. |
|
ਰਾਜ ਕਰੇਗਾ ਖਾਲਸਾ
ਆਗਿਆ ਭਈ ਅਕਾਲ ਕੀ ਤਭਿ ਚਲਾਇਓ
ਪੰਥ॥
ਸਭ ਸੀਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ॥
ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ॥
ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇਂ ਲੇ ॥
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ॥
ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ॥
ਵਾਹਿਗੁਰੂ ਨਾਮ ਜਹਾਜ ਹੈ ਚੱੜ੍ਹੇ ਸੋ ਉਤਰੇ ਪਾਰ॥
ਜੋ ਸ਼ਰਧਾ ਕਰ ਸੇਂਵਦੇ ਗੁਰ ਪਾਰ ਉਤਾਰਨ ਹਾਰ॥
ਖੰਡਾ ਜਾ ਕੇ ਹਾਥ ਮੇਂ ਕਲਗੀ ਸੋਹੇ ਸੀਸ ॥
ਸੋ ਹਮਰੀ ਰਖਸ਼ਾ ਕਰੇ ਕਲਗੀਧਰ ਜਗਦੀਸ਼ ॥
1469 ਤੋਂ 1708 ਤਕ ਕੋਈ ਦੋ ਸੌ ਉਨਤਾਲੀ ਸਾਲ ਲਗੇ ਇਸ ਦੋਹੇ ਦੀ ਬਣਤਰ ਵਿਚ ਗੁਰੂ ਨਾਨਕ ਸਾਹਿਬ
ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ ਦਸ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿਚ ਇਸ ਨੂੰ ਸਿਰਜਿਨ
ਸਵਾਰਨ ਉਪਰੰਤ ਇਹ ਦੋਹਾ ਸਿਖ ਕੌਮ ਦੀ ਝੋਲੀ ਵਿਚ ਪਾੲਆ। ਜਦ ਤੋਂ ਹੀ, ਅਰਦਾਸ ਉਪਰੰਤ ਇਹ ਦੋਹਾ
ਸੰਸਾਰ ਦੇ ਹਰ ਗੁਰਦਵਾਰੇ ਵਿਚ ਪੜ੍ਹਿਆ ਜਾਂਦਾ ਹੈ। ਕਈ ਪ੍ਰਚਾਰਕ ਇਸ ਦੋਹੇ ਨੂੰ ਆਸ਼ਾ ਵਾਦੀ ਕਹਿ ਕੇ
ਡੰਗ ਟਪਾ ਲੈਂਦੇ ਹਨ। ਦੇਖਣਾ ਹੈ ਕਿ ਇਸ ਦੋਹੇ ਪਿਛੇ ਕਹਿੜੀ ਫਿਲੋਸਫੀ ਕੰਮ ਕਰ ਰਹੀ ਹੈ।
ਇਹ ਦੋਹਾ ਕਿਸ ਨੇ ਲਿਖਿਆ ਕਦੋਂ ਲਿਖਿਆ ਮੈਂ ਇਸ ਬੈਹਸ ਵਿਚ ਨਹੀਂ ਪਵਾਂਗਾ, ਮੈਂ ਤਾਂ ਸਿਰਫ ਆਪਣੀ
ਨਿਗੂਣੀ ਜਿਹੀ ਸੂਝ ਨਾਲ ਜੋ ਇਸ ਦੋਹੇ ਦੇ ਪਿਛੇ ਛੁਪੀ ਸਚਾਈ ਨੂੰ ਸਮਝ ਸਕਿਆ ਹਾਂ ਬਸ ਉਸ ਦੀ ਰੌਸ਼ਨੀ
ਵਿਚ ਹੀ ਵਿਚਾਰ ਸਾਂਝੇ ਕਰਾਂਗਾ।
ਜੀਵਨ ਦੇ ਪਚਾਸੀਵੇਂ ਪੋਡੇ ਤੇ ਪੈਰ ਧਰ ਲਿਆ ਹੈ , ਬਚਪਨ ਤੋਂ ਜਵਾਨੀ ਵਿਚ ਦਾਖਲ ਹੁੰਦਿਆਂ ਅਸੀਂ
ਕਿਸ ਤਰਾਂ ਇਸ ਦੋਹੇ ਨੂੰ ਲਿਆ। ਆਪਣੇ ਜੀਵਨ ਦਾ ਤਜਰਬਾ ਪਾਠਕਾਂ ਨਾਲ ਸਾਂਝਾ ਕਰਨਾ ਚਾਹਾਂਗਾ ।
ਛੋਟੇ ਹੁੰਦੇ ਅਸੀਂ ਆਪਣੇ ਮਾਤਾ ਪਿਤਾ ਜਾਂ ਕਿਸੇ ਵੱਡੇ ਭੈਣ ਭਰਾ ਨਾਲ ਗੁਰਦਵਾਰੇ ਜਾਇਆ ਕਰਦੇ ਸੀ।
ਗੁਰਦਵਾਰੇ ਦਾ ਗਰੰਥੀ ਜਦ ਕੀਰਤਨ ਕਰਦਾ ਤਾਂ ਸੰਗਤ ਵਿਚੋਂ ਹੀ ਕੋਈ ਢੋਲਕੀ ਨਾਲ ਸਾਥ ਦੇਣ ਲਗ
ਜਾਂਦਾ। ਸੰਗਤ ਬੜੀ ਹੀ ਸ਼ਾਂਤ ਚਿਤ ਹੋ ਕੇ ਕਥਾ ਕੀਰਤਨ ਸੁਣਦੀ, ਕਦੇ ਵੀ ਕਿਸੇ ਗਰੰਥੀ ਸਿੰਘ ਨੂੰ
ਬੀਬੀਆਂ ਜਾਂ ਭਾਈਆਂ ਨੂੰ ਚੁਪ ਦਾ ਦਾਨ ਬਖਸ਼ਣ ਲਈ ਬੇਨਤੀ ਨਹੀਂ ਸੀ ਕਰਨੀ ਪੈਂਦੀ। ਮਾਹੋਲ ਬੜਾ ਹੀ
ਸ਼ਾਂਤਮਈ ਹੁੰਦਾ। ਅਸੀਂ ਬੱਚੇ ਆਪਣੇ ਤੋਂ ਵੱਡਿਆਂ ਦੇ ਗੋਡੇ ਨਾਲ ਲੱਗ ਕੇ ਬੈਠੇ ਰਹਿੰਦੇ।
ਦੀਵਾਨ ਦੀ ਸਮਾਪਤੀ ਤੇ ਅਰਦਾਸ ਉਪਰੰਤ ਜਦ ਆਗਿਆ ਭਈ ਅਕਾਲ ਕੀ ਦਾ ਦੋਹਾ ਪੜ੍ਹਿਆ ਜਾਂਦਾ ਤਾਂ ਅਸੀਂ
ਬੱਚੇ ਵੀ ਨਾਲ ਪੜ੍ਹਦੇ। ਸਾਨੂੰ ਉਸ ਦੋਹੇ ਨਾਲ ਨਾ ਤਾਂ ਕੋਈ ਸ਼ਰਧਾ ਸੀ ਅਤੇ ਨਾ ਹੀ ਕੋਈ ਸਮਝ,
ਸਾਨੂੰ ਤਾਂ ਸਿਰਫ ਇਨਾ ਪਤਾ ਸੀ ਬਸ ਛੇਤੀ ਹੀ ਕੜਾਹ (ਕੜਾਹ ਪ੍ਰਸ਼ਾਦ ਨੂੰ ਬੱਚੇ ਕੜਾਹ ਹੀ ਕਿਹਾ
ਕਰਦੇ ਸਨ) ਵੰਡਿਆ ਜਾਵਿਗਾ। ਦੋਹੇ ਤੋਂ ਬਾਅਦ ਜਦ ਜੈਕਾਰਾ ਛੱਡਿਆ ਜਾਂਦਾ ਤਾਂ ਸਾਡੀ ਬੱਚਿਆਂ ਦੀ
ਤਿਖੀ ਜਿਹੀ ਆਵਾਜ਼ ਵੱਖਰੀ ਹੀ ਸੁਣਾਈ ਦਿੰਦੀ। ਕੜਾਹ ਵੰਡਿਆ ਜਾਂਦਾ ਤਾਂ ਸਾਡੀ ਨਿਗਾਹ ਕੜਾਹ ਵਰਤਾਉਣ
ਵਾਲੇ ਨਾਲ ਹੀ ਘੁੰਮਦੀ ਰਹਿੰਦੀ। ਬਚਿਆਂ ਲਈ ਕੜਾਹ ਅਜ ਵੀ ਉਨਾ ਹੀ ਮਨ ਭਾਉਂਦਾ ਖਾਜਾ ਹੈ ਜਿਨਾ
ਅਸੀਂ ਬਚਪਨ ਵਿਚ ਪਸੰਦ ਕਰਦੇ ਸੀ। ਅਜ ਉਮਰ ਦੇ ਮੰਗਮੇਂ ਸਾਲਾਂ ਵਿਚ ਬੱਲਡ ਪ੍ਰੈਸ਼ਰ, ਸ਼ੂਗਰ ਅਤੇ
ਮੁਟਾਪੇ ਦੇ ਦੈਂਤ ਤੋਂ ਡਰਦਿਆਂ ਹੋਇਆਂ ਹੋਰ ਸਾਥੀਆਂ ਵਾਂਗ ਅੰਗੂਠੇ ਅਤੇ ਦੋ ਉਂਗਲੀਆਂ ਦਾ ਯੂ ਜਿਹਾ
ਬਣਾ ਕੇ ਆਖੀਦਾ ਹੈ ਗਿਆਨੀ ਜੀ ਸਵਾਇਆ ਗੱਫਾ ਰੱਖਿਓ।
ਅੱਜ ਜਦ ਆਲੀਸ਼ਾਨ ਗੁਰਦਵਾਰਿਆਂ ਦੇ ਵੱਡੇ ਹਾਲਾਂ ਵਿਚ ਕਥਾ ਕੀਰਤਨ ਸਮੇਂ ਬੱਚਿਆਂ ਨੂੰ ਕੌੜ ਕਬੱਡੀ
ਖੇਲਦੇ ਦੇਖਦਾ ਹਾਂ ਤਾਂ ਬਾਰ ਬਾਰ ਖਿਆਲ ਆਉਂਦਾ ਹੈ, ਕਿਊਂ? ਫੇਰ ਸੋਚੀਦਾ ਹੈ ਕਿ ਸ਼ਾਇਦ ਅਸੀਂ
ਆਗਿਆਕਾਰੀ ਬੱਚੇ ਸਾਂ ਜਾਂ ਗੁਰਦਵਾਰੇ ਦਾ ਹਾਲ ਛੋਟਾ ਹੋਣ ਕਰਕੇ ਥਾਂ ਦੀ ਥੁੜ ਕਾਰਨ ਅਸੀਂ ਚੁਪ ਚਾਪ
ਬੈਠੇ ਰਹਿੰਦੇ ਸੀ। ਫੇਰ ਇਕ ਹੋਰ ਖਿਆਲ ਸਾਹਮਣੇ ਖਲੋ ਜਾਂਦਾ ਹੈ ਨਹੀਂ ਇਹ ਗੱਲ ਨਹੀਂ ਸੀ, ਦਰਅਸਲ
ਹਰ ਕੋਈ ਗੁਰਦਵਾਰੇ ਨੂੰ ਗੁਰੂ ਦਵਾਰਾ ਸਮਝਦਾ ਸੀ। ਅਜ ਕਮੇਟੀ ਚੁਣੀ ਤਾਂ ਜਾਂਦੀ ਹੈ ਗੁਰਦਵਾਰੇ ਦਾ
ਪਰਭੰਦ ਕਰਨ ਲਈ ਪਰ ਗੁਰਦਵਾਰਾ ਕਮੇਟੀ ਦਾ ਬਣ ਕੇ ਰਹਿ ਜਾਂਦਾ ਹੈ। ਪਾਰਟੀ ਸਿਆਸਤ ਪ੍ਰਧਾਨ ਬਣ ਗਈ
ਹੈ। ਜਦ ਸਿਆਣੇ ਬਿਆਣੇ ਬੁਧੀਮਾਨ ਸਵੈ ਸਜੇ ਕੌਮ ਦੇ ਆਗੂ ਆਪਣੇ ਸਵਾਰਥ ਲਈ ਗੁਰੂਦਵਾਰੇ ਦੀ ਸਟੇਜ ਦੀ
ਵਰਤੋਂ ਕਰਦੇ ਹੋਏ ਬਾਂਹਾਂ ਉਲਾਰ ਉਲਾਰ ਕੇ ਕੂੜੇ ਨਾਹਰੇ ਲਾਊਂਦੇ ਹਨ ਤਾਂ ਗੁਰੂ ਦੀ ਗੱਲ ਦੀ ਥਾਂ
ਉਹ ਆਪਣੀ ਗੱਲ ਕਰ ਰਹੇ ਹੁੰਦੇ ਹਨ। ਗੁਰੂ ਦਾ ਸਤਕਾਰ ਘੱਟ ਜਾਂਦਾ ਹੇ ਫੇਰ ਉਸ ਮਾਹੋਲ ਵਿਚ ਵਿਚਰਦੇ
ਬੱਚਿਆਂ ਵਿਚ ਵੀ ਸ਼ੋਰ ਸ਼ਰਾਬੇ ਦੀ ਬਿਰਤੀ ਜਨਮ ਲੈਂਦੀ ਹੈ ਜਿਸ ਕਾਰਨ ਅਜ ਅਸੀਂ ਗੁਰੂ ਆਸ਼ੇ ਤੋਂ ਦੂਰ
ਹੁੰਦੇ ਜਾ ਰਹੇ ਹਾਂ।
ਸਮਾ ਕਦੇ ਖੜੋਤ ਵਿਚ ਨਹੀਂ ਰਹਿੰਦਾ ਬਦਲਦੇ ਸਮੇਂ ਨਾਲ ਨਵੇਂ ਵਿਚਾਰ ਜਨਮ ਲੈਂਦੇ ਹਨ। ਕੁਝ ਪਰ੍ਹੋੜ
ਲੇਖਕਾਂ ਨੇ ਪ੍ਰਗਤੀਵਾਦੀ ਅਤੇ ਕਾਮਰੇਡੀ ਦੋ ਵਿਦੇਸ਼ੀ ਵਿਚਾਰਾਂ ਨੂੰ ਅਪਨਾ ਕੇ ਇਨਾਂ ਪ੍ਰਚਾਰ ਕੀਤਾ
ਕਿ ਦੇਖਦਿਆਂ ਦੇਖਦਿਆਂ ਨਵੀਂ ਪੀੜ੍ਹੀ ਦੀ ਬਹੁਗਿਣਤੀ ਵੀ ਰੀਸੋ ਰੀਸੀ ਪ੍ਰਗਤੀਵਾਦ ਜਾਂ ਕਾਮਰੇਡੀ
ਸੋਚ ਨੂੰ ਕਬੂਲਣ ਵਿਚ ਫੱਖਰ ਮਹਿਸੂਸ ਕਰਨ ਲਗੀ। ਘਟ ਗਿਣਤੀ ਵਿਚ ਆਏ ਧਾਰਮਕ ਵਿਚਾਰ ਰਖਣ ਵਾਲਿਆਂ
ਨੂੰ ਰੂੜੀਵਾਦੀ ਅਪਮਾਨਜਨਕ ਨਾਮ ਦਿਤਾ ਗਿਆ ਅਤੇ ਮਖੌਲ ਵਜੋਂ ਉਹਨਾਂ ਦੇ ਨਾਮ ਨਾਲ ਭਾਈ ਜੀ ਦਾ ਸ਼ਬਦ
ਵੀ ਜੋੜ ਦਿਤਾ ਗਿਆ। ਇਹੋ ਹਾਲ ਸਾਡੇ ਨਾਲ ਹੋਇਆ , ਜੁਆਨੀ’ਚ ਪੈਰ ਧਰਦਿਆਂ ਹੀ ਸੁਭਾਵਕ ਹੀ ਕੁਝ ਪਰ
ਵੀ ਲਗ ਗਏ। ਤੋੜ ਮਰੋੜ ਕੇ ਗੱਲ ਕਰਨ ਲਗ ਪਏ। ਆਗਿਆ ਭਈ ਅਕਾਲ ਕੀ ਦਾ ਦੋਹਾ ਬਦੱਸਤੂਰ ਪੱੜ੍ਹਿਆਂ
ਜਾਂਦਾ ਰਿਹਾ ਪਰ ਰਾਜ ਕਰੇਗਾ ਖਾਲਸਾ ਚਰਚਾ ਦਾ ਵਿਸ਼ਾ ਬਣ ਗਿਆ । ਮਖੋਲ ਵਜੋਂ ਧਾਰਮਕ ਰੁਚੀ ਵਾਲੇ
ਬੰਦੇ ਨੂੰ ਚਿੜ੍ਹਾਉਣ ਲਈ ਸਵਾਲ ਕਰਦੇ ਭਾਈ ਜੀ , ਖਾਲਸਾ ਕਦੋਂ’ਕ ਰਾਜ ਕਰੇਗਾ ਤਾਂ ਬਾਕੀ ਦੇ ਹਸ ਕੇ
ਆਖਦੇ ਜਦ ਬਾਕੀ ਰਹੇ ਨਾ ਕੋਇ । ਉਸ ਕੱਲੇ ਕਹਿਰੇ ਪਾਸ ਚੁਪ ਰਹਿਣ ਤੋਂ ਬਗੈਰ ਕੋਈ ਚਾਰਾ ਹੀ ਨਾ
ਹੁੰਦਾ। ਦੋਹੇ ਦੀ ਇਸ ਤੁਕ ਦੀ ਰੂਪ ਰੇਖਾ ਵਿਗਾੜਨ ਵਿਚ ਅਸੀਂ ਸਿੱਖ ਪ੍ਰਿਵਾਰਾਂ ਵਿਚ ਜੱਨਮ ਲੈਣ
ਵਾਲੇ ਵੀ ਦੂਜੇ ਧਰਮਾਂ ਵਾਲਿਆਂ ਨਾਲ ਰਲ ਗਏ ਅਤੇ ਮਸ਼ਕੂਲੇ ਵਜੋਂ ਇੰਝ ਪੜ੍ਹਨ ਲਗ ਪਏ ਰਾਜ ਕਰੇ ਗਾ
ਖਾਲਸਾ ਜਦ ਬਾਕੀ ਰਹੇ ਨਾ ਕੋਇ ਪਾਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ।
1953 ਵਿਚ ਪੜ੍ਹਾਈ ਲਿਖਾਈ ਖਤਮ ਕਰਕੇ ਯੂਪੀ ਵਿਚ ਖੇਤੀ ਅਰੰਭ ਦਿਤੀ। ਜਹਾਂ ਦਾਣਾ ਤਹਾਂ ਖਾਣਾ ਦੇ
ਅਖਾਣ ਮੁਤਾਬਕ ਇੰਗਲੈਂਡ ਹੁੰਦਾ ਹੋਇਆ ਦਸੰਬਰ 22, 1963 ਨੂੰ ਸੈਰ ਦੇ ਵੀਜ਼ੇ ਤੇ ਅਮ੍ਰੀਕਾ ਆ ਹਾਜ਼ਰ
ਹੋਇਆ। ਇਕ ਦੋ ਵੇਰ ਵਾਪਸ ਜਾਣ ਲਈ ਸਾਮਾਨ ਬੱਧਾ ਪਰ ਭੈਣ ਭਣੋਈਏ ਅੱਗੇ ਕੋਈ ਜੋਰ ਨਾ ਚੱਲਿਆ। ਫਰਵਰੀ
1964 ਵਿਚ ਕਾਂਗਰਸਮੈਨ ਬੋਬ ਲੈਗਟ ਨੇ ਇਕ ਬਿਲ ਕਾਂਗਰਸ ਵਿਚ ਪੇਸ਼ ਕਰ ਦਿਤਾ ਕਿ ( ਮੈਂ ਮੁਹਿੰਦਰ
ਸਿੰਘ ਘੱਗ ਨੂੰ ਅਮ੍ਰੀਕਾ ਵਿਚ ਰਖਣਾ ਚਾਹੁੰਦਾ ਹਾਂ ) ਨਾਲ ਹੀ ਕਾਂਗਰਸ ਮੈਨ ਨੇ ਮੈਂਨੂੰ ਯੂਬਾ
ਕਾਲਜ ਵਿਚ ਕੁਝ ਕਲਾਸਾਂ ਲੈਣ ਲਈ ਆਖਿਆ। ਸਾਰਾ ਦਿਨ ਖੇਤ ਵਿਚ ਸੱਖਤ ਕੰਮ ਕਰਕੇ ਸ਼ਾਮ ਨੂੰ ਕਾਲਜ ਜਾਣ
ਲਗ ਪਿਆ। ਕਾਲਜ ਵਿਚ ਪੋਲੀਟਕਲ ਸਾਇਂਸ ਦੀ ਪੜ੍ਹਾਈ ਦੌਰਾਨ ਅਮ੍ਰੀਕਾ ਦੇ ਵਿਧਾਨ ਬਾਰੇ ਜਾਣਕਾਰੀ ਨੇ
ਮੈਂਨੂੰ 30 ਮਾਰਚ 1699 ਦੀ ਵੇਸਾਖੀ ਦੇ ਰੂਬਰੂ ਜਾ ਖੜਾ ਕੀਤਾ। ਹੈਂ ! ਇਹ ਤਾਂ ( ਅਮ੍ਰੀਕਾ ਦਾ
ਵਿਧਾਨ) ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਫਿਲਾਸਫੀ ( ਤਾਕਤ ਦਾ ਵਿਕੇਂਦਰੀ ਕਰਨ) ਦੇ ਅਧਾਰ
ਤੇ ਬਣਾਇਆ ਗਿਆ ਹੈ। ਅਮ੍ਰੀਕਾ ਦੇ ਵਿਧਾਨ ਘਾੜਿਆਂ ਨੇ ਵੀ ਤਾਕਤ ਦਾ ਵਿਕੇਂਦਰੀ ਕਰਨ ਹੀ ਤਾਂ ਕੀਤਾ
ਸੀ। ਗੁਰੂ ਮਹਾਰਾਜ ਨੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ। ਅਜ ਤੋਂ ਖਾਲਸਾ ਗੁਰੂ ਹੈ ਅਤੇ ਗੁਰੂ
ਖਾਲਸਾ ਹੈ ਗੁਰੂ ਨਾਨਕ ਜੀ ਵਲੋਂ ਰੱਖਿਆ ਨੀਂਹ ਪੱਥਰ ਬਰਾਬਰਤਾ, ਬਰਾਬਰਤਾ, ਬਰਾਬਰਤਾ। ਅਮ੍ਰੀਕਾ ਦੇ
ਪ੍ਰਧਾਨ ਨੂੰ ਸੰਬੋਦਨ ਕਰਨ ਲਗਿਆਂ ਵੀ ਹਿਜ਼ ਐਕਸਲੈਂਸੀ ਜਾਂ ਯੂਅਰ ਅਉਨਰ ਦੇ ਵਿਸ਼ੇਸਨ ਲਾਉਣ ਦੀ ਲੋੜ
ਨਹੀਂ ਹੋਵਿਗੀ ਬਸ ਮਿਸਟਰ ਪਰੈਜ਼ੀਡੈਂਟ ਕਹਿਣ ਨਾਲ ਹੀ ਕੰਮ ਚਲ ਜਾਵਿਗਾ। ਉਸ ਤੋਂ ਅੱਗੇ ਗੁਰੂ
ਗੋਬਿੰਦ ਸਿੰਘ ਜੀ ਨੇ ਅਕਤੂਬਰ 7,1708 ਨੂੰ ਆਖਿਆ ਸੀ ( ਆਗਿਆ ਭਈ ਅਕਾਲ ਕੀ ਤਭਿ ਚਲਾਇਉ ਪੰਥ ॥ ਸਭ
ਸੀਖਨ ਕੋ ਹੁਕਮ ਹੈ ਗੁਰੂ ਮਾਨਿਉ ਗਰੰਥ ॥) ਭਾਵ, ਸਿਖੋ ਅਜ ਤੋਂ ਇਹ ਤੁਹਾਡਾ ਵਿਧਾਨ ਹੈ । ਅਸੀਂ
ਗੁਰੂ ਗਰੰਥ ਸਾਹਿਬ ਜੀ ਨੂੰ ਜਾਗਦੀ ਜੋਤ ਆਖਦੇ ਹਾਂ ਅਤੇ ਅਮ੍ਰੀਕਨ ਆਪਣੇ ਵਿਧਾਨ ਨੂੰ ਲਿਵੰਗ
ਡਾਕੋਮੈਂਟ। ਬਾਬਾ ਨਾਨਕ ਜੀ ਵਲੋਂ ਬਰਾਬਰਤਾ ਦੀਆਂ ਲੀਹਾਂ ਤੇ ਸ਼ੁਰੂ ਕੀਤਾ ਸਮਾਜ ਸੰਸਾਰ ਦੇ ਵੱਖ
ਵੱਖ ਮੁਲਕਾਂ ਲਈ ਇਕ ਰੌਸ਼ਨ ਮੀਨਾਰ ਬਣ ਗਿਆ। ਭਾਰਤ ਵਿਚ ਸਦੀਆਂ ਤੋਂ ਇਕ ਪੁਰਖੀ ਤਾਕਤ ਦਾ ਭੋਗ ਪੈ
ਗਿਆ। ਫਲਸਰੂਪ ਅਮ੍ਰੀਕਾ, ਇੰਗਲੈਂਡ ਫਰਾਂਸ ਅਤੇ ਰੂਸ ਵਿਚ ਵੀ ਇਕ ਪੁਰਖੀ ਰਾਜ ਦਾ ਭੋਗ ਪੈਗਿਆ
।ਉਹਨਾਂ ਦੇਸ਼ਾਂ ਵਿਚ ਵੀ ਤਾਕਤ ਦਾ ਵਿਕੇਂਦਰੀ ਕਰਨ ਦੇ ਅਧਾਰ ਤੇ ਵਿਧਾਨ ਬਣਾਏ ਗਏ।
ਹੁਣ ਜਦ ਮੈਨੂੰ ਉਹ ਪੁਰਾਣੇ ਦਿਨ ਯਾਦ ਆਉਂਦੇ ਹਨ ਤਾਂ ਸ਼ਰਮ ਜਿਹੀ ਮਹਿਸੂਸ ਹੁੰਦੀ ਹੈ ਕਿ ਇਡੀ ਵੱਡੀ
ਫਿਲੋਸਿਫੀ ਨੂੰ ਅਸੀਂ ਕਿਊਂ ਝੁਠਲਾਉਂਦੇ ਰਹੇ। ਇਸ ਵਿਚ ਸਾਡਾ ਦੋਸ਼ ਵੀ ਕੋਈ ਨਹੀਂ ਸੀ ਦਰਅਸਲ ਕੌਮ
ਦੇ ਪ੍ਰਚਾਰਕ ਅਤੇ ਬੁਧੀ ਜੀਵ 30 ਮਾਰਚ 1699 ਦੀ ਵੈਸਾਖੀ ਦੀ ਫਿਲੋਸਿਫੀ (ਤਾਕਤ ਦਾ ਵਿਕੇਂਦਰੀ
ਕਰਨ) ਨੂੰ ਸਮਝ ਸਮਝਾਉਣ ਦੀ ਬਜਾਏ ਸਿਰਫ ਪੰਜਾ ਪਿਆਰਿਆਂ ਦੀ ਚੋਣ ਤਕ ਹੀ ਸੀਮਤ ਰਖਦੇ ਰਹੇ।
ਇਡਾ ਵੱਡਾ ਬਦਲ ਲਿਆਉਣ ਲਈ ਜਨ ਸਾਧਾਰਨ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਅਤੇ ਕੁਰਬਾਨੀਆ ਦਾ ਸਿਲਸਿਲਾ
ਕੋਈ ਦੋ ਸੌ ਉਨਤਾਲੀ ਸਾਲ ਚਲਦਾ ਰਿਹਾ। ਗੁਰੂ ਬਾਬਾ ਨਾਨਕ ਜੀ ਦੇ ਆਗਮਨ ਸਮੇਂ ਜੀ ਹਜ਼ੂਰੀ ਦਾ ਧਰਮ
ਸੀ ਅਤੇ ਜੀ ਹਜ਼ੂਰੀ ਦੀ ਸਰਕਾਰ ਸੀ। ਧਰਮਾਂ ਜ਼ਾਤਾਂ ਵਿਚ ਵੰਡੀ ਆਪਸੀ ਨਫਰਤ ਦਾ ਸ਼ਿਕਾਰ ਲੋਕਾਈ
ਹਕੂਮਤੀ ਜਬਰ ਨੂੰ ਵੀ ਰਬ ਦਾ ਭਾਣਾ ਮਨ ਲੈਂਦੀ ਸੀ। ਗੁਰੂ ਬਾਬਾ ਨਾਨਕ ਜੀ ਨੇ
“ ਨਾ ਕੋਈ ਹਿੰਦੂ ਨਾ ਮੁਸਲਮਾਨ “ ਦਾ ਨਾਹਰਾ ਦੇ ਕੇ ਇਸ
ਦੁਬੱਲੀ ਮਾਰ ਹੇਠ ਆਏ ਸਾਹਿਸ ਹੀਨ ਹੋਏ ਸਮਾਜ ਨੂੰ ਬਦਲਣ ਦਾ ਬੀੜਾ ਚੁਕਿਆ ਜ਼ਾਤ ਪਾਤ ਰਹਿਤ,
ਬਰਾਬਰਤਾ ਦੇ ਅਧਾਰ ਤੇ ਇਕ ਨਵੇਂ ਨਰੋਏ ਸਮਾਜ ਦੀ ਉਸਾਰੀ ਸ਼ੁਰੂ ਕਰ ਦਿਤੀ। ਮਨੁਖਤਾ ਤੇ ਹੋ ਰਹੇ
ਅਨਿਆਏ ਦੇ ਖਿਲਾਫ ਆਵਾਜ਼ ਉਠਾਈ। ਕਾਜ਼ੀ, ਬ੍ਰਹਮਣ ਅਤੇ ਯੋਗੀਆਂ ਦੇ ਕਿਰਦਾਰ ਨੂੰ ਕੌਮੀ ਗਿਰਾਵਟ ਲਈ
ਜ਼ਿਮੇਵਾਰ ਠਹਿਰਾਇਆ।
ਰਾਜ ਵੀ ਜੀ ਹਜੂਰੀ ਦਾ ਸੀ ਮੁਸਲਮਾਨ ਰਾਜੇ ਦੇ ਹੁਕਮ ਅਗੇ ਕੋਇ ਊਈ ਫਰਿਆਦ ਨਹੀਂ ਸੀ । ਹਿੰਦੂ ਮਤ
ਦੀਆਂ ਧਾਰਮਕ ਗਰੰਥਾਂ ਪੁਰਾਣ ਆਦ ਦਾ ਥਾਂਹ ਥਾਂਹ ਅਪਮਾਨ ਕੀਤਾ ਜਾ ਰਿਹਾ ਸੀ। ਗੁਰੂ ਨਾਨਕ ਦੇਵ ਜੀ
ਦੀ ਬਾਣੀ ਇਸ ਦੀ ਗਵਾਹੀ ਕੁਝ ਇਸ ਤਰਾਂ ਭਰਦੀ ਹੈ “ ਕਲ ਪਰਵਾਣ ਕਤੇਬ
ਕੋਰਾਣ॥ ਪੋਥੀ ਪੰਡਿਤ ਰਹੇ ਪੁਰਾਣ॥ ਨਾਨਕ ਨਾਉ ਭਇਆ ਰਹਮਾਣ॥“
ਬੜੀ ਹੀ ਨਿਡੱਰਤਾ ਨਾਲ ਹਾਕਮਾਂ ਦੀ ਤਸਵੀਰ ਪੇਸ਼ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ “ ਰਾਜੇ ਸ਼ੀਂਹ
ਮੁਕਦਮ ਕੁਤੇ ਜਾਏ ਜਗਾਇਨ ਬੈਠੇ ਸੁਤੇ॥“ ਇਹਨਾਂ ਦੋਨਾਂ ਪੱਖਾਂ ਨਾਲ ਜੂਝਣ ਲਈ ਗੁਰੂ ਨਾਨਕ ਦੇਵ ਜੀ
ਨੇ ਦੇਸ਼ ਦਿਸ਼ਾਤਰਾਂ ਵਿਚ ਧਾਰਮਕ ਅਦਾਰਿਆਂ ਤੇ ਪੁਜ ਕੇ ਏਕਤਾ ਲਿਆਉਣ ਦਾ ਯਤਨ ਕੀਤਾ।ਇਸ ਤੋਂ ਅੱਗੇ
ਇਕ ਹੋਰ ਪੱਖ ਜੋ ਯੁਗਾਂ ਯੁਗਾਂਤਰਾਂ ਤੋਂ ਅਨਗੋਲਿਆ ਪਿਆ ਸੀ ਉਹ ਸੀ ਇਸਤਰੀ ਜ਼ਾਤੀ ਦਾ ਨਿਰਾਦਰ।
ਇਸਤਰੀ ਉਚ ਘਰਾਣੇ ਦੀ ਸੀ ਜਾਂ ਗਰੀਬ ਘਰਾਣੇ ਦੀ ਸਭ ਨੂੰ ਇਲਤ,ਢੋਰ, ਗੰਵਾਰ, ਬੁਰਾਈ ਰਬ ਦੀ ਗਲਤੀ
ਕਹਿ ਕੇ ਦੁਰਕਾਰਿਆ ਜਾ ਰਿਹਾ ਸੀ । ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜ਼ਾਤੀ ਦੇ ਹਕ ਵਿਚ
“ ਸੋ ਕਿਊਂ ਮੰਦਾ ਆਖੀਏ ਜਿਤ ਜੰਮੇ ਰਾਜਾਨ” ਦਾ ਨਾਹਰਾ ਦੇ ਕੇ
ਉਸ ਨੂੰ ਸਮਾਜ ਦਾ ਬਰਾਬਰ ਦਾ ਅੰਗ ਬਣਾਉਣ ਦਾ ਯਤਨ ਕੀਤਾ। ਦਬੀ ਕੁਚਲੀ ਲੋਕਾਈ ਨੂੰ ਸਹਾਰਾ ਮਿਲਣ
ਨਾਲ ਉਹ ਇਕ ਕਾਫਲੇ ਦੇ ਰੂਪ ਵਿਚ ਗੁਰੂ ਬਾਬਾ ਨਾਨਕ ਨਾਲ ਜੁੜਨੀ ਸ਼ੁਰੂ ਹੋ ਗਈ।
ਅਲਾਮਾ ਇਕਬਾਲ ਨੇ ਇਕ ਸ਼ੇਅਰ ਵਿਚ ਹੀ ਗੁਰੂ ਬਾਬਾ ਨਾਨਕ ਦੇ ਮਿਸ਼ਨ ਦੀ ਸਹੀ ਵਜ਼ਾਹਤ ਕੀਤੀ ਹੈ।
“ ਫਿਰ ਉਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ”
ਸਦੀਆਂ ਤੋਂ ਗੁਲਾਮੀ ਦਾ ਜੂਲਾ ਚੁਕੀ ਫਿਰਦੀ ਅਤੇ ਜ਼ਾਤ ਪਾਤ ,ਊਂਚ ਨੀਚ ਦੇ ਬੰਧਨਾ ਵਿਚ ਜਕੜੀ ਨਿਸਲ
ਹੋਈ ਲੌਕਾਈ ਕੁਝ ਸਾਲਾਂ ਵਿਚ ਹੀ ਨਹੀਂ ਸੀ ਜਾਗ ਪੈਣੀ । ਬਰਾਬਰਤਾ ਦੇ ਆਧਾਰ ਤੇ ਇਕ ਮੰਚ ਤੇ
ਇਕੱਠਿਆਂ ਕਰਨ ਲਈ ਗੁਰੂ ਬਾਬਾ ਜੀ ਨੇ ਆਪਣੇ ਹੁੰਦੇ ਹੋਇਆਂ ਹੀ ਉਸ ਮਹੱਤਵ ਪੂਰਨ ਮਿਸ਼ਨ ਦੀ ਵਾਗ ਡੋਰ
ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਰੂਪ ਵਿਚ ਪ੍ਰਗਟ ਕਰਕੇ ਸੰਭਾਲ ਦਿਤੀ।
ਗੁਰੂ ਅੰਗਦ ਜੀ ਨੇ ਗੁਰਮੁਖੀ ਲਿਪੀ ਨੂੰ ਮਾਣਤਾ ਦੇ ਕੇ ਕੌਮ ਦੀ ਰੀੜ ਦੀ ਹੱਡੀ ਇਤਹਾਸ ਨੂੰ ਸਾਂਭਣ
ਦੀ ਰੀਤ ਚਲਾਈ । ਗੁਰੂ ਨਾਨਕ ਦੇਵ ਜੀ ਵਲੋਂ ਉਚਾਰੀ ਅਤੇ ਉਦਾਸੀਆਂ ਸਮੇਂ ਇਕੱਠੀ ਕੀਤੀ ਬਾਣੀ ਦੇ
ਆਧਾਰ ਤੇ ਗੁਰੂ ਨਾਨਕ ਦੇਵ ਜੀ ਦੀ ਜੀਵਨ ਸਾਖੀ ਗੁਰਮੁਖੀ ਲਿਪੀ ਵਿਚ ਲਿਖਵਾਈ । ਆਪਣੇ ਜ਼ਿਮੇਂ ਦਾ
ਕੰਮ ਨਿਪਟਾ ਕੇ ਆਪਣੇ ਹੁੰਦੇ ਹੋਇਆਂ ਹੀ ਉਸ ਮਹੱਤਵ ਪੂਰਬ ਮਿਸ਼ਨ ਦੀ ਜ਼ਿਮੇਵਾਰੀ ਗੁਰੂ ਅਮਰਦਾਸ ਜੀ
ਨੂੰ ਸੰਭਾਲ ਦਿਤੀ।
ਗੁਰੂ ਅਮਰਦਾਸ ਜੀ ਨੇ ਸਤੀ ਦੀ ਰਸਮ ਦੇ ਖਿਲਾਫ ਆਵਾਜ਼ ਉਠਾਈ, ਵਿਧਵਾ ਨੂੰ ਦੂਸਰੀ ਸ਼ਾਦੀ ਕਰਵਾ ਕੇ
ਮੁੜ ਨਵੇਂ ਸਿਰਿਉਂ ਜੀਵਨ ਅਰੰਭ ਕਰਨ ਲਈ ਆਗਿਆ ਦਿਤੀ, ਘੁੰਢ ਨੂੰ ਗੁਲਾਮੀ ਦਾ ਚਿੰਨ ਆਖ ਕੇ ਨਕਾਰਿਆ
ਜਿਸ ਨਾਲ ਮਰਦ ਔਰਤ ਕੰਧੇ ਨਾਲ ਕੰਧਾ ਜੋੜ ਬਰਾਬਰ ਦੇ ਭਾਈਵਾਲ ਬਣ ਕੇ ਸਮਾਜ ਦੀ ਬਣਤਰ ਵਿਚ ਜੁਟ ਗਏ।
ਅਕਬਰ ਤੋਂ ਜਜ਼ੀਆ ਬੰਦ ਕਰਵਾਇਆ । ਆਪਣੇ ਹੁੰਦਿਆਂ ਹੀ ਪਰੰਮਪਰਾ ਅਨੁਸਾਰ ਮਿਸ਼ਨ ਦੀ ਜ਼ਿਮੇਵਾਰੀ ਗੁਰੂ
ਰਾਮਦਾਸ ਜੀ ਨੂੰ ਸੰਭਾਲ ਦਿਤੀ।
ਗੁਰੂ ਰਾਮਦਾਸ ਜੀ ਨੇ ਸਾਂਝੇ ਕੇਂਦਰ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਅਮ੍ਰਿਤਸਰ ਦਾ ਸ਼ਹਿਰ ਵਸਾਇਆ
। ਭਾਰਤ ਅਤੇ ਅਫਗਾਨਸਤਾਨ ਵਿਚ ਬੜੈਹਿ ਯੋਜਨਾ ਬਧ ਢੰਗ ਨਾਲ ਪ੍ਰਚਾਰ ਲਹਿਰ ਚਲਾਈ । ਸਾਂਝਾ ਕੇਂਦਰ
ਬਣ ਗਿਆ ਸਾਂਝੇ ਗਰੰਥ ਦੀ ਲੋੜ ਨੂੰ ਮੁਖ ਰਖਦਿਆਂ ਗੁਰੂ ਅਰਜਨ ਦੇਵ ਜੀ ਨੇ ਆਦ ਗਰੰਥ ਸਾਹਿਬ ਦੀ
ਸੰਪਾਦਨਾ ਕਰਨ ਸਮੇਂ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਏਕਤਾ ਬਰਾਬਰਤਾ ਦਾ ਧਿਆਨ ਰਖਦਿਆਂ ਸਮੁਚੇ ਭਾਰਤ
ਦੇ ਭਗਤਾਂ ਦੀ ਉਹ ਬਾਣੀ ਜਿਸ ਵਿਚ ਏਕਤਾ ਬਰਾਬਰਤਾ ਦਾ ਸੰਦੇਸ਼ ਸੀ ਆਦ ਗਰੰਥ ਵਿਚ ਦਰਜ ਕਰਕੇ ਹਿੰਦੂ
,ਮੁਸਲਮ ,ਊਚ ਨੀਚ ਜ਼ਾਤੀਵਾਦ ਤੋਂ ਬੰਧਨ ਮੁਕਤ ਕਰਕੇ ਇਕ ਪਲੈਟਫਾਰਮ ਤੇ ਇਕਠੇ ਕਰ ਦਿਤਾ। ਅਤੇ ਚੌਂਹ
ਵਰਨਾ ਕੋ ਸਾਂਝਾ ਹਰਮੰਦਰ ਦੀ ਉਸਾਰੀ ਕਰਕੇ ਆਦ ਗਰੰਥ ਦਾ ਪ੍ਰਕਾਸ਼ ਕਰ ਦਿਤਾ। ਇਕ ਨਿਰਵੈਰ ਸਮਾਜ ਦੀ
ਉਸਾਰੀ ਹੋ ਰਹੀ ਸੀ। ਸਰਹੰਦੀ ਮੁਲਾਣਿਆਂ ਅਤੇ ਸਨਾਤਨੀ ਧਾਰਮਕ ਰੁਚੀ ਵਾਲਿਆਂ ਦੀ ਸਿੱਖਤ ਵਿਚ ਆ ਕੇ
ਬਾਦਸ਼ਾਹ ਜਹਾਂਗੀਰ ਨੇ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਂਰੀ ਕਰ ਦਿਤੇ । ਮੋਤ ਜਾਂ
ਧਰਮ ਬਦਲੀ ਦੀਆਂ ਸ਼ਰਤਾਂ ਰਖ ਦਿਤੀਆਂ । ਆਤਮਕ ਮੌਤੇ ਮਰਨ ਦੀ ਥਾਂਹ ਗੁਰੂ ਮਹਾਰਾਜ ਨੇ ਸਰੀਰਕ ਮੌਤ
ਦੀ ਚੋਣ ਕੀਤੀ ।
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਬਾਲ ਹਰਗੋਬਿੰਦ ਜੀ ਦੇ ਸਿਰ ਇਕ ਬਹੁਤ ਵਡੀ ਜਿਮੇਵਾਰੀ ਆ
ਗਈ। ਦਹਿਸ਼ਤ ਦੇ ਮਾਹੋਲ ਕਾਰਨ ਲੋਕੀਂ ਘਰੀਂ ਬੈਠ ਗਏ ਬਾਬਾ ਬੁਢਾ ਜੀ ਭਾਈ ਗੁਰਦਾਸ ਜੀ ਅਤੇ ਗੁਰੂ
ਹਰਗੋਬਿੰਦ ਜੀ ਨੇ ਅਕਾਲ ਬੁੰਗੇ ਦੀ ਉਸਾਰੀ ਕੀਤੀ। ਜਵਾਨੀ ਨੂੰ ਵੰਗਾਰਿਆ ਬਸ ਦਿਨਾ ਵਿਚ ਹੀ ਨਿਰਵੈਰ
ਸਮਾਜ ਨਿਰਭੋ ਹੋਣਾ ਸ਼ੁਰੂ ਹੋ ਗਿਆ। ਗੁਰੂ ਜੀ ਦੇ ਇਸ ਕਰਮ ਦੇ ਪ੍ਰਤੀ ਕਰਮ ਵਜੋਂ ਗੁਰੂ ਜੀ ਨੂੰ
ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿਤਾ ਗਿਆ। ਜਹਾਂਗੀਰ ਨੂੰ ਆਪਣੀ ਭੁਲ ਦਾ ਗਿਆਨ ਹੁੰਦੇ ਹੀ
ਗੁਰੂ ਮਹਾਰਾਜ ਦੀਆਂ ਸ਼ਰਤਾਂ ਤੇ 52 ਪਹਾੜੀ ਰਾਜਿਆਂ ਨੂੰ ਵੀ ਆਜ਼ਾਦ ਕਰ ਦਿਤਾ।
ਗੁਰੂ ਹਰਗੋਬਿੰਦ ਜੀ ਗੁਰੂ ਹਰ ਰਾਏ ਜੀ ਅਤੇ ਗੁਰੂ ਹਰਕਿਸ਼ਨ ਜੀ ਵਲੋਂ ਮਾਲਵੇ ਖੇਤਰ ਵਿਚ ਕੀਤਾ
ਪ੍ਰਚਾਰ ਇਸ ਨਿਰਵੈਰ ਨਿਰਭੋ ਸਮਾਜ ਨੂੰ ਹੋਰ ਮਜ਼ਬੂਤ ਕਰਨ ਵਿਚ ਸਹਾਈ ਹੋਇਆ। ਗੁਰੂ ਦੇ ਸੇਵਕ ਮੌਤ
ਤੋਂ ਭੈ ਰਹਿਤ ਹੋ ਗਏ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਮਤੀ ਦਾਸ ਭਾਈ ਜਤੀ ਦਾਸ
ਅਤੇ ਭਾਈ ਦਇਆਲਾ ਜੀ ਨੇ ਉਸ ਮਿਸ਼ਨ ਤੋਂ ਮੁਖ ਮੋੜਨ ਦੀ ਬਜਾਏ ਸ਼ਹਾਦਤ ਨੂੰ ਪਹਿਲ ਦਿਤੀ। ( ਭਾਈ ਮਤੀ
ਦਾਸ ਅਤੇ ਭਾਈ ਜਤੀ ਦਾਸ ਦੋਵੈਂ ਬ੍ਰਾਹਮਣ ਭਰਾ ਸਨ ਅਤੇ ਭਾਈ ਦਿਆਲਾ ਜੀ ਕਬੋ ਸਨ ) ਇਹਨਾਂ ਤਿਨ
ਮਹਾਨ ਸ਼ਹੀਦਾਂ ਦੀ ਜ਼ਾਤ ਬਾਰੇ ਲਿਖਣ ਦਾ ਮੇਰਾ ਮਕਸਦ ਸਿਰਫ ਗੁਰੂ ਨਾਨਕ ਦੇਵ ਜੀ ਮਹਾਰਾਜ ਵਲੋਂ ਚਲਾਈ
ਸਾਂਝ ਦੀ ਪਰਪੱਕਤਾ ਦਰਸਾਉਣਾ ਹੈ ਸਾਰੇ ਗੁਰੂ ਸਾਹਿਬਾਨ ਨੇ ਉਸ ਸਾਂਝ ਨੂੰ ਬਣਾਈ ਰਖਿਆ।
ਗੁਰੂ ਤੇਗ ਬਹਾਦਰ ਦੀ ਸ਼ਹਾਦਤ ਉਪਰੰਤ ਬਾਲ ਉਮਰ ਵਿਚ ਹੀ ਗੋਬਿੰਦ ਰਾਏ ਜੀ ਨੂੰ ਇਸ ਮਹਾਨ ਮਿਸ਼ਨ ਦੀ
ਜ਼ਿਮੇਵਾਰੀ ਸੰਭਾਲਣੀ ਪਈ। ਸਿਖ ਜਥੇਬੰਦੀ ਇਕ ਤਾਕਤ ਬਣ ਕੇ ਉਭਰ ਰਹੀ ਸੀ। ਬੇ ਰੋਕ ਤਾਕਤ ਚੰਗੇਜ਼ੀ
ਬਿਰਤੀ ਨੂੰ ਜਨਮ ਦਿੰਦੀ ਹੈ। ਉਸਨੂੰ ਰੋਕਣ ਲਈ 30 ਮਾਰਚ 1699 ਦੀ ਵੈਸਾਖੀ ਵਾਲੇ ਦਿਨ ਸਮੁਚੇ ਭਾਰਤ
ਦੇ ਵਖ ਵਖ ਪਰਾਂਤਾਂ ਵਿਚੋਂ ਵਖ ਵਖ ਜ਼ਾਤੀਆਂ ਚੋਂ ਤਲਵਾਰ ਦੀ ਨੋਕ ਤੇ ਪੰਜਾਂ ਪਿਆਰਿਆਂ ਦੀ ਚੋਣ
ਕਰਕੇ ਉਹਨਾ ਨੂੰ ਇਕੋ ਬਾਟੇ ਵਿਚੋਂ ਅਮ੍ਰਿਤ ਦੀ ਦਾਤ ਬਖਸ਼ਕੇ ਸਮੁਚੇ ਭਾਰਤ ਵਿਚ ਇਕ ਸਾਂਝ ਪੈਦਾ ਕਰ
ਦਿਤੀ ਫੇਰ ਉਹਨਾਂ ਚੁਣੇ ਪੰਜਾਂ ਪਿਆਰਿਆਂ ਤੋਂ ਅਮ੍ਰਿਤ ਦੀ ਦਾਤ ਲੈ ਕੇ ਉਹਨਾਂ ਵਾਂਗ ਹੀ ਆਪਣੇ ਨਾਮ
ਵਿਚ ਵੀ ਤਬਦੀਲੀ ਲਿਆ ਕੇ ਗੋਬਿੰਦ ਰਾਏ ਤੋਂ ਗੋਬੰਦ ਸਿੰਘ ਸਜ ਗਏ। ਵੰਡਿਆ ਹੋਇਆ ਖੜੋਤ ਵਿਚ ਆਇਆ
ਸਮਾਜ ਨਿਯਮਬਧ ਹੋ ਗਿਆ। ਨਿਯਮਾਂ ਵਿਚ ਬਝਾ ਹੋਇਆ ਸਮਾਜ ਹੀ ਤਾਕਤ ਬਣਦਾ ਹੈ। ਗੁਰੂ ਮਹਾਰਾਜ ਦੇ ਇਸ
ਕਰਮ ਨਾਲ ਡਰੀ ਹੋਈ ਸਾਹਸ ਹੀਣ ਕੌਮ ਵਿਚ ਇਡਾ ਵਡਾ ਪ੍ਰੀਵਰਤਨ ਆਇਆ ਕਿ ਉਸ ਦੇ ਬਾਹੂ ਬਲ ਅਗੇ ਜ਼ਾਲਮ
ਜਰਵਾਣੇ ਵੀ ਸਿਰ ਝੁਕਾਉਣ ਲਗੇ। ਗੁਰ ਮਹਾਰਾਜ ਨੇ ਇਹ ਆਖ ਕੇ ਕਿ ਅਜ ਤੋਂ ਗੁਰੂ ਖਾਲਸਾ ਹੈ ਅਤੇ
ਖਾਲਸਾ ਗੁਰੂ ਹੈ ਤਾਕਤ ਦਾ ਵਿਕੇਂਦਰੀ ਕਰਨ ਕਰ ਦਿਤਾ। ਅਤੇ ਉਸ ਤੋਂ ਅਗੇ ਸਤ ਅਕਤੂਬਰ 1708 ਨੂੰ
ਨਾਦੇੜ ਦੀ ਪਵਿਤ੍ਰ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਨੂੰ ਗੁਰੂ ਗਰੰਥ ਸਾਹਿਬ ਦੇ
ਲੜ ਲਾ ਕੇ ਗੁਰੂ ਨਾਨਕ ਦੇਵ ਜੀ ਦੇ ਚਲਾਏ ਮਿਸ਼ਨ ਨੂੰ ਆਖਰੀ ਰੂਪ ਦੰਦਿਆਂ ਖਾਲਸਤਾਨ ਦੀ ਨੀਂਹ ਰਖ
ਦਿਤੀ । ਖਾਲਸਤਾਨ ਦਾ ਭਾਵ ਅਰਥ ਧਰਮ ਨਿਰਪਖ ਲੋਕਤੰਤਰ ਹੈ । ਖਾਲਸਤਾਨ ਦਾ ਸਾਂਝਾ ਵਿਧਾਨ ਸਰਬ
ਸਾਂਝਾ ਗੁਰੂ ਗਰੰਥ ਸਾਹਿਬ ਜੀ ਹਨ ਜਿਸ ਵਿਚ ਰਾਮ ਵੀ ਹੈ ਰਹੀਮ ਵੀ ਹੈ ਗੁਰਬਾਣੀ ਵਿਚ ਅਲ੍ਹਾ ਅਤੇ
ਭਗਵਾਨ ਨੂੰ ਇਕੋ ਸ਼ਕਤੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸਾਰੇ
ਕਾਰਜ ਨੂੰ ਗਹੁ ਨਾਲ ਦੇਖੀਏ ਤਾਂ ਗੁਰੂ ਮਹਾਰਾਜ ਨੇ ਆਗੂ ਚੁਣਨ ਦੀ ਜੁਗਤ ਵੀ ਸਮਝਾਈ ਸੀ । ਜਿਸ ਢੰਗ
ਨਾਲ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਸੀ ਉਹ ਆਉਣ ਵਾਲੀਆਂ ਪੀੜੀਆਂ ਲਈ ਇਕ ਸੇਧ ਸੀ ਕਿ ਆਗੂ ਚੁਣਨ
ਲਗੇ ਉਹਨਾਂ ਦੀ ਚੰਗੀ ਤਰਾਂ ਪਰਖ ਕਰੋ। ਹਾਈ ਕੰਮਾਡ ਵਲੋਂ ਟਿਕਟਾਂ ਦੀ ਵੰਡ ਗਲਤ ਹੈ। ਅਗਰ ਲੋਕਤੰਤਰ
ਵਿਚ ਲੋਕ ਸੁਚੇਤ ਨਾ ਹੋਣ ਤਾਂ ਲੋਕਤੰਤਰ ਰਜਵਾੜਾਸ਼ਾਹੀ ਤੋਂ ਵੀ ਭੈੜਾ ਹੈ। ਮਤਦਾਨ ਵੇਲੇ ਮਤ ਤੋਂ
ਕੰਮ ਲੈਣ ਦੀ ਬਜਾਏ ਜਦ ਸੌੜੀਆਂ ਗਰਜ਼ਾਂ ਦੇ ਢੱਹੇ ਚੜ੍ਹ ਕੇ ਖੁਦਗਰਜ਼ ਕੁਨਬਾਪਰਵਰ ਆਗੂਆਂ ਹਥ ਆਪਣੀ
ਕਿਸਮਤ ਦੀ ਡੋਰ ਫੜਾ ਦਿੰਦੇ ਹਾਂ ਸਰਕਾਰੀ ਖਜ਼ਾਨੇ ਦੀਆਂ ਚਾਬੀਆਂ ਸੰਭਾਲਦੇ ਹੀ ਖੁਦ ਗਰਜ਼ ਕੁਨਬਾ
ਪਰਵਰ ਅਗੋਂ ਸਰਕਾਰੀ ਖਜ਼ਾਨੇ ਨੂੰ ਆਪਣੇ ਖਜ਼ਾਨੇ ਵਿਚ ਬਦਲ ਲੈਂਦੇ ਹਨ। ਫਿਰ ਅਗਲੀ ਚੋਣ ਸਮੇਂ ਲੋਕਾਈ
ਫੇਰ ਉਹੀ ਗਲਤੀ ਕਰਕੇ ਆਪੇ ਸਾਜ ਕੇ ਨਰਕ ਹੰਢਾਉਂਦੀ ਹੈ। ਇਸ ਵਿਚ ਲੋਕਤੰਤਰ ਦਾ ਕਸੂਰ ਨਹੀਂ ਲੋਕਾਈ
ਦਾ ਕਸੂਰ ਹੈ ਪਹਿਲੇ ਵਰਗੀ ਜਾਂ ਉਸ ਤੋਂ ਵੀ ਗਈ ਗੁਜ਼ਰੀ ਸਰਕਾਰ ਹੋਂਦ ਵਿਚ ਆ ਜਾਂਦੀ ਹੈ ।ਬਸ ‘ ਭੰਨ
ਘੜਾਈਆਂ ਢੇਡੜੀਆਂ ਬੁਥਾੜਾ ਉਡੋ ਕੇਡ ਦੀ “ ਦੀ ਖੇਢ ਚਲਦੀ ਰਹਿੰਦੀ ਹੈ।
ਅਰਦਾਸ ਉਪਰੰਤ ਸਿਖ ਆਗਿਆ ਭਈ ਅਕਾਲ ਕੀ ਦਾ ਦੋਹਾ ਪੜ੍ਹਦੇ ਹਨ ਤਾਂ ਉਹਨਾਂ ਨੂੰ ਸਾਫ ਸ਼ਬਦਾਂ ਵਿਚ
ਗੁਰੂ ਗਰੰਥ ਸਾਹਿਬ ਦੇ ਅਸੂਲਾਂ ਤੇ ਚਲਣ ਲਈ ਦਿਰੜ ਕਰਾਇਆ ਜਾਂਦਾ ਹੈ। ਉਸ ਤੋਂ ਅਗੇ ਰਾਜ ਕਰੇਗਾ
ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਂ ਗੇ ਬਚੇ ਸ਼ਰਨ ਜੋ ਹੋਇ ਦਾ ਭਾਵ ਅਰਥ ਹੈ ਕਿ ਇਕ ਦਿਨ
ਸਾਰਾ ਸੰਸਾਰ ਧਰਮ ਨਿਰਪਖ ਲੋਕਤੰਤਰ ਦੀ ਤਰਜ਼ ਦਾ ਹੋਵਿਗਾ। ਇਸ ਦੇ ਅਸੂਲਾਂ ਤੋਂ ਉਲਟ ਚਲਣ ਵਾਲੇ ਉਹ
ਭਾਵੇਂ ਕਿਡੇ ਵੀ ਸ਼ਕਤੀ ਸ਼ਾਲੀ ਕਿਊ ਨਾ ਹੋਣ ਖੁਆਰ ਹੋਣਗੇ। ਅਮ੍ਰੀਕਾ ਦਾ ਪਰਧਾਨ ਰਿਚਰਡ ਨਿਕਸਨ ਅਤੇ
ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸ ਦੀ ਤੁਲਣਾ ਬਾਜਪਾਈ ਜੀ ਨੇ ਦੁਰਗਾ ਦੇਵੀ ਨਾਲ ਕਰਕੇ
ਦੁਰਗਾ ਦੇਵੀ ਦਾ ਵੀ ਅਪਮਾਨ ਕੀਤਾ ਸੀ ਦੇ ਖੁਆਰ ਹੋਣ ਦੀ ਮਿਸਾਲ ਜਗ ਸਾਹਮਣੇ ਹੈ।
ਇਤਹਾਸ ਗਵਾਹ ਹੈ ਕਿ 30 ਮਾਰਚ 1699 ਦੀ ਵੈਸਾਖੀ ਤੋਂ ਬਾਅਦ ਸੰਸਾਰ ਵਿਚ ਵੱਡੀ ਤਬਦੀਲੀ ਆਈ ।
ਅਮ੍ਰੀਕਾ ਜੋ ਅਜ ਆਪਣੇ ਆਪ ਨੂੰ ਲੋਕਤੰਤਰ ਦਾ ਝੰਡਾ ਬਰਦਾਰ ਗਿਣਦਾ ਹੈ ਗਹੁ ਨਾਲ ਦੇਖਿਆਂ ਸਮਝ ਆ
ਜਾਵੇਗੀ ਕਿ ਅਮ੍ਰੀਕਾ ਦਾ ਧਰਮ ਨਿਰਪਖ ਲੋਕਤੰਤਰ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲ “ ਤਾਕਤ ਦਾ
ਵਿਕੇਂਦਰੀ ਕਰਨ ਦੀ ਹੀ ਫੋਟੋ ਕਾਪੀ ਹੈ।ਅਸੀਂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਅਤੇ ਅਮ੍ਰੀਕਾ ਵਾਲੇ
ਆਪਣੇ ਵਿਧਾਨ ਨੂੰ ਸਰਬੋਤਮ ਮਨਦੇ ਹਨ।
ਸਿਖ ਆਗੂਆਂ ਦੀ ਵੱਡੀ ਜ਼ਿਮੇਵਾਰੀ ਬਣ ਗਈ ਹੈ ਕਿ ਗੁਰੂ ਆਸ਼ੇ ਅਨੁਸਾਰ ਧਰਮ ਨਿਰਪਖ ਲੋਕਤੰਤਰ ਦੀ ਬਣਤਰ
ਵਿਚ ਹਿਸਾ ਪਾਉਣ । ਸਰਬਤ ਦੇ ਭਲੇ ਦੇ ਯਤਨ ਕਰਦਿਆਂ ਚੜਦੀ ਕਲਾ ਸਾਡੇ ਅੰਗ ਸੰਗ ਹੋਵੇਗੀ।
ਮੁਹਿੰਦਰ ਸਿੰਘ ਘੱਗ
(530) 695-1318
|
. |