.

ਭੂਤ-ਪ੍ਰੇਤ

ਸਤਿੰਦਰਜੀਤ ਸਿੰਘ

ਭੂਤ’ ਦਾ ਅਰਥ ਹੈ ‘ਬੀਤਿਆ ਹੋਇਆ’ ਜਿਵੇਂ ਭੂਤ-ਕਾਲ ਭਾਵ ਕਿ ‘ਉਹ ਸਮਾਂ ਜੋ ਬੀਤ ਚੁੱਕਾ ਹੈ ਪਰ ਕੁੱਝ ਨਾ-ਸਮਝ ਲੋਕ, ਵਿਹਲੜਾਂ ਸਾਧਾਂ ਦੇ ਗਿੱਟੇ ਸੁੰਘਦੇ ਹੋਏ ਵਹਿਮਾਂ ਚ ਫਸੇ ਪਏ ਹਨ। ਘਰਾਂ ਵਿੱਚ ਆਪਸੀ ਲੜਾਈ ਦਾ ਕਾਰਨ, ਨੌਕਰੀ ਨਾ ਮਿਲਣ ਦਾ ਕਾਰਨ, ਕਾਰੋਬਾਰ ਵਿੱਚ ਹੋਏ ਨੁਕਸਾਨ ਦਾ ਕਾਰਨ, ਇਹਨਾਂ ਸਭਨਾਂ ਦੇ ਹੋਣ ਦੇ ਕਾਰਨ ਬਾਰੇ ਸੋਚਣ ਦੀ ਬਜਾਏ ਲੋਕ ਅਕਸਰ ਕਿਸੇ ਨਾ ਕਿਸੇ ਪਾਖੰਡੀ ਸਾਧ ਦੇ ਪੈਰੀਂ ਜਾ ਡਿੱਗਦੇ ਹਨ ਅਤੇ ਉਹ ਵਿਹਲੜ ਸਾਧ, ਇਹਨਾਂ ਲੋਕਾਂ ਨੂੰ ਬੇਵਕੂਫ ਬਣਾ ‘ਕੀਤੇ-ਕਰਾਏ’, ਟੂਣੇ ਆਦਿਕ ਵਹਿਮਾਂ ਨਾਲ ਸਾਰੀ ਗੱਲ ਮਰ ਚੁੱਕੇ ਪ੍ਰਾਣੀਆਂ (ਭੂਤ) ਦੇ ਸਿਰ ਮੜ੍ਹ ਪਾਖੰਡ ਰਚਦਾ ‘ਤੇ ਮਾਇਆ ਕਮਾਉਂਦਾ ਹੈ। ਕਈ ਵਾਰ ਤਾਂ ਆਂਢ-ਗੁਆਂਢ ਜਾਂ ਪਰਿਵਾਰਕ ਲੜਾਈ ਦਾ ਕਾਰਨ ਵੀ ਅਜਿਹੇ ਵਹਿਮ ਅਤੇ ਪਾਖੰਡ ਹੀ ਬਣਦੇ ਹਨ। ‘ਭੂਤ’ ਸ਼ਬਦ ਦੇ ਅਰਥਾਂ ਬਾਰੇ ‘ਮਹਾਨ ਕੋਸ਼’ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ:

ਭੂਤ : ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. “ਸਾਰਭੂਤ ਸਤਿ ਹਰਿ ਕੋ ਨਾਉ.” (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. “ਪੰਚ ਦੂਤ ਕਰ ਭੂਤਵਸਿ.” (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. “ਭੂਤ ਭਵਿੱਖ ਭਵਾਨ ਅਭੈ ਹੈ.” (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. “ਪੰਚ ਭੂਤ ਕਰਿ ਸਾਜੀ ਦੇਹ.” (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. “ਪੰਚ ਭੂਤ ਸਚਿ ਭੈ ਰਤੇ.” (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ . “ਪੰਚ ਭੂਤ ਸਬਲ ਹੈ ਦੇਹੀ.” (ਨਟ ਅਃ ਮਃ ੪) ੯. ਜੀਵ. ਪ੍ਰਾਣੀ. “ਸਰਬ ਭੂਤ2ਵਿਸੇ ਪਾਰਬ੍ਰਹਮ ਕਰਿ ਮਾਨਿਆ.” (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. “ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ.” (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. “ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?” (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ.

ਭਾਈ ਕਾਨ੍ਹ ਸਿੰਘ ਜੀ ਨੇ ‘ਭੂਤ’ ਸ਼ਬਦ ਦੇ ਵੱਖੋ-ਵੱਖਰੇ 16 ਅਰਥ ਕੀਤੇ ਹਨ। ਅਕਸਰ ਹੀ ਲੋਕਾਂ ਵਿੱਚ ਭੂਤਾਂ ਦੀ ਹੋਂਦ ਜਾਂ ਅਣਹੋਂਦ ਬਾਰੇ ਵਿਚਾਰ-ਚਰਚਾ ਸ਼ੁਰੂ ਹੋ ਜਾਂਦੀ ਹੈ ‘ਤੇ ਫਿਰ ਪਿੰਡਾਂ-ਸ਼ਹਿਰਾਂ ਦੀਆਂ ਉਹਨਾਂ ਥਾਵਾਂ ਦਾ ਜ਼ਿਕਰ ਹੁੰਦਾ ਹੈ ਜਿੱਥੇ ਦੁਰਘਟਨਾਵਾਂ ਆਮ ਨਾਲੋਂ ਜ਼ਿਆਦਾ ਹੁੰਦੀਆਂ ਹਨ। ਗੁਰਬਾਣੀ ਵਿੱਚ ਵੀ ‘ਭੂਤ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਪਰ ਯਾਦ ਰਹੇ ਕਿ ਗੁਰਬਾਣੀ ਵਿੱਚ ਵਰਤੇ ਗਏ ਸ਼ਬਦ, ਸਮੇਂ ਅਤੇ ਪ੍ਰਕਰਣ ਅਨੁਸਾਰ ਹਨ, ਜਿਵੇਂ:

ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ॥

ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ੧੫ {ਪੰਨਾ 19-20}

ਪਦਅਰਥ:- ਪੰਚ ਭੂਤ-ਪੰਜੇ ਤੱਤ, ਸਾਰਾ ਸਰੀਰ । ਗੁਰਿ-ਗੁਰੂ ਨੇ । ਤਾਹਿ-ਉਸ ਦੀ ।4।

ਉਪਰੋਕਤ ਸ਼ਬਦ ਵਿੱਚ ‘ਪੰਚ ਭੂਤ’ ਸ਼ਬਦ ਵਰਤਿਆ ਗਿਆ ਹੈ ਜਿਸਦਾ ਅਰਥ ਬਣਦਾ ਹੈ ‘ਪੰਜੇ ਤੱਤ’ ਭਾਵ ਕਿ ਇਹ ਸਰੀਰ, ਜੋ ਕਿ ਹਵਾ,ਪਾਣੀ, ਅਗਨੀ, ਪ੍ਰਿਥਵੀ ਅਤੇ ਆਕਾਸ਼ ਪੰਜ ਤੱਤਾਂ ਤੋਂ ਮਿਲਕੇ ਬਣਿਆ ਹੈ।

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਸ ਮਨੁੱਖ ਨੇ ਮਨ ਵਿੱਚ ਗੁਰ-ਸ਼ਬਦ ਨੂੰ ਵਸਾ ਲਿਆ ਮਾਨੋ ਉਸਦਾ ਸਾਰਾ ਸਰੀਰ ਉਸ ਪ੍ਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਜਿਸ ਨੂੰ ਗੁਰੂ ਦੇ ਉਪਦੇਸ਼ ਦੀ ਸਮਝ ਪੈ ਗਈ ਉਸਦੇ ਸਾਰੇ ਔਗੁਣ ਦੂਰ ਹੋ ਜਾਂਦੇ ਹਨ।

ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦ੍ਰੀ ਪਕਰਿ ਸਘਾਰੇ ॥

ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥ {ਪੰਨਾ 983}

ਪਦਅਰਥ:- ਪਚੈ-ਸੜਦਾ ਹੈ । ਪਤੰਗੁ-ਭੰਭਟ । ਮ੍ਰਿਗ-ਹਰਨ ਭ੍ਰਿੰਗ-ਭੌਰਾ । ਕੁੰਚਰ-ਹਾਥੀ । ਮੀਨ-ਮੱਛੀ । ਇੰਦ੍ਰੀ-(ਭਾਵ) ਵਿਕਾਰ-ਵਾਸਨਾ । ਪਕਰਿ-ਫੜ ਕੇ । ਸਘਾਰੇ-ਸੰਘਾਰੇ, ਨਾਸ ਕਰ ਦਿੱਤੇ, ਜਾਨੋਂ ਮਾਰ ਦਿੱਤੇ । ਪੰਚ ਭੂਤ-ਕਾਮਾਦਿਕ ਪੰਜ ਦੈਂਤ । ਸਬਲ-ਸ-ਬਲ, ਬਲ ਵਾਲੇ, ਬਲੀ । ਹੈ-ਹੈਂ । ਦੇਹੀ-ਸਰੀਰ ਵਿਚ ।2।

ਉਪਰੋਕਤ ਸ਼ਬਦ ਵਿੱਚ ਵੀ ਸ਼ਬਦ ‘ਪੰਚ ਭੂਤ’ ਵਰਤਿਆ ਗਿਆ ਹੈ ਪਰ ਇਥੇ ਪ੍ਰਕਰਣ ਅਨੁਸਾਰ ਇਸਦੇ ਅਰਥ ਹਨ ‘ਪੰਜ ਦੈਂਤ’ ਭਾਵ ਮਨੁੱਖੀ ਸੁਭਾਅ ਦੀਆਂ ਬੁਰੀਆਂ ਆਦਤਾਂ ਕਿਉਂਕਿ ਮਨੁੱਖ ਦੇ ਲਈ ਪੰਜ ਦੈਂਤ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮੰਨੇ ਗਏ ਹਨ ‘ਤੇ ਇਹ ਸਭ ਮਨੁੱਖੀ ਸੁਭਾਅ ਨਾਲ ਸੰਭੰਧਿਤ ਆਦਤਾਂ ਹਨ ਨਾ ਕਿ ਕੋਈ ਗੈਬੀ ਸ਼ਕਤੀ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਪਤੰਗਾ ਦੀਵੇ ਦੀ ਲਾਟ ਨਾਲ ਮੋਹ ਕਰ ਕੇ ਸੜ ਜਾਂਦਾ ਹੈ ਉਸੇ ਤਰ੍ਹਾਂ ਹਿਰਨ, ਭੌਰਾ, ਹਾਥੀ, ਮੱਛੀ ਵੀ ਇੱਕ ਵਿਕਾਰ ਵਿੱਚ ਫਸਣ ਕਾਰਨ ਮਾਰੇ ਜਾਂਦੇ ਹਨ ਪਰ ਮਨੁੱਖੀ ਸਰੀਰ ਵਿੱਚ ਤਾਂ ਪੰਜੇ ਵਿਕਾਰ ਕੰਮ ਕਰ ਰਹੇ ਹਨ, ਮਨੁੱਖ ਇਹਨਾਂ ਤੋਂ ਕਿਵੇਂ ਬਚ ਸਕਦਾ ਹੈ? ਅੱਗੇ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਕੇਵਲ ਉਹ ਮਨੁੱਖ ਹੀ ਇਹਨਾਂ ਵਿਕਾਰਾਂ ਤੋਂ ਬਚ ਸਕਦਾ ਹੈ ਜਿਸ ਨੇ ਗੁਰੂ ਦੀ ਸਿੱਖਿਆ ਨੂੰ ਮੰਨ ਲਿਆ, ਸਮਝ ਲਿਆ, ਜਿਸ ਨੂੰ ਸੋਝੀ ਹੋਈ ਕਿ ਇਹ ਪੰਜ, ਆਚਰਣ ਦੇ ਵੈਰੀ ਹਨ।

ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ ਕਿ:

ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥

ਸੰਤਹੁ ਇਹਾ ਬਤਾਵਹੁ ਕਾਰੀ ॥ ਜਿਤੁ ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥

ਪਦਅਰਥ: ਬਿਨਸੈ-ਮੁੱਕ ਜਾਏ। ਮੇਰਾ ਅਰੁ ਤੇਰਾ-ਮੇਰ-ਤੇਰ ਵਾਲਾ ਵਿਤਕਰਾ। ਅਪਨੀ ਧਾਰੀ-ਅਪਣੱਤ, ਮਾਇਆ ਨਾਲ ਪਕੜ।੧।

ਇਹਾ-ਇਹੋ ਜਿਹੀ। ਕਾਰੀ-ਇਲਾਜ। ਜਿਤੁ-ਜਿਸ ਨਾਲ। ਗਰਬੁ-ਅਹੰਕਾਰ। ਨਿਵਾਰੀ-ਨਿਵਾਰੀਂ, ਮੈਂ ਦੂਰ ਕਰ ਲਵਾਂ।ਰਹਾਉ।

ਅਰਥ: ਹੇ ਸੰਤ ਜਨੋ! (ਮੈਨੂੰ ਕੋਈ) ਇਹੋ ਜਿਹਾ ਇਲਾਜ ਦੱਸੋ, ਜਿਸ ਨਾਲ ਮੈਂ (ਆਪਣਾ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਸਕਾਂ,ਰਹਾਉ।

(ਜਿਸ ਇਲਾਜ ਨਾਲ ਮੇਰੇ ਅੰਦਰੋਂ) ਮੋਹ ਨਾਸ ਹੋ ਜਾਏ, ਮੇਰ-ਤੇਰ ਵਾਲਾ ਵਿਤਕਰਾ ਦੂਰ ਹੋ ਜਾਏ, ਮੇਰੀ ਮਾਇਆ-ਨਾਲ-ਪਕੜ ਖ਼ਤਮ ਹੋ ਜਾਏ।੧।

ਅੱਗੇ:

ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥੨॥

ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥੩॥

ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ੪॥

ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮

{ਸੋਰਠਿ ਮਹਲਾ ੫ ਪੰਚਪਦਾ, ਪੰਨਾ 616}

ਪਦਅਰਥ: ਭੂਤ- ਜੀਵ। ਮਾਨਿਆ-ਮੰਨਿਆ ਜਾ ਸਕੇ। ਰੇਨਾਰੀ-ਚਰਨ-ਧੂੜ।੨।

ਪੇਖਿਓ-ਵੇਖਿਆ ਜਾ ਸਕੇ। ਚੂਕੈ-ਮੁੱਕ ਜਾਏ। ਭੀਤਿ-ਕੰਧ। ਭ੍ਰਮਾਰੀ-ਭਟਕਣਾ ਦੀ।੩।

ਅਉਖਧੁ-ਦਵਾਈ। ਅੰਮ੍ਰਿਤੁ-ਆਤਮਕ ਜੀਵਨ ਦੇਣ ਵਾਲਾ। ਦੁਆਰੀ-ਦਰ ਤੇ।੪।

ਜਿਸੁ ਮਸਤਕਿ-ਜਿਸ (ਮਨੁੱਖ) ਦੇ ਮੱਥੇ ਉਤੇ। ਤਿਸੁ ਰੋਗ-ਉਸ ਦੇ ਰੋਗ। ਗੁਰ ਮਿਲਿ-ਗੁਰੂ ਨੂੰ ਮਿਲ ਕੇ। ਬਿਦਾਰੀ-ਦੂਰ ਕੀਤੇ ਜਾਂਦੇ ਹਨ।੫।

ਇਸ ਸ਼ਬਦ ਦੇ ਪ੍ਰਕਰਣ ਅਨੁਸਾਰ ਸ਼ਬਦ ‘ਭੂਤ’ ਦੇ ਅਰਥ ‘ਜੀਵ’ ਬਣਦੇ ਹਨ। ਉਪਰੋਕਤ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਨੂੰ ਕੋਈ ਅਜਿਹਾ ਇਲਾਜ ਦੱਸੋ ਜਿਸ ਨਾਲ ਮੇਰੇ ਮਨ ਅੰਦਰੋਂ ਮੇਰ-ਤੇਰ ਅਤੇ ਮਾਇਆ ਦਾ ਮੋਹ ਖਤਮ ਹੋ ਜਾਵੇ, ਜਿਸ ਨਾਲ ਮੈਨੂੰ ਸਾਰੇ ਜੀਵਾਂ ਅੰਦਰ ਉਹ ਪ੍ਰਮਾਤਮਾ ਹੀ ਦਿਸੇ ਅਤੇ ਅੱਗੇ ਸਮਝਾਉਂਦੇ ਹਨ ਕਿ ਐਸਾ ਇਲਾਜ ਤਾਂ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਦੀ ਦਵਾਈ ਨਾਲ, ਉਸਦੇ ਗੁਣ ਗਾਉਣ ਨਾਲ ਹੀ ਸੰਭਵ ਹੈ ਭਾਵ ਉਸ ਦੇ ਗੁਣਾਂ ਨੂੰ ਅਪਣਾ ਕੇ ਜੀਵਨ ਵਿੱਚ ਢਾਲਣ ਨਾਲ ਹੀ ਇਹ ਇਲਾਜ ਸੰਭਵ ਹੈ

ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥

ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ {ਪੰਨਾ 654}

ਪਦ-ਅਰਥ:- ਮਧੁਸ਼ਹਿਦ। ਸਠੋਰਿਸਠੋਰ ਨੇ {skt. शठ—A rogue, a fool} ਮੂਰਖ ਨੇ, ਠੱਗ ਨੇ। ਜਿਉ...ਜੀਆਜਿਉ ਮਾਖੀ ਰਸੁ ਜੋਰਿ ਜੋਰਿ ਮਧੁ ਕੀਆ, ਤਿਉ ਸਠੋਰਿ ਜੋਰਿ ਜੋਰਿ ਧਨੁ ਕੀਆ, ਜਿਵੇਂ ਮੱਖੀ ਨੇ ਫੁੱਲਾਂ ਦਾ ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕੀਤਾ (ਤੇ ਲੈ ਗਏ ਹੋਰ ਲੋਕ), ਤਿਵੇਂ ਮੂਰਖ ਨੇ ਸਰਫ਼ੇ ਨਾਲ ਧਨ ਜੋੜਿਆ। ਲੇਹੁ ਲੇਹੁਲਉ, ਲੈ ਚੱਲੋ। ਭੂਤੁਗੁਜ਼ਰ ਚੁਕਿਆ ਪ੍ਰਾਣੀ, ਮੁਰਦਾ

ਉਪਰੋਕਤ ਸ਼ਬਦ ਵਿੱਚ ਵਰਤੇ ਗਏ ‘ਭੂਤੁ’ ਸ਼ਬਦ ਦੇ ਪ੍ਰਕਰਣ ਅਨੁਸਾਰ ਅਰਥ ‘ਬੀਤ ਚੁੱਕਿਆ’ ਬਣਦੇ ਹਨ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਵੇਂ ਮਧੂ ਮੱਖੀ ਫੁੱਲਾਂ ਦਾ ਰਸ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ ਉਸੇ ਤਰ੍ਹਾਂ ਹੀ ਨਾ-ਸਮਝ ਬੰਦਾ, ਮਾਇਆ ਦੇ ਮੋਹ ਵਿੱਚ ਫਸ ਕੇ ਸਰਫੇ ਕਰ ਕੇ ਧਨ ਜੋੜਦਾ ਹੈ ਅਤੇ ਆਖਿਰ ਉਸਨੂੰ ਮੌਤ ਨੇ ਆ ਘੇਰਿਆ ਅਤੇ ਜੋੜਿਆ ਹੋਇਆ ਧਨ ਵੀ ਬੇਗਾਨਾ ਹੋ ਗਿਆ ਅਤੇ ਸਾਰੇ ਸਾਕ-ਸੰਬੰਧੀ ਕਹਿੰਦੇ ਹਨ ਕਿ ਹੁਣ ਇਹ ਬੀਤ ਚੁੱਕਿਆ ਹੈ ਭਾਵ ਮਰ ਗਿਆ ਹੈ, ਹੁਣ ਇਸਨੂੰ ਘਰ ਰੱਖਣਾ ਦਾ ਕੋਈ ਫਾਇਦਾ ਨਹੀਂ।

ਗੁਰੂ ਅਮਰਦਾਸ ਸਾਹਿਬ ਸਮਝਾ ਰਹੇ ਹਨ ਕਿ:

ਮਾਇਆ ਮੋਹੁ ਪਰੇਤੁ ਹੈ {ਪੰਨਾ 513}

ਇਸ ਸ਼ਬਦ ਵਿੱਚ ਗੁਰੂ ਸਾਹਿਬ, ਮਾਇਆ ਦੇ ਮੋਹ ਨੂੰ ਪ੍ਰੇਤ ਆਖਦੇ ਹਨ

ਚਰਨ ਕਮਲ ਸਿਉ ਲਾਗੋ ਹੇਤੁ ॥ ਖਿਨ ਮਹਿ ਬਿਨਸਿਓ ਮਹਾ ਪਰੇਤੁ

ਆਠ ਪਹਰ ਹਰਿ ਹਰਿ ਜਪੁ ਜਾਪਿ ॥ ਰਾਖਨਹਾਰ ਗੋਵਿਦ ਗੁਰ ਆਪਿ ॥੨॥ {ਪੰਨਾ 1149}

ਪਦਅਰਥ:- ਹੇਤੁ-ਹਿਤ, ਪਿਆਰ । ਪਰੇਤੁ-ਅਸੁੱਧ ਸੁਭਾਉ, ਖੋਟਾ ਸੁਭਾਉ । ਜਾਪਿ-ਜਪਿਆ ਕਰ ।2।

ਉਪਰੋਕਤ ਸ਼ਬਦ ਵਿੱਚ ਪ੍ਰਕਰਣ ਅਨੁਸਾਰ ‘ਪਰੇਤੁ’ ਸ਼ਬਦ ਦੇ ਅਰਥ ਹਨ ‘ਅਸ਼ੁੱਧ ਸੁਭਾਅ, ਖੋਟਾ ਸੁਭਾਅ ਜਾਂ ਮਾੜਾ ਸੁਭਾਅ’। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਭਾਈ! ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦੇ ਅੰਦਰੋਂ ਖੋਟਾ ਸੁਭਾਉ-ਰੂਪ ਵੱਡਾ ਪ੍ਰੇਤ ਇਕ ਖਿਨ ਵਿੱਚ ਮੁੱਕ ਜਾਂਦਾ ਹੈ, ਭਾਵ ਕਿ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਰੂਪੀ ਚਰਣਾਂ ਨਾਲ ਮਨ ਜੋੜ ਲਿਆ ਉਸਦੇ ਅੰਦਰੋਂ ਖੋਟੇ ਸੁਭਾਅ ਰੂਪੀ ਪ੍ਰੇਤ ਦਾ ਨਾਸ ਹੋ ਜਾਂਦਾ ਹੈ।

ਅੱਗੇ ਸਮਝਾਉਂਦੇ ਹਨ ਕਿ, ਹੇ ਭਾਈ! ਤੂੰ ਅੱਠੇ ਪਹਿਰ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰ, ਸਭ ਦੀ ਰੱਖਿਆ ਕਰ ਸਕਣ ਵਾਲਾ ਗੁਰੂ ਗੋਬਿੰਦ ਆਪ (ਤੇਰੀ ਭੀ ਰੱਖਿਆ ਕਰੇਗਾ)2

ਕਬੀਰ ਸਾਹਿਬ ਸਮਝਾ ਰਹੇ ਹਨ ਕਿ :

ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥

ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥ {ਪੰਨਾ 1374}

ਪਦ ਅਰਥ: ਜਾ ਘਰ = ਜਿਨ੍ਹਾਂ ਘਰਾਂ ਵਿਚ। ਸਾਧ = ਭਲੇ ਮਨੁੱਖ, ਉਹ ਬੰਦੇ ਜਿਨ੍ਹਾਂ ਆਪਣੇ ਮਨ ਨੂੰ ਸਾਧ ਲਿਆ ਹੈ, ਸਤ-ਸੰਗੀ। ਨ ਸੇਵੀਅਹਿ = ਨਹੀਂ ਸੇਵੇ ਜਾਂਦੇ। ਸੇਵਾ = ਪੂਜਾ, ਭਗਤੀ। ਤੇ ਘਰ = ਉਹ (ਸਾਰੇ) ਘਰ। ਮਰਹਟ = ਮਰਘਟ, ਮਸਾਣ। ਸਾਰਖੇ = ਵਰਗੇ।

ਭਾਵ ਕਿ ਜਿਨ੍ਹਾਂ ਘਰਾਂ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ ‘ਤੇ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ, ਪ੍ਰਮਾਤਮਾ ਦੇ ਗੁਣ ਨਹੀਂ ਸਿਮਰੇ ਜਾਂਦੇ, ਉਹ ਘਰ ਭਾਵੇਂ ਕਿੰਨੇ ਹੀ ਸੁੱਚੇ ‘ਤੇ ਸਾਫ਼ ਰੱਖੇ ਜਾਂਦੇ ਹੋਣ, ਮਸਾਣਾਂ (ਸਮਸ਼ਾਨ) ਵਰਗੇ ਹਨ, ਉਹਨਾਂ ਘਰਾਂ ਵਿੱਚ ਮਨੁੱਖ ਨਹੀਂ ਭੂਤ ਵੱਸਦੇ ਹਨ ਇਸ ਸ਼ਬਦ ਵਿੱਚ ਵੀ ਪ੍ਰਮਾਤਮਾ ਤੋਂ ਦੂਰ ਹੋਏ ਲੋਕਾਂ ਨੂੰ ਹੀ ਭੂਤ ਕਿਹਾ ਗਿਆ ਹੈ ਨਾ ਕਿ ਕਿਸੇ ਗੈਬੀ ਰੂਹ ਦੀ ਗੱਲ ਕੀਤੀ ਗਈ ਹੈ।

ਪ੍ਰੇਤ ਪਿੰਜਰ ਮਹਿ ਦੂਖ ਘਨੇਰੇ ॥ ਨਰਕਿ ਪਚਹਿ ਅਗਿਆਨ ਅੰਧੇਰੇ ॥ (ਪੰਨਾ 1029)

ਪਦ-ਅਰਥ:- ਪਿੰਜਰ-ਸਰੀਰ । ਪ੍ਰੇਤ-ਵਿਕਾਰੀ ਜੀਵਾਤਮਾ (ਵਿਕਾਰਾਂ ‘ਚ ਘਿਰਿਆ ਮਨੁੱਖ) ਪਚਹਿ-ਖ਼ੁਆਰ ਹੁੰਦੇ ਹਨ । ਲੀਜੈ-ਵਸੂਲ ਕੀਤੀ ਜਾਂਦੀ ਹੈ । ਜਿਨਿ-ਜਿਸ ਮਨੁੱਖ ਨੇ ।6।

ਇਸ ਸ਼ਬਦ ਵਿੱਚ ਵੀ ਉਹਨਾਂ ਮਨੁੱਖਾਂ ਨੂੰ ਪ੍ਰੇਤ ਕਿਹਾ ਗਿਆ ਹੈ ਜਿਹੜੇ ਵਿਕਾਰਾਂ ਨਾਲ ਘਿਰੇ ਹਨ। ਜਿਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਉਹ ਮਾਨੋ ਪ੍ਰੇਤ-ਜੂਨ ਹਨ, ਭੂਤਾਂ ਹਨਉਹਨਾਂ ਦੇ ਇਹ ਮਨੁੱਖਾ ਸਰੀਰ ਵੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹੀ ਹਨ ਇਹਨਾਂ ਪ੍ਰੇਤ-ਪਿੰਜਰਾਂ ਵਿੱਚ ਉਹ ਬੇਅੰਤ ਦੁੱਖ ਸਹਿੰਦੇ ਹਨਅਗਿਆਨਤਾ ਦੇ ਹਨੇਰੇ ਵਿੱਚ ਪੈ ਕੇ ਉਹ ਆਤਮਿਕ ਮੌਤ ਦੇ ਨਰਕ ਵਿੱਚ ਖ਼ੁਆਰ ਹੁੰਦੇ ਹਨ

ਗੁਰੂ ਰਾਮਦਾਸ ਸਾਹਿਬ ਸਮਝਾ ਰਹੇ ਹਨ ਕਿ:

ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੜੀਏ, ਸੇ ਮਨਮੁਖ ਮੂੜ ਬੇਤਾਲੇ ਰਾਮ॥ (540-ਮ:4)

ਭਾਵ ਜੋ ਦੁਨੀਆਂ ਦੀ ਮੋਹ-ਮਾਇਆ ਵਿੱਚ ਜਕੜੇ ਪਏ ਹਨ ਅਸਲ ਵਿੱਚ ਉਹ ਹੀ ਬੇਤਾਲੇ ਭਾਵ ਭੂਤ ਹਨ।

ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ:

ਹਰਿ ਭਗਤ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ॥ (706-ਮ:5)

ਭਾਵ ਹੇ ਨਾਨਕ! ਜੋ ਪ੍ਰਭੂ ਭਗਤੀ ਤੋਂ ਵਿਹੂਣੇ ‘ਤੇ ਉਸ ਨੂੰ ਵਿਸਾਰੀ ਬੈਠੇ ਹਨ ਉਹਨਾਂ ਦਾ ਸਾਥ ਹੀ ਪ੍ਰੇਤ ਹੈ। ਭਾਵ ਕਿ ਜਿਹੜੇ ਮਨੁੱਖ ਪ੍ਰਮਾਤਮਾ ਤੋਂ ਦੂਰ ਹੋ ਕੇ ਵਿਕਾਰਾਂ ਵਿੱਚ ਫਸੇ ਪਏ ਹਨ, ਉਹਨਾਂ ਦੀ ਸੰਗਤ (ਸਾਥ) ਹੀ ਪ੍ਰੇਤ ਹੈ।

ਅਤੇ

ਹਰਿ ਕੇ ਨਾਮ ਹੀਨ ਬੇਤਾਲ॥ (1222-ਮ:5)

ਭਾਵ ਪ੍ਰਭੂ ਦੇ ਨਾਮ ਤੋਂ ਖਾਲੀ ਭਾਵ ਉਸਦੀ ਯਾਦ ਵਿਸਾਰੀ ਬੈਠੇ ਮਨੁੱਖ ਹੀ ਭੂਤ ਹਨ।

ਉਪਰੋਕਤ ਗੁਰਬਾਣੀ ਸ਼ਬਦਾਂ ਤੋਂ ਇਹ ਸਮਝ ਪੈਂਦੀ ਹੈ ਕਿ ਗੁਰੂ ਸਾਹਿਬ ਨੇ ‘ਭੂਤ’ ਕਿਸੇ ਗੈਬੀ ਸ਼ਕਤੀ ਜਾਂ ਭਟਕਦੀ ਰੂਹ, ਮਰ ਚੁੱਕੇ ਮਨੁੱਖ ਦੀ ‘ਭਟਕਦੀ ਆਤਮਾ’ ਬਾਰੇ ਨਹੀਂ ਕਿਹਾ। ਅੱਜ ਦੇ ਸਮੇਂ ਜ਼ਰੂਰਤ ਹੈ ਕਿ ਗੁਰਬਾਣੀ ਨੂੰ ਮਾਰਗ ਦਰਸ਼ਕ ਬਣਾ ਕੇ ਜੀਵਨ ਵਿੱਚ ਢਾਲਣਾਂ ਤਾਂ ਜੋ ਅਖੌਤੀ ਸਾਧਾਂ-ਸੰਤਾਂ ਅਤੇ ਤਾਂਤਰਿਕਾਂ ਵੱਲੋਂ ਹੁੰਦੀ ਲੁੱਟ ਤੋਂ ਬਚਣ ਦੇ ਨਾਲ ਨਾਲ ਜੀਵਨ ਪੱਧਰ ਵੀ ਉੱਚਾ ਹੋ ਸਕੇ। ਗੁਰਬਾਣੀ ਸਿਰਫ ਪੜ੍ਹਨੀ ਹੀ ਨਹੀਂ, ਸਮਝਣੀ ਅਤੇ ਵੀਚਾਰਨੀ ਵੀ ਹੈ।

ਭੁੱਲ-ਚੁੱਕ ਦੀ ਖਿਮਾਂ,

ਸਤਿੰਦਰਜੀਤ ਸਿੰਘ




.