.

ਕਬੀਰ ਜੀ ਦੀ ਕਾਸ਼ੀ/ਵਾਰਾਣਸੀ

ਰੋਜ਼ਗਾਰ ਵਾਸਤੇ ਭੱਜ-ਨੱਠ ਤੋਂ ਮੁਕਤ ਹੋਣ ਉਪਰੰਤ ਕਾਦਰ ਦੀ ਰੰਗ-ਬਰੰਗੀ ਕੁਦਰਤ ਦੇ ਨਜ਼ਾਰੇ ਤੇ ਮਨੁੱਖ ਦੇ ਬਣਾਏ ਬਹੁਰੰਗੇ ਸਮਾਜ ਨੂੰ ਨੇੜਿਓਂ ਵੇਖਣ ਦੀ ਰੀਝ ਨਾਲ ਮੈਂ ਦੇਸ-ਬਿਦੇਸ ਦੀਆਂ ਫੇਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਫੇਰੀਆਂ ਦਾ ਦੂਜਾ ਮੁਖ ਉਦੇਸ਼ ਇਹ ਹੈ ਕਿ ਮੈਂ ਵੱਖ-ਵੱਖ ਧਰਮਾਂ ਨਾਲ ਜੁੜੇ ਜਾਂ ਜੋੜੇ ਜਾਂਦੇ ਸਥਾਨਾਂ ਦੀ ਯਾਤ੍ਰਾ ਕਰਾਂ ਅਤੇ ਉੱਥੋਂ ਦੇ ਸਥਾਨਕ ਸੰਚਾਲਕਾਂ ਤੋਂ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਕੇ ਪਾਠਕਾਂ ਨਾਲ ਸਾਂਝੀ ਕਰ ਸਕਾਂ। ਤੀਜੀ ਰੀਝ ਇਹ ਵੀ ਹੈ ਕਿ ਮੈਂ ਉਨ੍ਹਾਂ ਸਥਾਨਾਂ ਨੂੰ ਅੱਖੀਂ ਦੇਖਾਂ ਜਿੱਥੇ ਬਾਣੀਕਾਰ ਵਿਚਰੇ ਸਨ। ਇਨ੍ਹਾਂ ਮੰਤਵਾਂ ਦੀ ਪੂਰਤੀ ਲਈ ਇਸ ਵਾਰ ਅਸੀਂ ਹਿਮਾਚਲ, ਉੱਤਰਾਖੰਡ ਤੇ ਉੱਤਰ ਪ੍ਰਦੇਸ ਦੇ ਕੁੱਝ ਇੱਕ ਸਥਾਨਾਂ `ਤੇ ਗਏ। ਇਸ ਲੇਖ ਵਿੱਚ ਸਿਰਫ ਉੱਤਰ ਪ੍ਰਦੇਸ ਦੀ ਫੇਰੀ ਦੇ ਕੌੜੇ-ਮਿੱਠੇ ਤਜੁਰਬਿਆਂ ਦਾ ਸੰਖੇਪ ਵਰਣਨ ਹੈ।

ਉੱਤਰ ਪ੍ਰਦੇਸ ਦੀ ਇਸ ਫੇਰੀ (25 ਦਸੰਬਰ, 2014 ਤੋਂ 3 ਜਨਵਰੀ, 2015) ਦਾ ਮੁਖ ਮੰਤਵ ਕਬੀਰ ਜੀ ਤੇ ਰਵਿਦਾਸ ਜੀ ਆਦਿ ਬਾਣੀਕਾਰਾਂ ਦੇ ਜੀਵਨ ਨਾਲ ਜੁੜੇ ਸਥਾਨਾਂ, ਮਹਾਤਮਾ ਬੁੱਧ ਜੀ ਦੇ ਜਗਤ-ਪ੍ਰਸਿੱਧ ਸਾਰਨਾਥ ਮੰਦਰ ਅਤੇ ਗੋਰਖ ਨਾਥ ਜੀ ਦੇ ‘ਗੁਰੂ ਗੋਰਖ ਨਾਥ ਮੰਦਰ’ ਨੂੰ ਨੇੜਿਓਂ ਦੇਖਣਾ ਹੋਣ ਕਰਕੇ ਸਾਡਾ ਸਫ਼ਰ ਕਾਸ਼ੀ/ਬਨਾਰਸ ਤੇ ਗੋਰਖਪੁਰ ਹੁੰਦੇ ਹੋਏ ਮਗਹਰ ਤਕ ਦਾ ਸੀ। ਪਹਿਲਾਂ ਬਨਾਰਸ ਅਥਵਾ ਵਾਰਾਣਸੀ ਦੀ ਗੱਲ ਕਰੀਏ: ਰਿਗ ਵੇਦ ਤੇ ਪੁਰਾਣਾਂ ਦੇ ਹਵਾਲੇ ਨਾਲ ਬਨਾਰਸ ਨੂੰ ਸੰਸਾਰ ਦੇ ਪ੍ਰਾਚੀਨਤਮ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ। ਵੇਦ-ਕਾਲ ਤੋਂ ਹੀ ਇਹ ਨਗਰ ਲੌਕਿਕ ਤੇ ਅਧਿਆਤਮਿਕ (ਦੁਨਿਆਵੀ ਅਤੇ ਰੂਹਾਨੀ) ਵਿੱਦਿਆਂ ਦਾ ਕੇਂਦਰ ਰਿਹਾ ਹੈ। ਜਗਤ-ਪ੍ਰਸਿੱਧ ਬਨਾਰਸ ਹਿੰਦੂ ਯੂਨੀਵਰਸਿਟੀ ਇਸੇ ਸ਼ਹਿਰ ਦੀ ਸ਼ਾਨ ਹੈ। ਜੈਨ, ਬੁੱਧ ਤੇ ਹਿੰਦੂ ਮੱਤ ਇਸੇ ਨਗਰ ਦੇ ਇਰਦ-ਗਿਰਦ ਉਗਮੇ ਤੇ ਪ੍ਰਫੁੱਲਿਤ ਹੋਏ ਕਹੇ ਜਾਂਦੇ ਹਨ। ਤੁਲਸੀ ਦਾਸ ਜੀ ਨੇ ਆਪਣੀ ਮਹਾਨ ਰਚਨਾ ‘ਰਾਮਚ੍ਰਿਤਮਾਨਸ’ ਇਥੇ ਹੀ ਸੰਪੂਰਨ ਕੀਤੀ ਦੱਸੀ ਜਾਂਦੀ ਹੈ। ਤੁਲਸੀ ਦਾਸ ਜੀ ਦਾ ਦੇਹਾਂਤ ਵੀ ਇਥੇ ਹੀ ਆਸੀ ਘਾਟ `ਤੇ ਹੋਇਆ। ਉਨ੍ਹਾਂ ਦੇ ਨਾਮ `ਤੇ ‘ਤੁਲਸੀ ਘਾਟ’ ਵੀ ਬਣਿਆ ਹੋਇਆ ਹੈ। ਉੱਤਰੀ ਭਾਰਤ ਵਿੱਚ ਭਗਤੀ ਲਹਿਰ ਦਾ ਉੱਠਾਣ ਵੀ ਇੱਥੇ ਹੀ ਹੋਇਆ। ਬਾਣੀਕਾਰ ਰਾਮਾਨੰਦ ਜੀ, ਰਵੀਦਾਸ ਜੀ, ਸੈਣ ਜੀ, ਕਬੀਰ ਜੀ, ਧੰਨਾ ਜੀ ਤੇ ਪੀਪਾ ਜੀ ਵੀ ਕੁੱਝ ਸਮਾਂ ਇੱਥੇ ਹੀ ਵਿਚਰੇ ਸਨ। ਰਵੀਦਾਸ ਜੀ ਤੇ ਕਬੀਰ ਜੀ ਦਾ ਤਾਂ ਜਨਮ ਵੀ ਇਸੇ ਧਰਤੀ `ਤੇ ਹੋਇਆ ਸੀ। ਇਹ ਸਾਰੇ ਬਾਣੀਕਾਰ ਗੁਰੂ ਨਾਨਕ ਦੇਵ ਜੀ ਦੇ ਲਗ ਭਗ ਸਮਕਾਲੀ ਸਨ ਅਤੇ ਉਹ ਇਨ੍ਹਾਂ ਮਹਾਂਪੁਰਖ ਬਾਣੀਕਾਰਾਂ ਨੂੰ ਇਥੇ ਹੀ ਮਿਲੇ ਸਨ ਅਤੇ ਇਨ੍ਹਾਂ ਦੀ ਬਾਣੀ ਵੀ ਇਥੋਂ ਹੀ ਪ੍ਰਾਪਤ ਕੀਤੀ ਕਹੀ ਜਾਂਦੀ ਹੈ।

ਬਨਾਰਸ ਹਿੰਦੂਆਂ ਦੇ 68 ਤੀਰਥਾਂ ਵਿੱਚੋਂ ਇੱਕ ਪਰਮੁੱਖ ਤੀਰਥ (ਪਾਪ-ਨਾਸ਼ਕ ਪਵਿੱਤਰ ਸਥਾਨ) ਹੈ ਜੋ ਗੰਗਾ ਦਰਿਆ ਦੇ ਪੱਛਮੀ ਕੰਢੇ ਉੱਤੇ ਵੱਸਿਆ ਹੋਇਆ ਹੈ। ਹਿੰਦੂ ਗੰਗਾ ਨੂੰ ਦੇਵੀ ਜਾਂ ਮਾਂ ਮੰਨਦੇ ਹਨ ਅਤੇ ਇਸ ਨਦੀ ਨੂੰ ਸਤਿਕਾਰ ਤੇ ਸ਼ਰੱਧਾ ਨਾਲ ਗੰਗਾ ਮਯੀਆ, ਗੰਗਾ ਜੀ ਅਤੇ ਜਾਂ ਗੰਗਾ ਦੇਵੀ ਕਹਿੰਦੇ ਹਨ। ਗੰਗਾ ਦੇਵੀ ਦੀਆਂ ਕਾਲਪਣਿਕ ਸਥੂਲ ਮੂਰਤੀਆਂ ਵੀ ਬਣੀਆਂ ਹੋਈਆਂ ਹਨ ਜਿਨ੍ਹਾਂ ਦੀ ਪੂਜਾ ਕੀਤੀ/ਕਰਵਾਈ ਜਾਂਦੀ ਹੈ। ਪੁਰਾਣਾਂ ਅਨੁਸਾਰ, ਗੰਗਾ ਦੇ ਦਰਸ਼ਨ ਕਰਨ, ਨਾਮ ਲੈਣ ਅਤੇ ਗੰਗਾ ਦੀ ਛੁਹ ਪ੍ਰਾਪਤ ਕਰਨ ਨਾਲ ਮਨੁੱਖ ਦੇ ਸਾਰੇ ਪਾਪਾ ਧੋਤੇ ਜਾਂਦੇ ਹਨ ਤੇ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ।

ਹਿੰਦੂਆਂ ਦੀਆਂ ਪਵਿੱਤਰ ਸਪਤ ਪੁਰੀਆਂ ਵਿੱਚੋਂ ਸਭ ਤੋਂ ਅਧਿਕ ਪਵਿੱਤਰ ਕਹੀ ਜਾਂਦੀ ਇਸ ਪੁਰੀ ਦਾ ਨਾਂ ਪਹਿਲਾਂ ਕਾਸ਼ੀ ਸੀ। ਇਹ ਸ਼ਹਿਰ ਹਿੰਦੂਆਂ ਦੇ ਇਸ਼ਟ-ਦੇਵ ਸ਼ਿਵ ਦਾ ਚਹੇਤਾ ਨਗਰ ਹੋਣ ਕਰਕੇ ਇਸ ਨੂੰ “ਸ਼ਿਵ ਕੀ ਨਗਰੀ”, “ਦੇਵ-ਨਗਰੀ”, “ਸ਼ਿਵ ਕੀ ਪੁਰੀ” ਜਾਂ “ਸ਼ਿਵਪੁਰੀ” ਵੀ ਕਹਿੰਦੇ ਸਨ/ਹਨ। (ਸਗਲ ਜਨਮ ਸਿਵਪੁਰੀ ਗਵਾਇਆ॥ …, ਸਿਵ ਕੀ ਪੁਰੀ ਬਸੈ ਬੁਧਿ ਸਾਰੁ॥ ਕਬੀਰ ਜੀ)। ਵਾਰਾਣਸੀ ਨਾਮ ਦੀ ਨਿਰੁਕਤੀ ਬਾਰੇ ਕਿਹਾ ਜਾਂਦਾ ਹੈ ਕਿ ਦੋ ਨਦੀਆਂ - ਵਰੁਣਾ ਅਤੇ ਆਸੀ - ਇਸ ਸਥਾਨ `ਤੇ ਗੰਗਾ ਵਿੱਚ ਆਣ ਮਿਲਦੀਆਂ ਹਨ। ਵਰੁਣਾ-ਗੰਗਾ ਸੰਗਮ ਅਤੇ ਆਸੀ-ਗੰਗਾ ਸੰਗਮ ਦੇ ਵਿਚਾਲੇ ਵੱਸਿਆ ਹੋਣ ਕਰਕੇ ਇਸ ਨਗਰ ਨੂੰ ਵਾਰਾਣਸੀ ਕਿਹਾ ਜਾਂਦਾ ਹੈ। ਕਬੀਰ ਜੀ ਅਤੇ ਰਵੀਦਾਸ ਜੀ ਦੇ ਸਮੇਂ ਦੀ ਕਾਸ਼ੀ ਉੱਤੇ ਹੁਣ ਮਹਾਂਨਗਰ ਵਾਰਾਣਸੀ ਭਾਰੂ ਹੈ।

ਦੋਹਾਂ ਸੰਗਮਾਂ ਵਿਚਲਾ ਫ਼ਾਸਲਾ 4-5 ਕਿਲੋਮੀਟਰ ਦਾ ਹੈ। ਸੰਗਮਾਂ ਦੇ ਦੂਜੇ ਪਾਸੇ ਪੱਛਮ ਵੱਲ ਗੰਗਾ-ਘਾਟ ਹੈ ਜਿਸ ਉੱਪਰ ਵਾਰਾਣਸੀ ਆਬਾਦ ਹੈ। ਵਾਰਾਣਸੀ ਨਗਰ ਗੰਗਾ-ਤਟ ਤੋਂ ਤਕਰੀਬਨ 70-100 ਫ਼ੁੱਟ ਉਚੇਰਾ ਹੈ। ਇਹ ਸਾਰੀ ਢਲਾਣ ਗੰਗਾ-ਘਾਟ ਹੈ ਜੋ ਪੱਥਰ ਦੀਆਂ ਸੁੰਦਰ ਪੌੜੀਆਂ ਨਾਲ ਢਕੀ ਹੋਈ ਹੈ। ਇਸ ਘਾਟ ਨੂੰ ਸੌ ਦੇ ਕਰੀਬ ਉਪ-ਘਾਟਾਂ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਉਪ-ਘਾਟਾਂ ਨੂੰ ਵੱਖ-ਵੱਖ ਇਸ਼ਟ-ਦੇਵਾਂ, ਧਰਮਾਂ, ਗੁਰੂਆਂ, ਸੰਤਾਂ, ਸਾਧਾਂ-ਸਾਧਵੀਆਂ, ਰਾਜੇ ਰਜਵਾੜਿਆਂ, ਪ੍ਰਾਂਤਾਂ, ਸਿਆਸੀ ਨੇਤਾਵਾਂ ਅਤੇ ਇਨ੍ਹਾਂ ਘਾਟਾਂ ਦੇ ਬਣਵਾਉਣ ਵਾਲੇ ਪੂੰਜੀ-ਪਤੀਆਂ ਆਦਿ ਦੇ ਨਾਂਵਾਂ ਨਾਲ ਜਾਣਿਆਂ ਜਾਂਦਾ ਹੈ। ਸਾਰੇ ਘਾਟ ਅਤਿ ਸੁੰਦਰ ਅਤੇ ਆਲੀਸ਼ਾਨ ਇਮਾਰਤਾਂ (ਮੰਦਰ, ਮੱਠ, ਮੂਰਤੀਆਂ, ਮਹਿਲ-ਮਾੜੀਆਂ, ਹੋਟਲ ਤੇ ਰੇਸ਼ਮੀ ਕੱਪੜੇ ਦੇ ਕਾਰਖ਼ਾਨੇ ਆਦਿ) ਨਾਲ ਸੁਸ਼ੋਭਤ ਹਨ। ਚੜ੍ਹਦੇ ਸੂਰਜ ਦੀ ਰੌਸ਼ਨੀ ਵਿੱਚ ਗੰਗਾ ਤਟ ਤੋਂ ਇਹ ਸ਼ਾਨਦਾਰ ਭਵਨ ਅਤਿ ਸੁੰਦਰ ਲੱਗਦੇ ਹਨ। ਸਭ ਤੋਂ ਦੱਖਣ ਵੱਲ ਪ੍ਰਸਿੱਧ ਆਸੀ ਘਾਟ ਹੈ ਅਤੇ ਉੱਤਰ ਵਿੱਚ ਪੰਚਗੰਗਾ ਘਾਟ ਹੈ। ਪੰਚਗੰਗਾ ਘਾਟ ਤੋਂ ਅਗੇਰੇ ਰਾਮਾਨੰਦ ਜੀ ਦਾ ਮੱਠ ਹੈ, ਜੋ ਕਿ ਸਾਡੀ ਅਸਲੀ ਮੰਜ਼ਿਲ ਸੀ।

ਆਸੀ ਘਾਟ ਤੋਂ ਹੋਰ ਦੱਖਣ ਵੱਲ ਗੰਗਾ-ਘਾਟ ਦਾ ਥੋੜਾ ਹਿੱਸਾ ਕੱਚਾ ਤੇ ਕੁਦਰਤੀ ਹੈ, ਜਿੱਥੇ ਪਸ਼ੂ (ਮੱਝਾਂ ਗਾਈਆਂ ਆਦਿ) ਮੌਜ ਮੇਲਾ ਕਰਦੇ ਹਨ। ਦੱਖਣ ਵੱਲ ਹੀ ਇਸ ਤੋਂ ਹੋਰ ਅਗੇਰੇ ਇੱਕ ਹੋਰ ਨਵਾਂ ਬਣਿਆ ਸੁੰਦਰ ਘਾਟ ਹੈ ਜਿਸ ਨੂੰ ‘ਸ੍ਰੀ ਗੁਰੂ ਰਵੀਦਾਸ ਘਾਟ’ ਕਿਹਾ ਜਾਂਦਾ ਹੈ। ਇਸ ਦੇ ਉੱਪਰ ਇਮਾਰਤਾਂ ਨਹੀਂ ਸਗੋਂ ਰਵੀਦਾਸ ਜੀ ਦੇ ਨਾਮ `ਤੇ ਬਣਾਈ ਗਈ ‘ਗੁਰੂ ਰਵੀਦਾਸ ਪਾਰਕ’ ਹੈ। ਭਾਵੇਂ ਇਨ੍ਹਾਂ ਦੋਨਾਂ ਸ਼ਾਨਦਾਰ ਸਮਾਰਕਾਂ (ਗੁਰੂ ਰਵੀਦਾਸ ਘਾਟ ਤੇ ਗੁਰੂ ਰਵੀਦਾਸ ਪਾਰਕ) ਦੀ ਉਸਾਰੀ ਪਿੱਛੇ ਵੋਟਾਂ ਦੀ ਸਿਆਸਤ ਦੀ ਝਲਕ ਦਿਖਾਈ ਦਿੰਦੀ ਹੈ, ਪਰ ਫਿਰ ਵੀ ਰਵੀਦਾਸ ਜੀ ਦੀਆਂ ਸੁੰਦਰ ਯਾਦਗਾਰਾਂ ਬਣਵਾਉਣੀਆਂ ਇੱਕ ਨੇਕ ਕਰਮ ਕਿਹਾ ਜਾ ਸਕਦਾ ਹੈ। ਇੱਥੇ ਇਹ ਮਨ-ਸਾੜਵਾਂ ਸੱਚ ਲਿਖ ਦੇਣਾ ਵੀ ਜ਼ਰੂਰੀ ਹੈ ਕਿ ਜਾਤ-ਪਾਤ ਤੇ ਛੂਤ-ਛਾਤ ਦੀ ਮਾਰੂ ਬਿਮਾਰੀ ਨੇ ਭਾਰਤੀਆਂ ਦਾ ਪਿੱਛਾ ਅਜੇ ਵੀ ਨਹੀਂ ਛੱਡਿਆ! ਇਹੀ ਕਾਰਣ ਹੈ ਕਿ ਗੁਰੂ ਰਵੀਦਾਸ ਪਾਰਕ ਵਿੱਚ, ਆਮ ਤੌਰ `ਤੇ, ਇੱਕਾ-ਦੁੱਕਾ ‘ਪ੍ਰੇਮੀ ਜੋੜਿਆਂ’ ਨੂੰ ਛੱਡ ਕੇ ਕੋਈ ਹੋਰ ਯਾਤ੍ਰੀ ਘੱਟ ਹੀ ਨਜ਼ਰ ਆਉਂਦਾ ਹੈ! ਅਤੇ ਗੁਰੂ ਰਵੀਦਾਸ ਘਾਟ ਵੀ ਅਧਿਕਤਰ ਸੁੰਨਾ ਹੀ ਰਹਿੰਦਾ ਹੈ। ਇਸ ਘਾਟ `ਤੇ ਗੁੱਲੀ-ਡੰਡਾ ਖੇਡਦੇ ਬੱਚੇ, ਅਤੇ ਧੁੱਪ ਸੇਕਦੇ ਕੁੱਤੇ ਤੇ ਬੱਕਰੀਆਂ ਆਦਿ ਹੀ ਦਿਖਾਈ ਦਿੰਦੇ ਹਨ। ਹਾਂ, ਛੁੱਟੀ ਵਾਲੇ ਦਿਨ ਜਾਂ ਕਿਸੇ ਦਿਨ-ਤਿਉਹਾਰ ਸਮੇਂ ਇਥੇ ਕਾਫ਼ੀ ਰੌਣਕਾਂ ਹੁੰਦੀਆਂ ਹਨ।

ਪੰਚਗੰਗਾ ਘਾਟ ਤੋਂ ਅੱਗੇ ਉੱਤਰ ਵੱਲ ਦਾ ਘਾਟ ਵੀ ਅਕਸਰ ਖ਼ਾਲੀ ਹੀ ਰਹਿੰਦਾ ਹੈ। ਕਿਉਂ? ਕਿਉਂਕਿ, ਇਥੇ ਰਾਮਾਨੰਦ ਜੀ ਦਾ ਮੱਠ ਹੈ। ਰਾਮਾਨੰਦ ਜੀ ਭਗਤੀ ਲਹਿਰ ਦੇ ਉਨ੍ਹਾਂ ਮੋਢੀਆਂ ਵਿੱਚੋਂ ਸਨ ਜਿਨ੍ਹਾਂ ਨੇ, ਆਪ ਬ੍ਰਾਹਮਣ ਹੁੰਦੇ ਹੋਏ ਵੀ, ਜਾਤ-ਪਾਤ ਤੇ ਛੂਤ-ਛਾਤ ਨੂੰ ਨਕਾਰਿਆ ਅਤੇ ਸ਼ੂਦਰ ਤੇ ਅਛੂਤ ਕਹੇ ਜਾਂਦੇ ਕਬੀਰ ਜੀ ਅਤੇ ਰਵੀਦਾਸ ਜੀ ਨੂੰ ਆਪਣਾ ਸ਼ਿਸ਼ (ਸਿੱਖ) ਬਣਾਇਆ। ਉਨ੍ਹਾਂ ਨੇ ਪਾਂਡਿਆਂ ਦੁਆਰਾ ਪ੍ਰਚਾਰੇ ਤੇ ਸੰਪੰਨ ਕੀਤੇ ਜਾਂਦੇ ਕਰਮ-ਕਾਂਡਾਂ ਨੂੰ ਵੀ ਮੂਲੋਂ ਹੀ ਰੱਦ ਕੀਤਾ। ਰਾਮਾਨੰਦ ਸੰਪਰਦਾਯ ਦੇ ਪ੍ਰਚਾਰਕਾਂ ਦਾ ਛੂਤ-ਛਾਤ ਅਤੇ ਕਰਮ-ਕਾਂਡਾਂ ਵਿਰੁੱਧ ਪ੍ਰਚਾਰ ਬ੍ਰਾਹਮਣਾਂ ਅਤੇ ਕੱਟੜ ਹਿੰਦੂਆਂ ਨੂੰ ਜ਼ਰਾ ਵੀ ਨਹੀਂ ਭਾਉਂਦਾ। ਇਹੀ ਕਾਰਣ ਹੈ ਕਿ ਰਾਮਾਨੰਦ ਜੀ ਦੇ ਮੱਠ ਵਿੱਚ ਵੀ ਕਰਮ-ਕਾਂਡੀ ਯਾਤ੍ਰੀਆਂ ਦੀ ਅਵਾ-ਜਾਈ ਬਹੁਤ ਘੱਟ ਹੁੰਦੀ ਹੈ। (ਨੋਟ:- ਰਾਮਾਨੰਦ ਜੀ ਦੇ ਗੁਰੂ ਗ੍ਰੰਥ ਵਿੱਚ ਦਰਜ ਸ਼ਬਦ: ਕਤ ਜਾਈਐ ਰੇ ਘਰਿ ਲਾਗੋ ਰੰਗੁ॥ … ਦੀ ਵਿਆਖਿਆ ਲੇਖ ਦੇ ਅਗਲੇ ਭਾਗ ਵਿੱਚ ਕੀਤੀ ਜਾਵੇਗੀ।)

ਗੰਗਾ-ਘਾਟ ਉੱਪਰ ਧਰਮ ਤੇ ਗੰਗਾ ਮਯੀਆ ਦੇ ਨਾਂ `ਤੇ ਕ੍ਰੋੜਾਂ ਅਰਬਾਂ ਦਾ ਧੰਦਾ ਹੁੰਦਾ ਹੈ। ਕਬੀਰ ਜੀ ਦੇ ਕਹੇ ਕਥਨ:

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑ ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਨਾਰਸਿ ਕੇ ਠਗਿ॥ …

ਓਦੋਂ, 14ਵੀਂ 15ਵੀਂ ਸਦੀ ਈ: ਵਿੱਚ ਸੱਚ ਸਨ ਤੇ ਅੱਜ ਵੀ ਸੱਚ ਹਨ। ਬਨਾਰਸ ਵਿੱਚ ਵੀਹ ਹਜ਼ਾਰ ਤੋਂ ਵੀ ਵੱਧ ਵੱਡੇ-ਛੋਟੇ ਮੰਦਰ ਹਨ ਅਤੇ ਇਸ ਤੋਂ ਵੀ ਕਿਤੇ ਜ਼ਿਆਦਾ ਮੂਰਤੀਆਂ। ਇਨ੍ਹਾਂ ਮੰਦਰਾਂ ਵਿੱਚ ਅਤੇ ਗੰਗਾ-ਘਾਟ ਉੱਤੇ ਬੇਸ਼ੁਮਾਰ ਭੇਖੀ ਪਾਂਡੇ ਹਨ ਜੋ ਦੱਛਣਾ/ਭੇਟਾ ਲੈ ਕੇ ਯਾਤ੍ਰੀ ਜਜਮਾਨਾਂ ਵਾਸਤੇ ਯੱਗ, ਹਵਨ, ਮੰਤਰ-ਜਾਪ, ਪੂਜਾ-ਅਰਚਨਾ ਤੇ ਪ੍ਰਾਰਥਨਾ ਆਦਿ ਕਰਦੇ ਹਨ।

ਗੰਗਾ-ਘਾਟ ਅਤੇ ਮੰਦਰਾਂ ਦੇ ਆਲੇ-ਦੁਆਲੇ ਜੋਤਿਸ਼ ਦਾ ਲਾਹੇਵੰਦ ਧੰਦਾ ਵੀ ਬਹੁਤ ਪ੍ਰਫ਼ੁੱਲਿਤ ਹੈ। ਹਰ ਥਾਂ ਜੋਤਸ਼ੀ ਜਾਂ ਉਨ੍ਹਾਂ ਦੇ ਏਜੰਟ ਨਜ਼ਰ ਆਉਂਦੇ ਹਨ।

ਘਾਟ ਉੱਤੇ ਸੈਂਕੜੇ ਬੇੜੀਆਂ ਹਨ ਜਿਨ੍ਹਾਂ ਵਿੱਚ ਬਿਨਾਂ ਕਿਸੇ ਹਿਸਾਬ ਦੀ ਗਿਣਤੀ ਜਾਂ ਪਾਬੰਦੀ ਦੇ ਯਾਤ੍ਰੀਆਂ ਨੂੰ ਲੱਦ ਕੇ ਸਾਰੇ ਘਾਟ ਦਾ ਚੱਕਰ ਲਵਾਇਆ ਜਾਂਦਾ ਹੈ। ਇਸ ਚੱਕਰ ਦਾ ਭਾੜਾ ਨੀਯਤ ਨਹੀਂ; ਬੇੜੀਆਂ ਦੇ ਮਲਾਹ/ਮਾਲਿਕ ਲਗਦਾ ਦਾਅ ਲਾਉਂਦੇ ਹਨ। ਕਈ ਬੇੜੀਆਂ ਜਰਜਰੀਆਂ ਹਨ, ਜਿਨ੍ਹਾਂ `ਤੇ ਚੜ੍ਹਣਾ ਖ਼ੱਤਰੇ ਤੋਂ ਖ਼ਾਲੀ ਨਹੀਂ ਲਗਦਾ।

ਗੰਗਾ ਨਦੀ ਦੇ ਪਾਣੀ (ਗੰਗਾ-ਜਲ) ਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਗੰਗਾ-ਜਲ ਦੇ ਇਸ ਅੰਮ੍ਰਿਤ ਦਾ ਹਿੰਦੂਆਂ ਵਾਸਤੇ ਬਹੁਤ ਮਹੱਤਵ ਹੈ। ਇੱਕ ਵਿਸ਼ਵਾਸ ਅਨੁਸਾਰ ਗੰਗਾ ਦੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ ਤੇ ਮੁਕਤੀ ਮਿਲਦੀ ਹੈ! ਹਰ ਸ਼ੁਭ-ਅਸ਼ੁਭ ਮੌਕੇ `ਤੇ ਗੰਗਾ-ਜਲ ਦੀ ਵਰਤੋਂ ਕੀਤੀ ਜਾਂਦੀ ਹੈ। ਆਖ਼ਰੀ ਸਾਹ ਲੈ ਰਹੇ ਮਨੁੱਖ ਦੇ ਮੂੰਹ ਵਿੱਚ ਗੰਗਾ-ਜਲ ਪਾਇਆ ਜਾਂਦਾ ਹੈ ਤਾਕਿ ਉਸ ਨੂੰ ਜੀਵਨ ਭਰ ਕੀਤੇ ਆਪਣੇ ਪਾਪਾਂ ਤੋਂ ਮੁਕਤੀ ਮਿਲ ਸਕੇ। ਜਿਨ੍ਹਾਂ ਦੀ ਸਮਰੱਥਾ ਹੈ ਉਹ ਮ੍ਰਿਤਕ ਸਰੀਰ ਨੂੰ ਦਾਹ-ਸਸਕਾਰ ਕਰਨ ਲੱਗਿਆਂ ਗੰਗਾ-ਜਲ ਨਾਲ ‘ਸਨਾਨ ਕਰਵਾਉਂਦੇ ਹਨ ਆਦਿ। ਗੰਗਾ-ਜਲ ਨਾਲ ਜੁੜੇ ਅਜਿਹੇ ਹੋਰ ਕਈ ਕਰਮਕਾਂਡ ਹਨ ਜਿਸ ਕਰਕੇ ਹਿੰਦੂਆਂ ਵਿੱਚ ਇਸ ਜਲ ਦੀ ਬਹੁਤ ਮੰਗ ਹੈ। ਇਸ ਕਰਕੇ, ਹਰਿਦਵਾਰ ਦੀ ਤਰ੍ਹਾਂ, ਇਥੇ ਵੀ ‘ਗੰਗਾ-ਜਲ’ ਦਾ ਬਹੁਤ ਵੱਡਾ ਤੇ ਲਾਹੇਵੰਦ ਵਪਾਰ ਹੁੰਦਾ ਹੈ।

ਹਿੰਦੂਆਂ ਵਿੱਚ ਸਦੀਆਂ ਤੋਂ ਇਹ ਵਿਸ਼ਵਾਸ ਵਿਆਪਕ ਹੈ ਕਿ ਜੀਵਨ ਦੀ ਅੰਤਿਮ ਯਾਤ੍ਰਾ ਵਾਰਾਣਸੀ ਵਿਖੇ ਗੰਗਾ ਦੇ ਤਟ `ਤੇ ਪੂਰੀ ਕਰਨ ਵਾਲੇ ਹਿੰਦੂ ਦੇ ਪਾਪ ਧੋਤੇ ਜਾਂਦੇ ਹਨ ਅਤੇ ਉਸ ਨੂੰ ਸਵਰਗ ਪ੍ਰਾਪਤ ਹੁੰਦਾ ਹੈ। ਪੰਚਗੰਗਾ ਘਾਟ ਤੋਂ ਥੋੜਾ ਪਹਿਲਾਂ ਦੱਖਣ ਵੱਲ ਦੋ ਹੋਰ ਪ੍ਰਸਿੱਧ ਘਾਟ ਹਨ: ਮਣੀਕਾਰਨਿਕਾ ਘਾਟ ਅਤੇ ਹਰੀਸ਼ ਚੰਦ੍ਰ ਘਾਟ, ਜਿਨ੍ਹਾਂ ਨੂੰ ਮਹਾਸ਼ਮਸ਼ਾਨ ਘਾਟ ਵੀ ਕਿਹਾ ਜਾਂਦਾ ਹੈ। ਇਥੇ ਹਰ ਰੋਜ਼ ਸੈਂਕੜੇ ਮ੍ਰਿਤਕਾਂ ਦਾ ਦਾਹ-ਸਸਕਾਰ ਕੀਤਾ ਜਾਂਦਾ ਹੈ। ਇਨ੍ਹਾਂ ਸ਼ਮਸ਼ਾਨ ਘਾਟਾਂ ਵਾਲਾ ਹਿੱਸਾ ਕੱਚਾ ਹੈ ਅਤੇ ਇੱਥੇ ਪੌੜੀਆਂ ਨਹੀਂ ਹਨ। ਗੰਗਾ-ਘਾਟ ਦੀ ਪੈਦਲ ਯਾਤ੍ਰਾ ਕਰਨ ਵਾਲਿਆਂ ਨੂੰ ਪੌੜੀਆਂ ਚੜ੍ਹ ਕੇ ਭੀੜੇ ਬਾਜ਼ਾਰ ਵਿੱਚ ਦੀ ਇਨ੍ਹਾਂ ਸ਼ਮਸ਼ਾਨ ਘਾਟਾਂ ਨੂੰ ਲੰਘਣਾ ਪੈਂਦਾ ਹੈ। ਇਨ੍ਹਾਂ ਘਾਟਾਂ ਦੇ ਆਲੇ ਦੁਆਲੇ ਹਜ਼ਾਰਾਂ ਮਣ ਲੱਕੜ ਦੇ ਢੇਰ ਹਨ। ਦਾਹ-ਸਸਕਾਰ ਕਰਨ ਆਏ ਮ੍ਰਿਤਕਾਂ ਦੇ ਸਨਬੰਧੀਆਂ ਨੂੰ ਅਤਿ ਮਹਿੰਗੇ ਭਾਅ `ਤੇ ਲੱਕੜ ਵੇਚੀ ਜਾਂਦੀ ਹੈ। ਚਿਤਾ ਲਈ ਵਰਤੀ ਜਾਂਦੀ ਚੰਦਨ ਦੀ ਲੱਕੜ ਦਾ ਵੀ ਚੰਗਾ ਵਪਾਰ ਹੈ। ਜਿਹੜੇ ਹਜ਼ਾਰਾਂ-ਲੱਖਾਂ ਲੋਕ ਆਪਣੇ ਸਨਬੰਧੀਆਂ ਦੇ ਮ੍ਰਿਤਕ ਸਰੀਰ ਇਥੇ ਲਿਆ ਕੇ ਅੰਤਿਮ ਸੰਸਕਾਰ ਕਰਨ ਦੀ ਸਮਰੱਥਾ ਨਹੀਂ ਰੱਖਦੇ, ਉਹ ਮ੍ਰਿਤਕਾਂ ਦੀਆਂ ਅਸਥੀਆਂ ਤੇ ਸੁਆਹ ਲਿਆ ਕੇ ਇਥੇ ਜਲਪਰਵਾਹ ਕਰਦੇ ਹਨ। ਇਨ੍ਹਾਂ ਵਿਸ਼ਵਾਸਾਂ ਤੇ ਕਰਮ-ਕਾਂਡਾਂ ਸਦਕਾ ਜਲ, ਥਲ ਤੇ ਵਾਤਾਵਰਣ ਦਾ ਖੁੱਲ੍ਹਾ ਤੇ ਬੇਰੋਕ ਪ੍ਰਦੂਸ਼ਣ ਹੁੰਦਾ ਹੈ।

ਧਰਮ ਦੇ ਨਾਂ `ਤੇ ਦਾਨ ਦੇਣਾ ਭਾਰਤੀਆਂ ਦੇ ਸੁਭਾਅ ਦੀ ਵੱਡੀ ਕਮਜ਼ੋਰੀ ਹੈ। ਪੁਜਾਰੀ ਸ਼੍ਰੇਣੀ ਦੇ ਹੱਡ-ਰੱਖ ਲੋਕ ਅੰਧਵਿਸ਼ਵਾਸੀ ਜਨਤਾ ਦੀ ਇਸ ਕਮਜ਼ੋਰੀ ਦਾ ਨਿਰਸੰਕੋਚ ਲਾਭ ਉਠਾਉਂਦੇ ਹਨ। ਧਰਮ-ਸਥਾਨਾਂ ਦੇ ਬਾਹਰ ਵੀ ਧਰਮ ਦੇ ਨਾਂ `ਤੇ ਮੰਗਣ ਦਾ ਧੰਦਾ ਬਹੁਤ ਚਲਦਾ ਹੈ। ਇਸ ਧੰਦੇ ਨੂੰ ਚਲਾਉਣ ਵਾਲੇ ਕਈ ਜ਼ਮੀਰ-ਮਰੇ ਜ਼ਾਲਿਮ ਗੁੰਡੇ ਮਾਸੂਮ ਬੱਚਿਆਂ, ਮਜਬੂਰ ਔਰਤਾਂ ਤੇ ਅਪਾਹਜ ਬੱਚਿਆਂ ਤੋਂ ਮੰਗਣ ਦਾ ਧੰਦਾ ਕਰਵਾਉਂਦੇ ਹਨ ਅਤੇ ਉਨ੍ਹਾਂ ਦੀ ਇਸ ‘ਕਮਾਈ’ ਨਾਲ ਆਪ ਅਯਾਸ਼ ਜੀਵਨ ਵਿਤੀਤ ਕਰਦੇ ਹਨ।

ਅੰਧਵਿਸ਼ਵਾਸੀ ਮਨੁੱਖ ਧਰਮ ਦੇ ਨਾਂ `ਤੇ ਆਪਣਾ ਸਭ ਕੁੱਝ ਲੁਟਾਉਣ ਨੂੰ ਤਿਆਰ ਰਹਿੰਦਾ ਹੈ, ਪਰ ਮਨੁੱਖਤਾ ਵਾਸਤੇ ਕੋਈ ਪੁੰਨ ਕਰਮ ਕਰਨ ਲੱਗਿਆਂ ਉਸ ਨੂੰ ਸੱਪ ਸੁੰਘ ਜਾਂਦਾ ਹੈ। ਇਸ ਸੱਚ ਨੂੰ ਉਜਾਗਰ ਕਰਦਾ ਇੱਕ ਦਿਲਚਸਪ ਦ੍ਰਿਸ਼ ਸਾਡੇ ਦੇਖਣ ਵਿੱਚ ਆਇਆ: ਕੁੱਝ ਬੱਚੇ-ਬੱਚੀਆਂ ਗੰਗਾ-ਘਾਟ ਦੀਆਂ ਉੱਚੀਆਂ ਇਮਾਰਤਾਂ ਵੱਲ ਉਪਰ ਨੂੰ ਮੂੰਹ ਕਰਕੇ ਉੱਚੀ-ਉੱਚੀ ਚੀਕ-ਚੀਕ ਕੇ ਕਹਿ ਰਹੇ ਸਨ, “ਗੰਗਾ ਮਯੀਆ ਕੇ ਲੀਏ ਪੈਸੇ ਫੈਂਕੋ! ਗੰਗਾ ਦੇਵੀ ਕੇ ਲੀਏ ਭੇਟਾ ਫੈਂਕੋ!” ਜਦੋਂ ਵੀ ਉਪਰੋਂ ਕੋਈ ਸਿੱਕਾ ਡਿੱਗਦਾ, ਇਹ ਬੱਚੇ ਭੱਜ-ਭੱਜ ਕੇ ਲੁੱਟਦੇ। ਕਈ ਸਿੱਕੇ ਤਾਂ ਗੜਿਆਂ ਵਾਂਗ ਉਨ੍ਹਾਂ ਦੇ ਸਿਰ ਵਿੱਚ ਵੱਜਦੇ ਜਿਸ ਦਾ ਉਹ ਜ਼ਰਾ ਵੀ ਬੁਰਾ ਨਹੀਂ ਸੀ ਮਨਾਉਂਦੇ। ਅਸੀਂ ਦਸ-ਬਾਰਾਂ ਸਾਲ ਦੀ ਇੱਕ ਬੱਚੀ ਨੂੰ ਮਜ਼ਾਕ ਨਾਲ ਕਿਹਾ, “ਗੰਗਾ ਮਯੀਆ ਕੇ ਨਾਮ ਪਰ ਮਾਂਗ ਕਰ ਪੈਸੇ ਖ਼ੁਦ ਉਠਾ ਲੇਤੀ ਹੋ!” ਉਸ ਮਾਸੂਮ ਬੱਚੀ ਨੇ ਅਡੋਲਤਾ ਨਾਲ ਜਵਾਬ ਦਿੰਦਿਆਂ ਕਿਹਾ, “ਹਾਂ ਬਾਬੂ ਜੀ! ਵੈਸੇ ਹਮ ਗ਼ਰੀਬਨ ਨੇ ਕੌਣ ਦੇਵਤ ਹੈ?” ਇਨ੍ਹਾਂ ਬੱਚਿਆਂ ਬਾਰੇ ਇੱਕ ਸਥਾਨਕ ਸੱਜਣ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕੁੱਝ ਬੱਚੇ ਅਤਿ ਗ਼ਰੀਬ ਪਰਿਵਾਰਾਂ ਦੇ ਬੱਚੇ ਹਨ, ਤੇ ਮੰਗਣਾ ਇਨ੍ਹਾਂ ਦੀ ਮਜਬੂਰੀ ਹੈ! ਕੀ ਮਜਬੂਰੀ ਹੈ? ਇਹ ਪੜ੍ਹਨਾ ਚਾਹੁੰਦੇ ਹਨ ਤੇ ਆਪਣੀ ਫ਼ੀਸ ਤੇ ਕਿਤਾਬਾਂ ਆਦਿ ਵਾਸਤੇ ਪੈਸੇ ਇਕੱਠੇ ਕਰਨ ਲਈ ਇਹ ਛੁੱਟੀ ਅਤੇ ਦਿਨ-ਤਿਉਹਾਰ ਵਾਲੇ ਦਿਨ ਇੱਥੇ ਆ ਕੇ ਮੰਗਦੇ ਹਨ!

ਵਾਰਾਣਸੀ ਸ਼ਹਿਰ ਦੇ ਮਲ-ਮੂਤ੍ਰ ਤੇ ਗੰਦ ਨਾਲ ਲਬਰੇਜ਼ ਖੁੱਲ੍ਹੇ ਗੰਦੇ ਨਾਲੇ ਗੰਗਾ ਵਿੱਚ ਪੈਂਦੇ ਹਨ। ਸਿਰਫ਼ ਇਥੇ ਹੀ ਨਹੀਂ ਸਗੋਂ ਗੰਗਾ ਦੇ ਸ੍ਰੋਤ ਗੰਗੋਤਰੀ ਗਲੇਸ਼ੀਅਰ ਤੋਂ ਲੈ ਕੇ ਖਾੜੀ ਬੰਗਾਲ ਤਕ ਗੰਗਾ ਕਿਨਾਰੇ ਜਿਤਨੇ ਵੀ ਸ਼ਹਿਰ, ਕਸਬੇ ਜਾਂ ਪਿੰਡ ਵੱਸੇ ਹੋਏ ਹਨ, ਉਨ੍ਹਾਂ ਦੇ ਵਾਸੀ ਜੰਗਲ-ਪਾਣੀ ਵਾਸਤੇ ਗੰਗਾ ਕਿਨਾਰੇ ਜਾਂਦੇ ਹਨ ਅਤੇ ਨਹਾਉਣ ਤੋਂ ਬਿਨਾਂ ਕੱਪੜੇ ਵੀ ਗੰਗਾ `ਤੇ ਹੀ ਧੋਂਦੇ ਹਨ। ਵਾਰਾਣਸੀ ਵਾਲੇ ਗੰਗਾ-ਘਾਟ `ਤੇ ਵੀ ਕਈ ਥਾਂ ਧੋਬੀ-ਘਾਟ ਵਾਲਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਅਤੇ, ਗੰਗਾ ਦਵਾਲੇ ਵਿਚਰਦੇ ਲਾਵਾਰਿਸ ਤੇ ਪਾਲਤੂ ਪਸ਼ੂਆਂ ਦਾ ਜੀਵਨ-ਆਧਾਰ ਵੀ ਗੰਗਾ ਹੀ ਹੈ। ਇੱਕ ਵਿਸ਼ਵਾਸ ਅਨੁਸਾਰ ਕਈ ਮ੍ਰਿਤਕਾਂ (ਸਾਧ-ਸਾਧਵੀਆ ਤੇ ਬੱਚੇ ਆਦਿ) ਦਾ ਦਾਹ ਸਸਕਾਰ ਨਹੀਂ ਕੀਤਾ ਜਾਂਦਾ; ਉਨ੍ਹਾਂ ਦੇ ਮ੍ਰਿਤਕ ਸਰੀਰ ਗੰਗਾ ਵਿੱਚ ਹੀ ਜਲ-ਪਰਵਾਹ ਕਰ ਦਿੱਤੇ ਜਾਂਦੇ ਹਨ। ਚੌਲਾਂ ਤੇ ਤਿਲਾਂ ਜਾਂ ਜੌਆਂ ਦੇ ਬਣਾਏ ਅਣਗਿਣਤ ਪਿੰਡ (ਪਿੰਨੀਆਂ) ਪਿਤਰਾਂ ਨਮਿਤ ਦਾਨ ਵਜੋਂ ਦਿੱਤੇ ਜਾਂਦੇ ਹਨ ਤੇ ਗੰਗਾ ਨੂੰ ਵੀ ਅਰਪਿਤ ਕੀਤੇ ਜਾਂਦੇ ਹਨ। ਇਸ ਰੀਤਿ ਨਾਲ ਮਿਲਦਾ-ਜੁਲਦਾ ‘ਤਿਲਾਂਜਲੀ’ ਦਾ ਕਰਮ-ਕਾਂਡ ਵੀ ਬੜੀ ਸ਼ਰੱਧਾ ਤੇ ਸ਼ਿੱਦਤ ਨਾਲ ਕੀਤਾ/ਕਰਵਾਇਆ ਜਾਂਦਾ ਹੈ। ਕਿਸੇ ਧਾਰਮਿਕ ਵਿਸ਼ਵਾਸ ਦੇ ਪ੍ਰਭਾਵ ਅਧੀਨ ਗੰਗਾ ਦੇ ਤਲ `ਤੇ ਤੇਲ ਦੇ ਬੇਸ਼ੁਮਾਰ ਦੀਵੇ ਵੀ ਰੋੜ੍ਹੇ ਜਾਂਦੇ ਹਨ। ਇਨ੍ਹਾਂ ਸਾਰੇ ਅਤੇ ਕਈ ਹੋਰ ਕਰਮ-ਕਾਂਡਾਂ ਸਦਕਾ, ਸਦੀਆਂ ਤੋਂ ਗੰਗਾ ਦੇ ਪਾਣੀ ਦਾ ਪ੍ਰਦੂਸ਼ਣ ਹੋ ਰਿਹਾ ਹੈ ਅਤੇ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਸਿਰਫ਼ ਇੱਥੇ ਹੀ ਨਹੀਂ ਸਗੋਂ ਗੰਗਾ ਕਿਨਾਰੇ ਵੱਸੇ ਸਾਰੇ ਸ਼ਹਿਰਾਂ ਦੇ ਘਾਟਾਂ `ਤੇ ਵੀ ਇਹੋ ਜਿਹੇ ਹਾਲਾਤ ਹੀ ਹਨ। ਸੋ, ਇਨ੍ਹਾਂ ਤੱਥਾਂ ਦੀ ਰੌਸ਼ਣੀ ਵਿੱਚ ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਸਿਆਸਤਦਾਨਾਂ ਦੁਆਰਾ ਪਵਿੱਤਰ ਗੰਗਾ ਦਾ ‘ਪਵਿੱਤ੍ਰੀਕਰਣ’ ਅਤੇ ‘ਪ੍ਰਦੂਸ਼ਣ-ਮੁਕਤ’ ਕਰਨ ਦੀਆਂ ਟਾਹਰਾਂ ਥੋਥੇ ਤੇ ਅਤਿ ਝੂਠੇ ਬਿਆਨ ਹੀ ਹਨ।

ਅਜ-ਕਲ੍ਹ ਸਭ ਪਾਸੇ ਗੂੰਜਦੇ “ਸਵੱਛ ਭਾਰਤ ਅਭਯਾਨ” ਦੇ ਨਾਹਰੇ ਵੀ ਲੋਕਾਂ ਨੂੰ ਮੂਰਖ ਬਣਾ ਕੇ ਆਪਣਾ ਉੱਲੂ ਸਿੱਧਾ ਕਰਨ ਵਾਸਤੇ ਖੇਖਣਹਾਰੇ ਸਿਆਸਤਦਾਨਾਂ ਦਾ ਇੱਕ ਸਫ਼ਲ ਖੇਖਣ ਹੀ ਹੈ। ਵਾਰਾਣਸੀ ਦਾ ਕੋਈ ਵੀ ਕੋਨਾ, ਗਲੀ-ਮੁਹੱਲਾ, ਬਾਜ਼ਾਰ ਜਾਂ ਘਾਟ ਅਜਿਹਾ ਨਹੀਂ ਜਿਸ ਨੂੰ ‘ਸਵੱਛ’ ਕਿਹਾ ਜਾ ਸਕੇ! ਗਲੀਆਂ ਬਾਜ਼ਾਰਾਂ ਦੀਆਂ ਖੁਲ੍ਹੀਆਂ ਗੰਦੀਆਂ ਨਾਲੀਆਂ ਵਿੱਚੋਂ ਸੜ੍ਹਿਆਂਦ ਆਉਂਦੀ ਹੈ ਅਤੇ ਥਾਂ-ਥਾਂ `ਤੇ ਕੂੜੇ ਦੇ ਢੇਰ ਪਏ ਰਹਿੰਦੇ ਹਨ, ਜਿਨ੍ਹਾਂ ਉੱਤੇ ਗਊਆਂ ਤੇ ਹੋਰ ਪਸ਼ੂ ਚੁਗਦੇ ਨਜ਼ਰ ਆਉਂਦੇ ਹਨ। ਹੋਰ ਤਾਂ ਹੋਰ ‘ਸਵੱਛਤਾ’ ਦਾ ਇਹ ਨਜ਼ਾਰਾ ਮੰਦਰਾਂ ਦੁਆਲੇ, ਪਵਿੱਤਰ ਮੰਨੇ ਜਾਂਦੇ ਗੰਗਾ-ਘਾਟ `ਤੇ, ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਅਤੇ ਅਤਿ ਸੁੰਦਰ ਸਟੇਸ਼ਨ ਤੇ ਬਸ-ਸਟੈਂਡ ਆਦਿ ਉੱਤੇ ਵੀ ਵੇਖਿਆ ਜਾ ਸਕਦਾ ਹੈ।

“ਸਵੱਛ ਭਾਰਤ ਅਭਯਾਨ” ਦੇ ਖੇਖਣ ਦਾ ਇੱਕ ਹੋਰ ਵਰਣਨਯੋਗ ਦ੍ਰਿਸ਼ਟਾਂਤ ਇਹ ਵੀ ਹੈ ਕਿ ਅਸੀਂ ਵਾਰਾਣਸੀ ਵਿੱਚ ਜਿਤਨਿਆਂ ਵੀ ਸੱਜਣਾਂ ਤੋਂ ਰਾਹ ਪੁੱਛਿਆ ਜਾਂ ਕੋਈ ਹੋਰ ਜਾਣਕਾਰੀ ਲੈਣ ਲਈ ਸਵਾਲ ਕੀਤਾ ਤਾਂ ਉਨ੍ਹਾਂ ਵਿੱਚੋਂ ਬਹੁਤੇ ਜਾਂ ਤਾਂ ਇਸ਼ਾਰਿਆਂ ਨਾਲ ਸਮਝਾਉਂਦੇ ਸਨ ਅਤੇ ਜਾਂ ਟੁੱਟੇ-ਫੁੱਟੇ ਅਸਪਸ਼ਟ ਸ਼ਬਦਾਂ ਵਿੱਚ ਜਵਾਬ ਦਿੰਦੇ ਸਨ। ਇੱਕ ਭੋਜਨ-ਭੰਡਾਰ ਦੇ ਮਾਲਿਕ ਨੂੰ ਜਦ ਇਸ ਵਤੀਰੇ ਦਾ ਕਾਰਣ ਪੁੱਛਿਆ ਤਾਂ ਉਹ ਜਵਾਬ ਦੇਣ ਦੀ ਬਜਾਏ ਪਿੱਛੇ ਚਲਾ ਗਿਆ, ਪਰ ਜਲਦੀ ਹੀ ਬਨਾਰਸੀ ਪਰਨੇ ਨਾਲ ਆਪਣਾ ਮੂੰਹ ਪੂੰਝਦਾ ਹੋਇਆ ਵਾਪਸ ਆਇਆ ਤੇ ਮੁਸਕਰਾ ਕੇ ਕਹਿਣ ਲੱਗਾ, “ਹਮ ਬਨਾਰਸੀ ਲੋਗ ਪਾਣ ਖਾਣੇ ਕੇ ਸ਼ੌਕੀਨ ਹੈਂ। ਅਗਰ ਮੂੰਹ ਖੋਹਲੇਂ ਤੋ ਲਾਰੇਂ ਗਿਰਤੀ ਹੈਂ ਔਰ ਪਾਨ ਖਾਣੇ ਕਾ ਮਜ਼ਾ ਭੀ ਨਹੀਂ ਰਹਿਤਾ”। ਵਾਰਾਣਸੀ ਦਾ ਹਰ ਕੋਨਾ, ਕੰਧ, ਗਲੀ, ਬਾਜ਼ਾਰ ਤੇ ਸੜਕ ਆਦਿ ਪਾਨਾਂ ਦੇ ਥੁੱਕ ਨਾਲ ਲਾਲ ਹੈ। ਬਿਮਾਰੀਆਂ ਫੈਲਾਉਣ ਵਿੱਚ ਥੁੱਕ ਕਿਤਨਾ ਸਹਾਈ ਹੁੰਦਾ ਹੈ? ਸਭ ਜਾਣਦੇ ਹੀ ਹਨ!

ਅੰਤ ਵਿੱਚ ਮੈਂ ਇੱਕ ਸੁਖਾਂਵਾਂ ਸੱਚ ਲਿਖ ਦੇਣਾ ਵੀ ਜ਼ਰੂਰੀ ਸਮਝਦਾ ਹਾਂ। ਖ਼ਬਰਾਂ ਅਨੁਸਾਰ ਉੱਤਰ ਪ੍ਰਦੇਸ ਜੁਰਮ, ਹੁੱਲੜਬਾਜ਼ੀ ਅਤੇ ਗੁੰਡਾਗਰਦੀ ਕਰਕੇ ਬਦਨਾਮ ਹੈ। 1984 ਦੇ ਦੰਗਿਆਂ ਦੌਰਾਨ ਸਿੱਖਾਂ ਉੱਤੇ ਸਭ ਤੋਂ ਜ਼ਿਆਦਾ ਜ਼ੁਲਮ ਇਸੇ ਪ੍ਰਾਂਤ ਵਿੱਚ ਹੀ ਕੀਤੇ ਗਏ ਸਨ। ਪਰੰਤੂ ਇਹ ਦੇਖ ਕੇ ਹੈਰਾਨੀ ਹੋਈ ਕਿ ਇੱਥੋਂ ਦੇ ਆਮ ਲੋਕ ਅਧਿਕਤਰ ਬਹੁਤ ਨੇਕ ਤੇ ਸਲੀਕੇ ਵਾਲੇ ਹਨ। ਉਨ੍ਹਾਂ ਦੀ ਬੋਲੀ ਸਤਿਕਾਰ-ਯੁਕਤ, ਬੋਲਣ ਦਾ ਲਹਿਜਾ ਨਮਰ ਤੇ ਮਿੱਠਾ ਅਤੇ ਵਤੀਰਾ ਹਮਦਰਦੀ ਵਾਲਾ ਹੈ। ਅਸੀਂ ਜਿਸ ਕਿਸੇ ਤੋਂ ਵੀ ਰਾਹ ਪੁੱਛਿਆ ਜਾਂ ਕੋਈ ਜਾਣਕਾਰੀ ਮੰਗੀ, ਉਸ ਨੇ ਖਿੜੇ-ਮੱਥੇ ਬੜੇ ਠਰ੍ਹਮੇ ਤੇ ਤਪਾਕ ਨਾਲ ਸਾਨੂੰ ਲੋੜੀਂਦੀ ਜਾਣਕਾਰੀ ਦਿੱਤੀ। ਇੱਥੋਂ ਤਕ ਕਿ ਪੁਲਿਸ ਵਾਲੇ ਵੀ ਇਨ੍ਹਾਂ ਮਾਨਵੀ ਗੁਣਾਂ ਦੇ ਮਾਲਿਕ ਨਜ਼ਰੀਂ ਆਏ। ਇੱਕ ਚੌਂਕ `ਚ ਆਪਣੇ ਅਮਲੇ ਨਾਲ ਡਿਯੂਟੀ ਦੇ ਰਹੇ ਇੱਕ ਉੱਚ-ਅਧਿਕਾਰੀ, ਜੋ ਸ਼ਇਦ ਡੀ: ਐਸ: ਪੀ: ਸੀ, ਨੇ ਆਪ ਸਾਨੂੰ ਸਾਡੀ ਮੰਜ਼ਿਲ ਦੀ ਪੂਰੀ ਜਾਣਕਾਰੀ ਦਿੱਤੀ ਤੇ ਸਾਨੂੰ ਆਟੋ-ਰਿਕਸ਼ਾ `ਤੇ ਬਿਠਾ ਕੇ ਉਸ ਦੇ ਚਾਲਕ ਨੂੰ ਜਾਇਜ਼ ਭਾੜਾ ਲੈਣ ਦੀ ਹਦਾਇਤ ਵੀ ਕੀਤੀ। ਬਸ ਰਾਹੀਂ ਗੋਰਖਪੁਰ ਤੋਂ ਮਗਹਰ ਜਾਂਦਿਆਂ ਇੱਕ ਅੱਧਖੜ ਉਮਰ ਦੇ ਡਾਕਟਰ ਨਾਲ ਵਾਹ ਪਿਆ। ਨੈਤਿਕਤਾ ਦੇ ਪੁੰਜ ਇਸ ਨੇਕ ਡਾਕਟਰ ਦੀਆਂ ਮਾਨਵਵਾਦੀ ਮਿੱਠੀਆਂ ਗੱਲਾਂ ਸਾਡੇ ਦਿਲਾਂ `ਤੇ ਸਦੀਵੀ ਮੋਹਰ ਲਾ ਗਈਆਂ। ਪਰ ਹੈਰਾਨੀ ਇਸ ਗੱਲ ਦੀ ਹੋਈ ਕਿ ਜਿਤਨੇ ਵੀ ਨੇਕ ਬੰਦੇ ਮਿਲੇ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਸਾਨੂੰ ਖ਼ਬਰਦਾਰ ਕਰਦਿਆਂ ਕਿਹਾ, “ਸਰਦਾਰ ਜੀ ਚੌਕਸੀ ਸੇ ਰਹਿਣਾ, ਯਿਹ ਉੱਤਰ ਪ੍ਰਦੇਸ ਹੈ!” ਜਦੋਂ ਡਾਕਟਰ ਨੇ ਵੀ ਇਹੀ ਲਫ਼ਜ਼ ਕਹੇ ਤਾਂ ਅਸੀਂ ਉਸ ਤੋਂ ਇਸ ਦਾ ਕਾਰਣ ਪੁੱਛਿਆ ਤਾਂ ਉਹ ਕਹਿਣ ਲੱਗਾ, “ਆਮ ਜਨਤਾ ਤੋ ਸਭੀ ਸਥਾਨੋਂ ਕੀ ਅੱਛੀ ਹੈ। ਗੁੰਡਾਗਰਦੀ ਕੀ ਠੇਕੇਦਾਰੀ ਤੋ ਨੇਤਾਓਂ ਔਰ ਉਨ ਕੇ ਪਾਲੇ ਹੂਏ ਪਾਪੀ ਗੁੰਡੋਂ ਨੇ ਅਪਣੇ ਹਾਥ ਲੇ ਰੱਖੀ ਹੈ। ਵੁਹ ਆਪਣੇ ਸਵਾਰਥ ਔਰ ਰਾਜ-ਸਿੰਘਾਸਨ ਕੇ ਲੀਏ ਦੰਗੇ ਕਰਵਾ ਕਰ ਨਿਰਦੋਸ਼ ਲੋਗਨ ਕੋ ਮਰਵਾਤੇ ਰਹਿਤੇ ਹੈਂ”। ……

ਚਲਦਾ……

ਗੁਰਿੰਦਰ ਸਿੰਘ ਪਾਲ

ਫ਼ਰਵਰੀ 15, 2015

ਵਾਰਾਣਸੀ ਦੀਆਂ ਫ਼ੋਟੋਆਂ ਦਾ ਵੇਰਵਾ:
1. ਭਗਤ ਰਵੀਦਾਸ ਪਾਰਕ ਵਿੱਚ ਸਥਾਪਿਤ ਰਵੀਦਾਸ ਜੀ ਦੀ ਮੂਰਤੀ।
2. ਭਗਤ ਰਵੀਦਾਸ ਘਾਟ ਉੱਤੇ ਗੁੱਲੀ-ਡੰਡਾ ਖੇਡ੍ਹਦੇ ਬੱਚੇ।
3. ਸੁੰਨੀਆਂ ਪਈਆਂ ਭਗਤ ਰਵੀਦਾਸ ਘਾਟ ਦੀਆਂ ਹੇਠਲੀਆਂ ਪੌੜੀਆਂ।
4. ਭਗਤ ਰਵੀਦਾਸ ਘਾਟ ਨੂੰ ਬਾਕੀ ਦੇ ਗੰਗਾ ਘਾਟ ਤੋਂ ਨਿਖੇੜਦਾ ਕੱਚਾ ਘਾਟ ਜੋ ਪਸ਼ੂਆਂ ਲਈ ਰਾਖਵਾਂ ਹੈ। ਦੋਹਾਂ ਘਾਟਾਂ ਵਿਚਲਾ ਇਹ ਪਾੜਾ, ਅੱਜ 21ਵੀਂ ਸਦੀ ਵਿੱਚ ਵੀ, ਅਮਾਨਵੀ ਵਰਣ-ਵੰਡ ਤੇ ਜਾਤੀ-ਭੇਦ ਦਾ ਪ੍ਰਤੱਖ ਪ੍ਰਮਾਣ ਹੈ।
5. ਗੰਗਾ-ਘਾਟ ਉੱਤੇ ਬਣੀਆਂ ਪਾਣੀ ਦੀਆਂ ਸਰਕਾਰੀ ਟੈਂਕੀਆਂ ਦੇ ਦੁਆਲੇ ਅਤੇ ਹੇਠਾਂ ਕੂੜੇ ਦੇ ਢੇਰ: “ਸਵੱਛ ਭਾਰਤ ਅਭਯਾਨ” ਦਾ ਪ੍ਰਮਾਣ!
6. ਵਾਰਾਣਸੀ ਸਟੇਸ਼ਨ ਦੀ ਆਲੀਸ਼ਾਨ ਇਮਾਰਤ ਦਾ ਬਾਹਰੋਂ ਦਿਸਦਾ ਅਤਿ ਸੁੰਦਰ ਦ੍ਰਿਸ਼।
7. ਉਕਤ……
8. ਗੰਗਾ ਵਿੱਚ ਡਿੱਗਦਾ ਗੰਦਾ ਨਾਲਾ।
9. ਸ਼ਹਿਰ ਵਿੱਚਦੀ ਮਿਹਲਦਾ ਜਾਂਦਾ ਗੰਦਾ ਨਾਲਾ।
10. ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ “ਸਵੱਛ ਭਾਰਤ ਅਭਯਾਨ” ਦੀ ਮੂੰਹ-ਬੋਲਦੀ ਤਸਵੀਰ।
11. ਰਾਤ ਸਮੇਂ ਆਲੀਸ਼ਾਨ ਰੇਲਵੇ ਸਟੇਸ਼ਨ ਦੇ ਅੰਦਰ ਦਾ ਨਜ਼ਾਰਾ: ਮੁੱਖ ਹਾਲ ਅਤੇ ਪਲੈਟਫ਼ਾਰਮ ਉੱਤੇ ਸੁੱਤੇ ਮੁਸਾਫ਼ਿਰ; ਸੁੱਤੇ ਮੁਸਾਫ਼ਿਰਾਂ ਨੂੰ ਲਤਾੜਦੇ ਤੇ ਕੂੜਾ ਖਾਂਦੇ ਆਵਾਰਾ ਪਸ਼ੂ।
12. ਉਕਤ……. . ।




.