ਸ਼ਬਦ ਰਾਂਹੀਂ ਜੀਵਨ ਨੂੰ ਸਵਾਰਨਾ
ਸਾਵਣਿ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰੁ।।
ਮਨੁ ਤਨੁ ਰਤਾ ਸਚ ਰੰਗਿ, ਇਕੋ ਨਾਮੁ ਅਧਾਰੁ।।
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ।।
ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲਿ ਸਾਧੂ ਪੀਵਣਹਾਰੁ।।
ਵਣੁ ਤਿਣੁ ਪ੍ਰਭ ਸੰਗਿ ਮਉਲਿਆ, ਸੰਮ੍ਰਥ ਪੁਰਖ ਅਪਾਰੁ।।
ਹਰਿ ਮਿਲਣੈ ਨੋ ਮਨੁ ਲੋਚਦਾ, ਕਰਮਿ ਮਿਲਾਵਣਹਾਰੁ।।
ਜਿਨੀ ਸਖੀਏ ਪ੍ਰਭੁ ਪਾਇਆ, ਹਉ ਤਿਨ ਕੈ ਸਦ ਬਲਿਹਾਰ।।
ਨਾਨਕ ਹਰਿ ਜੀ ਮਇਆ ਕਰਿ, ਸਬਦਿ ਸਵਾਰਣਹਾਰੁ।।
ਸਾਵਣੁ ਤਿਨਾ ਸੁਹਾਗਣੀ, ਜਿਨ ਰਾਮ ਨਾਮੁ ਉਰਿ ਹਾਰੁ।। ੬।।
ਮੁੱਢਲ਼ੀ ਵਿਚਾਰ--ਹਾੜ ਦੇ ਮਹੀਨੇ ਵਿੱਚ ਪੂਰੀ ਗਰਮੀ ਹੋਣ ਕਰਕੇ ਸਾਰੀ
ਬਨਸਪਤੀ ਸੁੱਕ ਜਾਂਦੀ ਹੈ। ਸਉਣ ਦੇ ਮਹੀਨੇ ਵਿੱਚ ਬਰਸਾਤ ਸ਼ੁਰੂ ਹੁੰਦਿਆਂ ਹੀ ਬਨਸਪਤੀ ਹਰਿਆਵਲ ਦਾ
ਰੂਪ ਧਾਰਨ ਕਰਨਾ ਸ਼ੁਰੂ ਕਰ ਦੇਂਦੀ ਹੈ। ਮਨੁੱਖ ਦਾ ਸੁਭਾਅ ਤਥਾ ਜੀਵਨ ਵੀ ਕੁੱਝ ਏਸੇ ਤਰ੍ਹਾਂ ਦਾ
ਹੈ। ਮਨੁੱਖ ਦੇ ਸੁਭਾਅ ਵਿੱਚ ਕੁੜਤਣ, ਈਰਖਾ, ਆਲਸ, ਨਿੰਦਿਆ, ਤ੍ਰਿਸ਼ਨਾ ਤੇ ਨਿੱਜੀ ਸੁਆਰਥ ਵਰਗੀਆਂ
ਕਈ ਬੀਮਾਰੀਆਂ ਰਹਿੰਦੀਆਂ ਹਨ। ਇਹਨਾਂ ਬਿਮਾਰੀਆਂ ਕਰਕੇ ਮਨੁੱਖ ਦੇ ਆਤਮਿਕ ਗੁਣ ਸੜ ਜਾਂਦੇ ਹਨ।
ਗੁਰਬਾਣੀ ਸਿਧਾਂਤ ਨੇ ਵੱਖ ਵੱਖ ਪ੍ਰਤੀਕਾਂ ਰਾਂਹੀ ਮਨੁੱਖੀ ਜੀਵਨ ਵਿੱਚ ਹਰਿਆਵਲ ਭਰਨ ਦਾ ਯਤਨ ਕੀਤਾ
ਹੈ। ਸਉਣ ਦੇ ਮਹੀਨੇ ਦਾ ਪ੍ਰਤੀਕ ਲੈ ਕੇ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਜੇ ਬਨਸਪਤੀ ਹਰਿਆਵਲ
ਦਾ ਰੂਪ ਧਾਰਨ ਕਰਦੀ ਹੈ ਤਾਂ ਤੇਰਾ ਜੀਵਨ ਕਿਉਂ ਨਹੀਂ ਹਰਿਆ ਹੋ ਸਕਦਾ? ਮਨੁੱਖੀ ਜੀਵਨ ਵਿੱਚ
ਹਰਿਆਵਲ, ਸ਼ਬਦ ਦੀ ਵਿਚਾਰ ਵਿਚੋਂ ਮਿਲਣੀ ਹੈ। ਇਸ ਵਿਚਾਰ ਨੂੰ ਬਾਰਹ ਮਾਂਹ ਦੀ ਪਉੜੀ ਵਿੱਚ ਬੜੇ
ਖੂਬਸੂਰਤ ਢੰਗ ਨਾਲ ਸਮਝਾਇਆ ਹੈ—ਜਿਸ ਤਰ੍ਹਾਂ ਸਉਣ ਦੇ ਮਹੀਨੇ ਵਿੱਚ ਬਨਸਪਤੀ ਹਰੀ ਹੁੰਦੀ ਹੈ ਏਸੇ
ਤਰ੍ਹਾਂ ਜੇ ਜੀਵ ਰੂਪੀ ਇਸਤ੍ਰੀ ਰੱਬੀ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਏ ਤਾਂ ਇਸ ਦਾ
ਜੀਵਨ ਹਰਿਆ ਭਰਿਆ ਹੋ ਸਕਦਾ ਹੈ—
ਸਾਵਣਿ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰੁ।।
ਅੱਖਰੀਂ ਅਰਥ--
ਜਿਵੇਂ
ਸਾਵਣ ਵਿੱਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ
ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ
ਨਾਲ ਬਣ ਜਾਂਦਾ ਹੈ।
ਵਿਚਾਰ ਤੇ ਵਿਹਾਰਕ
ਪੱਖ--ਜੇ ਨਿਰਾ ਅੱਖਰਾਂ ਦੇ ਅਰਥਾਂ ਨੂੰ ਹੀ ਦੇਖਿਆ ਜਾਏ ਤਾਂ ਇੰਜ ਲੱਗਦਾ ਹੈ ਜਿਵੇਂ ਰੱਬ
ਜੀ ਦੇ ਕੋਈ ਸੱਚੀ ਮੁੱਚੀ ਚਰਨ ਹੁੰਦੇ ਹਨ ਤੇ ਉਹਨਾਂ ਚਰਨਾਂ ਨਾਲ ਹੀ ਪਿਆਰ ਕਰਨਾ ਹੈ। ਜਦੋਂ
ਗੁਰਬਾਣੀ ਸਿਧਾਂਤ ਨੂੰ ਧਿਆਨ ਨਾਲ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਰੱਬ ਜੀ ਨਾ ਤਾਂ ਜੰਮਦੇ
ਹਨ ਤੇ ਨਾ ਉਸ ਦਾ ਕੋਈ ਬੰਦਿਆਂ ਵਾਂਗ ਰੂਪ ਰੰਗ ਹੈ। ਫਿਰ ਸੁਆਲ ਪੈਦਾ ਹੁੰਦਾ ਹੈ ਕਿ ਰੱਬ ਜੀ ਦੇ
ਚਰਨ ਕਿਹੜੇ ਹੋਏ? ਇਸ ਦਾ ਉੱਤਰ ਹੈ ਕਿ ਰੱਬ ਜੀ ਦੇ ਚਰਨ ਰੱਬੀ ਗੁਣ ਹਨ ਜੋ ਸਾਨੂੰ ਗੁਰਬਾਣੀ ਉਪਦੇਸ਼
ਵਿਚੋਂ ਸਮਝ ਆਉਂਦੇ ਹਨ। ਗੁਰਬਾਣੀ ਦਾ ਬੜਾ ਪਿਆਰਾ ਫੈਸਲਾ ਹੈ ਕਿ ਰੱਬ ਜੀ ਦੇ ਚਰਨਾਂ ਨੂੰ ਹਿਰਦੇ
ਵਿੱਚ ਵਸਾਉਣ ਨਾਲ ਵਿਕਾਰੀ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ—
ਚਰਨ ਕਵਲ ਰਿਦ ਅੰਤਰਿ ਧਾਰੇ।। ਅਗਨਿ ਸਾਗਰ ਗੁਰਿ ਪਾਰਿ ਉਤਾਰੇ।। ੨।।
ਗਉੜੀ ਮਹਲਾ ੫ ਪੰਨਾ ੧੯੧—
ਅੱਖਰੀਂ ਅਰਥ--
(ਸਾਧ ਸੰਗਤਿ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿੱਚ
ਵਸਾ ਲਏ, ਗੁਰੂ ਨੇ ਉਹਨਾਂ ਨੂੰ ਤ੍ਰਿਸ਼ਨਾ-ਅੱਗ ਦੇ ਸਮੁੰਦਰ ਵਿਚੋਂ ਪਾਰ ਲੰਘਾ ਦਿੱਤਾ। ੨।
ਗੁਰਬਾਣੀ ਦਾ ਫੈਸਲਾ ਹੈ ਕਿ ਰੱਬ ਜੀ ਦੇ ਜੇ ਚਰਨ ਹਿਰਦੇ ਵਿੱਚ ਵੱਸ ਜਾਂਦੇ
ਹਨ ਤਾਂ ਸਾਡੇ ਅੰਦਰੋਂ ਭਰਮ ਖਤਮ ਹੋ ਜਾਂਦੇ ਹਨ—
ਮੋਹ ਮਾਨ ਭ੍ਰਮੁ ਬਿਨਸਿਓ ਪਾਈ ਸਰਨਿ ਦਇਆਲ।।
ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ।।
ਪੰਨਾ ੨੯੭—
ਅੱਖਰੀਂ ਅਰਥ--
ਜਿਨ੍ਹਾਂ
ਮਨੁੱਖਾਂ ਨੇ ਦਇਆ ਦੇ ਘਰ ਪ੍ਰਭੂ ਦਾ ਆਸਰਾ ਲੈ ਲਿਆ (ਉਹਨਾਂ ਦੇ ਅੰਦਰੋਂ ਮਾਇਆ ਦਾ) ਮੋਹ, ਅਹੰਕਾਰ
ਤੇ ਭਟਕਣਾ ਸਭ ਕੁੱਝ ਨਾਸ ਹੋ ਗਿਆ। ਜਿਨ੍ਹਾਂ ਦੇ ਮਨ ਵਿੱਚ ਹਿਰਦੇ ਵਿੱਚ ਪਰਮਾਤਮਾ ਦੇ ਸੋਹਣੇ ਚਰਨ
ਵੱਸ ਪਏ, ਪਰਮਾਤਮਾ ਦਾ ਦਰਸਨ ਕਰ ਕੇ ਉਹਨਾਂ ਦਾ ਮਨ ਤਨ ਖਿੜ ਪਿਆ।
ਚਰਨਾਂ ਦਾ ਅਰਥ ਹੈ ਉਪਦੇਸ਼ ਤੇ ਕਮਲ ਦਾ ਅਰਥ ਖਿੜਿਆ ਹੋਇਆ ਸੁਗੰਧੀ ਵਾਲਾ
ਫੁੱਲ। ਇਹ ਦੋਵੇਂ ਰੱਬੀ ਗੁਣਾਂ ਦੇ ਪ੍ਰਤੀਕ ਹਨ। ਨਾ ਤਾਂ ਪੈਰ ਹਿਰਦੇ ਵਿੱਚ ਵਸਾਏ ਜਾ ਸਕਦੇ ਹਨ ਤੇ
ਨਾ ਹੀ ਕਮਲ ਦੇ ਫੁੱਲ ਨੂੰ ਹਿਰਦੇ ਵਿੱਚ ਵਸਾਇਆ ਜਾ ਸਕਦਾ ਹੈ। ਫਿਰ ਇਸ ਦਾ ਭਾਵ ਅਰਥ ਹੀ ਲਿਆ
ਜਾਏਗਾ ਕਿ ਜਿੰਨ੍ਹਾਂ ਨੇ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਹਨਾਂ ਦਾ ਜੀਵਨ
ਰਸਦਾਇਕ ਹੋ ਨਿਬੜਦਾ ਹੈ। ਜੀਵਨ ਵਿੱਚ ਰਸ ਕਿਸ ਤਰ੍ਹਾਂ ਭਰਨਾ ਹੈ ਇੱਕ ਉਦਾਹਰਣ ਰਾਂਹੀ ਸਹੀ ਸਮਝਿਆ
ਜਾ ਸਕਦਾ ਹੈ—ਇਕ ਆਦਮੀ ਸਟੂਲ `ਤੇ ਚੜ੍ਹ ਕੇ ਬਲਬ ਲਗਾਉਣ ਦਾ ਯਤਨ ਕਰ ਰਿਹਾ ਹੈ। ਬਲਬ ਉੱਚਾ ਹੈ
ਮਨੁੱਖ ਦਾ ਹੱਥ ਬਲਬ ਤੱਕ ਨਹੀਂ ਪਹੁੰਚ ਰਿਹਾ ਹੈ। ਕੋਲ ਖੜੀ ਘਰਵਾਲੀ ਕਹਿੰਦੀ ਹੈ ਕਿ ਤੁਹਾਡਾ ਕੱਦ
ਛੋਟਾ ਹੈ ਇਸ ਲਈ ਬਲਬ ਤੱਕ ਤੁਹਾਡਾ ਹੱਥ ਨਹੀਂ ਪਹੁੰਚ ਰਿਹਾ। ਉਸਦੀ ਗੱਲ ਦਾ ਅੰਦਾਜ਼ ਹੈ ਪਤੀ ਨੂੰ
ਗੱਸਾ ਦਿਵਾਉਣਾ, ਕੁਦਰਤੀ ਗੱਲ ਹੈ ਬੰਦੇ ਨੂੰ ਗੁੱਸਾ ਆਏਗਾ ਹੀ ਆਏਗਾ। ਕਿਉਂ ਕਿ ਘਰ ਵਾਲੀ ਕੱਦ ਦੀ
ਗੱਲ ਕਰਕੇ ਘਰਵਾਲੇ ਨੂੰ ਚਿੜਾਉਣ ਦੇ ਯਤਨ ਵਿੱਚ ਹੈ। ਤਸਵੀਰ ਦਾ ਦੂਜਾ ਪਾਸਾ ਦੇਖੋ, ਸਾਹਮਣਿਉਂ ਮਾਂ
ਆ ਰਹੀ ਹੈ ਤੇ ਉਸ ਨੇ ਬੜਾ ਵਧੀਆ ਨੁਕਤਾ ਦਿੱਤਾ ਹੈ ਕਿ ਮੇਰੇ ਬੇਟੇ ਦਾ ਕੱਦ ਛੋਟਾ ਨਹੀਂ ਹੈ ਇਹ
ਸਟੂਲ ਹੀ ਛੋਟਾ ਹੈ। ਜ਼ਿੰਦਗੀ ਵਿੱਚ ਰਸ ਭਰਿਆ ਜਾ ਸਕਦਾ ਹੈ ਜੇ ਅਸੀਂ ਈਰਖਾ ਤੋਂ ਰਹਿਤ ਹੋ ਕੇ ਮਾਂ
ਵਾਲੀ ਬਿਰਤੀ ਨੂੰ ਅਖਤਿਆਰ ਕਰੀਏ। ਬੱਸ ਏਹੀ ਕਾਰਨ ਹੈ ਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ
ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਦੇ ਯਤਨ ਵਿੱਚ ਲੱਗੇ ਹੋਏ ਹਾਂ। ਜ਼ਿੰਦਗੀ ਨੂੰ ਰਸਦਾਇਕ ਬਣਾਉਣ ਲਈ
ਮਨ ਵਿਚਲੀ ਮਲੀਨ ਭਾਵਨਾ ਨੂੰ ਖਤਮ ਕਰਨਾ ਪਏਗਾ। ਮਲੀਨ ਭਾਵਨਾ ਉਹ ਹੀ ਖਤਮ ਕਰ ਸਕਦਾ ਹੈ ਜਿਸ ਦਾ
ਕੁਦਰਤੀ ਨਿਯਮਾਵਲੀ, ਹੁਕਮ ਮੰਨਣ ਦੀ ਬਿਰਤੀ ਤੇ ਆਪਸੀ ਸਹਿਯੋਗ ਦੀ ਭਾਵਨਾ ਹੋਵੇਗੀ।
ਪਉੜੀ ਦੀ ਦੂਸਰੀ ਤੁੱਕ ਵਿੱਚ ਨੁਕਤਾ ਆਉਂਦਾ ਹੈ—
ਮਨੁ ਤਨੁ ਰਤਾ ਸਚ ਰੰਗਿ, ਇਕੋ ਨਾਮੁ ਅਧਾਰੁ।।
ਅੱਖਰੀਂ ਅਰਥ--
ਉਸ
ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ
ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।
ਵਿਚਾਰ ਤੇ ਵਿਹਾਰਕ ਪੱਖ--
ਇਹ ਸੱਚਾ ਰੰਗ ਲਗਣ ਦੀ ਸਾਰੀ ਉਤਪਤੀ ਓਦੋਂ ਹੀ
ਹੁੰਦੀ ਹੈ ਜਦੋਂ ਬੰਦੇ ਦੀ ਕੇਵਲ ਇੱਕ `ਤੇ ਟੇਕ ਹੁੰਦੀ ਹੈ। ਦੁਬਿਧਾ ਵਿੱਚ ਰਹਿਣ ਵਾਲਾ ਇਨਸਾਨ ਕਦੇ
ਵੀ ਸਹੀ ਫੈਸਲੇ ਨਹੀਂ ਲੈ ਸਕਦਾ। ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੀ ਇੱਕ ਤੋਂ ਸ਼ੁਰੂ ਹੁੰਦਾ
ਹੈ। ਹੁਣ ਅਸੀਂ ਸਾਰੇ ਇਹ ਗੱਲ ਕਹਿੰਦੇ ਹਾਂ ਕਿ ਰੱਬ ਇੱਕ ਹੈ, ਰੱਬ ਇੱਕ ਹੈ, ਪਰ ਏਦਾਂ ਕਹਿਣ ਨਾਲ
ਸਮਾਜ ਨੂੰ ਜਾਂ ਮੇਰੇ ਜੀਵਨ ਨੂੰ ਕੋਈ ਵੀ ਲਾਭ ਨਹੀਂ ਹੋ ਸਕਦਾ ਜਿੰਨਾਂ ਚਿਰ ਅਸੀਂ ਮਨ ਕਰਕੇ ਇੱਕ
ਨਹੀਂ ਹੁੰਦੇ। ਜੇ ਅਸੀਂ ਇੱਕ ਹੁੰਦੇ ਹਾਂ ਤਾਂ ਸਾਡੇ ਮਨ ਨੂੰ ਸੱਚ ਦਾ ਰੰਗ ਚੜ੍ਹਦਾ ਹੈ। ਮੰਨ ਲਓ
ਅਸੀਂ ਆਪਣੇ ਲੜਕੇ ਲਈ ਲੜਕੀ ਦੇਖਣ ਲਈ ਲੜਕੀ ਵਾਲਿਆਂ ਦੇ ਘਰ ਜਾਂਦੇ ਹਾਂ। ਲੜਕੀ ਸਾਨੂੰ ਪਸੰਦ ਆ
ਜਾਂਦੀ ਹੈ। ਫਿਰ ਲੜਕੀ ਵਾਲੇ ਸਾਨੂੰ ਪੁੱਛਦੇ ਹਨ ਕਿ ਭਾਈ ਸਾਹਿਬ ਜੀ ਤੁਹਾਡੀ ਕੋਈ ਮੰਗ ਹੈ ਤਾਂ
ਅਸੀਂ ਬਣੇ ਹੋਏ ਸੁਭਾਅ ਅਨੁਸਾਰ ਕਹਾਂਗੇ ਕਿ ਸਾਡੀ ਤਾਂ ਜੀ ਕੋਈ ਵੀ ਮੰਗ ਨਹੀਂ ਹੈ। ਪਰ ਸਾਡੇ ਅੰਦਰ
ਇੱਕ ਪ੍ਰਬਲ ਵਿਚਾਰ ਉਸਲਵੱਟੇ ਮਾਰਦਾ ਹੈ ਕਿ ਕੋਈ ਗੱਲ ਨਹੀਂ ਜੋ ਕੁੱਝ ਇਹਨਾਂ ਨੇ ਦੇਣਾ ਹੈ ਇਹ
ਸਾਰਾ ਆਪਣੀ ਲੜਕੀ ਨੂੰ ਹੀ ਦੇਣਾ ਹੈ। ਕਹਿਣ ਦਾ ਭਾਵ ਕਿ ਅਜੇ ਅਸੀਂ ਅੰਦਰੋਂ ਇੱਕ ਨਹੀਂ ਹੋਏ।
ਉਪਰਲੇ ਮਨ ਨਾਲ ਕਹਿ ਰਹੇ ਹੁੰਦੇ ਹਾਂ ਕਿ ਸਾਨੂੰ ਕੁੱਝ ਨਹੀਂ ਚਾਹੀਦਾ ਪਰ ਮਨ ਵਿੱਚ ਖਾਹਸ਼ ਹੁੰਦੀ
ਹੈ ਕਿ ਅਸੀਂ ਮੰਗੀਏ ਕੁੱਝ ਨਾ ਪਰ ਮਿਲਣਾ ਸਾਰਾ ਕੁੱਝ ਚਾਹੀਦਾ ਹੈ। ਜੇ ਸਾਡਾ ਮਨ ਇੱਕ `ਤੇ ਨਿਹਸਚਾ
ਰੱਖਦਾ ਹੈ ਤਾਂ ਕਦੇ ਵੀ ਈਰਖਾ ਵਰਗੀਆਂ ਬਿਮਾਰੀਆਂ ਜਨਮ ਨਹੀਂ ਲੈਣਗੀਆਂ। ‘ਇਕੋ
ਨਾਮੁ ਅਧਾਰੁ` ਦਾ ਪ੍ਰਭਾਵ ਹਰ ਸਟੇਜ `ਤੇ ਪੈਂਦਾ
ਹੈ। ਮੰਨ ਲਓ। ਕੋਈ ਵੀ ਸਰਕਾਰੀ ਜਾਂ ਅਰਧ ਸਰਕਾਰੀ ਜਾਂ ਜਿੱਥੇ ਵੀ ਮਨੁੱਖ ਸੇਵਾ ਨਿਭਾਅ ਰਿਹਾ ਹੈ
ਓੱਥੇ ਉਹ ਕਦੇ ਵੀ ਕਿਸੇ ਪਾਸੋਂ ਆਪਣੀ ਕਿਰਤ ਤੋਂ ਇਲਾਵਾ ਕੋਈ ਵੀ ਵਾਧੂ ਝੂਠ ਬੋਲ ਕੇ ਪੈਸੇ ਨਹੀਂ
ਲੈਂਦਾ ਤਾਂ ਸਮਝਿਆ ਜਾ ਸਕਦਾ ਹੈ ਕਿ ਇਸ ਮਨੁੱਖ ਦਾ ਕੇਵਲ ਆਪਣੀ ਇੱਕ ਕਿਰਤ `ਤੇ ਹੀ ਭਰੋਸਾ ਹੈ। ਜੇ
ਇੱਕ ਨੂੰ ਆਪਣੇ ਜੀਵਨ ਦਾ ਅਧਾਰ ਬਣਾਇਆ ਹੈ ਤਾਂ ਮਨ ਸੱਚੇ ਰੰਗ ਵਿੱਚ ਹਮੇਸ਼ਾਂ ਰੰਗਿਆ ਰਹੇਗਾ।
ਦੁਚਿੱਤੀ ਵਾਲਾ ਮਨੁੱਖ ਸਹੀ ਫੈਸਲੇ ਲੈਣ ਦੇ ਸਮਰੱਥ ਨਹੀਂ ਹੁੰਦਾ। ਜਦੋਂ ਮਨੁੱਖ ਇੱਕ `ਤੇ ਭਰੋਸਾ
ਰੱਖਦਾ ਹੈ ਤਾਂ ਇਸ ਦਾ ਮਨ ਤੇ ਤਨ ਭਾਵ ਅੰਦਰੋਂ ਤੇ ਬਾਹਰੋਂ ਇੱਕ ਹੋ ਜਾਂਦੇ ਹਨ। ਮਨ ਵਿੱਚ ਖੋਟ
ਰੱਖ ਕੇ ਗੱਲ ਨਹੀਂ ਕਰੇਗਾ
ਇਸ ਪਉੜੀ ਦੀ ਤੀਸਰੀ ਤੁੱਕ ਵਿਚ—
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ।।
ਅੱਖਰੀਂ ਅਰਥ--
ਮਾਇਆ ਦੇ ਨਾਸਵੰਤ ਕੌਤਕ ਉਸ
ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ।
ਵਿਚਾਰ ਤੇ ਵਿਹਾਰਕ
ਪੱਖ--ਮੀਂਹ ਪੈਂਦਾ ਹੈ ਤਾਂ ਸੋਕਾ ਦੂਰ ਹੋ ਜਾਂਦਾ ਹੈ ਤੇ ਬਨਸਪਤੀ ਹਰੀ ਹੋ ਜਾਂਦੀ ਹੈ। ਜੇ
ਗੁਰ-ਗਿਆਨ ਦੀ ਸਮਝ ਆਉਂਦੀ ਹੈ ਤਾਂ ਹੁਕਮ ਵਿੱਚ ਚਲਣ ਦਾ ਉਪਰਾਲਾ ਕਰਦਾ ਹੈ। ਜੋ ਰਸਦਾਇਕ ਜੀਵਨ ਦੀ
ਨਿਸ਼ਾਨੀ ਹੁੰਦੀ ਹੈ। ਕਿਉਂਕਿ ਐਸੇ ਮਨੁੱਖ ਦਾ ਕੇਵਲ ਇੱਕ `ਤੇ ਭਰੋਸਾ ਹੋ ਜਾਂਦਾ ਹੈ। ਅਜੇਹਾ ਮਨੁੱਖ
ਫਿਰ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਐਸੇ ਮਨੁੱਖ ਨੂੰ ਚੰਗਿਆਈ ਤੇ
ਬੁਰਿਆਈ ਦਾ ਪਤਾ ਲੱਗਦਾ ਹੈ। ਮੰਨ ਲਓ ਇੱਕ ਡਾਕਟਰ ਹੈ ਉਸ ਨੂੰ ਪਤਾ ਹੈ ਕਿ ਇਹ ਮਰੀਜ਼ ਕਿੰਨਾ ਕੁ
ਬਿਮਾਰ ਹੈ ਤੇ ਇਸ ਮਰੀਜ਼ `ਤੇ ਕਿੰਨੇ ਕੁ ਪੈਸੇ ਖਰਚ ਆਉਣਗੇ। ਹੁਣ ਅਜੇਹਾ ਡਾਕਟਰ ਮਰੀਜ਼ ਦੇ ਕਪੜੇ
ਉਤਾਰਨ ਤੱਕ ਚਲਿਆ ਜਾਏ ਤਾਂ ਮਰੀਜ਼ ਨੂੰ ਕੋਈ ਵੀ ਤਾਕਤ ਉਹਦੀ ਛਿੱਲ ਤੋਂ ਨਹੀਂ ਬਚਾ ਸਕਦੀ। ਦੂਜੇ
ਪਾਸੇ ਇੱਕ ਉਹ ਡਾਕਟਰ ਹੈ ਜਿਹੜਾ ਕੇਵਲ ਮਰੀਜ਼ ਪਾਸੋਂ ਬਣਦੀ ਫੀਸ ਹੀ ਲੈਂਦਾ ਹੈ, ਦਵਾਈਆਂ ਵੀ ਸਹੀ
ਢੰਗ ਦੀਆਂ ਲਿਖਦਾ ਹੈ। ਐਸੇ ਡਾਕਟਰ ਨੂੰ ਸਮਝ ਹੈ ਕਿਸੇ ਨਾਲ ਜ਼ਿਆਦਤੀ ਕਰਾਂਗਾ ਤਾਂ ਮੇਰੇ ਪੇਸ਼ੇ ਦੀ
ਤੌਹੀਨ ਹੈ। ਉਸ ਨੂੰ ਅਜੇਹੀ ਇਕੱਠੀ ਕੀਤੀ ਮਾਇਆ ਜ਼ਹਿਰ ਲੱਗਦੀ ਹੈ। ਸੂਝਵਾਨ ਮਨੁੱਖ ਕਦੇ ਵੀ ਨਿਜੀ
ਸੁਆਰਥ ਨੂੰ ਮੁੱਖ ਨਹੀਂ ਰੱਖੇਗਾ। ਆਮ ਕਰਕੇ ਕਈਆਂ ਦਾ ਸੋਨੇ ਨਾਲ ਬਹੁਤ ਲਗਾਵ ਰਹਿੰਦਾ ਹੈ। ਦੋ ਭਰਾ
ਤੁਰੇ ਜਾ ਰਹੇ ਹਨ। ਰਾਹ ਵਿੱਚ ਕਿਸੇ ਦੇ ਗਹਿਣੇ ਡਿੱਗੇ ਹੋਏ ਸਨ। ਵੱਡਾ ਭਰਾ ਗਹਿਣਿਆਂ ਨੂੰ ਦੇਖ
ਉਹਨਾਂ ਉੱਪਰ ਮਿੱਟੀ ਪਉਣ ਲੱਗ ਪਿਆ ਕਿ ਕਿਤੇ ਮੇਰੇ ਭਰਾ ਦਾ ਮਨ ਲਾਲਚ ਵਿੱਚ ਨਾ ਆ ਜਾਏ। ਜਦ ਛੋਟੇ
ਭਰਾ ਨੇ ਦੇਖਿਆ ਤਾਂ ਉਸ ਨੇ ਝੱਟ ਕਹਿ ਦਿੱਤਾ ਕਿ ਵੀਰਾ ਜੀ ਮਿੱਟੀ ਤੇ ਕਾਹਨੂੰ ਮਿੱਟੀ ਪਾ ਰਹੇ ਹੋ
ਚਲੋ ਅੱਗੇ ਚਲੀਏ ਆਪਣੀ ਮੰਜ਼ਿਲ ਕੋਈ ਹੋਰ ਹੈ। ਜੇ ਸ਼ਹੀਦੀਆਂ ਵਲ ਨਿਗਾਹ ਮਾਰਦੇ ਹਾਂ ਤਾਂ ਸ਼ਹੀਦਾਂ
ਨੂੰ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਹਨ ਪਰ ਸ਼ਹੀਦਾਂ ਸਾਹਮਣੇ ਇਹ ਸਾਰੀਆਂ ਲਾਲਚ ਵਾਲੀਆਂ
ਵਸਤੂਆਂ ਮਿੱਟੀ ਦੇ ਸਮਾਨ ਹੁੰਦੀਆਂ ਹਨ। ਉਹ ਕਦੇ ਵੀ ਗਿਰੇ ਹੋਏ ਸਮਝਾਉਤੇ ਨਹੀਂ ਕਰਦੇ।
ਪਉੜੀ ਦੀ ਅਗਲੀ ਤੁਕ ਵਿਚ—
ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮਿਲਿ ਸਾਧੂ ਪੀਵਣਹਾਰੁ।।
ਅੱਖਰੀਂ ਅਰਥ--
(ਸਾਵਣ
ਵਿੱਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ)
ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ
ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ
ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।
ਵਿਚਾਰ ਤੇ ਵਿਹਾਰਕ ਪੱਖ-- ਜਦੋਂ ਬੰਦਾ ਲਾਲਚੀ ਬਿਰਤੀ ਦਾ ਹੋ ਜਾਂਦਾ
ਹੈ ਤਾਂ ਉਹ ਫੈਸਲੇ ਗਲਤ ਲੈਂਦਾ ਹੈ। ਜਦੋਂ ਕਿਸੇ ਸਰਕਾਰ ਨੇ ਬਹੁਮਤ ਪੇਸ਼ ਕਰਨਾ ਹੁੰਦਾ ਹੈ ਤਾਂ
ਓਦੋਂ ਆਮ ਕਿਹਾ ਜਾਂਦਾ ਹੈ ਕਿ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਵੋਟ ਪਾਇਆ ਜੇ ਇਸ ਦਾ ਅਰਥ ਹੁੰਦਾ ਹੈ
ਕਿ ਬੰਦਾ ਕਿਸੇ ਲਾਲਚ ਵਿੱਚ ਨਾ ਆ ਜਾਏ। ਲਾਲਚ ਦਾ ਤਿਆਗ ਕਰਨ ਵਾਲਾ ਹੀ ਆਤਮਿਕ ਤਲ਼ `ਤੇ ਸਹੀ
ਜ਼ਿੰਦਗੀ ਜਿਉਂਦਾ ਹੈ। ਆਤਮਿਕ ਜੀਵਨ ਜਾਚ ਦੀ ਬੂੰਦ ਸਾਧੂ ਪਾਸੋਂ ਮਿਲਣੀ ਹੈ। ਸਾਧੂ ਕਿਸੇ ਪਹਿਰਾਵੇ
ਦਾ ਨਾਂ ਨਹੀਂ ਹੈ। ਸਾਧੂ ਦਾ ਭਾਵ ਅਰਥ ਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੋਂ ਹੈ-
ਸੋਈ ਸਾਜਨ ਮੀਤੁ ਪਿਆਰਾ।।
ਰਾਮੁ ਨਾਮੁ ਸਾਧ ਸੰਗਿ ਬੀਚਾਰਾ।।
ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ।। ੨।।
ਅੱਖਰੀਂ ਅਰਥ--
ਜੇਹੜਾ ਮਨੁੱਖ ਸਾਧ ਸੰਗਤਿ ਵਿੱਚ (ਟਿਕ
ਕੇ) ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ, ਉਹੀ ਸੱਜਣ-ਪ੍ਰਭੂ ਦਾ ਪਿਆਰਾ ਮਿਤ੍ਰ ਹੈ। ਸਾਧ ਸੰਗਤਿ
ਵਿੱਚ (ਰਿਹਾਂ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਤੇ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।
੨।
ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਣ ਤੋਂ ਮੁਰਾਦ ਹੈ ਗੁਰੂ ਗ੍ਰੰਥ ਸਾਹਿਬ ਦੀ
ਬਾਣੀ ਅਧਿਐਨ ਕਰਕੇ ਉਸ ਅਨੁਸਾਰੀ ਹੋਣਾ ਦਾ ਉਪਰਾਲਾ ਕਰਨਾ।
ਪਉੜੀ ਦੀ ਅਗਲੀ ਤੁਕ ਵਿਚ—
ਵਣੁ ਤਿਣੁ ਪ੍ਰਭ ਸੰਗਿ ਮਉਲਿਆ, ਸੰਮ੍ਰਥ ਪੁਰਖ ਅਪਾਰੁ।।
ਅੱਖਰੀਂ ਅਰਥ--
ਜਿਸ
ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁੱਝ ਕਰਨ
ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ।
ਵਿਚਾਰ ਤੇ ਵਿਹਾਰਕ ਪੱਖ--
ਕਿਸੇ
ਮਹਿਕਮੇ ਵਿੱਚ ਚੰਗਾ ਅਫ਼ਸਰ ਆ ਜਾਏ ਤਾਂ ਉਹ ਮਹਿਕਮਾ ਤਰੱਕੀ ਵਲ ਨੂੰ ਵਧਣਾ ਸ਼ੁਰੂ ਹੋ ਜਾਏਗਾ। ਜੇ
ਕਾਰਖਾਨੇ ਦਾ ਮਾਲਕ ਇਮਾਨਦਾਰੀ ਨਾਲ ਕਾਰਖਾਨੇ ਨੂੰ ਚਲਾਏਗਾ ਤਾਂ ਉਹ ਕਾਰਖਾਨਾ ਦਿਨ ਦੁਗਣੀ ਤੇ ਰਾਤ
ਚੌਗੁਣੀ ਤਰੱਕੀ ਕਰੇਗਾ।
‘ਸੰਮ੍ਰਥ ਪੁਰਖ ਅਪਾਰੁ`
ਤੋਂ ਸਮਝ ਆਉਂਦੀ ਹੈ ਕਿ ਸਮ੍ਰਥ ਪ੍ਰਭੂ ਨਾਲ ਸਾਰੀ
ਬਨਸਪਤੀ ਮੌਲ਼ਦੀ, ਖਿੜਦੀ ਹੈ। ਏਸੇ ਤਰ੍ਹਾਂ ਹਰ ਖੇਤਰ ਵਿੱਚ ਜੇ ਆਗੂ ਜੁਗਤੀ ਨਾਲ, ਨਿਯਮ ਅਨੁਸਾਰੀ
ਹੁੰਦਾ ਹੈ ਤਾਂ ਕੁਦਰਤੀ ਗੱਲ ਹੈ ਸਾਰੇ ਪਾਸੇ ਚਹਿਲ ਪਹਿਲ ਹੋਵੇਗੀ। ਕੋਈ ਮਨੁੱਖ ਮਨ ਮਾਰ ਕੇ ਹੁਨਰ
ਸਿੱਖਦਾ ਹੈ ਤਾਂ ਕੁਦਰਤੀ ਉਸ ਦੇ ਸਿੱਖੇ ਹੋਏ ਹੁਨਰ ਦਾ ਸਾਰੇ ਪਰਵਾਰ, ਤਥਾ ਸਮੁਚੇ ਸਮਾਜ ਨੂੰ ਲਾਭ
ਹੁੰਦਾ ਹੈ। ਕੁਰਦਤੀ ਨਿਯਮਾਵਲੀ ਵਰਤਦਿਆਂ ਮਨੁੱਖ ਨੇ ਬੇ-ਓੜਕ ਤਰੱਕੀਆਂ ਕੀਤੀਆਂ ਹਨ। ਦੇਸ਼ ਨੂੰ
ਚੰਗਾ ਦੇਸ਼ ਭਗਤ ਭਾਵ ਆਗੂ ਮਿਲ ਜਾਏ ਤਾਂ ਦੇਸ਼ ਤਰੱਕੀ ਦੀਆਂ ਬਲੰਦੀਆਂ ਨੂੰ ਛੂਹੇਗਾ। ਇਸ ਤੁਕ ਰਾਂਹੀ
ਮਨੁੱਖੀ ਜੀਵਨ ਵਿੱਚ ਖੁਸ਼ਹਾਲੀ ਦੀ ਝਲਕ ਪੇਸ਼ ਕੀਤੀ ਹੈ। ਸਮਰੱਥ ਕਿਰਸਾਨ ਫਸਲ ਪੈਦਾ ਕਰਕੇ ਚਾਰ
ਚੁਫੇਰੇ ਖੁਸ਼ਹਾਲੀ ਪੈਦਾ ਕਰਦਾ ਹੈ। ਏੱਥੇ ਹੁਣ ਇਕੱਲੇ ਕਿਰਸਾਨ ਦੀ ਕਹਾਣੀ ਨਹੀਂ ਹੈ। ਇਸ ਵਿੱਚ ਇੱਕ
ਵਿਗਿਆਨੀ ਦਾ ਵੀ ਬੜਾ ਵੱਡਾ ਯੋਗਦਾਨ ਹੈ ਜਿਸ ਨੇ ਨਵੀਂ ਖੋਜ ਕਰਕੇ ਚੰਗਾ ਬੀਜ ਤਿਆਰ ਕੀਤਾ।
ਡਾਕਟਰਾਂ ਨੇ ਨਵੀਆਂ ਨਵੀਆਂ ਖੋਜਾਂ ਕਰਕੇ ਰੋਗਾਂ ਤੇ ਕੰਟਰੋਲ ਕਰਨ ਦਾ ਯਤਨ ਕੀਤਾ ਹੈ। ਇਸ ਦਾ ਭਾਵ
ਅਰਥ ਹੈ ਕਿ ਸਹੀ ਸੋਚ ਸਹੀ ਫੈਸਲੇ ਲੈਣ ਵਾਲਾ ਹੀ ਖੁਸ਼ਹਾਲੀ ਦਾ ਰੰਗ ਬੰਨਦਾ ਹੈ। ਇਹ ਸਾਰੀ ਖੁਸ਼ਹਾਲੀ
ਆਤਮਿਕ ਤਲ਼ `ਤੇ ਵੀ ਲਿਅਉਣੀ ਹੈ।
ਪਉੜੀ ਦੀ ਅਗਲੀ ਤੁਕ ਵਿੱਚ ਰੱਬ ਜੀ ਦੇ ਮਿਲਾਪ ਦੀ ਵਿਚਾਰ ਕੀਤੀ ਗਈ ਹੈ—
ਹਰਿ ਮਿਲਣੈ ਨੋ ਮਨੁ ਲੋਚਦਾ, ਕਰਮਿ ਮਿਲਾਵਣਹਾਰੁ।।
ਅੱਖਰੀਂ ਅਰਥ--
ਉਸ
ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ
ਸਮਰੱਥ ਹੈ।
ਵਿਚਾਰ ਤੇ ਵਿਹਾਰਕ ਪੱਖ--
ਰੱਬ ਜੀ ਨੂੰ ਮਿਲਣ ਦਾ ਸੰਕਲਪ ਕੁੱਝ ਇਸ ਤਰ੍ਹਾਂ ਲੈ ਲਿਆ
ਹੈ ਜਿਵੇਂ ਕੋਈ ਦੋਸਤ ਆਪਣੇ ਦੋਸਤ ਨੂੰ ਮਿਲਣ ਲਈ ਜਾਂਦਾ ਹੈ। ਇਸ ਨੂੰ ਹੋਰ ਵਿਸਥਾਰ ਨਾਲ ਸਮਝਿਆ ਜਾ
ਸਕਦਾ ਹੈ। ਜਿਸ ਤਰ੍ਹਾਂ ਕਿਸੇ ਪਰਵਾਰ ਦੀ ਬੇਟੀ ਪਿੱਛਲੇ ਦਸ ਸਾਲ ਤੋਂ ਕਨੇਡਾ ਗਈ ਹੋਵੇ ਪਰ ਉਹ
ਪੰਜਾਬ ਨਾ ਸਕੀ ਹੋਵੇ ਪਿੱਛੇ ਮਾਂ ਇੱਕ ਦਰਦ ਭਰੀ ਅਵਾਜ਼ ਵਿੱਚ ਆਖੇ ਕਿ ਮੇਰਾ ਧੀ ਨੂੰ ਮਿਲਣ ਨੂੰ
ਬਹੁਤ ਚਿੱਤ ਕਰਦਾ ਹੈ। ਏਸੇ ਤਰ੍ਹਾਂ ਹੀ ਅਸੀਂ ਸਰੀਰਕ ਤਲ਼ `ਤੇ ਰੱਬ ਜੀ ਦੇ ਦੀਦਾਰ ਕਰਨ ਦੇ ਯਤਨ
ਵਿੱਚ ਲੱਗੇ ਹੋਏ ਹਾਂ। ਕਈਆਂ ਨੇ ਗੱਪਾਂ ਵੀ ਇਕੱਠੀਆਂ ਕਰ ਲਈਆਂ ਹਨ ਕਿ ਰੱਬ ਜੀ ਨੂੰ ਫਲਾਣੇ ਬੰਦੇ
ਨੇ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਗੁਰਬਾਣੀ ਦਾ ਵਾਕ ਹੈ ਕਿ ਰੱਬ ਜੀ ਨੂੰ ਥਾਪਿਆ ਨਹੀਂ ਜਾ
ਸਕਦਾ— “ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪਿ ਨਿਰੰਜਨੁ ਸੋਇ”
ਦੂਸਰਾ ਉਪਰੋਕਤ ਤੁਕ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਅਕਾਲ ਪੁਰਖ
ਜੀ ਤੁਸੀਂ ਆਪ ਹੀ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮਿਲਾ ਲਓ। ਇਹ ਸਾਰੀ ਵਿਚਾਰ ਸਮਝਣ ਵਾਲੀ ਹੈ। ਜੇ
ਸਮਰੱਥ ਅਧਿਕਾਰੀ ਦੀ ਨੀਅਤ ਠੀਕ ਹੋਵੇ ਤਾਂ ਕੁਦਰਤੀ ਖੁਸ਼ਹਾਲੀ ਆਏਗੀ ਹੀ ਆਏਗੀ। ਖੁਸ਼ਹਾਲੀ ਵਾਲੇ
ਮੁਲਕ ਵਿੱਚ ਹਰ ਇਨਸਾਨ ਰਹਿਣਾ ਪਸੰਦ ਕਰਦਾ ਹੈ। ਹਰਿ ਨੂੰ ਮਿਲਣ ਦਾ ਭਾਵ ਸੰਤੋਖ, ਧੀਰਜ ਤਥਾ ਪਿਆਰ
ਵਰਗੀਆਂ ਭਾਵਨਾਵਾਂ ਨੂੰ ਜਨਮ ਦੇਣਾ ਤੋਂ ਹੈ। ‘
ਕਰਮਿ
ਮਿਲਾਵਣਹਾਰੁ` ਤੋਂ ਮੁਰਾਦ ਹੈ ਆਪ ਉਦਮ ਕਰਕੇ
ਤਰੱਕੀ ਦੇ ਰਾਹ ਪੈਣਾ। ਜਿੱਥੇ ਸੰਸਾਰ ਨੇ ਤਰੱਕੀ ਦੀਆਂ ਬਲੰਦੀਆਂ ਨੂੰ ਛੂਹਿਆ ਹੈ ਓੱਥੇ ਜ਼ਰੂਰੀ
ਨਹੀਂ ਕਿ ਸ਼ਾਤੀ ਵੀ ਆਈ ਹੋਵੇ। ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਬੰਦਾ ਨਿੱਤ ਪਰੇਸ਼ਾਨ
ਨਜ਼ਰ ਆ ਰਿਹਾ ਹੈ। ਅਸਲ ਖੁਸ਼ਹਾਲੀ, ਅਸਲ ਰੱਬੀ ਮਿਲਾਪ ਸਚਾਈ ਨੂੰ ਧਾਰਨ ਕਰਕੇ ਹੀ ਆ ਸਕਦਾ ਹੈ। ਇਸ
ਦੇ ਲਈ ਸਾਨੂੰ ਆਪ ਹੀ ਉਦਮ ਕਰਨਾ ਪੈਣਾ ਹੈ। ਇਸ ਤੁਕ ਵਿੱਚ ਸਚਾਈ ਦੇ ਧਾਰਨੀ ਹੋ ਕੇ ਨਿਸ਼ਾਨਿਆਂ ਦੀ
ਪ੍ਰਾਪਤੀ ਦਾ ਸੰਕਲਪ ਰੱਖਿਆ ਹੋਇਆ ਹੈ ਜੋ ਵਿਵਹਾਰ ਤੇ ਆਤਮਿਕ ਖੁਸ਼ਹਾਲੀ ਦਾ ਮੁੱਢ ਬੰਨਦੀ ਹੈ।
ਮਨੁੱਖ ਅੰਦਰ ਕੰਮ ਕਰਨ ਦੀ ਚਾਹਨਾ ਪੈਦਾ ਹੁੰਦੀ ਹੈ।
ਪਉੜੀ ਦੀ ਅਗਲੀ ਤੱਕ ਵਿੱਚ ਜਿੰਨਾਂ ਨੇ ਪਤੀ ਪ੍ਰਮਾਤਮਾ ਨਾਲ ਪੱਕੀ ਸਾਂਝ ਪਾ
ਲਈ ਹੈ ਗੁਰਦੇਵ ਪਿਤਾ ਜੀ ਉਹਨਾਂ ਤੋਂ ਕੁਰਬਾਨ ਹੋਣ ਦਾ ਜ਼ਿਕਰ ਕਰਦੇ ਹਨ-
ਜਿਨੀ ਸਖੀਏ ਪ੍ਰਭੁ ਪਾਇਆ, ਹਉ ਤਿਨ ਕੈ ਸਦ ਬਲਿਹਾਰ।।
ਅੱਖਰੀਨ ਅਰਥ--
ਮੈਂ
ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ
ਕਰ ਲਿਆ ਹੈ।
ਵਿਚਾਰ ਤੇ ਵਿਹਾਰਕ ਪੱਖ--
ਗੁਰਬਾਣੀ ਜਿੱਥੇ ਵਿਵਹਾਰਕ, ਸਦਾਚਾਰਕ ਕਦਰਾਂ ਕੀਮਤਾਂ ਦੀ
ਗੱਲ ਕਰਦੀ ਹੈ ਓੱਥੇ ਨਾਲ ਹੀ ਚੰਗੇ ਸਮਾਜ ਦੀ ਸਿਰਜਣਾ ਵੀ ਕਰਦੀ ਹੈ। ਹੁਣ ਇਸ ਤੁਕ ਨੂੰ ਧਿਆਨ ਨਾਲ
ਸਮਝੀਏ ਜਿਹੜੀਆਂ ਸਖੀਆਂ ਨੇ ਪ੍ਰਭੂ ਜੀ ਨੂੰ ਪਾ ਲਿਆ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।
ਪੰਡਤ ਇਹ ਗੱਲ ਪਰਪੱਕ ਕਰਾਉਂਦਾ ਹੈ ਕਿ ਜਿਹੜਾ ਜਨੇਊ ਧਾਰਨ ਕਰਦਾ ਹੈ ਉਹ ਹੀ
ਧਰਮੀ ਹੈ ਤੇ ਓਸੇ ਨੂੰ ਸੱਚਖੰਡ ਵਿੱਚ ਵਾਸਾ ਮਿਲੇਗਾ। ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਦੇ ਸਾਹਮਣੇ
ਸਵਾਲ ਰੱਖਿਆ ਹੈ ਕਿ ਪੰਡਤ ਜੀ ਕੀ ਤੁਹਾਡਾ ਜਨੇਊ ਇਕਸਾਰਤਾ ਵਾਲਾ ਨਹੀਂ ਹੈ। ਸ਼ੂਦਰ ਵਿਚਾਰੇ ਦੇ
ਹਿੱਸੇ ਤਾਂ ਜਨੇਊ ਆਇਆ ਹੀ ਨਹੀਂ ਹੈ ਤੇ ਨਾ ਹੀ ਵਿਚਾਰੀਆਂ ਇਸਤਰੀਆਂ ਨੂੰ ਤੁਸੀਂ ਜਨੇਊ ਪਉਣ ਦੇਂਦੇ
ਹੋ। ਫਿਰ ਗੁਰਦੇਵ ਪਿਤਾ ਜੀ ਨੇ ਸਮਝਾਇਆ ਕਿ ਦਇਆ ਦੀ ਕਪਾਹ ਸੰਤੋਖ ਦਾ ਸੂਤਰ ਜਤ ਦੀਆਂ ਗੰਢਾਂ ਤੇ
ਸਤ ਦਾ ਵੱਟ ਚੜਿਆ ਹੋਣਾ ਚਾਹੀਦਾ ਹੈ। ਕਿਰਸਾਨ ਨੂੰ ਸੰਤੋਖ ਦਾ ਸੁਹਾਗਾ ਰੱਖਣ ਦੀ ਤਾਗੀਦ ਕਰਦਿਆਂ
ਹੋਇਆਂ ਜੋਗੀਆਂ ਨੂੰ ਸੰਤੋਖ ਦੀਆਂ ਮੁੰਦਰਾਂ ਧਾਰਨ ਕਰਨ ਲਈ ਕਿਹਾ ਹੈ। ਹੁਣ ਜਿਸ ਨੇ ਸੰਤੋਖ ਨੂੰ
ਆਪਣੇ ਜੀਵਨ ਦਾ ਅਦਰਸ਼ ਮਿੱਥ ਲਿਆ ਉਹ ਵਿਵਹਾਰਕ ਤੌਰ `ਤੇ ਸੰਸਾਰ ਵਿੱਚ ਸੁੱਖੀ ਹੋਏਗਾ। ਅਜੇਹੇ
ਅਦਰਸ਼ਕ ਬੰਦੇ ਤੋਂ ਬਲਿਹਾਰੀ ਹੋਣ ਲਈ ਗੁਰਦੇਵ ਪਿਤਾ ਜੀ ਆਖਦੇ ਹਨ। ਬਲਿਹਾਰ ਹੋਣ ਦਾ ਪ੍ਰਤੀਕ ਹੈ ਕਿ
ਮੈਂ ਵੀ ਉਚ-ਪਾਏ ਦਾ ਜੀਵਨ ਬਸ਼ਰ ਕਰਨ ਦਾ ਯਤਨ ਕਰਾਂ।
ਸੰਸਰਿਕ ਤੌਰ `ਤੇ ਜਦੋਂ ਸਾਡਾ ਬੱਚਾ ਉਲਿੰਪਕ ਵਿੱਚ ਸੋਨ ਤਮਗਾ ਜਿੱਤਦਾ ਹੈ
ਤਾਂ ਅਸੀਂ ਸੁਭਾਵਿਕ ਤੌਰ `ਤੇ ਕਹਿੰਦੇ ਹਾਂ ਓ! ਤੈਥੋਂ ਬਲਿਹਾਰ ਜਾਈਏ। ਇਸ ਦਾ ਅਰਥ ਹੈ ਜਦੋਂ ਕੋਈ
ਨਿਸ਼ਾਨੇ ਦੀ ਪ੍ਰਾਪਤੀ ਕਰਦਾ ਹੈ ਤਾਂ ਅਸੀਂ ਉਸ ਤੋਂ ਸਦਕੇ ਹੋਣ ਤੋਂ ਨਹੀਂ ਰਹਿ ਸਕਦੇ। ਪ੍ਰਭੂ
ਪ੍ਰਾਪਤੀ ਦਾ ਅਰਥ ਜਿੱਥੇ ਸੱਚ ਦੇ ਅਧਾਰਤ ਨਿਸ਼ਾਨੇ ਦੀ ਪ੍ਰਾਪਤੀ ਹੈ ਓੱਥੇ ਜ਼ਿੰਦਗੀ ਦੀਆਂ ਹਕੀਕਤਾਂ
ਸਮਝਦਿਆਂ ਹੋਇਆ ਉਹਨਾਂ `ਤੇ ਪਹਿਰਾ ਦੇਣਾ ਪ੍ਰਮਾਤਮਾ ਦੀ ਪ੍ਰਾਪਤੀ ਮਿੱਥੀ ਹੈ। ਗੁਰੂ ਨਾਨਕ ਸਾਹਿਬ
ਜੀ ਨੇ ਧਰਮ ਦਾ ਪ੍ਰਚਾਰ ਕਰ ਰਹੇ ਪੁਜਾਰੀਆਂ ਦੀ ਅਸਲੀਅਤ ਦੁਨੀਆਂ ਸਾਹਮਣੇ ਰੱਖੀ—
ਕਾਦੀ ਕੂੜੁ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ ਜੀਆ ਘਾਇ।।
ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।। ੨
ਧਨਾਸਰੀ ਮਹਲਾ ੧ ਪੰਨਾ ੬੬੨
ਅੱਖਰੀਂ ਅਰਥ--
ਕਾਜ਼ੀ
(ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ
ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣਾਂ (ਕ੍ਰੋੜਾਂ
ਸ਼ੂਦਰ-ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ-ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ
ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ-ਨੇਤਾ ਹਨ, ਪਰ) ਇਹਨਾਂ ਤਿੰਨਾਂ
ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ। ੨।
ਧਰਮ ਦੇ ਪੁਜਾਰੀਆਂ ਸਬੰਧੀ ਸੱਚ ਕਹਿਣਾ ਹੀ ਰੱਬ ਦੀ ਪ੍ਰਾਪਤੀ ਹੈ। ਰਾਜਿਆਂ
ਨੂੰ ਸ਼ੀਂਹ ਤੇ ਕਰਿੰਦਿਆਂ ਨੂੰ ਕੁਤੇ ਕਹਿਣਾ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਧਾਰਾ ਦੇ ਹੀ ਹਿੱਸੇ
ਵਿੱਚ ਆਇਆ ਹੈ। ਗੁਰੂ ਸਾਹਿਬ ਜੀ ਦੀ ਅਜੇਹੀ ਨਿਵੇਕਲੀ ਵਿਚਾਰਧਾਰਾ ਤੋਂ ਹਰ ਕੋਈ ਸਦਕੇ ਹੁੰਦਾ ਹੈ।
ਇਸ ਲਈ ਪ੍ਰਭੂ ਪ੍ਰਾਪਤੀ ਹੀ ਉੱਚੇ ਸੁੱਚੇ ਅਦਰਸ਼ ਦੀ ਮੰਜ਼ਿਲ ਮਿੱਥੀ ਹੈ। ਜੋ ਉਦਮ ਕੀਤਿਆਂ ਸੰਭਵ ਹੋ
ਸਕਦੀ ਹੈ। ਇਸ ਉਦਮ ਨੂੰ ਰੱਬ ਦੀ ਮੇਹਰ ਕਿਹਾ ਗਿਆ ਹੈ।
ਬਾਂਰਹ ਮਾਂਹ ਦੀ ਇਸ ਪਉੜੀ ਦੀ ਅਗਲੀ ਤੁੱਕ ਵਿਚ—
ਨਾਨਕ ਹਰਿ ਜੀ ਮਇਆ ਕਰਿ, ਸਬਦਿ ਸਵਾਰਣਹਾਰੁ।।
ਅੱਖਰੀਂ ਅਰਥ--
ਹੇ
ਨਾਨਕ! (ਬੇਨਤੀ ਕਰ ਤੇ ਆਖ—) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ
ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ।
ਵਿਚਾਰ ਤੇ ਵਿਹਾਰਕ ਪੱਖ--ਗੁਰੂ ਅਰਜਨ ਪਾਤਸ਼ਾਹ ਜੀ ਨੇ ਜ਼ਿੰਦਗੀ ਨੂੰ
ਸਹੀ ਲੀਹ ਤੇ ਪਉਣ ਲਈ ਸ਼ਬਦ ਦੇ ਗਿਆਨ ਨੂੰ ਅਧਾਰ ਦੱਸਿਆ ਹੈ। ਸਿੱਖ ਕੌਮ ਨੂੰ ਮਾਣ ਹੈ ਕਿ ਗੁਰੂ
ਗ੍ਰੰਥ ਸਾਹਿਬ ਜੀ ਸਾਡਾ ਹੈ। ਸਿੱਖ ਕੌਮ ਨੂੰ ਮਾਣ ਹੈ ਕਿ ਇਹ ਸਾਰੀ ਦੁਨੀਆਂ ਦੀ ਅਗਵਾਈ ਕਰਦਾ ਹੈ।
ਜੇ ਹੁਣ ਦੇਖਿਆ ਜਾਏ ਤਾਂ ਸਿੱਖ ਕੌਮ ਕੁੱਝ ਕ੍ਰੋੜ ਤੱਕ ਹੀ ਸੀਮਤ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ
ਸਾਰੀ ਦੁਨੀਆਂ ਨੂੰ ਪਿਆਰ ਗਲਵੱਕੜੀ ਵਿੱਚ ਲੈਂਦੇ ਹਨ। ਇਸ ਦਾ ਭਾਵ ਅਰਥ ਹੈ ਕਿ ਜਿਹੜੀਆਂ ਸਚਾਈਆਂ
ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸਥਾਰ ਆਇਆ ਹੈ ਉਹ ਸਾਰੀਆਂ ਸਾਰੇ ਸੰਸਾਰ ਵਿੱਚ ਲਾਗੂ ਹੁੰਦੀਆਂ
ਹਨ। ਦੁਨੀਆਂ ਨੇ ਉਹ ਸਚਾਈਆਂ ਅਪਨਾ ਲਈਆਂ ਹਨ ਪਰ ਅਸੀਂ ਸਿਰਫ ਪ੍ਰਕਰਮਾਂ ਕਰ ਲਈਆਂ ਜਾਂ ਰੁਮਾਲੇ
ਚੜਾਉਣ ਤਕ ਸੁੰਗੜ ਕੇ ਰਹਿ ਗਏ ਹਾਂ। ਕਿਸੇ ਨਗਰ ਕੀਰਤਨ ਵਿੱਚ ਘੋੜਿਆਂ ਦੀ ਸ਼ਮੂਲੀਅਤ ਕਰਕੇ ਉਹਨਾਂ
ਦੀ ਪੂਜਾ ਕੀਤੀ ਜਾ ਰਹੀ ਹੈ, ਕਿਤੇ ਕੇਵਲ ਗੁਰੁ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਉਣ ਤੱਕ ਸਮਿਤ ਹੋ
ਕੇ ਰਹਿ ਗਏ ਹਾਂ। ਗੁਰਬਾਣੀ ਇਸ ਸਿਧਾਂਤ ਨਾਲ ਬਿਲਕੁਲ ਸਹਿਮਤ ਨਹੀਂ ਹੋਈ ਕਿ ਕੇਵਲ ਗੁਰੂ ਸਾਹਿਬ ਜੀ
ਨੂੰ ਦੇਖਣ ਨਾਲ ਹੀ ਅਸੀਂ ਪਵਿੱਤ੍ਰ ਹੋ ਜਾਂਵਾਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਣ ਨਾਲ ਵੀ
ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਗੁਰਬਾਣੀ ਦਾ ਬੜਾ ਪਿਆਰਾ ਵਾਲ ਹੈ--
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।।
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।।
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ।।
ਸਲੋਕੁ ਮਃ ੩ ਪੰਨਾ ੫੯੪
ਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ
ਹੈ (ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ
ਨਹੀਂ ਕਰਦਾ, (ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ
ਵਿੱਚ ਪਿਆਰ ਨਹੀਂ ਬਣਦਾ।
ਸਿੱਖ ਦਾ ਭਰੋਸਾ ਹੈ ਕਿ ਸ਼ਬਦ ਦੇ ਸਿਧਾਂਤ ਅਨੁਸਾਰ ਸਾਡਾ ਜੀਵਨ ਬਦਲ ਸਕਦਾ
ਹੈ। ਸ਼ਬਦ ਦਾ ਭਾਵ ਅਰਥ ਸਾਰੀ ਦੁਨੀਆਂ ਵਿੱਚ ਲਾਗੂ ਹੁੰਦਾ ਹੈ। ਕੁਦਰਤੀ ਸਚਾਈਆਂ, ਹਕੀਕਤਾਂ, ਰੱਬੀ
ਨਿਯਮਾਵਲੀ ਸਾਰੀ ਦੁਨੀਆਂ `ਤੇ ਲਾਗੂ ਹੁੰਦੀ ਹੈ। ਭਾਵ ਸੱਚ, ਸੰਤੋਖ, ਧਰਮ, ਹਲੇਮੀ, ਧੀਰਜ, ਸ਼ਹੀਦੀ
ਆਦਿ ਸਚਾਈਆਂ ਸਾਰੀ ਦੁਨੀਆਂ ਲਈ ਸਾਂਝੀਆਂ ਹਨ। ਸੁਕਰਾਤ ਜ਼ਹਿਰ ਦਾ ਪਿਆਲਾ ਇਸ ਲਈ ਪੀਂਦਾ ਹੈ ਕਿ ਸੱਚ
ਸਦਾ ਕਾਇਮ ਰਹਿਣਾ ਚਾਹੀਦਾ ਹੈ। ਜ਼ਮੀਰ ਮਾਰ ਕੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਗੁਰੂ ਅਰਜਨ ਪਾਤਸਾਹ
ਦੀ ਸ਼ਹੀਦੀ ਤਥਾ ਸਿੱਖਾਂ ਦੀਆਂ ਸ਼ਹੀਦੀਆਂ ਸੱਚ ਨੂੰ ਬਰਕਰਾਰ ਰੱਖਣ ਲਈ ਆਉਂਦੀਆਂ ਹਨ।
ਸਮਾਜ ਦਾ ਪੱਖ ਲੈ ਲਈਏ ਤਾਂ ਸ਼ਬਦ ਦੱਸਦਾ ਹੈ ਕਿ ਕੁੜਮਾਚਾਰੀ ਕਿਸ ਤਰ੍ਹਾਂ
ਦੀ ਹੋਣੀ ਚਾਹੀਦੀ ਹੈ। ਨੌਕਰੀ ਕਿਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ। ਵਪਾਰ ਕਿਸ ਤਰ੍ਹਾਂ ਦਾ ਹੋਣਾ
ਚਹੀਦਾ ਹੈ। ਅੱਜ ਸਾਡੇ ਸਮਾਜ ਵਿੱਚ ਦਾਜ ਵਰਗੀ ਬਿਮਾਰੀ ਪੂਰੀ ਤਰ੍ਹਾਂ ਸਾਡੇ ਭਾਈਚਾਰੇ ਨੂੰ ਜਕੜੀ
ਬੈਠੀ ਹੈ ਪਰ ਸ਼ਬਦ ਸਮਝਾ ਰਿਹਾ ਹੈ ਕਿ ਦਾਜ ਕਿਸ ਤਰ੍ਹਾਂ ਦਾ ਹੋਣਾ ਚਹੀਦਾ ਹੈ--
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ
ਦਾਨੁ ਮੈ ਦਾਜੋ।।
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ।।
ਹਰਿ ਹਰਿ ਭਗਤੀ ਕਾਜੁ।। ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ।।
ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ।।
ਹੋਰਿ ਮਨਮੁਖਿ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ।।
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ।। ੪।।
ਪੰਨਾ ੭੯
ਅੱਖਰੀਂ ਅਰਥ--ਹੇ ਮੇਰੇ ਪਿਤਾ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ
ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ। ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ)
ਕੱਪੜੇ ਦੇਹ, ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ ਗਹਿਣੇ ਆਦਿਕ) ਧਨ ਦੇਹ, ਇਸੇ ਦਾਜ ਨਾਲ ਮੇਰਾ
(ਪ੍ਰਭੂ-ਪਤੀ ਨਾਲ) ਵਿਆਹ ਸੋਹਣਾ ਲੱਗਣ ਲੱਗ ਪਏ। ਪਰਮਾਤਮਾ ਦੀ ਭਗਤੀ ਨਾਲ ਹੀ (ਪਰਮਾਤਮਾ ਨਾਲ)
ਵਿਆਹ ਦਾ ਉੱਦਮ ਸੁਖਦਾਈ ਬਣਦਾ ਹੈ। (ਜਿਸ ਜੀਵ-ਮੁਟਿਆਰ ਨੂੰ) ਗੁਰੂ ਨੇ ਸਤਿਗੁਰੂ ਨੇ ਇਹ ਦਾਨ (ਇਹ
ਦਾਜ) ਦਿਵਾਇਆ ਹੈ, ਹਰੀ-ਨਾਮ ਦੇ ਦਾਜ ਨਾਲ ਉਸ ਦੀ ਸੋਭਾ (ਉਸ ਦੇ) ਦੇਸ ਵਿੱਚ ਸੰਸਾਰ ਵਿੱਚ ਹੋ
ਜਾਂਦੀ ਹੈ। ਇਹ ਦਾਜ ਐਸਾ ਹੈ ਕਿ ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ। ਆਪਣੇ ਮਨ ਦੇ
ਪਿੱਛੇ ਤੁਰਨ ਵਾਲੇ ਹੋਰ ਬੰਦੇ ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ (ਵਿਖਾਲਾ ਪਾਂਦੇ ਹਨ) ਉਹ ਝੂਠਾ
ਅਹੰਕਾਰ (ਪੈਦਾ ਕਰਨ ਵਾਲਾ) ਹੈ ਉਹ ਕੱਚ (ਸਮਾਨ) ਹੈ, ਉਹ (ਨਿਰਾ) ਵਿਖਾਵਾ ਹੀ ਹੈ। ਹੇ ਮੇਰੇ
ਪਿਤਾ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ। ੪।
ਜੇ ਇਸ ਸ਼ਬਦ ਦੀ ਵਿਚਾਰ ਸਮਝ ਵਿੱਚ ਆ ਜਾਏ ਤਾਂ ਚੰਗੇ ਸਲੀਕੇ, ਚੰਗੇ ਸਮਾਜ,
ਵਧੀਆ ਜੀਵਨ ਦੀ ਪੱਤਪਤੀ ਹੁੰਦੀ ਹੈ। ਸਬਦਿ ਸਵਾਰਨਹਾਰ ਦਾ ਅਰਥ ਹੈ ਭਾਈਚਾਰਕ ਸਾਂਝਾਂ ਪਰਪੱਕ
ਹੁੰਦੀਆਂ। ਅਸੀਂ ਸ਼ਬਦ ਦੀ ਅਗਵਾਈ ਨਹੀਂ ਲਈ ਕੇਵਲ ਰੁਮਾਲੇ ਚੜ੍ਹਾੳਣ ਤੱਕ ਸੀਮਤ ਹੋ ਕੇ ਰਹਿ ਗਏ
ਹਾਂ। ਏਹੀ ਕਾਰਨ ਹੈ ਕਿ ਸ਼ਬਦ ਗੁਰੂ ਦੇ ਕੋਲ ਬੈਠ ਕੇ ਲੜਾਈਆਂ ਝਗੜੇ ਨੰਗੀਆਂ ਗਾਲ਼ਾਂ ਕੱਢਣ ਤੋਂ ਕੌਮ
ਦੇ ਆਗੂਆਂ ਕਦੇ ਗੁਰੇਜ਼ ਨਹੀਂ ਕੀਤਾ। ਜੇ ਸ਼ਬਦ ਗੁਰੂ ਦੀ ਮਹਾਨਤਾ ਦਾ ਪਤਾ ਮਨ ਵਿੱਚ ਰੱਖਦੇ ਤਾਂ ਕਦੇ
ਵੀ ਝਗੜੇ ਜਨਮ ਨਹੀਂ ਲੇਣਗੇ। ਸੱਚਾ ਗਿਆਨ ਸੱਚੇ ਸਮਾਜ ਦੀ ਘਾੜਤ ਘਾੜਦਾ ਹੈ।
ਇਸ ਪਉੜੀ ਦੀ ਅਖੀਰਲੀ ਤੁਕ ਵਿਚ—
ਸਾਵਣੁ ਤਿਨਾ ਸੁਹਾਗਣੀ, ਜਿਨ ਰਾਮ ਨਾਮੁ ਉਰਿ ਹਾਰੁ।।
ਅੱਖਰੀਂ ਅਰਥ--
ਸਾਵਣ
ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ
ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿੱਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ। ੬।
ਵਿਚਾਰ ਤੇ ਵਿਹਾਰਕ ਪੱਖ--ਸੁਹਾਗਣ ਦੀ ਨਿਸ਼ਾਨੀ ਦੱਸੀ ਹੈ ਜਿਸ ਦੇ ਹਿਰਦੇ
ਵਿੱਚ ਰੱਬ ਦੇ ਨਾਮ ਨੂੰ ਬੈਠਾਇਆ ਹੋਇਆ ਹੈ। ਸੁਹਗਣ ਦਾ ਅਰਥ ਹੈ ਸਿਆਣਾ, ਸੂਝਵਾਨ ਤੇ ਸੱਚਾ
ਗੁਰਸਿੱਖ ਭਾਵ ਚੰਗਾ ਸ਼ਹਿਰੀ—ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਸੁਹਾਗਣ ਦੀ ਕੀ ਨਿਸਾਨੀ ਹੈ—
ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ
ਸਮਾਇ।। ੧।।
ਸਲੋਕ ਮ: ੩ ਪੰਨਾ ੭੮੫
ਹੇ ਨਾਨਕ! (ਇਸ ਤੋਂ ਬਿਨਾ) ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਦਾ ਹੋਰ ਕੀਹ
ਲੱਛਣ ਹੋ ਸਕਦਾ ਹੈ? ਉਸ ਦੇ ਅੰਦਰ ਸੱਚਾ ਨਾਮ ਹੋਵੇ, ਮੂੰਹ (ਉਤੇ ਨਾਮ ਦੀ) ਲਾਲੀ ਹੋਵੇ ਤੇ ਉਹ
ਖਸਮ-ਪ੍ਰਭੂ ਵਿੱਚ ਜੁੜੀ ਰਹੇ।
ਸਾਡੇ ਸਮਾਜ ਵਿੱਚ ਵਿੱਚ ਜੇ ਕੋਈ ਇਸਤਰੀ ਜਾਂ ਪਤੀ ਆਪਣਾ ਗ੍ਰਹਿਸਤੀ ਘਰ ਛੱਡ
ਕੇ ਬਾਹਰ ਮੂੰਹ ਮਾਰਦਾ ਹੈ ਤਾਂ ਉਸ ਦੀ ਸਮਾਜ ਵਿੱਚ ਕੋਈ ਥਾਂ ਨਹੀਂ ਹੁੰਦੀ। ਜਿਹੜੀਆਂ ਜੀਵ ਰੂਪੀ
ਇਸਤਰੀਆਂ ਕੇਵਲ ਆਪਣੇ ਪਤੀ ਦੀ ਆਗਿਆ ਵਿੱਚ ਚੱਲਦੀਆਂ ਹਨ ਸਮਾਜ ਵਿੱਚ ਉਹਨਾਂ ਦੀ ਕਦਰ ਹੁੰਦੀ ਹੈ
ਫ਼ਰੀਦ ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ—
ਢੂਢੇਦੀਏ ਸੁਹਾਗ ਕੂ, ਤਉ ਤਨਿ ਕਾਈ ਕੋਰ।।
ਜਿਨਾੑ ਨਾਉ ਸੁਹਾਗਣੀ, ਤਿਨਾੑ ਝਾਕ ਨ ਹੋਰ।। ੧੧੪।।
ਪੰਨਾ ੧੩੮੪–
ਸੁਹਾਗ (-ਪਰਮਾਤਮਾ) ਨੂੰ ਭਾਲਣ ਵਾਲੀਏ (ਹੇ ਜੀਵ ਇਸਤ੍ਰੀਏ!) (ਤੂੰ
ਅੰਮ੍ਰਿਤ ਵੇਲੇ ਉੱਠ ਕੇ ਪਤੀ-ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈਂ ਪਰ ਤੈਨੂੰ ਅਜੇ ਭੀ ਨਹੀਂ
ਮਿਲਿਆ) ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ। ਜਿਨ੍ਹਾਂ ਦਾ ਨਾਮ ‘ਸੋਹਾਗਣਾਂ` ਹੈ ਉਹਨਾਂ ਦੇ ਅੰਦਰ
ਕੋਈ ਹੋਰ ਟੇਕ ਨਹੀਂ ਹੁੰਦੀ (ਭਾਵ, ਪਤੀ-ਮਿਲਾਪ ਦੀ ‘ਦਾਤਿ` ਉਹਨਾਂ ਨੂੰ ਹੀ ਮਿਲਦੀ ਹੈ ਜੋ
ਅੰਮ੍ਰਿਤ ਵੇਲੇ ਉੱਠਣ ਦਾ ਕੋਈ ‘ਹੱਕ` ਨਹੀਂ ਜਮਾਂਦੀਆਂ)। ੧੧੪।
ਗੁਰੂ ਅਮਰਦਾਸ ਜੀ ਬੜਾ ਪਿਆਰਾ ਪ੍ਰਤੀਕ ਸਾਵਣ ਦੇ ਮਹੀਨੇ ਦਾ ਦੇ ਕੇ
ਸਮਝਾਉਂਦੇ ਹਨ ਜਿਸ ਤਰ੍ਹਾਂ ਸਾਵਣ ਦੇ ਮਹੀਨੇ ਵਿੱਚ ਮੀਂਹ ਪੈਂਦਾ ਹੈ ਤੇ ਬਨਸਪਤੀ ਸਾਰੀ ਹਰੀ ਹੋ
ਜਾਂਦੀ ਹੈ ਕੁੱਝ ਏਸੇ ਤਰ੍ਹਾਂ ਹੀ ਗੁਰ-ਸ਼ਬਦ ਦੇ ਮੀਂਹ ਨਾਲ ਸਾਡਾ ਜੀਵਨ ਵੀ ਹਰਿਆ ਹੋ ਸਕਦਾ ਹੈ--
ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ।।
ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ।। ੧।।
ਸਲੋਕ ਮਃ ੩ ਪੰਨਾ ੧੨੮੫
(
ਜਿਵੇਂ)
ਸਾਵਣ ਦੇ ਮਹੀਨੇ ਵਿੱਚ (ਵਰਖਾ ਨਾਲ ਸਾਰੇ ਬੂਟੇ ਹਰੇ ਹੋ ਜਾਂਦੇ ਹਨ; ਤਿਵੇਂ) ਜੀਵ-ਇਸਤ੍ਰੀ
ਸਤਿਗੁਰੂ ਦੇ ਸ਼ਬਦ ਦੀ ਰਾਹੀਂ ‘ਨਾਮ` ਦੀ ਵੀਚਾਰ ਕਰ ਕੇ ( ‘ਨਾਮ`-ਵਰਖਾ ਨਾਲ) ਰਸ ਵਾਲੀ (ਰਸੀਏ
ਜੀਵਨ ਵਾਲੀ) ਹੋ ਜਾਂਦੀ ਹੈ। ਹੇ ਨਾਨਕ! ਸਤਿਗੁਰੂ ਨਾਲ ਅਪਾਰ ਪਿਆਰ ਕੀਤਿਆਂ ਜੀਵ-ਇਸਤ੍ਰੀ ਸਦਾ
ਸੁਹਾਗਵਤੀ ਰਹਿੰਦੀ ਹੈ। ੧।
ਤੱਤਸਾਰ--ਸਾਵਣ ਦੇ ਮਹੀਨੇ ਦਾ ਨਾਂ ਲੈ ਕੇ ਗੁਰਦੇਵ ਪਿਤਾ ਜੀ ਨੇ
ਸਮਝਾਇਆ ਹੈ ਕਿ ਜੇ ਮੀਂਹ ਪੈਣ ਨਾਲ ਸਾਰੀ ਬਨਸਪਤੀ ਹਰੀ ਹੋ ਜਾਂਦੀ ਹੈ ਤਾਂ ਫਿਰ ਗੁਰ ਸ਼ਬਦ ਦੇ ਮੀਂਹ
ਨਾਲ ਤੇਰਾ ਜੀਵਨ ਕਿਉਂ ਨਹੀਂ ਹਰਿਆ ਹੋ ਸਕਦਾ? ਹਰੇ ਦਾ ਭਾਵ ਅਰਥ ਇਹ ਨਹੀਂ ਕਿ ਕੋਈ ਸਾਡੇ ਸਰੀਰ
ਵਿਚੋਂ ਹਰੀਆਂ ਪੱਤੀਆਂ ਨਿਕਲਣੀਆਂ ਹਨ। ਹਰੇ ਦਾ ਅਰਥ ਹੈ ਸੰਤੋਖ, ਮਿਠਾਸ, ਪਿਆਰ, ਸਹਿਜ ਦੀ ਭਾਵਨਾ
ਜਨਮ ਲਏ।
ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ।।
ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ।।
ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ।।
ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ।। ੩੦।।
ਪੰਨਾ ੧੪੧੨