ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ
ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ।।
ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ
ਖੇਲੁ ਕੀਆ ਆਪਣੈ ਉਛਾਹਿ ਜੀਉ।।
ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ
ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ।।
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ
ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।। ੩।। ੮।।
(ਪੰਨਾ ੧੪੦੨-੦੩)
ਪਦ ਅਰਥ:- ਪੀਤ ਬਸਨ – ਪੀਲੇ ਬਸਤਰ ਪਹਿਨਣ ਵਾਲਾ। ਕੁੰਦ –
ਸੰ: ਜੁਹੀ ਕਿਸਮ ਦਾ ਬੂਟਾ ਜਿਸ ਨੂੰ ਚਿੱਟੇ ਫੁੱਲ ਲਗਦੇ ਹਨ (ਮ: ਕੋਸ਼)। ਭਾਈ ਜੋਗਿੰਦਰ
ਸਿੰਘ ਤਲਵਾੜਾ ਇਸ ਦੇ ਅਰਥ ਚੰਬੇਲੀ ਦੇ ਫੁੱਲ ਕਰਦੇ ਹਨ। ਦਸਨ – ਦੰਦ। ਕੁੰਦ ਦਸਨ –
ਚਿੱਟੇ ਦੰਦ। ਪ੍ਰਿਆ ਸਹਿਤ – ਪ੍ਰੇਮਿਕਾ (ਰਾਧਿਕਾ) ਨਾਲ। ਕੰਠ ਮਾਲ – ਗਲ਼ੇ
ਵਿੱਚ ਮਾਲਾ। ਸੀਸਿ – ਸਿਰ ਉੱਤੇ। ਮੋਰ ਪੰਖ ਚਾਹਿ ਜੀਉ - ਮੋਰ ਦੇ ਖੰਭ ਲਾ ਲੈਣੇ।
ਬੇਵਜੀਰ – ਵਜ਼ੀਰ ਤੋਂ ਬਿਨਾ, ਸਾਰਾ ਕੁੱਝ ਆਪ ਹੀ ਕਰਨ ਵਾਲਾ, ਜਿਸ ਨੂੰ ਕਿਸੇ ਸਲਾਹਕਾਰ ਦੀ
ਜ਼ਰੂਰਤ ਨਾ ਹੋਵੇ। ਬਡੇ ਧੀਰ – ਵੱਡਾ ਬਲਵਾਨ, ਜੋਧਾ। ਧਰਮ ਅੰਗ – ਧਰਮ ਰੱਖਿਅਕ
ਹਾਂ। ਅਲਖ ਅਗਮ – ਨਾ ਜਾਣਿਆ ਜਾਣ ਵਾਲਾ ਹਾਂ। ਖੇਲ ਕੀਆ ਆਪਣੇ ਉਛਾਹਿ ਜੀਉ –
ਆਪਣੀ ਚਾਅ, ਆਪਣੀ ਮੌਜ ਵਿੱਚ ਹੀ ਇਹ ਸ੍ਰਿਸ਼ਟੀ ਦਾ ਖੇਲ ਕੀਤਾ ਹੈ। ਆਪਣੇ ਉਛਾਹਿ ਜੀਉ –
ਆਪਣੀ ਮੌਜ, ਮਰਜ਼ੀ ਵਿੱਚ ਹੀ। ਅਕਥ ਕਥਾ ਕਥੀ ਨ ਜਾਇ – ਆਪ ਇਹ ਆਖੇ ਮੇਰੀ ਕਥਾ ਹੀ ਅਕਥ ਹੈ,
ਕਥੀ ਨਹੀਂ ਜਾ ਸਕਦੀ ਭਾਵ ਬੋਲ ਕੇ ਨਹੀਂ ਦੱਸੀ ਜਾ ਸਕਦੀ। ਤੀਨਿ ਲੋਕ ਰਹਿਆ ਸਮਾਇ – ਤੀਨ
ਲੋਕ ਵਿੱਚ ਮੈਂ ਹੀ ਵਰਤ ਰਿਹਾ ਹਾਂ। ਸੁਤਹ ਸਿਧ ਰੂਪੁ ਧਰਿਓ – ਆਪ ਹੀ ਇਹ ਦਾਅਵਾ ਕਰਦਾ ਹੈ
ਕਿ ਮੈਂ ਸੁਤੇ ਸਿਧ ਹੀ ਅਵਤਾਰ ਧਾਰਿਆ ਹੈ। ਰੂਪੁ ਧਰਿਓ – ਅਵਤਾਰ ਧਾਰਿਆ ਹੈ। ਗੁਰਬਾਣੀ
ਅੰਦਰ ਉਸ ਦਾ ਕੋਈ ਰੂਪ ਰੰਗ ਨਹੀਂ, “ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ
ਭਿੰਨ।। “ (ਗੁ: ਗ੍ਰੰ ਸ: ਪੰਨਾ ੨੮੩) ਸਾਹਨ ਕੈ ਸਾਹਿ ਜੀਉ – ਸੈਨ ਸ਼ਾਹਾਂ
ਦਾ ਸ਼ਹਿਨਸ਼ਾਹ ਹਾਂ (ਇਹ ਸਭ ਕੁੱਝ ਆਪਣੇ ਆਪ ਨੂੰ ਰੱਬ ਕਹਿਣ ਵਾਲੇ ਨੇ ਲੋਕਾਈ ਨਾਲ ਛਲ ਕੀਤਾ ਹੈ)।
ਸ੍ਰੀ – ਸ੍ਰਿਸ਼ਟੀ ਦਾ ਸੰਖੇਪ ਹੈ, ਜਦੋਂ ਕਿ ਸੱਚ ਇਹ ਹੈ ਕਿ ਸਤਿ ਸਾਚੁ – ਸਦੀਵੀ
ਸਥਿਰ ਰਹਿਣ ਵਾਲਾ ਸੱਚ (ਜੋ ਜਨਮ ਮਰਣ ਤੋਂ ਰਹਿਤ ਹੈ)। ਸ੍ਰੀ ਨਿਵਾਸ – ਜਿਸ ਦਾ ਉਸ ਦੀ
ਆਪਣੀ ਰਚਨਾ ਸ੍ਰਿਸ਼ਟੀ ਵਿੱਚ ਹੀ ਨਿਵਾਸ ਹੈ। ਆਦਿ ਪੁਰਖੁ – ਆਦਿ ਤੋਂ ਪੂਰਣ ਤੌਰ ਉੱਪਰ ਸੱਚ
ਕਰਤਾ। ਪੁਰਖੁ – ਪੂਰਣ ਤੌਰ `ਤੇ। ਸਦਾ – ਸਦੀਵੀ। ਤੁਹੀ – ਉਸ ਨੂੰ ਹੀ। ਵਾਹਿ
ਜੀਉ – ਵਡਿਆਉਣਾ ਚਾਹੀਦਾ ਹੈ।
ਅਰਥ:- ਇਸ ਤਰ੍ਹਾਂ ਜੇਕਰ ਕੋਈ ਆਪਣੀ ਪ੍ਰੇਮਿਕਾ ਸਹਿਤ ਪੀਲੇ ਬਸਤਰ
ਪਹਿਨ ਲਵੇ ਅਤੇ ਚੰਬੇਲੀ ਦੇ ਫੁੱਲਾਂ ਦੀ ਮਾਲਾ ਆਪਣੇ ਗਲ਼ੇ `ਚ ਪਾ ਲਵੇ, ਸਿਰ ਉੱਪਰ ਚਾਅ ਨਾਲ ਮੋਰ
ਦੇ ਖੰਭ ਲਾ ਲਵੇ ਅਤੇ ਆਪਣੇ ਆਪ ਹੀ ਇਹ ਦਾਅਵਾ ਕਰੇ ਕਿ ਮੈਂ ਬਹੁਤ ਵੱਡਾ ਬਲਵਾਨ ਹਾਂ, ਧਰਮ ਰੱਖਿਅਕ
ਅਤੇ ਨਾ ਜਾਣਿਆ ਜਾਣ ਵਾਲਾ ਹਾਂ, ਇਹ ਸਾਰਾ ਸ੍ਰਿਸ਼ਟੀ ਦਾ ਖੇਲ ਮੇਰੀ ਆਪਣੀ ਮਰਜ਼ੀ ਹੈ ਅਤੇ ਨਾ ਹੀ
ਮੈਨੂੰ ਕਿਸੇ ਸਲਾਹਕਾਰ ਦੀ ਜ਼ਰੂਰਤ ਹੈ। ਆਪ ਹੀ ਇਹ ਦਾਅਵਾ ਕਰਦਾ ਸੀ ਕਿ ਮੇਰੀ ਕਥਾ ਹੀ ਅਕਥ ਹੈ ਜੋ
ਬੋਲ ਕੇ ਨਹੀਂ ਦੱਸੀ ਜਾ ਸਕਦੀ। ਮੈਂ ਹੀ ਤੀਨ ਲੋਕ ਵਿੱਚ ਆਪ ਵਰਤ ਰਿਹਾ ਹਾਂ ਅਤੇ ਸੁਤਹ ਸਿਧ ਹੀ
ਮੈਂ ਆਪ ਅਵਤਾਰ ਧਾਰਿਆ ਹੈ ਅਤੇ ਮੈਂ ਹੀ ਸੈਨ ਸ਼ਾਹਾਂ ਦਾ ਸ਼ਹਿਨਸ਼ਾਹ ਹਾਂ (ਭੱਟ ਸਾਹਿਬਾਨ ਕਹਿ ਰਹੇ
ਹਨ ਕਿ ਇਸ ਤਰ੍ਹਾਂ ਦਾ ਕਿਸੇ ਅਵਤਾਰਵਾਦੀ ਵੱਲੋਂ ਦਾਅਵਾ ਕਰਨਾ ਇੱਕ ਫਰੇਬ ਤੋਂ ਸਿਵਾਏ ਕੱਖ ਨਹੀਂ)।
ਇਸ ਕਰਕੇ ਹੇ ਭਾਈ! ਆਦਿ ਤੋਂ ਲੈ ਕੇ ਸੱਚਾ ਸਦੀਵੀ ਸਥਿਰ ਰਹਿਣ ਵਾਲਾ ਇਕੁ ਕਰਤਾ ਹੀ ਪੂਰਣ ਤੌਰ
ਉੱਪਰ (ਜਨਮ ਮਰਣ ਤੋਂ ਰਹਿਤ ਹੈ) ਜਿਸ ਦਾ ਨਿਵਾਸ ਉਸ ਦੀ ਆਪਣੀ ਹੀ ਰਚੀ ਸ੍ਰਿਸ਼ਟੀ ਵਿੱਚ ਹੀ ਹੈ,
(ਉਹ ਅਵਤਾਰ ਨਹੀਂ ਧਾਰਦਾ) ਉਸ ਸੱਚੇ ਸਦੀਵੀ ਸਥਿਰ ਰਹਿਣ ਵਾਲੇ ਅਸਚਰਜ ਦੇ, ਅਸਚਰਜ ਗਿਆਨ ਨੂੰ ਹੀ
ਦ੍ਰਿੜ੍ਹਤਾ ਨਾਲ ਅਪਣਾਉਣਾ ਚਾਹੀਦਾ ਹੈ ਅਤੇ ਉਸ ਨੂੰ ਹੀ ਵਾਹਿ-ਵਡਿਆਉਣਾ ਚਾਹੀਦਾ ਹੈ।
ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ।।
ਬਲਿਹਿ ਛਲਨ ਸਬਲ ਮਲਨ ਭਗਿ੍ਤ ਫਲਨ ਕਾਨੑ
ਕੁਅਰ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ।।
ਰਾਮ ਰਵਣ ਦੁਰਤ ਦਵਣ ਸਕਲ ਭਵਣ ਕੁਸਲ
ਕਰਣ ਸਰਬ ਭੂਤ ਆਪਿ ਹੀ ਦੇਵਾਧਿ ਦੇਵ ਸਹਸ ਮੁਖ ਫਨਿੰਦ ਜੀਉ।।
ਜਰਮ ਕਰਮ ਮਛ ਕਛ ਹੁਅ ਬਰਾਹ ਜਮੁਨਾ ਕੈ ਕੂਲਿ
ਖੇਲੁ ਖੇਲਿਓ ਜਿਨਿ ਗਿੰਦ ਜੀਉ।।
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ
ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ।। ੪।। ੯।।
(ਪੰਨਾ ੧੪੦੩)
ਪਦ ਅਰਥ:- ਸਤਿਗੁਰੂ –
ਸਦੀਵੀ ਸਥਿਰ ਰਹਿਣ ਵਾਲਾ ਹੀ। ਸਤਿਗੁਰੂ –
ਸਤਿਗੁਰੂ ਹੈ। ਸਤਿਗੁਰੁ – ਸਤਿਗੁਰ ਦੀ ਬਖ਼ਸ਼ਿਸ਼ ਗਿਆਨ। ਗੁਬਿੰਦ ਜੀਉ – ਉਹ ਹੀ
ਪਾਲਕ ਅਤੇ ਰੱਖਿਅਕ ਹੀ ਬਖ਼ਸ਼ਿਸ਼ ਕਰਨ ਵਾਲਾ ਹੈ। ਬਲਿਹਿ ਛਲਨ – ਬਲਿ ਨੂੰ ਛਲਣ ਵਾਲਾ।
ਸਬਲ ਮਲਨ – ਜ਼ੋਰਾਵਰਾਂ ਨੂੰ ਦਲਮਲ ਕਰਕੇ। ਭਗਿ੍ਤ ਫਲਨ – ਆਪਣੇ ਭਗਤਾਂ ਨੂੰ ਫਲ ਦੇਣ
ਵਾਲਾ। ਕਾਨੑ – ਕ੍ਰਿਸ਼ਨ। ਕੁਅਰ – ਸੰ: ਪੰਜ ਸਾਲ ਦੀ ਉਮਰ ਤੀਕ ਦਾ ਬੱਚਾ (ਮ:
ਕੋਸ਼)। ਨਿਹਕਲੰਕ – ਪਾਪਾਂ ਰਹਿਤ। ਬਜੀ ਡੰਕ – ਡੰਕਾ ਵਜਾ ਕੇ, ਡੰਕੇ ਦੀ ਚੋਟ
`ਤੇ। ਚੜ੍ਹੁ ਦਲ – ਦਲ ਸਮੇਤ ਚੜ੍ਹਾਈ ਕਰਨੀ। ਰਾਮ – ਰੰਮਿਆ ਹੋਇਆ ਹਾਂ। ਰਵਣ
– ਰਾਗ ਅਲਾਪਣਾ। ਦੁਰਤ ਦਵਣ – ਪਾਪਾਂ ਦਾ ਨਾਸ਼ ਕਰਨ ਵਾਲਾ। ਸਕਲ ਭਵਣ –
ਵਿਆਪਕ ਸਭ ਥਾਈਂ। ਕੁਸਲ – ਕਲਿਆਣ। ਕਰਣ – ਕਰਨ ਵਾਲਾ। ਸਰਬ ਭੂਤ – ਸਾਰੇ
ਜਗਤ ਦਾ। ਭੂਤ – ਸੰਸਾਰ, ਜਗਤ (ਮ: ਕੋਸ਼)। ਆਪਿ ਹੀ ਦੇਵਾਧਿ ਦੇਵ – ਆਪ
ਹੀ ਆਪਣੇ ਆਪ ਨੂੰ ਦੇਵਤਿਆਂ ਦਾ ਦੇਵਤਾ ਅਖਵਾਉਂਦਾ ਹੈ। ਸਹਸ ਮੁਖ ਫਨਿੰਦ ਜੀਉ – ਇੱਕ
(ਕਲਪਤ) ਸ਼ੇਸ਼ ਨਾਗ ਜਿਸ ਦੇ ਹਜ਼ਾਰਾਂ ਮੂੰਹ ਸਨ ਜੋ ਹਜ਼ਾਰਾਂ ਮੂੰਹਾਂ ਤੋਂ ਹਜ਼ਾਰਾਂ ਨਾਮ ਇਕੋ ਸਮੇਂ
(ਵਿਸ਼ਨੂੰ) ਦੇ ਉਚਾਰਦਾ ਸੀ। ਜਰਮ ਕਰਮ – ਅਵਤਾਰ ਧਾਰ ਕੇ ਅਸਚਰਜ ਕਾਰਨਾਮੇ ਕਰਨ ਵਾਲਾ।
ਮਛ – ਇਸ ਦਾ ਵਿਸ਼ਨੂੰ ਦੀ ਅਵਤਾਰ ਪ੍ਰੰਪਰਾ ਵਿੱਚ ਪਹਿਲਾ ਸਥਾਨ ਹੈ (ਦੇਖੋ ਪੰਜਾਬੀ ਸਾਹਿਤ
ਸੰਦਰਭ ਕੋਸ਼ ਡਾ: ਰਤਨ ਸਿੰਘ ਜੱਗੀ)। ਕਛ – ਵਿਸ਼ਨੂੰ ਵੱਲੋਂ ਕੱਛੂਕੁੰਮੇ ਦਾ ਅਵਤਾਰ
ਧਾਰਨਾ। ਮਛ ਕਛ ਹੁਅ ਬਰਾਹ – ਅਵਤਾਰਾਂ ਦੇ ਨਾਮ। ਜਮੁਨਾ ਕੈ ਕੂਲਿ – ਜਮਨਾ ਦੇ
ਕੰਢੇ `ਤੇ। ਖੇਲੁ ਖੇਲਿਓ ਜਿਨਿ ਗਿੰਦ ਜੀਉ – ਜਿਹੜਾ ਜਮਨਾ ਦੇ ਕੰਢੇ `ਤੇ ਗੇਂਦ ਖੇਲਦਾ
ਰਿਹਾ। ਨਾਮੁ ਸਾਰੁ – ਸੱਚ ਦੇ ਸਾਰ-ਤੱਤ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੇ। ਹੀਏ
ਧਾਰੁ – ਹਿਰਦੇ ਅੰਦਰ ਧਾਰ ਕੇ। ਤਜੁ ਬਿਕਾਰੁ – ਨਿਕੰਮੀ ਵੀਚਾਰਧਾਰਾ ਨੂੰ ਛੱਡ ਕੇ।
ਬਿਕਾਰੁ – ਬੇਕਾਰ, ਨਿਕੰਮੀ ਵੀਚਾਰਧਾਰਾ ਨੂੰ। ਮਨ – ਮੰਨਣਾ, ਅਪਣਾਉਣਾ। ਮਨ
ਗਯੰਦ – ਹੇ ਭਾਈ! ਗਯੰਦ ਅਪਣਾਉਣ ਲਈ ਪ੍ਰੇਰਨਾ ਕਰਦਾ ਹੈ। ਸਤਿਗੁਰੂ ਸਤਿਗੁਰੂ –
ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਨੂੰ ਸਤਿ ਕਰਕੇ ਅਪਣਾਉਣ ਨਾਲ। ਦ੍ਰਿੜ੍ਹਤਾ ਲਈ ਦੁਹਰਾ
ਹੈ। ਸਤਿਗੁਰ – ਸਦੀਵੀ ਸਥਿਰ ਰਹਿਣ ਵਾਲਾ ਹੈ ਜੋ ਅਵਤਾਰ ਨਹੀਂ ਧਾਰਨ ਕਰਦਾ। ਗੁਬਿੰਦ
ਜੀਉ – ਜੋ ਸ੍ਰਿਸ਼ਟੀ ਦਾ ਪਾਲਕ ਅਤੇ ਰੱਖਿਅਕ ਹੈ।
ਅਰਥ:- ਹੇ ਭਾਈ! ਉਸ ਸਦੀਵੀ ਸਥਿਰ ਰਹਿਣ ਵਾਲੇ ਪਾਲਕ ਅਤੇ ਰੱਖਿਅਕ
ਸਤਿਗੁਰ ਦੀ ਬਖ਼ਸ਼ਿਸ਼ ਗਿਆਨ ਨੂੰ ਹੀ ਸਤਿ ਕਰਕੇ ਮੰਨਣਾ ਚਾਹੀਦਾ ਹੈ ਜੋ ਜੰਮਦਾ ਅਤੇ ਮਰਦਾ ਨਹੀਂ।
ਕ੍ਰਿਸ਼ਨ, ਕੁਅਰ-ਜੋ ਪੰਜ ਸਾਲ ਦੇ ਬੱਚੇ ਵਾਲੀਆਂ ਗੱਲਾਂ ਕਰਦਾ ਇਹ ਦਾਅਵਾ
ਕਰਦਾ ਹੈ ਕਿ ਮੈਂ ਹੀ ਬਲਿ ਨੂੰ ਛਲਣ ਵਾਲਾ (ਵਿਸ਼ਨੂੰ) ਹਾਂ ਅਤੇ ਆਪਣੇ ਭਗਤਾਂ ਨੂੰ ਫਲ ਦੇਣ ਲਈ
ਜ਼ੋਰਾਵਰਾਂ (ਜੋ ਉਸ ਦੇ ਆਪਣੇ ਵਿਰੋਧੀ ਹਨ) ਨੂੰ ਦਲ ਮਲ ਕਰਕੇ ਨਿਹਕਲੰਕ-ਸ੍ਰਿਸ਼ਟੀ ਨੂੰ ਪਾਪਾਂ ਰਹਿਤ
ਕਰਨ ਲਈ ਡੰਕੇ ਦੀ ਚੋਟ `ਤੇ ਦਲ ਸਮੇਤ ਚੜ੍ਹਾਈ ਕਰਦਾ ਹਾਂ, ਆਦਿ ਸ਼ਬਦ ਆਪਣੇ ਲਈ ਰਵਿੰਦ-ਰਮਣ ਕਰਦਾ
ਭਾਵ ਵਰਤਦਾ ਸੀ। ਫਿਰ ਆਪਣੇ ਰੰਮੇ ਹੋਏ ਦਾ ਰਾਗ ਅਲਾਪਦਾ ਸੀ ਕਿ ਮੈਂ ਹੀ ਰੰਮਿਆ ਹੋਇਆ, ਪਾਪਾਂ ਦਾ
ਨਾਸ਼ ਕਰਨ ਵਾਲਾ ਸਰਬ-ਵਿਆਪਕ, ਸਾਰੇ ਜਗਤ ਦਾ ਕਲਿਆਣ ਕਰਨ ਵਾਲਾ ਅਤੇ ਆਪ ਹੀ ਆਪਣੇ ਆਪ ਨੂੰ ਇਹ
ਅਖਵਾਉਂਦਾ ਕਿ ਮੈਂ ਹੀ ਉਹ ਦੇਵਤਿਆਂ ਦਾ ਦੇਵਤਾ ਭਾਵ (ਵਿਸ਼ਨੂੰ) ਹਾਂ, ਜਿਸ ਦੇ ਸ਼ੇਸ਼ ਨਾਗ ਆਪਣੇ
ਹਜ਼ਾਰਾਂ ਮੂੰਹਾਂ ਤੋਂ ਹਜ਼ਾਰਾਂ ਨਾਂਅ ਇਕੋ ਸਮੇਂ ਉਚਰਦਾ ਸੀ। ਉਹੀ ਜਮਨਾ ਦੇ ਕੰਢੇ ਗੇਂਦ ਖੇਲਦਾ
ਰਿਹਾ, ਉਹੀ ਕਦੇ ਆਪਣੇ ਆਪ ਨੂੰ ਮਛ ਕਛ ਬਰਾਹ ਆਦਿ ਦਾ ਅਵਤਾਰ ਹੋਣ ਦਾ ਦਾਅਵਾ ਕਰਦਾ ਹੈ। ਹੇ ਭਾਈ!
ਗਯੰਦ ਆਖਦਾ ਹੈ ਕਿ ਅਜਿਹੀ (ਅਵਤਾਰਵਾਦੀ) ਬੇਕਾਰ-ਨਿਕੰਮੀ ਵੀਚਾਰਧਾਰਾ ਨੂੰ ਛੱਡ ਕੇ ਉਸ ਸਦੀਵੀ
ਸਥਿਰ ਰਹਿਣ ਵਾਲੇ ਸਤਿਗੁਰ ਦੀ ਬਖ਼ਸ਼ਿਸ਼ ਨੂੰ ਹੀ ਸਤਿ ਕਰਕੇ ਅਪਣਾਉਣਾ ਚਾਹੀਦਾ ਹੈ ਜੋ ਸ੍ਰਿਸ਼ਟੀ ਦਾ
ਪਾਲਕ ਅਤੇ ਰੱਖਿਅਕ ਆਪ ਹੈ (ਜੋ ਜਨਮ ਅਤੇ ਮਰਣ ਵਿੱਚ ਨਹੀਂ ਆਉਂਦਾ)।