ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ ਕਰਿ ਬਿਚਿਤਿ ਚਾਓ।।
ਆਨੰਦੁ ਨਿਤ ਮੰਗਲੁ ਗੁਰ ਦਰਸਨੁ ਸਫਲੁ ਸੰਸਾਰਿ।।
ਸੰਸਾਰਿ ਸਫਲੁ ਗੰਗਾ ਗੁਰ ਦਰਸਨੁ ਪਰਸਨ ਪਰਮ ਪਵਿਤ੍ਰ ਗਤੇ।।
ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ ਹਰਿ ਜਨ ਸਿਵ ਗੁਰ ਗ੍ਯ੍ਯਾਨਿ ਰਤੇ।।
ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ।।
ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ।। ੨।।
(ਪੰਨਾ ੧੪੦੧-੦੨)
ਪਦ ਅਰਥ:- ਜਿਹ – ਜਿਹੜੇ। ਅੰਮ੍ਰਿਤ ਬਚਨ – ਅੰਮ੍ਰਿਤ
ਬਚਨ। ਬਾਣੀ – ਬਖ਼ਸ਼ਿਸ਼। ਸਾਧੂ ਜਨ – ਸੁਧਾਰਵਾਦੀ ਜਨ। ਸਿਧਾਰਵਾਧੀ ਜਨ –
ਜੋ ਸਮਾਜ ਦੇ ਭਲੇ ਲਈ ਕੰਮ ਕਰਦੇ ਹੋਣ ਜਾਂ ਸਮਾਜਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਜਾਗ੍ਰਿਤ ਕਰਦੇ
ਹੋਣ। ਜਪਹਿ ਕਰਿ – ਆਪਣੇ ਜੀਵਨ ਵਿੱਚ ਆਪ ਅਭਿਆਸ ਕਰਦੇ ਹਨ। ਬਿਚਿਤਿ ਚਾਉ – ਮਨੋ
ਉਤਸ਼ਾਹ ਨਾਲ। ਆਨੰਦੁ – ਆਨੰਦ। ਨਿਤ – ਨਿਤਾ ਪ੍ਰਤੀ। ਆਨੰਦ ਨਿਤ ਮੰਗਲ –
ਸਦਾ ਆਨੰਦ ਮਈ। ਗੁਰ – ਗਿਆਨ। ਦਰਸਨੁ – ਸਾਹਮਣੇ। ਗੰਗਾ – ਗਿਆਨ ਦੇ ਪਰਵਾਹ ਦੀ
ਗੰਗਾ। ਪਰਸਨ – ਖ਼ੁਸ਼ੀ, ਪ੍ਰਸੰਨਤਾ। ਪਰਮ – ਅਤਿਅੰਤ, ਸਭ ਤੋਂ ਵਧ ਕੇ। ਪਵਿਤ੍ਰ
– ਪਵਿੱਤਰ। ਗਤੇ – ਮੁਕਤੀ ਦਾ ਮਾਰਗ। ਜੀਤਹਿ – ਜਿਤਨੇ। ਜਮ ਲੋਕੁ –
ਜਮਦੂਤ ਕਿਸਮ ਦੇ (ਦੇਹਧਾਰੀ) ਲੋਕ। ਪਤਿਤ – ਆਚਰਣਹੀਣ। ਜੇ – ਜਿਹੜੇ। ਹਰਿ ਜਨ
– ਹਰੀ ਦੇ ਜਨ। ਸਿਵ – ਮੁਕਤ। ਗੁਰ ਗ੍ਯ੍ਯਾਨਿ – ਗੁਰ ਗਿਆਨ। ਰਤੇ –
ਰੰਗੇ ਜਾਂਦੇ ਹਨ। ਰਘੁਬੰਸਿ – ਸ੍ਰਿਸ਼ਟੀ ਦਾ ਮਾਲਕ ਹੋਣ ਦਾ। ਤਿਲਕੁ – ਤਿਲਕ ਲਾ
ਦੇਣਾ ਭਾਵ ਮਾਨਤਾ ਦੇ ਦੇਣੀ। ਸੁੰਦਰੁ – ਖ਼ੁਬਸੂਰਤ। ਦਸਰਥ ਘਰਿ – ਰਾਜੇ ਦਸਰਥ ਦੇ ਘਰਿ
ਜਨਮੇ ਪੁੱਤਰ। ਮੁਨਿ – ਮੁਨੀ ਲੋਕ (ਅਖੌਤੀ) ਜੋ ਆਪਣੇ ਆਪ ਨੂੰ ਗਿਆਨੀ ਸਮਝਦੇ ਹਨ।
ਬੰਛਹਿ – ਧੂੜੀ ਲੋਚਦੇ ਹਨ। ਸਤਿਗੁਰੁ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਗੁਰੁ –
ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਨਾਲ। ਸੇਵਿ – ਕਮਾਈ ਕਰਨ ਨਾਲ। ਅਲਖ –
ਬੇਮਿਸਾਲ। ਗਤਿ – ਮੁਕਤੀ। ਅਲਖ ਗਤਿ ਜਾ ਕੀ – ਬੇਮਿਸਾਲ ਸਤਿਗੁਰ ਜਿਸ ਦੀ ਬਖ਼ਸ਼ਿਸ਼
ਗਿਆਨ ਨਾਲ ਮੁਕਤੀ। ਜਾ ਕੀ – ਜਿਸ ਦੀ। ਸ੍ਰੀ ਰਾਮਦਾਸੁ – ਸ੍ਰੀ ਰਾਮਦਾਸ ਜੀ ਨੇ।
ਤਾਰਣ ਤਰਣੰ – ਉੱਪਰ ਉਠਿਆ ਜਾ ਸਕਦਾ ਹੈ।
ਅਰਥ:- ਜਿਹੜੇ ਸੁਧਾਰਵਾਦੀ ਜਨ ਉਸ ਸੱਚੇ ਦੇ ਅੰਮ੍ਰਿਤ ਬਚਨ-ਅੰਮ੍ਰਿਤ
ਵਰਗੀ ਬਖ਼ਸ਼ਿਸ਼ ਗਿਆਨ ਨੂੰ ਆਪਣੇ ਮਨੋ ਉਤਸ਼ਾਹ ਨਾਲ ਆਪਣੇ ਜੀਵਨ ਵਿੱਚ ਪਹਿਲਾਂ ਆਪ ਅਭਿਆਸ ਕਰਦੇ ਹਨ,
ਫਿਰ ਉਹੀ ਨਿਤ ਇਸ ਜੀਵਨ ਨੂੰ ਆਨੰਦਮਈ ਬਣਾ ਦੇਣ ਵਾਲਾ ਗਿਆਨ ਸੰਸਾਰ ਦੇ ਲੋਕਾਂ ਸਾਹਮਣੇ ਰੱਖਣ ਵਿੱਚ
ਸਫਲ ਹੁੰਦੇ ਹਨ। ਉਨ੍ਹਾਂ ਦਾ ਆਨੰਦਮਈ-ਕਰਮਕਾਂਡਾਂ ਤੋਂ ਰਹਿਤ, ਸਫਲ ਜੀਵਨ ਸੰਸਾਰ ਦੇ ਸਾਹਮਣੇ ਇੱਕ
ਗਿਆਨ ਦੀ ਚੱਲ ਰਹੀ ਗੰਗਾ ਦੀ ਤਰ੍ਹਾਂ ਹੈ ਕਿਉਂਕਿ ਉਹ ਪ੍ਰਸੰਨਤਾ ਨਾਲ ਅਤਿਅੰਤ ਪਵਿੱਤਰ ਗਿਆਨ
(ਮੁਕਤੀ) ਦੇ ਮਾਰਗ `ਤੇ ਚਲਦੇ ਹਨ। ਬੇਸ਼ੱਕ ਵੱਡੇ-ਵੱਡੇ (ਅਖੌਤੀ) ਮੁਨੀ ਲੋਕ ਦਸਰਥ ਘਰਿ ਜਨਮੇ
ਪੁੱਤਰ ਦੀ ਸ਼ਰਨ ਜਾਂਦੇ ਹਨ ਅਤੇ (ਆਪੇ ਹੀ) ਉਸ ਨੂੰ ਰਘੁਬੰਸਿ ਹੋਣ ਦਾ, ਖੂਬਸੂਰਤ ਤਿਲਕ ਲਗਾ
ਕੇ-ਮਾਨਤਾ ਦੇ ਕੇ (ਆਪ ਹੀ) ਫਿਰ ਉਸ ਦੀ ਧੂੜੀ ਲੋਚਦੇ ਹਨ (ਇਹ ਗੱਲ ਕਿਤਨੀ ਹਾਸੋਹੀਣੀ ਹੈ ਜੋ
ਮੌਜੂਦਾ ਸਮੇਂ ਵਿੱਚ ਵੀ ਵਾਪਰ ਰਹੀ ਹੈ ਜਿਵੇਂ ਅੱਜ ਕਲ ਦੇਹਧਾਰੀ ਪਾਖੰਡੀਆਂ ਨੂੰ ਲੋਕ ਆਪ ਹੀ
ਸੰਤਪੁਣੇ ਦੀ ਪੱਗ ਦੇ ਕੇ ਮਾਨਤਾ ਦੇ ਦਿੰਦੇ ਹਨ ਫਿਰ ਆਪ ਹੀ ਉਨ੍ਹਾਂ ਦੀ ਧੂੜੀ ਲੋਚਦੇ ਹਨ)। ਪਰ
ਜਿਤਨੇ ਪ੍ਰਾਣੀ ਹਰੀ ਦੇ ਜਨ ਗੁਰ ਗਿਆਨ ਦੇ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਜਿਹੜੇ ਜਮਦੂਤ ਕਿਸਮ
ਦੇ ਪਤਿਤ/ਆਚਰਣਹੀਣ (ਅਵਤਾਰਵਾਦੀ ਦੇਹਧਾਰੀ) ਲੋਕ ਹਨ, ਉਨ੍ਹਾਂ ਤੋਂ ਮੁਕਤ ਹੋ ਜਾਂਦੇ ਹਨ। ਇਹ ਸ੍ਰੀ
ਰਾਮਦਾਸ ਜੀ ਨੇ ਦਰਸਾਇਆ ਹੈ ਕਿ ਉਸ ਅਲਖ-ਬੇਮਿਸਾਲ ਸਤਿਗੁਰ ਜਿਸ ਦੀ ਬਖ਼ਸ਼ਿਸ਼, ਗਿਆਨ ਨੂੰ ਜੀਵਨ ਵਿੱਚ
ਗ੍ਰਹਿਣ ਕਰਕੇ, ਕਮਾਈ ਕਰਨ ਨਾਲ ਹੀ (ਅਵਤਾਰਵਾਦ ਦੀ ਦੇਹਧਾਰੀ ਪਰੰਪਰਾ ਦੀ) ਅਗਿਆਨਤਾ ਤੋਂ ਮੁਕਤੀ
ਪਾ ਕੇ ਇਸ ਤੋਂ ਉੱਪਰ ਉਠਿਆ ਜਾ ਸਕਦਾ ਹੈ।
ਨੋਟ:- ਇਥੇ ਇੱਕ ਗੱਲ ਬਹੁਤ ਗਹਿਰਾਈ ਨਾਲ ਨੋਟ ਕਰਨ ਵਾਲੀ ਹੈ ਜੋ ਭੱਟ
ਸਾਹਿਬਾਨ ਨੇ ਕਹੀ ਹੈ ਕਿ ਜਿਹੜੇ ਸੁਧਾਰਵਾਦੀ ਲੋਕ ਹਨ ਅਤੇ ਜੋ ਲੋਕਾਂ ਨੂੰ ਕਰਮ-ਕਾਂਡਾਂ ਤੋਂ ਉੱਪਰ
ਉੱਠਣ ਲਈ ਪ੍ਰੇਰਨਾ ਭਾਵ ਪ੍ਰਚਾਰ ਕਰਦੇ ਹਨ, ਉਹ ਪ੍ਰਚਾਰਕ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ
ਜਿਹੜਾ ਸੱਚ ਪ੍ਰਚਾਰਕ ਬੋਲ ਰਿਹਾ ਹੈ, ਉਸ ਵਰਗਾ ਸੱਚ ਉਸ ਦੇ ਆਪਣੇ ਜੀਵਨ ਵਿੱਚ ਵੀ ਹੋਵੇ। ਜਿਨ੍ਹਾਂ
ਦੇ ਜੀਵਨ ਵਿੱਚ ਸੱਚ ਹੈ, ਉਨ੍ਹਾਂ ਦੇ ਆਨੰਦਮਈ ਕਰਮ-ਕਾਂਡਾਂ ਤੋਂ ਰਹਿਤ ਸਫਲ ਜੀਵਨ ਦੀ ਝਲਕ ਆਪਣੇ
ਆਪ ਵਿੱਚ ਆਪ ਹੀ ਪ੍ਰਚਾਰ ਦਾ ਸਾਧਨ ਹੈ। ਪਰ ਮੁਆਫ ਕਰਨਾ, ਅੱਜ ਦੇ ਕੁੱਝ ਕੁ ਪ੍ਰਚਾਰਕਾਂ ਨੂੰ ਛੱਡ
ਕੇ ਕਿਤੇ ਪੁੱਛ ਕੇ ਵੇਖੀਏ ਤਾਂ ਜਵਾਬ ਮਿਲਦਾ ਹੈ ਕਿ ਉਹ ਮੇਰਾ ਨਿੱਜੀ (
personal)
ਜੀਵਨ ਹੈ। ਉਨ੍ਹਾਂ ਦੇ ਕਹਿਣ ਤੋਂ ਮੁਰਾਦ ਹੈ, ਸੱਚ ਉਨ੍ਹਾਂ ਵਾਸਤੇ ਸੁਣਾਉਣ ਲਈ ਹੀ ਹੈ, ਅਪਣਾਉਣ
ਲਈ ਨਹੀਂ।
ਸੰਸਾਰੁ ਅਗਮ ਸਾਗਰੁ ਤੁਲਹਾ ਹਰਿ ਨਾਮੁ ਗੁਰੂ ਮੁਖਿ ਪਾਯਾ।।
ਜਗਿ ਜਨਮ ਮਰਣੁ ਭਗਾ ਇਹ ਆਈ ਹੀਐ ਪਰਤੀਤਿ।।
ਪਰਤੀਤਿ ਹੀਐ ਆਈ ਜਿਨ ਜਨ ਕੈ ਤਿਨੑ ਕਉ ਪਦਵੀ ਉਚ ਭਈ।।
ਤਜਿ ਮਾਇਆ ਮੋਹੁ ਲੋਭੁ ਅਰੁ ਲਾਲਚੁ ਕਾਮ ਕ੍ਰੋਧ ਕੀ ਬ੍ਰਿਥਾ ਗਈ।।
ਅਵਲੋਕ੍ਯ੍ਯਾ ਬ੍ਰਹਮੁ ਭਰਮੁ ਸਭੁ ਛੁਟਕ੍ਯ੍ਯਾ ਦਿਬ੍ਯ੍ਯ ਦ੍ਰਿਸ੍ਟਿ ਕਾਰਣ ਕਰਣੰ।।
ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ।। ੩।।
(ਪੰਨਾ ੧੪੦੨)
ਪਦ ਅਰਥ:- ਸੰਸਾਰੁ – ਸੰਸਾਰ। ਅਗਮ – ਬੇਮਿਸਾਲ,
ਬੇਹਿਸਾਬ। ਸਾਗਰੁ – ਸਮੁੰਦਰ। ਤੁਲਹਾ – ਬੇੜੀ ਨੂੰ ਆਸਰਾ ਦੇਣ ਵਾਲਾ ਚੱਪੂ।
ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਹਰਿ ਨਾਮੁ – ਹਰੀ ਦੀ ਬਖ਼ਸ਼ਿਸ਼
ਨਾਮੁ-ਸੱਚ ਨੂੰ ਹੀ ਆਪਣੇ ਜੀਵਨ ਵਿੱਚ ਅਪਣਾਉਣਾ। ਗੁਰੂ – ਅਗਿਆਨਤਾ ਦੇ ਹਨੇਰੇ ਵਿੱਚ
ਪ੍ਰਕਾਸ਼ ਕਰ ਦੇਣ ਵਾਲਾ ਗਿਆਨ। ਮੁਖਿ – ਮੁਖੀ, ਮੁਖ। ਪਾਯਾ – ਪਾਉਣਾ, ਪ੍ਰਾਪਤ
ਕੀਤਾ, ਜਾਨਣਾ, ਜਾਣਿਆ। ਮੁਖਿ ਪਾਯਾ – ਮੁਖ ਜਾਣਿਆ। ਜਗਿ ਜਨਮ ਮਰਣੁ – ਜਗਤ ਵਿੱਚ
ਜੰਮ ਕੇ ਜਗਤ ਵਿੱਚ ਹੀ ਮਰ ਜਾਣ ਵਾਲਿਆਂ (ਭਾਵ ਅਵਤਾਰਵਾਦੀਆਂ)। ਭਗਾ – ਦੀ ਵੀਚਾਰਧਾਰਾ
ਤੋਂ ਨੱਠ ਗਏ। ਭਗਾ – ਨੱਠ ਜਾਣਾ। ਇਹ – ਜਦੋਂ ਇਹ ਹਿਰਦੇ ਅੰਦਰ ਪ੍ਰਤੀਤ ਆਈ।
ਭਰੋਸਾ ਆਇਆ। ਪਰਤੀਤਿ ਹੀਐ ਆਈ ਜਿਨ ਜਨ ਕੈ – ਜਿਸ ਜਨ ਦੇ ਹਿਰਦੇ ਅੰਦਰ ਪ੍ਰਤੀਤ ਆਈ।
ਤਿਨੑ ਕਉ – ਉਸ ਨੂੰ ਹੀ। ਪਦਵੀ ਉਚ ਭਈ – ਉਸ ਨੂੰ ਹੀ ਇਸ ਗੱਲ ਦੀ ਸੂਝ ਪਈ ਕਿ ਸਭ
ਤੋਂ ਉੱਚੀ ਪਦਵੀ ਕਿਸ ਦੀ ਹੈ। ਮਾਇਆ – ਅਗਿਆਨਤਾ। ਬ੍ਰਿਥਾ – ਪੀੜਾ। ਤਜਿ
ਮਾਇਆ ਮੋਹੁ – ਉਨ੍ਹਾਂ ਨੇ ਅਗਿਆਨਤਾ ਦਾ ਮੋਹ ਤਿਆਗ ਦਿੱਤਾ। ਤਜਿ ਮਾਇਆ ਮੋਹੁ ਲੋਭੁ ਅਰੁ
ਲਾਲਚੁ ਕਾਮ ਕ੍ਰੋਧ ਕੀ ਬ੍ਰਿਥਾ ਗਈ – ਉਨ੍ਹਾਂ ਨੇ ਅਗਿਆਨਤਾ ਦੇ ਮੋਹ ਲੋਭ ਲਾਲਚ ਦੀ ਕਾਮੀ
ਕ੍ਰੋਧੀ ਵੀਚਾਰਧਾਰਾ ਦੀ ਪੀੜਾ ਨੂੰ ਤਿਆਗ ਦਿੱਤਾ। ਅਵਲੋਕ੍ਯ੍ਯਾ – ਨਜ਼ਰ ਕਰਨ ਦੀ ਕਿਰਿਆ,
ਬਖ਼ਸ਼ਿਸ਼। ਬ੍ਰਹਮੁ – ਪਾਰਬ੍ਰਹਮ। ਭਰਮੁ ਸਭੁ ਛੁਟਕ੍ਯ੍ਯਾ – ਸਭ ਭਰਮ ਛੁੱਟ ਗਿਆ।
ਦਿਬ੍ਯ੍ਯ ਦ੍ਰਿਸ੍ਟਿ
- ਦਿਬ ਦ੍ਰਿਸ਼ਟ ਹੋ ਜਾਣੀ ਭਾਵ ਅੱਖਾਂ
ਖੁੱਲ੍ਹ ਜਾਣੀਆਂ। ਕਾਰਣ ਕਰਣੰ – ਕਾਰਣ ਕਰਣੰ – ਸਭ ਕੁੱਝ ਕਰਣ ਕਾਰਣ ਸਮਰੱਥ, ਕਰਤਾ।
ਸਤਿਗੁਰੁ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਗੁਰੁ – ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ
ਨਾਲ। ਸੇਵਿ – ਕਮਾਈ ਕਰਨ ਨਾਲ। ਅਲਖ – ਬੇਮਿਸਾਲ, ਕਰਤਾ ਜਿਸ ਦੇ ਬਰਾਬਰ ਕਿਸੇ ਦੀ
ਮਿਸਾਲ ਨਹੀਂ ਦਿੱਤੀ ਜਾ ਸਕਦੀ। ਗਤਿ – ਮੁਕਤੀ। ਅਲਖ ਗਤਿ – ਬੇਮਿਸਾਲ ਕਰਤੇ ਦੀ
ਬਖ਼ਸ਼ਿਸ਼ ਗਿਆਨ ਨਾਲ ਮੁਕਤੀ। ਜਾ ਕੀ – ਜਿਸ ਦੀ। ਸ੍ਰੀ ਰਾਮਦਾਸੁ – ਸ੍ਰੀ ਰਾਮਦਾਸ
ਜੀ ਨੇ। ਤਾਰਣ ਤਰਣੰ – ਉੱਪਰ ਉਠਿਆ ਜਾ ਸਕਦਾ ਹੈ।
ਅਰਥ:- ਹੇ ਭਾਈ! ਅਗਿਆਨਤਾ ਸੰਸਾਰ ਵਿੱਚ, ਇੱਕ ਬੇਹਿਸਾਬ ਗਹਿਰੇ
ਸਮੁੰਦਰ ਦੀ ਨਿਆਈਂ ਹੈ, ਜਿਨ੍ਹਾਂ ਨੇ ਹਰੀ ਦੀ ਬਖ਼ਸ਼ਿਸ਼, ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ
ਅਗਿਆਨਤਾ ਦੇ ਸਾਗਰ ਨੂੰ ਸਰ ਕਰ ਲੈਣ ਲਈ ਜੀਵਨ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਗਿਆਨ-ਗੁਰੂ ਨੂੰ ਹੀ
ਮੁਖ ਤੁਲਹਾ-ਆਸਰਾ ਦੇਣ ਵਾਲਾ ਕਰਕੇ ਜਾਣਿਆ। ਉਨ੍ਹਾਂ ਨੂੰ ਗਿਆਨ ਗੁਰੂ `ਤੇ ਪ੍ਰਤੀਤ ਭਾਵ ਭਰੋਸਾ
ਆਇਆ, ਉਨ੍ਹਾਂ ਦਾ ਜਗਤ ਵਿੱਚ ਜੰਮ ਕੇ ਜਗਤ ਵਿੱਚ ਹੀ ਖ਼ਤਮ ਹੋ ਜਾਣ ਵਾਲਿਆਂ (ਜੰਮ ਕੇ ਮਰ ਜਾਣ ਵਾਲੇ
ਅਵਤਾਰਵਾਦੀ ਦੇਹਧਾਰੀਆਂ) ਤੋਂ ਭਰੋਸਾ ਨੱਠ ਗਿਆ ਭਾਵ ਉਠ ਗਿਆ। ਜਦੋਂ ਉਨ੍ਹਾਂ ਦਾ ਦੇਹਧਾਰੀ
ਕਰਮਕਾਂਡੀ ਵੀਚਾਰਧਾਰਾ ਤੋਂ ਭਰੋਸਾ ਉਠ ਗਿਆ ਤਾਂ ਕਾਰਣ ਕਰਣੰ ਪਾਰਬ੍ਰਹਮੁ ਦੇ ਗਿਆਨ ਦੀ ਬਖ਼ਸ਼ਿਸ਼ ਨਾਲ
ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹ (ਅਵਤਾਰਵਾਦੀਆਂ ਦੇ ਰੱਬ ਹੋਣ) ਦੇ ਭਰਮ ਤੋਂ ਮੁਕਤ ਹੋ
ਗਏ। ਜਿਹੜੇ ਭਰਮ ਤੋਂ ਮੁਕਤ ਹੋ ਗਏ, ਉਨ੍ਹਾਂ ਨੇ ਅਗਿਆਨਤਾ ਦੇ ਮੋਹ, ਲੋਭ, ਲਾਲਚ ਅਤੇ
(ਅਵਤਾਰਵਾਦੀ) ਕਾਮੀ ਕ੍ਰੋਧੀ ਵੀਚਾਰਧਾਰਾ ਦੀ ਪੀੜਾ ਨੂੰ ਤਿਆਗ ਦਿੱਤਾ। ਇਹ ਸ੍ਰੀ ਰਾਮਦਾਸ ਜੀ ਨੇ
ਦਰਸਾਇਆ ਹੈ ਕਿ ਉਸ ਅਲਖ-ਬੇਮਿਸਾਲ ਸਤਿਗੁਰ ਜਿਸ ਦੀ ਬਖ਼ਸ਼ਿਸ਼ ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰਕੇ
ਕਮਾਈ ਕਰਨ-ਜੀਵਨ ਵਿੱਚ ਅਪਣਾਉਣ ਨਾਲ ਹੀ (ਅਵਤਾਰਵਾਦ ਦੀ ਦੇਹਧਾਰੀ ਪ੍ਰੰਪਰਾ) ਦੀ ਅਗਿਆਨਤਾ ਤੋਂ
ਮੁਕਤੀ ਪਾ ਕੇ ਹੀ ਇਸ ਤੋਂ ਉੱਪਰ ਉਠਿਆ ਜਾ ਸਕਦਾ ਹੈ।