਾਰ ਵੀ ਵਪਾਰਕ ਰਸਮੀ ਤੇ ਰਿਵਾਜੀ, ਰਿਵਾਇਤੀ, ਬੇਧਿਆਨੇ ਅਤੇ ਸਮਝਣ ਦੇ ਮੰਤਵ ਤੋਂ ਬਿਨਾਂ
ਪੜ੍ਹੇ ਜਾਂਦੇ ਪਾਠਾਂ ਨੂੰ ਸਹੀ ਨਹੀਂ ਮੰਨਿਆ ਪਰ ਇਨ੍ਹਾਂ ਦਾ ਖੰਡਨ ਵਾਰ ਵਾਰ ਕੀਤਾ ਹੈ ਅਤੇ ਧਿਆਨ
ਲਾ ਕੇ ਅਕਲ ਨਾਲ ਬਾਣੀ ਪੜ੍ਹਕੇ ਬੁਝਣ ਦਾ ਹੁਕਮ ਕੀਤਾ ਹੈ।
ਇਹ ਕਦੇ ਵੀ ਨਹੀਂ ਮੰਨਿਆ ਜਾ ਸਕਦਾ ਕਿ ਗੁਰੂ ਸਾਹਿਬ ਬੇਦਾਂ ਆਦਿ ਦੇ ਪਾਠਾਂ
ਦਾ ਤਾਂ ਖੰਡਨ ਕਰਨ ਤੇ ਆਪਣੀ ਰਚਿਤ ਬਾਣੀ ਦੇ ਇਸੇ ਤਰਾਂ ਦੇ ਬੇਧਿਆਨੇ ਪਾਠਾਂ ਦੀ ਖੁਲ ਦੇਣ ਅਤੇ
ਇਹਨਾਂ ਨੂੰ ਕਰਨ-ਕਰਾਉਣ ਵਾਲਿਆਂ ਦੀਆਂ ਮੁਰਾਦਾਂ ਪੂਰੀਆਂ ਕਰਨ। ਇਸ ਕਰਕੇ ਸਮਝਣ ਦੇ ਮੰਤਵ ਤੋਂ
ਬਿਨਾਂ ਕੀਤਾ ਗੁਰਬਾਣੀ ਦਾ ਪਾਠ ਬੇਦਾਂ ਦੇ ਪਾਠ ਵਾਂਗ ਗੁਰਮਤਿ ਬਿਰੋਧੀ ਕਰਮਕਾਂਡ ਹੀ ਬਣ ਜਾਂਦਾ
ਹੈ। ਗੁਰਬਾਣੀ ਬੇਧਿਆਨੇ ਪਾਠਾਂ ਤੋਂ ਰੋਕਦੀ ਹੈ। ਅਜਿਹੇ ਪਾਠ ਗੁਰਮਤਿ ਦੇ ਅਨੁਕੂਲ ਨਹੀਂ ਹਨ।
ਗੁਰਬਾਣੀ ਤਾਂ ਸਮਝਣ ਵਾਸਤੇ ਲਿਖੀ ਹੀ ਗਈ ਹੈ। ਇਸ ਵਿੱਚ ਤਾਂ ਰੱਬ ਨੂੰ ਮਿਲਣ ਦਾ ਸਿੱਧਾ ਤੇ ਪੱਧਰਾ
ਮਾਰਗ ਦਸਿਆ ਹੋਇਆ ਹੈ।
ਸਿਖ ਪੰਥ ਵਿੱਚ ਗੁਰਬਾਣੀ ਨੂੰ ਸਮਝਣ ਤੇ ਸਮਝਾਉਣ ਦੀ ਰੀਤ, ਰਿਵਾਜ਼ ਅਤੇ
ਰਹਿਤ ਮਰਯਾਦਾ ਨਾ ਹੋਣ ਕਰਕੇ ਸਿਖਾਂ ਦੀ ਬਹੁਗਿਣਤੀ ਨੂੰ ਸਤਿਗੁਰਾਂ ਦੀ ਸਿਖਿਆ ਦਾ ਗਿਆਨ ਨਹੀਂ ਹੈ।
ਆਉਣ ਵਾਲੇ ਨੇੜਲੇ ਸਮੇਂ ਵਿੱਚ ਇਸ ਸਮਝਣ ਤੇ ਸਮਝਾਉਣ ਵਾਲੇ ਸਿਸਟਮ ਦੀ ਸਥਾਪਤੀ ਦੀ ਸੰਭਾਵਨਾ ਵੀ
ਬਹੁਤ ਘਟ ਹੈ। ਇਸ ਦਾ ਕਾਰਨ ਇਹ ਹੈ ਕਿ ਗੁਰਦਵਾਰਿਆਂ ਦੇ ਪ੍ਰਬੰਧਕ, ਪੰਥਕ ਅਗੂ ਤੇ ਜਥੇਦਾਰ,
ਡੇਰੇਦਾਰ ਸੰਤ ਮਹਾਂਪੁਰਖ, ਉਘੇ ਪ੍ਰਚਾਰਕ ਤੇ ਕੀਰਤਨੀਏ ਆਦਿ ਗਿਆਨਵਾਨ ਸ਼ਰਧਾਲੂਆਂ ਤੋਂ ਆਪਣੀ ਚਉਧਰ
ਨੂੰ ਖਤਰਾ ਸਮਝਦੇ ਹਨ। ਇਹਨਾਂ ਨੂੰ ਆਪਣੀ ਮਾਨਵਤਾ ਅਤੇ ਸਰਦਾਰੀ ਘਟ ਜਾਣ ਦਾ ਡਰ ਹੈ। ਚੇਲੇ ਚਾਟੜੇ
ਤੇ ਸਿੱਖੀ ਸੇਵਕੀ ਖੁਸ ਜਾਣ ਦੀ ਚਿੰਤਾ ਹੈ। ਚੜ੍ਹਤ ਚੜ੍ਹਾਵੇ ਵਾਲੀ ਮਾਇਆ ਦਾ ਫਿਕਰ ਹੈ। ਇਹ ਚਤਰ,
ਚਲਾਕ, ਵਿਦਵਾਨ ਅਤੇ ਸੂਝਵਾਨ ਲੋਕ ਆਪਣੇ ਪੈਰਾਂ ਤੇ ਆਪ ਕੁਹਾੜਾ ਕਿਉਂ ਮਾਰਨਗੇ। ਗੁਰਮਤਿ ਗਿਆਨ ਦੀ
ਠੀਕ ਜਾਣਕਾਰੀ ਦੇਣੀ ਇਹਨਾਂ ਵਾਸਤੇ ਹਾਨੀ ਕਾਰਕ ਹੈ ਅਤੇ ਪੁੱਠੀ ਪੱਟੀ ਪੜਾਉਣੀ ਲਾਹੇਬੰਦ ਹੈ। ਇਸ
ਕਰਕੇ ਗੁਰਬਾਣੀ ਸਮਝਣ-ਸਮਝਾਉਣ ਵਾਲਾ ਸਿਸਟਮ ਨਾਂ ਇਹਨਾਂ ਆਪ ਬਨਾਉਣਾ ਹੈ ਅਤੇ ਨਾਂ ਹੋਰ ਕਿਸੇ ਨੂੰ
ਬਨਾਉਣ ਦੇਣਾ ਹੈ। ਇਹ ਲੋਕ ਹਰ ਇੱਕ ਢੰਗ ਨਾਲ ਗੁਰਬਾਣੀ ਸਮਝਾਉਣ ਵਾਲਿਆਂ ਦਾ ਵਿਰੋਧ ਕਰ ਰਹੇ ਹਨ
ਅਤੇ ਕਰਦੇ ਰਹਿਨਗੇ।
ਸਤਿਗੁਰ ਭਲੀ ਭਾਂਤ ਜਾਣਦੇ ਸਨ ਕਿ ਉਹਨਾਂ ਤੋਂ ਪਿਛੋਂ ਸਿਖਾਂ ਦੇ ਆਗੂਆਂ ਨੇ
ਗੁਰਬਾਣੀ ਪ੍ਰਚਾਰ ਦਾ ਪ੍ਰਭਾਵ ਪਾਕੇ ਅਤੇ ਪੱਕੇ ਧਰਮੀ ਹੋਣ ਦੇ ਵਿਖਾਵੇ ਵਾਲਾ ਭੇਖ ਧਾਰ ਕੇ ਸਧਾਰਨ
ਸਿੱਖਾਂ ਨੂੰ ਕਾਜ਼ੀ, ਮੁਲਾਂ, ਪੰਡਿਤ, ਜੋਗੀ, ਆਦਿ ਦੀ ਤਰਾਂ ਰੱਜ ਕੇ ਲੁਟਣਾ ਹੈ ਅਤੇ ਉਹਨਾਂ ਦੇ
ਖੂਨ ਪਸੀਨੇ ਦੀ ਕਮਾਈ ਨਾਲ ਚਉਧਰਾਂ ਮਾਨਣੀਆਂ ਹਨ। ਇਸ ਕਰਕੇ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਆਪ
ਪੜ੍ਹਕੇ ਗੁਰਬਾਣੀ ਸਮਝਣ ਦਾ ਹੁਕਮ ਦਿੱਤਾ ਹੈ। ਗੁਰਬਾਣੀ ਸਿੱਖੀ ਦਾ ਸਿਲੇਬਸ ਹੈ। ਇਸ ਨੂੰ ਸਮਝਣਾ
ਸਿੱਖੀ ਦਾ ਕੋਰਸ ਹੈ। ਜਿਵੇਂ ਡਾਕਟਰੀ ਦਾ ਕੋਰਸ ਕੀਤੇ ਬਿਨਾਂ ਡਾਕਟਰ ਨਹੀਂ ਬਣ ਸਕੀਦਾ ਤਿਵੇਂ ਹੀ
ਸਿੱਖੀ ਦਾ ਸਿਲੇਬਸ, ਗੁਰਬਾਣੀ ਸਮਝੇ ਬਗੈਰ ਸਿੱਖ ਨਹੀਂ ਬਣਿਆ ਜਾ ਸਕਦਾ।
ਗੁਰੁ ਸਾਹਿਬਾਂ ਨੇ ਸੰਸਾਰ ਦੇ ਦੁਖਾਂ ਦੇ ਕਾਰਨ ਵਿਸਥਾਰ ਨਾਲ ਸਮਝਾ ਕੇ
ਸਰਬ੍ਹ ਮਾਨੁਖ ਜਾਤੀ ਨੂੰ ਦੁਖਾਂ ਤੋਂ ਛੁਟਕਾਰਾ ਪਾਉਣ ਦੀ ਬਿਧੀ ਬਹੁਤ ਹੀ ਆਸਾਨ ਤੇ ਨਿਰਾਲੇ ਢੰਗ
ਨਾਲ ਲਿਖ ਕੇ ਦੁਨੀਆਂ ਉਪਰ ਬਹੁਤ ਵੱਡਾ ਉਪਕਾਰ ਕੀਤਾ ਹੈ। ਅਸੀਂ ਕੀ ਕਰਨਾ ਹੈ, ਕੀ ਨਹੀਂ ਕਰਨਾ ਤੇ
ਕੀ ਛਡਣਾ ਹੈ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਲੋਕਾਂ ਦੀ ਨਿੱਜੀ ਮਾਤ ਭਾਸ਼ਾ ਤੇ ਮਾਂ ਬੋਲੀ ਵਿੱਚ
ਘਰੇਲੂ ਉਧਾਹਰਣਾਂ ਦੇ ਕੇ ਸਮਝਾਇਆ ਹੈ। ਹਰ ਇੱਕ ਉਪਦੇਸ਼, ਇਕੋ ਅਰਥ ਵਾਲੇ ਸਾਰੇ ਵੱਖਰੇ ਵੱਖਰੇ ਸ਼ਬਦ
ਵਰਤਕੇ, ਹਰ ਨਵੇਂ ਢੰਗ ਦੀਆਂ ਪੰਗਤੀਆਂ ਲਿਖਕੇ ਅਤੇ ਵਾਰ ਵਾਰ ਦਹੁਰਾਕੇ ਸਪਸ਼ਟ ਕੀਤਾ ਹੈ। ਇੱਕ
ਸਧਾਰਨ ਪ੍ਰਾਣੀ ਵੀ, ਜੇ ਸੱਚੇ ਦਿਲੋਂ ਗੁਰਬਾਣੀ ਨੂੰ ਸਮਝਣਾ ਚਾਹੇ ਤਾਂ, ਇਸ ਨੂੰ ਸਮਝਣ ਵਿੱਚ ਉਕਾਈ
ਨਹੀਂ ਖਾ ਸਕਦਾ ਕਿਉਂਕਿ ਇਹ ਦੁਨੀਆ ਦੇ ਸੱਭ ਤੋਂ ਵਧੀਆ ਲਿਖਾਰੀਆਂ (ਗੁਰੂ ਸਾਹਿਬਾਂ ਅਤੇ ਭਗਤਾਂ)
ਨੇ ਆਪ ਲਿਖੀ ਹੈ।
ਦੁਨੀਆ ਦੇ ਸੱਭ ਲਿਖਾਰੀ ਇਹ ਚਾਹੁੰਦੇ ਹਨ ਕਿ ਉਹਨਾਂ ਦੀ ਲਿਖੀ ਹੋਈ ਵਾਰਤਾ
ਨੂੰੰ ਵੱਧ ਤੋਂ ਵੱਧ ਲੋਕ ਪੜ੍ਹਨ ਅਤੇ ਉਸ ਨੂੰ ਪੜ੍ਹਨ ਵਾਲੇ ਸਾਰੇ ਲੋਕ ਸਮਝ ਸਕਣ। ਸੁਘੜ ਸਰੂਪ, ਸਭ
ਦੇ ਦਿਲਾਂ ਦੀਆਂ ਜਾਨਣ ਵਾਲੇ ਅੰਤਰਜਾਮੀ ਤੇ ਅਭੁਲ ਗੁਰੂ ਸਾਹਿਬ, ਗੁਰਬਾਣੀ ਨੂੰ ਸਮਝਣ ਜਾਂ ਨਾਂ
ਸਮਝਣ ਦੀ, ਸਾਡੀ ਯੋਗਤਾ ਨੂੰ ਪੂਰੀ ਤਰਾਂ ਜਾਣਦੇ ਹਨ। ਉਨ੍ਹਾਂ ਨੂੰ ਸਾਡੀ ਯੋਗਤਾ ਦਾ ਪੂਰਾ ਪਤਾ ਹੈ
ਅਤੇ ਤਿਲ ਮਾਤਰ ਅਥਵਾ ਕੋਈ ਵੀ ਸ਼ਕ ਨਹੀਂ ਹੈ। ਜੇ ਸਾਡੇ ਵਿੱਚ ਇਹ ਯੋਗਤਾ ਤੇ ਸਮਰਥਾ ਨਾਂ ਹੁੰਦੀ
ਤਾਂ ਸਤਿਗੁਰਾਂ ਨੇ ਗੁਰਬਾਣੀ ਨੂੰ ਸਮਝਣ, ਬੁਝਣ, ਜਾਨਣ ਜਾਂ ਪਛਾਨਣ ਦਾ ਹੁਕਮ ਨਹੀਂ ਸੀ ਦੇਣਾ।
ਅਸੀਂ ਸਭ ਗੁਰਬਾਣੀ ਸਮਝ ਸਕਦੇ ਹਾਂ। ਅਸਲ ਵਿੱਚ ਗੁਰਬਾਣੀ ਤਾਂ ਸਾਡੀ ਸਮਝਣ ਵਾਲੀ ਅਕਲ, ਮਤਿ ਤੇ
ਬੁਧੀ ਨੂੰ ਮੁੱਖ ਰੱਖਕੇ ਹੀ ਲਿਖੀ ਗਈ ਹੈ ਤਾਕਿ ਅਸੀਂ ਇਸ ਨੂੰ ਸਮਝਕੇ ਗੁਣਾਂ ਵਾਲੇ ਸੂਝਵਾਨ ਤੇ
ਸਿਆਣੇ ਬਣੀਏ। ਇੱਕ ਸਧਾਰਨ ਮਨੁੱਖ ਵੀ ਕਿਸੇ ਦੂਸਰੇ ਮਨੁੱਖ ਨੂੰ ਹੁਕਮ ਦੇਣ ਤੋਂ ਪਹਿਲਾਂ ਦੂਸਰੇ
ਮਨੁੱਖ ਦੀ ਹੁਕਮ ਨੂੰ ਪਾਲਣਾ ਕਰਨ ਦੀ ਯੋਗਤਾ ਬਾਰੇ ਪੁੱਛ ਗਿੱਛ ਕਰਕੇ ਆਪਣੀ ਪੂਰੀ ਤਸੱਲੀ ਕਰਦਾ
ਹੈ। ਅਣਜਾਣ ਡਰਾਈਵਰ ਨੂੰ ਕੋਈ ਮੂਰਖ ਹੀ ਆਪਣੀ ਕਾਰ ਜਾਂ ਸਕੂਟਰ ਆਦਿ ਚਲ਼ਾਉਣ ਨੂੰ ਕਹੇਗਾ। ਅਯੋਗ
ਪ੍ਰਾਣੀਆਂ ਤੋਂ ਹੁਕਮ ਮਨਾਉਣ ਵਾਲਿਆਂ ਨੂੰ ਸਿਆਣੇ ਨਹੀਂ ਮੰਨਿਆ ਜਾਂਦਾ।
“ਬਿਨੁ ਬੂਝੇ ਸਭ ਹੋਇ ਖੁਆਰ “ ਸਤਿਗੁਰਾ ਨੇ ਮਹਾਂ ਪੁਰਖਾਂ ਦੀ
ਸਿਖਿਆ ਨੂੰ ਨਾਂ ਬੁਝਣ ਵਾਲਿਆ ਦੀ ਤਰਸਯੋਗ ਹਾਲਤ ਦਾ ਦ੍ਰਿਸ਼ਟਾਂਤ ਦੇ ਕੇ (ਕਿ ਉਹ ਸਭ ਦੁਖੀ ਹਨ, ਸਭ
ਖੁਆਰ ਹੋ ਰਹੇ ਹਨ, ਸਾਰਿਆਂ ਦਾ ਜਨਮ ਅਜਾਂਈ ਜਾਂਦਾ ਹੈ) ਗੁਰਬਾਣੀ ਬੁਝਣ ਦੀ ਲੋੜ ਸਮਝਾਈ ਹੈ। ਹਰ
ਇੱਕ ਪ੍ਰਾਣੀ ਦੀ ਇਹ ਆਪਣੀ ਮਰਜ਼ੀ ਹੈ ਕਿ ਉਸ ਨੇ ਇਸ ਨੂੰ ਸਮਝ ਕੇ ਅਨੰਦ ਮਾਨਣਾ ਜਾਂ ਬਿੰਨਾਂ ਬੁਝੇ
ਦੁਖੀ ਰਹਿਣ ਹੈ। ਪਰ ਸਤਿਗੁਰਾਂ ਦਾ ਸਿੱਖ ਬਨਣ ਵਾਸਤੇ ਗੁਰਬਾਣੀ ਸਮਝਣੀ ਲਾਜ਼ਮੀ ਹੈ। ਇਹ ਸਤਿਗੁਰਾਂ
ਦਾ ਹੁਕਮ ਹੈ ਇਸ ਦੀ ਉਲੰਘਣਾ ਨਹੀਂ ਹੋ ਸਕਦੀ। ਗੁਰਬਾਣੀ ਆਪ ਸਮਝਕੇ ਦੂਸਰਿਆਂ ਨੂੰ ਸਮਝਾਉਣ ਵਾਲੇ
ਹੀ ਗੁਰੂ ਸਾਹਿਬਾਂ ਦੇ ਅਸਲੀ ਸਿੱਖ ਹਨ। ਬਾਕੀ ਅਸੀਂ ਸਭ ਦੇ ਸਭ ਮੰਗ-ਖਾਣੇ ਭੇਖਧਾਰੀ ਸਾਧਾਂ ਸੰਤਾਂ
ਦੇ ਪਿਛਲੱਗ, ਲਕੀਰ ਦੇ ਫਕੀਰ, ਭੇਡਚਾਲੀ ਚੇਲੇ ਚਾਟੜੇ ਹੀ ਹਾਂ।
“ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ