ਵਾਹੁ ਵਾਹੁ ਕਾ ਬਡਾ ਤਮਾਸਾ।।
ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ।।
ਆਪੇ ਜਲੁ ਆਪੇ ਥਲੁ ਥੰਮੑਨੁ ਆਪੇ ਕੀਆ ਘਟਿ ਘਟਿ ਬਾਸਾ।।
ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ।।
ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ।। ੨।। ੧੨।।
(ਪੰਨਾ ੧੪੦੩)
ਪਦ ਅਰਥ:- ਵਾਹੁ ਵਾਹੁ ਕਾ ਬਡਾ ਤਮਾਸਾ – ਉਹ ਅਸਚਰਜ ਕਰਤਾ ਬੜਾ
ਵੱਡਾ ਹੈ ਅਤੇ ਅਸਚਰਜ ਹੀ ਉਸ ਦੀ ਖੇਡ ਹੈ। ਤਮਾਸਾ – ਖੇਡ, ਰਚਨਾ ਹੈ। ਆਪੇ ਹਸੈ –
ਉਸ ਦੀ ਆਪਣੀ ਹੀ ਪ੍ਰਸੰਨਤਾ ਹੈ। ਆਪਿ ਹੀ ਚਿਤਵੈ – ਆਪ ਹੀ ਆਪਣੀ ਰਚਨਾ ਦਾ ਉਸ ਨੂੰ ਆਪ
ਖ਼ਿਆਲ ਹੈ। ਚਿਤਵੈ – ਖ਼ਿਆਲ ਰੱਖਣਾ। ਆਪੇ ਚੰਦੁ ਸੂਰੁ ਪਰਗਾਸਾ – ਆਪ ਹੀ ਚੰਦ ਅਤੇ
ਸੂਰਜ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਆਪੇ ਜਲੁ ਆਪੇ ਥਲੁ ਥੰਮੑਨੁ – ਆਪ ਹੀ ਉਸ ਅਸਚਰਜ ਕਰਤੇ
ਨੇ ਜਲ ਅਤੇ ਥਲ ਨੂੰ ਥੰਮਿਆ ਹੋਇਆ ਹੈ। ਆਪੇ ਕੀਆ ਘਟਿ ਘਟਿ ਬਾਸਾ – ਅਤੇ ਆਪ ਹੀ ਆਪਣੀ
ਰਚਨਾ ਦੇ ਜ਼ੱਰੇ-ਜ਼ੱਰੇ ਵਿੱਚ ਵੱਸਿਆ ਹੋਇਆ ਹੈ। ਆਪੇ ਨਰੁ ਆਪੇ ਫੁਨਿ ਨਾਰੀ – ਅਤੇ ਆਪ ਹੀ
ਉਸ ਨੇ ਨਰ ਅਤੇ ਨਾਰੀ ਪੈਦਾ ਕੀਤੇ ਹੋਏ ਹਨ। ਫੁਨਿ – ਅਤੇ। ਆਪੇ ਸਾਰਿ ਆਪ ਹੀ ਪਾਸਾ –
ਅਤੇ ਆਪ ਹੀ ਸਾਰਿਆਂ ਦੀ ਤਰਫ਼ਦਾਰੀ ਕਰਦਾ ਹੈ। ਪਾਸਾ – ਤਰਫ਼ਦਾਰੀ ਕਰਨਾ, ਹਿਮਾਇਤ
ਕਰਨਾ, ਪਾਲਣ ਪੋਸ਼ਣ ਕਰਨਾ। ਗੁਰਮੁਖਿ – ਕਰਤਾ। ਗੁਰਮੁਖਿ ਸੰਗਤਿ ਸਭੈ ਬਿਚਾਰਹੁ –
ਕਰਤੇ ਨੂੰ ਕਰਤੇ ਦੀ ਆਪਣੀ ਰਚਨਾ ਨਾਲ ਜੋੜ ਕੇ ਵਿਚਾਰ ਕਰਕੇ ਵੇਖੋ। ਸੰਗਤਿ – ਜੋੜ ਕੇ।
ਵਾਹੁ ਵਾਹੁ ਕਾ ਬਡਾ ਤਮਾਸਾ – ਉਹ ਅਸਚਰਜ ਕਰਤਾ ਬੜਾ ਵੱਡਾ ਹੈ ਅਤੇ ਅਸਚਰਜ ਹੀ ਉਸ ਦੀ ਖੇਡ
ਹੈ। ਤਮਾਸਾ – ਖੇਡ, ਰਚਨਾ।
ਅਰਥ:- ਹੇ ਭਾਈ! ਉਹ ਅਸਚਰਜ ਕਰਤਾ ਬੜਾ ਵੱਡਾ ਹੈ ਅਤੇ ਉਸ ਅਸਚਰਜ ਦੀ
ਅਸਚਰਜ ਹੀ ਰਚਨਾ ਹੈ। ਉਸ ਦੀ ਰਚਨਾ ਉਸ ਦੀ ਆਪਣੀ ਹੀ ਪ੍ਰਸੰਨਤਾ ਹੈ ਅਤੇ ਆਪ ਹੀ ਉਸ ਨੂੰ ਆਪਣੀ
ਰਚਨਾ ਦਾ ਖ਼ਿਆਲ ਹੈ। ਆਪ ਹੀ ਚੰਦ ਅਤੇ ਸੂਰਜ ਨੂੰ ਪ੍ਰਕਾਸ਼ ਦੇਣ ਵਾਲਾ ਹੈ (ਭਾਵ ਜੋ ਅਵਤਾਰਵਾਦੀ
ਦਾਅਵੇ ਕਰਦੇ ਹਨ ਸਭ ਥੋਥੇ ਹਨ)। ਆਪ ਹੀ ਉਸ ਅਸਚਰਜ ਕਰਤੇ ਨੇ ਜਲ ਅਤੇ ਥਲ ਨੂੰ ਥੰਮ੍ਹਿਆ ਹੋਇਆ ਹੈ
ਅਤੇ ਆਪ ਹੀ ਆਪਣੀ ਰਚਨਾ ਦੇ ਜ਼ੱਰੇ-ਜ਼ੱਰੇ ਵਿੱਚ ਵੱਸਿਆ ਹੋਇਆ ਹੈ। ਆਪ ਹੀ ਉਸ ਨੇ ਨਰ ਅਤੇ ਨਾਰੀ
ਪੈਦਾ ਕੀਤੇ ਹੋਏ ਹਨ ਅਤੇ ਆਪ ਹੀ ਸਾਰਿਆਂ ਦਾ ਪਾਲਣ ਪੋਸ਼ਣ ਕਰਨ ਵਾਲਾ ਹੈ। ਇਸ ਕਰਕੇ ਹੇ ਭਾਈ! ਕਰਤੇ
ਨੂੰ ਹੀ ਕਰਤੇ ਦੀ ਆਪਣੀ ਰਚਨਾ ਨਾਲ ਜੋੜ ਕੇ ਵੀਚਾਰ ਕਰਕੇ ਦੇਖੋ, ਉਹ ਅਸਚਰਜ ਕਰਤਾ ਬੜਾ ਵੱਡਾ ਹੈ
ਅਤੇ ਅਸਚਰਜ ਹੀ ਉਸ ਦੀ ਰਚਨਾ ਹੈ।
ਨੋਟ:- ਭੱਟ ਸਾਹਿਬਾਨ ਨੇ ਗੱਲ ਸਿਰੇ ਹੀ ਲਗਾ ਦਿੱਤੀ ਹੈ। ਉਸ ਦੀ ਆਪਣੀ
ਰਚਨਾ ਦੇਖ ਕੇ ਹੀ ਉਸ ਦਾ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਉਹ ਆਪ ਕਿਤਨਾ ਵੱਡਾ ਹੈ। “ਸੁਣਿ
ਗਲਾ ਆਕਾਸ ਕੀ ਕੀਟਾ ਆਈ ਰੀਸ।। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ।। ੩੨।। “ ਬਾਕੀ ਜੇਕਰ
ਕੋਈ ਅਵਤਾਰਵਾਦੀ ਇਹ ਦਾਅਵਾ (
claim)
ਕਰੇ ਕਿ ਮੈਂ ਸ੍ਰਿਸ਼ਟੀ ਦਾ ਰਚੇਤਾ ਹਾਂ ਤਾਂ ਬਾਣੀ ਦਾ ਫੁਰਮਾਣ ਹੈ ਕਿ ਇਹ ਤਾਂ ਉਹ ਗੱਲ ਹੋਈ ਜਿਵੇਂ
ਕੋਈ ਕੀੜੀ ਅਸਮਾਨ ਦੀ ਰੀਸ ਕਰਨ ਲੱਗ ਪਵੇ, ਆਖੇ ਕਿ ਮੈਂ ਹੀ ਅਸਮਾਨ ਠੱਲ੍ਹਿਆ ਹੈ।
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ।।
ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ
ਬਚਨਾ।।
ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ।।
ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ।।
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ।। ੩।। ੧੩।। ੪੨।।
(ਪੰਨਾ ੧੪੦੩-੦੪)
ਪਦ ਅਰਥ:- ਕੀਆ ਖੇਲੁ – ਇਹ ਜੋ ਕਰਤੇ ਦੀ ਰਚਨਾ ਹੈ, ਇਹ ਇੱਕ ਉਸ
ਦਾ ਆਪਣਾ ਹੀ ਕੀਤਾ ਖੇਲ ਹੈ। ਬਡ ਮੇਲੁ ਤਮਾਸਾ – ਜਿਹੜੇ ਉਸ ਦੀ ਆਪਣੀ ਵੱਡੀ ਰਚਨਾ ਨਾਲ ਹੀ
ਉਸ ਦਾ ਮੇਲ ਕਰਕੇ ਵੇਖਦੇ ਹਨ। ਵਾਹਿਗੁਰੂ ਤੇਰੀ ਸਭ ਰਚਨਾ – ਫਿਰ ਆਪ ਮੁਹਾਰੇ ਹੀ ਉਨ੍ਹਾਂ
ਦੇ ਮੂੰਹੋਂ ਨਿਕਲਦਾ ਹੈ ਕਿ ਹੇ ਅਸਚਰਜ! ਸਾਰੀ ਰਚਨਾ ਤੇਰੀ ਹੀ ਹੈ। ਤੂ ਜਲਿ ਥਲਿ ਗਗਨਿ ਪਯਾਲਿ
ਪੂਰਿ ਰਹ੍ਯ੍ਯਾ – ਤੂੰ ਜਲ ਵਿੱਚ, ਥਲ ਵਿੱਚ, ਆਕਾਸ਼ ਵਿੱਚ ਅਤੇ ਪਾਤਾਲ ਵਿੱਚ ਪੂਰਨ ਤੌਰ `ਤੇ
ਵਿਆਪ ਰਿਹਾ ਹੈਂ। ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ – ਫਿਰ ਉਨ੍ਹਾਂ ਦੇ ਮੂੰਹੋ ਅਜਿਹੇ
ਅੰਮ੍ਰਿਤ ਵਰਗੇ ਬਚਨ ਨਿਕਲਦੇ ਹਨ। ਮਾਨਹਿ – ਮੰਨਦੇ ਹਨ। ਬ੍ਰਹਮਾਦਿਕ – ਬ੍ਰਹਮੇ
ਆਦਿਕ। ਰੁਦ੍ਰਾਦਿਕ – ਸ਼ਿਵਜੀ ਆਦਿਕ ਵਰਗੇ। ਕਾਲ – ਅਗਿਆਨਤਾ। ਕਾਲ ਕਾ ਕਾਲੁ –
ਸਿਰੇ ਦੀ ਅਗਿਆਨਤਾ। ਨਿਰੰਜਨ – ਬਗ਼ੈਰ ਕਿਸੇ ਭੇਦ ਭਾਵ ਦੇ, ਈਮਾਨਦਾਰੀ ਨਾਲ, ਨਿਰਪੱਖ
ਹੋ ਕੇ ਦੇਖੀਏ ਤਾਂ। ਜਚਨਾ – ਜਚਦਾ ਨਹੀਂ। ਗੁਰ ਪ੍ਰਸਾਦਿ – ਉਸ ਕਰਤੇ ਦੀ ਬਖ਼ਸ਼ਿਸ਼
ਗਿਆਨ ਨਾਲ। ਪਾਈਐ ਪਰਮਾਰਥੁ – ਅਸਲੀਅਤ ਨੂੰ ਜਾਣਿਆ ਜਾ ਸਕਦਾ ਹੈ। ਸਤਸੰਗਤਿ ਸੇਤੀ –
ਸੱਚ ਦਾ ਸੰਗ ਕਰਨ ਨਾਲ ਸੱਚ ਵਿੱਚ ਗ਼ੁਲਤਾਨ ਹੋਣ ਨਾਲ ਹੀ (ਅਵਤਾਰਵਾਦ) ਤੋਂ ਗਤਿ ਮੁਕਤੀ ਮਿਲਦੀ
ਹੈ। ਸੇਤੀ – ਗ਼ੁਲਤਾਨ ਹੋਣ ਨਾਲ। ਮਨੁ ਖਚਨਾ – ਅਤੇ ਮਨ ਸੱਚ ਵਿੱਚ ਜੁੜਦਾ ਹੈ।
ਅਰਥ:- ਹੇ ਭਾਈ! ਕਰਤੇ ਦੀ ਸਮੁੱਚੀ ਰਚਨਾ ਉਸ ਦਾ ਇੱਕ ਆਪਣਾ ਖੇਲ ਹੈ।
ਜਿਹੜੇ ਉਸ ਦੀ ਆਪਣੀ ਰਚੀ ਵੱਡੀ ਰਚਨਾ ਨਾਲ ਹੀ ਉਸ ਦਾ ਮੇਲ ਕਰਕੇ ਵੇਖਦੇ ਹਨ ਤਾਂ ਫਿਰ ਆਪ ਮੁਹਾਰੇ
ਹੀ ਉਨ੍ਹਾਂ ਦੇ ਮੂੰਹੋਂ ਨਿਕਲਦਾ ਹੈ ਕਿ ਹੇ ਅਸਚਰਜ! ਸਾਰੀ ਰਚਨਾ ਤੇਰੀ ਹੀ ਰਚੀ ਹੈ। ਜਿਹੜੇ ਇਹ
ਜਾਣ ਲੈਂਦੇ ਹਨ ਉਨ੍ਹਾਂ ਦੇ ਮੂੰਹੋਂ ਫਿਰ ਅਜਿਹੇ ਅੰਮ੍ਰਿਤ ਵਰਗੇ ਪਵਿੱਤਰ ਬਚਨ ਨਿਕਲਦੇ ਹਨ ਕਿ ਹੇ
ਹਰੀ! ਤੂੰ ਜਲ ਵਿੱਚ, ਥਲ ਵਿੱਚ, ਆਕਾਸ਼ ਵਿੱਚ ਅਤੇ ਪਾਤਾਲ ਵਿੱਚ ਪੂਰਨ ਤੌਰ `ਤੇ ਵਿਆਪ ਰਿਹਾ ਹੈਂ।
ਹੇ ਭਾਈ! ਜੇਕਰ ਬਗ਼ੈਰ ਕਿਸੇ ਭੇਦ ਭਾਵ ਦੇ, ਈਮਾਨਦਾਰੀ ਨਾਲ, ਨਿਰਪੱਖ ਹੋ ਕੇ ਦੇਖੀਏ ਤਾਂ ਬ੍ਰਹਮੇ,
ਸ਼ਿਵਜੀ, ਆਦਿਕ (ਅਵਤਾਰਵਾਦੀਆਂ) ਵਾਲੀ ਸਿਰੇ ਦੀ ਅਗਿਆਨਤਾ ਜਚਦੀ ਨਹੀਂ। ਇਸ ਕਰਕੇ ਉਸ ਕਰਤੇ ਦੀ
ਬਖ਼ਸ਼ਿਸ਼ ਗਿਆਨ ਨਾਲ ਹੀ ਅਸਲੀਅਤ ਨੂੰ ਜਾਣਿਆ ਜਾ ਸਕਦਾ ਹੈ। ਹੇ ਭਾਈ! ਸੱਚ ਦਾ ਸੰਗ ਕਰਕੇ ਸੱਚ ਵਿੱਚ
ਗ਼ੁਲਤਾਨ, ਇੱਕਮਿੱਕ ਹੋਣ ਨਾਲ ਹੀ (ਅਵਤਾਰਵਾਦ ਦੇ ਰੱਬ ਹੋਣ ਦੇ ਭਰਮ) ਤੋਂ ਗਤਿ-ਮੁਕਤੀ ਪ੍ਰਾਪਤ
ਹੁੰਦੀ ਹੈ ਅਤੇ ਮਨ ਸੱਚ ਵਿੱਚ ਜੁੜਦਾ ਹੈ।
ਨੋਟ:- ਇਸ ਤੋਂ ਅੱਗੇ ਭੱਟ ਮਥਰਾ ਜੀ ਨੇ ਇਸ ਸੱਚ ਨਾਲ ਸਹਿਮਤੀ
ਪ੍ਰਗਟਾਈ ਹੈ।