ਸੁੱਖੀ ਕਿਦਾਂ ਰਹੀਏ
ਅਸੁਨਿ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰਿ ਜਾਇ।।
ਮਨਿ ਤਨਿ ਪਿਆਸ ਦਰਸਨ ਘਣੀ, ਕੋਈ ਆਣਿ ਮਿਲਾਵੈ ਮਾਇ।।
ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਇ।।
ਵਿਣੁ ਪ੍ਰਭ ਕਿਉ ਸੁਖੁ ਪਾਈਐ, ਦੂਜੀ ਨਾਹੀ ਜਾਇ।।
ਜਿੰਨੀੑ ਚਾਖਿਆ ਪ੍ਰੇਮ ਰਸੁ, ਸੇ ਤ੍ਰਿਪਤਿ ਰਹੇ ਆਘਾਇ।।
ਆਪੁ ਤਿਆਗਿ ਬਿਨਤੀ ਕਰਹਿ, ਲੇਹੁ ਪ੍ਰਭੂ ਲੜਿ ਲਾਇ।।
ਜੋ ਹਰਿ ਕੰਤਿ ਮਿਲਾਈਆ, ਸਿ ਵਿਛੁੜਿ ਕਤਹਿ ਨ ਜਾਇ।।
ਪ੍ਰਭ ਵਿਣੁ ਦੂਜਾ ਕੋ ਨਹੀ, ਨਾਨਕ ਹਰਿ ਸਰਣਾਇ।।
ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰਿ ਰਾਇ।। ੮।।
ਮੁੱਢਲੀ ਵਿਚਾਰ--ਹਰ ਮਨੁੱਖ ਦੀ ਇੱਛਾ ਹੈ ਕਿ ਮੈਂ ਆਪਣੇ ਜੀਵਨ ਵਿੱਚ
ਸੁੱਖੀ ਰਹਾਂ। ਮਨੁੱਖ ਦੀ ਜਿੰਨੀ ਵੀ ਭੱਜ ਦੌੜ ਹੈ ਉਹ ਸਾਰੀ ਸੁੱਖ ਦੀ ਪਰਾਪਤੀ ਲਈ ਹੈ। ਸੁੱਖ
ਲੱਭਦਿਆਂ ਲੱਭਦਿਆਂ ਬਹੁਤ ਵਾਰੀ ਮਨੁੱਖ ਗੈਰ ਕੁਦਰਤੀ ਸਮਝੌਤੇ ਵੀ ਕਰ ਲੈਂਦਾ ਹੈ। ਬਹੁਤੀ ਸੋਚ
ਮਨੁੱਖ ਦੀ ਇਸ ਪੜਾਅ `ਤੇ ਟਿਕੀ ਹੋਈ ਹੈ ਕਿ ਮੈਂ ਆਪਣੀ ਸੰਤਾਨ ਲਈ ਵੱਧ ਤੋਂ ਵੱਧ ਸੁਖਾਂ ਦੇ ਸਾਧਨ
ਪੈਦਾ ਕਰ ਦਿਆਂ। ਕਈ ਤਾਂ ਇਹ ਵੀ ਸੋਚਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਨੂੰ ਕੋਈ ਵੀ
ਕੰਮ ਨਾ ਕਰਨਾ ਪਏ ਬੱਸ ਵਿਹਲੇ ਰਹਿ ਕੇ ਐਸ਼ ਕਰਨ। ਅਜੇਹੀ ਸੋਚ ਬੱਚਿਆਂ ਨੂੰ ਕੰਮਚੋਰ,
ਆਲਸੀ-ਦਲਿੱਦਰੀ, ਅਯਾਸ਼ ਤੇ ਨਿਕੰਮੇ ਬਣਾ ਦੇਂਦੀ ਹੈ। ਸੱਚ ਤਾਂ ਇਹ ਹੈ ਕਿ ਜੇ ਅਸੀਂ ਆਪਣਿਆਂ
ਬੱਚਿਆਂ ਨੂੰ ਪੈਰਾਂ ਸਿਰ ਕਰ ਗਏ ਤਾਂ ਉਹ ਸੁੱਖੀ ਰਹਿਣ ਦੇ ਹੋਰ ਸਾਧਨ ਪੈਦਾ ਕਰ ਲੈਣਗੇ ਜੇ ਅਸੀਂ
ਉਹਨਾਂ ਲਈ ਜਾਇਦਾਦਾਂ ਦੇ ਢੇਰ ਲਗਾ ਗਏ ਤਾਂ ਹੋ ਸਕਦਾ ਹੈ ਉਹ ਚਾਰ ਦਿਨਾਂ ਵਿੱਚ ਹੀ ਮੁਕਾ ਦੇਣ।
ਸਰੀਰ, ਪਰਵਾਰ, ਸਮਾਜ, ਮੁਲਕ ਨੂੰ ਚਲਾਉਣ ਲਈ ਸਖਤ ਮੇਹਨਤ ਦੀ ਜ਼ਰੂਰਤ ਹੈ। ਸਾਡੇ ਮੁਲਕ ਵਿੱਚ ਧਰਮ
ਦੇ ਨਾਂ `ਤੇ ਸੁਖੀ ਰਹਿਣ ਦੀਆਂ ਬਹੁਤ ਸਾਰੀਆਂ ਧਾਰਨਾਵਾਂ ਬਣਾਈਆਂ ਹੋਈਆਂ ਹਨ। ਕੋਈ ਜੰਗਲ਼ਾਂ ਵਿੱਚ
ਜਾ ਕੇ ਸੁੱਖ ਇਕੱਠਾ ਕਰ ਰਿਹਾ ਹੈ। ਕੋਈ ਨੰਗ-ਮਨੰਗ ਤੁਰਿਆ ਫਿਰ ਰਿਹਾ ਹੈ, ਕੋਈ ਜਟਾਂ ਵਧਾਈ ਬੈਠਾ
ਹੈ। ਗੱਲ ਕੀ ਕਿਰਤ ਵਿਹਾਰ ਛੱਡ ਕੇ ਧਰਮ ਦੇ ਨਾਂ `ਤੇ ਪਾਖੰਡ ਕਰਨ ਨੂੰ ਸੁੱਖ ਦੀ ਪ੍ਰਾਪਤੀ ਦਸ
ਰਿਹਾ ਹੈ। ਦੂਜੇ ਪਾਸੇ ਸੰਸਾਰੀ ਲੋਕ ਵਿਹਲੜ ਬੂਬਨੇ ਸਾਧਾਂ ਪਾਸੋਂ ਅਰਦਾਸਾਂ ਕਰਾ ਕੇ ਜਾਂ ਉਹਨਾਂ
ਨੂੰ ਦਾਨ ਪੁੰਨ ਕਰਕੇ ਸੁੱਖ ਦੀ ਭਾਲ ਵਿੱਚ ਲੱਗੇ ਹੋਏ ਹਨ। ਗੁਰਬਾਣੀ ਨੇ ਧਰਮ ਦੇ ਨਾਂ `ਤੇ ਹੁੰਦੀ
ਲੁੱਟ ਘਸੁੱਟ ਤੋਂ ਸਮੁੱਚੀ ਮਨੁੱਖਤਾ ਨੂੰ ਬਚਾਇਆ ਹੈ। ਬਾਰਹ ਮਾਹ ਦੇ ਸਿਰਲੇਖ ਹੇਠ ਅੱਸੂ ਮਹੀਨੇ ਦੀ
ਪਉੜੀ ਰਾਂਹੀ ਸੁੱਖੀ ਰਹਿਣ ਦੇ ਨੁਕਤੇ ਸਮਝਾਏ ਹਨ। ਅਸਲ ਸੁੱਖ ਰੱਬ ਜੀ ਦੀ ਪ੍ਰਾਪਤੀ ਵਿੱਚ ਦੱਸਿਆ
ਹੈ। ਰੱਬ ਜੀ ਦੀ ਪ੍ਰਾਪਤੀ ਸੱਚ ਦੇ ਅਧਾਰਤ ਨਿਸ਼ਾਨੇ ਤੇ ਪਹੁੰਚਣ ਵਿੱਚ ਦੱਸੀ ਗਈ ਹੈ--
ਭਾਦਰੋਂ ਦੇ ਮਹੀਨੇ ਰਾਂਹੀ ਇੱਕ ਵਿਚਾਰ ਦਿੱਤਾ ਸੀ ਕਿ ਮਨੁੱਖ ਭਰਮਾਂ ਕਰਕੇ
ਭਟਕਿਆ ਹੋਇਆ ਹੈ ਤੇ ਅਸਲੀਅਤ ਨੂੰ ਛੱਡ ਕੇ ਗੈਰ ਕੁਦਰਤੀ ਕੰਮਾਂ ਵਿੱਚ ਸਮਾਂ ਅਜਾਂਈ ਗਵਾ ਰਿਹਾ ਹੈ।
ਜਿਉਂ ਹੀ ਮਨੁੱਖ ਦੇ ਭਰਮ ਤੇ ਦੁਬਿਧਾ ਖਤਮ ਹੁੰਦੇ ਹਨ ਤਾਂ ਨਵੀਆਂ ਪੁਲਾਂਗਾ ਪੁੱਟਣ ਲਈ ਮਨ ਵਿੱਚ
ਚਾਉ ਪੈਦਾ ਹੁੰਦਾ ਹੈ। ਜਦੋਂ ਹਨੇਰ੍ਹੇ ਦਾ ਗਿਆਨ ਹੁੰਦਾ ਹੈ ਤਾਂ ਫਿਰ ਮਨੁੱਖ ਚਾਨਣ ਵਿੱਚ ਤੁਰਨ ਦਾ
ਯਤਨ ਕਰਦਾ ਹੈ। ਜੇ ਮੌਸਮ ਦੀ ਗੱਲ ਕਰਦੇ ਹਾਂ ਤਾਂ ਭਾਦਰੋਂ ਦੇ ਮਹੀਨੇ ਵਿੱਚ ਚੁਮਾਸਾ, ਹੁੰਮਸ
ਹੁੰਦਾ ਹੈ ਪਰ ਅੱਸੂ ਦੇ ਮਹੀਨੇ ਵਿੱਚ ਮਿੱਠੀ ਮਿੱਠੀ ਰੁੱਤ ਦਾ ਜਨਮ ਹੁੰਦਾ ਹੈ। ਇਹ ਇੱਕ ਪ੍ਰਤੀਕ
ਹੈ ਕਿ ਜਦੋਂ ਮਨ ਵਿੱਚ ਅਸਲੀਅਤ ਜਨਮ ਲੈਂਦੀ ਹੈ ਉਸ ਮਨ ਵਿੱਚ ਕੁੱਝ ਕਰਨ ਦਾ ਚਾਉ, ਪ੍ਰੇਰਨਾ ਪੈਦੀ
ਹੁੰਦੀ ਹੈ। ਪਉੜੀ ਦੀ ਪਹਿਲੀ ਤੁਕ ਵਿੱਚ ਗੁਰਦੇਵ ਜੀ ਫਰਮਾਉਂਦੇ ਹਨ—
ਅਸੁਨਿ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰਿ ਜਾਇ।।
ਅੱਖਰੀਂ ਅਰਥ--
ਹੇ ਮਾਂ! (ਭਾਦਰੋਂ ਦੇ ਘੁੰਮੇ ਤੇ
ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿੱਚ (ਮੇਰੇ ਅੰਦਰ ਪ੍ਰਭੂ-ਪਤੀ ਦੇ)
ਪਿਆਰ ਦਾ ਉਛਾਲਾ ਆ ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ
ਨੂੰ ਮਿਲਾਂ।
ਵਿਚਾਰ ਤੇ ਵਿਹਾਰਕ ਪੱਖ--
ਭਾਦਰੋਂ
ਦੇ ਮਹੀਨੇ ਰਾਂਹੀਂ ਭਰਮ ਦੀ ਬਿਮਾਰੀ ਤੋਂ ਬਚਣ ਦਾ ਨੁਕਤਾ ਸਮਝਾਇਆ ਗਿਆ ਹੈ। ਇਸ ਭਰਮ ਦੀ ਮਾਨਸਿਕ
ਪੀੜਾ ਵਿਚੋਂ ਜਦੋਂ ਦੀ ਮੈਨੂੰ ਮੁਕਤੀ ਮਿਲੀ ਹੈ ਤਾਂ ਮੇਰੇ ਵਿੱਚ ਉਦਮ ਦਾ ਜਨਮ ਹੋਇਆ ਹੈ। ਹੁਣ
ਮੇਰੇ ਮਨ ਵਿੱਚ ਚਾਓ ਪੈਦਾ ਹੋਇਆ ਹੈ ਕਿ ਮੈਂ ਰੱਬ ਜੀ ਨਾਲ ਕਿਸ ਤਰ੍ਹਾਂ ਮਿਲਾਪ ਕਰਾਂ? ਰੱਬ ਜੀ
ਨੂੰ ਮਿਲਣ ਦੇ ਜਿੰਨੇ ਕੁ ਸਾਧਨਾਂ ਦਾ ਮੈਨੂੰ ਪਤਾ ਸੀ ਉਹ ਸਾਰੇ ਸਾਧਨ ਮੈਂ ਵਰਤ ਕੇ ਦੇਖ ਲਏ ਹਨ।
ਉਹਨਾਂ ਸਾਧਨਾਂ ਨੂੰ ਗੁਰਬਾਣੀ ਨੇ ਕਰਮ-ਕਾਂਡ ਕਿਹਾ ਹੈ। ਸਾਡੇ ਮੁਲਕ ਵਿੱਚ ਰੱਬ ਜੀ ਨੂੰ ਮਿਲਣ ਦੇ
ਆਮ ਕਰਕੇ ਚਾਰ ਕੁ ਸਾਧਨ ਵਧੇਰੇ ਮੰਨੇ ਹੋਏ ਹਨ। ਇਹਨਾਂ ਸਾਧਨਾਂ ਨੂੰ ਗੁਰਬਾਣੀ ਨੇ ਮੁੱਢੋਂ
ਨਿਕਾਰਿਆ ਹੈ। ਜੇਹਾ ਕਿ ਜਪੁ ਬਾਣੀ ਦੀਆਂ ਮੁੱਢਲੀਆਂ ਵਿੱਚ ਆਇਆ ਹੈ।
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ।।
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ।।
ਭੁਖਿਆ ਭੁਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ।।
ਸਹਸ ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ।।
ਤੀਰਥਾਂ ਦਾ ਇਸ਼ਨਾਨ, ਸਮਾਧੀਆਂ, ਦੁਨੀਆਂ ਦੀ ਦੌਲਤ ਇਕੱਠੀ ਕਰਕੇ ਧਰਮ ਦੇ
ਨਾਂ `ਤੇ ਕਰਮ-ਕਾਂਡ ਕਰਨੇ ਤੇ ਧਰਮੀ ਹੋਣ ਦੀਆਂ ਚਲਾਕੀਆਂ ਕਰਨ ਨੂੰ ਗੁਰਬਾਣੀ ਰੱਦ ਕਰਦੀ ਹੈ। ਗੁਰੂ
ਅਰਜਨ ਪਾਤਸ਼ਾਹ ਜੀ ਸੋਰਠਿ ਰਾਗ ਵਿੱਚ ਫਰਮਾਉਂਦੇ ਹਨ ਕਿ—
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧ।।
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ।। ੧।।
ਅੱਖਰੀਂ ਅਰਥ--ਹੇ ਭਾਈ! ਕੋਈ ਮਨੁੱਖ ਵੇਦ (ਆਦਿਕ ਧਰਮ-ਪੁਸਤਕ ਨੂੰ) ਪੜ੍ਹਦਾ
ਹੈ ਅਤੇ ਵਿਚਾਰਦਾ ਹੈ। ਕੋਈ ਮਨੁੱਖ ਨਿਵਲੀਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ
ਚਾੜ੍ਹਦਾ ਹੈ। (ਪਰ ਇਹਨਾਂ ਸਾਧਨਾਂ ਨਾਲ ਕਾਮਾਦਿਕ) ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ। (ਸਗੋਂ)
ਵਧੀਕ ਅਹੰਕਾਰ ਵਿੱਚ (ਮਨੁੱਖ) ਬੱਝ ਜਾਂਦੇ ਹਨ। ੧।
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ।।
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ।। ਰਹਾਉ।।
ਰਾਗ ਸੋਰਠਿ ਮਹਲਾ ੫ ਪੰਨਾ ੬੪੧
ਅੱਖਰੀਂ ਅਰਥ--ਹੇ ਭਾਈ! ਮੇਰੇ ਵੇਖਦਿਆਂ ਲੋਕ ਅਨੇਕਾਂ ਹੀ (ਮਿਥੇ ਹੋਏ
ਧਾਰਮਿਕ) ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ
ਸਕਦਾ। ਹੇ ਭਾਈ! ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ-ਪ੍ਰਭੂ ਦੇ ਦਰ ਤੇ ਆ ਡਿੱਗਾ ਹਾਂ
(ਤੇ ਅਰਜ਼ੋਈ ਕਰਦਾ ਰਹਿੰਦਾ ਹਾਂ—ਹੇ ਪ੍ਰਭੂ! ਮੈਨੂੰ ਭਲਾਈ ਬੁਰਾਈ ਦੀ) ਪਰਖ ਕਰ ਸਕਣ ਵਾਲੀ ਅਕਲ
ਦੇਹ। ਰਹਾਉ।
ਗੁਰਦੇਵ ਪਿਤਾ ਜੀ ਨੇ ਅੱਸੂ ਦੇ ਮਹੀਨੇ ਦਾ ਅਧਾਰ ਬਣਾ ਕੇ ਸਾਡੇ ਜੀਵਨ ਵਿੱਚ
ਬਦਲਾਅ ਦੀ ਜੋਤ ਜਗਾਈ ਹੈ। ਮੈਨੂੰ ਚਾਓ ਆਇਆ ਹੈ ਕਿ ਮੈਂ ਹੁਣ ਕਿਸੇ ਤਰੀਕੇ ਨਾਲ ਰੱਬ ਜੀ ਨੂੰ ਮਿਲ
ਲਵਾਂ। ਰੱਬ ਜੀ ਨੂੰ ਮਿਲਣ ਦਾ ਅਵਸਥਾ ਦੀ ਪਿੱਛਲ਼ੀਆਂ ਪਉੜੀਆਂ ਵਿੱਚ ਵਿੱਚ ਵਿਚਾਰ ਕੀਤੀ ਹੈ ਕਿ ਸੱਚ
ਦੇ ਅਧਾਰਤ ਨਿਸ਼ਾਨੇ ਦੀ ਪ੍ਰਾਪਤੀ, ਸੰਤੋਖ, ਆਪਣੇ ਫ਼ਰਜ਼ ਦੀ ਪਹਿਚਾਨ, ਦੂਜੇ ਦੇ ਦਰਦ ਨੂੰ ਆਪਣਾ ਦਰਦ
ਸਮਝਣਾ ਆਦਿ ਸਾਰੀਆਂ ਗੱਲ ਰੱਬ ਜੀ ਨੂੰ ਮਿਲਣ ਦੀਆਂ ਹਨ—
“ਕਿਉ ਮਿਲੀਐ ਹਰਿ ਜਾਇ”
ਅੱਖਰੀਂ ਅਰਥ ਤਾਂ ਏਦਾਂ ਸਮਝ ਆਉਂਦੇ ਹਨ ਕਿ
ਜਿਵੇਂ ਕੋਈ ਆਦਮੀ ਕਿਸੇ ਦੂਜੇ ਪਿੰਡ ਰਹਿੰਦਾ ਹੋਵੇ ਤੇ ਸਾਨੂੰ ਉਸ ਪਿੰਡ ਦੇ ਰਸਤੇ ਦਾ ਗਿਆਨ ਨਾ
ਹੋਵੇ ਤੇ ਅਸੀਂ ਹਰ ਬੰਦੇ ਨੂੰ ਇਹ ਪੁਛਦੇ ਰਹੀਏ ਕਿ ਉਸ ਪਿੰਡ ਨੂੰ ਰਸਤਾ ਕਿਹੜਾ ਜਾਂਦਾ ਹੈ? ਉਹ
ਆਦਮੀ ਕਿਸ ਤਰ੍ਹਾਂ ਮਿਲੇਗਾ? ਕਿਸੇ ਵਜ਼ੀਰ ਨੂੰ ਮਿਲਣਾ ਹੋਵੇ ਤਾਂ ਵੀ ਅਸੀਂ ਆਮ ਹੀ ਪੁੱਛਦੇ ਰਹਿੰਦੇ
ਹਾਂ ਕਿ ਵਜ਼ੀਰ ਨੂੰ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ? ਏਸੇ ਤਰ੍ਹਾਂ ਰੱਬ ਜੀ ਬਾਰੇ ਵੀ ਏਹੀ ਧਾਰਨਾ
ਬਣੀ ਹੋਈ ਹੈ ਕਿ ਜਿਵੇਂ ਉਹ ਬਹੁਤ ਦੂਰ ਬੈਠਾ ਹੋਵੇ ਤੇ ਲੋਕਾਂ ਨੂੰ ਪੁਛਦੇ ਰਹੀਏ ਕਿ ਰੱਬ ਜੀ ਨੂੰ
ਕਿਵੇਂ ਮਿਲਿਆ ਜਾਏ? ਰੱਬ ਜੀ ਨੂੰ ਸਰੀਰਕ ਤਲ਼ `ਤੇ ਲੱਭਣ ਯਤਨ ਕੀਤਾ ਜਾ ਰਿਹਾ ਹੈ। ਪਉੜੀ ਦਾ
ਵਿਸਥਾਰ ਕੁੱਝ ਜ਼ਿਆਦਾ ਹੀ ਹੋ ਜਾਣਾ ਲੱਗਦਾ ਹੈ ਪਰ ਰੱਬ ਸਮਝਣ ਲਈ ਗੁਰਬਾਣੀ ਵਿਚੋਂ ਉਦਾਹਰਣਾਂ
ਸਾਨੂੰ ਮਿਲਦੀਆਂ ਹਨ ਇੱਕ ਨੁਕਤਾ ਹੈ ਰੱਬ ਜੀ ਨੂੰ ਮਿਲਣ ਦਾ—
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ।।
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤਿ ਭਗਵਾਨ।। ੧੩।।
ਸਲੋਕ ਮ: ੯ ੧੪੨੭
ਅੱਖਰੀਂ ਅਰਥ--
ਹੇ
ਨਾਨਕ! ਆਖ—ਹੇ ਮਨ! ਸੁਣ, ਜਿਸ ਮਨੁੱਖ (ਦੇ ਹਿਰਦੇ) ਨੂੰ ਸੁਖ ਦੁਖ ਨਹੀਂ ਪੋਹ ਸਕਦਾ, ਲੋਭ ਮੋਹ
ਅਹੰਕਾਰ ਨਹੀਂ ਪੋਹ ਸਕਦਾ (ਭਾਵ, ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ ਵਲੋਂ ਨਹੀਂ ਡੋਲਦਾ,
ਜਿਸ ਉਤੇ ਲੋਭ ਮੋਹ ਅਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ (ਸਾਖਿਆਤ) ਪਰਮਾਤਮਾ ਦਾ ਰੂਪ
ਹੈ। ੧੩।
ਸੁੱਖ-ਦੁੱਖ ਦੀ ਪ੍ਰੀਭਾਸ਼ਾ ਸਮਝਦਾ ਹੋਵੇ, ਲਾਲਚ, ਨਿੱਜੀ ਸੁਆਰਥ ਤੇ ਅੰਹਕਾਰ
ਦਿਆਂ ਕਿੰਗਰਿਆਂ ਨੂੰ ਭੰਨਣਾ ਜਾਣਦਾ ਹੋਵੇ ਉਹ ਹਰਿ ਨੂੰ ਮਿਲਿਆ ਸਮਝੋ। ਸੁ ਜਦੋਂ ਮਨ ਵਿੱਚ ਕੁੱਝ
ਕਰਨ ਦਾ ਚਾਓ ਪੈਦਾ ਹੁੰਦਾ ਹੈ ਤਾਂ ਓਦੋਂ ਬੰਦਾ ਸਾਧਨ ਲ਼ੱਭਣ ਦਾ ਗ਼ਤਨ ਕਰਦਾ ਹੈ। ਇਸ ਪਉੜੀ ਦੀ ਦੂਜੀ
ਤੁਕ ਵਿਚ-
ਮਨਿ ਤਨਿ ਪਿਆਸ ਦਰਸਨ ਘਣੀ, ਕੋਈ ਆਣਿ ਮਿਲਾਵੈ ਮਾਇ।।
ਅੱਖਰੀਂ ਅਰਥ--
ਮੇਰੇ
ਮਨ ਵਿੱਚ ਮੇਰੇ ਤਨ ਵਿੱਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ (ਚਿੱਤ ਲੋਚਦਾ ਹੈ ਕਿ)
ਕੋਈ (ਉਸ ਪਤੀ ਨੂੰ) ਲਿਆ ਕੇ ਮੇਲ ਕਰਾ ਦੇਵੇ।
ਵਿਚਾਰ ਤੇ ਵਿਹਾਰਕ ਪੱਖ--ਇਸ ਤੁਕ ਦੇ ਅੱਖਰਾਂ ਦੇ ਅਰਥਾਂ ਤੋਂ ਤਾਂ
ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪਾਣੀ ਦੀ ਪਿਆਸ ਲੱਗੀ ਹੋਵੇ ਤੇ ਪਾਣੀ ਪੀਣ ਨਾਲ ਪਿਆਸ ਬੁਝ ਜਾਵੇ।
ਦੂਜਾ ਕੋਈ ਬੂਬਨਾ ਬਾਬਾ ਹੋਵੇ ਜਿਹੜਾ ਸਾਨੂੰ ਰੱਬ ਜੀ ਨਾਲ ਮਿਲਾ ਦੇਵੇ। ਮੇਰੇ ਮਨ ਤੇ ਤਨ ਨੂੰ ਠੰਢ
ਪੈ ਜਾਏ। ਜੇ ਇਸ ਪਉੜੀ ਦਾ ਵਿਹਾਰਕ ਪੱਖ ਵਾਚਿਆ ਜਾਏ ਤਾਂ ਪਹਿਲੀ ਤੁਕ ਵਿੱਚ ਕੰਮ ਸਿੱਖਣ ਦੀ ਚਾਹਨਾ
ਪੈਦਾ ਹੁੰਦੀ ਹੈ ਤੇ ਦੂਜੀ ਤੁਕ ਵਿੱਚ ਤਕਨੀਕ ਨੂੰ ਸਿਖਾਉਣ ਵਾਲੇ ਦੀ ਭਾਲ ਪ੍ਰਤੀਤ ਹੁੰਦੀ ਹੈ।
ਦੁਜੇ ਪਾਸੇ ਪਖੰਡੀ ਸਾਧਾਂ ਦੀਆਂ ਦੁਕਾਨਾਂ ਹੀ ਇਸੇ ਭਾਵਨਾ ਨਾਲ ਚੱਲ ਰਹੀਆਂ ਹਨ ਕਿ ਸਾਡੇ ਬਾਬਾ ਜੀ
ਤਾਂ ਰੱਬ ਨੂੰ ਮਿਲਾ ਦੇਂਦੇ ਹਨ। ਰੱਬ ਜੀ ਨੂੰ ਮਿਲਣ ਦਾ ਸਿੱਧਾ ਤਰੀਕਾ ਇਹ ਹੀ ਕਿ ਰੱਬੀ ਗੁਣਾਂ
ਨੂੰ ਧਾਰਨ ਕੀਤਾ ਜਾਏ ਤੇ ਉਹ ਗੁਣ ਸਾਡੇ ਸੁਭਾਅ ਵਿਚੋਂ ਪ੍ਰਗਟ ਹੋਣੇ ਚਾਹੀਦੇ ਹਨ ਜੇਹਾ ਕਿ ਜਪੁ
ਬਾਣੀ ਵਿੱਚ ਬਹੁਤ ਕੀਮਤੀ ਵਿਚਾਰ ਆਇਆ ਹੈ—
ਸਾਚਾ ਸਾਹਿਬੁ, ਸਾਚੁ ਨਾਇ, ਭਾਖਿਆ ਭਾਉ ਅਪਾਰੁ।।
ਅੱਖਰੀਂ ਅਰਥ--
ਅਕਾਲ
ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨੀਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ
ਉਹ ਆਪ ਅਕਾਲ ਪੁਰਖ ਬੇਅੰਤ ਹੈ।
ਰੱਬ ਜੀ ਨੂੰ ਮਿਲਨ ਦਾ ਸਿੱਧਾ ਤਰੀਕਾ ਤਾਂ ਇਹ ਹੀ ਕਿ ਮੈਂ ਪਿਆਰ ਵਾਲੀ
ਬੋਲੀ ਧਾਰਨ ਕਰ ਲਵਾਂ ਭਾਵ ਆਪਸ ਵਿੱਚ ਪਿਆਰ ਰੱਖਾਂ। ਕੋਈ ਆਣ ਮਿਲਾਵੇ ਦਾ ਭਾਵ ਅਰਥ ਹੈ ਗੁਰੂ
ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਢਾਲਣਾ ਹੈ। ਸਮਾਜਿਕ ਪੱਖ ਏਦਾਂ ਵੀ ਸਮਝਿਆ
ਜਾ ਸਕਦਾ ਹੈ ਕਿ ਮੰਨ ਲਓ ਕਿਸੇ ਬੱਚੇ ਨੇ ਕੋਈ ਖੇਢ ਸਿੱਖਣੀ ਹੈ ਤਾਂ ਉਹ ਕੋਚ ਦੀ ਭਾਲ ਕਰੇਗਾ। ਕੋਈ
ਸਪੋਰਟਸ ਕਾਲਜ ਲੱਭੇਗਾ, ਕਿਉਂਕਿ ਬੱਚੇ ਦੇ ਮਨ ਵਿੱਚ ਖੇਢ ਸਿੱਖਣ ਦਾ ਚਾਓ ਭਰਿਆ ਪਿਆ ਹੁੰਦਾ ਹੈ।
ਹਰ ਚੰਗਾ ਸਕੂਲ ਕਾਲਜ ਬੱਚਿਆਂ ਵਿੱਚ ਹੁਨਰ ਸਿੱਖਣ ਦੀਆਂ ਰੁਚੀਆਂ ਪੈਦਾ ਕਰਦਾ ਹੈ। ਬੱਚੇ ਦੇ ਮਨ
ਵਿੱਚ ਪੈਦਾ ਹੋਈਆਂ ਰੁਚੀਆਂ ਲਗਨ ਨੂੰ ਜਨਮ ਦੇਂਦੀਆਂ ਹਨ। ਬੱਚਾ ਹੋਰ ਸਿੱਖਣ ਦੀ ਚਾਹਨਾ ਨਾਲ ਵਧੀਆ
ਕਾਲਜ ਅਤੇ ਯੋਗ ਅਧਿਆਪਕਾਂ ਦੀ ਭਾਲ ਕਰਦਾ ਹੈ--”
ਮਨਿ ਤਨਿ ਪਿਆਸ ਦਰਸਨ ਘਣੀ”
ਜਿਸ ਤਰ੍ਹਾਂ ਸਰੀਰ ਨੂੰ ਪਾਣੀ ਦੀ ਪਿਆਸ ਲੱਗ ਜਾਂਦੀ ਹੈ
ਏਸੇ ਤਰ੍ਹਾਂ ਬੱਚੇ ਨੂੰ ਹੁਨਰ ਸਿੱਖਣ ਦੀ ਤਾਂਘ ਲੱਗ ਜਾਂਦੀ ਹੈ।
ਇਸ ਪਉੜੀ ਦੀ ਅਗਲੀ ਤੁਕ ਵਿਚ—
ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਇ।।
ਅੱਖਰੀਂ ਅਰਥ--
(ਇਹ
ਸੁਣ ਕੇ ਕਿ) ਸੰਤ ਜਨ ਪ੍ਰੇਮ ਵਧਾਣ ਵਿੱਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ
ਹਾਂ।
ਵਿਚਾਰ ਤੇ ਵਿਹਾਰਕ
ਪੱਖ--ਅੱਖਰਾਂ ਦੇ ਅਰਥਾਂ ਤੋਂ ਤਾਂ ਏਹੀ ਮਹਿਸੂਸ ਹੁੰਦਾ ਹੈ ਕਿ ਕੋਈ ਸੰਤ ਹੈ ਜਿਸ ਦੇ
ਅਸੀਂ ਚਰਨ ਫੜ ਕੇ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਹੋ ਜਾਵਾਂਗੇ। ਏਦਾਂ ਤਾਂ ਪੰਜਾਬ ਵਿੱਚ ਸੰਤ
ਹਰਲ ਹਰਲ ਕਰਦੇ ਫਿਰਦੇ ਹਨ ਇਹ ਸੋਚਣ ਵਾਲਾ ਵਿਸ਼ਾ ਹੈ ਕਿ ਕਿਹੜੇ ਸੰਤ ਦੇ ਚਰਨੀ ਲੱਗਿਆ ਜਾਏ? ਉਪਰਲੀ
ਵਿਚਾਰ ਤੋਂ ਇਹ ਸਮਝਿਆ ਸੀ ਕਿ ਰੱਬ ਦੀ ਬੋਲੀ ਪਿਆਰ ਦੀ ਹੈ ਤੇ ਇਹ ਗੱਲ ਸਾਨੂੰ ਗੁਰੂ-ਗਿਆਨ ਵਿਚੋਂ
ਸਮਝ ਆਈ ਹੈ। ਪਿਆਰ ਦੀ ਭਾਵਨਾ ਰੱਖਣ ਵਾਲਾ ਜਾਂ ਪਿਆਰ ਦੀ ਵਰਤੋਂ ਕਰਨ ਵਾਲਾ ਗੁਰੂ ਜੀ ਦੇ ਦਰਸਾਏ
ਹੋਏ ਮਾਰਗ `ਤੇ ਚੱਲ ਰਿਹਾ ਹੈ। ਜੇ ਸਮਾਜਿਕ ਪੱਖ ਨੂੰ ਵਿਚਾਰਿਆ ਜਾਏ ਤਾਂ ਅਸੀਂ ਸਕੂਲ ਕਾਲਜ ਵਿੱਚ
ਦਾਖਲ ਹੁੰਦੇ ਹਾਂ ਓੱਥੇ ਜੋ ਪੜ੍ਹਾਇਆ ਜਾਂਦਾ ਹੈ ਜੇ ਵਿਦਿਆਰਥੀ ਉਸ ਨੂੰ ਧਿਆਨ ਨਾਲ ਸਮਝ ਲਏ ਜਾਂ
ਉਸ ਮਾਰਗ `ਤੇ ਚੱਲ ਪਏ ਤਾਂ ਅਵੱਸ਼ ਉਹ ਕਿਸੇ ਮੰਜ਼ਿਲ `ਤੇ ਪਹੁੰਚ ਸਕਦਾ ਹੈ। ਵਿਹਾਰਕ ਪੱਖ ਤਾਂ ਏਹੀ
ਸਮਝ ਵਿੱਚ ਆਉਂਦਾ ਹੈ ਕਿ ਉਸਤਾਦ ਨੇ ਜੋ ਮਾਰਗ ਦਰਸ਼ਨ ਦਿੱਤਾ ਹੈ ਉਸ ਨੂੰ ਸਮਝਿਆ ਜਾਏ। ਉਸ ਅਨੁਸਾਰੀ
ਹੋ ਕੇ ਆਪਣੀ ਪੜ੍ਹਾਈ ਕੀਤੀ ਜਾਏ। ਜੇ ਨਿਰਾ ਕੇਵਲ ਇਹੀ ਵਿਚਾਰਿਆ ਜਾਏ ਕਿ ਕੋਈ ਸੰਤ ਹੁੰਦਾ ਹੈ ਉਸ
ਦੇ ਚਰਨ ਫੜ ਲਏ ਜਾਣ ਤਾਂ ਸਾਨੂੰ ਸਾਰੀਆਂ ਬਰਕਤਾਂ ਮਿਲ ਜਾਣਗੀਆਂ ਤਾਂ ਫਿਰ ਸਾਨੂੰ ਸੰਤ ਲੱਭਣਾ
ਪਏਗਾ। ਗੁਰਬਾਣੀ ਵਿੱਚ ਸੰਤ ਵਰਗੇ ਆਏ ਸ਼ਬਦਾਂ ਦੇ ਅੱਖਰੀਂ ਅਰਥਾਂ ਤੋਂ ਹੀ ਸ਼ੈਤਾਨ ਬਿਰਤੀ ਨੇ
ਆਪਣੀਆਂ ਦੁਕਾਨਾਂ ਚਲਾ ਲਈਆਂ ਹਨ। ਜਿੱਥੇ ਗੁਰਬਾਣੀ ਵਿੱਚ ਸੰਤ ਸ਼ਬਦ ਗੁਰਬਾਣੀ ਵਿਚਾਰ ਲਈ ਆਇਆ ਹੈ
ਓੱਥੇ ਸੰਸਾਰਿਕ ਤੌਰ `ਤੇ ਹੁਨਰ ਸਿਖਾਉਣ ਵਾਲੇ ਦੀ ਗੱਲ ਨੂੰ ਧਿਆਨ ਪੂਰਵਕ ਸੁਣ ਕੇ ਉਸ ਵਲੋਂ
ਨਿਰਧਾਰਤ ਕੀਤੇ ਰਸਤੇ `ਤੇ ਤੁਰਨਾ ਹੈ। ਕਿੱਤੇ ਵਿੱਚ ਮੁਹਾਰਤ ਹਾਸਲ ਕਰਨ ਲਈ ਹੁਨਰ ਸਿਖਾਉਣ ਵਾਲੇ
ਦੀ ਵਿਚਾਰ ਅਨੁਸਾਰੀ ਹੋਣਾ ਪਏਗਾ।
ਵਿਣੁ ਪ੍ਰਭ ਕਿਉ ਸੁਖੁ ਪਾਈਐ, ਦੂਜੀ ਨਾਹੀ ਜਾਇ।।
ਅੱਖਰੀਂ ਅਰਥ-- (
ਹੇ
ਮਾਂ!) ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ) ਹੋਰ ਕੋਈ ਥਾਂ ਹੀ
ਨਹੀਂ।
ਵਿਚਾਰ ਤੇ ਵਿਹਾਰਕ
ਪੱਖ--ਪਿੱਛੇ ਅਸਾਂ ਵਿਚਾਰ ਕੀਤੀ ਸੀ ਕਿ ਪ੍ਰਭੂ ਸੱਚ ਦੀ ਮੰਜ਼ਿਲ ਦਾ ਨਾਂ ਹੈ। ਸੱਚ ਦੇ
ਅਧਾਰਤ ਨਿਸ਼ਾਨੇ ਤੇ ਪਹੁੰਚਣ ਨੂੰ ਪ੍ਰਭੂ ਦੀ ਪ੍ਰਾਪਤੀ ਮੰਨਿਆ ਗਿਆ ਹੈ। ਸਾਰੀ ਗੁਰਬਾਣੀ ਸਾਡਾ
ਵਿਹਾਰਕ ਜੀਵਨ ਘੜਦੀ ਹੈ। ਪ੍ਰਭੂ ਤੋਂ ਬਿਨਾ ਸੁੱਖ ਦੀ ਪ੍ਰਾਪਤੀ ਨਹੀਂ ਹੈ। ਪ੍ਰਭੂ ਦੀ ਪ੍ਰਾਪਤੀ ਦਾ
ਮਕਸਦ ਹੈ ਗੁਣਾਂ ਦੇ ਧਾਰਨੀ ਹੋਣਾ ਹੈ। ਕਿੱਤਾ ਮੁੱਖੀ ਹੋਣਾ। ਮੁਹਾਰਤ ਹਾਸਲ ਕਰਨੀ। ਰੱਬ ਜੀ ਕਰਤਾ
ਪੁਰਖ ਹਨ ਭਾਵ ਰੱਬ ਜੀ ਨੇ ਸਾਰੇ ਸੰਸਾਰ ਦਾ ਪਸਾਰਾ ਕੀਤਾ ਹੈ ਤੇ ਵਿੱਚ ਆਪ ਬੈਠਾ ਹੈ। ਹੁਣ ਕਰਤਾ
ਪੁਰਖ ਦਾ ਗੁਣ ਧਾਰਨ ਕਰਕੇ ਅਸੀਂ ਵੀ ਉਸਾਰੀ ਦਿਆਂ ਕੰਮਾਂ ਵਿੱਚ ਆਪਣਾ ਬਣਦਾ ਹਿੱਸਾ ਪਾਈਏ ਤਾਂ
ਸਮਝਿਆ ਜਾਏਗਾ ਕਿ ਅਸਾਂ ਕਰਤਾ ਪੁਰਖ ਪੜ੍ਹਿਆ ਹੈ। ਮੰਨ ਲਓ ਰੱਬ ਜੀ ਇੱਕ ਹਨ ਕੀ ਇੱਕ ਕਹਿਣ ਨਾਲ
ਸਾਡਾ ਪਾਰ ਉਤਾਰਾ ਹੋ ਜਾਏਗਾ? ਹਾਂ ਸਾਡਾ ਪਾਰ ਉਤਾਰਾ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਅੰਦਰੋਂ
ਬਾਹਰੋਂ ਇੱਕ ਹੋਵਾਂਗੇ। ਰੱਬ ਜੀ ਨਿਰਵੈਰ ਹਨ ਇਸ ਲਈ ਸਾਨੂੰ ਵੀ ਨਿਰਵੈਰ ਹੋਣਾ ਪਏਗਾ। ਨਿਰਵੈਰ ਦੇ
ਧਾਰਨੀ ਹੋਣ ਨਾਲ ਹੀ ਸੁੱਖ ਜਨਮ ਲੈਂਦਾ ਹੈ। ਵੈਰ ਭਾਵਨਾ ਰੱਖਣ ਵਾਲਾ ਤਾਂ ਸਕੀਮਾਂ ਹੀ ਘੜਦਾ
ਰਹਿੰਦਾ ਹੈ ਕਿ ਕਿਵੇਂ ਅਸੀਂ ਉਸ ਦਾ ਨੁਕਸਾਨ ਕਰਨਾ ਹੈ। ਗੁਰਬਾਣੀ ਦੁਬਿਧਾ ਦੂਰ ਕਰਨ ਤੇ ਪੂਰਾ ਯਤਨ
ਕਰਦੀ ਹੈ। ਰੱਬ ਜੀ ਦਾ ਇੱਕ ਗੁਣ ਸੰਤੋਖ ਦਾ ਹੈ। ਜੇ ਅਸੀਂ ਸੰਤੋਖ ਦੀ ਵਰਤੋਂ ਕਰਦੇ ਹਾਂ ਤਾਂ
ਕੁਦਰਤੀ ਸੁੱਖ ਵਿੱਚ ਹੁੰਦੇ ਹਾਂ ਜੇ ਸੰਤੋਖ ਦੀ ਜਗ੍ਹਾ ਲਾਲਚੀ ਬਿਰਤੀ ਦੇ ਧਾਰਨੀ ਹੁੰਦੇ ਹਾਂ ਤਾਂ
ਕਦੇ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ—
ਜਿੰਨੀੑ ਚਾਖਿਆ ਪ੍ਰੇਮ ਰਸੁ, ਸੇ ਤ੍ਰਿਪਤਿ ਰਹੇ ਆਘਾਇ।।
ਅੱਖਰੀਂ ਅਰਥ--
ਜਿਨ੍ਹਾਂ
(ਵਡ-ਭਾਗੀਆਂ) ਨੇ ਪ੍ਰਭੂ-ਪਿਆਰ ਦਾ ਸੁਆਦ (ਇਕ ਵਾਰੀ) ਚੱਖ ਲਿਆ ਹੈ (ਉਹਨਾਂ ਨੂੰ ਮਾਇਆ ਦੇ ਸੁਆਦ
ਭੁੱਲ ਜਾਂਦੇ ਹਨ, ਮਾਇਆ ਵੱਲੋਂ) ਉਹ ਰੱਜ ਜਾਂਦੇ ਹਨ
ਵਿਚਾਰ ਤੇ ਵਿਹਾਰਕ ਪੱਖ--
ਜਿਨ੍ਹਾਂ
ਨੂੰ ਪ੍ਰਭੂ ਮਿਲਾਪ ਦੀ ਸਮਝ ਲੱਗ ਜਾਂਦੀ ਹੈ ਉਹ ਹਮੇਸ਼ਾਂ ਲਈ ਰੱਜ ਜਾਂਦੇ ਹਨ। ਕੁੜਮਾਚਾਰੀ ਵਿੱਚ ਜੇ
ਪ੍ਰੇਮ ਦੀ ਭਾਵਨਾ ਹੈ ਤਾਂ ਓੱਥੇ ਲਾਲਚ ਵਰਗੀ ਬਿਰਤੀ ਜਨਮ ਨਹੀਂ ਲਏਗੀ। ਜੇ ਵਾਕਿਆ ਹੀ ਬੰਦੇ ਨੂੰ
ਆਪਣੀ ਕਿਰਤ ਕਮਾਈ `ਤੇ ਭਰੋਸਾ ਹੈ ਤਾਂ ਉਹ ਰੱਜਿਆਂ ਵਾਂਗ ਹੀ ਵਰਤਾ ਕਰੇਗਾ। ਅਜੇਹੀ ਪ੍ਰੇਮ ਦੀ
ਅਵਸਥਾ ਵਿੱਚ ਕੁੜਮਾ ਕੋਲੋਂ ਚੈਨੀਆਂ ਨਹੀਂ ਪਵਾਏਗਾ। ਤ੍ਰਿਪਤੀ ਦੀ ਭਾਵਨਾ ਕੁੜਮਾਈ ਦੀ ਰਸਮ ਵਿਚੋਂ
ਪ੍ਰਗਟ ਹੋਏਗੀ। ਨੌਕਰੀ ਕਰਦਿਆਂ ਜੇ ਬੰਦੇ ਨੂੰ ਸਚਾਈ ਸਮਝ ਆ ਜਾਂਦੀ ਹੈ ਤਾਂ ਉਹ ਕਦੇ ਵੀ ਜਾਇਜ਼
ਨਜਾਇਜ਼ ਕੰਮਾਂ ਦੇ ਪੈਸੇ ਨਹੀਂ ਲਏਗਾ। ਰਾਗ ਗਉੜੀ ਵਿੱਚ ਬੜਾ ਵਾਕ ਹੈ—
ਪਾਇਆ ਲਾਲੁ ਰਤਨੁ ਮਨਿ ਪਾਇਆ।।
ਤਨੁ ਸੀਤਲੁ ਮਨੁ ਸੀਤਲੁ ਥੀਆ ਸਤਗੁਰ ਸਬਦਿ ਸਮਾਇਆ।। ੧।। ਰਹਾਉ।।
ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ।।
ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ।। ੧।।
ਰਾਗ ਗਉੜੀ ਮਾਲਾ ਮਹਲਾ ੫ ਪੰਨਾ ੨੧੫
ਅੱਖਰੀਂ ਅਰਥ-- (
ਹੇ
ਭਾਈ! ਮੈਂ ਆਪਣੇ) ਮਨ ਵਿੱਚ ਇੱਕ ਲਾਲ ਲੱਭ ਲਿਆ ਹੈ। ਮੈਂ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਗਿਆ ਹਾਂ,
ਮੇਰਾ ਸਰੀਰ (ਹਰੇਕ ਗਿਆਨ-ਇੰਦ੍ਰਾ) ਸ਼ਾਂਤ ਹੋ ਗਿਆ ਹੈ, ਮੇਰਾ ਮਨ ਠੰਢਾ ਹੋ ਗਿਆ ਹੈ। ੧। ਰਹਾਉ।
(ਹੇ ਭਾਈ!) ਪੂਰੇ ਗੁਰੂ ਨੇ (ਮੇਰੇ) ਮੱਥੇ ਉਤੇ (ਆਪਣਾ ਹੱਥ ਰੱਖਿਆ ਹੈ (ਉਸ ਦੀ ਬਰਕਤਿ ਨਾਲ ਮੈਂ
ਆਪਣਾ) ਮਨ ਕਾਬੂ ਵਿੱਚ ਕਰ ਲਿਆ ਹੈ (ਮਾਨੋ) ਮੈਂ ਸਾਰਾ ਜਗਤ ਜਿੱਤ ਲਿਆ ਹੈ (ਕਿਉਂਕਿ ਮੇਰੀ ਮਾਇਆ
ਦੀ) ਭੁੱਖ ਲਹਿ ਗਈ ਹੈ ਮੇਰੀ ਮਾਇਆ ਦੀ ਸਾਰੀ ਤ੍ਰੇਹ ਮੁੱਕ ਗਈ ਹੈ, ਮੈਂ ਸਾਰੇ ਚਿੰਤਾ-ਫ਼ਿਕਰ ਭੁਲਾ
ਦਿੱਤੇ ਹਨ। ੧।
ਅੱਖਰੀਂ ਅਰਥ ਤਾਂ ਏਹੀ ਬਣਦੇ ਹਨ ਕਿ ਜਿਵੇਂ ਕਿਸੇ ਚੀਜ਼ ਨੂੰ ਜ਼ਬਾਨ ਨਾਲ ਚੱਖ
ਕੇ ਦੱਸਿਆ ਜਾਏ ਕਿ ਇਸ ਵਸਤੂ ਦਾ ਆਹ ਸਵਾਦ ਹੈ। ਰੱਬ ਜੀ ਕੋਈ ਖਾਣ ਵਾਲੀ ਵਸਤੂ ਨਹੀਂ ਹੈ। ਜਿਸ
ਮਨੁੱਖ ਨੂੰ ਪ੍ਰਭੂ ਜੀ ਦੇ ਪਿਆਰ ਦਾ ਪਤਾ ਲੱਗਦਾ ਹੈ ਸਚਾਈ ਨੂੰ ਬਰਕਰਾਰ ਰੱਖਣ ਲਈ ਆਪਣੀ ਸ਼ਹੀਦੀ ਵੀ
ਦੇ ਦੇਂਦਾ ਹੈ।
“ਸੇ ਤ੍ਰਿਪਤਿ
ਰਹੇ ਆਘਾਇ”
ਦੀ ਵਰਤੋਂ ਕਰਨ ਨਾਲ ਲਾਲਚੀ ਬਿਰਤੀ ਸਦਾ ਲਈ ਖਤਮ ਹੁੰਦੀ
ਹੈ। ਅੱਜ ਅਸੀਂ ਦੇਖਦੇ ਹਾਂ ਕਿ ਸਾਡਿਆਂ ਪਿੰਡਾਂ ਵਿੱਚ ਸਰਕਾਰੀ ਸੜਕਾਂ ਨੂੰ ਆਪਣਿਆਂ ਖੇਤਾਂ ਨਾਲ
ਮਿਲਾ ਲਿਆ ਗਿਆ ਹੈ। ਇਸ ਦਾ ਅਰਥ ਹੈ ਇਹ ਲੋਕ ਆਪਣਿਆਂ ਖੇਤਾਂ ਨਾਲ ਰੱਜੇ ਹੋਏ ਨਹੀਂ ਹਨ। ਪਰ
ਜਿਨ੍ਹਾਂ ਨੂੰ ਸਿਦਕ ਹੁੰਦਾ ਹੈ ਉਹ ਸੜਕ ਦੇ ਪਏ ਹੋਏ ਟੋਇਆਂ ਵਿੱਚ ਮਿੱਟੀ ਪਉਂਦੇ ਹਨ।
ਪਉੜੀ ਦੀ ਅਗਲੀ ਤੁਕ ਵਿਚ—
ਆਪੁ ਤਿਆਗਿ ਬਿਨਤੀ ਕਰਹਿ, ਲੇਹੁ ਪ੍ਰਭੂ ਲੜਿ ਲਾਇ।।
ਅੱਖਰੀਂ ਅਰਥ-
ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ
ਕਰਦੇ ਰਹਿੰਦੇ ਹਨ—ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ।
ਵਿਚਾਰ ਤੇ ਵਿਹਾਰਕ ਪੱਖ--
ਇਹ
ਕੁਦਰਤੀ ਗੱਲ ਹੈ ਕਿ ਜਦੋਂ ਪਿਆਰ ਉਛਾਲੇ ਮਾਰਦਾ ਹੈ, ਤਾਂ ਆਪਣੀ ਜ਼ਿੰਦਗੀ ਵਿੱਚ ਸੱਚ ਦੇ ਅਧਾਰਤ
ਮਿੱਥੇ ਹੋਏ ਕਾਰਜਾਂ ਨੂੰ ਪੂਰਾ ਕਰਨ ਦੀ ਨਵੀਂ ਊਰਜਾ ਪੈਦਾ ਹੁੰਦੀ ਹੈ। ਸਿਦਕੀ ਮਨੁੱਖ ਕਦੇ ਲਾਲਚੀ
ਬਿਰਤੀ ਨਹੀਂ ਰੱਖਦਾ। ਇਸ ਅਵਸਥਾ ਵਿੱਚ ਆਇਆ ਮਨੁੱਖ ਹੰਕਾਰ ਨੂੰ ਸਦਾ ਵਾਸਤੇ ਖਤਮ ਕਰ ਲੈਂਦਾ ਹੈ।
ਸਿਰੀ ਰਾਗ ਵਿੱਚ ਬੜਾ ਪਿਆਰਾ ਵਾਕ ਹੈ—
ਮੇਰੇ ਮਨ, ਸਤਗੁਰੁ ਕੀ ਸੇਵਾ ਲਾਗੁ।।
ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ।। ੧।। ਰਹਾਉ।।
ਪੰਨਾ ੫੦—
ਅੱਖਰੀਂ ਅਰਥ--ਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਵਿੱਚ ਰੁੱਝਾ
ਰਹੁ। (ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇ ਤੇ (ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਗ,
ਕਿਉਂਕਿ) ਜੋ ਕੁੱਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ। ੧।
ਆਪਾ ਭਾਵ ਤਿਆਗਣਾ ਹੀ ਪ੍ਰਭੂ ਜੀ ਦੇ ਲੜ ਲੱਗਣਾ ਹੈ-
ਤਿਆਗਿ ਮਾਨੁ ਝੂਠੁ ਅਭਿਮਾਨੁ।। ਜੀਵਤ ਮਰਹਿ ਦਰਗਹ ਪਰਵਾਨੁ।। ੩।।
ਗਉੜੀ ਗੁਆਰੇਰੀ ਮਹਲਾ ੫ ਪੰਨਾ ੧੭੬ –
ਅੱਕਰੀਂ ਅਰਥ--ਸਾਧ ਸੰਗਤਿ ਵਿੱਚ (ਆ), ਗੁਰੂ ਦੀ ਮਤਿ ਲੈ ਕੇ (ਖ਼ਲਕਤਿ ਦੀ)
ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ। ਮਾਣ, ਝੂਠ ਤੇ ਅਹੰਕਾਰ ਛੱਡ ਦੇਹ। ਤੂੰ (ਪਰਮਾਤਮਾ ਦੀ) ਦਰਗਾਹ
ਵਿੱਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ ਵਲੋਂ ਮਰੇਂਗਾ।
ਸਾਡਿਆਂ ਘਰਾਂ ਦੇ ਲੜਾਈ ਝਗੜੇ ਸਾਰੇ ਹੰਕਾਰ ਕਰਕੇ ਹੀ ਹਨ। ਜਿੰਨਾਂ ਚਿਰ
ਅਸੀਂ ਆਪਾ ਭਾਵ ਨਹੀਂ ਛੱਡਦੇ ਉਨਾਂ ਚਿਰ ਸੁਖ ਸ਼ਾਂਤੀ ਦੀ ਪ੍ਰਾਪਤੀ ਵੀ ਔਖੀ ਹੈ।
ਪਉੜੀ ਦੀ ਅਗਲੀ ਤੁਕ ਵਿਚ—
ਜੋ ਹਰਿ ਕੰਤਿ ਮਿਲਾਈਆ, ਸਿ ਵਿਛੁੜਿ ਕਤਹਿ ਨ ਜਾਇ।।
ਅੱਖਰੀਂ
ਅਰਥ--ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ
ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ (ਉਸ ਮਿਲਾਪ ਵਿਚੋਂ) ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ
ਜਾਂਦੀ।
ਵਿਚਾਰ ਤੇ ਵਿਹਾਰਕ ਪੱਖ--ਜਦੋਂ ਸਿਖੀ ਸਮਾਜ ਵਲ ਨਿਗਾਹ ਮਾਰਦੇ ਹਾਂ
ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਗੁਰੂ ਗਰੰਥ ਸਾਹਿਬ ਜੀ ਦਾ ਕੇਵਲ ਦਿਖਾਵੇ ਮਾਤਰ ਹੀ ਪ੍ਰਕਾਸ਼ ਕਰਦੇ
ਹਾਂ ਕਿਉਂ ਕਿ ਗੁਰੂ ਜੀ ਦੀ ਗੱਲ ਤਾਂ ਸਵੀਕਾਰ ਕਰ ਨਹੀਂ ਰਹੇ। ਆਸਾ ਕੀ ਵਾਰ ਵਿੱਚ ਆਉਂਦਾ ਹੈ—
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।।
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ।।
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ।।
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ।। ੧।।
ਸਲੋਕ ਮ: ੧ ਪੰਨਾ ੪੭੩
ਅੱਖਰੀਂ ਅਰਥ--ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ
ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ)।
ਰੁੱਖਾ ਬੋਲਣ ਵਾਲਾ ਲੋਕਾਂ ਵਿੱਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ
ਬਚਨਾਂ ਨਾਲ ਹੀ ਯਾਦ ਕਰਦੇ ਹਨ। ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ
ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ
ਹਨ। (ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ
ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ)। ੧।
ਹੁਣ ਸੰਸਾਰ ਵਿੱਚ ਕਿਹੜਾ ਗੁਰਦੁਆਰਾ ਹੈ ਜਿੱਥੇ ਡਾਂਗ ਸੋਟਾ ਨਹੀਂ ਖੜਕਿਆ।
ਇਸ ਦਾ ਅਰਥ ਹੈ ਕਿ ਆਸਾ ਕੀ ਵਾਰ ਦਾ ਕੀਰਤਨ ਹੋਇਆ ਹੈ, ਭੇਟਾ ਵੀ ਰੱਖੀ ਹੈ ਪਰ ਗੁਰਬਾਣੀ ਦੇ ਉਪਦੇਸ਼
ਨੂੰ ਨਹੀਂ ਕਬੂਲਿਆ। ਦੂਜੇ ਪਾਸੇ ਜਿਹੜਾ ਗੁਰਬਾਣੀ ਉਪਦੇਸ਼ ਨੂੰ ਸਮਝਦਾ ਹੈ ਉਹ ਰੁੱਖਾ ਬੋਲਦਾ ਨਹੀਂ
ਹੈ। ਕੰਤ ਨੂੰ ਮਿਲਣ ਦਾ ਅਰਥ ਹੈ ਜ਼ਿੰਦਗੀ ਦੇ ਮਹੱਤਵ ਨੂੰ ਸਮਝਣ ਲੈਣਾ। ਸਚਾਈ ਦਾ ਪੱਲਾ ਨਾ ਛੱਡਣਾ।
ਜਿਸ ਨੂੰ ਵਿਕਾਰਾਂ ਦੀ ਸਮਝ ਆਉਂਦੀ ਹੈ ਉਹ ਮੁੜ ਵਿਕਾਰਾਂ ਵਲ ਨੂੰ ਨਹੀਂ ਜਾਂਦਾ।
ਇਸ ਮਹੀਨੇ ਦੀ ਅਗਲੀ ਤੁਕ ਵਿੱਚ ਪ੍ਰਭੂ ਨਿਸ਼ਾਨੇ ਤੋਂ ਬਿਨਾ ਮਨੁੱਖ ਦੇ ਜੀਵਨ
ਵਿੱਚ ਭਟਕਣਾ ਰਹਿੰਦੀ ਹੈ—
ਪ੍ਰਭ ਵਿਣੁ ਦੂਜਾ ਕੋ ਨਹੀ, ਨਾਨਕ ਹਰਿ ਸਰਣਾਇ।।
ਅੱਖਰੀਂ ਅਰਥ--
ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਖਸਮ ਨੇ
ਆਪਣੇ ਨਾਲ ਮਿਲਾ ਲਿਆ ਹੈ, ਉਹ (ਉਸ ਮਿਲਾਪ ਵਿਚੋਂ) ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ,
(ਕਿਉਂਕਿ) ਹੇ ਨਾਨਕ (ਉਸ ਨੂੰ ਨਿਸਚਾ ਆ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ) ਪ੍ਰਭੂ ਦੀ ਸਰਨ ਤੋਂ
ਬਿਨਾ ਹੋਰ ਕੋਈ ਥਾਂ ਨਹੀਂ ਹੈ। ਉਹ ਸਦਾ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ।
ਵਿਚਾਰ ਤੇ ਵਿਹਾਰਕ ਪੱਖ--
ਦੁਚਿੱਤੀ ਵਾਲਾ ਮਨੁੱਖ ਕਦੇ ਵੀ ਸਹੀ ਫੈਸਲੇ ਨਹੀਂ ਲੈ ਸਕਦਾ। ਮਨੁੱਖ ਦੁਬਿਧਾ ਦਾ ਸ਼ਿਕਾਰ ਹੋਇਆ ਪਿਆ
ਹੈ। ਕਿਸੇ ਘਰ ਵਿੱਚ ਬਰਾਤ ਆਉਣੀ ਸੀ। ਉਸ ਨੂੰ ਠਹਿਰਉਣ ਦਾ ਮਸਲਾ ਸੀ। ਘਰ ਵਾਲਿਆਂ ਨੂੰ ਕਿਸੇ ਨੇ
ਰਾਏ ਦਿੱਤੀ ਕਿ ਤੁਹਾਡਾ ਘਰ ਬਹੁਤ ਖੁਲ੍ਹਾ ਹੈ ਇਸ ਲਈ ਬਰਾਤ ਘਰ ਦੇ ਵਿਹੜੇ ਵਿੱਚ ਬੈਠਾਈ ਜਾਏ ਤਾਂ
ਚੰਗਾ। ਬਰਾਤ ਨੂੰ ਘਰ ਵਿੱਚ ਬੈਠਾਉਣ ਦਾ ਪ੍ਰਬੰਧ ਸ਼ੁਰੂ ਹੋ ਗਿਆ। ਅਚਾਨਕ ਇੱਕ ਰਿਸ਼ਤੇਦਾਰ ਨੇ ਸੁਝਾਅ
ਦਿੱਤਾ ਕਿ ਗੁਰਦੁਆਰੇ ਵਿੱਚ ਜਗ੍ਹਾ ਬਹੁਤ ਖੁਲ੍ਹੀ ਹੈ ਕਿਉਂ ਨਾ ਬਰਾਤ ਨੂੰ ਗੁਰਦੁਆਰੇ ਵਿੱਚ
ਬੈਠਾਇਆ ਜਾਏ। ਘਰ ਵਾਲਿਆਂ ਨੂੰ ਇਹ ਵੀ ਸੁਝਾਅ ਚੰਗਾ ਲੱਗਿਆ। ਹੁਣ ਪ੍ਰਬੰਧ ਗੁਰਦੁਆਰੇ ਹੋਣਾ ਸ਼ੁਰੂ
ਹੋ ਗਿਆ। ਕਿਸੇ ਨੇ ਕਿਹਾ ਬਰਾਤ ਤਾਂ ਮੈਰਿਜ ਪੈਲਿਸ ਵਿੱਚ ਹੀ ਠੀਕ ਰਹੇਗੀ। ਘਰਦਿਆਂ ਇਹ ਵੀ ਸੁਝਾਅ
ਮੰਨ ਲਿਆ। ਅਜੇਹੀ ਦੁਬਿਧਾ ਦਾ ਸ਼ਿਕਾਰੀ ਬੰਦਾ ਕਦੇ ਕਿਸੇ ਕਿਨਾਰੇ ਨਹੀਂ ਲੱਗ ਸਕਦਾ। ਏਦਾਂ ਹੀ ਰੱਬ
ਜੀ ਪ੍ਰਤੀ ਵੀ ਅਸੀਂ ਦੁਬਿਧਾ ਵਿੱਚ ਪਏ ਹੋਏ ਹਾਂ। ਘਰ ਵਿੱਚ ਅਖੰਡ ਪਾਠ ਵੀ ਕਰਾਉਂਦੇ ਹਾਂ ਤੇ ਨਾਲ
ਲਾਲ ਧਾਗੇ ਵੀ ਬੰਨਦੇ ਹਾਂ, ਨਾਰੀਅਲ ਵੀ ਲਿਆਉਂਦੇ ਹਾਂ। ਗੁਰਦੇਵ ਪਿਤਾ ਜੀ ਦਾ ਇੱਕ ਬੜਾ ਪਿਆਰਾ
ਖ਼ਿਆਲ ਹੈ—
ਮਨ ਰੇ, ਦੂਜਾ ਭਾਉ ਚੁਕਾਇ।। ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ
ਪਾਇ।। ਰਹਾਉ।।
ਸਿਰੀ ਰਾਗੁ ਮਹਲਾ ੩ ਪੰਨਾ ੩੩
ਅੱਖਰੀਂ ਅਰਥ-- (ਜਦੋਂ ਪਰਮਾਤਮਾ) ਕਿਰਪਾ ਕਰਦਾ ਹੈ (ਤਾਂ) ਗੁਰੂ ਮਿਲਦਾ ਹੈ
(ਗੁਰੂ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ। (ਕਦੇ ਭੀ) ਕਿਸੇ ਮਨੁੱਖ
ਨੇ ਗੁਰੂ ਤੋਂ ਬਿਨਾ (ਪਰਮਾਤਮਾ ਨੂੰ) ਨਹੀਂ ਪ੍ਰਾਪਤ ਕੀਤਾ (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ
ਆਉਂਦਾ ਉਹ) ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰ ਕੇ (ਮਿੱਥੇ ਹੋਏ
ਧਾਰਮਿਕ) ਕੰਮ (ਭੀ) ਕੀਤਿਆਂ ਪ੍ਰਭੂ ਦੀ ਦਰਗਾਹ ਵਿੱਚ ਸਜ਼ਾ ਹੀ ਮਿਲਦੀ ਹੈ। ੧।
ਫੋਕਟ ਦਿਆਂ ਕੰਮਾਂ ਨੂੰ ਗੁਰਬਾਣੀ ਨਿਕਾਰਦੀ ਹੈ—ਜੇਹਾ ਗੁਰਬਾਣੀ ਵਾਕ ਹੈ—
ਕਾਂਇਆ ਸਾਧੈ, ਉਰਧ ਤਪੁ ਕਰੈ, ਵਿਚਹੁ ਹਉਮੈ ਨ ਜਾਇ।।
ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬਹੀ ਪਾਇ।।
ਗੁਰ ਕੈ ਸਬਦਿ ਜੀਵਤੁ ਮਰੈ ਹਰਿਨਾਮੁ ਵਸੈ ਮਨਿ ਆਇ।। ੧।।
ਸਿਰੀ ਰਾਗੁ ਮਹਲਾ ੩ ਪੰਨਾ ੩੩
ਅੱਖਰੀਂ ਅਰਥ--ਮਨੁੱਖ ਸਰੀਰ ਨੂੰ (ਭਾਵ, ਗਿਆਨ-ਇੰਦ੍ਰਿਆਂ ਨੂੰ) ਆਪਣੇ ਵੱਸ
ਵਿੱਚ ਰੱਖਣ ਦੇ ਜਤਨ ਕਰਦਾ ਹੈ, ਪੁੱਠਾ ਲਟਕ ਕੇ ਤਪ ਕਰਦਾ ਹੈ, (ਪਰ ਇਸ ਤਰ੍ਹਾਂ) ਅੰਦਰੋਂ ਹਉਮੈ
ਦੂਰ ਨਹੀਂ ਹੁੰਦੀ। ਜੇ ਮਨੁੱਖ ਆਤਮਕ ਉੱਨਤੀ ਸੰਬੰਧੀ (ਅਜੇਹੇ ਮਿੱਥੇ ਹੋਏ ਧਾਰਮਿਕ) ਕੰਮ ਕਰਦਾ
ਰਹੇ, ਤਾਂ ਕਦੇ ਭੀ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ। ਜੇਹੜਾ ਮਨੁੱਖ ਗੁਰੂ ਦੇ ਸ਼ਬਦ
ਦੀ ਸਹੈਤਾ ਨਾਲ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਿਕਾਰਾਂ ਵਲੋਂ ਬਚਦਾ ਹੈ, ਉਸ ਦੇ ਮਨ ਵਿੱਚ
ਪ੍ਰਭੂ ਦਾ ਨਾਮ ਆ ਵੱਸਦਾ ਹੈ। ੧।
ਨਿਰਧਾਰਤ ਰਸਤਿਆਂ ਨੂੰ ਤਿਆਗਣ ਨਾਲ ਖੁਆਰੀਆਂ ਜਨਮ ਲੈਂਦੀਆਂ ਹਨ।
ਇਸ ਪਉੜੀ ਦੀ ਅਖੀਰਲੀ ਤੁਕ ਵਿਚ—
ਅਸੂ ਸੁਖੀ ਵਸੰਦੀਆ, ਜਿਨਾ ਮਇਆ ਹਰਿ ਰਾਇ।।
ਅੱਖਰੀਂ ਅਰਥ--
ਅੱਸੂ
(ਦੀ ਮਿੱਠੀ ਮਿੱਠੀ ਰੁੱਤ) ਵਿੱਚ ਉਹ ਜੀਵ-ਇਸਤ੍ਰੀਆਂ ਸੁਖ ਵਿੱਚ ਵੱਸਦੀਆਂ ਹਨ, ਜਿਨ੍ਹਾਂ ਉੱਤੇ
ਪਰਮਾਤਮਾ ਦੀ ਕਿਰਪਾ ਹੁੰਦੀ ਹੈ।
ਵਿਚਾਰ ਤੇ ਵਿਹਾਰਕ
ਪੱਖ--ਗੁਰਬਾਣੀ ਅਨੁਸਾਰ ਸੁੱਖ ਦੀ ਪ੍ਰਾਪਤੀ ਸ਼ਬਦ ਵਿਚੋਂ ਆਉਣੀ ਹੈ ਭਾਵ ਜੋ ਗੁਰਬਾਣੀ ਮਾਰਗ ਦਰਸ਼ਨ
ਕਰਦੀ ਉਸ ਅਨੁਸਾਰੀ ਹੋ ਕੇ ਤੁਰਨ ਨਾਲ ਹੀ ਸੁਖ ਜਨਮ ਲੈਂਦਾ ਹੈ ਜੇਹਾ ਕਿ ਗੁਰਵਾਕ ਹੈ—
ਸਬਦ ਸੁਰਤਿ ਸੁਖੁ ਊਪਜੈ ਪ੍ਰਭੂ ਰਾਤਉ ਸੁਖ ਸਾਰੁ।।
ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ।।
ਸਿਰੀ ਰਾਗੁ ਮਹਲਾ ੧ ਪੰਨਾ ੬੨
ਸੁਖ ਦੀ ਪ੍ਰਾਪਤੀ ਹੁਕਮ ਮੰਨਣ ਵਿਚੋਂ ਨਿਕਲਦੀ ਹੈ—
ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ।।
ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭੁ ਆਨਦ ਰੂਪੁ ਦਿਖਾਇਓ।। ੩।।
ਗਉੜੀ ਮਹਲਾ ੫ ਪੰਨਾ ੨੦੯
ਅਖਰੀਂ ਅਰਥ--ਹੇ ਭਾਈ! ਗੁਰੂ ਦਾ ਹੁਕਮ ਮੰਨ ਕੇ ਮੈਂ ਸਾਰੇ ਸੁਖ-ਆਨੰਦ
ਪ੍ਰਾਪਤ ਕਰ ਲਏ ਹਨ, ਮੈਂ ਆਪਣੇ ਅੰਦਰੋਂ ਦੁੱਖਾਂ ਦਾ ਡੇਰਾ ਹੀ ਉਠਾ ਦਿੱਤਾ ਹੈ। ਜਦੋਂ ਤੋਂ (ਗੁਰੂ
ਦੀ ਕਿਰਪਾ ਨਾਲ) ਠਾਕੁਰ-ਪ੍ਰਭੂ ਜੀ ਮੇਰੇ ਉਤੇ ਮਿਹਰਬਾਨ ਹੋਏ ਹਨ, ਮੈਨੂੰ ਹਰ ਥਾਂ ਉਹ ਆਨੰਦ-ਸਰੂਪ
ਪਰਮਾਤਮਾ ਹੀ ਦਿੱਸ ਰਿਹਾ ਹੈ। ੩।
ਮਨ ਦੀ ਮਤ ਤਿਆਗਣ ਨਾਲ ਸੁੱਖ ਸਾਡੇ ਸੁਭਾਅ ਵਿਚੋਂ ਪ੍ਰਗਟ ਹੁੰਦਾ ਹੈ—
ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ।।
ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ।। ੧।।
ਗਉੜੀ ਮਹਲਾ ੫ ਪੰਨਾ ੨੦੯
ਅੱਖਰੀਂ ਅਰਥ--
ਹੇ
ਹਰੀ ਦੇ ਸੇਵਕੋ! ਆਪਣੇ ਮਨ ਦੀ ਚਤੁਰਾਈ ਛੱਡ ਦਿਹੋ। ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਹੀ ਸੁਖ ਪਾ
ਸਕੀਦਾ ਹੈ। ਹੇ ਸੰਤ ਜਨੋ! ਸੁਖ ਵਿੱਚ (ਭੀ), ਤੇ ਦੁਖ ਵਿੱਚ (ਭੀ) ਉਸ ਪਰਮਾਤਮਾ ਨੂੰ ਹੀ ਯਾਦ ਕਰਨਾ
ਚਾਹੀਦਾ ਹੈ। ਹੇ ਸੰਤ ਜਨੋ! ਜੋ ਕੁੱਝ ਪਰਮਾਤਮਾ ਕਰਦਾ ਹੈ, ਉਸਨੂੰ ਭਲਾ ਕਰ ਕੇ ਮੰਨੋ। ੧।
ਤੱਤਸਾਰ—ਸੁੱਖ ਬੰਦੇ ਨੇ ਆਪ ਬਣਾਉਣਾ ਹੈ। ਇਹ ਇਸ ਦੀ ਮਾਨਸਿਕ ਦਸ਼ਾ ਹੈ ਕਿ
ਇਸ ਨੇ ਸੁੱਖੀ ਰਹਿਣਾ ਹੈ ਜਾਂ ਨਰਕ ਭੋਗਣਾ ਹੈ। ਇਸ ਪਉੜੀ ਵਿੱਚ ਗੁਰਦੇਵ ਪਿਤਾ ਜੀ ਸਮਝਾਉਂਦੇ ਹਨ
ਜਦੋਂ ਕੁੱਝ ਸਿੱਖਣ ਦਾ ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਤਾਂ ਓਦੋਂ ਮਨੁੱਖ ਮੰਜ਼ਿਲ ਤੇ ਪਹੁੰਚਣ ਲਈ
ਯੋਗ ਅਧਿਆਪਕਾਂ ਦੀ ਭਾਲ ਕਰਦਾ ਹੈ। ਯੋਗ ਉਸਤਾਦ ਹੀ ਸਹੀ ਜਾਣਕਾਰੀ ਦੇਂਦੇ ਹਨ। ਹੁਨਰ ਸਿੱਖਣ ਲਈ ਮਨ
ਵਿਚੋਂ ਹਉਮੇ ਮਾਰਨੀ ਪੈਣੀ ਹੈ। ਪ੍ਰਭੂ ਪ੍ਰਾਪਤੀ ਭਾਵ ਸੱਚ ਦੇ ਨਿਸ਼ਾਨੇ ਤੇ ਆਤਮਿਕ ਤਲ਼ `ਤੇ ਸੁਖ
ਭੋਗਦਾ ਹੈ। ਜ਼ਿੰਦਗੀ ਵਿੱਚ ਆਈਆਂ ਮੁਸੀਬਤਾਂ ਨੂੰ ਹੱਸ ਕੇ ਟਾਲਦਾ ਹੈ।
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ।।
ਏਨੀ ਜਲੀਈਂ ਨਾਮੁ ਵਿਸਾਰਿਆ ਇੱਕ ਨ ਚਲੀਆ ਨਾਲਿ।। ੨।।
ਸਲੋਕ ਮ: ੨ ਪੰਨਾ ੧੨੯੦