ਇਸ ਚਲ ਰਹੀ ਲੇਖ ਲੜੀ ਤਹਿਤ ਉਹਨਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਅਤੇ
ਸ਼ਬਦ ਦੇ ਭਾਵ- ਅਰਥ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਨਾਲ ਸਬੰਧਿਤ ਗੁਰਮਤਿ ਸਿਧਾਂਤਾਂ ਪ੍ਰਤੀ ਜਾਣਕਾਰੀ
ਨੂੰ ਪ੍ਰਾਰੰਭ ਕੀਤਾ ਗਿਆ ਹੈ ਜਿਹੜੇ ਸ਼ਬਦ ਕਿਸੇ ਨਾ ਕਿਸੇ ਇਤਿਹਾਸਕ ਘਟਨਾ ਨਾਲ ਸਬੰਧ ਰੱਖਦੇ ਹਨ।
ਇਤਿਹਾਸਕ ਤੌਰ ਤੇ ਇਹ ਸ਼ਬਦ ਭਾਵੇਂ ਵਿਅਕਤੀ ਵਿਸ਼ੇਸ਼ ਨਾਲ ਸਬੰਧ ਰੱਖਦੇ ਹਨ ਪਰ ਅਧਿਆਤਮਕ ਤੌਰ ਤੇ
ਉਪਦੇਸ਼ ਅਤੇ ਸਿਖਿਆ “ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ” (੬੪੭) ਅਨੁਸਾਰ
ਸਮੁੱਚੀ ਮਾਨਵਤਾ ਲਈ ਸਰਬ ਸਾਂਝੀ ਹੀ ਹੈ।
=======
ਆਸਾ ਮਹਲਾ ੧ (੩੬੦)
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ।। ੧।।
ਕਰਤਾ ਤੂੰ ਸਭਨਾ ਕਾ ਸੋਈ।।
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ।। ੧।। ਰਹਾਉ।।
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ।।
ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ।।
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ।। ੨।।
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ।।
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ।।
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ।। ੩।। ੫।। ੩੯।।
ਗੁਰ ਨਾਨਕ ਸਾਹਿਬ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਚਲਦੇ-ਚਲਦੇ
ਭਾਈ ਮਰਦਾਨਾ ਜੀ ਦੇ ਸੰਗ ਦੂਜੀ ਵਾਰ ਸੈਦਪੁਰ (ਏਮਨਾਬਾਦ -ਪਾਕਿਸਤਾਨ) ਦੀ ਧਰਤੀ ਤੇ ਪਹੁੰਚੇ। ਇਹ
1521 ਈ. ਦਾ ਸਮਾਂ ਸੀ। ਗੁਰੂ ਨਾਨਕ ਸਾਹਿਬ ਹੁਣ ਦੂਜੀ ਵਾਰ ਵੀ ਆਪਣੇ ਸ਼ਰਧਾਲੂ ਸਿਖ ਭਾਈ ਲਾਲੋ ਦੇ
ਘਰ ਹੀ ਠਹਿਰੇ।
ਇਹ ਉਹ ਸਮਾਂ ਸੀ ਜਦੋਂ ਬਾਬਰ ਹਿੰਦੁਸਤਾਨ ਉਤੇ ਕਹਿਰੀ ਹਮਲਾ ਕਰਨ ਲਈ ‘ਪਾਪ
ਕੀ ਜੰਞ` ਲੈ ਕੇ ਚੜਦਾ ਹੋਇਆ ਆ ਰਿਹਾ ਸੀ। ਗੁਰੂ ਨਾਨਕ ਸਾਹਿਬ ਨੇ ਸੈਦਪੁਰ ਦੀ ਪਹਿਲੀ ਫੇਰੀ
ਸਮੇਂ ਭਾਈ ਲਾਲੋ ਨੂੰ ਸੰਬੋਧਨ ਕਰਕੇ ਸ਼ਬਦ ਉਚਾਰਦੇ ਹੋਏ ਮਾਇਆ-ਹੰਕਾਰ- ਐਸ਼ੋ ਇਸ਼ਰਤ ਆਦਿ ਵਿੱਚ ਗਲਤਾਨ
ਸੈਦਪੁਰ ਦੇ ਹਾਕਮਾਂ-ਅਹਿਲਕਾਰਾਂ ਆਦਿ ਦੀ ਹੋਣ ਵਾਲੀ ਦੁਰਦਸ਼ਾ ਦੀ ਭਵਿਖ ਬਾਣੀ ਕੀਤੀ ਸੀ, ਬਸ ਹੁਣ
ਉਹ ਸਮਾਂ ਆ ਚੁਕਾ ਸੀ। ਸਤਿਗੁਰੂ ਇਸ ਸਾਰੇ ਕੁੱਝ ਦੇ ਪ੍ਰਤੱਖ-ਦਰਸ਼ੀ ਬਨਣ ਲਈ ਦੂਜੀ ਵਾਰ ਇਥੇ
ਪਹਿਲਾਂ ਹੀ ਆ ਪਹੁੰਚੇ ਸਨ।
ਸ. ਪਿਆਰਾ ਸਿੰਘ ਪਦਮ ਵਲੋਂ ਲਿਖਤ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ
ਪ੍ਰਕਾਸ਼ਿਤ ਪੁਸਤਕ ‘ਗੁਰੂ ਗ੍ਰੰਥ ਸੰਕੇਤ ਕੋਸ਼` ਵਿੱਚ ਬਾਬਰ ਤੇ ਬਾਬਰਵਾਣੀ ਅਤੇ ਖੁਰਾਸਾਨ
ਸਿਰਲੇਖ ਹੇਠ ਇਹਨਾਂ ਪੱਖਾਂ ਉਪਰ ਬਹੁਤ ਵਧੀਆ ਤਰੀਕੇ ਨਾਲ ਸੰਖੇਪ ਅਤੇ ਭਾਵਪੂਰਤ ਸ਼ਬਦਾਂ ਵਿੱਚ
ਜਾਣਕਾਰੀ ਹੇਠ ਲਿਖੇ ਅਨੁਸਾਰ ਦਿਤੀ ਗਈ ਹੈ-
“ਜਹੀਰਉਦੀਨ ਮੁਹੰਮਦ ਬਾਬਰ (੧੪੮੩-੧੫੩੦ ਈ.) ਤੈਮੂਰ ਦੀ ਛੇਵੀਂ ਪੀੜੀ
ਵਿਚੋਂ ਮੁਗਲ ਰਾਜ ਦਾ ਮੋਢੀ ਬਾਦਸ਼ਾਹ ਸੀ ਜੋ ਕਿ ਤੁਰਕਸਤਾਨ ਦਾ ਜੰਮ-ਪਲ ਤੇ ਚੰਗਾ ਮਨਚਲਾ ਫੌਜੀ
ਜਰਨੈਲ ਸੀ। ਇਸ ਨੇ ਪਹਿਲੇ ਕਾਬਲ (੧੫੦੪) ਤੇ ਕਬਜਾ ਕੀਤਾ ਅਤੇ ਫਿਰ ਹਿੰਦੁਸਤਾਨ ਜਿੱਤਣ ਦੀ ਵਿਉਂਤ
ਬਣਾਈ। ਭਾਰਤ ਉਤੇ ਚਾਰ ਹਮਲੇ ਕੀਤੇ ਤੇ ਆਖਰੀ ਹਮਲੇ ਸਮੇਂ ਇਬ੍ਰਾਹੀਮ ਲੋਧੀ ਨੂੰ ਹਰਾ ਕੇ ਅਪਰੈਲ
੧੫੨੬ ਈ. ਵਿੱਚ ਦਿਲੀ ਦਾ ਤਖਤ ਸੰਭਾਲਿਆ ਅਤੇ ਮੁਗਲ ਰਾਜ ਦੀ ਨੀਂਹ ਰੱਖੀ। ੧੫੨੧ ਈ. ਵਿੱਚ ਕੀਤੇ
ਹਮਲੇ ਸਮੇਂ ਇਸ ਦੀ ਫੌਜ ਨੇ ਏਮਨਾਬਾਦ (ਸੈਦਪੁਰ) ਨਗਰ ਦਾ ਬੁਰਾ ਹਾਲ ਕੀਤਾ ਜਿਸ ਵਿੱਚ ਗਰੀਬ ਜਨਤਾ
ਉਤੇ ਸਖਤ ਅਤਿਆਚਾਰ ਹੋਏ। ਗੁਰੂ ਨਾਨਕ ਸਾਹਿਬ ਇਸ ਸਮੇਂ ਉਥੇ ਹੀ ਸਨ। ਉਨ੍ਹਾਂ ਇਸ ਜਬਰ-ਜੁਲਮ ਕਾਰਣ
ਹੋਈ ਦੁਰਦਸ਼ਾ ਦੀ ਅੱਖੀਂ-ਡਿਠੀ ਤਸਵੀਰ ਆਸਾ ਰਾਗ ਦੇ ਸ਼ਬਦਾਂ ਵਿੱਚ ਕਲਮਬੰਦ ਕਰਦਿਆ ਕਿਹਾ ਹੈ ਕਿ
‘ਬਾਬਰ ਵਾਣੀ` ਅਰਥਾਤ ਬਾਬਰ ਦੀ ਧੱਕੇ ਸ਼ਾਹੀ ਕਾਰਣ ਕਿਸੇ ਨੂੰ ਰੋਟੀ ਦੀ ਬੁਰਕੀ ਤਕ ਨਸੀਬ ਨਾ ਹੋਈ।
“
(ਗੁਰੂ ਗ੍ਰੰਥ ਸੰਕੇਤ ਕੋਸ਼-ਪੰਨਾ 254-255)
‘ਬਾਬਰ ਬਾਦਸ਼ਾਹ ਨੇ ‘ਤੋਜ਼ਕਿ ਬਾਬਰੀ` ਵਿੱਚ ਲਿਖਿਆ ਹੈ ਕਿ ਆਮ ਤੌਰ ਤੇ
ਹਿੰਦੁਸਤਾਨੀ ਲੋਕ, ਸਿੰਧ ਦੇ ਪੱਛਮ ਵਲ ਦੇ ਦੇਸ਼ਾਂ ਨੂੰ ‘ਖੁਰਾਸਾਨ` ਕਹਿ ਦਿੰਦੇ ਹਨ। ਗੁਰੂ ਨਾਨਕ
ਸਾਹਿਬ ਨੇ ਵੀ ਇਹਨਾਂ ਖੁਲੇ ਅਰਥਾਂ ਵਿੱਚ ਹੀ ਇਸ ਦਾ ਪ੍ਰਯੋਗ ਕੀਤਾ ਹੈ। ਵੈਸੇ ਖੁਰਾਸਾਨ, ਈਰਾਨ ਦੇ
ਪੂਰਬ ਵਲ ਅਤੇ ਅਫਗਾਨਿਸਤਾਨ ਦੇ ਪੱਛਮ ਵਲ ਛੋਟਾ ਜੇਹਾ ਇਲਾਕਾ ਹੈ। ਘੇਰਾ ੧੦੫੨੩੬ ਵਰਗ ਮੀਲ ਹੈ,
ਹੁਣ ਇਹ ਈਰਾਨ ਦਾ ਹੀ ਹਿਸਾ ਹੈ ਤੇ ਹਰਾਤ ਤੇ ਮਸ਼ਹਦ ਇਸ ਦੇ ਪ੍ਰਸਿਧ ਸ਼ਹਿਰ ਹਨ। ਬਾਬਰ ਨੇ ਇਹ ਇਲਾਕਾ
ਜਿਤ ਕੇ ਫਿਰ ਕਾਬਲ ਕਬਜੇ ਕੀਤਾ ਤੇ ਇਸ ਪਿਛੋਂ ਹਿੰਦੁਸਤਾਨ ਵਲ ਹਮਲੇ ਸ਼ੁਰੂ ਕੀਤੇ ਤੇ ਅਖੀਰ ਅਪਰੈਲ
੧੫੨੬ ਈ. ਵਿੱਚ ਦਿਲੀ ਲੈਣ ਵਿੱਚ ਕਾਮਯਾਬ ਹੋ ਗਿਆ। ੧੫੨੧ ਈ. ਦੇ ਧਾਵੇ ਸਮੇਂ ਸੈਦਪੁਰ ਜੋ ਤਬਾਹੀ
ਹੋਈ ਉਸ ਦਾ ਅੱਖੀਂ ਡਿਠਾ ਹਾਲ ਬਿਆਨ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ ਕਿ ਖੁਰਾਸਾਨ ਤਾਂ
ਰੱਬੀ ਕ੍ਰਿਪਾ ਸਦਕਾ ਸੁਰੱਖਿਅਤ ਰਹਿ ਗਿਆ ਤੇ ਹਿੰਦੁਤਸਾਨ ਡਰ ਭੈ ਦਾ ਸ਼ਿਕਾਰ ਹੋ ਗਿਆ। `
(ਗੁਰੂ ਗ੍ਰੰਥ ਸੰਕੇਤ ਕੋਸ਼-ਪੰਨਾ 133)
ਵਿਸ਼ਾ ਅਧੀਨ ਸ਼ਬਦ ਵਿੱਚ ਖੁਰਾਸਾਨ ਦੀ ਧਰਤੀ ਤੋਂ ਚਲ ਕੇ ਆਏ ਬਾਬਰ ਵਲੋਂ
ਸੈਦਪੁਰ (ਏਮਨਾਬਾਦ) ਦੀ ਧਰਤੀ ਉਪਰ ਹੋਏ ਜੁਲਮ ਦੇ ਅੱਖੀਂ ਡਿਠੇ ਹਾਲਾਤ ਦਾ ਚਿਤਰਨ ਕੀਤਾ ਗਿਆ ਹੈ।
ਭਾਈ ਕਾਨ੍ਹ ਸਿੰਘ ਨਾਭਾ ਵਲੋਂ ਇਹਨਾਂ ਨਗਰਾਂ ਬਾਰੇ ਗੁਰਮਤਿ ਮਾਰਤੰਡ ਵਿੱਚ ਸ਼ਪਸ਼ਟ ਕੀਤਾ ਹੈ-
‘ਸੈਦਪੁਰ ਦਾ ਨਾਮ ਸ਼ੇਰਸ਼ਾਹ ਨੇ ਸ਼ੇਰਗੜ੍ਹ ਰੱਖਿਆ ਸੀ, ਅਕਬਰ ਦੇ ਅਹਲਕਾਰ
ਮੁਹੰਮਦ ਅਮੀਨ ਨੇ ਨਾਮ ਏਮਨਾਬਾਦ ਥਾਪਿਆ। ਸ੍ਰੀ ਗੁਰੂ ਨਾਨਕ ਦੇਵ ਜੀ ਸੈਦਪੁਰ ਵਿੱਚ ਭਾਈ ਲਾਲੋ ਦੇ
ਘਰ ਵਿਰਾਜੇ ਸਨ, ਏਮਨਾਬਾਦ ਜਿਲ੍ਹਾ ਗੁਜਰਾਂਵਾਲਾ ਵਿੱਚ ਹੈ ਅਤੇ ਸਟੇਸ਼ਨ ਏਮਨਾਬਾਦ ਤੋਂ ਤਿੰਨ ਮੀਲ
ਪੂਰਵ ਵਲ ਹੈ। `
‘ਈਰਾਨ ਦੇ ਪੂਰਬ ਅਰ ਅਫਗਾਨਿਸਤਾਨ ਦੇ ਪੱਛਮ ਵਲ ਇੱਕ ਦੇਸ਼। ਬਾਬਰ ਲਿਖਦਾ ਹੈ
ਕਿ ਹਿੰਦੁਸਤਾਨ ਦੇ ਆਦਮੀ ਸਿੰਧੂ ਤੋਂ ਪੱਛਮ ਵਲ ਦੇ ਦੇਸ਼ਾਂ ਨੂੰ ਖੁਰਾਸਾਨ ਹੀ ਬੋਲਦੇ ਹਨ`।
(ਗੁਰਮਤਿ ਮਾਰਤੰਡ-ਪੰਨਾ੭੧੩)
ਵਿਸ਼ਾ ਅਧੀਨ ਸ਼ਬਦ ਨੂੰ ਜਦੋਂ ਅਸੀਂ ਬਾਹਰੀ ਅਰਥਾਂ ਵਿੱਚ ਪੜ੍ਹ ਕੇ ਵੇਖਦੇ
ਹਾਂ ਤਾਂ ਲਗਦਾ ਹੈ ਕਿ ਗੁਰੂ ਨਾਨਕ ਸਾਹਿਬ ਸੈਦਪੁਰੀਆਂ ਦੀ ਬਾਬਰ ਦੇ ਸਿਪਾਹੀਆਂ ਵਲੋਂ ਕੀਤੀ ਗਈ
ਦੁਰਗਤੀ ਲਈ ਪ੍ਰਮੇਸ਼ਰ ਨੂੰ ਉਲਾਹਮਾ ਦੇ ਰਹੇ ਹਨ, ਪਰ ਜਦੋਂ ਅਸੀਂ ਗੁਰਮਤਿ ਸਿਧਾਂਤਾਂ ‘ਜੋ ਤੁਧੁ
ਭਾਵੈ ਸਾਈ ਭਲੀ ਕਾਰ` (੪) ‘ਹੁਕਮੈ ਅੰਦਰਿ ਸਭ ਕੋ ਬਾਹਰਿ ਹੁਕਮ ਨ ਕੋਇ` (੧) ‘ਜੋ ਤੁਧੁ ਭਾਵੈ ਸੋਈ
ਚੰਗਾ` (੭੯੫) ‘ਹੁਕਮਿ ਰਜਾਈ ਚਲਣਾ` (੧) ਆਦਿ ਦੀ ਕਸਵੱਟੀ ਤੇ ਪਰਖ ਕੇ ਭਾਵ-ਅਰਥ ਵਿੱਚ ਜਾ ਕੇ
ਵੇਖਦੇ ਹਾਂ ਤਾਂ ਤਸਵੀਰ ਦਾ ਦੂਜਾ ਪੱਖ ਸਪਸ਼ਟ ਰੂਪ ਵਿੱਚ ਉਘੜ ਕੇ ਸਾਹਮਣੇ ਆਉਂਦਾ ਹੈ ਕਿ ‘ਦੁਖੁ
ਸੁਖੁ ਤੇਰੈ ਭਾਣੈ ਹੋਵੈ ਕਿਸਥੈ ਜਾਇ ਰੂਆਈਐ` (੪੧੮) ‘ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ` (੮)
ਅਨੁਸਾਰ ਹਰੇਕ ਮਨੁੱਖ ਆਪਣੇ-ਆਪਣੇ ਕਰਮਾਂ ਦੇ ਅਧਾਰ ਉਪਰ ਹੀ ਫਲ ਪਾਉਂਦਾ ਹੈ। ਪ੍ਰਮੇਸ਼ਰ ਤਾਂ
ਹਮੇਸ਼ਾਂ ਹੀ ਨਿਆਂਕਾਰੀ ਹੈ, ਉਹ ਕਦੀ ਵੀ ਕਿਸੇ ਨਾਲ ਬੇ-ਇਨਸਾਫੀ ਨਹੀਂ ਕਰਦਾ। ਇਸ ਵਿਸ਼ੇ ਉਪਰ ਕੁੱਝ
ਹੋਰ ਗੁਰਬਾਣੀ ਫੁਰਮਾਣਾਂ ਨੂੰ ਵਾਚਣਾ ਲਾਹੇਵੰਦ ਰਹੇਗਾ-
-ਕਰਮੀ ਕਰਮੀ ਹੋਇ ਵੀਚਾਰੁ।।
ਸਚਾ ਆਪਿ ਸਚਾ ਦਰਬਾਰੁ।।
(ਜਪੁ-੭)
- ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭਿ ਮਾਰਿ ਕਢੋਇ।।
ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ।।
(ਵਾਰ ਸਿਰੀ ਰਾਗ-ਮਹਲਾ ੪-੮੯)
-ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ।।
ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ।।
(ਵਾਰ ਗਉੜੀ- ਮਹਲਾ ੪-੩੦੮)
-ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ।।
(ਵਾਰ ਰਾਮਕਲੀ-ਮਹਲਾ ੩-੯੪੯)
ਰੱਬ ਨੂੰ ਵਿਸਾਰ ਕੇ ਪਦਵੀਆਂ, ਮਾਇਆ ਦੇ ਅਹੰਕਾਰ ਵਿੱਚ ਮਦ-ਮਸਤ ਹੋ ਚੁਕੇ
ਪਠਾਣ, ਹਾਕਮ, ਅਹਿਲਕਾਰ ਅਤੇ ਪਰਜਾ ਦੀ ਬਾਬਰ ਦੇ ਸਿਪਾਹੀਆਂ ਵਲੋਂ ਐਸੀ ਹੋਈ ਦੁਰਦਸ਼ਾ ਨੂੰ
ਪੜ੍ਹ-ਸੁਣ ਕੇ ਲੂੰ-ਕੰਡੇ ਖੜੇ ਹੋ ਜਾਂਦੇ ਹਨ। ਜਿਵੇਂ ਸਿਆਣਿਆਂ ਦਾ ਕਥਨ ਹੈ ਕਿ ਦਾਣਿਆਂ ਦੇ
ਨਾਲ-ਨਾਲ ਚੱਕੀ ਵਿੱਚ ਘੁਣ ਵੀ ਪਿਸ ਜਾਂਦਾ ਹੈ, ਅਨੁਸਾਰ ਕੁੱਝ ਬੇਦੋਸ਼ੇ ਵੀ ਇਸ ਕਤਲੇਆਮ ਵਿੱਚ ਪੀੜੇ
ਗਏ ਹੋਣਗੇ।
ਗੁਰੂ ਨਾਨਕ ਸਾਹਿਬ ਤਾਂ ਗੁਰਬਾਣੀ ਅਤੇ ਇਤਿਹਾਸ ਦੇ ਸੁਮੇਲ ਵਾਲੇ ਇਸ ਸ਼ਬਦ
ਰਾਹੀਂ ਸਾਨੂੰ ਇਹ ਗਿਆਨ ਦੇ ਰਹੇ ਹਨ ਕਿ ਮਾਣ-ਅਹੰਕਾਰ ਵਿੱਚ ਆ ਕੇ, ਕਿਸੇ ਦੇ ਪਿਛੇ ਲੱਗ ਕੇ, ਆਪਣੀ
ਮੌਜ ਮਸਤੀ ਲਈ ਐਵੇਂ ਕਿਸੇ ਨਾਲ ਵੀ ਧੱਕਾ ਜ਼ੁਲਮ ਨਾ ਕਰੀਏ। ਇਸ ਨਾਲੋਂ ਰੱਬ ਨੂੰ ਚੇਤੇ ਰੱਖਦੇ ਹੋਏ
ਮਨੁਖਤਾ ਦਾ ਭਲਾ ਕਰਨ ਲਈ ਯਤਨਸ਼ੀਲ ਰਹਿਣਾ ਚੰਗਾ ਹੈ। ਜਿਵੇਂ ਪਹਿਲੇ ਪਾਤਸ਼ਾਹ ਮਲਾਰ ਕੀ ਵਾਰ ਵਿੱਚ
19 ਵੀਂ ਪਉੜੀ ਨਾਲ ਦਰਜ ਦੂਜੇ ਸਲੋਕ ਵਿੱਚ ਸਮਝਾਉਂਦੇ ਹਨ ਕਿ ਜਿੰਨ੍ਹਾਂ ਨੂੰ ਰੱਬ ਚੇਤੇ ਵਿੱਚ
ਹੋਵੇ ਭਾਵੇਂ ਉਹ ਦੁਨਿਆਵੀ, ਸਰੀਰਕ ਤਾਕਤ, ਖਾਣ-ਪੀਣ ਆਦਿ ਪੱਖੋਂ ਛੋਟੇ ਵੀ ਭਾਵੇਂ ਕਿਉਂ ਨਾ ਹੋਣ,
ਉਹਨਾਂ ਵੱਡ ਆਕਾਰੀ ਜੀਵਾਂ ਨਾਲੋਂ ਉਹ ਛੋਟੇ ਹੀ ਚੰਗੇ ਹਨ। ਇਹ ਮਦ- ਮਸਤੀ ਕਿੰਨਾਂ ਕੁ ਚਿਰ ਚਲੇਗੀ।
ਇਸ ਦਾ ਇੱਕ ਨ ਇੱਕ ਦਿਨ ਅੰਤ ਅਵਸ਼ ਹੋ ਹੀ ਜਾਣਾ ਹੈ, ਹੋ ਸਕਦਾ ਹੈ ਜੀਵਨ ਦੌਰਾਨ ਹੀ ਹੋ ਜਾਵੇ ਨਹੀਂ
ਤਾਂ ਮੌਤ ਨੇ ਤਾਂ ਅੰਤ ਜਰੂਰ ਹੀ ਕਰ ਦੇਣਾ ਨਿਸ਼ਚਿਤ ਹੈ।
ਵੱਡ ਆਕਾਰੀ ਹਾਥੀ ਜੋ ਬਹੁਤ ਖਾਂਦਾ, ਡਕਾਰਦਾ, ਸ਼ੂਕਦਾ ਹੈ, ਇਸ ਦੇ ਮੁਕਾਬਲੇ
ਅੱਧਾ ਦਾਣਾ ਖਾ ਕੇ ਅਸਮਾਨ ਵਿੱਚ ਉਡਾਰੀਆਂ ਲਾ ਕੇ ਰੱਬ ਨੂੰ ਚੇਤੇ ਕਰਦੀ ਹੋਈ ਛੋਟੀ ਜਿਹੀ ਚਿੜੀ ਹੀ
ਚੰਗੀ ਹੈ। ਤਾਕਤਵਰ, ਬੁਕ-ਬੁਕ ਕੇ ਜੰਗਲੀ ਜੀਵਾਂ ਦਾ ਸ਼ਿਕਾਰ ਕਰਨ ਵਾਲੇ ਅਹੰਕਾਰੀ ਸ਼ੇਰ ਨਾਲੋਂ ਅੱਕ
ਦੀ ਡਾਲੀ ਉੱਤੇ ਬਹਿ ਕੇ ਰੱਬ ਨੂੰ ਚੇਤੇ ਰਖਦਾ ਹੋਇਆ ਅੱਕ ਦਾ ਤਿੱਡਾ ਹੀ ਚੰਗਾ ਹੈ। ਦੁਨੀਆਂ ਅੰਦਰ
ਚਾਰ ਦਿਨਾਂ ਦੀ ਮੌਜ ਮਸਤੀ ਰੂਪੀ ਮਿਠਾਸ ਚੰਗੀ ਲਗਦੀ ਹੋਈ ਮਨ ਨੂੰ ਭਾਉਂਦੀ ਜਰੂਰ ਹੈ, ਇਹ ਮੱਖੀ ਦੇ
ਮਿਠੇ ਉਂਤੇ ਬਹਿ ਕੇ ਮਿਠਾਸ ਦਾ ਅਨੰਦ ਲੈਣ ਵਾਂਗਰ ਹੈ, ਪਰ ਇਸੇ ਮਿੱਠੇ ਦੇ ਸਵਾਦ ਵਿੱਚ ਅੰਤ ਮੱਖੀ
ਫਸ ਕੇ ਆਪਣਾ ਦੁਖਦਾਈ ਅੰਤ ਕਰਵਾ ਬੈਠਦੀ ਹੈ। ਪਾਵਨ ਫੁਰਮਾਣ ਹੈ-
ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ।।
ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ।।
ਅੰਧੀ ਫੂਕਿ ਮੁਈ ਦੇਵਾਨੀ।।
ਖਸਮ ਮਿਟੀ ਫਿਰਿ ਭਾਨੀ।।
ਅਧੁ ਗੁਲਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ।।
ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ।।
ਸਕਤਾ ਸੀਹ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ।।
ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਹਿ।।
ਅੰਧਾ ਕਿਸ ਨੋ ਬੁਕਿ ਸੁਣਾਵੈ।।
ਖਸਮੈ ਮੂਲਿ ਨ ਭਾਵੈ।।
ਅਕ ਸਿਉ ਪ੍ਰੀਤਿ ਕਰੇ ਅਕਤਿਡਾ ਅਕ ਡਾਲੀ ਬਹਿ ਖਾਇ।।
ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ।।
ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ।।
ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ।।
ਮਖੀ ਮਿਠੈ ਮਰਣਾ।।
ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ।। ੨।।
(ਵਾਰ ਮਲਾਰ ਕੀ-ਮਹਲਾ ੧-੧੨੮੬)
ਸਾਡਾ ਸਿਖ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਸਿਖਾਂ ਦੇ ਹੱਥ ਰਾਜ ਭਾਗ ਵੀ
ਆਇਆ ਤਾਂ ਉਹਨਾਂ ਨੇ ਰੱਬ ਨੂੰ ਚੇਤੇ ਰੱਖਦੇ ਹੋਏ ਧੱਕੇ ਜੁਲਮ ਦੀ ਬਜਾਏ ਤਾਕਤ ਨੂੰ ਮਨੁਖਤਾ ਦੇ ਭਲੇ
ਹਿਤ ਵਰਤਿਆ। ਜੇਕਰ ਰਾਜ ਭਾਗ ਹੱਥੋਂ ਖੁਸ ਵੀ ਗਿਆ ਤਾਂ ਭਾਣੇ ਅੰਦਰ ਰਹਿ ਕੇ ਖਿੜੇ-ਮੱਥੇ ਸ਼ਹਾਦਤਾਂ
ਨੂੰ ਪ੍ਰਵਾਨ ਕਰਨ ਵਾਲੀ ਦ੍ਰਿੜਤਾ ਦੀ ਐਸੀ ਮਿਸਾਲ ਦੁਨੀਆਂ ਸਾਹਮਣੇ ਰੱਖੀ ਕਿ ਅਜ ਵੀ ਅਤੇ ਰਹਿੰਦੀ
ਦੁਨੀਆਂ ਤਕ ਲੋਕਾਈ ਨੂੰ ਪ੍ਰੇਰਣਾ ਦਿੰਦੀ ਰਹੇਗੀ।
ਬਾਬਾ ਬੰਦਾ ਸਿੰਘ ਬਹਾਦਰ
ਵਲੋਂ ਸਥਾਪਤ ਪਹਿਲਾ ਸਿਖ ਰਾਜ ਅਤੇ ਅੰਤ ਸਮੇਂ ਸਾਥੀਆਂ ਨਾਲ ਬੇ-ਮਿਸਾਲ ਸ਼ਹਾਦਤ ਇਸ ਸਭ ਕੁੱਝ ਦੇ
ਪ੍ਰਤੱਖ ਸਬੂਤ ਵਜੋਂ ਸਾਡੇ ਸਾਹਮਣੇ ਹੈ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਜਦੋਂ
ਗ੍ਰਿਫਤਾਰੀ ਉਪਰੰਤ ਤਸੀਹੇ ਸਹਿੰਦੇ ਵੇਖ ਕੇ ਕੋਈ ਕਹਿੰਦਾ ਕਿ ਇਹ ਸਜ਼ਾ ਉਹਨਾਂ ਨੂੰ ਆਪਣੀਆਂ
ਕਰਤੂਤਾਂ ਕਰਕੇ ਮਿਲ ਰਹੀ ਹੈ। ਪ੍ਰਮੇਸ਼ਰ ਦੇ ਹਰ ਭਾਣੇ ਨੂੰ ਮਿਠਾ ਕਰਕੇ ਮੰਨਣ ਵਾਲੇ ਬੇੜੀਆਂ ਵਿੱਚ
ਜਕੜੇ ਹੋਏ ਸਿੱਖ ਝੱਟ ਜਵਾਬ ਦਿੰਦੇ-
‘ਨਹੀਂ ਇਹ ਮਾਲਕ ਦਾ ਹੁਕਮ ਹੈ ਅਤੇ ਇਹ ਸਭ ਕੁੱਝ ਉਸ ਦੇ ਭਾਣੇ ਵਿੱਚ ਹੋ
ਰਿਹਾ ਹੈ, ਕਿਸੇ ਦੀ ਕੀ ਮਜ਼ਾਲ ਹੈ? ` ਜੇ ਕੋਈ ਇਹ ਆਖਦਾ ਕਿ ਤੁਸੀਂ ਕਤਲ ਕੀਤੇ ਜਾਉਗੇ ਤਾਂ
ਸਾਰੇ ਯਕ ਜ਼ਬਾਨ ਬੋਲ ਉਠਦੇ- ‘ਕਰੋ ਕਤਲ, ਮੌਤ ਤੋਂ ਕੌਣ ਡਰਦਾ ਹੈ। ਜੇ ਡਰਦੇ ਹੁੰਦੇ ਤਾਂ
ਤੁਹਾਡੇ ਨਾਲ ਆ ਕੇ ਕਿਉਂ ਲੜਦੇ। `
ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਉਪੰਰਤ ਸਖਤ ਤਸੀਹੇ ਭਰਪੂਰ ਬੰਦੀ ਵਿੱਚ
ਪਏ ਹੋਏ ਪਰ ਪਹਾੜ ਵਾਂਗੂ ਅਹਿਲ, ਸਾਗਰ ਵਾਂਗੂ ਸ਼ਾਂਤ, ਅਡੋਲ ਦ੍ਰਿੜਤਾ ਨੂੰ ਵੇਖ ਕੇ ਮੁਹੰਮਦ ਅਮੀਨ
ਖਾਂ ਨੇ ਹੀਆ ਕਰਕੇ ਪੁਛ ਹੀ ਲਿਆ ‘ਜਦ ਤੁਸੀਂ ਇਤਨੀਆਂ ਸ਼ਕਤੀਆਂ ਦੇ ਮਾਲਕ ਤੇ ਗੰਭੀਰ ਹੋ,
ਤੁਹਾਡੇ ਚਿਹਰੇ ਤੇ ਮੁਹਰੇ ਤੋਂ ਤੁਸੀਂ ਗਿਆਨਵਾਨ ਪ੍ਰਤੀਤ ਹੁੰਦੇ ਹੋ ਅਤੇ ਜਿਸ ਦੇ ਆਚਰਨ ਵਿੱਚ
ਉਚਤਾ ਹੈ ਤਾਂ ਇਤਨੇ ਤਸੀਹੇ ਕਿਉਂ ਮਿਲ ਰਹੇ ਹਨ? `
ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਜਵਾਬ ਦਿਤਾ ਉਸ ਤੋਂ ਇਸ ਵਿਸ਼ੇ ਅਧੀਨ ਸ਼ਬਦ
ਵਿੱਚ ਦਰਸਾਏ ਗਏ ਜ਼ਬਰੋ-ਜੁਲਮ ਦਾ ਪ੍ਰਭੂ ਦੇ ਭਾਣੇ ਵਿੱਚ ਹੀ ਵਾਪਰਣ ਵਾਲਾ ਪੱਖ ਸਪਸ਼ਟ ਹੋ ਜਾਵੇਗਾ।
ਬਾਬਾ ਬੰਦਾ ਸਿੰਘ ਨੇ ਕਿਹਾ ‘ਕਿਸੀ ਦਾ ਕਿਆ ਮਕਦੂਰ ਥਾ ਜੋ ਮੁਝ ਕੋ
ਮਾਰਤਾ। ਮੈਂ ਤੈਨੂੰ ਦਸਦਾ ਹਾਂ ਕਿ ਇਹ ਸਭ ਕੁੱਝ ਕਿਉਂ ਹੋ ਰਿਹਾ ਹੈ? ਜਦ ਮਨੁੱਖ ਅਜਿਹਾ ਪਾਪੀ ਤੇ
ਦੁਸ਼ਟ ਹੋ ਜਾਏ ਕਿ ਉਹ ਇਨਸਾਫ ਦਾ ਰਾਹ ਹੀ ਛੱਡ ਬੈਠੇ ਅਤੇ ਅਤਿਆਚਾਰਾਂ ਦੀ ਅੱਤ ਕਰ ਦੇਵੇ ਤਾਂ ਉਹ
ਸੱਚਾ ਰੱਬ ਮੇਰੇ ਜਿਹੇ ਬੰਦੇ ਪੈਦਾ ਕਰਕੇ ਭੇਜਦਾ ਹੈ ਕਿ ਦੁਸ਼ਟਾਂ ਦਾ ਨਾਸ ਕਰੇ। ਅਸੀਂ ਮਨੁੱਖ ਹਾਂ,
ਇਹ ਨਹੀਂ ਜਾਣਦੇ ਕਿ ਕਿਤਨੀ ਸਜ਼ਾ ਦੇਣੀ ਹੈ, ਕਿਧਰੇ ਵੱਧ ਵੀ ਦਿਤੀ ਜਾਂਦੀ ਹੈ ਤਾਂ ਉਹ ਹੀ ਰੱਬ
ਤੇਰੇ ਵਰਗੇ ਬੰਦੇ ਭੇਜ ਦਿੰਦਾ ਹੈ ਤਾਂ ਕਿ ਹਿਸਾਬ ਕਿਤਾਬ ਇਥੇ ਹੀ ਮੁੱਕ ਜਾਏ। `
(ਪ੍ਰਿੰਸੀਪਲ ਸਤਿਬੀਰ ਸਿੰਘ- ਸਾਡਾ ਇਤਿਹਾਸ -ਪੰਨਾ 68-74)
ਸਿਖ ਇਤਿਹਾਸ ਵਿਚੋਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਿਤ ਉਪਰੋਕਤ
ਵਿਸਥਾਰ ਦੇਣ ਦਾ ਤਾਤਪਰਯ (ਤੱਤਸਾਰ/ਨਿਚੋੜ) ਇਹੀ ਹੈ ਕਿ ਵਿਸ਼ਾ ਅਧੀਨ ਸ਼ਬਦ ਦੇ ਅਰਥ ਕਰਦੇ ਸਮੇਂ
ਅਸੀਂ ਆਮ ਲੋਕਾਈ ਦੀ ਤਰਾਂ ਭੁਲੇਖੇ ਦਾ ਸ਼ਿਕਾਰ ਹੋ ਕੇ ਗੁਰੂ ਸਾਹਿਬ ਵਲੋਂ ਪ੍ਰਮੇਸ਼ਰ ਨੂੰ ਉਲ੍ਹਾਮੇ
ਦੇਣ ਵਾਲਾ ਸਾਬਤ ਕਰਨ ਦੀ ਥਾਂ ਤੇ ਭਾਣੇ ਵਿੱਚ ਵਿਚਰਦੇ ਹੋਏ ਪ੍ਰਮੇਸ਼ਰ ਦੇ ਹੁਕਮ ਨੂੰ ਸਹੀ ਅਰਥਾਂ
ਵਿੱਚ ਸਮਝ ਸਕੀਏ।
1521 ਈ. (ਸੰਮਤ 1578- ਆਵਨਿ ਅਠਤਰੈ) ਨੂੰ ਬਾਬਰ ਨੇ ਸੈਦਪੁਰ (ਏਮਨਾਬਾਦ)
ਦੇ ਮਦ-ਮਸਤ, ਅਹੰਕਾਰੀਆਂ ਦੀ ਐਸੀ ਦੁਰਗਤਿ ਕੀਤੀ ਕਿ ਲੋਕੀਂ ਤ੍ਰਾਹ-ਤ੍ਰਾਹ ਕਰ ਉਠੇ। ਗੁਰੂ ਨਾਨਕ
ਸਾਹਿਬ ਅਤੇ ਭਾਈ ਮਰਦਾਨਾ ਜੀ ਜੋ ਇਸ ਸਾਰੇ ਕਤਲੇਆਮ ਦੇ ਪ੍ਰਤੱਖ ਗਵਾਹ ਦੇ ਰੂਪ ਵਿੱਚ ਉਸ ਸਮੇਂ ਉਥੇ
ਮੌਜੂਦ ਸਨ, ਉਨ੍ਹਾਂ ਦੋਵਾਂ ਨੂੰ ਵੀ ਕੈਦਖਾਨੇ ਵਿੱਚ ਸੁੱਟ ਦਿਤਾ ਗਿਆ। ਰੱਬ ਨੂੰ ਵਿਸਾਰੀ ਬੈਠੇ
ਸੈਦਪੁਰੀਆਂ ਦੀ ਹੋਈ ਇਸ ਲਾ-ਮਿਸਾਲ ਦੁਰਗਤਿ ਦੇ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ
ਦੀ ਰਬਾਬ ਸੰਗ ਵਿਸ਼ਾ ਅਧੀਨ ਸ਼ਬਦ ਗਾਇਆ ਅਤੇ ਰਾਗ ਆਸਾ ਵਿੱਚ ਦਰਜ ਕਰਕੇ ਗੁਰਬਾਣੀ ਅਤੇ ਇਤਿਹਾਸ ਦੇ
ਸੁਮੇਲ ਭਰਪੂਰ ਇਸ ਸ਼ਬਦ ਨੂੰ ਮਨੁਖਤਾ ਦੇ ਸਦੀਵੀਂ ਮਾਰਗ ਦਰਸ਼ਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ
ਹਿੱਸਾ ਬਣਾ ਦਿੱਤਾ।
ਸਿਖਿਆ:- ਪ੍ਰਮੇਸ਼ਰ ਨੂੰ ਉਲ੍ਹਾਮੇ ਦੇਣ ਦੀ ਥਾਂ ਤੇ ਅਸੀਂ ਹਰੇਕ ਕੰਮ
ਪ੍ਰਮੇਸ਼ਰ ਦੀ ਰਜ਼ਾ ਭਾਣੇ ਅੰਦਰ ਰਹਿ ਕੇ ਕਰੀਏ ਜਿਸ ਨਾਲ ਕਿਸੇ ਦਾ ਕੋਈ ਦਿਲ ਨਾ ਦੁਖੇ ਤਾਂ ਪ੍ਰਮੇਸ਼ਰ
ਦੀ ਕ੍ਰਿਪਾ ਹਮੇਸ਼ਾ ਬਣੀ ਰਹੇਗੀ। ਅਸੀਂ ਆਪ ਵੀ ਸੁਖੀ ਅਤੇ ਸੰਸਾਰ ਵੀ ਸੁਖੀ ਵਸੇਗਾ। ਜੇ ਐਸਾ ਨਹੀਂ
ਕਰਦੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਕੇਵਲ ਪੜਿਆ-ਸੁਣਿਆ ਹੀ ਹੈ ਸਮਝਿਆ ਨਹੀਂ।
=======
(ਚਲਦਾ … …)
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾ
ਕਪੂਰਥਲਾ (ਪੰਜਾਬ)
(98720-76876, 01822-276876)