. |
|
ਕਬੀਰ ਜੀ ਦੀ ਕਾਸ਼ੀ/ਵਾਰਾਣਸੀ
(ਭਾਗ 3)
ਰਾਮਾਂਨੰਦ ਜੀ ਦੇ ਚੰਡੇ ਹੋਏ ਚੇਲਿਆਂ ਵਿੱਚੋਂ ਕਬੀਰ ਜੀ ਦਾ ਨਾਮ ਵਿਸ਼ੇਸ਼
ਵਰਣਨ-ਯੋਗ ਹੈ। ਰਾਮਾਨੰਦ ਜੀ ਦੁਆਰਾ ਸਾਰੀ ਮਨੁੱਖਤਾ ਵਾਸਤੇ ਜਗਾਈ ਗਈ ਨਿਰਗੁਣ ਭਗਤੀ ਲਹਿਰ ਦੀ
ਮਸ਼ਾਲ ਨੂੰ ਕਬੀਰ ਜੀ ਨੇ ਨਾ ਕੇਵਲ ਜਗਦੀ ਰੱਖਿਆ ਸਗੋਂ ਇਸ ਨੂੰ ਆਪਣੀ ਅਦੁੱਤੀ ਪ੍ਰਤਿਭਾ, ਬਿਬੇਕ
ਬੁੱਧਿ, ਨਿਸ਼ਕਪਟਤਾ, ਦ੍ਰਿੜ੍ਹਤਾ ਤੇ ਨਿਡਰਤਾ ਨਾਲ ਹੋਰ ਵੀ ਪ੍ਰਜਵੱਲਿਤ ਕੀਤਾ ਅਤੇ ਇਸ ਨੂੰ ਸਜੀਵਤਾ
ਤੇ ਸਦੀਵਤਾ ਬਖ਼ਸ਼ੀ। (ਨੋਟ:- ਗੁਰੂ ਗ੍ਰੰਥ ਵਿੱਚ ਸੰਕਲਿਤ ਕਬੀਰ ਜੀ ਦੀ ਬਾਣੀ ਉੱਤੇ ਵਿਚਾਰ ਅਲੱਗ
ਲੇਖਾਂ ਵਿੱਚ ਕਰਾਂਗੇ, ਇਥੇ ਸਿਰਫ਼ ਉਨ੍ਹਾਂ ਦੇ ਵਾਰਾਣਸੀ ਅਤੇ ਮਗਹਰ ਵਿੱਚ ਬਿਤਾਏ ਜੀਵਨ ਬਾਰੇ ਗੱਲ
ਕਰਨੀ ਹੈ।)
ਕਾਂਸ਼ੀ/ਵਾਰਾਣਸੀ ਵਿੱਚ ਕਬੀਰ ਜੀ ਦੇ ਨਾਮ ਉੱਤੇ ਬਣਾਏ ਗਏ ਕਈ ਸਥਾਨ ਹਨ, ਪਰ
ਉਨ੍ਹਾਂ ਵਿੱਚੋਂ ਇਤਿਹਾਸਕ ਤਿੰਨ ਹੀ ਮੰਨੇ ਜਾਂਦੇ ਹਨ: 1
ਸਦਗੁਰੂ ਕਬੀਰ ਪ੍ਰਾਕਟ੍ਯ ਧਾਮ,
ਲਹਰਤਾਰਾ, 2
ਸਿੱਧਪੀਠ ਕਬੀਰ ਚੌਰਾ ਮਠ -ਮੂਲ ਗਾਦੀ; ਅਤੇ ਨੀਰੂ-ਨੀਮਾ ਟਿੱਲਾ, ਕਬੀਰ ਚੌਰਾ, ਅਤੇ
3ਗੰਗਾ-ਘਾਟ
ਉੱਤੇ ਸਥਿਤ ਰਾਮਾਨੰਦ ਜੀ ਦਾ ਆਸ਼੍ਰਮ।
(ਪ੍ਰਕਟ=ਪ੍ਰਗਟ; ਚੌਰਾ=ਚੌਰਾਹਾ; ਗਾਦੀ=ਗੱਦੀ)।
(ਨੋਟ:- ਰਾਮਾ ਨੰਦ ਜੀ ਦੇ ਆਸ਼੍ਰਮ ਬਾਰੇ ਸੰਖੇਪ ਜਾਣਕਾਰੀ ਲੇਖ ਦੇ ਪਹਿਲੇ ਤੇ ਦੂਜੇ ਭਾਗ ਵਿੱਚ
ਦਿੱਤੀ ਜਾ ਚੁੱਕੀ ਹੈ; ਇਥੇ ਸਿਰਫ਼ ਪਹਿਲੇ ਦੋ ਸਥਾਨਾਂ ਦਾ ਜ਼ਿਕਰ ਕਰਾਂਗੇ।)
“ਸਦਗੁਰੂ ਕਬੀਰ ਪ੍ਰਾਕਟ੍ਯ ਧਾਮ” :
ਕਬੀਰ ਜੀ ਦੇ ਜਨਮ-ਸਥਾਨ ਦਾ ਕਿਸੇ ਨੂੰ ਨਹੀਂ ਪਤਾ!
ਪ੍ਰਚੱਲਿਤ ਤੇ ਪ੍ਰਵਾਣਿਤ ਕਹਾਣੀ ਅਨੁਸਾਰ ਕਿਸੇ ਵਿਧਵਾ ਬ੍ਰਾਹਮਣੀ ਨੇ ਇੱਕ ਬਾਲ (ਜੋ ਕਿ ਕਿਸੇ
‘ਨੀਚ ਜਾਤ’ ਦੇ ਪੁਰਸ਼ ਨਾਲ ਸੰਬੰਧਾਂ ਤੋਂ ਪੈਦਾ ਹੋਇਆ ਦੱਸਿਆ ਜਾਂਦਾ ਹੈ) ਨੂੰ ਜਨਮ ਦਿੱਤਾ, ਤੇ ਉਹ
ਖ਼ੁਨਾਮੀ ਤੋਂ ਡਰਦੀ ਉਸ ਨਵਜੰਮੇ ਬਾਲ ਨੂੰ ਇੱਥੇ ਲਹਰਤਾਰਾ ਤਾਲਾਬ ਦੇ ਕੰਢੇ ਛੱਡ ਗਈ। ਬ੍ਰਾਹਮਣੀ
ਦੁਆਰਾ ਤਿਆਗਿਆ ਤੇ ਤਿਰਸਕਾਰਿਆ ਇਹ ਬਾਲ ਉੱਥੋਂ ਲੰਘ ਰਹੇ ਇੱਕ ਬੇਔਲਾਦ ਮੁਸਲਮਾਨ ਜੋੜੇ -ਨੀਰੂ
ਤੇ ਨੀਮਾ- ਦੀ ਨਜ਼ਰੀਂ ਪਿਆ। ਰੱਬੀ ਬਖ਼ਸ਼ਿਸ਼ ਸਮਝ ਕੇ, ਨੀਰੂ ਤੇ ਨੀਮਾ, ਜੋ ਕਿ ਜਾਤ ਦੇ ਜੁਲਾਹੇ
ਸਨ, ਉਸ ਮਾਂ-ਮਹਿਟਰ ਮਾਸੂਮ ਬਾਲ ਨੂੰ ਆਪਣੇ ਘਰ ਲੈ ਗਏ ਅਤੇ ਉਸ ਦਾ ਨਾਮ ਕਬੀਰ ਰੱਖਿਆ। ਜਿਸ ਸਥਾਨ
`ਤੇ ਨਵਜੰਮਿਆਂ ਬਾਲ ਨੀਰੂ-ਨੀਮਾ ਨੂੰ ਨਜ਼ਰੀਂ ਪਿਆ ਸੀ, ਉਸ ਸਥਾਨ ਨੂੰ ਬਾਅਦ ਵਿੱਚ ਕਬੀਰ-ਪੰਥੀਆਂ
ਨੇ “ਸਦਗੁਰੂ ਕਬੀਰ ਪ੍ਰਕਟ੍ਯ-ਧਾਮ”
ਕਹਿਣਾ ਸ਼ੁਰੂ ਕਰ ਦਿੱਤਾ।
ਲਹਰਤਾਰਾ ਤਾਲਾਬ (ਤਲਾਅ)
ਗੰਗਾ ਨਦੀ ਦੇ ਉਛਾਲ ਨਾਲ ਬਣਿਆ ਇੱਕ ਬਹੁਤ ਵੱਡਾ ਤਾਲਾਬ
ਸੀ। ਕਬੀਰ ਜੀ ਦੇ ਸਮੇਂ ਇਹ ਵਿਸ਼ਾਲ ਤਲਾਅ ਉਜਾੜ ਵਿੱਚ ਸੀ। ਸਮੇਂ ਨਾਲ ਗੰਗਾ ਨੇ ਆਪਣਾ ਰੁਖ ਬਦਲ
ਲਿਆ ਤੇ 20ਵੀਂ ਸਦੀ ਦੇ ਦੂਜੇ ਅੱਧ ਵਿੱਚ ਤਲਾਅ ਦੇ ਆਲੇ ਦੁਆਲੇ ਸੰਘਣੀ ਵੱਸੋਂ ਹੋਂਦ ਵਿੱਚ ਆ ਗਈ।
ਇਸ ਵੱਸੋਂ ਦੇ, ਆਦਤ ਤੋਂ ਮਜਬੂਰ, ਜਾਤਿ-ਅਭਿਮਾਨੀ ਅੱਖੜ ਤੇ ਅਸ਼ਿਸ਼ਟ ਵਾਸੀਆਂ ਨੇ ਇਸ ਸਥਾਨ ਦੀ
ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਤੇ ਘਰਾਂ ਦੀ ਗੰਦਗੀ ਤੇ ਕੂੜਾ ਕਰਕਟ ਦੇ ਢੇਰ ਕਬੀਰ ਜੀ ਦੇ
‘ਪ੍ਰਕਟÏ ਧਾਮ’ ਉੱਤੇ ਲੱਗਣੇ ਸ਼ੁਰੂ ਹੋ ਗਏ। ਕਬੀਰ ਜੀ ਦੇ ਇੱਕ ਅਨਿੰਨ ਸ਼ਰੱਧਾਲੂ ਨੇ ਅਣਥੱਕ ਸਮਾਜਕ
ਜਦੋ ਜਹਿਦ ਤੇ ਕਾਨੂੰਨੀ ਲੜਾਈ ਤੋਂ ਬਾਅਦ ਇਸ ਸਥਾਨ ਦਾ ਕਬਜ਼ਾ ਪ੍ਰਾਪਤ ਕਰਕੇ ਕਬੀਰ ਜੀ ਦੀ ਰੂਹਾਨੀ
ਸ਼ਖ਼ਸੀਅਤ ਦੇ ਅਨੁਕੂਲ ਇੱਕ ਸੁੰਦਰ ਸਮਾਰਕ ਬਣਵਾਇਆ ਜੋ ਮਨੁੱਖਤਾ ਦੇ ਹਿਰਦਿਆਂ ਵਿੱਚ ਉਨ੍ਹਾਂ ਦੀ
ਪਵਿੱਤਰ ਯਾਦ ਤਾਜ਼ਾ ਕਰਦਾ ਹੈ।
ਲਹਰਤਾਰਾ ਵਿਖੇ ਕਬੀਰ ਜੀ ਦੀ ਯਾਦ ਵਿੱਚ ਦੋ ਸਮਾਰਕ ਹਨ: ਇੱਕ ਤਾਂ
ਸਿਧ ਪੀਠ ਕਬੀਰ ਚੌਰਾ ਮਠ ਤੇ ਦੂਸਰਾ ਸ਼੍ਰੀ ਕਬੀਰ ਬਾਗ਼ ਆਸ਼੍ਰਮ। ਤਾਲਾਬ ਦਾ ਜੋ ਹਿੱਸਾ
ਕਬੀਰ-ਪੰਥੀਏ ਪ੍ਰਾਪਤ ਕਰ ਸਕੇ, ਉਹ ਪ੍ਰਾਚੀਨ ਮੂਲ ਤਾਲਾਬ ਦੇ ਇੱਕ ਪਾਸੇ ਜਿਹੇ ਹੈ। ਇਥੇ ਬਹੁਤ
ਵੱਡਾ ਤੇ ਵਿਸ਼ਾਲ ਮੰਦਿਰ-ਨੁਮਾ ਸਾਦਾ ਸਮਾਰਕ ਹੈ ਜਿਸ ਦੇ ਨਾਲ ਹੀ ਪੌੜੀਆਂ ਵਾਲਾ ਤਾਲਾਬ (ਸਰੋਵਰ)
ਬਣਾਇਆ ਗਿਆ ਹੈ। ਕਬੀਰ-ਪੰਥੀਆਂ ਦੇ ਕਬਜ਼ੇ ਵਾਲੇ ਹਿੱਸੇ ਤੋਂ ਬਿਨਾਂ ਲਹਰਤਾਰਾ ਤਾਲਾਬ ਦਾ ਬਹੁਤ
ਵੱਡਾ ਹਿੱਸਾ ਅਣਗੌਲਿਆ ਤੇ ਵੀਰਾਨ ਪਿਆ ਸੁਕਾ ਛੱਪੜ ਹੈ ਜਿਸ ਦੀ ਪ੍ਰਾਪਤੀ ਵਾਸਤੇ ਕਬੀਰ-ਪੰਥੀਏ
ਕਾਨੂੰਨੀ ਲੜਾਈ ਲੜ ਰਹੇ ਹਨ। ਇਸ ਵਿਸ਼ਾਲ ਸਮਾਰਕ ਦੇ ਸੰਗਤ-ਹਾਲ (congregation hall)
ਵਿੱਚ ਕੋਈ ਧਰਮ-ਪੁਸਤਕ ਨਹੀਂ ਰੱਖੀ ਹੋਈ; ਕਬੀਰ ਜੀ ਦੀ ਯਾਦ ਦਿਵਾਉਂਦੀ ਪ੍ਰਾਚੀਨ ਢੰਗ ਦੀ ਸਿਰਫ਼
ਇੱਕ ਮੂਰਤੀ ਹੈ, ਜਿਸ ਅੱਗੇ ਸ਼੍ਰੱਧਾਲੂ ਸਿਰ ਝੁਕਾਉਂਦੇ ਹਨ। ਇਸ ਸਥਾਨ ਉੱਤੇ ਯਾਤ੍ਰੀ ਘੱਟ ਹੀ
ਦਿਖਾਈ ਦਿੰਦੇ ਹਨ! ਪਰ ਕਬੀਰ ਜੀ ਦੇ ਜੀਵਨ ਨਾਲ ਸੰਬੰਧਿਤ ਜਦੋਂ ਕੋਈ ਯਾਦਗਾਰੀ ਦਿਵਸ ਮਨਾਇਆ ਜਾਂਦਾ
ਹੈ ਤਾਂ ਲੱਖਾਂ ਦਾ ਇਕੱਠ ਹੁੰਦਾ ਹੈ।
ਇੱਥੇ ਕੋਈ ਕਰਮ ਕਾਂਡ ਨਹੀਂ ਕੀਤਾ
ਜਾਂਦਾ। ਇੱਥੋਂ ਤਕ ਕਿ ਯਾਤ੍ਰੀਆਂ ਨੂੰ ‘ਪ੍ਰਸਾਦਿ’ ਦੇ/ਵੇਚ ਕੇ ਲੁੱਟਣ ਦੀ ਪ੍ਰਥਾ ਵੀ ਦਿਖਾਈ ਨਹੀਂ
ਦਿੱਤੀ!
‘ਸਦਗੁਰੂ ਕਬੀਰ ਪ੍ਰਕਟ Ï
ਧਾਮ’ ਸਮਾਰਕ ਦੇ ਵਿਸ਼ਾਲ ਸਤਿਸੰਗ ਹਾਲ ਵਿੱਚ
ਮਾਇਆ ਦਾ ਪ੍ਰਦਰਸ਼ਨ ਵੀ ਨਜ਼ਰ ਨਹੀਂ ਆਉਂਦਾ! ਨਾ ਗੋਲਕਾਂ ਹਨ, ਨਾ ਗੋਲਕ-ਚੋਰ, ਨਾ ਗੋਲਕਾਂ ਦੀ ਰਾਖੀ
ਕਰਦੇ ਹੱਡ-ਰੱਖ ਚੋਬਦਾਰ ਅਤੇ ਨਾ ਹੀ ਪਾਖੰਡੀ ਪੁਜਾਰੀਆਂ ਦਾ ਟੋਲਾ ਹੀ ਦਿਖਾਈ ਦਿੰਦਾ ਹੈ। ਸਿਰਫ਼
ਇੱਕ ਅਤਿ ਸਾਧਾਰਨ, ਸਾਦੇ ਤੇ ਸੂਝਵਾਨ ਮੁਖੀਏ, ਜਿਸ ਦਾ ਨਾਮ ਸ੍ਰੀ ਹਰਿਨਾਰਾਯਣ ਦਾਸ ਹੈ, ਤੋਂ
ਬਿਨਾਂ ਸਾਫ਼-ਸਫ਼ਾਈ ਰੱਖਣ ਵਾਲੇ ਦੋ-ਤਿੰਨ ਹੋਰ ਸੱਜਣ ਹੀ ਨਜ਼ਰ ਆਉਂਦੇ ਹਨ। ਇਨ੍ਹਾਂ ਦਾ ਵਾਸਤਾ
ਨਿਸ਼ਕਾਮ ਸੇਵਾ ਨਾਲ ਹੈ, ਕਿਸੇ ਲੋਭ-ਲਾਲਚ ਨਾਲ ਨਹੀਂ।
‘ਸਦਗੁਰੂ ਕਬੀਰ ਪ੍ਰਕਟ Ï
ਧਾਮ’ ਦੇ ਨਾਲ ਹੀ ਥੋੜੇ ਫ਼ਾਸਲੇ `ਤੇ ਕਬੀਰ
ਜੀ ਦੇ ਨਾਮ `ਤੇ ਬਣਾਇਆ ਗਿਆ ਇੱਕ ਬਹੁਤ ਹੀ ਵਿਸ਼ਾਲ
‘ਸ੍ਰੀ ਕਬੀਰ ਬਾਗ਼ ਆਸ਼੍ਰਮ’
ਹੈ। ਇਸ ਆਸ਼੍ਰਮ ਵਿੱਚ ਯਾਤ੍ਰੀਆਂ ਦੀ ਰਿਹਾਇਸ਼ ਤੋਂ
ਬਿਨਾਂ ਬਹੁਤ ਸਾਰੇ ਸਾਧਨਹੀਣ ਤੇ ਲੋੜਵੰਦ ਲੜਕਿਆਂ ਦੇ ਰਹਿਣ ਦਾ ਪ੍ਰਬੰਧ ਹੈ। ਇਨ੍ਹਾਂ ਲੜਕਿਆਂ ਨੂੰ
ਕੁੱਲੀ, ਗੁੱਲੀ ਤੇ ਜੁੱਲੀ ਦੀਆਂ ਮੁੱਢਲੀਆਂ ਜੀਵਨ-ਲੋੜਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਵੀ
ਆਪਣੇ ਜੀਵਨ-ਲਕਸ਼ ਦੀ ਪ੍ਰਾਪਤੀ ਕਰ ਕੇ ਬੇਮੁਹਤਾਜ ਜੀਵਨ ਬਸਰ ਕਰ ਸਕਣ। ਜੀਵਨ ਦੀਆਂ ਮੁੱਢਲੀਆਂ
ਲੋੜਾਂ ਤੋਂ ਨਿਸ਼ਚਿੰਤ ਇਹ ਬੱਚੇ ਆਪਣੇ ਜੀਵਨ-ਲਕਸ਼ ਦੀ ਪ੍ਰਾਪਤੀ ਵਾਸਤੇ ਦਿਨ ਵੇਲੇ ਆਪਣੇ-ਆਪਣੇ
ਸਕੂਲ-ਕਾਲਜ ਜਾਂਦੇ ਹਨ। ਆਤਮਿਕ ਸਵਾਸਥ ਵਾਸਤੇ ਇਨ੍ਹਾਂ ਬੱਚਿਆਂ ਨੂੰ ਸਵੇਰ-ਸ਼ਾਮ ਅਤੇ ਛੁੱਟੀ ਵਾਲੇ
ਦਿਨ ਕਬੀਰ ਜੀ ਦੁਆਰਾ ਨਿਰਧਾਰਤ ਮਾਨਵਵਾਦੀ ਸਿੱਧਾਂਤਾਂ ਤੇ ਨੈਤਿਕ ਗੁਣਾਂ ਦੀ ਸਿੱਖਿਆ ਦਿੱਤੀ
ਜਾਂਦੀ ਹੈ; ਅਤੇ ਇਨ੍ਹਾਂ ਬੱਚਿਆਂ ਦੀ ਸਰੀਰਕ ਤੰਦਰੁਸਤੀ ਲਈ ਖੇਡਾਂ ਦਾ ਪ੍ਰਬੰਧ ਵੀ ਹੈ।
ਆਸ਼੍ਰਮ ਵਿੱਚ ਰਹਿੰਦੇ ਯਾਤ੍ਰੀਆਂ ਤੇ ਬੱਚਿਆਂ ਵਾਸਤੇ ਨਿਸ਼ਚਿਤ ਸਮੇਂ `ਤੇ
ਸਾਦਾ ਭੋਜਨ ਪ੍ਰੋਸਿਆ ਜਾਂਦਾ ਹੈ। ਮੰਦਰ ਤੇ ਆਸ਼੍ਰਮ ਦੇ ਮੁਖੀਆਂ ਸਮੇਤ ਸਾਰੇ ਪੰਗਤ ਵਿੱਚ ਬੈਠ ਕੇ
ਭੋਜਨ ਕਰਦੇ ਹਨ। ਮੁਖੀਆਂ ਵਾਸਤੇ ਅਲੱਗ ਖ਼ਾਸ ਪਕਵਾਨ ਨਹੀਂ ਬਣਦੇ! ਭੋਜਨ ਖਾਣ ਉਪਰੰਤ ਸਾਰੇ, ਮੰਦਿਰ
ਦੇ ਮੁਖੀਏ ਸਮੇਤ, ਆਪਣੇ ਬਰਤਨ ਆਪ ਸਾਫ਼ ਕਰਦੇ ਹਨ!
ਆਸ਼੍ਰਮ ਦਾ ਐਮ: ਏ: ਪਾਸ ਸੁਸਿਖਸ਼ਿਤ ਗ਼ਰੀਬਨਿਵਾਜ਼ ਮੁਖੀਆ (ਸ੍ਰੀ ਰੋਹਿਤ
ਦਾਸ) ਇੱਕ ਅਤਿ ਮਸਕੀਨ ਮਿਠਬੋਲੜਾ ਭੱਦਰ-ਪੁਰਸ਼ ਹੈ ਜੋ ਕਿ ਸਾਦਗੀ, ਆਜਿਜ਼ੀ ਤੇ ਮਿੱਠਤ ਦੀ ਮੂਰਤ
ਹੈ। ਉਸ ਦਾ ਦਫ਼ਤਰ ਇੱਕ ਛੋਟਾ ਜਿਹਾ ਕਮਰਾ ਹੈ ਜਿਸ ਵਿੱਚ ਕੋਈ ਕੁਰਸੀ-ਮੇਜ਼ ਨਹੀਂ! ਉਸ ਦਾ ਆਸਨ/ਦਫ਼ਤਰ
ਫ਼ਰਸ਼ `ਤੇ ਵਿਛੀ ਸਾਧਾਰਨ ਦਰੀ ਉੱਤੇ ਹੈ! ਸੰਸਥਾ ਵੱਲੋਂ ਉਸ ਨੂੰ ਫ਼ੋਨ ਤੇ ਲੈਪ ਟੌਪ ਆਦਿ ਆਧੁਨਿਕ
ਲੋੜਾਂ ਪ੍ਰਾਪਤ ਹਨ।
ਸਦਗੁਰੂ ਕਬੀਰ ਪ੍ਰਕਟ Ï
ਧਾਮ ਅਤੇ ਸ੍ਰੀ ਕਬੀਰ ਬਾਗ਼ ਆਸ਼੍ਰਮ ਵਿੱਚ ਕੋਈ ਮੜੀ ਮਰਯਾਦਾ ਨਜ਼ਰ ਨਹੀਂ ਆਈ! ਪਰਮਾਰਥ, ਨੈਤਿਕਤਾ ਤੇ
ਸਚਿਆਰਤਾ ਹੀ ਕਬੀਰ-ਪੰਥੀਆਂ ਦੀ ਮਰਯਾਦਾ ਹੈ। ਭੇਖਾਂ ਦਾ ਪਾਖੰਡ ਤੇ ਚਿੰਨ੍ਹਾਂ ਦਾ ਦੰਭ ਵੀ ਦਿਖਾਈ
ਨਹੀਂ ਦਿੰਦਾ! ਕਬੀਰ ਜੀ ਦੇ ਸਾਰੇ ਸਿੱਖ ਇਲਾਕੇ ਦਾ ਸਥਾਨਕ ਜਾਂ ਆਪਣੀ ਮਰਜ਼ੀ ਦਾ ਸਾਦਾ ਪਹਿਨਾਵਾ
ਪਹਿਨਦੇ ਹਨ।
‘ਸਿੱਧ
ਪੀਠ ਕਬੀਰ ਚੌਰਾ ਮਠ -ਮੂਲ ਗਾਦੀ,
ਅਤੇ ਨੀਰੂ-ਨੀਮਾ ਟੀਲਾ, ਕਬੀਰ ਚੌਰਾ’, ਕਾਂਸ਼ੀ/ਵਾਰਾਣਸੀ:
ਪ੍ਰਚੀਨ ਕਾਂਸ਼ੀ ਵਿੱਚ ਇਹ ਉਹ ਇਲਾਕਾ ਹੈ ਜਿੱਥੇ ਨੀਚ ਕਹੇ
ਜਾਂਦੇ ਕਿਰਤੀਆਂ ਦੀ ਬਸਤੀ ਸੀ। ਇਹ ਸਥਨ ਲੁਰਤਾਰਾ ਤੋਂ
6 ਕੁ
ਕਿ: ਮੀ: ਦੇ ਫ਼ਾਸਲੇ `ਤੇ ਹੈ। ਕਬੀਰ ਜੀ ਦੇ ਮਾਤਾ-ਪਿਤਾ ਨੀਰੂ ਤੇ ਨੀਮਾ ਦਾ ਘਰ ਵੀ ਇਸੇ ਬਸਤੀ
ਵਿੱਚ ਸਥਿਤ ਸੀ। ਇਥੇ ਹੀ ਕਬੀਰ ਜੀ ਦੀ ਪਰਵਰਿਸ਼ ਹੋਈ ਤੇ ਉਨ੍ਹਾਂ ਨੇ ਪਿਤਾ ਨੀਰੂ ਦੇ ਪਿਤਾ-ਪੁਰਖੀ
ਕਿੱਤੇ ਦੀ ਸਿੱਖਿਆ ਇਥੇ ਹੀ ਪ੍ਰਾਪਤ ਕੀਤੀ ਅਤੇ, ਹੱਡ-ਰਖ ਪਾਖੰਡੀ ਪੁਜਾਰੀਆਂ ਦੀ ਤਰ੍ਹਾਂ ਮੁਰਦਾਰ
ਖਾਣ ਦੀ ਬਜਾਏ, ਆਪਣੀ ਰੋਜ਼ੀ ਕਮਾਉਣ ਲਈ ਸਾਰਾ ਜੀਵਨ ਇਸੇ ਕਿੱਤੇ ਨਾਲ ਜੁੜੇ ਰਹੇ।
‘ਸਿੱਧ ਪੀਠ ਕਬੀਰ ਚੌਰਾ ਮਠ’
ਇੱਕ ਭਵਨ-ਸਮੂਹ
(complex)
ਹੈ ਜਿਸ ਵਿੱਚ ਕਬੀਰ ਜੀ ਦੇ ਮਾਤਾ-ਪਿਤਾ ਦਾ ਅਸਲੀ ਘਰ ਸਥਿਤ ਸੀ; ਪਰ ਹੁਣ ਉਹ ਘਰ ਨਹੀਂ ਹੈ ਅਤੇ ਨਾ
ਹੀ ਉਨ੍ਹਾਂ ਦੇ ਕਿੱਤੇ ਨਾਲ ਜੁੜੀ ਕੋਈ ਨਿਸ਼ਾਨੀ ਹੀ ਨਜ਼ਰ ਆਉਂਦੀ ਹੈ ਜਿਸ ਨੂੰ ਲੋਕ ਮਾਇਕ ਭੇਟਾ ਨਾਲ
ਮੱਥਾ ਟੇਕਣ! ਕਬੀਰ ਚੌਰਾ ਕੌਮਪਲੈਕਸ ਦੇ ਵਿਹੜੇ ਵਿਚਾਲੇ ਮੰਦਿਰ ਹੈ। ਇਸ ਮੰਦਿਰ ਦੁਵਾਲੇ ਕਮੀਨ ਕਹੇ
ਜਾਂਦੇ ਕਿਰਤੀਆਂ (ਕਬੀਰ ਜੀ, ਰਵਿਦਾਸ ਜੀ, ਸੈਣ ਜੀ, ਆਦਿ) ਦੀਆਂ ਧਾਤ ਦੀਆਂ ਯਾਦਗਾਰੀ ਮੂਰਤੀਆਂ
ਹਨ। ਇੱਕ ਪਾਸੇ ਮੂਲ ਮੰਦਰ ਹੈ ਜਿੱਥੇ ਕਬੀਰ ਜੀ ਦੀ ਮੂਰਤੀ ਸਥਾਪਤ ਹੈ। ਇੱਕ ਪਾਸੇ ਬਹੁਤ ਸਾਰੇ
ਰਿਹਾਇਸ਼ੀ ਕਮਰੇ ਹਨ ਜਿੱਥੇ ਲੋੜਵੰਦ ਲੜਕਿਆਂ ਦੀ ਰਿਹਾਇਸ਼ ਹੈ। ਮੂਲ ਮੰਦਿਰ ਦੇ ਖੱਬੇ ਪਾਸੇ
ਨੀਰੂ-ਨੀਮਾ ਦੀ ਸਮਾਧੀ ਹੈ। ਨਾਲ ਹੀ ਕਬੀਰ ਜੀ ਦੇ ਸਮੇਂ ਦੀ ਇੱਕ ਖੂਹੀ ਹੈ। ਸਾਰੇ ਕੌਮਪਲੈਕਸ ਵਿੱਚ
ਪੁਜਾਰੀਵਾਦ ਦੀ ਅਣਹੋਂਦ ਹੈ: ਨਾ ਕੋਈ ਪੁਜਾਰੀ, ਨਾ ਅਰਦਾਸੀਆ ਤੇ ਨਾ ਹੀ ਰੱਬ ਜਾਂ ਕਬੀਰ ਜੀ ਦੇ
ਨਾਮ `ਤੇ ਠੱਗਣ ਵਾਲਾ ਕੋਈ ਭੇਖੀ ਠੱਗ ਹੀ ਨਜ਼ਰ ਆਉਂਦਾ ਹੈ। ਹਾਂ, ਇੱਕ ਸਾਦੜਾ ਜਿਹਾ ਸੱਜਣ ਹੈ ਜੋ
ਸਾਰੇ ਕੌਮਪਲੈਕਸ ਦੀ ਜਾਣਕਾਰੀ ਦਿੰਦਾ ਹੈ। ਉਸ ਨੂੰ ਜੋ ਦੇਵੋ, ਉਹ ਇਨਕਾਰ ਨਹੀਂ ਕਰਦਾ।
ਮਗਹਰ: ਮਗਹਰ,
ਯੂ: ਪੀ: ਦੇ ਜ਼ਿਲਾ ਸੰਤ ਕਬੀਰ ਨਗਰ ਵਿੱਚ ਗੋਰਖਪੁਰ ਤੋਂ
24-25
ਕਿ: ਮੀ: ਅਤੇ ਕਾਂਸ਼ੀ/ਵਾਰਾਣਸੀ ਤੋਂ ਢਾਈ ਕੁ ਸੌ ਕਿ: ਮੀ: ਦੀ ਵਿੱਥ `ਤੇ ਗੋਰਖਪੁਰ-ਲਖਨਉ ਮੁਖ
ਮਾਰਗ ਉੱਤੇ ਆਮੀ ਨਦੀ ਨੇੜੇ ਇੱਕ ਛੋਟਾ ਜਿਹਾ ਕਸਬਾ ਹੈ, ਜਿੱਥੇ ਕਬੀਰ ਜੀ ਨੇ ਆਪਣੇ ਜੀਵਨ ਦੇ
ਅੰਤਲੇ ਦਿਨ ਗੁਜ਼ਾਰੇ। ਪ੍ਰਚੱਲਿਤ ਕਹਾਣੀ ਅਨੁਸਾਰ: ਕਾਂਸ਼ੀ (ਵਾਰਾਣਸੀ) ਦੇ ਬ੍ਰਾਹਮਣਾਂ ਨੇ, ਵਧ ਤੋਂ
ਵਧ ਲੋਕਾਂ ਨੂੰ ਕਾਂਸ਼ੀ ਵੱਲ ਆਕ੍ਰਸ਼ਿਤ ਕਰਨ ਵਾਸਤੇ, ਦੂਰ ਦੂਰ ਤਕ ਇਹ ਵਿਸ਼ਵਾਸ ਫ਼ੈਲਾ ਰੱਖਿਆ ਸੀ ਕਿ
ਜੋ ਵਿਅਕਤੀ ਕਾਂਸ਼ੀ ਵਿਖੇ ਗੰਗਾ ਕਿਨਾਰੇ ਆ ਕੇ ਆਪਣੀ ਜੀਵਨ-ਯਾਤ੍ਰਾ ਪੂਰੀ ਕਰਦਾ ਹੈ, ਉਹ ਮੁਕਤੀ
ਪ੍ਰਾਪਤ ਕਰ ਲੈਂਦਾ ਹੈ! ਅਤੇ ਜੋ ਵਿਅਕਤੀ ਮਗਹਰ ਵਿਖੇ ਮਰਦਾ ਹੈ, ਉਹ ਖੋਤੇ ਦੀ ਜੂਨ ਪੈਂਦਾ ਹੈ!
ਕਬੀਰ ਜੀ ਨੇ ਇਸ ਅੰਧਵਿਸ਼ਵਾਸ ਦਾ ਅਮਲੀ ਰੂਪ ਵਿੱਚ ਪੁਰਜ਼ੋਰ ਖੰਡਨ ਕਰਨ ਵਾਸਤੇ ਆਪਣੇ ਜੀਵਨ ਦੇ
ਅੰਤਿਮ ਸਮੇਂ ਮਗਹਰ ਵਿਖੇ ਜਾ ਡੇਰਾ ਲਾਇਆ। ਇਸ ਤੱਥ ਦੀ ਪੁਸ਼ਟੀ ਕਬੀਰ ਜੀ ਦੇ ਨਿਮਨ ਲਿਖਤ ਸ਼ਬਦ
ਵਿੱਚੋਂ ਹੁੰਦੀ ਹੈ:
……ਸਗਲ ਜਨਮੁ ਸਿਵਪੁਰੀ ਗਵਾਇਆ॥ ਮਰਤੀ ਬਾਰ ਮਗਹਰਿ ਉਠਿ ਆਇਆ॥ ੨॥
ਬਹੁਤੁ ਬਰਸ ਤਪੁ ਕੀਆ ਕਾਸੀ॥ ਮਰਨੁ ਭਇਆ ਮਗਹਰ ਕੀ ਬਾਸੀ॥ ੩॥
ਕਾਸੀ ਮਗਹਰ ਸਮ ਬੀਚਾਰੀ॥ ਓਛੀ ਭਗਤਿ ਕੈਸੇ ਉਤਰਸਿ ਪਾਰੀ॥ ੪॥ ……
ਕਬੀਰ ਜੀ ਦੀ ਪਵਿੱਤਰ ਯਾਦ ਵਿੱਚ ਬਣੇ ਸਾਰੇ ਸਮਾਰਕਾਂ ਵਿੱਚੋਂ ਕਬੀਰ ਚੌਰਾ,
ਮਗਹਰ ਦੇ ਸਮਾਰਕ ਸਭ ਤੋਂ ਵਧੇਰੇ ਦਿਲਕਸ਼ ਤੇ ਮਨ ਆਤਮਾ ਨੂੰ ਟੁੰਬਣ ਵਾਲੇ ਹਨ। ਇਨ੍ਹਾਂ ਸਾਧਾਰਨ
ਸਮਾਰਕਾਂ ਦੀ ਪਵਿੱਤਰਤਾ ਨੂੰ ਕਲੰਕਿਤ ਕਰਦੀ ਮਾਇਆ-ਧੂੜ ਕਿਧਰੇ ਵੀ ਨਜ਼ਰ ਨਹੀਂ ਆਈ! ਸਾਰੇ ਸਥਾਨ
ਆਪਣੇ ਅਸਲੀ ਪੁਰਾਣੇ ਅਤੇ ਅਤਿਅੰਤ ਸਾਦਾ ਰੂਪ ਵਿੱਚ ਹਨ! ਲੋਕਾਂ ਨੂੰ ਲੁੱਟਣ ਵਾਸਤੇ ਸਮਾਰਕਾਂ ਵਿੱਚ
ਕੋਈ ਵਾਧਾ-ਵਿਸਤਾਰ ਨਹੀਂ ਕੀਤਾ ਗਿਆ; ਕੋਈ ਕੀਮਤੀ ਪੱਥਰ ਨਜ਼ਰ ਨਹੀਂ ਆਉਂਦਾ, ਸੋਨੇ ਦੇ ਪੱਤਰੇ ਤੇ
ਕਲਸਾਂ ਦੀ ਵੀ ਅਣਹੋਂਦ ਹੈ। ਇਨ੍ਹਾਂ ਸਮਾਰਕਾਂ `ਤੇ ਹੱਡ-ਹਰਾਮ ਮੁਰਦਾਰਖ਼ੋਰ ਭੇਖੀ ਵਿਹਲੜਾਂ ਦੀ ਭੀੜ
ਵੀ ਨਹੀਂ ਹੈ! ਤਰ੍ਹਾਂ-ਤਰ੍ਹਾਂ ਦੀਆਂ ਭੇਟਾਵਾਂ ਦਾ ਮਾਇਆ-ਜਾਲ ਨਹੀਂ ਹੈ! ਕਿਸੇ ਵੀ ਸਮਾਰਕ `ਤੇ
ਕਾਰ ਸੇਵਾ ਦੇ ਨਾਮ `ਤੇ ਸ਼੍ਰੱਧਾਲੂਆਂ ਨੂੰ ਠੱਗਿਆ ਵੀ ਨਹੀਂ ਜਾਂਦਾ!
ਕਬੀਰ ਜੀ ਦੇ ਇਹ ਸਮਾਰਕ ਗੋਰਖਪੁਰ-ਲਖਨਉ ਹਾਈਵੇੲ ਤੋਂ ਦੋ ਕੁ ਕਿ: ਮੀ: ਦੀ
ਵਿੱਥ `ਤੇ ਹਨ। ਮੁੱਖ-ਮਾਰਗ ਤੋਂ ਛੋਟੀ ਸੜਕ ਜਾਂਦੀ ਹੈ। ਇਸ ਸੜਕ ਦੇ ਅਖ਼ੀਰ ਵਿੱਚ ਕਬੀਰ ਚੌਰਾ
(ਚੌਰਾਹਾ) ਹੈ। ਕਬੀਰ ਚੌਰਾ ਦੇ ਖੱਬੇ ਪਾਸੇ ਆਮੀ ਨਦੀ ਉੱਤੇ
‘ਸੱਤÏ
ਕਬੀਰ ਸ਼ਾਂਤੀ ਧਾਮ’ ਹੈ ਜਿੱਥੇ ਕਬੀਰ ਜੀ ਦਾ
ਚਮਤਕਾਰੀ ਤੇ ਅਜੀਬ ਅੰਤਿਮ ਸੰਸਕਾਰ ਹੋਇਆ ਦੱਸਿਆ ਜਾਂਦਾ ਹੈ। ਇਥੇ ਹੁਣ ਸ਼ਮਸ਼ਾਨ ਘਾਟ ਹੈ ਜਿੱਥੇ
ਇਲਾਕੇ ਦੇ ਕਬੀਰ-ਪੰਥੀਏ ਤੇ ਸ਼੍ਰੱਧਾਲੂ ਆਪਣੇ ਸਨਬੰਧੀਆਂ ਦੇ ਮ੍ਰਿਤਿਕ ਸ਼ਰੀਰਾਂ ਦਾ ਅੰਤਿਮ ਸੰਸਕਾਰ
ਕਰਦੇ ਹਨ। ਚੌਰਾਹੇ ਦੇ ਸੱਜੇ ਪਾਸੇ ਕਬੀਰ ਜੀ ਦੀਆਂ ਯਾਦਗਾਰਾਂ ਹਨ। ਦੰਤਕਥਾ ਅਨੁਸਾਰ ਕਬੀਰ ਜੀ ਦੇ
ਅੰਤਿਮ ਸੰਸਕਾਰ ਦੀ ਰਸਮ-ਵਿਧੀ ਨੂੰ ਲੈ ਕੇ ਉਨ੍ਹਾਂ ਦੇ ਹਿੰਦੂ ਸ਼ਰੱਧਾਲੂਆਂ ਅਤੇ ਮੁਸਲਮਾਨ
ਪੈਰੋਕਾਰਾਂ ਵਿੱਚ ਵਿਵਾਦ ਪੈਦਾ ਹੋ ਗਿਆ; ਹਿੰਦੂ ਉਨ੍ਹਾਂ ਦਾ ਦਾਹ ਸੰਸਕਾਰ ਕਰਨਾ ਚਾਹੁੰਦੇ ਸਨ ਅਤੇ
ਮੁਸਲਮਾਨ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਦਫ਼ਨ ਕਰਨ ਲਈ ਬਾਜ਼ਿਦ ਸਨ। ਇਸ ਝਗੜੇ ਦੌਰਾਨ ਜਦ ਉਨ੍ਹਾਂ
ਨੇ ਕਬੀਰ ਜੀ ਦੇ ਮ੍ਰਿਤਕ ਸਰੀਰ ਉੱਤੋਂ ਚਾਦਰ ਉਤਾਰੀ ਤਾਂ ਹੇਠੋਂ ਦੇਹ ਦੀ ਬਜਾਏ ਫ਼ੁੱਲਾਂ ਦੀ ਢੇਰੀ
ਨਿਕਲੀ! ਹਿੰਦੂਆਂ ਨੇ ਆਪਣੇ ਹਿੱਸੇ ਦੀ ਅੱਧੀ ਚੱਦਰ ਤੇ ਅੱਧੇ ਫੁੱਲ ਜਲਾ ਕੇ ਸਮਾਧੀ ਬਣਾ ਦਿੱਤੀ
ਅਤੇ ਮੁਸਲਮਾਨਾਂ ਨੇ ਆਪਣੇ ਹਿੱਸੇ ਦੀ ਅੱਧੀ ਚੱਦਰ ਤੇ ਫੁੱਲ ਕਬਰ ਵਿੱਚ ਦਫ਼ਨਾ ਕੇ ਉੱਤੇ ਮਕਬਰਾ ਬਣਾ
ਦਿੱਤਾ! (ਇਹੋ ਮਿਥਿਆ ਕਹਾਣੀ
ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਸੰਸਕਾਰ ਨਾਲ ਵੀ ਜੋੜੀ ਗਈ ਹੈ!)
ਮੁੱਖ ਮਾਰਗ `ਤੇ ਕਬੀਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਇੱਕ ਛੋਟਾ ਤੇ
ਸਾਧਾਰਨ ਜਿਹਾ
‘ਧੁਂਨੀ-ਮੰਦਿਰ’ ਵੀ ਹੈ। ਕਿਹਾ ਜਾਂਦਾ ਹੈ
ਕਿ ਇਸ ਸਥਾਨ `ਤੇ ਕਬੀਰ ਜੀ ਸਤਿਸੰਗ ਕਰਿਆ ਕਰਦੇ ਸਨ। ਇਨ੍ਹਾਂ ਸਤਿਸੰਗੀਆ ਨਾਲ ਗੁਰੂ ਨਾਨਕ ਦੇਵ ਜੀ
ਦੀ ਮੁਲਾਕਾਤ ਵੀ ਇਸੇ ਸਥਾਨ `ਤੇ ਹੋਈ ਦੱਸੀ ਜਾਂਦੀ ਹੈ।
ਕਬੀਰ ਜੀ ਦੇ ਧੂਣੀ ਮੰਦਿਰ ਤੋਂ ਥੋੜੇ ਜਿਹੇ ਫ਼ਾਸਲੇ `ਤੇ ਕੋਈ ‘ਜਥੇਦਾਰ’
ਤਿੰਨ ਏਕੜ ਜ਼ਮੀਨ ਖ਼ਰੀਦ ਕੇ ਉਸ ਉੱਤੇ ਵਿਸ਼ਾਲ ਤੇ ਸ਼ਾਨਦਾਰ ‘ਗੁਰੂਦਵਾਰਾ’ ਬਣਵਾ ਰਿਹਾ ਹੈ, ਜਿੱਥੇ
ਜਲਦੀ ਹੀ ਗੁਰੂ ਜੀ ਦੇ ਨਾਮ `ਤੇ ਵਪਾਰ ਸ਼ੁਰੂ ਕੀਤਾ ਜਾਵੇ ਗਾ! ਉਥੋਂ ਦੇ ਸੂਝ-ਬੂਝ ਤੋਂ ਕੋਰੇ
‘ਸੇਵਾਦਾਰਾਂ’ ਦੇ ਕਹਿਣ ਅਨੁਸਾਰ, “ਜਦੋਂ ਗੁਰੂ ਨਾਨਕ ਦੇਵ ਜੀ ਧੂਣੀ ਮੰਦਿਰ ਵਿੱਚ ਕਬੀਰ ਜੀ
ਨਾਲ ਸਤਿਸੰਗ ਕਰਨ ਵਾਸਤੇ ਇੱਥੇ ਠਹਿਰੇ ਹੋਏ ਸਨ, ਤਾਂ ਉਹ ਸਵੇਰੇ-ਸ਼ਾਮ ਇਸ ਸਥਾਨ `ਤੇ ਸੈਰ… ਆਦਿ
ਕਰਨ ਆਇਆ ਕਰਦੇ ਸਨ! ਸੋ, ਇਹ ਸਥਾਨ ਅਤੇ ਇੱਥੋਂ ਦਾ ਹਵਾ-ਪਾਣੀ ਗੁਰੂ ਜੀ ਦੀ ਛੋਹ ਨਾਲ ਪਵਿੱਤਰ ਹੈ”
! ‘ਗੁਰੂਦਵਾਰੇ’ ਦੀ ਉਸਾਰੀ ਪੂਰੀ ਹੋਣ ਤਕ ਕੋਈ ਨਾ ਕੋਈ ਹਾਸੋਹੀਣੀ ਝੂਠੀ ਕਹਾਣੀ ਘੜ ਕੇ ਇਸ
ਸਥਾਨ ਨਾਲ ਜੋੜ ਦਿੱਤੀ ਜਾਵੇਗੀ! ਉਸ ਮਿਥਿਹਾਸਕ ਕਹਾਣੀ ਨੂੰ ਕਿਸੇ ‘ਤਖ਼ਤ ਦੇ ਜਥੇਦਾਰ’ ਦੇ
‘ਮੁਖ਼ਾਰਬਿੰਦ’ ਤੋਂ ਇਤਿਹਾਸਕ ਘੋਸ਼ਿਤ ਕਰਵਾ ਦਿੱਤਾ ਜਾਵੇਗਾ ਤਾਂ ਜੋ ਅੰਧਵਿਸ਼ਵਾਸੀ ਸ਼੍ਰੱਧਾਲੂ ਹੇੜਾਂ
ਬਣਾ ਬਣਾ ਕੇ ਇਥੇ ਆਉਣ ਤੇ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਨਾਮ `ਤੇ ਮਾਇਆ ਲੁਟਾ ਕੇ ਜਾਣ!
ਇਥੇ ਇੱਕ ਅਣਸੁਖਾਵੀਂ ਸੱਚਾਈ ਦਾ ਵਰਣਨ ਵੀ ਕੁਥਾਂ ਨਹੀਂ ਹੋਵੇ ਗਾ:
‘ਗੁਰੂਦਵਾਰਾ’ ਬਣਵਾ ਰਹੇ ਮੋਹਰੀਆਂ ਨੇ ਧੂਣੀ ਮੰਦਿਰ ਦੇ ਵਿਹੜੇ ਵਿੱਚ ਇੱਕ ਸ਼ਿਲ-ਲਿਖਤ ਰੱਖ ਦਿੱਤੀ
ਜਿਸ ਉੱਤੇ ਪੰਜਾਬੀ ਵਿੱਚ ਗੁਰੂਨਾਨਕ ਦੇਵ ਜੀ ਬਾਰੇ ਕੋਈ ਇਬਾਰਤ ਲਿਖੀ ਹੋਈ ਸੀ। ਧੂਣੀ ਮੰਦਿਰ ਦੇ
ਪ੍ਰਬੰਧਕਾਂ ਨੇ ਉਹ ਸ਼ਿਲਾ ਉਥੋਂ ਹਟਾ ਦਿੱਤੀ ਹੈ। ਉਨ੍ਹਾਂ ਦੇ ਇਸ ਕਦਮ ਦਾ ‘ਗੁਰੂਦਵਾਰੇ’ ਦੇ
ਕ੍ਰੋਧਿਤ ਹੋਏ ਪ੍ਰਬੰਧਕ ਬੜੇ ਜੋਸ਼-ਖ਼ਰੋਸ਼ ਨਾਲ ਵਿਰੋਧ ਕਰ ਰਹੇ ਹਨ। ਕਬੀਰ-ਪੰਥੀਆਂ ਦਾ ਕਹਿਣਾ ਹੈ ਕਿ
‘ਸਿੱਖਾਂ’ ਦਾ ਧੂਣੀ ਮੰਦਿਰ ਉੱਤੇ ਕਬਜ਼ਾ ਕਰਨ ਵਾਸਤੇ ਇਹ ਉਨ੍ਹਾਂ ਦਾ ਪਹਿਲਾ ਕੁਟਿਲ ਕਦਮ ਸੀ!
ਕਬੀਰ-ਪੰਥੀਆਂ ਨੇ ਕਬੀਰ ਜੀ ਦੇ ਨਾਮ `ਤੇ ਸਾਰੇ ਭਾਰਤ ਵਿੱਚ ਕਈ ਉਪਕਾਰੀ
ਸੰਸਥਾਵਾਂ (Charitable Instituions)
ਸਥਾਪਿਤ ਕਰ ਰੱਖੀਆਂ ਹਨ। ਕਬੀਰ ਚੌਰਾ, ਮਗਹਰ ਅਤੇ ਮਗਹਰ ਦੇ ਆਲੇ-ਦੁਆਲੇ ਸਥਿਤ ਸੰਸਥਾਵਾਂ ਦਾ
ਪੜ੍ਹਿਆ-ਲਿਖਿਆ ਮੁਖੀਆ ਇੱਕ ਅਤਿ ਮਸਕੀਨ ਤੇ ਸਾਧਾਰਨ ਸੱਜਣ ਹੈ ਜੋ ਕਿਸੇ ਵੀ ਪੱਖੋਂ ਵੀ: ਆਈ: ਪੀ:
(VIP)
ਨਹੀਂ ਲੱਗਦਾ! ਇਸ ਮੁਖੀਏ ਦਾ ਸਹਾਇਕ ਡਾ: ਹਰਿਸ਼ਰਨ ਸ਼ਾਸਤ੍ਰੀ ਹੈ ਜੋ ਕਿ ਕਿਸੇ ਸਥਾਨਕ ਕਾਲਜ ਦਾ
ਪ੍ਰਿੰਸੀਪਲ ਵੀ ਹੈ। ਸਾਦਗੀ ਅਤੇ ਹਲੀਮੀ ਦੀ ਮੂਰਤ, ਇਹ ਸੂਝਵਾਨ ਸੱਜਣ ਕਿਸੇ ਪੱਖੋਂ ਵੀ ਪ੍ਰਿੰਸੀਪਲ
ਨਹੀਂ ਲਗਦਾ! ਇਨ੍ਹਾਂ ਮੁਖੀਆਂ ਸਮੇਤ, ਸਾਰੇ ਕਬੀਰ-ਪੰਥੀਏ ਅਤਿਅਧਿਕ ਨਿਮਾਣੇ, ਨਿਸ਼ਕਾਮ ਤੇ
ਮਿਠਬੋਲੜੇ ਹਨ। ਇਨ੍ਹਾਂ ਦੀ ਕਥਨੀ, ਕਰਨੀ ਤੇ ਰਹਿਤ ਵਿੱਚ ਗੁਰਮਤਿ ਦੇ ਸਿੱਧਾਂਤਾਂ ਦੀ ਅਸਲੀ ਝਲਕ
ਨਜ਼ਰ ਆਉਂਦੀ ਹੈ!
ਕੁਝ ਫੁਟਕਲ ਟਿੱਪਣੀਆਂ
(observations):
ਕਬੀਰ ਜੀ ਦੇ ਨਾਮ ਨਾਲ ਜੁੜੇ ਸਥਾਨਾਂ ਦੀ ਯਾਤ੍ਰਾ ਕਰਦਿਆਂ ਕੁੱਝ ਅਜਿਹੇ
ਤੱਥ ਵੀ ਨਜ਼ਰੀਂ ਪਏ ਜੋ ਗੁਰਮਤਿ ਨਾਲ ਮੇਲ ਨਹੀਂ ਖਾਂਦੇ; ਇਥੇ ਉਨ੍ਹਾਂ ਤੱਥਾਂ ਦਾ ਵਰਣਨ ਕਰਨਾ ਵੀ
ਜ਼ਰੂਰੀ ਹੈ। ਗੁਰਮਤਿ ਸੰਨਿਆਸ ਨੂੰ ਨਕਾਰਦੀ, ਅਤੇ ਗ੍ਰਹਿਸਤ ਦਾ ਪੁਰਜ਼ੋਰ ਮੰਡਨ ਕਰਦੀ ਹੈ। ਪਰੰਤੂ
ਕਬੀਰ-ਪੰਥੀਆਂ ਦੀਆਂ ਦੋ ਸ਼੍ਰੇਣੀਆਂ ਹਨ: ਇੱਕ ਸੰਨਿਆਸੀ ਅਤੇ ਦੂਜੇ ਗ੍ਰਹਿਸਤੀ। ਸੰਨਿਆਸੀ ਕੇਵਲ ਉਹ
ਹਨ ਜੋ ਕਬੀਰ ਜੀ ਦੀ ਯਾਦ ਵਿੱਚ ਬਣਾਈਆਂ ਸੰਸਥਾਵਾਂ ਤੇ ਸਮਾਰਕਾਂ ਦੇ ਮੁਖੀਏ ਹਨ। ਇਹ ਗ੍ਰਹਿਸਤੀ
ਨਹੀਂ ਹਨ! ਇਨ੍ਹਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਸਮਾਨ ਵੀ ਨਹੀਂ ਹੈ। ਬਾਕੀ ਸਾਰੇ ਗ੍ਰਹਿਸਤੀ ਹਨ।
ਸੰਸਥਾਵਾਂ ਤੇ ਸਮਾਰਕਾਂ
ਦੇ ਸੰਨਿਆਸੀ ਪ੍ਰਬੰਧਕ ਸਾਦਾ ਜਿਹਾ ਸਫ਼ੇਦ ਲਿਬਾਸ ਹੀ ਪਾਉਂਦੇ ਹਨ! ਇਸ ਤੋਂ ਬਿਨਾਂ ਸੰਨਿਆਸੀ ਅਤੇ
ਗ੍ਰਹਿਸਤੀ ਸਾਰੇ ਕਬੀਰ-ਪੰਥੀਆਂ ਵਾਸਤੇ ਕੋਈ ਵੀ ਭੇਖ ਚਿੰਨ੍ਹ ਜਾਂ ਕਰਮ-ਕਾਂਡੀ ਮਰਯਾਦਾ ਨਿਸ਼ਚਿਤ
ਨਹੀਂ ਹੈ! ਨਾਮ-ਸਿਮਰਨ, ‘ਸਦਗੁਣ ਔਰ ਸਦਾਚਾਰ’, ਸਾਦਗੀ, ਨਿਸ਼ਕਾਮਤਾ ਅਤੇ ਨਿਸ਼ਕਪਟਤਾ ਹੀ ਇਨ੍ਹਾਂ ਦੀ
ਮਰਯਾਦਾ ਹੈ! ਇਸ ਮਰਯਾਦਾ ਦਾ ਉਹ ਸੁਹਿਰਦਤਾ ਤੇ ਸਿਰੜਤਾ ਨਾਲ ਪਾਲਣ ਕਰਦੇ ਦਿਖਾਈ ਦਿੰਦੇ ਹਨ।
ਦੁਨੀਆ ਦੇ ਸਾਰੇ ਸੰਸਾਰਕ ਧਰਮਾਂ ਦੇ ਮੋਢੀਆਂ ਵਾਂਗ ਕਬੀਰ ਜੀ ਦੇ ਜੀਵਨ ਨਾਲ
ਵੀ, ਉਨ੍ਹਾਂ ਦੇ ਸਿੱਧਾਂਤਾਂ ਦੇ ਉਲਟ, ਕਈ ਚਮਤਕਾਰੀ ਮਿਥਿਆ ਸਾਖੀਆਂ ਜੋੜੀਆਂ ਗਈਆਂ ਹਨ। ਇਸ ਬਾਰੇ
ਜਦ ਡਾ: ਹਰਿਸ਼ਰਨ ਸ਼ਾਸਤ੍ਰੀ ਨੂੰ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ:
“ਏਕ ਸੱਜਨ ਨੇ ਏਕ ਮਹਾਤਮਾ ਸੇ ਪੂਛਾ ਕਿ ਮਹਾਰਾਜ ਮੈਂ ਨੇ ਸੁਣਾ ਹੈ ਕਿ ਆਪ
ਆਕਾਸ਼ ਮੇਂ ਭੀ ਉਡਤੇ ਹੈਂ? ਮਹਾਤਮਾ ਨੇ ਉਤ੍ਰ ਦੀਆ ਕਿ ਮੈਂ ਆਕਾਸ਼ ਵ ਪਾਤਾਲ ਮੇਂ ਕਹੀਂ ਭੀ ਨਹੀਂ
ਉਡਤਾ ਹੂੰ। ਯਹ ਉਡਨੇ ਕਾ ਕਾਮ ਮੇਰੇ ਸ਼ਿਸ਼ੋਂ ਦੁਆਰਾ ਕੀਆ ਜਾਤਾ ਹੈ; ਨ ਕਿ ਮੈਂ ਸਚਮੁਚ ਉਡਤਾ ਹੂੰ!”
ਉਸ ਦੇ ਕਹਿਣ ਦਾ ਭਾਵ ਇਹ ਸੀ ਕਿ ਮਹਾਂਪੁਰਖਾਂ ਦੇ ਜੀਵਨ ਨਾਲ ਜੋੜੀਆਂ
ਜਾਂਦੀਆਂ ਸਾਰੀਆਂ ਸਾਖੀਆਂ ਉਨ੍ਹਾਂ ਦੇ ਕਪਟੀ ਚੇਲਿਆਂ ਦੁਆਰਾ ਕੀਤਾ ਜਾਂਦਾ ਕੂੜ-ਪ੍ਰਚਾਰ ਹੀ ਹੁੰਦਾ
ਹੈ। ਕਾਸ਼! ਅਸੀਂ ਵੀ ਇਸ ਅਸਲੀਯਤ ਨੂੰ ਕਬੂਲ ਕਰ ਸਕਦੇ!
ਲਿੰਗ-ਭੇਦ ਅਰਥਾਤ ਪੁਰਸ਼-ਇਸਤ੍ਰੀ ਵਿੱਚ ਵਿਤਕਰਾ ਕਰਨਾ ਗੁਰਮਤਿ ਦਾ ਸਿੱਧਾਂਤ
ਨਹੀਂ ਹੈ। ਪਰੰਤੂ ਕਬੀਰ-ਪੰਥੀਆਂ ਵਿੱਚ ਵੀ ਇਸ ਭੇਦ-ਭਾਵ ਦੀ ਝਲਕ ਨਜ਼ਰ ਆਉਂਦੀ ਹੈ। ਕਬੀਰ ਜੀ ਦੇ
ਨਾਮ ਨਾਲ ਜੁੜੇ ਕਿਸੇ ਵੀ ਸਥਾਨ `ਤੇ ਕੋਈ ਵੀ ਬੀਬੀ ਨਜ਼ਰ ਨਹੀਂ ਆਈ! ਹਾਂ, ਆਸ਼੍ਰਮ ਵਿੱਚ ਇੱਕ ਅਧਖੜ
ਸਾਦਾ ਬੀਬੀ ਸੀ ਜੋ ਸ਼ਾਇਦ ਲੰਗਰ ਦੀ ਸੇਵਾ ਕਰਦੀ ਸੀ!
ਗੁਰਬਾਣੀ ਵਿੱਚ ਚਿੰਨ੍ਹਾਂ ਦਾ ਖੰਡਨ ਹੈ, ਪਰੰਤੂ ਕਬੀਰ-ਪੰਥੀਏ, ‘ਓਮ’ ਦੇ
ਪ੍ਰਤੀਕ/ਚਿੰਨ੍ਹ ਵਿੱਚ ਵੀ ਵਿਸ਼ਵਾਸ ਰੱਖਦੇ ਪ੍ਰਤੀਤ ਹੁੰਦੇ ਹਨ!
ਚਲਦਾ……
ਗੁਰਿੰਦਰ ਸਿੰਘ ਪਾਲ
ਅਪ੍ਰੈਲ
12, 2015.
ਨੋਟ:- ਇਸ ਲੇਖ
ਨਾਲ ਸੰਬੰਧਿਤ ਫੋਟੋਆਂ ਦੇਖਣ ਲਈ ਇੱਥੇ ਕਲਿਕ ਕਰੋ। ਇਹ ਫਾਈਲ ਪੀ. ਡੀ. ਐਫ. ਫੌਰਮੇਟ ਵਿਚ ਹੈ।
|
. |