ਪਰਤਾਪੁ ਸਦਾ ਗੁਰ ਕਾ ਘਟਿ ਘਟਿ ਪਰਗਾਸੁ ਭਯਾ ਜਸੁ ਜਨ ਕੈ।।
ਇਕਿ ਪੜਹਿ ਸੁਣਹਿ ਗਾਵਹਿ ਪਰਭਾਤਿਹਿ ਕਰਹਿ ਇਸ੍ਨਾਨੁ ॥
ਇਸ੍ਨਾਨੁ ਕਰਹਿ ਪਰਭਾਤਿ ਸੁਧ ਮਨਿ ਗੁਰ ਪੂਜਾ ਬਿਧਿ ਸਹਿਤ ਕਰੰ।।
ਕੰਚਨੁ ਤਨੁ ਹੋਇ ਪਰਸਿ ਪਾਰਸ ਕਉ ਜੋਤਿ ਸਰੂਪੀ ਧ੍ਯ੍ਯਾਨੁ ਧਰੰ।।
ਜਗਜੀਵਨੁ ਜਗੰਨਾਥੁ ਜਲ ਥਲ ਮਹਿ ਰਹਿਆ ਪੂਰਿ ਬਹੁ ਬਿਧਿ ਬਰਨੰ।।
ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ।। ੪।।
(ਪੰਨਾ ੧੪੦੨)
ਪਦ ਅਰਥ:- ਪਰਤਾਪੁ – ਪ੍ਰਤਾਪ। ਸਦਾ – ਹਮੇਸ਼ਾ। ਗੁਰ –
ਬਖ਼ਸ਼ਿਸ਼। ਕਾ – ਦਾ। ਘਟਿ ਘਟਿ – ਜ਼ੱਰੇ-ਜ਼ੱਰੇ ਵਿੱਚ। ਪਰਗਾਸੁ ਭਯਾ –
ਪ੍ਰਕਾਸ਼ ਹੋਇਆ। ਜਸੁ – ਜੱਸ ਕਰਨਾ, ਸੁਣਨਾ ਭਾਵ ਪ੍ਰਚਾਰ ਕਰਨਾ ਜਿਵੇਂ ਜੇਕਰ ਕੋਈ ਵਿਅਕਤੀ ਕਿਸੇ
ਮਨੁੱਖ ਦਾ ਜੱਸ ਕਰਦਾ ਹੈ ਤਾਂ ਇਸ ਦਾ ਮਤਲਬ ਉਹ ਉਸ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ ਕਿ ਫਲਾਣੇ
ਸਿੰਘ ਜੀ ਬੜੇ ਚੰਗੇ ਹਨ। ਜਨ ਕੈ – ਜਿਸ ਜਨ ਦੇ ਹਿਰਦੇ ਵਿੱਚ। ਇਕਿ ਪੜਹਿ – ਇੱਕ
ਤੜਕੇ ਉੱਠ ਕੇ (ਮੰਤ੍ਰ) ਪੜ੍ਹਦੇ ਹਨ। ਸੁਣਹਿ – ਇੱਕ ਉਨ੍ਹਾਂ ਨੂੰ ਸੁਣਦੇ ਹਨ। ਗਾਵਹਿ
– ਇੱਕ ਗਾਉਂਦੇ ਹਨ। ਪਰਭਾਤਿਹਿ ਕਰਹਿ ਇਸ੍ਨਾਨੁ
–
ਮੰਤ੍ਰ ਪੜ੍ਹਨ ਤੋਂ ਪਹਿਲਾਂ ਤੜਕੇ ਉਠ ਕੇ ਇਸ਼ਨਾਨ ਕਰਦੇ ਹਨ
(ਤੜਕੇ ਨਹਾਉਣਾ ਮਾੜਾ ਨਹੀਂ, ਇੱਕ ਚੰਗੀ ਸਰੀਰਕ ਸੋਧਕ ਕਿਰਿਆ ਹੈ ਪਰ ਮਨ ਸ਼ੁੱਧੀ ਦਾ ਸਾਧਨ ਨਹੀਂ)।
ਸੁਧ ਮਨਿ – ਮਨਿ ਸੁਧੀ ਲਈ। ਗੁਰ ਪੂਜਾ ਬਿਧਿ ਸਹਿਤ ਕਰੰ – ਫਿਰ ਗੁਰ ਪੂਜਾ ਆਪਣੀ
ਬਣਾਈ ਵਿਧੀ ਸਹਿਤ ਕਰਦੇ ਹਨ। ਕੰਚਨੁ ਤਨੁ ਹੋਇ ਪਰਸਿ ਪਾਰਸ ਕਉ ਜੋਤਿ ਸਰੂਪੀ ਧ੍ਯ੍ਯਾਨੁ ਧਰੰ –
ਫਿਰ ਕਿਸੇ ਅਵਤਾਰਵਾਦੀ ਦਾ ਧਿਆਨ ਧਰਦੇ ਹਨ ਅਤੇ ਉਹਦੇ ਚਰਨ ਨੂੰ ਪਾਰਸ ਸਮਝ ਕੇ ਆਪਣੇ ਤਨ ਨੂੰ
ਕੰਚਨ ਭਾਵ ਪਵਿੱਤਰ ਹੋਇਆ ਸਮਝਦੇ ਹਨ। ਜੋਤਿ ਸਰੂਪੀ – ਅਵਤਾਰਵਾਦੀ। ਜਗਜੀਵਨੁ ਜਗੰਨਾਥੁ
– ਉਸ (ਦੇਹਧਾਰੀ) ਨੂੰ ਹੀ ਫਿਰ ਜਗਤ ਨੂੰ ਜੀਵਨ ਦੇਣ ਵਾਲਾ ਜਗਤ ਦਾ ਮਾਲਕ ਸਮਝਦੇ ਹਨ। ਜਲ
ਥਲ ਮਹਿ ਰਹਿਆ ਪੂਰਿ – ਜਲ ਅਤੇ ਥਲ ਵਿੱਚ (ਦੇਹਧਾਰੀ) ਨੂੰ ਹੀ ਪੂਰਨ ਤੌਰ `ਤੇ ਵਿਆਪਕ ਸਮਝਦੇ
ਹਨ। ਬਹੁ ਬਿਧਿ ਬਰਨੰ – ਉਸ ਦੀ ਬਹੁ ਬਿਧਿ ਦਾ ਵਰਨਣ ਕਰਦੇ ਹਨ। ਸਤਿਗੁਰੁ –
ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਗੁਰੁ – ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਨਾਲ।
ਸੇਵਿ ਕਮਾਈ – ਕਮਾਈ ਕਰਨ ਨਾਲ। ਅਲਖ – ਬੇਮਿਸਾਲ। ਗਤਿ – ਮੁਕਤੀ। ਅਲਖ
ਗਤਿ – ਬੇਮਿਸਾਲ ਕਰਤੇ ਦੀ ਬਖ਼ਸ਼ਿਸ਼ ਨਾਲ ਮੁਕਤੀ। ਜਾ ਕੀ – ਜਿਸ ਦੀ। ਸ੍ਰੀ
ਰਾਮਦਾਸੁ – ਸ੍ਰੀ ਰਾਮਦਾਸ ਜੀ ਨੇ। ਤਾਰਣ ਤਰਣੰ – ਉੱਪਰ ਉਠਿਆ ਜਾ ਸਕਦਾ ਹੈ।
ਅਰਥ:- ਹੇ ਭਾਈ! ਉਹ ਜਨ ਜਿਸ ਵੀ ਕਿਸੇ ਦੇ ਹਿਰਦੇ ਵਿੱਚ ਉਸ ਹਰੀ ਦਾ
ਜਸ-ਪ੍ਰਚਾਰ ਸੁਣਨ ਨਾਲ ਪ੍ਰਕਾਸ਼ ਹੋਇਆ, ਉਸ ਨੇ ਹੀ ਇਹ ਕਿਹਾ ਕਿ ਹਰੀ ਦੀ ਬਖ਼ਸ਼ਿਸ਼ ਦਾ ਪ੍ਰਤਾਪ ਹੀ
ਹਮੇਸ਼ਾ-ਮੁੱਢ ਕਦੀਮ ਤੋਂ ਹੀ ਜ਼ੱਰੇ-ਜ਼ੱਰੇ ਵਿੱਚ ਵਰਤ ਰਿਹਾ ਹੈ। ਇਸ ਦੇ ਉਲਟ ਇੱਕ ਤੜਕੇ ਉੱਠ ਕੇ
ਨਹਾਉਂਦੇ ਹਨ, ਫਿਰ ਮੰਤ੍ਰ ਪੜ੍ਹਦੇ ਹਨ, ਇੱਕ ਗਾਉਂਦੇ ਹਨ, ਇੱਕ ਇਨ੍ਹਾਂ ਪੜ੍ਹਨ, ਗਾਉਣ ਵਾਲਿਆਂ
ਨੂੰ ਸੁਣਦੇ ਹਨ। ਉਹ ਤੜਕੇ ਉੱਠ ਕੇ ਇਸ਼ਨਾਨ ਕਰਨ ਨਾਲ ਮਨ ਨੂੰ ਸ਼ੁੱਧ ਕਰਨ ਦੀ ਵਿਧੀ ਸਹਿਤ ਗੁਰ ਪੂਜਾ
(ਤੜਕੇ ਉੱਠ ਕੇ ਨਹਾਉਣ ਦੇ ਕਰਮ ਨੂੰ ਗੁਰ ਪੂਜਾ) ਸਮਝ ਕੇ ਕਰਦੇ ਹਨ। ਫਿਰ ਜਿਸ ਕਿਸੇ ਦੇਹਧਾਰੀ
ਅਵਤਾਰਵਾਦੀ ਦਾ ਧਿਆਨ ਧਰ ਕੇ ਉਸ ਨੂੰ ਪਾਰਸ ਸਮਝ ਕੇ ਉਸ ਦੇ ਚਰਨ ਪਰਸ ਕੇ ਆਪਣੇ ਤਨ ਨੂੰ ਵੀ ਕੰਚਨ
ਹੋ ਗਿਆ ਸਮਝ ਲੈਂਦੇ ਹਨ। ਫਿਰ ਦੇਹਧਾਰੀ ਨੂੰ ਹੀ ਜਗਤ ਦਾ ਨਾਥ ਜਗਤ ਨੂੰ ਜੀਵਨ ਦੇਣ ਵਾਲਾ ਜਲ ਥਲ
ਵਿੱਚ ਉਸ ਦੀ ਆਪਣੀ ਬਹੁ ਬਿਧਿ ਰਾਹੀਂ ਆਪ ਪੂਰਨ ਤੌਰ `ਤੇ ਸਮਾਇਆ ਹੋਇਆ ਹੋਣ ਦਾ ਵਰਨਣ ਕਰਦੇ ਹਨ।
ਅਜਿਹੀ (ਅਵਤਾਰਵਾਦੀ ਦੇਹਧਾਰੀ) ਪਰੰਪਰਾ ਦੀ ਅਗਿਆਨਤਾ ਤੋਂ ਬੇਮਿਸਾਲ ਸਦੀਵੀ ਸਥਿਰ ਰਹਿਣ ਵਾਲੇ
ਸਤਿਗੁਰ ਦੀ ਬਖ਼ਸ਼ਿਸ਼ ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕਰਕੇ ਕਮਾਈ ਕਰਨ ਨਾਲ ਮੁਕਤੀ ਪਾ ਕੇ ਹੀ ਉੱਪਰ
ਉੱਠਿਆ ਜਾ ਸਕਦਾ ਹੈ। ਇਹ ਸ੍ਰੀ ਰਾਮਦਾਸ ਜੀ ਨੇ ਦਰਸਾਇਆ ਹੈ।
ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ ਤੇਈ ਜੀਵ ਕਾਲ ਤੇ ਬਚਾ ।।
ਤਿਨੑ ਤਰਿਓ ਸਮੁਦ੍ਰੁ ਰੁਦ੍ਰੁ ਖਿਨ ਇਕ ਮਹਿ ਜਲਹਰ ਬਿੰਬ ਜੁਗਤਿ ਜਗੁ
ਰਚਾ।।
ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ।।
ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ।। ੫।।
(ਪੰਨਾ ੧੪੦੨)
ਪਦ ਅਰਥ:- ਜਿਨਹੁ – ਜਿਸ ਕਿਸੇ ਨੇ। ਬਾਤ ਨਿਸ੍ਚਲ ਧ੍ਰੂਅ ਜਾਨੀ
– ਇਹ ਗਿਆਨ ਦੀ ਬਾਤ ਧ੍ਰੂਅ ਭਗਤ ਜੀ ਵਾਂਗ ਦ੍ਰਿੜ੍ਹਤਾ ਨਾਲ ਜਾਣੀ। ਤੇਈ – ਉਹ ਹੀ।
ਕਾਲ – ਅਗਿਆਨਤਾ ਦਾ ਹਨੇਰਾ। ਤੇਈ ਜੀਵ ਕਾਲ ਤੇ ਬਚਾ – ਉਹ ਹੀ ਜੀਵ ਅਗਿਆਨਤਾ ਦੇ
ਹਨੇਰੇ ਤੋਂ ਬਚਿਆ। ਤਿਨੑ - ਉਸ ਨੇ ਹੀ। ਤਰਿਓ ਸਮੁਦ੍ਰੁ ਰੁਦ੍ਰੁ – ਕਰਮ-ਕਾਂਡੀ
ਅਗਿਆਨਤਾ ਦਾ ਭਿਆਨਕ ਸਮੁੰਦਰ ਤਰਿਆ। ਖਿਨ ਇਕ ਮਹਿ – ਇੱਕ ਖਿਨ ਵਿੱਚ। ਖਿਨ –
ਸਮੇਂ ਦਾ ਬਹੁਤ ਛੋਟਾ ਹਿੱਸਾ। ਜਲਹਰ ਬਿੰਬ – ਬੱਦਲ ਦੀ ਛਾਇਆ। ਜੁਗਤਿ ਜਗੁ ਰਚਾ –
ਕਰਮ-ਕਾਂਡੀਆਂ ਨੇ ਜੋ ਆਪਣੀ ਜੁਗਤਿ ਨਾਲ ਜੱਗ `ਤੇ ਰਚਿਆ ਹੈ। ਕੁੰਡਲਨੀ ਸੁਰਝੀ – ਅਗਿਆਨਤਾ
ਦੇ ਭਰਮ ਦੀ ਗੰਢ ਖੁੱਲ੍ਹੀ। ਸਤਸੰਗਤਿ – ਸੱਚ ਦੀ ਸੰਗਤ ਕਰਨ ਨਾਲ। ਪਰਮਾਨੰਦ ਗੁਰੂ ਮੁਖ
ਮਚਾ – ਅਗਿਆਨਤਾ ਦਾ ਹਨੇਰਾ ਖ਼ਤਮ ਕਰਕੇ ਪਰਮ ਆਨੰਦ ਦੇਣ ਵਾਲੇ ਗਿਆਨ ਨੇ ਹੰਕਾਰੀਆਂ ਤੋਂ ਬਚਾ
ਲਿਆ। ਮਚਾ – ਮਚ ਤੋਂ ਹੈ, ਹੰਕਾਰੀ, ਦੁਰਾਚਾਰੀ। ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ
ਕ੍ਰੰਮ ਸੇਵੀਐ ਸਚਾ – ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਸ੍ਰੇਸ਼ਟ ਸਾਹਿਬ ਦਾ
ਗਿਆਨ ਸਭ ਤੋਂ ਉੱਪਰ ਮੰਨ ਕੇ ਸੱਚ ਨੂੰ ਆਪਣੇ ਅਮਲ ਵਿੱਚ ਲਿਆ ਕਰ ਸੇਵਣਾ-ਜੀਵਨ ਵਿੱਚ ਅਭਿਆਸ ਕਰਨਾ
ਚਾਹੀਦਾ ਹੈ।
ਅਰਥ:- ਜਿਸ ਕਿਸੇ ਨੇ ਇਹ ਗਿਆਨ ਦੀ ਗੱਲ ਧ੍ਰੂਅ ਜੀ ਵਾਂਗ ਦ੍ਰਿੜ੍ਹਤਾ
ਨਾਲ ਜਾਣੀ, ਉਹ ਹੀ ਜੀਵ (ਦੇਹਧਾਰੀਆਂ ਦੀ) ਅਗਿਆਨਤਾ ਦੇ ਹਨੇਰੇ ਤੋਂ ਬਚਿਆ। ਜੋ ਧ੍ਰੂਅ ਜੀ ਵਾਂਗ
ਅਗਿਆਨਤਾ ਦੇ ਹਨੇਰੇ ਤੋਂ ਬਚਿਆ, ਉਸ ਨੇ ਇਹ ਅਗਿਆਨਤਾ ਦੇ ਹਨੇਰੇ ਦਾ ਸਮੁੰਦਰ ਇੱਕ ਖਿਨ ਵਿੱਚ ਹੀ
ਤਰ ਲਿਆ ਭਾਵ ਪਾਰ ਕਰ ਲਿਆ ਅਤੇ (ਅਵਤਾਰਵਾਦੀਆਂ) ਵੱਲੋਂ ਜੋ ਜਗਤ ਉੱਪਰ ਅਗਿਆਨਤਾ ਦਾ ਬੱਦਲ ਰਚਿਆ
ਹੋਇਆ ਹੈ, ਨੂੰ ਚਲਾਏਮਾਨ ਜਾਣਿਆ। ਇਸ ਤਰ੍ਹਾਂ ਜਿਨ੍ਹਾਂ ਨੇ ਅਗਿਆਨਤਾ ਤੋਂ ਪਾਰ ਹੋ ਕੇ ਸੱਚ ਦੀ
ਸੰਗਤ ਕੀਤੀ, ਉਨ੍ਹਾਂ ਦੀ ਅਗਿਆਨਤਾ ਦੇ ਭਰਮ ਦੀ ਗੰਢ ਖੁੱਲ੍ਹੀ ਅਤੇ ਪਰਮ ਆਨੰਦ ਨੇ ਅਗਿਆਨਤਾ ਦੇ
ਹਨੇਰੇ ਵਿੱਚ ਪ੍ਰਕਾਸ਼ ਕਰਕੇ ਉਨ੍ਹਾਂ ਨੂੰ (ਅਵਤਾਰਵਾਦੀ) ਹੰਕਾਰੀਆਂ ਦੇ ਹੰਕਾਰ ਤੋਂ ਬਚਾਅ ਲਿਆ। ਇਸ
ਕਰਕੇ ਹੇ ਭਾਈ! ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲੇ ਸ੍ਰੇਸ਼ਟ ਸਾਹਿਬ ਦੀ ਬਖ਼ਸ਼ਿਸ਼ ਗਿਆਨ
ਸਭ ਨੂੰ ਤੋਂ ਉੱਪਰ ਮੰਨ ਕੇ ਸੱਚ ਨੂੰ ਆਪਣੇ ਅਮਲ ਵਿੱਚ ਲਿਆ ਕੇ ਹੀ ਸੇਵਣਾ ਚਾਹੀਦਾ ਭਾਵ ਜੀਵਨ
ਵਿੱਚ ਅਭਿਆਸ ਕਰਨਾ ਚਾਹੀਦਾ ਹੈ।