ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ।।
ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ
ਇਹੈ ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ।।
ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ
ਹਉਮੈ ਕਾ ਫੰਧੁ ਕਾਟੁ ਸਾਧਸੰਗਿ ਰਤਿ ਜੀਉ।।
ਦੇਹ ਗੇਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਏਹੁ
ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੁ ਮਤਿ ਜੀਉ।।
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ
ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ।। ੫।। ੧੦।।
(ਪੰਨਾ ੧੪੦੩)
ਪਦ ਅਰਥ:- ਸਿਰੀ – ਸ੍ਰੇਸ਼ਟ, ਸਿਰੇ ਦਾ ਸੱਚ। ਗੁਰੂ –
ਅਗਿਆਨਤਾ ਦੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਣ ਵਾਲਾ ਗਿਆਨ। ਸਤਿ ਜੀਉ – ਉਹ ਹੀ ਸਦੀਵੀ ਸਥਿਰ
ਰਹਿਣ ਵਾਲਾ ਹੈ। ਗੁਰ – ਬਖ਼ਸ਼ਿਸ਼। ਗੁਰ ਕਹਿਆ ਮਾਨੁ – ਗੁਰੂ ਦੇ ਹੁਕਮ ਨੂੰ ਮੰਨ
ਕੇ। ਨਿਜ – ਨਿੱਜੀ ਜੀਵਨ ਵਿੱਚ। ਨਿਧਾਨੁ – ਖ਼ਜ਼ਾਨਾ। ਸਚੁ ਜਾਨੁ ਮੰਤ੍ਰੁ ਇਹੈ
– ਇਸ ਸੱਚ ਨੂੰ ਆਪਣੇ ਮੰਤ੍ਰ ਜਾਣ ਕੇ। ਨਿਸਿ – ਰਾਤ, ਹਨੇਰੇ ਦਾ ਪ੍ਰਤੀਕ। ਬਾਸੁਰ
– ਦਿਨ, ਗਿਆਨ ਦੇ ਚਾਨਣ, ਪ੍ਰਕਾਸ਼ ਦਾ ਪ੍ਰਤੀਕ। ਹੋਇ – ਹੋਣ ਨਾਲ। ਕਲ੍ਯ੍ਯਾਨੁ –
ਕਲਿਆਣ, ਛੁਟਕਾਰਾ। ਲਹਹਿ – ਪ੍ਰਾਪਤੀ ਹੈ। ਪਰਮ – ਪੂਰਨ ਤੌਰ `ਤੇ। ਗਤਿ
ਜੀਉ – ਮੁਕਤੀ ਹੈ। ਕਾਮੁ ਕ੍ਰੋਧ ਲੋਭੁ ਮੋਹੁ ਜਣ – ਕਾਮੀ ਕ੍ਰੋਧੀ ਲੋਭੀਆਂ ਦੇ ਮੋਹ
ਦੀ ਧਿਰ। ਜਣ – ਧਿਰ। ਜਣ ਸਿਉ – ਇਸ ਧਿਰ ਨਾਲੋਂ। ਛਾਡੁ – ਛੱਡ ਕੇ। ਧੋਹੁ –
ਠੱਗ, ਠੱਗੀ ਕਰਨ ਵਾਲੇ। ਹਉਮੈ – ਹੰਕਾਰੀਆਂ। ਕਾ – ਦੇ। ਫੰਧ ਕਾਟੁ –
ਅਗਿਆਨਤਾ ਦੇ ਫੰਧੇ ਨਾਲੋਂ ਨਾਤਾ ਕੱਟ ਕੇ। ਸਾਧ – ਸੁਧਾਰਵਾਦੀ, ਇਨਕਲਾਬੀ। ਸੰਗਿ
ਰਤਿ – ਸੰਗ ਕਰਨਾ। ਰਤਿ – ਰੱਤੇ ਜਾਣਾ, ਜੁੜਨਾ। ਦੇਹ – ਦੇਣਾ। ਗੇਹੁ –
ਤਵੱਜੋ। ਤ੍ਰਿਅ – ਇਹ। ਸਨੇਹੁ – ਸੁਨੇਹਾ। ਤ੍ਰਿਅ ਸਨੇਹੁ – ਇਹ
ਸੁਨੇਹਾ। ਚਿਤ – ਦਿਲ, ਦਿਲੋਂ। ਬਿਲਾਸੁ – ਖੇੜਾ, ਖ਼ੁਸ਼ਹਾਲੀ, ਖ਼ੁਸ਼ਹਾਲ। ਬਿਲਾਸੁ ਜਗਤ
ਏਹੁ – ਇਸ ਜਗਤ ਵਿੱਚ ਖੇੜਾ, ਖ਼ੁਸ਼ਹਾਲੀ ਲਈ। ਚਰਨ – ਝੁਕਣ ਦੀ ਕਿਰਿਆ। ਕਮਲ –
ਨਿਰਲੇਪਤਾ ਦਾ ਪ੍ਰਤੀਕ, ਗਿਆਨ ਦੀ ਨਿਰਲੇਪ ਵੀਚਾਰਧਾਰਾ। ਸਦਾ ਸੇਉ – ਹਮੇਸ਼ਾ ਲਈ।
ਦ੍ਰਿੜਤਾ – ਵਿਸ਼ਵਾਸ। ਕਰੁ ਮਤਿ ਜੀਉ – ਇੱਕ ਮਤਿ ਹੋ ਕੇ। ਨਾਮੁ – ਸੱਚ ਨੂੰ
ਆਪਣੇ ਜੀਵਨ ਵਿੱਚ ਅਪਣਾਉਣਾ। ਸਾਰੁ – ਤੱਤ। ਹੀਏ ਧਾਰੁ – ਹਿਰਦੇ ਧਾਰਨ ਕਰਨਾ।
ਤਜੁ – ਛੱਡਣਾ। ਬਿਕਾਰੁ – ਨਿਕੰਮੀ ਵੀਚਾਰਧਾਰਾ। ਮਨ – ਮੰਨ ਕੇ। ਗਯੰਦ –
ਭੱਟ ਜੀ ਦਾ ਨਾਮ। ਸਿਰੀ – ਸ੍ਰੇਸ਼ਟ, ਸਿਰੇ ਦਾ ਸੱਚ। ਗੁਰੂ – ਅਗਿਆਨਤਾ ਦਾ ਹਨੇਰਾ
ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗਿਆਨ। ਸਿਰੀ ਗੁਰੂ ਸਿਰੀ ਗੁਰੂ - ਸ਼ਬਦਾਂ ਦਾ
ਦੁਹਰਾਅ ਦ੍ਰਿੜ੍ਹਤਾ ਲਈ ਹੈ। ਸਤਿ – ਸਤਿ ਕਰਕੇ ਜਾਨਣਾ।
ਅਰਥ:- ਹੇ ਭਾਈ! ਸਿਰੇ ਦਾ ਸੱਚ ਇਹ ਹੈ ਕਿ ਅਗਿਆਨਤਾ ਦੇ ਹਨੇਰੇ ਵਿੱਚ
ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ ਸੱਚ ਹੀ ਸਤਿ ਕਰਕੇ ਦ੍ਰਿੜ੍ਹਤਾ ਨਾਲ ਆਪਣੇ ਜੀਵਨ ਵਿੱਚ ਅਪਣਾਉਣਾ
ਚਾਹੀਦਾ ਹੈ। ਹੇ ਗਯੰਦ! ਸੱਚ ਦੇ ਖ਼ਜ਼ਾਨੇ ਗਿਆਨ ਦੀ ਕਹੀ ਹੋਈ ਗੱਲ ਸੱਚ ਨੂੰ ਮੰਤ੍ਰ ਜਾਣ ਕੇ ਨਿੱਜੀ
ਤੌਰ `ਤੇ ਮੰਨ ਭਾਵ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਤਾਂ ਹੀ ਅਗਿਆਨਤਾ ਦੇ ਹਨੇਰੇ ਵਿੱਚੋਂ
ਛੁਟਕਾਰਾ ਹੈ ਅਤੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਹੋਣ ਨਾਲ ਹੀ ਪਰਮ-ਪੂਰਨ ਤੌਰ `ਤੇ (ਅਵਤਾਰਵਾਦ
ਤੋਂ) ਗਤਿ-ਮੁਕਤੀ ਪ੍ਰਾਪਤ ਹੋ ਸਕਦੀ ਹੈ। ਇਸ ਕਰਕੇ ਹੇ ਭਾਈ! ਇਹ (ਅਵਤਾਰਵਾਦੀਆਂ ਦੇ) ਕਾਮ ਕ੍ਰੋਧ
ਮੋਹ ਦੇ ਹੰਕਾਰੀਆਂ ਦੀ ਧਿਰ ਛੱਡ ਕੇ ਇਨ੍ਹਾਂ ਹਉਮੈ ਵਿੱਚ ਫਸੇ ਠੱਗਾਂ ਦੀ, ਇਸ ਧਿਰ ਦੇ (ਅਗਿਆਨਤਾ
ਦੇ) ਫੰਧੇ ਨਾਲੋਂ ਨਾਤਾ ਕੱਟ ਕੇ ਸੱਚ ਬੋਲਣ ਵਾਲੇ ਸੁਧਾਰਵਾਦੀਆਂ ਦੀ ਧਿਰ ਦੇ ਸੰਗ ਵਿੱਚ ਜੁੜ। ਇਸ
ਗਿਆਨ ਦੀ ਨਿਰਲੇਪ ਵੀਚਾਰਧਾਰਾ ਅੱਗੇ ਮੇਰਾ ਹਮੇਸ਼ਾ ਲਈ ਸਿਰ ਝੁਕਦਾ ਹੈ। ਇਸ ਜਗਤ ਨੂੰ ਇੱਕ ਮੱਤ ਹੋ
ਕੇ ਇਸ ਗਿਆਨ ਵਿੱਚ ਤਵੱਜੋ ਦੇ ਕੇ ਹਮੇਸ਼ਾ ਵਿਸ਼ਵਾਸ ਪ੍ਰਗਟਾਉਣਾ ਚਾਹੀਦਾ ਹੈ। ਇਹ (ਸਮੁੱਚੀ ਮਾਨਵਤਾ)
ਜਗਤ ਖ਼ੁਸ਼ਹਾਲੀ ਲਈ ਜਗਤ ਨੂੰ ਮੇਰਾ (ਗਯੰਦ ਦਾ) ਦਿਲੋਂ ਸੁਨੇਹਾ ਹੈ ਭਾਵ ਦਿਲੀ ਤਮੰਨਾ ਹੈ। ਹੇ ਭਾਈ!
ਗਯੰਦ ਆਖਦਾ ਹੈ ਕਿ (ਅਵਤਾਰਵਾਦੀ) ਬੇਕਾਰ-ਨਿਕੰਮੀ ਵੀਚਾਰਧਾਰਾ ਨੂੰ ਛੱਡ ਕੇ ਸੱਚ ਦੇ ਤੱਤ ਸਾਰ ਨੂੰ
ਮੰਨ ਕੇ ਇਹ ਜੋ ਸਿਰੇ ਦਾ ਸੱਚ ਹੈ, ਜੀਵਨ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ
ਪ੍ਰਕਾਸ਼ ਕਰਨ ਵਾਲਾ ਹੈ, ਨੂੰ ਸਤਿ ਕਰਕੇ ਦ੍ਰਿੜ੍ਹਤਾ ਨਾਲ ਅਪਣਾਉਣਾ ਚਾਹੀਦਾ ਹੈ।
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ।।
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ।।
ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ।।
ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ।।
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ।। ੧।। ੧੧।।
(ਪੰਨਾ ੧੪੦੩)
ਪਦ ਅਰਥ:- ਸੇਵਕ ਕੈ ਭਰਪੂਰ – ਤੇਰਿਆਂ ਸੇਵਕਾਂ ਨੂੰ ਇਹ ਪੂਰਨ
ਭਰੋਸਾ ਹੈ। ਜੁਗੁ ਜੁਗੁ – ਹਰ ਸਮੇਂ ਅੰਦਰ। ਵਾਹਗੁਰੂ ਤੇਰਾ ਸਭੁ ਸਦਕਾ – ਹੇ
ਵਾਹਿਗੁਰੂ! ਸਭ ਤੇਰਾ ਹੀ ਪ੍ਰਤਾਪ ਹੈ। ਨਿਰੰਕਾਰੁ ਪ੍ਰਭੂ – ਹੇ ਆਕਾਰ ਤੋਂ ਰਹਿਤ ਅਸਚਰਜ
ਪ੍ਰਭੂ! ਸਦਾ ਸਲਾਮਤਿ – ਤੂੰ ਹੀ ਸਦਾ ਸਲਾਮਤ ਹੈਂ। ਕਹਿ ਨ ਸਕੈ ਕੋਊ ਤੂ ਕਦ ਕਾ –
ਕੋਈ ਇਹ ਨਹੀਂ ਕਹਿ ਸਕਦਾ ਕਿ ਤੂੰ ਕਦੋਂ ਤੋਂ ਹੈ। ਭਾਵ ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ।
ਬ੍ਰਹਮਾ ਬਿਸਨੁ – ਬ੍ਰਹਮੇ, ਬਿਸ਼ਨੂੰ (ਵਿਸ਼ਨੂੰ) ਵਰਗੇ। ਸਿਰੇ ਤੈ ਅਗਨਤ – ਤੂੰ
ਅਣਗਿਣਤ ਪੈਦਾ ਕੀਤੇ ਹਨ। ਸਿਰੇ – ਸਿਰਜੇ ਹਨ, ਪੈਦਾ ਕੀਤੇ ਹਨ। ਤਿਨ ਕਉ ਮੋਹੁ ਭਯਾ ਮਨ
ਮਦ ਕਾ – ਉਨ੍ਹਾਂ ਨੂੰ ਅਗਿਆਨਤਾ ਦੇ ਨਸ਼ੇ ਨਾਲ ਮੋਹ ਹੋ ਗਿਆ। ਭਾਵ ਆਪਣੇ ਰੱਬ ਹੋਣ ਦਾ ਭਰਮ
ਪਾਲਦੇ ਰਹੇ ਅਤੇ ਇਹ ਭਰਮ ਪਾਲਦੇ ਰਹੇ ਕਿ - ਚਵਰਾਸੀਹ ਲਖ ਜੋਨਿ ਉਪਾਈ – ਕਿ ਅਸੀਂ ਚੁਰਾਸੀ
ਲੱਖ ਜੋਨ ਉਪਾਈ ਹੈ। ਰਿਜਕੁ ਦੀਆ ਸਭ ਹੂ ਕਉ ਤਦ ਕਾ – ਤਦੋਂ ਤੋਂ ਹੀ ਅਸੀਂ ਹੀ ਸਭ ਨੂੰ
ਰਿਜ਼ਕ ਦਿੰਦੇ ਹਾਂ। ਸੇਵਕ ਕੈ ਭਰਪੂਰ – ਜਦੋਂ ਕਿ ਹੇ ਨਿਰੰਕਾਰ! ਤੇਰੇ ਸੇਵਕਾਂ ਨੂੰ ਤੇਰੇ
`ਤੇ ਹੀ ਪੂਰਨ ਭਰੋਸਾ ਹੈ। ਜੁਗੁ ਜੁਗੁ – ਹਰ ਸਮੇਂ, ਹਰ ਵਕਤ। ਵਾਹਗੁਰੂ ਤੇਰਾ ਸਭੁ
ਸਦਕਾ – ਹੇ ਵਾਹਿਗੁਰੂ! ਤੇਰਾ ਹੀ ਸਭ ਪ੍ਰਤਾਪ ਹੈ।
ਨੋਟ:- ਚੁਰਾਸੀ ਲੱਖ ਜੋਨ ਵਾਲੀ ਗੱਲ ਬ੍ਰਹਮੇ, ਵਿਸ਼ਨੂੰ ਦੀ ਕਾਢ ਹੈ,
ਗੁਰਮਤਿ ਨਹੀਂ ਮੰਨਦੀ। ਇਸ ਕਾਢ ਨੂੰ ਗੁਰਮਤਿ ਦੇ ਧਾਰਨੀ ਭੱਟ ਸਾਹਿਬਾਨ ਨੇ ਰੱਦ ਕੀਤਾ ਹੈ।
ਅਰਥ:- ਹੇ ਨਿਰੰਕਾਰ ਆਕਾਰ ਤੋਂ ਰਹਿਤ ਅਸਚਰਜ ਪ੍ਰਭੂ! ਤੇਰਿਆਂ ਸੇਵਕਾਂ
ਨੂੰ ਇਹ ਪੂਰਨ ਭਰੋਸਾ ਹੈ ਕਿ ਹਰ ਸਮੇਂ ਅੰਦਰ ਤੇਰਾ ਹੀ ਪ੍ਰਤਾਪ ਹੈ। ਤੂੰ ਸਦਾ ਹੀ ਸਲਾਮਤ ਹੈਂ ਭਾਵ
ਹੇ ਨਿਰੰਕਾਰ! ਤੂੰ ਹੀ ਸਦੀਵੀ ਸਥਿਰ ਰਹਿਣ ਵਾਲਾ ਹੈਂ। ਕੋਈ ਇਹ ਨਹੀਂ ਕਹਿ ਸਕਦਾ ਕਿ ਤੂੰ ਕਦੋਂ
ਤੋਂ ਹੈ ਭਾਵ ਤੂੰ ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ। ਬ੍ਰਹਮੇ, ਬਿਸਨੂੰ (ਵਿਸ਼ਨੂੰ) ਵਰਗੇ ਤੂੰ
ਅਣਗਿਣਤ ਪੈਦਾ ਕੀਤੇ ਹਨ ਜਿਹੜੇ ਅਗਿਆਨਤਾ ਦੇ ਨਸ਼ੇ ਵਿੱਚ ਮਦਹੋਸ਼ ਆਪਣੇ ਰੱਬ ਹੋਣ ਦਾ ਭਰਮ ਪਾਲਦੇ
ਰਹੇ ਅਤੇ ਇਹ ਦਾਅਵਾ ਕਰਦੇ ਹਨ ਕਿ ਅਸੀਂ ਚੁਰਾਸੀ ਲੱਖ ਜੂਨ ਪੈਦਾ ਕੀਤੀ ਹੈ ਅਤੇ ਤਦੋਂ ਤੋਂ ਹੀ
ਅਸੀਂ ਸਭ ਨੂੰ ਰਿਜ਼ਕ ਦਿੰਦੇ ਹਾਂ। ਜਦੋਂ ਕਿ ਇਸ ਦੇ ਉਲਟ ਹੇ ਨਿਰੰਕਾਰ! ਤੇਰੇ ਸੇਵਕਾਂ ਨੂੰ ਤੇਰੇ
`ਤੇ ਹੀ ਪੂਰਨ ਭਰੋਸਾ ਹੈ ਕਿ ਹਰ ਸਮੇਂ, ਹਰ ਵਕਤ ਹੇ ਵਾਹਿਗੁਰੂ! ਸਭ ਕੁੱਝ ਤੇਰੀ ਹੀ ਬਦੌਲਤ ਹੈ,
ਤੇਰਾ ਹੀ ਪ੍ਰਤਾਪ ਹੈ।
ਇਸ ਤੋਂ ਅਗਲੇ ਸਵਈਏ ਨੰ: ੧੨ ਵਿੱਚ ਜੋ ਅਵਤਾਰਵਾਦੀਆਂ ਦਾ ਭਰਮ ਹੈ ਕਿ ਅਸੀਂ
ਸੰਸਾਰ ਦੀ ਰਚਨਾ ਕੀਤੀ ਹੈ ਅਤੇ ਅਸੀਂ ਹੀ ਸੰਸਾਰ ਦੀ ਪਾਲਣਾ ਕਰਦੇ ਹਾਂ, ਇਹ ਉਨ੍ਹਾਂ ਦਾ ਭਰਮ
ਚੁੱਕਿਆ ਹੈ ਭਾਵ ਰੱਦ ਕੀਤਾ ਹੈ।