ਸਮੇਂ ਦੀ ਸੰਭਾਲ ਨਾ ਕਰਨ ਦਾ ਪਛਤਾਵਾ
ਆਸਾੜੁ ਤਪੰਦਾ ਤਿਸੁ ਲਗੈ, ਹਰਿ ਨਾਹੁ ਨ ਜਿੰਨ੍ਹਾ ਪਾਸਿ।।
ਜਗਜੀਵਨ ਪੁਰਖੁ ਤਿਆਗਿ ਕੈ, ਮਾਣਸ ਸੰਦੀ ਆਸ।।
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ।।
ਜੇਹਾ ਬੀਜੈ ਸੋ ਲੁਣੈ, ਮਥੈ ਜੋ ਲਿਖਿਆਸੁ।।
ਰੈਣਿ ਵਿਹਾਣੀ ਪਛੁਤਾਣੀ, ਉਠਿ ਚਲੀ ਗਈ ਨਿਰਾਸ।।
ਜਿਨ ਕੌ ਸਾਧੂ ਭੇਟੀਐ, ਸੋ ਦਰਗਹਿ ਹੋਇ ਖਲਾਸੁ।।
ਕਰਿ ਕਿਰਪਾ ਪ੍ਰਭ ਆਪਣੀ, ਤੇਰੇ ਦਰਸਨ ਹੋਇ ਪਿਆਸ।।
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ, ਨਾਨਕ ਕੀ ਅਰਦਾਸਿ।।
ਆਸਾੜੁ ਸੁਹੰਦਾ ਤਿਸੁ ਲਗੈ, ਜਿਸੁ ਮਨਿ ਹਰਿ ਚਰਣ ਨਿਵਾਸ।। ੫।।
ਮੁੱਢਲ਼ੀ ਵਿਚਾਰ--ਇਕ ਮੁਹਾਵਰਾ ਆਮ ਹੀ ਬੋਲਿਆ ਜਾਂਦਾ ਹੈ ਕਿ “ਅਬ
ਪਛਤਾਏ ਹੋਤ ਕਿਆ ਜਬ ਚਿੜੀਆਂ ਨੇ ਚੁੱਗ ਖੇਤ ਲਿਆ”। ਕਹਿੰਦੇ ਨੇ ਇੱਕ ਕਿਰਸਾਨ ਨੇ ਆਪਣੇ ਖੇਤ ਵਿੱਚ
ਚੰਗੀ ਤਰ੍ਹਾਂ ਹੱਲ਼ ਵਾਹ ਕਿ ਜ਼ਮੀਨ ਤਿਆਰ ਕੀਤੀ। ਉਸ ਵਿੱਚ ਮਹਿੰਗੇ ਭਾਅ ਦਾ ਬੀਜ ਤੇ ਖਾਦ ਪਾਈ।
ਅਚਾਨਕ ਕਿਸਾਨ ਨੂੰ ਕੰਮ ਪੈ ਗਿਆ ਤੇ ਆਪਣੇ ਵੱਡੇ ਲੜਕੇ ਨੂੰ ਕਹਿ ਆਇਆ ਕਿ ਪੁੱਤਰਾ ਆ ਖੇਤ ਵਿੱਚ
ਸੁਹਾਗਾ ਮਾਰ ਦੇਵੀਂ ਤਾਂ ਕਿ ਬੀਜ ਢੱਕਿਆ ਜਾਏ। ਵੱਡੇ ਲੜਕੇ ਨੇ ਬੀਜੇ ਹੋਏ ਖੇਤ ਵਿੱਚ ਦੋ ਦਿਨ ਤੱਕ
ਸੁਹਾਗਾ ਨਾ ਫੇਰਿਆ। ਭਾਵ ਬੀਜ ਨੂੰ ਨਾ ਢੱਕਿਆ। ਨਤੀਜਾ ਇਹ ਨਿਕਲਿਆ ਕਿ ਬੀਜੇ ਹੋਏ ਬੀਜ ਨੂੰ
ਚਿੜੀਆਂ ਨੇ ਚੁੱਗ ਲਿਆ। ਖਾਦ ਪਾਈ ਹੱਲ਼ ਵਾਹਿਆ ਵਿਆਰਥ ਵਿੱਚ ਚਲਾ ਗਿਆ। ਵੱਡੇ ਕਾਕੇ ਨੇ ਸਮੇਂ ਦੀ
ਸੰਭਾਲ ਨਾ ਕੀਤੀ ਸੀ। ਆਰਥਿਕ ਨੁਕਸਾਨ ਹੋ ਗਿਆ। ਹੁਣ ਸਾਰੇ ਪਰਵਾਰ ਕੋਲ ਕੇਵਲ ਪਛਤਾਵਾ ਹੀ ਰਹਿ
ਗਿਆ। ਸਮਾਂ ਲੰਘ ਜਾਣ `ਤੇ ਪੱਲੇ ਪਛਤਾਵਾ ਹੀ ਰਹਿ ਜਾਂਦਾ ਹੈ। ਬਹੁਤ ਵਾਰੀ ਸਕੂਲ ਕਾਲਜ ਵਿੱਚ ਪੜ੍ਹ
ਰਹੇ ਵਿਦਿਆਰਥੀ ਇਹ ਸੋਚਦੇ ਹਨ ਕਿ ਅਜੇ ਸਾਰਾ ਸਾਲ ਪਿਆ ਹੋਇਆ ਹੈ ਜਦੋਂ ਪ੍ਰੀਖਿਆ ਨੇੜੇ ਆਏਗੀ ਆਪਾਂ
ਰਾਤ ਦਿਨ ਇੱਕ ਕਰਕੇ ਪੜ੍ਹ ਲਵਾਂਗੇ। ਇਮਤਿਹਾਨ ਨੇੜੇ ਆਇਆਂ ਕਦੇ ਵੀ ਨਹੀਂ ਪੜ੍ਹਿਆ ਜਾ ਸਕਦਾ ਕਿਉਂ
ਕਿ ਕੰਮ ਦਾ ਬੋਝ ਬਹੁਤ ਜ਼ਿਆਦਾ ਹੋ ਜਾਂਦਾ ਹੈ। ਵਿਦਿਆਰਥੀ ਇਸ ਸੋਚ ਵਿੱਚ ਹੀ ਸਮਾਂ ਲਗਾ ਦੇਂਦਾ ਹੈ
ਕਿ ਪਹਿਲਾਂ ਕਿਹੜਾ ਵਿਸ਼ਾ ਪੜ੍ਹਾਂ। ਤਰੱਕੀ ਦੀਆਂ ਮੰਜ਼ਿਲਾਂ ਉਹ ਹੀ ਤਹਿ ਕਰਦਾ ਹੈ ਜਿਸ ਨੇ ਸਮੇਂ ਦੀ
ਸੰਭਾਲ਼ ਕੀਤੀ ਹੈ। ਹਿਟਲਰ ਦਾ ਜਰਨੈਲ ਪੰਜ ਮਿੰਟ ਲੇਟ ਹੋਣ ਨਾਲ ਜਰਮਨੀ ਜਿੱਤੀ ਹੋਈ ਬਾਜ਼ੀ ਹਾਰ ਗਿਆ
ਸੀ। ਘਰ ਵਿੱਚ ਸਿਆਣੀ ਪਤਨੀ ਸਾਰੇ ਪਰਵਾਰ ਤੋਂ ਪਹਿਲਾਂ ਉੱਠਦੀ ਹੈ ਤੇ ਸਾਰੇ ਪਰਵਾਰ ਨਾਲੋਂ ਪਿੱਛੋਂ
ਸੌਂਦੀ ਹੈ। ਏਸੇ ਲਈ ਸਿੱਖੀ ਸਵੇਰ ਵੇਲੇ ਦਾ ਵਕਤ ਸੰਭਾਲਣ `ਤੇ ਜ਼ੋਰ ਦੇਂਦੀ ਹੈ। ਅੰਮ੍ਰਿਤ ਵੇਲੇ
ਉੱਠਣ ਦਾ ਅਰਥ ਹੀ ਸਮੇਂ ਦੀ ਸੰਭਾਲ਼ ਕਰਨਾ ਹੈ। ਸਮੇਂ ਅਨੁਸਾਰ ਤੁਰਿਆ ਹੋਇਆ ਮਨੁੱਖ ਸਮੇਂ ਅਨੁਸਾਰ
ਹੀ ਮੰਜ਼ਿਲ `ਤੇ ਪਹੁੰਚ ਜਾਂਦਾ ਹੈ। ਅਸਾੜ ਦੇ ਮਹੀਨੇ ਰਾਂਹੀ ਗੁਰਦੇਵ ਪਿਤਾ ਜੀ ਨੇ ਇੱਕ ਖ਼ਿਆਲ
ਦਿੱਤਾ ਹੈ ਜੋ ਸਾਰੀ ਦੁਨੀਆਂ ਨੂੰ ਤਰੱਕੀ ਦਾ ਰਾਹ ਦਸਦਾ ਹੈ ਤੇ ਮੁਲਕ ਵਿਕਾਸ ਕਰਦੇ ਹਨ।
ਗੁਰਬਾਣੀ ਤ੍ਰੈ-ਕਾਲ ਸੱਚ ਹੈ। ਭਾਵ ਜੋ ਸਚਾਈਆਂ ਗੁਰਬਾਣੀ ਦਸਦੀ ਹੈ ਉਹ
ਸਾਰੀ ਦੁਨੀਆਂ `ਤੇ ਲਾਗੂ ਹੁੰਦੀਆਂ ਹਨ। ਬਾਰਹ ਮਾਹ ਵਿੱਚ ਮਹੀਨਿਆਂ ਦਾ ਨਾਂ ਲੈ ਕੇ ਆਤਮਿਕ ਉਪਦੇਸ਼
ਦਿੱਤਾ ਹੈ। ਜੇ ਹਾੜ ਦੇ ਮਹੀਨੇ ਦੀ ਹੀ ਕੇਵਲ ਮਹਾਨਤਾ ਹੋਵੇ ਤਾਂ ਅਸਾੜ ਦਾ ਮਹੀਨਾ ਸਾਰਿਆਂ ਮੁਲਕਾਂ
ਵਿੱਚ ਇਕਸਾਰ ਨਹੀਂ ਹੁੰਦਾ। ਪੰਜਾਬ ਦੀ ਧਰਤੀ `ਤੇ ਹਾੜ ਦੇ ਮਹੀਨੇ ਵਿੱਚ ਧਰਤੀ ਤੱਤੀ ਤਵੀ ਵਾਂਗ
ਤਪੀ ਹੁੰਦੀ ਹੈ, ਜਦ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਠੰਡ ਹੁੰਦੀ ਹੈ। ਇਹਨਾਂ ਮੁਲਕਾਂ ਵਿੱਚ
ਕੁੱਝ ਥਾਵਾਂ `ਤੇ ਹਾੜ ਦੇ ਮਹੀਨੇ ਵਿੱਚ ਬਰਫ ਵੀ ਪੈਂਦੀ ਹੈ। ਇਸ ਦਾ ਉੱਤਰ ਹੈ ਕਿ ਹਾੜ ਦੇ ਮਹੀਨੇ
ਰਾਂਹੀ ਗੁਰੂ ਸਾਹਿਬ ਜੀ ਸੱਚ ਦਾ ਉਪਦੇਸ਼ ਦੇ ਰਹੇ ਹਨ ਨਾ ਕੇ ਮਹੀਨੇ ਜਾਂ ਦਿਨਾਂ ਦੀ ਕੋਈ ਮਹਾਨਤਾ
ਦਸ ਰਹੇ ਹਨ। ਮੰਨ ਲਓ ਕਿ ਹਾੜ ਦੇ ਮਹੀਨੇ ਵਿੱਚ ਬੰਦੇ ਨੂੰ ਗਰਮੀ ਲਗਦੀ ਹੈ ਤਾਂ ਉਹ ਆਪਣੇ
ਸੁੱਖ ਲਈ ਏ. ਸੀ. ਜਾਂ ਕੂਲਰ ਲਗਾ ਲਏਗਾ। ਜੇ ਕੁੱਝ ਵੀ ਨਹੀਂ ਸਰਦਾ ਤਾਂ ਪੱਖੇ ਦਾ ਪ੍ਰਬੰਧ ਕਰ
ਲਏਗਾ। ਸਰੀਰ ਨੂੰ ਲੱਗ ਰਹੀ ਗਰਮੀ ਤਾਂ ਦੂਰ ਹੋ ਜਾਏਗੀ ਪਰ ਜੋ ਮਨ ਤੱਪਿਆ ਪਿਆ ਹੈ ਉਸ ਨੂੰ ਏ. ਸੀ.
ਆਦਿ ਨਾਲ ਵੀ ਠੰਡ ਨਹੀਂ ਆ ਸਕਦੀ। ਹਾੜ ਦੇ ਮਹੀਨੇ ਦੀ ਗਰਮੀ ਦੀ ਗੱਲ ਨਹੀਂ ਸਗੋਂ ਮਨੁੱਖ ਦੇ ਗਰਮ
ਸੁਭਾਅ ਦੀ ਵਿਚਾਰ ਦਿੱਤੀ ਜਾ ਰਹੀ ਹੈ। ਗੁਰਬਾਣੀ ਦੀਆਂ ਉਦਾਹਰਣਾਂ ਬਹੁਤ ਕੀਮਤੀ ਹਨ ਜਿੰਨ੍ਹਾਂ
ਰਾਂਹੀ ਬਹੁਤ ਹੀ ਸੌਖੇ ਢੰਗ ਨਾਲ ਮਨੁੱਖ ਨੂੰ ਸੱਚ ਦਾ ਉਪਦੇਸ਼ ਮਿਲਦਾ ਹੈ। ਨਦੀ ਉਸ ਨੂੰ ਕਿਹਾ
ਜਾਂਦਾ ਹੈ ਜਿਸ ਵਿੱਚ ਪਾਣੀ ਚਲਦਾ ਹੋਵੇ ਪਰ ਗੁਰਦੇਵ ਪਿਤਾ ਜੀ ਨਦੀਆਂ ਸਬੰਧੀ ਹੋਰ ਜਾਣਕਾਰੀ ਦੇਂਦੇ
ਹਨ---
ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ।। ਪਵਹਿ ਦਝਹਿ ਨਾਨਕਾ, ਤਰੀਐ
ਕਰਮੀ ਲਗਿ।। ੧।।
ਪੰਨਾ ੧੪੭
ਅੱਖਰੀਂ ਅਰਥ--ਨਿਰਦਇਤਾ, ਮੋਹ, ਲੋਭ ਤੇ ਕ੍ਰੋਧ—ਇਹ ਚਾਰੇ ਅੱਗ ਦੀਆਂ
ਨਦੀਆਂ (ਜਗਤ ਵਿੱਚ ਚੱਲ ਰਹੀਆਂ) ਹਨ, ਜੋ ਜੋ ਮਨੁੱਖ ਇਹਨਾਂ ਨਦੀਆਂ ਵਿੱਚ ਵੜਦੇ ਹਨ ਸੜ ਜਾਂਦੇ ਹਨ,
ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ
ਹੈ।
ਜੇ ਇਹਨਾਂ ਤੁਕਾਂ ਦਾ ਭਾਵ ਅਰਥ ਹੈ ਲੈਣਾ ਹੈ ਤਾਂ ਬਾਕੀ ਦੀ ਬਾਣੀ ਦਾ ਵੀ
ਇੱਕ ਭਾਵ ਅਰਥ ਲੈਣਾ ਚਾਹੀਦਾ ਹੈ। ਸਾਡੀ ਕੰਮਜ਼ੋਰੀ ਜਾਂ ਬੇ-ਸਮਝੀ ਹੈ ਕਿਤੇ ਤਾਂ ਅਸੀਂ ਗੁਰਬਾਣੀ ਦੇ
ਭਾਵ ਅਰਥ ਕਰਦੇ ਹਾਂ ਤੇ ਕਿਤੇ ਆਪਣੀ ਲੋੜ ਅਨੁਸਾਰ ਕੇਵਲ ਅੱਖਰੀਂ ਅਰਥਾਂ ਤੱਕ ਹੀ ਸੀਮਤ ਹੋ ਕੇ ਰਹਿ
ਜਾਂਦੇ ਹਾਂ। ਅਜੇਹੀ ਅਵਸਥਾ ਵਿੱਚ ਅਸੀਂ ਕਿਸੇ ਦੀ ਵੀ ਕੋਈ ਦਲੀਲ ਮੰਨਣ ਲਈ ਤਿਆਰ ਨਹੀਂ ਹੁੰਦੇ।
ਗੁਰਬਾਣੀ ਦੇ ਸਿੱਧੇ ਅਰਥ ਭਾਵ ਅਖਰੀਂ ਅਰਥ ਸਾਡੇ ਜੀਵਨ ਵਿੱਚ ਲਾਗੂ ਨਹੀਂ ਹੁੰਦੇ। ਗੁਰਬਾਣੀ ਦੇ
ਭਾਵ ਅਰਥ ਹੀ ਸਾਡੇ ਜੀਵਨ ਵਿੱਚ ਲਾਗੂ ਹੁੰਦੇ ਹਨ।
ਨਦੀ ਵਿੱਚ ਪਾਣੀ ਹੁੰਦਾ ਹੈ ਪਰ ੲੱੇਥੇ ਤਾਂ ਗੁਰਦੇਵ ਪਿਤਾ ਜੀ ਵੇਕਾਰਾਂ ਦੀ
ਬਲ਼ ਰਹੀ ਅੱਗ ਨੂੰ ਨਦੀ ਆਖਦੇ ਹਨ। ਏਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹਾੜ ਦੇ
ਮਹੀਨੇ ਵਿੱਚ ਗਰਮੀ ਬਹੁਤ ਹੁੰਦੀ ਹੈ। ਹਾੜ ਦੀ ਤੇਜ਼ ਗਰਮੀ ਏ. ਸੀ, ਕੂਲਰ ਤੇ ਪੱਖੇ ਤੋਂ ਬਿਨਾ ਨਹੀਂ
ਦੂਰ ਹੋ ਸਕਦੀ। ਏਸੇ ਤਰ੍ਹਾਂ ਮਨ ਵਿਚਲੀ ਈਰਖਾ, ਤ੍ਰਿਸ਼ਨਾ ਤੇ ਨਿੰਦਿਆ ਦੀ ਗਰਮੀ ਗੁਰ-ਉਪਦੇਸ਼ ਤੋਂ
ਬਿਨਾ ਦੂਰ ਨਹੀਂ ਹੋ ਸਕਦੀ।
ਆਸਾੜੁ ਤਪੰਦਾ ਤਿਸੁ ਲਗੈ, ਹਰਿ ਨਾਹੁ ਨ ਜਿੰਨ੍ਹਾ ਪਾਸਿ।।
ਅੱਖਰੀਂ ਅਰਥ--
ਹਾੜ
ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ
ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ-ਪਤੀ ਨਹੀਂ ਵੱਸਦਾ।
ਵਿਚਾਰ ਤੇ ਵਿਹਾਰਕ ਪੱਖ-- ਇੱਕ
ਨੁਕਤਾ ਉਘੜ ਕੇ ਸਾਹਮਣੇ ਆਉਂਦਾ ਹੈ ਕਿ ‘ਹਰਿ ਨਾਹ ਨ
ਜਿੰਨ੍ਹਾ ਪਾਸਿ` ਭਾਵ ਜਿੰਨ੍ਹਾਂ ਦੇ ਪਾਸ ਪ੍ਰਮਾਤਮਾ ਦਾ ਨਾਮ ਨਹੀਂ ਹੈ। ਏੱਥੇ ਪ੍ਰਮਾਤਮਾ ਦੇ ਨਾਮ
ਦਾ ਭਾਵ ਅਰਥ ਲਿਆ ਜਾਏਗਾ ਜੋ ਜ਼ਿੰਦਗੀ ਵਿੱਚ ਸਫਲ ਨਿਸ਼ਾਨੇ ਦੀ ਪਰਾਪਤੀ, ਸੱਚ ਦਾ ਮਾਰਗ, ਇਮਾਨਦਾਰੀ
ਨਾਲ ਕੀਤੀ ਮਿਹਨਤ ਤੇ ਲੋਕ ਸੇਵਾ ਦੇ ਧਾਰਨੀ ਹੋਣਾ, ਨਿਯਮਬੱਧ ਜੀਵਨ ਹੋਣਾ, ਨੇਕ ਗੁਣਾਂ ਨੂੰ
ਹਮੇਸ਼ਾਂ ਆਪਣੇ ਅੰਗ-ਸੰਗ ਰੱਖਦਿਆਂ ਉਸ ਦੀ ਵਰਤੋਂ ਕਰਨੀ, ਸੰਤੋਖ ਨੂੰ ਪੱਲੇ ਬੰਨਣ ਆਦਿ ਵਿੱਚ ਲਿਆ
ਜਾਏਗਾ। ਜਿਸ ਤਰ੍ਹਾਂ ਹਾੜ ਦਾ ਮਹੀਨਾ ਅੱਤ ਗਰਮ ਹੁੰਦਾ ਹੈ ਓਸੇ ਤਰ੍ਹਾਂ ਹੀ ਉਹ ਵਿਆਕਤੀ ਵੀ ਸੁਭਾਅ
ਕਰਕੇ ਪੂਰੀ ਗਰਮੀ ਵਿੱਚ ਹੁੰਦੇ ਹਨ ਜਿਨ੍ਹਾਂ ਪਾਸ ਉਪਰੋਕਤ ਗੁਣ ਨਹੀਂ ਹਨ। ਚੁਲ੍ਹੇ `ਤੇ ਚੜੀ ਹੋਈ
ਪਤੀਲੀ ਇੱਕ ਵਾਰ ਗਰਮ ਹੁੰਦੀ ਹੈ ਪਰ ਰੱਬੀ ਗੁਣਾਂ ਨਾਲੋਂ ਟੁੱਟਿਆ ਹੋਇਆ ਮਨੁੱਖ ਸਦਾ ਹੀ
ਸੜਿਆ-ਤੱਪਿਆ ਰਹਿੰਦਾ ਹੈ। ਜੇਹਾ ਕਿ ਗੁਰਵਾਕ ਹੈ—
ਜੀਉ ਤਪਤੁ ਹੈ ਬਾਰੋ ਬਾਰ।। ਤਪਿ ਤਪਿ ਖਪੈ ਬਹੁਤੁ ਬੇਕਾਰ।।
ਜੈ ਤਨਿ ਬਾਣੀ ਵਿਸਰਿ ਜਾਇ।। ਜਿਉ ਪਕਾ ਰੋਗੀ ਵਿਲਲਾਇ।। ੧
ਧਨਾਸਰੀ ਮਹਲਾ ੧ ਪੰਨਾ ੬੬੧
ਸਿਫ਼ਤਿ-ਸਾਲਾਹ ਦੀ ਬਾਣੀ ਵਿਸਾਰਿਆਂ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ,
ਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿੱਚ ਖ਼ੁਆਰ ਹੁੰਦੀ ਹੈ। ਜਿਸ ਸਰੀਰ ਵਿੱਚ (ਭਾਵ,
ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ, ਉਹ ਸਦਾ ਇਉਂ ਵਿਲਕਦਾ ਹੈ
ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ।
ਹਰਿ ਨਾਮ ਨਾਲ ਮਨ ਤੇ ਤਨ ਸੀਤਲ ਹੁੰਦਾ ਹੈ ਭਾਵ ਅੰਦਰੋਂ ਬਾਹਰੋਂ ਇੱਕ
ਹੁੰਦਾ ਹੈ–-
ਨਿਮਖ ਏਕ ਹਰਿ ਨਾਮੁ ਦੇਇ, ਮੇਰਾ ਮਨੁ ਤਨੁ ਸੀਤਲੁ ਹੋਇ।।
ਪੰਨਾ ੪੪
ਅੱਖਰੀਂ ਅਰਥ--
ਜਦੋਂ
ਗੁਰੂ ਮੈਨੂੰ ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਤਾਂ ਮੇਰਾ ਮਨ
ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ (ਮੇਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ
ਵਲੋਂ ਹਟ ਜਾਂਦੇ ਹਨ)।
ਹਰਿ ਨਾਮ ਨਾਲ ਮਨ ਦੀ ਸੋਚ ਤੇ ਗਿਆਨ ਇੰਦਰੇ ਸੀਤਲ ਰਹਿੰਦੇ ਹਨ ਭਾਵ ਪਰਾਈ
ਈਰਖਾ ਵਿੱਚ ਨਹੀਂ ਸੜਦੇ। ਪਰ ਇਸ ਨਾਮ ਦੀ ਪ੍ਰਾਪਤੀ ਸ਼ਬਦ ਦੀ ਵਿਚਾਰ ਰਾਂਹੀ ਹੁੰਦੀ ਹੈ—
ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ।। ੧।।
ਸਿਰੀ ਰਾਗ ਮਹਲਾ ੩ ਪੰਨਾ ੬੯
ਅੱਖਰੀਂ ਅਰਥ--
ਪੂਰੇ
(ਅਭੁੱਲ) ਗੁਰੂ ਦੇ ਸ਼ਬਦ ਵਿੱਚ ਜੁੜਿਆਂ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ, (ਗੁਰੂ ਦੀ ਸਰਨ ਪੈਣ
ਵਾਲਾ ਮਨੁੱਖ) ਪਰਮਾਤਮਾ ਦੇ ਨਾਮ ਵਿੱਚ ਲੀਨ ਟਿਕਿਆ ਰਹਿੰਦਾ ਹੈ। ੧।
ਗੁਰਬਾਣੀ ਦਾ ਫੈਸਲਾ ਬੜਾ ਪਿਆਰਾ ਹੈ ਕਿ ਜਿੰਨ੍ਹਾਂ ਪਾਸ ਹਰਿ ਨਾਮ ਨਹੀਂ ਹੈ
ਭਾਵ ਗੁਰ ਉਪਦੇਸ਼ ਨਹੀਂ ਹੈ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ—ਜੇ ਬੰਦੇ ਨੇ ਆਪਣੇ ਜੀਵਨ ਵਿੱਚ ਕੋਈ
ਹੁਨਰ ਨਹੀਂ ਸਿੱਖਿਆ ਤਾਂ ਉਸ ਨੂੰ ਇਹ ਪਛਤਾਵਾ ਲੱਗਿਆ ਰਹਿੰਦਾ ਹੈ ਕਿ ਮੈਂ ਕੋਈ ਹੁਨਰ ਸਿੱਖ ਲੈਂਦਾ
ਤਾਂ ਕਿਸੇ ਮੰਜ਼ਿਲ `ਤੇ ਪਹੁੰਚ ਜਾਣਾ ਸੀ। ਸੱਚ ਦੇ ਅਧਾਰਤ ਹੁਨਰ ਸਿੱਖਣਾ ਹੀ ਹਰਿ ਨਾਮ ਹੈ। ‘ਹਰਿ
ਨਾਮੁ ਨਾ ਜਿੰਨ੍ਹਾ ਪਾਸਿ` ਰੱਬੀ ਗੁਣ ਨਹੀਂ ਹਨ ਤੇ ਕੋਈ ਗੁਣ ਵੀ ਸਿੱਖਿਆ ਨਹੀਂ ਹੈ ਹਾੜ ਦੇ ਮਹੀਨੇ
ਵਾਂਗ ਤਪਣਾ ਹੀ ਹੈ।
ਇਸ ਪਉੜੀ ਦੀ ਅਗਲ਼ੀ ਤੁਕ ਵਿੱਚ ਗੁਰਦੇਵ ਪਿਤਾ ਜੀ ਉਪਦੇਸ਼ ਦੇਂਦੇ ਹਨ—
ਜਗਜੀਵਨ ਪੁਰਖੁ ਤਿਆਗਿ ਕੈ, ਮਾਣਸ ਸੰਦੀ ਆਸ।।
ਅੱਖਰੀਂ ਅਰਥਾਂ--
ਜੇਹੜੇ
ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ, ਉਹ ਹਮੇਸ਼ਾਂ
ਤੱਪਦੇ ਰਹੰਦੇ ਹਨ।
ਵਿਚਾਰ ਤੇ ਵਿਹਾਰਕ ਪੱਖ-- ਸੰਸਾਰ ਨੂੰ ਜੀਵਨ ਦੇਣ ਵਾਲੇ ਮਾਲਕ ਦਾ
ਆਸਰਾ ਛੱਡਕੇ ਜੇ ਕੋਈ ਬਿਗਾਨੀ ਆਸ ਰੱਖਦਾ ਹੈ ਤਾਂ ਉਹ ਮਨੁੱਖ ਕਦੇ ਵੀ ਕਿਸੇ ਕਿਨਾਰੇ ਨਹੀਂ ਲੱਗ
ਸਕਦਾ। ਉਂਜ ਸੰਸਾਰ ਇੱਕ ਦੂਜੇ ਦੀ ਸਹਾਇਤਾ ਤੋਂ ਬਿਨਾਂ ਕੋਈ ਤਰੱਕੀ ਨਹੀਂ ਕਰ ਸਕਦਾ ਪਰ ਏੱਥੇ
ਜਿਹੜਾ ਖ਼ਿਆਲ ਦਿੱਤਾ ਹੈ ਉਸ ਦੀ ਵਿਚਾਰ ਇਸ ਤਰ੍ਹਾਂ ਸਮਝੀ ਜਾ ਸਕਦੀ ਹੈ। ਮੰਨ ਲਓ ਕਿਸੇ ਦੇ ਘਰ ਕੋਈ
ਸੰਤਾਨ ਨਹੀਂ ਹੋ ਰਹੀ ਤਾਂ ਉਸ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੰਦਾ ਡਾਕਟਰ ਦੀ ਸਲਾਹ
ਲੈਣ ਦੀ ਥਾਂ `ਤੇ ਨਾਮ ਧਰੀਕ ਬੂਬਨੇ ਸਾਧਾਂ ਪਾਸੋਂ ਅਰਦਾਸਾਂ ਕਰਾਉਂਦਾ ਫਿਰਦਾ ਹੈ ਕਿ ਮੇਰੇ ਘਰ
ਸੰਤਾਨ ਪੈਦਾ ਹੋ ਜਾਏ। ਇਹ ਬੰਦੇ ਦੀ ਵੱਡੀ ਭੁੱਲ ਤੇ ਮਾਨਸਿਕ ਕੰਮਜ਼ੋਰੀ ਹੈ। ਅਰਦਾਸਾਂ ਨਾਲ ਕਦੇ ਵੀ
ਬੱਚੇ ਪੈਦਾ ਨਹੀਂ ਹੁੰਦੇ। ਕੁਦਰਤੀ ਨਿਯਮ ਤਹਿਤ ਹੀ ਬੱਚੇ ਜਨਮ ਲੈਂਦੇ ਹਨ। ਏੱਥੇ ਉਸ ਮਨੁੱਖ ਨੂੰ
ਸੁਚੇਤ ਕੀਤਾ ਹੈ ਕਿ ਇਹਨਾਂ ਬੂਬਨੇ ਬਾਬਿਆਂ ਦੇ ਹੱਥ ਵਿੱਚ ਅਜੇਹੀ ਕੋਈ ਸ਼ਕਤੀ ਨਹੀਂ ਹੈ ਜਿਸ ਨਾਲ
ਸੰਤਾਨ ਪੈਦਾ ਹੋ ਜਾਏਗੀ। ਸੁਖਮਨੀ ਸਾਹਿਬ ਜੀ ਦਾ ਬੜਾ ਪਿਆਰਾ ਖ਼ਿਆਲ ਹੈ—
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ।। ਦੇਵਨ ਕਉ ਏਕੈ ਭਗਵਾਨੁ।।
ਜਿਸ ਕੈ ਦੀਐ ਰਹੈ ਅਘਾਇ।। ਬਹੁਰਿ ਨ ਤ੍ਰਿਸਨਾ ਲਾਗੈ ਆਇ।।
ਮਾਰੈ ਰਾਖੈ ਏਕੋ ਆਪਿ।। ਮਾਨੁਖ ਕੈ ਕਿਛੁ ਨਾਹੀ ਹਾਥਿ।।
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ।। ਤਿਸ ਕਾ ਨਾਮੁ ਰਖੁ ਕੰਠਿ ਪਰੋਇ।।
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ।। ਨਾਨਕ ਬਿਘਨੁ ਨ ਲਾਗੈ ਕੋਇ।। ੧।।
ਪੰਨਾ ੨੮੧
ਅੱਖਰੀਂ ਅਰਥ— (
ਹੇ
ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ, ਇੱਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ
ਜੋਗਾ ਹੈ; ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ
ਨਹੀਂ। ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ, ਮਨੁੱਖ ਦੇ ਵੱਸ ਕੁੱਝ ਨਹੀਂ
ਹੈ। (ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ। (ਹੇ ਮਨ!) ਉਸ ਦਾ ਨਾਮ ਹਰ ਵੇਲੇ ਯਾਦ
ਕਰ। ਉਸ ਪ੍ਰਭੂ ਨੂੰ ਸਦਾ ਸਿਮਰ। ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ
ਰੁਕਾਵਟ ਨਹੀਂ ਪੈਂਦੀ। ੧।
ਆਪ ਹਿੰਮਤ ਕਰਨ ਦੀ ਥਾਂ `ਤੇ ਕਿਸੇ ਦਾ ਆਸਰਾ ਤਕਣ ਵਾਲਾ ਕਦੇ ਵੀ ਕਿਸੇ
ਕੰਢੇ `ਤੇ ਨਹੀਂ ਲੱਗ ਸਕਦਾ—
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ।।
ਅੱਖਰੀਂ ਅਰਥ-- (
ਪ੍ਰਭੂ
ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ
ਹੈ) ਉਸ ਦੇ ਗਲ ਵਿੱਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿੱਚ ਬੀਤਦਾ ਹੈ)।
ਵਿਚਾਰ ਤੇ ਵਿਹਾਰਕ
ਪੱਖ--ਇਕ ਬੱਚਾ ਲਗਨ ਨਾਲ ਨਿਤਾ ਪ੍ਰਤੀ ਆਪਣੀ ਪੜ੍ਹਾਈ ਦਾ ਕੰਮ ਕਰਦਾ ਹੈ ਤੇ ਦੂਜਾ
ਵਿਦਿਆਰਥੀ ਨਕਲ ਤੇ ਆਸ ਲਾਈ ਬੈਠਾ ਹੁੰਦਾ ਹੈ। ਨਕਲ ਦੀ ਆਸ ਵਾਲਾ ਜਦੋਂ ਨਕਲ ਕਰਦਾ ਪਕੜਿਆ ਜਾਂਦਾ
ਹੈ ਤਾਂ ਉਸ ਨੂੰ ਜਮਾਤ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਅਜੇਹੇ ਵਿਦਿਆਰਥੀ ਨੂੰ ਸ਼ਰਮਿੰਦਗੀ
ਸਹਾਰਨੀ ਪੈਂਦੀ ਹੈ ਤੇ ਸਾਲ ਵੱਖਰਾ ਖਰਾਬ ਹੋ ਜਾਂਦਾ ਹੈ। ਅਜੇਹੇ ਵਿਦਿਆਰਥੀ ਦੇ ਗਲ਼ ਫੇਲ੍ਹ ਹੋਣ ਦੀ
ਫਾਹੀ ਪੈ ਜਾਂਦੀ ਹੈ। ਸੌਖਾ ਸਮਝਣਾ ਹੋਵੇ ਤਾਂ ਏਦਾਂ ਵੀ ਸਮਝ ਸਕਦੇ ਹਾਂ ਕਿ ਆਪਣੀ ਗ੍ਰਹਿਸਤੀ
ਜ਼ਿੰਦਗੀ ਛੱਡ ਕੇ ਦੂਜਿਆਂ ਦੇ ਘਰਾਂ ਵਲ ਜਿਹੜਾ ਜਾਣਾ ਸ਼ੁਰੂ ਕਰ ਦੇਂਦਾ ਹੈ ਤਾਂ ਸਮਝੋ ਉਹ ਜਮਾਂ ਦੀ
ਫਾਹੀ ਵਿੱਚ ਫਸ ਗਿਆ। ਅਜੇਹੇ ਬੰਦੇ ਨੂੰ ਸਮਾਜ ਵਿੱਚ ਸ਼ਰਮਸਾਰ ਹੀ ਹੋਣਾ ਪੈਂਦਾ ਹੈ। ਗੁਰੂ ਸਾਹਿਬ
ਜੀ ਦਾ ਤਾਂ ਫਰਮਾਣ ਸਪੱਸ਼ਟ ਹੈ ਕਿ ਜੇ ਗੁਰੂ ਜੀ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਜਾਏ ਤਾਂ ਮਨੁੱਖ
ਵੇਕਾਰਾਂ ਰੂਪੀ ਜਮਾ ਦੇ ਵੱਸ ਵਿੱਚ ਨਹੀਂ ਪੈਂਦਾ। “ਮੰਨੈ ਜਮ ਕੈ ਸਾਥ ਨ ਜਾਇ” ਜਦੋਂ
ਮਨੁੱਖ ਅਸਲੀਰਸਤਾ ਛੱਡ ਦੇਂਦਾ ਹੈ ਤਾਂ ਹਰ ਰੋਜ਼ ਜਮਾਂ ਦੇ ਵੱਸ ਵਿੱਚ ਹੀ ਪਿਆ ਰਹਿੰਦਾ ਹੈ।
ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ।।
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ।।
ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ।। ੩।।
ਸਿਰੀ ਰਾਗ ਮਹਲਾ ੩ ਪੰਨਾ ੩੦
ਅੱਖਰੀਨ ਅਰਥ—
ਜੇਹੜੇ
ਮਨੁੱਖ ਗੁਰੂ ਵਲੋਂ ਮੂੰਹ ਭਵਾਂਦੇ ਹਨ ਉਹਨਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ। (ਉਹਨਾਂ ਨੂੰ ਆਪਣੇ
ਅੰਦਰੋਂ ਫਿਟਕਾਰ ਹੀ ਪੈਂਦੀ ਰਹਿੰਦੀ ਹੈ)। ਉਹ ਸਦਾ ਉਹੀ ਕਰਤੂਤਾਂ ਕਰਦੇ ਹਨ ਜਿਨ੍ਹਾਂ ਦਾ ਫਲ ਦੁੱਖ
ਹੁੰਦਾ ਹੈ, ਉਹ ਸਦਾ ਜਮ ਦੇ ਜਾਲ ਵਿੱਚ ਜਮ ਦੀ ਤੱਕ ਵਿੱਚ ਰਹਿੰਦੇ ਹਨ। ਕਦੇ ਸੁਪਨੇ ਵਿੱਚ ਭੀ ਉਹ
ਸੁਖ ਨਹੀਂ ਮਾਣਦੇ, ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ। ੩।
ਆਮ ਕਰਕੇ ਮੰਨਿਆ ਗਿਆ ਹੈ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਉਦੋਂ ਉਹਦੀ ਆਤਮਾ
ਜਮਾਂ ਦੇ ਵੱਸ ਵਿੱਚ ਪੈਂਦੀ ਹੈ। ਇਹ ਜਮ ਧਰਮਰਾਜ ਦੇ ਕਹੇ `ਤੇ ਬੰਦੇ ਦੀ ਪੂਰੀ ਖਿਚ ਧੂਅ ਕਰਦੇ ਹਨ।
ਮਰੇ ਬੰਦੇ ਦੇ ਸਰੀਰ ਨੂੰ ਅਗਨ ਦੇ ਹਵਾਲੇ ਜਾਂ ਖ਼ਾਕ ਦੇ ਸਪੁਰਦ ਕੀਤਾ ਜਾਂਦਾ ਹੈ। ਫਿਰ ਸੁਆਲ ਪੈਦਾ
ਹੁੰਦਾ ਹੈ ਸਜਾ ਕਿਸ ਚੀਜ਼ ਨੂੰ ਦਿੱਤੀ ਜਾਂਦੀ ਹੈ। ਇਸ ਦਾ ਅਰਥ ਹੈ ਕਿ ਇਹ ਵਿਕਾਰ ਰੂਪੀ ਜਮ ਜ਼ਿਉਂਦੇ
ਜੀਅ ਨੂੰ ਹੀ ਚਿੰਬੜੇ ਹੋਏ ਹਨ। ਗੁਰਬਾਣੀ ਅਨੁਸਾਰ ਮਨੁੱਖ ਵਰਤਮਾਨ ਜੀਵਨ ਵਿੱਚ ਜਦੋਂ ਹਕੀਕਤਾਂ ਤੋਂ
ਮੂੰਹ ਮੋੜਦਾ ਹੈ ਤਾਂ ਇਹ ਵਿਕਾਰਾਂ, ਸਮਾਜਿਕ ਬੁਰਾਈਆਂ ਤੇ ਧਰਮ ਦੇ ਨਾਂ `ਤੇ ਕੀਤੇ ਜਾਂਦੇ
ਕਰਮ-ਕਾਂਡ ਰੂਪੀ ਜਮਾਂ ਦੇ ਵੱਸ ਪੈ ਜਾਂਦਾ ਹੈ। ਅਸਲੀ ਰਸਤੇ ਤੋਂ ਭਟਕਿਆ ਮਨੁੱਖ ਜਮਾ ਦੇ ਵੱਸ ਵਿੱਚ
ਰਹਿੰਦਾ ਹੈ।
ਪਉੜੀ ਦੀ ਅਗਲੀ ਤੁਕ ਵਿੱਚ ਇਸ ਵਿਚਾਰ ਦੀ ਹੋਰ ਵਿਆਖਿਆ ਕੀਤੀ ਹੈ—
ਜੇਹਾ ਬੀਜੈ ਸੋ ਲੁਣੈ, ਮਥੈ ਜੋ ਲਿਖਿਆਸੁ।।
ਅੱਖਰੀਂ ਅਰਥ-- (
ਕੁਦਰਤਿ
ਦਾ ਨਿਯਮ ਹੀ ਐਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ
ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ।
ਵਿਚਾਰ ਤੇ ਵਿਹਾਰਕ ਪੱਖ-- ਮਨੁੱਖ ਜੇਹੋ ਜੇਹਾ ਬੀਜਦਾ ਹੈ ਉਹ ਕੁੱਝ ਹੀ
ਵੱਢਦਾ ਹੈ। ਜਦੋਂ ਕੋਈ ਗੱਲ ਸਮਝ ਵਿੱਚ ਨਾ ਆਵੇ ਤਾਂ ਓਦੋਂ ਮਨੁੱਖ ਬਾਕੀ ਦੀਆਂ ਗੱਲਾਂ ਰੱਬ ਦੇ
ਖਾਤੇ ਵਿੱਚ ਪਾ ਕੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਣਾ ਚਹੁੰਦਾ ਹੈ। ਕਈ ਵਾਰੀ ਇਹ ਵੀ
ਕਹਿੰਦਾ ਹੈ ਕਿ ਜੀ ਸਾਡੇ ਤਾਂ ਮੱਥੇ ਦੇ ਭਾਗ ਹੀ ਮਾੜੇ ਹਨ। ਸਾਡੀ ਕਿਸਮਤ ਹੀ ਮਾੜੀ ਹੈ। ਰੱਬ ਨੇ
ਸਾਡੇ ਨਾਲ ਬਹੁਤ ਧੱਕਾ ਕੀਤਾ ਹੈ। ਦਰ ਅਸਲ ਆਪਣੀ ਅਸਫਲਤਾ ਨੂੰ ਛਪਾਉਣ ਲਈ ਮੱਥੇ ਦੇ ਲਿਖੇ ਹੋਏ
ਲੇਖਾਂ ਨੂੰ ਦੋਸ਼ ਦਈ ਜਾ ਰਿਹਾ ਹੈ। ਨਿਆਣਾ ਫੇਲ੍ਹ ਹੋ ਜਾਣ ਦੇ ਕਾਰਨ ਲੱਭਣ ਦੀ ਥਾਂ `ਤੇ ਇਹ ਕਹਿ
ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੇ ਯਤਨ ਵਿੱਚ ਹੁੰਦਾ ਹੈ ਕਿ ਮੱਥੇ ਦੇ ਲੇਖਾਂ ਵਿੱਚ ਰੱਬ ਜੀ ਨੇ
ਫੇਲ੍ਹ ਹੋਣਾ ਹੀ ਲਿਖਿਆ ਸੀ। ਅਸਲ ਮੱਥੇ ਦੇ ਲੇਖਾਂ ਦਾ ਅਰਥ ਹੈ ਕਿ ਜੋ ਅਸਾਂ ਸਿੱਖਿਆ ਹੋਇਆ ਹੈ ਉਹ
ਸਾਡੇ ਮੱਥੇ ਉੱਤੇ ਭਾਵ ਦਿਮਾਗ ਵਿੱਚ ਉਕਰ ਜਾਂਦਾ ਹੈ। ਬੁਰਾ ਤੇ ਭਲਾ ਇਹਨਾਂ ਵਿਚੋਂ ਜਿਹੜਾ ਵੀ ਕਰਮ
ਕਰਾਂਗੇ ਉਹ ਸਾਡੇ ਸੁਭਾਅ ਦਾ ਹਿੱਸਾ ਬਣਦਾ ਹੈ। ਅਸੀਂ ਇਹਨਾਂ ਕਰਮਾਂ ਅਨੁਸਾਰ ਹੀ ਫਿਰ ਚਲਦੇ ਹਾਂ।
ਗੁਰਬਾਣੀ ਵਾਕ ਹੈ—
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।।
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ।। ੧।।
ਮਾਰੂ ਮਹਲਾ ੧ ਪੰਨਾ ੯੯੦
ਹੇ ਹਰੀ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ (ਤੂੰ ਅਚਰਜ ਖੇਡ ਰਚੀ ਹੈ
ਕਿ ਤੇਰੀ ਕੁਦਰਤਿ ਵਿੱਚ ਜੀਵਾਂ ਦਾ) ਆਚਰਨ, ਮਾਨੋ, ਕਾਗ਼ਜ਼ ਹੈ, ਮਨ ਦਵਾਤ ਹੈ (ਉਸ ਬਣ ਰਹੇ
ਆਚਰਨ-ਕਾਗ਼ਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ) ਚੰਗੇ ਮੰਦੇ (ਨਵੇਂ) ਲੇਖ ਲਿਖੇ ਜਾ ਰਹੇ ਹਨ
(ਭਾਵ, ਮਨ ਵਿੱਚ ਹੁਣ ਤਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੀਵ ਜੇਹੜੇ ਨਵੇਂ ਚੰਗੇ
ਮੰਦੇ ਕੰਮ ਕਰਦੇ ਹਨ, ਉਹ ਕੰਮ ਆਚਰਨ-ਰੂਪ ਕਾਗ਼ਜ਼ ਉਤੇ ਨਵੇਂ ਚੰਗੇ ਮੰਦੇ ਸੰਸਕਾਰ ਉੱਕਰਦੇ ਜਾਂਦੇ
ਹਨ)। (ਇਸ ਤਰ੍ਹਾਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ-ਰੂਪ ਸੁਭਾਉ ਜਿਉਂ ਜਿਉਂ ਜੀਵਾਂ
ਨੂੰ ਪ੍ਰੇਰਦਾ ਹੈ ਤਿਵੇਂ ਤਿਵੇਂ ਹੀ ਉਹ ਜੀਵਨ-ਰਾਹ ਤੇ ਤੁਰ ਸਕਦੇ ਹਨ। ੧।
ਪਉੜੀ ਦੀ ਅਗਲੀ ਤੁਕ ਵਿੱਚ ਸਮੇਂ ਦੀ ਸੰਭਾਲ ਪ੍ਰਤੀ ਗੁਰਦੇਵ ਪਿਤਾ ਨੇ ਇੱਕ
ਨੁਕਤਾ ਸਮਝਾਇਆ ਹੈ ਜਿਸ ਮਨੁੱਖ ਨੇ ਸਮੇਂ ਦੀ ਕਦਰ ਨਹੀਂ ਪਾਈ ਸਮਾਂ ਉਸ ਦੀ ਕਦਰ ਨਹੀਂ ਪਉਂਦਾ---
ਰੈਣਿ ਵਿਹਾਣੀ ਪਛੁਤਾਣੀ, ਉਠਿ ਚਲੀ ਗਈ ਨਿਰਾਸ।।
ਅੱਖਰੀਂ ਅਰਥ-- (
ਜਗਜੀਵਨ
ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿੱਚ ਹੀ ਗੁਜ਼ਰਦੀ ਹੈ, ਉਹ
ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ।
ਵਿਚਾਰ ਤੇ ਵਿਹਾਰਕ ਪੱਖ--
ਵਰਤਮਾਨ ਜੀਵਨ ਨੂੰ ਜਿਸ ਮਨੁੱਖ ਨੇ ਸੰਭਾਲ਼ਿਆ ਨਹੀਂ ਹੈ ਉਹ
ਸਮਾਂ ਗੁਜ਼ਰ ਜਾਣ `ਤੇ ਪਛਤਾਉਂਦਾ ਹੈ। ਚਾਰ ਚੁਫੇਰੇ ਹੜ੍ਹ ਦਾ ਪਾਣੀ ਹੀ ਪਾਣੀ ਹੋਵੇ ਓਦੋਂ ਮਨੁੱਖ
ਕਹੇ ਕਿ ਮੈਂ ਬੇੜਾ ਤਿਆਰ ਕਰ ਲਵਾਂ ਫਿਰ ਮੂਰਖਾਂ ਵਾਲੀ ਹੀ ਗੱਲ ਹੋਏਗੀ ਕਿਉਂ ਕਿ ਓਦੋਂ ਤਾਂ ਲਕੜਾਂ
ਵੀ ਨਹੀਂ ਲੱਭਣੀਆਂ। ਸਿਆਣੇ ਲੋਕ ਹੜ੍ਹ ਦੀ ਸੰਭਾਵਨਾ ਨੂੰ ਮੁੱਖ ਰੱਖ ਕੇ ਪਹਿਲਾਂ ਬੇੜਾ ਤਿਆਰ ਕਰਦੇ
ਹਨ।
ਬੇੜਾ ਬੰਧਿ ਨ ਸਕਿਓ, ਬੰਧਨ ਕੀ ਵੇਲਾ।।
ਭਰਿ ਸਰਵਰੁ ਜਬ ਊਛਲੈ, ਤਬ ਤਰਣੁ ਦੁਹੇਲਾ।। ੧।।
ਅੱਖਰੀਂ ਅਰਥ-- (
ਜਿਸ
ਮਨੁੱਖ ਨੇ ਮਾਇਆ ਨਾਲ ਹੀ ਮਨ ਲਾਈ ਰੱਖਿਆ) ਉਹ (ਬੇੜਾ) ਤਿਆਰ ਕਰਨ ਵਾਲੀ ਉਮਰੇ ਨਾਮ-ਰੂਪ ਬੇੜਾ
ਤਿਆਰ ਨਾਹ ਕਰ ਸਕਿਆ, ਤੇ, ਜਦੋਂ ਸਰੋਵਰ (ਨਕਾ ਨਕ) ਭਰ ਕੇ (ਬਾਹਰ) ਉਛਲਣ ਲੱਗ ਪੈਂਦਾ ਹੈ ਤਦੋਂ ਇਸ
ਵਿੱਚ ਤਰਨਾ ਔਖਾ ਹੋ ਜਾਂਦਾ ਹੈ (ਭਾਵ; ਜਦੋਂ ਮਨੁੱਖ ਵਿਕਾਰਾਂ ਦੀ ਅੱਤ ਕਰ ਦੇਂਦਾ ਹੈ, ਤਾਂ ਇਹਨਾਂ
ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ)। ੧।
ਇਸ ਤੁਕ ਵਿੱਚ ਸਮੇਂ ਦੀ ਕਦਰ ਕਰਨ ਤੇ ਜ਼ੋਰ ਦਿੱਤਾ ਗਿਆ ਹੈ।
ਏਸੇ ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਸਮੇਂ ਦੀ ਸੰਭਾਲ ਕਰਨ
ਵਾਲਿਆਂ ਸਬੰਧੀ ਦੱਸਿਆ ਹੈ ਕਿ ਉਹ ਲੋਕ ਹੀ ਵੇਕਾਰਾਂ ਵਲੋਂ ਮੁਕਤ ਹੁੰਦੇ ਹਨ ਜਿਹੜੇ ਗੁਰੂ ਦੀ ਆਗਿਆ
ਵਿੱਚ ਰਹਿੰਦੇ ਹਨ—
ਜਿਨ ਕੌ ਸਾਧੂ ਭੇਟੀਐ, ਸੋ ਦਰਗਹਿ ਹੋਇ ਖਲਾਸੁ।।
ਅੱਖਰੀਂ
ਅਰਥ--ਜਿਨ੍ਹਾਂ
ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ
ਪਾਂਦੇ ਹਨ)।
ਵਿਚਾਰ ਤੇ ਵਿਹਾਰਕ ਪੱਖ—ਜਦੋਂ ਗੁਰਬਾਣੀ ਵਿੱਚ ਸਾਧੂ ਸ਼ਬਦ ਆਉਂਦਾ ਹੈ
ਤਾਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਡੇਰੇ ਵਾਲਾ ਸਾਧੂ ਹੋਵੇਗਾ ਜਿਸ ਨੂੰ ਮਿਲਣ ਨਾਲ ਰੱਬ ਦੀ
ਦਰਗਾਹ ਵਿੱਚ ਮੁਕਤੀ ਮਿਲਦੀ ਹੈ। ਇਹਨਾਂ ਤੁਕਾਂ ਦੇ ਅਰਥਾਂ ਨੂੰ ਰਾਂਹੀ ਹੀ ਸਾਧੜਿਆਂ ਨੇ ਆਪਣੇ ਆਪ
ਨੂੰ ਗੁਰੂ ਜੀ ਦੇ ਬਰਾਬਰ ਸਥਾਪਿਤ ਕਰਨ ਵਿੱਚ ਸਾਰਾ ਜ਼ੋਰ ਲਗਾਇਆ ਹੋਇਆ ਹੈ। ਗੁਰਬਾਣੀ ਵਿੱਚ ਸਾਧੂ
ਗੁਰੂ ਜੀ ਦੇ ਗਿਆਨ ਨੂੰ ਕਿਹਾ ਹੈ—
ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ।।
ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ।। ੧।।
ਪੰਨਾ ੨੬੦
ਹੇ ਮਨ! (ਜੇ ਹਉਮੈ ਦੀ ਚੋਭ ਤੋਂ ਬਚਣਾ ਹੈ, ਤਾਂ) ਗੁਰੂ ਦਾ ਆਸਰਾ ਲੈ,
ਆਪਣੀਆਂ ਦਲੀਲ-ਬਾਜ਼ੀਆਂ ਤੇ ਸਿਆਣਪਾਂ ਛੱਡ। ਹੇ ਨਾਨਕ! ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਸਿੱਖਿਆ
ਵੱਸ ਪੈਂਦੀ ਹੈ, ਉਸ ਦੇ ਮੱਥੇ ਉਤੇ ਚੰਗਾ ਲੇਖ (ਉਘੜਿਆ ਸਮਝੋ)।
ਗੁਰਬਾਣੀ ਵਿੱਚ ਦਰਗਾਹ, ਸਾਧੂ, ਮੱਥੇ ਦੇ ਲੇਖ, ਰੈਣ ਆਦਿਕ ਸ਼ਬਦਾਂ ਦੇ
ਜਿੱਥੇ ਅੱਖਰੀਂ ਅਰਥ ਦੇਖਣੇ ਹਨ ਓੱਥੇ ਇਹਨਾਂ ਦਾ ਭਾਵ ਅਰਥ ਵੀ ਸਮਝਣਾ ਹੈ। ਭਾਵ ਅਰਥ ਹੀ ਸਾਡੇ
ਜੀਵਨ ਵਿੱਚ ਲਾਗੂ ਹੁੰਦੇ ਹਨ। ਰੱਬੀ ਦਰਗਾਹ ਦਾ ਅਰਥ ਹੈ ਸਾਡੇ ਮਨ ਵਿੱਚ ਸਾਫ਼ਗੋਈ ਹੁੰਦੀ ਹੈ ਤੇ
ਚੰਗੇ ਸਮਾਜ ਦਾ ਨਿਰਮਾਣ ਹੁੰਦਾ ਹੈ। ਆਮ ਸਮਝ ਵਿੱਚ ਸਾਧੂ ਉਸ ਨੂੰ ਸਮਝਿਆ ਜਾਂਦਾ ਹੈ ਕਿ ਜਿਸ ਨੇ
ਲੰਬਾ ਚੋਲ਼ਾ ਪਾਇਆ ਹੋਵੇ, ਸਿਰ `ਤੇ ਗੋਲ ਪੱਗ ਬੰਨੀ ਹੋਵੇ, ਲੱਤਾਂ ਨੰਗੀਆਂ ਹੋਣ ਤੇ ਹੱਥ ਵਿੱਚ
ਮਾਲ਼ਾ ਫੜੀ ਹੋਵੇ। ਦੁਜੇ ਪਾਸੇ ਜਟਾਂ ਵਾਲਾ ਜਾਂ ਭਗਵੇ ਕਪੜਿਆਂ ਵਾਲਾ ਜਨੀ ਕਿ ਇਹ ਖਾਸ ਪਹਿਰਾਵੇ
ਵਾਲਾ ਸਾਧੂ ਜੋ ਬੋਲੇਗਾ ਉਹ ਤ੍ਰੈ-ਕਾਲ ਸੱਚ ਹੋਵੇਗਾ। ਸਾਡੇ ਮਨ ਵਿੱਚ ਇਹ ਵੀ ਖ਼ਿਆਲ ਬਣਿਆ ਹੋਇਆ ਹੈ
ਕਿ ਜਦੋਂ ਬੰਦਾ ਮਰ ਜਾਂਦਾ ਹੈ ਤਾਂ ਉਹ ਉੱਪਰ ਅਸਮਾਨ ਵਿੱਚ ਰੱਬ ਦੀ ਖਾਸ ਦਰਗਹ ਵਿੱਚ ਜਾਂਦਾ ਹੈ
ਜਿੱਥੇ ਇਸ ਦੇ ਕੀਤੇ ਕੰਮਾਂ ਦਾ ਹਿਸਾਬ ਦੇਖਿਆ ਜਾਂਦਾ ਹੈ। ਗੁਰਬਾਣੀ ਸਿਧਾਂਤ ਅਨੁਸਾਰ ਰੱਬ ਸਾਡੇ
ਮਨ ਵਿੱਚ ਹਨ ਤੇ ਦੂਜਾ ਸਰਬ ਵਿਆਪਕ ਹਨ। ਸਾਰੀ ਤੁਕ ਦਾ ਭਾਵ ਅਰਥ ਸਮਝ ਵਿੱਚ ਆਉਂਦਾ ਹੈ ਕਿ ਗੁਰੂ
ਗ੍ਰੰਥ ਸਾਹਿਬ ਜੀ ਦਾ ਸਿਧਾਂਤ ਸਾਡੇ ਲਈ ਸਾਧੂ ਦਾ ਉਪਦੇਸ਼ ਹੈ ਤੇ ਰੱਬੀ ਦਰਗਹ ਅਸੀਂ ਆਪਣੇ ਮਨ ਨੂੰ
ਬਣਾਉਣਾ ਹੈ। ਦੂਸਰਾ ਸਾਰਾ ਸੰਸਾਰ ਹੀ ਰੱਬ ਦੀ ਦਰਗਹ ਹੈ। ਗੁਰ-ਉਪਦੇਸ਼ ਨੂੰ ਸਮਝ ਕੇ ਜੀਵਨ ਵਿੱਚ
ਅਪਨਾਉਣ ਨਾਲ ਮਨ ਵਿਚੋਂ ਵਿਕਾਰਾਂ ਦੀ ਛੁੱਟੀ ਹੁੰਦੀ ਓੱਥੇ ਸਮਾਜ ਭਾਈ ਚਾਰੇ ਵਿੱਚ ਵੀ ਮਾਣ ਮਿਲਦਾ
ਹੈ।
ਪਉੜੀ ਦੀ ਅਗਲੀ ਤੁਕ ਵਿੱਚ ਰੱਬੀ ਦੀਦਾਰ ਦਾ ਨੁਕਤਾ ਆਉਂਦਾ ਹੈ—
ਕਰਿ ਕਿਰਪਾ ਪ੍ਰਭ ਆਪਣੀ, ਤੇਰੇ ਦਰਸਨ ਹੋਇ ਪਿਆਸ।।
ਅੱਖਰੀਂ ਅਰਥ-
ਆਪਣੀ ਮਿਹਰ ਕਰ, (ਮੇਰੇ ਮਨ ਵਿਚ)
ਤੇਰੇ ਦਰਸਨ ਦੀ ਤਾਂਘ ਬਣੀ ਰਹੇ।
ਵਿਚਾਰ ਤੇ ਵਿਹਾਰਕ
ਪੱਖ--ਸਿੱਖੀ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਗੁਰਬਾਣੀ ਦੇ ਸਹੀ ਉਪਦੇਸ਼ ਨੂੰ ਨਹੀਂ ਸਮਝਿਆ
ਗਿਆ। ਏਹੀ ਕਾਰਨ ਹੈ ਕਿ ਕੋਈ ਗਿਣਤੀਆਂ ਦੇ ਪਾਠਾਂ ਨੂੰ ਤਰਜੀਹ ਦੇ ਰਿਹਾ ਹੈ ਤੇ ਕੋਈ ਤੀਰਥਾਂ ਦੀ
ਯਾਤਰਾ ਵਿੱਚ ਉਲਝਿਆ ਪਿਆ ਹੈ। ਗੁਰਬਾਣੀ ਦੇ ਜਿੰਨ੍ਹਾਂ ਚਿਰ ਭਾਵ ਅਰਥ ਨੂੰ ਨਹੀਂ ਸਮਝਾਂਗੇ ਓਨਾ
ਚਿਰ ਸਾਡੇ ਸੁਭਾਅ ਤਥਾ ਜੀਵਨ ਵਿੱਚ ਬਦਲਾ ਨਹੀਂ ਆ ਸਕਦਾ। ‘ਕਰਿ ਕਿਰਪਾ` ਨੂੰ ਅਸੀਂ ਹੁਣ ਤੱਕ ਇੰਝ
ਸਮਝਿਆ ਹੈ ਕਿ ਸਾਨੂੰ ਕੋਈ ਵੀ ਉਦਮ ਕਰਨ ਦੀ ਲੋੜ ਨਹੀਂ ਹੈ ਸਿਰਫ ਅਖੰਡ ਪਾਠ ਕਰਾ ਲਿਆ ਜਾਏ ਤਾਂ
ਬਾਕੀ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਰੱਬ ਜੀ ਦੀ ਹੋ ਜਾਂਦੀ ਹੈ। ਜਨੀ ਕਿ ਜੇ ਅਸੀਂ ਧਰਮ ਦੇ
ਮਿੱਥੇ ਹੋਏ ਕਰਮ ਕਰਾਂਗੇ ਤਾਂ ਗੁਰੂ ਜੀ ਕਿਰਪਾ ਕਰਕੇ ਸਾਡੇ ਸਾਰੇ ਕੰਮ ਆਪੇ ਹੀ ਕਰੀ ਜਾਣਗੇ,
ਸਾਨੂੰ ਫਿਰ ਹੱਥ ਹਿਲਾਉਣ ਦੀ ਵੀ ਜ਼ਰੂਰਤ ਨਹੀਂ ਰਹੇਗੀ। ਦੂਸਰਾ ਅਸੀਂ ਰੱਬ ਜੀ ਦੇ ਦੀਦਰ ਕਰਨ ਲਈ
ਅਰਦਾਸਾਂ ਕਰਦੇ ਹਾਂ ਕਿ ਰੱਬ ਜੀ ਸਾਨੂੰ ਆਪਣੇ ਦੀਦਾਰ ਦੇਵੋ। ਹਰ ਕੋਈ ਇਸ ਯਤਨ ਵਿੱਚ ਲੱਗ ਹੋਇਆ ਹੈ
ਕਿ ਮੈਂ ਰੱਬ ਜੀ ਦੇ ਦਰਸ਼ਨ ਕਰਨੇ ਹਨ ਜਾਂ ਕੋਈ ਇਹ ਕਹਿ ਰਿਹਾ ਹੈ ਕਿ ਸਾਡੇ ਬਾਬਾ ਜੀ ਨੂੰ ਤਾਂ ਰੋਜ਼
ਹੀ ਰੱਬ ਜੀ ਆਪ ਆ ਕੇ ਦਰਸ਼ਨ ਦੇਂਦੇ ਹਨ। ਕਈ ਲੋਕ ਉਦਮ ਵਲੋਂ ਏੰਨੇ ਆਲਸੀ ਹੁੰਦੇ ਹਨ ਕਿ ਕੰਮ ਕਰਨ
ਦੀ ਥਾਂ `ਤੇ ਇਹ ਕਹੀ ਜਾਣਗੇ ਗੁਰੂ ਜੀ ਆਪੇ ਹੀ ਕਿਰਪਾ ਕਰਨਗੇ। ਕਈ ਇਹ ਵੀ ਸਮਝ ਰਹੇ ਹਨ ਕਿ ਸ਼ਾਇਦ
ਮੱਸਿਆ ਦਾ ਇਸ਼ਨਾਨ ਕਰ ਲਿਆ ਤਾਂ ਨੇ ਗੁਰੂ ਜੀ ਨੇ ਆਪੇ ਹੀ ਸਾਡੇ ਸਾਰੇ ਕੰਮ ਕਰੀ ਜਾਣੇ ਹਨ। ਕਰਿ
ਕਿਰਪਾ ਤੋਂ ਭਾਵ ਹੈ ਗੁਰੂ ਗਿਆਨ ਨੂੰ ਹਾਸਲ ਕਰਨਾ ਤੇ ਪ੍ਰਭੁ ਦਰਸ਼ਨ ਤੋਂ ਮੁਰਾਦ ਹੈ ਰੱਬੀ ਗੁਣਾਂ
ਦੀ ਸਮਝ ਆਉਣੀ ਤੇ ਇਹਨਾਂ ਗੁਣਾਂ ਅਨੁਸਾਰੀ ਹੋ ਕੇ ਚਲਣਾ ਜੇਹਾ ਕਿ ਗੁਰੂ ਅਮਰਦਾਸ ਜੀ ਫਰਮਾਉਂਦੇ
ਹਨ—
ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ।।
ਗੁਰਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ।।
ਸਚੈ ਸਚਿ ਸਮਾਇਆ, ਮਿਲਿ ਰਹੈ, ਨ ਵਿਛੁੜਿ ਜਾਇ।। ੨।।
ਸਿਰੀ ਰਾਗ ਮਹਲਾ ੩ ਪੰਨਾ ੩੨
ਅੱਖਰੀਂ ਅਰਥ-- (
ਗੁਰੂ
ਦੀ ਸਰਨ ਪਿਆਂ ਹੀ) ਪਰਮਾਤਮਾ (ਜੀਵ ਦੇ) ਹਿਰਦੇ-ਘਰ ਵਿੱਚ ਆ ਪ੍ਰਗਟਦਾ ਹੈ, ਆਪ ਹੀ ਆ ਕੇ ਮਿਲ
ਪੈਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ (ਜੇਹੜਾ
ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ ਉਸ ਨੂੰ ਪ੍ਰਭੂ) ਆਤਮਕ ਅਡੋਲਤਾ ਵਿੱਚ ਤੇ (ਆਪਣੇ) ਪ੍ਰੇਮ ਵਿੱਚ
ਰੰਗ ਦੇਂਦਾ ਹੈ। (ਗੁਰੂ ਦੀ ਸਰਨ ਪੈ ਕੇ) ਮਨੁੱਖ ਸਦਾ-ਥਿਰ ਪ੍ਰਭੂ ਵਿੱਚ ਹੀ ਲੀਨ ਰਹਿੰਦਾ ਹੈ, ਸਦਾ
ਪ੍ਰਭੂ-ਚਰਨਾਂ ਵਿੱਚ ਮਿਲਿਆ ਰਹਿੰਦਾ ਹੈ, ਕਦੇ ਵਿੱਛੁੜਦਾ ਨਹੀਂ। ੨।
ਅਤੇ--
ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ
ਬਖਸਿ ਅਵਗਣ ਸਭਿ ਮੇਰੇ।।
ਗਉੜੀ ਬੈਰਾਗਣਿ ਮਹਲਾ ੪ ਪੰਨਾ ੧੬੭
ਇਸ ਪਉੜੀ ਦੀ ਅਗਲ਼ੀ ਤੁਕ ਵਿੱਚ ਮਨੁੱਖ ਦੀ ਦੁਬਿਧਾ ਸਬੰਧੀ ਗੁਰੂ ਸਾਹਿਬ ਜੀ
ਫਰਮਾਉਂਦੇ ਕਿ—
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ, ਨਾਨਕ ਕੀ ਅਰਦਾਸਿ।।
ਅੱਖਰੀਂ ਅਰਥ--
ਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ
ਬੇਨਤੀ ਹੈ, ਕਿ ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ। ਵਿਚਾਰ ਤੇ ਵਿਹਾਰਕ
ਪੱਖ--ਮੇਰੀ ਅਰਦਾਸ ਸਿਰਫ ਤੇਰੇ ਚਰਨਾ ਵਿੱਚ ਹੀ ਹੈ ਹੋਰ
ਕਿਸੇ ਅੱਗੇ ਮੇਰਾ ਸਿਰ ਨਹੀਂ ਝੁਕੇਗਾ। ਇਸ ਤੁਕ ਰਾਂਹੀ ਗੁਰਦੇਵ ਪਿਤਾ ਜੀ ਕੇਵਲ ਇੱਕ ਪ੍ਰਮਾਤਮਾ
`ਤੇ ਭਰੋਸੇ ਦੀ ਵਿਚਾਰ ਦੇਂਦੇ ਹਨ। ਸਡਿਆਂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ
ਲੈਂਦਿਆਂ ਹੋਇਆ ਅਖੰਡ ਪਾਠ ਕਰਾਇਆ ਜਾ ਰਿਹਾ ਹੈ ਤੇ ਜੇਠੇਰਿਆਂ ਦੀਆਂ ਕਬਰਾਂ `ਤੇ ਮੱਥੇ ਵੀ ਟੇਕੇ
ਜਾ ਰਹੇ ਹਨ। ਇਸ ਵਿੱਚ ਇੱਕ ਅਰਜੋਈ ਕੀਤੀ ਹੈ ਕਿ ਮੇਰਾ ਨਿਸ਼ਾਨਾ ਇੱਕ ਹੋਣਾ ਚਾਹੀਦਾ ਹੈ। ਦੂਸਰਿਆਂ
ਦੀ ਬੇ-ਲੋੜੀ ਆਸ ਨਹੀਂ ਰੱਖਣੀ ਚਾਹੀਦੀ।
ਜਿਸ ਤਰ੍ਹਾਂ ਹਾੜ ਦਾ ਮਹੀਨਾ ਪੂਰਾ ਤੱਤਾ ਹੁੰਦਾ ਹੈ ਏਸੇ ਤਰ੍ਹਾਂ ਮਨੁੱਖ
ਵੀ ਸੁਭਾਅ ਕਰਕੇ ਆਪਣੇ ਅੰਦਰੋਂ ਪੂਰਾ ਤੱਤਾ ਹੈ। ਗੁਰੂ ਸਾਹਿਬ ਜੀ ਇਸ ਦਾ ਸਮਾਧਾਨ ਦੱਸਦੇ ਹਨ ਕਿ
ਜਿਸ ਮਨੁੱਖ ਦੇ ਹਿਰਦੇ ਵਿੱਚ ਰੱਬੀ ਗੁਣਾਂ ਦੇ ਚਰਨ ਵੱਸ ਜਾਂਦੇ ਹਨ ਉਹਨਾਂ ਨੂੰ ਕਦੇ ਵੀ ਈਰਖਾ,
ਨਿੰਦਿਆ ਦੀ ਗਰਮੀ ਸਾੜ ਨਹੀਂ ਸਕਦੀ—
ਆਸਾੜੁ ਸੁਹੰਦਾ ਤਿਸੁ ਲਗੈ, ਜਿਸੁ ਮਨਿ ਹਰਿ ਚਰਣ ਨਿਵਾਸ।।
ਅੱਖਰੀਂ ਅਰਥ--
ਜਿਸ
ਮਨੁੱਖ ਦੇ ਮਨ ਵਿੱਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ)
ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ)। ੫।
ਵਿਚਾਰ ਤੇ ਵਿਹਾਰਕ ਪੱਖ--ਹਾੜ ਦੇ ਮਹੀਨੇ ਵਾਲੀ ਗਰਮੀ ਵਿੱਚ ਤਪੀ ਹੋਈ
ਜ਼ਿੰਦਗੀ ਵਿੱਚ ਰਵਾਨਗੀ, ਤਾਜ਼ਗੀ ਆ ਜਾਂਦੀ ਹੈ ਜੇ ਰੱਬੀ ਗੁਣਾਂ ਨਾਲ ਸਾਂਝ ਪਾ ਲਈਏ। ਗੁਰੂ ਸਾਹਿਬ
ਜੀ ਸਲੋਕ ਵਾਰਾਂ ਤੇ ਵਧੀਕ ਵਿੱਚ ਬੜਾ ਪਿਆਰਾ ਉਪਦੇਸ਼ ਦੇਂਦੇ ਹਨ--
ਜਿਨਾ ਇੱਕ ਮਨਿ ਇੱਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ।।
ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ।।
ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਵੈ ਸਮਾਇ।।
ਨਾਨਕ ਗੁਰ ਪੂਰੇ ਤੇ ਪਾਇਆ ਸਹਜਿ ਮਿਲਿਆ ਪ੍ਰਭੁ ਆਇ।। ੨੨।।
(ਪੰਨਾ ੧੪੨੩)
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰ ਚਰਨਾਂ ਵਿੱਚ ਚਿੱਤ ਜੋੜ ਕੇ ਇਕਾਗਰ
ਮਨ ਨਾਲ ਇਕਾਗਰ ਚਿੱਤ ਨਾਲ (ਪਰਮਾਤਮਾ ਦਾ ਨਾਮ) ਸਿਮਰਿਆ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ
ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਉਹਨਾਂ ਦੇ ਅੰਦਰੋਂ ਹਉਮੈ ਦਾ ਵੱਡਾ
ਰੋਗ ਦੂਰ ਹੋ ਜਾਂਦਾ ਹੈ, (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ
ਹਨ। ਉਹ ਮਨੁੱਖ ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਗੁਣ ਉਚਾਰਦੇ ਹਨ। ਹੇ ਭਾਈ! (ਗੁਰੂ-ਚਰਨਾਂ ਵਿੱਚ
ਸੁਰਤਿ ਜੋੜ ਕੇ) ਪਰਮਾਤਮਾ ਦੇ ਗੁਣਾਂ ਵਿੱਚ ਸਦਾ ਲੀਨ ਰਹਿੰਦਾ ਹੈ ਟਿਕਿਆ ਰਹਿੰਦਾ ਹੈ। ਹੇ ਨਾਨਕ!
ਪਰਮਾਤਮਾ ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ, ਆਤਮਕ ਅਡੋਲਤਾ ਵਿੱਚ ਆ ਮਿਲਦਾ ਹੈ। ੨੨।
ਇਸ ਸਲੋਕ ਵਿੱਚ ਗੁਣ ਵਰਤਣੇ ਤੇ ਉਹਨਾਂ ਗੁਣਾਂ ਨੂੰ ਹੀ ਜ਼ਬਾਨ `ਤੇ ਲੈ ਕੇ
ਆਉਣ ਨਾਲ ਬੰਦਾ ਰੱਬੀ ਗੁਣਾਂ ਵਿੱਚ ਹੀ ਸਮਾ ਜਾਂਦਾ ਹੈ। ਲੋੜ ਤਾਂ ਇਸ ਗੱਲ ਦੀ ਹੈ ਕਿ ਸਮੇਂ ਦੀ
ਸੰਭਾਲ਼ ਕਰਨੀ ਚਾਹੀਦੀ ਹੈ ਤਾਂ ਕਿ ਜ਼ਿੰਦਗੀ ਦਾ ਕੀਮਤੀ ਸਮਾਂ ਵਿਅਰਥ ਵਿੱਚ ਨਾ ਗਵਾਚ ਜਾਏ
ਤੱਤਸਾਰ--ਇਸ ਪਉੜੀ ਵਿੱਚ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਜਦੋਂ
ਹੱਥਲਾ ਸਮਾਂ ਲੰਘ ਜਾਂਦਾ ਹੈ ਤਾਂ ਪਿਛੇ ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ। ਮਨੁੱਖ ਅਸਲੀ ਰਸਤਾ
ਛੱਡ ਕੇ ਜਦੋਂ ਆਪਣੀ ਮਨ ਮਰਜ਼ੀ ਦੇ ਰਸਤਿਆਂ `ਤੇ ਚਲਦਾ ਹੈ ਤਾਂ ਉਸ ਦੇ ਨਤੀਜੇ ਵੀ ਇਸ ਨੂੰ ਭੁਗਤਣੇ
ਪੈਂਦੇ ਹਨ। ਜੋ ਬੀਜਦਾ ਉਹ ਹੀ ਇਸ ਨੂੰ ਵੱਢਣਾ ਪੈਂਦਾ ਹੈ। ਮੱਥੇ ਦੇ ਲੇਖਾਂ ਦਾ ਅਰਥ ਹੈ ਜੋ ਅਸੀਂ
ਸਿੱਖਿਆ ਹੈ ਉਸ ਅਨੁਸਾਰੀ ਹੀ ਸਾਨੂੰ ਫਲ਼ ਦੀ ਪ੍ਰਾਪਤੀ ਹੁੰਦੀ ਹੈ। ਇਸ ਸਾਰੇ ਦਾ ਨਿਚੋੜ ਸਮੇਂ ਦੀ
ਸੰਭਾਲ਼ ਕਰਨ ਵਾਲਾ ਹੀ ਤਰੱਕੀ ਦੇ ਰਾਹਾਂ ਦੀਆਂ ਪੈੜਾਂ ਨੱਪਦਾ ਹੈ।
ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ।।
ਪਾਛੈ ਬਾਘੁ ਡਰਾਵਣੋ ਆਗੈ ਅਗਨਿ ਤਲਾਉ।।
ਸਹਸੈ ਜੀਅਰਾ ਪਰਿ ਰਹਿਓ ਮਾ ਕਉ ਅਵਰੁ ਨ ਢੰਗੁ।।
ਨਾਨਕ ਗੁਰਮੁਖਿ ਛੁਟੀਐ ਹਰਿ ਪ੍ਰੀਤਮ ਸਿਉ ਸੰਗੁ।। ੭।।
ਸਲੋਕ ਵਾਰਾਂ ਤੇ ਵਧੀਕ ਪੰਨਾ ੧੪੧੦