ਬਾਬੇ ਨਾਨਕ ਦੇ ਵੇਲੇ ਤੋਂ ਹੀ ਵਕਤੀਆ ਹਕੂਮਤ ਅਤੇ ਉਸ ਦੇ ਝੋਲੀ ਚੁੱਕ
ਮੁਲਾਂ-ਮੌਲਾਣੇ, ਬ੍ਰਾਹਮਣ, ਜੋਗੀ ਅਤੇ ਸਿੱਧ ਪੀਰ ਆਦਿਕ ਸੰਤ ਬਾਬੇ ਸਿੱਖ ਧਰਮ ਨਾਲ ਟਕਰਾਉਣ ਲੱਗ
ਪਏ ਸਨ। ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ ਦੇ ਵੇਲੇ ਤਾਂ ਸਿੱਖ ਪੰਥ ਦੇ ਵਿਰੋਧੀਆਂ ਨੇ
ਅੱਤ ਹੀ ਚੁੱਕ ਲਈ ਸੀ। ਸਿੱਖਾਂ ਨੂੰ ਆਪਣੇ ਘਰ-ਘਾਟ ਛੱਡ ਕੇ ਜੰਗਲਾਂ ਬੇਲਿਆਂ ਵਿੱਚ ਬਸਰ ਕਰਨਾ ਪਿਆ
ਸੀ। ਉਸ ਸਮੇਂ ਦੌਰਾਨ ਹੀ ਕਾਂਸ਼ੀ ਦੀ ਬ੍ਰਾਹਮਣੀ ਪਦਾਇਸ਼ ਉਦਾਸੀ, ਨਿਰਮਲੇ ਹੋਰ ਡੇਰੇਦਾਰ ਅਤੇ
ਸੰਪ੍ਰਦਾਈ ਸਿੱਖ ਧਰਮ ਅਸਥਾਨਾਂ ਤੇ ਕਾਬਜ਼ ਹੋ ਗਏ, ਗੁਰਦੁਆਰਿਆਂ ਵਿੱਚ ਬ੍ਰਾਹਮਣੀ ਰੀਤਾਂ ਚਲਾ
ਦਿੱਤੀਆਂ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਵਿੱਚ ਰਲਾ ਪੌਣ ਲਈ ਕਈ ਗ੍ਰੰਥ ਵੀ ਰਚੇ ਅਤੇ ਗੁਰਬਾਣੀ
ਦੀ ਵਿਆਖਿਆ ਵੀ ਵਿਦਾਂਤ ਦੇ ਅਧਾਰ ਤੇ ਕਰਨ ਲੱਗ ਪਏ। ਉਸ ਵੇਲੇ ਵੱਡੇ ਵੱਡੇ ਸਿੱਖ ਵਿਦਵਾਨ ਵੀ
ਪੰਡਿਤ ਅਤੇ ਵੇਦਾਂਤੀ ਅਖਵਾਉਣ ਲੱਗ ਪਏ ਜਿਵੇਂ ਪੰਡਿਤ ਕਰਤਾਰ ਸਿੰਘ ਦਾਖਾ ਅਤੇ ਅਜੋਕਾ ਸਾਬਕਾ
ਜਥੇਦਾਰ ਗ਼ਿ ਜੋਗਿੰਦਰ ਸਿੰਘ ਵੇਦਾਂਤੀ। ਸਿੱਖ ਵੇਦਾਂਤੀ ਨਹੀਂ ਸਗੋਂ ਸਿਧਾਂਤੀ ਹੈ।
ਮਹਾਂਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖਾਂ ਦਾ ਰਾਜ ਜਾਂਦਾ ਰਿਹਾ ਅਤੇ
ਭਾਰਤ ਤੇ ਅੰਗ੍ਰੇਜਾਂ ਦਾ ਕਬਜਾ ਹੋ ਗਿਆ। ਅੰਗ੍ਰੇਜਾਂ ਦੇ ਮੂਹਰੇ ਜੇ ਕੋਈ ਕੌਮ ਅੜੀ ਤਾਂ ਉਹ ਸਿੱਖ
ਕੌਮ ਹੀ ਸੀ। ਅੰਗ੍ਰੇਜ ਬੜਾ ਸਿਆਣਾਂ ਅਤੇ ਚਾਲਬਾਜ ਨੀਤੀਵਾਨ ਸੀ। ਉਸ ਨੇ ਸੋਚਿਆ ਕਿ ਤਾਕਤ ਦੇ ਜੋਰ
ਨਾਲ ਇਸ ਬਹਾਦਰ ਕੌਮ ਨੂੰ ਕਾਬੂ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਉਸ ਨੇ ਰਾਜਨੀਤੀ ਅਧੀਨ ਸਿੱਖ
ਲਿਟ੍ਰੇਚਰ ਵਿੱਚ ਰਲਾ ਕਰਨਾ ਸ਼ੁਰੂ ਕਰ ਦਿੱਤਾ। ਸਿੱਖ ਧਰਮ ਅਸਥਾਨਾਂ ਤੇ ਆਪਣੇ ਝੋਲੀ ਚੁੱਕ ਮਹੰਤਾਂ
ਨੂੰ ਕਾਬਜ ਕਰ ਦਿੱਤਾ ਅਤੇ ਜਾਂਦੇ ਸਮੇਂ ਮਰਿਆ ਸੱਪ ਸਿੱਖਾਂ ਦੇ ਗਲ ਪਾਉਂਦਿਆਂ ਹੋਇਆਂ ਧਰਮ
ਅਸਥਾਨਾਂ ਦੇ ਪ੍ਰਬੰਧਕਾਂ ਦੀਆਂ ਚੋਣਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆਦਿਕ ਦਾ
ਸਿਲਸਿਲਾ ਸ਼ੁਰੂ ਕਰ ਗਿਆ।
ਇਵੇਂ ਲੰਬਾ ਸਮਾਂ ਪਹਿਲਾਂ ਕਰਮਕਾਂਡੀ, ਹੰਕਾਰੀ ਅਤੇ ਵਿਕਾਰੀ ਗੁਰਦੁਆਰਿਆਂ
ਤੇ ਕਾਬਜ਼ ਸੰਤ ਬਾਬਿਆਂ ਨੂੰ, ਬੜੀ ਜਦੋ-ਜਹਿਦ ਅਤੇ ਕੁਰਬਾਨੀਆਂ ਕਰਕੇ ਸਿੰਘ ਸਭਾ ਲਹਿਰ ਅਤੇ ਅਕਾਲੀ
ਦਲ ਨੇ ਬਾਹਰ ਕੱਢਿਆ ਸੀ। ਸਿੱਖ ਧਰਮ ਅਸਥਾਨਾਂ ਦੀ ਸੇਵਾ ਸੰਭਾਲ ਅਤੇ ਧਰਮ ਪ੍ਰਚਾਰ ਲਈ ਸ੍ਰੋਮਣੀ
ਕਮੇਟੀ ਕਾਇਮ ਕੀਤੀ ਗਈ ਸੀ। ਜਿਸ ਦੇ ਮੋਢੀ ਸਿੱਖੀ ਦੇ ਧਾਰਨੀ, ਗੁਰਮਤਿ ਵਿਦਿਆ ਦੇ ਗਿਆਤਾ,
ਗੁਰਮੁਖ, ਅਗਾਂਹ ਵਧੂ ਸੋਚ ਵਾਲੀ ਬਿਰਤੀ ਦੇ ਮਾਲਕ, ਸੰਤ ਸਿਪਾਹੀ ਅਤੇ ਕੁਰਬਾਨੀ ਵਾਲੇ ਸਿੱਖ ਸਨ।
ਇਨ੍ਹਾਂ ਸਿੱਖਾਂ ਨੇ ਜਿੱਥੇ ਦੁਨਿਆਵੀ ਸਕੂਲ ਕਾਲਜ ਖੋਲ੍ਹੇ ਓਥੇ “ਸ਼ਹੀਦ ਸਿੱਖ ਮਿਸ਼ਨਰੀ ਕਾਲਜ” ਵਰਗੇ
ਧਾਰਮਿਕ ਵਿਦਿਆਲੇ ਕਾਇਮ ਕਰਕੇ ਸਿੱਖ ਵਿਦਵਾਨ ਸਕਾਲਰ ਪੈਦਾ ਕੀਤੇ, ਜਿਨ੍ਹਾ ਨੇ ਗੁਰ ਇਤਿਹਾਸ ਅਤੇ
ਸਿੱਖ ਇਤਿਹਾਸ ਦੀ ਗਹਿਰੀ ਪੜਚੋਲ ਕਰਕੇ ਕੁਝ ਪੁਸਤਕਾਂ ਅਤੇ ਗੁਰਬਾਣੀ ਦੇ ਟੀਕੇ ਵੀ ਲਿਖੇ। ਉਸ ਵੇਲੇ
ਵੱਧ ਤੋਂ ਵੱਧ ਸਿੱਖੀ ਦਾ ਪ੍ਰਸਾਰ ਅਤੇ ਪ੍ਰਚਾਰ ਹੋਇਆ। ਪਰ ਜਦ ਸਿੱਖ ਅਮੀਰ ਹੋ ਅਵੇਸਲੇ ਹੋ ਗਏ ਤਾਂ
ਚੋਰ-ਮੋਰੀ ਰਾਹੀਂ ਡੇਰਿਆਂ ਅਤੇ ਸੰਪ੍ਰਦਾਵਾਂ ਤੋਂ ਪੜ੍ਹੇ ਗ੍ਰੰਥੀ, ਕਥਾਕਾਰ, ਰਾਗੀ ਅਤੇ ਢਾਡੀ
ਸੇਵਾ-ਸੰਭਾਲ ਅਤੇ ਪ੍ਰਚਾਰ ਦੇ ਨਾਂ ਤੇ ਇੰਟਰ ਹੋ ਗਏ।
ਇਨ੍ਹਾਂ ਲੋਕਾਂ ਨੇ ਹੌਲੀ ਹੌਲੀ ਫਿਰ ਡੇਰੇ ਕਾਇਮ ਕਰ ਲਏ ਅਤੇ ਧਰਮ ਅਸਥਾਨਾਂ ਵਿੱਚ ਸਨਾਤਨੀ ਅਤੇ
ਸਪੰਰਦਾਈ ਰਲੀ-ਮਿਲੀ ਮਰਯਾਦਾ ਚਲਾ ਦਿੱਤੀ। ਸਿੱਖ ਕੌਮ ਨੂੰ ਵੱਖ ਵੱਖ ਡੇਰਿਆਂ ਅਤੇ ਸੰਪ੍ਰਦਾਵਾਂ
ਵਿੱਚ ਵੰਡ ਦਿੱਤਾ। ਗੁਰਦਵਾਰਿਆਂ ਵਿੱਚ ਆਰਤੀਆਂ ਅਤੇ ਹਵਨ ਹੋਣ ਲੱਗ ਪਏ, ਪੁਜਾਰੀਵਾਦ ਪੈਦਾ ਹੋ ਗਿਆ
ਅਤੇ ਧਰਮ ਅਸਥਾਂਨ ਕਮਰਸ਼ੀਅਲ ਬਣਾ ਦਿੱਤੇ ਗਏ। ਵੱਖ ਵੱਖ ਤਰ੍ਹਾਂ ਦੇ ਪਾਠ ਅਤੇ ਮੰਤਰ ਜਾਪ ਸ਼ੁਰੂ ਕਰ
ਦਿੱਤੇ ਗਏ ਅਤੇ ਉਨ੍ਹਾਂ ਦੀਆਂ ਵੱਖ ਵੱਖ ਭੇਟਾਵਾਂ ਸ਼ੁਰੂ ਕਰ ਦਿੱਤੀਆਂ ਜੋ ਅੱਜ ਵੀ ਚੱਲ ਰਹੀਆਂ ਹਨ।
ਇਵੇਂ ਸਿੱਖਾਂ ਵਿੱਚ ਫੁੱਟ ਪੈ ਗਈ ਅਤੇ ਉਹ ਆਪੋ ਆਪਣੀ ਮਰਯਾਦਾ ਦੇ ਨਾਂ ਤੇ ਆਪਸ ਵਿੱਚ ਲੜਨ ਲੱਗ
ਪਏ।
ਭਾਵੇਂ 1932 ਵਿੱਚ ਸਿੰਘ ਸਭਾ ਦੇ ਮੋਢੀਆਂ ਗ਼ਿ ਦਿੱਤ ਸਿੰਘ, ਪ੍ਰੋ. ਗੁਰਮੁਖ
ਸਿੰਘ ਅਤੇ ਬਾਬਾ ਖੜਕ ਸਿੰਘ ਵਰਗੇ ਪੰਥ ਦਰਦੀਆਂ ਦੀ ਅਣਥੱਕ ਕੋਸ਼ਿਸ਼ ਨਾਲ ਵੱਖ ਵੱਖ ਸੰਪ੍ਰਦਾਵਾਂ ਅਤੇ
ਪੰਥਕ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਕੌਮ ਵਿੱਚੋਂ ਫੁੱਟ ਖਤਮ ਕਰਨ ਲਈ, ਸਭ ਦੀਆਂ
ਰਾਵਾਂ ਤੇ ਸੁਝਾ ਲੈ ਕੇ ਇੱਕ “ਸਿੱਖ ਰਹਿਤ ਮਰਯਾਦਾ” ਕਾਇਮ ਕਰਕੇ ਧਰਮ ਅਸਥਾਨਾਂ ਵਿੱਚ
ਲਾਗੂ ਕੀਤੀ ਪਰ ਬਾਅਦ ਵਿੱਚ ਸੰਤ ਬਾਬੇ ਅਤੇ ਸੰਪ੍ਰਦਾਈ ਇਸ ਤੋਂ ਬਾਗੀ ਹੋ ਗਏ। ਹੌਲੀ ਹੌਲੀ
ਪ੍ਰਚਾਰਕਾਂ ਦਾ ਵੀ ਸਤਿਕਾਰ ਘਟ ਗਿਆ, ਇਸ ਕਰਕੇ ਚੰਗੇ ਖਾਨਦਾਨੀ ਅਤੇ ਪੜ੍ਹੇ ਲਿਖੇ ਸਿੱਖ ਪ੍ਰਚਾਰਕ
ਬਣਨ ਤੋਂ ਕੰਨੀ ਕਤਰੌਨ ਲੱਗੇ ਅਤੇ ਭਾੜੇ ਦੇ ਟੱਟੂ, ਮਰੀ ਜਮੀਰ ਵਾਲੇ ਰੁਜਗਾਰ ਦੀ ਖਾਤਰ ਰਾਗੀ,
ਗ੍ਰੰਥੀ, ਢਾਡੀ ਅਤੇ ਪ੍ਰਚਾਰਕ ਬਣਨ ਲੱਗ ਪਏ। ਆਪ ਪੜ੍ਹ ਕੇ ਗੁਰਬਾਣੀ ਨੂੰ ਸਮਝਣ ਦੀ ਥਾਂ ਭਰਮੀ
ਸਿੱਖਾਂ ਨੇ ਪੈਸੇ ਦੇ ਕੇ ਪਾਠ, ਕੀਰਤਨ ਕਰੌਣੇ ਸ਼ੁਰੂ ਕਰ ਦਿੱਤੇ। ਇਉਂ ਕੌਮ ਸਿੱਖ ਸਿਧਾਂਤਾਂ ਨੂੰ
ਭੁੱਲ ਕੇ, ਮਨੋ ਕਲਪਿਤ ਸਾਖੀਆਂ ਦੇ ਮਗਰ ਲੱਗ ਗਈ ਅਤੇ ਬਹੁਤਾਤ ਵਿੱਚ ਅੱਜ ਵੀ ਲੱਗੀ ਹੋਈ ਹੈ। ਛੋਟੇ
ਵੱਡੇ ਸਭ ਗੁਰਦੁਆਰਿਆਂ ਵਿੱਚ ਚੋਣਾਂ ਹੋਣ ਲੱਗ ਪਈਆਂ ਹਨ ਅਤੇ ਰਾਜਨੀਤਕ ਲੋਗ ਪ੍ਰਬੰਧਕਾਂ ਵਿੱਚ
ਘੁਸੜ ਗਏ ਹਨ। ਚੋਣਾਂ ਵਿੱਚ ਗੰਦੀ ਰਾਜਨੀਤੀ ਤਹਿਤ, ਹੇਰਾ ਫੇਰੀ, ਨਸ਼ੇ ਅਤੇ ਰਿਸ਼ਵਤ ਖੋਰੀ ਦਾ
ਬੋਲਬਾਲਾ ਸ਼ੁਰੂ ਹੋ ਗਿਆ ਹੈ। ਚੌਧਰ ਅਤੇ ਮਾਇਆ ਦੀ ਖਾਤਰ ਪ੍ਰਬੰਧਕ ਅਤੇ ਪੁਜਾਰੀ ਵੀ ਭ੍ਰਿਸ਼ਟ ਹੋ
ਚੁੱਕੇ ਹਨ। ਗੁਰਦੁਆਰਿਆਂ ਵਿੱਚ ਕਰਮਕਾਂਡਾਂ ਦੀ ਸੇਲ ਲੱਗੀ ਹੋਈ ਹੈ ਜਿਸ ਵਿੱਚ ਪਾਠ, ਕੀਰਤਨ, ਕਥਾ
ਅਤੇ ਅਰਦਾਸਾਂ ਵਿਕ ਰਹੀਆਂ ਹਨ। ਗੋਲਕ ਜੋ ਗਰੀਬ ਦਾ ਮੂੰਹ ਸੀ ਅਮੀਰ ਦੇ ਜਬਾੜਿਆਂ ਵਿੱਚ ਆ ਗਈ ਹੈ।
ਗੁਰਦੁਆਰਿਆਂ ਵਿੱਚ ਡੇਰਿਆਂ ਦੀ ਮਰਯਾਦਾ ਹੈ, ਮੂਰਤੀ ਪੂਜਾ ਅਤੇ ਮੂਰਤੀਆਂ ਵਿਕ ਰਹੀਆਂ ਹਨ। ਸੰਗਤ
ਅਤੇ ਗੋਲਕ ਦਾ ਪੈਸਾ ਕਰਮਕਾਂਡਾਂ, ਕੋਟ ਕਚਹਿਰੀਆਂ, ਮੁਕੱਦਮਿਆਂ ਅਤੇ ਪੁਲੀਟੀਕਲ ਚੋਣਾਂ ਤੇ ਬਰਬਾਦ
ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੋ ਰੱਬੀ ਗਿਆਨ ਦੇ ਭੰਡਾਰ ਹਨ, ਉਨ੍ਹਾਂ ਨੂੰ ਪੜ੍ਹਨ,
ਵਾਚਣ ਅਤੇ ਅਮਲ ਕਰਨ ਦੀ ਬਜਾਏ, ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਰੇਸ਼ਮੀ ਰੁਮਾਲਿਆਂ ਅਤੇ ਭਾਂਤ
ਸੁਭਾਤੀ ਡੈਕੋਰੇਸ਼ਨਾਂ ਨਾਲ ਸਜਾਇਆ ਅਤੇ ਸ਼ਿੰਗਾਰਿਆ ਜਾ ਰਿਹਾ ਹੈ। ਦਿਖਾਵੇ ਦੇ ਅਖੌਤੀ ਸ਼ਰਧਾ ਵਾਲੇ
ਮੱਥੇ ਟੇਕੇ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ ਗਿਆਨ ਨੂੰ ਦੁਨੀਆਂ ਦੀਆਂ ਵੱਖ ਵੱਖ
ਬੋਲੀਆਂ ਵਿੱਚ ਟ੍ਰਾਂਸਲੇਸ਼ਨ ਕਰਕੇ ਵੰਡਣ ਦੀ ਬਜਾਏ ਗਿਣਤੀ ਮਿਣਤੀ ਦੇ ਤੋਤਾ ਰਟਨੀ ਪਾਠ ਕੀਤੇ ਜਾ
ਰਹੇ ਅਤੇ ਪਾਠਾਂ ਦੀਆਂ ਲੜੀਆਂ ਚਲਾਈਆਂ ਜਾ ਰਹੀਆਂ ਹਨ। ਸਿੱਧ ਗੋਸਟਾਂ ਦੀ ਕੋਈ ਗੱਲ ਨਹੀਂ ਹੋ ਰਹੀ।
ਸਿੱਖ ਸਟੇਜਾਂ ਤੇ ਸੰਤ ਬਾਬੇ ਅਤੇ ਪ੍ਰਬੰਧਕ ਪ੍ਰਚਾਰਕ ਪੈਸੇ ਤੇ ਸ਼ੁਹਰਤ ਦੀ ਖਾਤਰ ਜੋ ਮਰਜੀ ਅਨਮਤ
ਨਾਲ ਰਲ-ਗੱਡ ਕਰਕੇ ਬੋਲੀ ਜਾ ਰਹੇ ਹਨ। ਸੰਗਤ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਸਟੇਜ ਤੇ ਬੋਲਣ
ਵਾਲਿਆਂ ਨਾਲ ਸਵਾਲ ਜਵਾਬ ਕਰ ਸੱਕੇ ਅਤੇ ਸੰਗਤ ਨੂੰ ਮੂਕ ਦਰਸ਼ਕ ਬਣਾ ਕੇ ਰੱਖ ਦਿੱਤਾ ਗਿਆ ਹੈ।
ਬੇਲੋੜੀਆਂ ਕਟੜਵਾਦੀ ਅਤੇ ਸੁੱਚ ਭਿੱਟ ਵਾਲੀਆਂ ਮਰਯਾਦਾਵਾਂ ਚਲਾ ਕੇ ਪੜ੍ਹੇ ਲਿਖੇ ਨੌਜਵਾਨਾਂ ਨੂੰ
ਅਤੇ ਸੱਚ ਦੇ ਪੁਜਾਰੀ ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰ ਦਿੱਤਾ ਗਿਆ ਅਤੇ ਕੀਤਾ ਜਾ ਰਿਹਾ ਹੈ। ਇੱਕ
ਗ੍ਰੰਥ ਦੀ ਥਾਂ ਅਨੇਕਾਂ ਗ੍ਰੰਥ ਪ੍ਰਕਾਸ਼ ਕਰਕੇ ਮੱਥੇ ਟੇਕੇ ਤੇ ਪੂਜੇ ਜਾ ਰਹੇ ਹਨ। ਸਪੋਕਸਮੈਨ ਦੀ
ਸੰਪਾਦਕੀ ਵਿੱਚ ਵੀ ਕੁਝ ਸਮਾਂ ਪਹਲਾਂ ਅਜਿਹੀ ਹੀ ਗੁਹਾਰ ਦਿੱਤੀ ਗਈ ਸੀ।
ਕੀ ਐਸੇ ਹਲਾਤਾਂ ਵਿੱਚ ਕੋਈ ਤਕੜੇ ਕਿਰਦਾਰ ਦਾ ਮਾਲਕ ਗੁਰਮੁੱਖ ਵਿਦਵਾਨ,
ਸੰਤ ਸਿਪਾਹੀ ਜੁਝਾਰੂ ਸਿੱਖ “ਬਾਬਾ ਦੀਪ ਸਿੰਘ” ਵਾਂਗ ਵੰਗਾਰ ਪਾ ਕੇ ਉੱਠੇਗਾ ਜੋ ਗੁਰਦੁਆਰਿਆਂ ਅਤੇ
ਸਿੱਖ ਅਦਾਰਿਆਂ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਦੇ ਵਿਰੁੱਧ ਲਕੀਰ ਖਿੱਚ, ਲੋਕ ਲਹਿਰ ਚਲਾ ਕੇ, ਸਿੱਖ
ਸਿਧਾਂਤਾਂ ਦੀ ਰੌਸ਼ਨੀ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਦਾ ਹੋਇਆ, ਗੁਰਮਤਿ ਦਾ ਸ਼੍ਰੇਸ਼ਟਾਚਾਰ ਪੈਦਾ
ਕਰੇ? ਜੇ ਅਜੋਕੇ ਸਮੇਂ ਵਿੱਚ “ਅੰਨਾ ਹਜਾਰੇ” ਅਤੇ “ਅਰਵਿੰਦ ਕੇਜਰੀਵਾਲ” ਵਰਗੇ
ਸਮਾਜ ਸੇਵੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਲੀਡਰ ਭਾਰਤ ਸਰਕਾਰ ਨੂੰ ਹਿਲਾ ਸਕਦੇ ਹਨ ਤਾਂ ਮੁਗਲੀਆ
ਹਕੂਮਤ ਅਤੇ ਅੰਗ੍ਰੇਜ ਸਰਕਾਰ ਦੀ ਨੀਂਦ ਹਰਾਮ ਕਰ ਦੇਣ ਵਾਲੀ ਬਹਾਦਰ ਸਿੱਖ ਕੌਮ ਦਾ ਵਾਰਸ ਅਜੋਕਾ
ਬਹਾਦਰ ਸਿੱਖ ਕਿਉਂ ਅਖੌਤੀ ਸਾਧ ਬਾਬਿਆਂ ਅਤੇ ਬਾਦਲਾਂ ਅੱਗੇ ਗੋਡੇ ਟੇਕੀ ਫਿਰਦਾ ਹੈ?
ਗੁਰੂ ਪਿਆਰੇ ਸਿੱਖੋ! ਹੋਸ਼ ਵਿੱਚ ਆਵੋ, ਧਰਮ ਅਸਥਾਨਾਂ ਅਤੇ ਸਿੱਖ ਸੰਸਥਾਵਾਂ
ਨੂੰ ਚੋਣਾਂ ਅਤੇ ਸੰਤ ਬਾਬਿਆਂ ਦੀ ਗੰਦੀ ਰਾਜਨੀਤੀ ਅਤੇ ਕਮਰਸ਼ੀਅਲ ਕਰ ਦੇਣ ਦੀ ਨੀਤੀ ਤੋਂ ਸੁਚੇਤ ਹੋ
ਕੇ, ਯੋਗ ਅਤੇ ਚੰਗੇ ਕਿਰਦਾਰ ਵਾਲੇ ਆਗੂਆਂ, ਜੋ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੋ
ਸਰਬਸਾਂਝੀਵਾਲਤਾ ਅਤੇ ਮਨੁੱਖਤਾ ਦੇ ਗੁਰੂ ਗਿਆਨ ਦੇ ਸੋਮੇ ਹਨ ਨੂੰ ਸੰਪੂਰਨ ਤੌਰ ਤੇ ਸਮਰਪਤ ਸਿੱਖ
ਨੂੰ ਹੀ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਦੀ ਸੇਵਾ ਸੰਭਾਲ ਸੌਂਪੀ ਜਾਵੇ। ਕੀ ਕੋਈ ਐਸਾ
ਉੱਚੇ-ਸੁੱਚੇ ਕਿਰਦਾਰ ਵਾਲਾ, ਲੋਕ ਤੰਤਰ ਦਾ ਰਾਖਾ, ਤੱਤ ਗੁਰਮਤਿ ਅਤੇ ਗਿਆਨ-ਵਿਗਿਆਨ ਦਾ ਧਾਰਨੀ,
ਸੰਤ-ਸਿਪਾਹੀ ਗੁਰਮੁੱਖ ਵਿਦਵਾਨ, ਜਾਤ-ਪਾਤ, ਛੂਆ-ਛਾਤ ਦਾ ਵਿਰੋਧੀ, ਇੱਕ ਅਕਾਲ ਪੁਰਖ, ਇੱਕ ਪੰਥ,
ਗ੍ਰੰਥ, ਨਿਸ਼ਾਨ ਅਤੇ ਕੈਲੰਡਰ ਦਾ ਮੁਦਈ ਜੁਝਾਰੂ ਸਿੱਖ ਲੀਡਰ, ਸਿੱਖ ਕੌਮ ਦੇ ਧਰਮ ਅਸਥਾਨਾਂ ਅਤੇ
ਰਾਜਨੀਤਕ ਅਦਾਰਿਆਂ ਵਿੱਚ ਪੁਜਾਰੀਵਾਦ ਅਤੇ ਰਾਜਗਰਦੀ ਵੱਲੋਂ ਅਮਰਵੇਲ ਵਾਂਗ ਫੈਲਾਏ ਗਏ ਭ੍ਰਿਸ਼ਟਾਚਾਰ
ਵਿਰੁੱਧ ਉੱਠੇਗਾ ਜੋ ਜਨਤਾ (ਸੰਗਤ) ਦੇ ਸਹਿਯੋਗ ਨਾਲ, ਸ਼੍ਰੋਮਣੀ ਕਮੇਟੀ, ਗੁਰਦੁਵਾਰੇ,ਭ੍ਰਿਸ਼ਟ ਲੀਡਰ
ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਸੱਕੇ?