ਭਰਮਾਂ ਕਰਕੇ ਨਰਕਾਂ ਵਿਚ
ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ।।
ਲਖ ਸੀਗਾਰ ਬਣਾਇਆ, ਕਾਰਜਿ ਨਾਹੀ ਕੇਤੁ।।
ਜਿਤੁ ਦਿਨਿ ਦੇਹ ਬਿਨਸਸੀ, ਤਿਤੁ ਵੇਲੈ ਕਹਸਨਿ ਪ੍ਰੇਤੁ।।
ਪਕੜਿ ਚਲਾਇਨਿ ਦੂਤ ਜਮ, ਕਿਸੈ ਨ ਦੇਨੀ ਭੇਤੁ।।
ਛਡਿ ਖੜੋਤੇ ਖਿਨੈ ਮਾਹਿ, ਜਿਨ ਸਿਉ ਲਗਾ ਹੇਤੁ।।
ਹਥ ਮਰੋੜੈ ਤਨੁ ਕਪੇ, ਸਿਆਹਹੁ ਹੋਆ ਸੇਤੁ।।
ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ।।
ਨਾਨਕ ਪ੍ਰਭ ਸਰਣਾਗਤੀ, ਚਰਣ ਬੋਹਿਥ ਪ੍ਰਭ ਦੇਤੁ।।
ਸੇ ਭਾਦੁਇ ਨਰਕਿ ਨ ਪਾਈਅਹਿ, ਗੁਰੁ ਰਖਣ ਵਾਲਾ ਹੇਤੁ।। ੭।।
ਮੁੱਢਲ਼ੀ ਵਿਚਾਰ--ਮਨੁੱਖ ਦੀ ਮਾਨਸਿਕ ਕਮੰਜ਼ੋਰੀ ਹੈ ਕਿ ਇਹ ਆਪਣੇ ਆਪ
ਨੂੰ ਵੱਡਾ ਕਰਕੇ ਦੇਖਦਾ ਹੈ। ਏਹੀ ਕਾਰਨ ਹੈ ਕਿ ਇਸ ਨੇ ਬਹੁਤ ਵੱਡੇ ਵੱਡੇ ਭਰਮ ਪਾਲ ਰੱਖੇ ਹੋਏ ਹਨ
ਕਿ ਮੇਰੇ ਵਰਗਾ ਹੋਰ ਕੋਈ ਨਹੀਂ ਹੈ। ਭਰਮ ਕਰਕੇ ਬੰਦਾ ਅਸਲੀਅਤ ਨੂੰ ਸਮਝਣ ਲਈ ਤਿਆਰ ਨਹੀਂ ਹੁੰਦਾ।
ਬਹੁਤਿਆਂ ਘਰਾਂ ਦੇ ਕਲੇਸ਼ ਏਸੇ ਲਈ ਪਏ ਹਨ ਕਿ ਹਰ ਜੀਅ ਆਪਣੇ ਆਪ ਨੂੰ ਨਾਢੂ ਖਾਂ ਹੀ ਸਮਝਦਾ ਹੈ। ਕਈ
ਪਰਵਾਰ ਦੇ ਜੀਅ ਬਹੁਤ ਵੱਡੇ ਭਰਮ ਵਿੱਚ ਹੁੰਦੇ ਹਨ ਕਿ ਸਾਡੇ ਕਰਕੇ ਹੀ ਸਾਰਾ ਪਰਵਾਰ ਜਿਉਂਦਾ ਹੈ।
ਸਮਾਜਿਕ, ਧਾਰਮਿਕ, ਰਾਜਨੀਤਿਕ ਪੱਖ ਵੀ ਕੁੱਝ ਏਸੇ ਤਰ੍ਹਾਂ ਦਾ ਹੀ ਹੈ। ਜਿਹੜਾ ਇੱਕ ਵਾਰ ਪ੍ਰਧਾਨ
ਬਣ ਜਾਂਦਾ ਹੈ ਉਹ ਮੁੜ ਕੁਰਸੀ ਛੱਡਣ ਲਈ ਤਿਆਰ ਹੀ ਨਹੀਂ ਹੁੰਦਾ। ਉਹ ਸਮਝਦਾ ਹੈ ਕਿ ਮੇਰੇ ਤੋਂ
ਬਿਨਾਂ ਗੁਰਦੁਆਰਾ ਤਥਾ ਸਭਾ-ਸੁਸਾਇਟੀ ਚਲ ਹੀ ਨਹੀਂ ਸਕਦੀ। ਭਰਮ ਤਰੱਕੀ ਦੇ ਰਾਹ ਵਿੱਚ ਇੱਕ ਵੱਡਾ
ਰੋੜਾ ਹੈ। ਕਈ ਅਫ਼ਸਰਾਂ ਨੂੰ ਹਵਾ ਛੱਕਣ ਦੀ ਭੈੜੀ ਆਦਤ ਹੁੰਦੀ ਹੈ ਜਿਸ ਕਰਕੇ ਉਹ ਭਰਮ ਪਾਲ਼ ਲੈਂਦੇ
ਹਨ ਸ਼ਾਇਦ ਮੈਂ ਹੀ ਸਾਰੇ ਮਹਿਕਮੇ ਦਾ ਭਾਰ ਚੁੱਕਿਆ ਹੋਇਆ ਹੈ। ਅਜੇਹੇ ਅਫ਼ਸਰ ਮਹਿਕਮੇ ਦੀ ਤਰੱਕੀ ਦੀ
ਥਾਂ `ਤੇ ਚਾਪਲੂਸਾਂ ਦੀ ਤਰੱਕੀ ਕਰਦੇ ਰਹਿੰਦੇ ਹਨ। ਅਜੇਹੇ ਅਫ਼ਸਰਾਂ ਨੂੰ ਚਾਪਲੂਸ ਲੋਕ ਆਪਣੇ
ਅਨੁਸਾਰ ਚਲਾਉਣ ਦੇ ਸਮਰੱਥ ਹੋ ਜਾਂਦੇ ਹਨ। ਫੂਕ ਛੱਕਣ ਵਾਲੇ ਅਫ਼ਸਰ ਨੂੰ ਚਾਪਲੂਸ ਕਲਰਕ ਅਜੇਹੇ ਭਰਮ
ਜਾਲ ਵਿੱਚ ਫਸਾਉਂਦਾ ਹੈ ਕਿ ਉਹ ਗੈਰ ਕੁਦਰਤੀ ਫਾਈਲਾਂ (ਅਧੂਰੀਆਂ ਫਾਈਲਾਂ) ਦੇ ਦਸਤਖਤ ਕਰ ਬੈਠਦਾ
ਹੈ। ਚਾਪਲੂਸ ਕਲਰਕ ਅਜੇਹਾ ਭਰੋਸਾ ਦਿਵਾਉਂਦਾ ਕਿ ਜਨਾਬ ਏੱਥੇ ਕੌਣ ਪੁਛਦਾ ਹੈ, ਸਭ ਚਲਦਾ ਹੈ।
ਪਿੱਛਲਾ ਅਫ਼ਸਰ ਵੀ ਤਾਂ ਏਦਾਂ ਹੀ ਕਰਦਾ ਸੀ। ਕਿਸੇ ਨੂੰ ਕੰਨੋ ਕੰਨ ਤਕ ਖਬਰ ਨਹੀਂ ਹੈ। ਸਿਰਫ ਮੈਂ
ਹੀ ਜਾਣਦਾ ਹਾਂ। ਤੁਸੀਂ ਚਾਰ ਪੈਸੇ ਬਣਾਓ ਤੇ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਵਿਦੇਸ਼ ਭੇਜੋ, ਬਾਕੀ
ਆਪੇ ਅਗਲ਼ਾ ਅਫ਼ਸਰ ਦੇਖੇਗਾ, ਤੁਸੀਂ ਦਸਤਖਤ ਕਰਨ ਵਾਲੀ ਗੱਲ ਕਰੋ। ਅਫ਼ਸਰ ਭਰਮ ਪਾਲ਼ ਲੈਂਦਾ ਹੈ ਕਿ
ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ। ਚੱਕੀ ਚਲੋ ਫੱਟੇ ਦੇਖੀ ਜਾਓ ਕੁੱਝ ਨਹੀਂ ਹੋਣ ਲੱਗਾ। ਸ਼ਾਹੀ
ਕੁਰਸੀ `ਤੇ ਬੈਠਾ ਅਫ਼ਸਰ ਜਦੋਂ ਜੇਲ੍ਹ ਦੀ ਚਾਰ ਦੁਆਰੀ ਵਿੱਚ ਚਲਾ ਜਾਂਦਾ ਹੈ ਤਾਂ ਫਿਰ ਉਹ ਸਮਝਦਾ
ਹੈ ਮੈਂ ਹੁਣ ਨਰਕ ਭੋਗ ਰਿਹਾਂ ਹੈ। ਭਰਮ ਇੱਕ ਅਜੇਹੀ ਬਿਮਾਰੀ ਹੈ ਜੋ ਸ਼ੁਭ ਗੁਣਾਂ ਨੂੰ ਮੁੱਢੋਂ ਹੀ
ਖਾ ਜਾਂਦੀ ਹੈ। ਭਰਮਾਂ ਵਿੱਚ ਵਿਚਰਨ ਵਾਲਾ ਮਨੁੱਖ ਜਿਉਂਦੇ ਜੀ ਹੀ ਨਰਕ ਭੋਗ ਰਿਹਾ ਹੈ। ਗੁਰੂ ਅਰਜਨ
ਪਾਤਸ਼ਾਹ ਜੀ ਮਾਝ ਰਾਗ ਵਿੱਚ ਬਾਰਹ ਮਾਹ ਦੇ ਸਿਰਲੇਖ ਹੇਠ ਭਰਮ ਕਰਕੇ ਨਰਕ ਭੋਗ ਰਹੇ ਮਨੁੱਖ ਦੀ
ਸਥਿੱਤੀ ਵਿਸਥਾਰ ਸਹਿਤ ਵਿਚਾਰੀ ਹੈ।
ਪਉੜੀ ਦੀ ਪਹਿਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਬੰਦਾ
ਜਦੋਂ ਅਸਲੀਅਤ ਨੂੰ ਛੱਡ ਕੇ ਆਪਣੀ ਮਰਜ਼ੀ ਦੇ ਫੈਸਲੇ ਕਰਦਾ ਹੈ ਤਾਂ ਉਸ ਨੂੰ ਉਹੋ ਜੇਹੇ ਹੀ ਨਤੀਜੇ
ਭੁਗਤਣੇ ਪੈਂਦੇ ਹਨ-
ਭਾਦੁਇ ਭਰਮਿ ਭੁਲਾਣੀਆ, ਦੂਜੈ ਲਗਾ ਹੇਤੁ।।
ਅੱਖਰੀਂ ਅਰਥ--
(ਜਿਵੇਂ)
ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿੱਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ
ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ
ਰਸਤੇ ਤੋਂ ਖੁੰਝ ਜਾਂਦੀ ਹੈ।
ਵਿਚਾਰ ਤੇ ਵਿਹਾਰਕ ਪੱਖ--ਭਾਦਰੋਂ ਦੇ ਮਹੀਨੇ ਦਾ ਅਧਾਰ ਬਣਾ ਕੇ
ਮਨੁੱਖੀ ਜੀਵਨ ਵਿੱਚ ਤਾਜ਼ਗੀ ਭਰਨ ਦਾ ਯਤਨ ਕੀਤਾ ਹੈ। ਖਲੀਲ ਜਿਬਰਾਨ ਨੇ ਇੱਕ ਬਹੁਤ ਸੁੰਦਰ ਉਦਾਹਰਣ
ਦੇ ਕੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਬਿੱਲੀ ਜਦੋਂ ਆਪਣੇ ਘਰੋਂ ਬਾਹਰ ਨਿਕਲੀ ਤਾਂ ਸੂਰਜ
ਦੇਵਤਾ ਜੀ ਚੜ੍ਹ ਰਹੇ ਸਨ। ਸੂਰਜ ਦੀ ਚੜ੍ਹਾਈ ਉਤਰਾਈ ਸਮੇਂ ਚੀਜ਼ਾਂ ਦੇ ਅਕਾਰ ਭਾਵ ਪਰਛਾਵੇਂ ਵੱਡੇ
ਦਿਸਦੇ ਹਨ। ਚੜ੍ਹਦੇ ਸੂਰਜ ਸਮੇਂ ਬਿੱਲੀ ਨੇ ਆਪਣਾ ਪਰਛਾਵਾਂ ਦੇਖਿਆ ਤਾਂ ਮਨ ਵਿੱਚ ਬਹੁਤ ਵੱਡਾ ਭਰਮ
ਪਾਲ ਲਿਆ ਕਿ ਮੇਰਾ ਸਰੀਰਕ ਕੱਦ ਤਾਂ ਬਹੁਤ ਵੱਡਾ ਹੈ। ਏੱਡੇ ਵੱਡੇ ਸਰੀਰ ਦੀ ਖੁਰਾਕ ਵੀ ਫਿਰ ਜ਼ਿਆਦਾ
ਹੋਣੀ ਚਾਹੀਦੀ ਹੈ। ਬਿੱਲੀ ਸੋਚਦੀ ਹੈ ਕਿ ਹੁਣ ਹਾਥੀ ਖਾਣ ਤੋਂ ਬਿਨਾ ਮੇਰਾ ਪੇਟ ਨਹੀ ਭਰ ਸਕਦਾ।
ਵਿਚਾਰੀ ਬਿੱਲੀ ਹਾਥੀ ਦੀ ਭਾਲ ਵਿੱਚ ਚਾਰ ਚੁਫੇਰੇ ਭੱਜੀ ਫਿਰਦੀ ਨੂੰ ਸਾਰੇ ਜਨਵਰ ਦੇਖ ਰਹੇ ਹਨ।
ਭੱਜ ਨੱਸ ਕਰਦਿਆਂ ਸੂਰਜ ਸਿੱਖਰ `ਤੇ ਆ ਗਿਆ। ਜਦੋਂ ਸੂਰਜ ਸਿੱਧਾ ਸਿਰ `ਤੇ ਪੈਂਦਾ ਹੈ ਪਰਛਾਵੇਂ
ਛੋਟੇ ਹੋ ਜਾਂਦੇ ਹਨ। ਦੋੜ ਭੱਜ ਕਰਦਿਆਂ ਸਿੱਖਰ ਦੁਪਹਿਰੇ ਅਚਾਨਕ ਬਿੱਲੀ ਦੀ ਨਜ਼ਰ ਆਪਣੇ ਪਰਛਾਵੇਂ
ਵਲ ਗਈ ਤਾਂ ਉਸ ਦਾ ਪਰਛਾਵਾਂ ਅਸਲੀਅਤ ਨਾਲੋਂ ਵੀ ਛੋਟਾ ਸੀ। ਵਿਚਾਰੀ ਬਿੱਲੀ ਨੇ ਆਪਣਾ ਅਸਲੀ
ਪਰਛਾਵਾਂ ਦੇਖ ਕੇ ਖ਼ਿਆਲ ਬਦਲ ਲਿਆ ਤੇ ਕਹਿੰਦੀ, “ਚਲੋ ਕੋਈ ਗੱਲ ਨਹੀਂ ਮੈਂ ਹੁਣ ਚੂਹਾ ਖਾ ਕੇ ਹੀ
ਸਾਰ ਲਵਾਂਗੀ”। ਇਸ ਕਹਾਣੀ ਵਿੱਚ ਇੱਕ ਸੁਨੇਹਾ ਲੁਕਿਆ ਹੋਇਆ ਹੈ ਕਿ ਜਦੋਂ ਸੂਰਜ ਪੂਰਾ ਸਿੱਖਰ `ਤੇ
ਪਹੁੰਚਦਾ ਹੈ ਤਾਂ ਚੀਜ਼ਾਂ ਛੋਟੀਆਂ ਲੱਗਦੀਆਂ ਹਨ ਭਾਵ ਜਦੋਂ ਗਿਆਨ ਰੂਪੀ ਸੂਰਜ ਦੇ ਸਿੱਖਰ ਦੀ ਸਮਝ
ਆਉਂਦੀ ਹੈ ਤਾਂ ਸਾਡੇ ਆਪਣੇ ਮਨ ਦੇ ਬਣਾਏ ਹੋਏ ਭਰਮ ਆਪਣੇ ਆਪ ਹੀ ਦੂਰ ਹੋਣੇ ਸ਼ੁਰੂ ਹੋ ਜਾਂਦੇ ਹਨ।
ਪਉੜੀ ਦੀ ਪਹਿਲੀ ਤੁਕ ਵਿੱਚ ਦੋ ਗੱਲਾਂ ਦੀ ਵਿਚਾਰ ਚਰਚਾ ਕੀਤੀ ਗਈ ਹੈ। ਇੱਕ
ਤੇ ਅਸੀਂ ਭਰਮ ਬਹੁਤ ਵੱਡੀ ਪੱਧਰ `ਤੇ ਪਾਲ਼ਿਆ ਹੋਇਆ ਹੈ ਦੂਜਾ ਸਾਡਾ ਅੰਦਰੂਨੀ ਪਿਆਰ ਕਿਸੇ ਹੋਰ ਨਾਲ
ਹੈ। ਇਸ ਗੱਲ ਨੂੰ ਸਮਝਣ ਲਈ ਆਪਣਿਆਂ ਪਿੰਡਾਂ ਦੀ ਇੱਕ ਮਿਸਾਲ ਲਵਾਂਗੇ। ਅੰਮ੍ਰਿਤਸਰ ਤੋਂ ਫਤਹਿਗੜ੍ਹ
ਚੂੜੀਆਂ ਵਾਲੀ ਸੜਕ `ਤੇ ਪਿੰਡ ਭੋਮੇ ਵਿਖੇ ਰੋਡੇ ਦੀ ਸਮਾਧ ਹੈ। ਸਿੱਖ ਕੌਮ ਦਾ ਕੇਂਦਰੀ ਅਸਥਾਨ
ਅੰਮ੍ਰਿਸਰ ਸ਼ਹਿਰ ਵੀ ਨਜ਼ਦੀਕ ਹੀ ਪੈਂਦਾ ਹੈ। ਹੁਣ ਸਿੱਖ ਦਾ ਪਿਆਰ ਗੁਰੂ ਗ੍ਰੰਥ ਸਾਹਿਬ ਨਾਲ ਹੋਣਾ
ਚਾਹੀਦਾ ਸੀ ਪਰ ਵਿਚਾਰ ਦੀ ਘਾਟ ਕਰਕੇ ਭੋਲੇ ਸਿੱਖ ਰੋਡੇ ਸ਼ਾਹ ਦੀਆਂ ਖੁਸ਼ੀਆਂ ਲੈਣ ਲਈ ਆਪਣੇ ਹੱਥੀਂ
ਸ਼ਰਾਬ ਚੜ੍ਹਾਉਂਦੇ ਦੇਖੇ ਜਾ ਸਕਦੇ ਹਨ। ਲੋਕ ਭਰਮਾਂ ਵਿੱਚ ਪਏ ਹੋਏ ਹਨ ਕਿ ਸ਼ਾਇਦ ਸ਼ਰਾਬ ਚੜ੍ਹਾਉਣ
ਨਾਲ ਸਾਡੇ ਵਿਗੜੇ ਕੰਮ ਬਣ ਜਾਣਗੇ। ਜਾਂ ਰੋਡੇ ਦੇ ਸ਼ਰਾਬ ਚੜ੍ਹਾਉਣ ਨਾਲ ਹੀ ਸ਼ਾਇਦ ਸਾਡਾ ਕਾਕਾ ਸ਼ਰਾਬ
ਛੱਡ ਦੇਵੇਗਾ। ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਕਰਾਈ ਜਾਣਗੇ। ਦੂਜਾ ਪਿਆਰ ਤੇ ਭਰਮ
ਮਨੁੱਖ ਨੂੰ ਕਦੇ ਵੀ ਤਰੱਕੀ ਨਹੀਂ ਕਰਨ ਦੇਂਦਾ। ਗੁਰੂ ਅਰਜਨ ਸਾਹਿਬ ਜੀ ਰਾਗ ਗਉੜੀ ਵਿੱਚ ਸਮਝਾਉਂਦੇ
ਹਨ ਕਿ ਜਿਸ ਤਰ੍ਹਾਂ ਗਧੇ ਦੇ ਪੈਰਾਂ ਵਿੱਚ ਢੰਗ੍ਹਾ ਪਾ ਕੇ ਬੰਨ੍ਹਿਆ ਹੁੰਦਾ ਹੈ ਕੁੱਝ ਏਸੇ ਤਰ੍ਹਾਂ
ਹੀ ਮਨੁੱਖ ਦੀ ਸੋਚ ਨੂੰ ਭਰਮਾਂ ਦਾ ਢੰਗ੍ਹਾ ਪਿਆ ਹੋਇਆ ਹੈ—
ਮਨ ਤਨ ਧਨ ਭੂਮਿ ਕਾ ਠਾਕੁਰੁ ਹਉ ਇਸ ਕਾ ਇਹੁ ਮੇਰਾ।।
ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ।। ੨।।
ਗਉੜੀ ਮਾਲਾ ਮਹਲਾ ੫ ਪੰਨਾ ੨੧੬
ਅੱਖਰੀਂ ਅਰਥ-- (ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣਾ ਦੇ ਕਾਰਨ (ਮਾਇਆ
ਦੇ) ਮੋਹ ਦੇ ਕਾਰਨ (ਜੀਵ ਨੂੰ) ਕੋਈ ਸੁਚੱਜੀ ਗੱਲ ਨਹੀਂ ਸੁੱਝਦੀ, ਇਸ ਦੇ ਪੈਰਾਂ ਵਿੱਚ ਮਾਇਆ ਦੇ
ਮੋਹ ਦੇ ਢੰਗੇ ਪਏ ਹੋਏ ਹਨ (ਜਿਵੇਂ ਖੋਤੇ ਆਦਿਕ ਨੂੰ ਚੰਗਾ ਢੰਗਾ ਆਦਿਕ ਪਾਇਆ ਹੁੰਦਾ ਹੈ)। (ਮੋਹ
ਵਿੱਚ ਫਸ ਕੇ ਜੀਵ ਹਰ ਵੇਲੇ ਇਹੀ ਆਖਦਾ ਹੈ) ਮੈਂ ਆਪਣੀ ਜਿੰਦ ਦਾ ਸਰੀਰ ਦਾ ਧਨ ਦਾ ਧਰਤੀ ਦਾ ਮਾਲਕ
ਹਾਂ, ਮੈਂ ਇਸ (ਧਨ ਆਦਿ) ਦਾ ਮਾਲਕ ਹਾਂ, ਇਹ ਧਨ ਆਦਿਕ ਮੇਰਾ ਹੈ।
ਗੁਰਬਾਣੀ ਦਾ ਇੱਕ ਹੋਰ ਵਾਕ ਹੈ ਕਿ ਜਦੋਂ ਮਨੁੱਖ ਨਿਰਮਲ ਕਰਮਾਂ ਵਲ ਨੂੰ
ਮੁੜਦਾ ਹੈ ਤਾਂ ਇਸ ਦੇ ਭਰਮ ਦੂਰ ਹੁੰਦੇ ਹਨ—
ਦੂਖ ਰੋਗ ਬਿਨਸੈ ਭੈ ਭਰਮ।। ਸਾਧ ਨਾਮ ਨਿਰਮਲ ਤਾ ਕੇ ਕਰਮ।।
ਪੰਨਾ ੨੯੬
ਅੱਖਰੀਂ ਅਰਥ--
ਦੁੱਖ,
ਰੋਗ, ਡਰ ਤੇ ਵਹਮ ਉਸ ਦੇ ਨਾਸ ਹੋ ਜਾਂਦੇ ਹਨ, ਉਸ ਦਾ ਨਾਮ `ਸਾਧ` ਪੈ ਜਾਂਦਾ ਹੈ ਤੇ ਉਸ ਦੇ ਕੰਮ
(ਵਿਕਾਰਾਂ ਦੀ) ਮੈਲ ਤੋਂ ਸਾਫ਼ ਹੁੰਦੇ ਹਨ।
ਜਦੋਂ ਅਸਲੀਅਤ ਨੂੰ ਛੱਡ ਕੇ ਧਰਮ ਦੇ ਨਾਂ `ਤੇ ਕਈ ਪ੍ਰਕਾਰ ਦੇ ਪਾਪੜ ਵੇਲਦਾ
ਹੈ ਤਾਂ ਗੁਰਬਾਣੀ ਇਸ ਨੂੰ ਫੋਕਟ ਦੇ ਸ਼ਿੰਗਾਰ ਆਖਦੀ ਹੈ। ਸੱਚ ਦੇ ਮਾਰਗ ਦਾ ਤਿਆਗ ਕਰਕੇ ਜਦੋਂ ਬੰਦਾ
ਆਪਣੀ ਮਰਜ਼ੀ ਦੇ ਕਰਮ ਕਰਦਾ ਹੈ ਤਾਂ ਇਸ ਦੀ ਬੇੜੀ ਕਿਸੇ ਕਿਨਾਰੇ ਨਹੀਂ ਲੱਗਦੀ—
ਲਖ ਸੀਗਾਰ ਬਣਾਇਆ, ਕਾਰਜਿ ਨਾਹੀ ਕੇਤੁ।।
ਅੱਖਰੀਂ ਅਰਥ--
ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ,
(ਉਸ ਦੇ) ਕਿਸੇ ਕੰਮ ਨਹੀਂ ਆਉਂਦੇ। ਵਿਚਾਰ ਤੇ
ਵਿਹਾਰਕ ਪੱਖ--ਬੇੜੀ
ਸੰਗਲ਼ ਨਾਲ ਬੰਨੀ ਹੋਵੇ ਤਾਂ ਬੇੜੀ ਨੂੰ ਚੱਪੂ ਮਾਰਨ ਦਾ ਕੋਈ ਲਾਭ ਨਹੀਂ ਹੁੰਦਾ। ਬੇੜੀ ਨੂੰ ਅੱਗੇ
ਤੋਰਨ ਲਈ ਸੰਗਲ ਖੋਲ੍ਹਣਾ ਪਏਗਾ। ਏਸੇ ਤਰ੍ਹਾਂ ਹੀ ਧਰਮ ਦੇ ਨਾਂ `ਤੇ ਕੀਤੇ ਜਾ ਰਹੇ ਕਰਮ-ਕਾਂਡੀ
ਸ਼ਿੰਗਾਰਾਂ ਤੋਂ ਖਹਿੜਾ ਛਡਾਉਣਾ ਹੋਏਗਾ। ਸਿਰੀ ਰਾਗ ਵਿੱਚ ਗੁਰਦੇਵ ਪਿਤਾ ਜੀ ਦਾ ਖ਼ਿਆਲ ਹੈ—
ਸਭਿ ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ।।
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰ ਦੁਆਰਿ।।
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ।। ੫।। ੧੯।।
ਸਿਰੀ ਰਾਗੁ ਮਹਲਾ ੧ ਪੰਨਾ
੧੯
ਅਰਥ--ਜਦ ਤਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ (-ਤੀਰ) ਨਾਲ ਵਿੱਝਦਾ
ਨਹੀਂ, ਤਦ ਤਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲਦੀ, ਅਜੇਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ
ਵਿਅਰਥ ਚਲੇ ਜਾਂਦੇ ਹਨ (ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸੁਆਹ ਹੋ ਜਾਂਦਾ ਹੈ)
ਸਾਰੀਆਂ ਸਰੀਰਕ ਸਜਾਵਟਾਂ ਭੀ ਬੇ-ਕਾਰ ਹੀ ਜਾਂਦੀਆਂ ਹਨ। ਹੇ ਨਾਨਕ! ਉਹੀ ਭਾਗਾਂ ਵਾਲੀਆਂ
ਜੀਵ-ਇਸਤ੍ਰੀਆਂ ਮੁਬਾਰਿਕ ਹਨ ਜਿਨ੍ਹਾਂ ਦਾ ਪ੍ਰਭੂ-ਪਤੀ ਨਾਲ ਪ੍ਰੇਮ ਬਣਿਆ ਰਹਿੰਦਾ ਹੈ। ੪।
ਪਹਿਲੀ ਤੁਕ ਵਿੱਚ ਭਰਮ ਤੇ ਦੂਜੇ ਕਰਮ-ਕਾਂਡੀ ਪਿਆਰ ਦੀ ਗੱਲ ਕੀਤੀ ਹੈ।
ਇਹਨਾਂ ਭਰਮਾਂ ਤੇ ਦੂਜੇ ਪਿਆਰ ਕਰਕੇ ਹੀ ਮਨੁੱਖ ਕਰਮ-ਕਾਂਡ ਵਲ ਨੂੰ ਖਿਸਕ ਜਾਂਦਾ ਹੈ। ਲੱਖ ਸ਼ਿੰਗਾਰ
ਜਿੱਥੇ ਕਰਮ ਕਾਂਡ ਦੀ ਗੱਲ ਕਰਦਾ ਹੈ ਓੱਥੇ ਸਮਾਜਕ ਬੁਰਾਈਆਂ ਦਾ ਦਿਖਾਵਾ ਵੀ ਏਸੇ ਗਿਣਤੀ ਵਿੱਚ
ਆਉਂਦਾ ਹੈ। ਸੌਖਾ ਸਮਝਣਾ ਹੋਵੇ ਤਾਂ ਏਹੀ ਕਿਹਾ ਜਾ ਸਕਦਾ ਕਿ ਅਸਲੀਅਤ ਨਾਲੋਂ ਨਾਤਾ ਤੋੜ ਕੇ ਲੋਕ
ਦਿਖਾਵੇ ਵਾਲੇ ਧਰਮ ਤੇ ਸਮਾਜ ਦੇ ਨਾਂ `ਤੇ ਬੇਲੋੜੇ ਕਰਮ ਕਰਨ ਨੂੰ ਸ਼ਿੰਗਾਰ ਕਿਹਾ ਗਿਆ ਹੈ। ਫੋਕਟ
ਦੇ ਕਰਮਾਂ ਸਬੰਧੀ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ—
ਮਾਨੁਖੁ ਬਿਨੁ ਬੂਝੇ ਬਿਰਥਾ ਆਇਆ।।
ਅਨਿਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕੁ ਓਢਾਇਆ।।
ਟੋਡੀ ਮਹਲਾ ੫ ਪੰਨਾ ੭੧੨
ਅੱਖਰੀਂ ਅਰਥ --
ਹੇ
ਭਾਈ! (ਜਨਮ-ਮਨੋਰਥ ਨੂੰ) ਸਮਝਣ ਤੋਂ ਬਿਨਾ ਮਨੁੱਖ (ਜਗਤ ਵਿਚ) ਆਇਆ ਵਿਅਰਥ ਹੀ ਜਾਣੋ। (ਜਨਮ-ਮਨੋਰਥ
ਦੀ ਸੂਝ ਤੋਂ ਬਿਨਾ ਜੇ ਮਨੁੱਖ ਆਪਣੇ ਸਰੀਰ ਵਾਸਤੇ) ਅਨੇਕਾਂ ਸਿੰਗਾਰਾਂ ਦੀਆਂ ਬਨਾਵਟਾਂ ਕਰਦਾ ਹੈ
(ਤਾਂ ਇਉਂ ਹੀ ਹੈ) ਜਿਵੇਂ ਮੁਰਦੇ ਨੂੰ ਕਪੜੇ ਪਾਏ ਜਾ ਰਹੇ ਹਨ।
ਪਉੜੀ ਦੀ ਅਗਲ਼ੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ
ਜਿਤੁ ਦਿਨਿ ਦੇਹ ਬਿਨਸਸੀ, ਤਿਤੁ ਵੇਲੈ ਕਹਸਨਿ ਪ੍ਰੇਤੁ।।
ਅੱਖਰੀਂ ਅਰਥ--
ਜਿਸ
ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ
ਕਿ ਇਹ ਹੁਣ ਗੁਜ਼ਰ ਗਿਆ ਹੈ। (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ)।
ਵਿਚਾਰ ਤੇ ਵਿਹਾਰਕ ਪੱਖ--ਗੱਲ ਸਮਝਣ ਵਾਲੀ ਹੈ ਜਿਉਂਦੇ ਜੀਅ ਮਨੁੱਖ ਘਰ
ਦਾ ਮਾਲਕ ਹੁੰਦਾ ਹੈ ਪਰ ਜਦੋਂ ਮਰ ਜਾਂਦਾ ਹੈ ਤਾਂ ਸਾਰਾ ਪਰਵਾਰ ਉਸ ਨੂੰ ਭੂਤ ਪ੍ਰੇਤ ਸਮਝਣ ਲੱਗ
ਜਾਂਦਾ ਹੈ ਤੇ ਸਾਰੇ ਕਹਿੰਦੇ ਹਨ ਇਸ ਨੂੰ ਛੇਤੀ ਘਰੋਂ ਬਾਹਰ ਕੱਢੋ ਨਿਆਣੇ ਡਰਦੇ ਹਨ। ਮਿਰਤਕ ਸਰੀਰ
ਨੂੰ ਭੂਤ ਜਾਂ ਡਰਾਉਣਾ ਕਿਉਂ ਕਿਹਾ ਜਾਂਦਾ ਹੈ? ਇਸ ਦਾ ਉੱਤਰ ਹੈ ਕਿ ਉਸ ਵਿਚੋਂ ਸਵਾਸ ਖਤਮ ਹੋ ਗਏ
ਹਨ ਇਹ ਹੁਣ ਸਰੀਰ ਕਿਸੇ ਕੰਮ ਦਾ ਨਹੀਂ ਰਿਹਾ। ਇੰਜ ਹੀ ਜਿਸ ਸਰੀਰ ਵਿਚੋਂ ਗੁਰੂ ਦੀ ਮਤ ਖਤਮ ਹੋ
ਜਾਵੇ ਭਾਵ ਰੱਬੀ ਗੁਣਾਂ ਨਾਲੋਂ ਨਾਤਾ ਟੁੱਟ ਜਾਵੇ ਗੁਰਬਾਣੀ ਉਸ ਨੂੰ ਮਰਿਆ ਹੋਇਆ ਕਹਿੰਦੀ ਹੈ—
ਆਖਾ ਜੀਵਾ ਵਿਸਰੈ ਮਰਿ ਜਾਉ।।
ਰਾਗ ਆਸਾ ਮਹਲਾ ੧
ਸਰੀਰ ਵਿਚੋਂ ਸਵਾਸ ਨਿਕਲਣ ਨੂੰ ਮਰ ਜਾਣਾ ਕਿਹਾ ਜਾਂਦਾ ਹੈ ਜੇ ਸ਼ੁਭ ਗੁਣ
ਵਿਸਰ ਗਏ ਤਾਂ ਉਸ ਨੂੰ ਆਤਮਿਕ ਤਲ਼ `ਤੇ ਮਰਿਆ ਹੋਇਆ ਕਿਹਾ ਗਿਆ ਹੈ। ਏੱਥੇ-
ਜਿਤੁ ਦਿਨਿ ਦੇਹ ਬਿਨਸਸੀ, ਤਿਤੁ ਵੇਲੈ ਕਹਸਨਿ ਪ੍ਰੇਤੁ।।
ਦੇਹ ਬਿਨਸਸ ਦਾ ਭਾਵ ਅਰਥ ਹੈ ਅਕਲ ਗਵਾਚ ਜਾਣੀ, ਅਕਲ ਮਾਰੀ ਜਾਣੀ, ਮਤ `ਤੇ
ਪਰਦਾ ਪੈ ਜਾਣ ਵਾਲੀ ਹਾਲਤ ਵਿੱਚ ਕਿਹਾ ਜਾਂਦਾ ਹੈ। ਵਿਗੜਿਆ ਹੋਇਆ ਮਨ ਹੀ ਭੂਤ-ਪ੍ਰੇਤ ਹੈ ਜੋ
ਆਪਣਿਆਂ ਨੂੰ ਹੀ ਡਰਾਈ ਜਾਂਦਾ ਹੈ। ਸਰਕਾਰੀ ਅਫ਼ਸਰ ਜਦੋਂ ਵੱਢੀ ਲੈਂਦਾ ਹੈ ਤਾਂ ਵੱਢੀ ਦੇਣ ਵਾਲਾ
ਕਹੇਗਾ ਫਲਾਣੇ ਅਫ਼ਸਰ ਦੀ ਕੀ ਗੱਲ ਕਰਦੇ ਹੋ ਉਹਦੀ ਤਾਂ ਜ਼ਮੀਰ ਹੀ ਮਰੀ ਹੋਈ ਹੈ। ਪੈਸੇ ਤੋਂ ਬਿਨਾਂ
ਤਾਂ ਕਿਸੇ ਦਾ ਵੀ ਕੰਮ ਨਹੀਂ ਕਰਦਾ। ਬੇ-ਅਕਲੀ ਨਾਲ ਕੀਤੇ ਹੋਏ ਕੰਮਾਂ ਦਾ ਖਿਲਾਰਾ ਦੇਖ ਕੇ ਸਿਆਣੇ
ਕਹਿ ਦੇਂਦੇ ਹਨ ਕਿ ਇੰਜ ਲੱਗਦਾ ਹੈ ਕਿ ਜਿਵੇਂ ਏੱਥੇ ਭੂਤ ਵੱਸਦੇ ਹੋਣ। ਪਹਿਲੀਆਂ ਤੁਕਾਂ ਅਨੁਸਾਰ
ਭਰਮ, ਅੰਧ-ਵਿਸ਼ਵਾਸ ਤੇ ਕਰਮ-ਕਾਂਡਾਂ ਦੇ ਕੀਤੇ ਹੋਏ ਸਿੰਗਾਰ ਨਾਲ ਮਤ ਦਾ ਵਿਕਾਸ ਨਹੀਂ ਹੁੰਦਾ।
ਕਬੀਰ ਸਹਿਬ ਜੀ ਦਾ ਬੜਾ ਪਿਆਰਾ ਵਾਕ ਹੈ—
ਕਬੀਰ ਜਾ ਘਰ ਸਾਧ ਨ ਸੇਵੀਅਹਿ, ਹਰਿ ਕੀ ਸੇਵਾ ਨਾਹਿ।।
ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹਿ।। ੧੯੨।।
ਪੰਨਾ ੧੩੭੪
ਹੇ ਕਬੀਰ! (ਠਾਕੁਰਾਂ ਦੀ ਪੂਜਾ ਤੇ ਹਰੇਕ ਦਿਨ-ਦਿਹਾਰ ਸਮੇ ਬ੍ਰਾਹਮਣ ਦੀ
ਸੇਵਾ—ਬੱਸ! ਇਹ ਹੈ ਸਿੱਖਿਆ ਜੋ ਬ੍ਰਾਹਮਣ ਦੇਵਤਾ ਆਪਣੇ ਸ਼ਰਧਾਲੂਆਂ ਨੂੰ ਦੇ ਰਿਹਾ ਹੈ। ਸ਼ਰਧਾਲੂ
ਵਿਚਾਰੇ ਭੀ ਠਾਕੁਰ-ਪੂਜਾ ਤੇ ਬ੍ਰਾਹਮਣ ਦੀ ਸੇਵਾ ਕਰ ਕੇ ਆਪਣੇ ਆਪ ਨੂੰ ਸੁਚੱਜੇ ਤੇ ਸੁੱਚੇ ਹਿੰਦੂ
ਸਮਝ ਲੈਂਦੇ ਹਨ; ਪਰ ਅਸਲ ਗੱਲ ਇਹ ਹੈ ਕਿ) ਜਿਨ੍ਹਾਂ ਘਰਾਂ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ
ਹੁੰਦੀ, ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ, ਉਹ ਘਰ (ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼
ਰੱਖੇ ਜਾਂਦੇ ਹੋਣ) ਮਸਾਣਾਂ ਵਰਗੇ ਹਨ, ਉਹਨਾਂ ਘਰਾਂ ਵਿੱਚ (ਮਨੁੱਖ ਨਹੀਂ) ਭੂਤਨੇ ਵੱਸਦੇ ਹਨ।
ਇਸ ਪਉੜੀ ਦੀ ਅਗਲੀ ਤੁਕ ਵਿਚ—
“ਪਕੜਿ ਚਲਾਇਨਿ ਦੂਤ ਜਮ, ਕਿਸੈ ਨ
ਦੇਨੀ ਭੇਤੁ”।।
ਅਖਰੀਂ ਅਰਥ--
ਜਮਦੂਤ (ਜਿੰਦ ਨੂੰ) ਫੜ ਕੇ
ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ)।
ਵਿਚਾਰ ਤੇ ਵਿਹਾਰਕ ਪੱਖ--ਉਪਰੋਕਤ ਤੁਕ ਦੇ ਅੱਖਰੀਂ ਅਰਥ ਦੇਖ ਲਏ ਹਨ।
ਇਹ ਠੀਕ ਹੈ ਬੰਦਾ ਜਦੋਂ ਮਰ ਜਾਂਦਾ ਹੈ ਤਾਂ ਸਾਰਾ ਪਰਵਾਰ ਸਮੇਤ ਸਾਕ ਸਬੰਧੀਆਂ ਦੇ ਇੱਕ ਹੀ ਗੱਲ
ਕਹਿੰਦੇ ਹਨ ਕਿ ਇਹ ਹੁਣ ਘਰ ਰੱਖਣ ਵਾਲੀ ਚੀਜ਼ ਨਹੀਂ ਹੈ। ਇਸ ਨੂੰ ਜਲਦੀ ਤੋਂ ਜਲਦੀ ਸਮਸ਼ਾਣ ਘਾਟ ਲੈ
ਚਲੋ। ਅਸਲ ਵਿੱਚ ਕਾਰਨ ਤਾਂ ਇਹ ਹੁੰਦਾ ਹੈ ਜ਼ਿਆਦਾ ਚਿਰ ਮਿਰਤਕ ਸਰੀਰ ਪਿਆ ਰਹੇ ਤਾਂ ਉਹ ਖਰਾਬ ਹੋ
ਜਾਂਦਾ ਹੈ, ਉਸ ਵਿਚੋਂ ਮੁਸ਼ਕ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਤੁਕਾਂ ਦਾ ਜਿੱਥੇ ਅੱਖਰੀਂ ਅਰਥ
ਹੈ ਓੁੱਥੇ ਇਹ ਵੀ ਸਮਝਿਆ ਜਾਣਾ ਚਾਹੀਦਾ ਹੈ ਕਿ ਗੁਰਬਾਣੀ ਦੀ ਹਰ ਤੁਕ ਸਾਡੇ ਜੀਵਨ ਦੀ ਅਗਵਾਈ ਕਰਦੀ
ਹੈ। ਫਿਰ ਇਹਨਾਂ ਤੁਕਾਂ ਦਾ ਭਾਵ ਅਰਥ ਬਹੁਤ ਕੀਮਤੀ ਹੈ। ਇਹਨਾਂ ਤੁਕਾਂ ਨੂੰ ਆਪਣੇ ਜੀਵਨ `ਤੇ ਲੈ
ਕੇ ਆਉਣ ਦੀ ਜ਼ਰੂਰਤ ਹੈ। ਜਦੋਂ ਵਿਕਾਰਾਂ ਦਾ ਜ਼ੋਰ ਵੱਧ ਜਾਂਦਾ ਹੈ ਤਾਂ ਓਦੋਂ ਪਤਾ ਹੀ ਨਹੀਂ ਲੱਗਦਾ
ਕਿ ਕਦੋਂ ਸ਼ੁਭ ਮਤ ਵਿਸਰ ਗਈ ਹੈ। ਗੁਰਦੇਵ ਪਿਤਾ ਜੀ ਦਾ ਕੀਮਤੀ ਖ਼ਿਆਲ ਹੈ ਕਿ ਜਿੰਨ੍ਹਾਂ ਨੇ ਹਰਿ ਜੀ
ਨੂੰ ਪਾਇਆ ਨਹੀਂ ਭਾਵ ਸੱਚ ਦੀ ਸੋਝੀ ਨਹੀਂ ਰੱਖਦੇ ਉਹ ਸਦਾ ਜਮਾ ਦੇ ਪਾਸ ਰਹਿੰਦੇ ਹਨ ਜੇਹਾ ਕਿ—
ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗ ਹੀਣ ਜਮ ਪਾਸਿ।।
ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ।। ੩।।
ਅੱਖਰੀਂ ਅਰਥ--
ਪਰ ਜਿਨ੍ਹਾਂ ਮਨੁੱਖਾਂ ਨੂੰ
ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਇਆ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ
ਬਦ-ਕਿਸਮਤ ਹਨ, ਉਹ ਜਮਾਂ ਦੇ ਵੱਸ (ਪਏ ਹੋਏ ਸਮਝੋ ਉਹਨਾਂ ਦੇ ਸਿਰ ਉਤੇ ਆਤਮਕ ਮੌਤ ਸਦਾ ਸਵਾਰ
ਰਹਿੰਦੀ ਹੈ)। ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਜੋ ਸਾਧ ਸੰਗਤਿ ਵਿੱਚ ਨਹੀਂ ਬੈਠਦੇ, ਲਾਹਨਤ
ਹੈ ਉਹਨਾਂ ਦੇ ਜੀਊਣ ਨੂੰ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ।
ਗੁਰਬਾਣੀ ਵਿੱਚ ਬੇਅੰਤ ਪ੍ਰਮਾਣ ਹਨ ਜਿੰਨ੍ਹਾਂ ਤੋਂ ਸਮਝ ਆਉਂਦੀ ਹੈ ਕਿ ਇਹ
ਵਿਕਾਰ ਹੀ ਜਮ ਹਨ ਜੋ ਜਿਉਂਦੇ ਜੀ ਸਾਨੂੰ ਚਿੰਬੜੇ ਹੋਏ ਹਨ। ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ
ਜਮਾਂ ਦੀ ਫਾਹੀ ਕੱਟੀ ਜਾ ਸਕਦੀ ਹੈ ਜੇ ਰੱਬ ਜੀ ਨੂੰ ਧਿਆਇਆ ਜਾਏ, ਭਾਵ ਸੱਚ ਦੇ ਧਾਰਨੀ ਹੋਈਏ-
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ।।
ਪੰਨਾ ੧੧
ਅੱਖਰੀਂ ਅਰਥ--
ਜਿਨ੍ਹਾਂ ਮਨੁੱਖਾਂ ਨੇ
ਹਰਿ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ
ਵਾਲੀ ਫਾਹੀ ਟੁੱਟ ਗਈ ਹੈ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ)।
ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ।। ਅਨਦਿਨੁ ਦੁਖ ਕਮਾਵਦੇ ਨਿਤ
ਜੋਹੇ ਜਮ ਜਾਲੇ।।
ਸਿਰੀ ਰਾਗ ਮਹਲਾ ੩ ਪੰਨਾ ੩੦
ਇਸ ਦਾ ਭਾਵ ਅਰਥ ਹੈ ਕਿ ਜੇ ਸਤਿਗੁਰ ਦੇ ਉਪਦੇਸ਼ ਨੂੰ ਜੀਵਨ ਦਾ ਅਧਾਰ ਨਹੀਂ
ਬਣਾਉਂਦੇ ਤਾਂ ਕੁਦਰਤੀ ਵਿਕਾਰਾਂ ਰੂਪੀ ਜਮਾ ਦੇ ਪੱਲੇ ਪਵਾਂਗੇ।
ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ।।
ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ।।
ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ।। ੫।।
ਸਿਰੀ ਰਾਗ ਮਹਲਾ ੩ ਪੰਨਾ ੫੯—
ਅੱਖਰੀਂ ਅਰਥ--
ਜਿਨ੍ਹਾਂ ਬੰਦਿਆਂ ਨੇ
ਸਤਿਗੁਰੂ ਦਾ ਪੱਲਾ ਨਾਹ ਫੜਿਆ ਉਹਨਾਂ ਦਾ ਸੰਸਾਰ ਵਿੱਚ ਆਉਣਾ ਵਿਅਰਥ ਗਿਆ। ਉਹ ਜਮ ਦੇ ਦਰਵਾਜ਼ੇ ਤੇ
ਬੱਧੇ ਮਾਰੀ ਕੁੱਟੀਦੇ ਹਨ, ਕੋਈ ਉਹਨਾਂ ਦੀ ਕੂਕ ਪੁਕਾਰ ਵਲ ਧਿਆਨ ਨਹੀਂ ਦੇਂਦਾ। ਉਹਨਾਂ ਮਨੁੱਖਾ
ਜਨਮ ਵਿਅਰਥ ਗਵਾ ਦਿੱਤਾ, ਤੇ ਫਿਰ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ।
ਸੋ ਗੁਰਦੇਵ ਪਿਤਾ ਜੀ ਨੇ ਸਮਝਾਇਆ ਹੈ ਕਿ ਇਹ ਵਿਕਾਰ ਹੀ ਜਮ ਹਨ ਜੋ ਸਾਡਾ
ਮਾਨਸਿਕ ਵਿਕਾਸ ਨਹੀਂ ਹੋਣ ਦੇਂਦੇ। ਜਮਾ ਦੇ ਵੱਸ ਪਿਆ ਹੋਇਆ ਮਨੁੱਖ ਆਪਣੀ ਸੁਧ-ਬੁੱਧ ਗਵਾ ਲੈਂਦਾ
ਹੈ। ਜਦੋਂ ਬੰਦਾ ਕੋਈ ਗੁਨਾਹ ਜਾਂ ਗਲਤ ਕੰਮ ਕਰਨ ਲੱਗਦਾ ਹੈ ਤਾਂ ਆਪਣੇ ਆਪ ਨੂੰ ਸਹੀ ਦੱਸਣ ਲਈ ਉਸ
ਦੀਆਂ ਪਹਿਲਾਂ ਕਈ ਦਲੀਲਾਂ ਘੜਦਾ ਹੈ। ਫਿਰ ਸੋਚਦਾ ਹੈ ਕਿਹੜਾ ਕਿਸੇ ਨੂੰ ਕੋਈ ਪਤਾ ਲੱਗਣਾ ਹੈ।
ਅਖੀਰ ਜਦੋਂ ਉਸ ਦੇ ਗੁਨਾਹਾਂ ਦਾ ਭਾਂਡਾ ਟੱਟਦਾ ਹੈ ਤਾਂ ਵਿਕਾਰ ਉਸ ਦਾ ਸਾਥ ਛੱਡ ਦੇਂਦੇ ਹਨ—
ਛਡਿ ਖੜੋਤੇ ਖਿਨੈ ਮਾਹਿ, ਜਿਨ ਸਿਉ ਲਗਾ ਹੇਤੁ।।
ਅੱਖਰੀਂ ਅਰਥ--
(ਜਿਨ੍ਹਾਂ
ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿੱਚ ਹੀ ਸਾਥ ਛੱਡ ਬੈਠਦੇ ਹਨ।
ਵਿਚਾਰ ਤੇ ਵਿਹਾਰਕ ਪੱਖ--ਜਿਹੜੇ ਪਰਵਾਰ ਦੇ ਜੀਆਂ ਲਈ ਗਲਤ ਤਰੀਕਿਆਂ
ਨਾਲ ਮਾਇਆ ਇਕੱਠੀ ਕਰ ਰਿਹਾ ਸੀ ਉਸ ਪਰਵਾਰ ਦੇ ਜੀਆਂ ਵਿਚੋਂ ਕੋਈ ਵੀ ਉਸ ਦੇ ਨਾਲ ਜੇਲ੍ਹ ਵਿੱਚ
ਨਹੀਂ ਗਿਆ। ਦੂਜਾ ਜਿੰਨ੍ਹਾਂ ਮਾਨਸਿਕ ਵਿਕਾਰਾਂ ਦੇ ਅਧੀਨ ਹੋ ਕੇ ਵਿਕਾਰੀ ਜੀਵਨ ਬਤੀਤ ਕਰ ਰਿਹਾ ਸੀ
ਉਹ ਵਿਕਾਰ ਪ੍ਰਗਟ ਹੋਣ `ਤੇ ਮਨੁੱਖ ਦਾ ਸਾਥ ਛੱਡ ਦੇਂਦੇ ਹਨ। ਕਾਮ, ਕ੍ਰੋਧ, ਲੋਭ-ਲਾਲਚ, ਮੋਹ,
ਅੰਹਕਾਰ ਪਹਿਲਾਂ ਗਲਤ ਕੰਮ ਕਰਨ ਲਈ ਉਕਸਾਉਂਦੇ ਰਹਿੰਦੇ ਸਨ। ਜਦੋਂ ਇਹ ਕੀਤੇ ਹੋਏ ਕਰਮ ਲੋਕਾਂ ਦੇ
ਸਾਹਮਣੇ ਆਏ ਤਾਂ ਸਾਰੇ ਵਿਕਾਰ ਇਸ ਦਾ ਸਾਥ ਛੱਡ ਗਏ। ਭਾਵ ਜ਼ਲੀਲ ਹੋਣ ਲਈ ਇਕੱਲਾ ਹੀ ਰਹਿ ਗਿਆ।
ਜਦੋਂ ਬੰਦਾ ਭੈੜੇ ਕਰਮ ਕਰਦਾ ਫੜਿਆ ਜਾਂਦਾ ਹੈ ਤਾਂ ਇਸ ਨੂੰ ਜੇਲ੍ਹ ਦੀ ਚਾਰ ਦਿਵਾਰੀ ਵਿੱਚ ਬੰਦ ਕਰ
ਦਿੱਤਾ ਜਾਂਦਾ ਹੈ। ਜੇਲ੍ਹ ਦੀ ਚਾਰ ਦੀਵਾਰੀ ਵਿੱਚ ਕੋਈ ਵੀ ਵਿਕਾਰ ਇਸ ਦੀ ਕੋਈ ਵੀ ਸਹਾਇਤਾ ਨਹੀਂ
ਕਰਦਾ। ਇੱਕ ਵਾਰੀ ਮੈਨੂੰ ਗੂੜੇ ਮਿੱਤਰ ਦੀ ਮੁਲਾਕਾਤ ਲਈ ਜੇਲ੍ਹ ਵਿੱਚ ਜਾਣ ਦਾ ਸਬੱਬ ਬਣਿਆ, ਕਿਉਂ
ਕਿ ਪਰਚਾ ੧੯੫ ਦੇ ਅਧਾਰਤ ਸੀ। ਜੇਲ੍ਹ ਅੀਧਕਾਰੀ ਵਾਕਫ਼ ਸੀ। ਗੱਲਾਂ ਕਰਦਿਆਂ ਜੇਲ੍ਹ ਅਧਿਕਾਰੀ
ਕਹਿੰਦੇ ਕਿ ਜੇਲ੍ਹ ਵਿੱਚ ਸ਼ੇਰ ਤੇ ਬੱਕਰੀ ਇਕੋ ਘਾਟ `ਤੇ ਪਾਣੀ ਪੀਂਦੇ ਹਨ। ਭਾਵ ਏੱਥੇ ਕੋਈ ਚੂੰ ਦੀ
ਚਾਂ ਵੀ ਨਹੀਂ ਕਰ ਸਕਦਾ। ਵੱਡੇ ਵੱਡੇ ਬਦਮਾਸ਼ ਵੀ ਕੰਨ ਵਿੱਚ ਪਾਏ ਨਹੀਂ ਦੁਖਦੇ, ਭਾਵ ਜਿਹੜਿਆਂ
ਵਿਕਾਰਾਂ ਦੇ ਅਧੀਨ ਹੋ ਕੰਮ ਕਰਦਾ ਸੀ ਉਹਨਾਂ ਵਿਕਾਰਾਂ ਵਿਚੋਂ ਕਿਸੇ ਨੇ ਵੀ ਮਨੁੱਖ ਦਾ ਸਾਥ ਨਹੀਂ
ਦਿੱਤਾ। ਦੂਜੇ ਪਾਸੇ ਜੇ ਮਨੁੱਖ ਪਾਸ ਸ਼ੁਭ ਗੁਣ ਹਨ ਤਾਂ ਉਹ ਜਿੱਥੇ ਵੀ ਜਾਏਗਾ, ਸੁਭ ਗੁਣ ਉਸ ਦੀ
ਸਹਾਇਤਾ ਕਰਨਗੇ। ਗੁਣ ਤਰੱਕੀ ਤੇ ਇੱਜ਼ਤ ਦਿਵਾਉਂਦੇ ਹਨ। ਜਦ ਕਿ ਔਗੁਣ ਬੇ-ਇਜ਼ਤੀ ਕਰਾਉਂਦੇ ਹਨ।
ਮੁਕਦੀ ਗੱਲ ਜਿੰਨ੍ਹਾਂ ਵਿਕਾਰਾਂ ਨਾਲ ਮਨੁੱਖ ਪਿਆਰ ਕਰਦਾ ਸੀ ਉਹਨਾਂ ਵਿਕਾਰਾਂ ਨੇ ਮਨੁੱਖ ਦਾ ਕਦੇ
ਵੀ ਸਾਥ ਨਹੀਂ ਦਿੱਤਾ। ਸਗੋਂ ਥੋਕ ਦੇ ਭਾਅ ਬੇ-ਇਜ਼ਤੀ ਕਰਾਉਂਦੇ ਹਨ।
ਗੁਰਦੇਵ ਪਿਤਾ ਜੀ ਅੱਗੇ ਫਰਮਾਉਂਦੇ ਹਨ ਅਜੇਹੀ ਅਵਸਥਾ ਵਿੱਚ ਮਨੁੱਖ ਦੇ ਪਾਸ
ਕੇਵਲ ਪਛਤਾਵਾ ਹੀ ਰਹਿ ਜਾਂਦਾ ਹੈ—
ਹਥ
ਮਰੋੜੈ ਤਨੁ ਕਪੇ, ਸਿਆਹਹੁ ਹੋਆ ਸੇਤੁ।।
ਅੱਖਰੀਂ ਅਰਥ—
(ਮੌਤ
ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੁ ਤੋਂ ਚਿੱਟਾ ਪਿਆ
ਹੁੰਦਾ ਹੈ (ਘਬਰਾਹਟ ਨਾਲ ਇੱਕ ਰੰਗ ਆਉਂਦਾ ਹੈ ਇੱਕ ਜਾਂਦਾ ਹੈ)।
ਵਿਚਾਰ ਤੇ ਵਿਹਾਰਕ ਪੱਖ--
ਗਲਤੀਆਂ ਕਰਕੇ ਮਨੁੱਖ ਆਪਣੇ ਹੱਥ ਹੀ ਮਰੋੜਨ ਜੋਗਾ
ਰਹਿ ਜਾਂਦਾ ਹੈ। ਇਸ ਦੇ ਚਿਹਰੇ `ਤੇ ਇੱਕ ਰੰਗ ਆਉਂਦਾ ਹੈ ਤੇ ਇੱਕ ਰੰਗ ਜਾਂਦਾ ਹੈ। ਮੇਰੇ ਜਾਣ ਕਾਰ
ਪਰਵਾਰ ਵਿੱਚ ਸਕੇ ਭਰਾ ਕੋਲੋਂ ਮਾੜੇ ਜੇਹੇ ਗੁੱਸੇ ਵਿੱਚ ਅਚਾਨਕ ਰਿਵਾਲਰ ਦਾ ਘੋੜਾ ਨੱਪਿਆ ਗਿਆ ਤੇ
ਗੋਲ਼ੀ ਸਕੇ ਭਰਾ ਨੂੰ ਚੀਰਦੀ ਹੋਈ ਸਦਾ ਲਈ ਠੰਡਾ ਕਰ ਗਈ। ਪੁਲੀਸ ਕੇਸ ਬਣ ਗਿਆ। ਜੇਲ੍ਹ ਵਿੱਚ ਗਏ
ਭਰਾ ਨੇ ਆਪਣਿਆਂ ਹੱਥਾਂ `ਤੇ ਤੰਦੀਆਂ ਵੱਢ ਵੱਢ ਕੇ ਆਪਣੇ ਹੱਥ ਖਰਾਬ ਕਰ ਲਏ ਹੋਏ ਸਨ। ਹੁਣ ਉਸ ਦੇ
ਪਛਤਾਉਣ ਦਾ ਕੋਈ ਲਾਭ ਨਹੀਂ ਸੀ। ਗੁਰਦੇਵ ਪਿਤਾ ਜੀ ਨੇ ਇੱਕ ਮੁੱਦੇ ਦੀ ਗੱਲ ਕੀਤੀ ਹੈ ਕਿ ਜਦੋਂ
ਬੰਦਾ ਭਰਮ ਵਿੱਚ ਪੈ ਜਾਂਦਾ ਹੈ ਤਾਂ ਉਹ ਦੁਬਿਧਾ ਦਾ ਸ਼ਿਕਾਰ ਹੋ ਜਾਂਦਾ ਹੈ। ਭਰਮ ਬਹੁਤ ਛੇਤੀ ਵੱਡੇ
ਅਕਾਰ ਦਾ ਹੋ ਜਾਂਦਾ ਹੈ। ਇਹ ਭਰਮ ਹੀ ਮਨੁੱਖ ਨੂੰ ਦੁਖੀ ਕਰਦਾ ਹੈ। ਦੁੱਖੀ ਹੋਏ ਮਨੁੱਖ ਪਾਸ ਕੇਵਲ
ਪਛਤਾਵਾ ਹੀ ਰਹਿ ਜਾਂਦਾ ਹੈ। ਹੁਣ ਔਗੁਣ ਮਨੁੱਖ ਖ਼ੁਦ ਕਰਦਾ ਹੈ ਪਰ ਦੋਸ਼ ਦੂਜਿਆਂ ਨੂੰ ਦੇਂਦਾ ਹੈ।
ਅਪਣੀ ਅਸਲ ਹਕੀਕਤ ਨੂੰ ਸਮਝਣ ਲਈ ਤਿਆਰ ਨਹੀਂ ਹੁੰਦਾ। ਇਸ ਪਉੜੀ ਦੀ ਅਗਲ਼ੀ ਤੁਕ ਵਿੱਚ ਗੁਰੇਦਵ ਪਿਤਾ
ਜੀ ਫਰਮਾਉਂਦੇ ਹਨ—
ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ”।।
ਅੱਖਰੀਂ ਅਰਥ--
ਇਹ
ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁੱਝ ਮਨੁੱਖ ਇਸ ਵਿੱਚ ਬੀਜਦਾ ਹੈ ਉਹੀ ਫ਼ਸਲ ਵੱਢਦਾ
ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ)
ਵਿਚਾਰ ਤੇ ਵਿਹਾਰਕ ਪੱਖ--ਮਨੁੱਖ ਦੀ ਇੱਕ ਫਿਦਰਤ ਹੈ ਕਿ ਕਰਮ ਮੈਂ
ਆਪਣੀ ਮਰਜ਼ੀ ਅਨੁਸਾਰ ਕਰਾਂ ਪਰ ਇਸ ਦਾ ਫ਼ਲ਼ ਵੀ ਮੈਨੂੰ ਮੇਰੀ ਮਰਜ਼ੀ ਅਨੁਸਾਰ ਹੀ ਮਿਲਣਾ ਚਾਹੀਦਾ ਹੈ।
ਇਸ ਪਰਥਾਏ ਸ਼ੇਖ ਫ਼ਰੀਦ ਸਾਹਿਬ ਜੀ ਦਾ ਇੱਕ ਸੁੰਦਰ ਖ਼ਿਆਲ ਹੈ—
ਫਰੀਦਾ ਲੋੜੈ ਦਾਖ ਬਿਜਉਰੀਆਂ, ਕਿਕਰਿ ਬੀਜੈ ਜਟੁ।।
ਹੰਢੈ ਉਂਨ ਕਤਾਇਦਾ, ਪੈਧਾ ਲੋੜੈ ਪਟੁ।। ੨੩।।
ਪੰਨਾ ੧੩੭੯
ਅੱਖਰੀਂ ਅਰਥ—-
ਹੇ
ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ
ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ)
ਚਾਹੁੰਦਾ ਹੈ, (ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ। ੨੩।
ਏਸੇ ਦੁਖਾਂਤ ਵਿਚੋਂ ਗੁਰਬਾਣੀ ਨੇ ਮਨੁੱਖ ਨੂੰ ਉਭਾਰਣ ਦਾ ਯਤਨ ਕੀਤਾ ਹੈ
ਕਿਮਨੁੱਖ ਜੇਹੋ ਜੇਹਾ ਕਰਮ ਕਰੇਗਾ ਉਹੋ ਜੇਹਾ ਹੀ ਇਸ ਨੂੰ ਫ਼ਲ਼ ਮਿਲੇਗਾ। ਆਪਣਿਆਂ ਕੀਤਿਆਂ ਕਰਮਾਂ ਦਾ
ਦੋਸ਼ ਕਿਸੇ ਦੂਜੇ ਨੂੰ ਨਾ ਦੇਣ ਦਾ ਯਤਨ ਕਰ--
ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ।।
ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ।। ੨੧।।
ਪੰਨਾ ੪੩੩
ਅੱਖਰੀਂ ਅਰਥ--
(ਹੇ
ਮਨ! ਜੇ ਤੂੰ ਪੜ੍ਹ ਕੇ ਸਚ ਮੁਚ ਪੰਡਿਤ ਹੋ ਗਿਆ ਹੈਂ, ਤਾਂ ਇਹ ਚੇਤੇ ਰੱਖ ਕਿ) ਜਿਹੋ ਜਿਹੇ ਕੰਮ
ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, (ਆਪਣੇ ਕੀਤੇ ਕਰਮਾਂ ਅਨੁਸਾਰ ਆਪਣੇ ਉਤੇ ਆਏ
ਦੁੱਖ ਕਲੇਸ਼ਾਂ ਬਾਰੇ) ਹੋਰ ਲੋਕਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਭੈੜ ਆਪਣੇ ਕਰਮਾਂ ਵਿੱਚ ਹੀ
ਹੁੰਦਾ ਹੈ; (ਇਸ ਵਾਸਤੇ ਹੇ ਮਨ! ਇਹ ਚੇਤਾ ਰੱਖ ਕਿ) ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨ ਮੜ੍ਹਾਂ
(ਆਪਣੀ ਵਿੱਦਿਆ ਦੇ ਬਲ ਆਸਰੇ ਕਿਸੇ ਹੋਰ ਨੂੰ ਦੋਸ਼ੀ ਠਹਰਾਣ ਦੇ ਥਾਂ, ਹੇ ਮਨ! ਆਪਣੀ ਹੀ ਕਰਣੀ ਨੂੰ
ਸੁਧਾਰਨ ਦੀ ਲੋੜ ਹੈ)।
ਭਰਮਾਂ ਵਿੱਚ ਪਿਆ ਹੋਇਆ ਹੀ ਮਨੁੱਖ ਨਰਕੀ ਜ਼ਿੰਦਗੀ ਭੋਗਦਾ ਹੈ ਪਰ ਇਹ ਆਪ
ਸਮਝਣ ਦੀ ਥਾਂ `ਤੇ ਦੋਸ਼ ਦੂਜਿਆਂ ਨੂੰ ਦੇਂਦਾ ਹੈ। ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਸਰੀਰ ਦੁਆਰਾ
ਕੀਤੇ ਹੋਏ ਕਰਮ ਤੇਰੇ ਪਾਸ ਧਰਤੀ ਹੈ ਇਸ ਵਿੱਚ ਜੇਹੋ ਜੇਹਾ ਬੀਜੇਗਾਂ ਉਹੋ ਜੇਹਾ ਵੀ ਤੂੰ ਵੱਢੇਗਾਂ।
ਇੱਕ ਗੱਲ ਜ਼ਰੂਰ ਹੈ ਕਿ ਜੇ ਤੂੰ ਗੁਰੂ ਦੀ ਸਰਣ ਰਾਂਹੀ ਪ੍ਰਭੂ ਦੇ ਗੁਣਾਂ ਨਾਲ ਸਾਂਝ ਕਾਇਮ ਕਰ ਲਏ
ਤਾਂ ਤੂੰ ਆਪਣੇ ਆਪ ਵਿੱਚ ਸੁਧਾਰ ਕਰ ਲਏਂਗਾ। ਤੇਰੇ ਪਾਸ ਸੁਧਰਨ ਦਾ ਇਹ ਇੱਕ ਮੌਕਾ ਹੈ। ਇਸ ਵਿੱਚ
ਤੈਨੂੰ ਉਦਮ ਕਰਨਾ ਪਏਗਾ। ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ-
ਨਾਨਕ ਪ੍ਰਭ ਸਰਣਾਗਤੀ, ਚਰਣ ਬੋਹਿਥ ਪ੍ਰਭ ਦੇਤੁ।।
ਅੱਖਰੀਂ ਅਰਥ--
ਹੇ
ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਉਹ ਨਰਕ ਵਿੱਚ ਨਹੀਂ ਪਾਏ ਜਾਂਦੇ।
ਵਿਚਾਰ ਤੇ ਵਿਹਾਰਕ ਪੱਖ--
ਚਰਣਾਂ ਦਾ ਅਰਥ ਹੈ ਗੁਰ-ਉਪਦੇਸ਼-– ਜੇਹਾ ਗੁਰਬਾਣੀ ਦਾ ਇੱਕ
ਹੋਰ ਵਾਕ ਹੈ—
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ।।
ਮੈ ਧਰ ਤੇਰੀ ਪਾਰਬ੍ਰਹਮ, ਤੇਰੈ ਤਾਣਿ ਰਹਾਉ।।
ਸਿਰੀ ਰਾਗ ਮਹਲਾ ੫ ਪੰਨਾ ੪੬
ਅੱਖਰੀਂ ਅਰਥ-- (
ਹੇ
ਪਾਰਬ੍ਰਹਮ! ਮੈਨੂੰ ਤੇਰੇ ਹੀ) ਸੋਹਣੇ ਚਰਨਾਂ ਦਾ ਆਸਰਾ ਹੈ, (ਤੈਥੋਂ ਬਿਨਾ) ਮੇਰਾ ਕੋਈ ਹੋਰ ਥਾਂ
ਨਹੀਂ ਹੈ, ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੇ (ਦਿੱਤੇ) ਬਲ ਨਾਲ ਹੀ ਜੀਊਂਦਾ ਹਾਂ।
ਚਰਣਾਂ ਨੂੰ ਹਿਰਦੇ ਵਿੱਚ ਵਸਾਉਣ ਨਾਲ ਕਲਾ-ਕਲੇਸ਼ ਦੂਰ ਹੁੰਦੇ ਹਨ—
ਚਰਣ ਠਾਕੁਰ ਕੇ ਰਿਦੈ ਸਮਾਣੇ।।
ਕਲਿ ਕਲੇਸ ਸਭ ਦੂਰਿ ਪਇਆਣੇ।।
ਸਾਂਤਿ ਸੂਖ ਸਹਜ ਧੁਨਿ ਉਪਜੀ ਸਾਧੂ ਸੰਗਿ ਨਿਵਾਸਾ ਜੀਉ।। ੧।।
ਮਾਝ ਮਹਲਾ ੫ ਪੰਨਾ ੧੦੫
ਅੱਖਰੀਂ--
ਜਿਸ
ਮਨੁੱਖ ਦਾ ਨਿਵਾਸ ਗੁਰੂ ਦੀ ਸੰਗਤਿ ਵਿੱਚ ਬਣਿਆ ਰਹਿੰਦਾ ਹੈ, ਉਸ ਦੇ ਹਿਰਦੇ ਵਿੱਚ ਪਾਲਣਹਾਰ ਪ੍ਰਭੂ
ਦੇ ਚਰਨ (ਸਦਾ) ਟਿਕੇ ਰਹਿੰਦੇ ਹਨ, ਉਸ ਦੇ ਅੰਦਰੋਂ ਸਭ ਤਰ੍ਹਾਂ ਦੇ ਝਗੜੇ ਦੁੱਖ ਕਲੇਸ਼ ਕੂਚ ਕਰ
ਜਾਂਦੇ ਹਨ ਤੇ ਉਸ ਦੇ ਹਿਰਦੇ ਵਿੱਚ ਸ਼ਾਂਤ ਆਤਮਕ ਆਨੰਦ ਆਤਮਕ ਅਡੋਲਤਾ ਦੀ ਲਹਿਰ ਪੈਦਾ ਹੋ ਜਾਂਦੀ
ਹੈ।
ਗੁਰੂ ਗਿਆਨ ਇੱਕ ਜਹਾਜ਼ ਹੈ ਜਿਸ ਰਾਂਹੀ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ
ਹੈ। ਅਗਲ਼ੀ ਤੁਕ ਰਾਂਹੀ ਗੁਰਦੇਵ ਪਿਤਾ ਜੀ ਫਰਮਾਉਂਦੇ—
ਸੇ ਭਾਦੁਇ ਨਰਕਿ ਨ ਪਾਈਅਹਿ, ਗੁਰੁ ਰਖਣ ਵਾਲਾ ਹੇਤੁ।।
ਅੱਖਰੀਂ ਅਰਥ--
ਹੇ
ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਉਹ ਨਰਕ ਵਿੱਚ ਨਹੀਂ ਪਾਏ ਜਾਂਦੇ, (ਕਿਉਂਕਿ
ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿੱਚ ਆ ਜਾਂਦੇ ਹਨ, ਗੁਰੂ ਉਹਨਾਂ ਨੂੰ ਪ੍ਰਭੂ ਦੇ
ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ।
ਵਿਚਾਰ ਤੇ ਵਿਹਾਰਕ ਪੱਖ--ਗੁਰੂ ਜੀ ਦਾ ਪ੍ਰਤੱਖ ਫਰਮਾਣ ਹੈ ਕਿ ਜੇ
ਮਨੁੱਖ ਅਸਲੀਅਤ ਨੂੰ ਨਹੀਂ ਸਮਝਦਾ ਤਾਂ ਅਵੱਸ਼ ਜਿਉਂਦੇ ਜੀਅ ਨਰਕਾਂ ਦਾ ਭਾਗੀਦਾਰ ਬਣਦਾ ਹੈ। ਨਰਕੀ
ਜੀਵਨ ਭੋਗਣ ਵਾਲਾ ਹੀ ਭਰਮਾਂ ਦਾ ਸ਼ਿਕਾਰ ਹੁੰਦਾ ਹੈ। ਦੋਸ਼ ਦੂਜਿਆਂ ਨੂੰ ਦੇਂਦਾ ਹੈ ਪਰ ਕਰਮ ਇਸ ਦੇ
ਆਪਣੇ ਹੁੰਦੇ ਹਨ। ਔਗੁਣ ਕਰਦਿਆਂ ਸਮਝਦਾ ਨਹੀਂ ਹੈ ਪਰ ਜਦੋਂ ਸਮਝ ਆਉਂਦੀ ਹੈ ਤਾਂ ਓਦੋਂ ਪਛਤਾਵੇ ਦੇ
ਬਗੈਰ ਕੁੱਝ ਵੀ ਨਹੀਂ ਰਹਿ ਜਾਂਦਾ। ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਗੁਰਦੇਵ ਪਿਤਾ ਜੀ ਦਸਦੇ
ਕਿ ਰੱਬੀ ਗੁਣਾਂ ਨੂੰ ਸਮਝਣ ਨਾਲ ਹੀ ਨਰਕੀ ਜ਼ਿੰਦਗੀ ਤੋਂ ਬਚਿਆ ਜਾ ਸਕਦਾ ਹੈ। ਇਸ ਪਉੜੀ ਦੁਆਰਾ ਇਹ
ਸਮਝ ਆਉਂਦੀ ਹੈ ਮਰਨ ਉਪਰੰਤ ਵਾਲੇ ਕਿਸੇ ਨਰਕ ਦੀ ਗੱਲ ਨਹੀਂ ਕੀਤੀ ਗਈ, ਇਹ ਤੇ ਜਿਉਂਦੇ ਜੀਅ ਹੀ
ਆਪਣੇ ਸੁਭਾਅ ਕਰਕੇ ਬੰਦਾ ਨਰਕ ਭੋਗ ਰਿਹਾ ਹੈ। ਨਰਕਾਂ ਤੋਂ ਸਵਰਗੀ ਜੀਵਨ ਬਣ ਸਕਦਾ ਹੈ ਜੇ
ਸਤਿਗੁਰਾਂ ਦੇ ਦ੍ਰਿੜਾਏ ਮਾਰਗ ਨੂੰ ਸਮਝ ਲਏ—ਇਸ ਪ੍ਰਥਾਏ ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ
ਕਿ ਗੁਰੂ ਜੀ ਦੀ ਕਿਰਪਾ ਕਰਕੇ ਭਾਵ ਰੱਬੀ ਗਿਆਨ ਦੀ ਸਮਝ ਆਉਣ ਕਰਕੇ ਮੈਂ ਕਰਮ-ਕਾਂਡੀ ਤੇ
ਅੰਧ-ਵਿਸ਼ਵਾਸੀ ਜੀਵਨ ਜਦੋਂ ਦਾ ਛੱਡਿਆ ਹੈ ਘੱਟੋ ਘੱਟ ਨਰਕਾਂ ਵਾਲੇ ਜੀਵਨ ਤੋਂ ਬਚਿਆ ਹੋਇਆ ਹਾਂ।
ਕਬੀਰ ਸੁਰਗ ਨਰਕ ਤੇ ਮੈ ਰਹਿਓ, ਸਤਿਗੁਰ ਕੇ ਪਰਸਾਦਿ।।
ਚਰਨ ਕਮਲ ਕੀ ਮਉਜ ਮਹਿ, ਰਹਉ ਅੰਤਿ ਅਰੁ ਆਦਿ
ਸਲੋਕ ਕਬੀਰ ਸਾਹਿਬ ੧੨੦
ਹੇ ਕਬੀਰ! ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ (ਦੀ ਯਾਦ) ਦੇ
ਹੁਲਾਰੇ ਵਿੱਚ ਰਹਿੰਦਾ ਹਾਂ; (ਤੇ ਇਸ ਤਰ੍ਹਾਂ) ਆਪਣੇ ਸਤਿਗੁਰੂ ਦੀ ਕਿਰਪਾ ਨਾਲ ਮੈਂ ਸੁਰਗ (ਦੀ
ਲਾਲਸਾ) ਅਤੇ ਨਰਕ (ਦੇ ਡਰ) ਤੋਂ ਬਚ ਗਿਆ ਹਾਂ।
ਤੱਤਸਾਰ--ਇਸ ਵਿਚਾਰ ਤੋਂ ਸਪੱਸ਼ਟ ਹੁੰਦਾ ਹੈ ਕਿ ਅਸੀਂ ਆਪਣੇ ਜੀਵਨ
ਵਿੱਚ ਭਰਮ, ਦੂਜਾ ਪਿਆਰ ਤੇ ਕਰਮ-ਕਾਂਡੀ ਧਾਰਮਿਕ ਰਸਮਾਂ ਛੱਡਣ ਨਾਲ ਹੀ ਵਿਕਾਸਸ਼ੀਲ ਹੋ ਸਕਦੇ ਹਾਂ।
ਮਨੁੱਖ ਦੀ ਜ਼ਿੰਦਗੀ ਵਿੱਚ ਜਦੋਂ ਭਰਮ ਵਿਕਾਸ ਕਰਦੇ ਹਨ ਤਾਂ ਕੁਦਰਤੀ ਕਲੇਸ਼ ਜਨਮ ਲੈਂਦਾ ਹੈ। ਇਸ
ਕਲੇਸ਼ ਦਾ ਦੂਜਾ ਨਾਂ ਹੀ ਨਰਕ ਹੈ। ਗੁਰੂ ਸਾਹਿਬ ਜੀ ਇਸ ਦਾ ਸਮਾਧਾਨ ਗੁਰ ਸਰਣਾਈ ਦਸਦੇ ਹਨ। ਇਸ
ਵਿਚੋਂ ਆਤਮਿਕ ਸੂਝ ਜਨਮ ਲੈਂਦੀ ਹੈ।
ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ।।
ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ।। ੧।।
ਸਲੋਕ ਮ: ੩ ਪੰਨਾ ੧੪੧੩