.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਖੁੰਝਿਆ ਹੋਇਆ ਮਨੁੱਖ

ਵੈਸਾਖਿ ਧੀਰਨਿ ਕਿਉ ਵਾਢੀਆ, ਜਿਨਾ ਪ੍ਰੇਮ ਬਿਛੋਹੁ।।

ਹਰਿ ਸਾਜਨੁ ਪੁਰਖੁ ਵਿਸਾਰਿ ਕੈ, ਲਗੀ ਮਾਇਆ ਧੋਹੁ।।

ਪੁਤ੍ਰ ਕਲਤ੍ਰ ਨ ਸੰਗਿ ਧਨਾ, ਹਰਿ ਅਵਿਨਾਸੀ ਓਹੁ।।

ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ।।

ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ।।

ਦਯੁ ਵਿਸਾਰਿ ਵਿਗੁਚਣਾ, ਪ੍ਰਭ ਬਿਨੁ ਅਵਰੁ ਨ ਕੋਇ।।

ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ।।

ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ।।

ਵੈਸਾਖੁ ਸੁਹਾਵਾ ਤਾਂ ਲਗੈ, ਜਾ ਸੰਤ ਭੇਟੈ ਹਰਿ ਸੋਇ।। ੩।।

ਇਕ ਧਨੀ ਮਨੁੱਖ ਨੂੰ ਉਹਦਾ ਦੋਸਤ ਪੁੱਛਦਾ ਹੈ ਕਿ ਤੁਸੀਂ ਆਪਣਿਆਂ ਬੱਚਿਆਂ ਲਈ ਕੀ ਕਰ ਰਹੇ ਹੋ? ਤਾਂ ਅੱਗੋਂ ਧਨੀ ਬੰਦਾ ਉੱਤਰ ਦੇਂਦਾ ਹੈ ਕਿ ਮੇਰੀ ਜ਼ਿੰਦਗੀ ਬਹੁਤ ਹੀ ਔਖੀਆਂ ਘਾਟੀਆਂ ਵਿਚਦੀ ਲੰਘੀ ਹੈ। ਹੁਣ ਮੈਂ ਨਹੀਂ ਚਹੁੰਦਾ ਕੇ ਮੇਰੇ ਬੱਚੇ ਮੇਰੇ ਵਾਂਗ ਔਖਿਆਈਆਂ ਕੱਟਣ। ਮੈਂ ਚਹੁੰਦਾ ਹਾਂ ਕਿ ਜਿਹੜੀਆਂ ਸਹੂਲਤਾਂ ਮੈਨੂੰ ਨਹੀਂ ਮਿਲ ਸਕੀਆਂ ਉਹ ਮੇਰੇ ਬੱਚਿਆਂ ਨੂੰ ਮਿਲਣੀਆਂ ਚਾਹੀਦੀਆਂ ਹਨ। ਮੈਂ ਆਪਣੇ ਜੀਵਨ ਵਿੱਚ ਸਹੂਲਤਾਂ ਵਲੋਂ ਬਹੁਤ ਖੁੰਝ੍ਹਿਆ ਰਿਹਾ ਹਾਂ। ਜੇ ਮੇਰੇ ਪਾਸ ਸਹੂਲਤਾਂ ਹੁੰਦੀਆਂ ਤਾਂ ਮੈਂ ਆਪਣੀ ਮਿੱਥੀ ਮੰਜ਼ਿਲ `ਤੇ ਜਲਦੀ, ਪਹਿਲਾਂ ਤੇ ਸੌਖਾ ਪਹੁੰਚ ਜਾਣਾ ਸੀ। ਹੁਣ ਅੱਗੋਂ ਇਹਨਾਂ ਬੱਚਿਆਂ ਨੇ ਕੀ ਬਣਨਾ ਹੈ ਇਹ ਇਹਨਾਂ ਦੀ ਮਰਜ਼ੀ ਹੈ। ਮੈਂ ਆਪਣੇ ਵਲੋਂ ਪੂਰਾ ਜ਼ੋਰ ਲਗਾ ਦਿਆਂਗਾ ਤੇ ਇਹਨਾਂ ਨੂੰ ਕਿਸੇ ਪੱਖੋਂ ਵੀ ਪਛੜਨ ਨਹੀਂ ਦਿਆਂਗਾ। ਕਈ ਵਾਰੀ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਬੰਦਾ ਆਪਣੇ ਜੀਵਨ ਵਿੱਚ ਤਰੱਕੀ ਪੱਖੋਂ ਬਹੁਤ ਖੁੰਝ ਜਾਂਦਾ ਹੈ। ਜਦੋਂ ਬੰਦਾ ਸਮਾਂ ਸੰਭਾਣ ਤੋਂ ਖੁੰਝ ਜਾਂਦਾ ਹੈ ਤਾਂ ਉਸ ਦਾ ਮੰਜ਼ਿਲ ਨਾਲੋਂ ਵਿਛੋੜਾ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਵਿਛੋੜੇ ਕਰਕੇ ਮਨੁੱਖ ਦੇ ਮਨ ਨੂੰ ਧੀਰਜ ਨਹੀਂ ਬੱਝਦੀ। ਕੁੱਝ ਲੋਕ ਸਮਾਂ ਖੁੰਝਣ ਕਰਕੇ ਤੇ ਕੁੱਝ ਆਲਸ ਕਰਕੇ ਮਿੱਥੀ ਮੰਜ਼ਿਲ `ਤੇ ਨਾ ਪਹੁੰਚਣ ਦਾ ਵਿਛੋੜਾ ਪਾ ਲੈਂਦੇ ਹਨ। ਧਰਮ ਦੀ ਦੁਨੀਆਂ ਵਿੱਚ ਗੁਣਾਂ ਰੂਪੀ ਪ੍ਰਭੂ ਜੀ ਨਾਲੋਂ ਵਿਛੜਨ ਕਰਕੇ ਸਾਡੇ ਦੁੱਖਾਂ ਵਿੱਚ ਵਾਧਾ ਹੁੰਦਾ ਹੈ। ਵਿਛੋੜੇ ਨੂੰ ਸਮਝਾਉਣ ਲਈ ਕਈ ਉਦਾਹਰਣਾਂ ਦਿੱਤੀਆਂ ਹਨ। ਗੁਰੂ ਸਾਹਿਬ ਜੀ ਨੇ ਇਸ ਵਿਛੋੜੇ ਦਾ ਵਿਚਾਰ ਪਤੀ ਪਤਨੀ ਦੀਆਂ ਉਦਾਹਰਣਾਂ ਦੇ ਕੇ ਸਮਝਾਇਆ ਹੈ ਕਿ ਜਿਸ ਤਰ੍ਹਾਂ ਇੱਕ ਪਤਨੀ ਆਪਣੇ ਪਤੀ ਤੋਂ ਵਿਛੜ ਕੇ ਦੁੱਖੀ ਹੁੰਦੀ ਹੈ ਏਸੇ ਤਰ੍ਹਾਂ ਮਨੁੱਖ ਆਪਣੇ ਜੀਵਨ ਵਿੱਚ ਖੁੰਝਣ ਕਰਕੇ ਮੰਜ਼ਿਲ ਨਾਲੋਂ ਵਿਛੜ ਜਾਂਦਾ ਹੈ। ਇਸ ਵਿਛੋੜੇ ਕਰਕੇ ਮਨੁੱਖ ਦਾ ਮਨ ਟਿਕਾਓ ਵਿੱਚ ਨਹੀਂ ਆ ਸਕਦਾ ਤੇ ਨਾ ਹੀ ਇਸ ਨੂੰ ਧੀਰਜ ਆ ਸਕਦੀ ਹੈ।

ਜਦੋਂ ਪਾਕਿਸਤਾਨ ਬਣਿਆ ਸੀ ਤਾਂ ਬਹੁਤ ਸਾਰੇ ਪਰਵਾਰਾਂ ਦੇ ਜੀਅ ਚਲ ਰਹੀ ਵਹੀਰ ਨਾਲੋਂ ਵਿਛੜ ਗਏ ਸਨ ਜਿਸ ਕਰਕੇ ਉਹਨਾਂ ਦਾ ਆਪਣੇ ਪਰਵਾਰ ਨਾਲੋਂ ਨਾਤਾ ਟੁੱਟ ਗਿਆ। ਆਪਣੇ ਜੀਆਂ ਦੇ ਵਿਛੜਨ ਕਰਕੇ ਜਿਉਂਦੇ ਜੀਆਂ ਦੇ ਹੰਝੂ ਅਜੇ ਤੱਕ ਨਹੀਂ ਸੁੱਕੇ। ਵਿਛੜੇ ਹੋਏ ਮਨੁੱਖ ਦੇ ਹੰਝੂਆਂ ਦੀ ਦਾਸਤਾਂ ਵਿਛੜਿਆ ਹੋਇਆ ਮਨੁੱਖ ਹੀ ਦਸ ਸਕਦਾ ਹੈ। ਇਸ ਬਾਰਹ ਮਾਂਹ ਦੀ ਪਉੜੀ ਵਿੱਚ ਗੁਰੂ ਸਾਹਿਬ ਜੀ ਨੇ ਦੱਸਿਆ ਹੈ ਕਿ ਅਸੀਂ ਆਪਣੇ ਕਰਮਾਂ ਕਰਕੇ ਖੁੰਝ ਹੋਏ ਹਾਂ ਜਿਸ ਕਰਕੇ ਗੁਣਾਂ ਰੂਪੀ ਰੱਬ ਜੀ ਨਾਲੋਂ ਸਾਡਾ ਵਿਛੋੜਾ ਪੈ ਗਿਆ ਹੈ। ਗੁਰਬਾਣੀ ਸਿਧਾਂਤ ਅਨੁਸਾਰ ਸੰਸਾਰ ਵਿੱਚ ਸਚਿਆਰ ਮਨੁੱਖ ਦੀ ਘਾੜਤ ਘਾੜਨੀ ਹੈ। ਸਭ ਤੋਂ ਪਹਿਲਾਂ ਮਨੁੱਖ ਨੇ ਆਪਣੇ ਅੰਦਰਲੇ ਮਲੀਨ ਵਿਚਾਰਾਂ ਨੂੰ ਸਾਫ਼ ਕਰਨਾ ਹੈ। ਭਾਵ ਨਿੱਜੀ ਜੀਵਨ ਦੀ ਘਾੜਤ ਘਾੜਨੀ ਹੈ। ਫਿਰ ਪਰਵਾਰ, ਸਮਾਜ ਤੇ ਸੰਸਾਰ ਆਉਂਦਾ ਹੈ। ਅਸਾਂ ਗੁਰਬਾਣੀ ਦੇ ਭਾਵ ਨੂੰ ਕੇਵਲ ਨਾਮ ਜੱਪਣ, ਭੋਰਿਆਂ ਦੀ ਡੂੰਘਾਈ, ਚੋਲ਼ਿਆਂ ਦੀ ਲੰਬਾਈ, ਰੰਗ-ਬ-ਰੰਗੀ ਰਹਿਤ ਮਰਯਾਦਾ ਤੇ ਮਾਲ਼ਾ ਵਾਲਾ ਧਰਮ ਬਣਾ ਕੇ ਰੱਖ ਦਿੱਤਾ ਹੈ। ਗੁਰਬਾਣੀ ਨੇ ਵੱਖ ਵੱਖ ਪ੍ਰਤੀਕਾਂ ਉਦਾਹਰਣਾਂ ਦੇ ਕੇ ਸੰਸਾਰ ਨੂੰ ਜੀਵਨ ਜੁਗਤ ਸਮਝਾਈ ਹੈ। ਵੈਸਾਖ ਮਹੀਨੇ ਦਾ ਅਧਾਰ ਬਣਾ ਕੇ ਗੁਰੂ ਸਾਹਿਬ ਜੀ ਨੇ ਸਫਲ ਜੀਵਨ ਦਾ ਨੁਕਤਾ ਸਮਝਾਇਆ ਹੈ ਜਿਸ ਦਾ ਮੂਲ ਪਾਠ ਹੇਠਾਂ ਅੰਕਿਤ ਹੈ---

ਵੈਸਾਖਿ ਧੀਰਨਿ ਕਿਉ ਵਾਢੀਆ, ਜਿਨਾ ਪ੍ਰੇਮ ਬਿਛੋਹੁ।।

ਹਰਿ ਸਾਜਨੁ ਪੁਰਖੁ ਵਿਸਾਰਿ ਕੈ, ਲਗੀ ਮਾਇਆ ਧੋਹੁ।।

ਅੱਖਰੀਂ ਅਰਥ—-ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿੱਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ, (ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?

ਵਿਚਾਰ ਤੇ ਵਿਹਾਰਕ ਪੱਖ---ਇਸ ਪਉੜੀ ਦੀ ਪਹਿਲੀ ਤੁਕ ਵਿੱਚ ਵਿਚਾਰ ਦਿੱਤਾ ਗਿਆ ਹੈ ਕਿ ਜਿਹੜੀਆਂ ਜੀਵ ਰੂਪੀ ਇਸਤ੍ਰੀਆਂ ਆਪਣੇ ਪਤੀ ਨਾਲ ਪਿਆਰ ਕਰਨ ਤੋਂ ਖੁੰਝ ਜਾਂਦੀਆਂ ਹਨ ਉਹਨਾਂ ਨੂੰ ਜੀਵਨ ਵਿੱਚ ਧੀਰਜ ਨਹੀਂ ਮਿਲਦੀ ਤੇ ਉਹ ਭਟਕਣ ਲੱਗ ਜਾਂਦੀਆਂ ਹਨ। ਪਰਵਾਰਾਂ ਵਿੱਚ ਬਹੁਤੀ ਵਾਰ ਇੱਕ ਦੂਜੇ ਨੂੰ ਨਾ ਸਮਝਣ ਕਰਕੇ ਤ੍ਰੇੜਾਂ ਪੈ ਜਾਂਦੀਆਂ ਹਨ। ਇਹ ਤ੍ਰੇੜਾਂ ਹੀ ਲੰਬੇ ਵਿਛੋੜੇ ਦਾ ਮੂਲ ਕਾਰਨ ਬਣਦੀਆਂ ਹਨ। ਨਵ ਵਿਆਹਿਆ ਜੋੜਾ ਜੇ ਕਰ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਨਹੀਂ ਸਮਝੇਗਾ ਕੁਦਰਤੀ ਵਿਛੋੜੇ ਦੀ ਅਰੰਭਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਏੱਥੇ ਇੱਕ ਮੌਕਾ ਹੁੰਦਾ ਹੈ ਰੁੱਸੇ ਨੂੰ ਮਨਾਉਣ ਦਾ, ਆਪਸੀ ਗਿਲੇ ਸ਼ਿਕਵੇ ਖਤਮ ਕਰਨ ਦਾ ਪਰ ਦੁਖਾਂਤ ਇਹ ਹੈ ਕਿ ਅਸੀਂ ਆਪਣੀ ਹਉਮੇ ਛੱਡਣ ਲਈ ਤਿਆਰ ਨਹੀਂ ਹੁੰਦੇ ਜਿਸ ਕਰਕੇ ਰੁਸੇਵਾਂ ਵੱਧ ਜਾਂਦਾ ਹੈ। ਇਹ ਰੁਸੇਵਾਂ ਲੰਮੇ ਵਿਛੋੜੇ ਦਾ ਕਰਨ ਬਣਦਾ ਹੈ। ਜੇ ਕਿਸੇ ਸਿਆਣੇ ਦੀ ਸਲਾਹ ਮੰਨ ਲਈ ਜਾਂਦੀ ਹੈ ਤਾਂ ਇਹ ਵਿਛੋੜਾ ਖਤਮ ਵੀ ਹੋ ਜਾਂਦਾ ਹੈ, ਨਹੀਂ ਤਾਂ ਇਹ ਵਿਛੋੜਾ ਰਿਸ਼ਤੇ ਤੋੜ ਦੇਂਦਾ ਹੈ। ਪੰਜ ਮਿੰਟ ਦਾ ਖੁੰਝਿਆ ਹੋਇਆ ਮਨੁੱਖ ਜ਼ਿੰਦਗੀ ਦੇ ਚੰਗੇ ਅਵਸਰ ਗਵਾ ਲੈਂਦਾ ਹੈ।

ਸਾਡੇ ਜੀਵਨ ਵਿੱਚ ਪ੍ਰਭੂ ਦੇ ਪਿਆਰ ਦਾ ਪ੍ਰਗਟਾਵਾ ਨਹੀਂ ਹੈ। ਭਾਵ ਸਾਡਾ ਵਰਤੋਂ ਵਿਹਾਰ ਠੀਕ ਨਹੀਂ ਹੈ। ਜਿਹੜੀਆਂ ਜੀਵ ਰੂਪੀ ਇਸਤ੍ਰੀਆਂ ਪਿਆਰ ਕਰਨ ਤੋਂ ਵਿਛੜ ਗਈਆਂ ਉਹਨਾਂ ਦੇ ਮਨ ਵਿੱਚ ਧੀਰਜ ਨਹੀਂ ਹੁੰਦੀ। ਪਤੀ ਨਾਲ ਪਿਆਰ ਨਾ ਹੋਣ ਦਾ ਕਰਨ ਗੁਰਬਾਣੀ ਦਸਦੀ ਹੈ ਕਿ ਜੀਵ ਰੂਪੀ ਇਸਤ੍ਰੀ ਨੇ ਪਤੀ ਦਾ ਪਿਆਰ ਛੱਡ ਕੇ ਸੰਸਾਰ ਦੇ ਮਾਇਕ ਧੰਧਿਆਂ ਨਾਲ ਪਿਆਰ ਕਰ ਲਿਆ ਹੈ। ਇੰਜ ਕਿਹਾ ਜਾਏ ਕਿ ਜੀਵ ਰੂਪੀ ਇਸਤ੍ਰੀ ਨੇ ਧਰਮ ਵਾਲਾ ਮਾਰਗ ਛੱਡ ਕੇ ਦੁਨੀਆਂ ਵਾਲਾ ਭਾਵ ਲੋਕ ਦਿਖਾਵੇ ਵਾਲਾ ਰਸਤਾ ਪਕੜ ਲਿਆ ਹੈ। ਆਪਣੇ ਅਸਲ ਨਿਸ਼ਾਨੇ ਤੋਂ ਖੁੰਝ ਗਈ ਹੈ। ਪਿਆਰ ਕਰਨ ਤੋਂ ਖੁੰਝਣ ਦਾ ਕਾਰਨ ਹੈ ਕਿ ਸਾਜਨ ਪੁਰਖ ਵਿਸਾਰ ਦਿੱਤਾ ਭਾਵ ਗੁਣਾਂ ਦਾ ਤਿਆਗ ਕਰ ਦਿੱਤਾ, ਨਿਯਮਾਵਲੀ ਛੱਡ ਦਿੱਤੀ, ਸਿਸਟਾਚਾਰ ਦਾ ਤਿਆਗ ਕਰ ਦਿੱਤਾ ਹੈ। ਗੁਰੂ ਜੀ ਦੇ ਸਿਧਾਂਤ ਨੂੰ ਵਿਸਾਰਿਆ ਹੋਇਆ ਹੈ ਹੈ ਭਾਵ ਵਿਛੋੜੇ ਨੂੰ ਆਪਣੇ ਜੀਵਨ ਵਿੱਚ ਲਾਗੂ ਕੀਤਾ ਹੋਇਆ ਹੈ। ਇੱਕ ਉਦਾਹਰਣ ਦੁਆਰਾ ਸਮਝਣਾ ਪਏਗਾ। ਵਿਆਹ ਸ਼ਾਦੀਆਂ ਵਿੱਚ ਓਟ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਜਾਂਦਾ ਹੈ ਪਰ ਮੈਰਿਜ ਪੈਲਿਸ ਵਿੱਚ ਨਚਾਏ ਨਚਾਰ ਜਾ ਰਹੇ ਹਨ। ਅਰਦਾਸ ਕੀਤੀ ਹੁੰਦੀ ਹੈ ਕਿ ਹੇ ਵਾਹਿਗੁਰੂ ਜੀ ਸਾਡੇ ਅਰੰਭੇ ਕਾਰਜ ਰਾਸ ਕਰਨੇ ਪਰ ਇਸ ਦੇ ਵਿਰੁੱਧ ਸ਼ਰਾਬ-ਦਾਰੂ ਦੀ ਪ੍ਰਧਾਨਤਾ ਹੁੰਦੀ ਹੈ। ਕੀ ਦਾਰੂ ਦੀ ਥਾਂ `ਤੇ ਢਾਡੀਆਂ-ਕਵੀਸ਼ਰਾਂ ਦੀਆਂ ਵਾਰਾਂ ਦਾ ਗਾਇਨ ਨਹੀਂ ਹੋ ਸਕਦਾ? ਇਸ ਦਾ ਅਰਥ ਹੈ ਕਿ ਨੇਕ ਕਰਮਾਂ ਵਰਗੇ ਸਾਜਣ ਨੂੰ ਅਸਾਂ ਵਿਸਰ ਲਿਆ ਤੇ ਸਮਜਿਕ ਬੁਰਾਈਆਂ ਨਾਲ ਸਾਂਝ ਪਾ ਲਈ ਹੈ। ਗੁਰਬਾਣੀ ਵਾਕ ਹੈ—

ਭਾਈ ਰੇ, ਮਿਲਿ ਸਜਣ ਹਰਿਗੁਣ ਸਾਰਿ।।

ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ।। ੧।। ਰਹਾਉ।।

ਸਿਰੀ ਰਾਗ ਮਹਲਾ ੪ ਪੰਨਾ ੪੧

ਹੇ ਭਾਈ! (ਗੁਰੂ-) ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲ। ਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ (ਸਰਨ ਆਏ ਮਨੁੱਖ ਦੇ ਹਿਰਦੇ ਵਿਚੋਂ) ਹਉਮੈ ਦਾ ਦੁੱਖ ਮਾਰ ਕੇ ਕੱਢ ਦੇਂਦਾ ਹੈ। ੧। ਰਹਾਉ।

ਗੁਣਾਂ ਰੂਪੀ ਪ੍ਰਭੂ ਨੂੰ ਅਸਾਂ ਆਪਣਾ ਮਿੱਤਰ ਬਣਾਉਣਾ ਹੈ। ਇਹਨਾਂ ਗੁਣਾਂ ਰੂਪੀ ਪ੍ਰਭੂ ਨੂੰ ਮਿਲਣ ਦੇ ਗੁਰਬਾਣੀ ਨੇ ਕੁੱਝ ਤਰੀਕੇ ਸਮਝਾਏ ਹਨ ਜੇਹਾ ਕਿ ਬਾਬਾ ਫ਼ਰੀਦ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ—

ਕਵਣੁ ਸੁ ਅਖਰੁ, ਕਵਣ ਗੁਣੁ, ਕਵਣੁ ਸੁ ਮਣੀਆ ਮੰਤੁ।।

ਕਵਣੁ ਸੁ ਵੇਸੋ ਹਉ ਕਰੀ, ਜਿਤੁ ਵਸਿ ਆਵੈ ਕੰਤੁ।।

ਪੰਨਾ ੧੩੮੪

(ਹੇ ਭੈਣ!) ਉਹ ਕੇਹੜਾ ਅੱਖਰ ਹੈ? ਉਹ ਕੇਹੜਾ ਗੁਣ ਹੈ? ਉਹ ਕੇਹੜਾ ਸ਼ਿਰੋਮਣੀ ਮੰਤਰ ਹੈ? ਉਹ ਕੇਹੜਾ ਵੇਸ ਮੈਂ ਕਰਾਂ ਜਿਸ ਨਾਲ (ਮੇਰਾ) ਖਸਮ (ਮੇਰੇ) ਵੱਸ ਵਿੱਚ ਆ ਜਾਏ?

ਸ਼ੇਖ ਫ਼ਰੀਦ ਜੀ ਬੜਾ ਪਿਆਰਾ ਉੱਤਰ ਦੇਂਦੇ ਹਨ—

ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ ਮੰਤੁ।।

ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤੁ।।

ਹੇ ਭੈਣ! ਨਿਊਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ। ਜੇ ਇਹ ਤਿੰਨ ਵੇਸ ਕਰ ਲਏਂ ਤਾਂ (ਮੇਰਾ) ਖਸਮ (ਤੇਰੇ) ਵੱਸ ਵਿੱਚ ਆ ਜਾਇਗਾ।

ਪਤੀ ਪ੍ਰਮਾਤਮਾ ਨਾਲੋਂ ਵਿਛੜਨ ਦਾ ਮੂਲ ਕਾਰਨ ਹੈ ਕਿ ਅਸਾਂ ਗੁਰ-ਗਿਆਨ ਨੂੰ ਆਪਣੇ ਸੁਭਾਅ ਦਾ ਅੰਗ ਨਹੀਂ ਬਣਾਇਆ ਤੇ ਨਾ ਹੀ ਇਹਨਾਂ ਗੁਣਾਂ ਦੀ ਵਰਤੋਂ ਕੀਤੀ ਹੈ। ਨਿੰਮ੍ਰਤਾ, ਕਿਸੇ ਦੀ ਗੱਲ ਨੂੰ ਸਹਾਰਨਾ ਤੇ ਜ਼ਬਾਨ ਦੇ ਮਿੱਠੇ ਬੋਲ ਬੋਲਣੇ ਆਤਮਿਕ ਪਹਿਰਾਵਾ ਹੈ ਜੋ ਕਿ ਪਤੀ ਪ੍ਰਮਾਤਮਾ ਨਾਲ ਇਹ ਸਾਂਝ ਦਾ ਪ੍ਰਗਟਾਅ ਹੈ। ਪਤੀ ਪ੍ਰਮਾਤਮਾ ਦੀ ਸਾਂਝ ਦਾ ਅਰਥ ਹੈ ਜੀਵਨ ਵਿੱਚ ਉੱਚੇ ਸੁੱਚੇ ਨਿਸ਼ਾਨਿਆਂ `ਤੇ ਪਹੁੰਚਣਾ। ਜੇ ਅਜੇਹਾ ਨਹੀਂ ਹੋ ਰਿਹਾ ਤਾਂ ਸਾਡਾ ਰੱਬ ਜੀ ਵਲੋਂ ਵਿਛੋੜਾ ਪਿਆ ਹੋਇਆ ਹੈ। ਵਿਛੋੜੇ ਦਾ ਮੂਲ ਕਾਰਨ ਅਗਿਆਨਤਾ ਹੈ। ਸ਼ੇਖ਼ ਫ਼ਰੀਦ ਸਾਹਿਬ ਜੀ ਨੇ ਸਵਾਲ ਕਰਕੇ ਪੁੱਛਿਆ ਹੈ, ਕਿ ਕਿਹੜਾ ਤਰੀਕਾ ਹੈ ਜਿਸ ਨਾਲ ਪਤੀ ਪ੍ਰਮਾਤਮਾ ਮੇਰੇ ਵੱਸ ਵਿੱਚ ਆ ਜਾਏ। ਇਸ ਗੱਲ ਨੂੰ ਬਾਰ ਬਾਰ ਦੁਹਰਾਇਆ ਜਾਂਦਾ ਹੈ ਕਿ ਪਤੀ-ਪ੍ਰਮਾਤਮਾ ਦਾ ਕੋਈ ਸਥੂਲ ਸਰੂਪ ਨਹੀਂ ਹੈ ਫਿਰ ਉਸ ਨੂੰ ਮਨ ਵਿੱਚ ਕਿੱਦਾਂ ਵਸਾਉਣਾ ਹੈ। ਫਿਰ ਇਸ ਭਾਵ ਦਾ ਹੋਇਆ ਕਿ ਸਾਡੇ ਜੀਵਨ ਵਿੱਚ ਉੱਚ ਪਾਏ ਦਾ ਸਲੀਕਾ ਆ ਜਾਏਗਾ, ਰੱਬੀ ਗੁਣਾਂ ਨਾਲ ਸਾਂਝ ਬਣ ਜਾਏਗੀ। ਫ਼ਰੀਦ ਸਾਹਿਬ ਜੀ ਇਸ ਵਿਚਾਰ ਦਾ ਆਪ ਹੀ ਸਮਾਧਾਨ ਦੱਸਦੇ ਹਨ ਕਿ ਉਪਰੋਕਤ ਤਿੰਨ ਨੁਕਤਿਆਂ ਦੀ ਵਰਤੋਂ ਕਰਨ ਵਾਲਾ ਰੱਬ ਜੀ ਦਾ ਰੂਪ ਹੋ ਜਾਂਦਾ ਹੈ। ਭਾਵ ਬੋਲ-ਬਾਣੀ ਦੇ ਵੇਸ ਦੁਆਰਾ ਸਾਡੇ ਵਰਤਾ ਦੁਆਰਾ ਇਹ ਗੁਣ ਸਾਡੇ ਸੁਭਾਅ ਵਿਚੋਂ ਤਥਾ ਰੋਜ਼ਮਰਾ ਦੀ ਜ਼ਿੰਦਗੀ ਵਿਚੋਂ ਪ੍ਰਗਟ ਹੋਣਗੇ।

ਇਸ ਦਾ ਸਪੱਸ਼ਟ ਉੱਤਰ ਹੈ ਕਿ ਸਾਡਾ ਰੱਬ ਜੀ ਨਾਲ ਵਿਛੋੜੇ ਦਾ ਮੂਲ ਕਾਰਨ ਰੱਬੀ ਗੁਣਾਂ ਦਾ ਤਿਆਗ ਕਰਨ ਕਰਕੇ ਹੋਇਆ ਹੈ। ਘਰ ਵਿੱਚ ਕਲੇਸ਼ ਦਾ ਮੂਲ ਕਾਰਨ ਹੈ ਕਿ ਅਸੀਂ ਇੱਕ ਦੂਜੇ ਨੂੰ ਸਮਝ ਨਹੀਂ ਰਹੇ। ਅਜੇਹੀ ਅਵਸਥਾ ਵਿੱਚ ਸ਼ੁਭ ਗੁਣ ਗਵਾਚ ਜਾਂਦੇ ਹਨ ਭਾਵ ਰੱਬ ਜੀ ਨਾਲੋਂ ਅਸੀਂ ਦੂਰ ਹੋ ਜਾਂਦੇ ਹਾਂ। ਇਸ ਪਉੜੀ ਦੀ ਤੀਜੀ ਤੁਕ ਵਿਚ—

ਪੁਤ੍ਰ ਕਲਤ੍ਰ ਨ ਸੰਗਿ ਧਨਾ, ਹਰਿ ਅਵਿਨਾਸੀ ਓਹੁ।।

ਅੱਖਰੀਂ ਅਰਥ--ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇੱਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ।

ਵਿਚਾਰ ਤੇ ਵਿਹਾਰਕ ਪੱਖ--ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਪਰਵਾਰ ਦੀ ਪਾਲਣਾ ਨਾ ਕਰੀਏ? ਕੀ ਪਰਵਾਰ ਛੱਡ ਦੇਣਾ ਚਾਹੀਦਾ ਹੈ? ਕੀ ਕਿਰਤ ਕਮਾਈ ਨਹੀਂ ਕਰਨੀ ਚਾਹੀਦੀ, ਕਿਉਂਕਿ ਧੰਨ ਦੋਲਤ ਤਾਂ ਨਾਲ ਜਾਣੀ ਨਹੀਂ ਹੈ। ਇਸ ਦਾ ਭਾਵ ਅਰਥ ਸਮਝਣ ਦਾ ਯਤਨ ਕਰਾਂਗੇ। ਇੱਕ ਤਾਂ ਇਹ ਗੱਲ ਬਣਦੀ ਹੈ ਕਿ ਮਨੁੱਖ ਪਰਵਾਰ ਨੂੰ ਖੁਸ਼ ਕਰਨ ਲਈ ਜਾਂ ਪਰਵਾਰ ਨੂੰ ਸੁਖ ਸਹੂਲਤਾਂ ਦੇਣ ਲਈ ਗਲਤ ਢੰਗ ਵਰਤ ਕੇ ਮਾਇਆ ਦੇ ਅੰਬਾਰ ਲਗਾਉਂਦਾ ਹੈ। ਜਦੋਂ ਜੇਲ੍ਹ ਦੀ ਯਾਤਰਾ ਕਰਦਾ ਹੈ ਤਾਂ ਇਸ ਨੂੰ ਇਕੱਲਿਆਂ ਹੀ ਜਾਣਾ ਪੈਂਦਾ ਹੈ। ਦੂਜੇ ਪਾਸੇ ਜਿਸ ਪਰਵਾਰ ਲਈ ਆਪ ਔਖਿਆਂ ਹੋ ਕੇ ਧਨ ਦੌਲਤ ਇਕੱਤਰ ਕਰਦਾ ਹੈ ਉਹ ਪਰਵਾਰ ਸੌਖੀ ਆਈ ਮਾਇਆ ਦੇ ਗੁਲਛਰੇ ਉਡਾਉਂਦਾ ਹੈ। ਬੰਦੇ ਨੂੰ ਸਮਝਾਇਆ ਹੈ ਕਿ ਅਪਣੀ ਧਰਮ ਦੀ ਨੇਕ ਕਮਾਈ ਹੀ ਰੱਬ ਜੀ ਦਾ ਸਾਥ ਹੈ। ਦੂਸਰਾ ਅਸੀਂ ਵਿਕਾਰਾਂ ਨੂੰ ਵੀ ਆਪਣਾ ਪੁੱਤਰ ਧੀ ਬਣਾਇਆ ਹੋਇਆ ਹੈ ਜਿੰਨਾਂ ਦੇ ਅਧੀਨ ਹੋ ਕੇ ਅਸੀਂ ਚਲਦੇ ਹਾਂ। ਵੇਕਾਰ ਕਦੇ ਵੀ ਤੋੜ ਨਿਭਣ ਵਾਲਾ ਸਾਥੀ ਨਹੀਂ ਹੈ। ਕਬੀਰ ਸਾਹਿਬ ਜੀ ਦਾ ਇਸ ਪ੍ਰਤੀ ਬੜਾ ਪਿਆਰਾ ਫਰਮਾਣ ਹੈ—

ਕੋ ਹੈ ਲਰਿਕਾ ਬੇਚਈ, ਲਰਿਕੀ ਬੇਚੈ ਕੋਇ।।

ਸਾਝਾ ਕਰੈ ਕਬੀਰ ਸਿਉ, ਹਰਿ ਸੰਗਿ ਬਨਜੁ ਕਰੇਇ।। ੪੩।।

ਪੰਨਾ ੧੩੬੬

ਕੋਈ ਵਿਰਲਾ ਹੀ ਹੁੰਦਾ ਹੈ ਜੋ ਪਰਮਾਤਮਾ ਨਾਲ (ਉਸ ਦੇ ਨਾਮ ਦਾ) ਵਣਜ ਕਰਦਾ ਹੈ, ਜੋ (ਨਾਮ ਧਨ ਖ਼ਰੀਦਣ ਲਈ ਕਾਮਾਦਿਕ ਮਾਇਆ ਦੇ ਪੰਜ) ਪੁੱਤ੍ਰ ਅਤੇ (ਆਸ਼ਾ ਤ੍ਰਿਸ਼ਨਾ ਈਰਖਾ ਆਦਿਕ) ਧੀਆਂ ਵੱਟੇ ਵਿੱਚ ਦੇਂਦਾ ਹੈ। ਕਬੀਰ ਚਾਹੁੰਦਾ ਹੈ ਕਿ ਅਜੇਹਾ ਮਨੁੱਖ (ਇਸ ਵਪਾਰ ਵਿਚ) ਮੇਰੇ ਨਾਲ ਭੀ ਸਤ-ਸੰਗ ਦੀ ਸਾਂਝ ਬਣਾਏ। ੪੩।

ਵੇਕਾਰਾਂ ਨੂੰ ਅਸੀਂ ਧੀਆਂ ਪੁੱਤਰ ਬਣਾਇਆ ਹੋਇਆ ਹੈ। ਇਹਨਾਂ ਵੇਕਾਰਾਂ ਨੇ ਸਾਡਾ ਕਦੀ ਵੀ ਸਾਥ ਨਹੀਂ ਦੇਣਾ। ਇਸ ਤੁਕ ਵਿੱਚ ਰਾਂਹੀਂ ਆਪਣਾ ਇਮਾਨ ਵੇਚਣ ਵਾਲੇ ਨੂੰ ਦੱਸਿਆ ਹੈ ਕਿ ਅਸਲ ਸਾਥੀ ਕੇਵਲ ਨੇਕ ਨੀਅਤ ਹੀ ਹੈ ਤੇ ਜੋ ਅਖੀਰ ਤੱਕ ਸਾਥ ਦੇਂਦੀ ਹੈ। ‘ਹਰਿ ਅਵਿਨਾਸੀ ਓਹੁ` ਨੇਕ ਨੀਅਤ, ਇਮਾਨਦਾਰੀ ਤੇ ਸੱਚ ਸਦਾ ਰਹਿਣ ਵਾਲਾ ਹੈ। ਪੱਕੇ ਹੋਏ ਫ਼ਲ ਦੀ ਇੱਕ ਮੰਜ਼ਿਲ ਤਦ ਹੀ ਸਫਲ ਹੁੰਦੀ ਹੈ ਜਦੋਂ ਮਨੁੱਖ ਉਸ ਨੂੰ ਖਾ ਲੈਂਦਾ ਹੈ। ਮਨੁੱਖ ਦੀ ਵੀ ਇੱਕ ਮੰਜ਼ਿਲ ਹੈ ਜਿਸ `ਤੇ ਇਸ ਨੇ ਪਹੁੰਚਣਾ ਹੈ। ਇਹ ਨਿਸ਼ਾਨਾ ਹੈ ਚੰਗਾ ਇਨਸਾਨ ਬਣਨਾ। ਚੰਗਾ ਇਨਸਾਨ ਹੀ ਅਸਲ ਧਰਮੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ—

ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ।।

ਅੱਖਰੀਂ ਅਰਥ---ਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ।

ਵਿਚਾਰ ਤੇ ਵਿਹਾਰਕ ਪੱਖ--ਸਾਰੀ ਦੁਨੀਆਂ ਮੁੜ ਮੁੜ ਕੇ ਝੂਠੇ ਧੰਧੇ ਵਿੱਚ ਫਸੀ ਪਈ ਹੈ। ਝੂਠਾ ਧੰਧੇ ਤੋਂ ਮੁਰਾਦ ਲੋਕਾਂ ਨੂੰ ਖੁਸ਼ ਕਰਨ ਲਈ ਸਮਾਜਿਕ ਬੁਰਾਈਆਂ ਵਿੱਚ ਵਿਚਰ ਰਿਹਾ ਹੈ। ਇਸ ਤੁਕ ਤੋਂ ਸਮਝ ਆਉਂਦੀ ਹੈ ਕਿ ਧੰਧੇ ਦੋ ਪ੍ਰਕਾਰ ਦੇ ਹਨ। ਇੱਕ ਅਸਲੀ ਧੰਧਾ ਤੇ ਦੂਜਾ ਹੇਰਾ ਫੇਰੀ ਵਾਲਾ ਧੰਧਾ ਹੈ। ਇਸ ਵਿਚਾਰ ਨੂੰ ਇਸ ਤਰ੍ਹਾਂ ਵੀ ਲਿਆ ਜਾ ਸਕਦਾ ਹੈ ਕਿ ਇੱਕ ਮਲਕ ਭਾਗੋ ਵਾਲਾ ਰਸਤਾ ਹੈ ਤੇ ਦੂਜਾ ਭਾਈ ਲਾਲੋ ਵਾਲਾ ਧਰਮ-ਧੰਧਾ ਹੈ। ਸਿੱਖੀ ਦਾ ਵਿਧਾਨ ਹੀ ਧਰਮ ਦੀ ਕਿਰਤ ਤੇ ਟਿਕਿਆ ਹੋਇਆ ਹੈ। ਧੰਧਾ ਕੋਈ ਵੀ ਹੋਵੇ ਪਰ ਸੱਚ ਦੇ ਅਧਾਰਤ ਹੋਣਾ ਚਾਹੀਦਾ ਹੈ। ਆਮ ਦੁਨੀਆਂ ਝੂਠੇ ਧੰਧਿਆਂ ਵਿੱਚ ਫਸੀ ਪਈ ਹੈ। ਇੱਕ ਅਸਲੀ ਦੁੱਧ ਵੇਚਦਾ ਹੈ ਤੇ ਦੂਜਾ ਦੁੱਧ ਵਿੱਚ ਮਿਲਾਵਟ ਕਰਕੇ ਵੇਚਦਾ ਹੈ। ਦੁੱਧ ਵਿੱਚ ਮਿਲਾਵਟ ਕਰਨੀ ਝੂਠਾ ਧੰਧਾ ਹੈ। ਨਿਉਜ਼ੀਲੈਂਡ ਵਿੱਚ ਇੱਕ ਘੰਟੇ ਦੀ ਮੇਹਨਤ ਲੱਗ-ਪਗ ੧੪ ਡਾਲਰ ਹੈ। ਪਰ ਕਈ ਮਾਲਕ ਮਜ਼ਬੂਰ ਲੋਕਾਂ ਨੂੰ ਕੇਵਲ ਤਿੰਨ ਡਾਲਰ ਦੇ ਕੇ ਬਾਕੀ ਦੇ ਪੈਸੇ ਆਪ ਖਾ ਜਾਂਦੇ ਹਨ। ਹੁਣ ਇਹ ਲੋਕ ਪੰਜਾਬ ਵਿੱਚ ਆ ਕੇ ਸੜਕਾਂ `ਤੇ ਲੰਗਰ ਲਗਾਉਣ ਤੇ ਆਖਣ ਅਸੀਂ ਧਰਮ ਦਾ ਕਰਮ ਕਰ ਰਹੇ ਹਾਂ। ਇਹਨਾਂ ਸਬੰਧੀ ਕਹਿਣਾ ਪਏਗਾ ਇਹ ਸਾਰੇ ਝੂਠੇ ਧੰਧੇ ਵਿੱਚ ਹੀ ਫਸੇ ਪਏ ਹਨ ਤੇ ਪੰਜਾਬ ਆ ਕੇ ਧਰਮ ਦਾ ਕਰਮ ਕਰਕੇ ਦੁਨੀਆਂ ਵਿੱਚ ਸੱਚੇ ਹੋਣ ਦਾ ਦਾਅਵਾ ਕਰਦੇ ਹਨ। ਧੰਧੇ ਵਿੱਚ ਸਾਫ਼ਗੋਈ ਹੋਣੀ ਚਾਹੀਦੀ ਹੈ। ਇਹ ਸਾਫ਼ਗੋਈ ਤਾਂ ਹੀ ਆ ਸਕਦੀ ਹੈ ਜੇ ਇੱਕ ਰੱਬ ਜੀ `ਤੇ ਭਰੋਸਾ ਹੋਵੇਗਾ। ਗੁਰੂ ਅਰਜਨ ਪਾਤਸ਼ਾਹ ਜੀ ਦਾ ਪਿਆਰਾ ਵਾਕ ਹੈ—

ਮੇਰੀ ਮੇਰੀ ਕਰਤ ਦਿਨੁ ਰੈਨਿ ਬਿਹਾਵੈ ਪਲੁ ਖਿਨੁ ਛੀਜੈ ਅਰਜਾਧੇ।।

ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ।। ੨।।

ਆਸਾ ਮਹਲਾ ੫ ਪੰਨਾ ੪੦੩

ਅੱਖਰੀਂ ਅਰਥ--ਇਹ ਮੇਰੀ ਮਲਕੀਅਤ ਹੈ ਇਹ ਮੇਰੀ ਜਾਇਦਾਦ ਹੈ`—ਇਹ ਆਖਦਿਆਂ ਹੀ (ਮੰਦ-ਭਾਗੀ ਮਨੁੱਖ ਦਾ) ਦਿਨ ਗੁਜ਼ਰ ਜਾਂਦਾ ਹੈ (ਇਸ ਤਰ੍ਹਾਂ ਹੀ ਫਿਰ) ਰਾਤ ਲੰਘ ਜਾਂਦੀ ਹੈ, ਪਲ ਪਲ ਛਿਨ ਛਿਨ ਕਰ ਕੇ ਇਸ ਦੀ ਉਮਰ ਘਟਦੀ ਜਾਂਦੀ ਹੈ। ਜਿਵੇਂ ਮਿੱਠੇ ਦੇ ਸੁਆਦ ਵਿੱਚ (ਮੱਖੀ) ਫਸ ਜਾਂਦੀ ਹੈ ਤਿਵੇਂ (ਮੰਦ-ਭਾਗੀ ਮਨੁੱਖ) ਝੂਠੇ ਧੰਧੇ ਵਿੱਚ ਦੁਰਗੰਧ ਵਿੱਚ ਫਸਿਆ ਰਹਿੰਦਾ ਹੈ। ੨।

ਘਰ ਕਾ ਕਾਜੁ ਨ ਜਾਣੀ ਰੂੜਾ ॥ ਝੂਠੈ ਧੰਧੈ ਰਚਿਓ ਮੂੜਾ ॥੧॥

ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਇਹ ਮੂਰਖ ਝੂਠੇ ਧੰਧੇ ਵਿਚ ਮਸਤ ਰਹਿੰਦਾ ਹੈ, ਉਹ ਸੋਹਣਾ ਕੰਮ ਕਰਨਾ ਨਹੀਂ ਜਾਣਦਾ, ਜੇਹੜਾ ਇਸ ਦੇ ਆਪਣੇ ਹਿਰਦੇ-ਘਰ ਦੇ ਕੰਮ ਆਉਂਦਾ ਹੈ।੧।

ਜੇਹਾ ਕਿ ਅਗਲੀ ਤੁਕ ਵਿੱਚ ਬੜਾ ਪਿਆਰਾ ਫਰਮਾਇਆ ਹੈ—

ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ।।

ਅੱਖਰੀਂ ਅਰਥ--ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ)।

ਵਿਚਾਰ ਤੇ ਵਿਹਾਰਕ ਪੱਖ--ਸਿਆਣੇ ਕਹਿੰਦੇ ਨੇ ਵਿਦਿਆ ਇੱਕ ਅਜੇਹਾ ਧਨ ਹੈ ਜੋ ਚੁਰਾਇਆ ਨਹੀਂ ਜਾ ਸਕਦਾ। ਵਿਦਿਆ ਸਾਡੇ ਹਰ ਥਾਂ `ਤੇ ਸਹਾਇਤਾ ਕਰਦੀ ਹੈ। ਇੱਕ ਨਾਮ ਤੋਂ ਬਿਨਾਂ ਆਉਣ ਵਾਲੇ ਜੀਵਨ ਵਿੱਚ ਖੁਆਰੀ ਹੁੰਦੀ ਹੈ। ਇਸ ਦਾ ਭਾਵ ਅਰਥ ਏਹੀ ਹੈ ਕਿ ਸਚਾਈ ਤੋਂ ਮੁਨਕਰ ਹੋਣ ਵਾਲੇ ਬੰਦੇ ਦੇ ਜੀਵਨ ਵਿੱਚ ਖੁਆਰੀਆਂ ਹੀ ਹੁੰਦੀਆਂ ਹਨ। ਜੇ ਮਕਾਨ ਦੀ ਨੀਂਹ ਸਹੀ ਹੈ ਤਾਂ ਮਕਾਨ ਵੀ ਸਹੀ ਬਣੇਗਾ। ਜੇ ਨੀਂਹ ਹੀ ਗਲਤ ਰੱਖੀ ਜਾਏ ਤਾਂ ਮਕਾਨ ਕਦੇ ਵੀ ਠੀਕ ਨਹੀਂ ਬਣੇਗਾ। ‘ਇਕਸੁ ਹਰਿ ਕੇ ਨਾਮ ਬਿਨਾ` ਦਾ ਅਰਥ ਹੈ ਸਚਾਈ ਤੋਂ ਬਿਨਾ ‘ਅਗੈ ਲਈਅਹ ਖੋਹਿ` ਦਾ ਅਰਥ ਹੈ ਆਉਣ ਵਾਲੇ ਜੀਵਨ ਵਿੱਚ ਖੁਆਰੀਆਂ ਪੈਦਾ ਹੁੰਦੀਆਂ ਹਨ। ਪਉੜੀ ਦੀ ਅਗਲੀ ਤੁਕ ਵਿਚ

ਦਯੁ ਵਿਸਾਰਿ ਵਿਗੁਚਣਾ, ਪ੍ਰਭ ਬਿਨੁ ਅਵਰੁ ਨ ਕੋਇ।।

ਅੱਖਰੀਂ ਅਰਥ--ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ।

ਵਿਚਾਰ ਤੇ ਵਿਹਾਰਕ ਪੱਖ--ਪ੍ਰਭੂ ਜੀ ਨੂੰ ਵਿਸਾਰ ਕੇ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੇ ਪ੍ਰਭੂ ਹੀ ਸਾਡੀ ਜਿੰਦ ਦਾ ਸਹਾਈ ਹੈ। ਪ੍ਰਭੂ ਜੀ ਤੋਂ ਭਾਵ ਹੈ ਸ਼ੁਭ ਗੁਣ, ਸਦੀਵ ਕਾਲ ਨਿਯਮਾਵਲੀ, ਰੱਬੀ ਹੁਕਮ, ਸਚਾਈ, ਸੰਜਮ, ਧੀਰਜ ਅਤੇ ਨੇਕ ਨੀਅਤ ਨਾਲ ਕੀਤੇ ਕਰਮ ਹਨ। ਸਤ-ਸੰਤੋਖ ਵਰਗੀਆਂ ਹਕੀਕਤਾਂ ਤੋਂ ਮੂੰਹ ਮੋੜਨਾ ਹੀ ਰੱਬ ਜੀ ਨੂੰ ਤਿਆਗਣਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਦਾ ਫਰਮਾਣ ਹੈ ਕਿ ਹੇ ਮੇਰੇ ਮਨ ਤੂੰ ਕੇਵਲ ਇੱਕ ਰੱਬ ਜੀ ਨਾਲ ਸਾਂਝ ਪਉਣ ਲਈ ਯਤਨਸ਼ੀਲ ਹੋਣ ਦਾ ਯਤਨ ਕਰ—

ਮੇਰੇ ਮਨ, ਏਕਸ ਸਿਉ ਚਿਤੁ ਲਾਇ।।

ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ।। ੧।। ਰਹਾਉ।।

ਸਿਰੀ ਰਾਗ ਮਹਲਾ ੫ ਪੰਨਾ ੪੪

ਹੇ ਮੇਰੇ ਮਨ! ਸਿਰਫ਼ ਇੱਕ ਪਰਮਾਤਮਾ ਨਾਲ ਸੁਰਤਿ ਜੋੜ। ਇੱਕ ਪਰਮਾਤਮਾ (ਦੇ ਪਿਆਰ) ਤੋਂ ਬਿਨਾ (ਦੁਨੀਆ ਦੀ) ਸਾਰੀ (ਦੌੜ-ਭੱਜ) ਜੰਜਾਲ ਬਣ ਜਾਂਦੀ ਹੈ। (ਤੇ) ਮਾਇਆ ਦਾ ਮੋਹ ਹੈ ਭੀ ਸਾਰਾ ਵਿਅਰਥ। ੧।

ਪਉੜੀ ਦੀ ਅਗਲੀ ਤੁਕ ਵਿਚ—

ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ।।

ਅੱਖਰੀਂ ਅਰਥ-- ਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ।

ਵਿਚਾਰ ਤੇ ਵਿਹਾਰਕ ਪੱਖ--ਇਸ ਤੁਕ ਵਿੱਚ ਪ੍ਰੀਤਮ ਦੀ ਚਰਨੀ ਲਗਣ ਲਈ ਕਿਹਾ ਗਿਆ ਹੈ। ਚਰਨੀ ਲੱਗਣ ਨਾਲ ਜ਼ਿੰਦਗੀ ਵਿੱਚ ਪਵਿੱਤ੍ਰਤਾ ਆ ਜਾਂਦੀ ਹੈ। ਪ੍ਰੀਤਮ ਚਰਨਾਂ ਤੋਂ ਭਾਵ ਹੈ ਰੱਬੀ ਗੁਣਾਂ ਅਨੁਸਾਰ ਜੀਵਨ ਨੂੰ ਸੇਧ ਦੇਣੀ। ‘ਨਿਰਮਲ ਸੋਇ` ਤੋਂ ਭਾਵ ਅਰਥ ਜੀਵਨ ਜਾਚ ਆ ਜਾਣੀ ਤਥਾ ਜ਼ਿੰਦਗੀ ਦੀਆਂ ਹਕੀਕਤਾਂ ਦੀ ਸਮਝ ਆ ਜਾਣੀ ਹੈ। ਸੱਚੇ ਮਾਰਗ `ਤੇ ਤੁਰਨ ਵਾਲਾ ਹਮੇਸ਼ਾਂ ਆਪਣਾ ਦਾਮਨ ਸਾਫ਼ ਰੱਖਦਾ ਹੈ–

ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ।।

ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ।। ੧।।

ਸਿਰੀ ਰਾਗ ਮਹਲਾ ੫ ਪੰਨਾ ੪੬

ਅਤੇ

ਗੁਰ ਪਰਸਾਦਿ ਪਰਮ ਪਦੁ ਪਾਇਆ।। ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ।। ੬।।

ਮਾਝ ਮਹਲਾ ੩ ਪੰਨਾ ੧੪੪

ਜੀਵਨ ਨੂੰ ਪਵਿੱਤ੍ਰ ਕਰਨ ਵਾਲੀ ਗੁਰਬਾਣੀ ਦੀ ਸਹਾਇਤਾ ਨਾਲ ਉਸ ਦਾ ਮਨ ਪਵਿੱਤ੍ਰ ਹੋ ਗਿਆ, ਉਹ ਆਤਮਕ ਅਡੋਲਤਾ ਵਿੱਚ ਟਿਕ ਕੇ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ੬।

ਪਉੜੀ ਦੀਆਂ ਅਖੀਰਲੀਆਂ ਤੁਕਾਂ ਵਿਚ

ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ।।

ਵੈਸਾਖੁ ਸੁਹਾਵਾ ਤਾਂ ਲਗੈ, ਜਾ ਸੰਤ ਭੇਟੈ ਹਰਿ ਸੋਇ।।

ਅੱਖਰੀਂ ਅਰਥ--ਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ। (ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ। ੩।

ਵਿਚਾਰ ਤੇ ਵਿਹਾਰਕ ਪੱਖ--ਇਹਨਾਂ ਤੁਕਾਂ ਵਿੱਚ ਪ੍ਰਮਾਤਮਾ ਦੇ ਮਿਲਾਪ ਹੋਣ ਨਾਲ ਜ਼ਿੰਦਗੀ ਵਿੱਚ ਗੁਣਵੱਤਾ ਆ ਜਾਂਦੀ ਹੈ। ਇਹ ਗੁਣਵੱਤਾ “ਜਾ ਸੰਤ ਭੇਟੈ ਹਰਿ ਸੋਇ” ਗੁਰੂ ਸਾਹਿਬ ਜੀ ਦੇ ਉਪਦੇਸ਼ ਵਿਚੋਂ ਮਿਲਦੀ ਹੈ। ਜਿਸ ਤਰ੍ਹਾਂ ਵੈਸਾਖ ਦੇ ਮਹੀਨੇ ਵਿੱਚ ਸਾਰੀ ਬਨਸਪਤੀ ਖਿੜ ਉੱਠਦੀ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਉਪਦੇਸ਼ ਤੇ ਚਲਿਆਂ ਜੀਵਨ ਵੀ ਖਿੜੀ ਹੋਈ ਬਨਸਪਤੀ ਵਰਗਾ ਹੋ ਜਾਂਦਾ ਹੈ। ਸੰਤ ਭੇਟੈ ਤੋਂ ਕਈ ਵਾਰੀ ਇਹ ਭੁਲੇਖਾ ਵੀ ਲੱਗ ਜਾਂਦਾ ਹੈ ਕਿ ਸ਼ਾਇਦ ਕੋਈ ਸਰੀਰਕ ਤਲ਼ `ਤੇ ਸੰਤ ਹੋਏਗਾ ਜਿਸ ਦੇ ਚਰਨ ਫੜਨ ਨਾਲ ਅਸਾਂ ਤਰ ਜਾਣਾ ਹੈ। ਸੰਤ ਸ਼ਬਦ ਗੁਰੂ, ਸੰਗਤ ਤੇ ਰੱਬ ਜੀ ਲਈ ਵਰਤਿਆ ਹੈ---

ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ।।

ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ।। ੨।।

ਸਿਰੀ ਰਾਗ ਮਹਲਾ ੧ ਪੰਨਾ ੨੧

ਗਰੂ ਸਾਹਿਬ ਜੀ ਫਰਮਾਉਂਦੇ ਹਨ ਕਿ—

ਅੱਖਰੀਂ ਅਰਥ--ਹੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰ। ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਧਨ ਦੀ ਕਦਰ ਸਮਝ। ਸਾਧ ਸੰਗਤਿ ਵਿੱਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਣਗੇ। (ਪਰ ਜਿਸ ਨੂੰ) ਸਤਿਗੁਰੂ ਨੇ ਨਾਮ ਦੀ ਦਾਤਿ ਬਖ਼ਸ਼ੀ, ਉਸ ਨੇ ਸਦਾ ਦਿਨ ਰਾਤ ਹਰੀ ਪ੍ਰਭੂ ਦਾ ਸਿਮਰਨ ਕੀਤਾ ਹੈ। ੨।

ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ।।

ਪਉ ਸੰਤ ਸਰਣੀ, ਲਾਗੁ ਚਰਣੀ, ਮਿਟੈ ਦੂਖੁ ਅੰਧਾਰੁ।। ੨।।

ਸਿਰੀ ਰਾਗ ਮਹਲਾ ੫ ਪੰਨਾ ੫੧

ਅੱਖਰੀਂ ਅਰਥ--ਜਿਨ੍ਹਾਂ ਬੰਦਿਆਂ ਉਤੇ ਜਗਤ ਦਾ ਮੋਹ ਦਬਾਉ ਪਾਈ ਰੱਖਦਾ ਹੈ, ਉਹ ਕਾਮ ਵਿੱਚ ਕ੍ਰੋਧ ਵਿੱਚ ਅਹੰਕਾਰ ਵਿੱਚ ਮਸਤ ਰਹਿੰਦੇ ਹਨ। (ਇਹਨਾਂ ਵਿਕਾਰਾਂ ਤੋਂ ਬਚਣ ਲਈ, ਹੇ ਭਾਈ!) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ।

ਰੱਬ ਜੀ ਲਈ ਸੰਤ ਸ਼ਬਦ—

ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ।।

ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ।।

ਪੰਨਾ ੯੫੮

ਜੋ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਬਲੀ ਹੈ ਮੈਨੂੰ ਕੇਵਲ ਉਸੇ ਦਾ ਹੀ ਆਸਰਾ ਹੈ, ਉਹ ਸ਼ਾਂਤੀ ਦਾ ਸੋਮਾ ਪਰਮਾਤਮਾ ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਿਲਾਇਆ ਹੈ।

ਤੱਤ ਸਾਰ—ਸਾਡੇ ਜੀਵਨ ਦੇ ਕਰਮ ਹੋਰ ਹਨ ਤੇ ਮੰਗ ਸਾਡੀ ਹੋਰ ਹੁੰਦੀ ਹੈ। ਪਤੀ ਪਤਨੀ ਦੇ ਵਿਛੋੜੇ ਦੀ ਉਦਹਾਰਣ ਦੇਂਦਿਆਂ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਇੱਕ ਪਤਨੀ ਦਾ ਪਤੀ ਪਰਦੇਸ ਗਿਆ ਹੋਇਆ ਹੈ। ਪਿੱਛੇ ਇਕੱਲੀ ਪਤਨੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਂਝ ਵੀ ਜੀਵਨ ਸਾਥੀ ਨਾਲ ਜੋ ਸਾਂਝੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਹਨ ਉਹ ਹੋਰ ਕਿਸੇ ਨਾਲ ਨਹੀਂ ਕੀਤੀਆਂ ਜਾ ਸਕਦੀਆਂ। ਏੱਥੇ ਪਤੀ, ਪ੍ਰਮਾਤਮਾ ਨੂੰ ਕਿਹਾ ਹੈ ਤੇ ਸਾਰੀ ਲੁਕਾਈ ਪਤਨੀਆਂ ਹਨ। ਗੁਰਬਾਣੀ ਅਨੁਸਾਰ ਰੱਬ ਜੀ ਦਾ ਕੋਈ ਰੂਪ-ਰੰਗ ਨਹੀਂ ਹੈ। ਰੱਬ ਜੀ ਦੇ ਗੁਣ ਹਨ ਜਿੰਨ੍ਹਾਂ ਨੂੰ ਅਸੀਂ ਆਪਣੇ ਸੁਭਾਅ ਦਾ ਹਿੱਸਾ ਬਣਾਉਣਾ ਹੈ। ਵਿਹਾਰਕ ਪੱਖ ਨੂੰ ਗੂੜਾ ਸਮਝਣ ਲਈ ਅਸੀਂ ਆਪਣੀ ਨੌਕਰੀ ਤੇ ਜਾਣ ਲਈ ਤਿਆਰ ਹੋਏ ਹਾਂ। ਨੌਕਰੀ `ਤੇ ਅੱਜ ਪਹੁੰਚਣਾ ਵੀ ਬੜਾ ਜ਼ਰੂਰੀ ਸੀ ਪਰ ਰਸਤੇ ਵਿੱਚ ਰੁਕਾਵਟ ਖੜੀ ਹੋ ਗਈ। ਆਪਣੇ ਕੰਮ ਤੇ ਨਹੀਂ ਪਹੁੰਚ ਸਕੇ। ਸਮੇਂ ਸਿਰ ਨਾ ਪਹੁੰਚਣ ਕਰਕੇ ਮਨ ਵਿੱਚ ਧੁੜਕੂ ਲੱਗ ਜਾਂਦਾ ਹੈ। ਬਣੀ ਹੋਈ ਸ਼ਾਂਤੀ ਟੁੱਟ ਜਾਂਦੀ ਹੈ। ਏਸੇ ਤਰ੍ਹਾਂ ਅਸੀਂ ਆਪਣੇ ਜੀਵਨ ਵਿੱਚ ਜਿੰਨ੍ਹੇ ਵੀ ਕਰਮ ਕਰ ਰਹੇ ਹਾਂ ਉਹਨਾਂ ਸਬੰਧੀ ਇੱਕ ਬਹੁਤ ਵੱਡਾ ਭਰਮ ਪਾਲ਼ ਲਿਆ ਹੈ ਕਿ ਸ਼ਾਇਦ ਅਸੀਂ ਬਹੁਤ ਧਰਮੀ ਹੋਈਏ। ਵਿਆਹ ਦੀ ਮਿਸਾਲ ਦਿੱਤੀ ਹੈ ਕਿ ਅਖੰਡ ਪਾਠ ਉਪਰੰਤ ਜਦੋਂ ਨਾਲ ਹੀ ਦਾਰੂ ਸ਼ੁਰੂ ਹੋ ਜਾਂਦੀ ਹੈ ਤਾਂ ਸਮਝੋ ਹੁਣ ਗੁਰੂ ਸਾਹਿਬ ਜੀ ਨਾਲੋਂ ਵਿਛੋੜਾ ਸ਼ੁਰੂ ਹੋ ਗਿਆ। ਕੀ ਦਾਰੂ ਵਿਚੋਂ ਪਰਵਾਰਕ ਸੁਖ ਜਾਂ ਕੋਈ ਸਮਾਜ ਦਾ ਭਲਾ ਹੋ ਸਕਦਾ ਹੈ? ਫਿਰ ਇਸ ਵਿਛੋੜੇ ਦਾ ਕਾਰਨ ਸਾਡੀ ਬੇ ਸਮਝੀ ਹੈ। ਜਦੋਂ ਅਸੀਂ ਆਪਣੀ ਮਤ ਪਿੱਛੇ ਚਲਾਂਗੇ ਤਾਂ ਕੁਦਰਤੀ ਵਿਛੋੜਾ ਸ਼ੁਰੂ ਹੋਏਗਾ--

ਮਨਮੁਖ ਮੂਲਹੁ ਭੁਲਿਆ, ਵਿਚਿ, ਲਬੁ ਲੋਭੁ ਅਹੰਕਾਰੁ।।

ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ।।

ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ।।

ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧਾੑਰੁ।।

ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ।। ੧।।

ਸਲੋਕ ਮ: ੪ ਪੰਨਾ ਪੰਨਾ ੩੧੬

ਅੱਖਰੀਂ ਅਰਥ--ਸਤਿਗੁਰੂ ਤੋਂ ਭੁੱਲੇ ਹੋਏ ਮਨੁੱਖ ਮੂਲ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ, ਲੋਭ ਤੇ ਅਹੰਕਾਰ ਹੈ, ਉਹਨਾਂ ਦਾ ਹਰੇਕ ਦਿਹਾੜਾ (ਭਾਵ, ਸਾਰੀ ਉਮਰ) ਲੱਬ ਲੋਭ ਅਹੰਕਾਰ (ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦੇ। ਕਰਤਾਰ ਨੇ ਉਹਨਾਂ (ਮਨਮੁਖਾਂ) ਦੀ ਹੋਸ਼ ਤੇ ਅਕਲ ਖੋਹ ਲਈ ਹੈ, ਨਿਰਾ ਵਿਕਾਰ ਹੀ ਬੋਲਦੇ ਹਨ (ਭਾਵ, ਨਿਰੇ ਵਿਕਾਰਾਂ ਦੇ ਬਚਨ ਹੀ ਕਰਦੇ ਹਨ); ਉਹ ਕਿਸੇ ਭੀ ਦਾਤ (ਦੇ ਮਿਲਣ) ਤੇ ਰੱਜਦੇ ਨਹੀਂ, ਕਿਉਂਕਿ ਉਹਨਾਂ ਦੇ ਮਨ ਵਿੱਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ। ਹੇ ਨਾਨਕ! (ਇਹੋ ਜਿਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਮੋਹ ਪਿਆਰ ਤਾਂ ਮਾਇਆ ਨਾਲ ਹੈ। ੧।




.