(ਸੰਪਾਦਕੀ ਨੋਟ:- ਡਾ: ਬਲਵਿੰਦਰ ਸਿੰਘ ਥਿੰਦ ਦਾ ‘ਸਿੱਖ ਮਾਰਗ’ ਤੇ ਛਪਣ ਵਾਲਾ ਇਹ ਦੂਸਰਾ ਲੇਖ ਹੈ।
ਇਹਨਾ ਦਾ ਪਹਿਲਾਂ ਲੇਖ ਦਸਮ ਗ੍ਰੰਥ ਬਾਰੇ ਪਿਛਲੇ ਸਾਲ ਅਗਸਤ ਵਿੱਚ ਛਪਿਆ ਸੀ। ਇਸ ਲੇਖ ਦਾ ਸਿੱਖ
ਧਰਮ ਨਾਲ ਤਾਂ ਸਿੱਧਾ ਕੋਈ ਸੰਬੰਧ ਨਹੀਂ ਹੈ ਪਰ ਇਤਿਹਾਸਕ ਤੌਰ ਤੇ ਇਹ ਮਹਾਤਮਾ ਗਾਂਧੀ ਦੀ ਅਸਲੀਅਤ
ਬਾਰੇ ਚਾਨਣਾ ਪਉਂਦਾ ਹੈ। ਕਾਂਗਰਸ ਨਾਲ ਸੰਬੰਧਿਤ ਸਿੱਖ ਅਤੇ ਦੇਸ਼ ਦੀ ਬਹੁਤੀ ਜਨਤਾ ਮਹਾਤਮਾ ਗਾਂਧੀ
ਨੂੰ ਸ਼ਾਂਤੀਂ ਵਾਲਾ ਅਤੇ ਅਜ਼ਾਦੀ ਦਿਵਾਉਣ ਵਾਲਾ ਬਾਪੂ ਗਾਂਧੀ ਕਰਕੇ ਮੰਨਦੇ ਹਨ। ਕਿਉਂਕਿ ਗਾਂਧੀ ਨੇ
ਦਸਵੇਂ ਗੁਰੂ ਪ੍ਰਤੀ ਭੁੱਲੜ ਦੇਸ਼ ਭਗਤ ਵਰਗੇ ਸ਼ਬਦ ਵਰਤੇ ਸਨ ਇਸ ਲਈ ਬਹੁਤੇ ਸਿੱਖ ਗਾਂਧੀ ਨੂੰ ਚੰਗਾ
ਨਹੀਂ ਸਮਝਦੇ। ਬਾਦਲ ਦਲੀਏ ਅਤੇ ਮੌਜੂਦਾ ਦਿੱਲੀ ਕਮੇਟੀ ਵਾਲੇ ਭਾਜਪਾ ਨਾਲ ਸੰਬੰਧਿਤ ਹੋਣ ਦੇ ਕਾਰਨ
ਇਹਨਾ ਦੀ ਸੁਰ ਆਰ. ਐੱਸ. ਐੱਸ. ਨਾਲ ਅਤੇ ਹੋਰ ਦਸਮ ਗ੍ਰੰਥੀਏ ਸਾਧਾਂ ਨਾਲ ਮਿਲਦੀ ਹੈ। ਕਈ ਆਮ ਆਦਮੀ
ਪਾਰਟੀ ਨੂੰ ਗਾਂਧੀ ਟੋਪੀਆਂ ਵਾਲੇ ਕਹਿੰਦੇ ਹਨ ਅਤੇ ਕਈ ਇਹਨਾ ਨੂੰ ਇਮਾਨਦਾਰ ਅਤੇ ਆਮ ਲੋਕਾਂ ਦੇ
ਰਖਵਾਲੇ ਕਰਕੇ ਜਾਣਦੇ ਹਨ। ਜਿਵੇਂ ਕਿ ਪਹਿਲਾਂ ਵੀ ਅਨੇਕਾਂ ਵਾਰੀ ਲਿਖਿਆ ਜਾ ਚੁੱਕਾ ਹੈ ਹੁਣ ਫਿਰ
ਦੁਹਰਾ ਰਹੇ ਹਾਂ ਕਿ ਸਾਡਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ। ਅਸੀਂ ਹਰ ਉਸ
ਪਾਰਟੀ ਜਾਂ ਬੰਦਿਆਂ ਦੀ ਮੁਖਾਲਪਤ ਕਰਦੇ ਹਾਂ ਜੋ ਕਿ ਆਮ ਲੋਕਾਈ ਨਾਲ ਧੱਕਾ ਕਰਦੇ ਹਨ। ਇਹਨਾ ਨੇ
ਮਖੌਟਾ ਭਾਵੇਂ ਭਾਵੇਂ ਕੋਈ ਧਾਰਮਿਕ ਪਾਇਆ ਹੋਵੇ ਜਾਂ ਸਿਆਸੀ। ਅਸੀਂ ਸ਼ਕਲਾਂ ਕਰਕੇ ਨਹੀਂ ਅਕਲਾਂ
ਕਰਕੇ ਪ੍ਰਸੰਸਾ ਜਾਂ ਵਿਰੋਧ ਕਰਦੇ ਹਾਂ ਅਤੇ ਕਰਾਂਗੇ। ਜੇ ਕਰ ਆਮ ਆਦਮੀ ਵਾਲੇ ਗਾਂਧੀ ਟੋਪੀਆਂ
ਪਉਂਦੇ ਹਨ ਤਾਂ ਭਗਵੰਤ ਮਾਨ ਵਰਗੇ ਬਹੁਤਾ ਕਰਕੇ ਭਗਤ ਸਿੰਘ ਸਟਾਈਲ ਦੀ ਪੱਗ ਬੰਨਦੇ ਹਨ। ਇਹ ਤਾਂ ਸਭ
ਨੂੰ ਪਤਾ ਹੀ ਹੈ ਕਿ ਗਾਂਧੀ ਅਤੇ ਭਗਤ ਸਿੰਘ ਦੀ ਵਿਚਾਰ ਧਾਰਾ ਇੱਕ ਦੂਜੇ ਤੋਂ ਬਿੱਲਕੁੱਲ ਉਲਟ ਸੀ।
ਆਮ ਆਦਮੀ ਵਾਲੀ ਪਾਰਟੀ ਨੂੰ ਕੁੱਝ ਸਮਾਂ ਕੰਮ ਕਰਨ ਦਿਓ ਫਿਰ ਕੰਮ ਦੇਖ ਕੇ ਹੀ ਬਹੁਤੀ ਪ੍ਰਸੰਸਾ ਜਾਂ
ਬਹੁਤਾ ਵਿਰੋਧ ਕਰਨਾ ਚਾਹੀਦਾ ਹੈ। ਇਸ ਲੇਖ ਨੂੰ ਛਾਪਣ ਦਾ ਸਾਡਾ ਮਕਸਦ ਸਿਰਫ ਜਾਣਕਾਰੀ ਦੇਣਾ ਹੈ
ਕਿਉਂਕਿ ਗਾਂਧੀ ਅਤੇ ਗੌਡਸੇ ਦਾ ਨਾਮ ਤਾਂ ਤਕਰੀਬਨ ਹਰ ਕਿਸੇ ਨੇ ਸੁਣਿਆ ਹੋਵੇਗਾ ਪਰ ਇਹਨਾ ਦੋਹਾਂ
ਬਾਰੇ ਬਹੁਤੀ ਜਾਣਕਾਰੀ ਆਮ ਲੋਕਾਈ ਨੂੰ ਨਹੀਂ ਹੈ। ਇਸ ਲੇਖ ਵਿੱਚ ਜੇ ਕਰ ਕਿਸੇ ਨੂੰ ਕੋਈ ਗੱਲ ਠੀਕ
ਨਾ ਲਗਦੀ ਹੋਵੇ ਤਾਂ ਉਹ ਆਪਣੇ ਵਿਚਾਰ ਫੇਸਬੁੱਕ ਰਾਹੀਂ ਇਸ ਲੇਖ ਦੇ ਹੇਠਾਂ ਪ੍ਰਗਟ ਕਰ ਸਕਦਾ ਹੈ।
ਜਿਹੜੇ ਫੇਸਬੁੱਕ ਨਹੀਂ ਵਰਤਦੇ ਉਹ ਸਾਨੂੰ ਈ-ਮੇਲ ਰਾਹੀਂ ਲਿਖ ਸਕਦੇ ਹਨ ਅਸੀਂ ਉਹਨਾ ਦੇ ਵਿਚਾਰ ਵੀ
ਇਸ ਲੇਖ ਦੇ ਹੇਠਾਂ ਛਾਪ ਦੇਵਾਂਗੇ। ਇਸ ਲੇਖ ਵਿੱਚ ਹਰੀ ਸਿੰਘ ਨੂੰ ਕਸ਼ਮੀਰ ਦਾ ਹਿੰਦੂ ਰਾਜਾ ਕਰਕੇ
ਲਿਖਿਆ ਹੈ। ਕੀ ਉਹ ਹਿੰਦੂ ਸੀ ਜਾਂ ਸਿੱਖ? ਇਸ ਬਾਰੇ ਵੀ ਪਾਠਕ ਆਪਣੀ ਰਾਏ ਦੇ ਸਕਦੇ ਹਨ।)
ਨਥੂਰਾਮ ਗੌਡਸੇ ਨੇ ਗਾਂਧੀ ਨੂੰ ਕਿਉਂ ਮਾਰਿਆ?
ਡਾ.
ਬਲਵਿੰਦਰ ਸਿੰਘ ਥਿੰਦ
ਮੋਬਾਈਲ: 094176 06572 (ਇੰਡੀਆ)
Email:
[email protected]
ਇਤਿਹਾਸ ਵਿੱਚ ਮੁੱਢ ਕਦੀਮ ਤੋਂ ਇੱਕ ਤੱਥ ਹਮੇਸ਼ਾ ਭਾਰੂ ਰਿਹਾ ਹੈ ਕਿ ਜਿਸ
ਧਿਰ ਦੇ ਹੱਥ `ਚ ਤਾਕਤ ਦੀ ਡੋਰ ਆਈ ਤਾਂ ਇਸ ਤਾਕਤ ਦੇ ਬਲਵਾਨ ਨਸ਼ੇ ਨੇ ਤਾਕਤਵਰ ਨੂੰ ਕੁਰਾਹੇ
ਪਾਉਂਦਿਆਂ ਉਹ ਕੰਮ ਕਰਵਾਏ ਜਿਸ ਨੂੰ ਦੁਨੀਆ ਦੇ ਇਤਿਹਾਸ `ਚ ਕਾਲੇ ਕਾਰਨਾਮਿਆਂ ਨਾਲ ਯਾਦ ਕੀਤਾ
ਜਾਂਦਾ ਹੈ। ਮਿਸਾਲ ਵਜੋਂ ਨਪੋਲੀਅਨ, ਸਿਕੰਦਰ, ਬਾਬਰ, ਜਹਾਂਗੀਰ, ਔਰੰਗਜ਼ੇਬ, ਮਨੂ, ਗ਼ਜ਼ਨਵੀ, ਓਡ
ਵਾਇਰ, ਹਿਟਲਰ, ਇੰਦਰਾ ਗਾਂਧੀ, ਕੇ. ਪੀ. ਐਸ. ਗਿੱਲ, ਰੇਬੈਰੋ, ਜਰਨਲ ਵੈਦਿਆ, ਬਿਅੰਤ ਸਿੰਘ ਆਦਿ
ਕਈ ਅਜਿਹੇ ਕਿਰਦਾਰ ਹਨ, ਜਿਨ੍ਹਾਂ ਦੀ ਪ੍ਰਤੀਕ੍ਰਿਆ ਵਜੋਂ ਬਾਗੀ ਸੁਰ ਜਨਮ ਲੈਂਦੀ ਰਹੀ ਹੈ। ਇਹ
ਵੱਖਰੀ ਗੱਲ ਹੈ ਕਿ ਕਈਆਂ ਨੇ ਬੁਰਛਾਗਰਦੀ ਦਾ ਇਹ ਕਾਰਨਾਮਾ ਰਾਜਨੀਤੀ ਜਾਂ ਹਕੂਮਤ ਦਾ ਬਾਣਾ ਪਾ ਕੇ
ਕੀਤਾ ਹੈ ਤੇ ਕਈਆਂ ਨੇ ਧਰਮੀ ਬਾਣਾ ਪਾ ਕੇ ਅਜਿਹੀਆਂ ਖ਼ਰਮਸਤੀਆਂ ਕੀਤੀਆਂ ਕਿ ਜਿਸ ਦੇ ਪ੍ਰਯੋਗੀ
ਤਜਰਬੇ `ਚੋਂ ਅਜਿਹੇ ਨਾਸੂਰ ਦਾ ਲਾਵਾ ਵਗਿਆ, ਜਿਸ ਦੇ ਸੇਕ ਨੇ ਚਟਾਨਾਂ ਵਰਗੇ ਘੜੰਮ ਚੌਧਰੀਆਂ ਨੂੰ
ਪਾਣੀਓਂ ਪਤਲੇ ਬਣਾ ਦਿੱਤਾ ਤੇ ਦੁਨੀਆ ਭਰ ਨੇ ਹਸ਼ਰ ਦਾ ਨਜ਼ਾਰਾ ਤੱਕਿਆ।
ਭਾਰਤ ਦੀ ਅਖੌਤੀ ਆਜ਼ਾਦੀ ਦੇ ਸ਼ਾਂਤਮਈ ਸੁਭਾਅ ਦੇ ਹੀਰੋ ਮੰਨੇ ਜਾਣ ਵਾਲੇ ਨੂੰ
ਮੋਹਨ ਦਾਸ ਕਰਮ ਚੰਦ ਗਾਂਧੀ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਮੋਹਨ ਦਾਸ ਉਨ੍ਹਾਂ ਦਾ ਨਾਮ ਸੀ,
ਕਰਮ ਚੰਦ ਉਨ੍ਹਾਂ ਦੇ ਪਿਤਾ ਦਾ ਨਾਮ ਸੀ ਤੇ ਗਾਂਧੀ ਉਨ੍ਹਾਂ ਦਾ ਵੰਸ਼ਜ ਗੋਤ ਸੀ। ਸੀ। ਮਹਾਤਮਾ
ਗਾਂਧੀ ਦਾ ਜਨਮ 2 ਅਕਤੂਬਰ 1869 ਈਸਵੀ ਨੂੰ ਹੋਇਆ ਅਤੇ ਮੌਤ 30 ਜਨਵਰੀ 1948 ਦੀ ਸ਼ਾਮ 5: 00 ਵਜੇ
ਦੇ ਕਰੀਬ ਦਿੱਲੀ ਦੇ ਰਾਜਘਾਟ ਵਿਖੇ ਪ੍ਰਾਰਥਨਾ ਸਭਾ ਵਿੱਚ ਨਥੂਰਾਮ ਗੋਡਸੇ ਦੁਆਰਾ ਗੋਲ਼ੀ ਮਾਰਨ ਨਾਲ
ਹੋਈ ਸੀ।
ਕਹਿੰਦੇ ਹਨ ਕਿ ਚਿਹਰਾ ਤਾਂ ਉਹੀ ਹੁੰਦਾ ਹੈ ਜੇਕਰ ਉਸ ਦੀ ਪ੍ਰਸ਼ੰਸਾ ਕੀਤੀ
ਜਾਵੇ ਤਾਂ ਉਹ ਸਾਊ ਲੱਗਣ ਲਗਦਾ ਹੈ ਪਰ ਇਹ ਨਹੀਂ ਭੁਲਣਾ ਚਾਹੀਦਾ ਕਿ ਗੁਲਾਬ ਦਾ ਨਾਮ ਜੇਕਰ ਹੋਰ ਵੀ
ਹੁੰਦਾ ਤਾਂ ਉਸਦੇ ਗੁਣ ਬਦਲ ਜਾਣੇ ਸਨ। ਬਿਲਕੁਲ ਠੀਕ ਅਜਿਹਾ ਹੀ ਮਹਾਤਮਾ ਗਾਂਧੀ ਬਾਰੇ ਹੋਇਆ ਹੈ,
ਜਿਸ ਨੂੰ ਆਜ਼ਾਦੀ ਇਤਿਹਾਸ ਅੰਦਰ ਤੇ ਆਜ਼ਾਦੀ ਉਪਰੰਤ ਸਮੁੱਚੀ ਸਕੂਲੀ ਤੇ ਉਚ ਸਿੱਖਿਆ ਦੇ ਖੇਤਰ `ਚ
ਤਸਵੀਰ ਦਾ ਇੱਕ ਹੀ ਪਾਸਾ ਦਿਖਾਇਆ ਗਿਆ ਹੈ ਤੇ ਮਹਾਤਮਾ ਗਾਂਧੀ ਦੇ ਕਾਰਨਾਮਿਆਂ `ਚੋਂ ਉਪਜੀ ਵਿਰੋਧੀ
ਧਿਰ ਭਾਵ ਨਥੂਰਾਮ ਗੌਡਸੇ ਤੇ ਉਸਦੇ ਸਾਥੀਆਂ ਨੂੰ ਕਾਨੂੰਨ ਦੀ ਬੇੜੀ `ਤੇ ਸਵਾਰ ਹੋ ਕੇ ਏਨਾ ਭੰਡਿਆ
ਕਿ ਹਤਿਆਰਿਆਂ ਦਾ ਖ਼ਿਤਾਬ ਦਿਵਾ ਦਿੱਤਾ। ਪਰ ਅਸਲੀਅਤ ਕੁੱਝ ਹੋਰ ਹੈ!
ਨਥੂਰਾਮ ਗੌਡਸੇ, ਜਿਸ ਦਾ ਪੂਰਾ ਨਾਮ ਨਥੂਰਾਮ ਵਿਨਾਇਕ ਗੌਡਸੇ ਹੈ ਅਤੇ ਸਮੇਤ
ਉਸਦੇ ਸਾਥੀਆਂ `ਤੇ ਗਾਂਧੀ ਕਤਲ ਸਬੰਧੀ ਮੁਕੱਦਮਾ ਚਲਾਉਣ ਲਈ ਆਤਮਾ ਚਰਣ ਅਗਰਵਾਲ ਆਈ ਸੀ ਐਸ ਦੀ
ਅਗਵਾਈ ਹੇਠ ਲਾਲ ਕਿਲ੍ਹਾ ਦਿੱਲੀ ਵਿਖੇ ਇੱਕ ਖ਼ਾਸ ਅਦਾਲਤ ਕਾਇਮ ਕੀਤੀ ਗਈ ਸੀ। ਇਥੇ ਇਹ ਦੱਸਣਾ
ਜ਼ਰੂਰੀ ਹੈ ਕਿ ਇਹ ਅਜਿਹਾ ਤੀਜਾ ਇਤਿਹਾਸਕ ਮੁਕੱਦਮਾ ਸੀ, ਜਿਸ ਦੀ ਸੁਣਵਾਈ ਇਥੇ ਹੋਈ ਸੀ।
ਪਹਿਲਾ ਮੁਕੱਦਮਾ ਬਹਾਦਰਸ਼ਾਹ ਜਫ਼ਰ ਤੇ ਉਸਦੇ ਸਾਥੀ ਮੁਲਜ਼ਮਾ ਦਾ ਸੀ, ਜਿਨ੍ਹਾਂ
ਨੇ 1857 ਈ: ਦੇ ਵਿਦਰੋਹ `ਚ ਅੰਗਰੇਜ਼ਾਂ ਵਿਰੁੱਧ ਜੰਗ-ਏ-ਆਜ਼ਾਦੀ ਦਾ ਬਿਗਲ ਵਜਾਇਆ ਸੀ। ਦੂਜਾ
ਮੁਕੱਦਮਾ 1945 ਦਾ ਸੀ, ਇਹ ਉਹ ਸਮਾਂ ਸੀ ਜਦੋਂ ਕਿ ‘ਇੰਡੀਅਨ ਨੈਸ਼ਨਲ ਆਰਮੀ’ ਦੇ ਅਫ਼ਸਰਾਂ,
(ਜਿਨ੍ਹਾਂ ਦੇ ਨੇਤਾ ਕਿਸੇ ਸਮੇਂ ਸੁਭਾਸ਼ ਚੰਦਰ ਬੋਸ ਰਹਿ ਚੁੱਕੇ ਸਨ), ਦੇ ਵਿਰੁੱਧ ਦੂਜੇ ਵਿਸ਼ਵ
ਯੁੱਧ ਦੌਰਾਨ ਇਹ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਬਰਤਾਨਵੀ ਰਾਜ ਵਿਰੁੱਧ ਬਗਾਵਤ ਕੀਤੀ ਸੀ ਤੇ
ਤੀਜਾ ਮੁਕੱਦਮਾ ਗਾਂਧੀ ਕਤਲ ਨਾਲ ਸਬੰਧਿਤ ਸੀ।
ਮੁਲਜ਼ਮ:
ਵੱਖੋ ਵੱਖਰੀਆਂ ਧਾਰਾਵਾਂ ਅਧੀਨ ਗਾਂਧੀ ਕਤਲ ਵਿੱਚ 12 ਬੰਦੇ ਮੁਲਜ਼ਮ ਸਨ,
ਜਿਨ੍ਹਾਂ ਵਿਚੋਂ 3 ਬੰਦੇ ਭਗੌੜੇ ਸਨ। 27 ਮਈ 1948 ਨੂੰ ਜੱਜ ਸ੍ਰੀ ਆਤਮਾ ਚਰਣ ਦੇ ਸਾਹਮਣੇ ਪੇਸ਼
ਕੀਤੇ ਗਏ 9 ਬੰਦਿਆਂ ਦੇ ਨਾਮ ਇਸ ਤਰ੍ਹਾਂ ਸਨ:
1. ਨਥੂਰਾਮ ਵਿਨਾਇਕ ਗੌਡਸੇ, ਉਮਰ 37 ਸਾਲ, ਵਾਸੀ ਪੂਨੇ।
2. ਨਾਰਾਇਣ ਦੱਤਾਤ੍ਰੇਅ ਆਪਟੇ, ਉਮਰ 34 ਸਾਲ, ਵਾਸੀ ਪੂਨੇ।
3. ਵਿਸ਼ਣੂ ਰਾਮ ਕਰਕਰੇ, 37 ਸਾਲ, ਵਾਸੀ ਅਹਿਮਦ ਨਗਰ।
4. ਮਦਨ ਲਾਲ ਕਸ਼ਮੀਰੀ ਲਾਲ ਪਾਹਵਾ, 20 ਸਾਲ ਵਾਸੀ ਬੰਬਈ, ਜੋ ਮੂਲ ਰੂਪ
ਵਿੱਚ ਪਾਕਿਸਤਾਨ ਜ਼ਿਲ੍ਹਾ ਮਿੰਟਗੁਮਰੀ ਦਾ ਵਾਸੀ ਪੰਜਾਬੀ ਸੀ।
5. ਸ਼ੰਕਰ ਕਿਸਤੇਅ, ਉਮਰ 20 ਸਾਲ, ਵਾਸੀ ਸ਼ੋਲਾਪੁਰ।
6. ਗੋਪਾਲ ਵਿਨਾਇਕ ਗੌਡਸੇ, ਉਮਰ 27 ਸਾਲ, ਵਾਸੀ ਪੂਨੇ, ਨਥੂਰਾਮ ਵਿਨਾਇਕ
ਗੌਡਸੇ ਦਾ ਛੋਟਾ ਭਰਾ।
7. ਦਿਗੰਬਰ ਬੜਗੇ, ਉਮਰ 40 ਸਾਲ, ਵਾਸੀ ਪੂਨੇ।
8. ਵਿਨਾਇਕ ਦਾਮੋਦਰ ਸਾਵਰਕਰ, ਉਮਰ 66 ਸਾਲ, ਵਾਸੀ ਬੰਬਈ।
9. ਦੱਤਾਤ੍ਰੇਅ ਸਦਾਸ਼ਿਵ ਪਰਚੂਰੇ, ਉਮਰ 47 ਸਾਲ, ਵਾਸੀ ਗਵਾਲੀਅਰ।
ਤਿੰਨ ਭਗੌੜਿਆਂ ਦੇ ਨਾਮ ਸਨ:
1. ਗੰਗਾਧਰ ਦਡਵਤੇ
2. ਗੰਗਾਧਰ ਯਾਦਵ
3. ਸੂਰਿਆ ਦੇਵ ਸ਼ਰਮਾ
ਇਹ ਤਿੰਨੇ ਗਵਾਲੀਅਰ ਦੇ ਵਸਨੀਕ ਸਨ।
ਸਜ਼ਾਵਾਂ:
ਗਾਂਧੀ ਕਤਲ ਮੁਕੱਦਮਾ ਚੱਲਣ ਦੌਰਾਨ ਸਰਕਾਰੀ ਧਿਰ ਨੇ 149 ਗਵਾਹ ਭੁਗਤਾਏ।
ਗਾਂਧੀ ਕਤਲ ਤੋਂ ਪੂਰੇ ਇੱਕ ਸਾਲ ਬਾਅਦ ਸੁਣਵਾਈ ਖ਼ਤਮ ਹੋਈ ਅਤੇ ਫ਼ੈਸਲਾ ਰਾਖਵਾਂ ਕਰ ਦਿੱਤਾ ਗਿਆ। ਇਹ
ਫ਼ੈਸਲਾ 10 ਫ਼ਰਵਰੀ 1949 ਨੂੰ ਸੁਣਾਇਆ ਗਿਆ।
ਵੀਰ ਸਾਵਰਕਰ ਬਰੀ ਹੋ ਗਿਆ। ਦਿਗੰਬਰ ਬੜਗੇ ਨੂੰ ਮੁਆਫ਼ ਕਰਕੇ ਉਸ ਨੂੰ ਹੋਰ
ਮੁਲਜ਼ਮਾ ਨਾਲ ਦੇਸ਼ ਨਿਕਾਲਾ ਦਿੱਤਾ ਗਿਆ। ਵਿਸ਼ਨੂੰ ਕਰਕਰੇ, ਮਦਨ ਲਾਲ ਪਾਹਵਾ, ਗੋਪਾਲ ਗੌਡਸੇ, ਸ਼ੰਕਰ
ਲਾਲ ਕਿਸਤੇਅ ਤੇ ਡਾ. ਪਰਚੂਰੇ ਸਾਰਿਆਂ ਨੂੰ ਵਿਅਕਤੀਗਤ ਨਜ਼ਰਬੰਦੀ ਤੇ ਉਮਰ ਭਰ ਲਈ ਦੇਸ਼ ਨਿਕਾਲਾ
ਦਿੱਤਾ ਗਿਆ।
ਨਥੂਰਾਮ ਵਿਨਾਇਕ ਗੌਡਸੇ ਤੇ ਨਾਨਾ ਨਾਰਾਇਣ ਆਪਟੇ ਨੂੰ ਸੂਲੀ `ਤੇ ਲਟਕਾਏ
ਜਾਣ ਭਾਵ ਫਾਂਸੀ ਦੀ ਸਜ਼ਾ ਸੁਣਾਈ ਗਈ।
ਜਿਉਂ ਹੀ ਸਜ਼ਾਵਾਂ ਸੁਣਾਈਆਂ ਗਈਆਂ, ਭਰੀ ਹੋਈ ਅਦਾਲਤ ਦਾ ਕਮਰਾ ਮੁਜ਼ਾਹਰਿਆਂ
ਦੇ ਇਕਦਮ ਤੇ ਗਰਜਵੇਂ ਨਾਅਰਿਆਂ ਨਾਲ ਗੂੰਜ ਉਠਿਆ, “ਅਖੰਡ ਭਾਰਤ ਅਮਰ ਰਹੇ”, “ਵੰਦੇ ਮਾਤਰਮ”,
ਅਜਿਹੇ ਨਾਅਰੇ ਗੂੰਜ ਉਠੇ।
ਗਾਂਧੀ ਕਤਲ ਨਾਲ ਸਬੰਧਿਤ ਬਣਾਏ ਵਿਸ਼ੇਸ਼ ਵਿਧਾਨ ਦਾ ਸਰੂਪ:
ਇਕ ਤਰ੍ਹਾਂ ਦੀ ਲੋਕਤੰਤਰੀ ਮਰਿਯਾਦਾ ਵਾਲੀ ਸਰਕਾਰ ਦੇ ਹੁੰਦਿਆਂ ਵੀ ਮਹਾਤਮਾ
ਗਾਂਧੀ ਸਰਵ ਉਚ ਅਧਿਕਾਰ (
supermacy)
ਹੰਢਾਉਂਦੇ ਰਹੇ ਅਤੇ ਇਹ ਅਧਿਕਾਰ ਮਹਾਤਮਾ ਗਾਂਧੀ ਦੀ ਮੌਤ ਉਪਰੰਤ ਉਹਨਾਂ ਦੇ ਕਤਲ ਦੇ ਮੁਕੱਦਮੇ ਤੋਂ
ਲੈ ਕੇ ਦੋਸ਼ੀਆਂ ਦੇ ਸਜ਼ਾ ਭੁਗਤਣ ਤੱਕ ਜਾਰੀ ਰਿਹਾ।
ਦੱਸਣਯੋਗ ਹੈ ਕਿ ਵਿਸ਼ੇਸ਼ ਅਦਾਲਤ ਦੇ ਗਠਨ ਤੋਂ ਪਹਿਲਾਂ ਹੀ ਇੱਕ ਵਿਸ਼ੇਸ਼
ਕਾਨੂੰਨ ਭਾਵ ਬੰਬੇ ਪਬਲਿਕ ਸਕਿਊਰਿਟੀ ਮਈਅਰ ਐਕਟ
(Bombay Public Security Measures Act) ਦਾ
ਘੇਰਾ ਦਿੱਲੀ ਤੱਕ ਵਧਾ ਦਿੱਤਾ ਗਿਆ ਅਤੇ ਇਸ ਕਨੂੰਨ ਨੂੰ ਮੁਲਜ਼ਮਾਂ ਦੇ ਵਿਰੁੱਧ ਬੀਤ ਚੁੱਕੇ ਕੁੱਝ
ਸਮੇਂ ਤੋਂ ਲਾਗੂ ਕਰ ਦਿੱਤਾ ਗਿਆ। ਇਸ ਕਾਨੂੰਨ ਦੀਆਂ ਵਿਸ਼ੇਸ਼ ਮੱਦਾਂ ਅਨੁਸਾਰ ਲੋਕਾਂ ਸਬੰਧੀ ਸਮਾਨਤਾ
ਅਤੇ ਨਿਹਿਤ ਅਧਿਕਾਰਾਂ ਤੋਂ ਸਰਕਾਰ ਇਨਕਾਰੀ ਹੋ ਗਈ ਸੀ। ਉਸ ਸਮੇਂ ਭਾਰਤ ਦੀ ਸਰਵ ਉਚ ਅਦਾਲਤ (Supreme
Court) ਅਜੇ ਤੱਕ ਸਥਾਪਤ ਨਹੀਂ ਸੀ ਹੋਈ। ਬਾਅਦ
ਵਿੱਚ ਇਸ ਅਦਾਲਤ ਨੇ ਇਸ ਵਿਸ਼ੇਸ਼ ਨਿਯਮ ਨੂੰ ਨਕਾਰਾ ਕਰਾਰ ਕਰ ਦਿੱਤਾ ਸੀ ਕਿਉਂਕਿ ਕਾਨੂੰਨ ਨੂੰ
ਗੁਜ਼ਰੇ ਸਮੇਂ ਤੋਂ ਲਾਗੂ ਕਰਨ ਦਾ ਅਧਿਕਾਰ ਪ੍ਰਾਪਤ ਨਹੀਂ ਸੀ, ਜਿਸ ਕਾਰਨ ਅਪਰਾਧੀਆਂ ਨੂੰ ਹਰ
ਤਰ੍ਹਾਂ ਦੇ ਅਧਿਕਾਰ ਤੋਂ ਵਾਂਝਿਆਂ ਹੋਣਾ ਪਿਆ।
ਇਸ ਨਵੇਂ ਵਿਸ਼ੇਸ਼ ਕਾਨੂੰਨ ਦੇ ਨੁਕਤੇ ਤੋਂ ਮੌਤ ਦੀ ਸਜ਼ਾ ਨੂੰ ਹਾਈਕੋਰਟ
ਪਾਸੋਂ ਪੁਸ਼ਟੀ ਪ੍ਰਾਪਤ ਕਰਨ ਦੀ ਲੋੜ ਨਹੀਂ ਸੀ ਪੈਂਦੀ ਜਦੋਂ ਕਿ ਆਮ ਤੌਰ ਉਪਰ ਹੋਰਾਂ ਮੁਕੱਦਮਿਆਂ
ਵਿੱਚ ਇਸ ਗੱਲ ਦੀ ਜ਼ਰੂਰਤ ਹੁੰਦੀ ਹੈ। ਸਧਾਰਨ ਤੌਰ `ਤੇ ਹੋਣ ਵਾਲੇ ਫੈਸਲਿਆਂ ਸਬੰਧੀ ਅਪੀਲ ਕਰਨ ਦੀ
ਖ਼ਾਤਿਰ 60 ਜਾਂ 90 ਦਿਨ ਦਿੱਤੇ ਜਾਂਦੇ ਹਨ, ਪਰ ਇਥੇ ਸਿਰਫ 15 ਦਿਨ ਹੀ ਦਿੱਤੇ ਗਏ।
ਫ਼ਰਿਆਦ (
appeals):
ਉਪਰੰਤ ਸਾਰੇ 7 ਮੁਜ਼ਰਿਮਾਂ ਨੇ ਜੇਲ੍ਹ ਅਧਿਕਾਰੀਆਂ ਰਾਹੀਂ ਪੰਜਾਬ ਹਾਈ-ਕੋਰਟ
ਨੂੰ ਸੁਣਵਾਈ ਦੇ ਕਾਗ਼ਜ਼ਾਤ ਪੇਸ਼ ਕੀਤੇ। ਇਸ ਤੋਂ ਪਹਿਲਾਂ ਪੰਜਾਬ ਦੀ ਹਾਈ-ਕੋਰਟ ਵੰਡ ਤੋਂ ਪਹਿਲਾਂ
ਲਾਹੌਰ ਹੋਇਆ ਕਰਦੀ ਸੀ ਪਰ ਵੰਡ ਹੋਣ ਕਾਰਨ ਉਹ ਸ਼ਰਣਾਰਥੀ ਹੋ ਚੁੱਕੀ ਸੀ ਤੇ ਸ਼ਿਮਲੇ ਵਿਖੇ ਹਾਈ-ਕੋਰਟ
ਬਣਾਈ ਗਈ ਸੀ।
ਨਥੂਰਾਮ ਉਸ `ਤੇ ਲੱਗੇ ਸਾਜਿਸ਼ ਅਤੇ ਹੋਰ ਮਨਘੜਤ ਦੋਸ਼ਾਂ ਦੇ ਵਿਰੁੱਧ ਅਪੀਲ
(ਫ਼ਰਿਆਦ) ਕਰਨ ਦੀ ਗੱਲ ਨੂੰ ਪਹਿਲ ਦੇਣ ਦੇ ਹੱਕ ਵਿੱਚ ਸੀ ਅਤੇ ਆਪਣੀ ਮੌਤ ਦੀ ਸਜ਼ਾ ਦੀ ਖ਼ਾਤਿਰ ਅਪੀਲ
ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਅਦਾਲਤ ਪ੍ਰਤੀ ਬੇਨਤੀ ਕੀਤੀ ਕਿ ਮੈਂ ਆਪਣਾ ਕੇਸ ਖ਼ੁਦ ਲੜਾਂਗਾ
ਅਤੇ ਅਦਾਲਤ ਨੇ ਇਹ ਗੱਲ ਮੰਨ ਲਈ। ਉਸ ਸਮੇਂ ਤੱਕ ਸਾਰੇ ਦੋਸ਼ੀ ਵਿਸ਼ੇਸ਼ ਜੇਲ੍ਹ ਲਾਲ ਕਿਲ੍ਹਾ ਦਿੱਲੀ
ਤੋਂ ਅੰਬਾਲਾ ਜੇਲ੍ਹ ਭੇਜੇ ਜਾ ਚੁੱਕੇ ਸਨ। ਨਥੂਰਾਮ ਨੂੰ ਸ਼ਿਮਲੇ ਲਿਆਂਦਾ ਗਿਆ, ਜਿਥੇ ਕਿ ਉਸ ਨੂੰ
ਇੱਕ ਖ਼ਾਸ ਜੇਲ੍ਹ `ਚ ਬੰਦ ਕੀਤਾ ਗਿਆ। ਦੂਜੇ ਦੋਸ਼ੀਆਂ ਦੀ ਪ੍ਰਤੀਨਿਧਤਾ ਉਨ੍ਹਾਂ ਦੇ ਵਕੀਲਾਂ ਨੇ
ਕੀਤੀ ਸੀ।
ਫਾਂਸੀ:
ਸੁਣਵਾਈ ਸੁਣਨ ਲਈ ਜਸਟਿਸ ਭੰਡਾਰੀ
(Justice Bhandari),
ਅੱਛਰੂ ਰਾਮ (Achhru Ram)
ਅਤੇ ਜੇ. ਜੇ. ਖੋਸਲਾ (J.J. Khosla)
ਨੇ ਮਈ ਅਤੇ ਜੂਨ 1949 ਨੂੰ ਅਪੀਲਾਂ ਸੁਣੀਆਂ। ਉਨ੍ਹਾਂ ਨੇ ਆਪਣਾ ਫ਼ੈਸਲਾ 22 ਜੂਨ 1949 ਨੂੰ
ਸੁਣਾਇਆ। ਜੱਜਾਂ ਨੇ ਸ਼ੰਕਰ ਕਿਸਤੇਅ ਅਤੇ ਡਾ. ਪਰਚੂਰੇ ਨੂੰ ਨਿਰਦੋਸ਼ ਦਸਦਿਆਂ ਹੋਇਆਂ ਬਰੀ ਕਰ
ਦਿੱਤਾ।
ਵਿਸ਼ਨੂੰ ਕਰਕਰੇ, ਗੋਪਾਲ ਗੌਡਸੇ ਅਤੇ ਮਦਨ ਲਾਲ ਪਾਹਵਾ ਦੀ ਸਜ਼ਾ ਨੂੰ ਉਮਰ
ਕੈਦ `ਚ ਬਦਲ ਕੇ ਪੁਨਰ ਨਿਰਧਾਰਤ ਕਰ ਦਿੱਤਾ। ਜੱਜਾਂ ਦੇ ਬੈਂਚ ਵੱਲੋਂ ਨਾਨਾ ਨਾਰਾਇਣ ਆਪਟੇ ਦੀ ਮੌਤ
ਦੀ ਸਜ਼ਾ ਨੂੰ ਪੁਨਰਨਿਰਧਾਰਿਤ ਕਰ ਦਿੱਤਾ ਅਤੇ ਇਉਂ ਨਥੂਰਾਮ ਵਿਨਾਇਕ ਗੌਡਸੇ ਦੀ ਮੌਤ ਦੀ ਸਜ਼ਾ ਲਈ ਵੀ
ਰਾਹ ਪੱਧਰਾ ਹੋ ਗਿਆ।
ਦੋਹਾਂ ਨੂੰ ਫਾਂਸੀ ਦੀ ਸਜ਼ਾ ਗੋਲੀ ਕਾਂਡ ਤੋਂ ਸਾਢੇ 21 ਮਹੀਨੇ ਬਾਅਦ 15
ਨਵੰਬਰ 1949 ਦੀ ਸਵੇਰੇ 8: 00 ਵਜੇ ਅੰਬਾਲਾ ਦੀ ਸੈਂਟਰਲ ਜੇਲ੍ਹ ਵਿਖੇ ਦਿੱਤੀ ਗਈ। ਤਿੰਨ ਉਮਰ ਕੈਦ
ਦੀ ਸਜ਼ਾ ਭੁਗਤ ਰਿਹਾਂ ਨੇ ਜੇਲ੍ਹ ਅੰਦਰ ਕੀਤੇ ਖ਼ੂਨ-ਦਾਨ ਅਤੇ ਛੁੱਟੀਆਂ ਦੀ ਮਿਲੀ ਰਿਆਇਤ ਕਾਰਨ
ਭਾਵੇਂ ਉਮਰ ਕੈਦ ਦੀ ਸਜ਼ਾ ਤਾਂ ਪੂਰੀ ਹੋ ਚੁੱਕੀ ਸੀ ਪਰ ਉਨ੍ਹਾਂ ਤਿੰਨਾਂ ਨੂੰ ਪੰਡਿਤ ਨਹਿਰੂ ਦੀ
ਕੁਦਰਤੀ ਮੌਤ ਤੋਂ ਬਾਅਦ 13 ਅਕਤੂਬਰ 1964 ਈ: ਨੂੰ ਰਿਹਾ ਕੀਤਾ ਗਿਆ।
ਕਰਕਰੇ ਅਤੇ ਗੌਡਸੇ ਦੀ ਰਿਹਾਈ `ਚ ਉਨ੍ਹਾਂ ਦੇ ਸਾਥੀਆਂ ਨੇ ਸਵਾਗਤ ਸਭਾ ਦਾ
ਆਯੋਜਨ ਕੀਤਾ। ਜਿਸ `ਤੇ ਸਰਕਾਰ ਨੇ ਕਾਰਵਾਈ ਕਰਕੇ ਨਜ਼ਰਬੰਦੀ ਕਾਨੂੰਨ ਦੀਆਂ ਧਾਰਾਵਾਂ ਨੂੰ ਸੁਰਜੀਤ
ਕਰਕੇ 40 ਦਿਨਾਂ ਅੰਦਰ ਦੁਬਾਰਾ ਜੇਲ੍ਹ ਭੇਜ ਦਿੱਤਾ। ਇਸ ਤਰ੍ਹਾਂ ਡਰ ਤੇ ਖੌਫ਼ ਵਾਲੇ ਮਾਹੌਲ `ਚ
ਦੁਬਾਰਾ ਰਿਹਾਈ ਲਈ 1 ਸਾਲ 6 ਮਹੀਨੇ ਹੋਰ ਬੀਤ ਗਏ।
ਕੀ ਮਹਾਤਮਾ ਗਾਂਧੀ ਨੇ ਗੋਲੀ ਲੱਗਣ ਵੇਲੇ ਹੇ ਰਾਮ! ਕਿਹਾ?
ਜੱਜ ਸਾਹਮਣੇ ਆਏ ਗਵਾਹਾਂ ਦੇ ਬਿਆਨਾਂ `ਚ ਸਾਂਝੀ ਤੇ ਖ਼ਾਸ ਗੱਲ ਇਹ ਸੀ ਕਿ
30 ਜਨਵਰੀ 1948 ਦੀ ਸ਼ਾਮ 5: 00 ਵਜੇ ਨਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਨੂੰ ਗੋਲ਼ੀਆਂ ਦਾ ਨਿਸ਼ਾਨਾ
ਬਣਾ ਦਿੱਤਾ, ਜਿਸ ਸਮੇਂ ਗਾਂਧੀ ਪ੍ਰਾਰਥਨਾ ਸਭਾ ਵੱਲ ਜਾ ਰਹੇ ਸਨ। ਗਾਂਧੀ ਦੀ ਛਾਤੀ `ਚ ਗੋਲੀਆਂ
ਲੱਗਣ `ਤੇ ਗਾਂਧੀ ਨੇ ਇੱਕ ਕਮਜ਼ੋਰ ਤੇ ਬੇਹੋਸ਼ੀ ਦੀ ‘ਆਹ’ ਭਰੀ ਤੇ ਸ਼ਾਇਦ ਕਿਸੇ ਸ਼ੋਕ ਜਾਂ ਸਦਮੇ ਕਾਰਨ
ਧਰਤੀ `ਤੇ ਡਿੱਗ ਪਏ ਅਤੇ 20 ਮਿੰਟ ਬਾਅਦ ਦਮ ਤੋੜ ਗਏ।
ਇਥੇ ਇਹ ਦੱਸਣਯੋਗ ਹੈ ਕਿ ਗਾਂਧੀਵਾਦੀ
ਆਪਣੇ ਪ੍ਰਚਾਰ `ਚ ਇਹ ਕਹਿੰਦੇ ਹਨ ਕਿ ‘ਹਤਿਆਰੇ ਨਥੂਰਾਮ ‘ਦੀ ਗੋਲੀ ਵੱਜਣ ਤੋਂ ਬਾਅਦ ਗਾਂਧੀ ਨੇ
‘ਹੇ ਰਾਮ!’ ਕਿਹਾ, ਜੋ ਗਵਾਹਾਂ ਦੇ ਬਿਆਨਾਂ ਮੁਤਾਬਿਕ ਗਲਤ ਹੈ। (ਗਾਂਧੀਵਾਦੀ ਅਜਿਹਾ ਇਸ ਕਰਕੇ
ਕਹਿੰਦੇ ਹਨ ਤਾਂ ਜੋ ਉਹ ਗਾਂਧੀ ਦੇ ਮੂੰਹੋਂ ‘ਹੇ ਰਾਮ!’ ਅਖਵਾ ਕੇ ਗਾਂਧੀ ਨੂੰ 20ਵੀਂ ਸਦੀ ਦਾ
ਅਵਤਾਰ ਬਣਾ ਸਕਣ।)
ਗਾਂਧੀ ਦੇ ਹਤਿਆਰਿਆਂ ਦੀ ਯੋਗਤਾ:
ਜੱਜ ਸਾਹਮਣੇ ਆਏ ਗਵਾਹਾਂ ਅਨੁਸਾਰ ਨਥੂਰਾਮ ਨੇ ਨਿਸ਼ਾਨਾ ਸੇਧਣ ਉਪਰੰਤ
ਪਿਸਤੌਲ ਵਾਲੀ ਬਾਂਹ ਉਚੀ ਕਰਕੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਤੇ ਇਉਂ ਉਸ ਨੂੰ ਫੜ੍ਹ
ਲਿਆ ਗਿਆ। ਨਥੂਰਾਮ `ਤੇ ਆਈ. ਪੀ. ਸੀ. 302 ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਨਥੂਰਾਮ ਸਿਰ ਫਿਰਿਆ ਕਾਤਲ ਹੁੰਦਾ
ਤਾਂ ਅਫੜਾ ਤਫੜੀ ਵਾਲੀ ਭੀੜ `ਚੋਂ ਆਸਾਨੀ ਨਾਲ ਦੌੜ ਸਕਦਾ ਸੀ ਪਰ ਉਹ ਦੌੜਿਆ ਨਹੀਂ ਬਲਕਿ ਬਹਾਦਰਾਂ
ਵਾਂਗੂੰ ਲਲਕਾਰ ਰਿਹਾ ਸੀ। ਉਸ ਦੇ ਨਾ ਭੱਜਣ ਦਾ ਇਥੇ ਕੋਈ ਮਕਸਦ ਸੀ, ਜੋ ਉਸ ਦੀ ਸ਼ਖ਼ਸੀਅਤ ਨੂੰ
ਉਘਾੜਦਾ ਹੈ।
ਪੇਸ਼ੇ ਵਜੋਂ ਨਥੂਰਾਮ ਗੌਡਸੇ, ‘ਹਿੰਦੂ ਰਾਸ਼ਟਰ’ ਅਖ਼ਬਾਰ ਦਾ ਸੰਪਾਦਕ ਸੀ ਤੇ
ਨਾਰਾਇਣ ਆਪਟੇ ‘ਅਗ੍ਰਣੀ’ ਮਰਾਠੀ ਅਖ਼ਬਾਰ ਦਾ ਸੰਪਾਦਕ ਹੋਣ ਦੇ ਨਾਲ ਬੀ. ਐਸ. ਸੀ, ਬੀ. ਟੀ. ਪਾਸ
ਸੀ। ਨਥੂਰਾਮ ਗੌਡਸੇ ਦੀ ਸੋਚ ਸ਼ਕਤੀ ਬਾਰੇ ਜਸਟਿਸ ਅੱਛਰੂ ਰਾਮ ਕਹਿੰਦੇ ਹਨ:
“ਭਾਵੇਂ ਉਹ ਮੈਟ੍ਰਿਕ ਦੇ ਇਮਤਿਹਾਨ ਵਿੱਚ ਅਸਫਲ ਹੋ ਗਿਆ ਸੀ ਪਰ ਉਸਨੇ ਕਾਫੀ
ਕੁੱਝ ਪੜ੍ਹਿਆ ਹੋਇਆ ਹੈ। ਆਪਣੀ ਅਪੀਲ ਦੌਰਾਨ ਆਪਣਾ ਪੱਖ ਪੇਸ਼ ਕਰਦਿਆਂ ਉਸਨੇ ਅੰਗਰੇਜ਼ੀ ਜ਼ੁਬਾਨ ਦੇ
ਬਹੁਤ ਚੰਗੇ ਗਿਆਨ ਦਾ ਪ੍ਰਮਾਣ ਦਿੱਤਾ ਅਤੇ ਇਸਦੇ ਨਾਲ ਹੀ ਆਪਣੀ ਸਪੱਸ਼ਟ ਸੋਚ ਸ਼ਕਤੀ ਦਾ ਵੀ ਤਕੜਾ
ਸਬੂਤ ਪੇਸ਼ ਕੀਤਾ।”
“ਉਸ ਨੇ ਆਪਣੀ ਅਪੀਲ ਦੌਰਾਨ ਆਪਣੀ ਪੈਰਵੀ ਖ਼ੁਦ ਕੀਤੀ ਸੀ ਅਤੇ ਮੈਂ ਕਹਿੰਦਾ
ਹਾਂ ਕਿ ਇਸ ਸਭ ਕਾਸੇ ਵਿੱਚ ਉਸ ਨੇ ਐਸੀ ਮਾਅਰਕੇ ਵਾਲੀ ਯੋਗਤਾ ਦਰਸਾਈ ਹੈ, ਜਿਸ ਨੇ ਸਾਰੇ ਦੇ ਸਾਰੇ
ਤੱਥ ਸਾਹਮਣੇ ਲਿਆ ਕੇ ਇੱਕ ਸੁਲਝੇ ਹੋਏ ਵਕੀਲ ਨੂੰ ਵੀ ਮਾਤ ਪਾ ਦਿੱਤੀ ਸੀ।”
“ਤਕਰੀਬਨ ਪੰਜ ਹਫ਼ਤਿਆਂ ਦੇ ਉਸ ਸਮੇਂ ਦੌਰਾਨ ਅਸੀਂ ਨਥੂਰਾਮ ਨੂੰ ਚੰਗੀ
ਤਰ੍ਹਾਂ ਦੇਖ ਭਾਲ ਚੁੱਕੇ ਹਾਂ, ਜਿਸ ਸਮੇਂ ਦੌਰਾਨ ਕਿ ਅਸੀਂ ਇਹ ਅਪੀਲਾਂ ਅਤੇ ਖ਼ਾਸ ਕਰਕੇ ਉਹ ਅੱਠ
ਜਾਂ ਨੌਂ ਦਿਨ, ਜਿਨ੍ਹਾਂ ਦੌਰਾਨ ਉਹ ਆਪਣੇ ਮੁਕੱਦਮੇ ਦੀ ਅਪੀਲ ਖ਼ੁਦ ਲੜ ਰਿਹਾ ਸੀ ਅਤੇ ਮੈਨੂੰ ਇਸ
ਗੱਲ ਦਾ ਅੰਦਾਜਾ ਹੀ ਨਹੀਂ ਹੋ ਸਕਦਾ ਕਿ ਇਸ ਮਰਾਤਬੇ `ਤੇ ਪੁੱਜੇ ਹੋਏ ਇਨਸਾਨ ਦੇ ਅੰਦਰ ਕਦੀ ਕੁੱਝ
ਹੋਰ ਵੀ ਖ਼ਿਆਲ ਭਾਵ ਕਿ ਗਾਂਧੀ ਨੂੰ ਕਤਲ ਕਰਨ ਦਾ ਉਪਜਿਆ ਹੋਵੇਗਾ।”
ਜੱਜ ਦੇ ਮਨ `ਚ ਨਥੂਰਾਮ ਬਾਰੇ ਨਜ਼ਰੀਆ:
ਜਸਟਿਸ ਸ੍ਰੀ ਖੋਸਲਾ ਨੇ ਗਾਂਧੀ ਕਤਲ ਤੋਂ ਲਗਭਗ 15 ਸਾਲ ਬਾਅਦ ਆਪਣੀ ਸੇਵਾ
ਮੁਕਤੀ ਉਪਰੰਤ 10 ਅਧਿਆਇ ਵਿੱਚ ਇੱਕ ਗ੍ਰੰਥ ਆਕਾਰੀ ਪੁਸਤਕ ਲਿਖੀ, ਜਿਸ ਵਿੱਚ ਉਸਨੇ ‘ਗਾਂਧੀ
ਹੱਤਿਆ’ (
The Murder of the Mahatma)
ਵਿਚ ‘ਨਥੂਰਾਮ ਗੌਡਸੇ ਦਾ ਮੁਕੱਦਮਾ’
(The Case of the Nathuram Goudse)
ਨਾਮੀ ਵੀ ਇੱਕ ਅਧਿਆਇ ਹੈ। ਸ੍ਰੀ ਖੋਸਲਾ ਦੇ ਮਨ `ਤੇ ਉਸ ਵੇਲੇ ਜੋ ਮੁਦਰਾ ਦਾ ਚਿਤਰਣ ਹੋਇਆ ਉਸ ਭਾਵ
ਦੀ ਅਸਲੀਅਤ ਨੂੰ ਉਹ ਸ਼ਬਦਾਂ `ਚ ਬਿਆਨਦੇ ਹੋਏ ਲਿਖਦੇ ਹਨ:
“ਅਦਾਲਤ ਵਿੱਚ ਬੈਠੇ ਸਾਰੇ ਦਰਸ਼ਕ ਇਸ ਸਭ ਕਾਸੇ ਨੂੰ ਵੇਖ ਅਤੇ ਸੁਣ ਕੇ ਪੂਰੀ
ਤਰ੍ਹਾਂ ਪਸੀਜ ਗਏ, ਜਦੋਂ ਉਹ (ਨਥੂਰਾਮ) ਬੋਲਣੋਂ ਰੁਕ ਗਿਆ। ਉਸ ਸਮੇਂ ਹਰ ਪਾਸੇ ਇੱਕ ਮੁਕੰਮਲ ਚੁੱਪ
ਜਿਹੀ ਛਾ ਗਈ ਸੀ। ਬਹੁਤ ਸਾਰੀਆਂ ਔਰਤਾਂ ਦੀਆਂ ਅੱਖਾਂ ਹੰਝੂਆਂ ਨਾਲ ਛਲਕ ਰਹੀਆਂ ਸਨ, ਮਰਦਾਂ ਦੇ
ਗੱਚ ਭਰ ਚੁੱਕੇ ਸਨ ਅਤੇ ਉਹ ਆਪਣੇ ਅੱਥਰੂ ਪੂੰਝਣ ਲਈ ਰੁਮਾਲ ਲੱਭ ਰਹੇ ਸਨ। ਹਰ ਪਾਸੇ ਛਾ ਚੁੱਕੀ ਇਸ
ਲੰਬੀ ਚੁੱਪ ਦੇ ਵਾਤਾਵਰਣ ਨੂੰ ਗਲ਼ ਵਿਚੋਂ ਰੁਕ ਰੁਕ ਕੇ ਨਿਕਲਣ ਵਾਲੇ ਕਿਸੇ ਖੰਘੂਰੇ ਜਾਂ ਦਬਵੀਂ
ਖੰਘ ਦੀ ਆਵਾਜ਼ ਫੈਲੀ ਹੋਈ ਚੁੱਪ ਦੇ ਵਾਤਾਵਰਣ ਨੂੰ ਹੋਰ ਗੰਭੀਰ ਬਣਾ ਰਹੀ ਸੀ।”
“ਮੈਨੂੰ ਇਸ ਗੱਲ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੁਭਾ ਨਹੀਂ ਕਿ ਉਸ ਦਿਨ ਦੇ
ਹਾਜ਼ਰ ਦਰਸ਼ਕਾਂ ਵਿਚੋਂ ਜੇਕਰ ਕੁੱਝ ਨੂੰ ਫ਼ੈਸਲਾ ਕਰਨ ਵਾਲੀ ਜਿਊਰੀ (
Jury)
ਦਾ ਰੂਪ ਦਿੱਤਾ ਜਾਂਦਾ ਜੋ ਕਿ ਗੌਡਸੇ ਦੀ ਅਪੀਲ ਦਾ ਫ਼ੈਸਲਾ ਕਰਨ ਦੀ ਜਿੰਮੇਵਾਰੀ ਪ੍ਰਾਪਤ ਕਰ ਲੈਂਦੇ
ਤਾਂ ਉਨ੍ਹਾਂ ਨੇ ਇੱਕ ਬਹੁਤ ਤਕੜੇ ਬਹੁਮਤ ਨਾਲ ਉਹ (ਨਥੂਰਾਮ) ‘ਬੇਕਸੂਰ ਹੈ’
(not guilty)
ਦਾ ਫ਼ੈਸਲਾ ਕਰਨਾ ਸੀ।”
(The Murder of the
Mahatma, Page 234)
ਕੀ ਸਮਕਾਲੀ ਅਖ਼ਬਾਰਾਂ ਨੇ ਸੱਚ ਲਿਖਿਆ:
ਨਥੂਰਾਮ ਵੱਲੋਂ ਹਾਈ-ਕੋਰਟ `ਚ ਕੀਤੀ ਗਈ ਬਹਿਸ ਸਬੰਧੀ ਸਮੁੱਚੇ ਪ੍ਰੈੱਸ ਦੀ
ਆਵਾਜ਼ ਨੂੰ ਦਬਾ ਦਿੱਤਾ ਗਿਆ ਸੀ। ਨਥੂਰਾਮ ਵਲੋਂ ਬਾਦਲੀਲ ਅਤੇ ਜੁਰਅਤ ਮੰਦਾਨਾ ਰੂਪ ਨਾਲ ਅਪੀਲ ਵਿੱਚ
ਪੇਸ਼ ਕੀਤੇ ਮੁੱਦਿਆਂ ਨੂੰ ਜਿਸ ਅਸਾਧਾਰਨ ਕਿਸਮ ਦੀ ਅਡੋਲਤਾ ਨਾਲ ਪ੍ਰਗਟਾਇਆ ਗਿਆ ਸੀ ਉਸ ਨੇ ਕੁਦਰਤੀ
ਤੌਰ `ਤੇ ਪ੍ਰੈੱਸ ਦਾ ਧਿਆਨ ਖਿੱਚਿਆ ਸੀ, ਜਿਸ ਕਾਰਨ ਪੱਤਰਕਾਰਾਂ ਨੇ ਛੋਟੀ ਤੋਂ ਛੋਟੀ ਗੱਲ ਨੂੰ
ਗੰਭੀਰਤਾ ਨਾਲ ਲਿਖਿਆ ਸੀ, ਪਰ ਜਿਵੇਂ ਹੀ ਜੱਜ ਆਪਣੇ ਕਮਰੇ ਵੱਲ ਪਰਤੇ ਉਸੇ ਹੀ ਸਮੇਂ ਪੁਲਸ ਦੇ
ਸਿਪਾਹੀਆਂ ਨੇ ਪੱਤਰ ਪ੍ਰੇਰਕਾਂ ਨੂੰ ਦਬੋਚ ਕੇ ਉਨ੍ਹਾਂ ਪਾਸੋਂ ਨੋਟ ਬੁੱਕਾਂ ਖੋਹ ਲਈਆਂ ਅਤੇ
ਚੀਰਫਾੜ ਕਰ ਦਿੱਤਾ। ਇਸ ਦੇ ਨਾਲ ਪ੍ਰੈੱਸ ਵਾਲਿਆਂ ਨੂੰ ਖ਼ਬਰਦਾਰ ਵੀ ਕੀਤਾ ਗਿਆ ਕਿ ਜੇ ਉਨ੍ਹਾਂ ਨੇ
ਨਥੂਰਾਮ ਦੀ ਸਪੀਚ ਬਾਰੇ ਕੁੱਝ ਵੀ ਸੱਚ ਛਾਪਿਆ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਪ੍ਰੈੱਸ ਉਪਰ
ਇਸ ਗੱਲ ਦਾ ਦਬਾਓ ਸੀ ਕਿ ਉਹ ਸਰਕਾਰ ਵਲੋਂ ਦਿੱਤੀਆਂ ਹਿਦਾਇਤਾਂ `ਤੇ ਪਹਿਰਾ ਦੇਵੇ ਅਤੇ ਇਹੋ ਕਾਰਨ
ਸੀ ਕਿ ਪ੍ਰੈੱਸ ਬਣਾਉਟੀ ਰਿਪੋਰਟਾਂ ਹੀ ਛਾਪਦਾ ਰਹਿੰਦਾ ਸੀ। ਕਿਉਂਕਿ ਸਰਕਾਰ ਆਪਣੇ ਆਪ ਨੂੰ ਬਾਪੂ
ਗਾਂਧੀ ਦੀ ਸਰਕਾਰ ਕਹਿੰਦੀ ਸੀ, ਜਿਸ ਕਾਰਨ ਸਮਕਾਲੀਨ ਅਖ਼ਬਾਰਾਂ `ਚ ਸਿਦਕਦਿਲੀ ਦੀ ਵੱਡੀ ਘਾਟ ਸੀ ਜੋ
ਉਨ੍ਹਾਂ ਦੀ ਮਜਬੂਰੀ ਸੀ।
ਨਥੂਰਾਮ ਦਾ ਮਿਸ਼ਨ ਤੇ ਗਾਂਧੀ ਦੀ ਮੌਤ ਦੇ ਕਾਰਨ:
ਉਪਰੋਕਤ ਬਿਆਨਾਂ ਤੋਂ ਸਪੱਸ਼ਟ ਹੈ ਕਿ ਨਥੂਰਾਮ ਕਿਸੇ ਮਿਸ਼ਨ ਤਹਿਤ ਚੱਲ ਰਿਹਾ
ਸੀ। ਆਖ਼ਰ ਉਹ ਕੀ ਮਿਸ਼ਨ ਸੀ? ਜਿਸ ਦੀ ਪੂਰਤੀ ਖ਼ਾਤਰ ਗਾਂਧੀ ਨੂੰ ਮਾਰਨਾ ਪਿਆ। ਇਸ ਦੇ ਕੁੱਝ ਕਾਰਨ
ਸਨ।
ਨਥੂਰਾਮ ਦੀ ਨਜ਼ਰ `ਚ
ਗਾਂਧੀ ਅੰਗਰੇਜ਼ਾਂ ਦਾ ਇੱਕ ਪਿੱਠੂ ਸੀ ਅਤੇ ਮੁਸਲਿਮ ਨੇਤਾ ਮੁਹੰਮਦ ਅਲੀ ਜ਼ਿਨਾਹ ਪ੍ਰਸਤੀ ਸੀ।
ਖ਼ਾਸ ਗੱਲ ਇਹ ਸੀ ਕਿ ਨਥੂਰਾਮ ਦੇ ਦੇਸ਼ ਪ੍ਰਤੀ
ਜਜ਼ਬੇ ਬਹੁਤ ਜੁੜੇ ਹੋਏ ਸਨ। ਉਹ ਸੁਪਨੇ ਵਿੱਚ ਵੀ ਨਹੀਂ ਸੀ ਚਾਹੁੰਦਾ ਕਿ ਦੇਸ਼ ਦੀ ਵੰਡ ਹੋਵੇ। ਉਹ
ਵੰਡ ਦਾ ਦੋਸ਼ੀ ਜਿੱਥੇ ਅੰਗਰੇਜ਼ਾਂ, ਜ਼ਿਨਾਹ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮੰਨਦਾ ਸੀ ਉੱਥੇ
ਮੁਖ ਦੋਸ਼ੀ ਮਹਾਤਮਾ ਗਾਂਧੀ ਨੂੰ ਗਰਦਾਨਦਾ ਸੀ। ਨਥੂਰਾਮ ਦਾ ਛੋਟਾ ਭਰਾ ਗੋਪਾਲ ਵਿਨਾਇਕ ਗੌਡਸੇ,
ਜਿਨ੍ਹਾਂ ਨੂੰ ਗਾਂਧੀ ਕਤਲ ਕੇਸ `ਚ ਉਮਰ ਕੈਦ ਹੋਈ ਸੀ, ਨੇ ਹਥਲੀਆਂ ਸਤਰਾਂ ਦੇ ਲੇਖਕ ਨੂੰ ਦੱਸਿਆ
ਹੈ ਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਪਾਕਿਸਤਾਨ ਬਣਿਆ ਅਤੇ ਹਿੰਦੂ ਸਿੱਖਾਂ ਨੂੰ ਪਾਕਿਸਤਾਨ ਤੋਂ
ਉੱਜੜ ਕੇ ਭਾਰਤ ਆਉਣਾ ਪਿਆ। ਇਸੇ ਤਰ੍ਹਾਂ ਮੁਸਲਮਾਨਾਂ ਨੂੰ ਪਾਕਿਸਤਾਨ ਜਾਣਾ ਪਿਆ। ਇਸ ਹੋਈ ਅਦਲਾ
ਬਦਲੀ `ਚ ਜੋ ਕਹਿਰ ਦਾ ਕਤਲੇਆਮ ਹੋਇਆ, ਉਨ੍ਹਾਂ ਦ੍ਰਿਸ਼ਾਂ ਨੂੰ ਵੇਖ ਕੇ ਨਥੂਰਾਮ ਗੌਡਸੇ ਪਾਗਲਾਂ
ਵਾਲੀਆਂ ਹਰਕਤਾਂ `ਤੇ ਉਤਰ ਆਉਂਦਾ ਸੀ। ਆਖ਼ਰ ਨਥੂਰਾਮ ਗੌਡਸੇ ਇਸ ਸਭ ਕਾਸੇ ਨੂੰ ਹੋਣੀ ਸਵੀਕਾਰ ਕੇ
ਚੁੱਪ ਕਰ ਜਾਂਦਾ!
ਦੂਜਾ ਕਾਰਨ ਪਾਕਿਸਤਾਨ ਤੋਂ ਉੱਜੜ ਕੇ ਆਏ ਸ਼ਰਣਾਰਥੀਆਂ ਨੇ ਜਦੋਂ ਦਿੱਲੀ ਜਾਂ
ਹੋਰ ਸਥਾਨਾਂ ਤੋਂ ਉੱਜੜ ਕੇ ਗਏ ਮੁਸਲਮਾਨਾਂ ਦੇ ਘਰਾਂ `ਚ ਬਸੇਰੇ ਕੀਤੇ ਤਾਂ ਜ਼ਿਨਾਹ ਨੇ ਇਤਰਾਜ਼
ਕੀਤਾ, ਜਿਸ `ਤੇ ਜ਼ਿਨਾਹ ਦਾ ਕੋਈ ਹੱਕ ਨਹੀਂ ਸੀ ਕਿ ਹਿੰਦੂ ਜਾਂ ਸਿੱਖ ਸਾਡੇ ਭਾਵ ਮੁਸਲਮਾਨਾਂ ਦੇ
ਘਰਾਂ `ਚ ਕਿਉਂ ਠਹਿਰੇ ਹਨ। ਉਸ ਵੇਲੇ ਗਾਂਧੀ ਨੇ ਜ਼ਿਨਾਹ ਪ੍ਰਸਤੀ ਨੂੰ ਕਬੂਲ ਕਰਦਿਆਂ ਇੱਕ ਤਾਂ
ਸ਼ਰਣਾਰਥੀਆਂ ਨੂੰ ਘਰਾਂ `ਚੋਂ ਕਢਵਾ ਦਿੱਤਾ, ਦੂਜਾ ਉਨ੍ਹਾਂ ਦੇ ਰਹਿਣ ਦਾ ਕੋਈ ਪ੍ਰਬੰਧ ਨਾ ਕੀਤਾ,
ਤੀਜੀ ਉਪਰੋਂ ਬਰਸਾਤ ਪੈ ਰਹੀ ਸੀ ਤੇ ਚੌਥੀ ਠੰਡ ਵੀ ਸ਼ੁਰੂ ਹੋ ਚੁੱਕੀ ਸੀ। ਨਥੂਰਾਮ ਗੌਡਸੇ ਉਨ੍ਹਾਂ
ਦਿਨਾਂ `ਚ ਦਿੱਲੀ ਵਿਖੇ ਠਹਿਰਿਆ ਸੀ, ਇਨ੍ਹਾਂ ਦ੍ਰਿਸ਼ਾਂ ਨੂੰ ਵੇਖ ਕੇ ਨਥੂਰਾਮ ਗੌਡਸੇ ਦੇ ਮਨ ਅੰਦਰ
ਗਾਂਧੀ ਪ੍ਰਤੀ ਜਵਾਲਾ ਦੇ ਭਾਂਬੜ ਮੱਚਣੇ ਸੁਭਾਵਕ ਸਨ।
ਨਥੂਰਾਮ ਵਲੋਂ ਦਿੱਤੇ ਅਦਾਲਤੀ ਬਿਆਨ
ਮੁਤਾਬਿਕ 23 ਸਤੰਬਰ 1947 ਨੂੰ ਮਹਾਤਮਾ ਗਾਂਧੀ ਨੇ ਰਾਵਲਪਿੰਡੀ (ਪਾਕਿਸਤਾਨ) ਤੋਂ ਉੱਜੜ ਕੇ ਆਏ
ਸ਼ਰਣਾਰਥੀਆਂ ਬਾਰੇ ਕਿਹਾ, “ਮੇਰੇ ਕੋਲ
ਰਾਵਲਪਿੰਡੀ ਤੋਂ ਜੋ ਸੱਜਣ ਮਿਲਣ ਆਏ ਸਨ, ਉਹ ਤਕੜੇ ਸਨ, ਬਹਾਦਰ ਸਨ ਤੇ ਵਪਾਰ `ਚ ਮਾਹਰ ਸਨ…. . .
ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇੱਥੇ ਕਿਉਂ ਆਏ ਹੋ? ਉਧਰ ਮਰ ਕਿਉਂ ਨਹੀਂ ਗਏ? ਮੈਂ ਤਾਂ ਇਸੇ
ਗੱਲ `ਤੇ ਕਾਇਮ ਹਾਂ ਕਿ ਸਾਡੇ `ਤੇ ਜ਼ੁਲਮ ਹੋਣ ਤਾਂ ਅਸੀਂ ਜਿੱਥੇ ਹਾਂ ਉਥੇ ਹੀ ਪਏ ਰਹੀਏ, ਮਰ
ਜਾਈਏ। ਲੋਕ ਮਾਰ ਦੇਣ ਤਾਂ ਮਰ ਜਾਈਏ ਪਰ ਇਹ ਨਾ ਕਹੀਏ ਕਿ ਹੁਣ ਅਸੀਂ ਕੀ ਕਰ ਸਕਦੇ ਹਾਂ। ਮਕਾਨ
ਨਹੀਂ ਤਾਂ ਧਰਤੀ ਮਾਤਾ ਸਾਡਾ ਮਕਾਨ ਹੈ, ਉਪਰ ਆਕਾਸ਼ ਹੈ। ਜੋ ਮੁਸਲਮਾਨ ਏਧਰੋਂ ਡਰ ਦੇ ਮਾਰੇ ਦੌੜ ਗਏ
ਹਨ, ਉਨ੍ਹਾਂ ਦੇ ਮਕਾਨ ਪਏ ਹਨ, ਜ਼ਮੀਨਾਂ ਪਈਆਂ ਹਨ ਤਾਂ ਕੀ ਮੈਂ ਤੁਹਾਨੂੰ ਕਹਾਂ ਕਿ ਤੁਸੀਂ
ਮੁਸਲਮਾਨਾਂ ਦੇ ਘਰਾਂ `ਚ ਚਲੇ ਜਾਵੋ? ਮੇਰੀ ਜ਼ਬਾਨ ਤੋਂ ਅਜਿਹਾ ਨਹੀਂ ਨਿਕਲ ਸਕਦਾ। ਮੁਸਲਮਾਨਾਂ ਦੇ
ਘਰ ਜੋ ਕਲ੍ਹ ਤਕ ਸਨ, ਉਹ ਅੱਜ ਵੀ ਉਨ੍ਹਾਂ ਦੇ ਹਨ। ਉਨ੍ਹਾਂ ਵਿੱਚ ਜੋ ਸ਼ਰਣਾਰਥੀ ਹਨ, ਉਹ ਆਪਣੇ ਆਪ
ਚਲੇ ਜਾਣ। ਮੈਂ
ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਸਿੱਖ ਅਤੇ ਹਿੰਦੂ ਸ਼ਰਣਾਰਥੀਆਂ ਨੂੰ ਕਹੋ ਕਿ ਉਹ ਪੁਲਿਸ ਅਤੇ
ਫ਼ੌਜ ਦੀ ਮਦਦ ਬਗੈਰ ਪਾਕਿਸਤਾਨ `ਚ ਆਪਣੀਆਂ ਥਾਂਵਾਂ `ਤੇ ਚਲੇ ਜਾਣ।”
ਤੀਜਾ ਕਾਰਨ ਦੇਸ਼ ਦੀ ਅਖੌਤੀ ਅਜ਼ਾਦੀ ਉਪਰੰਤ ਪਾਕਿਸਤਾਨ ਦੀ ਆਰਥਿਕ ਹਾਲਤ
ਬਹੁਤ ਪਤਲੀ ਪੈ ਗਈ, ਜਿਸ ਕਰਕੇ ਜ਼ਿਨਾਹ ਨੇ ਭਾਰਤ ਤੋਂ ਆਰਥਿਕ ਮਦਦ ਮੰਗੀੇ। ਗਾਂਧੀ ਨੇ ਪਾਕਿਸਤਾਨ
(ਜ਼ਿਨਾਹ) ਪ੍ਰਸਤੀ ਨੀਤੀ ਤਹਿਤ ਸੰਸਦ ਨੂੰ ਕਿਹਾ ਕਿ ਪਾਕਿਸਤਾਨ ਨੂੰ 55 ਕਰੋੜ ਦੀ ਮਦਦ ਦਿੱਤੀ ਜਾਵੇ
ਪਰ ਸੰਸਦ `ਚ ਕੁੱਝ ਗਾਂਧੀ ਵਿਰੋਧੀਆਂ ਨੇ ਪਾਕਿਸਤਾਨ ਨੂੰ 55 ਕਰੋੜ ਰੁਪਏ ਦੇਣ ਦਾ ਨਿਰਣਾ 9 ਜਨਵਰੀ
1948 ਨੂੰ ਠੁਕਰਾ ਦਿੱਤਾ। ਸਿੱਟੇ ਵਜੋਂ ਮਹਾਤਮਾ ਗਾਂਧੀ ਨੇ ਆਪਣੀ ਰਵਾਇਤੀ ਨੀਤੀ ਮੁਤਾਬਿਕ 13
ਜਨਵਰੀ ਨੂੰ ਭੁੱਖ ਹੜਤਾਲ (ਮਰਨ ਵਰਤ) ਸ਼ੁਰੂ ਕਰ ਦਿੱਤੀ। 14 ਜਨਵਰੀ ਨੂੰ ਮੰਤਰੀ ਮੰਡਲ ਦੀ ਮੁੜ
ਮੀਟਿੰਗ ਹੋਈ। ਉਸ ਮੀਟਿੰਗ `ਚ 55 ਕਰੋੜ ਰੁਪਇਆ ਨਾ ਦੇਣ ਦਾ ਫ਼ੈਸਲਾ ਬਦਲ ਦਿੱਤਾ ਗਿਆ ਭਾਵ ਕਿ
ਪਾਕਿਸਤਾਨ ਨੂੰ ਮਦਦ ਦੇਣੀ ਸਵੀਕਾਰ ਕਰ ਲਈ ਗਈ। ਗਾਂਧੀ ਨੇ ਉਸ ਬਦਲੇ ਹੋਏ ਫ਼ੈਸਲੇ ਨੂੰ ਲਾਸਾਨੀ (
Unique)
ਦਸਦੇ ਹੋਏ ਕਿਹਾ,” ਜਿੱਥੇ ਆਮ ਕਾਨੂੰਨ ਅਧੂਰਾ ਹੁੰਦਾ ਹੈ, ਉਥੇ ਨਿਆਂ ਦੇ ਸਿਧਾਂਤਾਂ ਦੀ ਵਰਤੋਂ
(equity)
ਨਾਲ ਕੰਮ ਹੁੰਦਾ ਹੈ।”
ਚੌਥਾ ਪ੍ਰਮੁਖ
ਕਾਰਨ ਇਹ ਸੀ ਕਿ ਪਾਕਿਸਤਾਨ ਨੇ ਜੋ 55 ਕਰੋੜ ਰੁਪਏ ਆਪਣੀ ਆਰਥਿਕ ਮੰਦਹਾਲੀ ਸੁਧਾਰਨ ਲਈ ਭਾਰਤ ਤੋਂ
ਦਾਨ ਵਜੋਂ ਲਿਆ ਸੀ, ਉਸ ਰਾਸ਼ੀ ਦਾ ਪਾਕਿਸਤਾਨ ਨੇ ਗੋਲ਼ੀ, ਬਾਰੂਦ, ਸਿੱਕਾ, ਬੁਲੇਟ ਵਗੈਰਾ ਖ਼ਰੀਦ ਕੇ
ਕਸ਼ਮੀਰ `ਤੇ ਹਮਲਾ ਕਰ ਦਿੱਤਾ।
ਇਥੇ ਇਹ ਦੱਸਣਯੋਗ ਹੈ ਕਿ ਹਿੰਦੁਸਤਾਨੀ
ਲਗਭਗ 660 ਰਿਆਸਤਾਂ ਵਿਚੋਂ ਕਸ਼ਮੀਰ ਇੱਕ ਅਜਿਹੀ ਰਿਆਸਤ ਸੀ ਜੋ ਅੰਗਰੇਜ਼ਾਂ ਦੇ ਕਬਜ਼ੇ ਅਧੀਨ ਨਹੀਂ
ਸੀ। ਪਾਕਿਸਤਾਨ ਦੇ ਹਮਲੇ ਵੇਲੇ ਕਸ਼ਮੀਰ ਦਾ ਰਾਜਾ ਹਰੀ ਸਿੰਘ ਸੀ ਪਰ ਉਹ ਪਾਕਿਸਤਾਨ ਵਲੋਂ ਕੀਤੇ
ਹਮਲੇ ਦਾ ਜਵਾਬ ਦੇਣ ਵਿੱਚ ਅਸਮਰਥ ਸੀ। ਅਜਿਹੇ ਹਾਲਾਤ ਵਿੱਚ ਰਾਜਾ ਹਰੀ ਸਿੰਘ ਦੀ ਹਾਲਤ ਸੱਪ ਦੇ
ਮੂੰਹ ਵਿੱਚ ਕੋੜ੍ਹਕਿਰਲੀ ਵਾਲੀ ਸੀ ਕਿਉਂਕਿ ਰਾਜਾ ਖ਼ੁਦ ਹਿੰਦੂ ਸੀ ਤੇ ਉਸ ਦੀ ਰਿਆਸਤ ਵਿਚਲੀ
ਬਹੁਗਿਣਤੀ ਆਵਾਮ ਮੁਸਲਿਮ ਸੀ। ਹਰੀ ਸਿੰਘ ਦੀ
ਦੁਚਿੱਤੀ ਇਹ ਸੀ ਕਿ ਜੇਕਰ ਉਹ ਪਾਕਿਸਤਾਨ ਵਿੱਚ ਸ਼ਾਮਲ ਹੁੰਦਾ ਸੀ ਤਾਂ ਉਸ ਦਾ ਆਪਣਾ ਕੋਈ ਵਜੂਦ
ਨਹੀਂ ਸੀ ਰਹਿੰਦਾ ਅਤੇ ਜੇਕਰ ਉਹ ਹਿੰਦੁਸਤਾਨ `ਚ ਜਜ਼ਬ ਹੁੰਦਾ ਤਾਂ ਉਸ ਦੀ ਜਨਤਾ ਵਿੱਚ ਵਿਰੋਧ ਹੋਣਾ
ਸੁਭਾਵਕ ਸੀ। ਪਾਕਿਸਤਾਨ ਦੇ ਹਮਲੇ ਤੋਂ ਬਚਾਅ ਲਈ ਰਾਜਾ ਹਰੀ ਸਿੰਘ ਨੇ ਆਪਣੀ ਅਕਲ ਤੋਂ ਕੰਮ ਲਿਆ ਤੇ
ਉਸ ਨੇ ਪਾਕਿਸਤਾਨੀ ਮੁਜਾਹੇਦੀਨ ਭਾਵ ਫ਼ੌਜ ਦਾ ਟਾਕਰਾ ਕਰਨ ਲਈ ਭਾਰਤ ਤੋਂ ਮਦਦ ਮੰਗੀ ਪਰ ਭਾਰਤ ਨੇ
ਬਿਨਾਂ ਸ਼ਰਤਾਂ ਕੋਈ ਮਦਦ ਕਰਨੋਂ ਇਨਕਾਰ ਕਰ ਦਿੱਤਾ। ਮੁੱਖ ਸ਼ਰਤ ਇਹ ਸੀ ਕਿ ਕਸ਼ਮੀਰ ਨੂੰ ਹਿੰਦੁਸਤਾਨ
ਵਿੱਚ ਸ਼ਾਮਲ ਹੋਣਾ ਪਵੇਗਾ। ਸਿੱਟੇ ਵਜੋਂ ਰਾਜਾ ਹਰੀ ਸਿੰਘ ਨੇ ਆਪਣਾ ਵਜੂਦ ਕਾਇਮ ਰੱਖਣ ਲਈ ਭਾਰਤ
ਵਲੋਂ ਰੱਖੀ ਸ਼ਰਤ ਬਾਰੇ ਲਿਖਤੀ ਸੰਧੀ ਕਰ ਲਈ। ਰਾਜਾ ਹਰੀ ਸਿੰਘ ਨੇ ਲਿਖਤੀ ਸੰਧੀ ਕਰਨ ਲੱਗਿਆਂ
‘ਜੰਮੂ ਤੇ ਕਸ਼ਮੀਰ’ ਰਾਜ ਲਈ ਕੁੱਝ ਖ਼ੁਦ ਮੁਖ਼ਤਿਆਰੀ ਦੀਆਂ ਸ਼ਰਤਾਂ ਰੱਖੀਆਂ ਜੋ ਭਾਰਤ ਵਲੋਂ ਮੰਨ ਲਈਆਂ
ਗਈਆਂ, (ਇਸੇ ਕਾਰਨ ਭਾਰਤ ਦੇ ਸੰਵਿਧਾਨ ਅੰਦਰ 370 ਧਾਰਾ ਅਧੀਨ ‘ਜੰਮੂ ਐਂਡ ਕਸ਼ਮੀਰ’ ਨੂੰ ਕੁੱਝ
ਵਿਸ਼ੇਸ਼ ਰਿਆਇਤਾਂ ਹਨ) ਪਰ ਉਸ ਸਮੇਂ ਤੱਕ ਪਾਕਿਸਤਾਨ ਕਸ਼ਮੀਰ ਦਾ ਕਾਫੀ ਖੇਤਰ ਆਪਣੇ ਕਬਜ਼ੇ ਅਧੀਨ ਕਰ
ਚੁੱਕਾ ਸੀ, ਜਿਸ ਨੂੰ ਹੁਣ ਮਕਬੂਜ਼ਾ ਕਸ਼ਮੀਰ ਕਿਹਾ ਜਾਂਦਾ ਹੈ। ਆਜ਼ਾਦੀ ਤੋਂ ਲੈ ਕੇ ਹੁਣ ਤੱਕ
ਪਾਕਿਸਤਾਨ ਵਲੋਂ ਕਸ਼ਮੀਰ `ਤੇ ਹੋਏ ਹਮਲਿਆਂ ਕਾਰਨ ਸ਼ਹੀਦ ਹੋਏ ਭਾਰਤੀ ਫ਼ੌਜੀ ਤੇ ਮਾਰੇ ਗਏ ਨਾਗਰਿਕਾਂ
ਦੀ ਜਿੰਮੇਵਾਰੀ ਦਾ ਸਿਹਰਾ ਵੀ ਪਾਕਿਸਤਾਨ ਨੂੰ ਦਾਨ ਵਜੋਂ ਦਿੱਤੇ ਉਸ 55 ਕਰੋੜ ਨੂੰ ਹੀ ਜਾਂਦਾ ਹੈ।
ਗਾਂਧੀ ਕਤਲ ਦੀ ਜਾਂਚ ਦੇ ਸਬੰਧ ਵਿੱਚ ਇੱਕ ਕਮਿਸ਼ਨ ਬਿਠਾਇਆ ਗਿਆ, ਜਿਸ ਦੀ
ਜਿੰਮੇਵਾਰੀ ਸਰਬ-ਉਚ ਅਦਾਲਤ ਦੇ ਇੱਕ ਸੇਵਾ ਮੁਕਤ ਜੱਜ ਸ੍ਰੀ ਕਪੂਰ ਨੂੰ ਸੌਂਪੀ ਗਈ। ਕਪੂਰ ਆਯੋਗ ਦੀ
ਰੀਪੋਰਟ ਵਿੱਚ ਆਏ ਗਵਾਹਾਂ ਤੱਥਾਂ ਮੁਤਾਬਿਕ ਇੱਕ ਗੱਲ ਸਾਂਝੀ ਉਭਰ ਕੇ ਜੋ ਸਾਹਮਣੇ ਆਉਂਦੀ ਹੈ, ਉਹ
ਇਹ ਸੀ ਕਿ ਪਾਕਿਸਤਾਨ ਨੂੰ 55 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਗਾਂਧੀ ਵਲੋਂ ਲਿਆ ਗਿਆ ਫ਼ੈਸਲਾ ਉਸਦੀ
ਮੌਤ ਦਾ ਮੁਖ ਕਾਰਨ ਸੀ।
ਸ੍ਰੀ ਰਾਜ ਗੋਪਾਲਚਾਰੀ ਜੋ ਮਾਉਂਟਬੇਟਨ ਤੋਂ ਬਾਅਦ ਵਾਇਸਰਾਇ ਬਣੇ ਸਨ,
ਉਨ੍ਹਾਂ ਨੇ ਇੱਕ ਪੁਸਤਕ ‘ਗਾਂਧੀ ਦੀ ਸਿੱਖਿਆ ਅਤੇ ਦਰਸ਼ਨ’
(Gandhi’s Teaching and Philosophy)
ਲਿਖੀ, ਜਿਸ ਵਿੱਚ ਸਰਦਾਰ ਪਟੇਲ ਦੇ ਸ਼ਬਦ ਹਨ, “ਗਾਂਧੀ ਜੀ 55 ਕਰੋੜ ਦੀ ਰਾਸ਼ੀ ਪਾਕਿਸਤਾਨ ਨੂੰ
ਦੇਣ ਦਾ ਹਠ ਕਰ ਬੈਠੇ, ਜਿਸ ਦਾ ਫ਼ਲ ਉਸ ਨੂੰ ਮੌਤ ਵਜੋਂ ਮਿਲਿਆ।”
ਗੋਪਾਲ ਗੌਡਸੇ ਨੇ ਆਪਣੇ ਬਿਆਨ ਵਿੱਚ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਿ
“ਮੰਨ ਲਵੋ ਨਥੂਰਾਮ, ਆਪਟੇ ਅਤੇ ਉਸਦੇ ਸਾਥੀ ਗਾਂਧੀ ਦੀ ਹਤਿਆ ਤੋਂ ਪਹਿਲਾਂ ਫੜੇ ਵੀ ਜਾਂਦੇ ਤਾਂ ਵੀ
ਗਾਂਧੀ ਜੀ ਬਚ ਨਹੀਂ ਸਕਦੇ ਸਨ।” ਉਨ੍ਹਾਂ ਨੇ ਮੌਖਿਕ ਤੌਰ `ਤੇ ਹਥਲੀਆਂ ਸਤਰਾਂ ਦੇ ਲੇਖਕ ਨੂੰ ਇਥੋਂ
ਤਕ ਵੀ ਕਹਿ ਦਿੱਤਾ ਕਿ “ਮੈਨੂੰ ਸਾਰੀ ਉਮਰ ਪਛਤਾਵਾ ਰਹੇਗਾ ਕਿ ਗਾਂਧੀ ਨੂੰ ਮਾਰਨ ਦਾ ਪੁੰਨ ਨਥੂਰਾਮ
ਨੇ ਕੀਤਾ ਕਿਉਂਕਿ ਇਹ ਕੰਮ ਮੈਨੂੰ ਕਰਨਾ ਚਾਹੀਦਾ ਸੀ!”
ਨਥੂਰਾਮ ਦੀ ਸ਼ਖ਼ਸੀਅਤ ਅਤੇ ਦੇਸ਼ ਭਗਤੀ:
ਨਥੂਰਾਮ ਗੌਡਸੇ ਨੇ ਅਦਾਲਤ ਵਿੱਚ ਜੋ ਬਿਆਨ ਦਿੱਤੇ ਜੋ ਕਿ ਉਸਦੀ ਸ਼ਖ਼ਸੀਅਤ
ਨੂੰ ਉਘਾੜਦੇ ਹਨ, ਕੁੱਝ ਅੰਸ਼ ਇਸ ਤਰ੍ਹਾਂ ਹਨ:
“ਮੈਂ ਇੱਕ ਭਗਤੀ ਭਾਵ ਵਾਲੇ ਬ੍ਰਾਹਮਣ ਪਰਿਵਾਰ `ਚ ਜਨਮ ਲਿਆ ਸੀ, ਇਸ ਲਈ
ਸੁਭਾਵਕ ਹੀ ਮੇਰੇ ਹਿਰਦੇ ਵਿੱਚ ਹਿੰਦੂ ਧਰਮ, ਹਿੰਦੂ ਇਤਿਹਾਸ ਅਤੇ ਹਿੰਦੂ ਸਭਿਆਚਾਰ ਦੇ ਵਾਸਤੇ ਆਦਰ
ਸੀ। ਮੈਨੂੰ ਹਿੰਦੂ ਹੋਣ `ਤੇ ਮਾਣ ਸੀ। ਮੈਂ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਤੇ ਆਜ਼ਾਦ
ਵਿਚਾਰਾਂ ਨਾਲ ਸੋਚਣ ਲੱਗਾ ਤਾਂ ਮੈਂ ਕੱਟੜਪੁਣੇ `ਤੇ ਹੀ ਨਾ ਟਿਕਿਆ ਰਿਹਾ। ਇਸ ਲਈ ਮੈਂ ਛੂਆ ਛੂਤ
ਅਤੇ ਜਨਮ ਦੇ ਤੌਰ `ਤੇ ਜਾਤੀਵਾਦ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਲੱਗਾ. . . ਮੈਂ ਖੁਲ੍ਹੇਆਮ ਕਈ ਵਾਰ
ਅਜਿਹੀਆਂ ਦਾਅਵਤਾਂ `ਚ ਸ਼ਾਮਲ ਹੋਇਆ ਜਿਨ੍ਹਾਂ ਵਿੱਚ ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ਮੰਨੇ ਜਾਣ
ਵਾਲਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਸੀ।”
“ਮੇਰਾ ਵਿਸ਼ਵਾਸ ਅਟੱਲ ਹੈ ਕਿ ਅਤਿਆਚਾਰੀ ਦਾ ਸਾਹਮਣਾ ਸ਼ਸਤਰਾਂ ਨਾਲ ਹੀ ਕੀਤਾ
ਜਾ ਸਕਦਾ ਹੈ ਅਤੇ ਅਤਿਆਚਾਰੀ ਦੁਸ਼ਮਣ ਦਾ ਸ਼ਾਸਤਰਾਂ ਨਾਲ ਘਾਣ ਕਰਨਾ ਮੈਂ ਪਵਿੱਤਰ ਕਾਰਜ ਸਮਝਦਾ ਹਾਂ।
ਸ਼੍ਰੀਰਾਮਚੰਦਰ ਨੇ ਸੀਤਾ ਨੂੰ ਆਜ਼ਾਦ ਕਰਾਉਣ ਲਈ ਰਾਵਣ ਨੂੰ ਮਾਰਿਆ। ਸ੍ਰੀ ਕ੍ਰਿਸ਼ਨ ਨੇ ਕੰਸ ਦੇ
ਅਤਿਆਚਾਰਾਂ ਦਾ ਅੰਤ ਕਰਨ ਲਈ ਕੰਸ ਨੂੰ ਮਾਰਿਆ। ਮਹਾਂਭਾਰਤ ਦੇ ਅਰਜੁਨ ਨੂੰ ਵੀ ਬਹੁਤ ਸਾਰੇ
ਵਿਅਕਤੀਆਂ ਨੂੰ ਮਾਰਨਾ ਪਿਆ, ਜਿਨ੍ਹਾਂ ਵਿਚੋਂ ਉਸਦੇ ਬਹੁਤ ਸਾਰੇ ਸਕੇ ਸਬੰਧੀ ਵੀ ਸਨ। ਇਥੋਂ ਤਕ ਕਿ
ਪੂਜਨੀਕ ਭੀਮ ਪਿਤਾਮਾ ਨੂੰ ਵੀ ਮਾਰਨਾ ਪਿਆ ਕਿਉਂਕਿ ਉਹ ਅਤਿਆਚਾਰੀ ਦੇ ਪੱਖ ਵਿੱਚ ਸਨ। ਜੇਕਰ ਕੋਈ
ਰਾਮ, ਕ੍ਰਿਸ਼ਨ ਅਤੇ ਅਰਜੁਨ ਨੂੰ ਹਿੰਸਕ ਸਮਝਦਾ ਹੈ ਤਾਂ ਉਸ ਨੂੰ ਮਨੁੱਖਤਾ ਦੇ ਸਿਧਾਂਤ ਦਾ ਜਾਣਕਾਰ
ਨਹੀਂ ਕਿਹਾ ਜਾ ਸਕਦਾ। ਉਹ ਛਤਰਪਤੀ ਸ਼ਿਵਾਜੀ ਅਤੇ ਗੁਰੂ ਗੋਬਿੰਦ ਸਿੰਘ ਦੀ ਹੀ ਵੀਰਤਾ ਸੀ, ਜਿਨ੍ਹਾਂ
ਨੇ ਭਾਰਤ ਵਿੱਚ ਯਵਨਾਂ ਦੇ ਅਤਿਆਚਾਰ ਨੂੰ ਰੋਕਿਆ। ਸ਼ਿਵਾਜੀ ਨੇ ਜਿਸ ਤਰ੍ਹਾਂ ਅਫ਼ਜਲ ਖਾਂ ਨੂੰ ਮਾਰਿਆ
ਉਹ ਬਿਲਕੁਲ ਠੀਕ ਤਰੀਕਾ ਸੀ, ਵਰਨਾ ਉਹ (ਅਫ਼ਜਲ ਖਾਂ) ਸ਼ਿਵਾਜੀ ਨੂੰ ਮਾਰ ਦਿੰਦਾ। ਗਾਂਧੀ ਜੀ
ਸ਼ਿਵਾਜੀ, ਪ੍ਰਤਾਪ ਅਤੇ ਗੁਰੂ ਗੋਬਿੰਦ ਸਿੰਘ ਦੀ ਨਿੰਦਾ ਕਰਦੇ ਸਨ ਅਤੇ ਉਨ੍ਹਾਂ ਨੂੰ ਗ਼ਲਤ ਰਾਹ `ਤੇ
ਚੱਲਣ ਵਾਲਾ ਕਹਿੰਦੇ ਸਨ। ਇਸ ਤਰ੍ਹਾਂ ਗਾਂਧੀ ਜੀ ਆਪਣੇ ਬੌਧਿਕ ਦਿਵਾਲੀਆ ਪਨ ਦਾ ਸਬੂਤ ਦੇ ਰਹੇ ਸਨ।
ਮੈਨੂੰ ਹੈਰਾਨੀ ਹੈ ਕਿ ਗਾਂਧੀ ਜੀ ਦੇ ਚੇਲੇ ਉਸ ਸਪਸ਼ਟ ਗੱਲ ਨੂੰ ਵੀ ਨਹੀਂ ਦੇਖ ਸਕੇ ਜਿਹਨੂੰ ਕੋਈ
ਅੰਨ੍ਹਾ ਵੀ ਦੇਖ ਸਕਦਾ ਹੈ। ਗਾਂਧੀ ਜੀ ਤਾਂ ਸ਼ਿਵਾਜੀ, ਪ੍ਰਤਾਪ ਅਤੇ ਗੁਰੂ ਗੋਬਿੰਦ ਸਿੰਘ ਦੇ
ਸਾਹਮਣੇ ਕੁੱਝ ਵੀ ਨਹੀਂ ਸਨ। ਉਹ ਉਨ੍ਹਾਂ ਬਹਾਦਰਾਂ ਦੀ ਨਿੰਦਾ ਕਰਦੇ ਸਨ ਜੋ ਉਨ੍ਹਾਂ ਦੀ ਸੀਮਾ ਤੋਂ
ਬਾਹਰ ਦਾ ਕੰਮ ਸੀ। ਮੇਰਾ ਕਹਿਣਾ ਕੌੜਾ ਲੱਗੇਗਾ ਪਰ ਅਸਲ ਵਿੱਚ ਗਾਂਧੀ ਜੀ ‘ਹਿੰਸਕ ਸ਼ਾਂਤੀ ਮੂਰਤੀ’
ਸਨ ਜਿਨ੍ਹਾਂ ਨੇ ਸੱਚ ਅਤੇ ਅਹਿੰਸਾ ਦੇ ਨਾਮ `ਤੇ ਦੇਸ਼ ਉਪਰ ਭਾਰੀ ਮੁਸ਼ਕਲਾਂ ਦਾ ਭਾਰ ਪਾ ਦਿੱਤਾ,
ਜਦਕਿ ਸ਼ਿਵਾਜੀ, ਪ੍ਰਤਾਪ ਅਤੇ ਗੁਰੂ ਗੋਬਿੰਦ ਸਿੰਘ ਜੀ ਦੇਸ਼ਵਾਸੀਆਂ ਦੇ ਦਿਲਾਂ ਅੰਦਰ ਹਮੇਸ਼ਾ ਜੀਉਂਦੇ
ਰਹਿਣਗੇ ਕਿਉਂਕਿ ਉਨ੍ਹਾਂ ਨੇ ਦੇਸ਼ ਨੂੰ ਰਾਵਣਾ ਤੋਂ ਆਜ਼ਾਦ ਕਰਵਾਇਆ ਅਤੇ ਰਾਸ਼ਟਰ ਦਾ ਮੁਖ ਉੱਜਲ
ਕੀਤਾ।”
“ਗਾਂਧੀ ਜੀ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਸੀ। ਲੋਕ ਕਹਿੰਦੇ ਹਨ ਕਿ
ਪਾਕਿਸਤਾਨ ਯੋਜਨਾ `ਚ ਉਨ੍ਹਾਂ ਦਾ ਮਨ ਸ਼ੁੱਧ ਸੀ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਮਨ ਵਿੱਚ
ਦੇਸ਼ ਪ੍ਰੇਮ ਦੇ ਸਿਵਾਇ ਹੋਰ ਕੁੱਝ ਨਹੀਂ ਸੀ। ਮੈਨੂੰ ਇਸ ਕਰਕੇ ਗਾਂਧੀ `ਤੇ ਹੱਥ ਉਠਾਉਣਾ ਪਿਆ ਕਿ
ਪਾਕਿਸਤਾਨ ਬਣਨ ਨਾਲ ਜੋ ਭਿਆਨਕ ਘਟਨਾਵਾਂ ਹੋਈਆਂ ਉਸਦੇ ਜਵਾਬ ਦੇਹ ਕੇਵਲ ਗਾਂਧੀ ਜੀ ਸਨ। ਮੈਨੂੰ ਇਹ
ਪਤਾ ਸੀ ਕਿ ਹਤਿਆ ਤੋਂ ਬਾਅਦ ਲੋਕਾਂ ਦੇ ਵਿਚਾਰ ਤੇ ਨਜ਼ਰੀਆ ਮੇਰੇ ਪ੍ਰਤੀ ਬਦਲ ਜਾਣਗੇ। ਸਮਾਜ `ਚ
ਜਿੰਨਾਂ ਮੇਰਾ ਰੁਤਬਾ ਹੈ, ਉਹ ਖ਼ਤਮ ਹੋ ਜਾਵੇਗਾ। ਮੈਂ ਜਾਣਦਾ ਸੀ ਕਿ ਅਖ਼ਬਾਰ ਬੁਰੀ ਤਰ੍ਹਾਂ ਮੇਰੀ
ਭੰਡੀ ਕਰਨਗੇ ਪਰ ਮੈਂ ਇਹ ਨਹੀਂ ਜਾਣਦਾ ਸੀ ਕਿ ਅਖ਼ਬਾਰ ਇੰਨੇ ਪਤਿਤ ਹੋ ਜਾਣਗੇ ਕਿ ਸਚਾਈ ਦਾ ਗਲ਼ਾ ਹੀ
ਘੁੱਟ ਦੇਣਗੇ।”
“ਜੇਕਰ ਦੇਸ਼ ਭਗਤੀ ਪਾਪ ਹੈ ਤਾਂ ਮੈਂ ਮੰਨਦਾ ਹਾਂ ਕਿ ਮੈਂ ਪਾਪ ਕੀਤਾ ਹੈ,
ਜੇਕਰ ਪ੍ਰਸੰਸਾ ਹੈ ਤਾਂ ਮੈਂ ਆਪਣੇ ਆਪ ਨੂੰ ਉਸ ਪ੍ਰਸੰਸਾ ਦਾ ਹੱਕਦਾਰ ਸਮਝਦਾ ਹਾਂ। ਮੈਨੂੰ ਵਿਸ਼ਵਾਸ
ਹੈ ਕਿ ਮਨੁੱਖਾਂ ਵਲੋਂ ਬਣਾਈ ਅਦਾਲਤ ਤੋਂ ਉਪਰ ਜੇਕਰ ਕੋਈ ਅਦਾਲਤ ਹੈ ਤਾਂ ਉਸ ਵਿੱਚ ਮੇਰੇ ਕੰਮ ਨੂੰ
ਅਪਰਾਧ ਨਹੀਂ ਸਮਝਿਆ ਜਾਵੇਗਾ। ਮੈਂ ਉਸ ਵਿਅਕਤੀ `ਤੇ ਗੋਲ਼ੀ ਚਲਾਈ ਜਿਹਦੀ ਨੀਤੀ ਨਾਲ ਹਿੰਦੂਆਂ `ਤੇ
ਗਹਿਰੇ ਸੰਕਟ ਆਏ, ਹਿੰਦੂ ਬਰਬਾਦ ਹੋਏ।”
“. . . ਗਾਂਧੀ ਜੀ ਨੇ ਦੇਸ਼ ਨਾਲ ਛਲ ਕਰਕੇ ਦੇਸ਼ ਦੇ ਟੁਕੜੇ ਕੀਤੇ। ਅਜਿਹਾ
ਕੋਈ ਨਿਆਂ ਜਾਂ ਕਾਨੂੰਨ ਨਹੀਂ ਸੀ ਜਿਸਦੇ ਆਧਾਰ `ਤੇ ਅਜਿਹੇ ਅਪਰਾਧੀ ਨੂੰ ਸਜ਼ਾ ਦਿੱਤੀ ਜਾ ਸਕਦੀ,
ਇਸ ਲਈ ਮੈਂ ਗਾਂਧੀ ਨੂੰ ਗੋਲ਼ੀ ਮਾਰੀ। ਉਸਨੂੰ ਦੰਡ ਦੇਣ ਦਾ ਕੇਵਲ ਇਹੀ ਇੱਕ ਢੰਗ ਰਹਿ ਗਿਆ ਸੀ।”
“ਆਪਣੇ ਦੇਸ਼ ਪ੍ਰਤੀ ਭਗਤੀ ਭਾਵ ਰੱਖਣਾ ਜੇਕਰ ਪਾਪ ਹੈ ਤਾਂ ਮੈਂ ਸਵੀਕਾਰ
ਕਰਦਾ ਹਾਂ ਕਿ ਉਹ ਪਾਪ ਮੈਂ ਕੀਤਾ ਹੈ, ਜੇਕਰ ਪੁੰਨ ਹੈ ਤਾਂ ਇਸ ਦਾ ਪਹਿਲਾ ਹੱਕਦਾਰ ਮੈਂ ਹਾਂ।”
“ਮੇਰਾ ਵਿਸ਼ਵਾਸ ਅਟੱਲ ਹੈ ਕਿ ਮੇਰਾ ਕਾਰਜ ਨੀਤੀ ਦੀ ਦ੍ਰਿਸ਼ਟੀ ਤੋਂ ਪੂਰੀ
ਤਰ੍ਹਾਂ ਠੀਕ ਹੈ। ਮੈਨੂੰ ਇਸ ਗੱਲ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਹੈ ਕਿ ਭਵਿੱਖ ਵਿੱਚ ਜੇਕਰ ਕਿਸੇ
ਸਮੇਂ ਸੱਚੇ ਇਤਿਹਾਸਕਾਰ ਇਤਿਹਾਸ ਲਿਖਣਗੇ ਤਾਂ ਉਹ ਮੇਰੇ ਕਾਰਜ ਨੂੰ ਪੂਰੀ ਤਰ੍ਹਾਂ ਸਹੀ
ਠਹਿਰਾਉਣਗੇ।”
ਨਥੂਰਾਮ ਦੀ ਵਸੀਅਤ:
ਨਥੂਰਾਮ ਦੀ ਦੇਸ਼ ਪਿਆਰ ਦੀ ਭਾਵਨਾ ਤੇ ਜ਼ਿੰਦਾ-ਦਿਲੀ ਦਾ ਪ੍ਰਤੱਖ ਨਜ਼ਾਰਾ
ਉਸਦੀ ਫਾਂਸੀ ਵਾਲੇ ਦਿਨ ਸਵੇਰ ਸਾਰ 7: 15 ਵਜੇ ਆਪਣੇ ਭਰਾ ਦੱਤਾਤ੍ਰੇਅ ਵਿਨਾਇਕ ਗੌਡਸੇ ਲਈ ਲਿਖੀ
ਵਸੀਅਤ ਤੋਂ ਮਿਲਦਾ ਹੈ।
(ਇਨਸਾਨ ਭਾਵੇਂ ਕਿੰਨਾਂ ਵੀ ਜ਼ੁਲਮੀ ਕਿਉਂ ਨਾ ਹੋਵੇ ਪਰ ਜਦੋਂ ਮੌਤ ਸਾਹਮਣੇ
ਦਿਸ ਰਹੀ ਹੋਵੇ ਤਾਂ ਆਸਤਿਕ ਜਾਂ ਨਾਸਤਿਕ ਮਨੁੱਖ ਅੰਦਰੋਂ ਉਹੀ ਨਿਕਲਦਾ ਹੈ ਜੋ ਅਸਲ ਵਿੱਚ ਉਸ ਦੇ
ਅੰਦਰ ਹੋਵੇ), ਅਜਿਹਾ ਹੀ ਨਥੂਰਾਮ ਵਲੋਂ ਲਿਖੀ ਵਸੀਅਤ `ਚ ਮਿਲਦਾ ਹੈ, ਪੇਸ਼ ਹਨ ਉਸ ਵਿਚੋਂ ਕੁੱਝ
ਅੰਸ਼:
“ਮੇਰੇ ਭਾਰਤ ਦੇਸ਼ ਦੀ ਸੀਮਾ ਰੇਖਾ ਸਿੰਧੁ ਨਦੀ ਹੈ, ਜਿਸਦੇ ਕਿਨਾਰਿਆਂ `ਤੇ
ਵੇਦਾਂ ਦੀ ਰਚਨਾ ਪ੍ਰਾਚੀਨ ਰਿਸ਼ੀਆਂ ਨੇ ਕੀਤੀ ਹੈ। ਉਹ ਸਿੰਧੂ ਨਦੀ ਜਿਸ ਸ਼ੁੱਭ ਦਿਹਾੜੇ ਨੂੰ ਫਿਰ
ਤੋਂ ਭਾਰਤ ਦੇਸ਼ ਦੇ ਝੰਡੇ ਦੀ ਛਾਂ ਹੇਠ ਵਹਿਣ ਲੱਗੇਗੀ, ਉਨ੍ਹਾਂ ਦਿਨਾਂ ਵਿੱਚ ਮੇਰੀਆਂ ਅਸਥੀਆਂ ਜਾਂ
ਰਾਖ ਦਾ ਥੋੜ੍ਹਾ ਜਿਹਾ ਹਿੱਸਾ ਸਿੰਧੂ ਨਦੀ `ਚ ਵਹਾ ਦਿੱਤਾ ਜਾਵੇ।
“ਮੇਰੀ ਇਸ ਇੱਛਾ ਨੂੰ ਪੂਰਾ ਹੋਣ ਤਕ ਸ਼ਾਇਦ ਹੋਰ ਵੀ ਇੱਕ ਦੋ ਪੀੜ੍ਹੀਆਂ ਦਾ
ਸਮਾਂ ਲੱਗ ਜਾਵੇ ਤਾਂ ਕੋਈ ਚਿੰਤਾ ਨਹੀਂ ਕਰਨਾ। ਉਸ ਦਿਨ ਤਕ ਉਹ ਬਚਿਆ ਹਿੱਸਾ (ਅਸਥੀਆਂ) ਉਵੇਂ ਹੀ
ਰੱਖੋ ਅਤੇ ਜੇਕਰ ਤੁਹਾਡੇ ਜੀਵਨ `ਚ ਉਹ ਸ਼ੁੱਭ ਦਿਨ ਨਾ ਆਇਆ ਤਾਂ ਆਪਣੇ ਵਾਰਸਾਂ ਨੂੰ ਮੇਰੀ ਇਹ ਅੰਤਮ
ਇੱਛਾ ਦੱਸਦੇ ਜਾਣਾ।”
ਇਥੇ ਪਾਠਕਾਂ ਨੂੰ ਦੱਸਣਾ ਬਣਦਾ ਏ ਕਿ ਨਥੂਰਾਮ ਦੀਆਂ ਅਸਥੀਆਂ ਅੱਜ ਵੀ ਉਵੇਂ
ਹੀ ਉਨ੍ਹਾਂ ਦੇ ਭਰਾ ਦੇ ਪਰਵਾਰ ਕੋਲ ‘ਸਦਾਸ਼ਿਵ ਪੇਠ’ ਪੂਨੇ ਵਿਖੇ ਸੰਭਾਲੀਆਂ ਪਈਆਂ ਹਨ।
ਦੋ ਗੱਲਾਂ ਚਲਦੇ ਚਲਦੇ:
(ਉਕਤ ਤੱਥ ਜੋ ਨਥੂਰਾਮ ਬਾਰੇ ਪੇਸ਼ ਕੀਤੇ ਗਏ ਹਨ ਇਹ ਨਥੂਰਾਮ ਦੇ ਛੋਟੇ ਭਰਾ
ਗੋਪਾਲ ਗੌਡਸੇ ਨਾਲ ਕੀਤੀ ਗੱਲਬਾਤ ਅਤੇ ਉਨ੍ਹਾਂ ਵਲੋਂ ਲਿਖੀਆਂ ਮਰਾਠੀ ਵਿੱਚ ਕਾਫੀ ਪੁਸਤਕਾਂ ਵਿਚੋਂ
ਦੋ ਪੁਸਤਕਾਂ ‘ਪੰਚਾਵਨ ਕੋਟੀਚੇ ਬਲੀ’ ਭਾਵ ‘55 ਕਰੋੜ ਦੀ ਕੁਰਬਾਨੀ’ ਅਤੇ ‘ਗਾਂਧੀ ਹਤਿਆ ਆਣੀ ਮੀਂ’
ਮਤਲਬ ‘ਗਾਂਧੀ ਕਤਲ ਅਤੇ ਮੈਂ’ ਵਿਚੋਂ ਲਏ ਗਏ ਹਨ, ਜਿਨ੍ਹਾਂ ਪੁਸਤਕਾਂ ਨੂੰ ਮੂਲ ਲੇਖਕ ਗੋਪਾਲ
ਗੌਡਸੇ ਵਲੋਂ ਮਿਲੀ ਪ੍ਰਵਾਨਗੀ ਉਪਰੰਤ ਹਥਲੀਆਂ ਸਤਰਾਂ ਦਾ ਲੇਖਕ ਪੰਜਾਬੀ ਰੂਪ ਦੇਣ ਵਿੱਚ ਰੁੱਝਿਆ
ਹੈ)
ਇਹ ਅਖੌਤੀ ਆਜ਼ਾਦੀ ਜੋ ਸਾਰਾ ਦੇਸ਼ 15 ਅਗਸਤ ਨੂੰ ਮਨਾਉਂਦਾ ਹੈ ਅਸਲ ਵਿੱਚ 14
ਅਗਸਤ ਨੂੰ ਪ੍ਰਾਪਤ ਹੋਈ ਸੀ, ਜਿਸ ਨੂੰ ਪਾਕਿਸਤਾਨ ਮਨਾਉਂਦਾ ਹੈ। ਆਜ਼ਾਦੀ ਨੂੰ ਇੱਕ ਦਿਨ ਬਾਅਦ
ਮਨਾਉਣ ਦਾ ਕਾਰਨ ਭਾਰਤ ਵਿੱਚ ਬ੍ਰਾਹਮਣਵਾਦ ਸੋਚ ਦਾ ਭਾਰੂ ਹੋਣਾ ਹੈ। ਜੋਤਸ਼ੀਆਂ ਵਲੋਂ ਕੀਤੀ
ਭਵਿੱਖਬਾਣੀ ਕਿ ਜੇਕਰ ਦੇਸ਼ ਦੀ ਆਜ਼ਾਦੀ 14 ਅਗਸਤ ਨੂੰ ਪ੍ਰਵਾਨ ਕੀਤੀ ਗਈ ਤਾਂ ਭਾਰਤ ਦੇ ਭਵਿੱਖ ਲਈ
ਅਸ਼ੁਭ ਹੋਵੇਗੀ। ਇਸ ਕਰਕੇ ਪਹਿਲਾ ਆਜ਼ਾਦੀ ਦਾ ਝੰਡਾ ਲਹਿਰਾਉਣ ਦੀ ਰਸਮ 14-15 ਅਗਸਤ ਦੀ ਰਾਤ 12: 01
ਵਜੇ ਮਨਾਈ ਗਈ ਸੀ।
ਜਦੋਂ ਹਰ ਸਾਲ 15 ਅਗਸਤ ਨੇੜੇ ਆਉਂਦਾ ਹੈ ਤਾਂ ਸਾਰੇ ਦੇਸ਼ ਵਿੱਚ ਆਜ਼ਾਦੀ
ਪ੍ਰਾਪਤੀ ਲਈ ਗਾਂਧੀ ਨੂੰ ਹੀ ਦੇਸ਼ ਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਬਾਕੀ ਭਾਰਤੀਆਂ ਦੀਆਂ
ਕੁਰਬਾਨੀਆਂ, ਖ਼ਾਸ ਕਰਕੇ ਪੰਜਾਬੀਆਂ, ਬੰਗਾਲੀਆਂ ਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆ ਕੀਤਾ
ਜਾਂਦਾ ਹੈ।
ਹੁਣ ਸੋਚਣ ਵਾਲੀ ਗੱਲ ਹੈ ਕਿ ਮਹਾਤਮਾਂ ਗਾਂਧੀ, ਜਿਨ੍ਹਾਂ ਨੂੰ ਭਾਰਤ ਦਾ
ਰਾਸ਼ਟਰ ਪਿਤਾ ਕਿਹਾ ਜਾਂਦਾ ਹੈ, ਕੀ ਗਾਂਧੀ ਜੀ ਇਸ ਦੇ ਕਾਬਿਲ ਹਨ? ਗਾਂਧੀ ਜੀ ਜੋ ਅਹਿੰਸਾ
(Non Violence)
ਦੇ ਪੁਜਾਰੀ ਅਖਵਾਏ ਜਾਂਦੇ ਹਨ, ਪਰ ਕੀ ਗਾਂਧੀ ਵਾਦੀਆਂ ਜਾਂ ਗਾਂਧੀ ਦੇ ਕਤਲ ਤੋਂ ਬਾਅਦ ਗਾਂਧੀ ਦੀ
ਨੀਤੀ ਵਾਲੀ ਕਾਂਗਰਸ ਸਰਕਾਰ ਜਾਂ ਭਾਰਤੀ ਕਾਨੂੰਨ ਨੇ ‘ਗਾਂਧੀਵਾਦ’ ਨੂੰ ਮਾਰ ਨਹੀਂ ਦਿੱਤਾ? ਮਤਲਬ
ਕਿ ਜੇਕਰ ਨਥੂਰਾਮ ਗੌਡਸੇ ਨੇ ਗਾਂਧੀ ਦਾ ਕਤਲ ਕੀਤਾ ਸੀ ਤਾਂ ਕੀ ਗਾਂਧੀਵਾਦੀਆਂ, ਸਰਕਾਰ ਜਾਂ
ਕਾਨੂੰਨ ਦੋ ਕਤਲ ਕਰਨ (ਭਾਵ ਨਥੂਰਾਮ ਵਿਨਾਇਕ ਗੌਡਸੇ ਤੇ ਨਾਨਾ ਨਾਰਾਇਣ ਆਪਟੇ ਦੀ ਫਾਂਸੀ) ਦੇ
ਜ਼ਿੰਮੇਵਾਰ ਨਹੀਂ ਹਨ? ਕੀ ਇਨ੍ਹਾਂ ਸਭ ਨੇ ਗਾਂਧੀ ਦੀ ਨੀਤੀ `ਤੇ ਪਹਿਰਾ ਦਿੱਤਾ ਹੈ? ਅਸੀਂ ਭਾਰਤੀ
ਵੇਦਾਂ, ਗ੍ਰੰਥਾਂ, ਸ਼ਾਸਤਰਾਂ ਵਿੱਚ ਤੇ ਭਾਰਤੀ ਸਭਿਆਚਾਰ `ਚ ਆਦਰਸ਼ਵਾਦ, ਨੈਤਿਕਤਾ, ਸਦਾਚਾਰੀ,
ਬਰਾਬਰੀ, ਹੱਕ ਪ੍ਰਾਪਤੀ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ ਕਿ ਭਾਰਤ ਦੀ ਪ੍ਰਾਚੀਨਤਾ ਬੜੀ ਗੌਰਵਮਈ
ਹੈ। ਕੀ ਭਾਰਤੀ ਦਬੀ ਕੁਚਲੀ ਜਨਤਾ ਨਾਲ ਇਨਸਾਫ ਕੀਤਾ ਜਾ ਰਿਹਾ ਹੈ ਜਾਂ ਕਰ ਰਹੇ ਹਾਂ?
ਹੋ ਸਕਦਾ ਹੈ ਕਿ ਅਖੌਤੀ ਆਜ਼ਾਦੀ ਬਾਰੇ ਉਕਤ ਚਰਚਾ ਕਈ ਪਾਠਕਾਂ ਤੇ ਖ਼ਾਸ ਕਰਕੇ
ਗਾਂਧੀਵਾਦੀਆਂ ਨੂੰ ਹਜ਼ਮ ਨਾ ਹੋਵੇ ਪਰ ਇਤਿਹਾਸਕ ਸੱਚ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ। ਪੰਜਾਬੀਆਂ
ਅਤੇ ਬੰਗਾਲੀਆਂ ਲਈ ਬਰਬਾਦੀ ਦਾ ਕਾਰਨ ਬਣੀ ਇਸ ਅਖੌਤੀ ਲਾਲ ਰੰਗੀ ਦੀ ਆਜ਼ਾਦੀ ਦੇ ਅਖੌਤੀ ਨਾਇਕ ਦੀ
ਸ਼ਕਲ ਵੇਖਦਿਆਂ ਪਾਕਿਸਤਾਨ ਤੋਂ ਉਜੜ ਕੇ ਆਏ ਬਜ਼ੁਰਗ ਗ਼ੁੱਸੇ ਨਾਲ ਲਾਲ ਪੀਲੇ ਹੋ ਕੇ ਕਹਿੰਦੇ ਹਨ ਇਸ.
. …. . ਨੇ ਸਾਡੇ ਵਸਦੇ ਘਰਾਂ ਨੂੰ ਬਰਬਾਦ ਕੀਤਾ ਸੀ। ਆਜ਼ਾਦੀ ਦੇ ਸੰਘਰਸ਼ ਵਿੱਚ ਮਹਾਤਮਾ ਗਾਂਧੀ
ਵੱਲੋਂ ਨਿਭਾਏ ਦੂਹਰੇ ਕਿਰਦਾਰ ਦੀ ਤਸਵੀਰ ਦੇ ਗਵਾਹ ਹਾਲੇ ਵੀ ਕਿਤੇ ਨਾ ਕਿਤੇ ਜ਼ਿੰਦਗੀ ਜੀਅ ਰਹੇ
ਹਨ। ਉਨ੍ਹਾਂ ਬਜ਼ੁਰਗਾਂ ਤੋਂ ਗਾਂਧੀ ਜੀ ਦੇ ਜੀਵਨ ਦੇ ਅਸਲ ਤੱਥ ਅਤੇ ਦੇ ਹੋਏ ਕਤਲ-ਏ-ਆਵਾਮ ਦੀ
ਦਾਸਤਾਂ ਦੇ ਸਬੂਤ ਅੱਜ ਵੀ ਪੰਜਾਬ ਦੇ ਪਿੰਡਾਂ/ਸ਼ਹਿਰਾਂ `ਚ ਮੌਜੂਦ ਹਨ। ਲੋੜ ਹੈ ਉਨ੍ਹਾਂ ਸਬੂਤਾਂ
ਨੂੰ ਅੱਜ ਇਕੱਠੇ ਕਰਨ ਦੀ ਅਤੇ ਦੇਸ਼ ਦੀ ਆਜ਼ਾਦੀ ਦੇ ਸੰਦਰਭ ਵਿੱਚ ਨਰੋਆ ਇਤਿਹਾਸ ਸਿਰਜਣ ਦੀ, ਨਹੀਂ
ਤਾਂ ਉਹ ਸੱਚੇ-ਸੁੱਚੇ ਸਬੂਤ ਵਕਤ ਦੀ ਹਨੇਰੀ `ਚ ਵਹਿ ਜਾਣਗੇ।