ਭੁੱਲਦਾ ਆਪ ਹੈ ਦੋਸ਼ ਦੂਜੇ ਨੂੰ
ਕਤਿਕਿ ਕਰਮ ਕਮਾਵਣੇ, ਦੋਸੁ ਨ ਕਾਹੂ ਜੋਗੁ।।
ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗੁ।।
ਵੇਮੁਖ ਹੋਏ ਰਾਮ ਤੇ, ਲਗਨਿ ਜਨਮ ਵਿਜੋਗ।।
ਖਿਨ ਮਹਿ ਕਉੜੇ ਹੋਇ ਗਏ, ਜਿਤੜੇ ਮਾਇਆ ਭੋਗ।।
ਵਿਚੁ ਨ ਕੋਈ ਕਰਿ ਸਕੈ, ਕਿਸ ਥੈ ਰੋਵਹਿ ਰੋਜ।।
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ।।
ਵਡ ਭਾਗੀ ਮੇਰਾ ਪ੍ਰਭੁ ਮਿਲੈ, ਤਾਂ ਉਤਰਹਿ ਸਭਿ ਬਿਓਗ।।
ਨਾਨਕ ਕਉ ਪ੍ਰਭ ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ।।
ਕਤਿਕਿ ਹੋਵੈ ਸਾਧ ਸੰਗੁ, ਬਿਨਸਹਿ ਸਭੇ ਸੋਚ।। ੯।।
ਮੁੱਢਲ਼ੀ ਵਿਚਾਰ--ਸਾਡਾ ਇੱਕ ਸੁਭਾਅ ਬਣ ਗਿਆ ਹੈ ਕਿ ਅਸੀਂ ਆਪਣੀ ਗਲਤੀ
ਕਦੇ ਵੀ ਮੰਨਣ ਲਈ ਤਿਆਰ ਨਹੀਂ ਹੁੰਦੇ। ਸਗੋਂ ਆਪਣੀਆਂ ਗਲਤੀਆਂ ਦੂਜਿਆਂ ਦੇ ਸਿਰ ਮੜਨ ਦਾ ਯਤਨ ਕਰਦੇ
ਹਾਂ। ਕਈ ਵਾਰੀ ਤਾਂ ਆਪਣੀ ਗਲਤੀ ਦੇ ਗਲਤ ਨਤੀਜਆਂ ਨੂੰ ਗਲਤ ਦਲੀਲਾਂ ਨਾਲ ਸਹੀ ਠਹਿਰਉਣ ਦਾ ਯਤਨ ਵੀ
ਕਰਦੇ ਹਾਂ। ਬਹੁਤੇ ਆਪਣੀ ਭੁੱਲਣ ਵਾਲੀ ਸਥਿੱਤੀ ਨੂੰ ਸੁਧਾਰਨ ਦੀ ਲੋੜ ਨਹੀਂ ਸਮਝਦੇ। ਬੱਚਿਆਂ ਦੇ
ਇਮਤਿਹਾਨ ਏਸੇ ਲਈ ਹੁੰਦੇ ਹਨ ਕਿ ਇਹਨਾਂ ਨੇ ਜੋ ਸਾਰਾ ਸਾਲ ਯਾਦ ਕੀਤਾ ਹੈ, ਉਹ ਇਹਨਾਂ ਨੂੰ ਯਾਦ ਵੀ
ਹੈ, ਕਿ ਜਾਂ ਸਾਰਾ ਭੁੱਲ ਭੁਲਾ ਹੀ ਗਏ ਹਨ। ਚੰਗੀ ਯਾਦਾਸ਼ਤ ਵਾਲੇ ਹੀ ਵਧੀਆ ਅਫ਼ਸਰ ਚੁਣੇ ਜਾਂਦੇ ਹਨ।
ਜਹਾਜ਼ ਨੂੰ ਚਲਾਉਣ ਲਈ ਇੱਕ ਪਾਇਲਟ ਦੀ ਪੂਰੀ ਤਿਆਰੀ ਕਰਾਈ ਜਾਂਦੀ ਹੈ। ਹੁਣ ਦੇਖੋ! ਕਿਵੇਂ ਖੁਲ੍ਹੇ
ਅਸਮਾਨ ਵਿੱਚ ਮਨੁੱਖੀ ਜਾਨਾਂ ਲੈ ਕੇ ਲੰਮੇਰੇ ਸਮੁੰਦਰੀ ਪੰਧਾਂ ਨੂੰ, ਪਾਇਲਟ ਆਪਣੀ ਸੂਝ-ਬੂਝ ਨਾਲ
ਹਜ਼ਾਰਾਂ ਮੀਲਾਂ ਦਾ ਪੈਂਡਾ ਤਹਿ ਕਰਦਾ ਹੋਇਆਂ ਲੋਕਾਂ ਨੂੰ ਮੰਜ਼ਿਲ `ਤੇ ਪਹੁੰਚਾਉਂਦਾ ਹੈ। ਹੁਣ ਜੇ
ਪਾਇਲਟ ਨੂੰ ਕਿਸੇ ਬਟਨ ਦਾ ਚੇਤਾ ਵਿਸਰ ਜਾਏ ਤਾਂ ਸਵਾਰੀਆਂ ਦਾ ਕੀ ਹਾਲ ਹੋਏਗਾ, ਸਵਾਰੀਆਂ ਹੀ ਜਾਣ
ਸਕਦੀਆਂ ਹਨ ਜਾਂ ਸਵਾਰੀਆਂ ਦੇ ਪਿੱਛੇ ਰਹਿ ਗਏ ਪਰਵਾਰਾਂ ਵਾਲੇ ਜਾਨਣਗੇ। ਅਜੇਹੀਆਂ ਸੇਵਾਵਾਂ
ਨਿਭਾਹੁੰਣ ਵਾਲਿਆਂ ਦੇ ਗਾਹੇ-ਬ-ਗਾਹੇ ਤਾਜ਼ਾ ਕੋਰਸ ਵੀ ਕਰਾਏ ਜਾਂਦੇ ਹਨ ਤਾਂ ਕਿ ਇਹਨਾਂ ਨੂੰ ਕਿਸੇ
ਕਿਸਮ ਦਾ ਕੋਈ ਚੇਤਾ ਨਾ ਭੁੱਲ ਜਾਏ। ਕਈ ਵਾਰੀ ਦੂਜਿਆਂ ਦਾ ਕੀਤਾ ਹੋਇਆ ਕਰਮ ਵੀ ਅਸੀਂ ਭੋਗਦੇ ਹਾਂ।
ਏੱਥੇ ਸਿਰਫ ਮਨੁੱਖ ਨੂੰ ਜਦੋਂ ਚੇਤਾ ਭੁੱਲਦਾ ਹੈ ਤਾਂ ਉਸ ਦੀਆਂ ਪਰੇਸ਼ਾਨੀਆਂ ਦਾ ਜ਼ਿਕਰ ਕੀਤਾ ਗਿਆ
ਹੈ। ਪ੍ਰਮੇਸ਼ਰ ਨੂੰ ਭੁੱਲਣ ਦਾ ਅਰਥ ਹੈ ਸੱਚ ਦੇ ਮਾਰਗ ਤੋਂ ਭਟਕ ਜਾਣਾ, ਆਪਣੀ ਮੰਜ਼ਿਲ ਦੇ ਰਾਹ ਤੇ
ਬਣਦੇ ਫ਼ਰਜ਼ ਨੂੰ ਭੁੱਲ ਜਾਣਾ।
ਵੀਰ ਮਲਕੀਅਤ ਸਿੰਘ ਜਰਮਨੀ ਵਾਲਿਆਂ ਨਾਲ ਇੱਕ ਵਾਰੀ ਬੈਲਜ਼ੀਅਮ ਤੋਂ ਜਰਮਨੀ
ਆਉਣਾ ਸੀ। ਹਾਈਵੇਅ ਤੇ ਗੱਲਾਂ ਕਰਦਿਆਂ ਕਰਦਿਆਂ ਬਾਹਰ ਨਿਕਲਣ ਵਾਲਾ ਰਸਤਾ ਭੁੱਲ ਗਏ। ਸਾਨੂੰ
ਲੱਗ-ਪਗ ਇੱਕ ਘੰਟੇ ਤੱਕ ਮੁੜ ਰਾਹ ਨਹੀਂ ਮਿਲਿਆ। ਅਸੀਂ ਹਾਲੈਂਡ ਤੋਂ ਵਾਪਸ ਪਰਤੇ। ਓਦੋਂ ਹੋਰ ਵੀ
ਪਰੇਸ਼ਾਨੀ ਹੰਦੀ ਹੈ ਜਦੋਂ ਅਸੀਂ ਕਿਸੇ ਨੂੰ ਸਮਾਂ ਦਿੱਤਾ ਹੋਵੇ ਤੇ ਆਉਂਦਿਆਂ ਆਉਂਦਿਆਂ ਰਾਹ ਭੁੱਲ
ਜਾਈਏ। ਉਡੀਕਣ ਵਾਲਾ ਦੁਹਾਈ ਪਾਹਰਿਆ ਕਰੀ ਜਾਂਦਾ ਹੈ। ਰਾਹ ਭੁੱਲਣ ਵਾਲਾ ਵੱਖਰਾ ਦੁੱਖੀ ਹੁੰਦਾ ਹੈ।
ਵਸਤੂ ਸਾਡੇ ਪਾਸ ਸੀ ਪਰ ਅਸੀਂ ਘਰ ਵਿੱਚ ਹੀ ਕਿਤੇ ਰੱਖ ਕੇ ਭੁੱਲ ਗਏ। ਹੁਣ ਜਿੰਨਾ ਚਿਰ ਵਸਤੂ
ਲੱਭਦੀ ਨਹੀਂ ਹੈ ਓਨਾ ਚਿਰ ਬੰਦੇ ਨੂੰ ਚੈਨ ਨਹੀਂ ਆ ਸਕਦਾ। ਕਈ ਵਾਰੀ ਰਸਤਾ ਭੁੱਲਣ ਕਰਕੇ ਕਈਆਂ ਦੀ
ਇੰਟਰਵਿਊ ਵਾਲਾ ਸਮਾਂ ਵਿਆਰਥ ਵਿੱਚ ਹੀ ਨਿਕਲ ਜਾਂਦਾ ਹੈ ਤੇ ਸਾਰੀ ਉਮਰ ਪੱਲੇ ਪਛਤਾਵਾ ਹੀ ਰਹਿ
ਜਾਂਦਾ ਹੈ। ਅੱਜ ਵਿਗਿਆਨੀਆਂ ਨੂੰ ਪਤਾ ਹੈ ਕਿ ਬੰਦਾ ਰਸਤਾ ਭੁਲਣ ਕਰਕੇ ਪਰੇਸ਼ਾਨੀਆਂ ਦਾ ਸ਼ਿਕਾਰ
ਹੁੰਦਾ ਹੈ। ਇਸ ਪਰੇਸ਼ਾਨੀ ਤੋਂ ਬਚਾਉਣ ਲਈ ਵਿਆਗਿਆਨੀਆਂ ਨੇ ਬੜਾ ਵੱਡਾ ਉਪਰਾਲਾ ਕਰਕੇ ਜੀ. ਪੀ.
ਅੱਸ. ਤਿਆਰ ਕਰ ਦਿੱਤਾ ਹੈ ਤਾਂ ਕਿ ਬੰਦਾ ਰਸਤਾ ਨਾ ਭੁੱਲੇ। ਵਿਗਿਆਨ ਨੇ ਹਰ ਪੱਧਰ `ਤੇ ਮਨੁੱਖ ਨੂੰ
ਸਰੀਰਕ ਅਰਾਮ ਦੇਣ ਦਾ ਯਤਨ ਕੀਤਾ ਹੈ। ਮਨੁੱਖ ਨੂੰ ਚੇਤਾ ਨਾ ਭੁੱਲੇ ਕਈ ਤਰ੍ਹਾਂ ਦੇ ਅਲਾਰਮ ਤਿਆਰ
ਕੀਤੇ ਹਨ। ਏਨੇ ਸੁੱਖ ਹੋਣ ਦੇ ਬਾਵਜੂਦ ਵੀ ਆਪਣੀਆਂ ਭੁਲਾਂ ਕਰਕੇ ਮਨੁੱਖ ਨੂੰ ਆਤਮਿਕ ਤੌਰ `ਤੇ
ਦੁੱਖ ਭੋਗਦਾ ਹੈ। ਗੁਰਦੇਵ ਪਿਤਾ ਜੀ ਨੇ ਸਮਾਜ ਦੇ ਹਰ ਵਰਗ ਦੀ ਗੱਲ ਕਰਦਿਆਂ ਅੰਤਰ ਆਤਮੇ `ਤੇ ਸੁੱਖ
ਦੇਣ ਦਾ ਯਤਨ ਕੀਤਾ ਹੈ। ਇੱਕ ਅਹਿਮ ਵਿਚਾਰ ਦਿੱਤਾ ਹੈ ਕਿ ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਖ਼ੁਦ ਨੂੰ
ਸਥਾਪਿਤ ਤਥਾ ਆਪਣੇ ਆਪ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ।
ਗੁਰਦੇਵ ਪਿਤਾ ਜੀ ਨੇ ਕੱਤਕ ਦੇ ਮਹੀਨੇ ਰਾਂਹੀ ਉਪਦੇਸ਼ ਦੇਂਦਿਆਂ ਸਮਝਾਇਆ ਕਿ
ਜਦੋਂ ਬੰਦਾ ਭੁੱਲਦਾ ਹੈ ਤਾਂ ਕਈ ਪਰਕਾਰ ਦੀਆਂ ਪ੍ਰੇਸ਼ਾਨੀਆਂ ਸਹੇੜ ਲੈਂਦਾ ਹੈ। ਆਪਣੀ ਭੁੱਲ ਦਾ ਅਸਲ
ਕਾਰਨ ਲੱਭਣ ਦੀ ਬਜਾਏ ਦੋਸ਼ ਦੂਸਰਿਆਂ ਨੂੰ ਦੇਂਦਾ ਰਹਿੰਦਾ ਏਂ--
ਮਨੁੱਖ ਦੀ ਇੱਕ ਬਹੁਤ ਵੱਡੀ ਮਾਨਸਿਕ ਬਿਮਾਰੀ ਹੈ ਕਿ ਕੰਮ ਕਰਨ ਵਿੱਚ ਮੈਂ
ਅਜ਼ਾਦ ਹੋਵਾਂ ਪਰ ਫਲ਼ ਮੈਨੂੰ ਮੇਰੀ ਮਰਜ਼ੀ ਦਾ ਮਿਲਣਾ ਚਾਹੀਦਾ ਹੈ। ਏਸੇ ਭਾਵਨਾ ਕਰਕੇ ਮਨੁੱਖ ਮਾਨਸਿਕ
ਰੋਗੀ ਹੈ। ਗੁਰਬਾਣੀ ਦਾ ਇੱਕ ਬੜਾ ਪਿਆਰਾ ਵਾਕ ਹੈ ਕਿ ਮਨੁੱਖ ਦਾ ਸੁਭਾਅ ਇੱਕ ਕਿਸਮ ਦਾ ਕੋਰਾ ਕਾਗ਼ਜ਼
ਹੈ। ਇਸ ਸੁਭਾਅ ਕਾਗ਼ਜ਼ `ਤੇ ਜੇਹੋ ਜੇਹੇ ਕਰਮ ਕਰੇਗਾ ਉਹੋ ਜੇਹੇ ਹੀ ਇਸ ਦੇ ਲੇਖ ਲਿਖੇ ਜਾਣੇ ਹਨ।
ਬੁਰਾ ਤੇ ਭਲਾ ਕਰਮ ਆਪੋ ਆਪਣੀ ਥਾਂ `ਤੇ ਮਨੁੱਖ ਦੇ ਸੁਭਾਅ ਦੀ ਘਾੜਤ ਘਾੜਦੇ ਰਹਿੰਦੇ ਹਨ। ਇਹਨਾਂ
ਸੁਭਾਵਾਂ ਦੇ ਅਧੀਨ ਹੋ ਕੇ ਹੀ ਮਨੁੱਖ ਆਪਣੇ ਕੀਤੇ ਕਰਮਾਂ ਦਾ ਫ਼ਲ਼ ਭੋਗਦਾ ਹੈ। ਗੁਰਬਾਣੀ ਵਾਕ ਹੈ-
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।।
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ।। ੧।।
ਰਾਗ ਮਾਰੂ ਮਹਲਾ ੧ ਪੰਨਾ ੯੯੦
ਅੱਖਰੀਂ ਅਰਥ--
ਹੇ ਹਰੀ! ਤੇਰੇ ਗੁਣਾਂ ਦਾ ਅੰਤ ਨਹੀਂ
ਪੈ ਸਕਦਾ (ਤੂੰ ਅਚਰਜ ਖੇਡ ਰਚੀ ਹੈ ਕਿ ਤੇਰੀ ਕੁਦਰਤਿ ਵਿੱਚ ਜੀਵਾਂ ਦਾ) ਆਚਰਨ, ਮਾਨੋ, ਕਾਗ਼ਜ਼ ਹੈ,
ਮਨ ਦਵਾਤ ਹੈ (ਉਸ ਬਣ ਰਹੇ ਆਚਰਨ-ਕਾਗ਼ਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ) ਚੰਗੇ ਮੰਦੇ
(ਨਵੇਂ) ਲੇਖ ਲਿਖੇ ਜਾ ਰਹੇ ਹਨ (ਭਾਵ, ਮਨ ਵਿੱਚ ਹੁਣ ਤਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ
ਨਾਲ ਜੀਵ ਜੇਹੜੇ ਨਵੇਂ ਚੰਗੇ ਮੰਦੇ ਕੰਮ ਕਰਦੇ ਹਨ, ਉਹ ਕੰਮ ਆਚਰਨ-ਰੂਪ ਕਾਗ਼ਜ਼ ਉਤੇ ਨਵੇਂ ਚੰਗੇ
ਮੰਦੇ ਸੰਸਕਾਰ ਉੱਕਰਦੇ ਜਾਂਦੇ ਹਨ)। (ਇਸ ਤਰ੍ਹਾਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ
ਇਕੱਠ-ਰੂਪ ਸੁਭਾਉ ਜਿਉਂ ਜਿਉਂ ਜੀਵਾਂ ਨੂੰ ਪ੍ਰੇਰਦਾ ਹੈ ਤਿਵੇਂ ਤਿਵੇਂ ਹੀ ਉਹ ਜੀਵਨ-ਰਾਹ ਤੇ ਤੁਰ
ਸਕਦੇ ਹਨ।
ਬਾਰਹ ਮਾਂਹ ਦੇ ਕੱਤਕ ਮਹੀਨੇ ਦਾ ਨਾਂ ਲੈ ਕੇ ਪਉੜੀ ਦੀ ਪਹਿਲੀ ਤੁਕ ਵਿੱਚ ਗੁਰਦੇਵ ਪਿਤਾ ਜੀ
ਸਮਝਾਉਂਦੇ ਹਨ ਕਿ ਹੇ ਬੰਦੇ! ਤੂੰ ਆਪਣੇ ਕੀਤੇ ਕਰਮ ਨੂੰ ਸਮਝਣ ਦਾ ਯਤਨ ਕਰ। ਜਦੋਂ ਅਸੀਂ ਆਪਣੇ
ਕੀਤੇ ਕਰਮਾਂ ਨੂੰ ਸਮਝਣ ਲਈ ਤਿਆਰ ਨਹੀਂ ਹੁੰਦੇ ਤਾਂ ਦੋਸ਼ ਦੂਜਿਆਂ ਨੂੰ ਦੇਂਦੇ ਹਾਂ
ਕਤਿਕਿ ਕਰਮ ਕਮਾਵਣੇ, ਦੋਸੁ ਨ ਕਾਹੂ ਜੋਗ।।
ਅੱਖਰੀਂ ਅਰਥ--
ਕੱਤਕ
(ਦੀ ਸੁਹਾਵਣੀ ਰੁੱਤ) ਵਿੱਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ
ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ।
ਵਿਚਾਰ ਤੇ ਵਿਹਾਰਕ ਪੱਖ--ਮਨੁੱਖ ਦੀ ਮਾਨਸਿਕ ਕੰਮਜ਼ੋਰੀ ਹੈ ਕਿ ਇਹ ਕਦੇ ਵੀ
ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੁੰਦਾ। ਆਪਣੇ ਹੋਏ ਨੁਕਸਾਨ ਦਾ ਦੋਸ਼ ਹਮੇਸ਼ਾਂ ਦੂਜਿਆਂ ਨੂੰ
ਦੇਂਦਾ ਰਹਿੰਦਾ ਹੈ। ਕਿਸੇ ਬੱਚੇ ਨੇ ਸਾਰਾ ਸਾਲ ਪੜ੍ਹਿਆ ਨਹੀਂ ਹੈ ਪਰ ਪਾਸ ਹੋਣ ਲਈ ਟੇਕ ਨਕਲ `ਤੇ
ਰੱਖਦਾ ਹੈ। ਕੁਦਰਤੀ ਇਮਤਿਹਾਨ ਲੈਣ ਵਾਲਾ ਸਟਾਫ਼ ਸਖਤ ਆ ਗਿਆ ਤੇ ਉਨ੍ਹਾਂ ਨੇ ਨਕਲ ਨਾ ਹੋਣ ਦਿੱਤੀ।
ਬੱਚਾ ਫੇਲ਼੍ਹ ਹੋ ਜਾਂਦਾ ਹੈ। ਹੁਣ ਉਹ ਆਪਣੀ ਗਲਤੀ ਮੰਨਣ ਦੀ ਬਜਾਏ ਇਹ ਕਹੇ ਕਿ ਮੈਂ ਇਸ ਲਈ ਫੇਲ੍ਹ
ਹੋਇਆ ਹਾਂ ਕਿ ਪ੍ਰੀਖਿਆ ਨਿਗਰਾਨ ਨੇ ਨਕਲ ਨਹੀਂ ਹੋਣ ਦਿੱਤੀ। ਜੇ ਨਕਲ ਹੋ ਜਾਂਦੀ ਤਾਂ ਮੈਂ ਜ਼ਰੂਰ
ਪਾਸ ਹੋ ਜਾਣਾ ਸੀ। ਮਿਹਨਤ ਆਪ ਨਹੀਂ ਕੀਤੀ ਪਰ ਦੋਸ਼ ਦੂਜਿਆਂ ਨੂੰ ਦੇ ਰਿਹਾ ਹੈ। ਹੁਣ ਮੇਰੀ
ਪਰੇਸ਼ਾਨੀ ਦਾ ਕਾਰਨ ਮੇਰੇ ਕੀਤੇ ਹੋਏ ਕਰਮ ਹੀ ਹਨ ਨਾ ਕੇ ਕੋਈ ਹੋਰ ਹੈ। ਗੁਰੂ ਨਾਨਕ ਸਾਹਿਬ ਜੀ
ਸਿਰੀ ਰਾਗ ਵਿੱਚ ਬੜਾ ਪਿਆਰਾ ਸਮਝਾਉਂਦੇ ਹਨ –
ਲਬੁ ਕੁਤਾ, ਕੂੜੁ ਚੂਹੜਾ, ਠਗਿ ਖਾਧਾ ਮੁਰਦਾਰੁ।।
ਪਰ ਨਿੰਦਾ ਪਰ ਮਲੁ ਮੁਖਿ ਸੁਧੀ, ਅਗਨਿ ਕ੍ਰੋਧੁ ਚੰਡਾਲੁ।।
ਰਸ ਕਸ ਆਪੁ ਸਲਾਹਣਾ, ਏ ਕਰਮ ਮੇਰੇ ਕਰਤਾਰ।। ੧।।
ਸਿਰੀ ਰਾਗ ਮਹਲਾ ੧ ਪੰਨਾ ੧੫
ਅੱਖਰੀਂ ਅਰਥ--
ਹੇ
ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ—ਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ
ਵੇਲੇ ਖਾਣ ਨੂੰ ਮੰਗਦਾ ਹੈ ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ
ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ
(ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ), ਪਰਾਈ ਨਿੰਦਿਆ ਮੇਰੇ ਮੂੰਹ ਵਿੱਚ ਸਮੂਲਚੀ ਪਰਾਈ ਮੈਲ ਹੈ,
ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ), ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ
ਵਡਿਆਉਂਦਾ ਹਾਂ।
ਮਨੁੱਖ ਨੇ ਖ਼ੁਦ ਸਮਝਣਾ ਹੈ ਕਿ ਮੈਂ ਖੁਸ਼ ਕਿਸ ਤਰ੍ਹਾਂ ਰਹਿਣਾ ਹੈ। ਸਾਨੂੰ
ਸਮਾਜ ਵਿੱਚ ਬਹੁਤ ਵਾਰੀ ਵਿਆਹ ਸ਼ਾਦੀਆਂ ਤੇ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ। ਇਹ ਹੁਣ ਮਨੁੱਖ ਦੇ
ਸੁਭਾਅ ਤੇ ਨਿਰਭਰ ਕਰਦਾ ਹੈ ਕਿ ਇਸ ਨੇ ਵਿਆਹ ਵਿੱਚ ਜਾ ਕੇ ਖੁਸ਼ ਰਹਿਣਾ ਹੈ ਕਿ ਜਾਂ ਆਪਣੇ ਸੁਭਾਅ
ਕਰਕੇ ਦੁਜਿਆਂ ਨੂੰ ਵੀ ਭੱਠੀ ਵਿੱਚ ਝੋਕੀ ਰੱਖਣਾ ਹੈ। ਗੁਰੂ ਸਾਹਿਬ ਜੀ ਦਾ ਹੋਰ ਬੜਾ ਪਿਆਰਾ ਵਾਕ
ਹੈ—
ਬਾਬਾ, ਬੋਲੀਐ ਪਤਿ ਹੋਇ।।
ਊਤਮ ਸੇ, ਦਰਿ ਊਤਮ ਕਹੀਅਹਿ, ਨੀਚ ਕਰਮ ਬਹਿ ਰੋਇ।। ੧।। ਰਹਾਉ।।
ਅੱਖਰੀਂ ਅਰਥ--
ਹੇ
ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਮਿਲੇ। ਉਹੀ ਮਨੁੱਖ
(ਅਸਲ ਵਿਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ
ਝੁਰਦੇ ਹੀ ਹਨ। ੧। ਰਹਾਉ।
ਇਸ ਪਉੜੀ ਦੀ ਪਹਿਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਨੇ ਸਾਡੀਆਂ ਸਮੱਸਿਆਵਾਂ
ਸਬੰਧੀ ਦੱਸਿਆ ਹੈ ਕਿ ਬੰਦੇ ਦੇ ਕਰਮ ਹੀ ਇਸ ਦੀਆਂ ਪਰੇਸ਼ਾਨੀਆਂ ਦੇ ਕਾਰਨ ਹਨ-
ਕਤਿਕਿ ਕਰਮ ਕਮਾਵਣੇ, ਦੋਸੁ ਨ ਕਾਹੂ ਜੋਗੁ।।
ਬਿਨਾ ਸਮਝ ਦੇ ਕੀਤੇ ਹੋਏ ਕਰਮ ਸਾਡੇ ਦੁਖਾਂ ਦਾ ਕਾਰਨ ਬਣਦੇ ਹਨ ਤੇ ਸਮਾਂ
ਵੀ ਅਜਾਂਈ ਹੀ ਗਵਾਚ ਜਾਂਦਾ ਹੈ। ਆਪਣੇ ਸੁਭਾਅ ਮੁਤਬਿਕ ਦੋਸ਼ ਦੂਜਿਆਂ ਨੂੰ ਦੇਂਦੇ ਰਹਿੰਦੇ ਹਾਂ।
ਭਾਈ ਰੇ, ਗੁਰਮੁਖਿ ਬੂਝੇ ਕੋਇ।।
ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ।।
ਸਿਰੀ ਰਾਗ ਮਹਲਾ ੩ ਪੰਨਾ ੩੩
ਅੱਖਰੀਂ ਅਰਥ--
ਹੇ
ਭਾਈ ਜੇਹੜਾ ਕੋਈ ਮਨੁੱਖ (ਸਹੀ ਜੀਵਨ-ਜੁਗਤਿ) ਸਮਝਦਾ ਹੈ ਉਹ ਗੁਰੂ ਦੀ ਰਾਹੀਂ ਹੀ ਸਮਝਦਾ ਹੈ। (ਸਹੀ
ਜੀਵਨ-ਜੁਗਤਿ) ਸਮਝਣ ਤੋਂ ਬਿਨਾ (ਮਿਥੇ ਹੋਏ ਧਾਰਿਮਕ) ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ
ਗਵਾ ਲੈਂਦਾ ਹੈ।
ਦੂਜਿਆਂ ਨੂੰ ਕਹਿਣਾ ਬਹੁਤ ਸੌਖਾ ਹੈ, ਦੂਜਿਆਂ ਦੇ ਦੋਸ਼ ਕੱਢਣੇ ਵੀ ਸੌਖੇ ਹਨ
ਪਰ ਬੰਦਾ ਆਪਣਾ ਸੁਭਾਅ ਬਦਲਣ ਲਈ ਤਿਆਰ ਨਹੀਂ ਹੈ। ਅਜੇਹਾ ਕਰਕੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਫਾਰਗ
ਹੋਣਾ ਚਾਹੁੰਦਾ ਹੈ।
ਪਉੜੀ ਦੀ ਦੁਜੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—
ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗੁ।।
ਅੱਖਰੀਂ ਅਰਥ--
ਪਰਮੇਸਰ
(ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ।
ਵਿਚਾਰ ਦੇ ਵਿਹਾਰਕ ਪੱਖ--ਪਰਮੇਸਰ ਦੇ ਭੁੱਲਣ ਕਰਕੇ ਦੁਨੀਆਂ ਦੇ ਸਾਰੇ ਦੁੱਖ
ਕਲੇਸ਼ ਵਿਆਪਦੇ ਹਨ। ਗੁਰਬਾਣੀ ਅਨੁਸਾਰ ਪਰਮੇਸਰ ਦਾ ਕੋਈ ਰੂਪ-ਰੰਗ ਨਹੀਂ ਹੈ, ਨਾ ਹੀ ਪਰਮੇਸਰ
ਜੰਮਦਾ-ਮਰਦਾ ਹੈ ਤੇ ਨਾ ਹੀ ਮਨੁੱਖਾਂ ਵਾਂਗ ਪਰਮੇਸਰ ਦਾ ਕੋਈ ਢਾਂਚਾ ਹੈ। ਫਿਰ ਪ੍ਰਮੇਸ਼ਰ ਕੀ ਹੈ?
ਇਸ ਦਾ ਉੱਤਰ ਹੈ ਕਿ ਪਰਮੇਸਰ ਦੇ ਸਦੀਵ ਕਾਲ ਦੈਵੀ ਗੁਣ ਹਨ, ਸਦੀਵ ਕਾਲ ਨਿਯਮਾਵਲੀ ਹੈ ਜਿਸ ਨੂੰ
ਮਨੁੱਖ ਭੁੱਲ ਗਿਆ ਹੈ। ਦੂਸਰਾ ਸੱਚ ਦੇ ਅਧਾਰਤ ਨਿਸ਼ਾਨੇ ਦੀ ਪ੍ਰਾਪਤੀ ਕਰਨੀ ਪਰਮੇਸਰ ਨੂੰ ਪ੍ਰਾਪਤ
ਕਰਨਾ ਹੈ ਪਰ ਇਹ ਮਨੁੱਖ ਸੱਚੇ ਨਿਸ਼ਾਨੇ ਤੋਂ ਥਿੜਕਿਆ ਹੋਇਆ ਹੈ। ਤੀਸਰਾ ਆਪਣੇ ਫ਼ਰਜ਼ ਵਲੋਂ ਕੁਤਾਹੀ
ਕਰਨ ਵਾਲਾ ਪਰੇਸ਼ਾਨੀਆਂ ਵਿੱਚ ਵਿਚਰਦਾ ਹੈ।
ਗਰੂ ਰਾਮਦਾਸ ਜੀ ਦਾ ਬੜਾ ਪਿਆਰਾ ਵਾਕ ਹੈ ਕਿ ਜਦੋਂ ਅਸੀਂ ਮੂਲ ਨਾਲੋਂ ਟੁੱਟ
ਜਾਂਦੇ ਹਾਂ ਤਾਂ ਮਨੁੱਖ ਅੰਦਰ ਲਭ, ਲੋਭ ਤੇ ਹੰਕਾਰ ਪੈਦਾ ਹੁੰਦਾ ਹੈ। ਇਹ ਵਿਕਾਰ ਹੀ ਪਰਮੇਸਰ
ਨਾਲੋਂ ਦੂਰੀ ਦਾ ਕਾਰਨ ਬਣਦੇ ਹਨ। ਇਸ ਗੱਲ ਤੋਂ ਸਪੱਸ਼ਟ ਹੈ ਜਾਂਦਾ ਹੈ ਕਿ ਇਹਨਾਂ ਵਿਕਾਰਾਂ ਦੇ
ਵਿਰੋਧੀ ਸਦ ਗੁਣ ਹਨ ਜਿੰਨਾਂ ਤੋਂ ਮਨੁੱਖ ਦੂਰ ਚਲਾ ਗਿਆ ਹੁੰਦਾ ਹੈ ਜੋ ਇਸ ਦੀਆਂ ਪਰੇਸ਼ਾਨੀਆਂ ਦੇ
ਕਾਰਨ ਬਣਦੇ ਹਨ। ਪਰਮੇਸਰ ਤੋਂ ਭੁੱਲਣ ਦਾ ਦੂਜਾ ਅਰਥ ਹੈ, ਸੱਚ ਨੂੰ ਵਿਸਾਰਨਾ, ਸੰਤੋਖ ਨੂੰ
ਭੁੱਲਣਾ, ਪਿਆਰ ਦੀ ਭਾਵਨਾ ਨੂੰ ਸਦਾ ਲਈ ਗਵਾ ਲੈਣਾ ਤੇ ਵਿਚਾਰ ਕਰਨ ਤੋਂ ਕੰਨੀ ਕਤਰਾਉਣਾ ਗੁਰਵਾਕ
ਹੈ--
ਮਨਮੁਖ ਮੂਲਹੁ ਭੁਲਿਆ, ਵਿਚਿ, ਲਬੁ ਲੋਭੁ ਅਹੰਕਾਰੁ।।
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ।।
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ।।
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧਾੑਰੁ।।
ਸਲੋਕ ਮ: ੪ ਪੰਨਾ ੩੧੬—
ਅੱਖਰੀਂ ਅਰਥ--
ਸਤਿਗੁਰੂ
ਤੋਂ ਭੁੱਲੇ ਹੋਏ ਮਨੁੱਖ ਮੂਲ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ, ਲੋਭ ਤੇ
ਅਹੰਕਾਰ ਹੈ, ਉਹਨਾਂ ਦਾ ਹਰੇਕ ਦਿਹਾੜਾ (ਭਾਵ, ਸਾਰੀ ਉਮਰ) ਲੱਬ ਲੋਭ ਅਹੰਕਾਰ (ਸੰਬੰਧੀ) ਝਗੜਾ
ਕਰਦਿਆਂ ਗੁਜ਼ਰਦਾ ਹੈ, ਉਹ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਨਹੀਂ ਕਰਦੇ। ਕਰਤਾਰ ਨੇ ਉਹਨਾਂ
(ਮਨਮੁਖਾਂ) ਦੀ ਹੋਸ਼ ਤੇ ਅਕਲ ਖੋਹ ਲਈ ਹੈ, ਨਿਰਾ ਵਿਕਾਰ ਹੀ ਬੋਲਦੇ ਹਨ (ਭਾਵ, ਨਿਰੇ ਵਿਕਾਰਾਂ ਦੇ
ਬਚਨ ਹੀ ਕਰਦੇ ਹਨ); ਉਹ ਕਿਸੇ ਭੀ ਦਾਤ (ਦੇ ਮਿਲਣ) ਤੇ ਰੱਜਦੇ ਨਹੀਂ, ਕਿਉਂਕਿ ਉਹਨਾਂ ਦੇ ਮਨ ਵਿੱਚ
ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।
ਪਰਮੇਸਰ ਨੂੰ ਭੁਲਣਾ ਜਾਂ ਆਪਣੇ ਮੂਲ ਤੋਂ ਭੁਲਣਾ ਇੱਕ ਹੀ ਗੱਲ ਹੈ। ਇਸ ਭਾਵ
ਨੂੰ ਆਪਣੇ ਰੋਜ਼ਮਰਾ ਦੇ ਜੀਵਨ ਵਿੱਚ ਲੈ ਕੇ ਆਈਏ ਤਾਂ ਭਾਵ ਅਰਥ ਨਿਕਲਦਾ ਹੈ ਆਪਣੇ ਫ਼ਰਜ਼ ਨੂੰ ਭੁੱਲ
ਜਾਣਾ। ਥੋੜਾ ਜੇਹਾ ਹੋਰ ਸਮਝਣ ਦਾ ਯਤਨ ਕਰੀਏ ਜੇ ਕੋਈ ਇੰਟਰਵਿਊ ਦੇਣ ਗਿਆ ਹੈ ਤੇ ਆਪਣੇ ਅਸਲੀ ਕਾਗ਼ਜ਼
ਘਰ ਹੀ ਭੁੱਲ ਗਿਆ ਹੋਵੇ ਤਾਂ ਕੀ ਬੰਦਾ ਪਰੇਸ਼ਾਨ ਨਹੀਂ ਹੋਏਗਾ? ਸੰਤੋਖ ਵਰਗੇ ਦੈਵੀ ਗੁਣ ਨੂੰ ਬੰਦਾ
ਭੁੱਲ ਜਾਂਦਾ ਹੈ ਤਾਂ ਓੱਥੇ ਲਾਲਚ ਵਰਗੀ ਬਿਰਤੀ ਜਨਮ ਲੈਂਦੀ ਹੈ। ਜਦੋਂ ਲਾਲਚ ਪੂਰਾ ਨਹੀਂ ਹੁੰਦਾ
ਤਾਂ ਝਗੜਾ ਕਰਨ `ਤੇ ਉੱਤਰ ਆਉਂਦਾ ਹੈ। ਗੱਲ ਕੀ ਮਨੁੱਖ ਆਪਣੇ ਮੂਲ ਨੂੰ ਭੁੱਲਣ ਕਰਕੇ ਪਰੇਸ਼ਾਨੀਆਂ
ਵਿੱਚ ਘਿਰਿਆ ਰਹਿੰਦਾ ਹੈ।
ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ।।
ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ।। ੨੯।।
ਪੰਨਾ ੭੫੬—
ਅੱਖਰੀਂ ਅਰਥ--ਜਗਤ ਦੇ ਮੂਲ ਪਰਮਾਤਮਾ ਤੋਂ ਖੁੰਝੇ ਹੋਏ ਹੇ ਮਨ! (ਜੇ ਤੂੰ
ਇਸੇ ਤਰ੍ਹਾਂ ਖੁੰਝਿਆ ਹੀ ਰਿਹਾ, ਤਾਂ) ਆਪਣੀ ਇੱਜ਼ਤ ਗਵਾ ਕੇ (ਇਥੋਂ) ਜਾਵੇਂਗਾ। ਇਹ ਜਗਤ ਤਾਂ ਮਾਇਆ
ਦੇ ਮੋਹ ਵਿੱਚ ਫਸਿਆ ਪਿਆ ਹੈ (ਤੂੰ ਇਸ ਨਾਲ ਆਪਣਾ ਮੋਹ ਛੱਡ, ਅਤੇ) ਗੁਰੂ ਦੀ ਮਤਿ ਉਤੇ ਤੁਰ ਕੇ
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ।
ਪਰਮੇਸਰ ਨੂੰ ਭੁਲਣ ਦਾ ਵਿਹਾਰਕ ਪੱਖ ਇਹ ਹੈ ਕਿ ਮਨੁੱਖ ਆਪਣੀ ਜ਼ਿੰਮੇਵਾਰੀ
ਨੂੰ ਭੁੱਲ ਗਿਆ ਹੈ ਇਸ ਜ਼ਿੰਮੇਵਾਰੀ ਨੂੰ ਸਮਝਣ ਦਾ ਯਤਨ ਕਰੇ ਤਾਂ ਇਹ ਪਰੇਸ਼ਾਨੀਆਂ ਤੋਂ ਬਚ ਸਕਦਾ
ਹੈ। ਗੁਰਦੇਵ ਪਿਤਾ ਜੀ ਨੇ ਸਮਝਾਇਆ ਹੈ ਕਿ ਜਦੋਂ ਮਨੁੱਖ ਭੁੱਲਣ ਵਾਲੀ ਆਦਤ ਨੂੰ ਛੱਡਦਾ ਹੈ ਤਾਂ
ਮਾਨਸਿਕ ਰੋਗਾਂ ਤੋਂ ਮੁਕਤ ਹੁੰਦਾ ਹੈ।
ਇਸ ਪਉੜੀ ਦੀ ਤੀਸਰੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ--
ਵੇਮੁਖ ਹੋਏ ਰਾਮ ਤੇ, ਲਗਨਿ ਜਨਮ ਵਿਜੋਗ।।
ਅੱਖਰੀਂ ਅਰਥ--
ਜਿਨ੍ਹਾਂ
ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ
ਵਿਛੋੜੇ ਪੈ ਜਾਂਦੇ ਹਨ।
ਵਿਚਾਰ ਤੇ ਵਿਹਾਰਕ
ਪੱਖ--ਅੱਖਰੀਂ ਅਰਥ ਸਮਝੇ ਹਨ ਕਿ ਜਿੰਨ੍ਹਾਂ ਮਨੁੱਖਾਂ ਨੇ ਰੱਬ ਜੀ ਨੂੰ ਵਿਸਾਰ ਦਿੱਤਾ ਹੈ ਉਹਨਾਂ
ਨੂੰ ਕਈ ਜਨਮਾਂ ਵਿੱਚ ਮੁੜ ਭਟਕਣਾ ਪੈਂਦਾ ਹੈ। ਪ੍ਰਮਾਤਮਾ ਤੋਂ ਵੇਮੁਖ ਹੋਣ ਦਾ ਭਾਵ ਅਰਥ ਆਪਣੇ ਫ਼ਰਜ਼
ਤੋਂ ਕੰਨੀ ਕਤਰਾਉਣਾ ਹੈ। ਅਜੇਹਾ ਮਨੁੱਖ ਜ਼ਿੰਦਗੀ ਦੇ ਅਸਲੀ ਸੱਚੇ ਨਿਸ਼ਾਨੇ ਦੀ ਪ੍ਰਾਪਤੀ ਦੀ ਥਾਂ
`ਤੇ ਭਟਕਦਾ ਰਹਿੰਦਾ ਹੈ। ਗੁਰੂ ਅਰਜਨ ਪਾਤਸਾਹ ਜੀ ਦਾ ਬੜਾ ਪਿਆਰਾ ਵਾਕ ਹੈ—
ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ।।
ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉਪਰਿ ਸੂਲਿ।। ੨।।
ਸਲੋਕ ਮ: ੫ ਪੰਨਾ ੩੧੯
ਅਰਥ
:
—ਪਰਮਾਤਮਾ ਨੂੰ ਵਿਸਾਰਨ ਵਾਲੇ
ਬੰਦੇ ਮੋਏ ਹੋਏ (ਜਾਣੋ), ਪਰ ਉਹ ਚੰਗੀ ਤਰ੍ਹਾਂ ਮਰ ਭੀ ਨਹੀਂ ਸਕਦੇ। ਜਿਨ੍ਹਾਂ ਨੇ ਪ੍ਰਭੂ ਵਲੋਂ
ਮੂੰਹ ਮੋੜਿਆ ਹੋਇਆ ਹੈ ਉਹ ਇਉਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹਨ। ੨।
‘
ਜਨਮ ਵਿਜੋਗੁ` ਦਾ ਭਾਵ
ਅਰਥ ਹੈ ਵਰਤਮਾਨ ਜੀਵਨ ਵਿੱਚ ਵਿਛੋੜਾ। ਸਿਆਣੇ ਕਹਿੰਦੇ ਹਨ ਕਿ ਜੇ ਬੰਦਾ ਦਸ ਕੁ ਸੈਕਿੰਡ ਖੁੰਝ ਜਾਏ
ਤਾਂ ਉਸ ਨੂੰ ਥਾਂ ਸਿਰ ਆਉਣ ਲਈ ਦਸ ਸਾਲ ਦਾ ਲੰਬਾ ਸਮਾਂ ਵੀ ਲੱਗ ਸਕਦਾ ਹੈ। ਨਿਯਮ ਨੂੰ ਭੁੱਲਣ
ਵਾਲਾ ਆਪਣਾ ਵਿਹਾਰਕ ਪੱਖ ਗਵਾ ਲੈਂਦਾ ਹੈ ਤੇ ਅਜੇਹਾ ਬੰਦਾ ਹਮੇਸ਼ਾਂ ਦੁੱਖ ਭੋਗਦਾ ਹੈ। ਇੰਜ ਕਹੀਏ
ਕਿ ਰੱਬ ਜੀ ਨੂੰ ਭੁੱਲਣਾ ਭਾਵ ਉਸ ਦੇ ਗੁਣਾਂ ਨੂੰ ਭੁੱਲਣਾ, ਬਣੇ ਹੋਏ ਨਿਯਮ ਨੂੰ ਤੋੜਨਾ ਮਨੁੱਖ ਲਈ
ਦੁਖਦਾਈ ਪਹਿਲੂ ਹੈ।
ਮਿਸਾਲ ਦੇ ਤੋਰ `ਤੇ ਹੁਣੇ ਹੀ ੨੦੧੪ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ
ਹਨ। ਇਹਨਾਂ ਚੋਣਾਂ ਵਿੱਚ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਜਨਤਾ ਨੇ ਅਪ੍ਰਵਾਨ ਕਰਦਿਆਂ ਉਹਨਾਂ
ਨੂੰ ਵੋਟਾਂ ਨਹੀਂ ਪਾਈਆਂ। ਇਸ ਦਾ ਸਿੱਧਾ ਸੁਨੇਹਾ ਜਾਂਦਾ ਹੈ ਕਿ ਜਦੋਂ ਰਾਜਨੀਤਿਕ ਲੋਕ ਅਸਲ
ਨਿਯਮਾਵਲੀ ਨੂੰ ਛਡ ਕੇ ਆਪ ਹੁਦਰੀਆਂ ਕਰਦਿਆਂ ਫੋਕੀ ਸ਼ੋਹਰਤ ਦਾ ਅਨੰਦ ਮਾਣਦੇ ਹਨ ਫਿਰ ਓਦੋਂ ਵੋਟਾਂ
ਵਿਰੋਧ ਵਿੱਚ ਭੁਗਤਦੀਆਂ ਹਨ। ਆਪਣੀ ਸੀਟ ਹਾਰ ਜਾਂਦੇ ਹਨ ਤਾਂ ਉਹਨਾਂ ਦੇ ਉਹ ਸਾਰੇ ਭੋਗ ਅੱਖ ਦੇ
ਫੋਰ ਵਿੱਚ ਕੌੜੇ ਹੋ ਜਾਦੇ ਹਨ। ਆਪਣੇ ਕੀਤੇ ਹੋਏ ਭੈੜੇ ਕੰਮਾਂ ਕਰਕੇ ਜਦੋਂ ਬੰਦਾ ਜੇਲ੍ਹ ਦੀ ਯਾਤਰਾ
ਕਰਦਾ ਹੈ ਤਾਂ ਲੋਕ ਕਹਿ ਦੇਂਦੇ ਹਨ ਕਿ ਇਹ ਆਪਣੀਆਂ ਕਰਨੀਆਂ ਦਾ ਹੀ ਫਲ਼ ਭੋਗ ਰਿਹਾ ਹੈ।
ਸਾਡੀ ਬਦ ਕਿਸਮਤੀ ਵੀ ਇਹੋ ਰਹੀ ਹੈ ਕਿ ਅਸੀਂ ਧਰਮ ਦੇ ਨਾਂ `ਤੇ ਕੀਤੇ ਜਾ
ਰਹੇ ਕਰਮ-ਕਾਂਡਾਂ ਨੂੰ ਰੱਬ ਦੀ ਪ੍ਰਾਪਤੀ ਸਮਝਦੇ ਹਾਂ। ਅਸਲ ਵਿੱਚ ਗੁਰਬਾਣੀ ਤਾਂ ਸਾਡਾ ਵਿਹਾਰਕ
ਪੱਖ ਠੀਕ ਕਰਦੀ ਹੈ। ਇਸ ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਨੇ ਸਮਝਾਇਆ ਹੈ ਕਿ—
ਖਿਨ ਮਹਿ ਕਉੜੇ ਹੋਇ ਗਏ, ਜਿਤੜੇ ਮਾਇਆ ਭੋਗ।।
ਅੱਖਰੀਂ ਅਰਥ--
ਜੇਹੜੀਆਂ
ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇੱਕ ਪਲ ਵਿੱਚ ਦੁਖਦਾਈ ਹੋ
ਜਾਂਦੀਆਂ ਹਨ।
ਵਿਚਾਰ ਤੇ ਵਿਹਾਰਕ ਪੱਖ—ਨੇਤਾ ਜਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ
ਭਾਈ-ਭਤੀਜਾਵਾਦ ਤੋਂ ਉੱਪਰ ਉੱਠ ਕੇ ਮੈਰਿਟ ਦੇ ਅਧਾਰਤ ਫੈਸਲੇ ਕਰਦਾ। ਸਤਾ ਆਉਣ `ਤੇ ਤਵਾਜ਼ਨ ਸਹੀ
ਰੱਖਣਾ ਬੜਾ ਕਠਨ ਕੰਮ ਹੈ। ਪਿੱਛੇ ਜੇਹੇ ਇੱਕ ਰੇਲ ਮੰਤਰੀ ਦੇ ਭਣੇਵੇਂ ਨੇ ਚੋਖੀ ਵੱਢੀ ਲੈ ਲਈ ਸੀ
ਪਰ ਉਹ ਮੋਕੇ `ਤੇ ਹੀ ਫੜਿਆ ਗਿਆ। ਮੰਤ੍ਰੀ ਜੀ ਨੂੰ ਅਸਤੀਫਾ ਦੇਣਾ ਪਿਆ। ਸਰਕਾਰ ਪੜਤਾਲੀਆ ਕਮੇਟੀ
ਬੈਠਾਏਗੀ ਨਤੀਜਾ ਮੰਤ੍ਰੀ ਜੀ ਦੇ ਹੱਕ ਵਿੱਚ ਚੱਲਿਆ ਜਾਏਗਾ ਪਰ ਫਿਰ ਵੀ ਜੋ ਨਮੋਸ਼ੀ ਮੰਤ੍ਰੀ ਜੀ ਨੂੰ
ਉਠਾਉਣੀ ਪਈ ਉਹ ਤਾ ਮੰਤ੍ਰੀ ਜੀ ਹੀ ਜਾਣ ਸਕਦੇ ਹਨ। ਪਰ ਆਪਣੇ ਪਦ ਦਾ ਜੋ ਅਨੰਦ ਮਾਣ ਰਹੇ ਸਨ ਉਹ
ਕੁੜੱਤਣ ਵਿੱਚ ਚਲਿਆ ਗਿਆ। ਜਿਸ ਮਾਇਆ ਅਨੁਸਾਰ ਭੋਗ, ਭੋਗ ਰਹੇ ਸਨ ਉਹ ਸਾਰੇ ਹੀ ਕੌੜੇ ਹੋ ਗਏ ਭਾਵ
ਸਮਾਜ ਵਿੱਚ ਬੇਸ਼ਰਮੀ ਵਾਲੀ ਜ਼ਿੰਦਗੀ ਹੋ ਗਈ। ਜੇ ਮੰਤ੍ਰੀ ਜੀ ਆਪਣੀ ਬਣਦੀ ਜ਼ਿੰਮੇਵਾਰੀ ਸਮਝਦੇ ਤਾਂ
ਉਹਨਾਂ ਦਾ ਵਿਹਾਰਕ ਪੱਖ ਦੁਨੀਆਂ ਵਿੱਚ ਵਧੀਆ ਹੋਣਾ ਸੀ।
ਬੰਦੇ ਦੇ ਕੀਤੇ ਹੋਏ ਕਰਮ ਹੀ ਉਸ ਦੇ ਸਹਾਇਕ ਜਾਂ ਦੁਸ਼ਮਣ ਬਣਦੇ ਹਨ। ਬਹੁਤ
ਦਫ਼ਾ ਬੰਦਾ ਗਲਤ ਕੰਮ ਕਰਕੇ ਜਦੋਂ ਜਾਲ਼ ਵਿੱਚ ਫਸ ਜਾਂਦਾ ਹੈ ਤਾਂ ੳਦੋਂ ਉਸ ਦੀ ਕੋਈ ਵੀ ਸਹਾਇਤਾ ਕਰਨ
ਨੂੰ ਤਿਆਰ ਨਹੀਂ ਹੁੰਦਾ। ਹੁਣ ਬੰਦਾ ਆਪਣੇ ਦੁਖੜੇ ਲੋਕਾਂ ਪਾਸ ਫੋਲਦਾ ਫਿਰੇ ਤਾਂ ਉਸ ਦੇ ਦੁਖੜੇ
ਕੋਈ ਵੀ ਸੁਣਨ ਲਈ ਤਿਆਰ ਨਹੀਂ ਹੁੰਦਾ ਪਰ ਉੱਤੋਂ ਉੱਤੋਂ ਸਾਰੇ ਕਹਿਣਗੇ ਜੀ ਬਹੁਤ ਮਾੜਾ ਹੋਇਆ ਇਹ
ਮੰਤ੍ਰੀ ਜੀ ਕਿਤੇ ਏਦਾਂ ਦੇ ਥੋੜਾ ਸਨ। ਇਹਨਾਂ ਨੂੰ ਤਾਂ ਵਿਰੋਧੀਆਂ ਨੇ ਫਸਾ ਦਿੱਤਾ ਹੈ। ਇਹ
ਵਿਰੋਧੀਆਂ ਦੀ ਬੜੀ ਡੂੰਘੀ ਚਾਲ ਹੈ ਜੀ।
ਵਿਚੁ ਨ ਕੋਈ ਕਰਿ ਸਕੈ, ਕਿਸ ਥੈ ਰੋਵਹਿ ਰੋਜ।।
ਅੱਖਰੀਂ ਅਰਥ--
ਕਿਸੇ
ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ,
ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ।
ਵਿਚਾਰ ਤੇ ਵਿਹਾਰਕ ਪੱਖ-- ਇੱਕ
ਤਾਂ ਵਿਹਾਰਕ ਪੱਖ ਆਪਣਾ ਠੀਕ ਨਹੀਂ ਕਰਦਾ ਦੋਸ਼ ਦੂਜਿਆਂ
ਨੂੰ ਦੇਂਦਾ ਰਹਿੰਦਾ ਹੈ। ਦੂਜਾ ਕਈਆਂ ਨੂੰ ਓਦਾਂ ਹੀ ਰੋਣ ਦੀ ਆਦਤ ਹੁੰਦੀ ਹੈ ਤੇ ਜਣੇ ਖਣੇ ਅੱਗੇ
ਰੋਈ ਜਾਣਗੇ। ਅਜੇਹੇ ਬੰਦੇ ਦੇ ਰੋਣੇ ਦਾ ਕਿਸੇ ਦੇ ਮਨ `ਤੇ ਕੋਈ ਵੀ ਅਸਰ ਨਹੀਂ ਹੁੰਦਾ। ਅਜੇਹੇ
ਬੰਦੇ ਕਦੇ ਵੀ ਸੁਖ ਨਾਲ ਨਹੀਂ ਰਹਿ ਸਕਦੇ। ਬੰਦਾ ਮੰਦੇ ਕਰਮ ਕਰਨ ਲਈ ਕਈ ਦਲੀਲਾਂ ਘੜਦਾ ਹੈ ਪਰ
ਜਦੋਂ ਅਸਲੀਅਤ ਪ੍ਰਗਟ ਹੁੰਦੀ ਹੈ ਤਾਂ ਸਜਾਅ ਇਕੱਲਾ ਹੀ ਭੋਗਦਾ ਹੈ। ਅਜੇਹੇ ਸਮੇਂ ਬੰਦਾ ਆਪਣੇ
ਦੁਖੜੇ ਲੋਕਾਂ ਸਾਹਮਣੇ ਰੱਖੇ ਤਾਂ ਕੋਈ ਵੀ ਸੁਣਨ ਲਈ ਤਿਆਰ ਨਹੀਂ ਹੁੰਦਾ—ਗੁਰਦੇਵ ਪਿਤਾ ਜੀ ਦਾ ਬੜਾ
ਪਿਆਰਾ ਵਾਕ ਹੈ—
ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ।।
ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ।।
ਸੰਨੀੑ ਦੇਨਿ ਵਿਖੰਮ ਥਾਇ ਮਿਠਾ ਮਦੁ ਮਾਣੀ।।
ਕਰਮੀ ਆਪੋ ਆਪਣੀ ਆਪੇ ਪਛੁਤਾਣੀ।।
ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ।। ੨੭।।
ਪੰਨਾ ੩੧੫
ਅੱਖਰੀਂ ਅਰਥ--
ਮਨੁੱਖ
ਰਾਤ ਨੂੰ ਫਾਹੇ ਲੈ ਕੇ (ਪਰਾਏ ਘਰਾਂ ਨੂੰ ਲੁੱਟਣ ਲਈ) ਤੁਰਦੇ ਹਨ (ਪਰ) ਪ੍ਰਭੂ ਉਹਨਾਂ ਨੂੰ ਜਾਣਦਾ
ਹੈ, ਅੰਦਰਲੇ ਥਾਈਂ ਲੁਕ ਕੇ ਪਰਾਈਆਂ ਇਸਤ੍ਰੀਆਂ ਵਲ ਤੱਕਦੇ ਹਨ, ਔਖੇ ਥਾਈਂ ਸੰਨ੍ਹ ਲਾਉਂਦੇ ਹਨ ਤੇ
ਸ਼ਰਾਬ ਨੂੰ ਮਿੱਠਾ ਕਰ ਕੇ ਮਾਣਦੇ ਹਨ। (ਅੰਤ ਨੂੰ) ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਆਪ ਹੀ
ਪਛਤਾਉਂਦੇ ਹਨ, (ਕਿਉਂਕਿ) ਮੌਤ ਦਾ ਫ਼ਰਿਸ਼ਤਾ ਮਾੜੇ ਕੰਮ ਕਰਨ ਵਾਲਿਆਂ ਨੂੰ ਇਉਂ ਪੀੜਦਾ ਹੈ ਜਿਵੇਂ
ਘਾਣੀ ਵਿੱਚ ਤਿਲ।
ਇਸ ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ--
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ।।
ਅੱਖਰੀਂ ਅਰਥ-- (
ਦੁਖੀ
ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ
ਦੀ ਬਿਧ ਆ ਬਣਦੀ ਹੈ।
ਵਿਚਾਰ ਤੇ ਵਿਹਾਰਕ ਪੱਖ—ਸਾਡੇ ਮੁਲਕ ਦੀ ਧਾਰਮਿਕ ਬਿਰਤੀ ਨੇ ਤਰੱਕੀ ਕਰਨ ਦੀ
ਥਾਂ `ਤੇ ਕਿਸਮਤ ਦਾ ਰੋਣਾ ਰੋਇਆ ਹੈ। ਪੁਜਾਰੀ ਇਹ ਗੱਲ ਸਮਝਾਉਣ ਵਿੱਚ ਸਫਲ ਹੋਇਆ ਹੈ ਕਿ ਬੰਦਾ
ਦੁਖੀ ਇਸ ਲਈ ਹੈ ਕਿ ਇਸ ਨੇ ਪਿੱਛਲੇ ਜਨਮ ਵਿੱਚ ਮਾੜੇ ਕਰਮ ਕੀਤੇ ਸਨ ਤੇ ਉਹ ਕਰਮ ਇਸ ਦੇ ਮੱਥੇ `ਤੇ
ਲਿਖੇ ਗਏ ਹਨ। ਹੁਣ ਮੱਥੇ ਦੇ ਲਿਖੇ ਕਰਮਾਂ ਅਨੁਸਾਰ ਹੀ ਚੰਗਾ ਜਾਂ ਮਾੜਾ ਫ਼ਲ਼ ਇਸ ਮਨੁੱਖ ਨੂੰ ਭੋਗਣਾ
ਪੈ ਰਿਹਾ ਹੈ। ਜ਼ਿੰਦਗੀ ਵਿੱਚ ਅਸਫਲ ਬੰਦੇ ਪਾਸ ਆਪਣੇ ਆਪ ਨੂੰ ਝੂਠੀ ਧਰਵਾਸ ਦੇਣ ਲਈ ਕਿਸਮਤ ਜਾਂ
ਮੱਥੇ ਦੇ ਲੇਖਾਂ ਨੂੰ ਦੋਸ਼ ਦੇਣਾ ਬਹੁਤ ਸੌਖਾ ਲਗਦਾ ਹੈ। ਹੁਣ ਜੇ ਕਿੱਤੇ ਕੋਈ ਬਲਾਤਕਾਰ ਦੀ ਘਟਨਾ
ਵਾਪਰਦੀ ਹੈ ਤਾਂ ਕੀ ਇਹ ਸਮਝ ਲਿਆ ਜਾਏ ਕਿ ਇਸ ਦੇ ਮੱਥੇ ਵਿੱਚ ਅਜੇਹਾ ਲੇਖ ਲਿਖਿਆ ਹੋਇਆ ਸੀ? ਫਿਰ
ਤਾਂ ਉਸ ਨੇ ਮੱਥੇ ਦੇ ਲਿਖੇ ਹੋਏ ਲੇਖ ਭੋਗ ਲਏ ਹਨ, ਦੋਸ਼ੀ ਨੂੰ ਸਜਾ ਕਿਸ ਗੱਲ ਦੀ- ਕੀ ਮੱਥੇ ਦੇ
ਲਿਖੇ ਹੋਏ ਲੇਖਾਂ ਦੀ ਗੱਲ ਕਰਕੇ ਬਲਾਤਕਾਰ ਦੀ ਪੀੜਤਾ ਨੂੰ ਇਨਸਾਫ਼ ਮਿਲ ਸਕਦਾ ਹੈ? ਏੱਥੇ ਸਵਾਲ
ਸਾਡੇ ਸਾਹਮਣੇ ਰੱਖਿਆ ਗਿਆ ਹੈ ਕਿ ਜੀਵ ਦੁੱਖੀ ਹੈ, ਜੀਵ ਦੀ ਕੋਈ ਪੇਸ਼ ਨਹੀਂ ਜਾਂਦੀ, ਕਿਉਂਕਿ ਉਸ
ਨੇ ਆਪਣੇ ਮੱਥੇ ਦੇ ਲਿਖੇ ਲੇਖਾਂ ਭਾਵ ਨਿਤਾ ਪ੍ਰਤੀ ਕਰਮਾਂ ਦੇ ਕੀਤੇ ਕਰਕੇ ਦੁੱਖ ਭੋਗ ਰਿਹਾ ਹੈ।
ਹਾਂ ਮਾੜਿਆਂ ਕੰਮਾਂ ਦੀ ਸਹੀ ਵਿਚਾਰ ਕਰਨ ਦੀ ਥਾਂ `ਤੇ ਜਾਂ ਉਸਦਾ ਹੱਲ ਲੱਭਣ ਦੀ ਬਜਾਏ ਮੱਥੇ ਦੇ
ਲੇਖ ਜਾਂ ਮਾੜੀ ਕਿਸਮਤ ਹੂੰ ਹੀ ਕੋਸੀ ਜਾਣ ਨਾਲ ਕਦੇ ਵੀ ਸਮਾਜ ਵਿੱਚ ਤਰੱਕੀ, ਇਨਸਾਫ਼ ਨਹੀਂ ਹੋ
ਸਕਦਾ।
‘ਧੁਰਿ ਸੰਜੋਗ` ਜਿਸ ਦਿਨ ਬੰਦੇ ਦੇ ਮਨ ਵਿੱਚ ਵਿਚਾਰ ਜਨਮ ਲੈਂਦਾ ਹੈ ਉਹ
ਵਿਚਾਰ ਬੰਦੇ ਦੇ ਮਨ ਵਿੱਚ ਉੱਕਰ ਜਾਂਦਾ ਹੈ ਤੇ ਓਸੇ ਅਨੁਸਾਰ ਹੀ ਬੰਦਾ ਆਪਣੇ ਕਰਮਾਂ ਨੂੰ ਜਨਮ
ਦੇਂਦਾ ਹੈ। ਭਾਈ ਲਹਿਣਾ ਜੀ ਨੂੰ ਸ਼ਬਦ ਦੀ ਸਮਝ ਆਈ ਤਾਂ ਕਰਤਾਰ ਪੁਰ ਦੀ ਧਰਤੀ ਵਲ ਨੂੰ ਖਿੱਚੇ ਗਏ।
ਗੁਰੂ ਨਾਨਕ ਸਾਹਿਬ ਜੀ ਨਾਲ ਪਹਿਲਾ ਮਿਲਾਪ ਹੀ ਉਹਨਾਂ ਦਾ ਧੁਰ ਸੰਜੋਗ ਸ਼ੁਰੂ ਹੁੰਦਾ ਹੈ। ਗੁਰਬਾਣੀ
ਵਾਕ ਹੈ—
ਸਤਿਗੁਰੁ ਮਿਲੈ ਵਡਭਾਗਿ ਸੰਜੋਗ।।
ਹਿਰਦੈ ਨਾਮੁ ਨਿਤ ਹਰਿਰਸ ਭੋਗ।। ੧।।
ਗਉੜੀ ਗੁਆਰੇਰੀ ਮਹਲਾ ੩ ਪੰਨਾ ੧੬੨
ਅੱਖਰੀਂ ਅਰਥ--
ਜਿਸ
ਮਨੁੱਖ ਨੂੰ ਵੱਡੀ ਕਿਸਮਤਿ ਨਾਲ ਭਲੇ ਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਹਿਰਦੇ ਵਿੱਚ
ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦਾ ਹੈ।
‘
ਧੁਰ ਸੰਜੋਗ` ਦਾ ਭਾਵ
ਅਰਥ ਸਮਝਿਆ ਜਾਏਗਾ ਕਿ ਜਿਸ ਕੰਮ ਦੀ ਬੰਦੇ ਨੂੰ ਜਦੋਂ ਸਮਝ ਆਉਂਦੀ ਹੈ ਓਦੋਂ ਹੀ ਉਹ ਵਿਚਾਰ ਇਸ ਦੇ
ਮਨ ਵਿੱਚ ਲਿਖੇ ਗਏ ਸਮਝੋ। ਵਰਤਮਾਨ ਵਿੱਚ ਕੀਤੇ ਕਰਮਾਂ ਦਾ ਹੀ ਅਸਾਂ ਫਲ਼ ਭੋਗਣਾ ਹੈ—
ਮਨ ਕੀਆ ਇਛਾ ਪੂਰੀਆ ਪਾਇਆ ਧੁਰਿ ਸੰਜੋਗ।।
ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ।। ੧।।
ਸਲੋਕ ਮ: ੫ ਪੰਨਾ ੯੫੮
ਅੱਖਰੀਂ ਅਰਥ--
ਹੇ
ਨਾਨਕ! ਜਿਸ ਨੂੰ ਧੁਰੋਂ ਇਹ ਢੋ ਢੁਕਦਾ ਹੈ ਉਸ ਨੂੰ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲਦਾ
ਹੈ, ਉਸ ਦੇ ਮਨ ਦੀਆਂ ਸਭ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਹ ਵਾਸ਼ਨਾ-ਰਹਿਤ ਹੋ ਜਾਂਦਾ
ਹੈ) ਤੇ ਉਹ ਸਦਾ ਹੀ ਆਨੰਦ ਮਾਣਦਾ ਹੈ (ਸਦਾ ਹੀ ਖਿੜਿਆ ਰਹਿੰਦਾ ਹੈ)।
ਰੱਬ ਜੀ ਨਿਰਵੈਰ ਹਨ। ਉਹ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦੇਂਦੇ। ਜਿਸ
ਤਰ੍ਹਾਂ ਸਾਰੇ ਸੰਸਾਰ ਵਿੱਚ ਬੱਚੇ ਇਕਸਾਰ ਜਨਮ ਲੈਂਦੇ ਹਨ, ਪਰ ਉਹਨਾਂ ਦੇ ਵਿਕਾਸ ਵਿੱਚ ਮਾਪੇ,
ਸਮਾਜ, ਸਕੂਲ-ਕਾਲਜ ਤੇ ਸੰਗਤ ਆਦਿ ਦਾ ਪ੍ਰਤੱਖ ਅਸਰ ਦਿਸਦਾ ਹੈ। ਜਿਹੜੀ ਗੱਲ ਬੱਚਾ ਪਹਿਲੇ ਦਿਨ
ਸਿੱਖ ਕੇ ਆਪਣੇ ਸੁਭਾਓ ਵਿੱਚ ਢਾਲ ਲੈਂਦਾ ਹੈ ਉਹ ਉਸ ਦਾ ਧੁਰ ਸੰਜੋਗ ਹੈ। ਮੱਥੇ ਦੇ ਭਾਗਾਂ ਨੂੰ
ਕੋਸਣ ਦੀ ਲੋੜ ਨਹੀਂ ਹੈ ਸਗੋਂ ਮੱਥੇ ਦੇ ਲੇਖ ਸਾਨੂੰ ਖੁਦ ਲਿਖਣੇ ਚਾਹੀਦੇ ਹਨ। ਪਉੜੀ ਦੀ ਅਗਲ਼ੀ ਤੁਕ
ਵਿੱਚ ਗੁਰਦੇਵ ਪਿਤਾ ਜੀ ਇਸ ਮਸਲੇ ਦਾ ਹੱਲ ਵੀ ਦੱਸਦੇ ਹਨ ਕਿ ਜੇ ਰੱਬ ਜੀ ਮਿਲ ਪੈਣ ਤਾਂ ਮੱਥੇ ਦੇ
ਮਾੜੇ ਲੇਖ ਭਾਵ ਸਾਡਾ ਸੁਭਾਓੇ ਬਦਲ ਵੀ ਜਾਂਦਾ ਹੈ। ਪਉੜੀ ਦੀ ਅਗਲ਼ੀ ਤੁਕ ਵਿੱਚ ਗੁਰਦੇਵ ਪਿਤਾ ਜੀ
ਫਰਮਾੳਂਦੇ ਹਨ-
ਵਡ ਭਾਗੀ ਮੇਰਾ ਪ੍ਰਭੁ ਮਿਲੈ, ਤਾਂ ਉਤਰਹਿ ਸਭਿ ਬਿਓਗ।।
ਅੱਖਰੀਂ ਅਰਥ-- (
ਹਾਂ !)
ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ
ਹਨ।
ਵਿਚਾਰ ਤੇ ਵਿਹਾਰਕ ਪੱਖ--
ਸਾਡੇ ਮੁਲਕ ਦੇ ਪੁਜਾਰੀਆਂ ਨੇ ਇੱਕ ਗੱਲ ਤਾਂ
ਚੰਗੀ ਤਰ੍ਹਾਂ ਦ੍ਰਿੜ ਕਰਾ ਦਿੱਤੀ ਹੈ ਕਿ ਤੁਹਾਡੇ ਦੁੱਖਾਂ ਦਾ ਮੂਲ ਕਾਰਨ ਤੁਹਾਡੇ ਪਿੱਛਲੇ ਜਨਮ
ਵਿੱਚ ਕੀਤੇ ਮਾੜੇ ਕਰਮ ਹਨ। ਇਸ ਲਈ ਵਰਤਮਾਨ ਜੀਵਨ ਵਿੱਚ ਤਹਾਡੇ ਭਾਗ ਮਾੜੇ ਹਨ। ਗੁਰਬਾਣੀ ਬਾਰ ਬਾਰ
ਸਮਝਾਉਂਦੀ ਹੈ ਕਿ ਬੰਦਿਆ ਤੇਰੇ ਭਾਗ ਮਾੜੇ ਨਹੀਂ ਹਨ ਸਗੋਂ ਤੂੰ ਖੁਦ ਆਪਣੇ ਭਾਗ ਆਪ ਲਿਖ, ਚੰਗੀ
ਸਿੱਖਿਆ ਪ੍ਰਾਪਤ ਕਰਨ ਦੇ ਯਤਨ ਕਰ। ਗੁਰਬਾਣੀ ਤਾਂ ਇਹ ਫੈਸਲਾ ਦੇਂਦੀ ਹੈ ਕਿ ਜਿਹੜਿਆਂ ਮਨੁੱਖਾਂ ਨੇ
ਰੱਬ ਜੀ ਦਾ ਨਾਮ ਖਰੀਦਆ ਹੈ ਉਹ ਏਸੇ ਜਨਮ ਵਿੱਚ ਹੀ ਸ਼ਾਹ ਬਣ ਗਏ ਹਨ—
ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ।।
ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨੑ ਹਰਿ ਹਰਿ ਨਾਮੁ ਵਿਸਾਹਾ।।
ਦੇਵਗੰਧਾਰੀ ਮਹਲਾ ੫ ਪੰਨਾ ੫੩੦
ਅੱਖਰੀਂ ਅਰਥ--
ਹੇ
ਨਾਨਕ! (ਆਖ—ਹੇ ਭਾਈ!) ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ਉਹੀ ਇੱਜ਼ਤ ਵਾਲੇ ਹਨ, ਉਹੀ ਪੂਰੇ ਸ਼ਾਹ
ਹਨ, ਉਹੀ ਸੋਹਣੇ ਹਨ, ਸੁਚੱਜੇ ਹਨ, ਸੋਹਣੇ ਰੂਪ ਵਾਲੇ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ-ਵੱਖਰ
ਖ਼ਰੀਦਿਆ ਹੈ।
ਰੱਬ ਜੀ ਦੇ ਮਿਲਾਪ ਨਾਲ ਝੋਰੇ ਖਤਮ ਹੁੰਦੇ ਹਨ ਵਰਤਮਾਨ ਜੀਵਨ ਦੇ ਜਨਮਾਂ ਦੇ
ਕੀਤੇ ਮਾੜੇ ਕਰਮ ਖਤਮ ਹੁੰਦੇ ਹਨ ਜਦੋਂ ਰੱਬ ਜੀ ਦੇ ਗੁਣ ਗਾਏ ਜਾਂਦੇ ਹਨ ਜੇਹਾ ਗੁਰੁ ਤੇਗ ਬਹਾਦਰ
ਜੀ ਫਰਮਾਉਂਦੇ ਹਨ--
ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ।।
ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ।। ੧।।
ਰਾਗ ਰਾਮਕਲੀ ਮਹਲਾ ੯ ਪੰਨਾ ੯੦੧
ਅੱਖਰੀਂ ਅਰਥ--
ਹੇ
(ਮੇਰੇ) ਮਨ! ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝ। ਉਹ
ਮਨੁੱਖ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਕੇ ਫਿਰ ਬੈਕੁੰਠ ਵਿੱਚ ਜਾ ਪਹੁੰਚਦਾ ਹੈ।
ਬਾਰਹ ਮਾਹ ਦੀ ਉਪਰੋਕਤ ਤੁਕ ਵਿੱਚ ਮੱਥੇ ਦੇ ਭਾਗ ਜਾਂ ਕਿਸਮਤ ਨੂੰ ਕੋਸਣ ਦੀ
ਬਜਾਏ ਖੁਦ ਉਦਮੀ ਹੋਣ ਦੀ ਜ਼ਰੂਰਤ ਹੈ। ਰੱਬ ਜੀ ਤਾਂ ਇੱਕ ਉੱਚਾ ਸੁੱਚਾ ਅਦਰਸ਼ ਹੈ ਜਿਸ ਦੀ ਪ੍ਰਾਪਤੀ
ਨਾਲ ਵਿਕਾਰੀ ਬਿਰਤੀ ਖਤਮ ਹੁੰਦੀ ਹੈ। ਸਮਾਜ ਵਿੱਚ ਮਿਹਨਤ ਕਰਨ ਨਾਲ ਘਰ ਦਾ ਆਰਥਿਕ ਪੱਖ ਵੀ ਥਾਂ
ਸਿਰ ਆਉਂਦਾ ਹੈ।
ਪਉੜੀ ਦੀ ਅਗਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ-
ਨਾਨਕ ਕਉ ਪ੍ਰਭ ਰਾਖਿ ਲੇਹਿ, ਮੇਰੇ ਸਾਹਿਬ ਬੰਦੀ ਮੋਚ।।
ਅੱਖਰੀਂ ਅਰਥ--
(ਨਾਨਕ ਦੀ ਤਾਂ ਇਹੀ ਬੇਨਤੀ ਹੈ—) ਹੇ ਮਾਇਆ ਦੇ
ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ।
ਵਿਚਾਰ ਤੇ ਵਿਹਾਰਕ ਪੱਖ—
ਮਾਇਆ
ਦੇ ਹੱਲੇ ਤੋਂ ਬਚਣਾ ਹੈ। ਸਿਆਣੇ ਕਹਿੰਦੇ ਹਨ ਕਿ ਲਾਲਚ ਕਦੇ ਬੁੱਢਾ ਨਹੀਂ ਹੁੰਦਾ ਤੇ ਨਾ ਹੀ ਲਾਲਚ
ਆਪਣੀ ਹਾਰ ਮੰਨਦਾ ਹੈ। ਜਦੋਂ ਭਾਰਤ ਦੀ ਸਭਿਅਤਾ ਵਲ ਦੇਖਦੇ ਹਾਂ ਤਾਂ ਏੱਥੇ ਜ਼ਿਆਦਾਤਰ ਲੋਕਾਂ ਨੂੰ
ਤਿਆਗ ਦਾ ਹੀ ਉਪਦੇਸ਼ ਮਿਲਦਾ ਨਜ਼ਰ ਆਉਂਦਾ ਹੈ। ਲਾਲਚ ਵਰਗੀਆਂ ਬਿਮਾਰੀਆਂ ਪਰਵਾਰਕ ਮੋਹ ਵਿਚੋਂ ਜਨਮ
ਲੈਂਦੀਆਂ ਹਨ। ਕਈ ਵਾਰੀ ਐਸਾ ਵੀ ਦੇਖਿਆ ਗਿਆ ਹੈ ਆਪਣੀਆਂ ਤਿੰਨ ਬੱਚੀਆਂ ਦੇ ਵਿਆਹ ਬਹੁਤ ਹੀ ਸੰਗ
ਸਰਫੇ ਨਾਲ ਕੀਤੇ ਸਨ ਪਰ ਜਦੋਂ ਆਪਣੇ ਲੜਕਾ ਦੇ ਵਿਆਹ ਦੀ ਗੱਲ ਚਲਦੀ ਹੈ ਤਾਂ ਸਾਰੇ ਛੁੱਪੇ ਲਾਲਚ
ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰੀ ਭ੍ਰਿਸ਼ਟ ਅਧਿਕਾਰੀ ਆਪਣੇ ਇਮਾਨਦਾਰ ਭਰਾ ਨੂੰ ਹੀ ਕਹੀ
ਜਾਏਗਾ ਕਿ ਇਸ ਨੂੰ ਇਮਾਨਦਾਰੀ ਦਾ ਰੋਗ ਚਿੰਬੜਿਆ ਹੋਇਆ ਹੈ। ਗੁਰਦੇਵ ਪਿਤਾ ਜੀ ਨੇ ਉੱਚੇ ਸੁੱਚੇ
ਅਰਦਸ਼ ਲਈ ਸਮਝਾਉਂਦੇ ਹਨ ਕਿ ਮਾਲਕ ਦੇ ਘਰ ਸਾਰੀਆਂ ਦਾਤਾਂ ਹਨ। ਭਾਵ ਗਿਆਨ ਦਾ ਖਜ਼ਾਨਾ ਭਰਿਆ ਪਿਆ ਹੈ
ਇਸ ਦਾਤ ਦੀ ਵਰਤੋਂ ਕਰ। ਅਸਲ ਵਿੱਚ ਮਨੁੱਖ ਨੇ ਲਾਲਚ ਨੂੰ ਆਪਣਾ ਮਾਲਕ ਬਣਾਇਆ ਹੋਇਆ ਹੈ। ਜੇ ਲਾਲਚ
ਮਨੁੱਖ ਦਾ ਮਾਲਕ ਹੋਵੇਗਾ ਤਾਂ ਮਨੁੱਖ ਕਦੇ ਵੀ ਸੰਤੁਸ਼ਟ ਨਹੀਂ ਹੋਏਗਾ ਗੁਰਬਾਣੀ ਵਾਕ ਹੈ—
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸੁ ਦਾ ਨਫਰੁ ਕਿਥਹੁ ਰਜਿ ਖਾਏ।।
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ।।
ਸਲੋਕ ਮ: ੪ ਪੰਨਾ ੩੦੬
ਅੱਖਰੀਂ ਅਰਥ--
ਜਿਸ
ਨੌਕਰ ਦਾ ਮਾਲਕ ਕੰਗਾਲ ਹੋਵੇ, ਉਸ ਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੋਇਆ? ਨੌਕਰ ਨੂੰ ਉਹੋ ਵਸਤ
ਮਿਲ ਸਕਦੀ ਹੈ ਜੋ ਮਾਲਕ ਦੇ ਘਰ ਵਿੱਚ ਹੋਵੇ, ਜੇ ਘਰ ਵਿੱਚ ਹੀ ਨਾ ਹੋਵੇ ਤਾਂ ਉਸ ਨੂੰ ਕਿੱਥੋਂ
ਮਿਲੇ?
ਲ਼ਾਲਚ ਦਾ ਤਿਆਗ ਕਰਕੇ ਸੱਚ ਨੂੰ ਆਪਣਾ ਮਾਲਕ ਬਣਾ ਲਈਏ ਤਾਂ ਜੀਵਨ ਵਿੱਚ
ਅਨੰਦ ਭਰਿਆ ਜਾ ਸਕਦਾ ਹੈ—
ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ।।
ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ।। ੨।।
ਸਲੋਕ ਮ: ੫ ਪੰਨਾ ੫੧੭
ਅੱਖਰੀਂ ਅਰਥ--
ਨਾਨਕ
ਦੇ ਮਨ ਵਿੱਚ ਭੀ ਉਸ ਮਾਲਕ ਦਾ ਆਸਰਾ ਹੈ ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ
ਹੋ ਜਾਂਦੇ ਹਨ।
ਇਸ ਪਉੜੀ ਦੀ ਮਗਰਲੀ ਤੁਕ ਵਿੱਚ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ—
ਕਤਿਕਿ ਹੋਵੈ ਸਾਧ ਸੰਗੁ, ਬਿਨਸਹਿ ਸਭੇ ਸੋਚ।। ੯।।
ਅੱਖਰੀਂ ਅਰਥ--
ਕੱਤਕ
(ਦੀ ਸੁਆਦਲੀ ਰੁੱਤ) ਵਿੱਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ
ਚਿੰਤਾ ਝੋਰੇ ਮੁੱਕ ਜਾਂਦੇ ਹਨ।
ਵਿਚਾਰ ਤੇ ਵਿਹਾਰਕ ਪੱਖ—ਚਿੰਤਾ ਦਾ ਸਿੱਧਾ ਅਰਥ ਹੈ ਕਿ ਸਾਡੀ ਕੋਈ ਲੋੜ
ਪੂਰੀ ਨਹੀਂ ਹੁੰਦੀ ਤਾਂ ਉਸ ਦੀ ਸਾਨੂੰ ਚਿੰਤਾ ਲੱਗ ਜਾਂਦੀ ਹੈ। ਕਿਸੇ ਨਿਸ਼ਾਨੇ ਦੀ ਪ੍ਰਾਪਤੀ ਵਿੱਚ
ਰੁਕਾਵਟ ਚਿੰਤਾ ਨੂੰ ਜਨਮ ਦੇਂਦੀ ਹੈ। ਚਿੰਤਾ ਨਾਲ ਦਬਾਓ ਤਣਾਓ ਤਥਾ ਢਹਿੰਦੀ ਕਲ੍ਹਾ ਆਪਣਾ ਦਬ-ਦਬਾ
ਬਣਾਈ ਰੱਖਦੀ ਹੈ। ਕਿਸੇ ਉਦੇਸ਼ ਤੋਂ ਬਿਨਾ ਚਿੰਤਾ ਕਰਨੀ ਮੂਰਖਾਂ ਦਾ ਕੰਮ ਹੈ। ਸਭ ਤੋਂ ਵੱਡੀ ਚਿੰਤਾ
ਬੰਦੇ ਨੂੰ ਆਪਣੇ ਆਰਥਿਕ ਪੱਖ ਦੀ ਹੁੰਦੀ ਹੈ। ਧੀਆਂ ਜਵਾਨ ਹੋ ਜਾਣ ਚੰਗਾ ਵਰ ਘਰ ਨਾ ਮਿਲਣ `ਤੇ
ਚਿੰਤਾ ਸਤਾਉਂਦੀ ਰਹਿੰਦੀ ਹੈ। ਇਕੱਲਾ ਬੱਚਾ ਤੇ ਉਹ ਵੀ ਨਸ਼ੇ ਦਾ ਆਦੀ ਹੋ ਗਿਆ ਚਿੰਤਾ ਤਾਂ ਹੋਏਗੀ
ਹੀ ਹੋਏਗੀ। ਗੁਰਦੇਵ ਪਿਤਾ ਜੀ ਸਮਝਾਉਂਦੇ ਹਨ ਕਿ ਮਨੁੱਖ ਪੁੱਤ੍ਰ, ਇਸਤ੍ਰੀ ਤੇ ਮੋਹ ਦੀਆਂ ਲਹਿਰਾਂ
ਵਿੱਚ ਘਿਰਨ ਕਰਕੇ ਸੱਚੀ ਸੰਗਤ ਤੋਂ ਦੂਰ ਬੈਠਾ ਹੈ—
ਪੁਤ੍ਰਿ ਕਲਤ੍ਰਿ ਮੋਹਿ ਲਪਟਿਆ, ਵਣਜਾਰਿਆ ਮਿਤ੍ਰਾ, ਅੰਤਰਿ ਲਹਰਿ ਲੋਭਾਨੁ।।
ਅੰਤਰਿ ਲਹਰਿ ਲੋਭਾਨ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ।।
ਸਾਧ ਸੰਗਤਿ ਸਿਉ ਸੰਗੁ ਨ ਕੀਆ ਬਹੁ ਜੋਨੀ ਦੁਖੁ ਪਾਵੈ।।
ਅੱਖਰੀਂ ਅਰਥ--
ਇਸ
ਦੇ ਅੰਦਰ (ਲੋਭ ਦੀਆਂ) ਲਹਿਰ ਉੱਠਦੀਆਂ ਹਨ, ਮਨੁੱਖ ਪੁੱਤਰ (ਦੇ ਮੋਹ) ਵਿਚ, ਇਸਤ੍ਰੀ (ਦੇ ਮੋਹ)
ਵਿਚ, (ਮਾਇਆ ਦੇ) ਮੋਹ ਵਿੱਚ ਫਸਿਆ ਰਹਿੰਦਾ ਹੈ। ਪ੍ਰਾਣੀ ਦੇ ਅੰਦਰ (ਲੋਭ ਦੀਆਂ) ਲਹਿਰਾਂ ਉੱਠਦੀਆਂ
ਹਨ, ਮਨੁੱਖ ਲੋਭੀ ਹੋਇਆ ਰਹਿੰਦਾ ਹੈ, ਉਹ ਪਰਮਾਤਮਾ ਕਦੇ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ। ਮਨੁੱਖ
ਤਦੋਂ ਸਾਧ ਸੰਗਤਿ ਨਾਲ ਮੇਲ-ਮਿਲਾਪ ਨਹੀਂ ਰੱਖਦਾ, (ਆਖ਼ਰ) ਕਈ ਜੂਨਾਂ ਵਿੱਚ (ਭਟਕਦਾ) ਦੁੱਖ ਸਹਾਰਦਾ
ਹੈ।
ਸਾਧੂ ਸੰਗਿ ਸਿਖਾਇਓ ਨਾਮੁ।।
ਸਰਬ ਮਨੋਰਥ ਪੂਰਨ ਕਾਮ।।
ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ।।
ਜਪਿ ਜਪਿ ਜੀਵਾ ਸਾਰਿਗਪਾਨੇ।। ੧।।
ਆਸਾ ਮਹਲਾ ੫ ਪੰਨਾ ੩੯੩
ਅੱਖਰੀਂ ਅਰਥ--
ਹੇ
ਭਾਈ! ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਪਣੀ ਸੰਗਤਿ ਵਿੱਚ ਰੱਖ ਕੇ ਪਰਮਾਤਮਾ ਦਾ ਨਾਮ ਸਿਮਰਨਾ
ਸਿਖਾਂਦਾ ਹੈ ਉਹਨਾਂ ਦੇ ਸਾਰੇ ਮਨੋਰਥ, ਸਾਰੇ ਕੰਮ ਸਫਲ ਹੋ ਜਾਂਦੇ ਹਨ (ਉਹਨਾਂ ਦੇ ਅੰਦਰੋਂ
ਤ੍ਰਿਸ਼ਨਾ ਦੀ ਅੱਗ) ਬੁੱਝ ਜਾਂਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿੱਚ ਟਿਕ ਕੇ (ਮਾਇਆ ਵਲੋਂ)
ਰੱਜੇ ਰਹਿੰਦੇ ਹਨ। -- (ਹੇ ਭਾਈ!) ਮੈਂ ਭੀ ਜਿਉਂ ਜਿਉਂ ਪਰਮਾਤਮਾ ਦਾ ਨਾਮ ਜਪਦਾ ਹਾਂ, ਮੇਰੇ ਅੰਦਰ
ਆਤਮਕ ਜੀਵਨ ਪੈਦਾ ਹੁੰਦਾ ਹੈ।
ਤੱਤਸਾਰ—
ਪ੍ਰਮੇਸ਼ਰ
ਨੂੰ ਭੁੱਲਣ ਕਰਕੇ ਦੁੱਖ ਜਨਮ ਲੈਂਦੇ ਹਨ। ਪ੍ਰਮੇਸ਼ਰ ਤੋਂ ਭਾਵ ਹੈ ਸੱਚ, ਸਦੀਵ ਕਾਲ ਰੱਬੀ ਨਿਯਮਾਵਲੀ
ਤੇ ਦੈਵੀ ਗੁਣ ਹਨ। ਜਦੋਂ ਬੰਦਾ ਇਹਨਾਂ ਦੈਵੀ ਗੁਣਾਂ ਨੂੰ ਭੁੱਲਦਾ ਹੈ ਤਾਂ ਮਨੁੱਖ ਨੂੰ ਕਈ
ਪ੍ਰੇਸ਼ਾਨੀਆਂ ਘੇਰ ਲੈਂਦੀਆਂ ਹਨ। ਆਪਣੀਆਂ ਭੁੱਲਾਂ ਦਾ ਕਾਰਨ ਲੱਭਣ ਦੀ ਬਜਾਏ ਬਣੇ ਹੋਏ ਵਾਕਾਂ
ਅਨੁਸਾਰ ਕਿ ਜੀ ਸਾਡੇ ਮੱਥੇ ਦੇ ਭਾਗ ਬਹੁਤ ਮਾੜੇ ਹਨ, ਰੱਬ ਜੀ ਨੇ ਸਾਡੀ ਕਿਸਮਤ ਵਧੀਆ ਨਹੀਂ ਲਿਖੀ
ਇਸ ਲਈ ਅਸੀਂ ਪ੍ਰੇਸ਼ਾਨ ਹਾਂ। ਆਪਣੀਆਂ ਗਲਤੀਆਂ ਮੰਨਣ ਦੀ ਬਜਾਏ ਅਸੀਂ ਦੋਸ਼ ਰੱਬ ਜੀ ਨੂੰ ਦੇ ਕੇ
ਸੁਰਖੁਰੂ ਹੋਣਾ ਚਹੁੰਦੇ ਹਾਂ—
ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ।।
ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ।। ੧੭।।
ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ।।
ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧ੍ਯ੍ਯਾਰ।। ੧੮।।
ਪੰਨਾ ੧੪੨੬